Granth 09 Likhat 175: 20 Bhadro 2017 Bikarmi Pind Khalil Basti

੨੦ ਭਾਦਰੋਂ ੨੦੧੭ ਬਿਕ੍ਰਮੀ ਪਿੰਡ ਖ਼ਲੀਲ ਬਸਤੀ

ਸਤਿਗੁਰ ਪੂਰੇ ਹੱਥ ਵਡਿਆਈ, ਜੁਗ ਜਗਤ ਜੋਗ ਕਮਾਇੰਦਾ। ਭਗਤ ਭਗਵੰਤ ਹੋਏ ਸਹਾਈ, ਧੁਰ ਸੰਜੋਗੀ ਸੰਜੋਗ ਮਿਲਾਇੰਦਾ। ਸੰਤਨ ਵੇਖੇ ਥਾਉਂ ਥਾਈਂ, ਦੂਈ ਦਵੈਤੀ ਪਰਦਾ ਲਾਹਿੰਦਾ। ਗੁਰਮੁਖ ਉਠਾਏ ਫੜ ਫੜ ਬਾਂਹੀਂ, ਦਿਵਸ ਰੈਣ ਸੇਵ ਕਮਾਇੰਦਾ। ਗੁਰਸਿਖਾਂ ਮੇਲ ਮਿਲਾਏ ਚਾਈਂ ਚਾਈਂ, ਦਰ ਦਰਵੇਸ਼ ਆਪਣੀ ਅਲੱਖ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਨਾਉਂ ਧਰਾਇੰਦਾ। ਸਤਿਗੁਰ ਪੂਰਾ ਸਾਖ਼ਯਾਤ, ਏਕਾ ਏਕੰਕਾਰਿਆ। ਭਗਤਨ ਦੇਵੇ ਸਾਚੀ ਦਾਤ, ਨਾਮ ਵਸਤ ਅਨਮੁਲ ਭੰਡਾਰਿਆ। ਸੰਤਨ ਪੁਛੇ ਆਪੇ ਵਾਤ, ਲੇਖਾ ਜਾਣੇ ਅੰਧ ਅੰਧਿਆਰਿਆ। ਗੁਰਮੁਖਾਂ ਚਰਨ ਕਵਲ ਬੰਧਾਏ ਨਾਤ, ਤੁਟ ਨਾ ਜਾਏ ਵਿਚ ਸੰਸਾਰਿਆ। ਗੁਰਸਿਖਾਂ ਬਣੇ ਪਿਤ ਮਾਤ, ਬਾਲ ਅੰਞਾਣੇ ਗੋਦ ਬਹਾ ਰਿਹਾ। ਸ਼ਬਦ ਰੱਖੀ ਵਡ ਕਰਾਮਾਤ, ਏਕਾ ਭਾਣਾ ਹੁਕਮ ਜਣਾ ਰਿਹਾ। ਬੋਧ ਅਗਾਧੀ ਸੁਣਾਏ ਗਾਥ, ਨਾਮ ਨਿਧਾਨਾ ਆਪ ਪਰਗਟਾ ਰਿਹਾ। ਧਰਤ ਧਵਲ ਸਗਲਾ ਸਾਥ, ਸਗਲਾ ਸੰਗ ਨਿਭਾ ਰਿਹਾ। ਇਕ ਚੜ੍ਹਾਏ ਆਪਣੇ ਰਾਥ, ਰਥ ਰਥਵਾਹੀ ਆਪ ਅਖਵਾ ਰਿਹਾ। ਜੁਗਾ ਜੁਗੰਤਰ ਪੂਜਾ ਪਾਠ, ਲੋਕਮਾਤ ਬਣਤ ਬਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਾਰ ਆਪ ਕਰਾ ਰਿਹਾ। ਸਤਿਗੁਰ ਪੂਰਾ ਦੀਨਾ ਬੰਧਨ, ਬੰਧਪ ਆਪਣਾ ਨਾਉਂ ਧਰਾਈਆ। ਭਗਤਨ ਬਖ਼ਸ਼ੇ ਪਰਮਾਨੰਦਨ, ਪਰਮ ਆਤਮਾ ਮੇਲ ਮਿਲਾਈਆ। ਸੰਤ ਸੁਣਾਏ ਸੁਹਾਗੀ ਛੰਦਨ, ਗੀਤ ਗੋਬਿੰਦ ਆਪ ਅਲਾਈਆ। ਗੁਰਮੁਖ ਚੜ੍ਹਾਏ ਸਾਚੇ ਚੰਦਨ, ਰਵ ਸਸ ਮੁਖ ਸ਼ਰਮਾਈਆ। ਗੁਰਸਿਖਾਂ ਕੱਟੇ ਫੰਦਨ, ਆਵਣ ਜਾਵਣ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਈਆ। ਸਤਿਗੁਰ ਪੂਰਾ ਆਦਿ ਜੁਗਾਦਿ, ਨਿਰਵੈਰ ਰੂਪ ਸਮਾਇਆ। ਭਗਤ ਭਗਵੰਤ ਸਾਚੇ ਲਾਧ, ਲਹਿਣਾ ਦੇਣਾ ਮੂਲ ਚੁਕਾਇਆ। ਸੰਤਨ ਸੁਣਾਏ ਏਕਾ ਨਾਦ, ਘਰ ਮੰਦਰ ਰਿਹਾ ਵਜਾਇਆ। ਗੁਰਮੁਖਾਂ ਲਡਾਏ ਆਪਣਾ ਲਾਡ, ਆਪ ਆਪਣਾ ਮੇਲ ਮਿਲਾਇਆ। ਗੁਰਸਿਖ ਜਗਤ ਵਿਕਾਰੇ ਵਿਚੋਂ ਕਾਢ, ਸਾਚੇ ਮਾਰਗ ਲਏ ਲਗਾਇਆ। ਧੁਰ ਦੀ ਬਾਣੀ ਦੇਵੇ ਦਾਦ, ਨਾਮ ਨਾਮਾ ਇਕ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਆਪਣਾ ਵੇਸ ਵਟਾਇਆ। ਸਤਿਗੁਰ ਪੂਰਾ ਹਰਿ ਭਗਵਾਨਾ, ਏਕਾ ਰੰਗ ਸਮਾਇੰਦਾ। ਭਗਤਨ ਦੇਵੇ ਬ੍ਰਹਮ ਗਿਆਨਾ, ਏਕਾ ਵਿਦਿਆ ਆਪ ਪੜ੍ਹਾਇੰਦਾ। ਸੰਤਨ ਸੁਣਾਏ ਸਚ ਤਰਾਨਾ, ਏਕਾ ਰਾਗ ਆਪ ਅਲਾਇੰਦਾ। ਗੁਰਮੁਖਾਂ ਬਠਾਏ ਨਾਮ ਬਬਾਣਾ, ਆਕਾਸ਼ ਪਰਕਾਸ਼ ਪੁਰਖ ਅਬਿਨਾਸ਼ ਪਾਰ ਕਰਾਇੰਦਾ। ਗੁਰਸਿਖਾਂ ਬਖ਼ਸ਼ੇ ਚਰਨ ਧਿਆਨਾ, ਧਰਤ ਧਵਲ ਡੇਰਾ ਲਾਇੰਦਾ। ਏਥੇ ਓਥੇ ਬਖ਼ਸ਼ੇ ਮਾਣਾ, ਮਾਣ ਨਿਮਾਣਿਆਂ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਆਪਣੀ ਰਚਨ ਰਚਾਇੰਦਾ। ਸਤਿਗੁਰ ਪੂਰਾ ਸਗਲਾ ਸਾਥਾ, ਅੰਗ ਸੰਗ ਸਮਾਇਆ। ਭਗਤਨ ਲਹਿਣਾ ਦੇਣਾ ਚੁਕਾਏ ਮਸਤਕ ਮਾਥਾ, ਪੂਰਬ ਲੇਖਾ ਵੇਖ ਵਖਾਇਆ। ਸੰਤਨ ਪੂਰਾ ਕਰੇ ਘਾਟਾ, ਏਕਾ ਕੰਡੇ ਸਾਚੇ ਤੋਲ ਤੁਲਾਇਆ। ਗੁਰਮੁਖਾਂ ਨੇੜੇ ਕਰੇ ਵਾਟਾ, ਦੂਰ ਦੁਰਾਡਾ ਪੰਧ ਮੁਕਾਇਆ। ਗੁਰਸਿਖਾਂ ਮੇਲ ਮਿਲਾਏ ਆਤਮ ਸੇਜ ਸਾਚੀ ਖਾਟਾ, ਘਰ ਮੰਦਰ ਸੋਭਾ ਪਾਇਆ। ਅੰਮ੍ਰਿਤ ਜਾਮ ਪਿਆਏ ਏਕਾ ਬਾਟਾ, ਰਸ ਮਿਠਾ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਲੇਖਾ ਲੇਖ ਮੁਕਾਇਆ। ਸਤਿਗੁਰ ਪੂਰਾ ਲੇਖ ਮੁਕਾਇੰਦਾ, ਲੇਖਾ ਲਿਖਤ ਵਿਚ ਨਾ ਆਈਆ। ਕਾਗਦ ਕਲਮ ਨਾ ਹੱਥ ਰਖਾਇੰਦਾ, ਮਸ ਰੂਪ ਨਾ ਕੋਇ ਛਾਈਆ। ਅੰਦਰ ਬੰਦ ਨਾ ਕਿਸੇ ਕਰਾਇੰਦਾ, ਹਿਸਾਬ ਕਿਤਾਬ ਨਾ ਕੋਇ ਜਣਾਈਆ। ਇਕ ਇਕੱਲਾl ਖੇਲ ਖਿਲਾਇੰਦਾ, ਖ਼ਾਲਕ ਵੇਖੇ ਥਾਉਂ ਥਾਈਂਆ। ਜੁਗ ਜੁਗ ਆਪਣੀ ਜੋਤ ਜਗਾਇੰਦਾ, ਨਿਰਗੁਣ ਸਰਗੁਣ ਬੇਪਰਵਾਹੀਆ। ਹਰਿਜਨ ਸਾਚੇ ਵੇਖ ਵਖਾਇੰਦਾ, ਆਪਣਾ ਬਲ ਆਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਉਠਾਈਆ। ਗੁਰਸਿਖ ਗੁਰ ਉਠਾਇਆ, ਸਤਿਗੁਰ ਕਿਰਪਾ ਧਾਰ। ਉਜਲ ਮੁਖ ਆਪ ਕਰਾਇਆ, ਦੁਰਮਤ ਮੈਲ ਉਤਾਰ। ਆਤਮ ਸੁਖ ਇਕ ਉਪਜਾਇਆ, ਅੰਮ੍ਰਿਤ ਬਖ਼ਸ਼ੇ ਠੰਡੀ ਠਾਰ। ਕਲਜੁਗ ਕੂੜਾ ਰੋਗ ਮਿਟਾਇਆ, ਸੋਗ ਰਹੇ ਨਾ ਵਿਚ ਸੰਸਾਰ। ਚਰਨ ਪ੍ਰੀਤੀ ਜੋਗ ਸਿਖਾਇਆ, ਦਿਵਸ ਰੈਣ ਇਕ ਪਿਆਰ। ਅਜਪਾ ਜਾਪ ਆਪਣਾ ਆਪੇ ਰਿਹਾ ਗਾਇਆ, ਜੀਵ ਜੰਤ ਨਾ ਪਾਇਣ ਸਾਰ। ਜਿਸ ਜਨ ਸਿਰ ਆਪਣਾ ਹੱਥ ਟਿਕਾਇਆ, ਤਿਸ ਜਨ ਚਾਰੇ ਬਾਣੀ ਕਰਨ ਨਿਮਸਕਾਰ। ਹਰਿ ਕੀ ਬਾਣੀ ਹਰਿ ਕਾ ਰੂਪ ਵਟਾਇਆ, ਗੁਰ ਸ਼ਬਦੀ ਸ਼ਬਦ ਜੈਕਾਰ। ਗੁਰ ਕਾ ਸ਼ਬਦ ਗੁਰ ਇਛਿਆ ਬਾਹਰ ਵਖਾਇਆ, ਭਿਛਿਆ ਪਾਏ ਆਪ ਨਿਰੰਕਾਰ। ਔਂਦਾ ਜਾਂਦਾ ਦਿਸ ਨਾ ਆਇਆ, ਲਿਖ ਲਿਖ ਕਲਮ ਕਰੇ ਵਿਚਾਰ। ਸਰਗੁਣ ਬਾਣੀ ਰੂਪ ਪਰਗਟਾਇਆ, ਚਾਰ ਖਾਣੀ ਹੋਏ ਉਧਾਰ। ਚਾਰੇ ਖਾਣੀ ਰੰਗ ਰੰਗਾਇਆ, ਮਨ ਮਤ ਬੁਧ ਪੈਜ ਸੁਆਰ। ਮਨ ਮਤ ਬੁਧ ਦਏ ਸਮਝਾਇਆ, ਪਦ ਏਕਾ ਏਕੰਕਾਰ। ਤਿੰਨਾਂ ਲੇਖਾ ਰਹਿਣ ਨਾ ਪਾਇਆ, ਘਰ ਚੌਥੇ ਮੇਲਾ ਕੰਤ ਭਤਾਰ। ਸਾਚੀ ਸਖ਼ੀ ਮਿਲ ਹਰਿ ਕੰਤ ਸਗਨ ਮਨਾਇਆ, ਸੋਹਿਆ ਬੰਕ ਦਵਾਰ। ਏਕਾ ਅਲਫ਼ੀ ਤਨ ਸ਼ੰਗਾਰ ਕਰਾਇਆ, ਲੱਖ ਚੁਰਾਸੀ ਚੋਲੀ ਗਲੋਂ ਉਤਾਰ। ਪਾਰਬ੍ਰਹਮ ਅਬਿਨਾਸ਼ੀ ਕਰਤੇ ਹਲਫ਼ੀਆ ਬਿਆਨ ਆਪ ਸੁਣਾਇਆ, ਉਚੀ ਕੂਕ ਕੂਕ ਪੁਕਾਰ। ਜੁਗ ਜੁਗ ਭਗਤ ਤੇਰਾ ਸੰਗ ਨਿਭਾਇਆ, ਵਿਛੜ ਨਾ ਜਾਵਾਂ ਵਿਚ ਸੰਸਾਰ। ਤੇਰਾ ਤਨ ਮਰਦੰਗ ਰਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਖੇਲ ਅਪਾਰ। ਖੇਲ ਅਪਾਰ ਸਤਿਗੁਰ ਮੀਤ, ਗੁਰਦੇਵ ਆਪ ਕਰਾਈਆ। ਆਦਿ ਜੁਗਾਦੀ ਅਚਰਜ ਰੀਤ, ਪ੍ਰੀਤ ਬਿਪ੍ਰੀਤ ਰੂਪ ਵਟਾਈਆ। ਜੀਵ ਜਹਾਨਾਂ ਪਰਖੇ ਨੀਤ, ਹਸਤ ਕੀਟ ਵੇਖ ਵਖਾਈਆ। ਗੁਰਮੁਖ ਵਿਰਲਾ ਗੋਬਿੰਦ ਗਾਏ ਗੀਤ, ਰਸਨਾ ਜਿਹਵਾ ਨਾ ਕੋਇ ਹਲਾਈਆ। ਅੰਦਰ ਮੇਲਾ ਧਾਮ ਅਨਡੀਠ, ਹਰਿ ਹਿਰਦੇ ਵਿਚ ਸਮਾਈਆ। ਪਾਰਬ੍ਰਹਮ ਬ੍ਰਹਮ ਕਾਇਆ ਕਪੜ ਕਰੇ ਪਤਿਤ ਪੁਨੀਤ, ਪਤਿਤ ਪਾਵਣ ਆਪਣੇ ਹੱਥ ਰੱਖੇ ਵਡਿਆਈਆ। ਹਰਿਜਨ ਰੱਖੇ ਠਾਂਡਾ ਸੀਤ, ਅਗਨੀ ਤਤ ਨਾ ਲਗੇ ਰਾਈਆ। ਜਿਸ ਜਨ ਸਤਿਗੁਰ ਪੂਰਾ ਰੱਖਿਆ ਚੀਤ, ਚੇਤਨ ਰੂਪ ਸਰਬ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਲੇਖਾ ਲੇਖੇ ਪਾਈਆ। ਹਰਿਜਨ ਲੇਖਾ ਲੇਖੇ ਪਾਵਣਾ, ਕਲਜੁਗ ਤੇਰੀ ਅੰਤਮ ਵਾਰ, ਗੁਰਮੁਖਾਂ ਏਕਾ ਰਾਹ ਵਖਾਵਣਾ, ਚਾਰ ਵਰਨਾਂ ਦਏ ਆਧਾਰ। ਊਚ ਨੀਚ ਪਾਰ ਕਰਾਵਣਾ, ਰਾਓ ਰੰਕ ਦਏ ਆਧਾਰ। ਏਕਾ ਸ਼ਬਦ ਦੋ ਅੱਖਰ ਆਪ ਪੜ੍ਹਾਵਣਾ, ਚੌਥੇ ਜੁਗ ਕਰੇ ਖ਼ਵਾਰ। ਬ੍ਰਹਮ ਪਾਰਬ੍ਰਹਮ ਮਿਲਾਵਣਾ, ਵਿਛੋੜਾ ਰਹੇ ਨਾ ਪੁਰਖ ਨਾਰ। ਜਿਸ ਜਨ ਸੋਹੰ ਰਸਨਾ ਗਾਵਣਾ, ਵੇਲੇ ਅੰਤ ਨਾ ਹੋਏ ਖ਼ਵਾਰ। ਨਿਰਗੁਣ ਘਰ ਘਰ ਫੇਰਾ ਪਾਵਣਾ, ਜੋਤੀ ਜਾਮਾ ਭੇਖ ਅਪਾਰ। ਸ਼ਬਦ ਬਬਾਣਾ ਆਪਣੇ ਕੰਧ ਉਠਾਵਣਾ, ਸੰਗ ਰੱਖੇ ਨਾ ਕੋਇ ਕਹਾਰ। ਗ਼ਰੀਬ ਨਿਮਾਣਾ ਗੁਰਸਿਖ ਆਪਣੀ ਡੋਲੀ ਆਪ ਬਹਾਵਣਾ, ਸਗਨ ਮਨਾਏ ਸਿਰਜਣਹਾਰ। ਪ੍ਰੇਮ ਰਸਾਲੂ ਤਨ ਪਹਿਨਾਵਣਾ, ਨਾਮ ਬਸਤਰ ਕਰੇ ਸ਼ੰਗਾਰ। ਸਤਿ ਕੱਜਲ ਧਾਰ ਬੰਧਾਵਣਾ, ਬ੍ਰਹਮ ਨੇਤਰ ਨੀਰ ਰੋਵੇ ਜ਼ਾਰੋ ਜ਼ਾਰ। ਪ੍ਰੇਮ ਰੰਗਣ ਇਕ ਰੰਗਾਵਣਾ, ਮਹਿੰਦੀ ਦਿਸੇ ਨਾ ਵਿਚ ਸੰਸਾਰ। ਸਾਚੀ ਸਖ਼ੀ ਆਪ ਅਖਵਾਵਣਾ, ਸੀਸ ਗੁੰਦੇ ਨੈਣ ਬਣ ਨਿਰੰਕਾਰ। ਆਪਣੇ ਅੰਮ੍ਰਿਤ ਮੁਖ ਜੁਠਾਵਣਾ, ਜੂਠੀ ਝੂਠੀ ਕਿਰਿਆ ਦਏ ਨਵਾਰ। ਸਾਚੀ ਡੋਲੀ ਆਪ ਚੜ੍ਹਾਵਨਾ, ਸੂਰਜ ਚੰਨ ਨਾ ਦਿਸੇ ਕੋਇ ਉਜਿਆਰ। ਦੋ ਜਹਾਨਾ ਪੈਂਡਾ ਆਪ ਮੁਕਾਵਣਾ, ਕੋਟਨ ਕੋਟ ਜੋ ਜਨ ਰਹੇ ਪੁਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖਾਂ ਦੇਵੇ ਏਕਾ ਵਰ, ਸਤਿਗੁਰ ਚਰਨ ਪ੍ਰੀਤੀ ਸਾਚੀ ਕਾਰ। ਚਰਨ ਪ੍ਰੀਤ ਦਰਸ ਪਰਸ ਗੁਰਦੇਵ, ਆਸਾ ਤ੍ਰਿਸ਼ਨਾ ਰਹੇ ਨਾ ਰਾਈਆ। ਅੰਤ ਕਾਲ ਮਿਲੇ ਮੇਲ ਅਲੱਖ ਅਭੇਵ, ਅਰਸ਼ ਫ਼ਰਸ਼ ਹੋਏ ਸਹਾਈਆ। ਜਨ ਜਨਨੀ ਜਗ ਲਾਏ ਸੇਵ, ਜੁਗ ਚਾਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਲੇਖਾ ਆਪ ਮੁਕਾਈਆ। ਗੁਰਸਿਖ ਲੇਖਾ ਮੁੱਕਿਆ, ਲੱਖ ਚੁਰਾਸੀ ਤੁਟਾ ਫੰਦ। ਕਲਜੁਗ ਵੇਲਾ ਅੰਤਮ ਢੁਕਿਆ, ਸ੍ਰਿਸ਼ਟ ਸਬਾਈ ਨੇਤਰ ਅੰਧ। ਫੁਲ ਫਲਵਾੜੀ ਬੂਟਾ ਸੁੱਕਿਆ, ਨਵ ਨਵ ਹੋਏ ਖੰਡ ਖੰਡ। ਨਿਰਗੁਣ ਨੌਂ ਨੌਂ ਚਾਰ ਰਿਹਾ ਲੁਕਿਆ, ਅੰਤਮ ਮੁਕਾਏ ਆਪਣਾ ਪੰਧ। ਗੁਰਮੁਖਾਂ ਅੱਗੇ ਆਪੇ ਝੁਕਿਆ, ਆਪਣਾ ਗੀਤ ਗਾਏ ਆਪ ਸੁਣਾਏ ਛੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕ ਇਕ ਅਨੇਕ ਵਖਾਏ ਪਰਮਾਨੰਦ।