Granth 09 Likhat 208: 13 Assu 2017 Bikarmi Lachman Singh de Greh Pind Bhoore Jila Amritsar

੧੩ ਅੱਸੂ ੨੦੧੭ ਬਿਕ੍ਰਮੀ ਲਛਮਣ ਸਿੰਘ ਦੇ ਗ੍ਰਹਿ ਪਿੰਡ ਭੂਰੇ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਸਚ ਸੁਲਤਾਨਾ, ਤਖ਼ਤ ਨਿਵਾਸੀ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਖੇਲੇ ਖੇਲ ਦੋ ਜਹਾਨਾਂ, ਇਕ ਇਕੱਲਾ ਵੇਸ ਵਟਾਇੰਦਾ। ਏਕੰਕਾਰਾ ਵਡ ਬਲਵਾਨਾ, ਜੋਧਾ ਸੂਰਬੀਰ ਬਲੀ ਬਲਵਾਨ ਆਪ ਅਖਵਾਇੰਦਾ। ਆਦਿ ਨਿਰੰਜਣ ਨੂਰ ਮਹਾਨਾ, ਜੋਤੀ ਜੋਤ ਡਗਮਗਾਇੰਦਾ। ਸ੍ਰੀ ਭਗਵਾਨ ਵਸੇ ਸਚ ਮਕਾਨਾ, ਸਚਖੰਡ ਦਵਾਰਾ ਆਪ ਸੁਹਾਇੰਦਾ। ਅਬਿਨਾਸ਼ੀ ਕਰਤਾ ਦਰ ਦਵਾਰ ਹੋਏ ਦਰਬਾਨਾ, ਦਰ ਦਰਵੇਸ਼ ਸੇਵ ਕਮਾਇੰਦਾ। ਪਾਰਬ੍ਰਹਮ ਪ੍ਰਭ ਗੁਣ ਨਿਧਾਨਾ, ਭੇਵ ਅਭੇਦਾ ਭੇਵ ਛੁਪਾਇੰਦਾ। ਸਾਚਾ ਤਖ਼ਤ ਕਰ ਪਰਵਾਨਾ, ਆਸਣ ਸਿੰਘਾਸਣ ਇਕ ਸੁਹਾਇੰਦਾ। ਆਦਿ ਜੁਗਾਦੀ ਧੁਰ ਫ਼ਰਮਾਣਾ, ਸ਼ਬਦ ਅਨਾਦੀ ਨਾਦ ਸੁਣਾਇੰਦਾ। ਜੁਗਾ ਜੁਗੰਤਰ ਖੇਲੇ ਖੇਲ ਮਹਾਨਾ, ਖੇਲਣਹਾਰਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਵੇਸ ਵਟਾਇੰਦਾ। ਇਕ ਇਕੱਲਾ ਏਕੰਕਾਰਾ, ਆਦਿ ਜੁਗਾਦਿ ਸਮਾਇਆ। ਸਚਖੰਡ ਸੁਹਾਏ ਇਕ ਦਵਾਰਾ, ਥਿਰ ਘਰ ਸਾਚੀ ਸੇਜ ਹੰਢਾਇਆ। ਅਲੱਖ ਅਗੋਚਰ ਅਗੰਮ ਅਪਾਰਾ, ਬੇਪਰਵਾਹ ਭੇਵ ਨਾ ਰਾਇਆ। ਹੁਕਮੀ ਹੁਕਮ ਵਰਤੇ ਵਰਤਾਰਾ, ਜੁਗ ਕਰਤਾ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਆਦਿ ਆਦਿ ਆਪਣੀ ਧਾਰ ਆਪ ਚਲਾਇਆ। ਸਾਚੀ ਧਾਰ ਹਰਿ ਚਲਾਇੰਦਾ, ਪਾਰਬ੍ਰਹਮ ਕਰਤਾਰ। ਦਰਗਹਿ ਸਾਚੀ ਧਾਮ ਸੁਹਾਇੰਦਾ, ਨਿਰਗੁਣ ਜੋਤ ਕਰ ਉਜਿਆਰ। ਆਪ ਆਪਣਾ ਰੂਪ ਪਰਗਟਾਇੰਦਾ, ਨਿਰਵੈਰ ਨਿਰਾਕਾਰ। ਜੂਨੀ ਰਹਿਤ ਆਪ ਅਖਵਾਇੰਦਾ, ਮੂਰਤ ਅਕਾਲ ਹੋ ਉਜਿਆਰ। ਸਤਿ ਨਾਮ ਆਪਣਾ ਆਪ ਧਰਾਇੰਦਾ, ਆਦਿ ਜੁਗਾਦੀ ਸਾਚੀ ਕਾਰ। ਕਰਤਾ ਪੁਰਖ ਕਿਰਤ ਕਰਾਇੰਦਾ, ਦਰ ਘਰ ਸਾਚਾ ਖੋਲ੍ਹ ਕਿਵਾੜ। ਹੁਕਮੀ ਹੁਕਮ ਇਕ ਸੁਣਾਇੰਦਾ, ਧੁਰ ਫ਼ਰਮਾਣਾ ਬੋਲ ਜੈਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰਗਹਿ ਸਾਚੇ ਧਾਮ ਵਡਿਆਇੰਦਾ। ਦਰਗਹਿ ਸਾਚੀ ਧਾਮ ਅਵੱਲਾ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਹਰਿ ਪੁਰਖ ਨਿਰੰਜਣ ਬੈਠਾ ਇਕ ਇਕੱਲਾ, ਏਕੰਕਾਰਾ ਰੂਪ ਵਟਾਈਆ। ਆਦਿ ਨਿਰੰਜਣ ਆਪਣੇ ਦੀਪਕ ਆਪੇ ਬੱਲਾ, ਨੂਰ ਨੁਰਾਨਾ ਡਗਮਗਾਈਆ। ਅਬਿਨਾਸ਼ੀ ਕਰਤਾ ਸਚ ਸਿੰਘਾਸਣ ਨੇਹਚਲ ਧਾਮ ਆਪੇ ਖਲਾ, ਸ੍ਰੀ ਭਗਵਾਨ ਸੰਗ ਨਿਭਾਈਆ। ਪਾਰਬ੍ਰਹਮ ਸਚ ਸੰਦੇਸ਼ ਨਰ ਨਰੇਸ਼ ਨਿਰਾਕਾਰ ਏਕਾ ਘੱਲਾ, ਏਕਾ ਧੁਨ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਸਚ ਸਿੰਘਾਸਣ ਆਪ ਸੋਹੇ ਪੁਰਖ ਅਬਿਨਾਸ਼ਨ, ਦੂਜਾ ਸੰਗ ਨਾ ਕੋਇ ਰਖਾਇੰਦਾ। ਸਚਖੰਡ ਦਵਾਰਾ ਸੋਭਾਵੰਤ, ਸਤਿ ਪੁਰਖ ਨਿਰੰਜਣ ਆਪ ਸੁਹਾਇੰਦਾ। ਨਿਰਗੁਣ ਬਣਾਏ ਨਿਰਗੁਣ ਬਣਤ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਨਿਰਗੁਣ ਨਾਰ ਨਿਰਗੁਣ ਕੰਤ, ਨਿਰਗੁਣ ਸਾਚੀ ਸੇਜ ਹੰਢਾਇੰਦਾ। ਨਿਰਗੁਣ ਮਹਿਮਾ ਗਾਏ ਅਗਣਤ, ਬੋਧ ਅਗਾਧਾ ਆਪਣਾ ਨਾਉਂ ਉਪਜਾਇੰਦਾ। ਨਿਰਗੁਣ ਆਦਿ ਨਿਰਗੁਣ ਅੰਤ, ਨਿਰਗੁਣ ਆਪਣਾ ਵੇਸ ਵਟਾਇੰਦਾ। ਨਿਰਗੁਣ ਨਾਮ ਨਿਰਗੁਣ ਮੰਤ, ਨਿਰਗੁਣ ਸ਼ਬਦੀ ਸ਼ਬਦ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਖੋਲ੍ਹ ਕਿਵਾੜਾ, ਏਕੰਕਾਰਾ ਆਸਣ ਲਾਇੰਦਾ। ਸਚਖੰਡ ਦਵਾਰਾ ਹਰਿ ਸੁਹਾਇੰਦਾ, ਇਕ ਇਕੱਲਾ ਏਕੰਕਾਰ। ਦੀਪਕ ਜੋਤੀ ਇਕ ਟਿਕਾਇੰਦਾ, ਆਦਿ ਜੁਗਾਦਿ ਰਹੇ ਉਜਿਆਰ। ਸੂਰਜ ਚੰਨ ਨਾ ਕੋਇ ਚੜ੍ਹਾਇੰਦਾ, ਮੰਡਲ ਮੰਡਪ ਨਾ ਕੋਇ ਸਹਾਰ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਵੇਖ ਵਖਾਇੰਦਾ, ਤ੍ਰੈਗੁਣ ਮਾਇਆ ਨਾ ਕੋਇ ਭੰਡਾਰ। ਪੰਜ ਤਤ ਨਾ ਜੋੜ ਜੁੜਾਇੰਦਾ, ਕਾਇਆ ਗੜ੍ਹ ਨਾ ਕੋਇ ਆਕਾਰ। ਵੇਦ ਪੁਰਾਨ ਨਾ ਕੋਇ ਗਾਇੰਦਾ, ਸ਼ਾਸਤਰ ਸਿਮਰਤ ਨਾ ਕੋਇ ਵਿਚਾਰ। ਚਾਰੇ ਖਾਣੀ ਨਾ ਕੋਇ ਬਣਾਇੰਦਾ, ਅੰਡਜ ਜੇਰਜ ਉਤਭੁਜ ਸੇਤਜ ਨਾ ਬੰਨ੍ਹੇ ਕੋਇ ਧਾਰ। ਚਾਰੇ ਬਾਣੀ ਨਾ ਕੋਈ ਸੁਣਾਇੰਦਾ, ਪਰਾ ਪਸੰਤੀ ਮਧਮ ਬੈਖਰੀ ਨਾ ਦਏ ਉਚਾਰ। ਚਾਰੇ ਜੁਗ ਨਾ ਵੰਡ ਵੰਡਾਇੰਦਾ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਕੋਇ ਨਾ ਜਾਣੇ ਵਾਰ। ਗੁਰ ਪੀਰ ਨਾ ਕੋਇ ਅਖਵਾਇੰਦਾ, ਸਾਧ ਸੰਤ ਨਾ ਕੋਇ ਪਸਾਰ। ਭਗਤ ਭਗਵੰਤ ਨਾ ਕੋਇ ਗਾਇੰਦਾ, ਰਸਨਾ ਜਿਹਵਾ ਕਰ ਆਧਾਰ। ਬੱਤੀ ਦੰਦ ਨਾ ਕੋਇ ਸਾਲਾਹਿੰਦਾ, ਪਵਣ ਸਵਾਸ ਨਾ ਪਾਵੇ ਸਾਰ। ਜੰਗਲ ਜੂਹ ਉਜਾੜ ਪਹਾੜ ਨਾ ਕੋਇ ਵਖਾਇੰਦਾ, ਸਮੁੰਦ ਸਾਗਰ ਨਾ ਕੋਇ ਜਲਧਾਰ। ਕਰੋੜ ਤੇਤੀਸਾ ਨਾ ਨਾਚ ਨਚਾਇੰਦਾ, ਸੁਰਪਤ ਇੰਦ ਨਾ ਵਾਜਾਂ ਰਿਹਾ ਮਾਰ। ਗਣ ਗੰਧਰਬ ਨਾ ਕੋਇ ਵਖਾਇੰਦਾ, ਕਿਨਰ ਯੱਛਪ ਨਾ ਕੋਇ ਨਚਾਰ। ਚੌਦਾਂ ਵਿਦਿਆ ਨਾ ਕੋਇ ਪੜ੍ਹਾਇੰਦਾ, ਚੌਦਾਂ ਲੋਕ ਨਾ ਕੋਇ ਪਸਾਰ। ਚੌਦਾਂ ਤਬਕ ਨਾ ਹੱਟ ਖੁਲ੍ਹਾਇੰਦਾ, ਖੇਲੇ ਖੇਲ ਅਗੰਮ ਅਪਾਰ। ਸਚਖੰਡ ਦਵਾਰਾ ਇਕ ਸੁਹਾਇੰਦਾ, ਆਪ ਆਪਣੀ ਕਿਰਪਾ ਧਾਰ। ਨਿਰਗੁਣ ਸਾਚਾ ਸੋਭਾ ਪਾਇੰਦਾ, ਪਾਰਬ੍ਰਹਮ ਸੱਚੀ ਸਰਕਾਰ। ਸਚ ਸਿੰਘਾਸਣ ਇਕ ਸੁਹਾਇੰਦਾ, ਸ਼ਾਹੋ ਭੂਪ ਬਣ ਸਿਕਦਾਰ। ਸੀਸ ਆਪਣੇ ਤਾਜ ਟਿਕਾਇੰਦਾ, ਪੰਚਮ ਮੁਖ ਮੁਖ ਪਿਆਰ। ਸੱਤ ਰੰਗ ਨਿਸ਼ਾਨਾ ਆਪ ਚੜ੍ਹਾਇੰਦਾ, ਦਰਗਹਿ ਸਾਚੀ ਪਰਵਰਦਿਗਾਰ। ਮੁਕਾਮੇ ਹੱਕ ਡੇਰਾ ਲਾਇੰਦਾ, ਜੋਤੀ ਨੂਰ ਕਰ ਉਜਿਆਰ। ਆਦਿ ਜੁਗਾਦੀ ਡਗਮਗਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸੇ ਸਾਚੇ ਘਰ, ਸਚਖੰਡ ਦਵਾਰਾ ਆਪ ਸੁਹਾਇੰਦਾ। ਸਚਖੰਡ ਦਵਾਰਾ ਹਰਿ ਸੁਹਾਇੰਦਾ, ਏਕਾ ਰੰਗ ਸਮਾਏ। ਪੁਰਖ ਅਬਿਨਾਸ਼ੀ ਖੇਲ ਖਿਲਾਇੰਦਾ, ਜੂਨੀ ਰਹਿਤ ਬੇਪਰਵਾਹੇ। ਅਨਭਵ ਆਪਣਾ ਪਰਕਾਸ਼ ਕਰਾਇੰਦਾ, ਪਰਕਾਸ਼ ਪਰਕਾਸ਼ ਵਿਚ ਟਿਕਾਏ। ਨਿਰਭੌ ਭੈ ਨਾ ਕੋਇ ਜਣਾਇੰਦਾ, ਭੈ ਭਿਆਨਕ ਆਪਣਾ ਆਪ ਹੋਏ ਸਹਾਏ। ਅਚਨ ਅਚਾਨਕ ਆਪਣਾ ਰੂਪ ਪਰਗਟਾਇੰਦਾ, ਮਾਤ ਪਿਤ ਨਾ ਕੋਇ ਸੁਹਾਏ। ਜਗਤ ਸਿਆਣਪ ਨਾ ਕੋਇ ਰਖਾਇੰਦਾ, ਧੁਰ ਫ਼ਰਮਾਣਾ ਹੁਕਮ ਸੁਣਾਏ। ਵਣਜ ਵਣਜਾਰਾ ਹੱਟ ਨਾ ਕੋਇ ਖੁਲਾਇੰਦਾ, ਦਰ ਘਰ ਸਾਚਾ ਇਕ ਉਪਾਏ। ਆਪ ਆਪਣੀ ਜੋਤ ਜਗਾਇੰਦਾ, ਬਿਮਲ ਰੂਪ ਸੱਚਾ ਸ਼ਹਿਨਸ਼ਾਹੇ। ਸਚ ਸਿੰਘਾਸਣ ਆਸਣ ਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵਸੇ ਸਾਚੇ ਘਰ, ਸਚਖੰਡ ਦਵਾਰਾ ਆਪ ਵਡਿਆਏ। ਸਚਖੰਡ ਦਵਾਰ ਸੁਹੰਜਣਾ, ਪੁਰਖ ਅਬਿਨਾਸ਼ੀ ਆਪ ਸੁਹਾਇਆ। ਜੋਤ ਜਗਾਏ ਇਕ ਨਿਰੰਜਣਾ, ਆਦਿ ਜੁਗਾਦਿ ਰਹੇ ਰੁਸ਼ਨਾਇਆ। ਨਾ ਘੜਿਆ ਨਾ ਭੱਜਣਾ, ਨਾ ਮਰੇ ਨਾ ਜਾਇਆ। ਨਾ ਕੋਈ ਸਰੋਵਰ ਨਾ ਕੋਈ ਮਜਨਾ, ਨਹਾਵਣ ਨਹੌਣ ਨਾ ਕੋਇ ਨੁਹਾਇਆ। ਨਾ ਕੋਈ ਨਗਾਰਾ ਨਾ ਕੋਈ ਤਾਲ ਵੱਜਣਾ, ਨਾਦ ਅਨਾਦ ਨਾ ਕੋਇ ਸੁਣਾਇਆ। ਇਕ ਇਕੱਲਾ ਘਰ ਸਾਚੇ ਬੈਠਾ ਏਕਾ ਸਜਣਾ, ਆਪ ਆਪਣਾ ਸੰਗ ਨਿਭਾਇਆ। ਆਦਿ ਜੁਗਾਦਿ ਚਲਾਏ ਆਪਣਾ ਜਹਾਜਨਾ, ਰਥ ਰਥਵਾਹੀ ਹਰਿ ਰਘਰਾਇਆ। ਸਚਖੰਡ ਦਵਾਰੇ ਬਹਿ ਕਰੇ ਆਪਣਾ ਕਾਜਨਾ, ਕਰਤਾ ਪੁਰਖ ਸੇਵ ਕਮਾਇਆ। ਸ਼ਬਦ ਅਗੰਮੀ ਮਾਰੇ ਵਾਜਣਾ, ਨਾਉਂ ਨਿਰੰਕਾਰਾ ਆਪ ਪਰਗਟਾਇਆ। ਆਪੇ ਦੇਵੇ ਆਪਣਾ ਦਾਜਨਾ, ਆਪਣੀ ਵਸਤ ਆਪੇ ਝੋਲੀ ਪਾਇਆ। ਆਪੇ ਕਰੇ ਆਪਣੀ ਸਾਜਣਾ, ਸਾਜਣਹਾਰ ਆਪ ਅਖਵਾਇਆ। ਆਪੇ ਰੱਖੇ ਆਪਣੀ ਲਾਜਨਾ, ਪਾਰਬ੍ਰਹਮ ਵਡ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚਖੰਡ ਦਵਾਰਾ ਇਕ ਸੁਹਾਇਆ। ਸਚਖੰਡ ਦਵਾਰ ਸੁਹਾਵਣਾ, ਸੋ ਪੁਰਖ ਨਿਰੰਜਣ ਆਪ ਸੁਹਾਏ। ਹਰਿ ਪੁਰਖ ਨਿਰੰਜਣ ਡੇਰਾ ਲਾਵਣਾ, ਏਕੰਕਾਰਾ ਜੋਤ ਜਗਾਏ। ਆਦਿ ਨਿਰੰਜਣ ਡਗਮਗਾਵਣਾ, ਸਾਚੇ ਮੰਦਰ ਹੋਏ ਰੁਸ਼ਨਾਏ। ਸ੍ਰੀ ਭਗਵਾਨ ਤਖ਼ਤ ਸੁਹਾਵਣਾ, ਅਬਿਨਾਸ਼ੀ ਕਰਤਾ ਸੇਜ ਹੰਢਾਏ। ਪਾਰਬ੍ਰਹਮ ਨਿਉਂ ਨਿਉਂ ਆਪਣੇ ਅੱਗੇ ਸੀਸ ਝੁਕਾਵਣਾ, ਏਕਾ ਮੰਗਣ ਮੰਗ ਮੰਗਾਏ। ਸਤਿ ਪੁਰਖ ਨਿਰੰਜਣ ਦਇਆ ਕਮਾਵਣਾ, ਦੇਵਣਹਾਰਾ ਬੇਪਰਵਾਹੇ। ਆਪਣੀ ਵੰਡ ਆਪ ਵੰਡਾਵਣਾ, ਨਿਰਗੁਣ ਨਿਰਗੁਣ ਵੇਸ ਧਰਾਏ। ਆਪਣਾ ਰੰਗ ਆਪ ਰੰਗਾਵਣਾ, ਰੂਪ ਰੰਗ ਨਾ ਕੋਇ ਜਣਾਏ। ਆਪਣਾ ਸੰਗ ਆਪ ਨਿਭਾਵਣਾ, ਦੂਸਰ ਸੰਗ ਨਾ ਕੋਇ ਵਖਾਏ। ਆਪਣਾ ਬੰਕ ਆਪ ਸੁਹਾਵਣਾ, ਸਚਖੰਡ ਵੱਜੇ ਵਧਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਆਪ ਹੋ ਜਾਏ। ਨਿਰਗੁਣ ਦਾਤਾ ਬਣ ਭੰਡਾਰੀ, ਨਿਰਗੁਣ ਵਸਤ ਵੰਡਾਇੰਦਾ । ਨਿਰਗੁਣ ਦਰਵੇਸ਼ ਬਣੇ ਭਿਖਾਰੀ, ਨਿਰਗੁਣ ਭਿਛਿਆ ਝੋਲੀ ਪਾਇੰਦਾ। ਨਿਰਗੁਣ ਖੇਲੇ ਖੇਲ ਅਗੰਮ ਅਪਾਰੀ, ਨਿਰਗੁਣ ਅਲੱਖ ਅਗੋਚਰ ਆਪ ਅਖਵਾਇੰਦਾ। ਨਿਰਗੁਣ ਜੋਤ ਜਗੇ ਨਿਰੰਕਾਰੀ, ਨਿਰਗੁਣ ਨਰ ਨਰਾਇਣ ਆਪਣਾ ਨਾਉਂ ਧਰਾਇੰਦਾ। ਨਿਰਗੁਣ ਜੋਤੀ ਰਹੇ ਕਵਾਰੀ, ਨਿਰਗੁਣ ਨਾਰੀ ਕੰਤ ਆਪ ਪਰਨਾਇੰਦਾ। ਨਿਰਗੁਣ ਸੇਜ ਰਿਹਾ ਸਵਾਰੀ, ਸਚ ਸਿੰਘਾਸਣ ਇਕ ਵਛਾਇੰਦਾ। ਨਿਰਗੁਣ ਮੇਲਾ ਹਰਿ ਭਤਾਰੀ, ਕੰਤ ਕੰਤੂਲ ਸੋਭਾ ਪਾਇੰਦਾ। ਨਿਰਗੁਣ ਅੰਦਰ ਨਿਰਗੁਣ ਬਾਹਰੀ, ਨਿਰਗੁਣ ਗੁਪਤ ਜ਼ਾਹਰੀ ਵੇਸ ਵਟਾਇੰਦਾ। ਨਿਰਗੁਣ ਭੋਗ ਬਿਲਾਸ ਕਰਾਇੰਦਾ। ਨਿਰਗੁਣ ਸੁਹਾਏ ਉਚ ਮਹੱਲ ਅਟੱਲ ਮੁਨਾਰੀ, ਨਿਰਗੁਣ ਸੋਭਾ ਪਾਇੰਦਾ। ਨਿਰਗੁਣ ਜੋਤ ਜਗਾਏ ਇਕ ਉਜਿਆਰੀ, ਦੀਵਾ ਬੱਤੀ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਮੇਲਾ ਆਪਣਾ ਆਪ ਮਿਲਾਇੰਦਾ। ਨਿਰਗੁਣ ਮੇਲ ਮਿਲਾਇੰਦਾ, ਨਿਰਗੁਣ ਕਰ ਪਿਆਰ। ਨਿਰਗੁਣ ਅੰਗ ਲਗਾਇੰਦਾ, ਨਿਰਗੁਣ ਦਏ ਆਧਾਰ। ਨਿਰਗੁਣ ਨਿਰਗੁਣ ਵਿਚ ਸਮਾਇੰਦਾ, ਨਿਰਗੁਣ ਨਿਰਗੁਣ ਵਿਚੋਂ ਆਏ ਬਾਹਰ। ਨਿਰਗੁਣ ਸੁਤ ਦੁਲਾਰਾ ਜਾਇੰਦਾ, ਜਨਨੀ ਬਣੇ ਆਪ ਨਿਰੰਕਾਰ। ਆਪੇ ਆਪਣੀ ਗੋਦ ਸੁਹਾਇੰਦਾ, ਆਪੇ ਵੇਖੇ ਨੈਣ ਉਘਾੜ। ਆਪੇ ਆਪਣਾ ਰਸ ਪਿਆਇੰਦਾ, ਰਸ ਰਸੀਆ ਰਸਾਂ ਵਸੇ ਬਾਹਰ। ਆਪੇ ਆਪਣਾ ਦਾਸ ਬਣਾਇੰਦਾ, ਕਰ ਕਿਰਪਾ ਹਰਿ ਮਿਹਰਵਾਨ। ਆਪੇ ਆਪਣਾ ਵਾਸ ਰਖਾਇੰਦਾ, ਦੇਵਣਹਾਰਾ ਸਾਚਾ ਦਾਨ। ਆਪੇ ਜੋਤ ਪਰਕਾਸ਼ ਕਰਾਇੰਦਾ, ਆਦਿ ਜੁਗਾਦਿ ਰਹੇ ਨਿਗਹਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਉਪਜਾਏ ਸਾਚਾ ਸੁਤ, ਦੇਵਣਹਾਰਾ ਸਾਚਾ ਵਰ, ਸ਼ਬਦ ਸ਼ਬਦੀ ਖੇਲ ਖਿਲਾਇੰਦਾ। ਸ਼ਬਦ ਦੁਲਾਰਾ ਸਾਚਾ ਲਾਲ, ਸੋ ਪੁਰਖ ਨਿਰੰਜਣ ਆਪ ਉਪਾਇਆ। ਹਰਿ ਪੁਰਖ ਨਿਰੰਜਣ ਕਰੇ ਸਦਾ ਪ੍ਰਿਤਪਾਲ, ਆਦਿ ਜੁਗਾਦਿ ਹੋਏ ਸਹਾਇਆ। ਏਕੰਕਾਰਾ ਬਣੇ ਦਲਾਲ, ਦੋ ਜਹਾਨਾਂ ਵੇਖ ਵਖਾਇਆ। ਆਦਿ ਨਿਰੰਜਣ ਦੀਪਕ ਬਾਲ, ਕਰੇ ਕਰਾਏ ਸੱਚੀ ਰੁਸ਼ਨਾਇਆ। ਅਬਿਨਾਸ਼ੀ ਕਰਤਾ ਦੇਵੇ ਸਚ ਸੱਚਾ ਧਨ ਮਾਲ, ਸਚ ਖ਼ਜ਼ੀਨਾ ਇਕ ਭਰਾਇਆ। ਸ੍ਰੀ ਭਗਵਾਨ ਦਾਸ ਬਣਾਏ ਕਾਲ ਮਹਾਂਕਾਲ, ਧਰਮਸਾਲ ਇਕ ਸੁਹਾਇਆ। ਪਾਰ ਬ੍ਰਰਮ ਪ੍ਰਭ ਲਾਏ ਫੁਲ ਡਾਲ੍ਹ, ਫੁਲ ਫੁਲਵਾੜੀ ਵੇਖ ਵਖਾਇਆ। ਆਦਿ ਪੁਰਖ ਚਲੇ ਅਵੱਲੜੀ ਚਾਲ, ਲੇਖਾ ਲੇਖ ਨਾ ਕੋਇ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਇਕ ਸੁਹਾਇਆ। ਸਚਖੰਡ ਦਵਾਰਾ ਹਰਿ ਉਪਾਇਆ, ਮਹਿਮਾ ਅਕਥ ਕਥੀ ਨਾ ਜਾਈਆ। ਚਾਰ ਦੀਵਾਰ ਨਾ ਕੋਇ ਬਣਾਇਆ, ਛੱਪਰ ਛੰਨ ਨਾ ਕੋਇ ਛੁਹਾਈਆ। ਇਕ ਇਕੱਲਾ ਬੈਠਾ ਆਸਣ ਲਾਇਆ, ਸਵਛ ਸਰੂਪ ਬੇਪਰਵਾਹੀਆ। ਸ਼ਾਹੋ ਭੂਪ ਬੰਕ ਸੁਹਾਇਆ, ਆਦਿ ਅੰਤ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਸ਼ਾਹ ਪਾਤਸ਼ਾਹ, ਪਾਰਬ੍ਰਹਮ ਆਪ ਅਖਵਾਇੰਦਾ। ਅਕਾਲ ਪੁਰਖ ਬਣ ਮਲਾਹ, ਆਪਣਾ ਬੇੜਾ ਆਪ ਚਲਾਇੰਦਾ। ਨਿਰਗੁਣ ਨਿਰਵੈਰ ਦੇਵੇ ਇਕ ਸਲਾਹ, ਸਿਫਤ ਸਾਲਾਹੀ ਭੇਵ ਨਾ ਆਇੰਦਾ। ਸਚਖੰਡ ਦਵਾਰਾ ਰਚਨ ਰਚਾ, ਆਪਣਾ ਮੰਦਰ ਵੇਖ ਵਖਾਇੰਦਾ। ਆਪਣੀ ਇਛਿਆ ਆਪਣੀ ਭਿਛਿਆ ਆਪੇ ਝੋਲੀ ਦਏ ਭਰਾ, ਆਸਾ ਆਸਾ ਵਿਚ ਟਿਕਾਇੰਦਾ। ਸਚਖੰਡ ਅੰਦਰ ਥਿਰ ਘਰ ਲਏ ਉਪਾ, ਘਰ ਘਰ ਵਿਚ ਜੋਤ ਜਗਾਇੰਦਾ। ਸ਼ਬਦ ਸੁਤ ਵਿਚ ਦਏ ਬਹਾ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲਾਇੰਦਾ। ਘਰ ਵਿਚ ਘਰ ਘਰ ਉਪਾਇਆ, ਥਿਰ ਘਰ ਖ਼ੁਸ਼ੀ ਮਨਾਈਆ। ਆਪਣਾ ਜਾਇਆ ਵਿਚ ਬਹਾਇਆ, ਜੋਤੀ ਜਾਤਾ ਵੇਖ ਵਖਾਈਆ। ਦਾਈ ਦਾਇਆ ਸੇਵ ਕਮਾਇਆ, ਪਾਰਬ੍ਰਹਮ ਵੱਡੀ ਵਡਿਆਈਆ। ਹੁਕਮੀ ਹੁਕਮ ਆਪ ਵਰਤਾਇਆ, ਵਰਤੇ ਹੁਕਮ ਸੱਚਾ ਸ਼ਹਿਨਸ਼ਾਹੀਆ। ਹਰਿ ਹਰਿ ਕਰਤੇ ਖੇਲ ਰਚਾਇਆ, ਆਪਣਾ ਬੰਸ ਆਪ ਉਪਾਈਆ। ਆਪਣਾ ਪਰਚਾ ਆਪਣੇ ਅੱਗੇ ਆਪੇ ਪਾਇਆ, ਦੂਜਾ ਕਰੇ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਵੇਖੇ ਏਕਾ ਹਰਿ, ਸੁਤ ਦੁਲਾਰਾ ਰਿਹਾ ਸੁਹਾਈਆ। ਸੁਤ ਦੁਲਾਰਾ ਬਾਲ ਅਞਾਣਾ, ਸ਼ਬਦੀ ਸੀਸ ਝੁਕਾਇੰਦਾ। ਤੂੰ ਸਾਹਿਬ ਸੁਲਤਾਨਾ ਸੱਚਾ ਰਾਣਾ, ਸਾਚੇ ਤਖ਼ਤ ਸੋਭਾ ਪਾਇੰਦਾ। ਹਉਂ ਯਾਚਕ ਗ਼ਰੀਬ ਨਿਮਾਣਾ, ਦਰ ਤੇਰੇ ਅਲੱਖ ਜਗਾਇੰਦਾ। ਸਮਰਥ ਪੁਰਖ ਸਿਰ ਹੱਥ ਟਿਕਾਨਾ, ਤੇਰੀ ਓਟ ਇਕ ਤਕਾਇੰਦਾ। ਤੇਰਾ ਨਾਉਂ ਮੇਰਾ ਗਾਣਾ, ਮੇਰਾ ਗਾਣਾ ਤੇਰਾ ਨਾਉਂ ਅਲਾਇੰਦਾ। ਤੇਰਾ ਹੁਕਮ ਮੇਰਾ ਭਾਣਾ, ਮੇਰਾ ਭਾਣਾ ਤੇਰਾ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚਾ ਵੇਖੇ ਖੜ, ਆਪਣਾ ਦਵਾਰਾ ਆਪ ਖੁਲਾਇੰਦਾ। ਸ਼ਬਦ ਦੁਲਾਰਾ ਕਰੇ ਪੁਕਾਰ, ਪ੍ਰਭ ਅਗੇ ਸੀਸ ਝੁਕਾਈਆ। ਹਉਂ ਸੇਵਕ ਵਰਦਾ ਸੇਵਾਦਾਰ, ਤੂੰ ਪਾਤਸ਼ਾਹਾਂ ਸਿਰ ਪਾਤਸ਼ਾਹੀਆ। ਆਦਿ ਜੁਗਾਦਿ ਬਣਿਆ ਰਹਾਂ ਭਿਖਾਰ, ਸਚਖੰਡ ਦਵਾਰਾ ਰਾਹ ਤਕਾਈਆ। ਤੂੰ ਬਣਿਆ ਰਹਿਣਾ ਵਰਤਾਰ, ਮੇਰੀ ਤ੍ਰਿਸ਼ਨਾ ਭੁੱਖ ਮਿਟਾਈਆ। ਬਿਨ ਤੁਧ ਅਵਰ ਨਾ ਮੰਗਾਂ ਕੋਇ ਦਰਬਾਰ, ਦੂਜੀ ਅਵਰ ਨਾ ਕੋਇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਬਖ਼ਸ਼ਿਸ਼ ਤੇਰੇ ਹੱਥ ਵਡਿਆਈਆ। ਪੁਰਖ ਅਬਿਨਾਸ਼ੀ ਦੀਆ ਦਾਨ, ਸਾਚੇ ਸੁਤ ਸੁਤ ਸਮਝਾਇੰਦਾ। ਆਦਿ ਜੁਗਾਦਿ ਸੁਣਾਏ ਧੁਰ ਫ਼ਰਮਾਣ, ਆਪਣਾ ਨਾਉਂ ਤੇਰੀ ਝੋਲੀ ਪਾਇੰਦਾ। ਤੇਰਾ ਨਾਉਂ ਮੇਰਾ ਨਿਸ਼ਾਨ, ਦੋ ਜਹਾਨ ਇਕ ਵਖਾਇੰਦਾ। ਤੇਰਾ ਮਾਣ ਮੇਰਾ ਤਾਣ, ਨਿਗਹਬਾਨ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਚਾ ਮੇਲਾ ਮੇਲ ਮਿਲਾਇੰਦਾ। ਸ਼ਬਦ ਸੁਤ ਨਿਵਾਏ ਸੀਸ, ਨਿਉਂ ਨਿਉਂ ਕਰੇ ਨਿਮਸਕਾਰਾ। ਪਾਰਬ੍ਰਹਮ ਸਚ ਜਗਦੀਸ਼, ਹਉਂ ਸੇਵਕ ਖੜਾ ਦਵਾਰਾ। ਏਕਾ ਛੱਤਰ ਵੇਖਾਂ ਤੇਰੇ ਸੀਸ, ਦੋ ਜਹਾਨ ਬਣਿਆ ਰਹੇ ਸੱਚਾ ਸਿਕਦਾਰਾ। ਜੁਗਾ ਜੁਗੰਤਰ ਤੇਰਾ ਪੀਸਣ ਲਵਾਂ ਪੀਸ, ਹੁਕਮੀ ਹੁਕਮ ਵਰਤੇ ਵਰਤਾਰਾ। ਇਕ ਉਪਜਾਏ ਸਚ ਹਦੀਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਦੇਵੇ ਵਰ ਏਕੰਕਾਰਾ। ਏਕੰਕਾਰ ਦਇਆ ਕਮਾਇੰਦਾ, ਦਇਆਨਿਧ ਸ੍ਰੀ ਭਗਵਾਨ। ਆਪਣੇ ਸੁਤ ਸੇਵ ਲਗਾਇੰਦਾ, ਅਬਿਨਾਸ਼ੀ ਅਚੁੱਤ ਵਡ ਮਿਹਰਵਾਨ। ਧੁਰ ਫ਼ਰਮਾਣਾ ਇਕ ਸੁਣਾਇੰਦਾ, ਵੰਡੇ ਵੰਡ ਗੁਣ ਨਿਧਾਨ। ਨਿਰਗੁਣ ਨਿਰਗੁਣ ਅੰਗ ਕਟਾਇੰਦਾ, ਵਿਸ਼ਵ ਰੂਪ ਕਰ ਪਰਵਾਨ। ਵਿਸ਼ਨ ਆਪਣੀ ਅੰਸ ਬਣਾਇੰਦਾ, ਆਪੇ ਰੱਖਣਹਾਰਾ ਮਾਣ। ਨਿਰਾਕਾਰ ਸਾਕਾਰ ਹੋ ਜਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚਾ ਤਖ਼ਤ ਆਪ ਸੁਹਾਇੰਦਾ। ਸ਼ਬਦ ਦੁਲਾਰਾ ਉਠਿਆ, ਥਿਰ ਘਰ ਸਾਚੇ ਲਏ ਅੰਗੜਾਈਆ। ਸੋ ਪੁਰਖ ਨਿਰੰਜਣ ਏਕਾ ਤੁੱਠਿਆ, ਵਸਤ ਅਮੋਲਕ ਝੋਲੀ ਪਾਈਆ। ਆਦਿ ਜੁਗਾਦਿ ਨਾ ਜਾਏ ਲੁੱਟਿਆ, ਜੁਗ ਜੁਗ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਸੁ ਵੇਲਾ ਸੋਹਾਂ ਦਰ, ਆਦਿ ਪੁਰਖ ਦਏ ਸਮਝਾਈਆ। ਆਦਿ ਪੁਰਖ ਸਮਝਾਇੰਦਾ, ਕਰ ਕਿਰਪਾ ਮਿਹਰਵਾਨ। ਸੁਤ ਸ਼ਬਦ ਆਪ ਉਠਾਇੰਦਾ, ਦਾਤਾ ਦਾਨੀ ਦਇਆਵਾਨ। ਹੁਕਮੀ ਹੁਕਮ ਆਪ ਵਰਤਾਇੰਦਾ, ਸ਼ਾਹੋ ਭੂਪ ਹੁਕਮਰਾਨ। ਆਪਣਾ ਭੇਵ ਆਪ ਖੁਲਾਇੰਦਾ, ਲੇਖਾ ਲਿਖੇ ਨਾ ਕੋਇ ਗੁਣ ਨਿਧਾਨ। ਤੇਰੀ ਸਾਚੀ ਵੰਡ ਵੰਡਾਇੰਦਾ, ਵੰਡਣਹਾਰਾ ਆਪ ਭਗਵਾਨ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਝੋਲੀ ਪਾਇੰਦਾ, ਅੰਸ ਬੰਸ ਕਰ ਸੰਤਾਨ। ਤ੍ਰੈਗੁਣ ਮਾਇਆ ਰੂਪ ਪਰਗਟਾਇੰਦਾ, ਕਰੇ ਖੇਲ ਖੇਲ ਮਹਾਨ। ਲੱਖ ਚੁਰਾਸੀ ਭਾਂਡੇ ਆਪ ਘੜਾਇੰਦਾ, ਘਾੜਨ ਘੜੇ ਵਡ ਮਿਹਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਚੇ ਸ਼ਬਦ ਆਪ ਸਮਝਾਇੰਦਾ। ਸੁਤ ਦੁਲਾਰੇ ਕਰ ਧਿਆਨ, ਹਰਿ ਸਾਚਾ ਸਚ ਜਣਾਈਆ। ਬ੍ਰਹਿਮੰਡ ਖੰਡ ਲੋਆਂ ਪੁਰੀਆਂ ਤੇਰਾ ਇਕ ਨਿਸ਼ਾਨ, ਗਗਨ ਮੰਡਲ ਤੇਰੀ ਵਡਿਆਈਆ। ਸੂਰਜ ਚੰਨ ਮੰਗਣ ਤੇਰੇ ਕੋਲੋਂ ਦਾਨ, ਕਿਰਨ ਕਿਰਨ ਵਿਚ ਸਮਾਈਆ। ਮੰਡਲ ਮੰਡਪ ਜ਼ਿਮੀ ਅਸਮਾਨ, ਤੇਰੀ ਗੋਦ ਬਹਾਈਆ। ਜਲ ਬਿੰਬ ਕਰ ਪਰਵਾਨ, ਨੀਰ ਨੀਰ ਵਿਚ ਸਮਾਈਆ। ਲੱਖ ਚੁਰਾਸੀ ਨਿਗਹਬਾਨ, ਘਟ ਘਟ ਜੋਤ ਕਰੇ ਰੁਸ਼ਨਾਈਆ। ਤੇਰਾ ਸੰਗ ਨਿਭਾਏ ਬ੍ਰਹਮਾ ਵਿਸ਼ਨ ਸ਼ਿਵ ਏਕਾ ਦੇਣਾ ਸਾਚਾ ਦਾਨ, ਦਾਤਾ ਦਾਨੀ ਆਪ ਸਮਝਾਈਆ। ਵਿਸ਼ਨੂੰ ਘਰ ਘਰ ਰਿਜ਼ਕ ਪੁਚਾਏ ਆਣ, ਭੁੱਲ ਰਹੇ ਨਾ ਰਾਈਆ। ਬ੍ਰਹਮਾ ਬ੍ਰਹਮ ਕਰੇ ਪਰਧਾਨ, ਕੋਟਨ ਕੋਟ ਗੜ੍ਹ ਵਸਾਈਆ। ਸ਼ੰਕਰ ਅੰਤ ਕਰੇ ਕਲਿਆਣ, ਤ੍ਰੈਗੁਣ ਤ੍ਰਸੂਲ ਹੱਥ ਉਠਾਈਆ। ਕਰੇ ਖੇਲ ਸ੍ਰੀ ਭਗਵਾਨ, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਥਿਰ ਘਰ ਸਾਚੇ ਆਪੇ ਖੜ, ਏਕਾ ਸ਼ਬਦ ਦਏ ਵਡਿਆਈਆ। ਸ਼ਬਦ ਦੁਲਾਰਾ ਨੌਂਜਵਾਨ, ਆਪਣੀ ਸੇਵ ਕਮਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰ ਪਰਧਾਨ, ਸਾਚੀ ਸਿਖ਼ਿਆ ਇਕ ਸਮਝਾਇੰਦਾ। ਪਾਰਬ੍ਰਹਮ ਬ੍ਰਹਮ ਚਰਨ ਧਿਆਨ, ਦੂਜੀ ਲਿਵ ਨਾ ਕੋਇ ਧਰਾਇੰਦਾ। ਨਿਸ਼ ਅੱਖਰ ਦੇਵੇ ਇਕ ਗਿਆਨ, ਲਿਖਣ ਪੜ੍ਹਣ ਵਿਚ ਨਾ ਆਇੰਦਾ। ਨਾਮ ਨਿਧਾਨਾ ਮਾਰੇ ਬਾਣ, ਤਿਖ਼ੀ ਮੁਖੀ ਮੁਖ ਸਾਲਾਹਿੰਦਾ। ਚਾਰੋਂ ਕੁੰਟ ਹੋ ਪਰਧਾਨ, ਦਹਿ ਦਿਸ਼ਾਂ ਵੇਖ ਵਖਾਇੰਦਾ। ਚਾਰੇ ਵੇਦ ਗਾਏ ਗਾਣ, ਗੀਤ ਗੋਬਿੰਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਸਾਚਾ ਵਰ, ਸਾਚੇ ਸੁਤ ਹਰਿ ਸਮਝਾਇੰਦਾ। ਹਰਿ ਸਮਝਾਏ ਆਪਣੀ ਧਾਰ, ਨਿਸ਼ ਅੱਖਰ ਕਰੇ ਪੜ੍ਹਾਈਆ। ਲੱਖ ਚੁਰਾਸੀ ਕਰ ਪਸਾਰ, ਘਟ ਘਟ ਬੈਠਾ ਜੋਤ ਜਗਾਈਆ। ਨਿਰਗੁਣ ਸਰਗੁਣ ਦਏ ਆਧਾਰ, ਸਰਗੁਣ ਨਿਰਗੁਣ ਵਿਚ ਟਿਕਾਈਆ। ਬਣੇ ਵਚੋਲਾ ਆਪ ਕਰਤਾਰ, ਸਾਚਾ ਢੋਲਾ ਸ਼ਬਦ ਸੁਣਾਈਆ। ਬਣਿਆ ਤੋਲਾ ਤੋਲਣਹਾਰ, ਅਤੋਲ ਅਤੁਲ ਆਪ ਅਖਵਾਈਆ। ਕਰੇ ਖੇਲ ਅਪਰ ਅਪਾਰ, ਅਗੰਮ ਅਗੰਮੜੀ ਕਾਰ ਕਮਾਈਆ। ਕਾਗਦ ਕਲਮ ਨਾ ਲਿਖਣਹਾਰ, ਸਤ ਸਮੁੰਦਰ ਮਸ ਰੋਵੇ ਛਾਹੀਆ। ਪੁਰਖ ਅਬਿਨਾਸ਼ੀ ਸਭ ਤੋਂ ਵਸਿਆ ਬਾਹਰ, ਭੇਵ ਅਭੇਦਾ ਭੇਵ ਛੁਪਾਈਆ। ਆਪਣੀ ਰਚਨਾ ਰਚ ਸੰਸਾਰ, ਲੋਕਮਾਤ ਵੇਖ ਵਖਾਈਆ। ਘਾੜਨ ਘੜੇ ਅਪਰ ਅਪਾਰ, ਸਾਚੀ ਭੱਠੀ ਅਗਨ ਤਪਾਈਆ। ਜੋਤੀ ਲੰਬੂ ਲਾਏ ਏਕਾ ਵਾਰ, ਤਤਵ ਤਤ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਸ਼ਬਦ ਭੇਵ ਖੁਲ੍ਹਾਈਆ। ਭੇਵ ਖੁਲਾਏ ਪਾਰਬ੍ਰਹਮ, ਮਹਿਮਾ ਕਥ ਨਾ ਸਕੇ ਕੋਈ ਰਾਈਆ। ਆਦਿ ਜੁਗਾਦਿ ਨਾ ਮਰੇ ਨਾ ਪਏ ਜੰਮ, ਜੁਗ ਜੁਗ ਆਪਣੀ ਰਚਨ ਰਚਾਈਆ। ਜੁਗਾ ਜੁਗੰਤਰ ਕਰਤਾ ਪੁਰਖ ਕਰੇ ਕਾਰਜ ਕੰਮ, ਕਰਨਹਾਰ ਆਪ ਹੋ ਜਾਈਆ। ਲੱਖ ਚੁਰਾਸੀ ਦੇਵੇ ਦਮ, ਪਵਣ ਸਵਾਸੀ ਸਵਾਸ ਸਮਾਈਆ। ਚਾਰੇ ਖਾਣੀ ਬੇੜਾ ਬੰਨ੍ਹ, ਧੁਰ ਦੀ ਬਾਣੀ ਆਪ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਏਕਾ ਸਿਖ਼ਿਆ ਹਰਿ ਸਮਝਾਈਆ। ਸਿਖ਼ਿਆ ਸਿੱਖ ਛੋਟਾ ਬਾਲਾ, ਸ਼ਬਦੀ ਸੀਸ ਝੁਕਾਇੰਦਾ। ਤੇਰਾ ਖੇਲ ਪੁਰਖ ਅਕਾਲਾ, ਲੋਕਮਾਤ ਖਲਾਇੰਦਾ। ਤੂੰ ਦੀਨਾਂ ਬੰਧੂ ਦੀਨ ਦਿਆਲਾ, ਦੇ ਦਇਆ ਤੇਰੀ ਮੰਗ ਮੰਗਾਇੰਦਾ। ਲੱਖ ਚੁਰਾਸੀ ਰਚੀ ਧਰਮਸਾਲਾ, ਘਰ ਘਰ ਤੇਰਾ ਮੰਦਰ ਬਣਾਇੰਦਾ। ਏਕਾ ਸ਼ਬਦ ਵਜਾਏ ਤਾਲਾ, ਅਨਹਦ ਸਾਚੀ ਸੇਵ ਲਗਾਇੰਦਾ। ਆਪਣਾ ਮਾਰਗ ਦੱਸਣਾ ਇਕ ਸੁਖ਼ਾਲਾ, ਕਵਣ ਵੇਲਾ ਮੇਲ ਮਿਲਾਇੰਦਾ। ਕਵਣ ਜੁਗ ਪੂਰੀ ਹੋਏ ਘਾਲਾ, ਚੌਕੜੀ ਜੁਗ ਕਵਣ ਬਿਤਾਇੰਦਾ। ਕਵਣ ਰੂਪ ਹੋਏ ਦਲਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੀ ਮੰਗਣ ਮੰਗ ਮੰਗਾਇੰਦਾ। ਦੇਵੇ ਵਰ ਪੁਰਖ ਅਬਿਨਾਸ਼ਾ, ਭੇਵ ਰਹੇ ਨਾ ਰਾਈਆ। ਸਾਚੇ ਸੁਤ ਰਖ ਭਰਵਾਸਾ, ਪੁਰਖ ਅਕਾਲ ਅਕਾਲ ਸਮਝਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਰਹਿਣਾ ਦਾਸੀ ਦਾਸਾ, ਲੱਖ ਚੁਰਾਸੀ ਸੇਵ ਕਮਾਈਆ। ਗਗਨ ਮੰਡਲ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪੌਣੀ ਰਾਸਾ, ਲੱਖ ਚੁਰਾਸੀ ਗੋਪੀ ਕਾਹਨ ਨਚਾਈਆ । ਗੁਰ ਅਵਤਾਰ ਦੇਵਣ ਆਇਣ ਜਗਤ ਦਿਲਾਸਾ, ਹੁਕਮੀ ਹੁਕਮ ਇਕ ਸੁਣਾਈਆ। ਭਗਤਾਂ ਅੰਦਰ ਕਰ ਕਰ ਵਾਸਾ, ਜਗਤ ਵਾਸਨਾ ਬਾਹਰ ਕਢਾਈਆ। ਸੰਤਨ ਪੂਰੀ ਕਰੇ ਆਸਾ, ਆਲਸ ਨਿੰਦਰਾ ਰਹੇ ਨਾ ਰਾਈਆ। ਗੁਰਮੁਖਾਂ ਅੰਮ੍ਰਿਤ ਰਸ ਚਵਾਏ ਕਾਇਆ ਕਾਸਾ, ਨਿਝਰ ਝਿਰਨਾ ਆਪ ਝਿਰਾਈਆ। ਗੁਰਸਿਖਾਂ ਅੰਦਰ ਕਰੇ ਵਾਸਾ, ਗੁਰ ਮੰਤਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਨਿਰਗੁਣ ਨਿਰਗੁਣ ਭੇਵ ਖੁਲਾਇੰਦਾ, ਲਿਖਣ ਪੜ੍ਹਨ ਵਿਚ ਨਾ ਆਇਆ। ਪਿਤਾ ਪੂਤ ਆਪ ਸਮਝਾਇੰਦਾ, ਸਾਚਾ ਲੇਖਾ ਲੇਖੇ ਲਏ ਲਗਾਇਆ। ਨੌਂ ਨੌਂ ਚਾਰ ਪੰਧ ਮੁਕਾਇੰਦਾ, ਜੁਗ ਚੌਕੜੀ ਗੇੜਾ ਆਪ ਦਵਾਇਆ। ਸੂਰਜ ਚੰਨ ਆਪ ਭਵਾਇੰਦਾ, ਜ਼ਿਮੀ ਅਸਮਾਨ ਵੇਖ ਵਖਾਇਆ। ਲੱਖ ਚੁਰਾਸੀ ਖੇਲ ਖਿਲਾਇੰਦਾ, ਖ਼ਾਲਕ ਖ਼ਲਕ ਰੂਪ ਵਟਾਇਆ। ਜੁਗ ਜੁਗ ਆਪਣਾ ਮਰਦੰਗ ਵਜਾਇੰਦਾ, ਏਕਾ ਨਾਉਂ ਕਰ ਰੁਸ਼ਨਾਇਆ। ਜੁਗ ਜੁਗ ਆਪਣਾ ਪੰਧ ਮੁਕਾਇੰਦਾ, ਪਾਂਧੀ ਹੋਏ ਹਰਿ ਸ਼ਹਿਨਸ਼ਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਨਾਉਂ ਦਏ ਦ੍ਰਿੜਾਇਆ। ਨਾਉਂ ਦ੍ਰਿੜਾਏ ਆਪ ਨਿਰੰਕਾਰ, ਨਿਰਵੈਰ ਖੇਲ ਖਿਲਾਈਆ। ਜੁਗ ਜੁਗ ਬੇੜਾ ਜਾਏ ਤਾਰ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਲੇਖਾ ਜਾਣੇ ਲੱਖ ਚੁਰਾਸੀ ਕਰ ਵਿਚਾਰ, ਨਵ ਸਤ ਫੋਲ ਫੁਲਾਈਆ। ਬ੍ਰਹਮ ਮਤ ਦਏ ਆਧਾਰ, ਏਕਾ ਤਤਵ ਤਤ ਸਮਝਾਈਆ। ਗਤ ਮਿਤ ਹੱਥ ਰੱਖੇ ਕਰਤਾਰ, ਆਦਿ ਜੁਗਾਦਿ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨੌਂ ਨੌਂ ਚਾਰ ਭੇਵ ਖੁਲਾਈਆ। ਨਵ ਨੌਂ ਚਾਰ ਭੇਵ ਖੁਲ੍ਹਾਇਆ, ਨਰ ਨਰਾਇਣ ਦਇਆ ਕਮਾਇੰਦਾ। ਆਦਿ ਜੁਗਾਦਿ ਸ਼ਬਦ ਬ੍ਰਹਿਮਾਦਿ ਸਾਚਾ ਨਾਦ ਵਜਾਇਆ, ਲੋਆਂ ਪੁਰੀਆਂ ਆਪ ਸੁਣਾਇੰਦਾ। ਆਪਣੇ ਵਿਚੋਂ ਕਾਢ ਆਪਣੀ ਸੇਵਾ ਲਾਇਆ, ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਲੇਖਾ ਹੱਥ ਰੱਖੇ ਕਰਤਾਰ, ਕਰਤਾ ਭੇਵ ਨਾ ਕੋਇ ਪਾਇੰਦਾ। ਆਦਿ ਜੁਗਾਦੀ ਲੈ ਅਵਤਾਰ, ਗੁਰ ਗੁਰ ਆਪਣਾ ਨਾਉਂ ਧਰਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰ, ਲੋਕਮਾਤ ਮਾਤ ਪਰਗਟਾਇੰਦਾ। ਭਗਤ ਭਗਵੰਤ ਕਰ ਪਿਆਰ, ਸਾਚੇ ਸੰਤ ਮੇਲ ਮਿਲਾਇੰਦਾ। ਪੰਜ ਤਤ ਕਾਇਆ ਕਰੇ ਸ਼ੰਗਾਰ, ਰੰਗ ਮਜੀਠੀ ਇਕ ਚੜ੍ਹਾਇੰਦਾ। ਜੋਤ ਜਗਾਏ ਡੂੰਘੀ ਗਾਰ, ਅੰਧ ਅੰਧੇਰ ਸਰਬ ਮਿਟਾਇੰਦਾ। ਸੁਖ਼ਮਨ ਨਾੜੀ ਕਰੇ ਪਾਰ, ਟੇਢੀ ਬੰਕ ਵੇਖ ਵਖਾਇੰਦਾ। ਈੜਾ ਪਿੰਗਲ ਕਰ ਵਿਚਾਰ, ਸਾਚੇ ਮਾਰਗ ਆਪੇ ਲਾਇੰਦਾ। ਨਾਭੀ ਕਵਲਾ ਅੰਮ੍ਰਿਤ ਧਾਰ, ਨਿਝਰ ਝਿਰਨਾ ਆਪ ਝਿਰਾਇੰਦਾ। ਕਵਲ ਕਵਲਾ ਮੁਖ ਉਘਾੜ, ਅੰਮ੍ਰਿਤ ਰਸ ਆਪ ਵਹਾਇੰਦਾ। ਆਪਣਾ ਨੇਤਰ ਆਪ ਉਘਾੜ, ਆਪਣਾ ਰੂਪ ਆਪ ਦਰਸਾਇੰਦਾ। ਨਾਤਾ ਤੋੜੇ ਪੰਚਮ ਧਾੜ, ਪੰਚਮ ਧੁਨ ਸ਼ਬਦ ਉਪਜਾਇੰਦਾ । ਅਨਹਦ ਗਾਏ ਆਪਣੀ ਵਾਰ, ਗੀਤ ਅਨਾਦੀ ਆਪ ਸੁਣਾਇੰਦਾ। ਸਾਚਾ ਲਾਏ ਇਕ ਅਖਾੜ, ਸਾਚੀ ਸਖ਼ੀਆਂ ਮੇਲ ਮਿਲਾਇੰਦਾ। ਸਾਚਾ ਹਾਣੀ ਸ਼ਬਦ ਕਰੇ ਪਿਆਰ, ਸੁਰਤ ਸਵਾਣੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸੁਤ ਸ਼ਬਦ ਵਡਿਆਇੰਦਾ। ਸੁਤ ਸ਼ਬਦ ਬਲ ਲੈਣਾ ਰੱਖ, ਸਮਰਥ ਪੁਰਖ ਦਏ ਵਡਿਆਈਆ। ਜੁਗ ਜੁਗ ਹੋਏ ਆਪ ਪਰਤੱਖ, ਲੋਆਂ ਪੁਰੀਆਂ ਵੇਖ ਵਖਾਈਆ। ਲੱਖ ਚੁਰਾਸੀ ਕੀਮਤ ਕਰਤਾ ਆਪੇ ਪਾਏ ਕਰੋੜੀ ਲੱਖ, ਕਖ ਕਖ ਆਪ ਵਿਕਾਈਆ। ਨਿਰਗੁਣ ਨਿਰਵੈਰ ਮਾਰਗ ਏਕਾ ਦੱਸ, ਚਾਰ ਵਰਨ ਰਾਹ ਵਖਾਈਆ। ਸ਼ਬਦ ਬਾਣ ਮਾਰੇ ਕਸ, ਬਜਰ ਕਪਾਟੀ ਦਏ ਤੁੜਾਈਆ । ਆਤਮ ਸੇਜਾ ਬਹੇ ਹੱਸ ਹੱਸ, ਘਰ ਸਾਚੀ ਸੇਜ ਸੁਹਾਈਆ। ਭੋਗ ਬਲਾਸ ਦੇਵੇ ਏਕਾ ਰਸ, ਰਸ ਭਿੰਨਾਂ ਇਕ ਸਮਝਾਈਆ। ਰੈਣ ਭਿੰਨੜੀ ਰਾਹ ਤੱਕੇ ਨੱਸ ਨੱਸ, ਮਿਲੇ ਮੇਲ ਸਾਚੇ ਮਾਹੀਆ। ਗੁਰਮੁਖ ਪਿਆਰ ਅੰਦਰ ਜਾਏ ਫਸ, ਲੱਖ ਚੁਰਾਸੀ ਤੋੜੇ ਫਾਹੀਆ। ਘਰ ਕਰੇ ਪਰਕਾਸ਼ ਕੋਟਨ ਕੋਟ ਰਵ ਸਸ, ਬ੍ਰਹਮ ਪਾਰਬ੍ਰਹਮ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚਾ ਹਰਿ, ਜੁਗ ਜੁਗ ਗੇੜਾ ਆਪਣੇ ਹੱਥ ਰਖਾਈਆ। ਜੁਗ ਜੁਗ ਗੇੜ ਗੜਾਇੰਦਾ, ਗੇੜਨਹਾਰ ਆਪ ਨਿਰੰਕਾਰ। ਸਤਿਜੁਗ ਤਰੇਤਾ ਦਵਾਪਰ ਪੰਧ ਮੁਕਾਇੰਦਾ, ਕਲਜੁਗ ਆਏ ਅੰਤਮ ਵਾਰ। ਨੌ ਸੌ ਚੁਰਾਨਵੇ ਚੌਕੜੀ ਜੁਗ ਕੋਲੂ ਚੱਕੀ ਚੱਕ ਭਵਾਇੰਦਾ, ਤ੍ਰੈਭਵਨ ਕਰ ਖ਼ਵਾਰ। ਅਵਣ ਗਵਣ ਵੇਖ ਵਖਾਇੰਦਾ, ਨਿਰਗੁਣ ਰੂਪ ਨਿਰਾਕਾਰ। ਲੱਖ ਚੁਰਾਸੀ ਪੰਧ ਮੁਕਾਇੰਦਾ, ਜੋ ਘੜਿਆ ਭੰਨੇ ਵਿਚ ਸੰਸਾਰ। ਥਿਰ ਕੋਇ ਰਹਿਣ ਨਾ ਪਾਇੰਦਾ, ਖੇਲੇ ਖੇਲ ਅਗੰਮ ਅਪਾਰ। ਸੁਤ ਦੁਲਾਰਾ ਆਪ ਸੁਹਾਇੰਦਾ, ਪਾਰਬ੍ਰਹਮ ਪ੍ਰਭ ਕਰ ਵਿਚਾਰ। ਕਲਜੁਗ ਅੰਤਮ ਵੇਸ ਵਟਾਇੰਦਾ, ਨਿਰਗੁਣ ਰੂਪ ਹੋਏ ਉਜਿਆਰ। ਤੇਰੀ ਕੀਮਤ ਆਪੇ ਪਾਇੰਦਾ, ਗੁਣ ਅਵਗੁਣ ਲਏ ਵਿਚਾਰ। ਸੁਣ ਪੁਕਾਰ ਦਇਆ ਕਮਾਇੰਦਾ, ਧਰਤ ਧਵਲ ਦਏ ਸਹਾਰ। ਵਿਸ਼ਨੂੰ ਲੇਖਾ ਮੂਲ ਚੁਕਾਇੰਦਾ, ਪਾਵੇ ਸਾਰ ਆਪ ਭੰਡਾਰ। ਬ੍ਰਹਮੇ ਬ੍ਰਹਮ ਮੇਲ ਮਿਲਾਇੰਦਾ, ਮੇਲਣਹਾਰਾ ਏਕੰਕਾਰ। ਸ਼ੰਕਰ ਹੱਥ ਤ੍ਰਿਸ਼ੂਲ ਸੁਟਾਇੰਦਾ, ਪੁਰਖ ਅਬਿਨਾਸ਼ੀ ਕਰੇ ਵਿਚਾਰ। ਚਾਰੋਂ ਕੁੰਟ ਅੰਧੇਰਾ ਛਾਇੰਦਾ, ਰੈਣ ਅੰਧੇਰੀ ਧੂਆਂਧਾਰ। ਭੈਣਾਂ ਭੱਯਾ ਸੇਜ ਹੰਡਾਇੰਦਾ, ਸੁਤ ਮਾਤ ਕਰੇ ਵਿਭਚਾਰ। ਨਾਰੀ ਕੰਤ ਨਾ ਕੋਇ ਮਨਾਇੰਦਾ, ਨੌ ਸੌ ਚੁਰਾਨਵੇ ਚੌਕੜੀ ਜੁਗ ਆਈ ਹਾਰ। ਪੁਰਖ ਅਬਿਨਾਸ਼ੀ ਦਇਆ ਕਮਾਇੰਦਾ, ਸ਼ਬਦ ਸੁਤ ਕਰੇ ਪਿਆਰ। ਆਪਣਾ ਭੇਵ ਆਪ ਖੁਲਾਇੰਦਾ, ਅਲੱਖ ਅਗੋਚਰ ਅਗੰਮ ਅਪਾਰ। ਦੇਵੀ ਦੇਵ ਨਾ ਕੋਇ ਵਖਾਇੰਦਾ, ਗੁਰ ਪੀਰ ਨਾ ਕੋਇ ਅਵਤਾਰ। ਵਿਸ਼ਨੂੰ ਸੇਜ ਨਾ ਕੋਇ ਹੰਢਾਇੰਦਾ, ਸਾਂਗੋ ਪਾਂਗ ਕਰੇ ਪਿਆਰ। ਬ੍ਰਹਮਾ ਵੇਦ ਨਾ ਕੋਇ ਲਿਖਾਇੰਦਾ, ਵੇਦਾਂ ਵਾਲਾ ਪਾਵੇ ਸਾਰ। ਸ਼ੰਕਰ ਬਾਸ਼ਕ ਤਸ਼ਕਾ ਨਾ ਗਲ ਲਟਕਾਇੰਦਾ, ਕੰਠ ਮਾਲਾ ਨਾ ਸੋਹੇ ਹਾਰ। ਇੰਦਰ ਸੇਜ ਨਾ ਕੋਇ ਹੰਡਾਇੰਦਾ, ਕਰੋੜ ਤੇਤੀਸ ਨਾ ਮੀਤ ਮੁਰਾਰ। ਲੱਖ ਚੁਰਾਸੀ ਫੋਲ ਫੁਲਾਇੰਦਾ, ਇਕ ਇਕੱਲਾ ਏਕੰਕਾਰ। ਘਟ ਘਟ ਆਪਣੀ ਸੇਜ ਵਿਛਾਇੰਦਾ, ਆਪੇ ਸੁਤਾ ਪੈਰ ਪਸਾਰ। ਆਪਣੀ ਕਰਵਟ ਨਰ ਹਰਿ ਪਰਗਟਾਇੰਦਾ, ਬਦਲੇ ਕਰਵਟ ਨਾ ਨਿਰਾਕਾਰ। ਕਲਜੁਗ ਕੂੜੇ ਧੰਦੇ ਲਾਇੰਦਾ, ਕੂੜੀ ਕਿਰਿਆ ਦਏ ਆਹਾਰ। ਜੂਠ ਝੂਠ ਹੱਥ ਫੜਾਇੰਦਾ, ਚਾਰੋਂ ਕੂੰਟ ਕਰੇ ਪੁਕਾਰ। ਆਸਾ ਤ੍ਰਿਸ਼ਨਾ ਮੇਲ ਮਿਲਾਇੰਦਾ, ਗੜ ਵਸਾਏ ਕਾਮ ਕਰੋਧ ਲੋਭ ਮੋਹ ਹੰਕਾਰ। ਹਰਿ ਕਾ ਨਾਮ ਨਾ ਕੋਇ ਧਿਆਇੰਦਾ, ਰਸਨਾ ਜੇਹਵਾ ਭਰਿਆ ਇਕ ਵਿਕਾਰ। ਇਸ਼ਟ ਦੇਵ ਨਾ ਕੋਇ ਮਨਾਇੰਦਾ, ਦ੍ਰਿਸ਼ਟ ਖੋਲ੍ਹੇ ਨਾ ਕੋਇ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਸ਼ਬਦ ਦਏ ਆਧਾਰ। ਸ਼ਬਦ ਦੁਲਾਰਾ ਹਰਿ ਸਮਝੌਣਾ, ਆਦਿ ਪੁਰਖ ਬੇਪਰਵਾਹੀਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕੌਣਾ, ਕਾਲ ਕਾਲ ਬੀਤ ਬਿਤਾਈਆ। ਕਲਜੁਗ ਵੇਲਾ ਅੰਤ ਸੁਹੌਣਾ, ਨਿਰਗੁਣ ਨਿਰਵੈਰ ਖੇਲ ਖਿਲਾਈਆ। ਬਲ ਬਾਵਨ ਹਰਿ ਭੇਖ ਵਟੌਣਾ, ਰਾਮ ਰਾਵਣ ਦਏ ਘਾਈਆ। ਕਾਹਨਾ ਕੰਸਾ ਮੇਟ ਮਿਟੌਣਾ, ਕਵਲ ਨੈਣ ਇਕ ਅਖਵਾਈਆ। ਈਸਾ ਮੂਸਾ ਕਾਲਾ ਸੂਸਾ ਤਨ ਛੁਹੌਣਾ, ਕਲਮਾ ਕਾਇਨਾਤ ਇਕ ਪੜ੍ਹਾਈਆ। ਸੰਗ ਮੁਹੰਮਦ ਚਾਰ ਯਾਰ ਢੋਲਾ ਏਕਾ ਗੌਣਾ, ਐਨਲਹੱਕ ਨਾਅਰਾ ਲਾਈਆ। ਨਾਨਕ ਨਿਰਗੁਣ ਵੇਸ ਵਟੌਣਾ, ਸਤਿ ਨਾਮ ਨਾਮ ਪੜ੍ਹਾਈਆ। ਚਾਰ ਵਰਨਾਂ ਮੇਲ ਮਿਲੌਣਾ, ਊਚ ਨੀਚ ਰਹਿਣ ਨਾ ਪਾਈਆ। ਆਦਿ ਸ਼ਬਦ ਗੁਰ ਇਕ ਵਖੌਣਾ, ਗੁਰ ਅਰਜਨ ਗੁਰ ਗੁਰ ਸਮਝਾਈਆ। ਜੋਧਾ ਸੂਰਬੀਰ ਨਾਉਂ ਧਰੌਣਾ, ਪੁਰਖ ਅਕਾਲ ਸੁਤ ਦੁਲਾਰਾ ਇਕ ਪਰਗਟਾਈਆ। ਚੰਡ ਪਰਚੰਡ ਹੱਥ ਉਠੌਣਾ, ਤਿਖੀ ਧਾਰ ਆਪ ਵਖਾਈਆ। ਕਲਜੁਗ ਅੰਤਮ ਰਾਹ ਤਕੌਣਾ, ਨਾਨਕ ਗੋਬਿੰਦ ਦਏ ਸਲਾਹੀਆ। ਵੇਦ ਵਿਆਸਾ ਲੇਖ ਲਿਖੌਣਾ, ਪੁਰਾਨ ਅਠਾਰਾਂ ਸਲੋਕ ਲੱਖ ਚਾਰ ਹਜਾਰ ਸਤਾਰਾਂ ਗਿਆ ਲਿਖਾਈਆ । ਨਿਹਕਲੰਕ ਪ੍ਰਭ ਜਾਮਾ ਪੌਣਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਕਲ ਕਲਕੀ ਅਵਤਾਰ ਇਕ ਅਖਵੌਣਾ, ਦੂਸਰ ਅਵਰ ਨਾ ਕੋਇ ਜਣਾਈਆ। ਪੁਰਖ ਅਕਾਲ ਇਕ ਮਨੌਣਾ, ਆਦਿ ਜੁਗਾਦਿ ਸਚਾ ਗੋਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਜੁਗਾਦਿ ਜੁਗਾਦਿ ਆਦਿ ਆਪਣੇ ਹੁਕਮ ਆਪ ਫਿਰਾਈਆ। ਆਪਣੇ ਹੁਕਮ ਅੰਦਰ ਆਪੇ ਵਸਿਆ, ਬਾਹਰ ਹੁਕਮ ਨਾ ਕੋਇ। ਪੁਰਖ ਅਬਿਨਾਸ਼ੀ ਫਿਰੇ ਨੱਸਿਆ, ਜੁਗਾਂ ਜੁਗੰਤਰ ਤੀਨੋਂ ਲੋਏ। ਜਨ ਭਗਤਾਂ ਮਾਰਗ ਸਾਚਾ ਦੱਸਿਆ, ਨਾਮ ਸੁਣਾਏ ਸਾਚੀ ਸੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗਾਦਿ ਆਦਿ ਆਪਣਾ ਬੀਜ ਆਪੇ ਬੋਏ। ਆਪਣਾ ਬੀਜ ਆਪੇ ਬੀਜਦਾ, ਬੀਜਣਹਾਰ ਆਪ ਨਿਰੰਕਾਰ। ਆਪਣੇ ਅੰਮ੍ਰਿਤ ਆਪੇ ਸੀਜਦਾ, ਸਿੰਚ ਕਿਆਰੀ ਵੇਖੇ ਹਰਿ ਅਵਰ ਨਾ ਜਾਣੇ ਕੋਇ। ਆਪਣੇ ਅੰਦਰ ਆਪੇ ਭਿੰਚ ਦਾ, ਰਸ ਲਹਿਣਾ ਦੇਵੇ ਸਾਚੇ ਢੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਆਪਣੇ ਜੇਹਾ ਆਪੇ ਹੋਏ। ਆਪਣੇ ਜੇਹਾ ਆਪੇ ਹੋਇਆ, ਦੂਸਰ ਰੂਪ ਨਾ ਕੋਇ ਵਟਾਈਆ। ਨਾ ਜਨਮੇ ਨਾ ਕਦੇ ਮੋਆ, ਆਵਣ ਜਾਵਣ ਖੇਲ ਖਿਲਾਈਆ। ਆਲਸ ਨਿੰਦਰਾ ਵਿਚ ਨਾ ਕਦੇ ਸੋਇਆ, ਦਿਵਸ ਰੈਣ ਨਾ ਕੋਇ ਵਡਿਆਈਆ। ਜੁਗਾ ਜੁਗੰਤਰ ਦੇਵੇ ਸਾਚਾ ਢੋਆ, ਨਾਮ ਨਾਮਾਂ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗਾਦਿ ਆਦਿ ਆਪਣੀ ਖੇਲ ਖਿਲਾਈਆ। ਆਪੇ ਖੇਲੇ ਖੇਲ ਖਲਾਰੀ, ਖੇਲਣਹਾਰਾ ਆਪ ਅਖਵਾਇਆ। ਆਪੇ ਨਿਰਗੁਣ ਜੋਤ ਕਰੇ ਉਜਿਆਰੀ, ਆਪੇ ਸੁੰਨ ਸਮਾਧ ਸਮਾਇਆ । ਆਪੇ ਜੁਗ ਜੁਗ ਲੈ ਅਵਤਾਰੀ, ਕਰਤਾ ਪੁਰਖ ਆਪਣਾ ਵੇਸ ਵਟਾਇਆ। ਆਪੇ ਆਪਣੀ ਬਾਜ਼ੀ ਜਾਏ ਹਾਰੀ, ਜਿਤ ਹਾਰ ਆਪਣੇ ਹੱਥ ਰਖਾਇਆ। ਆਪੇ ਆਪਣੀ ਪੈਜ ਜਾਏ ਸੁਆਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵਸੇ ਸਾਚੇ ਘਰ, ਘਰ ਸਚਖੰਡ ਦਵਾਰਾ ਸਾਚਾ ਖੋਲ੍ਹ, ਸ਼ਬਦ ਰਾਗੀ ਏਕਾ ਬੋਲ, ਆਦਿ ਜੁਗਾਦਿ ਤੋਲੇ ਤੋਲ, ਲੱਖ ਚੁਰਾਸੀ ਅੰਦਰ ਜਾਏ ਮੌਲ, ਆਪ ਆਪਣਾ ਰੂਪ ਦਰਸਾਈਆ। ਰੂਪ ਦਰਸਾਏ ਪੁਰਖ ਅਕਾਲਾ, ਘਟ ਘਟ ਜੋਤ ਰੁਸ਼ਨਾਈਆ। ਜਨ ਭਗਤਾਂ ਕਰੇ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਇਕ ਅਖਵਾਈਆ। ਸਚਖੰਡ ਵਖਾਏ ਸੱਚੀ ਧਰਮਸਾਲਾ, ਜਿਸ ਜਨ ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਤੋੜੇ ਜੰਜਾਲਾ, ਰਾਏ ਧਰਮ ਨਾ ਦਏ ਸਜਾਈਆ। ਪਾਰਬ੍ਰਹਮ ਬ੍ਰਹਮ ਗਲ ਪਾਏ ਮਾਲਾ, ਸੋਹੰ ਅੱਖਰ ਹੰ ਬ੍ਰਹਮ ਪੜ੍ਹਾਈਆ। ਸਤਿਜੁਗ ਚਲੇ ਅਵੱਲੜੀ ਚਾਲਾ, ਚਾਲ ਨਿਰਾਲੀ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਦੇਵੇ ਵਰ, ਸ਼ਬਦੀ ਸ਼ਬਦ ਵਡ ਵਡਿਆਈਆ। ਸ਼ਬਦ ਗੁਰ ਵਡ ਬਲਵਾਨਾ, ਆਦਿ ਜੁਗਾਦਿ ਸਮਾਇਆ। ਜੁਗਾਂ ਜੁਗੰਤਰ ਨੌਜਵਾਨਾ, ਦੋ ਜਹਾਨਾ ਖੇਲ ਖਿਲਾਇਆ। ਲੇਖਾ ਜਾਣੇ ਮਰਦ ਮਰਦਾਨਾ, ਮਹਿਰਮ ਆਪਣਾ ਭੇਵ ਖੁਲ੍ਹਾਇਆ। ਕਲਜੁਗ ਅੰਤਮ ਹੋਏ ਪਰਧਾਨਾ, ਨਿਰਗੁਣ ਨਿਰਵੈਰ ਨਾਉਂ ਰਖਾਇਆ । ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਚਾਰ ਵਰਨ ਬੰਨ੍ਹੇ ਗਾਨਾਂ, ਜੋ ਜਨ ਹਰਿ ਹਰਿ ਰਹੇ ਧਿਆਇਆ। ਨਾਮ ਜਣਾਏ ਧੁਰ ਫ਼ਰਮਾਣਾ, ਧੁਰ ਦੀ ਬਾਣੀ ਬਾਣ ਲਗਾਇਆ। ਇਸ਼ਟ ਦੇਵ ਗੁਰ ਸ਼ਬਦ ਮਨਾਣਾ, ਪੰਜ ਤਤ ਨਾਤਾ ਤੋੜ ਤੁੜਾਇਆ। ਆਦਿ ਜੁਗਾਦਿ ਜੁਗਾ ਜੁਗੰਤਰ ਹਰੀ ਹਰਿ ਵਰਤਾਏ ਆਪਣਾ ਭਾਣਾ, ਹਰਿ ਭਾਣੇ ਵਿਚ ਸਮਾਇਆ। ਕਲਜੁਗ ਅੰਤਮ ਤਖ਼ਤੋਂ ਲਾਹੇ ਰਾਜਾ ਰਾਣਾ, ਸੀਸ ਤਾਜ ਨਾ ਕੋਇ ਰਖਾਇਆ। ਨੌਂ ਖੰਡ ਪ੍ਰਿਥਮੀ ਰੱਖੇ ਏਕਾ ਆਣਾ, ਬੀਸ ਬੀਸਾ ਹੋਏ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸ਼ਬਦੀ ਡੰਕਾ ਇਕ ਵਜਾਇਆ। ਹਰਿ ਡੰਕਾ ਸ਼ਬਦ ਵਜਾਇੰਦਾ, ਨਿਰਗੁਣ ਚੋਟ ਅਗੰਮ ਅਪਾਰ। ਰਾਓ ਰੰਕਾਂ ਆਪ ਉਠਾਇੰਦਾ, ਸ਼ਾਹ ਸੁਲਤਾਨਾਂ ਕਰੇ ਬੇਦਾਰ। ਮੁਲਾਂ ਸ਼ੇਖ਼ ਮਸਾਇਕ ਪੀਰ ਆਪ ਜਗਾਇੰਦਾ, ਸੋਇਆ ਰਹੇ ਨਾ ਕੋਇ ਵਿਚ ਸੰਸਾਰ। ਪੰਡਤ ਪਾਂਧੇ ਅੱਖ ਖੁਲਾਇੰਦਾ, ਜੋਤ ਲਲਾਟੀ ਕਰੇ ਵਿਚਾਰ। ਸਾਧਾਂ ਸੰਤਾਂ ਭੇਵ ਜਣਾਇੰਦਾ, ਆਤਮ ਖੋਲ੍ਹੇ ਬੰਦ ਕਿਵਾੜ। ਗੁਰਮੁਖ ਸਾਚੇ ਦਰ ਬਹਾਇੰਦਾ, ਨਾਤਾ ਤੋੜ ਪੰਚਮ ਧਾੜ । ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ, ਜਿਸ ਜਨ ਸਤਿਗੁਰ ਪੂਰਾ ਕਰੇ ਪਿਆਰ। ਗੁਰਸਿਖ ਵਿਰਲਾ ਨਾਨਕ ਗੋਬਿੰਦ ਦਰਸਨ ਪਾਇੰਦਾ, ਲੱਖ ਚੁਰਾਸੀ ਸੁੱਤੀ ਪੈਰ ਪਸਾਰ। ਕਾਹਨਾ ਕ੍ਰਿਸ਼ਨਾ ਨਜ਼ਰ ਕਿਸੇ ਨਾ ਆਇੰਦਾ, ਕਲਜੁਗ ਗੋਪੀ ਕੂੜਾ ਕਰਿਆ ਤਨ ਸ਼ੰਗਾਰ। ਸੀਤਾ ਸੁਰਤ ਨਾ ਕੋਇ ਪਰਨਾਇੰਦਾ, ਜਨਕ ਸਪੁਤਰੀ ਨਾ ਕੋਇ ਦੁਲਾਰ। ਰਾਮ ਧਨੁਖ ਨਾ ਕੋਇ ਉਠਾਇੰਦਾ, ਘਰ ਘਰ ਕਾਜ ਰਚਿਆ ਵਿਭਚਾਰ। ਨਮੋ ਨਮੋ ਸਰਬ ਕੁਰਲਾਇੰਦਾ, ਪਾਰਬ੍ਰਹਮ ਕਰੇ ਨਾ ਕੋਇ ਨਿਮਸਕਾਰ। ਰਸਨਾ ਜਿਹਵਾ ਜੀਵ ਜੰਤ ਸਭ ਗਾਇੰਦਾ, ਅਜੱਪਾ ਜਾਪ ਨਾ ਕਰੇ ਪਿਆਰ। ਦੋਏ ਦੋਏ ਲੋਚਣ ਵੇਖ ਵਖਾਇੰਦਾ, ਤੀਜਾ ਨੇਤਰ ਖੋਲ੍ਹੇ ਨਾ ਕੋਇ ਕਿਵਾੜ। ਅਠਸਠ ਤੀਰਥ ਜਾ ਜਾ ਨਹਾਵਣ ਨਹਾਇੰਦਾ, ਦੁਰਮਤ ਮੈਲ ਨਾ ਦੇਵੇ ਕੋਇ ਉਤਾਰ। ਬਿਨ ਸਤਿਗੁਰ ਪੂਰੇ ਬੰਦ ਤਾਕ ਨਾ ਕੋਇ ਖੁਲ੍ਹਾਇੰਦਾ, ਆਤਮ ਬ੍ਰਹਮ ਨਾ ਪਾਏ ਸਾਰ। ਈਸ਼ ਜੀਵ ਨਾ ਮੇਲ ਮਿਲਾਇੰਦਾ, ਜੀਵਣ ਜੁਗਤੀ ਦਏ ਸੁਆਰ। ਆਦਿ ਸ਼ਕਤੀ ਸ਼ਕਤ ਧਰਾਇੰਦਾ, ਚਤਰਭੁਜ ਖੇਲ ਅਪਾਰ। ਸਚ ਭਵਾਨੀ ਆਪ ਪਰਗਟਾਇੰਦਾ, ਸਚ ਨਿਸ਼ਾਨੀ ਹੱਥ ਨਿਰੰਕਾਰ। ਦੋ ਜਹਾਨੀ ਖੇਲ ਖਿਲਾਇੰਦਾ, ਕਲਜੁਗ ਵੇਖੇ ਅੰਤਮ ਵਾਰ। ਸੂਰਬੀਰ ਬਲਕਾਰ ਆਪਣਾ ਬਲ ਧਰਾਇੰਦਾ, ਇਕ ਇਕੱਲਾ ਪਰਵਰਦਿਗਾਰ। ਮੁਖ ਨਕਾਬ ਪਰਦਾ ਲਾਹਿੰਦਾ, ਅਹਿਬਾਬ ਰਬਾਬ ਵਜਾਏ ਸਤਾਰ। ਗੁਰਮੁਖ ਸਾਚੇ ਮੇਲ ਮਿਲਾਇੰਦਾ, ਪੂਰਬ ਕਰਮਾਂ ਕਰ ਵਿਚਾਰ। ਜਨਮ ਜੁਗ ਵਿਛੜੇ ਮੇਲ ਮਿਲਾਇੰਦਾ, ਮੇਲ ਮਿਲਾਏ ਮੇਲਣਹਾਰ। ਕਲਜੁਗ ਸੁਤੜੇ ਆਪ ਉਠਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿ ਨਰ ਨਰਾਇਣ ਨਰ ਹਰਿ ਸੱਚੀ ਸਰਕਾਰ।