੧੫ ਚੇਤ ੨੦੧੭ ਬਿਕ੍ਰਮੀ ਗਿਰਧਾਰਾ ਸਿੰਘ ਦੇ ਘਰ ਬੱਲੋਵਾਲ ਜ਼ਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਏਕਾ ਪਾਵਣਾ, ਆਦਿ ਜੁਗਾਦਿ ਸਮਾਏ। ਹਰਿ ਪੁਰਖ ਨਿਰੰਜਣ ਏਕਾ ਗਾਵਣਾ, ਅਗੰਮ ਅਗੰਮੜਾ ਅਗੰਮੜੀ ਕਾਰ ਕਰਾਏ। ਏਕਓਕੰਕਾਰਾ ਏਕ ਧਿਆਵਣਾ, ਨਾ ਮਰੇ ਨਾ ਜਾਏ। ਆਦਿ ਨਿਰੰਜਣ ਵੇਖ ਵਖਾਵਣਾ, ਜੋਤ ਸਰੂਪੀ ਡਗਮਗਾਏ। ਸ੍ਰੀ ਭਗਵਾਨ ਤਖ਼ਤ ਬਹਾਵਣਾ, ਸਚਖੰਡ ਵਾਸੀ ਬੇਪਰਵਾਹੇ। ਅਬਿਨਾਸ਼ੀ ਕਰਤਾ ਸੀਸ ਝੁਕਾਵਣਾ, ਦੂਸਰ ਇਸ਼ਟ ਨਾ ਕੋਈ ਮਨਾਏ। ਪਾਰਬ੍ਰਹਮ ਬ੍ਰਹਮ ਸਮਾਵਣਾ, ਏਕਾ ਦੂਜਾ ਭੌ ਚੁਕਾਏ। ਥਿਰ ਘਰ ਸਾਚੇ ਫੇਰਾ ਲਾਵਣਾ, ਮਹੱਲ ਅਟੱਲ ਇਕ ਵਖਾਏ। ਬ੍ਰਹਮਾ ਵਿਸ਼ਨ ਸ਼ਿਵ ਸੇਵ ਲਗਾਵਣਾ, ਹੁਕਮੀ ਹੁਕਮ ਆਪ ਸੁਣਾਏ। ਲੱਖ ਚੁਰਾਸੀ ਰੰਗ ਰੰਗਾਵਣਾ, ਆਪਣੇ ਭਾਂਡੇ ਆਪ ਘੜਾਏ। ਪੰਜ ਤਤ ਸਾਚਾ ਮੇਲ ਮਿਲਾਵਣਾ, ਤ੍ਰੈਗੁਣ ਏਕਾ ਬੰਧਨ ਪਾਏ। ਨੌ ਦੁਆਰੇ ਖੋਜ ਖੁਜਾਵਣਾ, ਬੰਕ ਦੁਆਰੀ ਵੇਖ ਵਖਾਏ। ਘਰ ਘਰ ਵਿਚ ਆਪ ਸੁਹਾਵਣਾ, ਹਰਿ ਸਾਚੀ ਰਚਨ ਰਚਾਏ। ਧੁਨ ਨਾਦੀ ਨਾਦ ਵਜਾਵਣਾ, ਬ੍ਰਹਮ ਬ੍ਰਹਿਮਾਦੀ ਆਪ ਅਲਾਏ। ਸਰ ਸਰੋਵਰ ਇਕ ਸੁਹਾਵਣਾ, ਅੰਮ੍ਰਿਤ ਆਤਮ ਜਲ ਭਰਾਏ। ਆਤਮ ਸੇਜਾ ਰੰਗ ਰੰਗਾਵਣਾ, ਆਪ ਆਪਣਾ ਵੇਸ ਧਰਾਏ। ਸਾਚਾ ਮਹੱਲ ਅਟੱਲ ਇਕ ਉਪਾਵਣਾ, ਦਸਮ ਦੁਆਰੀ ਸੋਭਾ ਪਾਏ। ਬਜ਼ਰ ਕਪਾਟੀ ਕੁੰਡਾ ਲਾਹਵਣਾ, ਦੂਈ ਦਵੈਤੀ ਮੇਟ ਮਿਟਾਏ। ਨਾਰੀ ਕੰਤ ਮੇਲ ਮਿਲਾਵਣਾ, ਸਾਚੀ ਸੇਜਾ ਸੋਭਾ ਪਾਏ। ਰਸ ਰਸਨਾ ਇਕ ਖਵਾਵਣਾ, ਰਸ ਰਸੀਆ ਆਪ ਚਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਏ। ਸੋ ਪੁਰਖ ਨਿਰੰਜਣ ਪੇਖਣਾ, ਏਕ ਨੈਣ ਖੁਲ੍ਹਾਏ। ਹਰਿ ਪੁਰਖ ਨਿਰੰਜਣ ਧਾਰੇ ਭੇਖਣਾ, ਰੂਪ ਅਨੂਪ ਆਪ ਵਟਾਏ। ਏਕੰਕਾਰਾ ਲਿਖੇ ਲੇਖਣਾ, ਜੁਗਾ ਜੁਗੰਤਰ ਖੇਲ ਖਲਾਏ। ਆਦਿ ਨਿਰੰਜਣ ਆਪੇ ਜਾਣੇ ਆਪਣੀ ਰੇਖਣਾ, ਰੂਪ ਰੰਗ ਨਾ ਕੋਈ ਵਖਾਏ। ਅਬਿਨਾਸ਼ੀ ਕਰਤਾ ਮੁੱਛ ਦਾੜ੍ਹੀ ਨਾ ਦਿਸੇ ਕੇਸਨਾ, ਸੀਸ ਜਗਦੀਸ਼ ਨਾ ਮੂੰਡ ਮੁੰਡਾਏ। ਸ੍ਰੀ ਭਗਵਾਨ ਲੇਖਾ ਜਾਣੇ ਬ੍ਰਹਮਾ ਵਿਸ਼ਨ ਮਹੇਸ਼ ਗਨੇਸ਼ਣਾ, ਹੁਕਮੀ ਹੁਕਮ ਆਪ ਫਰਾਏ। ਪਾਰਬ੍ਰਹਮ ਧਾਰੇ ਆਪਣਾ ਭੇਖਣਾ, ਬ੍ਰਹਮ ਲੇਖਾ ਬਹਿ ਸਮਝਾਏ। ਆਪੇ ਨਰ ਨਰਾਇਣ ਸਾਚ ਨਰੇਸ਼ਣਾ, ਸਾਚੇ ਆਸਣ ਸੋਭਾ ਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਨਾਮ ਧਰਾਏ। ਸੋ ਪੁਰਖ ਨਿਰੰਜਣ ਧਿਆਵਣਾ, ਦੋ ਜਹਾਨਾਂ ਵਾਲੀ। ਹਰਿ ਪੁਰਖ ਨਿਰੰਜਣ ਸਾਚੇ ਮੰਦਰ ਆਪ ਬਹਾਵਣਾ, ਆਦਿ ਜੁਗਾਦਿ ਕਰੇ ਪ੍ਰਿਤਪਾਲੀ। ਏਕੰਕਾਰਾ ਸਤਿਗੁਰ ਪੂਰਾ ਇਕ ਵਖਾਵਣਾ, ਦੂਸਰ ਕਰੇ ਨਾ ਕੋਇ ਦਲਾਲੀ। ਆਦਿ ਨਿਰੰਜਣ ਡਗਮਗਾਵਣਾ, ਮੇਟੇ ਰੈਣ ਅੰਧੇਰੀ ਕਾਲੀ। ਸ੍ਰੀ ਭਗਵਾਨ ਸੰਗ ਰਖਾਵਣਾ, ਧੁਰ ਦਰਗਾਹੀ ਬਣੇ ਸਾਚਾ ਮਾਲੀ। ਅਬਿਨਾਸ਼ੀ ਕਰਤਾ ਕੰਤ ਹੰਢਾਵਣਾ, ਲੇਖਾ ਜਾਣੇ ਸ਼ਾਹ ਕੰਗਾਲੀ। ਪਾਰਬ੍ਰਹਮ ਆਪਣਾ ਰੰਗ ਰੰਗਾਵਣਾ, ਸ਼ਬਦ ਵਜਾਏ ਸਾਚੀ ਤਾਲੀ। ਸਚਖੰਡ ਦਵਾਰੇ ਸੋਭਾ ਪਾਵਣਾ, ਵੇਖੇ ਮਹੱਲ ਅਟੱਲ ਉਚ ਮੁਨਾਰੀ। ਤ੍ਰੈਗੁਣ ਮਾਇਆ ਫੰਦ ਕਟਾਵਣਾ, ਪੰਚਮ ਪੰਚ ਨਾ ਕਰੇ ਖ਼ਵਾਰੀ। ਘਰ ਸਤਿਗੁਰ ਏਕਾ ਪਾਵਣਾ, ਹਰਿ ਸ਼ਬਦ ਸੱਚਾ ਸਿਕਦਾਰੀ। ਅਨਹਦ ਆਪਣਾ ਰਾਗ ਅਲਾਵਣਾ, ਧੁਨੀ ਆਤਮਕ ਵੱਜੇ ਸੱਚੀ ਧੁਨਕਾਰੀ। ਨਿਝਰ ਝਿਰਨਾ ਆਪ ਝਿਰਾਵਣਾ, ਅੰਮ੍ਰਿਤ ਸੋਹੇ ਬੰਕ ਦੁਆਰੀ। ਪੀਆ ਪ੍ਰੀਤਮ ਘਰ ਘਰ ਪਾਵਣਾ, ਲੇਖਾ ਚੁੱਕੇ ਦਸਮ ਦੁਆਰੀ। ਸਤਿ ਸਤਿਵਾਦੀ ਏਕਾ ਨਜ਼ਰੀ ਆਵਣਾ ਆਦਿ ਜੁਗਾਦੀ ਏਕੰਕਾਰੀ। ਸੁਰਤੀ ਸ਼ਬਦੀ ਏਕਾ ਰੰਗ ਰੰਗਾਵਣਾ, ਰੰਗਣਹਾਰਾ ਹਰਿ ਲਲਾਰੀ। ਧਾਮ ਅਵੱਲੜੇ ਆਪ ਬਹਾਵਣਾ, ਨਾ ਕੋਈ ਦੀਸੇ ਚਾਰ ਦੀਵਾਰੀ। ਸਾਚਾ ਦੀਪਕ ਇਕ ਜਗਾਵਣਾ, ਦਿਵਸ ਰੈਣ ਕਰੇ ਉਜਿਆਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰੀ। ਸੋ ਪੁਰਖ ਨਿਰੰਜਣ ਸਾਚਾ ਗਾਈਏ, ਹਰਿ ਦਾਤਾ ਗਹਿਰ ਗੰਭੀਰ। ਹਰਿ ਪੁਰਖ ਨਿਰੰਜਣ ਸੰਗ ਸਮਾਈਏ, ਅੰਮ੍ਰਿਤ ਬਖ਼ਸ਼ੇ ਸਾਚਾ ਸੀਰ। ਏਕੰਕਾਰਾ ਅੰਗ ਲਗਾਈਏ, ਦੂਈ ਦਵੈਤੀ ਕੱਟੇ ਪੀੜ। ਆਦਿ ਨਿਰੰਜਣ ਜੋਤ ਜਗਾਈਏ, ਚੋਟੀ ਚਾੜ੍ਹੇ ਇਕ ਅਖੀਰ। ਅਬਿਨਾਸ਼ੀ ਕਰਤਾ ਵੇਖ ਵਖਾਈਏ, ਦਰਸ ਦਿਖਾਏ ਬੇਨਜ਼ੀਰ। ਸ੍ਰੀ ਭਗਵਾਨ ਦਰਸ਼ਨ ਪਾਈਏ, ਵਡ ਦਾਤਾ ਪੀਰਨ ਪੀਰ। ਪਾਰਬ੍ਰਹਮ ਗਲੇ ਲਗਾਈਏ, ਲੱਖ ਚੁਰਾਸੀ ਕੱਟੇ ਜ਼ੰਜੀਰ। ਆਵਣ ਜਾਵਣ ਸੁਫਲ ਕਰਾਈਏ, ਲੇਖਾ ਚੁੱਕੇ ਹਸਤ ਕੀਟ। ਏਕਾ ਮੰਦਰ ਸੋਭਾ ਪਾਈਏ, ਸਚਖੰਡ ਦਵਾਰਾ ਧਾਮ ਅਨਡੀਠ। ਰਸ ਰਸਨਾ ਹਰਿ ਸ਼ਬਦ ਏਕਾ ਲਾਈਏ, ਆਪ ਖਵਾਏ ਸਤਿਗੁਰ ਮੀਠ। ਭਰਮਾ ਕੰਧ ਏਕਾ ਢਾਈਏ, ਗਾਈਏ ਸ਼ਬਦ ਸੁਹਾਗੀ ਗੀਤ। ਘਰ ਪੰਚਮ ਨਾਦ ਵਜਾਈਏ, ਕਾਇਆ ਹੋਏ ਪਤਿਤ ਪੁਨੀਤ। ਅੰਮ੍ਰਿਤ ਮੇਘ ਇਕ ਬਰਸਾਈਏ, ਕਰੇ ਕਰਾਏ ਸਾਂਤਕ ਸੀਤ। ਦਰਦ ਦੁੱਖ ਭੈ ਭੰਜਣ ਨਰ ਨਰਾਇਣ ਏਕਾ ਇਸ਼ਟ ਮਨਾਈਏ, ਆਦਿ ਜੁਗਾਦਿ ਚਲਾਏ ਆਪਣੀ ਰੀਤ। ਕੂੜਾ ਨਾਤਾ ਤੋੜ ਤੁੜਾਈਏ, ਗੋਬਿੰਦ ਗਾਈਏ ਸਾਚੇ ਗੀਤ। ਕਲਜੁਗ ਸੂਸਾ ਤਨ ਤਜਾਈਏ, ਅੰਤਮ ਸਦੀ ਰਹੀ ਬੀਤ। ਏਕਾ ਢੋਲਾ ਆਖ ਸੁਣਾਈਏ, ਸੋਹੰ ਵਸੇ ਸਾਚੇ ਚੀਤ। ਪਰਦਾ ਉਹਲਾ ਮਾਤ ਉਠਾਈਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਹਾਰ ਜੀਤ। ਸੋ ਪੁਰਖ ਨਿਰੰਜਣ ਧਿਆਵਣਾ, ਥਿਰ ਦਰਬਾਰੇ ਬੈਠਾ ਹਰਿ ਰਾਏ। ਸਤਿਗੁਰ ਸੱਚਾ ਏਕਾ ਪਾਵਣਾ, ਗੁਰ ਸ਼ਬਦੀ ਮੇਲ ਮਿਲਾਏ। ਭਗਤਨ ਰੂਪ ਮਾਤ ਵਟਾਵਣਾ, ਏਕਾ ਭਗਤੀ ਨਾਮ ਦ੍ਰਿੜਾਏ। ਸੰਤ ਸਾਚਾ ਆਪ ਅਖਵਾਵਣਾ, ਹਰਿ ਚਰਨ ਕਵਲ ਚਿਤ ਲਾਏ। ਗੁਰਮੁਖ ਆਪਣਾ ਨਾਉਂ ਧਰਾਵਣਾ, ਮਾਇਆ ਮਮਤਾ ਮੋਹ ਤਜਾਏ। ਗੁਰਸਿਖ ਆਪਣਾ ਲੇਖ ਲਖਾਵਣਾ, ਲਿਖਣਹਾਰਾ ਬੇਪਰਵਾਹੇ। ਪਿਛਲਾ ਕੀਤਾ ਪੰਧ ਮੁਕਾਵਣਾ, ਪੂਰਬ ਜਨਮਾਂ ਵੇਖ ਵਖਾਏ। ਏਕਾ ਛੰਦ ਸੁਹਾਗੀ ਗਾਵਣਾ, ਸਤਿ ਪੁਰਖ ਨਿਰੰਜਣ ਆਪ ਪੜ੍ਹਾਏ। ਨਿਜ ਆਤਮ ਰਸ ਏਕਾ ਪਾਵਣਾ, ਅੰਮ੍ਰਿਤ ਆਤਮ ਦਏ ਪਿਆਏ। ਕੋਟ ਜਨਮ ਦਾ ਪਾਪ ਗਵਾਵਣਾ, ਸਤਿਗੁਰ ਸਾਚੇ ਦਰਸ਼ਨ ਪਾਏ। ਆਪਣੀ ਕੀਤੀ ਭੁੱਲ ਬਖ਼ਸ਼ਾਵਣਾ, ਅੱਗੇ ਮਾਰਗ ਦਏ ਵਖਾਏ। ਕਾਗ ਆਪਣਾ ਹੰਸ ਰੂਪ ਵਟਾਵਣਾ, ਸੋਹੰ ਸਾਚੀ ਚੋਗ ਰਸਨਾ ਲਾਏ। ਕਾਲਾ ਦਾਗ਼ ਜਗਤ ਧੁਆਵਣਾ, ਆਇਆ ਚਲ ਸੱਚੀ ਸਰਨਾਏ। ਮਨ ਵੈਰਾਗ ਇਕ ਉਪਜਾਵਣਾ, ਬਿਨ ਹਰਿ ਨਜ਼ਰ ਕੋਇ ਨਾ ਆਏ। ਕਲਜੁਗ ਕੂੜਾ ਪੰਧ ਮੁਕਾਵਣਾ, ਝੂਠਾ ਨਾਤਾ ਤੋੜ ਤੁੜਾਏ। ਸਤਿਜੁਗ ਸਾਚਾ ਸੰਗ ਨਿਭਾਵਣਾ, ਵਰ ਘਰ ਪਾਇਆ ਹਰਿ ਹਰਿ ਰਾਏ। ਮਿਲ ਸਖੀਆਂ ਬਹਿ ਬਹਿ ਮੰਗਲ ਗਾਵਣਾ, ਗੀਤ ਗੋਬਿੰਦ ਇਕ ਅਲਾਏ। ਸੋ ਪੁਰਖ ਨਿਰੰਜਣ ਕਾਜ ਰਚਾਵਣਾ, ਕਰਨੀ ਕਰਤਾ ਖੇਲ ਖਲਾਏ। ਹਰਿ ਪੁਰਖ ਨਿਰੰਜਣ ਸਚ ਸੁਹਾਗ ਗਾਵਣਾ, ਸ਼ਬਦ ਸ਼ਬਦੀ ਨਾਦ ਸੁਣਾਏ। ਏਕੰਕਾਰਾ ਆਪਣਾ ਸਗਨ ਮਨਾਵਣਾ, ਮਸਤਕ ਤਿਲਕ ਲਲਾਟ ਵਖਾਏ। ਅਬਿਨਾਸ਼ੀ ਕਰਤੇ ਘਰ ਵਸਾਵਣਾ, ਆਦਿ ਨਿਰੰਜਣ ਲਏ ਉਠਾਏ। ਸ੍ਰੀ ਭਗਵਾਨ ਸਾਚੇ ਘੋੜੇ ਆਪ ਚੜ੍ਹਾਵਣਾ, ਪਾਰਬ੍ਰਹਮ ਪ੍ਰਭ ਆਪਣੀ ਹੱਥੀਂ ਵਾਗ ਗੁੰਦਾਏ। ਜੋਤ ਨਿਰੰਜਣ ਕਜਲਾ ਪਾਵਣਾ, ਨਾਮ ਸਲਾਈ ਹੱਥ ਉਠਾਏ। ਸੌਹਰਾ ਪੇਈਆ ਏਕਾ ਘਰ ਵਖਾਵਣਾ, ਹਰਿ ਹਰਿ ਨਾਰ ਕੰਤ ਮਿਲਾਏ। ਸਾਚੀ ਡੋਲੀ ਆਪ ਬਹਾਵਣਾ, ਜਗਤ ਕਹਾਰ ਨਾ ਕੋਇ ਰਖਾਏ। ਸਾਚੇ ਕੰਧੇ ਆਪ ਉਠਾਵਣਾ, ਖ਼ਾਕੀ ਬੰਦੇ ਨਾ ਕੋਈ ਲਗਾਏ। ਮਾਇਆ ਅੰਧੇ ਭਰਮ ਭੁਲਾਵਣਾ, ਗੁਰਮੁਖ ਸਾਚੇ ਲਏ ਜਗਾਏ। ਝੂਠੇ ਧੰਦੇ ਪੰਧ ਮੁਕਾਵਣਾ, ਸਚ ਸਚ ਮਾਰਗ ਏਕਾ ਲਾਏ। ਨਾਰ ਦੁਹਾਗਣ ਨਾ ਕੋਇ ਪਰਨਾਵਣਾ, ਵਿਭਚਾਰ ਨੇੜ ਰਹਿਣ ਨਾ ਪਾਏ। ਲੋਕ ਲਾਜ ਸਰਬ ਤਜਾਵਣਾ, ਗੁਰਸਿਖ ਸਿਖ ਮਤ ਇਕ ਸਮਝਾਏ। ਸਤਿਗੁਰ ਪੂਰੇ ਸਾਚੇ ਨਾਮ ਜਹਾਜ਼ ਚੜ੍ਹਾਵਣਾ, ਸਾਚਾ ਬੇੜਾ ਲਏ ਤਰਾਏ। ਸਾਚਾ ਦਾਜ ਹਰਿ ਕਾ ਨਾਉਂ ਗੰਢ ਬੰਧਾਵਣਾ, ਦਰਗਹਿ ਸਾਚੀ ਲੈ ਕੇ ਜਾਏ। ਸਚਖੰਡ ਉਚ ਮਹੱਲੇ ਆਪ ਬਹਾਵਣਾ, ਸ਼ਬਦ ਰੰਗੀਲਾ ਪੀੜਾ ਹੇਠ ਰਖਾਏ। ਸਚ ਸਾਲੂ ਆਪ ਰੰਗਾਵਣਾ, ਸੀਸ ਜਗਦੀਸ਼ ਆ ਟਿਕਾਏ। ਮੁਖ ਘੁੰਘਟ ਆਪ ਉਠਾਵਣਾ, ਦੋ ਜਹਾਨਾ ਪਰਦਾ ਦਏ ਚੁਕਾਏ। ਪੀਆ ਪ੍ਰੀਤਮ ਨਜ਼ਰੀ ਆਵਣਾ, ਨਿਰਗੁਣ ਦਾਤਾ ਬੇਪਰਵਾਹੇ। ਗੁਰਸਿਖ ਸਖੀ ਅੰਕ ਸਮਾਵਣਾ, ਅੰਗੀਕਾਰ ਆਪ ਕਰਾਏ। ਦੂਸਰ ਦਿਸ ਕਿਸੇ ਨਾ ਆਵਣਾ, ਲੱਖ ਚੁਰਾਸੀ ਵੇਖੇ ਨੈਣ ਉਠਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਤਿਵਾਦੀ ਸਾਚੀ ਧਾਰ ਬੰਧਾਏ। ਸੋ ਪੁਰਖ ਨਿਰੰਜਣ ਸਦਾ ਸੇਵੀਏ, ਇਕ ਇਕੱਲਾ ਖੇਲ ਅਪਾਰ। ਹਰਿ ਪੁਰਖ ਨਿਰੰਜਣ ਵਡਾ ਵਡ ਵਡ ਦੇਵੀਏ, ਦੇਵਤ ਸੁਰ ਕਰਨ ਨਿਮਸਕਾਰ। ਏਕੰਕਾਰਾ ਅਲੱਖ ਅਭੇਵੀਏ, ਬ੍ਰਹਮਾ ਵਿਸ਼ਨ ਸ਼ਿਵ ਹੋਏ ਪਨਿਹਾਰ। ਆਦਿ ਨਿਰੰਜਣ ਕਥਨੀ ਕਥ ਨਾ ਸਕੇ ਰਸਨਾ ਜੇਹਵੀਏ, ਲੇਖਾ ਲਿਖੇ ਨਾ ਕੋਈ ਲਿਖਾਰ। ਅਬਿਨਾਸ਼ੀ ਕਰਤਾ ਦੇਵੇ ਸਾਚਾ ਮੇਵੀਏ, ਅੰਮ੍ਰਿਤ ਫਲ ਕਰ ਤਿਆਰ। ਸ੍ਰੀ ਭਗਵਾਨ ਸਾਚਾ ਮੀਤ ਘਰ ਘਰ ਸੇਵੀਏ, ਘਰ ਮੰਦਰ ਖੇਲ ਅਪਾਰ। ਪਾਰਬ੍ਰਹਮ ਨਾ ਮਰੇ ਨਾ ਪਏ ਜੰਮ ਜੁਗਾ ਜੁਗੰਤਰ ਏਕਾ ਸੇਵੀਏ, ਨਿਰਗੁਣ ਸਰਗੁਣ ਬੰਨ੍ਹੇ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਅਗੰਮ ਅਗੋਚਰ ਬੁੱਝਿਆ, ਜਿਸ ਆਪਣੀ ਦਇਆ ਕਮਾਏ। ਸਤਿਗੁਰ ਪੂਰਾ ਭੇਵ ਖੁਲ੍ਹਾਏ ਗੁਝਿਆ, ਅੰਤਰ ਆਤਮ ਆਪ ਸੁਣਾਏ। ਲੇਖਾ ਚੁੱਕੇ ਏਕਾ ਦੂਜਿਆ, ਨੈਣੀ ਨੈਣ ਹੋਏ ਰੁਸ਼ਨਾਏ। ਚੌਥੇ ਪਦ ਪੈਂਡਾ ਮੁੱਕਿਆ, ਅਮਰਾਪਦ ਆਪ ਵਖਾਏ। ਪੰਚਮ ਬਹਿ ਬਹਿ ਨੇੜੇ ਢੁਕਿਆ, ਨਿਰਗੁਣ ਮੇਲਾ ਸਹਿਜ ਸੁਭਾਏ। ਛੇਵੇਂ ਉਜਲ ਕਰੇ ਮੁਖਿਆ, ਸਿਰ ਆਪਣਾ ਹੱਥ ਧਰਾਏ। ਸਤਵੇਂ ਸਤਿ ਪੁਰਖ ਨਿਰੰਜਣ ਲੱਖ ਚੁਰਾਸੀ ਕੋਲੋਂ ਲੁਕਿਆ, ਗੁਰਮੁਖ ਵਿਰਲੇ ਦਰਸ ਦਖਾਏ। ਹਰਿਜਨ ਬੂਟਾ ਕਦੇ ਨਾ ਸੁੱਕਿਆ, ਪਤ ਡਾਲ੍ਹੀ ਆਪ ਮਹਿਕਾਏ। ਜੋ ਜਨ ਸਰਨਾਈ ਝੁਕਿਆ, ਫੜ ਫਰਸ਼ੋ ਅਰਸ਼ ਬਹਾਏ। ਕਲਜੁਗ ਵੇਲਾ ਅੰਤਮ ਢੁਕਿਆ, ਅਰਸ਼ ਫ਼ਰਸ਼ ਰਿਹਾ ਕੁਰਲਾਏ। ਲੇਖਾ ਜਾਣੇ ਮਾਨਸ਼ ਮਨੱੁਖਿਆ, ਦੇਵਤ ਸੁਰ ਭੇਵ ਨਾ ਰਾਏ। ਹਰਿਜਨ ਉਜਲ ਕਰੇ ਮੁਖਿਆ, ਸਵਛ ਸਰੂਪੀ ਦਰਸ ਦਿਖਾਏ। ਗੁਰਮੁਖ ਵਿਰਲਾ ਆਪਣੀ ਗੋਦੀ ਹਰਿ ਹਰਿ ਚੁੱਕਿਆ, ਗੁਰ ਗੁਰ ਸਾਚੀ ਸੇਵ ਕਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਆਪਣਾ ਖੇਲ ਖਲਾਏ। ਸੋ ਪੁਰਖ ਨਿਰੰਜਣ ਜਾਏ ਬਹੁੜ, ਹਰਿ ਪੁਰਖ ਨਿਰੰਜਣ ਵਡ ਵਡਿਆਈਆ। ਏਕੰਕਾਰਾ ਚੜ੍ਹੇ ਸਾਚੇ ਘੋੜ, ਆਦਿ ਨਿਰੰਜਣ ਵਾਗ ਉਠਾਈਆ। ਅਬਿਨਾਸ਼ੀ ਕਰਤਾ ਦੋ ਜਹਾਨਾਂ ਲਾਏ ਏਕਾ ਪੌੜ, ਸ੍ਰੀ ਭਗਵਾਨਾ ਸੇਵ ਕਮਾਈਆ। ਪਾਰਬ੍ਰਹਮ ਆਦਿ ਜੁਗਾਦੀ ਰਿਹਾ ਦੌੜ, ਨਿਰਗੁਣ ਆਪਣਾ ਖੇਲ ਖਿਲਾਈਆ। ਹਰਿ ਹਰਿ ਬੁਝਾਏ ਲੱਗੀ ਔੜ, ਸਾਚਾ ਮੇਘ ਇਕ ਬਰਸਾਈਆ। ਲੱਖ ਚੁਰਾਸੀ ਵੇਖੇ ਫਲ ਮਿੱਠਾ ਕੌੜ, ਕੌੜਾ ਰੀਠਾ ਭੰਨ ਵਖਾਈਆ। ਹਰਿ ਸੰਤ ਭਗਤ ਚਰਨ ਪ੍ਰੀਤੀ ਦੇਵੇ ਜੋੜ, ਜਾਗਰਤ ਜੋਤ ਕਰ ਰੁਸ਼ਨਾਈਆ। ਮਨ ਮਤਵਾਲਾ ਦੇਵੇ ਹੋੜ, ਏਕਾ ਖੰਡਾ ਸ਼ਬਦ ਉਠਾਈਆ। ਸੁਰਤੀ ਬੰਨ੍ਹੇ ਆਪਣੀ ਡੋਰ, ਨਾਮ ਨਾਮਾ ਬੰਧਨ ਪਾਈਆ। ਲੇਖਾ ਜਾਣੇ ਅੰਧ ਘੋਰ, ਜੋਤ ਨਿਰੰਜਣ ਕਰ ਰੁਸ਼ਨਾਈਆ। ਪਕੜ ਬਿਦਾਰੇ ਪੰਚਮ ਚੋਰ, ਚੋਰ ਯਾਰ ਠੱਗ ਆਪ ਮਿਟਾਈਆ। ਪੰਚਮ ਮਿਟਾਏ ਮੋਰ ਤੋਰ, ਹਉਮੇ ਹੰਗਤਾ ਰਹਿਣ ਨਾ ਪਾਈਆ। ਪੰਚਮ ਵਖਾਏ ਆਪਣਾ ਜ਼ੋਰ, ਵਡ ਜ਼ਾਬਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਖੇਲ ਖਿਲਾਈਆ। ਸੋ ਪੁਰਖ ਨਿਰੰਜਣ ਤੁਠਿਆ, ਹਰਿ ਸੱਚਾ ਬੇਪਰਵਾਹ। ਏਕੰਕਾਰਾ ਆਪਣੇ ਬਲ ਆਪੇ ਉਠਿਆ, ਹਰਿ ਪੁਰਖ ਨਿਰੰਜਣ ਦਏ ਸਲਾਹ। ਅਬਿਨਾਸ਼ੀ ਕਰਤਾ ਆਪ ਵੇਖੇ ਆਪਣੀ ਗੁਠਿਆ, ਆਦਿ ਨਿਰੰਜਣ ਕਰ ਰੁਸ਼ਨਾ। ਪਾਰਬ੍ਰਹਮ ਕਦੇ ਨਾ ਲੁੱਟਿਆ, ਸ੍ਰੀ ਭਗਵਾਨ ਬਣੇ ਗੁਆਹ। ਹਰਿ ਸ਼ਬਦ ਚੜ੍ਹੇ ਆਪੇ ਸਾਚੀ ਚੋਟੀਆ, ਸਚ ਮਹੱਲੇ ਡੇਰਾ ਲਾ। ਲੱਖ ਚੁਰਾਸੀ ਵੇਖੇ ਵਾਸਨਾ ਖੋਟੀਆ, ਘਟ ਘਟ ਅੰਦਰ ਫੇਰਾ ਪਾ। ਗੁਰਸਿਖ ਲੱਭੇ ਵਿਚੋਂ ਕੋਟਨ ਕੋਟੀਆ, ਆਪ ਆਪਣੇ ਲਏ ਜਗਾ। ਦੇਵੇ ਨਾਮ ਇਕ ਅਤੋਟੀਆ, ਸਚ ਭੰਡਾਰਾ ਹਰਿ ਵਰਤਾ। ਅੰਤਮ ਧਰਮ ਰਾਏ ਨਾ ਤੋੜੇ ਬੋਟੀਆ, ਚਿਤਰ ਗੁਪਤ ਨਾ ਦਏ ਸਜ਼ਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹ। ਸੋ ਪੁਰਖ ਨਿਰੰਜਣ ਦਾਤਾ ਸੂਰਬੀਰ, ਬਲਵਾਨ ਆਪ ਅਖਵਾਇੰਦਾ। ਹਰਿ ਪੁਰਖ ਨਿਰੰਜਣ ਆਸਾ ਪੂਰ, ਸਾਚਾ ਅੰਮ੍ਰਿਤ ਸੀਰ ਜਾਮ ਪਿਆਇੰਦਾ। ਏਕੰਕਾਰਾ ਮਾਰੇ ਤੀਰ, ਤੀਰ ਨਿਰਾਲਾ ਇਕ ਚਲਾਇੰਦਾ। ਆਦਿ ਨਿਰੰਜਣ ਗਹਿਰ ਗੰਭੀਰ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਅਬਿਨਾਸ਼ੀ ਕਰਤਾ ਵਡ ਪੀਰਨ ਪੀਰ, ਦਸਤਗੀਰ ਨਾਉਂ ਧਰਾਇੰਦਾ। ਸ੍ਰੀ ਭਗਵਾਨ ਸ਼ਾਹ ਹਕੀਰ, ਹੱਕ ਹਕੀਕਤ ਫੋਲ ਫੁਲਾਇੰਦਾ, ਪਾਰਬ੍ਰਹਮ ਪ੍ਰਭ ਬੰਨ੍ਹੇ ਬੀੜ, ਜੁਗ ਜੁਗ ਬੇੜਾ ਆਪ ਚਲਾਇੰਦਾ। ਜਨ ਭਗਤਾਂ ਕੱਟੇ ਸਾਚੀ ਭੀੜ, ਲੋਕਮਾਤ ਰੂਪ ਵਟਾਇੰਦਾ। ਏਕਾ ਬਖ਼ਸ਼ੇ ਸਾਚਾ ਸੀਰ, ਨੀਰ ਪਿਆਲਾ ਜਾਮ ਪਿਆਇੰਦਾ। ਚਿੱਟੇ ਉਪਰ ਖਿਚ ਲਕੀਰ, ਕਾਗਦ ਸ਼ਾਹੀ ਮੇਲ ਮਿਲਾਇੰਦਾ। ਚਾਰ ਜੁਗ ਚਾਰ ਵਰਨ ਚਾਰ ਖਾਣੀ ਚਾਰ ਬਾਣੀ ਲਿਖਿਆ ਲਿਖਤ ਕਰੇ ਤਕਦੀਰ, ਤਕਬੀਰ ਤਦਬੀਰ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਬੰਧਨ ਪਾਇੰਦਾ। ਸੋ ਪੁਰਖ ਨਿਰੰਜਣ ਬੰਧਨ ਪਾ, ਲੱਖ ਚੁਰਾਸੀ ਵੇਖ ਵਖਾਇੰਦਾ। ਹਰਿ ਪੁਰਖ ਨਿਰੰਜਣ ਰਵ ਸਸ ਸੂਰਜ ਚੰਦਨ ਦਏ ਚੜ੍ਹਾ, ਏਕੰਕਾਰ ਹੁਕਮ ਸੁਣਾਇੰਦਾ। ਆਦਿ ਨਿਰੰਜਣ ਜੋਤੀ ਵਿਚ ਦਏ ਟਿਕਾ, ਜੁਗਾ ਜੁਗੰਤਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਰਿਹਾ ਭੁਆ, ਦਿਵਸ ਰੈਣ ਬਣਾਇੰਦਾ। ਸ੍ਰੀ ਭਗਵਾਨ ਵੇਖੇ ਜ਼ਿਮੀ ਅਸਮਾ, ਗਗਨ ਗਗਨੰਤਰ ਫੋਲ ਫੁਲਾਇੰਦਾ। ਪਾਰਬ੍ਰਹਮ ਆਪੇ ਖੜਾ ਆਪਣੇ ਥਾਂ, ਸੱਚਖੰਡ ਦੁਆਰਾ ਇਕ ਸੁਹਾਇੰਦਾ। ਜੁਗ ਜੁਗ ਕਰੇ ਸਚ ਨਿਆਂ, ਆਪਣਾ ਗੇੜਾ ਆਪ ਚਲਾਇੰਦਾ। ਜਨ ਭਗਤਾਂ ਫੜੇ ਲੋਕਮਾਤ ਬਾਂਹ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਏਕਾ ਅੱਖਰ ਨਾਮ ਦਏ ਜਪਾ, ਸਾਚਾ ਢੋਲਾ ਆਪੇ ਗਾਇੰਦਾ। ਸਾਚਾ ਮਾਰਗ ਦਏ ਵਖਾ, ਆਪਣਾ ਪੰਥ ਚਲਾਇੰਦਾ। ਰਾਗ ਅਨਾਦੀ ਦਏ ਸੁਣਾ, ਏਕਾ ਰਾਗ ਅਲਾਇੰਦਾ। ਵਾਦ ਵਿਵਾਦ ਦਏ ਮਿਟਾ, ਆਦਿ ਜੁਗਾਦਿ ਖੇਲ ਖਿਲਾਇੰਦਾ। ਸਾਧ ਸੰਤ ਲਏ ਮਿਲਾ, ਆਪ ਆਪਣਾ ਦਰਸ ਦਿਖਾਇੰਦਾ। ਬੋਧ ਅਗਾਧ ਸ਼ਬਦ ਜਣਾ, ਆਪ ਆਪਣੇ ਰੰਗ ਰੰਗਾਇੰਦਾ। ਧੁਰ ਦੀ ਦਾਦ ਝੋਲੀ ਪਾ, ਸਾਚਾ ਹੱਟ ਇਕ ਖੁਲ੍ਹਾਇੰਦਾ। ਚਾਰੇ ਵੇਦਾਂ ਦਏ ਲਿਖਾ, ਆਪਣੀ ਵੰਡਣ ਆਪ ਵੰਡਾਇੰਦਾ। ਬ੍ਰਹਮਾ ਵੇਤਾ ਮੰਗੇ ਢਹਿ ਢਹਿ ਸਰਨਾ, ਚਰਨ ਧੂੜੀ ਮਸਤਕ ਇਕ ਛੁਹਾਇੰਦਾ। ਵਿਸ਼ਨੂੰ ਕੂਕੇ ਉਚੀ ਕਰ ਕਰ ਬਾਂਹ, ਭਗਵਨ ਸਾਚਾ ਰਾਹ ਤਕਾਇੰਦਾ। ਸ਼ੰਕਰ ਮੰਗੇ ਚਰਨ ਦੁਆਰੇ ਥਾਂ, ਤਨ ਭਬੂਤੀ ਇਕ ਰਮਾਇੰਦਾ। ਪਾਰਬ੍ਰਹਮ ਪ੍ਰਭ ਬੇਪਰਵਾਹ, ਆਪ ਆਪਣਾ ਖੇਲ ਖਿਲਾਇੰਦਾ। ਸਾਚੇ ਸੰਤਾ ਦਰਸ਼ਨ ਦੇਵੇ ਆ, ਨਿਤ ਨਵਿਤ ਜੋਤ ਜਗਾਇੰਦਾ। ਲੱਖ ਚੁਰਾਸੀ ਵਿਚੋਂ ਲਏ ਉਠਾ, ਨੌ ਖੰਡ ਪ੍ਰਿਥਮੀ ਫੋਲ ਫੁਲਾਇੰਦਾ। ਵਰਨ ਗੋਤ ਨਾ ਦਏ ਕੋਈ ਬਣਾ, ਜ਼ਾਤ ਪਾਤ ਨਾ ਕੋਈ ਮਨਾਇੰਦਾ। ਏਕਾ ਬ੍ਰਹਮ ਦਏ ਵਖਾ, ਸੁਰਤ ਸ਼ਬਦੀ ਮੇਲ ਮਿਲਾਇੰਦਾ। ਨਿਹਕਰਮੀ ਆਪਣਾ ਕਰਮ ਲਏ ਕਮਾ, ਹਰਿਜਨ ਸਾਚੇ ਮਾਣ ਦਵਾਇੰਦਾ। ਫੜ ਫੜ ਹੰਸ ਬਣਾਏ ਕਾਂ, ਜਗਤ ਵਿਸ਼ਟਾ ਨਾ ਕੋਇ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬੰਧਾਇੰਦਾ। ਸੋ ਪੁਰਖ ਨਿਰੰਜਣ ਜਪਣਾ ਜਾਪ, ਦੂਜੇ ਅੱਖਰ ਨਾ ਕੋਇ ਪੜ੍ਹਾਈਆ। ਹਰਿ ਪੁਰਖ ਨਿਰੰਜਣ ਵਡ ਪਰਤਾਪ, ਪਰਮ ਪੁਰਖ ਵਡ ਵਡਿਆਈਆ। ਏਕੰਕਾਰਾ ਮਾਰੇ ਤੀਨੋਂ ਤਾਪ, ਤ੍ਰੈਗੁਣ ਨਾਤਾ ਤੋੜ ਤੁੜਾਈਆ। ਆਦਿ ਨਿਰੰਜਣ ਮੇਲ ਮਿਲਾਵਾ ਕਮਲਾਪਾਤ, ਕਵਲ ਨੈਣ ਨੈਣ ਦਰਸਾਈਆ। ਅਬਿਨਾਸ਼ੀ ਕਰਤਾ ਖੋਲ੍ਹੇ ਤਾਕ, ਬੰਦ ਕਿਵਾੜੀ ਆਪ ਖੁਲ੍ਹਾਈਆ। ਸ੍ਰੀ ਭਗਵਾਨ ਵੇਖੇ ਮਾਰ ਝਾਕ, ਆਤਮ ਸੇਜਾ ਸੇਜ ਸੁਹਾਈਆ। ਪਾਰਬ੍ਰਹਮ ਪ੍ਰਭ ਬਣੇ ਸਾਚਾ ਸੱਜਣ ਸੈਣ ਸਾਕ, ਸਗਲਾ ਸੰਗ ਨਿਭਾਈਆ। ਬ੍ਰਹਮ ਬ੍ਰਹਮ ਬ੍ਰਹਮ ਵਖਾਏ ਪਾਕੀ ਪਾਕ, ਪਤਿਤ ਪੁਨੀਤ ਵਡ ਵਡਿਆਈਆ। ਜਨ ਭਗਤਾਂ ਪਰਦਾ ਲਏ ਢਾਕ, ਢਾਕਣ ਕੋ ਪਤ ਆਪ ਅਖਵਾਈਆ। ਲੇਖਾ ਜਾਣੇ ਖ਼ਾਕੀ ਖ਼ਾਕ, ਖ਼ਾਲਕ ਖ਼ਲਕ ਵੇਖ ਵਖਾਈਆ। ਜੀਵ ਜੰਤ ਏਕਾ ਪਾਏ ਨਕੇਲ ਨਾਕ, ਮਾਇਆ ਮਮਤਾ ਡੋਰੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਾਸ ਰਚਾਈਆ। ਸੋ ਪੁਰਖ ਨਿਰੰਜਣ ਸਾਚਾ ਸੱਜਣਾ, ਸਚਖੰਡ ਦੁਆਰੇ ਸੋਭਾ ਪਾਇੰਦਾ। ਹਰਿ ਪੁਰਖ ਨਿਰੰਜਣ ਨਾ ਘੜਿਆ ਨਾ ਭੱਜਣਾ, ਤਤਵ ਤਤ ਨਾ ਕੋਇ ਰਖਾਇੰਦਾ। ਏਕੰਕਾਰਾ ਨਿਰਗੁਣ ਰੂਪ ਕਿਸੇ ਨਾ ਲੱਭਣਾ, ਜਗਤ ਨੇਤਰ ਦਰਸ਼ਨ ਕੋਇ ਨਾ ਪਾਇੰਦਾ। ਆਦਿ ਨਿਰੰਜਣ ਕਿਸੇ ਫੰਦੀ ਵਿਚ ਨਾ ਬੱਝਣਾ, ਆਦਿ ਜੁਗਾਦੀ ਖੇਲ ਖਿਲਾਇੰਦਾ। ਅਬਿਨਾਸ਼ੀ ਕਰਤਾ ਆਪਣੇ ਮੰਦਰ ਬਹਿ ਬਹਿ ਆਪੇ ਸਜਣਾ, ਥਿਰ ਘਰ ਸਾਚਾ ਆਪ ਸੁਹਾਇੰਦਾ। ਸ੍ਰੀ ਭਗਵਾਨ ਸ਼ਬਦ ਨਗਾਰਾ, ਬਣ ਬਣ ਆਪੇ ਵੱਜਣਾ, ਆਪਣਾ ਤਾਲ ਆਪ ਸੁਣਾਇੰਦਾ। ਪਾਰਬ੍ਰਹਮ ਪ੍ਰਭ ਪਰਦਾ ਆਪੇ ਕੱਜਣਾ, ਆਪਣਾ ਮੁਖ ਆਪ ਛੁਪਾਇੰਦਾ। ਬ੍ਰਹਮ ਬ੍ਰਹਮ ਬ੍ਰਹਮ ਕਰਾਏ ਸਾਚਾ ਮਜਨਾ, ਸਰ ਸਰੋਵਰ ਇਕ ਨੁਹਾਇੰਦਾ। ਗੁਰਮੁਖ ਵਿਰਲੇ ਅੰਮ੍ਰਿਤ ਦਰ ਘਰ ਸਾਚੇ ਪੀ ਪੀ ਰੱਜਣਾ, ਕਵਲ ਨਾਭ ਆਪ ਖੁਲ੍ਹਾਇੰਦਾ। ਹਰਿ ਸ਼ਬਦ ਚੜ੍ਹਨਾ ਸਾਚੇ ਜ਼ਹਾਜਨਾ, ਪਾਰ ਕਿਨਾਰਾ ਆਪ ਵਖਾਇੰਦਾ। ਸਤਿ ਸਰੂਪੀ ਮਾਰੇ ਇਕ ਆਵਾਜ਼ਨਾ, ਸ਼ਬਦੀ ਸ਼ਬਦ ਜੈਕਾਰਾ ਲਾਇੰਦਾ। ਖੇਲੇ ਖੇਲ ਗ਼ਰੀਬ ਨਿਵਾਜ਼ਣਾ, ਗ਼ਰੀਬ ਨਿਮਾਣੇ ਮੇਲ ਮਿਲਾਇੰਦਾ। ਹੰਕਾਰੀਆਂ ਤੋੜੇ ਗੜ੍ਹ ਖੋਲ੍ਹੇ ਪਾਜਨਾ, ਨਾਮ ਖੰਡਾ ਇਕ ਚਮਕਾਇੰਦਾ। ਸ਼ਾਹੋ ਭੂਪ ਵਡ ਰਾਜਨ ਰਾਜਨਾ, ਸਚ ਸੁਲਤਾਨਾ ਵੇਖ ਵਖਾਇੰਦਾ। ਕਲਜੁਗ ਅੰਤਮ ਵੇਸ ਅਵੱਲਾ ਦੇਸ ਮਾਝਨਾ, ਸਾਚੀ ਨਗਰੀ ਫੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਸਤਿ ਸਤਿਵਾਦ ਲੇਖਾ ਜਾਣੇ ਆਦਿ ਜੁਗਾਦਿ, ਜੁਗ ਜੁਗ ਆਪਣਾ ਰਾਹ ਚਲਾਇੰਦਾ। ਰਾਹ ਚਲੰਦੜਾ ਪੁਰਖ ਅਕਾਲ, ਦੀਨਾ ਬੰਧਪ ਵਡ ਵਡਿਆਈਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਮੰਡਪ ਮਾੜੀ ਨਾ ਕੋਇ ਸਮਾਈਆ। ਸਾਚਾ ਦੀਪਕ ਬੈਠਾ ਬਾਲ, ਦੀਵਾ ਬੱਤੀ ਨਾ ਕੋਇ ਰਖਾਈਆ । ਸਾਚੇ ਤਖ਼ਤ ਬੈਠਾ ਨੂਰੀ ਜਲਵਾ ਜਲਾਲ, ਸ਼ਾਹ ਕੰਗਾਲ ਨਾ ਵਡ ਵਡਿਆਈਆ। ਆਪੇ ਬਣੇ ਸਚ ਦਲਾਲ, ਸਾਚਾ ਵਣਜ ਆਪ ਕਰਾਈਆ। ਆਪੇ ਸੇਵਾਦਾਰ ਉਠਾਏ ਕਾਲ ਮਹਾਂਕਾਲ, ਦੀਨ ਦਿਆਲ ਬੇਪਰਵਾਹੀਆ। ਆਪੇ ਸਚ ਦੁਆਰਿਉਂ ਮਾਰੇ ਆਪਣੀ ਛਾਲ, ਕਿਲਾ ਕੋਟ ਪਾਰ ਕਰਾਈਆ। ਆਪੇ ਆਪਣੀ ਘਾਲ ਜੁਗ ਜੁਗ ਲਏ ਘਾਲ, ਹਰਿ ਦਾਤਾ ਇਕ ਅਖਵਾਈਆ। ਸਤਿਜੁਗ ਤ੍ਰੇਤਾ ਦੁਆਪਰ ਚਲੀ ਜਗਤ ਚਾਲ, ਕਲਜੁਗ ਅਵੱਲੜੀ ਚਾਲ ਆਪਣੇ ਹੱਥ ਰਖਾਈਆ। ਕਰਿਆ ਖੇਲ ਬੇਮਿਸਾਲ, ਵੇਦ ਸ਼ਾਸਤਰ ਸਿਮਰਤ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਗੁਰ ਪੀਰ ਅਵਤਾਰ ਸਾਧ ਸੰਤ ਭੇਵ ਕੋਇ ਨਾ ਪਾਈਆ। ਦੋ ਜਹਾਨਾ ਏਕਾ ਚਾਲ, ਚੌਦਾਂ ਤਬਕਾਂ ਏਕਾ ਰਾਹ ਵਖਾਈਆ। ਗੁਰਮੁਖਾਂ ਚਲੇ ਨਾਲ ਨਾਲ, ਬੇਐਬ ਪਰਵਰਦਿਗਾਰ ਨਾਉਂ ਅੱਖਰ ਇਕ ਖ਼ੁਦਾਈਆ। ਕਲਜੁਗ ਅੰਤਮ ਕਰੇ ਕਾਲ, ਕਾਲ ਨਗਾਰਾ ਇਕ ਵਜਾਈਆ । ਗੁਰਮੁਖ ਸੱਜਣ ਲਏ ਭਾਲ, ਭਗਵਨ ਆਪਣੀ ਭਗਤੀ ਆਪ ਕਮਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਬੰਧਨ ਬੰਦ ਦਏ ਕਟਾਈਆ। ਆਪੇ ਵੇਖੇ ਆਪਣੇ ਲਾਲ, ਲਾਲ ਅਮੋਲਕ ਮੋਤੀ ਹੀਰੇ ਮਾਣਕ ਜਵਾਹਰ ਆਪ ਉਠਾਈਆ। ਅੰਤ ਕੰਤ ਭਗਵੰਤ ਕਰੇ ਸੰਤ ਪ੍ਰਿਤਪਾਲ, ਜੁਗਾ ਜੁਗੰਤਰ ਸੇਵ ਕਮਾਈਆ। ਬਣਾਏ ਬਣਤ ਹਰਿ ਦੀਨ ਦਿਆਲ, ਦਰਦ ਦੁੱਖ ਭੈ ਭੰਜਣ ਦੀਨਾਂ ਅਨਾਥਾਂ ਦਰਦ ਵੰਡਾਈਆ। ਲੱਖ ਚੁਰਾਸੀ ਹਾਲ ਬੇਹਾਲ ਸੁਰਤ ਸੰਭਾਲ, ਕੋਈ ਪਾਂਧੀ ਰਾਹ ਨਾ ਚਲੇ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਲਏ ਫੜ, ਆਪਣਾ ਬੰਧਨ ਆਪੇ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੱਖਣਹਾਰ ਬਖ਼ਸ਼ੇ ਸਚ ਸੱਚੀ ਸਰਨਾਈਆ।
