੨੪ ਭਾਦਰੋਂ ੨੦੧੭ ਬਿਕ੍ਰਮੀ ਸੋਹਣ ਸਿੰਘ ਦੇ ਗ੍ਰਹਿ ਪਿੰਡ ਮੁੰਡੀ ਜੁਮਾਲ ਜ਼ਿਲਾ ਫਿਰੋਜ਼ ਪੁਰ
ਸੋ ਪੁਰਖ ਨਿਰੰਜਣ ਅਗੰਮ ਅਪਾਰਾ, ਅਗੰਮ ਅਗੰਮੜੀ ਕਾਰ ਕਰਾਇੰਦਾ। ਹਰਿ ਪੁਰਖ ਨਿਰੰਜਣ ਖੇਲ ਨਿਆਰਾ, ਨਿਰਗੁਣ ਨਿਰਵੈਰ ਆਪ ਕਰਾਇੰਦਾ। ਏਕੰਕਾਰਾ ਵਸੇ ਧਾਮ ਨਿਆਰਾ, ਸਚਖੰਡ ਦਵਾਰਾ ਆਪ ਸੁਹਾਇੰਦਾ। ਆਦਿ ਨਿਰੰਜਣ ਜੋਤ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਸ਼ਾਹ ਸੁਲਤਾਨ ਸੱਚਾ ਸਿਕਦਾਰਾ, ਸਾਚੇ ਤਖ਼ਤ ਆਸਣ ਲਾਇੰਦਾ। ਸ੍ਰੀ ਭਗਵਾਨ ਦਰ ਦਰਬਾਨ ਬਣੇ ਚੋਬਦਾਰਾ, ਦਰਗਾਹ ਸਾਚੀ ਸੇਵ ਕਮਾਇੰਦਾ। ਪਾਰਬ੍ਰਹਮ ਆਪ ਆਪਣੀ ਚਰਨ ਕਰੇ ਨਿਮਸਕਾਰਾ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਵਸੇ ਸਚ ਮਹੱਲਾ, ਧਾਮ ਅਵੱਲੜਾ ਆਪ ਸੁਹਾਇੰਦਾ। ਸੋ ਪੁਰਖ ਨਿਰੰਜਣ ਸਰਬ ਗੁਣਵੰਤ, ਮਹਿਮਾ ਅਕਥ ਕਥੀ ਨਾ ਜਾਈਆ। ਹਰਿ ਪੁਰਖ ਨਿਰੰਜਣ ਬੇਅੰਤ ਬੇਅੰਤ, ਬੇਅੰਤ ਨਿਰਗੁਣ ਦਾਤਾ ਬੇਪਰਵਾਹੀਆ। ਏਕੰਕਾਰਾ ਖੇਲੇ ਖੇਲ ਜੁਗਾ ਜੁਗੰਤ, ਜੁਗ ਕਰਤਾ ਨਾਉਂ ਧਰਾਈਆ। ਆਦਿ ਨਿਰੰਜਣ ਦਰਗਹਿ ਸਾਚੀ ਧਾਮ ਸੁਹੰਤ, ਦੀਪਕ ਜੋਤੀ ਜੋਤ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਬਣੇ ਸਾਚਾ ਕੰਤ, ਸ੍ਰੀ ਭਗਵਾਨ ਸੇਜ ਹੰਢਾਈਆ। ਪਾਰਬ੍ਰਹਮ ਆਪੇ ਜਾਣੇ ਆਪਣਾ ਆਦਿ ਅੰਤ, ਦੂਸਰ ਹੱਥ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਖੇਲ ਖਿਲਾਈਆ। ਸੋ ਪੁਰਖ ਨਿਰੰਜਣ ਇਕ ਇਕੱਲਾ, ਏਕਾ ਰੰਗ ਸਮਾਇੰਦਾ। ਹਰਿ ਪੁਰਖ ਨਿਰੰਜਣ ਉਚ ਅਟੱਲਾ, ਨੇਹਚਲ ਧਾਮ ਡੇਰਾ ਲਾਇੰਦਾ। ਏਕੰਕਾਰਾ ਵਸਣਹਾਰਾ ਜਲਾਂ ਥਲਾਂ, ਘਟ ਘਟ ਆਪਣਾ ਖੇਲ ਖਿਲਾਇੰਦਾ। ਆਦਿ ਨਿਰੰਜਣ ਆਪਣੇ ਦੀਪਕ ਆਪੇ ਬਲਾ, ਜੋਤ ਨਿਰੰਜਣ ਡਗਮਗਾਇੰਦਾ। ਅਬਿਨਾਸ਼ੀ ਕਰਤਾ ਆਪ ਫੜਾਏ ਆਪਣਾ ਪੱਲਾ, ਸਗਲਾ ਸੰਗ ਆਪ ਨਿਭਾਇੰਦਾ। ਸ੍ਰੀ ਭਗਵਾਨ ਅਛੱਲ ਅਛੱਲਾ, ਵਲ ਛਲ ਆਪਣਾ ਖੇਲ ਖਿਲਾਇੰਦਾ। ਪਾਰਬ੍ਰਹਮ ਸਚ ਸਿੰਘਾਸਣ ਏਕਾ ਮੱਲਾ, ਸੇਜ ਸੁਹੰਜਣੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਜੋਤ ਜੋਤ ਉਜਾਲਾ, ਕਰੇ ਖੇਲ ਪੁਰਖ ਅਕਾਲਾ, ਅਕਲ ਕਲ ਆਪਣੀ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਅਕਲ ਕਲ ਧਾਰ, ਆਪਣਾ ਲੇਖਾ ਆਪ ਜਣਾਈਆ। ਹਰਿ ਪੁਰਖ ਨਿਰੰਜਣ ਹੋ ਉਜਿਆਰ, ਕਰੇ ਖੇਲ ਬੇਪਰਵਾਹੀਆ। ਏਕੰਕਾਰਾ ਸੁਹਾਏ ਸਚ ਸੱਚਾ ਦਰਬਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਆਦਿ ਨਿਰੰਜਣ ਹੋ ਉਜਿਆਰ, ਥਿਰ ਘਰ ਸਾਚੇ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਖੋਲ੍ਹ ਕਿਵਾੜ, ਸਵਛ ਸਰੂਪ ਅਨੂਪ ਪਰਗਟਾਈਆ। ਸ੍ਰੀ ਭਗਵਾਨ ਕਰੇ ਪਿਆਰ, ਆਪ ਆਪਣਾ ਮੇਲ ਮਿਲਾਈਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਧੁਰ ਸੰਜੋਗੀ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਸੁਹੰਜਣਾ ਇਕ ਸੁਹਾਈਆ। ਸੋ ਪੁਰਖ ਨਿਰੰਜਣ ਘਰ ਸੁਹਾਇੰਦਾ, ਊਚੋ ਊਚ ਅਗੰਮ ਅਥਾਹ। ਹਰਿ ਪੁਰਖ ਨਿਰੰਜਣ ਆਸਣ ਲਾਇੰਦਾ, ਇਕ ਇਕੱਲਾ ਬੇਪਰਵਾਹ। ਏਕੰਕਾਰਾ ਸੋਭਾ ਪਾਇੰਦਾ, ਆਦਿ ਜੁਗਾਦੀ ਇਕ ਮਲਾਹ। ਆਦਿ ਨਿਰੰਜਣ ਡਗਮਗਾਇੰਦਾ, ਦੀਪਕ ਦੀਆ ਇਕ ਟਿਕਾ। ਅਬਿਨਾਸ਼ੀ ਕਰਤਾ ਵੇਖ ਵਖਾਇੰਦਾ, ਆਪਣਾ ਮੰਦਰ ਰਿਹਾ ਸੁਹਾ। ਸ੍ਰੀ ਭਗਵਾਨ ਰੰਗ ਰੰਗਾਇੰਦਾ, ਰੰਗ ਰੰਗਾਏ ਏਕਾ ਨਾਂ। ਪਾਰਬ੍ਰਹਮ ਪ੍ਰਭ ਸੇਵ ਕਮਾਇੰਦਾ, ਸੋਭਾਵੰਤ ਸੁਹਾਏ ਆਪਣਾ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਕਰੇ ਸਚ ਨਿਆਂ। ਸੋ ਪੁਰਖ ਨਿਰੰਜਣ ਥਾਂ ਸੁਹੰਦੜਾ, ਸੋਭਾਵੰਤ ਹਰਿ ਕਰਤਾਰ। ਹਰਿ ਪੁਰਖ ਨਿਰੰਜਣ ਵੇਖ ਵਖੰਦੜਾ, ਇਕ ਇਕੱਲਾ ਕਰ ਪਸਾਰ। ਏਕੰਕਾਰ ਸੰਗ ਰਖੰਦੜਾ, ਆਪ ਆਪਣਾ ਬਲ ਧਾਰ। ਆਦਿ ਨਿਰੰਜਣ ਜੋਤ ਜਗੰਦੜਾ, ਜੋਤੀ ਜੋਤ ਹੋਏ ਉਜਿਆਰ। ਸ੍ਰੀ ਭਗਵਾਨ ਤਖ਼ਤ ਸੁਹੰਦੜਾ, ਸੋਭਾਵੰਤ ਸ਼ਾਹ ਸਿਕਦਾਰ। ਅਬਿਨਾਸ਼ੀ ਕਰਤਾ ਹੁਕਮ ਚਲੰਦੜਾ, ਹੁਕਮੀ ਹੁਕਮ ਵਰਤੇ ਵਰਤਾਰ। ਪਾਰਬ੍ਰਹਮ ਆਪਣੀ ਧਾਰ ਆਪ ਵਖੰਦੜਾ, ਕਰੇ ਖੇਲ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪੇ ਰਿਹਾ ਵਿਚਾਰ। ਸੋ ਪੁਰਖ ਨਿਰੰਜਣ ਸਰਬ ਗੁਣਵੰਤ, ਭੇਵ ਅਭੇਦ ਛੁਪਾਇੰਦਾ। ਹਰਿ ਪੁਰਖ ਨਿਰੰਜਣ ਮਹਿਮਾ ਅਗਣਤ, ਲੇਖਾ ਲੇਖ ਨਾ ਕੋਇ ਲਿਖਾਇੰਦਾ। ਏਕੰਕਾਰਾ ਆਦਿ ਅੰਤ, ਆਪਣੀ ਧਾਰਾ ਆਪ ਬੰਧਾਇੰਦਾ। ਆਦਿ ਨਿਰੰਜਣ ਜੁਗਾ ਜੁਗੰਤ, ਜਾਗਰਤ ਜੋਤ ਡਗਮਗਾਇੰਦਾ। ਸ੍ਰੀ ਭਗਵਾਨ ਸਾਚਾ ਕੰਤ, ਦਰਗਹਿ ਸਾਚੀ ਸੇਜ ਸੁਹਾਇੰਦਾ। ਅਬਿਨਾਸ਼ੀ ਕਰਤਾ ਬਣੇ ਮੰਗਤ, ਦਰ ਦਰਵੇਸ਼ ਫੇਰੀ ਪਾਇੰਦਾ। ਪਾਰਬ੍ਰਹਮ ਲੇਖਾ ਜਾਣੇ ਧੁਰ ਦਰਬਾਰਾ ਆਦਿ ਅੰਤ, ਮਧ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਆਪਣਾ ਹੁਕਮ ਧੁਰ ਫ਼ਰਮਾਣਾ, ਪੁਰਖ ਅਕਾਲ ਜਣਾਈਆ। ਆਪ ਬਣਾਏ ਆਪਣਾ ਸਚ ਮਕਾਨਾ, ਆਪਣੀ ਸੇਵਾ ਆਪ ਨਿਭਾਈਆ। ਆਪਣਾ ਤਖ਼ਤ ਆਪ ਸੁਹਾਏ ਰਾਜ ਰਾਜਾਨਾ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਆਪਣਾ ਬਹਿ ਬਹਿ ਗਾਏ ਗਾਣਾ, ਆਪਣਾ ਨਾਦ ਆਪ ਵਜਾਈਆ। ਆਪਣਾ ਦੀਪਕ ਡਗਮਗਾਨਾ, ਆਪਣੇ ਘਰ ਕਰੇ ਰੁਸ਼ਨਾਈਆ। ਆਪਣੇ ਮੰਦਰ ਪੀਣਾ ਖਾਣਾ, ਆਪਣਾ ਅੰਮ੍ਰਿਤ ਲਏ ਉਪਜਾਈਆ। ਆਪਣੇ ਦਰ ਬਣੇ ਦਰਬਾਨਾ, ਦਰ ਦਰਵੇਸ਼ ਸੇਵ ਕਮਾਈਆ। ਆਪਣੇ ਘਰ ਹੋਏ ਨੌਜਵਾਨਾ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਹੁਕਮ ਆਪ ਵਰਤਾਈਆ। ਆਪਣਾ ਹੁਕਮ ਵਰਤੇ ਕਰਤਾਰ, ਦੂਜਾ ਸੰਗ ਨਾ ਕੋਇ ਰਖਾਇੰਦਾ । ਨਿਰਗੁਣ ਨਿਰਵੈਰ ਹੋ ਤਿਆਰ, ਮੂਰਤ ਅਕਾਲ ਰੂਪ ਵਟਾਇੰਦਾ। ਜੂਨੀ ਰਹਿਤ ਸੱਚੀ ਸਰਕਾਰ, ਸਾਚੇ ਤਖ਼ਤ ਸੋਭਾ ਪਾਇੰਦਾ। ਅਨਭਵ ਪਰਕਾਸ਼ ਕਰ ਉਜਿਆਰ, ਨਿਰਭੌ ਆਪਣੀ ਖੇਲ ਖਿਲਾਇੰਦਾ। ਸਤਿ ਸਤਿਵਾਦੀ ਸਾਚੀ ਧਾਰ, ਸਤਿ ਪੁਰਖ ਨਿਰੰਜਣ ਆਪ ਚਲਾਇੰਦਾ। ਸੋ ਪੁਰਖ ਨਿਰੰਜਣ ਕਰ ਪਿਆਰ, ਹਰਿ ਪੁਰਖ ਨਿਰੰਜਣ ਮੇਲ ਮਿਲਾਇੰਦਾ। ਏਕੰਕਾਰਾ ਮੀਤ ਮੁਰਾਰ, ਆਦਿ ਨਿਰੰਜਣ ਗਲੇ ਲਗਾਇੰਦਾ। ਅਬਿਨਾਸ਼ੀ ਕਰਤਾ ਸਾਂਝਾ ਯਾਰ, ਸ੍ਰੀ ਭਗਵਾਨ ਵਿਛੜ ਨਾ ਜਾਇੰਦਾ। ਪਾਰਬ੍ਰਹਮ ਬਣੇ ਪਨਹਾਰ, ਦਰ ਸਾਚੀ ਸੇਵ ਕਮਾਇੰਦਾ। ਨਿਰਗੁਣ ਖੇਲ ਕਰੇ ਬੇਐਬ ਪਰਵਰਦਿਗਾਰ, ਨੂਰੀ ਜਲਵਾ ਡਗਮਗਾਇੰਦਾ। ਏਕਾ ਹੁਕਮ ਸੱਚੇ ਦਰਬਾਰ, ਧੁਰ ਦਰਬਾਰੀ ਆਪ ਸੁਣਾਇੰਦਾ। ਸਾਚਾ ਮੰਦਰ ਹੋਏ ਤਿਆਰ, ਘਾੜਨ ਸਾਚੀ ਆਪ ਘੜਾਇੰਦਾ। ਨਾ ਕੋਈ ਬਾਢੀ ਕੱਢੇ ਵਗਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸੋ ਪੁਰਖ ਨਿਰੰਜਣ ਹੁਕਮ ਵਰਤਾਏ, ਲੇਖਾ ਲਿਖਤ ਵਿਚ ਨਾ ਆਈਆ। ਹਰਿ ਪੁਰਖ ਨਿਰੰਜਣ ਬਾਢੀ ਲਏ ਉਠਾਏ, ਭੇਵ ਅਭੇਦਾ ਭੇਵ ਖੁਲਾਈਆ। ਏਕੰਕਾਰਾ ਸੇਵ ਕਮਾਏ, ਦੂਸਰ ਕੋਇ ਨਾ ਸੰਗ ਰਖਾਈਆ। ਆਦਿ ਨਿਰੰਜਣ ਕਰ ਰੁਸ਼ਨਾਏ, ਏਕਾ ਰੰਗ ਵਖਾਈਆ। ਸ੍ਰੀ ਭਗਵਾਨ ਆਪਣੀਆਂ ਭੁਜਾਂ ਆਪ ਉਠਾਏ, ਆਪਣਾ ਬਲ ਆਪ ਧਰਾਈਆ। ਅਬਿਨਾਸ਼ੀ ਕਰਤਾ ਏਕਾ ਏਕ ਏਕ ਲਿਵ ਲਾਏ ਰੂਪ ਅਨੂਪ ਇਕ ਦਰਸਾਈਆ। ਪਾਰਬ੍ਰਹਮ ਆਪਣੀ ਭੇਟਾ ਆਪ ਚੜ੍ਹਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਈਆ । ਧੁਰ ਫ਼ਰਮਾਣਾ ਧੁਰ ਦਰਗਾਹਿ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਇਕ ਇਕੱਲਾ ਬਣ ਮਲਾਹ, ਸਾਚਾ ਬੇੜਾ ਆਪ ਉਠਾਇੰਦਾ। ਸਿਫ਼ਤੀ ਸਿਫ਼ਤ ਸਿਫ਼ਤ ਦੇ ਸਲਾਹ, ਸਿਫ਼ਤ ਸਲਾਹੀ ਨਾਉਂ ਧਰਾਇੰਦਾ। ਆਪਣੀ ਰਚਨਾ ਆਪ ਰਚਾ, ਆਪੇ ਵੇਖ ਵਖਾਇੰਦਾ। ਆਪੇ ਬੰਕ ਦੁਆਰਾ ਦਏ ਸੁਹਾ, ਗੜ੍ਹ ਆਪਣਾ ਆਪ ਉਪਾਇੰਦਾ। ਆਪੇ ਦਰ ਦਰਬਾਰਾ ਦਏ ਬਣਾ, ਦਰਗਾਹਿ ਸਾਚੀ ਵੇਸ ਵਟਾਇੰਦਾ। ਆਪੇ ਦੀਪ ਉਜਿਆਰਾ ਦਏ ਕਰਾ, ਜੋਤੀ ਨੂਰ ਨੂਰ ਡਗਮਗਾਇੰਦਾ। ਆਪੇ ਬੰਦ ਕੁਆੜਾ ਦੇ ਖੁਲ੍ਹਾ, ਅੰਦਰ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਰਤਾਇੰਦਾ। ਆਪਣਾ ਹੁਕਮ ਆਪ ਮਨਾਇਆ, ਮੰਨਣਹਾਰ ਆਪ ਹੋ ਜਾਈਆ। ਨਿਰਗੁਣ ਦਾਤਾ ਨਿਰਗੁਣ ਸ਼ਾਹ ਪਾਤਸ਼ਾਹ ਬਣ ਜਾਇਆ, ਨਿਰਗੁਣ ਨਿਉਂ ਨਿਉਂ ਸੀਸ ਝੁਕਾਈਆ। ਨਿਰਗੁਣ ਦਰ ਦਰਵੇਸ਼ ਦਰਬਾਨ ਅਖਵਾਇਆ, ਨਿਰਗੁਣ ਸੀਸ ਤਾਜ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਰ ਆਪ ਉਪਾਈਆ। ਪੁਰਖ ਅਬਿਨਾਸ਼ੀ ਘਰ ਉਪਾਇੰਦਾ, ਆਪ ਆਪਣੀ ਕਿਰਪਾ ਧਾਰ। ਨਿਰਗੁਣ ਸਾਚੀ ਸੇਵ ਕਮਾਇੰਦਾ, ਸੇਵਕ ਬਣਿਆ ਆਪ ਨਿਰੰਕਾਰ। ਸਚਖੰਡ ਦੁਆਰਾ ਆਪਣੀ ਵੰਡ ਵੰਡਾਇੰਦਾ, ਨਾ ਕੋਈ ਦੀਸੇ ਚਾਰ ਦੀਵਾਰ। ਛੱਪਰ ਛੰਨ ਨਾ ਕੋਇ ਛੁਹਾਇੰਦਾ, ਕਰੇ ਖੇਲ ਅਗੰਮ ਅਪਾਰ। ਸੂਰਜ ਚੰਨ ਨਾ ਕੋਇ ਚੜ੍ਹਾਇੰਦਾ, ਦੀਪਕ ਦੀਆ ਨਾ ਕੋਇ ਪਸਾਰ। ਧਰਤ ਧਵਲ ਨਾ ਕੋਇ ਵਖਾਇੰਦਾ, ਮੰਡਲ ਮੰਡਪ ਨਾ ਕੋਇ ਅਕਾਰ। ਲੋਆਂ ਪੁਰੀਆਂ ਨਾ ਕੋਇ ਵਸਾਇੰਦਾ, ਬ੍ਰਹਿਮੰਡ ਖੰਡ ਨਾ ਕੋਇ ਭੰਡਾਰ। ਸ਼ਬਦੀ ਸੁਤ ਨਾ ਕੋਇ ਪਰਗਟਾਇੰਦਾ, ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਅਧਾਰ। ਤ੍ਰੈਗੁਣ ਮਾਇਆ ਨਾ ਜੋੜ ਜੁੜਾਇੰਦਾ, ਪੰਜ ਤਤ ਨਾ ਕੋਇ ਪਸਾਰ। ਮਨ ਮਤ ਬੁਧ ਨਾ ਕੋਇ ਵੰਡ ਵੰਡਾਇੰਦਾ, ਨੌਂ ਦਰ ਨਾ ਕੋਇ ਕੁਆੜ। ਦਸਮ ਦੁਆਰੀ ਨਾ ਜੋਤ ਜਗਾਇੰਦਾ, ਨਾ ਸੁਤਾ ਅੰਧ ਅੰਧਿਆਰ। ਜਲ ਥਲ ਮਹੀਅਲ ਨਾ ਰੂਪ ਵਟਾਇੰਦਾ, ਨਾਤਾ ਗੰਢੇ ਨਾ ਜੰਗਲ ਜੂਹ ਉਜਾੜ ਪਹਾੜ। ਉਚੇ ਟਿੱਲੇ ਨਾ ਆਸਣ ਲਾਇੰਦਾ, ਡੂੰਘੀ ਗਾਰ ਸੁੱਤਾ ਨਾ ਪੈਰ ਪਸਾਰ। ਲੱਖ ਚੁਰਾਸੀ ਨਾ ਰੂਪ ਵਟਾਇੰਦਾ, ਚਾਰੇ ਵੇਦ ਨਾ ਰਿਹਾ ਉਚਾਰ। ਚਾਰੇ ਖਾਣੀ ਨਾ ਬਣਤ ਬਣਾਇੰਦਾ, ਚਾਰੇ ਬਾਣੀ ਨਾ ਕਰੇ ਪੁਕਾਰ। ਪੁਰਾਨ ਅਠਾਰਾਂ ਨਾ ਕੋਇ ਧਿਆਇੰਦਾ, ਗੀਤਾ ਗਿਆਨ ਨਾ ਕੋਇ ਵੀਚਾਰ। ਅੰਜੀਲ ਕੁਰਾਨ ਨਾ ਕੋਇ ਪੜ੍ਹਾਇੰਦਾ, ਤੀਸਾ ਬਤੀਸਾ ਹਦੀਸਾ ਨਾ ਪਾਵੇ ਕੋਈ ਸਾਰ। ਬਾਣੀ ਬਾਣ ਨਾ ਕੋਇ ਲਗਾਇੰਦਾ, ਰਸਨਾ ਜਿਹਵਾ ਨਾ ਕੋਇ ਉਚਾਰ। ਬੱਤੀ ਦੰਦ ਨਾ ਕੋਇ ਹਿਲਾਇੰਦਾ, ਛੱਤੀ ਰਾਗ ਨਾ ਗਾਏ ਵਾਰ। ਰਾਮ ਕ੍ਰਿਸ਼ਨ ਨਾ ਕੋਇ ਅਖਵਾਇੰਦਾ, ਧਰੂ ਪ੍ਰਹਿਲਾਦ ਨਾ ਜਾਏ ਕੋਈ ਤਾਰ। ਈਸੇ ਮੂਸੇ ਨਾ ਰੰਗ ਰੰਗਾਇੰਦਾ, ਕਾਲਾ ਸੂਸਾ ਨਾ ਤਨ ਸ਼ਿੰਗਾਰ। ਚਾਰ ਯਾਰੀ ਨਾ ਰੰਗ ਰੰਗਾਇੰਦਾ, ਮੇਲਾ ਮਿਲੇ ਨਾ ਮੁਹੰਮਦੀ ਯਾਰ। ਅੱਲਾ ਰਾਣੀ ਨਾ ਕੂਕ ਸੁਣਾਇੰਦਾ, ਰੂਪ ਵਟਾਏ ਨਾ ਪਰਵਰਦਿਗਾਰ। ਮੁਕਾਮੇ ਹੱਕ ਨਾ ਰਾਹ ਤਕਾਇੰਦਾ, ਮੁਲਾਂ ਸ਼ੇਖ਼ ਮਸਾਇਕ ਪੀਰ ਨਾ ਪਾਵੇ ਸਾਰ। ਪੰਡਤ ਪਾਂਧਾ ਨਾ ਕੋਇ ਨਾਉਂ ਧਰਾਇੰਦਾ, ਤਿਲਕ ਲਲਾਟੀ ਨਾ ਕਰੇ ਵਿਚਾਰ। ਗ੍ਰੰਥ ਪੂਜਾ ਪਾਠ ਪੜ੍ਹ ਨਾ ਕੋਇ ਸੁਣਾਇੰਦਾ, ਗਾਇਤਰੀ ਹਵਨ ਨਾ ਕੋਇ ਸੰਸਾਰ। ਬਾਰਾਂ ਅੱਖਸ਼ਰ ਨਾ ਕੋਇ ਸੁਣਾਇੰਦਾ, ਨਾਰਦ ਸੁਰਸਤੀ ਨਾ ਕੋਇ ਆਧਾਰ। ਸੂਰਜ ਚੰਨ ਨਾ ਸੀਸ ਕੋਇ ਝੁਕਾਇੰਦਾ, ਜਲ ਨੀਰ ਨਾ ਕੋਇ ਨਿਮਸਕਾਰ। ਖ਼ਵਾਜਾ ਖ਼ਿਜਰ ਨਾ ਕੋਇ ਅਖਵਾਇੰਦਾ, ਇੰਦਰ ਛੈਬਰ ਨਾ ਬਰਸੇ ਧਾਰ। ਕਰੋੜ ਤੇਤੀਸਾ ਨਾ ਵੰਡ ਵੰਡਾਇੰਦਾ, ਗਣ ਗੰਧਰਬ ਨਾ ਕੂਕ ਕਰੇ ਪੁਕਾਰ। ਅਠਾਰਾਂ ਭਾਰ ਨਾ ਭਾਰ ਵਖਾਇੰਦਾ, ਨਾ ਕੋਈ ਤੋਲਾ ਦਿਸੇ ਵਿਚ ਸੰਸਾਰ। ਅੱਖਰ ਵੱਖਰ ਨਾ ਕੋਇ ਪੜ੍ਹਾਇੰਦਾ, ਵਿਦਿਆ ਵਿਖਮ ਨਾ ਕੋਇ ਪਰਚਾਰ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਈ ਅਖਵਾਇੰਦਾ, ਅਠਾਰਾਂ ਬਰਨ ਨਾ ਹਾਹਾਕਾਰ। ਧਰਤ ਧਵਲ ਨਾ ਕੋਇ ਸੁਹਾਇੰਦਾ, ਗੁਰ ਪੀਰ ਨਾ ਲਏ ਅਵਤਾਰ। ਭਗਤ ਭਗਵੰਤ ਨਾ ਕੋਇ ਧਿਆਇੰਦਾ, ਸੰਤਨ ਕੂਕ ਕੂਕ ਰਹੇ ਨਾ ਵਾਜਾਂ ਮਾਰ। ਗੁਰਮੁਖ ਖੇਲ ਨਾ ਕੋਇ ਖਲਾਇੰਦਾ, ਗੁਰਸਿਖ ਕਰੇ ਨਾ ਪਿਆਰੀ ਨਾਰ। ਨਾਰ ਕੰਤ ਸੇਜ ਨਾ ਕੋਇ ਹੰਢਾਇੰਦਾ, ਭੋਗੀ ਭੋਗ ਨਾ ਕਰੇ ਅਪਰ ਅਪਾਰ। ਜੋਗੀ ਜੋਗ ਨਾ ਕੋਇ ਕਮਾਇੰਦਾ, ਖ਼ਾਕੀ ਖ਼ਾਕ ਨਾ ਪਾਏ ਸਿਰ ਛਾਰ। ਤਨ ਬਿਭੂਤ ਨਾ ਕੋਇ ਲਗਾਇੰਦਾ, ਸੁੰਨ ਸਮਾਧ ਨਾ ਵੜਿਆ ਅੰਧ ਅੰਧਿਆਰ। ਅਠਸਠ ਤੀਰਥ ਨਾ ਕੋਇ ਨਹਾਵਣ ਨਹਾਇੰਦਾ, ਸਰ ਸਰੋਵਰ ਨਾ ਦਏ ਕੋਇ ਵਖਾਲ। ਪਾਰਬ੍ਰਹਮ ਅਬਿਨਾਸ਼ੀ ਕਰਤਾ ਇਕ ਇਕੱਲਾ ਏਕੰਕਾਰਾ ਆਪ ਆਪਣੀ ਖੇਲ ਖਿਲਾਇੰਦਾ, ਆਪ ਬਣਾਏ ਆਪਣਾ ਘਰ ਸਚਖੰਡ ਸੱਚੀ ਧਰਮਸਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਚਲੇ ਆਪਣੀ ਚਾਲ। ਸਚਖੰਡ ਦਵਾਰਾ ਉਪਾਵਣਾ, ਕਰ ਕਿਰਪਾ ਆਪ ਨਿਰੰਕਾਰ। ਆਪਣਾ ਬਾਢੀ ਆਪ ਅਖਵਾਵਣਾ, ਸੇਵਾ ਕਰੇ ਸਿਰਜਣਹਾਰ। ਆਪਣੀ ਜੋਤ ਆਪਣੀ ਧਾਰ ਰਖਾਵਣਾ, ਦਹਿ ਦਿਸ਼ਾ ਹੋਏ ਉਜਿਆਰ। ਸਾਚਾ ਪਲੰਘ ਆਪ ਸੁਹਾਵਣਾ, ਨਿਰਗੁਣ ਨਿਰਗੁਣ ਕਰ ਪਿਆਰ। ਪਾਵਾ ਚੂਲ ਨਾ ਕੋਇ ਬਣਾਵਣਾ, ਨਾ ਕੋਈ ਘੜੇ ਲੋਹਾਰ ਤਰਖਾਣ। ਸਤਿ ਪੁਰਖ ਨਿਰੰਜਣ ਉਪਰ ਆਸਣ ਲਾਵਣਾ, ਦਿਸ ਨਾ ਆਏ ਅਗੰਮ ਅਪਾਰ। ਸੀਸ ਸਾਚਾ ਤਾਜ ਸੁਹਾਵਣਾ, ਸ਼ਾਹੋ ਭੂਪ ਬਣ ਸਿਕਦਾਰ। ਆਪ ਆਪਣਾ ਹੁਕਮ ਵਰਤਾਵਣਾ, ਦਰਗਾਹਿ ਸਾਚੀ ਹੋ ਤਿਆਰ। ਆਪਣਾ ਚਰਨ ਚਰਨ ਨਾਲ ਛੁਹਾਵਣਾ, ਅੰਮ੍ਰਿਤ ਜਲ ਦਏ ਠੰਡੀ ਧਾਰ। ਅੰਮ੍ਰਿਤ ਧਾਰੀ ਆਪ ਬਹਾਵਣਾ, ਆਪੇ ਖੋਲ੍ਹੇ ਆਪਣਾ ਬੰਦ ਕਿਵਾੜ। ਸਚਖੰਡ ਦੁਆਰੇ ਅੰਦਰ ਥਿਰ ਘਰ ਸਾਚਾ ਆਪ ਬਣਾਵਣਾ, ਘਰ ਘਰ ਵਿਚ ਕਰ ਤਿਆਰ। ਸਾਚੇ ਬਹਿ ਬਹਿ ਆਪਣੀ ਇਛਿਆ ਆਪਣੀ ਵਿਚ ਰਖਾਵਣਾ, ਆਪੇ ਭਿਛਿਆ ਬਣੇ ਵਰਤਾਰ। ਆਪਣਾ ਦਾਮਨ ਅੱਗੇ ਡਾਹਵਣਾ, ਆਪੇ ਨਿਉਂ ਨਿਉਂ ਕਰੇ ਨਿਮਸਕਾਰ। ਨਿਹਕਰਮੀ ਆਪਣਾ ਕਰਮ ਕਮਾਵਣਾ, ਕਰਮ ਕਾਂਡ ਤੋਂ ਵਸਿਆ ਬਾਹਰ। ਸਚਖੰਡ ਦੁਆਰਾ ਆਪ ਸੁਹਾਵਣਾ, ਥਿਰ ਘਰ ਆਏ ਆਪ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਸਚ ਪਿਆਰ। ਥਿਰ ਘਰ ਵਾਸੀ ਪੁਰਖ ਅਕਾਲਾ, ਸਚਖੰਡ ਦੁਆਰਾ ਸੋਭਾ ਪਾਈਆ। ਸਚਖੰਡ ਦੁਆਰੇ ਗੁਣ ਨਿਧਾਨਾ, ਥਿਰ ਘਰ ਵਾਸਾ ਬੇਪਰਵਾਹੀਆ। ਥਿਰ ਘਰ ਵਾਸੀ ਸਚ ਨਿਸ਼ਾਨਾ, ਸਚਖੰਡ ਦੁਆਰ ਝੁਲਾਈਆ। ਸਚਖੰਡ ਨਿਵਾਸੀ ਹੋ ਪਰਧਾਨਾ, ਥਿਰ ਘਰ ਡੇਰਾ ਲਾਈਆ। ਥਿਰ ਘਰ ਵਾਸੀ ਖੇਲ ਮਹਾਨਾ, ਸਚਖੰਡ ਨਿਵਾਸੀ ਵੇਖ ਵਖਾਈਆ। ਸਚਖੰਡ ਨਿਵਾਸੀ ਸ੍ਰੀ ਭਗਵਾਨਾ, ਥਿਰ ਘਰ ਖੇਲ ਕਰੇ ਬੇਪਰਵਾਹੀਆ। ਥਿਰ ਘਰ ਵਾਸੀ ਆਪਣੇ ਹੱਥੀਂ ਫੜਿਆ ਗਾਨਾ, ਸਚਖੰਡ ਨਿਵਾਸੀ ਹੱਥ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਸਚਖੰਡ ਦੁਆਰੇ ਹਰਿ ਭਗਵੰਤ, ਆਪਣੀ ਸੋਭਾ ਪਾਇੰਦਾ। ਥਿਰ ਘਰ ਵਾਸੀ ਬਣੇ ਨਾਰ ਵੇਖੇ ਸੁਹਾਗੀ ਕੰਤ, ਮੇਲ ਮਿਲਾਵਾ ਆਪ ਕਰਾਇੰਦਾ। ਆਪੇ ਆਦਿ ਆਪੇ ਅੰਤ, ਮਧ ਆਪਣਾ ਵੇਸ ਧਰਾਇੰਦਾ। ਥਿਰ ਘਰ ਦੁਆਰੇ ਬਣਾਏ ਬਣਤ, ਨਿਰਗੁਣ ਨਿਰਗੁਣ ਜੋੜ ਜੁੜਾਇੰਦਾ। ਨਿਰਗੁਣ ਨਿਰਗੁਣ ਲਾਇਆ ਅੰਗਤ, ਅੰਗੀਕਾਰ ਆਪ ਹੋ ਜਾਇੰਦਾ। ਨਿਰਗੁਣ ਦਾਤਾ ਨਿਰਗੁਣ ਭਿਖਾਰੀ ਮੰਗਤ, ਨਿਰਗੁਣ ਭਿਛਿਆ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਸਚਖੰਡ ਦੁਆਰ ਕੰਤ ਕੰਤੂਲ, ਆਪਣਾ ਖੇਲ ਖਿਲਾਈਆ। ਥਿਰ ਘਰ ਵਿਛਾਈ ਸਾਚੀ ਸੇਜ ਫੂਲ, ਫੂਲਣ ਸੇਜਾ ਆਪ ਹੰਢਾਈਆ। ਆਪੇ ਜਾਣੇ ਆਪਣਾ ਕੌਲ, ਅਨਭਵ ਆਪਣੀ ਧਾਰ ਰਖਾਈਆ। ਥਿਰ ਘਰ ਵਾਸੀ ਸਚ ਪੰਘੂੜਾ ਰਿਹਾ ਝੂਲ, ਨਾਰ ਕੰਤ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੀ ਵੰਡ ਵੰਡਾਈਆ। ਥਿਰ ਘਰ ਵੰਡ ਆਪ ਨਿਰੰਕਾਰੀ, ਆਪਣੀ ਵੰਡ ਆਪ ਕਰਾਇੰਦਾ। ਆਪੇ ਬਣੇ ਕੰਨਿਆ ਕੁਆਰੀ, ਆਪੇ ਕੰਤ ਸੁਹਾਗ ਹੰਢਾਇੰਦਾ। ਆਪੇ ਸੇਜ ਰਿਹਾ ਸ਼ਿੰਗਾਰੀ, ਭੋਗ ਬਿਲਾਸ ਆਪ ਕਰਾਇੰਦਾ। ਆਪੇ ਅੰਦਰ ਆਪੇ ਬਾਹਰੀ, ਗੁਪਤ ਜ਼ਾਹਰੀ ਖੇਲ ਖਿਲਾਇੰਦਾ। ਕਰੇ ਖੇਲ ਅਗੰਮ ਅਪਾਰੀ, ਭੇਵ ਅਭੇਦਾ ਭੇਵ ਛੁਪਾਇੰਦਾ। ਥਿਰ ਘਰ ਸਾਚਾ ਬੰਕ ਦੁਆਰੀ, ਦਰ ਦਰਬਾਰਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਪਰਗਟਾਇੰਦਾ। ਆਪੇ ਨਿਰਗੁਣ ਮਾਤ ਪਿਤ, ਨਾਰੀ ਕੰਤ ਆਪ ਅਖਵਾਈਆ। ਆਪੇ ਨਿਰਗੁਣ ਕਰੇ ਸਾਚਾ ਹਿਤ, ਆਪ ਆਪਣਾ ਵੇਖ ਵਖਾਈਆ। ਆਪੇ ਨਿਰਗੁਣ ਜਾਣੇ ਆਪਣੀ ਰਿਤ, ਰਿਤ ਬੂੰਦ ਆਪ ਸਮਾਈਆ। ਆਪੇ ਨਿਰਗੁਣ ਆਪਣਾ ਆਪੇ ਕਰੇ ਉਤਪਤ, ਥਿਤ ਵਾਰ ਨਾ ਕੋਇ ਵਖਾਈਆ। ਆਪੇ ਆਪਣਾ ਆਪ ਉਪਾਏ ਸਾਚਾ ਸੁਤ, ਧੰਨ ਧੰਨ ਬਣੇ ਜਣੇਂਦੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਅੰਦਰ ਵੜ, ਆਪਣਾ ਜਣੇਪਾ ਆਪ ਕਟਾਈਆ। ਥਿਰ ਘਰ ਅੰਦਰ ਸੁਤ ਦੁਲਾਰਾ ਜਾਇਆ, ਪੁਰਖ ਅਬਿਨਾਸ਼ੀ ਦਇਆ ਕਮਾਇੰਦਾ। ਆਪਣਾ ਪਸਾਰਾ ਆਪ ਵਖਾਇਆ, ਆਪ ਆਪਣੀ ਕਲ ਧਰਾਇੰਦਾ। ਆਪਣਾ ਭਾਣਾ ਆਪ ਜਣਾਇਆ, ਆਪਣੇ ਭਾਣੇ ਸਦ ਸਮਾਇੰਦਾ। ਆਪਣਾ ਫ਼ਰਮਾਣਾ ਆਪ ਸੁਣਾਇਆ, ਧੁਰ ਫ਼ਰਮਾਣਾ ਆਪ ਅਲਾਇੰਦਾ। ਆਪਣਾ ਮਕਾਨਾ ਆਪ ਸੁਹਾਇਆ, ਦਰ ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਕਰ ਤਿਆਰ, ਏਕਾ ਵਰ ਦੇ ਨਿਰੰਕਾਰ, ਵਰ ਦਾਤਾ ਆਪ ਅਖਵਾਇੰਦਾ। ਸੁਤ ਦੁਲਾਰ ਉਠਾਇਆ, ਕਰ ਕਿਰਪਾ ਗੁਣ ਨਿਧਾਨ। ਥਿਰ ਘਰ ਵਾਸੀ ਥਿਰ ਦਰਵਾਜ਼ਾ ਆਪ ਖੁਲ੍ਹਾਇਆ, ਇਕ ਵਖਾਇਆ ਸਚ ਨਿਸ਼ਾਨ। ਸਤ ਰੰਗ ਰੂਪ ਆਪ ਪਰਗਟਾਇਆ, ਨਿਰਗੁਣ ਜੋਤੀ ਖੇਲ ਮਹਾਨ। ਕਿਲਾ ਕੋਟੀ ਆਪ ਵਸਾਇਆ, ਦਰਗਹਿ ਸਾਚੀ ਸਚ ਮਕਾਨ। ਸਾਚੀ ਚੋਟੀ ਆਪ ਬਹਾਇਆ, ਨਾ ਕੋਈ ਜ਼ਿਮੀ ਨਾ ਅਸਮਾਨ। ਗਗਨ ਮੰਡਲ ਨਾ ਕੋਇ ਵਖਾਇਆ, ਰਵ ਸਸ ਨਾ ਕੋਇ ਭਾਨ। ਪੁਰਖ ਅਬਿਨਾਸ਼ੀ ਏਕਾ ਨਜ਼ਰੀ ਆਇਆ, ਜੋਤੀ ਜੋਤ ਨੂਰ ਮਹਾਨ। ਸੀਸ ਸਾਚਾ ਤਾਜ ਟਿਕਾਇਆ, ਪੰਚਮ ਮੁਖ ਰਾਜ ਰਾਜਾਨ। ਧੁਰ ਫ਼ਰਮਾਣਾ ਰਿਹਾ ਸੁਣਾਇਆ, ਗੁਣ ਗਾਏ ਗੁਣ ਨਿਧਾਨ। ਸੁਤ ਦੁਲਾਰਾ ਸੀਸ ਝੁਕਾਇਆ, ਦੋਏ ਜੋੜ ਮੰਗੇ ਦਾਨ। ਦੇਵਣਹਾਰਾ ਬੇਪਰਵਾਹਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਬੇਪਰਵਾਹ, ਸ਼ਬਦੀ ਦੇਵੇ ਸਚ ਸਲਾਹ, ਆਦਿ ਜੁਗਾਦੀ ਮਲਾਹ ਇਕ ਅਖਵਾਇਆ। ਸ਼ਬਦ ਸੁਤ ਹਰਿ ਸਮਝਾਇੰਦਾ, ਕਰ ਕਿਰਪਾ ਆਪ ਨਿਰੰਕਾਰ। ਥਿਰ ਘਰ ਦੁਆਰਿਉਂ ਬਾਹਰ ਕਢਾਇੰਦਾ, ਸੁੰਨ ਅਗੰਮ ਵਖਾਏ ਧੂੰਆਂਧਾਰ। ਤੇਰੀ ਸੇਵਾ ਸਚ ਲਗਾਇੰਦਾ, ਹੁਕਮੀ ਹੁਕਮ ਵਰਤੇ ਵਰਤਾਰ। ਲੋਆਂ ਪੁਰੀਆਂ ਤੇਰੀ ਝੋਲੀ ਪਾਇੰਦਾ, ਬ੍ਰਹਿਮੰਡ ਖੰਡ ਤੇਰਾ ਪਸਾਰ। ਸੂਰਜ ਚੰਨ ਤੇਰੀ ਕਿਰਨ ਚਮਕਾਇੰਦਾ, ਇਕ ਇਕ ਨਾਲ ਕਰੇ ਪਿਆਰ। ਇਕ ਤੇਰੀ ਗੋਦ ਬਹਾਇੰਦਾ, ਵਿਸ਼ਨ ਵਿਸ਼ਵ ਰੂਪ ਧਾਰ। ਪਾਰਬ੍ਰਹਮ ਤੇਰਾ ਸੰਗ ਨਿਭਾਇੰਦਾ, ਬ੍ਰਹਮ ਕਵਲ ਹੋਏ ਉਜਿਆਰ। ਸ਼ੰਕਰ ਤੇਰੀ ਧਾਰ ਰਖਾਇੰਦਾ, ਲੇਖਾ ਜਾਣੇ ਧੁਰ ਦਰਬਾਰ। ਸਾਚੇ ਸੁਤ ਸਿਰ ਤੇਰੇ ਹੱਥ ਟਿਕਾਇੰਦਾ, ਭੁੱਲ ਨਾ ਜਾਏ ਹਰਿ ਨਿਰੰਕਾਰ। ਤੇਰੀ ਰੁਤ ਆਪ ਸੁਹਾਇੰਦਾ, ਫੁਲ ਫੁਲਵਾੜੀ ਵੇਖੇ ਗੁਲਜਾਰ। ਲੱਖ ਚੁਰਾਸੀ ਤੇਰੀ ਵੰਡ ਵੰਡਾਇੰਦਾ, ਤ੍ਰੈਗੁਣ ਮਾਇਆ ਭਰ ਭੰਡਾਰ। ਪੰਜ ਤਤ ਤੇਰੇ ਅੰਗ ਲਗਾਇੰਦਾ, ਖੇਲੇ ਖੇਲ ਅਗੰਮ ਅਪਾਰ। ਧਰਤ ਧਵਲ ਆਪ ਸੁਹਾਇੰਦਾ, ਜਲ ਬਿੰਬ ਲਏ ਉਸਾਰ। ਪਵਣੀ ਪਵਣ ਆਪ ਚਲਾਇੰਦਾ, ਹਵਨੀ ਹਵਨ ਕਰੇ ਅਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦਿਤਾ ਵਰ, ਆਪ ਆਪਣਾ ਕਰ ਪਿਆਰ। ਸੁਤ ਦੁਲਾਰੇ ਕਰ ਧਿਆਨ, ਹਰਿ ਸਤਿਗੁਰ ਆਪ ਜਣਾਈਆ। ਮੇਰਾ ਨਾਉਂ ਤੇਰਾ ਗਿਆਨ, ਤੇਰਾ ਗਿਆਨ ਜਗਤ ਜੁਗ ਸਮਝਾਈਆ। ਮੇਰਾ ਹੁਕਮ ਤੇਰਾ ਫ਼ਰਮਾਣ, ਤੇਰਾ ਫ਼ਰਮਾਣ ਸ੍ਰਿਸ਼ਟ ਸਬਾਈ ਨਾਦ ਵਜਾਈਆ। ਤੇਰਾ ਮੰਦਰ ਤੇਰਾ ਮਕਾਨ, ਤੇਰਾ ਮਕਾਨ ਲੱਖ ਚੁਰਾਸੀ ਭਾਂਡੇ ਘੜ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਸ਼ਬਦ ਦੇ ਵਡਿਆਈਆ। ਸੁਤ ਦੁਲਾਰੇ ਤੇਰੀ ਵੰਡ, ਸਤਿ ਪੁਰਖ ਨਿਰੰਜਣ ਆਪ ਉਪਾਇੰਦਾ। ਤੇਰੀ ਇਛਿਆ ਕੋਟ ਬ੍ਰਹਿਮੰਡ, ਜੇਰਜ ਅੰਡ ਨਾਲ ਰਲਾਇੰਦਾ। ਤੇਰੀ ਭਿਛਿਆ ਉਤਭੁਜ ਸੇਤਜ ਸੂਰਜ ਚੰਦ, ਸਾਚੀ ਸਿਖ਼ਿਆ ਇਕ ਸਿਖ਼ਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਹੁਕਮ ਆਪ ਵਰਤਾਇੰਦਾ। ਸੁਤ ਦੁਲਾਰੇ ਉਠ ਬਲ ਧਾਰ, ਪੁਰਖ ਅਬਿਨਾਸ਼ੀ ਸ਼ਬਦ ਜਣਾਇੰਦਾ। ਤੇਰੀ ਰਚਨਾ ਰਚੇ ਆਪ ਕਰਤਾਰ, ਤੇਰੀ ਸੇਵਾ ਸਚ ਵਖਾਇੰਦਾ। ਤੇਰੇ ਦਰ ਪਨਿਹਾਰ ਬ੍ਰਹਮਾ ਵਿਸ਼ਨ ਸ਼ਿਵ ਮੰਗਣ ਵਾਰੋ ਵਾਰ, ਜੁਗ ਜੁਗ ਆਪਣੀ ਕਾਰ ਕਰਾਇੰਦਾ। ਤੇਰਾ ਨਾਮ ਸ਼ਬਦ ਜੈਕਾਰ, ਤੇਰਾ ਬੰਧਨ ਸਰਬ ਬੰਧਾਇੰਦਾ। ਤੇਰਾ ਖੰਡਾ ਤੇਜ ਕਟਾਰ, ਚੰਡ ਪਰਚੰਡ ਤੇਰਾ ਨਾਉਂ ਰਖਾਇੰਦਾ। ਤੇਰਾ ਬ੍ਰਹਿਮੰਡ ਹੋਏ ਅਖਾੜ, ਦੋ ਜਹਾਨਾਂ ਤੇਰਾ ਦਰ ਸੁਹਾਇੰਦਾ। ਤੇਰਾ ਹੁਕਮ ਵਰਤੇ ਵਰਤਾਰ, ਲੋਆਂ ਪੁਰੀਆਂ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਧੁਰ ਫ਼ਰਮਾਣਾ ਸੁਝਿਆ, ਸਤਿਗੁਰ ਸਾਚੇ ਆਪ ਸੁਣਾਇਆ। ਚਰਨ ਕਵਲ ਦੁਆਰੇ ਲੁਝਿਆ, ਨਿਉਂ ਨਿਉਂ ਸੀਸ ਝੁਕਾਇਆ। ਮਾਤ ਪਿਤ ਭੇਵ ਖੁਲਾਉਣਾ ਗੁਝਿਆ, ਪੂਤ ਸਪੂਤਾ ਮੰਗ ਮੰਗਾਇਆ। ਲੇਖਾ ਚੁੱਕੇ ਏਕਾ ਦੂਜਿਆ, ਏਕਾ ਨਿਰਗੁਣ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਦਰ ਇਕ ਸੁਹਾਇਆ। ਦਰ ਸੁਹਾਏ ਸ੍ਰੀ ਭਗਵੰਤ, ਮੰਗੇ ਮੰਗ ਭਿਖਾਰਿਆ। ਤੇਰੀ ਸੇਵਾ ਜੁਗਾ ਜੁਗੰਤ, ਕਰਾਈ ਵਿਚ ਸੰਸਾਰਿਆ। ਤੂੰ ਦਾਤਾ ਦਾਨੀ ਸ੍ਰੀ ਭਗਵੰਤ, ਤੇਰੀ ਮਹਿਮਾ ਅਪਰ ਅਪਾਰਿਆ। ਤੂੰ ਸਾਹਿਬ ਸੁਲਤਾਨ ਸਾਚਾ ਕੰਤ, ਹਉਂ ਦਾਸੀ ਦਾਸ ਸੇਵਕ ਪਨਿਹਾਰਿਆ। ਤੂੰ ਮਣੀਆ ਮੇਰਾ ਮਣਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਖੇਲ ਕਰੇ ਵਡ ਬਲਕਾਰੀਆ। ਕਿਰਪਾ ਕਰ ਗੁਣ ਨਿਧਾਨ, ਆਪਣੀ ਬੂਝ ਬੁਝਾਏ। ਤੇਰੀ ਸੇਵਾ ਕਰਾਂ ਦੋ ਜਹਾਨ, ਨਾਂ ਸਦਾ ਰਖਾਏ। ਲੱਖ ਚੁਰਾਸੀ ਹੋ ਪਰਧਾਨ, ਘਰ ਘਰ ਡੌਰੂ ਡੰਕ ਵਜਾਏ। ਕਾਲ ਮਹਾਂਕਾਲ ਵਖਾਏ ਇਕ ਨਿਸ਼ਾਨ, ਦੋ ਜਹਾਨਾ ਆਪ ਰਖਾਏ। ਰਾਏ ਧਰਮ ਦੇਵਾਂ ਧੁਰ ਫ਼ਰਮਾਣ, ਚਿਤਰ ਗੁਪਤ ਲੇਖ ਜਣਾਏ। ਲਾੜੀ ਮੌਤ ਰਖਾਏ ਨਾਲ ਰਕਾਨ, ਲੱਖ ਚੁਰਾਸੀ ਲੈ ਪਰਨਾਏ। ਭਗਤਾਂ ਸਿਖ਼ਿਆ ਇਕ ਸਮਝਾਏ ਵਿਚ ਜਹਾਨ, ਅੱਖਰ ਵੱਖਰ ਨਾਮ ਪੜ੍ਹਾਏ। ਸਾਚੇ ਸੰਤਾਂ ਮੇਲੇ ਆਣ, ਆਪ ਆਪਣੀ ਗੋਦ ਬਹਾਏ। ਗੁਰਮੁਖ ਰਾਗ ਸੁਣਾਏ ਕਾਨ, ਧੁਨ ਅਨਾਦੀ ਨਾਦ ਵਜਾਏ। ਗੁਰਸਿਖ ਸਾਚੇ ਕਰੇ ਪਛਾਣ, ਤ੍ਰੈਗੁਣ ਮਾਇਆ ਪਰਦਾ ਲਾਹੇ। ਤੇਰਾ ਹੁਕਮ ਸ੍ਰੀ ਭਗਵਾਨ, ਜੁਗਾ ਜੁਗੰਤਰ ਭੁੱਲ ਨਾ ਜਾਏ। ਹਉਂ ਯਾਚਕ ਮੰਗੇ ਦਾਨ, ਸਾਚੀ ਵਸਤ ਝੋਲੀ ਪਾਏ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਣਿਆ ਰਹਿਣਾ ਨਿਗਹਬਾਨ, ਸਿਰ ਆਪਣਾ ਹੱਥ ਟਿਕਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਰ ਮੰਗਾਂ ਢਹਿ ਪਿਆ ਸਰਨਾਏ। ਸੁਤ ਦੁਲਾਰਾ ਮੰਗੇ ਮੰਗ, ਅੱਗੇ ਆਪਣੀ ਝੋਲੀ ਡਾਹੀਆ। ਪਾਰਬ੍ਰਹਮ ਸੂਰਾ ਸਰਬੰਗ, ਸਾਚੀ ਸਿਖ਼ਿਆ ਇਕ ਸਮਝਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਵੱਜੇ ਮਰਦੰਗ, ਬ੍ਰਹਮਾ ਵਿਸ਼ਨ ਸ਼ਿਵ ਡੌਰੂ ਹੱਥ ਉਠਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਲੰਘ, ਜੇਰਜ ਅੰਡਾਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਤਮ ਲੇਖਾ ਇਕ ਸਮਝਾਈਆ। ਸੁਤ ਦੁਲਾਰੇ ਹਰਿ ਸਮਝਾਇਆ, ਭੇਵ ਰਹੇ ਨਾ ਰਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਤੇਰਾ ਖੇਲ ਖਿਲਾਇਆ, ਚਾਰ ਜੁਗ ਚੌਕੜੀ ਏਕਾ ਵੰਡ ਵੰਡਾਈਆ। ਗੁਰ ਪੀਰ ਅਵਤਾਰ ਤੇਰੀ ਸੇਵਾ ਲਾਇਆ, ਸਾਧ ਸੰਤ ਰਹੇ ਜਸ ਗਾਈਆ। ਮਨਮੁਖਾਂ ਮੁਖ ਰਿਹਾ ਭੁਆਇਆ, ਆਪਣੀ ਕਰਵਟ ਨਾ ਲਏ ਬਦਲਾਈਆ। ਭਰਮ ਭੁਲੇਖਾ ਆਪਣੇ ਹੱਥ ਰਖਾਇਆ, ਭਰਮ ਭੁਲਾਏ ਜਗਤ ਲੋਕਾਈਆ। ਜਨ ਭਗਤਾਂ ਮਸਤਕ ਲੇਖਾ ਵੇਖ ਵਖਾਇਆ, ਲੇਖਾ ਲਿਖਿਆ ਧੁਰਦਰਗਾਹੀਆ । ਨਰ ਨਰੇਸ਼ਾ ਅਲੱਖ ਜਗਾਇਆ, ਨਿਰਗੁਣ ਸਰਗੁਣ ਕਰ ਰੁਸ਼ਨਾਈਆ। ਪਾਰਬ੍ਰਹਮ ਬ੍ਰਹਮ ਆਪਣਾ ਨਾਉਂ ਰਖਾਇਆ, ਪੰਜ ਤਤ ਕਰੇ ਕੁੜਮਾਈਆ। ਮਨ ਮਤ ਬੁਧ ਵਿਚ ਟਿਕਾਇਆ, ਕਾਇਆ ਹਉਮੇ ਗੜ੍ਹ ਸੁਹਾਈਆ। ਆਸਾ ਤ੍ਰਿਸ਼ਨਾ ਮੇਲ ਮਿਲਾਇਆ, ਜੂਠ ਝੂਠ ਵੱਜੇ ਵਾਧਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਵਿਚ ਸਮਾਇਆ, ਦਿਸ ਕਿਸੇ ਨਾ ਆਈਆ। ਪੰਚਮ ਨਾਦ ਸ਼ਬਦ ਧੁਨ ਆਪ ਵਜਾਇਆ, ਅਨਹਦ ਸੇਵਾ ਸਾਚੀ ਲਾਈਆ। ਟੇਢੀ ਬੰਕ ਪਾਰ ਕਰਾਇਆ, ਤ੍ਰੈਬੈਣੀ ਨੈਣੀ ਬੈਠਾ ਆਸਣ ਲਾਈਆ। ਸਰ ਸਰੋਵਰ ਸੋਭਾ ਪਾਇਆ, ਅੰਮ੍ਰਿਤ ਸਾਚਾ ਤਾਲ ਰਿਹਾ ਸੁਹਾਈਆ। ਕਾਗੋਂ ਹੰਸ ਲਏ ਬਣਾਇਆ, ਜਿਸ ਜਨ ਆਪਣੀ ਦਇਆ ਕਮਾਈਆ। ਬਜਰ ਕਪਾਟੀ ਤੋੜ ਤੋੜਾਇਆ, ਦਸਮ ਦੁਆਰੀ ਆਸਣ ਲਾਈਆ। ਦਸਮ ਦੁਆਰੀ ਆਸਣ ਇਕ ਵਿਛਾਇਆ, ਸਚ ਸੁਹੰਜਣੀ ਸੇਜ ਸੁਹਾਈਆ। ਨਿਰਗੁਣ ਨੂਰ ਕਰ ਰੁਸ਼ਨਾਇਆ, ਜੋਤ ਨਿਰੰਜਣ ਡਗਮਗਾਈਆ। ਸ਼ਬਦ ਸ਼ਬਦੀ ਮੇਲ ਮਿਲਾਇਆ, ਸੁਰਤੀ ਮਿਲੀ ਚਾਈਂ ਚਾਈਂਆ। ਚਾਤ੍ਰਿਕ ਤ੍ਰਿਖਾ ਆਪ ਬੁਝਾਇਆ, ਬੂੰਦ ਸੁਆਤੀ ਜਾਮ ਪਿਆਈਆ। ਬ੍ਰਹਮ ਪਾਰਬ੍ਰਹਮ ਸਮਾਇਆ, ਦੂਸਰ ਰੰਗ ਨਾ ਕੋਇ ਵਖਾਈਆ। ਸੁਤ ਦੁਲਾਰੇ ਤੇਰਾ ਪੰਧ ਦਏ ਮੁਕਾਇਆ, ਪਾਂਧੀ ਬਣੇ ਸੱਚਾ ਮਾਹੀਆ। ਰਵ ਸਸ ਦਿਵਸ ਰੈਣ ਸੇਵ ਲਗਾਇਆ, ਆਦਿ ਜੁਗਾਦਿ ਰਿਹਾ ਭੁਆਈਆ। ਕਲਜੁਗ ਅੰਤਮ ਵੇਖੇ ਥਾਉਂ ਥਾਂਇਆ, ਥਾਨ ਥਨੰਤਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਦੀਨ ਦਿਆਲ ਸੁਤ ਦੁਲਾਰੇ ਛੋਟੇ ਬਾਲ, ਬਾਲ ਅੰਞਾਣੇ ਆਪ ਸਮਝਾਈਆ । ਸੁਤ ਦੁਲਾਰਾ ਛੋਟਾ ਬਾਲਾ, ਦੀਨ ਦਿਆਲਾ ਆਪ ਸਮਝਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲਾ, ਤੇਰੀ ਚਾਲ ਆਪ ਸਮਝਾਇੰਦਾ। ਤੇਰੇ ਵਸ ਕਰਾਏ ਕਾਲ ਮਹਾਂਕਾਲਾ, ਤੇਰੀ ਸੇਵਾ ਸਚ ਵਖਾਇੰਦਾ। ਨਿਰਗੁਣ ਸਰਗੁਣ ਬਣੇ ਦਲਾਲਾ, ਲੋਕਮਾਤ ਵੇਖ ਵਖਾਇੰਦਾ। ਲੱਖ ਚੁਰਾਸੀ ਫਲ ਫੁਲਵਾੜੀ ਲੇਖਾ ਜਾਣੇ ਪਤ ਡਾਲ੍ਹਾ, ਪਤ ਪੰਖੜੀਆਂ ਫੋਲ ਫੁਲਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਤੇਰਾ ਬਣਿਆ ਰਹੇ ਰਖਵਾਲਾ, ਤੇਰੇ ਸਿਰ ਹੱਥ ਰਖਾਇੰਦਾ। ਕਲਜੁਗ ਅੰਤਮ ਦੋ ਜਹਾਨਾ ਤੋੜੇ ਜੰਜਾਲਾ, ਆਪਣਾ ਹੁਕਮ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਆਪ ਸਮਝਾਇੰਦਾ। ਨਿਰਗੁਣ ਹੁਕਮ ਨਿਰਗੁਣ ਫ਼ਰਮਾਣ, ਨਿਰਗੁਣ ਰਿਹਾ ਸੁਣਾਈਆ। ਨਿਰਗੁਣ ਆਣ ਨਿਰਗੁਣ ਜਾਣ, ਨਿਰਗੁਣ ਗੇੜਾ ਰਿਹਾ ਭੁਆਈਆ। ਨਿਰਗੁਣ ਦਾਤਾ ਨਿਰਗੁਣ ਦਾਨੀ ਦਾਨ, ਨਿਰਗੁਣ ਭਿਖਕ ਨਿਰਗੁਣ ਭਿਛਿਆ ਝੋਲੀ ਪਾਈਆ। ਨਿਰਗੁਣ ਰਾਗ ਨਿਰਗੁਣ ਗਾਣ, ਗਾਵਣਹਾਰਾ ਨਿਰਗੁਣ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਵਖਾਈਆ। ਕਲਜੁਗ ਵੇਲਾ ਅੰਤਮ ਔਣਾ, ਨੌਂ ਨੌਂ ਚਾਰ ਪੰਧ ਮੁਕਾਈਆ। ਸ਼ਬਦ ਸੁਤ ਤੇਰਾ ਭੇਵ ਖੁਲ੍ਹੌਣਾ, ਆਪ ਆਪਣੀ ਗੋਦ ਬਹਾਈਆ। ਜੋਤੀ ਜਾਮਾ ਜੋਤ ਜਗੌਣਾ, ਜੋਤੀ ਨੂਰ ਨੂਰ ਰੁਸ਼ਨਾਈਆ। ਬ੍ਰਹਮਾ ਵਿਸ਼ਨ ਸ਼ਿਵ ਤੇਰੇ ਸੰਗ ਰਲੌਣਾ, ਸੋਇਆ ਕੋਇ ਰਹਿਣ ਨਾ ਪਾਈਆ। ਕਰੋੜ ਤੇਤੀਸਾ ਫੜ ਉਠੌਣਾ, ਸੁਰਪਤ ਰਾਜਾ ਇੰਦ ਦਏ ਹਲਾਈਆ। ਨੌਂ ਖੰਡ ਪ੍ਰਿਥਮੀ ਡੰਕ ਵਜੌਣਾ, ਸੱਤਾਂ ਦੀਪਾਂ ਭੇਵ ਨਾ ਰਾਈਆ। ਲੱਖ ਚੁਰਾਸੀ ਗੇੜ ਮੁਕੌਣਾ, ਗੇੜਾ ਗੇੜੇ ਵਿਚ ਟਿਕਾਈਆ। ਨਿਹਕਲੰਕੀ ਜਾਮਾ ਪੌਣਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਨਿਰਗੁਣ ਲੇਖਾ ਨਿਰਗੁਣ ਮੁਕੌਣਾ, ਸਰਗੁਣ ਸੰਗ ਨਾ ਕੋਇ ਨਿਭਾਈਆ। ਸੁਤ ਦੁਲਾਰਾ ਆਪਣੀ ਗੋਦ ਬਹੌਣਾ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਆਪ ਵਰਤਾਈਆ। ਕਲਜੁਗ ਵੇਲਾ ਅੰਤਮ ਆਇਆ, ਅੰਤ ਰਹਿਣ ਨਾ ਪਾਈਆ। ਜੋਤੀ ਜਾਮਾ ਸ੍ਰੀ ਭਗਵੰਤ ਰਖਾਇਆ, ਭਗਵਨ ਰੂਪ ਦਿਸ ਨਾ ਆਈਆ। ਗੁਰਮੁਖ ਸਾਚੇ ਸੰਤ ਉਠਾਇਆ, ਜੁਗ ਵਿਛੜੇ ਲਏ ਮਿਲਾਈਆ। ਨਾਰੀ ਕੰਤ ਇਕ ਦਰਸਾਇਆ, ਦਰਸ ਦਰਸ ਨੈਣ ਬਿਗਸਾਈਆ। ਅਬਿਨਾਸ਼ੀ ਕਰਤੇ ਤਰਸ ਕਮਾਇਆ, ਹਰਿਜਨ ਸਾਚੇ ਲਏ ਉਠਾਈਆ। ਕਲਜੁਗ ਤ੍ਰਿਸ਼ਨਾ ਹਰਸ ਮਿਟਾਇਆ, ਅੰਮ੍ਰਿਤ ਮੇਘ ਇਕ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਵੇਖ ਵਖਾਈਆ। ਨਿਰਗੁਣ ਸ਼ਬਦ ਨਿਰਗੁਣ ਢੋਲਾ, ਨਿਰਗੁਣ ਰਿਹਾ ਗਾਈਆ। ਨਿਰਗੁਣ ਦਾਤਾ ਨਿਰਗੁਣ ਵਿਚੋਲਾ, ਨਿਰਗੁਣ ਗੁਰ ਗੁਰ ਰੂਪ ਵਟਾਈਆ। ਨਿਰਗੁਣ ਗੀਤ ਨਿਰਗੁਣ ਸੋਹਲਾ, ਨਿਰਗੁਣ ਰਿਹਾ ਸੁਣਾਈਆ। ਨਿਰਗੁਣ ਕੰਡਾ ਨਿਰਗੁਣ ਤੋਲਾ, ਨਿਰਗੁਣ ਤੋਲਣਹਾਰ ਅਖਵਾਈਆ। ਨਿਰਗੁਣ ਬਦਲਿਆ ਆਪਣਾ ਚੋਲਾ, ਕਾਇਆ ਚੋਲੀ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਸ਼ਬਦ ਕਰੇ ਕੁੜਮਾਈਆ। ਸ਼ਬਦ ਕੁੜਮਾਈ ਜੁੜਿਆ ਨਾਤਾ, ਜੋਤੀ ਜਾਤਾ ਵੇਖ ਵਖਾਇੰਦਾ। ਮੇਲ ਮਿਲਾਵਾ ਪੁਰਖ ਬਿਧਾਤਾ, ਸਾਚੀ ਗਾਥਾ ਆਪ ਸੁਣਾਇੰਦਾ। ਲੇਖਾ ਜਾਣੇ ਦਾਨੀ ਦਾਤਾ ਦਿਵਸ ਰਾਤਾ, ਸਗਲਾ ਸਾਥਾ ਆਪ ਨਿਭਾਇੰਦਾ। ਮੇਟੇ ਅੰਧੇਰੀ ਰੈਣ ਰਾਤਾ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਚਾਰ ਵਰਨ ਪਿਆਏ ਕਾਇਆ ਅੰਮ੍ਰਿਤ ਬਾਟਾ, ਅੰਮ੍ਰਿਤ ਆਤਮ ਸਰ ਸਰੋਵਰ ਇਕ ਵਖਾਇੰਦਾ। ਲਹਿਣਾ ਦੇਣਾ ਚੁੱਕੇ ਤੀਰਥ ਤਾਟਾ, ਅਠਸਠ ਫੇਰੀ ਕੋਈ ਨਾ ਪਾਇੰਦਾ। ਘਰ ਘਰ ਜੋਤ ਜਗਾਏ ਲਿਲਾਟਾ, ਨੂਰੋ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣਾ ਦਰ ਆਪੇ ਵੇਖ ਵਖਾਇੰਦਾ। ਆਪਣਾ ਦਰ ਵੇਖਣ ਆਇਆ, ਕਲ ਕਲਕੀ ਲੈ ਅਵਤਾਰ। ਨੇਤਰ ਲੋਚਣ ਨੈਣ ਆਪਣੇ ਆਪੇ ਪੇਖਣ ਆਇਆ, ਪਰਗਟ ਹੋ ਵਿਚ ਸੰਸਾਰ। ਆਪਣਾ ਲੇਖਾ ਧੁਰ ਦਾ ਆਪੇ ਮੇਟਣ ਆਇਆ, ਆਪੇ ਲੇਖਾ ਲਿਖੇ ਆਪਣੀ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਕੂੜੀ ਕਿਰਿਆ ਦਏ ਨਿਵਾਰ। ਕਲਜੁਗ ਕੂੜਾ ਨਾਤਾ ਤੋੜਨਾ, ਤੁੱਟੇ ਸਰਬ ਸੰਸਾਰ। ਜੂਠਾ ਝੂਠਾ ਵਿਕਾਰ ਹੋੜਨਾ, ਗ੍ਰਹਿ ਮੰਦਰ ਨਾ ਕੋਈ ਪਸਾਰ। ਪੰਚ ਵਿਕਾਰ ਨਾ ਪਾਏ ਸ਼ੋਰਨਾ, ਆਸਾ ਤ੍ਰਿਸ਼ਨਾ ਨਾ ਕਰੇ ਖ਼ਵਾਰ। ਆਪਣੇ ਹੱਥ ਪਕੜੇ ਡੋਰਨਾ, ਮਨ ਮਨੂਆ ਨਾ ਹੋਏ ਉਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਲਏ ਉਭਾਰ। ਲੱਖ ਚੁਰਾਸੀ ਖੇਲ ਅਪਾਰਾ, ਨਿਰਗੁਣ ਸਰਗੁਣ ਧਾਰ ਚਲਾਈਆ। ਪੰਜ ਤਤ ਕਰ ਅਕਾਰਾ, ਨਿਰਾਕਾਰ ਵੇਖ ਵਖਾਈਆ। ਰਕਤ ਬੂੰਦ ਕਰ ਪਸਾਰਾ, ਹੱਡ ਮਾਸ ਨਾੜੀ ਰਤ ਲਾਏ ਇਟਾਂ ਗਾਰਾ, ਬੰਕ ਗੜ੍ਹ ਆਪ ਬਣਾਈਆ। ਪੰਜ ਪੰਜੀ ਖੇਲ ਨਿਆਰਾ, ਤਤਵ ਤਤ ਨਾਲ ਮਿਲਾਈਆ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਦਏ ਸਹਾਰਾ, ਮਨ ਮਤ ਬੁਧ ਕਰੇ ਕੁੜਮਾਈਆ। ਕਰਮੀ ਕਰਮ ਭਰ ਭੰਡਾਰਾ, ਨੇਹਕਰਮੀ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਖਲਾਈਆ। ਆਪੇ ਪੰਜ ਤਤ ਪਸਾਰਾ, ਜੀਆਂ ਦਾਨ ਝੋਲੀ ਪਾਇੰਦਾ। ਆਪੇ ਕਰਮਾਂ ਕਰ ਵਰਤਾਰਾ, ਕਰਮ ਕੁਕਰਮਾਂ ਵੇਸ ਵਟਾਇੰਦਾ। ਆਪੇ ਧਰਮ ਧਰ ਸੰਸਾਰਾ, ਸਾਚਾ ਮਾਰਗ ਆਪੇ ਲਾਇੰਦਾ। ਆਪੇ ਜਨਮ ਜਨਮ ਲੈ ਅਵਤਾਰਾ, ਆਪੇ ਜੂਨੀ ਜੂਨ ਫੇਰਾ ਪਾਇੰਦਾ। ਆਪੇ ਪਾਪ ਪੁੰਨ ਕਰ ਵਿਚਾਰਾ, ਸਾਚੇ ਕੰਡੇ ਆਪੇ ਤੋਲ ਤੁਲਾਇੰਦਾ। ਆਪੇ ਮੂਰਖ ਮੁਗਧ ਹੋਏ ਗਵਾਰਾ, ਆਪੇ ਬ੍ਰਹਮ ਗਿਆਨ ਦ੍ਰਿੜਾਇੰਦਾ। ਆਪੇ ਮਾਰੇ ਦੋਜ਼ਖ਼ ਮਾਰਾ, ਸਚ ਬਹਿਸ਼ਤੀ ਆਪ ਸੁਹਾਇੰਦਾ। ਆਪੇ ਸਚਖੰਡ ਵਖਾਏ ਇਕ ਅਖਾੜਾ, ਕੁੰਭੀ ਨਰਕ ਆਪ ਫਿਰਾਇੰਦਾ। ਆਪੇ ਜ਼ੋਰੂ ਜ਼ਰ ਵਖਾਏ ਵਿਚ ਸੰਸਾਰਾ, ਹੁਕਮੀ ਹੁਕਮ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਣ ਅਵਗੁਣ ਆਪਣੇ ਹੱਥ ਰਖਾਇੰਦਾ। ਗੁਣ ਅਵਗੁਣ ਖੇਲ ਕਰਤਾਰ, ਪੰਚ ਤਤ ਆਪ ਲਿਖਾਇੰਦਾ। ਆਪੇ ਸੁਹਾਏ ਗੜ੍ਹ ਹੰਕਾਰ, ਮਾਇਆ ਮਮਤਾ ਆਪ ਉਪਾਇੰਦਾ। ਆਪੇ ਕੂੜ ਕੁੜਿਆਰਾ ਕਰੇ ਸ਼ੰਗਾਰ, ਨਾਰ ਵੇਸਵਾ ਰੂਪ ਵਟਾਇੰਦਾ। ਆਪੇ ਜੁਗ ਜੁਗ ਜਨਮ ਜਨਮ ਪਾਵੇ ਸਾਰ, ਪੂਰਬ ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੋਸ਼ੀ ਆਪੇ ਨਿਰਦੋਸ਼, ਆਪੇ ਦੋਸ਼ ਸੀਸ ਲਗਾਇੰਦਾ। ਆਪੇ ਕਰੇ ਪਾਕੀ ਪਾਕ, ਪਤਿਤ ਪਾਵਨ ਆਪ ਅਖਵਾਈਆ। ਆਪੇ ਦੇਵੇ ਵਰ ਸਰਾਫ਼, ਆਪੇ ਚਾਰ ਕੁੰਟ ਭਵਾਈਆ। ਆਪ ਸੁਹਾਏ ਆਪਣੀ ਖਾਟ, ਆਪੇ ਜੰਗਲ ਜੂਹ ਉਜਾੜ ਪਹਾੜ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੇੜਾ ਆਪਣੇ ਹੱਥ ਰਖਾਈਆ। ਆਪੇ ਪਾਪੀਆਂ ਦੇਵੇ ਡੰਨ, ਆਪਣਾ ਹੁਕਮ ਆਪ ਵਰਤਾਇੰਦਾ। ਆਪੇ ਮੁਸ਼ਕਾਂ ਦੇਵੇ ਬੰਨ, ਆਪੇ ਤੰਦਨ ਤੰਦ ਹੱਥ ਉਠਾਇੰਦਾ। ਆਪੇ ਆਪਣੇ ਉਤੇ ਜਾਏ ਮੰਨ, ਮਨ ਮਨੂਆ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਖੇਲ ਖਿਲਾਇੰਦਾ। ਲੋਕਮਾਤ ਜੀਵ ਜੰਤ ਰਾਜਾ, ਰਈਯਤ ਸਿਕਦਾਰ ਵਖਾਈਆ। ਹੁਕਮੀ ਹੁਕਮ ਬਣ ਨਵਾਬਾ, ਹੁਕਮੀ ਹੁਕਮ ਰਿਹਾ ਵਰਤਾਈਆ। ਹੁਕਮ ਮੰਨੇ ਬਣ ਗੁਲਾਮਾ, ਗਫ਼ਲਤ ਵਿਚ ਕਦੇ ਨਾ ਆਈਆ। ਮੁਸ਼ਕਾਂ ਬੰਨੇ ਵਿਚ ਜਹਾਨਾ, ਦੌਲਤ ਕੋਈ ਨੇੜ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁਸ਼ਟੀ ਰਾਜਾ ਇਕ ਵਖਾਈਆ। ਦੁਸ਼ਟੀ ਹੁਕਮ ਦੇਵਣਹਾਰਾ, ਮੰਨਣਹਾਰ ਨਿਰਦੋਸ਼ ਰਖਾਇੰਦਾ । ਪਾਪੀ ਡੰਨ ਦੇਵੇ ਵਿਚ ਸੰਸਾਰਾ, ਜੀਵ ਜੰਤ ਨਾ ਕੋਈ ਬਚਾਇੰਦਾ। ਦੋਹਾਂ ਵਿਚੋਲਾ ਆਪ ਨਿਰੰਕਾਰਾ, ਆਪ ਆਪਣੀ ਖੇਲ ਖਿਲਾਇੰਦਾ। ਭੋਲਾ ਭਾਲਾ ਜੀਵ ਗਵਾਰਾ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਆਪਣੀ ਬੁਧੀ ਕਰੇ ਵਿਚਾਰਾ, ਅਨਭਵ ਖੇਲ ਨਾ ਵੇਖ ਵਖਾਇੰਦਾ। ਕਰਮ ਕੁਕਰਮ ਜੁਰਮ ਮਾਰੇ ਮਾਰਾ, ਪੂਰਬ ਲੇਖਾ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਪਾਪੀ ਪਾਏ ਜੂੜ, ਆਪੇ ਫੰਦ ਕਟਾਇੰਦਾ।
