੧੮ ਭਾਦਰੋਂ ੨੦੧੭ ਬਿਕ੍ਰਮੀ ਸੁਲੱਖਣ ਸਿੰਘ ਦੇ ਗ੍ਰਹਿ ਪਿੰਡ ਮੂੰਗਲੇ ਜ਼ਿਲਾ ਫਿਰੋਜ਼ਪੁਰ ਦਇਆ ਹੋਈ
ਚਰਨ ਪ੍ਰੀਤ ਸਤਿਗੁਰ ਪੂਰਾ, ਆਦਿ ਜੁਗਾਦਿ ਇਕ ਵਖਾਇੰਦਾ। ਜੁਗਾ ਜੁਗੰਤਰ ਹਾਜ਼ਰ ਹਜ਼ੂਰਾ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਗੁਰਮੁਖਾਂ ਨਾਤਾ ਤੋੜੇ ਜਗਤ ਕੂੜਾ, ਦਰ ਘਰ ਸਾਚੇ ਜੋੜ ਜੁੜਾਇੰਦਾ। ਸਤਿਗੁਰ ਬਖ਼ਸ਼ੇ ਸਾਚੀ ਧੂੜਾ, ਦੁਰਮਤ ਮੈਲ ਧਵਾਇੰਦਾ। ਚਤਰ ਸੁਘੜ ਬਣਾਏ ਮੂਰਖ ਮੂੜ੍ਹਾ, ਜਿਸ ਜਨ ਸਾਚੀ ਸਰਨ ਲਗਾਇੰਦਾ। ਜੋਤੀ ਨੂਰ ਕਰੇ ਉਜਿਆਰ ਨੂਰਾ, ਦੀਪਕ ਜੋਤ ਡਗਮਗਾਇੰਦਾ। ਆਸਾ ਮਨਸਾ ਕਰੇ ਪੂਰਾ, ਆਸ ਨਿਰਾਸ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤ ਆਪ ਬੰਧਾਇੰਦਾ। ਚਰਨ ਪ੍ਰੀਤੀ ਸਾਚਾ ਨਾਤਾ, ਸਤਿਗੁਰ ਪੂਰਾ ਆਪ ਬੰਧਾਈਆ। ਲੇਖਾ ਜਾਣੇ ਪੁਰਖ ਬਿਧਾਤਾ, ਜੁਗਾ ਜੁਗੰਤਰ ਵੇਸ ਵਟਾਈਆ। ਸ੍ਰਿਸ਼ਟ ਸਬਾਈ ਪਿਤਾ ਮਾਤਾ, ਇਕ ਇਕੱਲਾ ਸ਼ਹਿਨਸ਼ਾਹੀਆ। ਜੁਗ ਜੁਗ ਵੇਖੇ ਅੰਧੇਰੀ ਰਾਤਾ, ਗੁਰ ਸਤਿਗੁਰ ਰੂਪ ਧਰਾਈਆ। ਲੱਖ ਚੁਰਾਸੀ ਕਾਇਆ ਮੰਦਰ ਅੰਦਰ ਵੇਖੇ ਆਪਣੀ ਖਾਟਾ, ਸਚ ਸੁਹੰਜਣੀ ਸੇਜ ਸੁਹਾਈਆ। ਕਰੇ ਪਰਕਾਸ਼ ਜੋਤੀ ਜੋਤ ਲਲਾਟਾ, ਅੰਧ ਅੰਧੇਰ ਰਹਿਣ ਨਾ ਪਾਈਆ। ਸਰਬ ਕਲ ਆਪੇ ਸਮਰਾਥਾ, ਸਮਰਥ ਪੁਰਖ ਵੱਡੀ ਵਡਿਆਈਆ। ਜਨ ਭਗਤ ਨਿਭਾਏ ਸਗਲਾ ਸਾਥਾ, ਦੋ ਜਹਾਨਾ ਹੋਏ ਸਹਾਈਆ। ਨਿਰਗੁਣ ਨਿਰਵੈਰ ਚਲਾਏ ਰਾਥਾ, ਮਹਾਂਸਾਰਥੀ ਸੇਵ ਕਮਾਈਆ। ਅਗੰਮ ਅਗੰਮੜੀ ਸੁਣਾਏ ਗਾਥਾ, ਅੱਖਰ ਵੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਪ੍ਰੀਤੀ ਇਕ ਸਮਝਾਈਆ। ਚਰਨ ਪ੍ਰੀਤੀ ਸ਼ਾਹ ਸੁਲਤਾਨ, ਸਤਿਗੁਰ ਪੂਰਾ ਆਪ ਜਣਾਇੰਦਾ। ਜੁਗਾਂ ਜੁਗੰਤਰ ਹੋ ਮਿਹਰਵਾਨ, ਭਗਤ ਭਗਵੰਤ ਵੇਖ ਵਖਾਇੰਦਾ। ਸੰਤਨ ਦੇਵੇ ਏਕਾ ਮਾਣ, ਮਾਣ ਅਭਿਮਾਣ ਮੇਟ ਮਿਟਾਇੰਦਾ। ਅੰਮ੍ਰਿਤ ਬਖ਼ਸ਼ੇ ਪੀਣ ਖਾਣ, ਤ੍ਰਿਸ਼ਨਾ ਭੁੱਖ ਗਵਾਇੰਦਾ। ਦਰਸ ਦਿਖਾਏ ਦਰ ਘਰ ਆਣ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਆਦਿ ਜੁਗਾਦੀ ਖੇਲ ਮਹਾਨ, ਜੁਗਾ ਜੁਗੰਤਰ ਵੇਸ ਵਟਾਇੰਦਾ। ਧਰਮ ਉਠਾਏ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਇਕ ਗਿਆਨ, ਨਵ ਖੰਡ ਸ੍ਰਿਸ਼ਟ ਦ੍ਰਿਸ਼ਟ ਇਕ ਖੁਲਾਇੰਦਾ। ਆਤਮ ਬ੍ਰਹਮ ਦੇਵੇ ਦਾਨ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਗੁਰਮੁਖ ਸਾਚੇ ਮਾਤ ਪਛਾਣ, ਆਪ ਆਪਣਾ ਮੇਲ ਮਿਲਾਇੰਦਾ। ਏਕਾ ਰਾਗ ਸੁਣਾਏ ਕਾਨ, ਦੂਜੀ ਧੁਨ ਨਾ ਕੋਇ ਉਪਜਾਇੰਦਾ। ਆਪ ਵਖਾਏ ਸਚ ਮਕਾਨ, ਮੰਦਰ ਅੰਦਰ ਬੈਠਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਪ੍ਰੀਤੀ ਸਾਚੀ ਰੀਤੀ, ਸਾਹਿਬ ਸਤਿਗੁਰ ਆਪ ਸਮਝਾਇੰਦਾ। ਚਰਨ ਪ੍ਰੀਤੀ ਸਾਚਾ ਘਰ, ਹਰਿ ਹਰਿ ਦਰਸਨ ਪਾਇਆ। ਆਵਣ ਜਾਵਣ ਚੁੱਕੇ ਡਰ, ਜਿਸ ਜਨ ਮੇਲ ਮਿਲਾਇਆ। ਪਾਰਬ੍ਰਹਮ ਪ੍ਰਭ ਦੇਵੇ ਵਰ, ਵਰਨ ਅਵਰ ਨਾ ਸੇਵ ਕਮਾਇਆ। ਲੇਖਾ ਜਾਣੇ ਨਾਰੀ ਨਰ, ਨਰ ਨਰਾਇਣ ਆਪਣਾ ਨਾਉਂ ਉਪਜਾਇਆ। ਲੱਖ ਚੁਰਾਸੀ ਭਾਂਡੇ ਘੜ, ਘਟ ਘਟ ਬੈਠਾ ਵੇਖ ਵਖਾਇਆ। ਗੁਰਮੁਖਾਂ ਬਨ੍ਹਾਏ ਆਪਣੇ ਲੜ, ਏਕਾ ਪੱਲੂ ਨਾਮ ਉਠਾਇਆ । ਆਪ ਨੁਹਾਏ ਸਾਚੇ ਸਰ, ਚਰਨ ਧੂੜ ਅਸ਼ਨਾਨ ਕਰਾਇਆ। ਕਿਲਾ ਤੋੜੇ ਹੰਕਾਰੀ ਗੜ੍ਹ, ਪੰਜ ਤਤ ਰਹਿਣ ਨਾ ਪਾਇਆ। ਆਪ ਚੁਕਾਏ ਜਮ ਕਾ ਡਰ, ਭੈ ਭਿਆਨਕ ਹੋਏ ਸਹਾਇਆ। ਆਪਣੀ ਕਿਰਪਾ ਆਪੇ ਕਰ, ਗੁਰਮੁਖ ਸਾਚੇ ਲਏ ਜਗਾਇਆ। ਜਾਗਰਤ ਜੋਤ ਅੰਦਰ ਧਰ, ਅਗਿਆਨ ਅੰਧੇਰਾ ਦਏ ਗਵਾਇਆ। ਤ੍ਰੈਗੁਣ ਮਾਇਆ ਜਾਏ ਸੜ, ਤਤਵ ਤਤ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤ ਹਰਿ ਅਤੀਤ, ਪਤਿਤ ਪੁਨੀਤ ਆਪ ਸਮਝਾਇਆ। ਚਰਨ ਪ੍ਰੀਤ ਧੁਰ ਦੀ ਬਾਣ, ਧੁਰ ਮਸਤਕ ਲੇਖ ਵਖਾਈਆ। ਆਦਨ ਅੰਤਾ ਹਰਿ ਭਗਵਾਨ, ਜੁਗਾ ਜੁਗੰਤਾ ਵੇਖ ਵਖਾਈਆ। ਪਰਗਟ ਹੋ ਹੋ ਵਾਲੀ ਦੋ ਜਹਾਨ, ਚੌਦਾਂ ਲੋਕਾਂ ਫੋਲ ਫੁਲਾਈਆ। ਲੇਖਾ ਜਾਣੇ ਜ਼ਿਮੀ ਅਸਮਾਨ, ਰਵ ਸਸ ਆਪਣੇ ਲੇਖੇ ਪਾਈਆ। ਸ਼ਬਦ ਜਣਾਈ ਧੁਰ ਫ਼ਰਮਾਣ, ਬ੍ਰਹਮਾ ਵੇਤਾ ਇਕ ਸੁਣਾਈਆ। ਚਾਰੇ ਵੇਦਾਂ ਇਕ ਗਿਆਨ, ਬੋਧ ਅਗਾਧਾ ਆਪ ਸੁਣਾਈਆ। ਕਰੇ ਵੇਸ ਗੁਣ ਨਿਧਾਨ, ਅਨਕ ਕਲ ਆਪਣਾ ਰੂਪ ਪਰਗਟਾਈਆ। ਨਿਰਗੁਣ ਸਰਗੁਣ ਦਾਤਾ ਦਾਨੀ ਦਾਨ, ਇਛਿਆ ਭਿਛਿਆ ਆਪ ਵਰਤਾਈਆ। ਲੇਖਾ ਜਾਣੇ ਧੁਰ ਫ਼ਰਮਾਣ, ਕਲਮ ਕਾਗਦ ਲਿਖੇ ਨਾ ਕੋਇ ਸ਼ਾਹੀਆ। ਜਨ ਭਗਤਾਂ ਉਪਰ ਹੋਏ ਆਪ ਮਿਹਰਵਾਨ, ਆਪ ਆਪਣੀ ਬੂਝ ਬੁਝਾਈਆ। ਚਰਨ ਕਵਲ ਰਖਾਏ ਇਕ ਧਿਆਨ, ਧਰਨੀ ਧਰਤ ਧਵਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤੀ ਬਖ਼ਸ਼ੇ ਨੀਤੀ, ਨਿਜ ਘਰ ਬੈਠੇ ਆਸਣ ਲਾਈਆ। ਸਤਿਗੁਰ ਪੂਰਾ ਸਚ ਸਿੰਘਾਸਣ, ਆਤਮ ਬ੍ਰਹਮ ਜਣਾਇੰਦਾ। ਖੇਲੇ ਖੇਲ ਪੁਰਖ ਅਬਿਨਾਸ਼ਨ, ਅਬਿਨਾਸ਼ੀ ਕਰਤਾ ਵੇਸ ਵਟਾਇੰਦਾ। ਲੇਖਾ ਜਾਣੇ ਸ਼ਾਹੋ ਸ਼ਾਬਾਸ਼ਨ, ਰਾਜ ਰਾਜਾਨਾ ਹੁਕਮ ਸੁਣਾਇੰਦਾ। ਵਰਤੇ ਵਰਤਾਵੇ ਪ੍ਰਿਥਮੀ ਆਕਾਸਣ, ਲੋਆਂ ਪੁਰੀਆਂ ਡੇਰਾ ਲਾਇੰਦਾ। ਜਨ ਭਗਤਾਂ ਹੋਏ ਦਾਸੀ ਦਾਸਣ, ਲੋਕਮਾਤ ਸੇਵ ਕਮਾਇੰਦਾ। ਲੇਖਾ ਜਾਣੇ ਰਸਨਾ ਜਿਹਵਾ ਪਵਣ ਸਵਾਸਣ, ਸਵਾਸ ਸਵਾਸ ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤੀ ਨਾਤਾ ਜੋੜ, ਆਪ ਚੜ੍ਹਾਏ ਸਾਚੇ ਘੋੜ, ਸ਼ਬਦੀ ਘੋੜਾ ਇਕ ਦੌੜਾਇੰਦਾ। ਸ਼ਬਦੀ ਘੋੜਾ ਹਰਿ ਸੁਲਤਾਨ, ਸਤਿ ਪੁਰਖ ਨਿਰੰਜਣ ਆਪ ਦੌੜਾਈਆ। ਸਚਖੰਡ ਦਵਾਰੇ ਬੈਠ ਸ੍ਰੀ ਭਗਵਾਨ, ਆਪਣਾ ਬਲ ਆਪ ਵਖਾਈਆ। ਲੇਖਾ ਜਾਣੇ ਧੁਰ ਫ਼ਰਮਾਣ, ਧੁਰ ਦਾ ਬਾਣ ਆਪ ਚਲਾਈਆ। ਸੂਰਬੀਰ ਉਠੇ ਨੌਜਵਾਨ, ਰੂਪ ਅਨੂਪ ਆਪ ਪਰਗਟਾਈਆ। ਸਤਿ ਸਤਿਵਾਦੀ ਖੇਲ ਮਹਾਨ, ਅਗੰਮ ਅਗੰਮੜਾ ਅਗੰਮੜੀ ਕਾਰ ਕਰਾਈਆ। ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਬੋਲ ਜੈਕਾਰ, ਆਪਣਾ ਨਾਅਰਾ ਦਏ ਸੁਣਾਈਆ। ਸ਼ਬਦ ਗੁਰ ਲੋਕਮਾਤ ਲੈ ਅਵਤਾਰ, ਪੰਜ ਤਤ ਕਾਇਆ ਚੋਲਾ ਆਪ ਹੰਢਾਈਆ। ਪੰਚ ਪਚੀਸਾ ਪਾਵੇ ਸਾਰ, ਮਨ ਮਤ ਬੁਧ ਵੇਖੇ ਥਾਉਂ ਥਾਈਂਆ। ਕਾਇਆ ਮੰਦਰ ਡੂੰਘੀ ਗਾਰ, ਅੰਧ ਅੰਧੇਰਾ ਫੋਲ ਫੁਲਾਈਆ। ਕਮਲਾਪਾਤੀ ਹੋ ਉਜਿਆਰ, ਜੋਤ ਨਿਰੰਜਣ ਦੀਪਕ ਦੀਆ ਹੱਥ ਰਖਾਈਆ। ਬੂੰਦ ਸਵਾਂਤੀ ਠੰਡੀ ਠਾਰ, ਨਿਝਰ ਝਿਰਨਾ ਸਚ ਪਿਆਲਾ ਦੀਨ ਦਿਆਲਾ ਏਕਾ ਏਕ ਪਿਆਈਆ। ਗੁਰਮੁਖਾਂ ਕਰੇ ਸੱਦ ਪਿਆਰ, ਭਗਤ ਭਗਵੰਤ ਲਏ ਉਭਾਰ, ਸੰਤਨ ਵੇਖੇ ਚਾਈਂ ਚਾਈਆ। ਬਖ਼ਸ਼ਣਹਾਰਾ ਚਰਨ ਪਿਆਰ, ਕਵਲ ਕਵਲ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਕਵਲ ਸਚ ਸਹਾਰਾ, ਗਰੀਬ ਨਿਮਾਣਿਆਂ ਲਾਏ ਪਾਰਾ, ਸਾਚੇ ਬੇੜੇ ਆਪ ਚੜ੍ਹਾਈਆ। ਸਾਚਾ ਬੇੜਾ ਹਰਿ ਨਿਰੰਕਾਰ, ਏਕਾ ਸ਼ਬਦੀ ਸ਼ਬਦ ਉਪਾਇੰਦਾ। ਜੁਗਾ ਜੁਗੰਤਰ ਹੋ ਤਿਆਰ, ਲੋਕਮਾਤ ਆਪ ਚਲਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਜੇਰਜ ਅੰਡ ਉਤਭੁਜ ਸੇਤਜ ਵੇਖ ਵਖਾਇੰਦਾ। ਭਗਤ ਭਗਵੰਤ ਕਰੇ ਕਰਾਏ ਸਾਚੀ ਕਾਰ, ਆਪਣੇ ਧੰਦੇ ਆਪੇ ਲਾਇੰਦਾ । ਨਾਤਾ ਤੋੜ ਜਗਤ ਵਿਕਾਰ, ਨਾਮ ਆਧਾਰ ਇਕ ਵਖਾਇੰਦਾ। ਆਤਮ ਬ੍ਰਹਮ ਕਰ ਪਿਆਰ, ਪਾਰਬ੍ਰਹਮ ਪ੍ਰਭ ਸੇਵ ਕਮਾਇੰਦਾ। ਸਾਚਾ ਬਖ਼ਸ਼ੇ ਚਰਨ ਪਿਆਰ, ਨਾਤਾ ਨਾਤਾ ਜੁੜਿਆ ਨਾ ਕੋਇ ਤੁੜਾਇੰਦਾ। ਗੁਰਮੁਖ ਮੰਗੇ ਬਣ ਭਿਖਾਰ, ਸਤਿਗੁਰ ਪੂਰਾ ਆਪਣੀ ਭਿਛਿਆ ਝੋਲੀ ਆਪੇ ਪਾਇੰਦਾ। ਏਕਾ ਰੰਗ ਰੰਗੇ ਕਰਤਾਰ, ਰੰਗ ਮਜੀਠੀ ਇਕ ਚੜ੍ਹਾਇੰਦਾ। ਚਰਨ ਪ੍ਰੀਤ ਵਖਾਏ ਸੱਚਾ ਦਰਬਾਰ, ਸਚਖੰਡ ਦਵਾਰਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਸਚਖੰਡ ਦਵਾਰਾ ਸੋਭਾਵੰਤ, ਹਰਿ ਜੂ ਹਰਿ ਮੰਦਰ ਆਪ ਸੁਹਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਏਕਾ ਬੈਠਾ ਕੰਤ, ਸੰਤ ਭਗਵੰਤ ਵੇਖ ਵਖਾਇੰਦਾ। ਲੇਖਾ ਜਾਣੇ ਜੀਵ ਜੰਤ, ਲਹਿਣਾ ਦੇਣਾ ਮੂਲ ਚੁਕਾਇੰਦਾ। ਜਿਸ ਜਨ ਬਣਾਏ ਸਾਚੀ ਬਣਤ, ਸਿਰ ਆਪਣਾ ਹੱਥ ਰਖਾਇੰਦਾ। ਨਾਤਾ ਤੋੜੇ ਹਉਮੇਂ ਹੰਗਤ, ਮਾਇਆ ਮਮਤਾ ਮੋਹ ਚੁਕਾਇੰਦਾ। ਆਪ ਮਿਲਾਏ ਸਾਚੀ ਸੰਗਤ, ਗੁਰਮੁਖ ਸਾਚੇ ਰੰਗ ਰੰਗਾਇੰਦਾ। ਹਰਿਜਨ ਹਰਿਭਗਤ ਦਰ ਭਿਖਾਰੀ ਏਕਾ ਮੰਗਤ, ਏਕਾ ਵਸਤ ਝੋਲੀ ਪਾਇੰਦਾ। ਚਰਨ ਪ੍ਰੀਤੀ ਚਾੜ੍ਹੇ ਰੰਗਤ, ਲਾਲ ਗੁਲਾਲਾ ਆਪੇ ਰੰਗ ਰੰਗਾਇੰਦਾ। ਨਾਤਾ ਤੋੜੇ ਭੁੱਖ ਨੰਗਤ, ਖਿਮਾਂ ਗ਼ਰੀਬੀ ਆਪ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤੀ ਯਾਚਕ ਦਾਨ, ਦੇਵਣਹਾਰ ਸ੍ਰੀ ਭਗਵਾਨ, ਦੂਸਰ ਹੱਥ ਨਾ ਕੋਇ ਰਖਾਇੰਦਾ। ਚਰਨ ਪ੍ਰੀਤੀ ਵਸਤ ਅਨਮੋਲ, ਅਮੋਲਕ ਝੋਲੀ ਪਾਈਆ। ਸ਼ਬਦ ਭੰਡਾਰ ਅਗੰਮੀ ਖੋਲ੍ਹ, ਗੁਰਮੁਖਾਂ ਆਪ ਵਰਤਾਈਆ। ਨਿਰਗੁਣ ਸਰਗੁਣ ਤੋਲੇ ਤੋਲ, ਏਕਾ ਕੰਡਾ ਹੱਥ ਉਠਾਈਆ। ਭਾਗ ਲਗਾਏ ਕਾਇਆ ਚੋਲ, ਕਾਇਆ ਚੋਲਾ ਦਏ ਬਦਲਾਈਆ। ਸੁਰਤੀ ਸ਼ਬਦੀ ਜਾਏ ਮੌਲ, ਰੂਪ ਅਨੂਪ ਆਪ ਦਰਸਾਈਆ। ਉਲਟਾ ਕਰੇ ਨਾਭ ਕਵਲ, ਅੰਮ੍ਰਿਤ ਝਿਰਨਾ ਦਏ ਝਿਰਾਈਆ। ਦੇਵੇੇ ਵਡਿਆਈ ਉਪਰ ਧਵਲ, ਜਿਸ ਜਨ ਬਖ਼ਸ਼ੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤੀ ਮੇਲਾ ਮੀਤ, ਮਿਤਰ ਪਿਆਰਾ ਦਰਸ ਦਿਖਾਈਆ। ਮਿਤਰ ਪਿਆਰਾ ਹਰਿ ਗੋਬਿੰਦ, ਗਹਿਰ ਗੰਭੀਰ ਸਮਾਇੰਦਾ। ਗੁਰਮੁਖਾਂ ਮੇਟੇ ਸਗਲੀ ਚਿੰਦ, ਚਿਖਾ ਨਾ ਕੋਈ ਵਖਾਇੰਦਾ। ਦਾਤਾ ਦਾਨੀ ਗੁਣੀ ਗਹਿੰਦ, ਆਪ ਆਪਣੀ ਦਇਆ ਕਮਾਇੰਦਾ। ਨਾਦੀ ਸੁਤ ਉਪਜਾਏ ਆਪਣੀ ਬਿੰਦ, ਮਾਤ ਪਿਤ ਰੂਪ ਪਰਗਟਾਇੰਦਾ। ਅੰਮ੍ਰਿਤ ਧਾਰ ਬਖ਼ਸ਼ੇ ਸਾਗਰ ਸਿੰਧ, ਸਚ ਪਿਆਲਾ ਨਾਮ ਪਿਆਇੰਦਾ। ਲੇਖਾ ਜਾਣੇ ਜੀਉਂ ਪਿੰਡ, ਬ੍ਰਹਿਮੰਡ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤੀ ਵਖਾਏ ਸਾਚਾ ਘਰ, ਘਰ ਸੁਹੰਜਣਾ ਆਪ ਸੁਹਾਇੰਦਾ। ਘਰ ਸੁਹੰਜਣਾ ਸੁਹਾਏ ਨਿਰੰਕਾਰ, ਮਹਿਮਾ ਅਕਥ ਕਥੀ ਨਾ ਜਾਈਆ। ਨਿਰਗੁਣ ਸਰਗੁਣ ਖੇਲ ਅਪਾਰ, ਖ਼ਾਲਕ ਖ਼ਲਕ ਰੂਪ ਵਟਾਈਆ। ਤ੍ਰੈਗੁਣ ਮਾਇਆ ਵਸੇ ਬਾਹਰ, ਪੰਜ ਤਤ ਨਾ ਕੋਈ ਲੜਾਈਆ। ਸ਼ਬਦੀ ਢੋਲਾ ਸਤਿ ਜੈਕਾਰ, ਗੁਰ ਅਵਤਾਰ ਆਪ ਲਗਾਈਆ। ਭਗਤ ਭਗਵੰਤ ਸੰਤ ਲੇਖਾ ਜਾਣੇ ਵਿਚ ਸੰਸਾਰ, ਗੁਰਮੁਖ ਸਾਚੇ ਮੇਲ ਮਿਲਾਈਆ। ਗੁਰਮੁਖ ਗੁਰਮੁਖ ਮੇਲ ਮਿਲਾਏ ਆਪਣੀ ਵਾਰ, ਮਿਲਿਆ ਮੇਲ ਨਾ ਵਿਛੜ ਜਾਈਆ। ਚਰਨ ਪ੍ਰੀਤੀ ਦੱਸੇ ਸਚ ਪਿਆਰ, ਸਿਦਕ ਸਬੂਰੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਸਰਨ ਸਰਨ ਚਰਨ ਬਖ਼ਸ਼ੇ ਸਚ ਸਰਨਾਈਆ। ਸਚ ਸਰਨਾਈ ਚਰਨ ਗੁਰਦੇਵ, ਦੇਵ ਆਤਮਾ ਵੇਖ ਵਖਾਈਆ। ਪਾਰਬ੍ਰਹਮ ਪ੍ਰਭ ਅਲੱਖ ਅਭੇਵ, ਅਲੱਖ ਅਗੋਚਰ ਮਹਿਮਾ ਕਥ ਨਾ ਕੋਈ ਸੁਣਾਈਆ। ਜੁਗਾ ਜੁਗੰਤਰ ਕਰੇ ਸਾਚੀ ਸੇਵ, ਜਨ ਭਗਤ ਦਵਾਰੇ ਫੇਰੀ ਪਾਈਆ। ਅੰਮ੍ਰਿਤ ਰਸ ਖਵਾਏ ਸਾਚਾ ਮੇਵ, ਰਸ ਫੀਕਾ ਨਾ ਕੋਈ ਦਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤ ਜੁਗ ਜੁਗ ਗੁਰਸਿਖਾਂ ਆਪ ਸਮਝਾਈਆ। ਚਰਨ ਪ੍ਰੀਤੀ ਸਮਝਾਵਨਹਾਰਾ, ਏਕਾ ਰੰਗ ਸਮਾਇਆ। ਆਦਿਨ ਅੰਤਾ ਗੁਰ ਅਵਤਾਰਾ, ਨਿਰਗੁਣ ਸਰਗੁਣ ਰੂਪ ਵਟਾਇਆ। ਸਤਿਜੁਗ ਤ੍ਰੇਤਾ ਦੁਆਪਰ ਆਪਣਾ ਵੇਖੇ ਆਪ ਸਹਾਰਾ, ਵੇਖਵਹਾਰਾ ਦਿਸ ਨਾ ਆਇਆ। ਭਗਤ ਭਗਵੰਤ ਮੇਲ ਮਿਲਾਏ ਧੁਰ ਦਰਬਾਰਾ, ਦਰ ਦਰਵਾਜ਼ਾ ਆਪ ਖੁਲ੍ਹਾਇਆ। ਧਰਨੀ ਧਰਤ ਧਵਲ ਉਪਰ ਬੋਲ ਜੈਕਾਰਾ, ਏਕਾ ਫ਼ਤਹਿ ਡੰਕਾ ਨਾਮ ਵਜਾਇਆ। ਪਕੜ ਪਛਾੜੇ ਦੁਸ਼ਟ ਹੰਕਾਰਾ, ਗ਼ਰੀਬ ਨਿਮਾਣੇ ਲਏ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤੀ ਇਕ ਰਖਾਇਆ। ਚਰਨ ਪ੍ਰੀਤੀ ਏਕਾ ਏਕ, ਦੂਸਰ ਅਵਰ ਨਾ ਕੋਈ ਜਣਾਇੰਦਾ। ਸਤਿਗੁਰ ਸਾਹਿਬ ਸੁਲਤਾਨ ਸਾਚੀ ਟੇਕ, ਪਾਰਬ੍ਰਹਮ ਪਤਿ ਪਰਮੇਸ਼ਵਰ ਵੇਖ ਵਖਾਇੰਦਾ। ਨਿਰਮਲ ਨਿਰਵੈਰ ਬੁਧ ਬਿਬੇਕ, ਧੁਰ ਦਾ ਲੇਖਾ ਆਪ ਸਮਝਾਇੰਦਾ। ਜੋਤੀ ਜਾਮਾ ਧਾਰੇ ਭੇਖ, ਅਨਭਵ ਆਪਣੀ ਖੇਲ ਖਿਲਾਇੰਦਾ। ਆਪੇ ਲੇਖਾ ਮੇਟਣਹਾਰਾ ਲੇਖ, ਲੇਖਾ ਆਪਣਾ ਆਪ ਸਮਝਾਇੰਦਾ। ਸ਼ਾਹੋ ਭੂਪ ਵਡ ਨਰੇਸ਼, ਨਿਰਗੁਣ ਆਪਣਾ ਨਾਉਂ ਧਰਾਇੰਦਾ। ਬ੍ਰਹਮ ਪਾਰਬ੍ਰਹਮ ਹੋ ਪਰਵੇਸ਼, ਜੀਵ ਆਤਮ ਅੰਸ ਆਪ ਅਖਵਾਇੰਦਾ। ਜਿਸ ਜਨ ਬਖ਼ਸ਼ੇ ਸਾਚੀ ਸੇਵ, ਸਿਰ ਹੱਥ ਧਰ ਸਮਰਥ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਚਾਤ੍ਰਿਕ ਤ੍ਰਿਖ ਤ੍ਰੈਗੁਣ ਆਪ ਮਿਟਾਇੰਦਾ। ਤ੍ਰੈਗੁਣ ਮਿਟੇ ਭਰਮ ਭੌ ਲਾਥਾ, ਹਉਮੇ ਰੋਗ ਰਹੇ ਨਾ ਰਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰ ਇਕ ਜਣਾਏ ਪੂਜਾ ਪਾਠਾ, ਆਪਣੇ ਨਾਮ ਕਰੇ ਪੜ੍ਹਾਈਆ। ਲਹਿਣਾ ਦੇਣਾ ਚੁਕਾਏ ਤੀਰਥ ਅਠ ਸਾਠਾ, ਸਰ ਸਰੋਵਰ ਚਰਨ ਸਰਨ ਬਖ਼ਸ਼ੇ ਇਕ ਸਰਨਾਈਆ। ਜਨਮ ਜਨਮ ਦਾ ਪੂਰਾ ਕਰੇ ਘਾਟਾ, ਪੂਰਬ ਲਹਿਣਾ ਵੇਖ ਵਖਾਈਆ। ਨਾਤਾ ਤੋੜੇ ਆਣ ਬਾਟਾ, ਮਾਤ ਗਰਭ ਫੇਰ ਨਾ ਆਈਆ। ਦੋ ਜਹਾਨਾ ਪੰਧ ਮੁਕਾਏ ਦੂਰ ਦੁਰਾਡੀ ਵਾਟਾ, ਲੱਖ ਚੁਰਾਸੀ ਫੰਦਨ ਦਏ ਕਟਾਈਆ। ਅੰਮ੍ਰਿਤ ਪਿਆਏ ਜਾਮ ਭਰ ਬਾਟਾ, ਸ਼ਬਦ ਪਿਆਲਾ ਹੱਥ ਉਠਾਈਆ। ਨਾਤਾ ਤੋੜੇ ਤਤ ਆਠਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁਧ ਬੰਧਨ ਕੋਇ ਨਾ ਪਾਈਆ। ਜੁਗ ਜੁਗ ਜਨ ਭਗਤਾਂ ਕਰੇ ਪੂਰਾ ਘਾਟਾ, ਸਾਚਾ ਤੋਲਾ ਇਕ ਅਖਵਾਈਆ। ਆਪ ਆਪਣਾ ਖੋਲ੍ਹੇ ਹਾਟਾ, ਚੌਦਾਂ ਲੋਕ ਭਿਛਿਆ ਮੰਗਣ ਥਾਉਂ ਥਾਈਆ। ਗੁਰਮੁਖਾਂ ਸਤਿਗੁਰ ਮਿਲੇ ਪੂਰਨ ਪੁਰਖ ਸਮਰਾਥਾ, ਸਮਰਥ ਪੁਰਖ ਦਇਆ ਕਮਾਈਆ। ਆਤਮ ਅੰਤਰ ਪੂਰੀ ਕਰੇ ਆਸਾ, ਪੂਰੀ ਆਸਾ ਆਪ ਵਖਾਈਆ। ਚਰਨ ਪ੍ਰੀਤੀ ਬਖ਼ਸ਼ੇ ਸਚ ਭਰਵਾਸਾ, ਭਰਮ ਗੜ੍ਹ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਚਰਨੋਦਕ ਮੁਖ ਚੁਆਈਆ। ਚਰਨ ਪ੍ਰੀਤੀ ਚਾਤਰਕ ਰਸ, ਅਨੂਠਾ ਮੇਘ ਆਪ ਬਰਸਾਇੰਦਾ। ਹਰੀ ਓਮ ਹਰੀ ਹਰਿ ਨਰ ਨਰਾਇਣ ਮੇਲ ਮਿਲਾਵਾ ਹੱਸ ਹੱਸ, ਹੋ ਪਰਤਖ ਰੂਪ ਦਰਸ ਦਿਖਾਇੰਦਾ। ਸੰਤ ਸਹੇਲੇ ਜੁਗਾ ਜੁਗੰਤਰ ਮੇਲੇ ਰੂਪ ਦਸਾਏ ਨੱਸ ਨੱਸ, ਅੰਧ ਅੰਧੇਰ ਰਹੇ ਨਾ ਰਾਇਆ। ਤੀਰ ਨਿਰਾਲਾ ਮਾਰੇ ਕਸ ਕਸ, ਹਿਰਦੇ ਅੰਦਰ ਵਸ ਵਸ, ਮਾਇਆ ਮਮਤਾ ਮੋਹ ਦਏ ਚੁਕਾਇਆ। ਪੰਚ ਵਿਕਾਰਾ ਝਸ ਝਸ, ਗੁਰਮੁਖਾਂ ਗਾਏ ਆਪ ਜਸ, ਜੁਗ ਜੁਗ ਸਾਚੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤੀ ਚਰਨ ਦਵਾਰਾ ਮਿਲੇ ਮੇਲ ਹਰਿ ਨਿਰੰਕਾਰਾ, ਜਗਤ ਦਵਾਰ ਨਾ ਕੋਈ ਫਿਰਾਇਆ। ਚਰਨ ਪ੍ਰੀਤ ਹਰੀ ਹਰਿ ਮੰਦਰ, ਸਚਖੰਡ ਦਵਾਰੇ ਸੋਭਾ ਪਾਇੰਦਾ। ਸਤਿਗੁਰ ਪੂਰਾ ਮੇਲ ਮਿਲਾਏ ਅੰਦਰੇ ਅੰਦਰ, ਸੁਰਤੀ ਸ਼ਬਦ ਜੋੜ ਜੁੜਾਇੰਦਾ। ਮਨ ਮਨੂਆ ਨਾ ਭਵੇ ਬੰਦਰ, ਨਾਮ ਡੋਰੀ ਹੱਥ ਰਖਾਇੰਦਾ। ਲੇਖਾ ਜਾਣੇ ਡੂੰਘੀ ਕੰਦਰ, ਜੋਤ ਉਜਾਲਾ ਦੀਨਾ ਦਿਆਲਾ ਦੀਪਕ ਪਰਕਾਸ਼ ਆਪ ਕਰਾਇੰਦਾ। ਆਪੇ ਤੋੜੇ ਆਪਣਾ ਜੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਸਚ ਦਵਾਰਾ, ਧੁਰ ਦਰਬਾਰਾ ਆਪ ਵਖਾਇੰਦਾ। ਚਰਨ ਪ੍ਰੀਤੀ ਸਾਚਾ ਮਾਣ, ਨਿਮਾਣਿਆਂ ਹੋਏ ਸਹਾਈਆ। ਜੁਗ ਜੁਗ ਕਰੇ ਜਗਤ ਪਛਾਣ, ਅਭੁੱਲ ਗੁਰ ਵਡ ਵਡਿਆਈਆ। ਦਰ ਦਰ ਘਰ ਘਰ ਹਰਿਜਨ ਸਾਚੇ ਦੇਵੇ ਦਾਨ, ਦਾਤਾ ਦਾਨੀ ਭਿਛਿਆ ਝੋਲੀ ਪਾਈਆ। ਆਤਮ ਉਪਜੇ ਇਕ ਗਿਆਨ, ਗਿਆਨ ਧਿਆਨ ਇਕ ਦ੍ਰਿੜਾਈਆ। ਧੂੜ ਕਰਾਏ ਚਰਨ ਅਸ਼ਨਾਨ, ਦੁਰਮਤ ਮੈਲ ਕਟਾਈਆ। ਅੰਮ੍ਰਿਤ ਠਾਂਡਾ ਪੀਣ ਖਾਣ, ਅਮਿਉਂ ਰਸ ਏਕਾ ਮੁਖ ਚੁਆਈਆ। ਆਵਣ ਜਾਵਣ ਚੁੱਕੇ ਕਾਣ, ਰਾਏ ਧਰਮ ਨਾ ਦਏ ਸਜਾਈਆ। ਜੋ ਜਨ ਸਤਿਗੁਰ ਪੂਰੇ ਚਰਨ ਡਿਗੇ ਆਣ, ਜਗਤ ਪ੍ਰੀਤੀ ਤੋੜ ਨਿਭਾਈਆ। ਚੁਰਾਸੀ ਭਵੇ ਨਾ ਕੋਈ ਮਸਾਣ, ਗੋਰ ਕਫ਼ਨ ਨਾ ਕੋਈ ਹੰਢਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਸਰਨ ਹਰਨ ਫਰਨ ਇਕ ਖੁਲ੍ਹਾਈਆ। ਚਰਨ ਗੁਰਦੇਵ ਦਰਸ ਅਮੋਘ, ਛੁੱਟਿਆ ਜਗਤ ਸੰਸਾਰਾ। ਸਤਿਗੁਰ ਪੂਰਾ ਕੱਟੇ ਰੋਗ, ਏਕਾ ਬਖ਼ਸ਼ੇ ਨਾਮ ਸਹਾਰਾ। ਲੇਖਾ ਚੁੱਕੇ ਲੋਕ ਪਰਲੋਕ, ਮਿਲਿਆ ਹਰਿ ਨਿਰੰਕਾਰਾ। ਸ਼ਬਦ ਅਗੰਮੀ ਗਾਏ ਸਲੋਕ, ਸੋ ਪੁਰਖ ਨਿਰੰਜਣ ਇਕ ਜੈਕਾਰਾ। ਹੰ ਬ੍ਰਹਮ ਦੇੇਵੇ ਮੋਖ, ਮੁਕਤੀ ਕਰੇ ਪਾਰ ਕਿਨਾਰਾ। ਨਾ ਕੋਈ ਹਰਖ ਨਾ ਕੋਈ ਸੋਗ, ਚਿੰਤਾ ਦੁਖ ਨਾ ਕੋਈ ਵਿਚਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਪ੍ਰੀਤੀ ਆਪ ਜਣਾਏ ਬਣੇ ਜਗਤ ਵਣਜਾਰਾ। ਚਰਨ ਪ੍ਰੀਤੀ ਸਾਚੀ ਭਿਖਿਆ, ਗੁਰਮੁਖ ਵਿਰਲੇ ਝੋਲੀ ਪਾਇੰਦਾ। ਜਿਸ ਦਾ ਲੇਖਾ ਧੁਰ ਦਰਬਾਰੇ ਬਹਿ ਬਹਿ ਲਿਖਿਆ, ਲੋਕਮਾਤ ਮੇਲ ਮਿਲਾਇੰਦਾ। ਔਦਾਂ ਜਾਂਦਾ ਕਿਸੇ ਨਾ ਦਿਸਿਆ, ਕੋਟਨ ਕੋਟ ਜੀਵ ਰਾਹ ਤਕਾਇੰਦਾ। ਆਪਣਾ ਵੰਡੇ ਆਪੇ ਹਿਸਿਆ, ਖੰਡ ਬ੍ਰਹਿਮੰਡ ਆਪਣੀ ਰਚਨ ਰਚਾਇੰਦਾ। ਜਨ ਭਗਤਾਂ ਦੇਵੇ ਸਾਚੀ ਸਿਖ਼ਿਆ, ਚਰਨ ਪ੍ਰੀਤੀ ਪ੍ਰੀਤ ਵਖਾਇੰਦਾ। ਸ੍ਰਿਸ਼ਟ ਸਬਾਈ ਜਾਣੋ ਮਿਥਿਆ, ਥਿਰ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਸਰਨ ਇਕ ਜਣਾਇੰਦਾ। ਚਰਨ ਗੁਰ ਗੁਰੂ ਗੁਰ ਧਾਮ, ਹਰਿ ਜੂ ਹਰਿ ਹਰਿ ਮੇਲ ਮਿਲਾਇਆ। ਸੀਤਾ ਸੁਰਤੀ ਮਿਲਾਏ ਸਾਚੇ ਰਾਮ, ਸ਼ਬਦ ਸ਼ਬਦੀ ਜੋੜ ਜੁੜਾਇਆ। ਰਾਧਾ ਕ੍ਰਿਸ਼ਨ ਆਤਮ ਸੇਜ ਕਰੇ ਬਿਸਰਾਮ, ਨਾਮ ਬੰਸਰੀ ਇਕ ਅਲਾਇਆ। ਈਸਾ ਮੂਸਾ ਦਏ ਪੈਗ਼ਾਮ, ਹਜ਼ਰਤ ਨਬੀ ਰਸੂਲ ਅੱਲਾ ਰਾਣੀ ਮੇਲ ਮਿਲਾਇਆ। ਨਾਨਕ ਨਿਰਗੁਣ ਜਣਾਏ ਸਤਿਨਾਮ, ਨਾਮ ਸਤਿ ਮੰਤਰ ਆਪ ਪੜ੍ਹਾਇਆ। ਗੋਬਿੰਦ ਵਾਹਿਗੁਰੂ ਫ਼ਤਿਹ ਬੋਲ ਜੈਕਾਰਾ ਮੇਟੇ ਅੰਧੇਰੀ ਸ਼ਾਮ, ਅੰਧ ਅੰਧੇਰ ਰਹਿਣ ਨਾ ਪਾਇਆ। ਚਾਰ ਵਰਨਾਂ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕ ਜਣਾਏ ਹਰਿ ਕਾ ਨਾਮ, ਪੁਰਖ ਅਕਾਲ ਇਸ਼ਟ ਵਖਾਇਆ। ਪੱਲੂ ਫੜਾਏ ਆਪਣਾ ਦਾਮ, ਦਾਮਨਗੀਰ ਦਇਆ ਕਮਾਇਆ। ਆਦਿ ਅੰਤ ਹਰਿ ਭਗਵੰਤ ਜਨ ਭਗਤਾਂ ਕਰੇ ਪਹਿਚਾਨ, ਪਹਿਚਾਨ ਵਿਚ ਆਪ ਕਿਸੇ ਨਾ ਆਇਆ। ਚਰਨ ਪ੍ਰੀਤੀ ਲੋਕਮਾਤ ਵਖਾਏ ਸਾਚਾ ਕਾਮ, ਬਿਨ ਗੁਰ ਚਰਨ ਬੇੜਾ ਪਾਰ ਨਾ ਕੋਇ ਕਰਾਇਆ। ਨੌਂ ਖੰਡ ਪ੍ਰਿਥਮੀ ਝੂਠਾ ਗਰਾਮ, ਸਤਿ ਦੀਪ ਖੇੜਾ ਦਿਸ ਨਾ ਆਇਆ। ਕਿਸੇ ਲੇਖੇ ਲੱਗੇ ਨਾ ਹੱਡ ਮਾਸ ਨਾੜੀ ਚਾਮ, ਬਿਨ ਸਤਿਗੁਰ ਸਾਚੇ ਵੇਲੇ ਅੰਤ ਨਾ ਕੋਇ ਸਹਾਇਆ। ਕਿਸੇ ਕੰਮ ਨਾ ਔਣਾ ਮਦਿਰਾ ਜਾਮ, ਅੰਮ੍ਰਿਤ ਜਾਮ ਨਾ ਕਿਸੇ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਦੇਵੇ ਏਕਾ ਵਰ, ਆਪਣੀ ਰੀਤੀ ਆਪ ਜਣਾਇਆ। ਸਾਚੀ ਰੀਤੀ ਇਕ ਅਕੱਲਾ, ਹਰਿ ਸਤਿਗੁਰ ਆਪ ਸਿਖਾਇੰਦਾ। ਲੋਕਮਾਤ ਵੇਖੇ ਜਗਤ ਮਹੱਲਾ, ਲੱਖ ਚੁਰਾਸੀ ਫੋਲ ਫੁਲਾਇੰਦਾ। ਪਾਵੇ ਸਾਰ ਜਲਾਂ ਥਲਾਂ, ਸਮੁੰਦ ਸਾਗਰ ਵਰੋਲ ਨਾਮ ਮਧਾਣਾ ਏਕਾ ਪਾਇੰਦਾ। ਜਨ ਭਗਤ ਮਿਲਾਏ ਇਕ ਇਕੱਲਾ, ਦੂਸਰ ਸੰਗ ਨਾ ਕੋਈ ਨਿਭਾਇੰਦਾ। ਆਤਮ ਸਿੰਘਾਸਣ ਪੁਰਖ ਅਬਿਨਾਸ਼ਨ ਏਕਾ ਮੱਲਾ, ਸਚ ਸੁਨੇਹੜਾ ਇਕ ਸੁਣਾਇੰਦਾ। ਨਾਦ ਧੁਨ ਉਪਜਾਏ ਬ੍ਰਹਿਮੰਡ ਆਪ ਫੜਾਏ ਆਪਣਾ ਪੱਲਾ, ਆਪਣਾ ਰੂਪ ਆਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਚਰਨ ਪ੍ਰੀਤ ਗੁਰਮੁਖਾਂ ਵਖਾਏ ਸਾਚੀ ਰੀਤ, ਦੇਹੁਰਾ ਮੰਦਰ ਮਸੀਤ ਨਾ ਕੋਈ ਜਣਾਇੰਦਾ। ਕਾਇਆ ਮੰਦਰ ਦੇਹੁਰਾ ਮਸੀਤ, ਮੰਦਰ ਮਸਜਿਦ ਮਠ ਗੁਰੂਦਵਾਰਾ ਆਪ ਵਖਾਈਆ। ਕਾਇਆ ਅੰਦਰ ਤੀਰਥ ਅਠਸਠ, ਦਿਵਸ ਰੈਣ ਸੇਵ ਕਮਾਈਆ। ਕਾਇਆ ਮੰਦਰ ਜੋਤ ਲਟ ਲਟ, ਨੂਰ ਨੁਰਾਨਾ ਡਗਮਗਾਈਆ। ਕਾਇਆ ਅੰਦਰ ਸਤਿਗੁਰ ਪੂਰਾ ਹੋ ਪਰਗਟ, ਸਵਛ ਸਰੂਪ ਦਰਸ ਦਏ ਵਖਾਈਆ। ਕਾਇਆ ਮੰਦਰ ਖੇਲੇ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਾਂਗ ਵਰਤਾਈਆ। ਕਾਇਆ ਅੰਦਰ ਬ੍ਰਹਮ ਆਤਮ ਸਾਚੀ ਖਾਟ, ਸਚ ਸਿੰਘਾਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਸਾਚਾ ਜਾਣਿਆ, ਚਰਨ ਦਵਾਰਾ ਖੋਲ੍ਹ। ਗੁਰਮੁਖ ਚਤਰ ਸੁਘੜ ਸਿਆਣਿਆ ਆਪ ਪਛਾਣਿਆ, ਸੁਰਤੀ ਸ਼ਬਦੀ ਆਪੇ ਮੌਲ। ਆਪ ਵਖਾਏ ਆਪਣਾ ਸਚ ਟਿਕਾਣਿਆ, ਸ਼ਬਦੀ ਅਗੰਮੀ ਹਰਿ ਹਰਿ ਬੋਲ। ਖੇਲੇ ਖੇਲ ਦੋ ਜਹਾਨਿਆ, ਕਲਜੁਗ ਅੰਤਮ ਤੋਲੇ ਤੋਲ। ਪਕੜ ਉਠਾਏ ਗ਼ਰੀਬ ਨਿਮਾਣਿਆ, ਲੱਖ ਚੁਰਾਸੀ ਸੁਤੀ ਮਾਤ ਅਨਭੋਲ। ਨੌਂ ਖੰਡ ਭੁੱਜਣਾ ਵਾਂਗਰ ਦਾਣਿਆ, ਗੁਰਮੁਖ ਵਿਰਲਾ ਰਹੇ ਅਡੋਲ। ਜਿਸ ਜਨ ਬਖ਼ਸ਼ੇ ਚਰਨ ਧਿਆਨਿਆ, ਸਤਿਗੁਰ ਸਹਾਈ ਵਸੇ ਕੋਲ। ਰਸਨਾ ਜਿਹਵਾ ਗਾਏ ਗਾਣਿਆ, ਸੋਹੰ ਅੱਖਰ ਵੱਖਰ ਬੋਲ। ਪੁੱਛੇ ਗਾਏ ਜਗਤ ਕਹਾਣੀਆ, ਲੱਖ ਚੁਰਾਸੀ ਵੱਜੇ ਢੋਲ। ਤਖ਼ਤੋਂ ਲਾਹੇ ਰਾਜੇ ਰਾਣਿਆ, ਕਾਇਆ ਕਪੜ ਦੇਵੇ ਫੋਲ। ਨਾਮ ਜਹਾਜ਼ ਚਲਾਇਆ ਇਕ ਬੇਮੁਹਾਣਿਆ, ਵੰਝ ਮੁਹਾਣਾ ਰੱਖੇ ਆਪਣੇ ਕੋਲ। ਦਿਸ ਨਾ ਆਏ ਚਤਰ ਸੁਘੜ ਸਿਆਣਿਆ, ਕਲਜੁਗ ਮਾਇਆ ਪਾਇਆ ਘੋਲ। ਪੜ੍ਹ ਪੜ੍ਹ ਥੱਕੇ ਚਾਰੇ ਬਾਣੀਆ, ਅੰਮ੍ਰਿਤ ਆਤਮ ਚੱਖੀ ਨਾ ਕਿਸੇ ਪੌਹਲ। ਰਾਮ ਕ੍ਰਿਸ਼ਨ ਗਾਇਣ ਗਾਣਿਆ, ਰਾਮ ਰਾਮਾ ਨਾ ਗਿਆ ਮੌਲ। ਕਲਜੁਗ ਹੋਏ ਬੇਮੁਹਾਨਿਆ, ਨੌਂ ਖੰਡ ਪ੍ਰਿਥਮੀ ਰਹੀ ਅਡੋਲ। ਗੁਰਮੁਖ ਵਿਰਲਾ ਚਲੇ ਸਤਿਗੁਰ ਭਾਣਿਆ, ਹਰਿ ਭਾਣਾ ਜਿਉਂ ਜਲ ਕਵਲ ਫੁਲ। ਚਰਨ ਪ੍ਰੀਤੀ ਸਚ ਟਿਕਾਣਿਆ, ਮਿਲੇ ਵਡਿਆਈ ਉਪਰ ਧਵਲ। ਚਾਰ ਵਰਨ ਏਕਾ ਰੰਗ ਰੰਗਾਨਿਆ, ਊਚਾਂ ਨੀਚਾਂ ਪੂਰਾ ਕਰੇ ਕੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਭਰਮੀ ਭਰਮ ਭੁਲਾਏ ਪੰਡਤ ਪਾਂਧੇ ਰੌਲ। ਪੰਡਤ ਪਾਂਧੇ ਪੜ੍ਹ ਪੜ੍ਹ ਥੱਕੇ, ਹਰਿ ਕਾ ਭੇਵ ਕਿਸੇ ਨਾ ਆਇਆ। ਮੁਲਾਂ ਸ਼ੇਖ਼ ਮਸਾਇਕ ਪੀਰ ਬੈਠੇ ਮੱਕੇ, ਮਹਿਰਮ ਦਿਸ ਕਿਸੇ ਨਾ ਆਇਆ। ਚਾਰ ਕੁੰਟ ਨਵ ਖੰਡ ਪ੍ਰਿਥਮੀ ਲੱਖ ਚੁਰਾਸੀ ਪੈਂਦੇ ਧੱਕੇ, ਧਰਤੀ ਧਵਲ ਰਹੀ ਕੁਰਲਾਇਆ। ਖਾਣੀ ਬਾਣੀ ਪੜ੍ਹ ਪੜ੍ਹ ਅੱਕੇ, ਅਕਲ ਆਕਾਲਾਂ ਵਿਚ ਰਹੇ ਨਾ ਰਾਇਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਗੁਰਮੁਖਾਂ ਪਰਦਾ ਆਪੇ ਚੁੱਕੇ, ਮੁਖ ਘੁੰਗਟ ਦਏ ਉਠਾਇਆ। ਕਰੇ ਖੇਲ ਆਪ ਆਪਣੀ ਰੁੱਤੇ, ਰੁਤ ਬਸੰਤੀ ਆਪ ਸੁਹਾਇਆ। ਅੰਦਰ ਬਾਹਰ ਆਪੇ ਤੱਕੇ, ਨਿਰਗੁਣ ਸਰਗੁਣ ਵੇਸ ਵਟਾਇਆ। ਗ਼ਰੀਬ ਨਿਮਾਣੇ ਗੁਰਸਿਖ ਬਾਲ ਅੰਞਾਣੇ ਆਪਣੀ ਗੋਦੀ ਆਪੇ ਚੁੱਕੇ, ਸਿਰ ਆਪਣੇ ਭਾਰ ਬੰਧਾਇਆ। ਆਪੇ ਸੁਫਲ ਕਰੇ ਆਪਣੀ ਕੁੱਖੇ, ਆਪੇ ਧੰਨ ਜਣੇਂਦੀ ਮਾਇਆ। ਕਲਜੁਗ ਜੀਵ ਹਰਿ ਕੇ ਨਾਮ ਰਹੇ ਭੁੱਖੇ, ਜਗਤ ਤ੍ਰਿਸ਼ਨਾ ਮੋਹ ਵਧਾਇਆ। ਪੰਚ ਵਿਕਾਰਾ ਦਿਵਸ ਰੈਣ fਗੱਲਾ ਈਂਧਨ ਧੁਖੇ, ਜੋਤੀ ਜੋਤ ਨਾ ਕੋਇ ਜਗਾਇਆ। ਕਲ ਕਲੇਸ਼ ਦਰ ਦਰ ਘਰ ਘਰ ਫੜ ਫੜ ਕੁੱਟੇ, ਕੂੜੀ ਕਿਰਿਆ ਵੇਖ ਵਖਾਇਆ। ਗੁਰਮੁਖ ਵਿਰਲਾ ਲਹਿਣਾ ਦੇਣਾ ਛੁੱਟੇ, ਜਿਸ ਜਨ ਆਪਣਾ ਮੇਲ ਮਿਲਾਇਆ। ਚਰਨ ਪ੍ਰੀਤੀ ਸਤਿਜੁਗ ਸਾਚੀ ਪੌਹ ਫੁੱਟੇ, ਗੁਰਸਿਖ ਸਾਚਾ ਸੂਰਯਾ ਚੰਨ ਚਮਕਾਇਆ। ਜੀਵ ਜੰਤ ਦਿਨ ਦਿਹਾੜੇ ਜਾਇਣ ਲੁੱਟੇ, ਘਰ ਮੰਦਰ ਰਹਿਣ ਕੋਇ ਨਾ ਪਾਇਆ। ਗੁਰਸਿਖ ਗੁਰਮੁਖ ਹਰਿਭਗਤ ਹਰਿ ਸੰਤ ਬਾਂਹ ਸਰਹਾਣੇ ਦੇ ਕੇ ਸੁਤੇ, ਕੋਈ ਸਕੇ ਨਾ ਮਾਤ ਉਠਾਇਆ। ਕਰੇ ਮਿਹਰ ਪੁਰਖ ਅਬਿਨਾਸ਼ੀ ਅਚੁਤੇ, ਚਿਤਵਤ ਠਗੌਰੀ ਕੋਇ ਨਾ ਪਾਇਆ। ਚਰਨ ਪ੍ਰੀਤੀ ਲੁੱਟ ਗੁਰਸਿਖ ਵਿਰਲਾ ਲੁੱਟੇ, ਜਿਸ ਜਨ ਆਪਣਾ ਰਾਹ ਵਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਏਕਾ ਦਾਨ, ਗੁਰਸਿਖ ਮਨਾਏ ਪਿਛਲੇ ਰੁੱਠੇ, ਅਗਲਾ ਲੇਖਾ ਆਪਣੇ ਹੱਥ ਰਖਾਇਆ।
