Granth 09 Likhat 210: 14 Assu 2017 Bikarmi Makhan Singh de Greh Pind Jaura Jila Amritsar

੧੪ ਅਸੂ ੨੦੧੭ ਬਿਕ੍ਰਮੀ ਮੱਖਣ ਸਿੰਘ ਦੇ ਗ੍ਰਹਿ ਪਿੰਡ ਜੌੜਾ ਜ਼ਿਲਾ ਅੰਮ੍ਰਿਤਸਰ

ਸਤਿ ਪੁਰਖ ਨਿਰੰਜਣ ਸਾਹਿਬ ਸੁਲਤਾਨਾ, ਆਦਿ ਜੁਗਾਦਿ ਸਮਾਇੰਦਾ। ਹਰਿ ਪੁਰਖ ਨਿਰੰਜਣ ਖੇਲ ਮਹਾਨਾ, ਇਕ ਇਕੱਲਾ ਆਪ ਕਰਾਇੰਦਾ। ਏਕੰਕਾਰਾ ਜੋਧਾ ਸੂਰਬੀਰ ਬਲੀ ਬਲਵਾਨਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਆਦਿ ਨਿਰੰਜਣ ਨੂਰੋ ਨੂਰ ਮਹਾਨਾ, ਜੋਤ ਉਜਾਲਾ ਡਗਮਗਾਇੰਦਾ। ਸ੍ਰੀ ਭਗਵਾਨ ਗੁਣ ਨਿਧਾਨਾ, ਗਹਿਰ ਗੰਭੀਰ ਭੇਵ ਨਾ ਆਇੰਦਾ। ਅਬਿਨਾਸ਼ੀ ਕਰਤਾ ਖੇਲੇ ਦੋ ਜਹਾਨਾ, ਸਚ ਸਿੰਘਾਸਣ ਆਸਣ ਲਾਇੰਦਾ। ਪਾਰਬ੍ਰਹਮ ਪ੍ਰਭ ਆਪੇ ਹੋਏ ਜਾਣੀ ਜਾਣਾ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਸਾਚੇ ਤਖ਼ਤ ਬੈਠ ਹਰਿ ਰਾਜ ਰਾਜਾਨਾ, ਸ਼ਾਹੋ ਭੂਪ ਹੁਕਮ ਸੁਣਾਇੰਦਾ। ਨਾਦ ਅਨਾਦੀ ਧੁਰ ਫ਼ਰਮਾਣਾ, ਸ਼ਬਦ ਅਨਾਦੀ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹ, ਆਦਿ ਜੁਗਾਦੀ ਇਕ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਸਾਚਾ ਬੇੜਾ ਚਲਾਵਣਹਾਰਾ, ਏਕਾ ਰੰਗ ਸਮਾਇਆ। ਦਰਗਹਿ ਵਸੇ ਸਾਚੇ ਧਾਮ ਨਿਆਰਾ, ਮਹੱਲ ਅਟੱਲ ਉਚ ਆਪ ਉਪਾਇਆ। ਨਿਰਗੁਣ ਦੀਵਾ ਬਾਤੀ ਕਰ ਉਜਿਆਰਾ, ਜੋਤੀ ਜੋਤ ਕਰੇ ਰੁਸ਼ਨਾਇਆ। ਥਿਰ ਘਰ ਖੋਲ੍ਹੇ ਠਾਂਡਾ ਦਰਬਾਰਾ, ਨਿਰਾਕਾਰਾ ਵੇਸ ਵਟਾਇਆ। ਸਚ ਸਿੰਘਾਸਣ ਅਪਰ ਅਪਾਰਾ, ਅਲੱਖ ਅਗੋਚਰ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ ਆਪਣਾ ਰੂਪ ਆਪ ਪਰਗਟਾਇਆ। ਹਰਿ ਨਿਰਗੁਣ ਰੂਪ ਪਰਗਟਾਇੰਦਾ, ਦੂਸਰ ਅਵਰ ਨਾ ਕੋਇ ਜਣਾਈਆ। ਮਾਤ ਪਿਤ ਨਾ ਕੋਇ ਵਖਾਇੰਦਾ, ਸਾਕ ਸੱਜਣ ਨਾ ਕੋਇ ਬਣਾਈਆ। ਰੂਪ ਰੰਗ ਰੇਖ ਨਾ ਕੋਇ ਜਣਾਇੰਦਾ, ਸੁਤੇ ਪਰਕਾਸ਼ ਆਪ ਕਰਾਈਆ। ਸੱਚਾ ਸ਼ਹਿਨਸ਼ਾਹ ਅਨਭਵ ਆਪਣੀ ਧਾਰ ਚਲਾਇੰਦਾ, ਅਲੱਖ ਅਲੱਖਨਾ ਭੇਵ ਨਾ ਰਾਈਆ। ਸਚਖੰਡ ਦਵਾਰੇ ਸੋਭਾ ਪਾਇੰਦਾ, ਏਕੰਕਾਰਾ ਆਪਣੀ ਕਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਰ ਨਰਾਇਣ ਇਕ ਅਖਵਾਈਆ। ਨਰ ਨਰਾਇਣ ਏਕੰਕਾਰਾ, ਅਕਲ ਕਲ ਆਪ ਅਖਵਾਈਆ। ਆਪੇ ਜਾਣੇ ਆਪਣੀ ਧਾਰਾ, ਧਾਰ ਧਾਰ ਧਾਰ ਵਿਚ ਟਿਕਾਈਆ। ਆਪੇ ਅੰਦਰ ਆਪੇ ਬਾਹਰਾ, ਗੁਪਤ ਜ਼ਾਹਰਾ ਆਪਣੀ ਖੇਲ ਖਿਲਾਈਆ। ਸੋ ਪੁਰਖ ਨਿਰੰਜਣ ਸਾਚਾ ਮੰਦਰ ਕਰ ਤਿਆਰਾ, ਜੂਨੀ ਰਹਿਤ ਬੈਠਾ ਤਖ਼ਤ ਸੁਹਾਈਆ। ਮੂਰਤ ਅਕਾਲ ਖੇਲ ਅਪਾਰਾ, ਦੀਨ ਦਿਆਲ ਵੱਡੀ ਵਡਿਆਈਆ। ਜਾਗਰਤ ਜੋਤ ਹੋਏ ਉਜਿਆਰਾ, ਆਦਿ ਨਿਰੰਜਣ ਇਕ ਰੁਸ਼ਨਾਈਆ। ਸ੍ਰੀ ਭਗਵਾਨ ਸਾਂਝਾ ਯਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚੇ ਦਏ ਵਡਿਆਈਆ। ਦਰ ਘਰ ਸਾਚਾ ਪੁਰਖ ਅਕਾਲ, ਇਕ ਇਕੱਲਾ ਆਪ ਸੁਹਾਇੰਦਾ। ਆਦਿ ਜੁਗਾਦੀ ਚਲੇ ਅਵੱਲੜੀ ਚਾਲ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਸਚਖੰਡ ਦਵਾਰੇ ਨਿਰਗੁਣ ਨਿਰਗੁਣ ਬਣੇ ਦਲਾਲ, ਥਿਰ ਘਰ ਵਾਸੀ ਵੇਖ ਵਖਾਇੰਦਾ। ਆਪਣੀ ਕਰੇ ਆਪ ਪ੍ਰਿਤਪਾਲ, ਜੁਗ ਜੁਗ ਸਾਚੀ ਸੇਵ ਕਮਾਇੰਦਾ। ਸਾਚੇ ਮੰਦਰ ਵਜਾਏ ਏਕਾ ਤਾਲ, ਸ਼ਬਦ ਅਨਾਦੀ ਨਾਦ ਸੁਣਾਇੰਦਾ। ਆਪਣੀ ਇਛਿਆ ਆਪ ਪਰਗਟਾਏ ਮਹਾਂਕਾਲ, ਸ਼ਬਦੀ ਸੇਵਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਸੁਹੰਜਣਾ ਸੋਭਾਵੰਤ, ਸਤਿ ਪੁਰਖ ਨਿਰੰਜਣ ਆਪ ਸੁਹਾਈਆ। ਨਿਰਗੁਣ ਨਿਰਵੈਰ ਬੈਠਾ ਏਕਾ ਕੰਤ, ਨਰ ਹਰਿ ਵੱਡੀ ਵਡਿਆਈਆ। ਆਪ ਬਣਾਏ ਆਪਣੀ ਬਣਤ, ਘੜਨ ਭੰਨਣਹਾਰ ਭੇਵ ਨਾ ਰਾਈਆ। ਲੇਖਾ ਜਾਣੇ ਆਦਿ ਅੰਤ, ਜੁਗ ਕਰਤਾ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਦਰ ਦਰਵਾਜ਼ਾ ਇਕ ਖੁਲਾਈਆ। ਦਰ ਦਰਵਾਜ਼ਾ ਖੋਲ੍ਹਣਹਾਰਾ, ਏਕਾ ਏਕ ਰੰਗ ਸਮਾਈਆ। ਸਚਖੰਡ ਦਵਾਰੇ ਭੇਵ ਨਿਆਰਾ, ਭੇਵ ਅਭੇਦਾ ਆਪ ਖੁਲ੍ਹਾਈਆ। ਏਕਾ ਸ਼ਬਦ ਬੋਲ ਜੈਕਾਰਾ, ਏਕਾ ਨਾਮ ਦਏ ਵਡਿਆਈਆ। ਥਿਰ ਘਰ ਵਾਸੀ ਮੀਤ ਮੁਰਾਰਾ, ਪੀਆ ਪ੍ਰੀਤਮ ਇਕ ਅਖਵਾਈਆ। ਸਚ ਸਿੰਘਾਸਣ ਕਰ ਤਿਆਰਾ, ਪੁਰਖ ਅਬਿਨਾਸ਼ੀ ਡੇਰਾ ਲਾਈਆ। ਸੇਵਕ ਬਣ ਕਰ ਸੇਵਾਦਾਰਾ, ਦਰ ਦਰਵੇਸ਼ ਆਪਣੀ ਸੇਵ ਕਮਾਈਆ। ਆਪੇ ਭੂਪ ਰਾਜ ਰਾਜਾਨ ਬਣੇ ਸਿਕਦਾਰਾ, ਪਾਤਸ਼ਾਹ ਸ਼ਾਹ ਪਾਤਸ਼ਾਹ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲਾਈਆ । ਹਰਿ ਆਪਣਾ ਭੇਵ ਖੁਲਾਇੰਦਾ, ਅਲੱਖ ਅਗੋਚਰ ਅਗੰਮ ਅਪਾਰ। ਸਚਖੰਡ ਦਵਾਰਾ ਇਕ ਸੁਹਾਇੰਦਾ, ਨਿਰਗੁਣ ਨੂਰ ਕਰ ਉਜਿਆਰ। ਆਪਣਾ ਵੇਸ ਆਪ ਵਟਾਇੰਦਾ, ਵੇਸ ਅਵੱਲਾ ਕਰ ਕਰਤਾਰ। ਆਪਣੀ ਰਚਨ ਆਪ ਰਚਾਇੰਦਾ, ਆਪੇ ਬਣੇ ਵੇਖਣਹਾਰ। ਆਪਣੀ ਵੰਡ ਆਪ ਵੰਡਾਇੰਦਾ, ਨਿਰਗੁਣ ਨਿਰਗੁਣ ਕਰ ਪਿਆਰ। ਨਿਰਗੁਣ ਸਾਚਾ ਤਾਜ ਆਪ ਸੁਹਾਇੰਦਾ, ਸੀਸ ਜਗਦੀਸ ਰੱਖ ਏਕੰਕਾਰ। ਸਾਚੇ ਮੰਦਰ ਸੋਭਾ ਪਾਇੰਦਾ, ਸਤਿ ਸਤਿਵਾਦੀ ਝੁਲਾਏ ਇਕ ਨਿਸ਼ਾਨ। ਧੁਰ ਫ਼ਰਮਾਣਾ ਇਕ ਅਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਬੰਧਾਇੰਦਾ। ਆਪਣੀ ਧਾਰ ਬੰਧਾਵਣਹਾਰਾ, ਨਿਰਗੁਣ ਨਿਰਵੈਰ ਅਖਵਾਈਆ। ਸਾਚੇ ਮੰਦਰ ਹੋ ਉਜਿਆਰਾ, ਆਪਣੀ ਕਰਨੀ ਕਿਰਤ ਕਮਾਈਆ। ਨਿਰਗੁਣ ਨਿਰਗੁਣ ਕਰ ਪਿਆਰਾ, ਨਿਰਗੁਣ ਮੇਲਾ ਸਹਿਜ ਸੁਭਾਈਆ। ਨਿਰਗੁਣ ਉਪਜਾਏ ਸੁਤ ਦੁਲਾਰਾ, ਨਿਰਗੁਣ ਵਿਸ਼ਨ ਬ੍ਰਹਮਾ ਸ਼ਿਵ ਆਪ ਉਪਜਾਈਆ। ਨਿਰਗੁਣ ਤ੍ਰੈਗੁਣ ਦੇਵੇ ਤਤ ਭੰਡਾਰਾ, ਨਿਰਗੁਣ ਪੰਚਮ ਕਰੇ ਕੁੜਮਾਈਆ। ਨਿਰਗੁਣ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਲਾਏ ਇਕ ਅਖਾੜਾ, ਨਿਰਗੁਣ ਲੋਆਂ ਪੁਰੀਆਂ ਤਾਲ ਵਜਾਈਆ। ਨਿਰਗੁਣ ਗਗਨ ਮੰਡਲ ਦੇਵੇ ਸਹਾਰਾ, ਨਿਰਗੁਣ ਜ਼ਿਮੀ ਅਸਮਾਨਾਂ ਹੋਏ ਸਹਾਈਆ। ਨਿਰਗੁਣ ਜੋਤ ਜਗਾਏ ਰਵ ਸਸ ਸਤਾਰਾ, ਨੂਰੋ ਨੂਰ ਨੂਰ ਰੁਸ਼ਨਾਈਆ। ਨਿਰਗੁਣ ਆਪਣਾ ਖੋਲ੍ਹੇ ਬੰਕ ਕਿਵਾੜਾ, ਆਪਣਾ ਭੇਵ ਆਪ ਜਣਾਈਆ। ਨਿਰਗੁਣ ਸ਼ਬਦ ਅਗੰਮੀ ਬੋਲ ਜੈਕਾਰਾ, ਨਾਉਂ ਨਿਰੰਕਾਰਾ ਆਪ ਪਰਗਟਾਈਆ। ਨਿਰਗੁਣ ਵਿਸ਼ਨੂੰ ਦਏ ਆਧਾਰਾ, ਚਰਨ ਕਵਲ ਬਖ਼ਸ਼ੇ ਸਚ ਸਰਨਾਈਆ। ਨਿਰਗੁਣ ਬ੍ਰਹਮੇ ਪਾਵੇ ਸਾਰਾ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਆਪਣੀ ਕੁਦਰਤ ਆਪ ਰਚਾਈਆ। ਕੁਦਰਤ ਰਚਨ ਰਚਾਇੰਦਾ, ਹਰਿ ਕਾਦਰ ਬੇਪਰਵਾਹ। ਹੱਕ ਮੁਕਾਮੇ ਡੇਰਾ ਲਾਇੰਦਾ, ਨੂਰੋ ਨੂਰ ਜਲਵਾ ਇਕ ਖ਼ੁਦਾ। ਸਾਚਾ ਖੇਲ ਆਪ ਖਲਾਇੰਦਾ, ਬਿਸਮਲ ਆਪਣਾ ਰੂਪ ਵਟਾ। ਘਰ ਮੰਦਰ ਸੋਭਾ ਪਾਇੰਦਾ, ਦੀਵਾ ਬਾਤੀ ਦਏ ਜਗਾ। ਏਕਾ ਕਲਮਾ ਨਬੀ ਪੜ੍ਹਾਇੰਦਾ, ਏਕਾ ਸ਼ਰੀਅਤ ਦਏ ਵਖਾ। ਏਕਾ ਹੁਕਮ ਹੁਕਮ ਅਲਾਇੰਦਾ, ਕਾਗਦ ਕਲਮ ਨਾ ਲਿਖੇ ਰਾ। ਏਕਾ ਆਪਣੀ ਆਇਤ ਸੁਣਾਇੰਦਾ, ਕਿਸੇ ਆਇਤ ਵਿਚ ਨਾ ਜਾਏ ਆ। ਏਕਾ ਆਪਣੀ ਧਾਰ ਬੰਧਾਇੰਦਾ, ਦੋ ਜਹਾਨਾਂ ਵਾਲੀ ਬੇਪਰਵਾਹ। ਆਦਿ ਜੁਗਾਦੀ ਆਪਣਾ ਨਾਉਂ ਧਰਾਇੰਦਾ, ਨਾ ਜੰਮੇ ਨਾ ਮਰ ਜਾ। ਕਿਲਾ ਕੋਟ ਇਕ ਵਖਾਇੰਦਾ, ਸਚਖੰਡ ਦਵਾਰਾ ਰਿਹਾ ਵਸਾ। ਥਿਰ ਘਰ ਸਾਚੇ ਆਪਣਾ ਕਾਤਬ ਸ਼ਬਦ ਰਖਾਇੰਦਾ, ਦੂਸਰ ਸੰਗ ਨਾ ਲਏ ਕੋਇ ਨਿਭਾ। ਵਿਸ਼ਨ ਬ੍ਰਹਮੇ ਸ਼ਿਵ ਏਕਾ ਲੇਖਾ ਲਿਖ ਲਿਖ ਆਪ ਪੁਚਾਇੰਦਾ, ਏਕਾ ਹੁਕਮ ਦਏ ਵਰਤਾ। ਧੁਰ ਫ਼ਰਮਾਣਾ ਆਪ ਸੁਣਾਇੰਦਾ, ਗਾਵਣਹਾਰਾ ਆਪੇ ਗਾ। ਨਿਰਗੁਣ ਆਪਣੀ ਵੰਡ ਵੰਡਾਇੰਦਾ, ਸਰਗੁਣ ਮੇਲਾ ਸਹਿਜ ਸੁਭਾ। ਸਰਗੁਣ ਸਾਚਾ ਜੋੜ ਜੁੜਾਇੰਦਾ, ਪੰਜ ਤਤ ਘਾੜਨ ਲਏ ਘੜਾ। ਤ੍ਰੈਗੁਣ ਮਾਇਆ ਬੰਧਨ ਪਾਇੰਦਾ, ਬੰਦੀ ਪਾਵੇ ਸੱਚਾ ਸ਼ਹਿਨਸ਼ਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਹਰਿ ਖੇਲ ਅਪਾਰਾ, ਕਰੇ ਕਰਾਏ ਕਰਨੇਹਾਰਾ, ਆਪਣੀ ਕਰਨੀ ਆਪ ਕਮਾਈਆ। ਕਰੇ ਕਰਾਏ ਕਰਤਾ ਪੁਰਖ, ਬੇਅੰਤ ਬੇਪਰਵਾਹਿਆ। ਆਦਿ ਜੁਗਾਦਿ ਨਾ ਸੋਗ ਹਰਖ, ਚਿੰਤਾ ਰੋਗ ਨਾ ਕੋਇ ਵਖਾਇਆ। ਆਪਣਾ ਨਾਉਂ ਆਪੇ ਕਰੇ ਪਰਖ, ਵੇਖਣਹਾਰ ਆਪਣਾ ਰੂਪ ਵਟਾਇਆ। ਨਿਰਗੁਣ ਨਿਰਵੈਰ ਦੇਵੇ ਆਪਣਾ ਦਰਸ, ਵਿਸ਼ਨ ਬ੍ਰਹਮਾ ਸ਼ਿਵ ਆਪ ਤ੍ਰਿਪਤਾਇਆ। ਆਪੇ ਮੇਟਣਹਾਰਾ ਹਰਸ, ਚਰਨ ਚਰਨੋਦਕ ਮੁਖ ਚੁਵਾਇਆ। ਆਪੇ ਲੇਖਾ ਜਾਣੇ ਆਪਣੇ ਅਰਸ਼, ਦੂਜਾ ਕੁਰਾ ਨਾ ਕੋਇ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਆਦਿ ਆਪਣੀ ਖੇਲ ਆਪ ਖਲਾਇਆ। ਹਰਿ ਸਾਚਾ ਖੇਲ ਖਿਲਾਇੰਦਾ, ਖ਼ਾਲਕ ਖ਼ਲਕ ਕਰ ਵਿਚਾਰ। ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਇੰਦਾ, ਤ੍ਰੈਗੁਣ ਮਾਇਆ ਭਰ ਭੰਡਾਰ। ਏਕਾ ਤਤਵ ਤਤ ਸਮਝਾਇੰਦਾ, ਰਤੀ ਰਤ ਕਰ ਪਿਆਰ। ਗਤ ਮਿਤ ਆਪ ਜਣਾਇੰਦਾ, ਬ੍ਰਹਮ ਮਤ ਅਪਰ ਅਪਾਰ। ਸਾਚਾ ਸਤਿ ਇਕ ਵਖਾਇੰਦਾ, ਜੋਤ ਜਗਤ ਜੁਗਤ ਸਚ ਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕਰ ਆਪ ਪਸਾਰ। ਆਪਣਾ ਪਸਾਰਾ ਕਰਨੇਹਾਰਾ, ਆਪਣਾ ਖੇਲ ਖਿਲਾਈਆ। ਨਿਰਗੁਣ ਨਿਰਗੁਣ ਬਣ ਵਰਤਾਰਾ, ਨਿਰਗੁਣ ਭਿਛਿਆ ਹੱਥ ਉਠਾਈਆ। ਨਿਰਗੁਣ ਵੇਖੇ ਦਰ ਦਵਾਰਾ, ਨਿਰਗੁਣ ਦਰ ਦਰ ਅਲੱਖ ਜਗਾਈਆ। ਨਿਰਗੁਣ ਜੋਤ ਨਿਰਗੁਣ ਉਜਿਆਰਾ, ਨਿਰਗੁਣ ਸ਼ਬਦ ਧੁਨ ਉਪਜਾਈਆ। ਨਿਰਗੁਣ ਸਰੋਵਰ ਅੰਮ੍ਰਿਤ ਠੰਡਾ ਠਾਰਾ, ਨਿਰਗੁਣ ਭਰ ਪਿਆਲਾ ਜਾਮ ਪਿਆਈਆ। ਨਿਰਗੁਣ ਲੱਖ ਚੁਰਾਸੀ ਘਾੜਨ ਘੜੇ ਵਿਚ ਸੰਸਾਰਾ, ਸਰਗੁਣ ਸਾਚਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੇਪਰਵਾਹੀਆ। ਲੱਖ ਚੁਰਾਸੀ ਘਾੜਨ ਘੜਿਆ, ਬ੍ਰਹਮਾ ਵਿਸ਼ਨ ਸ਼ਿਵ ਸੇਵ ਕਮਾਇੰਦਾ। ਕਰੇ ਖੇਲ ਪ੍ਰਭ ਸਾਚਾ ਹਰਿਆ, ਹਰੀ ਹਰਿ ਆਪਣਾ ਮੇਲ ਮਿਲਾਇੰਦਾ। ਘਰ ਵਿਚ ਘਰ ਏਕਾ ਧਰਿਆ, ਬੰਕ ਦਵਾਰਾ ਇਕ ਸੁਹਾਇੰਦਾ। ਪਾਰਬ੍ਰਹਮ ਬ੍ਰਹਮ ਅੰਦਰ ਵੜਿਆ, ਦਿਸ ਕਿਸੇ ਨਾ ਆਇੰਦਾ। ਸਾਚੇ ਪੌੜੇ ਆਪੇ ਚੜ੍ਹਿਆ, ਚੌਥਾ ਪੌੜਾ ਆਪ ਲਗਾਇੰਦਾ। ਸਾਚੇ ਮੰਦਰ ਆਪੇ ਖੜਿਆ, ਹਰਿ ਮੰਦਰ ਸੋਭਾ ਪਾਇੰਦਾ। ਆਪਣਾ ਅੱਖਰ ਆਪੇ ਪੜ੍ਹਿਆ, ਬੋਧ ਅਗਾਧੀ ਸ਼ਬਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਆਦਿ ਪੁਰਖ ਅਬਿਨਾਸ਼ੀ ਕਰਤਾ, ਆਪਣੀ ਰਚਨ ਆਪ ਰਚਾਇੰਦਾ। ਰਚਨ ਰਚਾਏ ਹਰਿ ਬ੍ਰਹਿਮੰਡ, ਆਪਣੀ ਰਚਨ ਆਪ ਰਚਾਈਆ। ਲੇਖਾ ਜਾਣੇ ਜੇਰਜ ਅੰਡ, ਉਤਭੁਜ ਸੇਤਜ ਵੇਖੇ ਥਾਉਂ ਥਾਈਆ। ਘਰ ਘਰ ਜੋਤ ਜਗਾਏ ਸੂਰਾ ਸਰਬੰਗ, ਜੋਤ ਨਿਰੰਜਣ ਕਰ ਰੁਸ਼ਨਾਈਆ। ਇਕ ਸੁਣਾਏ ਸੁਹਾਗੀ ਛੰਦ, ਅਨਹਦ ਧੁਨ ਆਪ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਰਚਨਾ ਰਚ, ਅੰਦਰ ਵੜ ਕੇ ਬੈਠਾ ਸੱਚ, ਕਾਇਆ ਮਾਟੀ ਭਾਂਡਾ ਕੱਚ, ਨੌਂ ਦਵਾਰੇ ਖੋਜ ਖੁਜਾਈਆ। ਨੌਂ ਦਵਾਰੇ ਖੇਲ ਅਪਾਰਾ, ਜਗਤ ਵਾਸਨਾ ਵਿਚ ਭਰਾਇੰਦਾ। ਮਨ ਮਤ ਬੁਧ ਪਾਵੇ ਸਾਰਾ, ਡੂੰਘੀ ਕੰਦਰ ਫੋਲ ਫੁਲਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਜਗਤ ਸ਼ੰਗਾਰਾ, ਆਸਾ ਤ੍ਰਿਸ਼ਨਾ ਵੇਖ ਵਖਾਇੰਦਾ। ਹਉਮੇ ਹੰਗਤਾ ਗੜ੍ਹ ਹੰਕਾਰਾ, ਨਿਰਗੁਣ ਸਰਗੁਣ ਬੁਰਜ ਸੁਹਾਇੰਦਾ। ਜੂਠ ਝੂਠ ਕਰ ਪਸਾਰਾ, ਮਨ ਆਹਾਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਘਾੜਨ ਘੜ, ਘਟ ਘਟ ਆਪਣਾ ਖੇਲ ਖਿਲਾਇੰਦਾ। ਘਟ ਅੰਦਰ ਦੀਵਾ ਬਾਤੀ, ਹਰਿ ਸਾਚੀ ਜੋਤ ਜਗਾਈਆ। ਘਟ ਅੰਦਰ ਬੂੰਦ ਸਵਾਂਤੀ, ਪ੍ਰਭ ਕਵਲ ਨਾਭ ਭਰਾਈਆ। ਘਰ ਖੋਲ੍ਹੇ ਬੰਦ ਤਾਕੀ, ਬਜਰ ਕਪਾਟ ਤੁੜਾਈਆ। ਘਰ ਬਣੇ ਸਾਚਾ ਸਾਕੀ, ਭਰ ਪਿਆਲਾ ਜਾਮ ਪਿਆਈਆ। ਘਰ ਦੇਵੇ ਸ਼ਬਦ ਰਾਕੀ, ਸ਼ਾਹ ਸਵਾਰਾ ਸੱਚਾ ਸ਼ਹਿਨਸ਼ਾਹੀਆ। ਘਰ ਲੇਖਾ ਮੁਕਾਏ ਬਾਕੀ, ਜਿਸ ਮਿਲਿਆ ਬੇਪਰਵਾਹੀਆ। ਘਰ ਸੁਹਾਏ ਸੇਜਾ ਖਾਟੀ, ਆਤਮ ਅੰਤਰ ਵੇਖ ਵਖਾਈਆ। ਘਰ ਲੇਖਾ ਚੁੱਕੇ ਚੌਦਾਂ ਹਾਟੀ, ਚੌਦਾਂ ਤਬਕਾਂ ਚਰਨਾਂ ਹੇਠ ਦਬਾਈਆ। ਘਰ ਜਗੇ ਜੋਤ ਲਲਾਟੀ, ਨਿਰਗੁਣ ਨੂਰ ਕਰੇ ਰੁਸ਼ਨਾਈਆ । ਘਰ ਨੇੜੇ ਵਖਾਏ ਵਾਟੀ, ਅਗਲਾ ਪੰਧ ਮੁਕਾਈਆ। ਘਰ ਤਟ ਤੀਰਥ ਦੱਸੇ ਸਾਚਾ ਤਾਟੀ, ਤਟ ਕਿਨਾਰਾ ਸੋਭਾ ਪਾਈਆ। ਘਰ ਪੁੱਛਣਹਾਰਾ ਵਾਤੀ, ਆਲਸ ਨਿੰਦਰਾ ਵਿਚ ਨਾ ਆਈਆ। ਘਰ ਉਤਮ ਕਰੇ ਜ਼ਾਤੀ, ਵਰਨ ਗੋਤ ਨਾ ਕੋਇ ਵਖਾਈਆ। ਘਰ ਮਿਟੇ ਅੰਧੇਰੀ ਰਾਤੀ, ਅੰਧ ਅੰਧੇਰ ਰਹਿਣ ਨਾ ਪਾਈਆ। ਘਰ ਮਿਲੇ ਕਮਲਾਪਾਤੀ, ਕਵਲ ਨੈਣ ਆਪ ਖੁਲਾਈਆ। ਘਰ ਵਿਗਸੇ ਸਾਚਾ ਸਾਥੀ, ਸਗਲਾ ਸੰਗ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਰਚਨਾ ਰਚ, ਕਾਇਆ ਮੰਦਰ ਆਪੇ ਰਿਹਾ ਸੁਹਾਈਆ। ਕਾਇਆ ਮੰਦਰ ਬਣਾਇਆ ਗੜ, ਸਤਿਗੁਰ ਸਤਿ ਪੁਰਖ ਨਿਰੰਜਣ ਦਇਆ ਕਮਾਇੰਦਾ। ਨਿਰਗੁਣ ਉਪਰ ਬੈਠਾ ਚੜ੍ਹ, ਸਚ ਸਿੰਘਾਸਣ ਸੋਭਾ ਪਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਚੋਟੀ ਜੜ ਨਾ ਕੋਇ ਵਖਾਇੰਦਾ। ਆਪਣਾ ਨਿਸ਼ਅੱਖਰ ਆਪੇ ਪੜ੍ਹ, ਆਪਣਾ ਸ਼ਬਦ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵਿਸ਼ਨ ਸ਼ਿਵ ਦੇਵੇ ਵਰ, ਵਰ ਦਾਤਾ ਭੇਵ ਨਾ ਆਇੰਦਾ। ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਇਆ, ਲੱਖ ਚੁਰਾਸੀ ਵੇਖ ਵਖਾਈਆ। ਤ੍ਰੈਗੁਣ ਘਾੜਨ ਆਪ ਘੜਾਇਆ, ਪੰਜ ਤਤ ਹੋਈ ਕੁੜਮਾਈਆ। ਮਨ ਮਤ ਬੁਧ ਰਾਹ ਚਲਾਇਆ, ਆਤਮ ਬ੍ਰਹਮ ਬੈਠਾ ਮੁਖ ਛੁਪਾਈਆ। ਸ਼ਬਦ ਅਨਾਦੀ ਆਪਣੇ ਹੱਥ ਰਖਾਇਆ, ਤਾਲ ਤਲਵਾੜਾ ਆਪ ਵਜਾਈਆ। ਬ੍ਰਹਮ ਬ੍ਰਹਿਮਾਦੀ ਖੇਲ ਰਚਾਇਆ, ਰਚ ਰਚ ਵੇਖੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਬ੍ਰਹਮਾ ਵਿਸ਼ਨ ਸ਼ਿਵ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਸਲਾਹ, ਨੇਤਰ ਨੈਣਾਂ ਨੀਰ ਵਹਾਈਆ। ਤੂੰ ਦਾਤਾ ਦਤਾਰ ਬੇਪਰਵਾਹ, ਤੇਰਾ ਭੇਵ ਕੋਇ ਨਾ ਆਈਆ। ਦਰ ਦਰਵੇਸ਼ ਬਣ ਭਿਖਾਰ ਬੈਠੇ ਆ, ਨਿਉਂ ਨਿਉਂ ਚਰਨਾਂ ਸੀਸ ਝੁਕਾਈਆ। ਆਪਣਾ ਹੁਕਮ ਇਕ ਜਣਾ, ਕਵਣ ਹੁਕਮ ਸੱਚਾ ਸ਼ਹਿਨਸ਼ਾਹੀਆ। ਲੱਖ ਚੁਰਾਸੀ ਘਾੜਨ ਲਿਆ ਘੜਾ, ਤੇਰਾ ਰੂਪ ਸ੍ਰਿਸ਼ਟ ਸਬਾਈਆ। ਕਵਣ ਵੇਸ ਲਏ ਧਰਾ, ਧਰਨੀ ਧਰਤ ਧਵਲ ਲਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਭੇਵ ਰਿਹਾ ਖੁਲਾਈਆ। ਭੇਵ ਖੁਲਾਏ ਸ੍ਰੀ ਭਗਵਾਨ, ਤ੍ਰੈ ਤ੍ਰੈ ਆਪ ਜਣਾਇੰਦਾ। ਲੋਕਮਾਤ ਰਖਾਏ ਆਪਣਾ ਇਕ ਨਿਸ਼ਾਨ, ਜੁਗ ਜੁਗ ਵੇਸ ਵਟਾਇੰਦਾ। ਚਾਰੇ ਵੇਦ ਜਗਤ ਗਿਆਨ, ਚਾਰ ਜੁਗ ਵੰਡ ਵੰਡਾਇੰਦਾ। ਚਾਰੇ ਖਾਣੀ ਕਰੇ ਪਰਵਾਨ, ਚਾਰੇ ਬਾਣੀ ਮੁਖ ਸਾਲਾਹਿੰਦਾ। ਬਿਨ ਹਰਿ ਨਾ ਚੁੱਕੇ ਕਿਸੇ ਕਾਣ, ਅੰਤ ਪੰਧ ਨਾ ਕੋਇ ਮੁਕਾਇੰਦਾ। ਪਰਗਟ ਹੋਏ ਵਿਚ ਜਹਾਨ, ਨਿਰਗੁਣ ਆਪਣਾ ਭੇਵ ਖੁਲਾਇੰਦਾ। ਸਰਗੁਣ ਬ੍ਰਹਮ ਕਰੇ ਪਰਵਾਨ, ਪਾਰਬ੍ਰਹਮ ਮੇਲ ਮਿਲਾਇੰਦਾ। ਸ਼ਬਦ ਵਖਾਏ ਸਚ ਨਿਸ਼ਾਨ, ਧੁਰ ਦੀ ਬਾਣੀ ਬਾਣ ਲਗਾਇੰਦਾ। ਚਾਰੇ ਜੁਗ ਵੇਖੇ ਆਣ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪਣੇ ਅੰਗ ਲਗਾਇੰਦਾ। ਆਪਣੀ ਇਛਿਆ ਦੇਵੇ ਦਾਨ, ਲੱਖ ਚੁਰਾਸੀ ਵਿਚੋਂ ਭਗਤ ਭਗਵੰਤ ਆਪ ਉਠਾਇੰਦਾ। ਸੁਰਤੀ ਸ਼ਬਦ ਮਿਲਾਏ ਆਣ, ਸ਼ਬਦ ਗੁਰ ਰਾਹ ਵਖਾਇੰਦਾ। ਸੰਤਨ ਦੇਵੇ ਏਕਾ ਮਾਣ, ਮਨ ਕਾ ਮਣਕਾ ਆਪ ਭੁਵਾਇੰਦਾ। ਗੁਰਮੁਖ ਲੇਖੇ ਲਾਏ ਆਣ, ਲਿਖ ਲਿਖ ਅੱਖਰ ਆਪ ਪੜ੍ਹਾਇੰਦਾ। ਗੁਰਸਿਖ ਬਖ਼ਸ਼ੇ ਚਰਨ ਧੂੜ ਅਸ਼ਨਾਨ, ਦੁਰਮਤ ਮੈਲ ਆਪ ਧੁਵਾਇੰਦਾ। ਸਤਿਜੁਗ ਸਤਿ ਕਰੇ ਕਲਿਆਣ, ਸਤਿ ਸਤਿਵਾਦੀ ਵੇਸ ਵਟਾਇੰਦਾ। ਤ੍ਰੇਤਾ ਤਿਰੀਆ ਹੋ ਪਰਧਾਨ, ਰਾਮ ਰਾਮਾ ਡੰਕ ਵਜਾਇੰਦਾ। ਦਵਾਪਰ ਖੇਲੇ ਖੇਲ ਭਗਵਾਨ, ਮੁਕੰਦ ਮਨੋਹਰ ਲਖ਼ਮੀ ਨਰਾਇਣ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਦੀਨ ਦਿਆਲਾ, ਆਪੇ ਚਲੇ ਅਵੱਲੜੀ ਚਾਲਾ, ਜੁਗ ਕਰਤਾ ਚਾਲ ਚਲਾਇੰਦਾ। ਚਾਲ ਚਲਾਏ ਹਰਿ ਨਿਰਾਲੀ, ਲਿਖਣ ਪੜ੍ਹਨ ਵਿਚ ਨਾ ਆਈਆ। ਜੋਤ ਜਗਾਏ ਇਕ ਅਕਾਲੀ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਕਰੇ ਸਚ ਦਲਾਲੀ, ਦੋ ਜਹਾਨ ਫੇਰਾ ਪਾਈਆ। ਬੂਟਾ ਲਾਏ ਏਕਾ ਮਾਲੀ, ਗੁਰਸਿਖ ਫੁਲ ਫੁਲਵਾੜੀ ਆਪ ਮਹਿਕਾਈਆ। ਲੇਖਾ ਜਾਣੇ ਪਤ ਡਾਲ੍ਹੀ, ਕਲੀ ਕਲੀ ਆਪ ਮਹਿਕਾਈਆ। ਆਪੇ ਫਿਰੇ ਹੱਥਾਂ ਖ਼ਾਲੀ, ਖ਼ਾਲਕ ਖ਼ਲਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਚੀ ਭਿਛਿਆ ਝੋਲੀ ਪਾਈਆ। ਸਾਚੀ ਭਿਛਿਆ ਝੋਲੀ ਪਾ, ਏਕਾ ਹੁਕਮ ਸੁਣਾਇੰਦਾ। ਸਤਿਜੁਗ ਬੇੜਾ ਦਏ ਚਲਾ, ਰੂਪ ਅਨੂਪ ਆਪ ਪਰਗਟਾਇੰਦਾ। ਵਾਰ ਅਠਾਰਾਂ ਜੋਤ ਜਗਾ, ਨਿਰਗੁਣ ਸਰਗੁਣ ਵੇਸ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚਾ ਹਰਿ, ਹਰਿ ਮੰਦਰ ਸੋਭਾ ਪਾਇੰਦਾ। ਜੁਗ ਜੁਗ ਵੇਸ ਅਵੱਲੜਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਕਰੇ ਖੇਲ ਇਕ ਇਕੱਲੜਾ, ਅਕਲ ਕਲ ਆਪਣੀ ਧਾਰ ਵਹਾਇੰਦਾ। ਵਸਾਏ ਨੇਹਚਲ ਧਾਮ ਅਟੱਲ ਅਟੱਲੜਾ, ਉਚ ਮੁਨਾਰਾ ਹਰਿ ਨਿਰੰਕਾਰਾ ਸੋਭਾ ਪਾਇੰਦਾ। ਸਤਿਜੁਗ ਫੜਾਇਆ ਆਪਣਾ ਪੱਲੜਾ, ਪਾਰ ਕਿਨਾਰਾ ਆਪ ਵਖਾਇੰਦਾ। ਤ੍ਰੇਤੇ ਲੋਕਮਾਤ ਆਸਣ ਮਲੜਾ, ਤ੍ਰੈਗੁਣ ਲੇਖਾ ਆਪ ਜਣਾਇੰਦਾ, ਸਚ ਸੰਦੇਸ਼ ਏਕਾ ਘਲੜਾ, ਨਰ ਨਰੇਸ਼ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿ ਹਰਿ ਆਪਣੀ ਕਾਰ ਕਮਾਇੰਦਾ । ਆਪਣੀ ਕਾਰ ਕਮਾਵਣ ਜੋਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਨਿਰਗੁਣ ਸਰਗੁਣ ਧੁਰ ਸੰਜੋਗ, ਧੁਰ ਦਾ ਮੇਲਾ ਮੇਲ ਮਿਲਾਈਆ। ਲੇਖਾ ਜਾਣੇ ਚੌਦਾਂ ਲੋਕ, ਚੌਦਾਂ ਵਿਦਿਆ ਕਰੇ ਪੜ੍ਹਾਈਆ। ਰਾਮ ਨਾਮ ਸੁਧਾਖਰ ਇਕ ਸਲੋਕ, ਨਿਸ਼ ਅੱਖਰ ਆਪ ਉਪਾਈਆ। ਆਪੇ ਦਾਤਾ ਦਾਨੀ ਦੇਵਣਹਾਰਾ ਮੁਕਤ ਮੋਖ, ਆਪੇ ਮੁਕਤੀ ਚਰਨਾਂ ਹੇਠ ਦਬਾਈਆ। ਆਪੇ ਮਿਟਾਏ ਹਰਖ ਸੋਗ, ਹਰਿ ਮੇਲਾ ਸਹਿਜ ਸੁਭਾਈਆ। ਆਪੇ ਚੁਗਾਏ ਸਾਚੀ ਚੋਗ, ਨਾਮ ਮਾਣਕ ਮੋਤੀ ਹੱਥ ਰਖਾਈਆ। ਆਪੇ ਦੇਵੇ ਦਰਸ ਅਮੋਘ, ਰੂਪ ਅਨੂਪ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਧਰਾਈਆ। ਜੁਗ ਜੁਗ ਵੇਸ ਧਰਾਇੰਦਾ, ਪਾਰਬ੍ਰਹਮ ਕਰਤਾਰ। ਅਨਭਵ ਆਪਣਾ ਖੇਲ ਖਿਲਾਇੰਦਾ, ਮੂਰਤ ਅਕਾਲ ਹੋ ਉਜਿਆਰ। ਜੂਨੀ ਰਹਿਤ ਜੂਨ ਵਿਚ ਨਾ ਆਇੰਦਾ, ਅੰਡਜ ਜੇਰਜ ਉਤਭੁਜ ਸੇਤਜ ਪਾਵੇ ਸਾਰ। ਧੁਰ ਫ਼ਰਮਾਣਾ ਹੁਕਮ ਸੁਣਾਇੰਦਾ, ਰਾਮ ਨਾਮਾ ਕਰ ਪਿਆਰ। ਜਨਕ ਸਪੁਤਰੀ ਆਪ ਪਰਨਾਇੰਦਾ, ਰਾਵਣ ਤੋੜੇ ਗੜ੍ਹ ਹੰਕਾਰ। ਬਿਦਰ ਸੁਦਾਮਾ ਆਪ ਤਰਾਇੰਦਾ, ਜੁਗਾ ਜੁਗੰਤਰ ਸਾਚੀ ਕਾਰ। ਸਖ਼ੀਆ ਮੰਗਲ ਆਪੇ ਗਾਇੰਦਾ, ਲੇਖਾ ਜਾਣੇ ਗੋਪੀ ਕਾਹਨ। ਏਕਾ ਬੰਸਰੀ ਨਾਮ ਵਜਾਇੰਦਾ, ਬਾਲ ਗਵਾਲਾ ਗਊਆਂ ਚਾਰੇ ਆਣ। ਗ਼ਰੀਬ ਨਿਮਾਣੇ ਗਲੇ ਲਗਾਇੰਦਾ, ਲੱਜਿਆ ਰੱਖੇ ਸਭਾ ਵਿਚ ਭਗਵਾਨ। ਦੁਸ਼ਟ ਹੰਕਾਰੀ ਆਪ ਮਿਟਾਇੰਦਾ, ਘਰ ਦਰ ਬਣ ਨਿਗਹਬਾਨ। ਏਕਾ ਅੱਖਰ ਆਪ ਪੜ੍ਹਾਇੰਦਾ, ਅਠਾਰਾਂ ਧਿਆਏ ਕਰ ਪਰਧਾਨ। ਵੇਦ ਵਿਆਸਾ ਮੁਖ ਸਾਲਾਹਿੰਦਾ, ਪੁਰਾਨ ਅਠਾਰਾਂ ਦਏ ਗਿਆਨ। ਨਾਰਦ ਬ੍ਰਹਮਾ ਸੰਗ ਰਲਾਇੰਦਾ, ਲੇਖਾ ਜਾਣੇ ਧੁਰ ਫ਼ਰਮਾਣ। ਆਪਣੀ ਕਲ ਆਪ ਵਰਤਾਇੰਦਾ, ਕਾਲ ਉਠਾਏ ਆਪ ਭਗਵਾਨ। ਮਹਾਂਕਾਲ ਹੁਕਮ ਸੁਣਾਇੰਦਾ, ਬੈਠਾ ਸਚ ਸੱਚੀ ਧਰਮਸਾਲ। ਜੋ ਘੜਿਆ ਭੰਨ ਵਖਾਇੰਦਾ, ਗੁਰ ਪੀਰ ਅਵਤਾਰ ਚਲਣ ਨਾਲ ਨਾਲ। ਆਪਣੇ ਭਾਣੇ ਸਦ ਸਮਾਇੰਦਾ, ਸ਼ਬਦ ਸਰੂਪੀ ਬਣ ਦਲਾਲ। ਲੱਖ ਚੁਰਾਸੀ ਬ੍ਰਹਮਾ ਵਿਸ਼ਨ ਸ਼ਿਵ ਪਤ ਡਾਲ੍ਹੀ ਆਪ ਮਹਿਕਾਇੰਦਾ, ਆਪੇ ਫੁਲ ਫਲਵਾੜੀ ਵੇਖੇ ਆਣ। ਸਤਿਜੁਗ ਤ੍ਰੇਤਾ ਦਵਾਪਰ ਪਾਰ ਕਰਾਇੰਦਾ, ਝੂਠੀ ਸ਼ਾਹੀ ਮਿਟੇ ਨਿਸ਼ਾਨ। ਦਰ ਘਰ ਸਾਚੇ ਸੋਭਾ ਪਾਇੰਦਾ, ਸਾਚੇ ਤਖ਼ਤ ਬਹੇ ਸ੍ਰੀ ਭਗਵਾਨ। ਕਲਜੁਗ ਵੇਲਾ ਲੋਕਮਾਤ ਆਇੰਦਾ, ਉਠ ਉਠ ਚਾਰੋਂ ਕੁੰਟ ਕਰੇ ਧਿਆਨ। ਕਵਣ ਦਾਤਾ ਹੁਕਮ ਸੁਣਾਇੰਦਾ, ਕਵਣ ਦੇਵੇ ਧੁਰ ਫ਼ਰਮਾਣ। ਕਵਣ ਰਾਜਾ ਰੱਯਤ ਵੇਖ ਵਖਾਇੰਦਾ, ਕਵਣ ਦੇਵੇ ਪੀਣ ਖਾਣ। ਕਵਣ ਮਹੱਲ ਦਵਾਰ ਵਸਾਇੰਦਾ, ਕਵਣ ਆਦਿ ਜੁਗਾਦਿ ਕਰੇ ਪਛਾਣ। ਪੁਰਖ ਅਬਿਨਾਸ਼ੀ ਸ਼ਬਦ ਆਵਾਜ ਲਗਾਇੰਦਾ, ਏਕਾ ਦੇਵੇ ਧੁਰ ਫ਼ਰਮਾਣ। ਕਲਜੁਗ ਕਰ ਕਿਰਪਾ ਮੇਲ ਮਿਲਾਇੰਦਾ, ਪਾਰਬ੍ਰਹਮ ਪ੍ਰ੍ਰਭ ਚਤਰ ਸੁਜਾਨ। ਸਾਚੀ ਸਿਖ਼ਿਆ ਇਕ ਸਮਝਾਇੰਦਾ, ਦੇਵਣਹਾਰਾ ਇਕ ਗਿਆਨ । ਏਕੰਕਾਰਾ ਓਅੰਕਾਰਾ ਆਪਣਾ ਰੂਪ ਪਰਗਟਾਇੰਦਾ, ਐੜਾ ਅੱਖਰ ਕਰੇ ਪਰਧਾਨ। ਏਕਾ ਤੇਰੀ ਅੱਖ ਖੁਲਾਇੰਦਾ, ਕਲਜੁਗ ਉਠੌਣਾ ਇਕ ਨਿਸ਼ਾਨ। ਲੱਖ ਚੁਰਾਸੀ ਕੀਤਾ ਤੇਰੀ ਝੋਲੀ ਪਾਇੰਦਾ, ਤੇਰੀ ਚੋਲੀ ਰੰਗੇ ਹਰਿ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਦੇਵਣਹਾਰਾ ਦਾਨੀ ਦਾਨ। ਸੁਣਿਆ ਨਾਉਂ ਸ਼ਬਦ ਨਿਰੰਕਾਰਾ, ਕਲਜੁਗ ਲਏ ਇਕ ਅੰਗੜਾਈਆ। ਨੈਤਰ ਖੋਲ੍ਹ ਪਾਇਆ ਦਰਸ ਅਗੰਮ ਅਪਾਰਾ, ਰੋ ਰੋ ਰਿਹਾ ਕੁਰਲਾਈਆ। ਲੋਕਮਾਤ ਰੁੱਤ ਆਈ ਚੌਥੇ ਜੁਗ ਅੰਤਮ ਵਾਰਾ, ਧਰਤ ਧਵਲ ਤਿੰਨ ਪੈਰ ਰਹੀ ਭੰਨਾਈਆ। ਚੌਥੇ ਪੈਰ ਨਾ ਚੁੱਕਿਆ ਜਾਏ ਭਾਰਾ, ਲੱਖ ਚੁਰਾਸੀ ਭਾਰ ਰਹੀ ਦਬਾਈਆ। ਤੇਰਾ ਹੁਕਮ ਮੇਰਾ ਵਰਤਾਰਾ, ਚਾਰ ਕੁੰਟ ਦਿਆਂ ਵਰਤਾਈਆ। ਘਰ ਘਰ ਅੰਦਰ ਕਰਾਂ ਧੂਆਂਧਾਰਾ, ਧੁਰ ਦੀ ਬਾਣੀ ਇਕ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅੰਤ ਮਿਲੇ ਸੱਚੀ ਸਰਨਾਈਆ। ਹਰਿ ਸਤਿਗੁਰ ਸੱਚਾ ਬੋਲਿਆ, ਨਿਰਗੁਣ ਦਾਤਾ ਗੁਣ ਨਿਧਾਨ। ਕਲਜੁਗ ਤੇਰਾ ਕੰਡਾ ਤੋਲਿਆ, ਤੋਲਣਹਾਰ ਸ੍ਰੀ ਭਗਵਾਨ। ਕਲਜੁਗ ਵੱਜੇ ਏਕਾ ਢੋਲਿਆ, ਮਰਦੰਗ ਦਿਸੇ ਨਾ ਕੋਇ ਨਿਸ਼ਾਨ। ਸਚ ਵਸਤ ਰੱਖੇ ਨਾ ਕੋਇ ਕੋਲਿਆ, ਜੂਠ ਝੂਠ ਹੋਏ ਪਰਧਾਨ। ਰਾਮ ਨਾਮ ਨਾ ਕਿਸੇ ਮੌਲਿਆ, ਕਾਹਨਾ ਕ੍ਰਿਸ਼ਨਾ ਨਾ ਮਿਲੇ ਮਾਣ। ਧਰਨੀ ਭਾਰ ਨਾ ਚੁੱਕੇ ਆਪਣਾ ਧੌਲਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੇਵੇ ਧੁਰ ਫ਼ਰਮਾਣ। ਕਲਜੁਗ ਕੂੜਾ ਕਰ ਪਸਾਰਾ, ਹਰਿ ਸਾਚਾ ਸਚ ਜਣਾਈਆ। ਤੇਰਾ ਲੇਖਾ ਅਗੰਮ ਅਪਾਰਾ, ਅਲੱਖ ਅਗੋਚਰ ਆਪ ਲਿਖਾਈਆ। ਸ੍ਰਿਸ਼ਟ ਸਬਾਈ ਕਰ ਖ਼ੁਵਾਰਾ, ਪੰਜ ਤਤ ਤਤ ਹਲਕਾਈਆ। ਰੈਣ ਅੰਧੇਰੀ ਹੋਏ ਅੰਧਿਆਰਾ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਤੇਰਾ ਸੰਗ ਰਖਾਏ ਈਸਾ ਮੂਸਾ ਸੰਗ ਮੁਹੰਮਦੀ ਯਾਰਾ, ਅੱਲਾ ਰਾਣੀ ਵੱਜੇ ਵਧਾਈਆ। ਏਕਾ ਕਲਮਾ ਕਰੇ ਪਸਾਰਾ, ਕਾਇਨਾਤ ਖ਼ੁਦੀ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਿਬਾਨ ਬੀਦੋ ਬੀ ਖ਼ੈਰ ਯਾ ਅੱਲਾ ਬਿਸਮਲ ਆਪਣੀ ਖੇਲ ਖਿਲਾਈਆ। ਕਲਜੁਗ ਮੰਗੇ ਮੰਗ ਅਪਾਰ, ਦੋਏ ਚਰਨ ਸੀਸ ਨਿਵਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਦਰ ਭਿਖਾਰੀ ਮੰਗਣ ਆਇਆ। ਕਾਲਾ ਸੂਸਾ ਤਨ ਸ਼ੰਗਾਰ, ਹੱਥੀਂ ਮਹਿੰਦੀ ਰੰਗ ਰੰਗਾਇਆ। ਈਸਾ ਮੂਸਾ ਦਏ ਆਧਾਰ, ਏਕਾ ਆਪਣਾ ਖੇਲ ਖਿਲਾਇਆ। ਏਕਾ ਰੂਪ ਪਰਗਟਾਏ ਆਪ ਕਰਤਾਰ, ਸੰਗ ਮੁਹੰਮਦ ਜੋੜ ਜੁੜਾਇਆ। ਚਾਰ ਯਾਰੀ ਸਚ ਧਾਰ, ਕਲਜੁਗ ਚੌਥਾ ਜੁਗ ਵੇਖ ਵਖਾਇਆ। ਸ੍ਰਿਸ਼ਟ ਸਬਾਈ ਕਰੇ ਖ਼ੁਆਰ, ਏਕਾ ਕਲਮਾ ਅਮਾਮ ਪੜ੍ਹਾਇਆ। ਰਾਹ ਤੱਕੇ ਪਰਵਰਦਿਗਾਰ, ਚੌਦਾਂ ਚੌਦਾਂ ਵੰਡ ਵੰਡਾਇਆ। ਚੌਦਾਂ ਤਬਕਾਂ ਦਏ ਆਧਾਰ, ਚੌਦਸ ਚੰਦ ਆਪ ਚੜ੍ਹਾਇਆ। ਚੌਦਾਂ ਸਦ ਬਣੇ ਸਿਕਦਾਰ, ਅੰਤ ਤਾਜ ਸੀਸ ਨਾ ਕੋਇ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜੁਗ ਜੁਗ ਆਪਣਾ ਖੇਲ ਖਿਲਾਇਆ। ਦੇਵੇ ਵਰ ਹਰਿ ਕਰਤਾਰ, ਆਪਣੀ ਬੂਝ ਬੁਝਾਈਆ। ਕਲਜੁਗ ਰਹਿਣਾ ਖ਼ਬਰਦਾਰ, ਪੁਰਖ ਅਬਿਨਾਸ਼ੀ ਇਹ ਸਮਝਾਈਆ। ਨਾਨਕ ਨਿਰਗੁਣ ਲਏ ਅਵਤਾਰ, ਸੁਣੇ ਪੁਕਾਰ ਸੱਚਾ ਸ਼ਹਿਨਸ਼ਾਹੀਆ। ਨਾਮ ਸਤਿ ਮੰਤਰ ਦਏ ਉਚਾਰ, ਚਾਰ ਵਰਨ ਕਰੇ ਪੜ੍ਹਾਈਆ। ਇਕ ਵਖਾਏ ਸਚਖੰਡ ਦਵਾਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਰਖਾਈਆ। ਇਕ ਵਜਾਏ ਰਬਾਬ ਸਤਾਰ, ਆਪਣੀ ਸਾਰੰਗੀ ਸਾਰੰਗ ਆਪ ਵਜਾਈਆ। ਰਸਨਾ ਗਾਏ ਕਰਤਾਰ ਕਰਤਾਰ, ਕਰਤਾ ਕੀਰਤ ਆਪ ਕਰਾਈਆ। ਏਕਾ ਜੋਤੀ ਨੂਰ ਉਜਿਆਰ, ਘਰ ਘਰ ਮੰਦਰ ਕਰੇ ਰੁਸ਼ਨਾਈਆ। ਡੁੱਬਦੇ ਪਾਥਰ ਜਾਏ ਤਾਰ, ਜੋ ਜਨ ਆਇਣ ਸਰਨਾਈਆ। ਲੇਖਾ ਲਿਖੇ ਅਗੰਮ ਅਪਾਰ, ਲਿਖਾਵਣਹਾਰਾ ਬੇਪਰਵਾਹੀਆ। ਏਕਾ ਵਸੇ ਧਾਮ ਨਿਆਰ, ਸਚਖੰਡ ਦਵਾਰਾ ਸੋਭਾ ਪਾਈਆ। ਨਿਰਗੁਣ ਸਰਗੁਣ ਕਰ ਪਿਆਰ, ਲੋਕਮਾਤ ਵੱਜੇ ਵਧਾਈਆ। ਇਕ ਇਕੱਲਾ ਕਰ ਪਸਾਰ, ਏਕ ਆਕਾਰ ਸ੍ਰਿਸ਼ਟ ਸਬਾਈ ਰਿਹਾ ਵਖਾਈਆ। ਸਤਿ ਨਾਮ ਭਰ ਭੰਡਾਰ, ਆਪਣਾ ਨਾਉਂ ਸਤਿ ਸਤਿ ਜਣਾਈਆ। ਕਰਤਾ ਪੁਰਖ ਹੋ ਤਿਆਰ, ਆਪਣੀ ਕਰਨੀ ਰਿਹਾ ਕਮਾਈਆ। ਅਕਾਲ ਮੂਰਤ ਮਹਾਂਕਾਲ ਰੱਖੇ ਚਰਨ ਦਵਾਰ, ਕਾਲ ਆਪਣੀ ਸੇਵਾ ਆਪ ਸਮਝਾਈਆ। ਨਿਰਭੌ ਖੇਲ ਕਰੇ ਆਪ ਕਰਤਾਰ, ਭੈ ਵਖਾਏ ਸ੍ਰਿਸ਼ਟ ਸਬਾਈਆ। ਜੂਨੀ ਰਹਿਤ ਆਵੇ ਜਾਵੇ ਵਾਰੋ ਵਾਰ, ਜੁਗਾ ਜੁਗੰਤਰ ਆਪਣੀ ਬਣਤ ਬਣਾਈਆ। ਕਲਜੁਗ ਜੀਵਾਂ ਸੁਣੇ ਪੁਕਾਰ, ਅੰਦਰ ਮੰਦਰ ਬਹਿ ਬਹਿ ਡੇਰਾ ਲਾਈਆ। ਦੁਖੀਆਂ ਦੇਵੇ ਦਰਦ ਨਿਵਾਰ, ਦਰਦ ਵੰਡੇ ਸਾਚਾ ਮਾਹੀਆ। ਜਗਤ ਗ਼ਰੀਬੀ ਆਪਣੇ ਗਲ ਪਾਏ ਹਾਰ, ਜਗਤ ਚਾਕਰੀ ਆਪ ਕਮਾਈਆ। ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਕਰੇ ਪਿਆਰ, ਅਠਾਰਾਂ ਬਰਨਾਂ ਬਖ਼ਸ਼ੇ ਇਕ ਸਰਨਾਈਆ। ਏਕਾ ਸ਼ਬਦ ਬੋਲ ਜੈਕਾਰ, ਨਿਸ਼ਅੱਖਰ ਕਰੇ ਪੜ੍ਹਾਈਆ। ਊਚੀ ਕੂਕ ਗਿਆ ਪੁਕਾਰ, ਕਲਜੁਗ ਅੰਤ ਅੰਧੇਰਾ ਛਾਈਆ। ਨਿਹਕਲੰਕ ਉਤਰੇ ਆਪਣੀ ਵਾਰ, ਕੋਈ ਜਨਮੇ ਨਾ ਪਿਤਾ ਮਾਈਆ। ਲੇਖਾ ਜਾਣੇ ਧੁਰ ਦਰਬਾਰ, ਧੁਰ ਦਾ ਦਾਤਾ ਇਕ ਰਘੁਰਾਈਆ। ਨੌਂ ਖੰਡ ਪ੍ਰਿਥਮੀ ਹੋਏ ਉਜਿਆਰ, ਸੱਤਾਂ ਦੀਪਾਂ ਕਰੇ ਰੁਸ਼ਨਾਈਆ। ਕੂੜੀ ਕਿਰਿਆ ਦਏ ਨਿਵਾਰ, ਜੂਠ ਝੂਠ ਰਹਿਣ ਨਾ ਪਾਈਆ ਗੁਰ ਕਾ ਸ਼ਬਦ ਜੋ ਜਨ ਰਹੇ ਵਿਚਾਰ, ਗੁਰ ਕਰਤਾ ਗੁਰ ਕਰਨੀ ਯੋਗ ਗੁਰ ਕੀਮਤ ਆਪਣੀ ਆਪੇ ਪਾਈਆ। ਏਕਾ ਜੋਤੀ ਨੂਰ ਉਜਿਆਰ, ਦੋਏ ਦੋਏ ਧਾਰਾ ਵੇਖ ਵਖਾਈਆ। ਅੰਗਦ ਕਰਿਆ ਅੰਗੀਕਾਰ, ਅਮਰਦਾਸ ਅਮਰਾਪਦ ਬਹਾਈਆ। ਰਾਮ ਦਾਸ ਵਖਾਇਆ ਇਕ ਦਰਬਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਗੁਰ ਅਰਜਣ ਸ਼ਬਦ ਜਣਾਇਆ ਸੱਚੀ ਧੁਨਕਾਰ, ਧੁਰ ਦੀ ਬਾਣੀ ਬਾਣ ਲਗਾਈਆ। ਏਕਾ ਵਰ ਪਾਇਆ ਪੁਰਖ ਕਰਤਾਰ, ਏਕਾ ਸੁਹੰਜਣੀ ਸੇਜ ਸੁਹਾਈਆ। ਸੰਤ ਭਗਵੰਤ ਭਗਤ ਕਰ ਪਿਆਰ, ਮੇਲ ਮਿਲਾਏ ਸਹਿਜ ਸੁਭਾਈਆ। ਗੁਰੂ ਗ੍ਰੰਥ ਗੂਰੂ ਕਰ ਤਿਆਰ, ਲੱਖ ਚੁਰਾਸੀ ਗਿਆ ਸਮਝਾਈਆ। ਨੌਂ ਖੰਡ ਪ੍ਰਿਥਮੀ ਬੇੜਾ ਕਰੇ ਪਾਰ, ਪਾਰਬ੍ਰਹਮ ਵੱਡੀ ਵਡਿਆਈਆ। ਦੇਹ ਜੋਤ ਕਰੇ ਪਿਆਰ, ਹਰਿ ਗੋਬਿੰਦ ਸ਼ਾਹ ਅਸਵਾਰ ਇਕ ਸ਼ਹਿਨਸ਼ਾਹੀਆ। ਹਰਿਰਾਏ ਦਏ ਆਧਾਰ, ਹਰਿਕ੍ਰਿਸ਼ਨ ਜੋਤੀ ਜੋਤ ਮਿਲਾਈਆ। ਗੁਰ ਤੇਗ ਬਹਾਦਰ ਰੱਖੀ ਤਿਖੀ ਧਾਰ, ਦੋ ਜਹਾਨਾਂ ਆਪ ਰਖਾਈਆ। ਕਲਜੁਗ ਤੇਰਾ ਕੂੜ ਪਸਾਰਾ ਦਏ ਨਿਵਾਰ, ਆਪਣਾ ਸਾਚਾ ਚੰਦ ਚੜ੍ਹਾਈਆ। ਉਪਜਿਆ ਚੰਦ ਵਿਚ ਸੰਸਾਰ, ਗੋਬਿੰਦ ਕਿਰਨ ਕਿਰਨ ਚਮਕਾਈਆ। ਪੁਰਖ ਅਬਿਨਾਸ਼ੀ ਕਰੇ ਪਿਆਰ, ਸੁਤ ਦੁਲਾਰਾ ਵੇਖ ਵਖਾਈਆ। ਏਕਾ ਦੇਵੇ ਸਚ ਭੰਡਾਰ, ਸਤਿ ਸਤਿਵਾਦੀ ਆਪ ਵਰਤਾਈਆ। ਏਕਾ ਬਖ਼ਸ਼ੇ ਨਾਮ ਕਟਾਰ, ਚੰਡ ਪਰਚੰਡ ਹੱਥ ਫੜਾਈਆ। ਏਕਾ ਅਸਵ ਇਕ ਅਸਵਾਰ, ਏਕਾ ਆਸਣ ਸਿੰਘਾਸਣ ਰਿਹਾ ਲਗਾਈਆ। ਏਕਾ ਭੂਪ ਇਕ ਸਿਕਦਾਰ, ਏਕਾ ਹੁਕਮ ਰਿਹਾ ਵਰਤਾਈਆ। ਏਕਾ ਭਿਖਾਰੀ ਭਿਖਕ ਮੰਗੇ ਆਣ, ਏਕਾ ਦਾਨਾ ਝੋਲੀ ਪਾਈਆ। ਏਕਾ ਸ਼ਬਦ ਧੁਰ ਫ਼ਰਮਾਣ, ਆਦਿ ਜੁਗਾਦਿ ਰਿਹਾ ਸੁਣਾਈਆ। ਏਕਾ ਮੰਦਰ ਇਕ ਮਕਾਨ, ਏਕਾ ਬੈਠਾ ਆਸਣ ਲਾਈਆ। ਏਕਾ ਜੋਤ ਸ੍ਰੀ ਭਗਵਾਨ, ਨਾਨਕ ਗੋਬਿੰਦ ਕਰੀ ਰੁਸ਼ਨਾਈਆ। ਲੋਕਮਾਤ ਵੇਖੇ ਮਾਰ ਧਿਆਨ, ਕਲਜੁਗ ਜੀਵ ਕੂਕਣ ਦੇਣ ਦੁਹਾਈਆ। ਘਰ ਘਰ ਭੁੱਲਿਆ ਸੀਤਾ ਰਾਮ, ਰਾਧਾ ਕ੍ਰਿਸ਼ਨ ਨਾ ਕੋਇ ਅਲਾਈਆ। ਉਠਿਆ ਜੋਧਾ ਸੂਰਬੀਰ ਬਲੀ ਬਲਵਾਨ, ਨਾਮ ਖੰਡਾ ਇਕ ਚਮਕਾਈਆ। ਚਿਲੇ ਚੜ੍ਹਿਆ ਤੀਰ ਕਮਾਨ, ਸਚ ਨਿਸ਼ਾਨ ਇਕ ਲਗਾਈਆ। ਲੇਖਾ ਜਾਣੇ ਦੋ ਜਹਾਨ, ਦੋ ਜਹਾਨਾਂ ਵਾਲੀ ਬੇਪਰਵਾਹੀਆ। ਆਪਣੀ ਰੀਤੀ ਕਰੇ ਆਪ ਪਰਧਾਨ, ਪਤਿਤ ਪੁਨੀਤੀ ਖੇਲ ਖਿਲਾਈਆ। ਚਾਰੇ ਵਰਨ ਇਕ ਗਿਆਨ ਅੰਮ੍ਰਿਤ ਪਾਨ ਆਪ ਕਰਾਈਆ। ਤਨ ਗਾਤਰਾ ਇਕ ਵਖਾਨ, ਨਾਮ ਸ਼ਸਤਰ ਵਿਚ ਟਿਕਾਈਆ। ਨਾ ਕੋਈ ਘੜੇ ਲੋਹਾਰ ਤਰਖਾਣ, ਤਿਖੀ ਸਾਣ ਨਾ ਕੋਇ ਕਰਾਈਆ। ਪਹਿਲਾਂ ਕਾਮ ਕਰੋਧ ਲੋਭ ਮੋਹ ਹੰਕਾਰ ਲਾਹਵੇ ਘਾਣ, ਦੂਜੀ ਆਸਾ ਤ੍ਰਿਸ਼ਨਾ ਦਏ ਮਿਟਾਈਆ। ਤੀਜੀ ਤੀਜੇ ਨੇਤਰ ਦਰਸ ਕਰਾਏ ਸ੍ਰੀ ਭਗਵਾਨ, ਗੋਬਿੰਦ ਮੇਲਾ ਸਹਿਜ ਸੁਭਾਈਆ। ਚੌਥੇ ਪਦ ਕਰੇ ਪਰਵਾਨ, ਚੌਥੇ ਘਰ ਵੱਜੇ ਵਧਾਈਆ। ਪੰਚਮ ਦੇਵੇ ਸਚ ਨਿਸ਼ਾਨ, ਪੰਚਮ ਦੇਵੇ ਮਾਣ ਵਡਿਆਈਆ। ਪੰਚ ਪਿਆਰੇ ਕਰ ਪਰਧਾਨ, ਪੰਚਮ ਮੁਖ ਆਪ ਸਾਲਾਹੀਆ। ਪੰਚਮ ਅੱਗੇ ਮੰਗੇ ਦਾਨ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਆਪੇ ਹੁਕਮ ਸੁਣਾਏ ਧੁਰ ਫ਼ਰਮਾਣ, ਸ਼ਬਦ ਅਗੰਮੀ ਆਪ ਅਲਾਈਆ। ਕੋਈ ਨਾ ਲਿਖੇ ਬਣ ਨਿਧਾਨ, ਕਾਗਦ ਕਲਮ ਸ਼ਾਹੀ ਸਭ ਦੇ ਹੱਥੋਂ ਦਏ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਿਆ ਖੇਲ ਅਗੰਮ ਅਪਾਰ, ਲੋਕਮਾਤ ਵੇਸ ਵਟਾਈਆ। ਗੋਬਿੰਦ ਗੁਰ ਕਰ ਨਿਮਸਕਾਰ, ਪੰਜਾਂ ਅੱਗੇ ਸੀਸ ਝੁਕਾਇੰਦਾ। ਸਿਰ ਰੱਖ ਅੱਗੇ ਸੱਚੀ ਸਰਕਾਰ, ਆਪਣਾ ਆਪ ਭੇਟ ਵਖਾਇੰਦਾ। ਮੇਰਾ ਮੁਨਾਰਾ ਉਚ ਨਿਸ਼ਾਨ, ਪੰਚਮ ਰੰਗ ਰੰਗਾਇੰਦਾ। ਪੰਚਮ ਤਾਜ ਸ੍ਰੀ ਭਗਵਾਨ, ਆਦਿ ਪੁਰਖ ਆਪਣੀ ਹੱਥੀਂ ਆਪ ਘੜਾਇੰਦਾ। ਕਲਜੁਗ ਅੰਤਮ ਖੇਲ ਕਰੇ ਮਹਾਨ, ਲੇਖਾ ਲੇਖ ਨਾ ਕੋਇ ਲਿਖਾਇੰਦਾ। ਮੇਰਾ ਤਨ ਨਾ ਦਿਸੇ ਕੋਇ ਨਿਸ਼ਾਨ, ਮੇਰਾ ਸ਼ਬਦ ਸਰਬ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਏਕਾ ਵੇਸ ਵਟਾਇੰਦਾ। ਦਇਆ ਸਿੰਘ ਇਕ ਬੋਲ ਜੈਕਾਰਾ, ਗੋਬਿੰਦ ਅੱਗੇ ਸੀਸ ਝੁਕਾਇਆ। ਤੂੰ ਸਾਹਿਬ ਸਤਿਗੁਰ ਹਉਂ ਚਾਕਰ ਸੇਵਾਦਾਰਾ, ਕਵਣ ਰੂਪ ਖੇਲ ਖਿਲਾਇਆ। ਹਉਂ ਭਿਖਾਰੀ ਮੰਗਦੇ ਰਹੇ ਤੇਰਾ ਦਵਾਰਾ, ਕਿਉਂ ਮੰਗਣ ਦਾਤਾ ਤੂੰ ਬਣਕੇ ਲੋਕਮਾਤ ਵਿਚ ਆਇਆ। ਆਪਣੀ ਦੱਸਦੇ ਸਾਚੀ ਗਾਥਾ, ਪਰਦਾ ਉਹਲਾ ਦੇ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੋਬਿੰਦ ਆਪਣਾ ਭੇਵ ਖੁਲਾਇਆ। ਗੁਰ ਗੋਬਿੰਦ ਭੇਵ ਖੁਲਾਇੰਦਾ, ਚੌ ਅੱਖਰ ਰਸਨਾ ਬੋਲ। ਚਾਰੇ ਜੁਗ ਮੂਲ ਚੁਕਾਇੰਦਾ, ਮੇਰਾ ਸੀਸ ਤੋਲੇ ਤੋਲ। ਜਗਦੀਸ ਖੇਲ ਖਿਲਾਇੰਦਾ, ਸੁੱਤੇ ਰਹਿਣਾ ਨਾ ਬਣ ਅਨਭੋਲ। ਕਲਜੁਗ ਵੇਲਾ ਅੰਤਮ ਆਇੰਦਾ, ਨੌਂ ਖੰਡ ਪ੍ਰਿਥਮੀ ਜਾਏ ਡੋਲ। ਚਾਰੋਂ ਕੁੰਟ ਅੰਧੇਰਾ ਛਾਇੰਦਾ, ਚਾਰ ਵਰਨਾਂ ਪੈਣਾਂ ਘੋਲ। ਗੁਰ ਪੀਰ ਨਾ ਕੋਇ ਛੁਡਾਇੰਦਾ, ਭਾਣਾ ਵੇਖੇ ਆਪਣਾ ਹੋਲ। ਪਾਰਬ੍ਰਹਮ ਆਪਣਾ ਖੇਲ ਆਪ ਖਲਾਇੰਦਾ, ਗੁਰ ਗੋਬਿੰਦ ਪੰਜਾਂ ਪਿਆਰਿਆਂ ਨਾਲ ਕਰੇ ਕੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰ ਘਟ ਆਪੇ ਰਿਹਾ ਮੌਲ। ਗੁਰ ਗੋਬਿੰਦ ਕੌਲ ਲਿਆ ਕਰ, ਪੰਜ ਪਿਆਰੇ ਮੇਲ ਮਿਲਾਈਆ। ਕਲਜੁਗ ਅੰਤਮ ਜਾਏ ਹਰ, ਚਾਰੋਂ ਕੁੰਟ ਅੰਧੇਰਾ ਛਾਈਆ। ਗੋਬਿੰਦ ਸੂਰਾ ਆਏ ਚੜ੍ਹ, ਨੀਲੇ ਵਾਲਾ ਸਾਚਾ ਮਾਹੀਆ। ਸ਼ਬਦ ਅਗੰਮੀ ਖੰਡਾ ਹੱਥ ਵਿਚ ਫੜ, ਬਹੱਤਰ ਨਾੜੀ ਦਏ ਸਜ਼ਾਈਆ। ਪੁਰਖ ਅਕਾਲ ਬਣਾਏ ਏਕਾ ਗੜ੍ਹ, ਸਾਢੇ ਤਿੰਨ ਹੱਥ ਮੰਦਰ ਸੁਹਾਈਆ। ਸੰਬਲ ਨਗਰ ਜੋਤ ਧਰ, ਏਕਾ ਨੂਰ ਕਰੇ ਰੁਸ਼ਨਾਈਆ। ਨਾ ਕੋਈ ਸੀਸ ਨਾ ਕੋਈ ਧੜ, ਸ਼ਬਦੀ ਸ਼ਬਦ ਹੁਕਮ ਵਰਤਾਈਆ। ਕਲਜੁਗ ਕੂੜ ਕੂੜਿਆਰਾ ਉਖੇੜੇ ਜੜ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਵਿਚ ਛੁਪਾਈਆ। ਕਲਜੁਗ ਵੇਲਾ ਅੰਤਮ ਔਣਾ, ਗੁਰ ਸਤਿਗੁਰ ਆਪ ਜਣਾਇੰਦਾ। ਨਿਹਕਲੰਕ ਕਲ ਜਾਮਾ ਪੌਣਾ, ਜੋਤੀ ਜਾਮਾ ਭੇਖ ਵਟਾਇੰਦਾ। ਵਾਸੀ ਪੁਰੀ ਘਨਕ ਅਕਲ ਕਲ ਆਪ ਵਰਤੌਣਾ, ਕਲਧਾਰੀ ਦਿਸ ਨਾ ਆਇੰਦਾ। ਅਛਲ ਛਲ ਖੇਲ ਖਲੌਣਾ, ਵਲ ਛਲ ਆਪਣੀ ਖੇਲ ਆਪ ਖਿਲਾਇੰਦਾ। ਜਲ ਥਲ ਮਹੀਅਲ ਆਪ ਸਮੌਣਾ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਡੇਰਾ ਲਾਇੰਦਾ। ਗਗਨ ਮੰਡਲ ਵੇਖ ਵਖੌਣਾ, ਮੰਡਲ ਮੰਡਪ ਫੇਰਾ ਪਾਇੰਦਾ। ਕਰੋੜ ਤੇਤੀਸਾ ਮੂਲ ਚੁਕੌਣਾ, ਸੁਰਪਤ ਰਾਜਾ ਇੰਦ ਰਹਿਣ ਨਾ ਪਾਇੰਦਾ। ਸ਼ੰਕਰ ਅੰਕਰ ਵਿਚ ਸਮੌਣਾ, ਆਪ ਆਪਣਾ ਹੁਕਮ ਵਰਤਾਇੰਦਾ। ਬ੍ਰਹਮੇ ਬ੍ਰਹਮ ਜੋਤ ਜਗੌਣਾ, ਪਾਰਬ੍ਰਹਮ ਆਪਣੇ ਰੰਗ ਰੰਗਾਇੰਦਾ। ਵਿਸ਼ਨੂੰ ਵਿਸ਼ਵ ਧਾਰ ਚਲੌਣਾ, ਵਾਸਤਕ ਆਪਣੀ ਖੇਲ ਖਿਲਾਇੰਦਾ। ਚਾਰੇ ਵੇਦਾਂ ਪੰਧ ਮੁਕੌਣਾ, ਚਾਰੇ ਜੁਗ ਪਾਰ ਕਰਾਇੰਦਾ। ਪੁਰਾਨ ਅਠਾਰਾਂ ਰਾਹ ਤਕੌਣਾ, ਵੇਦ ਵਿਆਸਾ ਰਾਹ ਤਕਾਇੰਦਾ। ਗੀਤਾ ਗਿਆਨ ਇਕ ਦ੍ਰਿੜੌਣਾ, ਬੋਧ ਗਿਆਨਾ ਵਿਚ ਸਮਾਇੰਦਾ। ਅੰਜੀਲ ਕੁਰਾਨਾਂ ਪਾਰ ਕਰੌਣਾ, ਸਚ ਅਮਾਮਾ ਵੇਸ ਧਰਾਇੰਦਾ। ਲਾਸ਼ਰੀਕ ਏਕਾ ਢੋਲਾ ਗੌਣਾ, ਸਾਚਾ ਸੋਹਲਾ ਆਪ ਅਲਾਇੰਦਾ। ਖਾਣੀ ਬਾਣੀ ਵੇਖ ਵਖੌਣਾ, ਧੁਰ ਦੀ ਬਾਣੀ ਬਾਣ ਲਗਾਇੰਦਾ। ਛੱਤੀ ਰਾਗਾਂ ਭੇਵ ਚੁਕੌਣਾ, ਨਾਰਦ ਸੁਰਸਤੀ ਆਪ ਸੁਹਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਆਪਣੇ ਲੇਖੇ ਲੌਣਾ, ਪਿਛਲਾ ਲਹਿਣਾ ਝੋਲੀ ਪਾਇੰਦਾ। ਤ੍ਰੈਗੁਣ ਮਾਇਆ ਫੰਦ ਕਟੌਣਾ, ਜਗਤ ਜੰਜਾਲਾ ਤੋੜ ਤੁੜਾਇੰਦਾ। ਚਿਤਰ ਗੁਪਤ ਲੇਖ ਵਖੌਣਾ, ਰਾਏ ਧਰਮ ਸੰਗ ਰਲਾਇੰਦਾ। ਲਾੜੀ ਮੌਤ ਸ਼ੰਗਾਰ ਕਰੌਣਾ, ਨੈਣਾਂ ਕੱਜਲ ਏਕਾ ਪਾਇੰਦਾ। ਲੱਖ ਚੁਰਾਸੀ ਫੋਲ ਫੁਲੌਣਾ, ਜੋ ਘੜਿਆ ਭੰਨ ਵਖਾਇੰਦਾ। ਸੂਰਜ ਚੰਨ ਮੁਖ ਸ਼ਰਮੌਣਾ, ਕਿਰਨ ਕਿਰਨ ਵਿਚ ਸਮਾਇੰਦਾ। ਮੰਡਲ ਮੰਡਪ ਡੇਰਾ ਢੌਣਾ, ਦੂਜਾ ਗੜ੍ਹ ਨਾ ਕੋਇ ਬਣਾਇੰਦਾ। ਪੁਰਖ ਅਬਿਨਾਸ਼ੀ ਵੇਖ ਵਖੌਣਾ, ਵੇਖਣਹਾਰਾ ਦਿਸ ਨਾ ਆਇੰਦਾ। ਗੋਬਿੰਦ ਸੂਰਾ ਇਕ ਪਰਗਟੌਣਾ, ਨਾਮ ਖੰਡਾ ਹੱਥ ਚਮਕਾਇੰਦਾ। ਕਲਜੁਗ ਕੂੜਾ ਪਾਰ ਕਰੌਣਾ, ਠੂਠਾ ਖ਼ਾਲੀ ਹੱਥ ਵਖਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਤਖ਼ਤੋਂ ਲੌਹਣਾ, ਸੀਸ ਤਾਜ ਨਾ ਕੋਇ ਟਿਕਾਇੰਦਾ। ਨਿਹਕਲੰਕ ਕਲਕੀ ਅਵਤਾਰ ਜਾਮਾ ਪੌਣਾ, ਕਾਲ ਕਲੰਦਰ ਆਪ ਨਚਾਇੰਦਾ। ਰੰਗ ਮਹੱਲ ਇਕ ਵਸੌਣਾ, ਸੰਬਲ ਨਗਰੀ ਡੇਰਾ ਲਾਇੰਦਾ। ਆਤਮ ਰੰਗੀਲਾ ਪਲੰਘ ਵਿਛੌਣਾ, ਪਾਵਾ ਚੂਲ ਨਾ ਕੋਇ ਬਣਾਇੰਦਾ। ਸੂਰਜ ਚੰਨ ਨਾ ਕੋਇ ਚੜ੍ਹੌਣਾ, ਨਿਰਗੁਣ ਜੋਤ ਡਗਮਗਾਇੰਦਾ। ਲਿਖਿਆ ਲੇਖ ਨਾ ਕੋਇ ਅਲ੍ਹੌਣਾ, ਨਿਸ਼ਅੱਖਰ ਆਪੇ ਗਾਇੰਦਾ। ਆਪਣਾ ਹੁਕਮ ਆਪ ਵਰਤੌਣਾ, ਪੁਰਖ ਅਕਾਲ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਸਚ ਨਿਸ਼ਾਨਾ ਹੱਥ ਉਠੌਣਾ, ਸਤਿ ਸਤਿਵਾਤਦੀ ਆਪ ਝੁਲਾਇੰਦਾ। ਹਰਿ ਪੁਰਖ ਨਿਰੰਜਣ ਹਰਿ ਮੰਦਰ ਆਪ ਵਡਿਔਣਾ, ਵੱਡੀ ਵਡਿਆਈ ਹਰਿ ਵੱਡਾ ਆਪਣੇ ਹੱਥ ਰਖਾਇੰਦਾ। ਏਕੰਕਾਰਾ ਏਕਾ ਕਾਰ ਕਮੌਣਾ, ਕਰਤਾ ਕੀਮਤ ਆਪਣੀ ਆਪੇ ਪਾਇੰਦਾ। ਆਦਿ ਨਿਰੰਜਣ ਜੋਤ ਉਜਾਲਾ ਨੂਰੋ ਨੂਰ ਡਗਮਗੌਣਾ, ਨੂਰੀ ਨੂਰ ਆਪ ਅਖਵਾਇੰਦਾ। ਅਬਿਨਾਸ਼ੀ ਕਰਤਾ ਖ਼ਾਲਕ ਖ਼ਲਕ ਵੇਖ ਵਖੌਣਾ, ਮਖ਼ਲੂਕ ਆਪਣਾ ਤਾਲ ਵਜਾਇੰਦਾ। ਸ੍ਰੀ ਭਗਵਾਨ ਸਾਂਝਾ ਦਰ ਦਵਾਰ ਇਕ ਵਖੌਣਾ, ਦਰ ਦਰਵਾਜ਼ਾ ਆਪ ਸੁਹਾਇੰਦਾ। ਪਾਰਬ੍ਰਹਮ ਬ੍ਰਹਮ ਮੇਲ ਮਿਲੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣਾ ਖੇਲ ਖਿਲਾਇੰਦਾ। ਖੇਲ ਖਲਾਏ ਹਰਿ ਨਿਰੰਕਾਰਾ, ਕਲਜੁਗ ਅੰਤਮ ਵੇਖ ਵਖਾਈਆ। ਚੌਥੇ ਜੁਗ ਲੈ ਅਵਤਾਰਾ, ਨਿਰਗੁਣ ਨਿਰਗੁਣ ਕਰੇ ਰੁਸ਼ਨਾਈਆ। ਸ੍ਰਿਸ਼ਟ ਸਬਾਈ ਪਾਵੇ ਸਾਰਾ, ਨਵ ਸਤ ਵੱਜੇ ਵਧਾਈਆ। ਲੇਖਾ ਜਾਣੇ ਮੰਦਰ ਮਸਜਿਦ ਮਠ ਗੁਰੂਦਵਾਰਾ, ਅਠਸਠ ਤੀਰਥ ਤਟ ਕਿਨਾਰਾ ਵੇਖ ਵਖਾਈਆ। ਸਾਧਾਂ ਸੰਤਾਂ ਜੀਆਂ ਜੰਤਾਂ ਕਾਇਆ ਮੰਦਰ ਵੇਖੇ ਬੰਕ ਕਿਵਾੜਾ, ਪੰਚਮ ਧਾੜਾ ਮੂਲ ਚੁਕਾਈਆ। ਚਾਰੋਂ ਕੁੰਟ ਨਾਰ ਦੁਹਾਗਣ ਵਿਭਚਾਰ ਲਗਾਇਆ ਇਕ ਅਖਾੜਾ, ਕੁਲਖਣੀ ਨਾਰ ਮਤ ਡੂਮਣੀ ਰਹੀ ਨਚਾਈਆ। ਸਤਿਗੁਰ ਪੂਰਾ ਗੁਰਸਿਖਾਂ ਗੁਰ ਕਰੇ ਪਿਆਰਾ, ਗੁਰ ਗੁਰ ਆਪਣੀ ਦਇਆ ਕਮਾਈਆ। ਹਰਿਜਨ ਹਰਿ ਭਗਤ ਦੇਵੇ ਨਾਮ ਸਹਾਰਾ, ਰਸਨਾ ਜਿਹਵਾ ਏਕਾ ਗੁਣ ਵਖਾਈਆ। ਅਜਪਾ ਜਾਪ ਨਾ ਵਿਸਰੇ ਹਰਿ ਕਰਤਾਰਾ, ਜਪਤ ਜਪਤ ਸਹਿਜ ਸੁਖ ਪਾਈਆ। ਕਲਜੁਗ ਅੰਤਮ ਨਿਰਗੁਣ ਨਿਰਵੈਰ ਪੁਰਖ ਅਕਾਲ ਜੂਨੀ ਰਹਿਤ ਪਾਵੇ ਸਾਰਾ, ਜੋ ਜਨ ਰਹੇ ਧਿਆਈਆ। ਆਵਣ ਜਾਵਣ ਲੱਖ ਚੁਰਾਸੀ ਜਮ ਕੀ ਫ਼ਾਸੀ ਕਰੇ ਪਾਰ ਕਿਨਾਰਾ, ਰਾਏ ਧਰਮ ਨਾ ਦਏ ਸਜ਼ਾਈਆ। ਨਾਤਾ ਟੁਟੇ ਕੂੜ ਕੁੜਿਆਰਾ, ਮਾਤ ਪਿਤ ਭਾਈ ਭੈਣ ਸਾਕ ਸੈਣ ਬੰਧਪ ਨਾ ਕੋਇ ਪਿਆਰਾ, ਜਿਸ ਜਨ ਬਖ਼ਸ਼ੇ ਸਚ ਸੱਚੀ ਸਰਨਾਈਆ। ਲੇਖਾ ਜਾਣੇ ਆਰ ਪਾਰ ਕਿਨਾਰਾ, ਮੰਝਧਾਰ ਬੇੜਾ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਅਗੰਮ ਅਥਾਹ ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਵਡ ਵੱਡਾ ਰਾਜਾ, ਰਾਜ ਜੋਗ ਇਕ ਕਮਾਇੰਦਾ। ਕਲਜੁਗ ਸਤਿਜੁਗ ਰਚਿਆ ਕਾਜਾ, ਦੋਹਾਂ ਵਿਚੋਲਾ ਆਪ ਅਖਵਾਇੰਦਾ। ਪਰਗਟ ਜੋਤ ਦੇਸ ਮਾਝੇ ਪਾਇਆ ਮਾਝਾ, ਚਾਰੇ ਜੁਗ ਚਾਰੋਂ ਕੁੰਟ ਫਿਰਾਇੰਦਾ। ਨਵ ਸਤ ਚਲਾਏ ਆਪ ਜਹਾਜ਼ਾ, ਏਕਾ ਚੱਪੂ ਹੱਥ ਉਠਾਇੰਦਾ। ਗੁਰਸਿਖਾਂ ਸੁਤਿਆਂ ਮਾਰੇ ਸ਼ਬਦ ਵਾਜਾ, ਰੈਣ ਦਿਵਸ ਸੇਵ ਕਮਾਇੰਦਾ। ਜੁਗਾ ਜੁਗੰਤਰ ਰੱਖੇ ਲਾਜਾ, ਭਗਤ ਵਛਲ ਆਪਣਾ ਬਿਰਦ ਧਰਾਇੰਦਾ। ਆਦਿ ਜੁਗਾਦਿ ਫਿਰੇ ਭਾਜਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦਰ ਘਰ ਸਾਚਾ ਇਕ ਸੁਹਾਇੰਦਾ। ਦਰ ਘਰ ਸਾਚਾ ਹਰਿ ਸੁਹਾਇੰਦਾ, ਸੰਬਲ ਨਗਰ ਧਾਮ ਨਿਆਰ। ਗੁਰ ਗੋਬਿੰਦ ਜੋਤ ਜਗਾਇੰਦਾ, ਜੋਤੀ ਜਾਤਾ ਆਪ ਕਰਤਾਰ। ਆਦਿ ਅੰਤ ਆਪਣੀ ਖੇਲ ਖਿਲਾਇੰਦਾ, ਏਕਾ ਗੁਰ ਇਕ ਅਵਤਾਰ। ਆਪਣੀ ਮਹਿਮਾ ਆਪੇ ਗਾਇੰਦਾ, ਆਪੇ ਹੋਏ ਗਾਵਣਹਾਰ। ਸਤਿਜੁਗ ਤ੍ਰੇਤਾ ਦਵਾਪਰ ਪਾਰ ਕਰਾਇੰਦਾ, ਕਲਜੁਗ ਅੰਤਮ ਕਰੇ ਖ਼ਵਾਰ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪੰਧ ਮੁਕਾਇੰਦਾ, ਕਰੇ ਖੇਲ ਆਪ ਕਰਤਾਰ। ਗੁਰਮੁਖ ਸਾਜਣ ਮੀਤ ਮੁਰਾਰ ਕਰ ਪਿਆਰ ਗਲੇ ਲਗਾਇੰਦਾ, ਜਿਉਂ ਬਾਲਕ ਮਾਤਾ ਸੁਤ ਕਰੇ ਪਿਆਰ। ਅੰਮ੍ਰਿਤ ਸੀਰ ਇਕ ਪਿਆਇੰਦਾ, ਕਾਇਆ ਕਰੇ ਠੰਡੀ ਠਾਰ। ਪੰਜ ਚੋਰ ਨੇੜ ਨਾ ਆਇੰਦਾ, ਠਗੌਰੀ ਠੱਗੇ ਨਾ ਕੋਇ ਹੰਕਾਰ। ਤ੍ਰੈਗੁਣ ਅਗਨੀ ਤਤ ਬੁਝਾਇੰਦਾ, ਸਚ ਸ਼ਬਦ ਦਏ ਸੱਚੀ ਧੁਨਕਾਰ। ਵਾਹ ਵਾ ਸਖ਼ੀਆਂ ਮੰਗਲ ਗਾਇੰਦਾ, ਕਾਇਆ ਮੰਦਰ ਬੈਠ ਸੱਚੇ ਦਵਾਰ। ਹਰਿ ਮੰਦਰ ਸੋਭਾ ਪਾਇੰਦਾ, ਨਿਰਮਲ ਜੋਤ ਜਗੇ ਅਗੰਮ ਅਪਾਰ। ਤੇਲ ਬਾਤੀ ਨਾ ਕੋਇ ਰਖਾਇੰਦਾ, ਏਕਾ ਹਵਨ ਸੱਚੀ ਸਰਕਾਰ। ਆਦਿ ਜੁਗਾਦਿ ਸਾਕਤ ਨਿੰਦਕ ਦੁਸ਼ਟ ਆਪ ਮਿਟਾਇੰਦਾ, ਗੁਰਮੁਖ ਸਾਚੇ ਲਾਏ ਪਾਰ। ਸਤਿਜੁਗ ਸਤਿ ਸਤਿਵਾਦੀ ਰਾਹ ਵਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਵਸੇ ਦਰਗਹਿ ਸਾਚੀ ਠਾਂਡੇ ਦਰਬਾਰ। ਨਾਨਕ ਨਿਰਗੁਣ ਹਰਿ ਹਰਿ ਪਾਇਆ, ਸਚਖੰਡ ਵੱਜੀ ਵਧਾਈਆ। ਨਿਰਗੁਣ ਨਾਨਕ ਵਿਚ ਸਮਾਇਆ, ਨਾਨਕ ਨਿਰਗੁਣ ਭੇਵ ਨਾ ਰਾਈਆ। ਨਿਰਗੁਣ ਨਾਨਕ ਚੋਲਾ ਆਪ ਹੰਢਾਇਆ, ਨਾਨਕ ਨਿਰਗੁਣ ਰੰਗ ਚੜ੍ਹਾਈਆ। ਨਿਰਗੁਣ ਨਾਨਕ ਗੋਲਾ ਆਪ ਬਣਾਇਆ, ਨਾਨਕ ਗੋਲਾ ਨਿਰਗੁਣ ਸੇਵ ਕਮਾਈਆ। ਨਿਰਗੁਣ ਨਾਨਕ ਤੋਲਾ ਆਪ ਬਣਾਇਆ, ਤੋਲੇ ਤੋਲ ਸੱਚਾ ਪਾਤਸ਼ਾਹੀਆ। ਨਾਨਕ ਨਿਰਗੁਣ ਆਪਣਾ ਹੁਕਮ ਆਪ ਜਣਾਇਆ, ਨਾਨਕ ਨਿਰਗੁਣ ਹੁਕਮ ਵਿਚ ਸਮਾਈਆ। ਪੁਰਖ ਅਬਿਨਾਸ਼ੀ ਖੇਲ ਖਿਲਾਇਆ, ਲੋਕਮਾਤ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਭੁੱਲ ਅਭੁੱਲ ਇਕ ਅਖਵਾਈਆ। ਨਾਨਕ ਨਿਰਗੁਣ ਸ਼ਬਦ ਧਾਰ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਸਤਿ ਪੁਰਖ ਨਿਰੰਜਣ ਵਜਾਏ ਸਤਾਰ, ਸਚ ਸਤਾਰ ਆਪ ਹਲਾਇੰਦਾ। ਨਿਰਗੁਣ ਸਰਗੁਣ ਕਰੇ ਪਿਆਰ, ਸਰਗੁਣ ਨਿਰਗੁਣ ਵੇਖ ਵਖਾਇੰਦਾ। ਲਾਲੋ ਬਣੇ ਆਪ ਨਿਰੰਕਾਰ, ਆਪਣਾ ਰੂਪ ਅਗੇ ਆਪ ਦਰਸਾਇੰਦਾ। ਵਚੋਲਾ ਬਣ ਸੱਚੀ ਸਰਕਾਰ, ਸ੍ਰਿਸ਼ਟ ਸਬਾਈ ਆਪ ਸਮਝਾਇੰਦਾ। ਪੰਜ ਤਤ ਨਾ ਕੋਇ ਆਕਾਰ, ਮਨ ਮਤ ਬੁਧ ਨਾ ਕੋਇ ਵਖਾਇੰਦਾ। ਆਪੇ ਸੁਣਾਏ ਆਪੇ ਸੁਣਨੇਹਾਰ, ਆਪੇ ਲਾਲੋ ਨਾਂ ਧਰਾਇੰਦਾ। ਆਪੇ ਗਾਏ ਆਪਣੀ ਵਾਰ, ਆਪੇ ਖ਼ਸਮ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਇੰਦਾ। ਨਿਰਗੁਣ ਅੰਦਰ ਨਾਨਕ ਨਿਰਗੁਣ ਧਾਰ, ਸਰਗੁਣ ਵਿਚ ਸਰਗੁਣ ਰੂਪ ਵਟਾਈਆ। ਨਿਰਗੁਣ ਅੰਦਰੇ ਅੰਦਰ ਕਰੇ ਗੁਫ਼ਤਾਰ, ਸਰਗੁਣ ਨਾਨਕ ਰਸਨਾ ਜਿਹਵਾ ਹਲਾਈਆ। ਨਿਰਗੁਣ ਨਿਰਵੈਰ ਕਰੇ ਪਿਆਰ, ਪਰਾ ਪਸੰਤੀ ਆਪੇ ਗਾਈਆ। ਸਰਗੁਣ ਸੁਣਾਏ ਸਰਬ ਸੰਸਾਰ, ਮਧਮ ਬੈਖਰੀ ਰੂਪ ਵਟਾਈਆ। ਲਾਲੋ ਲਾਲਨ ਸਦ ਬੈਠਾ ਰਹੇ ਵਿਚਕਾਰ, ਸ਼ਬਦੀ ਸ਼ਬਦ ਰੂਪ ਪਰਗਟਾਈਆ। ਨਾਨਕ ਅੱਖਰ ਕੋਈ ਨਾ ਸਕੇ ਵਿਚਾਰ, ਮਨ ਮਤ ਬੁਧ ਭੇਵ ਨਾ ਰਾਈਆ । ਤ੍ਰੈਗੁਣ ਵਸਿਆ ਬਾਹਰ, ਪਾਰਬ੍ਰਹਮ ਵੱਡੀ ਵਡਿਆਈਆ। ਨਾਨਕ ਖ਼ਸਮ ਦੀ ਬਾਣੀ ਰਿਹਾ ਵਿਚਾਰ, ਏਕਾ ਲਾਲੋ ਕਰੇ ਜਣਾਈਆ। ਲਿਖਣ ਪੜ੍ਹਣ ਤੋਂ ਰੱਖੀ ਬਾਹਰ, ਜੋ ਹਰਿ ਹਰਿ ਬਾਣੀ ਰਿਹਾ ਸੁਣਾਈਆ। ਜੋ ਨਾਨਕ ਰਸਨਾ ਦਏ ਉਚਾਰ, ਕਲਜੁਗ ਜੀਵਾਂ ਰਾਹ ਵਖਾਈਆ। ਲੱਖ ਚੁਰਾਸੀ ਵਖਾਏ ਏਕੰਕਾਰ, ਜਗਤ ਇਸ਼ਾਰਾ ਇਕ ਸਮਝਾਈਆ। ਪਿਛੇ ਸਾਚੇ ਤਖ਼ਤ ਬੈਠਾ ਆਪ ਨਿਰੰਕਾਰ, ਨਾਨਕ ਸੇਵਾ ਰਿਹਾ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਅਨਾਦਿ ਸੱਚੀ ਧੁਨਕਾਰ, ਕਾਇਆ ਮੰਦਰ ਅੰਦਰ ਦੇਵੇ ਕਰ ਪਿਆਰ, ਰਸਨਾ ਜਿਹਵਾ ਕੱਢੇ ਬਾਹਰ, ਕਲਮ ਛਾਹੀ ਦਏ ਆਧਾਰ, ਕਾਗਦ ਲੇਖਾ ਅਪਰ ਅਪਾਰ, ਜੀਵਾਂ ਜੰਤਾਂ ਕਰੇ ਪੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਨਿਰਗੁਣ ਨਿਰਗੁਣ ਨਾਨਕ ਏਕਾ ਹਰਿ ਆਪੇ ਅੱਖਰ ਆਪੇ ਵੱਖਰ ਆਪੇ ਰਿਹਾ ਪੜ੍ਹਾਈਆ।