੩੧ ਅਸੂ ੨੦੧੮ ਬਿਕ੍ਰਮੀ ਹਰਬੰਸ ਸਿੰਘ ਬਲਵੰਤ ਸਿੰਘ ਦੇ ਗ੍ਰਹਿ ਪਿੰਡ ਮਾਹਲ ਜ਼ਿਲਾ ਅੰਮ੍ਰਿਤਸਰ
ਆਦਿ ਜੁਗਾਦਿ ਖੇਲ ਨਿਆਰਾ, ਜਗ ਕਰਤਾ ਹਰਿ ਕਰਾਇੰਦਾ। ਕਰੇ ਖੇਲ ਅਗੰਮ ਅਪਾਰਾ, ਰੂਪ ਅਨੂਪ ਵੇਸ ਵਟਾਇੰਦਾ। ਜੋਤੀ ਜਾਤਾ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਧੁਨ ਅਨਾਦ ਸੱਚੀ ਧੁਨਕਾਰਾ, ਅਨਾਦੀ ਨਾਦ ਸੁਣਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਦਏ ਸਹਾਰਾ, ਗਗਨ ਮੰਡਲ ਸੋਭਾ ਪਾਇੰਦਾ। ਕਰ ਪਰਕਾਸ਼ ਰਵ ਸਸ ਸਤਾਰਾ, ਚੰਦ ਚਾਂਦਨਾ ਆਪ ਚਮਕਾਇੰਦਾ। ਜਲ ਥਲ ਮਹੀਅਲ ਦਏ ਅਧਾਰਾ, ਧਰਤ ਧਵਲ ਵੇਖ ਵਖਾਇੰਦਾ। ਬੰਸ ਸਰਬੰਸ ਕਰ ਤਿਆਰਾ, ਆਪਣਾ ਮਾਰਗ ਆਪੇ ਲਾਇੰਦਾ। ਵਿਸ਼ਨੂੰ ਵਿਸ਼ਵ ਕਰ ਤਿਆਰਾ, ਸਾਚਾ ਮੇਲਾ ਮੇਲ ਮਿਲਾਇੰਦਾ। ਪਾਰਬ੍ਰਹਮ ਬ੍ਰਹਮ ਕਰ ਪਸਾਰਾ, ਆਪਣਾ ਬੰਸ ਆਪ ਸੁਹਾਇੰਦਾ। ਕਵਲ ਕਵਲਾ ਸਾਚੀ ਧਾਰਾ, ਨਿਰਮਲ ਨਿਰਮਲ ਕਰ ਉਜਿਆਰਾ, ਨੂਰ ਨੁਰਾਨਾ ਆਪ ਅਖਵਾਇੰਦਾ। ਆਦਿ ਜੁਗਾਦਿ ਏਕਾ ਹਰਿ, ਸਾਚੀ ਧਾਰਾ ਆਪ ਚਲਾਇੰਦਾ। ਆਦਿ ਜੁਗਾਦਿ ਪੁਰਖ ਸਮਰਥ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਹਰਿ ਪੁਰਖ ਨਿਰੰਜਣ ਮਹਿਮਾ ਅਕਥ, ਏਕੰਕਾਰਾ ਸਿਫ਼ਤ ਸਲਾਹੀਆ। ਆਦਿ ਨਿਰੰਜਣ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤਾ ਵਸਣਹਾਰਾ ਸਾਚੇ ਕੋਟ, ਸਚਖੰਡ ਬੈਠਾ ਆਸਨ ਲਾਈਆ। ਸ੍ਰੀ ਭਗਵਾਨ ਆਦਿ ਜੁਗਾਦਿ ਏਕਾ ਬਖ਼ਸ਼ੇ ਓਟ, ਦੂਸਰ ਓਟ ਨਾ ਕੋਇ ਤਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਨਿਰਵੈਰ ਜਾਏ ਮਿਲ ਆਪਣਾ ਓਤ, ਵਿਸ਼ਵ ਸੋਹੰ ਸੋ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਿਸ਼ਵ ਧਾਰ ਆਪ ਪੜ੍ਹਾਈਆ। ਵਿਸ਼ਵ ਧਾਰ ਹਰਿ ਕਾ ਰੰਗ, ਨਿਰਗੁਣ ਆਪਣਾ ਆਪ ਜਣਾਇੰਦਾ। ਪਾਰਬ੍ਰਹਮ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਖੇਲ ਖਿਲਾਇੰਦਾ। ਨਾਦ ਅਨਾਦੀ ਇਕ ਮਰਦੰਗ, ਬ੍ਰਹਿਮਾਦਿ ਆਪ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਸਾਚਾ ਭੇਵ ਹਰਿ ਨਿਰੰਕਾਰ, ਆਦਿ ਪੁਰਖ ਆਦਿ ਆਦਿ ਆਦਿ ਆਪਣੇ ਹੱਥ ਰਖਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਨਿਰਗੁਣ ਨਿਰਗੁਣ ਨਿਰਗੁਣ ਮੇਲਾ ਮੇਲ ਮਿਲਾਈਆ। ਹੁਕਮੀ ਹੁਕਮ ਹੁਕਮ ਵਰਤਾਰ, ਸਚ ਸੰਦੇਸਾ ਇਕ ਸੁਣਾਈਆ। ਤ੍ਰੈਗੁਣ ਮਾਇਆ ਭਰ ਭੰਡਾਰ, ਰਾਜਸ ਤਾਮਸ ਸਾਤਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਸਤ ਅਪਾਰ, ਪੰਚਮ ਨਾਤਾ ਜੋੜ ਜੁੜਾਈਆ। ਲੱਖ ਚੁਰਾਸੀ ਕਰ ਤਿਆਰ, ਸਾਚਾ ਘਾੜਨ ਦਏ ਘੜਾਈਆ। ਪਾਰਬ੍ਰਹਮ ਬ੍ਰਹਮ ਕਰ ਪਸਾਰ, ਬ੍ਰਹਮ ਵੇਖੇ ਚਾਈਂ ਚਾਈਆ। ਘਰ ਵਿਚ ਘਰ ਕਰ ਤਿਆਰ, ਮਹੱਲ ਅਟਲ ਸੋਭਾ ਪਾਈਆ। ਈਸ਼ ਜੀਵ ਨਿਰਾਕਾਰ, ਜਗਦੀਸਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਆਪੇ ਲਾਈਆ। ਸਾਚਾ ਮਾਰਗ ਪੁਰਖ ਅਬਿਨਾਸ਼ਾ, ਆਦਿ ਜੁਗਾਦਿ ਲਗਾਇੰਦਾ। ਆਪਣੇ ਮੰਡਲ ਪਾਵੇ ਰਾਸਾ, ਗੋਪੀ ਕਾਹਨ ਆਪ ਹੋ ਜਾਇੰਦਾ। ਆਪੇ ਜਾਣੇ ਖੇਲ ਤਮਾਸ਼ਾ, ਪ੍ਰਿਥਮੀ ਆਕਾਸ਼ ਖੇਲ ਕਰਾਇੰਦਾ। ਆਪੇ ਵਿਸ਼ਨੂੰ ਅੰਦਰ ਕਰ ਕਰ ਵਾਸਾ, ਅੰਮ੍ਰਿਤ ਆਪਣਾ ਆਪ ਪਰਗਟਾਇੰਦਾ। ਆਪੇ ਨਾਭੀ ਕਵਲ ਦੇ ਭਰਵਾਸਾ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਆਪੇ ਪਾਰਬ੍ਰਹਮ ਬ੍ਰਹਮ ਕਰੇ ਭੋਗ ਬਿਲਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਧਾਰਾ ਆਪ ਚਲਾਇੰਦਾ। ਸਾਚੀ ਧਾਰ ਪੁਰਖ ਅਗੰਮ, ਇਕ ਇਕੱਲਾ ਆਪ ਚਲਾਈਆ। ਆਪਣਾ ਬੇੜਾ ਆਪੇ ਬੰਨ੍ਹ, ਆਪੇ ਬਣੇ ਮਲਾਹੀਆ। ਕਰੇ ਖੇਲ ਸ੍ਰੀ ਭਗਵਨ, ਭਗਵਨ ਆਪਣੀ ਦਇਆ ਕਮਾਈਆ। ਆਪੇ ਜਨਣੀ ਆਪੇ ਜਨ, ਦਾਈ ਦਾਇਆ ਆਪ ਅਖਵਾਈਆ। ਆਪੇ ਘੜੇ ਆਪੇ ਲਏ ਭੰਨ, ਘੜਨ ਭੰਨਣਹਾਰ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤ੍ਰੈਗੁਣ ਅਤੀਤਾ ਠਾਂਡਾ ਸੀਤਾ, ਵਸਤ ਅਮੋਲਕ ਆਪਣੇ ਹੱਥ ਰਖਾਈਆ। ਸਾਚੀ ਵਸਤ ਹਰਿ ਗੁਣਵੰਤ, ਆਪਣੇ ਹੱਥ ਰਖਾਇੰਦਾ। ਆਦਿ ਜੁਗਾਦਿ ਮਹਿਮਾ ਅਗਣਤ, ਭੇਵ ਕੋਇ ਨਾ ਪਾਇੰਦਾ। ਆਪੇ ਵਿਸ਼ਵ ਆਪੇ ਮਣੀਆ ਮੰਤ, ਨਾਉਂ ਨਿਰੰਕਾਰਾ ਆਪ ਅਖਵਾਇੰਦਾ। ਸੋਹੰ ਸਾਚੀ ਧਾਰ, ਗੁਰ ਚੇਲਾ ਰੂਪ ਜਣਾਈਆ। ਜੁਗ ਜੁਗ ਕਰਨ ਪਿਆਰ, ਪ੍ਰਭ ਸਾਚਾ ਮੇਲ ਮਿਲਾਈਆ। ਵਿਛੜ ਹੋ ਹੋ ਹੋਣ ਖ਼ਵਾਰ, ਅਭੁਲ ਭੁੱਲੇ ਸਾਚਾ ਮਾਹੀਆ। ਜਗ ਰੋਵਨ ਜ਼ਾਰੋ ਜ਼ਾਰ, ਦੋਵੇਂ ਨੈਣ ਵਹਾਈਆ। ਸੋਹੇ ਆਪ ਦਵਾਰ, ਬੰਸ ਮਿਲੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਸੋਹੰ ਧਾਰ ਪਾਰਬ੍ਰਹਮ, ਬ੍ਰਹਮ ਹਰਿ ਸਾਚੇ ਖੇਲ ਖਿਲਾਇਆ। ਜੁਗਾ ਜੁਗੰਤਰ ਬੇੜਾ ਬੰਨ੍ਹ, ਸਾਚਾ ਮਾਰਗ ਲਾਇਆ। ਏਕਾ ਵਸਣ ਏਕਾ ਤਨ, ਦੋਹਾਂ ਮੇਲਾ ਸਹਿਜ ਸੁਭਾਇਆ। ਸਾਚੀ ਛਪਰੀ ਸੋਹੇ ਛੰਨ, ਜਿਸ ਗ੍ਰਹਿ ਅੰਦਰ ਸੋਭਾ ਪਾਇਆ। ਇਕ ਦੂਜੇ ਦਾ ਕਹਿਣਾ ਲੈਣ ਮੰਨ, ਮਤ ਸੁਮਤ ਨਾ ਕੋਇ ਵਡਿਆਇਆ। ਮਿਲ ਮੰਗਲ ਕਹਿਣ ਧੰਨ ਧੰਨ, ਘਰ ਸੱਜਣ ਸੱਚਾ ਪਾਇਆ। ਝੂਠਾ ਭਰਮ ਨਿਕਲੇ ਜਨ, ਗੜ੍ਹ ਹੰਕਾਰ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਸਾਚਾ ਬੰਧਨ ਪਾਇਆ। ਸੋਹੰ ਬੰਧਨ ਦੂਆ ਏਕ, ਇਕ ਅਕਾਲਾ ਆਪ ਪਰਗਟਾਈਆ। ਬ੍ਰਹਮ ਪਾਰਬ੍ਰਹਮ ਸਾਚੀ ਟੇਕ, ਏਕਾ ਓਟ ਰਖਾਈਆ। ਜੀਵ ਈਸ਼ ਲਏ ਵੇਖ, ਦਰਸ਼ਨ ਚਾਈਂ ਚਾਈਆ। ਜਗਤ ਅਵੱਲੜਾ ਚਲੇ ਭੇਖ, ਰੂਪ ਰੰਗ ਨਾ ਕੋਇ ਵਖਾਈਆ। ਘਰ ਵਸੇ ਸਾਚਾ ਦੇਸ, ਮਿਲ ਸਾਚੀ ਖ਼ੁਸ਼ੀ ਮਨਾਈਆ। ਹੰ ਬ੍ਰਹਮ ਕਰ ਪਰਵੇਸ਼, ਸੋ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਰਖਾਈਆ। ਆਤਮ ਪਰਮਾਤਮ ਸਾਚਾ ਸੰਗ, ਸਦਾ ਸਦ ਰਖਾਇੰਦਾ। ਜੁਗਾ ਜੁਗੰਤਰ ਕਾਰਜ ਅਨੰਦ, ਅਨੰਦ ਅਨੰਦ ਵਖਾਇੰਦਾ। ਗੀਤ ਗੋਬਿੰਦ ਸਾਚਾ ਛੰਦ, ਹੰ ਬ੍ਰਹਮ ਸੁਣਾਇੰਦਾ। ਸੋ ਪੁਰਖ ਨਿਰੰਜਣ ਮੇਟੇ ਪੰਧ, ਪਾਂਧੀ ਰਾਹ ਨਾ ਕੋਇ ਵਖਾਇੰਦਾ। ਪੱਲੂ ਪੱਲੂ ਦੇਵੇ ਗੰਢ, ਸਾਚੀ ਗੰਢ, ਪਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ ਆਪ ਸੁਹਾਇੰਦਾ। ਸਾਚਾ ਦਰ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਹੰ ਬ੍ਰਹਮ ਬਣਾ ਬਣਤ, ਘਾੜਨ ਘੜਤ ਲਏ ਘੜਾਈਆ। ਲੇਖਾ ਜਾਣੇ ਜੀਵ ਜੰਤ, ਜੀਵ ਜੀਵ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਵਿਰਲੇ ਕਰੇ ਜਣਾਈਆ। ਗੁਰਮੁਖ ਵਿਰਲਾ ਸੋਹੰ ਰੰਗ, ਕਾਇਆ ਤਨ ਚੜ੍ਹਾਇੰਦਾ। ਗੁਰ ਚੇਲਾ ਨੱਚਨ ਬਣ ਮਲੰਗ, ਲੋਕ ਲਾਜ ਨਾ ਕੋਇ ਵਖਾਇੰਦਾ। ਬਿਨ ਸਤਾਰੋਂ ਵੱਜੇ ਤੰਦ, ਤੰਦੀ ਰਾਗ ਨਾ ਕੋਇ ਅਲਾਇੰਦਾ। ਗੁਣ ਨਾ ਜਾਣੇ ਕੋਇ ਬੱਤੀ ਦੰਦ, ਬਿਨ ਰਸਨਾ ਆਪ ਸੁਣਾਇੰਦਾ। ਗੀਤ ਗੋਬਿੰਦ ਸੁਹਾਗੀ ਛੰਦ, ਘਰ ਮੰਗਲ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਬੂਝ ਬੁਝਾਇੰਦਾ। ਸੋਹੰ ਬੁਝੇ ਆਪਣਾ ਰੂਪ, ਅਨੂਪ ਮਿਲੇ ਵਡਿਆਈਆ। ਘਟ ਪਰਕਾਸ਼ ਚਾਰੇ ਕੂਟ, ਗ੍ਰਹਿ ਮੰਦਰ ਵੱਜੇ ਵਧਾਈਆ। ਨਾਤਾ ਤੁੱਟੇ ਜੂਠ ਝੂਠ, ਕੂੜੀ ਕਿਰਿਆ ਰਹਿਣ ਨਾ ਪਾਈਆ। ਗੋਦੀ ਸੋਹੇ ਪੂਤ ਸਪੂਤ, ਪਿਤਾ ਵੇਖੇ ਚਾਈਂ ਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਤਰਿਆ ਸੋਹੰ ਬੇੜਾ, ਸੁਰਤ ਸ਼ਬਦ ਮੇਲ ਮਿਲਾਇਆ। ਕਾਇਆ ਵਸਿਆ ਸਾਚਾ ਖੇੜਾ, ਨਿਰਗੁਣ ਸਾਚਾ ਚੰਦ ਚੜ੍ਹਾਇਆ। ਹੱਕ ਹਕ਼ੀਕ਼ਤ ਕਰ ਨਬੇੜਾ, ਪਿਛਲਾ ਪੰਧ ਮੁਕਾਇਆ। ਏਕਾ ਰੰਗ ਵਖਾਏ ਸੰਞ ਸਵੇਰਾ, ਦਿਵਸ ਰੈਣ ਨਾ ਕੋਇ ਵਡਿਆਇਆ। ਗੁਰਸਿਖਾਂ ਮਨ ਚਾਓ ਘਨੇਰਾ, ਸਤਿਗੁਰ ਪੂਰਾ ਪਾਇਆ। ਨਾਤਾ ਤੁਟਾ ਮੇਰਾ ਤੇਰਾ, ਤੇਰਾ ਮੇਰਾ ਸੋਹੰ ਰੂਪ ਅਖਵਾਇਆ। ਆਵਣ ਜਾਵਣ ਚੁੱਕਾ ਗੇੜਾ, ਪਾਂਧੀ ਝੂਠਾ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਚੇਲਾ ਖੇਲ ਖਿਲਾਇਆ। ਗੁਰ ਚੇਲਾ ਖੇਲੇ ਖੇਲ, ਖ਼ਾਲਕ ਖ਼ਲਕ ਰੂਪ ਵਟਾਈਆ। ਸਾਚਾ ਮੇਲਾ ਲਏ ਮੇਲ, ਗੁਰਮੁਖ ਸੱਜਣ ਮਾਤ ਉਠਾਈਆ। ਬਣੇ ਸਾਜਨ ਸਖਾ ਸੁਹੇਲ, ਸਾਚੀ ਪ੍ਰੀਤ ਇਕ ਨਿਭਾਈਆ। ਨਿਰਗੁਣ ਦੀਵਾ ਨਿਰਗੁਣ ਬਾਤੀ ਨਿਰਗੁਣ ਜਗਾਏ ਬਿਨ ਤੇਲ, ਹਵਣ ਹਵਣੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਚੇਲਾ ਮਿਲੇ ਏਕਾ ਘਰ, ਬੰਕ ਦਵਾਰਾ ਇਕ ਸੁਹਾਈਆ। ਘਰ ਦਵਾਰਾ ਸੋਹੇ ਬੰਕ, ਗ੍ਰਹਿ ਮੇਲਾ ਹਰਿ ਕਰਤਾਰ। ਗੁਰਮੁਖ ਵਡਿਆਈ ਜਿਉਂ ਜਨ ਜਨਕ, ਭਗਤ ਭਗਵੰਤ ਲਏ ਅਧਾਰ। ਨਾਮ ਹਲੂਣਾ ਲਾਏ ਤਨਕ, ਨਿਰਗੁਣ ਖਿਚੇ ਸਚ ਸਤਾਰ, ਕਰਿਆ ਖੇਲ ਬਾਰ ਅਨਕ, ਜੁਗ ਜੁਗ ਲੈ ਮਾਤ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਕਰੇ ਸਚ ਪਿਆਰ। ਕਰ ਪਿਆਰ ਦਿਤੀ ਦਾਤ, ਹਰਿ ਸਤਿਗੁਰ ਦਇਆ ਕਮਾਈਆ। ਸੋਹੰ ਨਾਮ ਸਚ ਸੌਗਾਤ, ਰੋਗ ਸੋਗ ਦਏ ਗਵਾਈਆ। ਮੇਟੇ ਰੈਣ ਅੰਧੇਰੀ ਰਾਤ, ਗੁਰ ਚੇਲਾ ਚੰਦ ਚੜ੍ਹਾਈਆ। ਆਤਮ ਪਰਮਾਤਮ ਇਕੋ ਗਾਥ, ਏਕਾ ਅੱਖਰ ਕਰੇ ਪੜ੍ਹਾਈਆ। ਈਸ਼ ਜੀਵ ਨਿਭੇ ਸਾਥ, ਜਗਦੀਸ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਇਕੋ ਵਰ, ਸੋਹੰ ਸ਼ਬਦ ਵਡ ਕਰਾਮਾਤ, ਆਦਿ ਜੁਗਾਦਿ ਜੁਗਾ ਜੁਗੰਤਰ ਗੁਰਮੁਖ ਵਿਰਲੇ ਚੜ੍ਹਨ ਇਸ ਜਮਾਤ, ਦੂਜੀ ਹੋਰ ਨਾ ਕੋਇ ਪੜ੍ਹਾਈਆ।
