Granth 10 Likhat 155: 19 Harh 2018 Bikarmi Darbar wich

੧੯ ਹਾੜ ਸੰਮਤ ੨੦੧੮ ਬਿਕ੍ਰਮੀ ਦਰਬਾਰ ਵਿਚ

ਹਰਿ ਦਾ ਪਰਵਾਨਾ ਪੁੱਜਿਆ, ਗੁਰ ਗੋਬਿੰਦ ਦਿਤਾ ਫੜਾ। ਹਰਿ ਲੇਖਾ ਜਾਣੇ ਗੁੱਝਿਆ, ਏਕਾ ਹੁਕਮ ਦਏ ਸੁਣਾ। ਲਹਿਣਾ ਦੇਣਾ ਚੁੱਕੇ ਏਕਾ ਦੂਜਿਆ, ਕ਼ੁਦਰਤ ਵੇਖੇ ਆਪ ਖ਼ੁਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹ। ਫੜ ਪਰਵਾਨਾ ਧੁਰਦਰਗਾਹ, ਗੁਰ ਗੋਬਿੰਦ ਆਪ ਪੁਚਾਈਆ। ਤੂੰ ਦਾਤਾ ਸਾਹਿਬ ਸਿਫ਼ਤੀ ਸਾਲਾਹ, ਸੱਚੀ ਸਿਫ਼ਤ ਤੇਰੀ ਵਡਿਆਈਆ। ਤੇਰਾ ਬਰਦਾ ਤੇਰਾ ਦਰਵੇਸ਼ ਤੇਰਾ ਤੱਕੇ ਰਾਹ, ਨੇਤਰ ਨੈਣ ਉਠਾਈਆ। ਤੇਰੀ ਉਮਤ ਕਰੇ ਨਕਾਹ, ਲੋਕਮਾਤ ਵੇਖ ਵਖਾਈਆ। ਆਪਣੀ ਸੁਨਤ ਆਪ ਕਰਾ, ਸੂਰਤ ਸਾਚੀ ਗਿਆ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਹੁਕਮ ਸੁਣਾਈਆ। ਫੜ ਪਰਵਾਨਾ ਵੇਖਦਾ, ਵੇਖਣਹਾਰਾ ਪਰਵਰਦਿਗਾਰ। ਲੇਖਾ ਜਾਣੇ ਦਸ ਦਸਮੇਸ ਦਾ, ਦਹਿ ਦਿਸ਼ਾ ਕਰੇ ਵਿਚਾਰ। ਆਪੇ ਧਾਰੇ ਆਪਣਾ ਭੇਖ ਖੇਲ ਅਵੱਲੜਾ ਆਪੇ ਖੇਲਦਾ, ਖੇਲਣਹਾਰਾ ਏਕੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਸੁਣੇ ਸਚ ਪੁਕਾਰ। ਸਚ ਪੁਕਾਰ ਲਿਖੀ ਰਸੂਲ, ਰਸੂਲ ਅੱਲਾ ਇਲਾਹੀ ਨੂਰ ਧਿਆਇੰਦਾ। ਮੇਰਾ ਪਰਵਾਨਾ ਕਰ ਕ਼ਬੂਲ, ਦਰ ਤੇਰੇ ਧੂੜੀ ਖ਼ਾਕ ਰਮਾਇੰਦਾ। ਮੈਂ ਨਾ ਜਾਣਾਂ ਤੇਰਾ ਅਸੂਲ, ਤੇਰਾ ਭੇਵ ਕੋਇ ਨਾ ਆਇੰਦਾ। ਤੂੰ ਅਭੁਲ ਮੈਂ ਗਿਆ ਭੂਲ, ਭੁੱਲੇ ਮਾਰਗ ਤੂੰ ਹੀ ਪਾਇੰਦਾ। ਮੇਰਾ ਤੇਰਾ ਇਕ ਅਸੂਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫੜ ਪਰਵਾਨਾ ਵੇਖ ਵਖਾਇੰਦਾ। ਫੜੇ ਪਰਵਾਨਾ ਦੇਵੇ ਪਾੜ, ਨੇਤਰ ਨੈਣ ਨਾ ਹਰਿ ਟਿਕਾਈਆ। ਮੁਹੰਮਦ ਤੇਰਾ ਤੁੱਟਾ ਪਿਆਰ, ਤੇਰਾ ਸੰਗ ਨਾ ਕੋਇ ਨਿਭਾਈਆ। ਤੇਰੀ ਇਛਿਆ ਲਏ ਉਭਾਰ, ਅੱਲਾ ਰਾਣੀ ਮੇਲ ਮਿਲਾਈਆ। ਮੀਆਂ ਬਣੇ ਪਰਵਰਦਿਗਾਰ, ਰੱਯਤ ਵੇਖੇ ਥਾਉਂ ਥਾਈਂਆ। ਥਰ ਥਰ ਕੰਬੇ ਸਰਬ ਸੰਸਾਰ, ਧਰਨੀ ਧਰਤ ਧਵਲ ਦਏ ਦੁਹਾਈਆ। ਉਮਤ ਰੋਵੇ ਜ਼ਾਰੋ ਜ਼ਾਰ, ਕੂਕ ਕੂਕ ਸੁਣਾਈਆ। ਖ਼ਾਲਕ ਕਰੇ ਖੇਲ ਅਪਾਰ, ਮਖ਼ਲੂਕ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨੁਕਤਾ ਦਏ ਜਣਾਈਆ। ਏਕਾ ਨੁਕਤਾ ਹਰਿ ਨਿਗਹ, ਨਿਗਹਬਾਨ ਵੇਖ ਵਖਾਇੰਦਾ। ਏਕਾ ਘਰ ਸੱਚੀ ਦਰਗਾਹ, ਦਰਗਹਿ ਸਾਚੀ ਸੋਭਾ ਪਾਇੰਦਾ। ਏਕਾ ਮਿਰਜ਼ਾ ਏਕਾ ਬੇਗਮ ਲਏ ਪਰਨਾ, ਬੇ ਗ਼ਮ ਆਪਣਾ ਬੰਧਨ ਪਾਇੰਦਾ। ਏਕਾ ਹੁਜਰੇ ਲਏ ਬਹਾ, ਸਚ ਮਹਿਰਾਬ ਆਪ ਸੁਹਾਇੰਦਾ। ਏਕਾ ਨੌਬਤ ਲਏ ਵਜਾ, ਸਾਚਾ ਡੰਕਾ ਇਕ ਰਖਾਇੰਦਾ। ਏਕਾ ਆਪਣੀ ਸੁਹਬਤ ਜਾਣੇ ਆਪੇ ਖ਼ੁਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਜਣਾਇੰਦਾ। ਮੁਹੰਮਦ ਲੇਖਾ ਅਲਿਫ਼ ਧਾਰ, ਅਲਫ਼ੀ ਨਜ਼ਰ ਕੋਇ ਨਾ ਆਈਆ। ਕਿਸੇ ਯਾਦ ਨਾ ਰੱਖਿਆ ਹਰਿ ਨਿਰੰਕਾਰ, ਭਰਮੇ ਭੁੱਲੀ ਸਰਬ ਲੋਕਾਈਆ। ਕਰੇ ਖੇਲ ਅਪਰ ਅਪਾਰ, ਅਪਰ ਅਪਾਰਾ ਭੇਵ ਚੁਕਾਈਆ। ਦਰਗਾਹਿ ਸਾਚੀ ਹੋ ਨਿਆਰ, ਧਾਮ ਅਵੱਲੜਾ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਫੜ ਪਰਵਾਨਾ ਪਾੜਿਆ, ਪਾੜਨਹਾਰਾ ਏਕੰਕਾਰ। ਲੇਖਾ ਜਾਣੇ ਦਿਨ ਸਤਾਰਾਂ ਹਾੜਿਆ, ਹਾੜ ਸਤਾਰਾਂ ਕਰੇ ਵਿਚਾਰ। ਬਹੱਤਰ ਨਾੜੀ ਆਪੇ ਸਾੜਿਆ, ਅਗਨੀ ਲਾਏ ਤੱਤ ਅੰਗਿਆਰ। ਭੱਜਾ ਫਿਰੇ ਜੰਗਲ ਜੂਹ ਉਜਾੜ ਪਹਾੜਿਆ, ਉਚੀ ਕੂਕੇ ਕਰੇ ਪੁਕਾਰ। ਮੇਰਿਆਂ ਯਾਰਾਂ ਮੈਨੂੰ ਮਾਰਿਆ, ਚਾਰ ਯਾਰੀ ਗਈ ਹਾਰ। ਮੈਂ ਉਚਾ ਲਾਇਆ ਨਾਅਰਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਿਆ ਖੇਲ ਅਗੰਮ ਅਪਾਰ। ਅਗੰਮ ਅਪਾਰ ਲੇਖਾ ਜਾਣੇ, ਲੇਖਾ ਲਿਖਤ ਵਿਚ ਨਾ ਆਈਆ। ਮੁਹੰਮਦ ਤੇਰਾ ਮਤਲਬ ਪਛਾਣੇ, ਮੈਖ਼ਾਨਾ ਫੋਲ ਫੋਲਾਈਆ। ਤੇਰਾ ਆਬ ਵੇਖੇ ਗੁਣ ਨਿਧਾਨੇ, ਬੇਆਬ ਫੇਰਾ ਪਾਈਆ। ਤੇਰਾ ਮਹਿਤਾਬ ਵੇਖੇ ਭਾਨੇ, ਨੂਰ ਨੂਰ ਕਵਣ ਰੁਸ਼ਨਾਈਆ। ਤੇਰੀ ਫ਼ਰਿਯਾਦ ਸੁਣੇ ਦੋ ਜਹਾਨੇ, ਫ਼ਰਿਯਾਦ ਹੋਰ ਨਾ ਕੋਇ ਵਖਾਈਆ। ਤੇਰੀ ਹੱਦ ਚੌਦਾਂ ਹੱਟ ਮਕਾਨੇ, ਚੌਦਾਂ ਤਬਕਾਂ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਪਰਵਾਨਾ ਹਰਿ ਭਗਵਾਨਾ ਟੋਟੇ ਚਾਰ ਚਾਰ ਕਰਾਈਆ। ਕਰੇ ਪਰਵਾਨਾ ਟੁਕੜੇ ਚਾਰ, ਚਾਰ ਯਾਰੀ ਬੰਦ ਤੁੜਾਇਆ। ਉਤਰ ਪੂਰਬ ਪੱਛਮ ਦੱਖਣ ਵੇਖੇ ਏਕਾ ਵਾਰ, ਚਾਰੇ ਕੁੰਟਾਂ ਏਕਾ ਵਾਰ ਵਖਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰੇ ਪਾਰ, ਕਲ ਕਾਤੀ ਨਾਉਂ ਧਰਾਇਆ। ਚਾਰੇ ਵਰਨਾਂ ਕਰੇ ਖ਼ਵਾਰ, ਚਾਰੇ ਖਾਣੀ ਫੋਲ ਫੋਲਾਇਆ। ਚਾਰੇ ਬਾਣੀ ਮਾਰੇ ਮਾਰ, ਚਾਰੇ ਯਾਰ ਦਏ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਇਆ। ਚਾਰੇ ਟੁੱਕੜੇ ਵੰਡੇ ਵੰਡ, ਵੰਡਣਹਾਰ ਆਪ ਨਿਰੰਕਾਰਾ। ਮੁਹੰਮਦ ਪਰਵਾਨਾ ਕਰਿਆ ਖੰਡ ਖੰਡ, ਖੰਡਾ ਫੜ ਤੇਜ਼ ਕਟਾਰਾ। ਪਰਗਟ ਹੋਇਆ ਸੂਰਾ ਸਰਬੰਗ, ਨਿਰਗੁਣ ਰੂਪ ਅਪਰ ਅਪਾਰਾ। ਅਸਵ ਘੋੜੇ ਕਸੇ ਤੰਗ, ਬਣਿਆ ਸ਼ਹਿਨਸ਼ਾਹ ਸੱਚਾ ਅਸਵਾਰਾ। ਦੋ ਜਹਾਨ ਵਜਾਏ ਮਰਦੰਗ, ਚੌਦਾਂ ਤਬਕ ਦਏ ਹੁਲਾਰਾ। ਬ੍ਰਹਿਮੰਡਾਂ ਖੰਡਾਂ ਆਪੇ ਲੰਘ, ਤ੍ਰੈਭਵਨ ਧਨੀ ਪਾਵੇ ਸਾਰਾ। ਲੱਖ ਚੁਰਾਸੀ ਵੇਖੇ ਬੰਦ ਬੰਦ, ਆਪੇ ਖੋਲ੍ਹੇ ਬੰਦ ਕਿਵਾੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰੇ ਜੁਗਾ ਕਰੇ ਖੇਲ ਨਿਆਰਾ। ਚਾਰੇ ਟੁਕੜੇ ਚਾਰ ਧਾਰ, ਚਾਰ ਚਾਰ ਧਾਰ ਵਿਚ ਸਮਾਈਆ। ਚੌਥਾ ਜੁਗ ਕਰ ਖ਼ਵਾਰ, ਕਲਜੁਗ ਮੇਟੇ ਕੂੜੀ ਛਾਹੀਆ। ਚਾਰੋਂ ਕੁੰਟ ਮਾਰੇ ਮਾਰ, ਬਚਿਆ ਕੋਇ ਰਹਿਣ ਨਾ ਪਾਈਆ। ਉਮਤ ਰੋਵੇ ਜ਼ਾਰੋ ਜ਼ਾਰ, ਉਚੀ ਕੂਕ ਕੂਕ ਸੁਣਾਈਆ। ਅੱਲਾ ਰਾਣੀ ਖੁਲ੍ਹੜੇ ਕੇਸ ਆਏ ਦਵਾਰ, ਆਪਣੀ ਹੱਥੀਂ ਮਹਿੰਦੀ ਲਾਲ ਰੰਗਾਈਆ। ਅਮਾਮ ਅਮਾਮਾਂ ਤੇਰਾ ਕਰਾਂ ਪਿਆਰ, ਤੇਰੀ ਸੂਰਤ ਤੇਰਾ ਸਤਿ ਈਮਾਨ, ਮੇਰੀ ਸ਼ਰਅ ਕਰੇ ਕੁੜਮਾਈਆ। ਮੇਰੀ ਸ਼ਰਅ ਹੋਈ ਦੁਕਾਨ, ਨਾਲ ਮਿਲੇ ਪੰਜ ਸ਼ੈਤਾਨ, ਮੇਰਾ ਨਾਤਾ ਤੁੱਟਾ ਜਗਤ ਜਹਾਨ, ਕ਼ੁਰਾਨ ਹਦੀਸ ਨਾ ਕੋਇ ਰਖਾਈਆ। ਮੇਰਾ ਕਾਅਬਾ ਹੋਇਆ ਵੈਰਾਨ, ਮਿਲੇ ਮੇਲ ਨਾ ਹਾਣੀ ਹਾਣ, ਮੈਂ ਨਿਮਾਣੀ ਬਾਲ ਅਞਾਣ, ਆਪਣੀ ਸੁੱਧ ਨਾ ਜਾਣਾ ਰਾਈਆ। ਤੂੰ ਮੀਆਂ ਚਤੁਰ ਸੁਜਾਨ, ਏਕਾ ਦੇਣਾ ਸਾਚਾ ਦਾਨ, ਬਖ਼ਸ਼ੀਂ ਚਰਨ ਕਵਲ ਧਿਆਨ, ਵਸਤ ਅਮੋਲਕ ਝੋਲੀ ਪਾਈਆ। ਮੈਂ ਬਾਲੀ ਬੁਧ ਨੌਜਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਈਆ। ਅੱਲਾ ਰਾਣੀ ਮੰਗੇ ਵਰ, ਨੇਤਰ ਨੈਣ ਉਠਾਇਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਮੇਰਾ ਪਰਦਾ ਦੇ ਚੁਕਾਇਆ। ਚੌਦਾਂ ਸਦੀਆਂ ਲੱਭਦੀ ਰਹੀ ਘਰ ਘਰ, ਤੇਰਾ ਜਲਵਾ ਨਜ਼ਰ ਨਾ ਆਇਆ। ਉਚ ਮਹੱਲੇ ਵੇਖਾਂ ਖੜ, ਚਾਰੋਂ ਕੁੰਟ ਫੋਲ ਫੋਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੁਹੰਮਦ ਆਸ਼ਾ ਰਹੀ ਕੁਰਲਾਇਆ। ਮੁਹੰਮਦ ਆਸਾ ਕਰੇ ਪੁਕਾਰ, ਖੁਲ੍ਹੜੇ ਕੇਸ ਰਹੀ ਕੁਰਲਾਈਆ। ਮੈਨੂੰ ਭੁੱਲਿਆ ਮੇਰਾ ਯਾਰ, ਯਾਰੀ ਯਾਰ ਨਾ ਤੋੜ ਨਿਭਾਈਆ। ਰਹਿਮਤ ਦਿਸੀ ਨਾ ਸਚ ਦਰਬਾਰ, ਰਹੀਮ ਸੇਵ ਨਾ ਕੋਇ ਕਮਾਈਆ। ਗ਼ਫ਼ਲਤ ਆਈ ਵਿਚ ਸੰਸਾਰ, ਉਲਫ਼ਤ ਸੰਗ ਨਾ ਕੋਇ ਨਿਭਾਈਆ। ਮੇਰੀ ਅਲਫ਼ੀ ਕਾਲਾ ਤਨ ਸ਼ੰਗਾਰ, ਤੇਰਾ ਰੰਗ ਨਾ ਕੋਇ ਚੜ੍ਹਾਈਆ। ਦੋ ਹਰਫ਼ੀ ਕਰਨੀ ਗੱਲ ਏਕਾ ਵਾਰ, ਯੱਕਤਰਫ਼ੀ ਡਿਗਰੀ ਦਏ ਕਰਾਈਆ। ਮੈਂ ਤਰਸੀ ਤੇਰੇ ਦਰਸ ਦੀਦਾਰ, ਤੇਰੀ ਦੀਦ ਮੇਰੀ ਈਦ ਏਕਾ ਚੰਦ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਰਹੀ ਕੁਰਲਾਈਆ। ਵਰ ਦੇਵੇ ਹੱਕ ਜਨਾਬ, ਬੇਐਬ ਪਰਵਰਦਿਗਾਰਾ। ਤੇਰੇ ਮੁਖ ਤੋਂ ਲਾਹੇ ਨਕ਼ਾਬ, ਪਰਦਾਨਸ਼ੀਂ ਹੋਏ ਪਰਵਰਦਿਗਾਰਾ। ਚਰਨ ਘੋੜੇ ਦਏ ਰਕਾਬ, ਅਸਵ ਚੜ੍ਹੇ ਸ਼ਾਹਸਵਾਰਾ। ਦੋ ਜਹਾਨਾਂ ਵੇਖੇ ਹਯਾਤ ਆਬ, ਆਬੇ ਹਯਾਤ ਦਏ ਹੁਲਾਰਾ। ਤੇਰਾ ਮੇਲਾ ਕਰੇ ਨਵਾਬ, ਸ਼ਾਹ ਨਵਾਬ ਸੱਚੀ ਸਰਕਾਰਾ। ਤੇਰਾ ਅੱਖਰ ਵੇਖੇ ਸੁਣੇ ਫ਼ਰਯਾਦ, ਖੋਲ੍ਹੇ ਬੰਦ ਕਿਵਾੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਨਿਰੰਕਾਰਾ। ਹਰਿ ਨਿਰੰਕਾਰ ਖੇਲ ਖਿਲਾਵਣਾ, ਭੁਲ ਰਹੇ ਨਾ ਰਾਈਆ। ਅੱਲਾ ਰਾਣੀ ਪਰਦਾ ਲਾਹਵਣਾ, ਕਲਜੁਗ ਅੰਤਮ ਵੇਖ ਵਖਾਈਆ। ਮੀਆਂ ਬੀਵੀ ਸੰਗ ਨਿਭਾਵਣਾ, ਏਕਾ ਸੇਜ ਕਰੇ ਰੁਸ਼ਨਾਈਆ। ਧੁਰ ਫ਼ਰਮਾਨਾ ਇਕ ਸਮਝਾਵਣਾ, ਭੁਲ ਕਦੇ ਨਾ ਜਾਈਆ। ਮੁਹੰਮਦ ਲੇਖਾ ਪਾਰ ਕਰਾਵਣਾ, ਚਾਰ ਯਾਰੀ ਦਏ ਮਿਟਾਈਆ। ਉਮਤ ਉਮਤੀ ਡੇਰਾ ਢਾਹਵਣਾ, ਸਚ ਸਲਾਮ ਦਏ ਵਡਿਆਈਆ। ਇਕ ਕਲਾਮ ਹਰਿ ਪੜ੍ਹਾਵਣਾ, ਕਾਇਨਾਤ ਵੇਖੇ ਥਾਉਂ ਥਾਈਂਆ। ਆਲਮ ਉਲਮਾ ਆਪ ਅਖਵਾਵਣਾ, ਆਲਮੀਨ ਕਰੇ ਸੱਚੀ ਸ਼ਹਿਨਸ਼ਾਹੀਆ। ਭੁਲ ਸਵਾਬ ਨਾ ਕੋਇ ਰਖਾਵਣਾ, ਏਕਾ ਰੰਗ ਰੰਗਾਈਆ। ਤੇਰਾ ਕਾਅਬਾ ਆਪਣੇ ਚਰਨਾਂ ਹੇਠ ਦਬਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਭੇਵ ਦਏ ਮਿਟਾਈਆ। ਅੱਲਾ ਰਾਣੀ ਬਣ ਨਿਮਾਣੀ, ਆਈ ਦਰ ਦਰਬਾਰ। ਖ਼ੁਦਾਵੰਦ ਲੱਭੇ ਏਕਾ ਹਾਣੀ, ਮਿਲੇ ਮੇਲ ਸਾਚਾ ਯਾਰ। ਚੌਦਾਂ ਤਬਕ ਕਿਸੇ ਹੱਥ ਨਾ ਆਏ ਠੰਡਾ ਪਾਣੀ, ਚਾਰੋਂ ਕੁੰਟ ਤਪੇ ਅੰਗਿਆਰ। ਮੈਂ ਲੇਖਾ ਤੇਰਾ ਭੁੱਲਿਆ ਗੁਣ ਨਿਧਾਨੀ, ਤੇਰਾ ਅੱਖਰ ਅਲਿਫ਼ ਨਾ ਸਕੀ ਵਿਚਾਰ। ਨਿਰਗੁਣ ਸਰਗੁਣ ਖੇਲ ਦੋ ਜਹਾਨੀ, ਤੂੰ ਦਾਤਾ ਬੇਐਬ ਪਰਵਰਦਿਗਾਰ। ਤੇਰਾ ਕਲਮਾ ਤੀਰ ਨਿਸ਼ਾਨੀ, ਬਿਰਹੋਂ ਮਾਰੇ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਆਪ ਸੰਭਾਲ। ਮੈਂ ਲੇਖਾ ਘਲਿਆ ਤੇਰੇ ਦਰ, ਦਰ ਵੱਡਾ ਵਡ ਵਡਿਆਈਆ। ਤੂੰ ਸਾਹਿਬ ਸੁਲਤਾਨ ਸਾਚਾ ਨਰ, ਆਦਿ ਜੁਗਾਦਿ ਤੇਰੀ ਸ਼ਹਿਨਸ਼ਾਹੀਆ। ਤੂੰ ਗ਼ਰੀਬ ਨਿਮਾਣਿਆਂ ਪੱਲੂ ਲਏਂ ਫੜ, ਜੋ ਆਇਣ ਸੀਸ ਝੁਕਾਈਆ। ਜੋ ਦਰ ਤੇਰੇ ਤੇ ਜਾਏ ਮਰ, ਮਰ ਜੀਵਤ ਲਏਂ ਜਿਵਾਈਆ। ਮੈਂ ਲੋਕਮਾਤ ਆਈ ਹਰ, ਆਪਣੀ ਪਤ ਗਵਾਈਆ। ਮੈਨੂੰ ਮਿਲਿਆ ਨਾ ਕੋਇ ਨਰ, ਜੋ ਮੇਰਾ ਜੋਬਨ ਲਏ ਹੰਢਾਈਆ। ਮੇਰੀ ਉਮਤ ਮੇਰੇ ਕੋਲੋਂ ਰਹੀ ਡਰ, ਮੇਰਾ ਸੰਗ ਨਾ ਕੋਇ ਰਖਾਈਆ। ਮੈਂ ਤੇਰਾ ਕਲਮਾ ਬੈਠੀ ਪੜ੍ਹ, ਮੇਰਾ ਕਲਮਾ ਭੁੱਲੀ ਲੋਕਾਈਆ। ਮੈਂ ਵਾਸਤਾ ਪਾਵਾਂ ਘਰ ਘਰ, ਉਚੀ ਕੂਕ ਕੂਕ ਸੁਣਾਈਆ। ਮੇਰਾ ਮਾਹੀਆ ਆਇਆ ਲੋਕਮਾਤ ਜੋਤ ਧਰ, ਜਿਸ ਦੀ ਵੱਜਦੀ ਰਹੇ ਵਧਾਈਆ। ਜਿਸ ਨੇ ਘਾੜਨ ਦਿਤਾ ਘੜ, ਸੋ ਅੰਤਮ ਭੰਨ ਵਖਾਈਆ। ਮੈਂ ਮੁੱਲਾ ਸ਼ੇਖ਼ ਮੁਸਾਇਕ ਦਸਤਗੀਰ ਤੇਰੇ ਦਵਾਰੇ ਲਿਆਵਾਂ ਫੜ ਫੜ, ਸਿਰ ਮੇਰੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਨਿਮਾਣੀ ਬੈਠੀ ਸੀਸ ਝੁਕਾਈਆ। ਹੋਏ ਨਿਮਾਣੀ ਮੰਗੇ ਮੰਗ, ਦੋਏ ਜੋੜ ਕਰੇ ਨਿਮਸਕਾਰਾ। ਪੁਰਖ ਅਬਿਨਾਸ਼ੀ ਕਰਨਾ ਸੰਗ, ਸਗਲਾ ਸੰਗ ਤੇਰਾ ਪਿਆਰਾ। ਮੈਂ ਤੇਰਾ ਦਵਾਰਾ ਆਈ ਲੰਘ, ਬਣੀ ਸਚ ਭਿਖਾਰਾ। ਮੇਰੀ ਝੂਠੀ ਢਾਹੀਂ ਕੰਧ, ਏਕਾ ਨੂਰ ਕਰੀਂ ਉਜਿਆਰਾ। ਮੇਰਾ ਮੁਕਾਈਂ ਅਗਲਾ ਪੰਧ, ਪਿਛੇ ਰਹੇ ਨਾ ਕੋਇ ਕਿਨਾਰਾ। ਮੈਨੂੰ ਸੁਣਾਈਂ ਆਪਣਾ ਛੰਦ, ਅਨਹਦ ਨਾਦ ਸੱਚੀ ਧੁਨਕਾਰਾ। ਮੇਰਾ ਖ਼ੁਸ਼ੀ ਕਰੌਣਾ ਬੰਦ ਬੰਦ, ਮੇਰੇ ਸੱਚੇ ਪਰਵਰਦਿਗਾਰਾ। ਮੈਂ ਪੱਲੇ ਬੰਨ੍ਹਾਂ ਗੰਢ, ਤੇਰਾ ਪੱਲੂ ਸਿਰਜਣਹਾਰਾ। ਮੈਂ ਦੁਹਾਗਣ ਫਿਰਾਂ ਨੰਗ, ਚਾਰੋਂ ਕੁੰਟ ਤੇਰਾ ਮਾਰਾਂ ਨਾਅਰਾ। ਬਿਨ ਤੇਰੇ ਹੋਈ ਰੰਡ, ਨਾ ਕੋਈ ਮਿਲੇ ਮੀਤ ਮੁਰਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਪੁਰਖ ਅਬਿਨਾਸ਼ੀ ਹੋ ਤਿਆਰਾ। ਦਰ ਘਰ ਦੇਵੇ ਸੱਚੀ ਵੱਥ, ਅੱਲਾ ਰਾਣੀ ਆਪ ਸਮਝਾਈਆ। ਤੇਰੀ ਚੌਦਾਂ ਸਦੀਆਂ ਸੁਣਦਾ ਰਿਹਾ ਗਾਥ, ਬਣ ਬਣ ਸੱਚਾ ਮਾਹੀਆ। ਪੀਰ ਪੈਗ਼ੰਬਰ ਔਲੀਆ ਸ਼ੇਖ਼ ਪੜ੍ਹੌਦੀ ਰਹੀ ਬਾਤ, ਪੜ੍ਹ ਪੜ੍ਹ ਤੇਰਾ ਕਿਸੇ ਨਾ ਨਿਭਾਇਆ ਸਾਥਾ, ਭੁੱਲੀ ਸਰਬ ਲੋਕਾਈਆ। ਚਾਰੋਂ ਕੁੰਟ ਨਾ ਮੁੱਕੀਂ ਵਾਟਾ, ਆਪਣਾ ਪੰਧ ਨਾ ਲਿਆ ਮੁਕਾਈਆ। ਆਬੇ ਹਯਾਤ ਦਿਸੇ ਨਾ ਕਿਸੇ ਬਾਟਾ, ਖ਼ਾਲੀ ਕੰਨੀ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਸਯਦਾ ਨਾ ਦਿਸੇ ਕਿਸੇ ਕਾਅਬਾ, ਤੇਰਾ ਸੀਸ ਨਾ ਕੋਇ ਝੁਕਾਈਆ। ਤੇਰਾ ਕਾਅਬਾ ਨਜ਼ਰ ਨਾ ਆਏ, ਚਾਰੋਂ ਕੁੰਟ ਅੰਧੇਰਾ ਛਾਇਆ। ਤੇਰਾ ਰਾਜਾ ਨਾ ਕੋਇ ਵਖਾਏ, ਬੈਠਾ ਮੁਖ ਭਵਾਇਆ। ਤੇਰਾ ਨਵਾਬਾ ਨਾ ਫੇਰਾ ਪਾਏ, ਦੂਰ ਦੁਰਾਡਾ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਚਾ ਹੁਕਮ ਆਪ ਸੁਣਾਇਆ। ਅੱਲਾ ਮੀਆਂ ਇਲਾਹੀ ਨੂਰ, ਆਲਮਗੀਰ ਦਇਆ ਕਮਾਇੰਦਾ। ਤੂੰ ਵੈਰਾਗਣ ਵਿਛੜੀ ਹੂਰ, ਹਜ਼ਰਤ ਆਪਣੀ ਦਇਆ ਕਮਾਇੰਦਾ। ਤੇਰਾ ਵੇਖੇ ਭਰਿਆ ਪੂਰ, ਚਾਰੋਂ ਕੁੰਟ ਫੋਲ ਫੋਲਾਇੰਦਾ। ਤੇਰਾ ਧੰਨ ਵੇਖੇ ਕੂੜ, ਕੂੜੀ ਗੰਢ ਇਕ ਬੰਨ੍ਹਾਇੰਦਾ। ਤੇਰੀ ਉਮਤ ਹੋਈ ਮੂੜ੍ਹ, ਮੇਰਾ ਨਾਮ ਨਾ ਕੋਇ ਜਣਾਇੰਦਾ। ਤੇਰੀਆਂ ਹੱਡੀਆਂ ਹੋਈਆਂ ਚੂਰ ਚੂਰ, ਤੁੱਟੀ ਹੱਡੀ ਨਾ ਕੋਇ ਬੰਧਾਇੰਦਾ। ਤੇਰਾ ਜਲਵਾ ਹੋਇਆ ਨੂਰ ਨੂਰ, ਨੂਰ ਨੁਰਾਨਾ ਚੰਦ ਨਾ ਕੋਇ ਚੜ੍ਹਾਇੰਦਾ। ਤੇਰਾ ਮੁਹੰਮਦ ਨੌਂ ਗਜ਼ ਬੈਠਾ ਰਿਹਾ ਝੂਰ, ਅੱਗੇ ਔਣ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਆਪ ਸੁਣਾਇੰਦਾ। ਅੱਲਾ ਰਾਣੀ ਮੰਨ ਲੈ ਕਹਿਣਾ, ਹਰਿ ਸਾਚਾ ਆਪ ਸੁਣਾਈਆ। ਸਦੀ ਚੌਦਾਂ ਅੰਤ ਨਾ ਰਹਿਣਾ, ਦੇਵੇ ਖ਼ਾਕ ਉਡਾਈਆ। ਗੋਬਿੰਦ ਦਰਸ ਕਰੇ ਨੈਣਾਂ, ਲੋਕਮਾਤ ਆਇਆ ਫੇਰਾ ਪਾਈਆ। ਪਾ ਗਲਵਕੜੀ ਪਾਏ ਝੋਲੀ ਲਹਿਣਾ, ਗਲ ਪੱਲੂ ਏਕਾ ਪਾਈਆ। ਤੇਰਾ ਭਾਣਾ ਸਹਿਣਾ ਪੈਣਾ, ਤੇਰੇ ਭਾਣੇ ਸਰਬ ਲੋਕਾਈਆ। ਮੇਰਾ ਚੁੱਕ ਲਹਿਣਾ ਦੇਣਾ, ਦੇਣਾ ਅਵਰ ਰਹੇ ਨਾ ਰਾਈਆ। ਵੱਡੇ ਵੀਰ ਛੋਟੀਆਂ ਭੈਣਾਂ, ਕਰ ਕਰ ਖ਼ੁਸ਼ੀਆਂ ਪੌਂਦੇ ਗਹਿਣਾ, ਕੰਤ ਸੁਹਾਗ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮਤ ਰਿਹਾ ਸਮਝਾਈਆ। ਸੁਣੀ ਮਤ ਸੁਣਾਈ ਹਰਿ, ਸੁਮੱਤ ਇਕ ਵਡਿਆਇੰਦਾ। ਚਲ ਚਲ ਔਣ ਦਵਾਰੇ ਦਰ, ਦਰ ਸਾਚਾ ਇਕ ਸੁਹਾਇੰਦਾ। ਦੂਰ ਦੁਰਾਡੀ ਰਹੀ ਖੜ, ਨੇਤਰ ਨੈਣ ਸ਼ਰਮਾਇੰਦਾ। ਜਿਸ ਦੇ ਸੁਤ ਮੈਂ ਧਰਨੀ ਅੰਦਰ ਦਿਤੇ ਦੱਬ, ਤਿਸ ਅੱਗੇ ਮੇਰਾ ਮੁਖ ਨਾ ਸੋਭਾ ਪਾਇੰਦਾ। ਮੈਂ ਭੁੱਲੀ ਮੇਰੇ ਉਤੇ ਜੇ ਕਿਰਪਾ ਦੇਵੇ ਕਰ, ਗੁਣ ਅਵਗੁਣ ਨਾ ਕੋਇ ਰਖਾਇੰਦਾ। ਮੈਂ ਸੁਣਿਆ ਸਭ ਦਾ ਸਾਂਝਾ ਯਾਰ, ਹਰਖ ਸੋਗ ਨਾ ਕੋਇ ਰਖਾਇੰਦਾ। ਜੋ ਸਰਨ ਸਰਨਾਈ ਜਾਏ ਪੜ੍ਹ, ਪਤਤ ਪਾਪੀ ਪਾਰ ਕਰਾਇੰਦਾ। ਜੋ ਗੁਰੂਦਵਾਰ ਦਾ ਲੜ ਲਏ ਫੜ, ਫੜਿਆ ਪੱਲੂ ਨਾ ਫੇਰ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਖਿਲਾਇੰਦਾ। ਦਰ ਦਵਾਰ ਆਣ ਖਲੋਤੀ, ਮੁਹੰਮਦ ਖ਼ਾਹਸ਼ ਅੱਲਾ ਰਾਣੀ। ਦੂਰ ਬੈਠੀ ਰਹੀ ਚੁਪ ਚੁਪੀਤੀ, ਨੇਤਰ ਨੈਣ ਨੀਰ ਵਹਾਏ ਠੰਡਾ ਪਾਣੀ। ਕਲਜੁਗ ਵੇਖੇ ਅੰਤਮ ਰੀਤੀ, ਨਵ ਖੰਡ ਪ੍ਰਿਥਮੀ ਔਧ ਬੀਤੀ, ਲੱਖ ਚੁਰਾਸੀ ਹੋਈ ਬੇਪਰਾਣੀ। ਨਾ ਕੋਈ ਮੰਦਰ ਨਾ ਮਸੀਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਗੁਣ ਨਿਧਾਨੀ। ਗੁਣ ਨਿਧਾਨ ਖੇਲ ਖਿਲਾਇੰਦਾ, ਬੇਐਬ ਪਰਵਰਦਿਗਾਰ। ਮੁਕਾਮੇ ਹੱਕ ਬੈਠਾ ਵੇਖ ਵਖਾਇੰਦਾ, ਹੱਕ ਹਕ਼ੀਕ਼ਤ ਕਰ ਵਿਚਾਰ। ਸਾਚਾ ਸਾਲਸ ਆਪ ਅਖਵਾਇੰਦਾ, ਕਰੇ ਖੇਲ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਮੇਲਾ ਮੇਲਣਹਾਰ। ਮੇਲ ਮਿਲਾਏ ਦਰ ਦਰਵਾਜੇ, ਦੀਨਾਂ ਨਾਥ ਦਇਆ ਕਮਾਈਆ। ਫੜ ਫੜ ਸਾਜਣ ਆਪੇ ਸਾਜੇ, ਸਾਜਣਹਾਰ ਨਜ਼ਰ ਨਾ ਆਈਆ। ਚੌਧਵੀਂ ਸਦੀ ਰਚਿਆ ਕਾਜੇ, ਕਰਨੀ ਕਰਤਾ ਸ਼ਹਿਨਸ਼ਾਹ ਵਡੀ ਵਡਿਆਈਆ। ਅਸਵ ਘੋੜੇ ਚੜ੍ਹਿਆ ਤਾਜੇ, ਦੁਲਦੁਲ ਦੋ ਜਹਾਨਾਂ ਲੋਕਮਾਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਇਕ ਲਗਾਈਆ। ਸਚ ਦਰਬਾਰਾ ਹਰਿ ਲਗਾਇਆ, ਜਗਤ ਅਦਾਲਤ ਰਿਹਾ ਕਮਾ। ਗੋਬਿੰਦ ਸੂਰਾ ਨਾਲ ਮਿਲਾਇਆ, ਪੁਰਖ ਅਬਿਨਾਸ਼ੀ ਹੋਏ ਸਹਾ। ਸਾਚਾ ਤਾਜ ਸੀਸ ਟਿਕਾਇਆ, ਨਿਰਗੁਣ ਖੇਲ ਕਰੇ ਸੱਚਾ ਸ਼ਹਿਨਸ਼ਾਹ। ਨਿਰਗੁਣ ਆਸਾ ਨਿਰਗੁਣ ਤ੍ਰਿਸਨਾ ਨਿਰਗੁਣ ਮੁਹੰਮਦ ਨਿਰਗੁਣ ਨਿਰਗੁਣ ਆਪਣੇ ਦਰ ਲਏ ਬੁਲਾ, ਆਪ ਆਪਣਾ ਹੁਕਮ ਸੁਣਾਇਆ। ਨਿਰਗੁਣ ਗੋਬਿੰਦ ਹਾਜ਼ਰ ਹਜ਼ੂਰਾ, ਤੁਰਯਾ ਰਾਗ ਦਏ ਸੁਣਾ। ਨਿਰਗੁਣ ਜੋਤ ਨੂਰੋ ਨੂਰਾ, ਨਿਰਗੁਣ ਨਿਰਵੈਰ ਆਸਾ ਮਨਸਾ ਪੂਰਾ ਸਾਚਾ ਨਾਤਾ ਲਏ ਜੁੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹ। ਆਈ ਦਰ ਬਣ ਨਿਮਾਣੀ, ਗਲ ਪਲੜੂ ਏਕਾ ਪਾਈਆ। ਮੈਂ ਸੁਣੀ ਤੇਰੀ ਅਕਥ ਕਹਾਣੀ, ਤੇਰੀ ਮਹਿਮਾ ਕਥਨ ਨਾ ਜਾਈਆ। ਤੂੰ ਜੁਗ ਜੁਗ ਦੇ ਤਿਹਾਇਆਂ ਦੇਵਾਂ ਆਪਣਾ ਠੰਡਾ ਅੰਮ੍ਰਿਤ ਪਾਣੀ, ਲੱਗੀ ਪਿਆਸ ਦੇਵਾਂ ਬੁਝਾਈਆ। ਮੈਂ ਸੁਣਿਆ ਤੂੰ ਸੁਣਾਈਂ ਆਪਣੀ ਬਾਣੀ, ਬਾਣ ਨਿਰਾਲਾ ਤੀਰ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚੇ ਦਰ ਦਰ ਵਿਛੜੇ ਆਪ ਮਿਲਾਈਆ। ਗੋਬਿੰਦ ਸੂਰਾ ਉਠਿਆ, ਛੈਲ ਛਬੀਲਾ ਨੌਜਵਾਨ। ਦੀਨਾਂ ਨਾਥ ਆਪੇ ਤੁੱਠਿਆ, ਦਰ ਘਰ ਸਾਚੇ ਹੋ ਪਰਧਾਨ। ਮੁਹੰਮਦ ਤੇਰਾ ਰੰਗ ਮੇਰਾ ਪ੍ਰੇਮ ਕੁਠਿਆ, ਮੇਰਾ ਪ੍ਰੇਮ ਕਰੇ ਤੇਰਾ ਜ਼ਵਾਲ। ਕਿਸੇ ਦਿਸੇ ਨਾ ਪਾਣੀ ਹੁੱਕਿਆ, ਚਾਰੋਂ ਕੁੰਟ ਹੋਏ ਬੇਹਾਲ। ਤੇਰਾ ਸਾਹਿਬ ਤੇਰੇ ਨਾਲੋਂ ਰੁੱਸਿਆ, ਤੇਰਾ ਜਲਵਾ ਨਾ ਦਿਸੇ ਜਲਾਲ। ਤੇਰਾ ਲੇਖਾ ਕਲਜੁਗ ਅੰਤਮ ਜਿਸ ਨੇ ਪੁੱਛਿਆ, ਦਰ ਘਰ ਬੈਠ ਸੱਚੀ ਧਰਮਸਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਮਿਸਾਲ। ਮੁਹੰਮਦ ਉਠ ਕਰੇ ਪੁਕਾਰ, ਗੁਰ ਗੋਬਿੰਦ ਇਕ ਸੁਣਾਈਆ। ਮੇਰਾ ਲਹਿਣਾ ਨਾ ਮੂਲ ਚਿਤਾਰ, ਮੇਰੀ ਉਮਤ ਮੇਰੇ ਕਹਿਣੇ ਵਿਚ ਰਹੀ ਨਾ ਰਾਈਆ। ਮੈਂ ਸਭ ਨੂੰ ਦੱਸਿਆ ਸਭ ਦਾ ਇਕੋ ਸਾਂਝਾ ਯਾਰ, ਏਕਾ ਨੂਰ ਸਰਬ ਖ਼ੁਦਾਈਆ। ਮੇਰੇ ਮੁਰਸ਼ਦ ਮੇਰੇ ਨਾਲ ਕਰਿਆ ਪਿਆਰ, ਮੇਰੇ ਮੁਰੀਦ ਮੇਰਾ ਰਾਹ ਗਏ ਭੁਲਾਈਆ। ਤੇਰੇ ਨਾਲ ਜੋ ਕਰਿਆ ਜਗਤ ਵਿਹਾਰ, ਮੇਰੀ ਉਮਤ ਮਸਤਕ ਲਾਈ ਕਾਲੀ ਸ਼ਾਹੀਆ। ਤੇਰੇ ਨਿੱਕੇ ਬਾਲੇ ਜੋ ਨੀਹਾਂ ਦਿਤੇ ਉਸਾਰ, ਮੇਰੀ ਜੜ੍ਹ ਰਹੇ ਉਖੜਾਈਆ। ਜੋ ਲੰਘੇ ਤਲਵਾਰ ਦੀ ਧਾਰ, ਮੇਰਾ ਸੀਸ ਧੜ ਰਹੇ ਕਟਾਈਆ। ਮੇਰਾ ਨਾਤਾ ਤੁੱਟਾ ਸਾਂਝੇ ਯਾਰ, ਨਾ ਦੇਵੇ ਕੋਇ ਮਿਲਾਈਆ। ਮੈਂ ਫਿਰ ਫਿਰ ਥੱਕਿਆ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਪਰਬਤ ਫੇਰਾ ਪਾਈਆ। ਅਗਨੀ ਤਪੇ ਲੱਗੀ ਹਾੜ, ਸਾਂਤ ਸਤਿ ਨਾ ਕੋਇ ਕਰਾਈਆ। ਧੁਰ ਫ਼ਰਮਾਨਾ ਦਿਤਾ ਮੇਰੇ ਪਰਵਰਦਿਗਾਰ, ਪਾਕ ਸਦਾ ਇਕ ਸੁਣਾਈਆ। ਜਾ ਕੇ ਮਿਲ ਗੋਬਿੰਦ ਯਾਰ, ਤੇਰੇ ਉਤੇ ਰਹਿਮਤ ਦਏ ਕਮਾਈਆ। ਤੇਰਾ ਪਰਵਾਨਾ ਪਾੜ ਕੇ ਟੁਕੜੇ ਕਰਿਆ ਚਾਰ, ਦੂਜੀ ਵਾਰ ਨਾ ਕੋਇ ਜੁੜਾਈਆ। ਗੋਬਿੰਦ ਵਾਰੇ ਸੁਤ ਦੁਲਾਰ, ਤੇਰਾ ਲੇਖਾ ਰਹੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਰਮ ਭੁਲੇਖਾ ਦਏ ਕਢਾਈਆ। ਗੋਬਿੰਦ ਸਾਚਾ ਦੱਸਿਆ, ਆਪਣਾ ਭੇਵ ਖੁਲ੍ਹਾ। ਚਾਰੋਂ ਕੁੰਟ ਰੈਣ ਅੰਧੇਰੀ ਮੱਸਿਆ, ਮੇਰਾ ਚੰਦ ਚੌਧਵੀਂ ਗਿਆ ਮੁਖ ਛੁਪਾ। ਤੁਧ ਬਿਨ ਸਾਚਾ ਮਾਰਗ ਕਿਸੇ ਨਾ ਦੱਸਿਆ, ਕਲਮਾ ਹਰਿ ਇਕ ਪੜ੍ਹਾ। ਹਉਂ ਦਰ ਤੇਰੇ ਤੇ ਢੱਠਿਆ, ਮੰਗੀ ਅੰਤ ਪਨਾਹ। ਮੇਰਾ ਲੇਖਾ ਗਿਆ ਫੱਟਿਆ, ਇਕ ਵਾਰੀ ਲੈ ਬਚਾ। ਚੌਦਾਂ ਸਦੀਆਂ ਲਾਹਾ ਕੁਝ ਨਾ ਖੱਟਿਆ, ਆਪਣਾ ਮੂਲ ਬੈਠਾ ਗਵਾ। ਮੇਰਿਆਂ ਯਾਰਾਂ ਮੇਰਾ ਘਰ ਪੁੱਟਿਆ, ਮੰਗੀ ਸੱਚੀ ਨਾ ਸਚ ਦੁਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਇਆ ਤੇਰਾ ਘਰ, ਤੇਰੇ ਦਰ ਤੋਂ ਹੋਵਾਂ ਫ਼ਿਦਾ। ਮਿਟੇ ਫ਼ਿਤਰਤ, ਫ਼ਰੇਬ ਮੇਰਾ ਰਹਿਣ ਨਾ ਪਾਈਆ। ਮੇਰੀ ਅੰਤ ਮਿਟਾ ਦੇ ਹਸਰਤ, ਹਜ਼ਰਤ ਆਇਆ ਦਰ ਸੀਸ ਝੁਕਾਈਆ। ਤੂੰ ਤੁਠਾ ਮੇਲੇਂ ਵਿਛੜਤ, ਵਿਛੜੇ ਲਈਂ ਮਿਲਾਈਆ। ਮੈਂ ਚੋਟੀ ਚੜ੍ਹ ਕੇ ਸਿਖਰ, ਅੰਤਮ ਡਿਗਾ ਮੂੰਹ ਦੇ ਭਾਰ, ਨਾ ਸਕੇ ਕੋਈ ਉਠਾਈਆ। ਮੈਂ ਕਰ ਕਰ ਥੱਕਾ ਫ਼ਿਕਰ, ਮੇਰਾ ਸਹਿੰਸਾ ਨਾ ਕੋਇ ਚੁਕਾਈਆ। ਮੇਰੇ ਖ਼ੁਦਾ ਮੇਰਾ ਵਿਛੋੜਾ ਮੈਨੂੰ ਲਗਾਇਆ ਹਿਜਰ, ਮੇਰੀ ਹਵਸ ਨਾ ਕੋਇ ਮਿਟਾਈਆ। ਮੈਂ ਫੜ ਫੜ ਉਠਾਇਆ ਖ਼ਵਾਜ਼ਾ ਖ਼ਿਜ਼ਰ, ਜਲ ਜਲ ਫੇਰਾ ਪਾਈਆ। ਮੈਨੂੰ ਕੋਈ ਨਾ ਆਇਆ ਨਜ਼ਰ, ਜੋ ਦਸਤਗੀਰ ਆਪਣਾ ਦਸਤ ਦਏ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਮੇਲਾ ਰਿਹਾ ਮਿਲਾਈਆ। ਮੈਂ ਸੁਣਿਆ ਤੂੰ ਕਰਦਾ ਮੇਲਾ, ਮੇਲਾ ਮੇਲਣਹਾਰ। ਮੈਂ ਸੁਣਿਆ ਤੂੰ ਰੂਪ ਰਖਾਏ ਗੁਰ ਚੇਲਾ, ਚੇਲਾ ਗੁਰ ਰੂਪ ਅਪਰ ਅਪਾਰ। ਮੈਂ ਸੁਣਿਆ ਤੂੰ ਸੱਜਣ ਸੁਹੇਲਾ, ਊਚਾਂ ਨੀਚਾਂ ਕਰੇ ਪਿਆਰ। ਮੈਂ ਸੁਣਿਆ ਤੂੰ ਵਸੇਂ ਇਕ ਇਕੇਲਾ, ਤੇਰਾ ਦਰ ਠਾਂਡਾ ਦਰਬਾਰ। ਮੈਂ ਸੁਣਿਆ ਤੂੰ ਜਾਣੇਂ ਆਪਣਾ ਵੇਲਾ, ਦੂਜਾ ਵਕ਼ਤ ਨਾ ਸਕੇ ਕੋਇ ਵਿਚਾਰ। ਮੈਂ ਸੁਣਿਆ ਤੂੰ ਆਪਣਾ ਅਚਰਜ ਖੇਲ ਖੇਲਾ, ਲੇਖਾ ਲਿਖ ਨਾ ਸਕੇ ਕੋਇ ਅੰਜੀਲ ਕ਼ੁਰਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਮੇਰਾ ਸਾਬਤ ਰੱਖ ਈਮਾਨ। ਸਾਬਤ ਰੱਖ ਈਮਾਨ ਈਮਾਨਾ, ਇਬਨੁਲਵਕ਼ਤ ਆਪ ਜਣਾਈਆ। ਮੈਂ ਪੜ੍ਹ ਪੜ੍ਹ ਥੱਕਾ ਹਦੀਸ ਕ਼ੁਰਾਨਾ, ਕ਼ੁਰਾਨ ਹਦੀਸ ਸਚ ਸੁਣਾਈਆ। ਚਾਰੋਂ ਕੁੰਟ ਨਾ ਦਿਸੇ ਕੋਇ ਨਿਸ਼ਾਨਾ, ਨਿਗਹਬਾਨ ਨਾ ਕੋਇ ਅਖਵਾਈਆ। ਨਾ ਕੋਈ ਮਰਦ ਨਾ ਕੋਈ ਮਰਦਾਨਾ, ਬੇਵਾ ਵੇਖੇ ਸਰਬ ਲੋਕਾਈਆ। ਨਾ ਕੋਈ ਦਰਦੀ ਦਰ ਕਰੇ ਪਰਵਾਨਾ, ਦਹਿ ਦਿਸ਼ਾ ਨਾ ਕੋਇ ਸਹਾਈਆ। ਮੇਰੀ ਬਰਦੀ ਨਾਰ ਰਕਾਨਾ, ਅੱਲਾ ਰਾਣੀ ਫਿਰ ਫਿਰ ਤੇਰਾ ਰਾਹ ਤਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਝੋਲੀ ਡਾਹੀਆ। ਗੋਬਿੰਦ ਸੂਰਾ ਹੋ ਮਿਹਰਵਾਨ, ਆਪਣੀ ਦਇਆ ਕਮਾਇੰਦਾ । ਆਪਣਾ ਤਰਕਸ਼ ਖਿਚ ਕਮਾਨ, ਸਾਚਾ ਚਿੱਲਾ ਹੱਥ ਉਠਾਇੰਦਾ। ਮੇਰਾ ਸਾਹਿਬ ਸ੍ਰੀ ਭਗਵਾਨ, ਦੂਸਰ ਓਟ ਨਾ ਕੋਇ ਤਕਾਇੰਦਾ। ਜਿਸ ਦਾ ਝੁਲਦਾ ਰਹੇ ਨਿਸ਼ਾਨ, ਆਦਿ ਜੁਗਾਦਿ ਨਾ ਕੋਇ ਮਿਟਾਇੰਦਾ। ਜਿਸ ਦੀ ਮੰਨਦੇ ਰਹੇ ਆਣ, ਸੋ ਸਾਹਿਬ ਹੁਕਮ ਸੁਣਾਇੰਦਾ। ਤੇਰਾ ਪਰਵਾਨਾ ਕਰੇ ਪਰਵਾਨ, ਗੋਬਿੰਦ ਤੇਰਾ ਸੰਗ ਨਿਭਾਇੰਦਾ। ਤੇਰੇ ਚਾਰ ਟੁਕੜੇ ਵੇਖੇ ਆਣ, ਚਾਰੋਂ ਕੁੰਟ ਫੋਲ ਫੋਲਾਇੰਦਾ। ਤੇਰਾ ਇਕ ਬਣਾਏ ਕ਼ਬਰਸਤਾਨ, ਤੇਰੀ ਉਮਤ ਏਕਾ ਵਾਰ ਦਬਾਇੰਦਾ। ਉਪਰ ਰੱਖੇ ਆਪਣਾ ਈਮਾਨ, ਆਲਮਗੀਰ ਆਪ ਹੋ ਜਾਇੰਦਾ। ਫੇਰ ਉਠ ਨਾ ਸਕੇ ਕੋਈ ਸ਼ੈਤਾਨ, ਸ਼ਰਅ ਸੰਗਲ ਨਾ ਕੋਇ ਲਟਕਾਇੰਦਾ। ਨੌਂ ਖੰਡ ਪ੍ਰਿਥਮੀ ਦੇਵੇ ਇਕ ਗਿਆਨ, ਲੱਖ ਚੁਰਾਸੀ ਆਪ ਸਮਝਾਇੰਦਾ। ਗੋਬਿੰਦ ਸੂਰਾ ਕਰੇ ਪਰਵਾਨ, ਸਚ ਪਰਵਾਨਾ ਵੇਖ ਵਖਾਇੰਦਾ। ਦੋ ਸੌ ਛਪੰਜਵਾਂ ਦਿਨ ਤੇਰਾ ਲੇਖਾ ਵਿਚ ਜਹਾਨ, ਅੰਤ ਕ਼ੁਰਬਾਨੀ ਕ਼ੁਰਬਾਨ ਕ਼ੁਰਬਾਨ ਕ਼ੁਰਬਾਨ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਖਿਲਾਇੰਦਾ। ਮੇਰੀ ਕ਼ੁਰਬਾਨੀ ਲਏ ਕ਼ੁਰਬਾਨ, ਕਰਬਲਾ ਵੇਖੇ ਬੇਪਰਵਾਹੀਆ। ਆਪਣੀ ਕ਼ੁਦਰਤ ਕਰੇ ਪਛਾਣ, ਮੇਰਾ ਮੀਆਂ ਸੱਚਾ ਸ਼ਹਿਨਸ਼ਾਹੀਆ। ਮੇਰੀ ਗ਼ੁਰਬਤ ਮੇਟੇ ਨਿਸ਼ਾਨ, ਗ਼ਫ਼ਲਤ ਗ਼ਾਫ਼ਲ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲੌਣਾ, ਕਲਜੁਗ ਅੰਤਮ ਵਾਰ। ਨਵ ਨਵ ਚਾਰ ਚੌਕੜੀ ਪੰਧ ਚੁਕੌਣਾ, ਪੁਰਖ ਅਬਿਨਾਸ਼ੀ ਹੋ ਤਿਆਰ। ਵਿਸ਼ਨੂੰ ਏਕਾ ਮੇਲ ਮਿਲੌਣਾ, ਬ੍ਰਹਮੇ ਕਰੇ ਪਾਰ। ਸ਼ੰਕਰ ਤੇਰਾ ਤਖ਼ਤ ਉਲਟੌਣਾ, ਆਪ ਆਪਣਾ ਦਏ ਹੁਲਾਰ। ਕਰੋੜ ਤੇਤੀਸਾ ਪੰਧ ਮੁਕੌਣਾ, ਸੁਰਪਤ ਰਾਜਾ ਇੰਦ ਕਰ ਖ਼ਵਾਰ। ਤੇਈ ਅਵਤਾਰਾਂ ਵਕ਼ਤ ਚੁਕੌਣਾ, ਕਰੇ ਖੇਲ ਅਪਰ ਅਪਾਰ। ਭਗਤ ਅਠਾਰਾਂ ਗੋਦ ਬਹੌਣਾ, ਏਕਾ ਵਾਰੀ ਸੁਰਤ ਸੰਭਾਲ। ਗੁਰ ਗੁਰ ਦਸ ਜੋਤ ਜਗੌਣਾ, ਜੋਤੀ ਜੋਤ ਜੋਤ ਉਜਿਆਰ। ਈਸਾ ਆਸਾ ਪੂਰ ਕਰੌਣਾ, ਪ੍ਰਭ ਸਾਚਾ ਹੋ ਤਿਆਰ। ਮੂਸਾ ਤੇਰਾ ਨੂਰ ਡਗਮਗੌਣਾ, ਜਲਵਾ ਵਖਾਏ ਆਪ ਕਰਤਾਰ। ਮੁਹੰਮਦ ਤੇਰਾ ਮੋਹ ਤੁੜੌਣਾ, ਨਾਤਾ ਤੁਟੇ ਚਾਰ ਯਾਰ। ਚਾਰ ਵੇਦ ਤੇਰਾ ਮੋਹ ਚੁਕੌਣਾ, ਕੋਈ ਪੜ੍ਹੇ ਨਾ ਕਰੇ ਵਿਚਾਰ। ਪੁਰਾਨ ਅਠਾਰਾਂ ਲੇਖ ਚੁਕੌਣਾ, ਵੇਦ ਵਿਆਸ ਨਾ ਕੋਇ ਲਿਖਾਰ। ਗੀਤਾ ਗਿਆਨ ਗਿਆਨ ਵਿਚ ਜਣੋਣਾ, ਲਿਖਣ ਪੜ੍ਹਨ ਨਾ ਕੋਇ ਆਧਾਰ। ਅੰਜੀਲ ਕ਼ੁਰਾਨਾ ਪਾਰ ਕਰੌਣਾ, ਤੀਸ ਬਤੀਸ ਨਾ ਕੋਇ ਜੈਕਾਰ। ਖਾਣੀ ਬਾਣੀ ਲੇਖੇ ਲੌਣਾ, ਲੇਖਾ ਜਾਣੇ ਆਪ ਕਰਤਾਰ। ਚਾਰ ਵਰਨਾਂ ਡੇਰਾ ਢੌਣਾ, ਬਰਨ ਅਠਾਰਾਂ ਮਾਰੇ ਮਾਰ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਮੇਟ ਮਿਟੌਣਾ, ਹਿੰਦੂ ਮੁਸਲਿਮ ਸਿੱਖ ਈਸਾਈ ਨਾ ਕੋਇ ਵਿਚਾਰ। ਜ਼ਾਤ ਪਾਤ ਕੋਇ ਰਹਿਣ ਨਾ ਪੌਣਾ, ਦੀਨ ਮਜ਼੍ਹਬ ਨਾ ਕੋਇ ਆਧਾਰ। ਨਿਉਂ ਨਿਉਂ ਸਯਦਾ ਨਾ ਕਿਸੇ ਕਰੌਣਾ, ਪੰਜ ਵਕ਼ਤ ਨਾ ਨਿਮਾਜ਼ ਗੁਜ਼ਾਰ। ਰਾਧਾ ਕ੍ਰਿਸ਼ਨ ਨਾ ਕਿਸੇ ਧਿਔਣਾ, ਚਤੁਰਭੁਜ ਨਾ ਕੋਇ ਪਿਆਰ। ਆਦਿ ਸ਼ਕਤ ਨਾ ਕੋਇ ਮਨੌਣਾ, ਮਠ ਸ਼ਿਵਦਵਾਲਾ ਨਾ ਕੋਇ ਆਧਾਰ। ਮਸਜਦ ਗੁਰੂਦਵਾਰ ਨਾ ਕੋਈ ਨਜ਼ਰੀ ਔਣਾ, ਚਾਰੋਂ ਕੁੰਟ ਵੇਖੇ ਕਰੇ ਖੇਲ ਆਪ ਸਿਰਜਣਹਾਰ। ਲੱਖ ਚੁਰਾਸੀ ਏਕਾ ਰੰਗ ਰੰਗੌਣਾ, ਏਕਾ ਬ੍ਰਹਮ ਦਏ ਆਧਾਰ। ਜੂਠਾ ਝੂਠਾ ਭਾਂਡਾ ਭੰਨ ਵਖੌਣਾ, ਸਚ ਸੁੱਚ ਕਰੇ ਪਿਆਰ। ਕੂੜੀ ਕਿਰਿਆ ਮੇਟ ਮਿਟੌਣਾ, ਨਾਤਾ ਤੋੜ ਸਰਬ ਸੰਸਾਰ। ਮਾਇਆ ਮਮਤਾ ਫੰਦ ਕਟੌਣਾ, ਤ੍ਰੈਗੁਣ ਤੋੜੇ ਆਪ ਜੰਜਾਲ। ਸਾਚਾ ਹੁਕਮ ਆਪ ਸੁਣੌਣਾ, ਪਾਰਬ੍ਰਹਮ ਪ੍ਰਭ ਪੁਰਖ ਅਕਾਲ। ਸਭ ਦਾ ਇਸ਼ਟ ਇਕ ਅਖਵੌਣਾ, ਦੂਜਾ ਇਸ਼ਟ ਨਾ ਕੋਇ ਜਹਾਨ। ਜਨ ਭਗਤਾਂ ਦ੍ਰਿਸ਼ਟੀ ਆਪ ਵਖੌਣਾ, ਜਲਵਾ ਨੂਰ ਨੂਰ ਜੁਮਾਲ। ਚਾਰੋਂ ਕੁੰਟ ਨਜ਼ਰੀ ਔਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਮਿਸਾਲ। ਬੇਮਿਸਾਲ ਖੇਲ ਖਿਲਾਵਣਾ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਹਰਿ ਪੁਰਖ ਨਿਰੰਜਣ ਆਪਣਾ ਨੂਰ ਡਗਮਗਾਵਣਾ, ਏਕੰਕਾਰ ਵੱਜੇ ਵਧਾਈਆ। ਆਦਿ ਨਿਰੰਜਣ ਸਾਚੇ ਦਰ ਸੋਭਾ ਪਾਵਣਾ, ਅਬਿਨਾਸ਼ੀ ਕਰਤਾ ਵੇਖ ਵਖਾਈਆ। ਸ੍ਰੀ ਭਗਵਾਨ ਮੰਗਲ ਗਾਵਣਾ, ਪਾਰਬ੍ਰਹਮ ਪ੍ਰਭ ਆਪ ਜਣਾਈਆ। ਬ੍ਰਹਮ ਲੇਖਾ ਆਪਣੇ ਹੱਥ ਰਖਾਵਣਾ, ਨੌਂ ਨੌਂ ਵੇਖੇ ਥਾਉਂ ਥਾਈਂਆ। ਪੁਰੀਆਂ ਲੋਆਂ ਫੇਰਾ ਪਾਵਣਾ, ਰਵ ਸਸ ਕਿਰਨ ਜੋਤ ਰੁਸ਼ਨਾਈਆ। ਮੰਡਲ ਮੰਡਪ ਡੇਰਾ ਢਾਵਣਾ, ਕਲਜੁਗ ਅੰਤਮ ਵੇਸ ਵਟਾਈਆ। ਨਿਰਗੁਣ ਜੋਤੀ ਜੋਤ ਜਗਾਵਣਾ, ਦੀਵਾ ਬਾਤੀ ਨਾ ਕੋਇ ਰਖਾਈਆ। ਨਿਹਕਲੰਕਾ ਜਾਮਾ ਪਾਵਣਾ, ਗੁਰ ਗੋਬਿੰਦ ਮੇਲ ਮਿਲਾਈਆ। ਸੰਬਲ ਨਗਰੀ ਧਾਮ ਸੁਹਾਵਣਾ, ਸਚ ਸਿੰਘਾਸਣ ਸੋਭਾ ਪਾਈਆ। ਸਾਚਾ ਢੋਲਾ ਏਕਾ ਗਾਵਣਾ, ਚਾਰੋਂ ਕੁੰਟ ਕਰੇ ਸ਼ਨਵਾਈਆ। ਆਪਣਾ ਲੇਖਾ ਫੇਰ ਪਰਗਟਾਵਣਾ, ਪਿਛਲਾ ਲੇਖਾ ਦਏ ਮੁਕਾਈਆ। ਦਸ ਦਸਮੇਸਾ ਵੇਖ ਵਖਾਵਣਾ, ਦਹਿ ਦਿਸ਼ਾ ਫੋਲ ਫੋਲਾਈਆ। ਨਰ ਨਰੇਸ਼ਾ ਨਾਉਂ ਧਰਾਵਣਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸ਼ਾਹ ਸੁਲਤਾਨਾਂ ਤਖ਼ਤੋਂ ਲਾਹਵਣਾ, ਭੁਲ ਰਹੇ ਨਾ ਰਾਈਆ। ਵਾਲੀ ਹਿੰਦ ਆਪ ਜਗਾਵਣਾ, ਸੋਇਆ ਪੂਤ ਆਪ ਉਠਾਈਆ। ਫੜ ਫੜ ਬਾਹੋਂ ਪਾਰ ਕਰਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਵੇਖ ਵਖਾਈਆ। ਜੁਗ ਚੌਕੜੀ ਕਰਾਇਆ ਪਾਰ ਕਿਨਾਰਾ, ਪਾਰਬ੍ਰਹਮ ਬੇਅੰਤ। ਕਲਜੁਗ ਅੰਤਮ ਆਏ ਹਾਰਾ, ਚਾਰ ਕੁੰਟ ਕੋਈ ਨਾ ਦਿਸੇ ਸਾਚਾ ਸੰਤ। ਲੱਖ ਚੁਰਾਸੀ ਹੋਈ ਵਿਭਚਾਰਾ, ਹਰਿ ਹਰਿ ਹੰਢਾਏ ਨਾ ਕੋਇ ਕੰਤ। ਦੀਪਕ ਜੋਤ ਨਾ ਕੋਇ ਉਜਿਆਰਾ, ਨਾ ਕੋਈ ਮਣੀਆ ਨਾ ਕੋਈ ਮੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਬੇਅੰਤ। ਬੇਅੰਤ ਹਰਿ ਬੇਪਰਵਾਹ, ਆਪਣਾ ਖੇਲ ਖਿਲਾਈਆ। ਨੌਂ ਖੰਡ ਪ੍ਰਿਥਮੀ ਵੇਖੇ ਥਾਉਂ ਥਾਂ, ਸੱਤਾਂ ਦੀਪਾਂ ਫੇਰਾ ਪਾਈਆ। ਵਰਨ ਬਰਨ ਰਹੇ ਕੁਰਲਾ, ਜ਼ਾਤ ਪਾਤ ਪਈ ਲੜਾਈਆ। ਕਿਸੇ ਨਾ ਦਿਸੇ ਸਾਚਾ ਥਾਂ, ਥਾਨ ਥਨੰਤਰ ਨਾ ਕੋਇ ਸੁਹਾਈਆ। ਅਠਸਠ ਤਾਰੀਆਂ ਰਹੇ ਲਾ, ਦੁਰਮਤ ਮੈਲ ਨਾ ਕੋਇ ਧਵਾਈਆ। ਜਮਨਾ ਸੁਰਸਤੀ ਬੈਠੇ ਫੇਰਾ ਪਾ, ਪਾਂਧੀ ਪੰਧ ਨਾ ਕੋਇ ਮੁਕਾਈਆ। ਮੰਦਰ ਮਸਜਿਦ ਰਹੇ ਬਣਾ, ਹਰਿ ਮੰਦਰ ਨਜ਼ਰ ਕਿਸੇ ਨਾ ਆਈਆ। ਪੜ੍ਹ ਪੜ੍ਹ ਪੁਸਤਕ ਵੇਲਾ ਰਹੇ ਗਵਾ, ਆਤਮ ਪਰਮਾਤਮ ਮੇਲ ਨਾ ਕੋਈ ਮਿਲਾਈਆ। ਆਪਣਾ ਮੰਦਰ ਨਾ ਸਕੇ ਖੁਲ੍ਹਾ, ਦੂਸਰ ਘਰ ਕਰਨ ਜਣਾਈਆ। ਆਪਣਾ ਪਤੀ ਨਾ ਸਕੇ ਮਨਾ, ਦੂਸਰਿਆਂ ਦਾ ਵਿਵਾਹ ਰਹੇ ਕਰਾਈਆ। ਪੜ੍ਹ ਪੜ੍ਹ ਚੌਥੀ ਲਾਂਵ ਰਹੇ ਸੁਣਾ, ਅਬਿਨਾਸ਼ੀ ਕਰਤਾ ਹੱਥ ਕਿਸੇ ਨਾ ਆਈਆ। ਜਿਸ ਮਿਲੇ ਨਾ ਬੇਪਰਵਾਹ, ਤਿਸ ਨਕਾਹ ਪੂਰਾ ਨਾ ਕੋਇ ਚੜ੍ਹਾਈਆ। ਜ਼ਿਮੀਂ ਅਸਮਾਨ ਮਿਲੇ ਨਾ ਥਾਂ, ਦੋਜ਼ਖ਼ਾਂ ਵਿਚ ਭਵਾਈਆ। ਗੁਰ ਪੀਰ ਕੋਈ ਨਾ ਬਣੇ ਗਵਾਹ, ਪੀਰ ਦਸਤਗੀਰ ਨਾ ਦੇਵੇ ਕੋਇ ਵਡਿਆਈਆ। ਜਿਸ ਭੁਲਿਆ ਇਕ ਖ਼ੁਦਾ, ਖ਼ਾਲਕ ਵੇਖੇ ਸਰਬ ਲੋਕਾਈਆ। ਇਕ ਇਕੱਲਾ ਹੋਇਆ ਜੁਦਾ, ਲੱਖ ਚੁਰਾਸੀ ਕੰਮ ਕਿਸੇ ਨਾ ਆਈਆ। ਕਲਜੁਗ ਅੰਤਮ ਨਾਦ ਰਿਹਾ ਵਜਾ, ਦੋ ਜਹਾਨਾਂ ਰਿਹਾ ਉਠਾਈਆ। ਆਪਣਾ ਸਾਜਣ ਆਪੇ ਸਾਜ ਆਪਣਾ ਖੇਲ ਰਿਹਾ ਖਲਾ, ਪਾਰਬ੍ਰਹਮ ਬੇਪਰਵਾਹੀਆ। ਕਲਜੁਗ ਅੰਤਮ ਫੇਰਾ ਪਾ, ਨਿਹਕਲੰਕਾ ਨਾਉਂ ਰਖਾਈਆ। ਚਾਰ ਜੁਗ ਦਾ ਲਹਿਣਾ ਦਏ ਮੁਕਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੂਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਪੁਰਖ ਬਿਧਾਤਾ ਹਰ ਰੰਗ ਰਾਤਾ, ਨਿਸ਼ਅੱਖਰ ਕਰੇ ਪੜ੍ਹਾਈਆ। ਨਿਸ਼ਅੱਖਰ ਹਰਿ ਹਰਿ ਪੜ੍ਹਿਆ, ਆਦਿ ਜੁਗਾਦੀ ਸਾਚੀ ਕਾਰ। ਸਚਖੰਡ ਦਵਾਰੇ ਆਪੇ ਚੜ੍ਹਿਆ, ਸ਼ਾਹ ਪਾਤਸ਼ਾਹ ਸੱਚੀ ਸਰਕਾਰ। ਥਿਰ ਘਰ ਆਪੇ ਵੜਿਆ, ਕਰੇ ਖੇਲ ਅਗੰਮ ਅਪਾਰ। ਲੱਖ ਚੁਰਾਸੀ ਘਾੜਨ ਘੜਿਆ, ਘਟ ਘਟ ਜੋਤ ਕਰੇ ਉਜਿਆਰ। ਗੁਰ ਅਵਤਾਰਾਂ ਸ਼ਬਦ ਦੇਵੇ ਵਰਿਆ, ਸ਼ਬਦ ਸਨੇਹੁੜਾ ਸਾਚੀ ਕਾਰ। ਭਗਤ ਭਗਵੰਤ ਵਸਾਏ ਆਪਣੇ ਦਰਿਆ, ਕਰੇ ਸਚ ਵਿਹਾਰ। ਆਪੇ ਪੁਰਖ ਆਪੇ ਨਾਰੀ ਨਰਿਆ, ਨਰ ਨਰਾਇਣ ਸੱਚੀ ਸਰਕਾਰ। ਅਗਨੀ ਹਵਨ ਕਦੇ ਨਾ ਸੜਿਆ, ਮਰੇ ਨਾ ਜੰਮੇ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਦਏ ਉਤਾਰ। ਕਲਜੁਗ ਲਹਿਣਾ ਜਾਏ ਮੁਕ, ਸੋ ਪੁਰਖ ਨਿਰਜੰਣ ਆਪ ਮੁਕਾਈਆ। ਅੰਤਮ ਵੇਲਾ ਗਿਆ ਢੁਕ, ਚਾਰੋਂ ਕੁੰਟ ਪਈ ਦੁਹਾਈਆ। ਸਿੰਘ ਸ਼ੇਰ ਰਿਹਾ ਬੁੱਕ, ਏਕਾ ਨਾਅਰਾ ਲਾਈਆ। ਨੌਂ ਖੰਡ ਪ੍ਰਿਥਮੀ ਕੋਈ ਨਾ ਸਕੇ ਲੁਕ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦੇਵੇ ਖ਼ਾਕ ਮਿਲਾਈਆ। ਅੰਤਮ ਸਭ ਦੇ ਮੂੰਹ ਵਿਚ ਪਏ ਥੁੱਕ, ਜੋ ਬੈਠੇ ਹਰਿ ਭੁਲਾਈਆ। ਧਰਮ ਰਾਏ ਗੋਦੀ ਲਏ ਚੁੱਕ, ਅਠਾਈ ਕੁੰਡਾਂ ਵੰਡ ਵੰਡਾਈਆ। ਕਿਸੇ ਮਾਂ ਨਾ ਲੱਭੇ ਆਪਣਾ ਪੁੱਤ, ਨਾਰੀ ਕੰਤ ਨਾ ਕੋਇ ਹੰਢਾਈਆ। ਕਲਜੁਗ ਜੀਵਾਂ ਬੂਟਾ ਰਿਹਾ ਸੁੱਕ, ਗੋਬਿੰਦ ਗੁਰ ਅੰਮ੍ਰਿਤ ਜਾਮ ਨਾ ਕਿਸੇ ਪਿਆਈਆ।