੧੦ ਚੇਤ ੨੦੧੭ ਬਿਕ੍ਰਮੀ ਬਲਾਕਾ ਸਿੰਘ ਆਸਾ ਸਿੰਘ ਪਿਆਰਾ ਸਿੰਘ ਹਜ਼ਾਰਾ ਸਿੰਘ ਦੇ ਘਰ ਪਿੰਡ ਬਾਬੂ ਪੁਰ
ਹਰਿ ਭਾਣਾ ਬਲਵਾਨ, ਹਰਿ ਆਪਣੇ ਹੱਥ ਰਖਾਇਆ। ਆਦਿ ਜੁਗਾਦੀ ਖੇਲ ਮਹਾਨ, ਪੁਰਖ ਅਬਿਨਾਸ਼ੀ ਆਪ ਕਰਾਇਆ। ਵੇਸ ਅਨੇਕਾ ਦੋ ਜਹਾਨ, ਨਿਤ ਨਵਿਤ ਆਪ ਵਟਾਇਆ। ਸਚ ਨਿਸ਼ਾਨਾ ਸ੍ਰੀ ਭਗਵਾਨ, ਸਚਖੰਡ ਦਵਾਰੇ ਆਪ ਝੁਲਾਇਆ। ਦੇਵਣਹਾਰਾ ਧੁਰ ਫ਼ਰਮਾਣ, ਸਚ ਸੰਦੇਸ਼ਾ ਸ਼ਬਦ ਸੁਣਾਇਆ। ਪੁਰੀਆਂ ਲੋਆਂ ਪਾਏ ਆਣ, ਬ੍ਰਹਿਮੰਡ ਖੰਡ ਆਪਣਾ ਮੰਡਲ ਆਪ ਸੁਹਾਇਆ। ਰਵ ਸਸ ਕਰ ਪਰਧਾਨ, ਸੇਵਕ ਸੇਵਾ ਸਰਬ ਲਗਾਇਆ। ਬ੍ਰਹਮਾ ਵਿਸ਼ਨ ਸ਼ਿਵ ਇਕ ਨਿਸ਼ਾਨ, ਨਿਰਗੁਣ ਆਪਣਾ ਨਾਉਂ ਧਰਾਇਆ। ਤ੍ਰੈਗੁਣ ਮਾਇਆ ਕਰ ਪਰਧਾਨ, ਸਗਲਾ ਸੰਗ ਨਿਭਾਇਆ। ਤਤਵ ਤਤ ਤਤ ਮਿਹਰਵਾਨ, ਕਰਨੀ ਕਿਰਤ ਆਪ ਵਖਾਇਆ। ਆਤਮ ਬ੍ਰਹਮ ਏਕਾ ਦਾਨ, ਦਾਤਾ ਦਾਨੀ ਆਪ ਵਰਤਾਇਆ। ਘਰ ਮੰਦਰ ਵੇਖ ਸਚ ਮਕਾਨ, ਲੱਖ ਚੁਰਾਸੀ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇਆ। ਵਡ ਭਾਣਾ ਹਰਿ ਭਗਵੰਤ, ਆਪਣੇ ਹੱਥ ਰਖਾਇੰਦਾ। ਆਪੇ ਆਦਿ ਆਪੇ ਅੰਤ, ਆਪਣੀ ਖੇਲ ਖਿਲਾਇੰਦਾ। ਆਪੇ ਸਾਧ ਆਪੇ ਸੰਤ, ਗੁਰ ਪੀਰ ਆਪ ਅਖਵਾਇੰਦਾ। ਆਪੇ ਮਣੀਆ ਆਪੇ ਮੰਤ, ਆਪੇ ਮਨ ਮਤ ਬੁੱਧ ਧਰਾਇੰਦਾ। ਆਪੇ ਨਾਰੀ ਆਪੇ ਕੰਤ, ਆਪੇ ਸਾਚੀ ਸੇਜ ਹੰਢਾਇੰਦਾ। ਆਪੇ ਚਾੜ੍ਹੇ ਰੰਗ ਬਸੰਤ, ਨਾਮ ਲਲਾਰੀ ਆਪ ਰੰਗਾਇੰਦਾ। ਆਪੇ ਤੋੜੇ ਗੜ੍ਹ ਹਉਮੇ ਹੰਗਤ, ਮਾਇਆ ਮਮਤਾ ਮੋਹ ਚੁਕਾਇੰਦਾ। ਆਪੇ ਲੇਖਾ ਜਾਣੇ ਭੁੱਖਾ ਨੰਗਤ, ਸੀਸ ਤਾਜ ਆਪ ਟਿਕਾਇੰਦਾ। ਆਪੇ ਹਰਿ ਹਰਿ ਬਣਾਏ ਸਾਚੀ ਸੰਗਤ, ਸਗਲਾ ਸੰਗ ਆਪ ਵਖਾਇੰਦਾ। ਆਪੇ ਪਾਂਧਾ ਆਪੇ ਪੰਡਤ, ਗਿਆਨ ਗੋਸ਼ਟ ਆਪਣੇ ਹੱਥ ਰਖਾਇੰਦਾ। ਆਪੇ ਬ੍ਰਹਿਮੰਡ ਖੰਡ ਕਰੇ ਖੰਡਤ, ਆਪੇ ਰਚਨਾ ਸਚ ਰਚਾਇੰਦਾ। ਆਪੇ ਜੇਰਜ ਆਪੇ ਅੰਡਜ, ਉਤਭੁਜ ਸੇਤਜ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਾਣੇ ਸਦ ਰਹਾਇੰਦਾ। ਹਰਿ ਭਾਣਾ ਅਥਾਹ, ਭੇਵ ਕੋਇ ਨਾ ਪਾਇੰਦਾ। ਹਰਿ ਸ਼ਬਦੀ ਸ਼ਬਦ ਸਲਾਹ, ਆਪਣਾ ਹੁਕਮ ਸੁਣਾਇੰਦਾ। ਹਰਿ ਸਤਿਗੁਰ ਬਣ ਮਲਾਹ, ਜੁਗ ਜੁਗ ਵੇਸ ਵਟਾਇੰਦਾ। ਹਰਿ ਵਸੇ ਸਾਚੇ ਥਾਂ, ਸਚਖੰਡ ਦੁਆਰਾ ਇਕ ਸੁਹਾਇੰਦਾ। ਹਰਿ ਪਕੜਣਹਾਰਾ ਬਾਂਹ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਹਰਿ ਹੰਸ ਬਣਾਏ ਕਾਂ, ਏਕਾ ਮਾਣਕ ਮੋਤੀ ਚੋਗ ਚੁਗਾਇੰਦਾ। ਹਰਿ ਨਿਥਾਵਿਆਂ ਦੇਵੇ ਥਾਂ, ਦਰਗਹਿ ਸਾਚੀ ਧਾਮ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਾਣੇ ਸਦ ਸਮਾਇੰਦਾ। ਹਰਿ ਭਾਣਾ ਧੁਰ ਦਰਗਹਿ, ਸਾਚਾ ਸਚ ਸਮਾਇੰਦਾ। ਹਰਿ ਭਾਣਾ ਗੁਰ ਪੀਰ ਅਵਤਾਰ ਰਹੇ ਮਨਾ, ਜੁਗ ਜੁਗ ਆਪਣਾ ਹੁਕਮ ਚਲਾਇੰਦਾ। ਹਰਿ ਭਾਣੇ ਕਿਸੇ ਹੱਥ ਨਾ ਸਕੇ ਆ, ਖੋਜਤ ਖੋਜ ਨਾ ਕੋਈ ਖੁਜਾਇੰਦਾ। ਹਰਿ ਭਾਣੇ ਕਰੇ ਸਚ ਨਿਆਂ, ਸਾਚੇ ਤਖ਼ਤ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਭਾਣਾ ਆਪ ਕਰਾਇੰਦਾ। ਵਡ ਭਾਣਾ ਹਰਿ ਬਲਵਾਨ, ਏਕਾ ਏਕ ਰਖਾਇਆ। ਆਦਿ ਜੁਗਾਦੀ ਸ੍ਰੀ ਭਗਵਾਨ, ਸਾਚਾ ਤਖ਼ਤ ਸੁਹਾਇਆ। ਗੁਰੂਆਂ ਪੀਰਾਂ ਦੇਵੇ ਦਾਨ, ਸਾਧਾਂ ਸੰਤਾਂ ਹੁਕਮ ਜਣਾਇਆ। ਆਪੇ ਬਖ਼ਸ਼ੇ ਚਰਨ ਧਿਆਨ, ਮਾਤਲੋਕ ਵਿਚ ਆਇਆ। ਪੰਜ ਤਤ ਜਗਤ ਨਿਸ਼ਾਨ, ਆਪਣਾ ਬੰਧਨ ਏਕਾ ਪਾਇਆ। ਅੰਦਰ ਮੰਦਰ ਸਚ ਫ਼ਰਮਾਣ, ਹਰਿ ਸਾਚੇ ਆਪ ਸੁਣਾਇਆ। ਏਕਾ ਰੱਖੇ ਸ਼ਬਦੀ ਆਣ, ਦੂਸਰ ਡੰਕ ਨਾ ਕੋਈ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਭਾਣੇ ਰਚਨ ਰਚਾਇਆ। ਆਪਣੇ ਭਾਣੇ ਰਚਨਾ ਰਚ, ਹਰਿ ਸਾਚੇ ਸਚ ਵਖਾਇਆ। ਆਪਣਾ ਹੁਕਮ ਕਰੇ ਸੱਚ, ਸੱਚੋ ਸਚ ਵਰਤਾਇਆ। ਲੱਖ ਚੁਰਸੀ ਭਾਂਡਾ ਕੱਚ, ਆਪੇ ਘੜੇ ਭੰਨ ਵਖਾਇਆ। ਆਪੇ ਘਟ ਘਟ ਅੰਦਰ ਰਿਹਾ ਨੱਚ, ਸਵਾਂਗੀ ਆਪਣਾ ਸਵਾਂਗ ਵਰਤਾਇਆ। ਆਪੇ ਤ੍ਰੈਗੁਣ ਅਗਨੀ ਰਿਹਾ ਮੱਚ, ਜੋਤੀ ਲੰਬੂ ਏਕਾ ਲਾਇਆ। ਆਪੇ ਮਾਰਗ ਸਾਚ ਦੱਸ, ਦਹਿ ਦਿਸ਼ਾ ਫੇਰੀ ਪਾਇਆ। ਆਪੇ ਲੇਖਾ ਜਣਾ ਹੱਸ ਹੱਸ, ਗੁਰ ਪੀਰ ਅਵਤਾਰ ਸਾਧ ਸੰਤ ਆਪਣਾ ਹੁਕਮ ਸੁਣਾਇਆ। ਆਪੇ ਮੇਲ ਮਿਲਾਏ ਨੱਸ ਨੱਸ, ਨਿਰਗੁਣ ਸਰਗੁਣ ਸੇਵ ਕਮਾਇਆ। ਆਪੇ ਸ਼ਬਦ ਨਿਰਾਲਾ ਮਾਰੇ ਤੀਰ ਕਸ, ਤਿਖੀ ਧਾਰ ਆਪ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਾਣਾ ਸਦ ਸਾਲਾਹਿਆ। ਭਾਣੇ ਅੰਦਰ ਰਵ ਸਸ, ਸੂਰਜ ਚੰਨ ਆਪ ਭੁਆਈਆ। ਭਾਣੇ ਅੰਦਰ ਅੰਧੇਰ ਮਸ, ਪਰਕਾਸ਼ ਪਰਕਾਸ਼ ਦਏ ਵਡਿਆਈਆ। ਭਾਣੇ ਅੰਦਰ ਉਪਜੇ ਜਾਏ ਢੱਠ, ਹਰਿ ਭਾਣੇ ਮਰੇ ਜੰਮੇ ਜਾਈਆ। ਹਰਿ ਭਾਣੇ ਗੇੜੇ ਆਪਣੀ ਲੱਠ, ਜੁਗ ਜੁਗ ਗੇੜਾ ਆਪ ਭੁਆਈਆ। ਹਰਿ ਭਾਣੇ ਕਰੇ ਗੁਰਮੁਖ ਇਕ ਇਕੱਠ, ਹਰਿ ਸੰਗਤ ਮੇਲ ਮਿਲਾਈਆ। ਹਰਿ ਭਾਣੇ ਲੋਆਂ ਪੂਰੀਆਂ ਬ੍ਰਹਿਮੰਡਾਂ ਖੰਡਾਂ ਪਾਏ ਨੱਥ, ਲੱਖ ਚੁਰਾਸੀ ਆਪ ਭਵਾਈਆ। ਹਰਿ ਭਾਣੇ ਜੀਵ ਜੰਤ ਸੱਥਰ ਦੇਵੇ ਘੱਤ, ਖ਼ਾਕੀ ਖ਼ਾਕ ਖ਼ਾਕ ਮਿਲਾਈਆ। ਹਰਿ ਭਾਣੇ ਕਰੇ ਖੇਲ ਪੁਰਖ ਸਮਰਥ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਹਰਿ ਹਰਿ ਭਾਣਾ ਨੌਜਵਾਨਾ ਨਾ ਮਰੇ ਨਾ ਜਾਈਆ। ਹਰਿ ਭਾਣਾ ਨੌਜਵਾਨ, ਆਦਿ ਜੁਗਾਦਿ ਸਮਾਇਆ। ਸੂਰਬੀਰ ਫੜ ਨਿਸ਼ਾਨ, ਚਾਰ ਜੁਗ ਉਠ ਉਠ ਧਾਇਆ। ਦੇਵਣਹਾਰਾ ਧੁਰ ਫ਼ਰਮਾਣ, ਸਾਚੇ ਤਖ਼ਤ ਸੁਹਾਇਆ। ਤਖ਼ਤ ਤਾਜ ਇਕ ਭਗਵਾਨ, ਸ੍ਰੀ ਭਗਵਾਨ ਆਪ ਸੁਹਾਇਆ। ਸ੍ਰੀ ਅਸਕੇਤ ਗੁਣ ਨਿਧਾਨ, ਸ੍ਰਿਸ਼ਟ ਭਗਤ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇਆ। ਵਡ ਭਾਣਾ ਸ੍ਰੀ ਅਸਕੇਤ ਜਗਤ ਕੇ ਈਸ, ਜਾਗਰਤ ਜੋਤ ਕਰੀ ਰੁਸ਼ਨਾਈਆ। ਨਾਨਕ ਗੋਬਿੰਦ ਇਕ ਹਦੀਸ, ਪੁਰਖ ਅਬਿਨਾਸ਼ੀ ਆਪ ਪੜ੍ਹਾਈਆ । ਅਬਿਨਾਸ਼ੀ ਕਰਤਾ ਏਕਾ ਛਤਰ ਝੁਲਾਏ ਸੀਸ, ਦੂਸਰ ਕੋਈ ਰਹਿਣ ਨਾ ਪਾਈਆ। ਜੁਗਾ ਜੁਗੰਤਰ ਹਰਿ ਹਰਿ ਆਪਣਾ ਪੀਸਨ ਪੀਸ, ਲੋਕਮਾਤ ਚੱਕੀ ਇਕ ਚਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਾਣਾ ਹੁਕਮ ਜਣਾਈਆ। ਹਰਿ ਭਾਣਾ ਹਰਿ ਹਰਿ ਮੰਨਿਆ, ਚਾਰ ਕੁੰਟ ਜੈਕਾਰ। ਜੋ ਆਇਆ ਸੋ ਡੰਨਿਆ, ਲੇਖਾ ਰਹੇ ਨਾ ਵਿਚ ਸੰਸਾਰ। ਜੋ ਘੜਿਆ ਸੋ ਭੰਨਿਆ, ਘੜਣ ਭੰਨਣਹਾਰ ਆਪ ਨਿਰੰਕਾਰ। ਹਰਿਜਨ ਬੇੜਾ ਵਿਰਲੇ ਬੰਨ੍ਹਿਆ, ਕਰ ਕਿਰਪਾ ਆਪ ਕਰਤਾਰ। ਜਿਸ ਭਾਣਾ ਸਤਿਗੁਰ ਮੰਨਿਆ, ਕਲਜੁਗ ਅੰਤਮ ਕਰੇ ਵਿਚਾਰ। ਦਰਗਹਿ ਸਾਚੀ ਚੜ੍ਹੇ ਚੰਨਿਆਂ, ਚੰਨ ਸੂਰਜ ਮੁਖ ਸ਼ਰਮਸਾਰ। ਸਤਿਗੁਰ ਪੂਰਾ ਬੰਨ੍ਹੇ ਤੰਦਿਆ, ਸਗਨ ਮਨਾਏ ਅਗੰਮ ਅਪਾਰ। ਇਕ ਉਪਜਾਏ ਪਰਮਾਨੰਦਿਆ, ਨਿਝ ਆਤਮ ਅੰਮ੍ਰਿਤ ਠੰਡੀ ਠਾਰ। ਸੋਹੰ ਗਾਏ ਸੁਹਾਗੀ ਛੰਦਿਆ, ਸਚਖੰਡ ਨਿਵਾਸੀ ਮਿਲੇ ਕੰਤ ਭਤਾਰ। ਲੱਖ ਚੁਰਾਸੀ ਤੁੱਟੇ ਫੰਦਿਆ, ਰਾਏ ਧਰਮ ਨਾ ਕਰੇ ਖਵਾਰ। ਗੁਰਸਿਖ ਦੂਸਰ ਦਰ ਨਾ ਕਰੇ ਬੰਦਨਾ, ਜਿਸ ਮਿਲਿਆ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਭਾਣੇ ਵਰਤੇ ਸਰਬ ਸੰਸਾਰ। ਹਰਿ ਭਾਣਾ ਵਰਤਾਵਣਾ, ਸਾਧ ਸੰਤ ਧਿਆਨ ਲਗਾਈਆ। ਹਰਿ ਭਾਣਾ ਵਰਤਾਵਣਾ, ਬ੍ਰਹਮਾ ਵਿਸ਼ਨ ਸ਼ਿਵ ਨੈਣ ਉਠਾਈਆ। ਹਰਿ ਭਾਣਾ ਵਰਤਾਵਣਾ, ਕਰੋੜ ਤੇਤੀਸਾ ਨਿਉਂ ਨਿਉਂ ਸੀਸ ਝੁਕਾਈਆ। ਹਰਿ ਭਾਣਾ ਵਰਤਾਵਣਾ, ਵੇਦ ਪੁਰਾਨ ਦੇਣ ਗਵਾਹੀਆ। ਹਰਿ ਭਾਣਾ ਵਰਤਾਵਣਾ, ਰਾਮ ਰਾਮਾ ਗਿਆ ਸਮਝਾਈਆ। ਹਰਿ ਭਾਣਾ ਬਲਵਾਨ, ਅਰਜਨ ਕ੍ਰਿਸ਼ਨਾ ਗੀਤਾ ਗਿਆਨ ਇਕ ਦ੍ਰਿੜਾਈਆ। ਹਰਿ ਭਾਣਾ ਵਰਤਾਵਣਾ, ਈਸਾ ਮੂਸਾ ਰਹੇ ਕੁਰਲਾਈਆ। ਹਰਿ ਭਾਣਾ ਬਲਵਾਨ, ਅੰਜੀਲ ਕੁਰਾਨਾ ਸੰਗ ਰਲਾਈ ਕਾਗਦ ਛਾਹੀਆ। ਹਰਿ ਭਾਣਾ ਬਲਵਾਨ, ਨਾਨਕ ਨਿਉਂ ਨਿਉਂ ਸੀਸ ਝੁਕਾਈਆ। ਹਰਿ ਭਾਣਾ ਬਲਵਾਨ, ਗੁਰ ਅਰਜਨ ਭੇਦ ਅਭੇਦ ਆਪ ਖੁਲ੍ਹਾਈਆ। ਹਰਿ ਭਾਣਾ ਬਲਵਾਨ, ਗੁਰ ਗੋਬਿੰਦ ਆਪਣੀ ਰੱਤ, ਪੁਰਖ ਅਕਾਲ ਤੇਰੇ ਲੇਖੇ ਲਾਈਆ। ਹਰਿ ਭਾਣਾ ਬਲਵਾਨ, ਸਤਿਗੁਰ ਪੂਰਾ ਇਕ ਸਹਾਈਆ। ਹਰਿ ਭਾਣਾ ਵਰਤਾਵਣਾ, ਕਲਜੁਗ ਅੰਤਮ ਕੂਕੇ ਦਏ ਦੁਹਾਈਆ। ਹਰਿ ਭਾਣਾ ਵਰਤਾਵਣਾ, ਹਰਿ ਆਪਣੀ ਇਛਿਆ ਆਪੇ ਪੂਰ ਕਰਾਈਆ। ਹਰਿ ਭਾਣਾ ਵਰਤਾਵਣਾ, ਗੁਰ ਗੁਰ ਭਿਛਿਆ ਝੋਲੀ ਪਾਈਆ। ਹਰਿ ਭਾਣਾ ਵਰਤਾਵਣਾ, ਪਿਛਲਾ ਲਿਖਿਆ ਲੇਖਾ ਦਏ ਮਿਟਾਈਆ। ਹਰਿ ਭਾਣਾ ਵਰਤਾਵਣਾ, ਅਗਲਾ ਮਾਰਗ ਆਪੇ ਲਾਈਆ। ਹਰਿ ਭਾਣਾ ਵਰਤਾਵਣਾ, ਊਚਾਂ ਨੀਚਾਂ ਮੇਟ ਮਿਟਾਈਆ। ਹਰਿ ਭਾਣਾ ਵਰਤਾਵਣਾ, ਰਾਓ ਰੰਕਾਂ ਏਕਾ ਰੰਗ ਰੰਗਾਈਆ। ਹਰਿ ਭਾਣਾ ਵਰਤਾਵਣਾ, ਚਾਰ ਵਰਨਾਂ ਏਕਾ ਧਾਮ ਬਹਾਈਆ। ਹਰਿ ਭਾਣਾ ਵਰਤਾਵਣਾ, ਲੱਖ ਚੁਰਾਸੀ ਜੀਵ ਜੰਤ ਸੋਹੰ ਢੋਲਾ ਏਕਾ ਗਾਈਆ। ਹਰਿ ਭਾਣਾ ਵਰਤਾਵਣਾ, ਗੁਰ ਦਰ ਮੰਦਰ ਮਸਜਿਦ ਮੱਠ ਸ਼ਿਵਦੁਆਲੇ ਸਤਿਗੁਰ ਪੂਰਾ ਏਕਾ ਨਜ਼ਰੀ ਆਈਆ। ਹਰਿ ਭਾਣਾ ਵਰਤਾਵਣਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਹਰਿ ਭਾਣਾ ਵਰਤਾਵਣਾ, ਘਟ ਘਟ ਅੰਦਰ ਦੀਪਕ ਜੋਤ ਇਕ ਜਗਾਈਆ। ਹਰਿ ਭਾਣਾ ਸਮਝਾਵਣਾ, ਜਨ ਭਗਤਾਂ ਦਰ ਘਰ ਸਾਚੇ ਬਖ਼ਸ਼ੇ ਸੱਚੀ ਸ਼ਹਿਨਸ਼ਾਹੀਆ। ਹਰਿ ਭਾਣਾ ਵਰਤਾਵਣਾ, ਤਖ਼ਤ ਤਾਜ ਕੋਇ ਰਹਿਣ ਨਾ ਪਾਈਆ। ਹਰਿ ਭਾਣਾ ਵਰਤਾਵਣਾ, ਨਿਉਂ ਨਿਉਂ ਪੜ੍ਹੇ ਨਾ ਕੋਈ ਨਿਮਾਜ਼, ਪੰਚਮ ਵਕਤ ਸੀਸ ਨਾ ਕੋਇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਸਚ ਸਮਾਜ ਇਕ ਰਖਾਈਆ। ਹਰਿ ਭਾਣਾ ਵਰਤੰਤ, ਆਦਿ ਜੁਗਾਦਿ ਸਮਾਇਆ। ਜੁਗ ਜੁਗ ਬਣਾਏ ਆਪਣੀ ਬਣਤ, ਦੂਸਰ ਸੰਗ ਨਾ ਕੋਇ ਰਖਾਇਆ। ਪੁਰਖ ਅਬਿਨਾਸ਼ੀ ਮਹਿਮਾ ਅਗਣਤ, ਲਿਖਿਆ ਲੇਖ ਨਾ ਕੋਇ ਜਣਾਇਆ। ਕਲਜੁਗ ਉਪਜਾਏ ਸਾਚੇ ਸੰਤ, ਜਿਸ ਜਨ ਆਪਣਾ ਦਰਸ ਦਿਖਾਇਆ। ਅਠਸਠ ਤੀਰਥ ਮਾਇਆ ਪਾਏ ਬੇਅੰਤ, ਹਰਿ ਕਾ ਭੇਵ ਕੋਈ ਨਾ ਪਾਇਆ। ਘਰ ਘਰ ਬੈਠੇ ਜਗਤ ਮਹੰਤ, ਵੇਲੇ ਅੰਤਮ ਦਏ ਸਜਾਇਆ। ਕਿਸੇ ਨਾ ਮਿਲਿਆ ਹਰਿ ਹਰਿ ਕੰਤ, ਊਚੀ ਕੂਕਣ ਰੋ ਰੋ ਰਹੇ ਸੁਣਾਇਆ। ਮਨ ਮਾਨਿਆ ਮਾਇਆ ਮਮਤ, ਤਨ ਭੇਖ ਪਖੰਡ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਆਪਣੇ ਅੱਗੇ ਧਰ, ਪਿਛੇ ਆਪਣਾ ਹੁਕਮ ਸੁਣਾਇਆ। ਆਪਣਾ ਭਾਣਾ ਅੱਗੇ ਰੱਖ, ਹਰਿ ਹਰਿ ਵਡ ਵਡਿਆਈਆ। ਗੁਰਮੁਖ ਸਾਜਣ ਲਏ ਰੱਖ, ਕਲਜੁਗ ਤੱਤੀ ਵਾ ਨਾ ਲੱਗੇ ਰਾਇਆ। ਨੌ ਨੌ ਸਤ ਸਤ ਦੇਵੇ ਮਥ, ਨਾ ਸਕੇ ਕੋਈ ਬਚਾਇਆ। ਧਰਤ ਮਾਤ ਸੱਥਰ ਬੈਠੀ ਘੱਤ, ਗਲ ਪੱਲੂ ਏਕਾ ਪਾਈਆ। ਨੇਤਰ ਨੀਰ ਵਿਰੋਲੇ ਸੁਟੇ ਅੱਥ, ਖੁਲ੍ਹੜਾ ਕੇਸ ਰਹੀ ਵਖਾਇਆ। ਅੰਤਮ ਕੀਮਤ ਪਏ ਨਾ ਕਰੋੜੀ ਲੱਖ, ਕੱਖੋਂ ਲੱਖ ਆਪ ਵਿਕਾਇਆ। ਚਾਰੋਂ ਕੁੰਟ ਖੇਲ ਬਾਜ਼ੀਗਰ ਨਟ, ਕਲਜੁਗ ਆਪਣਾ ਵੇਸ ਵਟਾਇਆ। ਸਾਧਾਂ ਸੰਤਾਂ ਜੜਾਂ ਰਿਹਾ ਪੱਟ, ਆਪਣੀ ਹੱਥੀਂ ਰਿਹਾ ਉਖੜਾਇਆ। ਕਿਸੇ ਨਾ ਲੇਖੇ ਲੱਗਾ ਕਾਇਆ ਖਾਧਾ ਅੰਨ ਮੱਟ, ਸਾਚੀ ਕਿਰਤ ਨਾ ਕੋਈ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਾਣਾ ਹੁਕਮ ਸੁਣਾਇਆ। ਭਾਣਾ ਰੂਪ ਅਨਡਿਠ, ਦਿਸ ਕਿਸੇ ਨਾ ਆਇਆ। ਜਨ ਭਗਤਾਂ ਕਰੇ ਸਦਾ ਹਿੱਤ, ਜੁਗ ਜੁਗ ਆਪਣਾ ਮੇਲ ਮਿਲਾਇਆ। ਜੂਠਾ ਝੂਠਾ ਉਜਾੜੇ ਖੇਤ, ਕਲਜੁਗ ਅੰਤਮ ਬੀਜ ਬਿਜਾਇਆ। ਸਾਧ ਸੰਤ ਹੋਏ ਜਿੰਨ ਪ੍ਰੇਤ, ਜਿਨ੍ਹ ਹਰਿ ਹਰਿ ਦਰਸ ਨਾ ਨੇਤਰ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿ ਸੰਗਤ ਦੇਵੇ ਏਕਾ ਵਰ, ਭਾਣਾ ਹਰਿ ਸੰਗਤ ਨੇੜ ਨਾ ਆਇਆ।
