੧੨ ਚੇਤ ੨੦੧੭ ਬਿਕ੍ਰਮੀ ਅਤਰ ਸਿੰਘ ਦੇ ਘਰ ਪਿੰਡ ਓਗਰਾ
ਸਤਿ ਪੁਰਖ ਨਿਰੰਜਣ ਹਰਿ ਮਿਹਰਬਾਨ, ਨਿਰਗੁਣ ਰੂਪ ਵੱਡੀ ਵਡਿਆਈਆ। ਸਚਖੰਡ ਦੁਆਰੇ ਵਸੇ ਸਚ ਮਕਾਨ, ਜੋਤੀ ਨੂਰ ਨੂਰ ਰੁਸ਼ਨਾਈਆ। ਥਿਰ ਘਰ ਸਾਚਾ ਕਰ ਪਰਵਾਨ, ਸਚ ਸਿੰਘਾਸਣ ਆਪ ਸੁਹਾਈਆ। ਤਖ਼ਤ ਬੈਠ ਸ੍ਰੀ ਭਗਵਾਨ, ਸ਼ਾਹ ਭੂਪ ਇਕ ਅਖਵਾਈਆ। ਸਤਿ ਸਤਿਵਾਦੀ ਧੁਰ ਫ਼ਰਮਾਣ, ਸ਼ਬਦ ਅਨਾਦੀ ਆਪ ਅਲਾਈਆ। ਖੇਲੇ ਖੇਲ ਦੋ ਜਹਾਨ, ਆਪ ਆਪਣਾ ਰੂਪ ਵਟਾਈਆ। ਚਤੁਰਭੁਜ ਆਪੇ ਹੋਏ ਜਾਣੀ ਜਾਣ, ਆਪ ਆਪਣਾ ਭੇਵ ਖੁਲ੍ਹਾਈਆ। ਆਦਿ ਸ਼ਕਤ ਜੋਤ ਮਹਾਨ, ਆਪ ਆਪਣਾ ਰੂਪ ਵਖਾਈਆ। ਚਤੁਰਭੁਜ ਆਪੇ ਹੋਏ ਜਾਣੀ ਜਾਣ, ਆਪ ਆਪਣਾ ਭੇਵ ਖੁਲ੍ਹਾਈਆ। ਲੋਆਂ ਪੁਰੀਆਂ ਵੇਖੇ ਮਾਰ ਧਿਆਨ, ਬ੍ਰਹਿਮੰਡ ਖੰਡ ਆਪਣੀ ਰਚਨ ਰਚਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵੇ ਦਾਨ, ਏਕਾ ਵਸਤ ਹੱਥ ਫੜਾਈਆ। ਤ੍ਰੈਗੁਣ ਮਾਇਆ ਕਰ ਪਰਧਾਨ, ਤ੍ਰੈ ਤ੍ਰੈ ਵੇਸ ਵਟਾਈਆ। ਅੰਤਮ ਮੇਲਾ ਵਿਚ ਜਹਾਨ, ਲੋਕਮਾਤ ਕਰੇ ਕੁੜਮਾਈਆ। ਮਨ ਮਤ ਬੁੱਧ ਕਰ ਨਿਸ਼ਾਨ, ਨਿਰਗੁਣ ਆਪਣਾ ਅੰਗ ਕਟਾਈਆ। ਲੱਖ ਚੁਰਾਸੀ ਖੇਲ ਮਹਾਨ, ਘਟ ਘਟ ਆਪਣੀ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਇਕ ਅਖਵਾਈਆ। ਸਤਿ ਪੁਰਖ ਨਿਰੰਜਣ ਵਡ ਮਿਹਰਬਾਨਾ, ਆਦਿ ਜੁਗਾਦਿ ਸਮਾਇਆ। ਖੇਲੇ ਖੇਲ ਗੁਣ ਨਿਧਾਨਾ, ਗੁਣਵੰਤਾ ਭੇਵ ਨਾ ਰਾਇਆ। ਸ਼ਬਦ ਅਨਾਦੀ ਧੁਨ ਤਰਾਨਾ, ਅਗੰਮ ਅਗੰਮੜਾ ਆਪ ਸੁਣਾਇਆ। ਲੱਖ ਚੁਰਾਸੀ ਵੇਖੇ ਮਾਰ ਧਿਆਨਾ, ਨਿਰਗੁਣ ਸਰਗੁਣ ਮੇਲ ਮਿਲਾਇਆ। ਭਗਤਨ ਦੇਵੇ ਧੁਰ ਫ਼ਰਮਾਣਾ, ਸ਼ਬਦ ਅਨਹਦ ਰਾਗ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਨਿਰੰਜਣ ਖੇਲ ਖਿਲਾਇਆ। ਸਤਿ ਪੁਰਖ ਨਿਰੰਜਣ ਸੂਰਬੀਰ, ਵਡ ਦਾਤਾ ਹਰਿ ਭਗਵਾਨਿਆ। ਆਦਿ ਜੁਗਾਦਿ ਚਲਾਏ ਏਕਾ ਤੀਰ, ਸਾਚਾ ਸ਼ਬਦ ਮਾਰੇ ਬਾਣਿਆ। ਲੋਆਂ ਪੁਰੀਆਂ ਪੈਂਡਾ ਆਪੇ ਚੀਰ, ਆਪੇ ਜਾਣੇ ਆਪਣੀ ਆਨਿਆ। ਭਗਤਨ ਬਖ਼ਸ਼ੇ ਅੰਮ੍ਰਿਤ ਆਤਮ ਠਾਂਡਾ ਸੀਰ, ਸ਼ਬਦ ਚੜ੍ਹਾਏ ਸਚ ਬਿਬਾਣਿਆ। ਦੋ ਜਹਾਨਾ ਬੰਨ੍ਹੇ ਧੀਰ, ਰਥ ਰਥਵਾਹੀ ਖੇਲ ਮਹਾਨਿਆ। ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਨਾ ਕੋਈ ਜਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਚਲਾਣਿਆ। ਸਤਿ ਪੁਰਖ ਨਿਰੰਜਣ ਸਚ ਮਹੱਲਾ, ਏਕਾ ਏਕ ਵਸਾਇੰਦਾ। ਸੋ ਪੁਰਖ ਨਿਰੰਜਣ ਬੈਠਾ ਇਕ ਇਕੱਲਾ, ਸਚ ਦਵਾਰ ਸੁਹਾਇੰਦਾ। ਹਰਿ ਪੁਰਖ ਨਿਰੰਜਣ ਵਸਣਹਾਰਾ ਜਲਾਂ ਥਲਾਂ, ਨਿਹਚਲ ਧਾਮ ਆਪ ਸੁਹਾਇੰਦਾ। ਏਕੰਕਾਰਾ ਸਤਿ ਸਰੂਪੀ ਅਨ ਰੰਗ ਅੱਲਾ, ਆਪੇ ਫੜੇ ਆਪਣਾ ਭੱਲਾ, ਆਪ ਆਪਣਾ ਸੰਗ ਨਿਭਾਇੰਦਾ। ਆਦਿ ਨਿਰੰਜਣ ਦਰਦ ਦੁੱਖ ਭੈ ਭੰਜਣ ਆਪਣੇ ਦੀਪਕ ਆਪੇ ਬਲਾ, ਦੀਵਾ ਬਾਤੀ ਨਾ ਕੋਈ ਰਖਾਇੰਦਾ। ਅਬਿਨਾਸ਼ੀ ਕਰਤਾ ਆਪੇ ਜਾਣੇ ਆਪਣਾ ਵਲ ਛਲਾ, ਅਛਲ ਛਲ ਧਾਰੀ ਦਿਸ ਨਾ ਆਇੰਦਾ। ਸ੍ਰੀ ਭਗਵਾਨ ਸਚ ਸੁਨੇਹੁੜਾ ਸ਼ਬਦੀ ਸ਼ਬਦ ਆਪੇ ਘੱਲਾ, ਨਾਦ ਤਰਾਨਾ ਧੁਨ ਉਪਜਾਇੰਦਾ। ਪਾਰਬ੍ਰਹਮ ਪ੍ਰਭ ਆਪੇ ਰਲਾ, ਆਪਣੀ ਅੰਸ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਸਾਚਾ ਧਾਮ ਆਪ ਵਡਿਆਇੰਦਾ। ਸਤਿ ਪੁਰਖ ਨਿਰੰਜਣ ਸੋਭਾਵੰਤ, ਹਰਿ ਮਹਿਮਾ ਕਹਿਣ ਨਾ ਜਾਈਆ। ਆਦਿ ਜੁਗਾਦੀ ਏਕਾ ਕੰਤ, ਲੱਖ ਚੁਰਾਸੀ ਲਏ ਪਰਨਾਈਆ। ਲੇਖਾ ਜਾਣੇ ਸਾਚੇ ਸੰਤ, ਹਰਿ ਭਗਤਨ ਮਾਣ ਰਖਾਈਆ। ਗੁਰਮੁਖ ਬਣਾਏ ਆਪਣੇ ਸੁੱਤ, ਘਰ ਮੇਲਾ ਬੇਪਰਵਾਹੀਆ। ਗੁਰਸਿਖ ਉਪਜਾਏ ਵਿਚੋਂ ਜੀਵ ਜੰਤ, ਜਾਗਰਤ ਜੋਤ ਕਰ ਰੁਸ਼ਨਾਈਆ। ਜੁਗਾ ਜੁਗੰਤਰ ਸਾਚਾ ਕੰਤ, ਵੇਦ ਕਤੇਬ ਰਹੇ ਜਸ ਗਾਈਆ। ਮਨਮੁੱਖਾਂ ਮਾਇਆ ਪਾਏ ਬੇਅੰਤ, ਆਪਣਾ ਪੜਦਾ ਆਪ ਰਖਾਈਆ। ਕਾਇਆ ਗੜ੍ਹ ਬਣਾਏ ਹਉਮੇ ਹੰਗਤ, ਜੂਠ ਝੂਠ ਕਰੇ ਕੁੜਮਾਈਆ। ਆਸਾ ਤ੍ਰਿਸ਼ਨਾ ਹੋਈ ਨੰਗਤ, ਹਉਮੇ ਰੋਗ ਵਿਚ ਟਿਕਾਈਆ। ਜਿਸ ਜਨ ਮੇਲੇ ਸਾਚੀ ਸੰਗਤ, ਕਾਇਆ ਚੋਲੀ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਨਿਰੰਜਣ ਆਪ ਅਖਵਾਈਆ। ਸਤਿ ਪੁਰਖ ਨਿਰੰਜਣ ਪੁਰਖ ਅਕਾਲਾ, ਏਕਾ ਰੰਗ ਸਮਾਇਆ। ਦੀਨਾਂ ਬੰਧਪ ਦੀਨ ਦਿਆਲਾ, ਜੁਗ ਜੁਗ ਆਪਣਾ ਵੇਸ ਵਟਾਇਆ। ਚਲੇ ਚਲਾਏ ਅਵੱਲੜੀ ਚਾਲਾ, ਚਾਲ ਨਿਰਾਲੀ ਇਕ ਰਖਾਇਆ। ਚਰਨ ਦਵਾਰ ਰਖਾਏ ਕਾਲ ਮਹਾਂਕਾਲਾ, ਹੁਕਮੀ ਹੁਕਮ ਆਪ ਸੁਣਾਇਆ। ਸ਼ਬਦ ਵਜਾਏ ਸਾਚਾ ਤਾਲਾ, ਲੋਆਂ ਪੁਰੀਆਂ ਆਪ ਅਲਾਇਆ। ਲੱਖ ਚੁਰਾਸੀ ਫਲ ਲਗਾਏ ਡਾਲਾ, ਆਪਣਾ ਮੇਵਾ ਵੇਖ ਵਖਾਇਆ। ਜਨ ਭਗਤਾਂ ਦੱਸੇ ਰਾਹ ਸੁਖਾਲਾ, ਆਤਮ ਅੰਤਰ ਏਕਾ ਬ੍ਰਹਮ ਗਿਆਨ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਨਿਰੰਜਣ ਸਤਿ ਸਤਿਵਾਦ, ਲੇਖਾ ਜਾਣੇ ਬ੍ਰਹਮ ਬ੍ਰਹਿਮਾਦ, ਆਦਿ ਜੁਗਾਦਿ ਆਪਣਾ ਲੇਖ ਆਪ ਮੁਕਾਇਆ। ਸਤਿ ਪੁਰਖ ਨਿਰੰਜਣ ਹਰਿ ਸਮਰਥ, ਦੂਸਰ ਅਵਰ ਨਾ ਕੋਈ ਜਣਾਈਆ। ਆਪ ਚਲਾਏ ਆਪਣਾ ਰਥ, ਵਡ ਰਥਵਾਹੀ ਬੇਪਰਵਾਹੀਆ। ਸ਼ਬਦ ਜਣਾਏ ਮਹਿਮਾ ਅਕਥ, ਲੇਖਾ ਲਿਖ ਨਾ ਸਕੇ ਕੋਈ ਰਾਈਆ। ਲੱਖ ਚੁਰਾਸੀ ਪਾਏ ਨੱਥ, ਸ਼ਬਦੀ ਡੋਰੀ ਹੱਥ ਰਖਾਈਆ। ਜਨ ਭਗਤਾਂ ਦੇਵੇ ਏਕਾ ਵੱਥ, ਨਾਮ ਸਤਿ ਝੋਲੀ ਪਾਈਆ। ਸਗਲ ਵਸੂਰੇ ਜਾਇਣ ਲੱਥ, ਜੋ ਜਨ ਹਰਿ ਹਰਿ ਦਰਸ਼ਨ ਪਾਈਆ। ਵਸਣਹਾਰਾ ਸਦਾ ਜਗਤ, ਨਿਰਗੁਣ ਸਰਗੁਣ ਰੂਪ ਵਟਾਈਆ। ਲੇਖਾ ਜਾਣੇ ਤੀਰਥ ਅਠਸਠ, ਸਰ ਸਰੋਵਰ ਫੋਲ ਵਖਾਈਆ। ਚੌਦਾਂ ਲੋਕ ਵਖਾਏ ਏਕਾ ਹੱਟ, ਵਡ ਦਾਤਾ ਬੇਪਰਵਾਹੀਆ। ਹਰਿਜਨ ਭਾਗ ਲਗਾਏ ਕਾਇਆ ਮੱਟ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਦੁਰਮਤ ਮੈਲ ਦੇਵੇ ਕੱਟ, ਸਤਿਗੁਰ ਪੂਰਾ ਵਡ ਵਡਿਆਈਆ। ਮਨ ਮਨੂਆ ਖੇਲੇ ਖੇਲ ਬਾਜੀਗਰ ਨਟ, ਮਤ ਮਤਵਾਲੀ ਰਹੀ ਕੁਰਲਾਈਆ। ਬੁੱਧ ਬਿਬੇਕ ਕਰੇ ਝੱਟ, ਜਿਸ ਸਿਰ ਆਪਣਾ ਹੱਥ ਟਿਕਾਈਆ। ਦੂਈ ਦਵੈਤੀ ਮੇਟੇ ਫਟ, ਤੀਰ ਨਿਰਾਲਾ ਏਕਾ ਲਾਈਆ। ਹੰਕਾਰੀ ਬੁਰਜ ਜਾਏ ਢੱਠ, ਪੁਰਖ ਅਬਿਨਾਸ਼ੀ ਆਪੇ ਢਾਈਆ। ਕਾਇਆ ਗੇੜੇ ਉਲਟੀ ਲੱਠ, ਆਪਣਾ ਗੇੜਾ ਆਪ ਦਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟ ਘਟ ਅੰਦਰ ਆਪੇ ਵੜ, ਘਰ ਘਰ ਵਿਚ ਆਸਣ ਲਾਈਆ। ਘਰ ਵਿਚ ਘਰ ਹਰਿ ਜੀ ਵੜਿਆ, ਦਿਸ ਕਿਸੇ ਨਾ ਆਇੰਦਾ। ਗੁਰਮੁਖ ਦਵਾਰੇ ਆਪੇ ਚੜ੍ਹਿਆ, ਆਪਣੀ ਬੂਝ ਆਪ ਬੁਝਾਇੰਦਾ। ਆਪਣੀ ਵਿਦਿਆ ਆਪੇ ਪੜ੍ਹਿਆ, ਹਰਿਜਨ ਸਾਚੇ ਆਪ ਪੜ੍ਹਾਇੰਦਾ। ਆਪੇ ਤੋੜੇ ਹੰਕਾਰੀ ਗੜਿਆ, ਪੰਚ ਵਿਕਾਰਾ ਮੇਟ ਮਿਟਾਇੰਦਾ। ਅਗਨੀ ਹਵਨ ਕਦੇ ਨਾ ਸੜਿਆ, ਮੜੀ ਗੋਰ ਨਾ ਕੋਇ ਦਬਾਇੰਦਾ। ਅੱਧਵਿਚਕਾਰ ਕਦੇ ਨਾ ਅੜਿਆ, ਪਾਰ ਕਿਨਾਰਾ ਇਕ ਵਖਾਇੰਦਾ। ਗੁਰਮੁਖ ਬੰਧਾਏ ਆਪਣੇ ਲੜਿਆ, ਏਕਾ ਪੱਲੂ ਹੱਥ ਉਠਾਇੰਦਾ। ਮਾਣਕ ਮੋਤੀ ਗੁਰਮੁਖ ਦਰ ਘਰ ਸਾਚੇ ਆਪੇ ਜੜਿਆ, ਆਪ ਆਪਣੀ ਸੇਵ ਕਮਾਇੰਦਾ। ਨਾ ਕੋਈ ਸੀਸ ਨਾ ਕੋਈ ਧੜਿਆ, ਸਤਿਗੁਰ ਪੂਰਾ ਨਾਉਂ ਧਰਾਇੰਦਾ। ਦਰ ਦਵਾਰੇ ਅੱਗੇ ਖੜਿਆ, ਹਰਿਜਨ ਆਤਮ ਬ੍ਰਹਮ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਨਿਰੰਜਣ ਇਕ ਅਤੀਤਾ, ਆਪੇ ਜਾਣੇ ਆਪਣੀ ਰੀਤਾ, ਜੁਗ ਜੁਗ ਆਪਣੀ ਕਾਰ ਕਰਾਇੰਦਾ। ਸਤਿ ਪੁਰਖ ਨਿਰੰਜਣ ਬੇਪਰਵਾਹ, ਏਕਾ ਰੰਗ ਸਮਾਇਆ। ਜੁਗ ਜੁਗ ਬਣੇ ਮਾਤ ਮਲਾਹ, ਲੋਕਮਾਤੀ ਵੇਸ ਵਟਾਇਆ। ਜਨ ਭਗਤਾਂ ਦੇਵੇ ਨਾਮ ਸਲਾਹ, ਏਕਾ ਮਾਰਗ ਦਏ ਵਖਾਇਆ। ਪਾਰ ਉਤਾਰੇ ਫੜ ਫੜ ਬਾਂਹ, ਸੇਵਕ ਸਾਚੀ ਸੇਵ ਕਮਾਇਆ। ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਧਾਮ ਸੁਹਾਇਆ। ਫੜ ਫੜ ਹੰਸ ਬਣਾਏ ਕਾਂ, ਸੋਹੰ ਮਾਣਕ ਮੋਤੀ ਚੋਗ ਚੁਗਾਇਆ। ਆਦਿ ਜੁਗਾਦਿ ਜੁਗਾ ਜੁਗੰਤ ਕਰੇ ਸਚ ਨਿਆਂ, ਲੇਖਾ ਆਪਣੇ ਹੱਥ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਨਿਰੰਜਣ ਏਕੋ ਦਾਤਾ, ਆਪੇ ਹੋਏ ਬ੍ਰਹਮ ਗਿਆਤਾ, ਪਾਰਬ੍ਰਹਮ ਵੇਸ ਧਰਾਇਆ। ਬ੍ਰਹਮ ਗਿਆਨਾ ਬ੍ਰਹਮ ਗਿਆਨ, ਆਪ ਆਪਣਾ ਸ਼ਬਦ ਜਣਾਈਆ। ਆਤਮ ਅੰਤਰ ਇਕ ਧਿਆਨ, ਲਿਵ ਆਤਮ ਇਕ ਵਖਾਈਆ। ਸਰ ਸਰੋਵਰ ਪੀਣ ਖਾਣ, ਤ੍ਰਿਸ਼ਨਾ ਭੁੱਖ ਗਵਾਈਆ। ਦਾਤਾ ਦਾਨੀ ਗੁਣ ਨਿਧਾਨ, ਇਛਿਆ ਭਿਛਿਆ ਝੋਲੀ ਪਾਈਆ । ਹੱਥ ਫੜਾਏ ਸ਼ਬਦ ਕਮਾਨ, ਰਸਨਾ ਜਿਹਵਾ ਤੀਰ ਚਲਾਈਆ। ਖਾਣੀ ਬਾਣੀ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਗੁਰਮੁਖ ਵਿਰਲਾ ਚਤੁਰ ਸੁਜਾਣ, ਜਿਸ ਜਨ ਆਪਣੀ ਬੂਝ ਬੁਝਾਈਆ। ਕਾਇਆ ਮੰਦਰ ਸਚ ਮਕਾਨ, ਹਰਿ ਮੰਦਰ ਆਪ ਸੁਹਾਈਆ। ਆਤਮ ਸੇਜਾ ਕਰ ਪਰਵਾਨ, ਸਤਿਗੁਰ ਪੂਰਾ ਵੇਖ ਵਖਾਈਆ। ਉਪਰ ਬੈਠ ਸ੍ਰੀ ਭਗਵਾਨ, ਤਖ਼ਤ ਤਾਜ ਇਕ ਸੁਹਾਈਆ। ਏਕਾ ਰਾਗ ਸੁਣਾਏ ਕਾਨ, ਅਨਹਦ ਸਾਚੀ ਸੇਵਾ ਲਾਈਆ। ਕਰੇ ਪਰਕਾਸ਼ ਕੋਟਨ ਭਾਨ, ਅੰਧ ਅੰਧੇਰ ਰਹਿਣ ਨਾ ਪਾਈਆ। ਸ਼ਬਦੀ ਦੇਵੇ ਸੁਰਤੀ ਦਾਨ, ਸੁਰਤ ਸਵਾਣੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਨਿਰੰਜਣ ਏਕੰਕਾਰ, ਆਦਿ ਜੁਗਾਦੀ ਸਾਚੀ ਕਰ, ਜੁਗ ਕਰਤਾ ਆਪ ਕਰਾਈਆ। ਸਤਿ ਪੁਰਖ ਨਿਰੰਜਣ ਗੁਣ ਨਿਧਾਨਾ, ਗੁਣ ਅਵਗੁਣ ਨਾ ਕੋਈ ਜਣਾਇੰਦਾ। ਪਰਮ ਪੁਰਖ ਸ੍ਰੀ ਭਗਵਾਨਾ, ਪਾਰਬ੍ਰਹਮ ਵੇਸ ਵਟਾਇੰਦਾ। ਜੁਗ ਜੁਗ ਖੇਲੇ ਖੇਲ ਮਹਾਨਾ, ਵੇਦ ਪੁਰਾਨ ਨਾ ਕੋਈ ਲਿਖਾਇੰਦਾ। ਬ੍ਰਹਮਾ ਵੇਖੇ ਨੇਤਰ ਕਰੇ ਧਿਆਨਾ, ਨਿਉਂ ਨਿਉਂ ਚਰਨ ਸੀਸ ਝੁਕਾਇੰਦਾ। ਵਿਸ਼ਨੂੰ ਮੰਗੇ ਏਕਾ ਦਾਨਾ, ਸਾਚੀ ਵਸਤ ਝੋਲੀ ਪਾਇੰਦਾ। ਸ਼ੰਕਰ ਮੰਨੇ ਸਤਿ ਸਤਿ ਭਾਨਾ, ਬਾਸ਼ਕ ਤਸ਼ਕ ਗਲੋਂ ਸੁਟਾਇੰਦਾ। ਸੁਰਪਤ ਰਾਜਾ ਇੰਦ ਹੋਏ ਹੈਰਾਨਾ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਕਰੋੜ ਤੇਤੀਸਾ ਮੰਗੇ ਇਕ ਨਿਸ਼ਾਨਾ, ਇਸ਼ਟ ਦੇਵ ਹਰਿ ਮਨਾਇੰਦਾ। ਲੱਖ ਚੁਰਾਸੀ ਜੀਵ ਨਾਦਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਨਿਰੰਜਣ ਸਾਚੀ ਕਾਰ, ਸਤਿ ਪੁਰਖ ਆਪ ਕਰਾਇੰਦਾ। ਸਤਿ ਪੁਰਖ ਨਿਰੰਜਣ ਯੋਗ, ਏਕਾ ਏਕ ਅਖਵਾਇਆ। ਜਨ ਭਗਤਾਂ ਮੇਲਾ ਧੁਰ ਸੰਜੋਗ, ਜੁਗ ਜੁਗ ਮੇਲ ਮਿਲਾਇਆ। ਆਪੇ ਕੱਟੇ ਹਉਮੇ ਰੋਗ, ਮਾਇਆ ਮਮਤਾ ਮੋਹ ਚੁਕਾਇਆ। ਏਕਾ ਸ਼ਬਦ ਵਖਾਏ ਸਾਚਾ ਜੋਗ, ਬਨ ਖੰਡ ਨਾ ਫੇਰਾ ਪਾਇਆ । ਰਸਨਾ ਚੁਗੇ ਸਾਚੀ ਚੋਗ, ਅੰਮ੍ਰਿਤ ਮੇਵਾ ਫਲ ਖਵਾਇਆ। ਜਗਤ ਨਾਤਾ ਤੁਟੇ ਵਿਜੋਗ, ਗੁਰ ਸ਼ਬਦੀ ਮੇਲ ਮਿਲਾਇਆ। ਆਤਮ ਸੇਜਾ ਭੋਗੇ ਭੋਗ, ਦੂਜੀ ਸੇਜ ਨਾ ਕੋਈ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਨਿਰੰਜਣ ਸਾਚਾ ਮੀਤਾ, ਇਕ ਅਤੀਤਾ ਨਾਉਂ ਧਰਾਇੰਦਾ। ਸਤਿ ਪੁਰਖ ਨਿਰੰਜਣ ਮੀਤ ਮੁਰਾਰ, ਏਕਾ ਧਾਮ ਸੁਹਾਇੰਦਾ। ਆਪੇ ਵਸੇ ਸਚਖੰਡ ਦਵਾਰ, ਚਾਰ ਦਵਾਰ ਨਾ ਕੋਈ ਬਣਾਇੰਦਾ। ਛੱਪਰ ਛੰਨ ਨਾ ਕੋਈ ਸਹਾਰ, ਆਪ ਆਪਣੀ ਰਚਨ ਰਚਾਇੰਦਾ। ਰਵ ਸਸ ਨਾ ਕੋਈ ਸਤਾਰ, ਮੰਡਲ ਮੰਡਪ ਨਾ ਕੋਈ ਵਖਾਇੰਦਾ। ਜ਼ਿਮੀਂ ਅਸਮਾਨ ਨਾ ਕੋਈ ਧਾਰ, ਰਚਨ ਰਚਾਇੰਦਾ। ਤ੍ਰੈਗੁਣ ਮਾਇਆ ਨਾ ਕੋਈ ਪਸਾਰ, ਪੰਜ ਤਤ ਨਾ ਕੋਈ ਬੰਧਾਇੰਦਾ। ਗੁਰ ਪੀਰ ਨਾ ਕੋਈ ਅਵਤਾਰ, ਸਾਧ ਸੰਤ ਨਾ ਕੋਈ ਅਖਵਾਇੰਦਾ। ਜਲ ਬਿੰਬ ਨਾ ਕੋਈ ਧਾਰ, ਛਹਿਬਰ ਧਾਰ ਨਾ ਕੋਈ ਵਹਾਇੰਦਾ । ਤੀਰਥ ਤੱਟ ਨਾ ਕੋਈ ਕਿਨਾਰ, ਅਠਸਠ ਨਾ ਭੇਖ ਵਟਾਇੰਦਾ। ਸ਼ਬਦ ਧੁਨ ਨਾ ਕੋਈ ਜੈਕਾਰ, ਰਾਗ ਨਾਦ ਨਾ ਕੋਇ ਸੁਣਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਉਜਿਆਰ, ਨਿਰਗੁਣ ਸਰਗੁਣ ਭੇਖ ਨਾ ਕੋਇ ਵਟਾਇੰਦਾ। ਕਾਗਦ ਕਲਮ ਨਾ ਲਿਖਣਹਾਰ, ਮਸ ਸਿਆਹੀ ਸੱਤ ਸਮੁੰਦਰ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਨਿਰੰਜਣ ਏਕਾ ਦਾਤਾ, ਆਪਣੀ ਵਸਤ ਆਪ ਉਪਾਇੰਦਾ। ਆਪੇ ਨਿਰਗੁਣ ਹਰਿ ਗੋਬਿੰਦ, ਦਰ ਘਰ ਸਾਚੇ ਸੋਭਾ ਪਾਇੰਦਾ। ਆਪੇ ਮੇਟੇ ਸਗਲੀ ਚਿੰਦ, ਸਾਂਤਕ ਸਤਿ ਸਤਿ ਵਰਤਾਇੰਦਾ। ਦਾਤਾ ਦਾਨੀ ਗਹਿਰ ਗੰਭੀਰ ਗੁਣੀ ਗਹਿੰਦ, ਸਤਿਗੁਰ ਆਪਣਾ ਨਾਉਂ ਰਖਾਇੰਦਾ। ਪਾਰਬ੍ਰਹਮ ਪ੍ਰਭ ਉਪਜਾਏ ਆਪਣੀ ਬਿੰਦ, ਆਪ ਆਪਣਾ ਅੰਗ ਕਟਾਇੰਦਾ। ਆਪੇ ਧਾਰ ਵਹਾਏ ਅੰਮ੍ਰਿਤ ਸਾਗਰ ਸਿੰਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਸਤਿ ਪੁਰਖ ਨਿਰੰਜਣ ਸਚ ਦੁਆਰਾ, ਥਿਰ ਘਰ ਸਾਚਾ ਆਪ ਸੁਹਾਈਆ। ਅਲੱਖ ਨਿਰੰਜਣ ਬੋਲ ਜੈਕਾਰਾ, ਆਪਣੀ ਅਲੱਖ ਆਪ ਜਗਾਈਆ। ਆਪੇ ਮੰਗੇ ਬਣ ਭਿਖਾਰਾ, ਆਪਣੀ ਅਲਫ਼ੀ ਗਲ ਹੰਢਾਈਆ। ਆਪੇ ਬਣੇ ਸਚ ਸਿਕਦਾਰਾ, ਸਾਚਾ ਤਖ਼ਤ ਸੁਹਾਈਆ। ਆਪੇ ਹੋਏ ਚੋਬਦਾਰਾ, ਨਿਉਂ ਨਿਉਂ ਆਪਣਾ ਸੀਸ ਆਪ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਨਿਰੰਜਣ ਆਪਣੀ ਖੇਲ ਆਪ ਖਿਲਾਈਆ। ਸਤਿ ਪੁਰਖ ਨਿਰੰਜਣ ਸਚ ਦਰਵਾਜਾ, ਸਚਖੰਡ ਦੁਆਰੇ ਆਪ ਖੁਲ੍ਹਾਇੰਦਾ। ਅਲੱਖ ਅਗੋਚਰ ਗ਼ਰੀਬ ਨਿਵਾਜ਼ਾ, ਆਪ ਆਪਣੀ ਕਲ ਵਰਤਾਇੰਦਾ। ਹਰਿ ਮੰਦਰ ਬਹਿ ਬਹਿ ਮਾਰੇ ਵਾਜਾ, ਆਪਣਾ ਮੰਦਰ ਆਪ ਸੁਹਾਇੰਦਾ। ਆਪੇ ਰਚੇ ਆਪਣਾ ਕਾਜਾ, ਨਿਰਗੁਣ ਨਿਰਗੁਣ ਖੇਲ ਖਿਲਾਇੰਦਾ। ਸ਼ਬਦ ਸੁਣਾਏ ਅਨਹਦ ਵਾਜਾ, ਆਪ ਆਪਣਾ ਰਾਗ ਸੁਣਾਇੰਦਾ। ਆਪ ਚਲਾਏ ਸਚ ਜਹਾਜਾ, ਆਪਣੀ ਸੇਵਾ ਆਪ ਕਮਾਇੰਦਾ। ਆਪੇ ਅਸਵ ਰੱਖੇ ਤਾਜਾ, ਆਸਣ ਸਿੰਘਾਸਣ ਆਪ ਸੁਹਾਇੰਦਾ। ਆਪੇ ਲੋਆਂ ਪੁਰੀਆਂ ਫਿਰੇ ਭਾਜਾ, ਮੰਡਲ ਮੰਡਪ ਆਪੇ ਰਾਸ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਸੁਹਾਇੰਦਾ। ਸਚਖੰਡ ਦੁਆਰ ਹਰਿ ਨਿਰੰਕਾਰ, ਆਪਣਾ ਆਪ ਸੁਹਾਈਆ। ਸ਼ਾਹੋ ਭੂਪ ਵਡ ਸਿਕਦਾਰ, ਸ਼ਾਹ ਸੁਲਤਾਨਾ ਨਾਉਂ ਧਰਾਈਆ। ਕਲਗੀ ਤੋੜਾ ਸੀਸ ਦਸਤਾਰ, ਹਰਿ ਜਗਦੀਸ਼ ਆਪ ਟਿਕਾਈਆ। ਜੋਤੀ ਸ਼ਬਦੀ ਜੋਤ ਕਰ ਤਿਆਰ, ਲੋਕਮਾਤ ਵੇਖ ਵਖਾਈਆ। ਸੱਸੇ ਉਪਰ ਹੋੜਾ ਨਿਰਗੁਣ ਸਰਗੁਣ ਬਣੇ ਧਾਰ, ਹੰ ਬ੍ਰਹਮ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂ, ਏਕਾ ਤੱਤਵ ਰੰਗ ਰੰਗਾਈਆ। ਤਤਵ ਤਤ ਰੰਗ ਰੰਗਾਇਆ, ਕੰਚਨ ਗੜ੍ਹ ਸੁਹਾਇੰਦਾ। ਪੁਰਖ ਅਬਿਨਾਸ਼ੀ ਖੇਲ ਖਿਲਾਇਆ, ਹਰਿਜਨ ਸਾਚੇ ਆਪ ਉਪਜਾਇੰਦਾ। ਤ੍ਰੈਗੁਣ ਬੰਧਨ ਫੰਦ ਕਟਾਇਆ, ਸਾਚੀ ਸਿਖਿਆ ਸਿਖ ਸਮਝਾਇੰਦਾ। ਸਤਿ ਸਰੂਪੀ ਚੰਦ ਚੜ੍ਹਾਇਆ, ਦੀਪਕ ਭਾਨ ਇਕ ਪਰਕਾਸ਼ ਕਰਾਇੰਦਾ। ਪਰਮਾਨੰਦ ਆਪ ਰਖਾਇਆ, ਨਿਝ ਆਤਮ ਰਸ ਚੁਆਇੰਦਾ। ਦੂਈ ਦਵੈਤੀ ਪਰਦਾ ਲਾਹਿਆ, ਮਨ ਬੰਦਰ ਬੰਨ ਵਖਾਇੰਦਾ। ਸ਼ਬਦ ਕਲੰਦਰ ਡੋਰੀ ਹੱਥ ਰਖਾਇਆ, ਘਰ ਆਪਣੇ ਨਾਚ ਕਰਾਇੰਦਾ। ਸੁਹਾਗੀ ਛੰਦਨ ਏਕਾ ਗਾਇਆ, ਗੀਤ ਗੋਬਿੰਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਆਪ ਵਡਿਆਇੰਦਾ। ਘਰ ਸੱਚਾ ਹਰਿ ਵਡਿਆਈ, ਪਾਰਬ੍ਰਹਮ ਬ੍ਰਹਮ ਬੇਅੰਤਿਆ। ਘਰ ਵੱਡਾ ਕਰੇ ਸਤਿ ਕੁੜਮਾਈ, ਲੇਖਾ ਜਾਣੇ ਸਾਚੇ ਸੰਤਿਆ। ਹਰਿਜਨ ਵੱਜੇ ਸਚ ਵਧਾਈ, ਪਾਇਆ ਪੁਰਖ ਇਕ ਭਗਵੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਦਿ ਅੰਤਿਆ। ਆਦਿਨ ਅੰਤਾ ਹਰਿ ਭਗਵੰਤਾ, ਏਕਾ ਰੰਗ ਸਮਾਇਆ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਆਪਣਾ ਵੇਸ ਵਟਾਇਆ। ਆਪੇ ਭੁੱਖਾ ਆਪੇ ਨੰਗਤਾ, ਸ਼ਾਹੋ ਭੂਪ ਆਪਣਾ ਨਾਉਂ ਧਰਾਇਆ। ਆਪੇ ਦਰ ਦਰ ਫਿਰੇ ਮੰਗਤਾ, ਘਰ ਘਰ ਆਪਣਾ ਨਾਮ ਆਪਣੇ ਹੱਟ ਵਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਚਾਲ ਚਲਾਇਆ । ਚਾਲ ਅਵੱਲੀ ਜੋਤ ਅਕਾਲੀ, ਆਪਣੀ ਆਪ ਚਲਾਇੰਦਾ। ਦੋ ਜਹਾਨਾਂ ਸਾਚਾ ਵਾਲੀ, ਲੱਖ ਚੁਰਾਸੀ ਬੂਟਾ ਵੇਖ ਵਖਾਇੰਦਾ। ਦਿਵਸ ਰੈਣ ਬਣਿਆ ਰਹੇ ਪਾਲੀ, ਹਰਿਜਨ ਸਾਚੀ ਸੇਵ ਕਮਾਇੰਦਾ। ਮੇਟੇ ਰੈਣ ਅੰਧੇਰੀ ਕਾਲੀ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਤੋੜਣਹਾਰਾ ਮਾਇਆ ਮਮਤਾ ਜਗਤ ਜੰਜਾਲੀ, ਜਾਗਰਤ ਜੋਤ ਇਕ ਜਗਾਇੰਦਾ। ਆਪਣੇ ਹੱਥ ਰੱਖੇ ਖਾਲੀ, ਗੁਰਮੁਖ ਸਚ ਭੰਡਾਰਾ ਨਾਮ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੇ ਵੇਸ ਵਟਾਇੰਦਾ। ਜੁਗ ਜੁਗ ਖੇਲ ਅਵੱਲੜਾ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਦੋ ਜਹਾਨਾਂ ਇਕ ਇਕੱਲੜਾ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਜਨ ਭਗਤਾਂ ਦਰ ਦਵਾਰੇ ਅੱਗੇ ਖਲੜਾ, ਸਵਛ ਸਰੂਪੀ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਬੰਨ੍ਹੇ ਧਾਰ, ਇਕ ਇਕੱਲਾ ਏਕੰਕਾਰ, ਲੱਖ ਚੁਰਾਸੀ ਦਏ ਆਧਾਰ, ਏਕਾ ਅੱਖਰ ਸ਼ਬਦ ਪੜ੍ਹਾਇੰਦਾ। ਏਕਾ ਅੱਖਰ ਜਗਤ ਵੱਖਰ, ਹਰਿ ਪੁਰਖ ਨਿਰੰਜਣ ਆਪ ਪੜ੍ਹਾਇੰਦਾ। ਜਨ ਭਗਤਾਂ ਬਜ਼ਰ ਕਪਾਟੀ ਤੋੜੇ ਜੰਦਰ, ਦੂਜੀ ਸਿਲਾ ਆਪ ਉਠਾਇੰਦਾ। ਪੰਜ ਵਿਕਾਰਾ ਕਰੇ ਸੱਥਰ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਹੱਥ ਰਖਾਇੰਦਾ। ਸਾਚੀ ਵਸਤ ਹੱਥ ਕਰਤਾਰ, ਆਦਿ ਜੁਗਾਦਿ ਰਖਾਇਆ। ਜਨ ਭਗਤਾਂ ਦੇਵੇ ਕਰ ਪਿਆਰ, ਦੂਸਰ ਹੱਟ ਨਾ ਕਿਸੇ ਵਿਕਾਇਆ। ਸੰਤਨ ਭਰੇ ਨਾਮ ਭੰਡਾਰ, ਅਤੋਟ ਅਤੁਟ ਰਖਾਈਆ। ਗੁਰਸਿਖ ਸੱਜਣ ਜਾਏ ਤਾਰ, ਕਰ ਕਿਰਪਾ ਬੇਪਰਵਾਹੀਆ। ਗੁਰਸਿਖਾਂ ਬਖ਼ਸ਼ੇ ਚਰਨ ਪਿਆਰ, ਸਾਚਾ ਨਾਤਾ ਜੋੜ ਜੁੜਾਈਆ। ਦਰਗਹਿ ਸਾਚੀ ਪਾਵੇ ਸਾਰ, ਆਪ ਆਪਣਾ ਦਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲੇਖਾ ਲੇਖ ਜਣਾਈਆ। ਸਤਿਜੁਗ ਲੇਖਾ ਲਿਖਿਆ, ਤ੍ਰੇਤਾ ਬਣੇ ਧਾਰ। ਦੁਆਪਰ ਪੈਂਡਾ ਮੁੱਕਿਆ, ਕਲਜੁਗ ਆਈ ਹਾਰ। ਅਠਸਠ ਤੀਰਥ ਸੁੱਕਿਆ, ਅੰਮ੍ਰਿਤ ਮਿਲੇ ਨਾ ਜਲ, ਸਾਚੇ ਘਰ ਨਾ ਕੋਈ ਵਿਚਾਰ। ਸਾਧ ਸੰਤ ਦਰ ਦਰ ਫਿਰੇ ਲੁਕਿਆ, ਊਚੀ ਕੂਕ ਨਾ ਕਰੇ ਪੁਕਾਰ। ਅੰਮ੍ਰਿਤ ਸੋਮਾ ਕਦੇ ਨਾ ਫੁੱਟਿਆ, ਨਾਮ ਪਏ ਨਾ ਸਚ ਫੁਹਾਰ। ਤੀਰ ਨਿਰਾਲਾ ਕਦੇ ਨਾ ਛੁੱਟਿਆ, ਮਿਲੇ ਮੇਲ ਨਾ ਗੋਬਿੰਦ ਯਾਰ। ਅੰਮ੍ਰਿਤ ਪੀਤਾ ਕਿਸੇ ਨਾ ਘੁੱਟਿਆ, ਖੁਲ੍ਹੇ ਬੰਦ ਨਾ ਕੋਈ ਕਿਵਾੜ। ਹਰਿ ਕਾ ਨਾਮ ਕਿਸੇ ਨਾ ਲਾਹਾ ਲੁੱਟਿਆ, ਲੱਖ ਚੁਰਾਸੀ ਝੱਖ ਰਹੀ ਮਾਰ। ਗੁਰਮੁਖ ਵਿਰਲੇ ਉਪਰ ਪਾਰਬ੍ਰਹਮ ਅਬਿਨਾਸ਼ੀ ਆਪੇ ਤੁੱਠਿਆ, ਆਪੇ ਦੇਵੇ ਨਾਮ ਅਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ। ਅਗੰਮ ਅਪਾਰਾ ਹਰਿ ਨਿਰੰਕਾਰਾ, ਨਿਰਗੁਣ ਰੂਪ ਸਮਾਇਆ। ਆਦਿ ਜੁਗਾਦੀ ਇਕ ਅਵਤਾਰਾ, ਇਕ ਗੁਰ ਅਖਵਾਇਆ। ਸ਼ਬਦ ਸਰੂਪੀ ਸਚ ਭੰਡਾਰਾ, ਹਰਿ ਸਾਚਾ ਸਚ ਵਰਤਾਇਆ। ਸੋ ਪੁਰਖ ਨਿਰੰਜਣ ਬੋਲ ਜੈਕਾਰਾ, ਹੰ ਬ੍ਰਹਮ ਲਏ ਜਗਾਇਆ। ਦੋਹਾਂ ਵਿਚੋਲਾ ਬਣ ਸੰਸਾਰਾ, ਏਕਾ ਰੰਗ ਰੰਗਾਇਆ। ਏਕਾ ਢੋਲਾ ਗਾਏ ਆਪਣੀ ਵਾਰਾ, ਆਪ ਆਪਣਾ ਰਾਗ ਜਣਾਇਆ। ਸਾਚਾ ਤੋਲਾ ਬੇਐਬ ਪਰਵਰਦਿਗਾਰਾ, ਚੌਦਾਂ ਲੋਕਾਂ ਲਏ ਤੁਲਾਇਆ। ਚੌਦਾਂ ਤਬਕਾਂ ਦਏ ਹੁਲਾਰਾ, ਸੰਗ ਮੁਹੰਮਦ ਵੇਖ ਵਖਾਇਆ। ਚਾਰ ਯਾਰੀ ਕਰੇ ਪੁਕਾਰਾ, ਅੱਲਾ ਹੂ ਹੂ ਨਾਅਰਾ ਲਾਇਆ। ਐਨਲਹੱਕ ਕੱਢੇ ਹਾੜਾ, ਮੁਕਾਮੇ ਹੱਕ ਰਾਹ ਤਕਾਇਆ। ਪੁਰਖ ਅਬਿਨਾਸ਼ੀ ਖੇਲ ਨਿਆਰਾ, ਨੂਰ ਇਲਾਹੀ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਲੇਖਾ ਆਪ ਸਮਝਾਇਆ। ਸਾਚਾ ਲੇਖਾ ਨੂਰ ਨੁਰਾਨਾ, ਹਰਿ ਸਾਚਾ ਸਚ ਸਮਝਾਇੰਦਾ। ਬੇਐਬ ਨੁਰਾਨੀ ਖੇਲ ਮਹਾਨਾ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਉਮਤ ਉਮਤੀ ਬੰਨ੍ਹੇ ਗਾਨਾ, ਸਾਚਾ ਸਗਨ ਮਨਾਇੰਦਾ। ਕਲਮਾ ਅਮਾਮ ਇਕ ਵਖਾਨਾ, ਕਾਇਨਾਤ ਆਪ ਜਣਾਇੰਦਾ। ਪੀਰ ਦਸਤਗੀਰ ਪੀਰ ਕਰੇ ਪਰਵਾਨਾ, ਮੁਲਾਂ ਸ਼ੇਖ਼ ਮੁਸਾਇਕ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਆਪਣੀ ਧਾਰ ਚਲਾਇੰਦਾ। ਮੁਲਾ ਸ਼ੇਖ਼ ਮੁਸਾਇਕ ਪੀਰ, ਉਚੀ ਕੂਕਣ ਦੇਣ ਦੁਹਾਈਆ। ਹੱਥ ਨਾ ਆਏ ਦਸਤਗੀਰ, ਬੇਨਜ਼ੀਰ ਰੂਪ ਵਟਾਈਆ। ਨਾ ਕੋਈ ਮੇਟੇ ਤਕਦੀਰ, ਤਕਸੀਰ ਤਦਬੀਰ ਨਾ ਕੋਈ ਵਖਾਈਆ। ਚਾਰੋਂ ਕੁੰਟ ਵੱਜਾ ਜ਼ੰਜੀਰ, ਅਲਾ ਰਾਣੀ ਰਹੀ ਕੁਰਲਾਈਆ। ਪੁਰਖ ਅਬਿਨਾਸ਼ੀ ਵਡ ਪੀਰਨ ਪੀਰ, ਆਪਣੀ ਖੇਲ ਰਿਹਾ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਬੇਪਰਵਾਹ ਅੱਲਾ ਅਲਾਹ, ਏਕਾ ਹੁਕਮ ਸੁਣਾਇੰਦਾ। ਨੂਰੋ ਨੂਰ ਬਣ ਮਲਾਹ, ਨੂਰ ਨੁਰਾਨਾ ਡਗਮਗਾਇੰਦਾ। ਏਕਾ ਕਲਮਾ ਸਿਫ਼ਤ ਸਲਾਹ, ਸਚ ਸਲਾਹੀ ਆਪ ਸਲਾਹਿੰਦਾ। ਆਪੇ ਵੇਖੇ ਆਪਣਾ ਥਾਂ, ਜ਼ਿਮੀ ਅਸਮਾਨਾਂ ਫੋਲ ਫੁਲਾਇੰਦਾ। ਮੱਕਾ ਕਾਅਬਾ ਫੇਰਾ ਪਾ, ਦੋ ਦੋ ਆਬਾ ਹੱਜ ਵਖਾਇੰਦਾ। ਹੱਕ ਜਨਾਬਾ ਆਪ ਅਖਵਾ, ਸਚ ਨਵਾਬਾ ਰੂਪ ਵਟਾਇੰਦਾ। ਬੇਆਬਾ ਵੇਖੇ ਥਾਉਂ ਥਾਂ, ਨੂਰੀ ਤਾਬ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਜਾਏ ਸਚ ਰਬਾਬਾ, ਅਹਿਬਾਬ ਸਤਾਰ ਆਪ ਵਖਾਇੰਦਾ। ਸਚ ਸਤਾਰ ਸ਼ਬਦ ਧੁਨਕਾਰ, ਹਰਿ ਸਾਚਾ ਆਪ ਸੁਣਾਈਆ। ਦੋ ਜਹਾਨਾ ਨੌਜਵਾਨਾ ਸ੍ਰੀ ਭਗਵਾਨ ਪਾਏ ਸਾਰ, ਸਚ ਨਿਸ਼ਾਨਾ ਇਕ ਵਖਾਈਆ। ਗੋਪੀ ਕਾਹਨਾ ਮੀਤ ਮੁਰਾਰ, ਮੰਡਲ ਰਾਸ ਇਕ ਵਖਾਈਆ। ਸੀਤਾ ਰਾਮ ਕਰ ਪਰਨਾਮ, ਆਪਣਾ ਕਾਮ ਆਪ ਕਰਾਈਆ। ਜਨ ਭਗਤਨ ਦੇਵੇ ਅੰਮ੍ਰਿਤ ਜਾਮ, ਆਬੇਹਯਾਤ ਆਪ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪੇ ਮੇਟੇ ਕੂੜ ਪਸਾਰ, ਤੋੜਣਹਾਰਾ ਗੜ੍ਹ ਹੰਕਾਰ, ਝੂਠਾ ਗੜ੍ਹ ਰਹਿਣ ਨਾ ਪਾਈਆ। ਝੂਠਾ ਗੜ੍ਹ ਜਾਣਾ ਤੁੱਟ, ਹਰਿ ਸਾਚਾ ਆਪ ਤੁੜਾਇੰਦਾ। ਲੱਖ ਚੁਰਾਸੀ ਨਾਤਾ ਜਾਏ ਛੁੱਟ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਕਲਜੁਗ ਲੋਕਮਾਤ ਵਿਚੋਂ ਕੱਢੇ ਕੁੱਟ, ਥਿਰ ਕੋਇ ਰਹਿਣ ਨਾ ਪਾਇੰਦਾ। ਗੁਰ ਤੀਰ ਨਿਰਾਲਾ ਰਿਹਾ ਛੁੱਟ, ਸਾਚਾ ਚਿੱਲਾ ਹੱਥ ਉਠਾਇੰਦਾ। ਝੂਠੀ ਸ਼ਾਹੀ ਜੜ੍ਹ ਦੇਵੇ ਪੁੱਟ, ਆਪਣੀ ਸੇਵਾ ਆਪ ਕਮਾਇੰਦਾ। ਘਰ ਘਰ ਅੰਦਰ ਦਿਸੇ ਫੁੱਟ, ਭੈਣ ਭਾਈ ਨਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਕਾਲੀ ਧਾਰ, ਚਾਰੋਂ ਕੁੰਟ ਕਰੇ ਖਵਾਰ, ਸਾਚਾ ਪਿਆਰ ਨਾ ਕੋਈ ਕਰਾਇੰਦਾ। ਸਾਚਾ ਪਿਆਰ ਨਾ ਸੱਜਣ ਮੀਤ, ਮਾਤ ਪਿਤ ਭੈਣ ਭਾਈ ਨਾ ਕੋਈ ਸਖਾਈਆ। ਕਲਜੁਗ ਚਲਾਈ ਆਪਣੀ ਰੀਤ, ਮੰਦਰ ਮਸੀਤ ਦੇਣ ਗਵਾਹੀਆ। ਸਾਧਾਂ ਸੰਤਾਂ ਕਾਇਆ ਹੋਏ ਨਾ ਠਾਂਡੀ ਸੀਤ, ਅਗਨੀ ਅੱਗ ਨਾ ਕੋਈ ਬੁਝਾਈਆ। ਤੀਰਥ ਤੱਟਾਂ ਪਰਖੇ ਨੀਤ, ਗੰਗਾ ਗੋਦਾਵਰੀ ਸੁਰਸਤੀ ਜਮਨਾ ਨੈਣ ਸ਼ਰਮਾਈਆ। ਹਰਿ ਜੂ ਹਰਿ ਘਟ ਹਰਿ ਮੰਦਰ ਵਸਿਆ ਦਿਸੇ ਨਾ ਵਿਚ ਕਲਬੂਤ, ਠਗੌਰੀ ਰਿਹਾ ਪਾਈਆ। ਨਾ ਗਾਏ ਗੋਬਿੰਦ ਗੀਤ, ਰਸਨਾ ਜਿਹਵਾ ਹੋਈ ਹਲਕਾਈਆ। ਸਤਿਗੁਰ ਪੂਰਾ ਕਾਇਆ ਅੰਦਰ ਸੁੱਤਾ ਦੇ ਕਰ ਪੀਠ, ਆਪਣੀ ਕਰਵਟ ਲਏ ਬਦਲਾਈਆ । ਹਰਿਜਨ ਵਿਰਲਾ ਮਾਨਸ ਜਨਮ ਰਿਹਾ ਜੀਤ, ਜਿਸ ਆਪਣੀ ਬੂਝ ਬੁਝਾਈਆ। ਮਿਲਿਆ ਨਾਮ ਧਾਮ ਅਨਡੀਠ, ਦਿਸ ਕਿਸੇ ਨਾ ਆਈਆ। ਏਕਾ ਰੰਗ ਵਖਾਏ ਹਸਤ ਕੀਟ, ਊਚ ਨੀਚ ਭੇਵ ਚੁਕਾਈਆ। ਸਦੀ ਚੌਧਵੀਂ ਰਹੀ ਬੀਤ, ਸੰਗ ਮੁਹੰਮਦ ਰਿਹਾ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਉਠਾਈਆ। ਗੁਰਮੁਖ ਆਪ ਉਠਾਵਣਾ, ਕਰ ਕਿਰਪਾ ਅਪਰ ਅਪਾਰ। ਘਰ ਦੀਪਕ ਇਕ ਜਗਾਵਣਾ, ਨਿਰਗੁਣ ਜੋਤ ਕਰ ਉਜਿਆਰ। ਅੰਮ੍ਰਿਤ ਸਾਚਾ ਜਾਮ ਪਿਆਵਣਾ, ਦਿਵਸ ਰੈਣ ਰੱਖੇ ਠੰਡਾ ਠਾਰ। ਗੀਤ ਸੁਹਾਗੀ ਇਕ ਸੁਣਾਵਣਾ, ਅਨਹਦ ਸ਼ਬਦ ਬੋਲ ਜੈਕਾਰ। ਆਤਮ ਸੇਜਾ ਸਚ ਸੁਹਾਵਣਾ, ਆਪ ਆਪਣਾ ਕਰ ਪਿਆਰ। ਸੁਰਤ ਸਵਾਣੀ ਮੇਲ ਮਿਲਾਵਣਾ, ਸ਼ਬਦ ਹਾਣੀ ਖ਼ਬਰਦਾਰ। ਸਚ ਸਵਾਣੀ ਸੰਗ ਨਿਭਾਵਣਾ, ਕੰਤ ਕੰਤੂਹਲ ਕਰੇ ਪਿਆਰ। ਅੰਮ੍ਰਿਤ ਸੀਰ ਮਿੱਠਾ ਇਕ ਬਰਸਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬਖ਼ਸ਼ੇ ਨਿਝਰ ਧਾਰ। ਨਿਝਰ ਧਾਰ ਅੰਮ੍ਰਿਤ ਰਸ, ਗੁਰਮੁਖਾਂ ਆਪ ਪਿਆਈਆ। ਹਿਰਦੇ ਅੰਦਰ ਵਸ ਵਸ, ਹਰਿ ਆਪਣਾ ਰੂਪ ਦਰਸਾਈਆ। ਏਕਾ ਮਾਰਗ ਦੱਸ ਦੱਸ, ਝੂਠਾ ਨਾਤਾ ਤੋੜ ਤੁੜਾਈਆ। ਤੀਰ ਨਿਰਾਲਾ ਮਾਰੇ ਕਸ, ਤਿੱਖੀ ਮੁਖੀ ਆਪ ਭਵਾਈਆ। ਜਗਤ ਵਿਕਾਰਾ ਦੇਵੇ ਝੱਸ, ਸ਼ਬਦੀ ਸ਼ਬਦ ਦਬਾਈਆ। ਤ੍ਰੈਗੁਣ ਮਾਇਆ ਨਾ ਡੱਸੇ ਡਸ, ਨਾਗ ਨਾਗਨੀ ਮੁਖ ਭਵਾਈਆ। ਹਰਿਜਨ ਮੇਲੇ ਹੱਸ ਹੱਸ, ਘਰ ਸਾਚੇ ਕਰ ਕੁੜਮਾਈਆ। ਮਨਮੁਖ ਦਰ ਤੋਂ ਜਾਇਣ ਨੱਸ, ਹਰਿ ਕਾ ਸ਼ਬਦ ਨਾ ਰਸਨਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੰਤ ਸਾਜਣ ਵੇਖ ਵਖਾਈਆ। ਸੰਤ ਸਾਜਣ ਮੀਤੜਾ, ਗੁਰ ਸਤਿਗੁਰ ਵੇਖ ਵਖਾਇੰਦਾ। ਕਾਇਆ ਚੋਲੀ ਰੰਗੇ ਚੀਥੜਾ, ਲਾਲ ਗੁਲਾਲਾ ਰੰਗ ਵਖਾਇੰਦਾ। ਗੁਰਮੁਖ ਮਨਮੁਖ ਵੇਖੇ ਕੌੜਾ ਰੀਠੜਾ, ਘਟ ਘਟ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲੇਖ ਵਖਾਇੰਦਾ। ਹਰਿਜਨ ਲੇਖਾ ਚੁਕਿਆ, ਸਤਿਗੁਰ ਪੂਰਾ ਆਪ ਚੁਕਾਇੰਦਾ। ਚਾਰੋਂ ਕੁੰਟ ਰਹਿਣ ਨਾ ਦੇਵੇ ਕਿਤੇ ਲੁਕਿਆ, ਪੂਰਬ ਲਹਿਣਾ ਵੇਖ ਵਖਾਇੰਦਾ। ਸੰਤ ਸਤਿਗੁਰ ਬੂਟਾ ਕਦੇ ਨਾ ਸੁੱਕਿਆ, ਅੰਮ੍ਰਿਤ ਸਿੰਚ ਹਰਾ ਕਰਾਇੰਦਾ। ਕਲਜੁਗ ਵੇਲਾ ਅੰਤਮ ਢੁਕਿਆ, ਲੱਖ ਚੁਰਾਸੀ ਰੋ ਰੋ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪਣੀ ਗੋਦੀ ਚੁੱਕਿਆ, ਦਰਗਹਿ ਸਾਚੀ ਧਾਮ ਬਹਾਇੰਦਾ।
