Granth 09 Likhat 079: 12 Chet 2017 Bikarmi Ujagar Singh de Ghar

੧੨ ਚੇਤ ੨੦੧੭ ਬਿਕ੍ਰਮੀ ਉਜਾਗਰ ਸਿੰਘ ਦੇ ਘਰ

ਜੁਗ ਜੁਗ ਖੇਲ ਅਪਾਰ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਲਏ ਅਵਤਾਰ, ਰੂਪ ਅਨੂਪਾ ਆਪ ਵਟਾਇੰਦਾ। ਏਕੰਕਾਰਾ ਕਰੇ ਕਾਰ, ਆਪ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨ ਰਚਾਇੰਦਾ। ਜੁਗ ਜੁਗ ਖੇਲ ਪੁਰਖ ਸੁਲਤਾਨਾ, ਪਾਰਬ੍ਰਹਮ ਆਪ ਕਰਾਈਆ। ਲੋਕਮਾਤ ਹੋ ਪਰਧਾਨਾ, ਗੁਰ ਸਤਿਗੁਰ ਨਾਉਂ ਧਰਾਈਆ। ਹਰਿ ਜੀ ਵੇਖੇ ਜਗਤ ਤਮਾਸ਼ਾ, ਨਿਮਾਣ ਨਿਮਾਣਿਆਂ ਹੋਏ ਸਹਾਈਆ। ਏਕਾ ਬਖ਼ਸ਼ੇ ਚਰਨ ਧਿਆਨਾ, ਚਰਨ ਕਵਲ ਵਡ ਵਡਿਆਈਆ। ਸਤਿ ਸਤਿਵਾਦੀ ਬੰਨ੍ਹੇ ਗਾਨਾ, ਸਾਚੀ ਡੋਰੀ ਬੰਧਨ ਪਾਈਆ। ਲੇਖਾ ਜਾਣੇ ਸੀਤਾ ਰਾਮਾ, ਰਾਮ ਰਾਮਾ ਰੂਪ ਵਟਾਈਆ। ਸਰ ਸਰੋਵਰ ਮਾਣ ਗਵਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਭਗਤਨ ਗਲੇ ਲਗਾਈਆ। ਏਕਾ ਏਕ ਸਰਬ ਗੁਣ ਦਾਤਾ, ਆਦਿ ਜੁਗਾਦਿ ਸਮਾਇਆ। ਮੇਟੇ ਰੈਣ ਅੰਧੇਰੀ ਰਾਤਾ, ਜੁਗ ਜੁਗ ਆਪਣਾ ਚੰਦ ਚੜ੍ਹਾਇਆ। ਸ਼ਬਦ ਚਲਾਏ ਸਾਚੀ ਗਾਥਾ, ਮੰਤਰ ਨਾਮ ਇਕ ਦ੍ਰਿੜਾਇਆ। ਏਕਾ ਜਾਣੇ ਪੂਜਾ ਪਾਠਾ, ਆਪਣੀ ਵਿਦਿਆ ਆਪ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਆਪਣਾ ਰੂਪ ਵਟਾਇਆ। ਨਿਰਧਨ ਹਰਿ ਭਗਵਾਨ, ਆਦਿ ਜੁਗਾਦਿ ਸਮਾਇੰਦਾ। ਸਤਿਗੁਰ ਪੂਰਾ ਬਣ ਮਿਹਰਬਾਨ, ਲੋਕਮਾਤ ਵੇਸ ਵਟਾਇੰਦਾ। ਹਰਿਜਨ ਵੇਖੇ ਮਾਰ ਧਿਆਨ, ਚਾਰੇ ਕੰਨੀਆਂ ਦਹਿ ਦਿਸ਼ਾ ਫੋਲ ਫੁਲਾਇੰਦਾ। ਲੇਖਾ ਜਾਣੇ ਕ੍ਰਿਸ਼ਨਾ ਕਾਹਨ, ਨਾਮ ਮੰਤਰ ਇਕ ਜਣਾਇੰਦਾ। ਬਿਪਰ ਸੁਦਾਮਾ ਦੇਵੇ ਮਾਣ, ਜਗਤ ਦਲਿਦਰੀ ਗਲੇ ਲਗਾਇੰਦਾ। ਸਾਚਾ ਬਖ਼ਸ਼ੇ ਪੀਣ ਖਾਣ, ਨਾਮ ਖੰਡਾ ਇਕ ਫੜਾਇੰਦਾ। ਆਪ ਵਖਾਏ ਉਚ ਅਟੱਲ ਮਕਾਨ, ਅਸਥਿਲ ਆਪਣਾ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲੇਖ ਲਿਖਾਇੰਦਾ। ਲੇਖਾ ਲਿਖਣਹਾਰ ਦਾਤਾਰ, ਹਰਿ ਵੱਡਾ ਵਡ ਵਡਿਆਈਆ। ਗ਼ਰੀਬ ਨਿਮਾਣਿਆਂ ਪਾਵੇ ਸਾਰ, ਸਿਰ ਆਪਣਾ ਹੱਥ ਰਖਾਈਆ। ਏਕਾ ਭਗਤ ਕਰ ਪਿਆਰ, ਘਰ ਬਿਦਰ ਚਰਨ ਟਿਕਾਈਆ। ਰਸਨਾ ਰਸ ਲਏ ਅਪਾਰ, ਛੱਤੀ ਭੋਜਨ ਮੁਖ ਸ਼ਰਮਾਈਆ। ਅਠਾਰਾਂ ਧਿਆਏ ਗੀਤਾ ਨਾ ਕਰੇ ਪੁਕਾਰ, ਹਰਿ ਭਗਤ ਭੇਵ ਕੋਈ ਨਾ ਪਾਈਆ। ਜਿਸ ਜਨ ਮਿਲਿਆ ਹਰਿ ਨਿਰੰਕਾਰ, ਜਗਤ ਤ੍ਰਿਸ਼ਨਾ ਭੁੱਖ ਗਵਾਈਆ। ਘਰ ਮੰਦਰ ਸੋਹੇ ਇਕ ਦੁਆਰ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਧਾਮ ਸੁਹਾਈਆ। ਦਰਗਹਿ ਸਾਚੀ ਧਾਮ ਸੁਹੰਜਣਾ, ਹਰਿਜਨ ਸਾਚੇ ਆਪ ਵਖਾਇੰਦਾ। ਨੇਤਰ ਪਾਏ ਨਾਮ ਅੰਜਣਾ, ਅਗਿਆਨ ਅੰਧੇਰ ਮਿਟਾਇੰਦਾ। ਧੁਰਦਰਗਾਹੀ ਸੱਚਾ ਸੱਜਣਾ, ਸਗਲਾ ਸੰਗ ਨਿਭਾਇੰਦਾ। ਜੋ ਘੜਿਆ ਸੋ ਭੱਜਣਾ, ਘੜਣ ਭੰਨਣਹਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰੂਪ ਵਟਾਇੰਦਾ। ਰੂਪ ਅਵੱਲਾ ਇਕ ਇਕੱਲਾ, ਹਰਿ ਹਰਿ ਨਾਮ ਵਟਾਇੰਦਾ। ਵਸਣਹਾਰਾ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੇਰਾ ਪਾਇੰਦਾ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਏਕਾ ਮੱਲਾ, ਸਚਖੰਡ ਦੁਆਰਾ ਇਕ ਸੁਹਾਇੰਦਾ। ਜੋਤੀ ਸ਼ਬਦੀ ਆਪੇ ਰਲਾ, ਪਵਣੀ ਪਵਣ ਸਮਾਇੰਦਾ। ਦੀਪਕ ਪਰਕਾਸ਼ ਆਪਣੇ ਆਪ ਬਲਾ, ਸੂਰਜ ਚੰਨ ਨਾ ਕੋਈ ਚੜ੍ਹਾਇੰਦਾ। ਸਚ ਸੰਦੇਸ਼ ਨਰ ਨਰੇਸ਼ ਏਕਾ ਘੱਲਾ, ਸ਼ਬਦ ਅਨਾਦੀ ਨਾਦ ਵਜਾਇੰਦਾ। ਆਪੇ ਲੱਖ ਚੁਰਾਸੀ ਭੁਲਾਏ ਕਰ ਕਰ ਵਲ ਛਲਾ, ਅਛਲ ਛਲ ਧਾਰੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਹਰਿ ਭਗਤ ਨਾ ਫੜਾਏ ਆਪਣਾ ਪੱਲਾ, ਜੀਵ ਜੰਤ ਸਰਬ ਕੁਰਲਾਇੰਦਾ। ਜੀਵ ਜੰਤ ਰਿਹਾ ਕੁਰਲਾਏ, ਚਾਰੋਂ ਕੁੰਟ ਅੰਧੇਰਾ ਛਾਇਆ। ਕਲਜੁਗ ਕੂਕੇ ਦਏ ਦੁਹਾਏ, ਹਰਿ ਕਾ ਰੂਪ ਦਿਸ ਨਾ ਆਇਆ। ਪੁਰਖ ਅਬਿਨਾਸ਼ੀ ਨਜ਼ਰ ਨਾ ਆਏ, ਨਿਰਗੁਣ ਆਪਣਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇਆ। ਖੇਲਣਹਾਰਾ ਦੀਨ ਦਿਆਲਾ, ਆਦਿ ਨਿਰੰਜਣ ਵਡ ਵਡਿਆਈਆ। ਅਲੱਖ ਅਗੋਚਰ ਪੁਰਖ ਅਕਾਲਾ, ਅਗੰਮ ਅਗੰਮੜਾ ਅਗੰਮੜੀ ਕਾਰ ਕਰਾਈਆ। ਗੁਰਮੁਖ ਵੇਖੇ ਸਾਚੇ ਲਾਲਾ, ਲਾਲ ਅਨਮੁਲੜੇ ਆਪਣੇ ਹੱਥ ਰਖਾਈਆ। ਸ਼ਬਦ ਸਰੂਪੀ ਬਣ ਦਲਾਲਾ, ਲੋਕਮਾਤ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਸਰਧਨ ਏਕਾ ਜੋਤ ਕਰੇ ਰੁਸ਼ਨਾਈਆ। ਨਿਰਧਨ ਅੰਦਰ ਵਸਿਆ, ਪਾਰਬ੍ਰਹਮ ਗੁਰ ਕਰਤਾਰ। ਏਕਾ ਮਾਰਗ ਆਪਣਾ ਦੱਸਿਆ, ਨਿਰਗੁਣ ਰੂਪ ਵਿਚ ਸੰਸਾਰ। ਸਾਚੇ ਮੰਦਰ ਬਹਿ ਬਹਿ ਹੱਸਿਆ, ਸ਼ਬਦ ਦਾਤਾ ਬੇਐਬ ਪਰਵਰਦਿਗਾਰ। ਹਰਿ ਜੀ ਤੀਰ ਨਿਰਾਲਾ ਏਕਾ ਕਸਿਆ, ਹਰਿ ਹਰੀ ਮਾਰੇ ਆਪਣੀ ਮਾਰ। ਦੋ ਜਹਾਨਾਂ ਫਿਰੇ ਨੱਸਿਆ, ਕਲਜੁਗ ਅੰਤਮ ਲਏ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਸਾਚੇ ਲਏ ਉਭਾਰ। ਗੁਰਮੁਖ ਸੱਜਣ ਮਿਲਾਇਆ, ਕਰ ਕਿਰਪਾ ਹਰਿ ਭਗਵੰਤ। ਸਿਰ ਆਪਣਾ ਹੱਥ ਰਖਾਇਆ, ਆਪ ਬਣਾਇਆ ਸਾਚਾ ਸੰਤ। ਭੋਲਾ ਭਾਓ ਇਕ ਰਖਾਇਆ, ਲੇਖਾ ਜਾਣੇ ਜੁਗਾ ਜੁਗੰਤ। ਕਰਮ ਕਾਂਡ ਨਾ ਕੋਇ ਦਸਾਇਆ, ਮਾਇਆ ਮਮਤਾ ਕਰ ਭਸਮੰਤ। ਨੂਰ ਨੁਰਾਨੀ ਦਰਸ ਦਿਖਾਇਆ, ਭੇਵ ਚੁਕਾਇਆ ਆਦਿ ਅੰਤ। ਮਾਨਸ ਜਨਮ ਲੇਖੇ ਲਾਇਆ, ਆਪ ਬਣਾਈ ਸਾਚੀ ਬਣਤ। ਕਾਗ ਹੰਸਾਂ ਡਾਰ ਮਿਲਾਇਆ, ਮਿਲਿਆ ਮੇਲ ਸਾਚੀ ਸੰਗਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਲਾਏ ਆਪਣੇ ਅੰਗਤ। ਅੰਗੀਕਾਰ ਕਰ ਕਰਤਾਰ, ਆਪਣੀ ਗੋਦ ਬਹਾਇੰਦਾ। ਰੋਗ ਸੋਗ ਚਿੰਤਾ ਦਏ ਨਿਵਾਰ, ਸਗਲਾ ਸੁੱਖ ਜਣਾਇੰਦਾ। ਉਜਲ ਮੁਖ ਕਰ ਪਿਆਰ, ਸ਼ਬਦ ਧਾਰਾ ਇਕ ਜਣਾਇੰਦਾ। ਸ਼ਬਦ ਵਿਕਾਰਾ ਕੱਢੇ ਕੁੱਟ, ਸਾਚਾ ਸ਼ਬਦ ਸਿਫ਼ਤ ਸਾਲਾਹਿੰਦਾ। ਸਤਿਗੁਰ ਪੂਰਾ ਆਪੇ ਜਾਏ ਤੁਠ, ਆਪਣੀ ਦਾਤ ਸਾਚੀ ਵਸਤ ਝੋਲੀ ਪਾਇੰਦਾ। ਕਲਜੁਗ ਸਕੇ ਨਾ ਕੋਈ ਲੁੱਟ, ਚੋਰ ਯਾਰ ਨੇੜ ਨਾ ਆਇੰਦਾ। ਮਾਨਸ ਜਨਮ ਭਾਗ ਨਾ ਜਾਏ ਨਿਖੁਟ, ਰਾਏ ਧਰਮ ਨਾ ਡੰਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਫੁਲਵਾੜੀ ਦੇਵੇ ਪੁੱਟ, ਬੂਟਾ ਆਪਣੇ ਘਰ ਲਗਾਇੰਦਾ। ਸਾਚਾ ਫਲ ਸਚ ਫੁੱਲਵਾੜੀ, ਹਰਿ ਸਾਚਾ ਸਚ ਲਗਾਈਆ। ਆਪੇ ਕਰੇ ਸਾਚੀ ਦਾਰੀ, ਸੇਵਕ ਸੇਵਾ ਆਪ ਕਮਾਈਆ। ਆਪੇ ਪੈਜ ਰਿਹਾ ਸਵਾਰੀ, ਮੂਰਖ ਮੂੜ੍ਹ ਗਲੇ ਲਗਾਈਆ। ਆਪੇ ਦੇਵੇ ਸ਼ਬਦ ਅਧਾਰੀ, ਨਿਝ ਆਤਮ ਧੀਰ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਡੁੱਬਦੇ ਪੱਥਰ ਆਪ ਤਰਾਈਆ। ਕਲਜੁਗ ਪੱਥਰ ਮੁਗਧ ਮਨ ਪਾਹਿਨ, ਮਾਇਆ ਭਰਮ ਭੁਲਾਇਆ। ਸਾਚਾ ਵਖਾਏ ਏਕਾ ਦੀਨ, ਇਸ਼ਟ ਦੇਵ ਗੁਰ ਨਜ਼ਰੀ ਆਇਆ। ਰਸਨਾ ਜਿਹਵਾ ਗੁਰਸਿਖ ਰਿਹਾ ਚੀਨ, ਚਿਤਵਤ ਠਗੋਰੀ ਕੋਇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਆਪਣੇ ਰੰਗ ਰੰਗਾਇਆ। ਨਿਰਧਨ ਰੰਗ ਅਪਾਰ, ਗੁਰ ਸਤਿਗੁਰ ਆਪ ਚੜ੍ਹਾਇੰਦਾ। ਫੜ ਫੜ ਬਾਹੋਂ ਜਾਏ ਤਾਰ, ਤਾਰਨਹਾਰਾ ਦਿਸ ਨਾ ਆਇੰਦਾ। ਦਿਵਸ ਰੈਣ ਕਰੇ ਪਿਆਰ, ਅੰਧ ਅੰਧੇਰ ਵੇਖ ਵਖਾਇੰਦਾ। ਕੂੜੀ ਕਿਰਿਆ ਦਏ ਨਿਵਾਰ, ਸਾਚੇ ਮਾਰਗ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਦੇਵੇ ਧਰ, ਦਰ ਘਰ ਏਕਾ ਏਕ ਸਾਲਾਹਿੰਦਾ। ਸਚ ਦੁਆਰਾ ਧੁਰ ਧਾਮ, ਸਚਖੰਡ ਨਿਵਾਸੀ ਆਪ ਮਿਲਾਈਆ। ਲੇਖਾ ਜਾਣੇ ਨਗਰ ਗਰਾਮ, ਗੁਰਸਿਖ ਕਾਇਆ ਕੱਪੜ ਆਪ ਵਸਾਈਆ। ਲੇਖਾ ਜਾਣੇ ਹੱਡ ਮਾਸ ਨਾੜੀ ਚਾਮ, ਅਗਨੀ ਤਤ ਆਪ ਬੁਝਾਈਆ। ਮੇਲ ਮਿਲਾਵਾ ਏਕਾ ਰਾਮ, ਰਾਮ ਰਾਮਾ ਮੇਲ ਮਿਲਾਈਆ। ਪੂਰਨ ਕਰੇ ਸਤਿਗੁਰ ਕਾਮ, ਕਾਮ ਕਾਮਨੀ ਨੇੜ ਨਾ ਆਈਆ। ਪੱਲੇ ਬੰਨ੍ਹੇ ਸਾਚਾ ਦਾਮ, ਏਕਾ ਸ਼ਬਦੀ ਗੰਢ ਪਵਾਈਆ। ਅੰਮ੍ਰਿਤ ਪਿਆਏ ਏਕਾ ਜਾਮ, ਤ੍ਰਿਸ਼ਨਾ ਭੁੱਖ ਮਿਟਾਈਆ। ਕਰੇ ਪਰਕਾਸ਼ ਕੋਟਨ ਭਾਨ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਆਪੇ ਦੇਵੇ ਜੀਆ ਦਾਨ, ਜੀਆਂ ਦਾਤਾ ਬੇਪਰਵਾਹੀਆ। ਏਥੇ ਓਥੇ ਬਖ਼ਸ਼ੇ ਮਾਣ, ਪਤ ਡਾਲੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਫੜ, ਆਪ ਆਪਣੇ ਲੜ ਬੰਧਾਈਆ। ਆਪ ਫੜਾਇਆ ਆਪਣਾ ਲੜ, ਗੁਰਸਿਖ ਬਾਲ ਅਞਾਣਿਆਂ। ਆਪੇ ਘਾੜਣ ਲਿਆ ਘੜ, ਦਿਸ ਨਾ ਆਏ ਸੁਘੜ ਸਿਆਣਿਆ। ਆਪੇ ਲਾਏ ਚੋਟੀ ਜੜ੍ਹ, ਖੇਲੇ ਖੇਲ ਦੋ ਜਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਮਾਣ ਨਿਮਾਣਿਆ। ਮਾਣ ਨਿਮਾਣਿਆ ਦੇਵੇ ਮਾਣ, ਦਰਗਹਿ ਸਾਚੀ ਸਚ ਵਡਿਆਈਆ। ਏਕਾ ਅੱਖਰ ਹਰਿ ਹਰਿ ਗਾਣ, ਸੋ ਪੁਰਖ ਨਿਰੰਜਣ ਮੇਲ ਮਿਲਾਈਆ। ਹੰ ਬ੍ਰਹਮ ਚੁੱਕੇ ਕਾਣ, ਚਾਕਰ ਚਾਕਰੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਵਸਾਏ ਏਕਾ ਘਰ, ਘਰ ਸੱਚਾ ਸਹਿਜ ਸੁਖਦਾਈਆ ।