੨੮ ਚੇਤ ੨੦੧੭ ਬਿਕ੍ਰਮੀ ਮੋਤਾ ਸਿੰਘ ਦੇ ਘਰ ਪਿੰਡ ਕਲਸੀਆਂ
ਸਚਖੰਡ ਦੁਆਰ ਸੁਹੰਦੜਾ, ਪੁਰਖ ਅਬਿਨਾਸ਼ੀ ਵਡ ਮਿਹਰਬਾਨ। ਥਿਰ ਘਰ ਵਾਸੀ ਜੋਤ ਜੁਗੰਦੜਾ, ਆਦਿ ਜੁਗਾਦੀ ਨੌਜਵਾਨ। ਸ਼ਬਦ ਅਨਾਦੀ ਰਾਗ ਅਲੰਦੜਾ, ਗਾਵਣਹਾਰਾ ਗਾਏ ਗਾਨ। ਸੁਨ ਅਗੰਮੀ ਵੇਖ ਵਖੰਦੜਾ, ਵਡ ਦਾਤਾ ਦਾਨੀ ਦਾਨ। ਲੋਆਂ ਪੁਰੀਆਂ ਲੇਖ ਲਖੰਦੜਾ, ਲੇਖਾ ਜਾਣੇ ਜ਼ਿਮੀ ਅਸਮਾਨ। ਰਵ ਸਸ ਨੂਰ ਚਮਕੰਦੜਾ, ਮੰਡਲ ਮੰਡਪ ਹੋ ਪਰਧਾਨ। ਆਪ ਆਪਣੀ ਰਾਸ ਰਚੰਦੜਾ, ਜੁਗਾ ਜੁਗੰਤਰ ਖੇਲ ਮਹਾਨ। ਧਰਤ ਧਵਲ ਵੇਖ ਵਖੰਦੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਆਣ। ਧਰਤ ਧਵਲ ਧਵਲ ਵਡਿਆਈ, ਹਰਿ ਪੁਰਖ ਨਿਰੰਜਣ ਆਪ ਵਡਿਆਇੰਦਾ। ਨਿਰਗੁਣ ਸਰਗੁਣ ਕਰ ਕੁੜਮਾਈ, ਜਗਤ ਵਿਚੋਲਾ ਖੇਲ ਖਿਲਾਇੰਦਾ। ਭਗਤਨ ਭਗਤੀ ਭਿਛਿਆ ਝੋਲੀ ਪਾਈ, ਨਾਮ ਭੰਡਾਰੀ ਆਪ ਅਖਵਾਇੰਦਾ। ਸਾਚੇ ਸੰਤਾਂ ਲਏ ਜਗਾਈ, ਜਾਗਰਤ ਜੋਤ ਇਕ ਵਖਾਇੰਦਾ। ਜੁਗ ਜੁਗ ਆਪਣਾ ਮੇਲ ਮਿਲਾਈ, ਲੋਕਮਾਤ ਦਇਆ ਕਮਾਇੰਦਾ। ਕਲਜੁਗ ਅੰਤਮ ਕਰੇ ਸਚ ਨਿਆਈਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਸਚ ਨਿਆਉਂ ਹੱਥ ਕਰਤਾਰ, ਆਦਿ ਜੁਗਾਦਿ ਰਖਾਇਆ। ਜੁਗਾ ਜੁਗੰਤਰ ਲੈ ਅਵਤਾਰ, ਲੋਕਮਾਤ ਕਰੇ ਰੁਸ਼ਨਾਇਆ। ਕਲਜੁਗ ਖੇਲ ਅਗੰਮ ਅਪਾਰ, ਵੇਦ ਅਥਰਬਣ ਦਏ ਦੁਹਾਇਆ। ਵੇਦ ਵਿਆਸਾ ਕਰ ਪੁਕਾਰ, ਰਸਨਾ ਜਿਹਵਾ ਗਿਆ ਗਾਇਆ। ਨਾਨਕ ਗੋਬਿੰਦ ਬੋਲ ਜੈਕਾਰ, ਏਕਾ ਅੱਖਰ ਗਿਆ ਪੜ੍ਹਾਇਆ। ਪੁਰਖ ਅਕਾਲ ਮੀਤ ਮੁਰਾਰ, ਜੂਨੀ ਰਹਿਤ ਇਕ ਅਖਵਾਇਆ। ਦੁੱਖ ਦਰਦ ਭੈ ਭੰਜਣ ਹਰਿ ਸਰਬ ਸੰਸਾਰ, ਸਗਲਾ ਸੰਗ ਆਪ ਤਰਾਇਆ। ਸ਼ਾਹ ਸੁਲਤਾਨ ਭੂਪ ਇਕ ਸਿਕਦਾਰ, ਦੋ ਜਹਾਨਾਂ ਰਾਜ ਜੋਗ ਇਕ ਵਖਾਇਆ। ਹੁਕਮੀ ਹੁਕਮ ਕਰੇ ਵਰਤਾਰ, ਵਡ ਭਾਣੇ ਭਾਣਾਂ ਵਿਚ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਵੇਸ ਵਟਾਇਆ। ਜੁਗ ਜੁਗ ਖੇਲ ਖਲੰਦੜਾ, ਪਾਰਬ੍ਰਹਮ ਪ੍ਰਭ ਬੇਅੰਤ। ਨਿਰਗੁਣ ਆਪਣਾ ਵੇਸ ਵਟੰਦੜਾ, ਲੇਖਾ ਜਾਣੇ ਜੀਵ ਜੰਤ। ਪੰਜ ਤਤ ਕਾਇਆ ਚੋਲਾ ਆਪ ਹਢੰਦੜਾ, ਲੇਖਾ ਜਾਣੇ ਆਦਿ ਅੰਤ। ਗੁਰਮੁਖ ਵਿਰਲੇ ਆਪ ਜਗੰਦੜਾ, ਸ਼ਬਦ ਜਣਾਈ ਮਣੀਆ ਮੰਤ। ਸਾਚਾ ਕੰਤ ਸੁਹਾਗ ਹਢੰਦੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ੍ਰਿਸ਼ਟ ਸਬਾਈ ਸਾਚਾ ਕੰਤ। ਕੰਤ ਕੰਤੂਹਲਾ ਹਰਿ ਭਗਵਾਨ, ਮਹਿਮਾ ਅਕਥ ਕਥੀ ਨਾ ਜਾਈਆ। ਜੁਗਾ ਜੁਗੰਤਰ ਖੇਲ ਮਹਾਨ, ਪੁਰਖ ਸਮਰਥ ਆਪ ਕਰਾਈਆ। ਕਲਜੁਗ ਅੰਤਮ ਹੋ ਪਰਧਾਨ, ਪੁਰੀ ਘਨਕ ਕਰੇ ਰੁਸ਼ਨਾਈਆ। ਸਾਚੇ ਸੰਤਨ ਆਤਮ ਗਿਆਨ, ਬ੍ਰਹਮ ਗਿਆਨ ਇਕ ਦ੍ਰਿੜਾਈਆ। ਬਖ਼ਸ਼ਿਸ਼ ਬਖ਼ਸ਼ੇ ਚਰਨ ਧਿਆਨ, ਲਿਵ ਅੰਤਰ ਆਪ ਲਗਾਈਆ। ਮਨ ਮਾਨਿਆ ਮਿਲਿਆ ਜੀਆ ਦਾਨ, ਜੀਵਣ ਜੁਗਤ ਇਕ ਸਿਖਾਈਆ। ਘਰ ਸਖੀ ਮਿਲਿਆ ਸਾਚਾ ਕਾਹਨ, ਸਾਚੇ ਮੰਦਰ ਬੰਸਰੀ ਨਾਮ ਵਜਾਈਆ। ਲੇਖਾ ਚੁੱਕਾ ਸੀਆ ਰਾਮ, ਸੀਤਲ ਧਾਰ ਸਹਿਜ ਸੁਖਦਾਈਆ। ਏਕਾ ਨਿਰਗੁਣ ਕਰ ਪਰਨਾਮ, ਜਗਤ ਜਗਦੀਸ਼ ਸੀਸ ਝੁਕਾਈਆ। ਖੇੜਾ ਵੇਖਿਆ ਸਚ ਗ੍ਰਾਮ, ਜਗਤ ਝੇੜਾ ਦਏ ਕਟਾਈਆ। ਕੋਟਨ ਕੋਟ ਸ਼ਰਮਾਇਣ ਰਵ ਸਸ ਸੂਰਜ ਭਾਨ, ਏਕਾ ਕਿਰਨ ਹਰਿ ਰੁਸ਼ਨਾਈਆ। ਸੰਤ ਮਨੀ ਸਿੰਘ ਚਰਨ ਦੁਆਰੇ ਡਿੱਗਾ ਆਣ, ਹਰਿ ਮਿਲਿਆ ਫੜ ਫੜ ਬਾਹੀਂਆ। ਅਰਜਨ ਗੀਤਾ ਦਿਤਾ ਇਕ ਗਿਆਨ, ਦੂਸਰ ਪੁਸਤਕ ਨਾ ਹੱਥ ਫੜਾਈਆ। ਕਲਜੁਗ ਅੰਤਮ ਸਚ ਨਿਸ਼ਾਨ, ਆਪਣਾ ਅੱਖਰ ਦੇਵੇ ਵਿਚ ਟਿਕਾਈਆ। ਬਜ਼ਰ ਕਪਾਟੀ ਪੱਥਰ ਤੋੜ ਸਚ ਮਕਾਨ, ਸਾਚੀ ਸਿਖਿਆ ਇਕ ਸਮਝਾਈਆ। ਕਲਜੁਗ ਭੁੱਲਾ ਜੀਵ ਨਾਦਾਨ, ਮਾਇਆ ਪਰਦਾ ਏਕਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲ ਪਸਾਰਾ ਹਰਿ ਨਿਰੰਕਾਰਾ ਨਿਰਾਕਾਰਾ ਨਿਰਗੁਣ ਧਾਰਾ ਆਪ ਚਲਾਈਆ। ਸੰਤ ਮਨੀ ਸਿੰਘ ਜੈ ਜੈ ਵੰਤ, ਜੈਤਸਰੀ ਏਕਾ ਰਾਗ ਸਮਾਇਆ। ਪਾਰਬ੍ਰਹਮ ਪ੍ਰਭ ਪਾਇਆ ਸਾਚਾ ਕੰਤ, ਸ੍ਰੀ ਰਾਗ ਘਰ ਮੰਦਰ ਆਪ ਅਲਾਇਆ। ਕਾਇਆ ਚੋਲੀ ਚੜ੍ਹਿਆ ਰੰਗ ਬਸੰਤ, ਬਸੰਤ ਮੰਗਲਾਚਾਰ ਰਿਹਾ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਦਰ ਘਰ ਸਾਚਾ ਇਕ ਦਰਸਾਇਆ। ਦਰ ਘਰ ਸਾਚਾ ਹਰਿ ਭਗਵੰਤ, ਪਾਰਬ੍ਰਹਮ ਵੱਡੀ ਵਡਿਆਈਆ। ਲੇਖਾ ਜਾਣੇ ਸਾਜਣ ਸੰਤ, ਸਤਿਗੁਰ ਦਾਤਾ ਬੇਪਰਵਾਹੀਆ। ਸਖੀ ਮੇਲਾ ਸਾਚੇ ਕੰਤ, ਗਿਰਵਰ ਗਿਰਧਰ ਗ੍ਰਹਿ ਮੰਦਰ ਫੇਰਾ ਪਾਈਆ। ਸਖਾ ਸੁਹੇਲਾ ਆਦਿ ਅੰਤ, ਜੁਗਾ ਜੁਗੰਤ ਸਗਲਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਆਪਣੀ ਰਚਨ ਰਚਾਈਆ। ਅਚਰਜ ਰਚਨਾ ਹਰਿ ਹਰਿ ਰਚ, ਆਦਿ ਜੁਗਾਦਿ ਸਮਾਇਆ। ਘਟ ਘਟ ਅੰਦਰ ਰਵਿਆ ਸੱਚ, ਸਚ ਮੰਦਰ ਆਪ ਉਪਾਇਆ। ਪੰਜ ਤਤ ਕਾਇਆ ਦੀਸੇ ਕੱਚ, ਥਿਰ ਕੋਇ ਰਹਿਣ ਨਾ ਪਾਇਆ। ਜੁਗਾ ਜੁਗੰਤਰ ਰਿਹਾ ਨੱਚ, ਸਵਾਂਗੀ ਆਪਣਾ ਸਵਾਂਗ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌ ਨੌ ਚਾਰ ਆਪਣਾ ਬੰਧਨ ਆਪ ਰਖਾਇਆ। ਨੌ ਨੌ ਚਾਰ ਬੰਧਨ ਪਾ, ਜੁਗ ਚੌਕੜੀ ਆਪ ਚਲਾਈਆ। ਬ੍ਰਹਮਾ ਮਨਵੰਤਰ ਲੇਖਾ ਦਏ ਲਿਖਾ, ਸੱਤ ਇਕ ਕਰੇ ਕੁੜਮਾਈਆ। ਅੱਠ ਤਤ ਰੰਗ ਰੰਗਾ, ਨੌ ਨੌ ਖੋਜ ਖੁਜਾਈਆ। ਪੰਜ ਪੰਜ ਲੇਖਾ ਦਏ ਮੁਕਾ, ਦਸ ਦਸ ਵੇਖ ਵਖਾਈਆ। ਲੱਖ ਲੱਖ ਗੇੜਾ ਦਏ ਦੁਆ, ਲੱਖ ਬੀਸ ਜਗਦੀਸ਼ ਬੇਪਰਵਾਹੀਆ। ਕਲਜੁਗ ਝੇੜਾ ਦਏ ਮੁਕਾ, ਪੁਰਖ ਅਗੰਮੜਾ ਅਗੰਮੜੀ ਕਾਰ ਕਮਾਈਆ। ਸਤਿ ਸਰੂਪੀ ਜਾਮਾ ਪਾ, ਤਤਵ ਤਤ ਇਕ ਰਖਾਈਆ। ਨੇਹਕਰਮੀ ਨੇਹਕਰਮੀ ਹਰਿ ਆਪ ਅਖਵਾ, ਕਰਮ ਕੁਕਰਮੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਧਰਨੀ ਆਪ ਸੁਹਾਈਆ। ਨੌ ਨੌ ਚਾਰ ਕਰੇ ਪੁਕਾਰ, ਬ੍ਰਹਮਾ ਵੇਤਾ ਸੰਗ ਰਲਾਈਆ। ਵਿਸ਼ਨੂੰ ਨੇਤਰ ਰੋਵੇ ਜ਼ਾਰੋ ਜ਼ਾਰ, ਕਵਲ ਨੈਣ ਨਾ ਕੋਇ ਮਟਕਾਈਆ। ਸ਼ੰਕਰ ਢਹਿ ਢਹਿ ਕਰੇ ਨਿਮਸਕਾਰ, ਧੂੜੀ ਮਸਤਕ ਟਿੱਕਾ ਲਾਈਆ। ਧਰਤੀ ਮੰਗੇ ਸਾਚੀ ਛਾਰ, ਅੱਗੇ ਆਪਣੀ ਝੋਲੀ ਡਾਹੀਆ। ਕਰੋੜ ਤੇਤੀਸਾ ਬਣ ਭਿਖਾਰ, ਏਕਾ ਅਲਖ ਰਹੇ ਜਗਾਈਆ। ਲੱਖ ਚੁਰਾਸੀ ਕਰੇ ਵਿਚਾਰ, ਕਵਣ ਲੇਖਾ ਦਏ ਮੁਕਾਈਆ। ਧਰਮ ਰਾਏ ਤੱਕੇ ਦਵਾਰ, ਅੱਧਵਿਚਕਾਰ ਤਾੜੀ ਲਾਈਆ। ਜੁਗ ਚੌਕੜੀ ਦਰਸ ਮੰਗੇ ਕਰਤਾਰ, ਹੌਲਾ ਭਾਰ ਨਾ ਕੋਇ ਕਰਾਈਆ। ਗੁਰ ਪੀਰ ਅਵਤਾਰ ਉਚੀ ਕੂਕ ਕਰਨ ਪੁਕਾਰ, ਬਿਨ ਹਰਿ ਨਾ ਕੋਇ ਸਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਨਾ ਪਾਇਣ ਸਾਰ, ਅੰਜੀਲ ਕੁਰਾਨ ਖਾਣੀ ਬਾਣੀ ਰਹੀ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਧਾਮ ਅਵੱਲੜਾ ਇਕ ਸੁਹਾਈਆ। ਧਾਮ ਅਵੱਲੜਾ ਸਚਖੰਡ ਨਿਵਾਸ, ਥਿਰ ਘਰ ਆਪ ਵਡਿਆਇਆ। ਪੁਰਖ ਅਬਿਨਾਸ਼ ਸ਼ਾਹੋ ਸ਼ਾਬਾਸ਼, ਸਾਚੇ ਤਖ਼ਤ ਡੇਰਾ ਲਾਇਆ। ਨਿਰਗੁਣ ਜੋਤ ਜੋਤ ਪਰਕਾਸ਼, ਦੀਵਾ ਬਾਤੀ ਨਾ ਕੋਇ ਜਗਾਇਆ। ਨਾ ਕੋਈ ਪਵਣ ਨਾ ਸਵਾਸ, ਰਸਨਾ ਜਿਹਵਾ ਨਾ ਕੋਇ ਹਲਾਈਆ। ਨਾ ਕੋਈ ਪ੍ਰਿਥਮੀ ਨਾ ਆਕਾਸ਼, ਗਗਨ ਮੰਡਲ ਨਾ ਕੋਇ ਵਖਾਇਆ। ਆਪੇ ਰਚੇ ਆਪਣੀ ਰਾਸ, ਆਪ ਆਪਣੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਗੇੜਾ ਦਏ ਚੁਕਾਇਆ। ਕਲਜੁਗ ਗੇੜਾ ਚੁੱਕਣਾ, ਧਰਤ ਧਵਲ ਕਰੇ ਪੁਕਾਰ। ਸਿੰਘ ਸ਼ੇਰ ਦਲੇਰ ਏਕਾ ਬੁੱਕਣਾ, ਸ਼ਾਹ ਸੁਲਤਾਨਾਂ ਕਰੇ ਖੁਆਰ। ਹਰਿ ਕਾ ਭਾਣਾ ਕਦੇ ਨਾ ਰੁਕਣਾ, ਵਰਤੇ ਵਰਤਾਵੇ ਵਿਚ ਸੰਸਾਰ। ਅੰਦਰ ਵੜ ਕਿਸੇ ਨਾ ਲੁਕਣਾ, ਸ਼ਬਦ ਅਗੰਮੀ ਮਾਰੇ ਮਾਰ। ਕਲਜੁਗ ਬੂਟਾ ਝੂਠਾ ਸੁੱਕਣਾ, ਫਲ ਦਿਸੇ ਨਾ ਕਿਸੇ ਡਾਰ। ਗੁਰਮੁਖ ਵਿਰਲਾ ਗੋਦੀ ਚੁੱਕਣਾ, ਦਰਗਹਿ ਸਾਚੀ ਕਰੇ ਪਿਆਰ। ਹਰਿ ਕਾ ਰੂਪ ਨਾ ਮਾਨਸ ਨਾ ਦਿਸੇ ਮਨੁਖਨਾ, ਨਿਰਗੁਣ ਜੋਤ ਨੂਰ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਰਨੀ ਸੁਣੇ ਪੁਕਾਰ। ਧਰਨੀ ਸੁਣ ਪੁਕਾਰ, ਜਗਦੀਸ਼ ਜਗਤ ਵਡਿਆਈਆ। ਪੁਰੀ ਘਨਕ ਘਨਕ ਵਿਚਾਰ, ਭਵ ਸਾਗਰ ਵੇਖ ਵਖਾਈਆ। ਜਿਉਂ ਜਨਕ ਸਪੁੱਤਰੀ ਜਾਏ ਤਾਰ, ਧਨਕ ਧਨੁਸ਼ ਆਪਣੇ ਹੱਥ ਉਠਾਈਆ। ਜਿਉਂ ਤੋੜਣਹਾਰਾ ਗੜ੍ਹ ਹੰਕਾਰ, ਲੰਕਾ ਰਾਵਣ ਰਹਿਣ ਨਾ ਪਾਈਆ। ਜਿਉਂ ਕੰਸ ਦੁਹਸਾਸਣ ਮਾਰੇ ਮਾਰ, ਦਰਯੋਧਨ ਮੇਟ ਮਿਟਾਈਆ। ਜਿਉਂ ਖੰਡਾ ਖੜਗ ਖਿਚ ਕਟਾਰ, ਚਿਲੇ ਤੀਰ ਕਮਾਨ ਚੜ੍ਹਾਈਆ। ਕਲਜੁਗ ਅੰਤਮ ਖੇਲ ਬੇਐਬ ਪਰਵਰਦਿਗਾਰ, ਨੂਰੀ ਇਸਮ ਜਿਸਮ ਆਪ ਅਖਵਾਈਆ। ਬਿਸਮਿਲ ਕਰੇ ਸਰਬ ਸੰਸਾਰ, ਏਕਾ ਧਾਰ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਆਪ ਖ਼ੁਦਾਈਆ। ਖ਼ਾਲਕ ਖ਼ਲਕ ਬੇਨਜ਼ੀਰ, ਨੂਰ ਨੁਰਾਨਾ ਆਫਤਾਬ ਮਹਿਤਾਬਿਆ। ਚੌਦਾਂ ਚੌਦਾਂ ਪਾਏ ਜੰਜ਼ੀਰ, ਲੇਖਾ ਚੁੱਕੇ ਸ਼ਾਹ ਨਵਾਬਿਆ। ਸੱਚੇ ਸੂਫੀ ਚੁਕਾਏ ਅੰਤਮ ਭੀੜ, ਜਿਸ ਪਾਇਆ ਮੱਕਾ ਕਾਇਆ ਕਾਬਿਆ। ਦਰਸ ਦਖਾਏ ਪੀਰਨ ਪੀਰ, ਅਸਵ ਘੋੜੇ ਸਾਚੇ ਚਰਨ ਦੇ ਰਕਾਬਿਆ। ਚੋਟੀ ਚੜ੍ਹਿਆ ਇਕ ਅਖੀਰ, ਲੇਖਾ ਜਾਣੇ ਗੈਬ ਅਗੈਬਿਆ। ਮੁਖ ਨਕਾਬ ਬਸਤਰ ਚੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਮੇਲ ਮਿਲਾਏ ਦੋ ਦੋ ਆਬਿਆ। ਦੋ ਦੋ ਆਬ ਹਰਿ ਹਰਿ ਮੇਲਾ, ਦੋ ਜਹਾਨਾਂ ਵੇਖ ਵਖਾਈਆ। ਲੇਖਾ ਜਾਣੇ ਗੁਰ ਗੁਰ ਚੇਲਾ, ਗੁਰ ਗੁਰ ਏਕਾ ਰੂਪ ਸਮਾਈਆ। ਸੰਤ ਮਿਲਾਏ ਸੱਜਣ ਸੁਹੇਲਾ, ਘਰ ਸਾਚੇ ਵੱਜੇ ਵਧਾਈਆ। ਆਪੇ ਜਾਣੇ ਆਪਣਾ ਵਕਤ ਵੇਲਾ, ਪੰਡਤ ਪਾਂਧਾ ਥੱਕਾ ਮਾਂਦਾ ਨਾ ਸਕੇ ਕੋਇ ਬਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਏਕਾ ਏਕ ਅਖਵਾਈਆ। ਨਿਹਕਲੰਕ ਹਰਿ ਭਗਵਾਨ, ਦੂਸਰ ਅਵਰ ਨਾ ਕੋਇ ਜਣਾਇੰਦਾ। ਸਤਿ ਸਰੂਪੀ ਸਚ ਨਿਸ਼ਾਨ, ਸਚਖੰਡ ਦੁਆਰੇ ਆਪ ਝੁਲਾਇੰਦਾ। ਚੌਦਾਂ ਲੋਕਾਂ ਪਾਏ ਆਣ, ਲੱਖ ਚੁਰਾਸੀ ਹੁਕਮ ਸੁਣਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਰੂਪ ਰੇਖ ਆਪ ਵਖਾਇੰਦਾ। ਗੁਰਮੁਖ ਸਾਚੇ ਚਤੁਰ ਸੁਜਾਨ, ਜਿਸ ਜਨ ਸਾਚੀ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਾਲਾ ਸੂਸਾ ਵੇਖ ਵਖਾਇੰਦਾ। ਕਾਲਾ ਸੂਸਾ ਕਾਲੀ ਧਾਰ, ਕੁਲ ਕੁਲਵੰਤਾ ਵੇਖ ਵਖਾਈਆ। ਸਤਿ ਸਫ਼ੈਦੀ ਕਰ ਪਿਆਰ, ਸਤਿ ਸਤਿਵਾਦੀ ਲਏ ਮਿਲਾਈਆ। ਬੋਧ ਅਗਾਧੀ ਸ਼ਬਦ ਜੈਕਾਰ, ਏਕਾ ਢੋਲਾ ਸਾਚਾ ਗਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਹੋਏ ਵਿਚ ਸੰਸਾਰ, ਪਰਦਾ ਉਹਲਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਅੰਦਰ ਨਿਰਗੁਣ ਵੜ, ਸਰਗੁਣ ਡੰਕਾ ਰਿਹਾ ਸੁਣਾਈਆ।
