੧੯ ਭਾਦਰੋਂ ੨੦੧੭ ਬਿਕ੍ਰਮੀ ਕਰਨੈਲ ਸਿੰਘ ਦੇ ਗ੍ਰਹਿ ਪਿੰਡ ਆਲੇਵਾਲਾ ਜ਼ਿਲਾ ਫਿਰੋਜ਼ਪੁਰ
ਦਾਤਾ ਦਾਤਾਰ ਸਰਬ ਜੀਆ ਟੇਕ, ਨਾਥ ਅਨਾਥਾਂ ਹੋਏ ਸਹਾਈਆ। ਜੁਗਾ ਜੁਗੰਤਰ ਕਰੇ ਬੁਧ ਬਿਬੇਕ, ਨਾਮ ਨਿਧਾਨਾ ਝੋਲੀ ਪਾਈਆ। ਪੂਰਬ ਕਰਮਾਂ ਹਰਿਜਨ ਵੇਖ, ਹਰਿ ਹਰਿ ਲੇਖਾ ਲੇਖੇ ਪਾਈਆ। ਧੁਰ ਮਸਤਕ ਲਾਏ ਆਪਣੀ ਮੇਖ, ਆਪੇ ਦੇਵੇ ਸਿਫ਼ਤ ਸਾਲਾਹੀਆ। ਲੱਖ ਚੁਰਾਸੀ ਵਿਚੋਂ ਹਰਿਜਨ ਵੇਖ, ਜਨ ਭਗਤ ਭਗਵੰਤ ਆਪ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਅ ਦਾਤਾ ਆਪ ਹੋ ਜਾਈਆ। ਜੀਅ ਦਾਤਾ ਏਕੋ ਭਗਵਾਨ, ਭਰਮ ਭੌ ਨਾ ਕੋਇ ਜਣਾਇੰਦਾ। ਜੁਗਾ ਜੁਗੰਤਰ ਖੇਲ ਮਹਾਨ, ਮਹਾਂਬਲੀ ਆਪ ਕਰਾਇੰਦਾ। ਲੋਕਮਾਤ ਹੋ ਪਰਧਾਨ, ਨਿਰਗੁਣ ਸਰਗੁਣ ਨਾਉਂ ਧਰਾਇੰਦਾ। ਸ਼ਬਦ ਅਗੰਮੀ ਧੁਰ ਫ਼ਰਮਾਣ, ਲੱਖ ਚੁਰਾਸੀ ਆਪ ਸੁਣਾਇੰਦਾ। ਸਤਿ ਸਤਿਵਾਦੀ ਖੇਲ ਮਹਾਨ, ਸਤਿਗੁਰ ਆਪਣੀ ਧਾਰ ਬੰਧਾਇੰਦਾ। ਗੁਰ ਗੁਰ ਰੂਪ ਅਗੰਮ ਅਪਾਰ, ਕਾਇਆ ਗੋਰ ਆਪ ਸੁਹਾਇੰਦਾ । ਸ਼ਬਦੀ ਸ਼ਬਦ ਨਾਦ ਧੁਨਕਾਰ, ਆਤਮਕ ਧੁਨ ਆਪ ਉਪਜਾਇੰਦਾ। ਜੋਤੀ ਜਾਤਾ ਖੇਲ ਨਿਆਰ, ਦੀਪਕ ਜੋਤੀ ਡਗਮਗਾਇੰਦਾ। ਕਮਲਾਪਾਤਾ ਹਰਿ ਕਰਤਾਰ, ਕੁਦਰਤ ਕਾਦਰ ਵੇਖ ਵਖਾਇੰਦਾ। ਹਰਿਜਨ ਸੰਤਨ ਕਰ ਪਿਆਰ, ਲਾਲ ਅਨਮੁਲੜੇ ਵੇਖ ਵਖਾਇੰਦਾ। ਚਰਨ ਪ੍ਰੀਤੀ ਦਏ ਆਧਾਰ, ਆਪ ਆਪਣਾ ਦਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਏਕਾ ਰੰਗ ਸਮਾਇੰਦਾ। ਜੀਅ ਦਾਤਾ ਹਰਿ ਭਗਵੰਤ, ਜੀਵਣ ਜੁਗਤ ਆਪਣੇ ਹੱਥ ਰਖਾਈਆ। ਆਦਿ ਜੁਗਾਦਿ ਮਹਿਮਾ ਅਗਣਤ, ਵੇਦ ਕਤੇਬ ਭੇਵ ਨਾ ਰਾਈਆ। ਆਪ ਉਠਾਏ ਸਾਚੇ ਸੰਤ, ਭਗਤਨ ਆਪਣੀ ਬੂਝ ਬੁਝਾਈਆ। ਗੁਰਮੁਖ ਮੇਲ ਮਿਲਾਵਾ ਹਰਿ ਹਰਿ ਕੰਤ, ਗੁਰਸਿਖ ਨਾਰੀ ਨਰ ਨਰਾਇਣ ਆਪ ਪਰਨਾਈਆ। ਏਕਾ ਨਾਦ ਏਕਾ ਸ਼ਬਦ ਮਣੀਆ ਮੰਤ, ਰਸਨਾ ਜਿਹਵਾ ਆਪ ਚਲਾਈਆ। ਲੇਖਾ ਜਾਣੇ ਆਦਿ ਅੰਤ, ਇਕ ਇਕੱਲਾ ਸਹਿਜ ਸੁਖਦਾਈਆ। ਗੁਰਸਿਖ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਤ੍ਰੈਗੁਣ ਮਾਇਆ ਪਰਦਾ ਦਏ ਉਠਾਈਆ। ਪੰਜ ਤਤ ਬਣਾਏ ਸਾਚੀ ਬਣਤ, ਆਪਣੀ ਦਇਆ ਕਮਾਈਆ। ਦੇਵੇ ਵਡਿਆਈ ਵਿਚ ਜੀਵ ਜੰਤ, ਜੀਅ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਬਲ ਧਰਾਈਆ। ਜੀਅ ਦਾਤਾ ਜਾਗਰਤ ਜੋਤ, ਜੋਤੀ ਜਾਤਾ ਆਪ ਅਖਵਾਇੰਦਾ। ਨਾ ਕੋਈ ਵਰਨ ਨਾ ਕੋਈ ਗੋਤ, ਦੀਨ ਮਜ਼੍ਹਬ ਨਾ ਵੰਡ ਵੰਡਾਇੰਦਾ। ਰੂਪ ਪਰਗਟਾਏ ਕੋਟੀ ਕੋਟ, ਲੱਖ ਚੁਰਾਸੀ ਅੰਦਰ ਡੇਰਾ ਲਾਇੰਦਾ। ਸ਼ਬਦ ਅਗੰਮੀ ਮਾਰੇ ਚੋਟ, ਅਨਹਦ ਆਪਣਾ ਤਾਲ ਵਜਾਇੰਦਾ। ਲੇਖਾ ਜਾਣੇ ਓਤ ਪੋਤ, ਪਿਤਾ ਪੂਤ ਬੰਸ ਬੰਸਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਆਪ ਰੰਗਾਇੰਦਾ। ਜੀਅ ਦਾਤਾ ਦਾਤਾਰ ਸੂਰਬੀਰ, ਸੂਰਾ ਸਰਬੰਗ ਵਡ ਵਡਿਆਈਆ। ਹਰਿਜਨ ਚੋਟੀ ਚਾੜ੍ਹੇ ਫੜ ਅਖ਼ੀਰ, ਲੱਖ ਚੁਰਾਸੀ ਜ਼ੰਜ਼ੀਰ ਰਹਿਣ ਨਾ ਪਾਈਆ। ਅਮ੍ਰਿਤ ਬਖ਼ਸ਼ੇ ਠਾਂਡਾ ਸੀਰ, ਅਗਨੀ ਤਤ ਦਏ ਬੁਝਾਈਆ। ਦੂਈ ਦਵੈਤੀ ਕੱਢੇ ਪੀੜ, ਮਾਇਆ ਮਮਤਾ ਰਹਿਣ ਨਾ ਪਾਈਆ। ਚਰਨ ਕਵਲ ਭਰਵਾਸਾ ਬਖ਼ਸ਼ੇ ਸਾਚੀ ਧੀਰ, ਗਿਆਨ ਧਿਆਨ ਇਕ ਵਡਿਆਈਆ। ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਨਾ ਕੋਇ ਵਡਿਆਈਆ। ਸਰਬ ਜੀਆਂ ਦਾ ਸਾਂਝਾ ਮੀਤ, ਪੀਤ ਪੀਤੰਬਰ ਸੀਸ ਸੁਹਾਈਆ। ਜੁਗ ਜੁਗ ਸੁਣਾਏ ਆਪਣਾ ਗੀਤ, ਬੋਧ ਅਗਾਧਾ ਸ਼ਬਦ ਅਲਾਈਆ। ਸਤਿਜੁਗ ਤ੍ਰੇਤਾ ਦਵਾਪਰ ਚਲਾਈ ਰੀਤ, ਏਕਾ ਨਾਮ ਵੱਜੇ ਵਧਾਈਆ। ਆਪੇ ਵਸੇ ਧਾਮ ਅਨਡੀਠ, ਸਚਖੰਡ ਮਹੱਲਾ ਸੋਭਾ ਪਾਈਆ। ਲੱਖ ਚੁਰਾਸੀ ਸੁਤਾ ਰਹੇ ਦੇ ਕਰ ਪੀਠ, ਗੁਰਮੁਖ ਵਿਰਲਾ ਦਰਸਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੋ ਦਾਤਾ ਖੇਲੇ ਖੇਲ ਸਰਬ ਘਟ ਥਾਈਆ। ਏਕੋ ਦਾਤਾ ਜੀਅ ਭਿਖਾਰੀ, ਭਗਵਨ ਆਪਣਾ ਖੇਲ ਖਿਲਾਇੰਦਾ। ਏਕਾ ਜੋਤ ਜੋਤ ਉਜਿਆਰੀ, ਨੂਰੋ ਨੂਰ ਡਗਮਗਾਇੰਦਾ। ਏਕਾ ਮੰਦਰ ਮਹੱਲ ਅਟਾਰੀ, ਏਕਾ ਏਕ ਸੋਭਾ ਪਾਇੰਦਾ। ਏਕਾ ਸ਼ਾਹ ਸੁਲਤਾਨ ਸਿਕਦਾਰੀ, ਏਕਾ ਏਕ ਹੁਕਮ ਚਲਾਇੰਦਾ। ਏਕਾ ਦਰ ਦਰਬਾਨ ਕਰੇ ਨਿਮਸਕਾਰੀ, ਏਕਾ ਨਿਉਂ ਨਿਉਂ ਸੀਸ ਝੁਕਾਇੰਦਾ। ਏਕਾ ਸੀਸ ਤਾਜ ਰੱਖੇ ਕਰੇ ਸੱਚੀ ਸਰਦਾਰੀ, ਸ਼ਾਹ ਪਾਤਸ਼ਾਹ ਆਪ ਹੋ ਜਾਇੰਦਾ। ਏਕਾ ਖੜਗ ਇਕ ਕਟਾਰੀ, ਏਕਾ ਖੰਡਾ ਨਾਮ ਚਮਕਾਇੰਦਾ। ਏਕਾ ਧਰਤ ਧਵਲ ਰਿਹਾ ਪੈਜ ਸੁਆਰੀ, ਜੁਗ ਜੁਗ ਆਪਣਾ ਰੂਪ ਪਰਗਟਾਇੰਦਾ। ਏਕਾ ਗ਼ਰੀਬ ਨਿਮਾਣੇ ਲਏ ਉਭਾਰੀ, ਲੱਖ ਚੁਰਾਸੀ ਫੋਲ ਫੁਲਾਇੰਦਾ। ਏਕਾ ਗੁਰਸਿਖ ਸੱਜਣ ਜਾਏ ਤਾਰੀ, ਤਾਰਨਹਾਰਾ ਆਪ ਅਖਵਾਇੰਦਾ। ਏਕਾ ਸਾਚੇ ਪੌੜੇ ਫੜ ਫੜ ਜਾਏ ਚਾੜ੍ਹੀ, ਚੌਥੇ ਪਦ ਮੇਲ ਮਿਲਾਇੰਦਾ। ਏਕਾ ਤੀਜਾ ਨੈਣ ਰਿਹਾ ਉਘਾੜੀ, ਨਿਜ ਨੇਤਰ ਵੇਖ ਵਖਾਇੰਦਾ। ਏਕਾ ਦੋ ਦੋ ਅੱਖਰ ਬੋਲ ਜੈਕਾਰੀ, ਹੰ ਬ੍ਰਹਮ ਮੇਲ ਮਿਲਾਇੰਦਾ। ਇਕ ਇਕੱਲਾ ਕਰੇ ਸਚ ਸ਼ੰਗਾਰੀ, ਸਾਚੇ ਤਖ਼ਤ ਸੋਭਾ ਪਾਇੰਦਾ। ਪੰਚਮ ਕੂਕ ਕਰੇ ਪੁਕਾਰੀ, ਸ਼ਬਦੀ ਸ਼ਬਦ ਆਪ ਅਲ੍ਹਾਇੰਦਾ। ਛੇਵੇਂ ਛੱਪਰ ਛੰਨ ਨਾ ਕੋਇ ਪਸਾਰੀ, ਸਤਿ ਸਤਿਵਾਦੀ ਆਸਣ ਲਾਇੰਦਾ। ਅੱਠਾਂ ਤੱਤਾਂ ਖੇਲ ਨਿਆਰੀ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਨੌਂ ਦਵਾਰੇ ਜਗਤ ਖ਼ਵਾਰੀ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਦਸਵਾਂ ਘਰ ਪਾਏ ਪੁਰਖ ਅਗੰਮੜਾ ਪਾਰੀ, ਆਪ ਆਪਣਾ ਮੇਲ ਮਿਲਾਇੰਦਾ। ਗੁਰਸਿਖ ਸਾਚੇ ਬਣਾਏ ਚਰਨ ਭਿਖਾਰੀ, ਭਿਖਕ ਭਿਛਿਆ ਏਕਾ ਝੋਲੀ ਪਾਇੰਦਾ। ਬਖ਼ਸ਼ੇ ਨਾਮ ਅੰਮ੍ਰਿਤ ਸਚ ਖ਼ੁਮਾਰੀ, ਦਿਵਸ ਰੈਣ ਏਕਾ ਰੰਗ ਰੰਗਾਇੰਦਾ। ਆਪੇ ਦਾਤਾ ਬਣ ਭਿਖਾਰੀ, ਜੀਆ ਦਾਨ ਮੰਗਣ ਆਇੰਦਾ। ਆਪੇ ਦਾਤਾ ਦੇਵਣਹਾਰ ਦਾਤਾਰੀ, ਆਪੇ ਵਸਤ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੀਵਣ ਜੁਗਤ ਆਪਣੇ ਹੱਥ ਰਖਾਇੰਦਾ । ਏਕੋ ਦਾਤਾ ਇਕ ਭਗਵਾਨ, ਏਕਾ ਵਸਤ ਆਪ ਵਰਤਾਇੰਦਾ। ਇਕ ਗਿਆਤਾ ਏਕਾ ਸ਼ਬਦ ਨਿਸ਼ਾਨ, ਇਕ ਬਬਾਣ ਆਪ ਉਡਾਇੰਦਾ। ਏਕੋ ਪਿਤਾ ਮਾਤਾ ਏਕਾ ਦੇਵੇ ਪੀਣ ਖਾਣ, ਦੋ ਜਹਾਨ ਮਾਣ ਇਕ ਰਖਾਇੰਦਾ। ਏਕਾ ਉਤਮ ਰੱਖੇ ਜ਼ਾਤਾ, ਵਰਨ ਬਰਨ ਨਾ ਕੋਇ ਆਣ, ਸਚ ਨਿਸ਼ਾਨ ਆਪ ਝੁਲਾਇੰਦਾ। ਏਕਾ ਮੰਤਰ ਪੂਜਾ ਪਾਠ ਦੂਸਰ ਵਿਦਿਆ ਨਾ ਕੋਏ ਵਖਾਨ, ਗਿਆਨ ਧਿਆਨ ਨਾ ਕੋਇ ਦ੍ਰਿੜਾਇੰਦਾ। ਇਕ ਸਰੋਵਰ ਤੀਰਥ ਤਾਟਾ ਦੂਸਰ ਅਵਰ ਨਾ ਕੋਏ ਅਸ਼ਨਾਨ, ਜਲ ਧਾਰਾ ਨਾ ਕੋਇ ਵਹਾਇੰਦਾ। ਇਕ ਇਕੱਲਾ ਖੇਲ ਮਹਾਨ, ਕਰੇ ਕਰਾਏ ਸ੍ਰੀ ਭਗਵਾਨ, ਹਰਿਜਨ ਸਾਚੇ ਵੇਖ ਵਖਾਇੰਦਾ। ਸ਼ਬਦ ਅਗੰਮੀ ਦੇਵੇ ਦਾਨ, ਜੀਆ ਬ੍ਰਹਮ ਬ੍ਰਹਮ ਕਰ ਪਛਾਣ, ਈਸ਼ ਜੀਵ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦਾਤਾ ਪੁਰਖ ਬਿਧਾਤਾ, ਪੁਰਖ ਪੁਰਖੋਤਮ ਆਪਣਾ ਨਾਉਂ ਧਰਾਇੰਦਾ। ਜੀਅ ਦਾਤਾ ਜੁਗਾ ਜੁਗੰਤਰ, ਜੋਗ ਜੁਗਤ ਇਕ ਜਣਾਈਆ। ਘੜ ਭਾਂਡਾ ਬਣਾਏ ਲੱਖ ਚੁਰਾਸੀ ਬਣਤਰ, ਅਗਨੀ ਜੋਤੀ ਲੰਬੂ ਆਪੇ ਲਾਈਆ। ਆਪਣਾ ਜਣਾਏ ਅਗੰਮੀ ਮੰਤਰ, ਸ਼ਬਦ ਅਨਾਦਿ ਕਰੇ ਪੜ੍ਹਾਈਆ। ਸਰਬ ਜੀਆਂ ਬਿਧ ਜਾਣੇ ਅੰਤਰ, ਲਿਵ ਆਤਮ ਮੇਲ ਮਿਲਾਈਆ। ਕਾਇਆ ਕੰਚਨ ਗੜ੍ਹ ਵੇਖੇ ਗਗਨੰਤਰ, ਗਗਨ ਮੰਡਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੀਆ ਜੀਅ ਜੀਵਣ ਆਪਣੇ ਹੱਥ ਰਖਾਈਆ। ਜੀਵਣ ਜੀਵ ਜਨ ਜਾਣਿਆ, ਕਰ ਕਿਰਪਾ ਆਪ ਕਰਤਾਰ। ਲੱਖ ਚੁਰਾਸੀ ਖੇਲ ਮਹਾਨਿਆ, ਖੇਲਣਹਾਰਾ ਹਰਿ ਨਿਰਾਕਾਰ। ਆਦਿ ਜੁਗਾਦਿ ਗਾਏ ਆਪਣਾ ਗਾਣਿਆ, ਧੁਰ ਦੀ ਬਾਣੀ ਸ਼ਬਦ ਪੁਕਾਰ। ਵਰਤੇ ਵਰਤਾਏ ਆਪਣੇ ਭਾਣਿਆ, ਭਾਣਾ ਵੇਖੇ ਸਰਬ ਸੰਸਾਰ। ਗੁਰਮੁਖ ਵਿਰਲੇ ਮਾਤ ਜਾਣਿਆ, ਜਿਸ ਜਨ ਕਿਰਪਾ ਕਰੇ ਆਪ ਨਿਰੰਕਾਰ। ਦੇਵੇ ਦਰਸ ਸ੍ਰੀ ਭਗਵਾਨਿਆ, ਸਗਲਾ ਸੰਸਾ ਦਏ ਉਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ। ਅਗੰਮ ਅਪਾਰ ਜੀਅ ਅਭੇਦ, ਜੀਵ ਭੇਵ ਕਹਿਣ ਨਾ ਜਾਈਆ। ਲੇਖਾ ਜਾਣੇ ਨਾ ਚਾਰੇ ਵੇਦ, ਬ੍ਰਹਮਾ ਮੁਖ ਰਿਹਾ ਸ਼ਰਮਾਈਆ। ਅਬਿਨਾਸ਼ੀ ਕਰਤਾ ਅਛਲ ਅਛੇਦ, ਅਛਲ ਛਲ ਆਪਣਾ ਆਪ ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਹੱਥ ਵਡਿਆਈ ਹਰਿ ਕਰਤਾਰ, ਮਹਿਮਾ ਅਕਥ ਕਥੀ ਨਾ ਜਾਏ। ਲੇਖਾ ਜਾਣੇ ਧੁਰ ਦਰਬਾਰ, ਦਰਗਹਿ ਸਾਚੀ ਆਸਣ ਲਾਏ। ਖੇਲੇ ਖੇਲ ਅਗੰਮ ਅਪਾਰ, ਸ਼ਬਦ ਸ਼ਬਦੀ ਹੁਕਮ ਵਰਤਾਏ। ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰ, ਲੱਖ ਚੁਰਾਸੀ ਬਣਤ ਬਣਾਏ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਕਰ ਸ਼ੰਗਾਰ, ਮਨ ਮਤ ਬੁਧ ਵਿਚ ਭੰਡਾਰ ਟਿਕਾਏ। ਆਤਮ ਬ੍ਰਹਮ ਕਰ ਪਸਾਰ, ਘਰ ਘਰ ਵਿਚ ਡੇਰਾ ਲਾਏ। ਈਸ਼ ਜੀਵ ਨਿਰਾਕਾਰ, ਸਾਕਾਰ ਸੰਗ ਨਿਭਾਏ। ਆਤਮ ਪਰਮਾਤਮ ਕਰ ਪਿਆਰ, ਪਰਮ ਪੁਰਖ ਖੇਲ ਖਲਾਏ। ਆਦਿ ਜੁਗਾਦੀ ਸਾਚੀ ਕਾਰ, ਜੁਗ ਕਰਤਾ ਵੇਖ ਵਖਾਏ। ਵਿਸਮਾਦੀ ਵਿਸਮਾਦ ਰਹੇ ਵਿਚ ਸੰਸਾਰ, ਬਿਸਮਲ ਆਪਣਾ ਨਾਉਂ ਧਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵ ਈਸ਼ ਰੂਪ ਪਰਗਟਾਏ। ਜੀਵ ਈਸ਼ ਹਰਿ ਹਰਿ ਅੰਸ, ਪਿਤਾ ਪੂਤ ਆਪ ਅਖਵਾਈਆ। ਆਪੇ ਲੇਖਾ ਜਾਣੇ ਵਿਸ਼ਵ ਸਹੰਸ, ਕੋਟਨ ਕੋਟ ਸਹੰਸਰ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾ ਏਕਾ ਵਸਤ ਹੱਥ ਰਖਾਈਆ। ਆਤਮ ਬ੍ਰਹਮ ਵਸਤ ਅਪਾਰ, ਪਾਰਬ੍ਰਹਮ ਪ੍ਰਭ ਵੰਡ ਵੰਡਾਇੰਦਾ। ਸਾਚਾ ਮੰਦਰ ਕਰ ਤਿਆਰ, ਹਰਿ ਮੰਦਰ ਸੋਭਾ ਪਾਇੰਦਾ। ਉਤਰ ਪੂਰਬ ਪੱਛਮ ਦੱਖਣ ਨਾ ਦਿਸੇ ਕੋਇ ਕਿਵਾੜ, ਬੰਦ ਦਰਵਾਜ਼ਾ ਆਪ ਕਰਾਇੰਦਾ। ਨਾ ਕੋਈ ਪੁਰਖ ਨਾ ਕੋਈ ਨਾਰ, ਇੰਦਰੀ fਲੰਗ ਨਾ ਕੋਇ ਲਗਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸਚ ਸਿੰਘਾਸਣ ਸੋਭਾ ਪਾਇੰਦਾ। ਆਪਣੀ ਵੰਡ ਕਰ ਨਿਰੰਕਾਰ, ਆਪਣਾ ਲੇਖਾ ਬਹਿ ਸਮਝਾਇੰਦਾ। ਏਕਾ ਕਿਰਨ ਲੱਖ ਚੁਰਾਸੀ ਭਰੇ ਭੰਡਾਰ, ਸਹੰਸ ਗੁਣ ਆਪ ਹੋ ਜਾਇੰਦਾ। ਇੱਕ ਸਹੰਸ ਮਾਣਸ ਧਾਰ, ਆਪਣਾ ਬਲ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਇਕ ਸਹੰਸ ਮਨੁਖ ਜ਼ਾਤ, ਕਿਰਨੀ ਕਿਰਨ ਵੰਡ ਵੰਡਾਈਆ। ਇਕ ਇਕ ਖੇਲ ਕਰੇ ਬਨਾਸਪਤ, ਪਤ ਬਨਾਸ ਅਬਿਨਾਸ਼ ਪੁਰਖ ਵਡ ਵਡਿਆਈਆ। ਜੇਰਜ ਉਤਭੁਜ ਸੇਤਜ ਪਾਵੇ ਰਾਸ, ਇਕ ਇਕ ਨਾਲ ਲੜ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਾਤਾ ਦਾਨੀ ਇਕ ਅਖਵਾਈਆ। ਦਾਤਾ ਦਾਨੀ ਦੀਨਾ ਨਾਥ, ਦੀਨ ਦਿਆਲ ਖੇਲ ਖਿਲਾਇੰਦਾ। ਪਾਰਬ੍ਰਹਮ ਬ੍ਰਹਮ ਵਸੇ ਸਾਥ, ਸਗਲਾ ਸੰਗ ਨਿਭਾਇੰਦਾ। ਆਪ ਚਲਾਏ ਸਾਚਾ ਰਾਥ, ਰਥ ਰਥਵਾਹੀ ਸੇਵ ਕਮਾਇੰਦਾ। ਜੁਗਾ ਜੁਗੰਤਰ ਅਗੰਮੀ ਗਾਥ, ਧੁਰ ਦੀ ਬਾਣੀ ਸ਼ਬਦ ਅਲ੍ਹਾਇੰਦਾ। ਆਤਮ ਅੰਤਰ ਏਕਾ ਪਾਠ, ਪੂਜਾ ਇਸ਼ਟ ਦੇਵ ਮਨਾਇੰਦਾ। ਗੁਰਸਿਖਾਂ ਵਸੇ ਸਦਾ ਸਾਥ, ਵਿਛੜ ਕਦੇ ਨਾ ਜਾਇੰਦਾ। ਹੁਕਮੇ ਅੰਦਰ ਰੱਖੇ ਤ੍ਰਿਲੋਕੀ ਨਾਥ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਹੁਕਮੇ ਅੰਦਰ ਆਪ ਫਿਰਾਇੰਦਾ। ਜੁਗਾ ਜੁਗੰਤਰ ਆਪ ਆਪਣਾ ਵੇਖੇ ਘਾਟ, ਅੰਤਮ ਨਿਰਗੁਣ ਸਰਗੁਣ ਰੂਪ ਪਰਗਟਾਇੰਦਾ। ਕਲਜੁਗ ਨੇੜੇ ਆਈ ਵਾਟ, ਦੂਰ ਦੁਰਾਡਾ ਪੰਧ ਮੁਕਾਇੰਦਾ। ਨੌਂ ਖੰਡ ਪ੍ਰਿਥਮੀ ਜਗਤ ਵਿਕਾਰਾ ਵਿਕੇ ਹਾਟ, ਸਚ ਵਣਜਾਰਾ ਨਜ਼ਰ ਕੋਇ ਨਾ ਆਇੰਦਾ। ਏਕਾ ਸੁੱਤਾ ਲੱਖ ਚੁਰਾਸੀ ਆਤਮ ਸੇਜਾ ਖਾਟ, ਆਪਣਾ ਲੇਖਾ ਬਹਿ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਾਤਾ ਭਿਖਾਰੀ ਵੇਸ ਅਨੇਕ ਆਪ ਵਟਾਇੰਦਾ। ਆਪੇ ਦੇਵੇ ਜੀਆ ਦਾਨ, ਪੰਜ ਤਤ ਕਰੇ ਕੁੜਮਾਈਆ। ਆਪੇ ਖੇਲੇ ਖੇਲ ਜਹਾਨ, ਲੋਕਮਾਤ ਵੱਡੀ ਵਡਿਆਈਆ। ਆਪੇ ਬਖ਼ਸ਼ੇ ਪੀਣ ਖਾਣ, ਆਪੇ ਸੇਵਕ ਸੇਵ ਕਮਾਈਆ। ਆਪੇ ਪੂਜਾ ਪਾਠ ਦਏ ਗਿਆਨ, ਗਿਆਨ ਧਿਆਨ ਆਪ ਦ੍ਰਿੜਾਈਆ। ਆਪੇ ਬਖ਼ਸ਼ੇ ਸਰ ਸਰੋਵਰ ਅਸ਼ਨਾਨ, ਤੀਰਥ ਤਟ ਆਪ ਨੁਹਾਈਆ। ਆਪੇ ਬਖ਼ਸ਼ੇ ਖੜਗ ਖੰਡਾ ਕਿਰਪਾਨ, ਸ਼ਸਤਰ ਬਸਤਰ ਆਪ ਸੁਹਾਈਆ। ਆਪੇ ਬਖ਼ਸ਼ੇ ਤੀਰ ਕਮਾਨ, ਆਪੇ ਚਿਲਾ ਰਿਹਾ ਚੜ੍ਹਾਈਆ। ਆਪੇ ਬਖ਼ਸ਼ੇ ਚਾਰ ਦੀਵਾਰੀ ਜਗਤ ਮਕਾਨ, ਆਪੇ ਬੈਠਾ ਆਸਣ ਲਾਈਆ। ਆਪੇ ਦੇਵੇ ਜੋਬਨ ਨਾਰ ਰਕਾਨ, ਪੁਤਰ ਧੀਆਂ ਆਪੇ ਬੰਧਨ ਪਾਈਆ। ਆਪੇ ਦੇਵੇ ਪੰਜ ਸ਼ੈਤਾਨ, ਆਪੇ ਦਿਵਸ ਰੈਣ ਤੁੜਾਈਆ। ਆਪੇ ਦੇਵੇ ਸਚ ਸ਼ਬਦ ਧੁਨਕਾਨ, ਆਪੇ ਆਠ ਪਹਿਰ ਸ਼ਨਵਾਈਆ। ਆਪੇ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖੇ ਮਾਰ ਧਿਆਨ, ਆਪੇ ਲੁਕ ਲੁਕ ਮੁਖ ਛੁਪਾਈਆ। ਆਪੇ ਚਾਰ ਵੇਦ ਛੇ ਸ਼ਾਸਤਰ ਪੁਰਾਨ ਅਠਾਰਾਂ ਗਾਏ ਗਿਆਨ, ਗੀਤਾ ਗਿਆਨ ਆਪ ਦ੍ਰਿੜਾਈਆ। ਆਪੇ ਅੰਜੀਲ ਕੁਰਾਨ ਕਰੇ ਪਛਾਣ, ਬਾਣੀ ਬਾਣ ਆਪ ਲਗਾਈਆ। ਆਪੇ ਗੁਰ ਪੀਰ ਸਾਧ ਸੰਤ ਹੋਏ ਅਵਤਾਰ, ਆਪੇ ਜੋਤੀ ਜੋਤ ਕਰੇ ਰੁਸ਼ਨਾਈਆ। ਆਪੇ ਮਾਇਆ ਮਮਤਾ ਮੋਹ ਹੰਕਾਰ, ਆਪੇ ਆਸਾ ਤ੍ਰਿਸ਼ਨਾ ਅਗਨ ਜਲਾਈਆ। ਆਪੇ ਨਾਤਾ ਜੋੜੇ ਸਰਬ ਸੰਸਾਰ, ਆਪੇ ਵੇਖੇ ਥਾਉਂ ਥਾਈਆ। ਆਪੇ ਲੱਖ ਚੁਰਾਸੀ ਰੋੜ੍ਹੇ ਵਹਿੰਦੀ ਧਾਰ, ਸ਼ੌਹ ਦਰਯਾ ਆਪ ਸੁਟਾਈਆ। ਆਪੇ ਵਿਸ਼ਨ ਬ੍ਰਹਮਾ ਸ਼ਿਵ ਕਰਜ਼ਾ ਦਏ ਉਤਾਰ, ਸਿਰ ਭਾਰ ਨਾ ਕੋਇ ਰਖਾਈਆ। ਆਪੇ ਕਲਜੁਗ ਅੰਤਮ ਕਰੇ ਖ਼ਵਾਰ, ਕੂੜੀ ਕਿਰਿਆ ਰਹਿਣ ਨਾ ਪਾਈਆ। ਆਪੇ ਜੀਵ ਦਾਤਾ ਜੀਵ ਆਤਮ ਕਰੇ ਪਿਆਰ, ਆਪਣੀ ਵਸਤ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਅ ਦਾਤਾ ਦੇਵਣਹਾਰਾ ਦਾਨ, ਆਪੇ ਮੇਟੇ ਅੰਤ ਨਿਸ਼ਾਨ, ਖੇਲੇ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲੇਖੇ ਲਾਈਆ। ਗੁਰਮੁਖ ਜੀਵ ਜੀਅ ਜੁਗ ਚਾਰ, ਜਗਤ ਜੁਗਤ ਬਣਾਇੰਦਾ। ਕਰ ਕਿਰਪਾ ਬਖ਼ਸ਼ੇ ਚਰਨ ਪਿਆਰ, ਮੂਰਖ ਮੂੜ੍ਹ ਚਤਰ ਸੁਘੜ ਸੁਜਾਨ ਆਪ ਬਣਾਇੰਦਾ। ਦੁਰਮਤ ਮੈਲ ਦਏ ਉਤਾਰ, ਅੰਮ੍ਰਿਤ ਸਰੋਵਰ ਆਪ ਨੁਹਾਇੰਦਾ। ਕਾਗ ਨਾ ਰਲੇ ਕਾਗਾਂ ਡਾਰ, ਹੰਸ ਹੰਸਾ ਮੋਤੀ ਚੋਗ ਚੁਗਾਇੰਦਾ। ਜਗਤ ਕਬੀਲਾ ਹੋਏ ਖ਼ਵਾਰ, ਭੈਣ ਭਾਈ ਨਾ ਪਾਰ ਲੰਘਾਇੰਦਾ। ਗੁਰ ਚਰਨ ਵਸੀਲਾ ਧੁਰ ਦਰਬਾਰ, ਲੱਖ ਚੁਰਾਸੀ ਪੰਧ ਮੁਕਾਇੰਦਾ। ਛੈਲ ਛਬੀਲਾ ਆਵੇ ਵਾਰੋ ਵਾਰ, ਜੁਗਾ ਜੁਗੰਤਰ ਸੇਵ ਕਮਾਇੰਦਾ। ਕਲਜੁਗ ਅੰਤਮ ਜੀਵ ਕਰ ਲੈ ਹੀਲਾ, ਵੇਲਾ ਗਿਆ ਹੱਥ ਨਾ ਆਇੰਦਾ। ਅੱਠੇ ਪਹਿਰ ਪਾਖਰ ਪਾਏ ਸ਼ਾਹਸਵਾਰ ਰੱਖੇ ਤਿਆਰ ਨੀਲਾ, ਨੀਲੀ ਧਾਰ ਭੇਵ ਨਾ ਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਮੇਲ ਮਿਲਾਏ। ਮੇਲ ਮਿਲਾਵਾ ਜੀਅ ਜਗਤ, ਜੁਗ ਜੁਗ ਮੇਲ ਮਿਲਾਇਆ । ਭਗਵਨ ਭਗਤੀ ਜਾਣੇ ਜੁਗਤ, ਨਿਰਭੈ ਭੌਂ ਨਾ ਕੋਇ ਵਖਾਇਆ। ਦਾਸੀ ਦਾਸ ਮੁਕਤੀ ਮੁਕਤ, ਮੁਕਤ ਦਵਾਰਾ ਗੁਰਸਿਖ ਚਰਨਾਂ ਹੇਠ ਦਬਾਇਆ। ਆਤਮ ਪਰਮ ਆਤਮ ਏਕਾ ਸ਼ਕਤ, ਨਿਰਗੁਣ ਸਰਗੁਣ ਮੇਲ ਮਿਲਾਇਆ। ਅੰਤਮ ਕਲਜੁਗ ਵੇਲਾ ਵਕਤ, ਮੁਲਾ ਕਾਜ਼ੀ ਸ਼ੇਖ਼ ਮਸਾਇਕ ਪੰਡਤ ਪਾਂਧੇ ਹੱਥ ਕਿਸੇ ਨਾ ਆਇਆ। ਲੇਖੇ ਲੱਗੇ ਬੂੰਦ ਰਕਤ, ਜੋ ਜਨ ਸਰਨਾਈ ਆਇਆ। ਜੀਵ ਬ੍ਰਹਮ ਨਾ ਕਰੇ ਕੋਈ ਹੱਤ, ਸਚ ਹਥਿਆਰ ਹੱਥ ਨਾ ਕਿਸੇ ਫੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਰਬ ਜੀਆਂ ਕਾ ਏਕਾ ਦਾਤਾ, ਜੁਗ ਜੁਗ ਮੇਟੇ ਅੰਧੇਰੀ ਰਾਤਾ, ਸੰਤ ਸੱਜਣ ਆਪਣੇ ਸੰਗ ਰਖਾਇਆ।
