Granth 09 Likhat 078: 12 Chet 2017 Bikarmi Charan Singh de Ghar Pind Dhool Jila Gurdas pur

੧੨ ਚੇਤ ੨੦੧੭ ਬਿਕ੍ਰਮੀ ਚਰਨ ਸਿੰਘ ਦੇ ਘਰ ਪਿੰਡ ਧੂਲ ਜ਼ਿਲਾ ਗੁਰਦਾਸ ਪੁਰ

ਗੁਰਮੁਖ ਉਜਲ ਮੁਖੜਾ, ਹਰਿ ਸਤਿਗੁਰ ਆਪ ਕਰਾਏ। ਹਉਮੇ ਮੇਟੇ ਦੂਈ ਦਵੈਤੀ ਦੁਖੜਾ, ਕਾਇਆ ਰੰਗਣ ਨਾਮ ਚੜ੍ਹਾਏ। ਸੁਫਲ ਕਰਾਏ ਮਾਤ ਕੁਖੜਾ, ਲੱਖ ਚੁਰਾਸੀ ਫੰਦ ਕਟਾਏ। ਮਾਤ ਗਰਭ ਨਾ ਹੋਏ ਉਲਟਾ ਰੁਖੜਾ, ਦਸ ਦਸ ਮਾਸ ਨਾ ਅਗਨ ਜਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਏ। ਗੁਰਸਿਖ ਸਾਚਾ ਬੇੜਾ, ਗੁਰ ਸਤਿਗੁਰ ਆਪ ਚਲਾਇੰਦਾ। ਕਾਇਆ ਚੋਲੀ ਰੰਗੇ ਚੀਥੜਾ, ਰੰਗ ਮਜੀਠੀ ਇਕ ਚੜ੍ਹਾਇੰਦਾ। ਦੇਵੇ ਨਾਮ ਸ਼ਬਦ ਅਨਡੀਠੜਾ, ਵੇਦ ਕਤੇਬ ਭੇਵ ਨਾ ਪਾਇੰਦਾ। ਅੰਮ੍ਰਿਤ ਬਖ਼ਸ਼ੇ ਠੰਡਾ ਸੀਤੜਾ, ਨਿਝਰ ਝਿਰਨਾ ਆਪ ਝਿਰਾਇੰਦਾ। ਕਰੇ ਕਰਾਏ ਪਤਿਤ ਪੁਨੀਤੜਾ, ਦੁਰਮਤ ਪਾਪਾਂ ਮੈਲ ਧਵਾਇੰਦਾ। ਇਕ ਸੁਣਾਏ ਸੁਹਾਗੀ ਗੀਤੜਾ, ਸ਼ਬਦ ਅਨਾਦੀ ਧੁਨ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚਾ ਭਾਲਿਆ, ਹਰਿ ਸਤਿਗੁਰ ਦੀਨ ਦਿਆਲ। ਜੁਗ ਜੁਗ ਕਰੇ ਸਦਾ ਪ੍ਰਿਤਪਾਲਿਆ, ਦਿਵਸ ਰੈਣ ਰਹੇ ਰਖਵਾਲ। ਦੇਵੇ ਨਾਮ ਸੱਚਾ ਧਨ ਮਾਲਿਆ, ਫਲ ਲਗਾਏ ਕਾਇਆ ਡਾਲ੍ਹ। ਆਤਮ ਅੰਤਰ ਕਾਇਆ ਮੰਦਰ ਦੀਪਕ ਜੋਤੀ ਏਕਾ ਬਾਲਿਆ, ਅੰਧ ਅੰਧੇਰਾ ਦਏ ਨਿਵਾਰ। ਅਨਹਦ ਰਾਗ ਘਟ ਘਟ ਆਪ ਸੁਣਾ ਲਿਆ, ਸ਼ਬਦ ਵਜਾਏ ਸਾਚਾ ਤਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਸੰਭਾਲ। ਹਰਿਜਨ ਸਾਚਾ ਸੋਭਾਵੰਤ, ਹਰਿ ਭਗਤਨ ਵਡ ਵਡਿਆਈਆ। ਪੁਰਖ ਅਬਿਨਾਸ਼ੀ ਮੇਲਾ ਏਕਾ ਕੰਤ, ਦਰਗਹਿ ਸਾਚੀ ਦਏ ਮਿਲਾਈਆ। ਏਕਾ ਸ਼ਬਦ ਏਕਾ ਨਾਮ ਏਕਾ ਰਸਨਾ ਜਿਹਵਾ ਮਣੀਆ ਮੰਤ, ਮਾਇਆ ਮਮਤਾ ਹਉਮੇ ਹੰਗਤਾ ਰੋਗ ਗਵਾਈਆ। ਰੋਗ ਸੋਗ ਮਿਟਾਏ ਭੁੱਖ ਨੰਗਤ, ਚਿੰਤਾ ਦੁੱਖ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੇਖੇ ਸਾਚੇ ਥਾਈਂਆ। ਸਾਚਾ ਥਾਨ ਆਪ ਸੁਹਾਵਣਾ, ਏਕਾ ਏਕੰਕਾਰ। ਹਰਿਜਨ ਸੋਇਆ ਮਾਤ ਜਗਾਵਣਾ, ਜਗਤ ਖੇਲ ਅਗੰਮ ਅਪਾਰ। ਨੇਤਰ ਲੋਚਣ ਨੈਣਾਂ ਦਰਸ ਇਕ ਦਿਖਾਵਣਾ, ਆਤਮ ਤਾਕੀ ਖੋਲ੍ਹ ਕਿਵਾੜ। ਭਰ ਪਿਆਲਾ ਅੰਮ੍ਰਿਤ ਜਾਮ ਇਕ ਪਿਆਵਣਾ, ਪੰਚ ਵਿਕਾਰਾ ਮੇਟੇ ਧਾੜ। ਸਚ ਦੁਆਰ ਇਕ ਵਖਾਵਣਾ, ਸਚਖੰਡ ਨਿਵਾਸੀ ਖੇਲ ਅਪਾਰ। ਬ੍ਰਹਮ ਪਾਰਬ੍ਰਹਮ ਸਮਾਵਣਾ, ਨਿਰਗੁਣ ਸਰਗੁਣ ਦਏ ਆਧਾਰ। ਏਕਾ ਜੋਗ ਸਚ ਵਖਾਵਣਾ, ਸਾਚੇ ਤਖ਼ਤ ਆਪ ਨਿਰੰਕਾਰ। ਸ਼ਬਦ ਸ਼ਬਦੀ ਹੁਕਮ ਜਣਾਵਣਾ, ਆਪ ਸੁਣਾਏ ਗੁਪਤ ਜ਼ਾਹਰ। ਭੇਵ ਅਭੇਦ ਭੇਵ ਖੁਲ੍ਹਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਾਏ ਪਾਰ। ਹਰਿਜਨ ਸਾਚੇ ਪਾਰ ਕਿਨਾਰ, ਸਤਿਗੁਰ ਪੂਰਾ ਆਪ ਕਰਾਇੰਦਾ। ਕੋਇ ਨਾ ਆਏ ਵਿਚ ਮੰਝਧਾਰ, ਸੰਸਾਰ ਸਾਗਰ ਨਾ ਕੋਈ ਰੁੜ੍ਹਾਇੰਦਾ। ਨਾਮ ਦੇਵੇ ਬੇੜੇ ਚਾੜ੍ਹ, ਏਕਾ ਚੱਪੂ ਆਪ ਲਗਾਇੰਦਾ। ਆਪੇ ਵਸੇ ਅੱਧਵਿਚਕਾਰ, ਦੂਰ ਦੁਰਾਡਾ ਪੰਧ ਮੁਕਾਇੰਦਾ। ਆਦਿ ਜੁਗਾਦੀ ਖੇਲ ਅਪਰ ਅਪਾਰ, ਬੋਧ ਅਗਾਧ ਖੇਲ ਖਿਲਾਇੰਦਾ। ਸਾਧਾਂ ਸੰਤਾਂ ਪਾਏ ਸਾਰ, ਹਰਿ ਸ਼ਬਦ ਬ੍ਰਹਿਮਾਦਿ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਹਰਿਜਨ ਲੇਖਾ ਹਰਿ ਕਰਤਾਰ, ਆਪਣੇ ਹੱਥ ਰਖਾਈਆ। ਰਾਏ ਧਰਮ ਨਾ ਕਰੇ ਖੁਆਰ, ਵੇਲੇ ਅੰਤ ਨਾ ਦਏ ਸਜਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਹਰਿਜਨ ਸਾਚੇ ਲਏ ਮਿਲਾਈਆ। ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਚਰਨੋਦਕ ਮੁਖ ਚੁਆਈਆ। ਕਾਗ ਰਲਾਏ ਹੰਸਾਂ ਡਾਰ, ਸੋਹੰ ਹੰਸਾ ਚੋਗ ਚੁਗਾਈਆ। ਬੰਸ ਸਰਬੰਸਾ ਜਾਏ ਤਾਰ, ਜਿਸ ਦਰ ਆਪਣਾ ਚਰਨ ਛੁਹਾਈਆ। ਸਤਿਗੁਰ ਪੂਰਾ ਮੀਤ ਮੁਰਾਰ, ਨਿਰਗੁਣ ਦਾਤਾ ਇਕ ਅਖਵਾਈਆ। ਵਰਨਾਂ ਬਰਨਾਂ ਵਸੇ ਬਾਹਰ, ਜ਼ਾਤ ਪਾਤ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਸਹਿਜ ਸੁਭਾ ਗੁਰ ਸੱਜਣ ਪਾਇਆ, ਗੁਰ ਸਤਿਗੁਰ ਗਹਿਰ ਗੰਭੀਰ। ਆਵਣ ਜਾਵਣ ਪੰਧ ਮੁਕਾਇਆ, ਚੋਟੀ ਚੜ੍ਹੇ ਇਕ ਅਖੀਰ। ਨੌ ਦਰਵਾਜ਼ੇ ਜਗਤ ਤਜਾਇਆ, ਜਗਤ ਤ੍ਰਿਸ਼ਨਾ ਕੱਟੀ ਪੀੜ। ਸਾਚਾ ਮੰਦਰ ਇਕ ਸੁਹਾਇਆ, ਅੰਮ੍ਰਿਤ ਬਖ਼ਸ਼ੇ ਠਾਂਡਾ ਸੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਗੁਣੀ ਗਹੀਰ। ਬੇਪਰਵਾਹ ਹਰਿ ਪੁਰਖ ਨਿਰੰਜਣ, ਆਦਿ ਜੁਗਾਦਿ ਭੇਵ ਨਾ ਆਇੰਦਾ। ਸਿਫ਼ਤ ਸਲਾਹ ਸਾਚਾ ਸੱਜਣ, ਰੂਪ ਅਨੂਪ ਰੂਪ ਵਟਾਇੰਦਾ। ਜਗਤ ਮਲਾਹ ਕਰਾਏ ਮਜਨ, ਸਾਚਾ ਬੇੜਾ ਆਪ ਚਲਾਇੰਦਾ। ਦੋ ਜਹਾਨੀ ਪਰਦੇ ਕੱਜਣ, ਨਾਮ ਦੋਸ਼ਾਲਾ ਦੀਨ ਦਿਆਲਾ ਗੁਰ ਗੋਪਾਲਾ, ਸਾਚਾ ਹੱਥ ਉਠਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲਾ, ਹਰਿ ਕਾ ਭੇਵ ਨਾ ਕੋਈ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਰੂਪੀ ਬਣ ਦਲਾਲ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਹਰਿ ਹਰਿ ਮੇਲਿਆ, ਬ੍ਰਹਮ ਪਾਰਬ੍ਰਹਮ ਸਮਾਏ। ਏਕਾ ਘਰ ਵਸਾਏ ਗੁਰੂ ਗੁਰ ਚੇਲਿਆ, ਗੋਬਿੰਦ ਲੇਖਾ ਲੇਖ ਚੁਕਾਏ। ਆਪੇ ਵਸੇ ਧਾਮ ਨਵੇਲਿਆ, ਸਚ ਮਹੱਲਾ ਆਪ ਉਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਏ। ਹਰਿਜਨ ਸਾਚੇ ਉਠ ਉਠ ਜਾਗ, ਸਤਿਗੁਰ ਪੁਰਖ ਆਪ ਜਗਾਇੰਦਾ । ਆਤਮ ਜੋਤੀ ਜਗੇ ਚਿਰਾਗ, ਅਗਿਆਨ ਅੰਧੇਰ ਗਵਾਇੰਦਾ। ਦੁਰਮਤ ਮੈਲ ਧੋਵੇ ਦਾਗ, ਪੂਰਬ ਕਰਮਾਂ ਵੇਖ ਵਖਾਇੰਦਾ। ਹਰਿਜਨ ਉਪਜਾਏ ਇਕ ਵੈਰਾਗ, ਜਨ ਵੈਰਾਗੀ ਇਕ ਕਰਾਇੰਦਾ। ਜਗਤ ਵਖਾਏ ਝੂਠਾ ਤਿਆਗ, ਸਗਲਾ ਸੰਗ ਆਪ ਨਿਭਾਇੰਦਾ। ਫੜ ਫੜ ਹੰਸ ਬਣਾਏ ਕਾਗ, ਸਿਰ ਸਿਰ ਆਪਣਾ ਹੱਥ ਰਖਾਇੰਦਾ। ਸਰਨ ਸਰਨਾਈ ਜੋ ਜਨ ਗਿਆ ਲਾਗ, ਬ੍ਰਹਮ ਬ੍ਰਹਮ ਆਪ ਵਡਿਆਇੰਦਾ। ਚਰਨ ਧੂੜ ਕਰਾਏ ਮਜਨ ਮਾਘ, ਸਰ ਸਰੋਵਰ ਇਕ ਸੁਹਾਇੰਦਾ। ਦੋ ਜਹਾਨਾਂ ਸੱਜਣ ਸਾਕ, ਸਗਲਾ ਸੰਗ ਰਖਾਇੰਦਾ। ਪੁਰਖ ਅਬਿਨਾਸ਼ੀ ਪਾਕੀ ਪਾਕ, ਘਟ ਘਟ ਵਾਸੀ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਚੜ੍ਹਿਆ ਰਾਕ, ਆਪਣਾ ਅਸਵ ਆਪ ਦੁੜਾਇੰਦਾ। ਬਜ਼ਰ ਕਪਾਟੀ ਤੋੜੇ ਤਾਕ, ਅਨਹਦ ਤਾਲ ਤਲਵਾੜਾ ਆਪ ਵਜਾਇੰਦਾ। ਡੂੰਘੀ ਕੰਦਰ ਬੈਠਾ ਰਿਹਾ ਝਾਕ, ਸਾਚੀ ਸੋਭਾ ਪਾਇੰਦਾ। ਆਪੇ ਜਾਣੇ ਆਪਣਾ ਭਵਿਖਤ ਵਾਕ, ਜੁਗ ਜੁਗ ਆਪੇ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਮੇਲ ਮਿਲਾਇੰਦਾ। ਹਰਿ ਸੱਜਣ ਹਰਿ ਰੰਗ ਮਾਣਿਆਂ, ਹਰਿ ਪਾਇਆ ਬੇਅੰਤ। ਘਰ ਮੰਦਰ ਇਕ ਪਛਾਣਿਆਂ, ਪੁਰਖ ਅਬਿਨਾਸ਼ੀ ਸਾਚਾ ਕੰਤ। ਨਿਰਗੁਣ ਰੂਪ ਸ੍ਰੀ ਭਗਵਾਨਿਆਂ, ਦਿਸ ਨਾ ਆਏ ਜੀਵ ਜੰਤ। ਭਰਮੇ ਭੁੱਲੇ ਸੁਘੜ ਸਿਆਣਿਆਂ, ਕਲਜੁਗ ਮਾਇਆ ਪਾਈ ਬੇਅੰਤ। ਤ੍ਰੈਗੁਣ ਵੱਜਾ ਇਕ ਨਿਸ਼ਾਨਿਆਂ, ਪੰਜ ਤਤ ਗੜ੍ਹ ਬਣਿਆ ਹਉਮੇ ਹੰਗਤ। ਘਰ ਮਿਲਿਆ ਨਾ ਹਰਿ ਭਗਵਾਨਿਆਂ, ਮਿਲਿਆ ਮੇਲ ਨਾ ਸਾਚੇ ਸੰਤ। ਚੌਥਾ ਪਦ ਨਾ ਕਿਸੇ ਪਛਾਣਿਆ, ਨਾਰ ਸੁਹਾਗਣ ਹੰਢਾਏ ਨਾ ਕੰਤ। ਰਸਨਾ ਗਾ ਗਾ ਥੱਕੀ ਗਾਨਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਜੁਗਾ ਜੁਗੰਤ। ਜਗਤ ਖੇਲ ਅਵੱਲੜਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਇਕ ਅਵੱਲੜਾ, ਜੋਤੀ ਜਾਮਾ ਵੇਸ ਵਟਾਇੰਦਾ। ਏਕੰਕਾਰਾ ਏਕਾ ਮਾਰਗ ਦੱਸੇ ਸੁਖਲੜਾ, ਸਾਚਾ ਮੰਦਰ ਇਕ ਜਣਾਇੰਦਾ। ਆਦਿ ਨਿਰੰਜਣ ਆਪਣੇ ਦੀਪਕ ਆਪੇ ਬਲੜਾ, ਨੂਰੋ ਨੂਰ ਡਗਮਗਾਇੰਦਾ। ਸ੍ਰੀ ਭਗਵਾਨ ਫੜਾਏ ਪਲੜਾ, ਸ਼ਬਦ ਪੱਲੂ ਇਕ ਵਖਾਇੰਦਾ। ਅਬਿਨਾਸ਼ੀ ਕਰਤਾ ਆਪਣੀ ਜੋਤੀ ਆਪੇ ਰਲੜਾ, ਦੂਸਰ ਸੰਗ ਨਾ ਕੋਈ ਰਖਾਇੰਦਾ। ਪਾਰਬ੍ਰਹਮ ਸਚ ਸੰਦੇਸ਼ ਏਕਾ ਘਲੜਾ, ਜੀਵ ਆਤਮ ਬ੍ਰਹਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੰਦੇਸ਼ਾ ਨਰ ਨਰੇਸ਼ਾ ਹਰਿਜਨ ਸਾਚੇ ਆਪ ਸੁਣਾਇੰਦਾ। ਸ਼ਬਦ ਸੰਦੇਸ਼ਾ ਹਰਿ ਭਗਵੰਤ, ਜੁਗ ਜੁਗ ਆਪ ਸੁਣਾਇੰਦਾ। ਲੇਖਾ ਜਾਣੇ ਸਾਚੇ ਸੰਤ, ਸੰਤ ਸਤਿਗੁਰ ਮੇਲ ਮਿਲਾਇੰਦਾ। ਗੁਰਮੁਖ ਮਿਲਾਏ ਆਪੇ ਕੰਤ, ਹਰਿ ਸਾਚਾ ਵਿਛੜ ਨਾ ਜਾਇੰਦਾ। ਗੁਰਸਿਖ ਬਣਾਏ ਸਾਚੀ ਬਣਤ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੀਵਾ ਬਾਤੀ ਕਰ ਪਰਕਾਸ਼, ਅਗਿਆਨ ਅੰਧੇਰ ਦਏ ਵਿਨਾਸ, ਮੇਲ ਮਿਲਾਏ ਸ਼ਾਹੋ ਸ਼ਾਬਾਸ਼, ਘਰ ਸਾਚਾ ਆਪ ਸੁਹਾਇੰਦਾ। ਘਰ ਸਾਚਾ ਠਾਂਡਾ ਦਰਬਾਰ, ਹਰਿ ਸਾਚਾ ਆਪ ਉਪਾਇੰਦਾ। ਜਿਸ ਜਨ ਮਿਲਿਆ ਗੁਰ ਕਰਤਾਰ, ਮਾਨਸ ਮਾਨੁੱਖ ਲੇਖੇ ਲਾਇੰਦਾ। ਧਰਤ ਧਵਲ ਪੈਜ ਦਏ ਸਵਾਰ, ਅਕਾਸ਼ ਪਰਕਾਸ਼ ਆਪ ਸੁਹਾਇੰਦਾ। ਅਕਾਲ ਮੂਰਤ ਨਿਰਾਕਾਰ, ਅਜੂਨੀ ਰਹਿਤ ਏਕਾ ਵੇਸ ਵਟਾਇੰਦਾ। ਸੰਤਨ ਕਰੇ ਸਚ ਪਿਆਰ, ਸਾਂਤਕ ਸਤਿ ਸਤਿ ਆਪ ਵਰਤਾਇੰਦਾ। ਗੁਰਮੁਖ ਸਾਚੇ ਲਏ ਉਭਾਰ, ਗਿਆਨ ਗੁਰ ਇਕ ਵਖਾਇੰਦਾ। ਗੁਰਸਿਖ ਸਾਚੇ ਬਖ਼ਸ਼ੇ ਚਰਨ ਪਿਆਰ, ਜਗਤ ਨਾਤਾ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਚ ਸਮਝਾਇੰਦਾ। ਹਰਿਜਨ ਸਾਚੇ ਸਾਚੀ ਧਾਰ, ਸੋ ਪੁਰਖ ਨਿਰੰਜਣ ਆਪ ਜਣਾਈਆ। ਹਰਿ ਪੁਰਖ ਨਿਰੰਜਣ ਕਰ ਪਿਆਰ, ਕਰਨੀ ਕਿਰਤ ਆਪਣੀ ਰਿਹਾ ਕਮਾਈਆ । ਨਿਰਗੁਣ ਏਕੰਕਾਰਾ ਹੋ ਤਿਆਰ, ਨਿਰਗੁਣ ਸਰਗੁਣ ਵੇਖ ਵਖਾਈਆ। ਆਦਿ ਨਿਰੰਜਣ ਧੁਰ ਦਰਬਾਰ, ਆਪਣਾ ਨੂਰ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਸਾਂਝਾ ਯਾਰ, ਵਰਨ ਗੋਤ ਨਾ ਕੋਈ ਬਣਾਈਆ। ਸ੍ਰੀ ਭਗਵਾਨ ਬਣ ਸਿਕਦਾਰ, ਦੋ ਜਹਾਨਾਂ ਰਾਜ ਕਮਾਈਆ। ਪਾਰਬ੍ਰਹਮ ਪ੍ਰਭ ਸੇਵਾਦਾਰ, ਲੋਕਮਾਤ ਵੇਸ ਵਟਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰ ਪਿਆਰ, ਤ੍ਰੈਗੁਣ ਮਾਇਆ ਸਾਚਾ ਰੰਗ ਰੰਗਾਈਆ। ਪੰਚਮ ਕਾਇਆ ਚੋਲਾ ਕਰ ਤਿਆਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣਾ ਸੰਗ ਵਖਾਈਆ। ਅੰਦਰ ਵੜ ਨਿਰਾਕਾਰ, ਨਿਝ ਆਤਮ ਸੇਜ ਸੁਹਾਈਆ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਦਿਵਸ ਰੈਣ ਆਪ ਸੁਣਾਈਆ। ਗੁਰਮੁਖ ਵਿਰਲਾ ਸੁਣੇ ਸੁਣਨੇਹਾਰ, ਲੱਖ ਚੁਰਾਸੀ ਗੂੜ੍ਹੀ ਨੀਂਦ ਸਵਾਈਆ। ਜੁਗਾ ਜੁਗੰਤਰ ਲਏ ਅਵਤਾਰ, ਜੋਗ ਜੁਗਤ ਆਪਣੇ ਹੱਥ ਰਖਾਈਆ। ਸੰਤਨ ਭਰੇ ਸਚ ਭੰਡਾਰ, ਸਾਚੀ ਵਸਤ ਇਕ ਵਰਤਾਈਆ। ਭਗਤਨ ਮੇਲਾ ਧੁਰ ਦਰਬਾਰ, ਸਚਖੰਡ ਦੁਆਰੇ ਆਪ ਕਰਾਈਆ। ਨਿਰਗੁਣ ਰੂਪ ਨਿਰਾਕਾਰ, ਨਿਰਵੈਰ ਆਪਣਾ ਨਾਉਂ ਉਪਜਾਈਆ। ਸਾਚਾ ਨਾਮ ਬੋਲ ਜੈਕਾਰ, ਏਕਾ ਢੋਲਾ ਰਿਹਾ ਸੁਣਾਈਆ। ਊਚਾਂ ਨੀਚਾਂ ਕਰੇ ਪਿਆਰ, ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਉਠਾਈਆ। ਗੁਰਮੁਖ ਵਿਰਲਾ ਉਠਿਆ, ਜਿਸ ਸਤਿਗੁਰ ਆਪ ਉਠਾਏ। ਸਤਿਗੁਰ ਪੂਰਾ ਏਕਾ ਤੁਠਿਆ, ਪਾਰਬ੍ਰਹਮ ਵਡ ਵਡਿਆਏ। ਅੰਮ੍ਰਿਤ ਦੇਵੇ ਸਾਚਾ ਘੁੱਟਿਆ, ਨੇਤਰ ਲੋਚਣ ਆਪ ਖੁਲ੍ਹਾਏ। ਨਾਤਾ ਤੋੜੇ ਜੂਠਿਆ ਝੂਠਿਆ, ਸਚ ਸੁੱਚ ਗਿਆਨ ਇਕ ਦ੍ਰਿੜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਏ। ਹਰਿਜਨ ਸਾਚਾ ਜਾਗਿਆ, ਜਗਾਵਣਹਾਰ ਕਰਤਾਰ। ਗੁਰ ਸਤਿਗੁਰ ਸਰਨਾਈ ਲਾਗਿਆ, ਨਾਤਾ ਤੋੜ ਸਰਬ ਸੰਸਾਰ। ਸਤਿਗੁਰ ਪੂਰਾ ਪਕੜੇ ਆਪਣੀ ਹੱਥੀਂ ਵਾਗਿਆ, ਲੋਆਂ ਪੁਰੀਆਂ ਕਰੇ ਪਾਰ। ਦੋ ਜਹਾਨਾਂ ਫਿਰੇ ਭਾਗਿਆ, ਇਕ ਇਕੱਲਾ ਏਕੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਨਿਮਾਣੇ ਬਾਲ ਅਞਾਣੇ ਆਦਿ ਜੁਗਾਦੀ ਜਾਏ ਤਾਰ। ਗੁਰਸਿਖ ਬਾਲ ਬਾਲੀ ਬੁੱਧ, ਗੁਰ ਸਤਿਗੁਰ ਵੇਖ ਵਖਾਇੰਦਾ। ਬਿਰਧ ਬਾਲ ਜਵਾਨਾ ਪਾਏ ਸੁੱਧ, ਆਪ ਆਪਣਾ ਭੇਵ ਖੁਲ੍ਹਾਇੰਦਾ। ਭੇਵ ਖੁਲ੍ਹਾਏ ਆਪਣਾ ਗੁਝ, ਸ਼ਬਦ ਸ਼ਬਦੀ ਨਾਦ ਵਜਾਇੰਦਾ। ਗੁਰਸਿਖ ਗੁਰਮੁਖ ਆਪਣਾ ਘਰ ਜਾਏ ਸੁਝ, ਘਰ ਘਰ ਵਿਚ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਤਾਰਨਹਾਰਾ ਏਕਾ ਗੁਰ, ਦੂਸਰ ਦਰ ਨਾ ਕੋਈ ਜਣਾਇੰਦਾ। ਮੇਲਾ ਮਿਲਾਏ ਲੇਖਾ ਧੁਰ, ਧੁਰ ਸੰਜੋਗੀ ਵੇਖ ਵਖਾਇੰਦਾ। ਲਹਿਣ ਦੇਣ ਚੁਕਾਏ ਤੋਰ ਮੋਰ, ਅੰਧ ਘੋਰ ਫੋਲ ਫੁਲਾਇੰਦਾ। ਸ਼ਬਦੀ ਸੁਰਤੀ ਬੰਨ੍ਹੇ ਡੋਰ, ਮਨ ਮਨੂਆ ਦਹਿ ਦਿਸ਼ਾ ਪੰਛੀ ਉਡ ਉਡ ਨਾ ਫੇਰੀ ਪਾਇੰਦਾ। ਮਾਰਨਹਾਰਾ ਪੰਜੇ ਚੋਰ, ਨਾਮ ਖੰਡਾ ਹੱਥ ਚਮਕਾਇੰਦਾ। ਆਪੇ ਚਾੜ੍ਹੇ ਸਾਚੇ ਘੋੜ, ਸ਼ਬਦ ਘੋੜਾ ਇਕ ਵਖਾਇੰਦਾ। ਧੁਰਦਰਗਾਹੀ ਆਏ ਦੌੜ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਸਚਖੰਡ ਨਿਵਾਸੀ ਸਚਖੰਡ ਦਵਾਰੇ ਲਾਏ ਪੌੜ, ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਆਪਣੇ ਚਰਨਾ ਹੇਠ ਦਬਾਇੰਦਾ। ਲੱਖ ਚੁਰਾਸੀ ਵੇਖੇ ਫਲ ਮਿਠਾ ਕੌੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦੇਵੇ ਵਰ, ਗੁਰਮੁਖ ਸਾਜਣ ਆਪ ਤਰਾਇੰਦਾ।