Granth 09 Likhat 127: 10 Jeth 2017 Bikarmi Isher Singh Dhyan Singh de Ghar Pind Darh Jila Jammu

੧੦ ਜੇਠ ੨੦੧੭ ਬਿਕ੍ਰਮੀ ਈਸ਼ਰ ਸਿੰਘ ਧਿਆਨ ਸਿੰਘ ਦੇ ਘਰ ਪਿੰਡ ਦੜ ਜ਼ਿਲਾ ਜੰਮੂ

ਹਰਿ ਸਤਿਗੁਰ ਸੱਚਾ ਪਾਤਸ਼ਾਹ, ਪੁਰਖ ਅਬਿਨਾਸ਼ੀ ਏਕਓਅੰਕਾਰ। ਆਦਿ ਜੁਗਾਦੀ ਸਿਫ਼ਤੀ ਸਿਫ਼ਤ ਸਾਲਾਹ, ਨਿਰਗੁਣ ਨੂਰ ਅਗੰਮ ਅਪਾਰ। ਜੁਗਾ ਜੁਗੰਤਰ ਬਣੇ ਜਗਤ ਮਲਾਹ, ਲੋਕਮਾਤ ਲੈ ਅਵਤਾਰ। ਲੱਖ ਚੁਰਾਸੀ ਦੱਸੇ ਸਾਚਾ ਰਾਹ, ਸ਼ਬਦ ਅਗੰਮੀ ਬੋਲ ਜੈਕਾਰ। ਏਕਾ ਅੱਖਰ ਜਪਾਏ ਆਪਣਾ ਨਾਂ, ਆਪ ਆਪਣੀ ਕਿਰਪਾ ਧਾਰ। ਨਿਥਾਵਿਆਂ ਦੇਵੇ ਸਾਚਾ ਥਾਂ, ਨਿਰਗੁਣ ਸਰਗੁਣ ਕਰ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਕਾਰ। ਕਾਰ ਕਰੰਦੜਾ ਹਰਿ ਕਰਤਾਰ, ਕਰਤਾ ਪੁਰਖ ਆਪ ਅਖਵਾਇੰਦਾ। ਜੂਨੀ ਰਹਿਤ ਭੇਵ ਨਿਆਰ, ਅਜੂਨ ਅਜੂਨੀ ਵੇਸ ਵਟਾਇੰਦਾ। ਮੂਰਤ ਅਕਾਲ ਹੋ ਉਜਿਆਰ, ਦੀਨ ਦਿਆਲ ਡਗਮਗਾਇੰਦਾ। ਸਚਖੰਡ ਵਸੇ ਸੱਚੀ ਧਰਮਸਾਲ, ਸਚ ਸਿੰਘਾਸਣ ਆਸਣ ਲਾਇੰਦਾ। ਦੀਪਕ ਜੋਤੀ ਆਪਣਾ ਬਾਲ, ਸਚ ਪਰਕਾਸ਼ ਕਰਾਇੰਦਾ। ਆਪਣੀ ਮੁਸ਼ੱਕਤ ਆਪੇ ਘਾਲ, ਆਪਣੀ ਪ੍ਰੀਤੀ ਆਪ ਬਨ੍ਹਾਇੰਦਾ। ਆਪਣੇ ਮੰਦਰ ਵਜਾਏ ਆਪਣਾ ਤਾਲ, ਸ਼ਬਦ ਅਨਾਦੀ ਆਪੇ ਗਾਇੰਦਾ। ਆਪੇ ਚਲੇ ਅਵੱਲੜੀ ਚਾਲ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਆਪੇ ਪਾਰਬ੍ਰਹਮ ਬ੍ਰਹਮ ਸੁਰਤ ਲਏ ਸੰਭਾਲ, ਆਪ ਆਪਣਾ ਵੇਖ ਵਖਾਇੰਦਾ। ਆਪੇ ਤ੍ਰੈਗੁਣ ਮਾਇਆ ਪਾ ਜੰਜਾਲ, ਲੱਖ ਚੁਰਾਸੀ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਖੇਲ ਖਿਲਾਇੰਦਾ। ਆਪੇ ਪਾਤਸ਼ਾਹ ਸੁਲਤਾਨ, ਸਤਿ ਪੁਰਖ ਨਿਰੰਜਣ ਆਪ ਅਖਵਾਇੰਦਾ। ਆਪੇ ਪੁਰਖ ਅਬਿਨਾਸ਼ੀ ਵਡ ਮਿਹਰਵਾਨ, ਏਕੰਕਾਰਾ ਆਪਣੀ ਦਇਆ ਆਪ ਕਮਾਇੰਦਾ। ਆਪੇ ਸੋ ਪੁਰਖ ਨਿਰੰਜਣ ਝੁਲਾਏ ਸਚ ਨਿਸ਼ਾਨ, ਆਪੇ ਹਰਿ ਪੁਰਖ ਨਿਰੰਜਣ ਸੇਵ ਕਮਾਇੰਦਾ। ਆਪੇ ਅਬਿਨਾਸ਼ੀ ਕਰਤਾ ਹੋਏ ਨੌਜਵਾਨ, ਆਪੇ ਸ੍ਰੀ ਭਗਵਾਨ ਸੰਗ ਨਿਭਾਇੰਦਾ। ਆਪੇ ਪਾਰਬ੍ਰਹਮ ਪ੍ਰਭ ਹੋ ਪਰਧਾਨ, ਬ੍ਰਹਮ ਆਪਣਾ ਹੁਕਮ ਸੁਣਾਇੰਦਾ। ਆਪ ਉਠਾਏ ਸਚ ਨਿਸ਼ਾਨ, ਦਰਗਹਿ ਸਾਚੀ ਆਪ ਝੁਲਾਇੰਦਾ। ਆਪੇ ਵਸੇ ਸਚ ਮਕਾਨ, ਥਿਰ ਘਰ ਸਾਚਾ ਆਪ ਬਣਾਇੰਦਾ। ਆਪੇ ਹੋਏ ਨਿਗਹਬਾਨ, ਨਿਰਵੈਰ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਰੂਪ ਵਟਾਇੰਦਾ। ਸ਼ਾਹ ਪਾਤਸ਼ਾਹ ਏਕੰਕਾਰਾ, ਅਕਲ ਕਲਾ ਅਖਵਾਈਆ। ਆਦਿ ਜੁਗਾਦੀ ਖੇਲ ਅਪਾਰਾ, ਨਿਰਗੁਣ ਦਾਤਾ ਆਪ ਕਰਾਈਆ। ਆਪ ਆਪਣਾ ਕਰ ਪਸਾਰਾ, ਆਪੇ ਵੇਖ ਵਖਾਈਆ। ਆਪੇ ਨਿਰਗੁਣ ਲੈ ਅਵਤਾਰਾ, ਸਰਗੁਣ ਸਾਚੀ ਜੋਤ ਜਗਾਈਆ। ਆਪੇ ਪੰਚਮ ਸ਼ਬਦ ਬੋਲ ਜੈਕਾਰਾ, ਤਨ ਮੰਦਰ ਆਪ ਸੁਹਾਈਆ। ਆਪੇ ਵਸੇ ਅੰਦਰ ਬਾਹਰਾ, ਗੁਪਤ ਜ਼ਾਹਰ ਆਪ ਹੋ ਜਾਈਆ। ਆਪੇ ਸ਼ਾਹੋ ਭੂਪ ਸਿਕਦਾਰਾ, ਆਪੇ ਧੁਰ ਫ਼ਰਮਾਣਾ ਹੁਕਮ ਜਣਾਈਆ। ਆਪੇ ਤਖ਼ਤ ਤਾਜ ਰੱਖੇ ਸੀਸ ਦਸਤਾਰਾ, ਆਪੇ ਵੰਡਣ ਵੰਡ ਤੁੜਾਈਆ। ਆਪੇ ਅਸਵ ਹੋਏ ਸ਼ਾਹ ਅਸਵਾਰਾ, ਸਾਚਾ ਘੋੜਾ ਆਪ ਦੌੜਾਈਆ। ਆਪੇ ਪਵਣ ਦਏ ਹੁਲਾਰਾ, ਲੋਆਂ ਪੁਰੀਆਂ ਫੇਰਾ ਪਾਈਆ। ਆਪੇ ਲੇਖਾ ਜਾਣੇ ਸੂਰਜ ਚੰਨ ਸਿਤਾਰਾ, ਮੰਡਲ ਮੰਡਪ ਖੋਜ ਖੁਜਾਈਆ। ਆਪੇ ਪਾਵੇ ਸਾਰ ਜ਼ਿਮੀ ਅਸਮਾਨ ਗਗਨ ਮੰਡਲ ਵੇਖੇ ਆਰ ਪਾਰਾ, ਧਵਲ ਸਾਗਰ ਡੇਰਾ ਲਾਈਆ। ਆਪੇ ਨੌ ਖੰਡ ਪ੍ਰਿਥਮੀ ਵੇਖੇ ਖਾੜਾ, ਸੱਤਾਂ ਦੀਪਾਂ ਜੋਤ ਕਰੇ ਰੁਸ਼ਨਾਈਆ। ਆਪੇ ਹੋਏ ਧੁਰਦਰਗਾਹੀ ਸੱਚਾ ਲਾੜਾ, ਸਤਿਗੁਰ ਸਾਚਾ ਨਾਉਂ ਧਰਾਈਆ। ਆਪੇ ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਆਪੇ ਫੋਲ ਫੁਲਾਈਆ। ਆਪੇ ਭਗਤਾਂ ਕਰੇ ਸਚ ਪਿਆਰਾ, ਮਨਮੁਖਾਂ ਦਏ ਸਜ਼ਾਈਆ। ਆਪੇ ਸ਼ਬਦ ਨਾਦ ਧੁਨ ਜੈਕਾਰਾ, ਆਪੇ ਪੰਚ ਵਿਕਾਰ ਕਰੇ ਹਲਕਾਈਆ। ਆਪੇ ਅੰਮ੍ਰਿਤ ਤਾਲ ਸੁਹਾਏ ਠੰਡੀ ਠਾਰਾ, ਆਪੇ ਅਗਨੀ ਤਤ ਜਲਾਈਆ। ਆਪੇ ਵਸੇ ਅੰਧ ਅੰਧਿਆਰਾ, ਆਪੇ ਨਿਰਗੁਣ ਜੋਤ ਆਦਿ ਨਿਰੰਜਣ ਕਰੇ ਰੁਸ਼ਨਾਈਆ। ਆਪੇ ਵੇਖੇ ਕਾਇਆ ਮੰਦਰ ਸਚ ਦਵਾਰਾ, ਆਪੇ ਬੈਠਾ ਮੁਖ ਛੁਪਾਈਆ। ਆਪੇ ਖੰਡਾ ਸ਼ਬਦ ਤੇਜ਼ ਕਟਾਰਾ, ਸ਼ਸਤਰ ਬਸਤਰ ਆਪ ਸਜਾਈਆ। ਆਪੇ ਪੁਰਖ ਆਪੇ ਨਾਰਾ, ਨਰ ਨਰਾਇਣ ਆਪ ਹੋ ਜਾਈਆ। ਆਪੇ ਗੋਬਿੰਦ ਜਾਣੇ ਧਾਰਾ, ਧਰਨੀ ਧਰਤ ਧਵਲ ਦਏ ਵਡਿਆਈਆ। ਆਪੇ ਗੁਰਮੁਖਾਂ ਬਣੇ ਮਾਤ ਸਹਾਰਾ, ਜੁਗ ਜੁਗ ਆਪਣਾ ਵੇਸ ਵਟਾਈਆ। ਆਪੇ ਖ਼ਲਕ ਖ਼ਾਲਕ ਵੇਖੇ ਪਰਵਰਦਿਗਾਰਾ, ਆਪੇ ਮਖ਼ਲੂਕ ਦਏ ਸਾਲਾਹੀਆ। ਆਪੇ ਪੰਡਤ ਪਾਂਧਾ ਲੇਖਾ ਜਾਣੇ ਆਰ ਪਾਰਾ, ਗਿਆਨ ਧਿਆਨ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸੱਚਾ ਪਾਤਸ਼ਾਹ, ਪਾਰਬ੍ਰਹਮ ਇਕ ਅਖਵਾਈਆ। ਸੱਚਾ ਪਾਤਸ਼ਾਹ ਹਰਿ ਨਰਾਇਣ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਲੱਖ ਚੁਰਾਸੀ ਵੇਖੇ ਏਕਾ ਨੈਣ, ਦੂਜੀ ਅੱਖ ਨਾ ਕੋਇ ਖੁਲ੍ਹਾਇੰਦਾ। ਜੁਗ ਜੁਗ ਚੁਕਾਏ ਲਹਿਣਾ ਦੇਣ, ਜਨਮ ਕਰਮ ਪ੍ਰਭ ਆਪਣੇ ਹੱਥ ਰਖਾਇੰਦਾ। ਜਨ ਭਗਤਾਂ ਪਾਏ ਬਸਤਰ ਨਾਮ ਗਹਿਣ, ਤਨ ਸਚ ਸ਼ਿੰਗਾਰ ਕਰਾਇੰਦਾ। ਮਨਮੁਖ ਝੂਠੇ ਵਹਿਣ ਵਹਿਣ, ਸਾਚਾ ਰਾਹ ਨਾ ਕੋਇ ਚਲਾਇੰਦਾ। ਉਚੀ ਕੂਕ ਸਾਰੇ ਕਹਿਣ, ਹਰਿ ਕਾ ਦਰਸ ਨਾ ਕੋਇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸਾਚਾ ਬਣ ਮਲਾਹ, ਗੁਰਮੁਖ ਸਾਚੇ ਆਪ ਤਰਾਇੰਦਾ। ਸਤਿਗੁਰ ਸਿਫ਼ਤ ਸਲਾਹਣਾ, ਸਰਬ ਗੁਣਾਂ ਗੁਣਵੰਤ। ਆਪ ਚੁਕਾਏ ਲਹਿਣਾ ਦੇਣਾ, ਆਦਿ ਜੁਗਾਦਿ ਸ੍ਰੀ ਭਗਵੰਤ। ਕਲਜੁਗ ਅੰਤਮ ਵੇਖੇ ਆਪਣੇ ਨੈਣਾਂ, ਪੁਰਖ ਅਬਿਨਾਸ਼ੀ ਮਹਿਮਾ ਅਗਣਤ । ਜੂਠਾ ਝੂਠਾ ਦਿਸੇ ਸਾਕ ਸੱਜਣ ਸੈਣਾ, ਬਿਨ ਹਰਿ ਨਾਮ ਨਾ ਬਣਾਏ ਸਾਚੀ ਬਣਤ। ਥਿਰ ਦਰਬਾਰ ਕਿਸੇ ਨਾ ਬਹਿਣਾ, ਭਰਮੇ ਭੁੱਲੇ ਜੀਵ ਜੰਤ। ਗੁਰਮੁਖ ਵਿਰਲਾ ਦਰਸ਼ਨ ਕਰੇ ਨੈਣਾਂ, ਧੰਨ ਵਡਿਆਈ ਸਾਚੇ ਸੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਜੁਗਾ ਜੁਗੰਤ। ਜੁਗਾ ਜੁਗੰਤਰ ਖੇਲ ਅਪਾਰਾ, ਸਤਿ ਪੁਰਖ ਨਿਰੰਜਣ ਆਪ ਕਰਾਈਆ। ਏਕਾ ਗੁਰ ਇਕ ਅਵਤਾਰਾ, ਏਕਾ ਨਾਮ ਕਰੇ ਪੜ੍ਹਾਈਆ। ਏਕਾ ਸ਼ਬਦ ਇਕ ਜੈਕਾਰਾ, ਨਾਮ ਸਤਿ ਇਕ ਵਖਾਈਆ। ਏਕਾ ਰਾਮ ਕ੍ਰਿਸ਼ਨ ਮੁਰਾਰਾ, ਏਕਾ ਅੱਲਾ ਨੂਰ ਦਰਸਾਈਆ। ਏਕਾ ਫ਼ਤਹਿ ਬੋਲ ਜੈਕਾਰਾ, ਵਾਹ ਵਾ ਗੁਰੂ ਇਕ ਸਮਝਾਈਆ। ਏਕ ਵਸੇ ਧਾਮ ਨਿਆਰਾ, ਸਚਖੰਡ ਬੈਠਾ ਆਸਣ ਲਾਈਆ। ਖਾਣੀ ਬਾਣੀ ਪਾਵੇ ਸਾਰਾ, ਨਾਦ ਧੁਨੀ ਆਪ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ ਬੇਪਰਵਾਹੀਆ। ਜੁਗ ਜੁਗ ਖੇਲ ਸ੍ਰੀ ਭਗਵਾਨ, ਆਪਣਾ ਆਪ ਕਰਾਇੰਦਾ। ਪਰਗਟ ਹੋਵੇ ਵਾਲੀ ਦੋ ਜਹਾਨ, ਗੁਰ ਗੁਰ ਆਪਣਾ ਨਾਉਂ ਧਰਾਇੰਦਾ। ਸਤਿਗੁਰ ਸਾਚਾ ਬਣ ਮਿਹਰਵਾਨ, ਹਰਿ ਸੰਗਤ ਮੇਲ ਮਿਲਾਇੰਦਾ। ਸ਼ਬਦ ਜਣਾਈ ਬ੍ਰਹਮ ਗਿਆਨ, ਸਾਚੇ ਸੰਤਨ ਆਪ ਉਠਾਇੰਦਾ। ਗੁਰਮੁਖਾਂ ਬਖ਼ਸ਼ੇ ਇਕ ਧਿਆਨ, ਇਸ਼ਟ ਦੇਵ ਇਕ ਉਪਾਇੰਦਾ। ਗੁਰਸਿਖ ਬਣਾਏ ਚਤੁਰ ਸੁਜਾਨ, ਮੂਰਖ ਮੂੜ੍ਹੇ ਆਪਣੇ ਧੰਦੇ ਲਾਇੰਦਾ। ਏਕਾ ਦੇਵੇ ਨਾਮ ਨਿਧਾਨ, ਦਾਤਾ ਦਾਨੀ ਆਪ ਵਰਤਾਇੰਦਾ। ਆਤਮ ਅੰਤਰ ਦੀਪ ਜਗਾਏ ਮਹਾਨ, ਅੰਧ ਅੰਧੇਰ ਮਿਟਾਇੰਦਾ। ਸਾਚਾ ਸ਼ਬਦ ਸੁਣਾਏ ਕਾਨ, ਅੱਖਰ ਵੱਖਰ ਆਪ ਪੜ੍ਹਾਇੰਦਾ। ਚੌਦਾਂ ਵਿਦਿਆ ਹੋਈ ਹੈਰਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਚਾਲ ਚਲਾਇੰਦਾ। ਜੁਗ ਜੁਗ ਖੇਲ ਜਗਤ ਪਸਾਰਾ, ਪੁਰਖ ਨਿਰੰਜਣ ਵੇਖ ਵਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਪਾਵੇ ਸਾਰਾ, ਕਰੋੜ ਤੇਤੀਸਾ ਫੋਲ ਫੁਲਾਇੰਦਾ। ਸੁਰਪਤ ਇੰਦ ਦਏ ਹੁਲਾਰਾ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਲੱਖ ਚੁਰਾਸੀ ਗਤਮਿਤ ਜਾਣੇ ਅੰਦਰ ਬਾਹਰਾ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਗੁਰਮੁਖ ਜਗਾਏ ਦਇਆ ਕਮਾਏ ਵਿਚ ਸੰਸਾਰਾ, ਆਪ ਆਪਣੀ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਬੰਧਨ ਪਾਇੰਦਾ। ਜੁਗ ਜੁਗ ਬੰਧਨ ਹਰਿ ਮਿਹਰਵਾਨ, ਆਪਣਾ ਆਪੇ ਪਾਈਆ। ਸਤਿਜੁਗ ਸਾਚੇ ਸਚ ਨਿਸ਼ਾਨ, ਏਕਾ ਏਕ ਵੰਡ ਵੰਡਾਈਆ। ਤਰੇਤਾ ਰਾਮ ਨਾਮ ਕਰ ਪਰਧਾਨ, ਤ੍ਰੈਗੁਣ ਲੇਖਾ ਦਏ ਚੁਕਾਈਆ। ਦੁਆਪਰ ਵੇਖੇ ਕ੍ਰਿਸ਼ਨਾ ਕਾਹਨ, ਰਥ ਰਥਵਾਹੀ ਬੇਪਰਵਾਹੀਆ। ਕਲਜੁਗ ਈਸਾ ਮੂਸਾ ਕਰ ਪਰਧਾਨ, ਸੰਗ ਮੁਹੰਮਦ ਚਾਰ ਯਾਰ ਕਰੇ ਕੁੜਮਾਈਆ। ਅੰਜੀਲ ਕੁਰਾਨ ਖੋਲ੍ਹ ਦੁਕਾਨਾ, ਚੌਦਾਂ ਤਬਕ ਕਰੇ ਰੁਸ਼ਨਾਈਆ। ਪੁਰਖ ਅਬਿਨਾਸ਼ੀ ਖੇਲ ਮਹਾਨ, ਨਾਨਕ ਨਿਰਗੁਣ ਜੋਤ ਕਰੇ ਰੁਸ਼ਨਾਈਆ। ਦਰਗਹਿ ਸਾਚੀ ਕਰ ਪਰਵਾਨ, ਸਚਖੰਡ ਦਵਾਰੇ ਮੇਲ ਮਿਲਾਈਆ। ਨਾਮ ਸਤਿ ਦੇਵੇ ਦਾਨ, ਲੋਕਮਾਤ ਮਾਤ ਵਡਿਆਈਆ। ਚਾਰ ਵਰਨਾਂ ਇਕ ਗਿਆਨ, ਏਕਾ ਅੱਖਰ ਰਿਹਾ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਆਪ ਸੁਣਾਈਆ। ਸਾਚਾ ਹੁਕਮ ਧੁਰ ਫ਼ਰਮਾਣਾ, ਨਾਨਕ ਨਿਰਗੁਣ ਗਾਇੰਦਾ। ਸਤਿਨਾਮ ਕਰ ਪਰਧਾਨਾ, ਚਾਰ ਕੁੰਟ ਡੰਕ ਵਜਾਇੰਦਾ। ਏਕਾ ਰਾਗ ਸੁਣਾਏ ਗਾਣਾ, ਤਾਰ ਸਤਾਰ ਆਪ ਹਿਲਾਇੰਦਾ। ਇਕ ਵਖਾਏ ਸਚ ਬਬਾਣਾ, ਲੋਆਂ ਪੁਰੀਆਂ ਆਪ ਉਡਾਇੰਦਾ। ਏਕਾ ਹੋਇਆ ਜਾਣੀ ਜਾਣਾ, ਬੋਧ ਅਗਾਧ ਸ਼ਬਦ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਕਰੇ ਸਾਚੀ ਕਾਰ, ਕਰਨੀ ਕਰਤਾ ਆਪ ਅਖਵਾਇੰਦਾ। ਕਰਨੀ ਕਰਤਾ ਮਾਰਗ ਚਲਾਏ ਪੰਥ, ਵਡ ਦਾਤਾ ਬੇਪਰਵਾਹੀਆ। ਗੁਰ ਅਰਜਨ ਮੇਲਾ ਏਕਾ ਹਰਿ ਲੇਖਾ ਜਾਣੇ ਗੁਰੂ ਗ੍ਰੰਥ, ਇਕਵੰਜਾ ਬਵੰਜਾ ਧਾਰ ਚਲਾਈਆ। ਸ਼ਬਦ ਅਨਾਦੀ ਵੱਜੇ ਸੰਖ, ਸੰਤ ਭਗਤ ਲਏ ਜਗਾਈਆ। ਨਾਰੀ ਮਿਲਿਆ ਸਾਚਾ ਕੰਤ, ਘਰ ਸਾਚੀ ਖ਼ੁਸ਼ੀ ਮਨਾਈਆ। ਪਾਰਬ੍ਰਹਮ ਮਹਿਮਾ ਅਗਣਤ, ਬੇਅੰਤ ਕਹੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਰਚਨ ਰਚਾਈਆ। ਏਕਾ ਜੋਤੀ ਖੇਲ ਅਪਾਰਾ, ਘਰ ਦਸਵੇਂ ਆਪ ਜਗਾਇੰਦਾ। ਆਪ ਉਪਾਏ ਸੁੱਤ ਦੁਲਾਰਾ, ਗੋਬਿੰਦ ਨਾਉਂ ਧਰਾਇੰਦਾ। ਸਿੰਘ ਰੂਪ ਕਰ ਵਿਚ ਸੰਸਾਰਾ, ਖੜਗ ਖੰਡਾ ਹੱਥ ਫੜਾਇੰਦਾ। ਤੇਜ ਪਰਚੰਡਾ ਕਰ ਤਿਆਰਾ, ਬ੍ਰਹਿਮੰਡਾਂ ਖੋਜ ਖੁਜਾਇੰਦਾ। ਪਾਵੇ ਵੰਡਾਂ ਪਾਵਣਹਾਰਾ, ਆਪਣੀ ਵੰਡ ਵੰਡਾਇੰਦਾ। ਏਕਾ ਅੰਮ੍ਰਿਤ ਭਰ ਭੰਡਾਰਾ, ਪੰਚਮ ਮੀਤਾ ਪੰਚ ਪਿਲਾਇੰਦਾ। ਆਪ ਬਣ ਸੱਚਾ ਸਿਕਦਾਰਾ, ਸਾਚੀ ਸਿਖਿਆ ਸਿਖ ਸਮਝਾਇੰਦਾ। ਗੁਰ ਚੇਲਾ ਸੋਹੇ ਇਕ ਦਵਾਰਾ, ਏਕਾ ਘਰ ਬਹਾਇੰਦਾ। ਆਪ ਆਪਣਾ ਆਪੇ ਵਾਰਾ, ਆਪਣਾ ਲੇਖਾ ਆਪ ਮੁਕਾਇੰਦਾ। ਆਪੇ ਮਿਲਿਆ ਸਾਚੇ ਯਾਰਾ, ਢੋਲਾ ਮਾਹੀ ਏਕਾ ਗਾਇੰਦਾ। ਪੁਰਖ ਅਬਿਨਾਸ਼ੀ ਕਰੇ ਪਿਆਰਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਆਪ ਆਪਣੀ ਬੂਝ ਬੁਝਾਇੰਦਾ। ਕਲਜੁਗ ਕੂਕੇ ਚਾਰੋਂ ਕੁੰਟ ਕਰੇ ਪੁਕਾਰਾ, ਦਹਿ ਦਿਸ਼ਾ ਅੰਧੇਰਾ ਛਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਖੇਲ ਅਵੱਲਾ, ਆਪੇ ਵੇਖੇ ਸਚ ਮਹੱਲਾ, ਜਲਾਂ ਥਲਾਂ ਫੇਰਾ ਪਾਇੰਦਾ। ਜਲ ਥਲ ਮਹੀਅਲ ਆਪ ਸਮਾਇਆ, ਤ੍ਰੈਗੁਣ ਅਤੀਤਾ ਵਡ ਵਡਿਆਈਆ। ਲੱਖ ਚੁਰਾਸੀ ਡੇਰਾ ਲਾਇਆ, ਪਤਿਤ ਪੁਨੀਤਾ ਦਿਸ ਨਾ ਆਈਆ। ਗੁਰਮੁਖ ਸਾਚੇ ਲਏ ਜਗਾਇਆ। ਜਾਗਰਤ ਜੋਤ ਕਰ ਰੁਸ਼ਨਾਈਆ। ਸਚ ਸੰਦੇਸ਼ ਇਕ ਸੁਣਾਇਆ, ਵਾਹਿਗੁਰੂ ਫ਼ਤਹਿ ਆਪ ਗਜਾਈਆ। ਏਕਾ ਓਟ ਹਰਿ ਰਖਾਇਆ, ਪਾਰਬ੍ਰਹਮ ਤੇਰੀ ਸੱਚੀ ਸਰਨਾਈਆ। ਪੁਰਖ ਅਕਾਲ ਇਕ ਮਨਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਕਰਾਈਆ। ਖੇਲ ਕਰਾਏ ਕਰਨੇਹਾਰਾ, ਕਾਦਰ ਕਰਤਾ ਕਰੀਮ ਆਪ ਅਖਵਾਇੰਦਾ। ਆਪੇ ਪਰਗਟ ਹੋਵੇ ਵਿਚ ਸੰਸਾਰਾ, ਰੂਪ ਅਨੂਪ ਆਪ ਵਟਾਇੰਦਾ। ਆਪੇ ਵਸੇ ਡੂੰਘੀ ਗਾਰਾ, ਉਜਲ ਮੁਖ ਆਪ ਵਖਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਅਲੱਖ ਅਗੋਚਰ ਅਗੰਮ ਅਪਾਰਾ, ਅਲੱਖ ਅਲੱਖਣਾ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਬਣਤ ਬਣਾਇੰਦਾ। ਬਣਤ ਬਣਾਏ ਹਰਿ ਮਿਹਰਵਾਨਾ, ਕਲਜੁਗ ਵੇਖ ਵਖਾਇੰਦਾ। ਕਰੇ ਖੇਲ ਹਰਿ ਵਾਲੀ ਦੋ ਜਹਾਨਾਂ, ਲੋਕਮਾਤ ਵੇਖ ਵਖਾਇੰਦਾ। ਚਾਰੋਂ ਕੁੰਟ ਜੀਵ ਸ਼ੈਤਾਨਾ, ਪੰਜ ਤਤ ਸਰਬ ਰਖਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਬਲਵਾਨਾ, ਜ਼ੋਰ ਆਪਣਾ ਆਪ ਧਰਾਇੰਦਾ। ਮਨੂਆ ਮਨ ਹੋਏ ਪਰਧਾਨਾ, ਸਾਚਾ ਹੁਕਮ ਚਲਾਇੰਦਾ। ਪੰਜ ਸ਼ਬਦ ਹੋਏ ਨਿਧਾਨਾ, ਘਰ ਸੰਤਨ ਕੋਇ ਨਾ ਪਾਇੰਦਾ। ਮਾਇਆ ਰਾਣੀ ਨਾਰ ਰਾਕਾਨਾ, ਜੀਵ ਜੰਤ ਸਰਬ ਪਰਨਾਇੰਦਾ। ਮਦਿਰਾ ਮਾਸ ਪੀਣਾ ਖਾਣਾ, ਆਤਮ ਰਸ ਨਾ ਕੋਇ ਵਖਾਇੰਦਾ। ਰਸਨਾ ਜਪੇ ਜਗਤ ਗਾਣਾ, ਅਨਹਦ ਤਾਲ ਨਾ ਕੋਇ ਵਜਾਇੰਦਾ। ਹਰਿ ਕਾ ਰੂਪ ਨਾ ਕਿਸੇ ਪਛਾਣਾ, ਗੁਰ ਗੋਬਿੰਦ ਇਹ ਸਮਝਾਇੰਦਾ। ਕਲਜੁਗ ਅੰਤਮ ਵਰਤੇ ਭਾਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਪਰਗਟ ਹੋਵੇ ਨਿਹਕਲੰਕ ਬਲੀ ਬਲਵਾਨਾ, ਕਲ ਕਲਕੀ ਅਵਤਾਰ ਆਪ ਅਖਵਾਇੰਦਾ। ਸ਼ਬਦ ਡੰਕਾ ਵਜਾਏ ਦੋ ਜਹਾਨਾਂ, ਸੋਇਆ ਕੋਇ ਰਹਿਣ ਨਾ ਪਾਇੰਦਾ। ਪਕੜ ਉਠਾਏ ਰਾਜ ਰਾਜਾਨਾਂ, ਕਲਜੁਗ ਤੇਰੀ ਰਈਅਤ ਵੇਖ ਵਖਾਇੰਦਾ। ਰਾਏ ਧਰਮ ਸੁਣਾਏ ਧੁਰ ਫ਼ਰਮਾਣਾ, ਆਪ ਆਪਣਾ ਹੁਕਮ ਚਲਾਇੰਦਾ। ਧਰਮ ਰਾਏ ਉਠਿਆ ਨੌਜਵਾਨਾ, ਚਿਤਰ ਗੁਪਤ ਨਾਲ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਕਲਜੁਗ ਅੰਤਮ ਖੇਲ ਅਵੱਲਾ, ਪੁਰਖ ਅਬਿਨਾਸ਼ੀ ਆਪ ਕਰਾਈਆ। ਲੇਖਾ ਚੁੱਕੇ ਰਾਣੀ ਅੱਲਾ, ਬਿਸਮਿਲ ਰੂਪ ਆਪ ਕਰਾਈਆ। ਚੌਦਾਂ ਤਬਕਾਂ ਮਾਰੇ ਏਕਾ ਹੱਲਾ, ਸ਼ਬਦ ਅਗੰਮੀ ਫੌਜ ਚੜ੍ਹਾਈਆ। ਕਰੇ ਖੇਲ ਅਛੱਲ ਅਛੱਲਾ, ਵਲ ਛਲ ਧਾਰੀ ਆਪਣਾ ਨਾਉਂ ਧਰਾਈਆ। ਆਪੇ ਵਸੇ ਨੇਹਚਲ ਧਾਮ ਅਟੱਲਾ, ਸਚਖੰਡ ਬੈਠਾ ਆਸਣ ਲਾਈਆ। ਆਦਿ ਜੁਗਾਦੀ ਇਕ ਇਕੱਲਾ, ਨਾ ਮਰੇ ਨਾ ਜਾਈਆ। ਆਪੇ ਵਸੇ ਜਲਾਂ ਥਲਾਂ, ਜਲ ਡੂੰਘਰ ਆਪ ਸਮਾਈਆ। ਆਪਣੀ ਜੋਤੀ ਆਪੇ ਰਲਾ, ਆਪਣਾ ਸ਼ਬਦ ਆਪੇ ਗਾਈਆ। ਸਚ ਸੰਦੇਸ਼ ਏਕਾ ਘੱਲਾ, ਲੋਕਮਾਤ ਕਰੇ ਜਣਾਈਆ। ਨੌ ਖੰਡ ਪ੍ਰਿਥਮੀ ਡੂੰਘਾ ਡੱਲਾ, ਨਾ ਕਿਸੇ ਕੋਇ ਬਚਾਈਆ। ਸੱਤਾਂ ਦੀਪਾਂ ਫੜਾਏ ਨਾ ਕੋਇ ਪੱਲਾ, ਸਗਲਾ ਸੰਗ ਨਾ ਕੋਇ ਰਖਾਈਆ। ਜੂਠਾ ਝੂਠਾ ਕਲਜੁਗ ਹੋਇਆ ਝੱਲਾ, ਚਾਰੋਂ ਕੁੰਟ ਫਿਰੇ ਵਾਹੋ ਦਾਹੀਆ। ਮਨਮੁਖਾਂ ਦੇ ਅੰਦਰ ਰਲਾ, ਮਨਮਤ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜੋਤ ਕਰੇ ਰੁਸ਼ਨਾਈਆ। ਕਲਜੁਗ ਅੰਤਮ ਜੋਤ ਉਜਾਲਾ ਹਰਿ ਗੋਪਾਲਾ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਖੇਲੇ ਖੇਲ ਦੀਨ ਦਿਆਲਾ ਅਵੱਲੜੀ ਚਾਲਾ, ਲੋਕਮਾਤ ਵੇਸ ਵਟਾਇੰਦਾ। ਗੁਰਮੁਖਾਂ ਦੱਸੇ ਰਾਹ ਸੁਖਾਲਾ ਤੋੜੇ ਜਗਤ ਜੰਜਾਲਾ, ਲੱਖ ਚੁਰਾਸੀ ਫੰਦ ਕਟਾਇੰਦਾ। ਚਰਨ ਰਖਾਏ ਕਾਲ ਮਹਾਂਕਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਵੇਖਣ ਆਇਆ, ਪਾਰਬ੍ਰਹਮ ਕਰਤਾਰ। ਨਿਹਕਲੰਕੀ ਜਾਮਾ ਪਾਇਆ, ਨਿਰਗੁਣ ਜੋਤ ਉਜਿਆਰ। ਸਾਚਾ ਡੰਕਾ ਰਿਹਾ ਵਜਾਇਆ, ਦੋ ਜਹਾਨਾਂ ਪਾਵੇ ਸਾਰ। ਕਲਜੁਗ ਹੰਕਾਰੇ ਰਿਹਾ ਢਾਇਆ, ਨਾ ਕੋਈ ਦੀਸੇ ਚਾਰ ਦੀਵਾਰ। ਗੁਰਮੁਖ ਸੰਤਾਂ ਰਿਹਾ ਉਠਾਇਆ, ਦੇਵੇ ਸ਼ਬਦ ਹੁਲਾਰ। ਸਾਚਾ ਕੰਤਾ ਮੇਲ ਮਿਲਾਇਆ, ਹੋਈ ਸੁਭਾਗਣ ਨਾਰ। ਪੁਰਖ ਅਬਿਨਾਸ਼ੀ ਦਰਸ਼ਨ ਪਾਇਆ, ਵਿਸਰਿਆ ਸੰਸਾਰ। ਜਮ ਕੀ ਫਾਸੀ ਦਏ ਕਟਾਇਆ, ਰਾਏ ਧਰਮ ਨਾ ਕਰੇ ਖ਼ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਰੇ ਅਗੰਮੜੀ ਕਾਰ। ਕਾਰ ਅਗੰਮੜੀ ਪੁਰਖ ਅਗੰਮਾ, ਆਪੇ ਆਪ ਕਰਾਇੰਦਾ। ਨਾ ਮਰੇ ਨਾ ਕਦੇ ਜੰਮਾ, ਮਾਤ ਗਰਭ ਨਾ ਫੇਰਾ ਪਾਇੰਦਾ। ਪਵਣ ਸਵਾਸੀ ਲਏ ਨਾ ਦਮਾਂ, ਨੇਤਰ ਨੀਰ ਨਾ ਕੋਇ ਵਹਾਇੰਦਾ। ਹੱਡ ਮਾਸ ਨਾ ਨਾੜੀ ਚੰਮਾ, ਪੰਜ ਤਤ ਨਾ ਕੋਇ ਰਖਾਇੰਦਾ। ਹਰਖ਼ ਸੋਗ ਨਾ ਕੋਇ ਗ਼ਮਾ, ਆਲਸ ਨਿੰਦਰਾ ਵਿਚ ਨਾ ਆਇੰਦਾ। ਜੁਗ ਜੁਗ ਜਨ ਭਗਤਾਂ ਸੁਆਰੇ ਕੰਮਾ, ਆਪਣੀ ਸੇਵਾ ਆਪ ਕਰਾਇੰਦਾ। ਸਤਿਜੁਗ ਬੇੜਾ ਸਤਿਗੁਰ ਬੰਨ੍ਹਾ, ਸਚ ਮਲਾਹ ਆਪ ਅਖਵਾਇੰਦਾ। ਆਪ ਉਠਾਏ ਆਪਣੇ ਕੰਧਾ, ਖੇਵਟ ਖੇਟਾ ਨਾਉਂ ਧਰਾਇੰਦਾ। ਮਾਣਸ ਮਾਨੁਖ ਰਹਿਣ ਨਾ ਦੇਵੇ ਕੋਈ ਪਾਪੀ ਗੰਦਾ, ਕੌੜਾ ਰੀਠਾ ਭੰਨ ਵਖਾਇੰਦਾ। ਘਟ ਘਟ ਅੰਦਰ ਸੁਣਾਏ ਏਕਾ ਛੰਦਾ, ਏਕਾ ਨਾਮ ਜਣਾਇੰਦਾ। ਮਨਮੁਖ ਜੀਵ ਨਾ ਦੀਸੇ ਕਲਜੁਗ ਅੰਧਾ, ਅੰਧ ਅੰਧੇਰ ਸਰਬ ਗਵਾਇੰਦਾ। ਗੁਰਮੁਖਾਂ ਉਪਜਾਏ ਪਰਮਾਨੰਦਾ, ਨਿਜ ਆਤਮ ਰਸ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜਾਮਾ ਮਾਤ ਧਰ, ਧਰਤੀ ਧਵਲ ਦਏ ਵਡਿਆਈਆ। ਸੰਤ ਸੁਹੇਲੇ ਸਾਚੇ ਫੜ, ਆਪ ਆਪਣਾ ਮੇਲ ਮਿਲਾਈਆ। ਹਰਿਜਨ ਸਾਚਾ ਘਾੜਣ ਘੜ, ਕਾਚੇ ਭਾਂਡੇ ਬਣਤ ਬਣਾਈਆ। ਨਿਰਗੁਣ ਅੰਦਰ ਬੈਠਾ ਵੜ, ਸਾਚੇ ਆਸਣ ਡੇਰਾ ਲਾਈਆ। ਅਗੰਮੀ ਪੌੜੇ ਬੈਠਾ ਚੜ੍ਹ, ਮਾਰਗ ਆਪਣਾ ਆਪੇ ਪਾਈਆ। ਜਗਤ ਜੀਵ ਨਾ ਸਕੇ ਕੋਈ ਫੜ, ਕੋਟਨ ਕੋਟ ਫਾਂਦੀ ਬੈਠੇ ਆਪਣੀਆਂ ਫਾਹੀਆਂ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਜਗਾਈਆ। ਗੁਰਮੁਖਾਂ ਅੰਦਰ ਜੋਤ ਧਰ, ਆਪਣੀ ਦਇਆ ਕਮਾਇੰਦਾ। ਸਤਿਗੁਰ ਪੂਰਾ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। ਸ਼ਬਦ ਜਣਾਈ ਆਤਮ ਦਰ, ਪਰਮ ਆਤਮ ਮੇਲ ਮਿਲਾਇੰਦਾ। ਝੂਠਾ ਤੋੜ ਹੰਕਾਰੀ ਗੜ੍ਹ, ਮਾਇਆ ਮਮਤਾ ਮੋਹ ਚੁਕਾਇੰਦਾ। ਪੰਚ ਵਿਕਾਰਾ ਪੁੱਟੇ ਜੜ੍ਹ, ਸਚ ਸੁੱਚ ਮਾਰਗ ਏਕਾ ਲਾਇੰਦਾ। ਘਰ ਵਿਚ ਵਖਾਏ ਆਪਣਾ ਘਰ, ਘਰ ਮੰਦਰ ਬੰਕ ਸੁਹਾਇੰਦਾ। ਅੰਮ੍ਰਿਤ ਪਿਆਲਾ ਜਾਮ ਭਰ, ਗੁਰਮੁਖਾਂ ਆਪ ਪਿਆਇੰਦਾ। ਕਲਜੁਗ ਅੰਤਮ ਦੇਵੇ ਸਾਚਾ ਵਰ, ਸਤਿਗੁਰ ਪੂਰਾ ਦਇਆ ਕਮਾਇੰਦਾ। ਹਰਿਜਨ ਸਰਨਾਈ ਗਿਆ ਪੜ੍ਹ, ਜਮ ਕਾ ਭੌ ਚੁਕਾਇੰਦਾ । ਆਪ ਬੰਨ੍ਹਾਏ ਆਪਣੇ ਲੜ, ਅੱਧਵਿਚਕਾਰ ਨਾ ਕੋਇ ਛੁਡਾਇੰਦਾ। ਦਰਗਹਿ ਸਾਚੀ ਲਾਏ ਜੜ੍ਹ, ਗੁਰਮੁਖ ਬੂਟਾ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਸਾਚਾ ਸਚ ਘਰ, ਸਤਿਗੁਰ ਸਾਚਾ ਆਪ ਬਹਾਈਆ। ਆਪਣੀ ਕਿਰਪਾ ਆਪੇ ਕਰ, ਆਪ ਆਪਣੀ ਗੋਦ ਉਠਾਈਆ। ਆਵਣ ਜਾਵਣ ਚੁੱਕੇ ਡਰ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਆਪ ਤਰਾਈਆ। ਹਰਿਜਨ ਸਾਚਾ ਤਾਰਿਆ, ਕਰ ਕਿਰਪਾ ਆਪ ਭਗਵਾਨ। ਏਕਾ ਦੇਵੇ ਨਾਮ ਅਧਾਰਿਆ, ਸਤਿ ਸਰੂਪੀ ਬ੍ਰਹਮ ਗਿਆਨ। ਇਕ ਵਖਾਏ ਸਚ ਦਵਾਰਿਆ, ਚਰਨ ਕਵਲ ਹਰਿ ਧਿਆਨ। ਏਕਾ ਵਣਜ ਕਰਾਏ ਜਗਤ ਵਣਜਾਰਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਬਣਾਏ ਚਤਰ ਸੁਜਾਣ। ਚਤਰ ਸੁਜਾਣ ਮੂਰਖ ਮੂੜ੍ਹ, ਹਰਿ ਸਤਿਗੁਰ ਆਪ ਬਣਾਈਆ। ਜਿਸ ਜਨ ਬਖ਼ਸ਼ੇ ਚਰਨ ਧੂੜ, ਦੁਰਮਤ ਮੈਲ ਦਏ ਗਵਾਈਆ। ਕਾਇਆ ਚੋਲੀ ਰੰਗ ਚਾੜ੍ਹੇ ਗੂੜ੍ਹ, ਉਤਰ ਕਦੇ ਨਾ ਜਾਈਆ। ਕਲਜੁਗ ਨਾਤਾ ਤੋੜੇ ਕੂੜੋ ਕੂੜ, ਸਤਿਜੁਗ ਸਚ ਕਰੇ ਕੁੜਮਾਈਆ। ਮਨਮੁਖਤਾ ਰੱਖੇ ਦੂਰੋ ਦੂਰ, ਗੁਰਮੁਖ ਨੇੜੇ ਨੇੜ ਵਸਾਈਆ। ਜਗਤ ਵਿਕਾਰਾ ਕਰੇ ਚੂਰ, ਨਾਮ ਖੰਡਾ ਇਕ ਚਮਕਾਈਆ। ਸਤਿਗੁਰ ਦਾਤਾ ਜੋਧਾ ਸੂਰ, ਬਲੀ ਬਲਵਾਨ ਆਪ ਅਖਵਾਈਆ। ਗੁਰਮੁਖਾਂ ਆਸ਼ਾ ਮਨਸਾ ਪੂਰ, ਜਗਤ ਤ੍ਰਿਸ਼ਨਾ ਦਏ ਮਿਟਾਈਆ। ਜੁਗਾ ਜੁਗੰਤਰ ਹਾਜ਼ਰ ਹਜ਼ੂਰ, ਪਰਦਾ ਓਹਲਾ ਨਾ ਕੋੋਈ ਰਖਾਈਆ। ਕਲਜੁਗ ਅੰਤਮ ਨਿਰਗੁਣ ਕਰਿਆ ਪ੍ਰਗਟ ਆਪਣਾ ਨੂਰ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਵੇਖ ਵਖਾਈਆ। ਵੇਖਣਹਾਰਾ ਹਰਿ ਗੋਪਾਲ, ਗੋਬਿੰਦ ਮਹਿਮਾ ਕਹੀ ਨਾ ਜਾਈਆ। ਗੁਰਮੁਖ ਵੇਖੇ ਸਾਚੇ ਲਾਲ, ਲੋਕਮਾਤ ਫੇਰਾ ਪਾਈਆ। ਸ਼ਬਦ ਗੁਰ ਬਣ ਦਲਾਲ, ਘਰ ਘਰ ਵੇਖੇ ਚਾਈਂ ਚਾਈਂਆ। ਜਨਮ ਜਨਮ ਦਾ ਤੋੜ ਜੰਜਾਲ, ਕਰਮ ਕਰਮ ਦਾ ਫੰਦ ਕਟਾਈਆ। ਗੁਰਮੁਖ ਸ਼ਾਹ ਬਣਾਏ ਜਗਤ ਕੰਗਾਲ, ਨਾਮ ਧਨ ਏਕਾ ਝੋਲੀ ਪਾਈਆ। ਫਲ ਲਗਾਏ ਕਾਇਆ ਡਾਲ੍ਹ, ਅੰਮ੍ਰਿਤ ਜਿਹਵਾ ਆਪ ਖਵਾਈਆ। ਲੱਖ ਚੁਰਾਸੀ ਵਿਚੋਂ ਭਾਲ, ਆਪ ਆਪਣੇ ਲੜ ਲਗਾਈਆ। ਦਿਵਸ ਰੈਣ ਕਰੇ ਪ੍ਰਿਤਪਾਲ, ਪ੍ਰਿਤਪਾਲਕ ਸੇਵ ਕਮਾਈਆ। ਗੁਰਮੁਖ ਨੇਤਰ ਨੈਣ ਦਰਸ ਕਰ ਹੋਣ ਨਿਹਾਲ, ਮਨਮੁਖ ਰੋਵਣ ਮਾਰਨ ਧਾਹੀ ਉਚੀ ਕੂਕਣ ਦੇਣ ਦੁਹਾਈਆ। ਗੁਰਮੁਖ ਤੇਰੀ ਸੱਚੀ ਵੇਖੇ ਧਰਮਸਾਲ, ਕਾਇਆ ਬੰਕ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਪੁਰਖ ਅਬਿਨਾਸ਼ੀ ਕਿਰਪਾ ਕਰ, ਲੇਖਾ ਜਾਣੇ ਹਰੀ ਹਰਿ, ਹਰਿ ਨਰਾਇਣ ਆਪ ਅਖਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਇਕ ਗਿਆਨ, ਵਰਨ ਬਰਨ ਨਾ ਕੋਈ ਜਣਾਈਆ।