੧੫ ਅੱਸੂ ੨੦੧੭ ਬਿਕ੍ਰਮੀ ਸੰਤਾ ਸਿੰਘ ਦੇ ਘਰ, ਤਰਨਤਾਰਨ ਜ਼ਿਲਾ ਅੰਮ੍ਰਿਤਸਰ
ਸਤਿ ਪੁਰਖ ਨਿਰੰਜਣ ਅਗੰਮ ਅਥਾਹ, ਇਕ ਇਕੱਲਾ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਬਣ ਮਲਾਹ, ਨਿਰਗੁਣ ਆਪਣੀ ਕਲ ਵਰਤਾਇੰਦਾ। ਹਰਿ ਪੁਰਖ ਨਿਰੰਜਣ ਸੱਚਾ ਸ਼ਹਿਨਸ਼ਾਹ, ਦਰ ਘਰ ਸਾਚੇ ਸੋਭਾ ਪਾਇੰਦਾ। ਏਕੰਕਾਰਾ ਆਪਣਾ ਨਾਉਂ ਪਰਗਟਾ, ਨਾਮ ਨਾਮਾ ਆਪ ਉਪਾਇੰਦਾ। ਆਦਿ ਨਿਰੰਜਣ ਨੂਰ ਨੁਰਾਨਾ ਡਗਮਗਾ, ਨਿਰਗੁਣ ਜੋਤੀ ਜੋਤ ਜਗਾਇੰਦਾ। ਅਬਿਨਾਸ਼ੀ ਕਰਤਾ ਆਪਣਾ ਖੇਲ ਆਪ ਖਲਾ, ਹਰਿ ਆਪੇ ਵੇਖ ਵਖਾਇੰਦਾ। ਸ੍ਰੀ ਭਗਵਾਨ ਆਪਣੀ ਰਚਨਾ ਆਪ ਰਚਾ, ਆਪਣਾ ਬੰਧਨ ਆਪੇ ਪਾਇੰਦਾ। ਪਾਰਬ੍ਰਹਮ ਵਸਣਹਾਰਾ ਸਾਚੇ ਥਾਂ, ਦਰ ਘਰ ਸਾਚਾ ਆਪ ਸੁਹਾਇੰਦਾ। ਸਚਖੰਡ ਦਵਾਰਾ ਆਪ ਵਡਿਆ, ਆਪ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਖੇਲ ਅਪਾਰਾ, ਕਰੇ ਕਰਾਏ ਕਰਨੇਹਾਰਾ, ਆਪ ਆਪਣੀ ਧਾਰ ਚਲਾਇੰਦਾ। ਧਾਰ ਚਲਾਏ ਹਰਿ ਕਰਤਾਰ, ਮਹਿਮਾ ਅਕਥ ਕਥੀ ਨਾ ਜਾਈਆ। ਸਚਖੰਡ ਸੁਹਾਏ ਇਕ ਦਰਬਾਰ, ਦਰ ਘਰ ਸਾਚੇ ਸੋਭਾ ਪਾਈਆ। ਨਿਰਗੁਣ ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਵੇਖ ਵਖਾਈਆ। ਸਾਚੇ ਤਖ਼ਤ ਬੈਠ ਸੱਚਾ ਸਿਕਦਾਰ, ਰਾਜ ਰਾਜਾਨਾ ਸ਼ਾਹ ਸੁਲਤਾਨਾ ਆਪ ਅਖਵਾਈਆ। ਏਕਾ ਹੁਕਮ ਵਰਤੇ ਵਰਤਾਰ, ਹੁਕਮੀ ਹੁਕਮ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਵੇਸ ਆਪ ਵਟਾਈਆ। ਵੇਸ ਵਟਾਏ ਇਕ ਇਕੱਲਾ, ਦਰ ਘਰ ਸਾਚੇ ਸੋਭਾ ਪਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਪੁਰਖ ਅਬਿਨਾਸ਼ੀ ਆਸਣ ਲਾਇੰਦਾ। ਆਪਣੀ ਜੋਤੀ ਆਪੇ ਰਲਾ, ਨੂਰੋ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿ ਮੰਦਰ ਆਪ ਸੁਹਾਇੰਦਾ। ਹਰਿ ਮੰਦਰ ਸੋਭਾਵੰਤ, ਹਰਿ ਪੁਰਖ ਨਿਰੰਜਣ ਆਪ ਸੁਹਾਈਆ। ਏਕੰਕਾਰਾ ਵਸੇ ਸਾਚਾ ਕੰਤ, ਕੰਤ ਕੰਤੂਲ ਬੇਪਰਵਾਹੀਆ। ਆਪਣੀ ਮਹਿਮਾ ਜਾਣੇ ਅਗਣਤ, ਲੇਖਾ ਲੇਖ ਨਾ ਕੋਇ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਸੁਹੰਜਣਾ ਆਪ ਸੁਹਾਈਆ। ਸਾਚਾ ਘਰ ਕਰ ਉਜਿਆਰਾ, ਆਪਣੀ ਧਾਰ ਚਲਾਈਆ। ਆਦਿ ਪੁਰਖ ਹਰਿ ਖੇਲ ਅਪਾਰਾ, ਏਕੰਕਾਰਾ ਆਪ ਕਰਾਈਆ। ਨਿਰਗੁਣ ਨੂਰ ਕਰ ਉਜਿਆਰਾ, ਨੂਰੋ ਨੂਰ ਡਗਮਗਾਈਆ। ਸਚਖੰਡ ਵਸਾਏ ਇਕ ਦਵਾਰਾ, ਧੁਰ ਦਰਬਾਰਾ ਬੇਪਰਵਾਹੀਆ। ਸਚ ਸਿੰਘਾਸਣ ਕਰ ਤਿਆਰਾ, ਅਗੰਮ ਅਪਾਰਾ ਆਪ ਸੁਹਾਈਆ। ਸ਼ਾਹੋ ਭੂਪ ਬਣ ਸਿਕਦਾਰਾ, ਰਾਜ ਰਾਜਾਨ ਵਡ ਵਡਿਆਈਆ। ਏਕਾ ਹੁਕਮ ਵਰਤੇ ਵਰਤਾਰਾ, ਹੁਕਮੀ ਹੁਕਮ ਆਪ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਨਭਵ ਆਪਣੀ ਧਾਰ ਚਲਾਈਆ। ਅਨਭਵ ਧਾਰ ਹਰਿ ਪਰਕਾਸ਼, ਨੂਰੋ ਨੂਰ ਸਮਾਇਆ। ਕਰੇ ਖੇਲ ਪੁਰਖ ਅਬਿਨਾਸ਼, ਅਬਿਨਾਸੀ ਕਰਤਾ ਵੇਸ ਵਟਾਇਆ। ਆਦਿ ਜੁਗਾਦਿ ਨਾ ਜਾਏ ਵਿਨਾਸ, ਜੁਗ ਕਰਤਾ ਭੇਵ ਨਾ ਰਾਇਆ। ਸਾਚੇ ਮੰਡਲ ਪਾਵੇ ਰਾਸ, ਏਕੰਕਾਰਾ ਖੇਲ ਖਿਲਾਇਆ। ਸ਼ਾਹੋ ਭੂਪ ਵਡ ਸ਼ਾਹੋ ਸ਼ਾਬਾਸ, ਸਚ ਸੁਲਤਾਨਾ ਨਾਉਂ ਧਰਾਇਆ । ਆਪਣੇ ਅੱਗੇ ਆਪਣੀ ਆਪ ਕਰੇ ਅਰਦਾਸ, ਆਪਣੀ ਭਿਛਿਆ ਮੰਗ ਮੰਗਾਇਆ। ਆਪਣੀ ਵਸਤ ਆਪੇ ਰੱਖੇ ਪਾਸ, ਨਿਰਗੁਣ ਨਿਰਗੁਣ ਦਏ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚਾ ਹਰਿ, ਹਰਿ ਮੰਦਰ ਆਪ ਸੁਹਾਇਆ। ਹਰਿ ਮੰਦਰ ਹਰਿ ਸੁਹਾਇੰਦਾ, ਦਰਗਹਿ ਸਾਚੀ ਧਾਮ ਨਿਆਰ। ਸੋ ਪੁਰਖ ਨਿਰੰਜਣ ਆਸਣ ਲਾਇੰਦਾ, ਹਰਿ ਪੁਰਖ ਨਿਰੰਜਣ ਮੀਤ ਮੁਰਾਰ। ਏਕੰਕਾਰਾ ਮੇਲ ਮਿਲਾਇੰਦਾ, ਆਦਿ ਨਿਰੰਜਣ ਜੋਤ ਉਜਿਆਰ। ਸ੍ਰੀ ਭਗਵਾਨ ਛਤਰ ਝੁਲਾਇੰਦਾ, ਅਬਿਨਾਸ਼ੀ ਕਰਤਾ ਬਣੇ ਭਿਖਾਰ। ਪਾਰਬ੍ਰਹਮ ਮੰਗ ਮੰਗਾਇੰਦਾ, ਦੇਵਣਹਾਰ ਆਪ ਨਿਰਾਕਾਰ। ਸਾਚੀ ਵਸਤ ਵੰਡ ਵੰਡਾਇੰਦਾ, ਆਪ ਆਪਾ ਵਿਚੋਂ ਕੱਢੇ ਬਾਹਰ। ਆਪ ਆਪਣੀ ਕਲ ਵਰਤਾਇੰਦਾ, ਖੇਲੇ ਖੇਲ ਅਪਰ ਅਪਾਰ। ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣਾ ਬੇੜਾ ਆਪ ਚਲਾਇੰਦਾ, ਆਪੇ ਹੋਏ ਸੇਵਾਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਘਰ ਆਪ ਵਸਾਇੰਦਾ। ਏਕਾ ਘਰ ਹਰਿ ਵਸਾਇਆ, ਮਹਿਮਾ ਅਕਥ ਕਥੀ ਨਾ ਜਾਈਆ। ਸਚਖੰਡ ਦਵਾਰਾ ਆਪ ਵਡਿਆਇਆ, ਆਪਣਾ ਰੂਪ ਆਪ ਪਰਗਟਾਈਆ। ਸੂਰਜ ਚੰਨ ਨਾ ਕੋਇ ਚੜ੍ਹਾਇਆ, ਦੀਵਾ ਬਾਤੀ ਨਾ ਕੋਇ ਰੁਸ਼ਨਾਈਆ। ਕਮਲਾਪਾਤੀ ਵੇਖ ਵਖਾਇਆ, ਦਿਵਸ ਰਾਤੀ ਨਾ ਕੋਇ ਵਡਿਆਈਆ। ਜਿਮੀ ਅਸਮਾਨ ਨਾ ਕੋਏ ਸੁਹਾਇਆ, ਗਗਨ ਮੰਡਲ ਨਾ ਕੋਇ ਰੁਸ਼ਨਾਈਆ। ਇਕ ਇਕੱਲਾ ਖੇਲ ਖਿਲਾਇਆ, ਨਾ ਆਦਿ ਪੁਰਖ ਸੱਚਾ ਸ਼ਹਿਨਸ਼ਾਹੀਆ। ਆਪਣਾ ਭਾਣਾ ਆਪਣੇ ਵਿਚ ਟਿਕਾਇਆ, ਆਪਣੇ ਭਾਣੇ ਆਪੇ ਰਿਹਾ ਫਿਰਾਈਆ। ਸਾਚਾ ਰਾਣਾ ਆਪ ਅਖਵਾਇਆ, ਸਾਚੇ ਤਖ਼ਤ ਸੋਭਾ ਪਾਈਆ। ਸਾਚੀ ਵੰਡਣ ਆਪ ਵੰਡਾਇਆ, ਆਦਿ ਆਦਿ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਆਪੇ ਖੋਲ੍ਹ, ਆਪੇ ਤੋਲੇ ਆਪਣਾ ਤੋਲ, ਤੋਲਣਹਾਰਾ ਇਕ ਅਖਵਾਈਆ। ਤੋਲਣਹਾਰਾ ਤੋਲੇ ਤੋਲ, ਆਦਿ ਜੁਗਾਦਿ ਆਪਣਾ ਤੋਲ ਤੁਲਾਇੰਦਾ। ਆਪਣੇ ਮੰਦਰ ਦਰ ਦਰਵਾਜਾ ਆਪੇ ਖੋਲ੍ਹ, ਆਪੇ ਵੇਖ ਵਖਾਇੰਦਾ। ਆਪੇ ਬੈਠਾ ਰਹੇ ਅਡੋਲ, ਅਡੁਲ ਆਪਣੀ ਧਾਰ ਆਪ ਚਲਾਇੰਦਾ। ਆਪੇ ਜਾਣੇ ਆਪਣਾ ਕੌਲ, ਕੀਤਾ ਕੌਲ ਆਪੇ ਪੂਰ ਕਰਾਇੰਦਾ। ਆਪਣੀ ਜੋਤ ਆਪੇ ਜਾਏ ਮੌਲ, ਆਪਣੇ ਮੰਦਰ ਅੰਦਰ ਆਪੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪ ਸੁਣਾਇੰਦਾ। ਆਪੇ ਰਾਣਾ ਧੁਰ ਦਰਬਾਰ, ਸ਼ਹਿਨਸ਼ਾਹ ਆਪ ਅਖਵਾਈਆ। ਆਪੇ ਫ਼ਰਮਾਣਾ ਦੇਵੇ ਸੱਚੀ ਸਰਕਾਰ, ਸਤਿ ਪੁਰਖ ਵੱਡੀ ਵਡਿਆਈਆ। ਆਪੇ ਕਰੇ ਆਪਣਾ ਆਕਾਰ, ਨਿਰਾਕਾਰ ਨਿਰਵੈਰ ਆਪਣੀ ਖੇਲ ਖਿਲਾਈਆ। ਜੂਨੀ ਰਹਿਤ ਨਾ ਕੋਇ ਧਾਰ, ਮੂਰਤ ਅਕਾਲ ਬੇਪਰਵਾਹੀਆ। ਸਾਚੇ ਮੰਦਰ ਪੈਜ ਸੁਆਰ, ਕਰੇ ਖੇਲ ਸਚ ਸੱਚੀ ਦਰਗਹਿ ਏਕਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਵਸਤ ਅਮੋਲਕ ਆਪਣੇ ਹੱਥ ਰਖਾਈਆ। ਸਾਚੀ ਵਸਤ ਹਰਿ ਕਰਤਾਰ, ਆਪਣੀ ਆਪ ਉਪਾਇੰਦਾ। ਨਿਰਗੁਣ ਨਿਰਗੁਣ ਕਰ ਪਿਆਰ, ਨਿਰਗੁਣ ਨਿਰਗੁਣ ਵਿਚ ਟਿਕਾਇੰਦਾ। ਨਿਰਗੁਣ ਨਾਰ ਨਿਰਗੁਣ ਭਤਾਰ, ਨਿਰਗੁਣ ਕੰਤ ਸੁਹਾਗ ਹੰਢਾਇੰਦਾ। ਨਿਰਗੁਣ ਸੇਜਾ ਸੁਤਾ ਪੈਰ ਪਸਾਰ, ਨਿਰਗੁਣ ਆਲਸ ਨਿੰਦਰਾ ਵਿਚ ਨਾ ਆਇੰਦਾ। ਨਿਰਗੁਣ ਸਚਖੰਡ ਖੋਲ੍ਹ ਕਿਵਾੜ, ਨਿਰਗੁਣ ਥਿਰ ਘਰ ਕੁੰਡਾ ਲਾਹਿੰਦਾ। ਸਾਚੀ ਜਨਣੀ ਬਣ ਕਰਤਾਰ, ਆਪਣਾ ਜਨ ਇਕ ਉਪਾਇੰਦਾ। ਸੁੱਤ ਦੁਲਾਰੇ ਕਰ ਪਿਆਰ, ਆਪਣੀ ਗੋਦ ਬਹਾਇੰਦਾ। ਦੇਵੇ ਹੁਕਮ ਸੱਚੀ ਸਰਕਾਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਬ੍ਰਹਿਮੰਡ ਖੰਡ ਲੋਆਂ ਪੁਰੀਆਂ ਏਕਾ ਮਹੱਲ ਲੈਣਾ ਉਸਾਰ, ਜੋਗ ਜੁਗਤ ਆਪ ਜਣਾਇੰਦਾ। ਜੋਤੀ ਜਾਤਾ ਦੇਵੇ ਧਾਰ, ਇਕ ਇਕਾਂਤਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਦੇਵੇ ਵਰ, ਸ਼ਬਦ ਸੁਤ ਆਪ ਸਮਝਾਇੰਦਾ। ਸ਼ਬਦ ਸੁਤ ਉਠਾਇਆ ਦੁਲਾਰਾ, ਪੁਰਖ ਅਬਿਨਾਸ਼ੀ ਕਰੇ ਜਣਾਈਆ। ਏਕਾ ਬਖ਼ਸ਼ੇ ਚਰਨ ਪਿਆਰਾ, ਏਕਾ ਓਟ ਪੁਰਖ ਅਕਾਲ ਵਖਾਈਆ। ਏਕਾ ਵਸਤ ਦੇਵੇ ਹਰਿ ਥਾਰਾ, ਅਤੋਟ ਅਤੁਟ ਆਪ ਵਰਤਾਈਆ। ਏਕਾ ਰੰਗ ਰੰਗਾਏ ਹਰਿ ਹਰਿ ਅਪਾਰਾ, ਉਤਰ ਕਦੇ ਨਾ ਜਾਈਆ। ਦੋ ਜਹਾਨਾਂ ਕਰਿਆ ਖ਼ਬਰਦਾਰਾ, ਲੋਆਂ ਪੁਰੀਆਂ ਬ੍ਰਹਿਮੰਡ ਖੰਡਾਂ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣੀ ਬੂਝ ਆਪ ਬੁਝਾਈਆ। ਹਰਿ ਹਰਿ ਆਪਣੀ ਬੂਝ ਬੁਝਾਇੰਦਾ, ਸ਼ਬਦ ਸੁਤ ਕਰ ਤਿਆਰ। ਸਚਖੰਡ ਦਵਾਰੇ ਖ਼ੁਸ਼ੀ ਮਨਾਇੰਦਾ, ਥਿਰ ਘਰ ਸਾਚਾ ਰਿਹਾ ਸੁਆਰ। ਨਾਦ ਅਨਾਦੀ ਤਾਲ ਵਜਾਇੰਦਾ, ਧੁਨੀ ਧੁਨ ਕਰੇ ਵਿਚਾਰ। ਅਲੱਖ ਅਗੋਚਰ ਖੇਲ ਖਿਲਾਇੰਦਾ, ਬੇਐਬ ਪਰਵਰਦਿਗਾਰ। ਆਪਣੀ ਰਚਨਾ ਆਪ ਰਚਾਇੰਦਾ, ਏਕਾ ਸੁਤ ਦਏ ਹੁਲਾਰ। ਸਾਚਾ ਮੰਡਲ ਮੰਡਪ ਆਪ ਸੁਹਾਇੰਦਾ, ਆਪ ਆਪਣੀ ਕਿਰਪਾ ਧਾਰ। ਆਪਣਾ ਅੰਗ ਆਪ ਕਟਾਇੰਦਾ, ਕਰੇ ਖੇਲ ਆਪ ਕਰਤਾਰ। ਵਿਸ਼ਨ ਬ੍ਰਹਮਾ ਸ਼ਿਵ ਉਪਜਾਇੰਦਾ, ਸ਼ਬਦੀ ਸ਼ਬਦ ਕਰ ਵਿਚਾਰ। ਤ੍ਰੈਗੁਣ ਮਾਇਆ ਬੰਧਨ ਪਾਇੰਦਾ, ਪੰਜ ਤਤ ਦਏ ਆਧਾਰ। ਵਿਸ਼ਨੂੰ ਵੰਸ ਆਪ ਸੁਹਾਇੰਦਾ, ਲੇਖਾ ਜਾਣੇ ਧੁਰ ਦਰਬਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਰੇ ਖੇਲ ਅਪਾਰ। ਵਿਸ਼ਨ ਬ੍ਰਹਮਾ ਸ਼ਿਵ ਉਪਾਇਆ, ਹਰਿ ਸ਼ਬਦ ਵੱਡੀ ਵਡਿਆਇਆ। ਸ਼ਬਦ ਰਾਗ ਸ਼ਬਦ ਧੁਨ ਸ਼ਬਦ ਨਾਦ ਸ਼ਬਦ ਸ਼ਬਦੀ ਰਿਹਾ ਸੁਣਾਇਆ। ਸ਼ਬਦ ਸੁੰਨ ਸ਼ਬਦ ਸਮਾਧ, ਸ਼ਬਦ ਬਾਣੀ ਬੋਧ ਅਗਾਧ, ਸ਼ਬਦ ਬ੍ਰਹਿਮੰਡ ਖੰਡ ਲੋਆਂ ਪੁਰੀਆਂ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦੀ ਬਾਣੀ ਬਾਣ ਲਗਾਇਆ। ਧੁਰ ਦੀ ਬਾਣੀ ਸ਼ਬਦ ਨਿਸ਼ਅੱਖਰ, ਹਰਿ ਪੁਰਖ ਨਿਰੰਜਣ ਆਪ ਜਣਾਈਆ। ਵਿਸ਼ਨ ਨੇਤਰ ਨੀਰ ਵਰੋਲੇ ਅੱਥਰ, ਰੋ ਰੋ ਚਰਨ ਕਵਲ ਮੰਗੇ ਇਕ ਸਰਨਾਈਆ। ਬ੍ਰਹਮਾ ਵਛਾਏ ਆਪਣਾ ਸੱਥਰ, ਪਾਰਬ੍ਰਹਮ ਅੱਗੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣੀ ਇਛਿਆ ਪਾਏ ਭਿਛਿਆ, ਸਚ ਭੰਡਾਰ ਆਪ ਵਰਤਾਈਆ। ਸ਼ਬਦ ਸੂਰਬੀਰ ਸੁਲਤਾਨ, ਸੋ ਪੁਰਖ ਨਿਰੰਜਣ ਆਪ ਉਠਾਇਆ। ਸ਼ਬਦ ਆਦਿ ਜੁਗਾਦੀ ਨੌਜਵਾਨ, ਨਾ ਮਰੇ ਨਾ ਜਾਇਆ। ਸ਼ਬਦ ਬ੍ਰਹਿਮੰਡ ਖੰਡ ਲੋਆਂ ਪੁਰੀਆਂ ਵਸਾਏ ਇਕ ਮਕਾਨ, ਸ਼ਬਦ ਸ਼ਬਦੀ ਵੇਖ ਵਖਾਇਆ। ਸ਼ਬਦ ਵਿਸ਼ਨ ਬ੍ਰਹਮਾ ਸ਼ਿਵ ਦੇਵੇ ਇਕ ਗਿਆਨ, ਏਕਾ ਮੰਤਰ ਆਪ ਦ੍ਰਿੜਾਇਆ। ਸ਼ਬਦ ਤ੍ਰੈਗੁਣ ਮਾਇਆ ਕਰੇ ਪਰਧਾਨ, ਸਤੋ ਤਮੋ ਰਜੋ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਆਪ ਖੁਲਾਇਆ। ਹਰਿ ਸ਼ਬਦੀ ਭੇਵ ਖੁਲਾਇੰਦਾ, ਪਾਰਬ੍ਰਹਮ ਪੁਰਖ ਅਗੰਮ। ਵਿਸ਼ਨੂੰ ਵੰਸ ਆਪ ਉਠਾਇੰਦਾ, ਇਕ ਜਣਾਏ ਸਾਚਾ ਕੰਮ। ਬ੍ਰਹਮਾ ਬ੍ਰਹਮ ਰੂਪ ਪਰਗਟਾਇੰਦਾ, ਪਾਰਬ੍ਰਹਮ ਬਣ ਜਨਨੀ ਜਨ। ਸ਼ੰਕਰ ਸੁੰਨ ਸਮਾਧ ਉਠਾਇੰਦਾ, ਏਕਾ ਰਾਗ ਸੁਣਾਏ ਕੰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਖੇਲ ਆਪ ਖਲਾਇੰਦਾ। ਖੇਲ ਖਲੰਦੜਾ ਸ੍ਰੀ ਭਗਵਾਨ, ਬ੍ਰਹਮਾ ਵਿਸ਼ਨ ਸ਼ਿਵ ਸੇਵ ਲਗਾਈਆ। ਦੇਵਣਹਾਰਾ ਦਾਤਾ ਦਾਨੀ ਦਾਨ, ਦਇਆਨਿਧ ਬੇਪਰਵਾਹੀਆ। ਹੁਕਮੀ ਹੁਕਮ ਕਰੇ ਫ਼ਰਮਾਣ, ਧੁਰ ਫ਼ਰਮਾਣਾ ਆਪ ਸੁਣਾਈਆ। ਲੱਖ ਚੁਰਾਸੀ ਕਰ ਪਰਧਾਨ, ਘੜ ਭਾਂਡੇ ਆਪ ਘੜਾਈਆ। ਲੇਖਾ ਜਾਣੇ ਗੁਣ ਨਿਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਵਸਤ ਆਪ ਉਪਾਈਆ। ਲੱਖ ਚੁਰਾਸੀ ਘਾੜਨ ਘੜ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਇੰਦਾ। ਪੰਜ ਤਤ ਅੰਦਰ ਆਪੇ ਵੜ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਨਿਰਵੈਰ ਪੁਰਖ ਅਕਾਲ ਨੂਰੀ ਦਰਸ ਦੇਵੇ ਖੜ, ਆਤਮ ਬ੍ਰਹਮ ਨਾਉਂ ਧਰਾਇੰਦਾ। ਈਸ਼ ਜੀਵ ਬੰਧਾਏ ਲੜ, ਜਗਦੀਸ਼ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਆਪ ਜਣਾਇੰਦਾ। ਹਰਿ ਕਾ ਭੇਵ ਬੋਧ ਅਗਾਧ, ਸ਼ਬਦੀ ਸ਼ਬਦ ਕਰੇ ਸੁਣਾਈਆ। ਪਾਰਬ੍ਰਹਮ ਬ੍ਰਹਮ ਦੇਵੇ ਏਕਾ ਦਾਦ, ਏਕਾ ਵਸਤ ਵੰਡ ਵੰਡਾਈਆ। ਸਰਗੁਣ ਵਜਾਏ ਅਨਾਦੀ ਨਾਦ, ਤੁਰੀਆ ਰਾਗ ਆਪ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਇਕ ਵਖਾਈਆ। ਵਸਤ ਅਮੋਲਕ ਦੇਵੇ ਕਰ ਪਿਆਰ, ਆਪਣੇ ਨਾਉਂ ਰੱਖੇ ਵਡਿਆਈਆ। ਚਾਰੇ ਮੁਖ ਪਾਵੇ ਸਾਰ, ਚਾਰੇ ਕੂਟਾਂ ਦੇਣ ਗਵਾਹੀਆ। ਚਾਰੇ ਵੇਦ ਦਏ ਉਚਾਰ, ਚਾਰੇ ਜੁਗ ਵੰਡ ਵੰਡਾਈਆ। ਚਾਰੇ ਬਾਣੀ ਦਏ ਹੁਲਾਰ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਈਆ। ਚਾਰ ਵਰਨ ਦਏ ਆਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਸਮਝਾਈਆ। ਹਰਿ ਲੇਖਾ ਆਪ ਸਮਝਾਇੰਦਾ, ਰਚਨਾ ਰਚ ਰਚ ਵੇਦ ਚਾਰ। ਵਿਸ਼ਨੂੰ ਸਾਚਾ ਹੁਕਮ ਸੁਣਾਇੰਦਾ, ਲੱਖ ਚੁਰਾਸੀ ਦੇਣਾ ਆਧਾਰ। ਬ੍ਰਹਮਾ ਬ੍ਰਹਮ ਰੂਪ ਪਰਗਟਾਇੰਦਾ, ਘਟ ਘਟ ਅੰਦਰ ਕਰੇ ਉਜਿਆਰ। ਸ਼ੰਕਰ ਅੰਤਮ ਲੇਖ ਮੁਕਾਇੰਦਾ, ਜੋ ਘੜੇ ਸੋ ਭੰਨੇ ਵਿਚ ਸੰਸਾਰ। ਤਿੰਨਾਂ ਮੇਲਾ ਆਪ ਮਿਲਾਇੰਦਾ, ਗੁਰ ਚੇਲਾ ਖੇਲ ਅਪਾਰ। ਸਾਚਾ ਸੱਯਾ ਵੇਖ ਵਖਾਇੰਦਾ, ਨੱਯਾ ਚਲਾਏ ਹਰਿ ਕਰਤਾਰ। ਵਿਸ਼ਨ ਬ੍ਰਹਮਾ ਸ਼ਿਵ ਨਿਉਂ ਨਿਉਂ ਸੀਸ ਝੁਕਾਇੰਦਾ, ਦਰ ਬੈਠੇ ਬਣ ਭਿਖਾਰ। ਤੇਰਾ ਭੇਵ ਕੋਇ ਨਾ ਆਇੰਦਾ, ਬੇਅੰਤ ਬੇਅੰਤ ਬੇਅੰਤ ਕਹਿਣ ਕਰਤਾਰ। ਕਵਣ ਰਥ ਮਾਤ ਚਲਾਇੰਦਾ, ਰਥ ਰਥਵਾਹੀ ਹੋਏ ਅਸਵਾਰ। ਕਵਣ ਗਾਥ ਮਾਤ ਚਲਾਇੰਦਾ, ਰਸਨਾ ਗਾਏ ਜੀਵ ਜੰਤ ਆਧਾਰ। ਕਵਣ ਸਗਲਾ ਸੰਗ ਨਿਭਾਇੰਦਾ, ਆਦਿ ਜੁਗਾਦੀ ਚਲੇ ਨਾਲ। ਕਵਣ ਬ੍ਰਹਮ ਬ੍ਰਹਿਮਾਦੀ ਖੋਜ ਖੁਜਾਇੰਦਾ, ਲੇਖਾ ਜਾਣੇ ਸ਼ਾਹ ਕੰਗਾਲ। ਕਵਣ ਸ਼ਬਦ ਅਨਾਦੀ ਤਾਲ ਵਜਾਇੰਦਾ, ਕਵਣ ਦੇਵੇ ਧੁਰ ਫ਼ਰਮਾਣ। ਕਵਣ ਆਦਿ ਆਦਿ ਆਪਣੀ ਖੇਲ ਖਿਲਾਇੰਦਾ, ਕਵਣ ਜੁਗਾਦਿ ਕਰੇ ਸੰਭਾਲ। ਕਵਣ ਮਧ ਵੇਸ ਵਟਾਇੰਦਾ, ਲੋਕਮਾਤ ਚਲੇ ਅਵੱਲੜੀ ਚਾਲ। ਕਵਣ ਬ੍ਰਹਮ ਮੇਲ ਮਿਲਾਇੰਦਾ, ਪਾਰਬ੍ਰਹਮ ਕਰ ਧਿਆਨ। ਕਵਣ ਕਾਇਆ ਬੰਕ ਸੁਹਾਇੰਦਾ, ਪੰਜ ਤਤ ਵਖਾਏ ਨਿਸ਼ਾਨ। ਕਵਣ ਅੰਮ੍ਰਿਤ ਜਾਮ ਪਿਆਇੰਦਾ, ਕਵਣ ਲੇਖਾ ਮੰਗੇ ਆਣ। ਕਵਣ ਸਾਚਾ ਬੰਕ ਸੁਹਾਇੰਦਾ, ਕਵਣ ਸੋਭਾ ਹੋਏ ਸੱਚੀ ਧਰਮਸਾਲ। ਕੋਟੀ ਜਨਮ ਜਨਮ ਜੂਨੀ ਜੂਨ ਭਵਾਇੰਦਾ, ਲੱਖ ਚੁਰਾਸੀ ਕਰੇ ਪਰਵਾਨ। ਕਵਣ ਜੁਗ ਜੁਗ ਵੰਡ ਵੰਡਾਇੰਦਾ, ਕਵਣ ਹੋਏ ਨਿਗਹਬਾਨ। ਕਵਣ ਸਤਿਜੁਗ ਰਾਹ ਵਖਾਇੰਦਾ, ਕਵਣ ਤ੍ਰੇਤੇ ਕਰੇ ਕਲਿਆਣ। ਕਵਣ ਦਵਾਪਰ ਪੰਧ ਮੁਕਾਇੰਦਾ, ਕਵਣ ਕਲਜੁਗ ਮੇਟੇ ਨਿਸ਼ਾਨ। ਕਵਣ ਚਾਰ ਵੇਦ ਲਿਖਾਇੰਦਾ, ਦੇਵਣਹਾਰਾ ਧੁਰ ਫ਼ਰਮਾਣ। ਕਵਣ ਆਪਣਾ ਵਿਚੋਂ ਆਪਾ ਕਾਢ ਘਟ ਘਟ ਜੋਤ ਜਗਾਇੰਦਾ, ਆਦਿ ਨਿਰੰਜਣ ਇਕ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਿਸ਼ਨ ਬ੍ਰਹਮਾ ਸ਼ਿਵ ਸਚ ਜਣਾਇੰਦਾ। ਪੁਰਖ ਅਬਿਨਾਸ਼ੀ ਉਠਿਆ, ਨਿਰਗੁਣ ਦਾਤਾ ਬੇਪਰਵਾਹ। ਸ਼ਬਦ ਸਰੂਪੀ ਹੋ ਹੋ ਤੁਠਿਆ, ਜੋਤੀ ਨੂਰ ਡਗਮਗਾ। ਚਾਰ ਜੁਗ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਕਰੇ ਲੁਕਿਆ, ਕਾਇਆ ਚੋਲਾ ਤਤ ਹੰਢਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾ। ਲੇਖਾ ਹਰਿ ਸਮਝਾਇੰਦਾ, ਵਿਸ਼ਨ ਕਰਨਾ ਇਕ ਧਿਆਨ। ਬ੍ਰਹਮ ਆਪ ਜਣਾਇੰਦਾ, ਦੇਵੇ ਪਾਰਬ੍ਰਹਮ ਗਿਆਨ। ਵਿਸ਼ਨੂੰ ਆਪਣੇ ਰੰਗ ਰੰਗਾਇੰਦਾ, ਸ਼ਬਦ ਜਣਾਏ ਧੁਰ ਫ਼ਰਮਾਣ। ਚਾਰੇ ਜੁਗਾਂ ਵੰਡ ਵੰਡਾਇੰਦਾ, ਵੰਡਣਹਾਰ ਸ੍ਰੀ ਭਗਵਾਨ। ਗੁਰੂ ਪੀਰ ਅਵਤਾਰ ਸਾਧ ਸੰਤ ਸੇਵਾ ਲਾਇੰਦਾ, ਜੁਗ ਜੁਗ ਦੇਵੇ ਇਕ ਫ਼ਰਮਾਣ। ਰਾਗ ਅਨਾਦੀ ਕੰਨ ਸੁਣਾਇੰਦਾ, ਬ੍ਰਹਮ ਬ੍ਰਹਿਮਾਦੀ ਕਰ ਪਹਿਚਾਨ। ਸਾਚਾ ਨਾਉਂ ਰਾਹ ਚਲਾਇੰਦਾ, ਮਾਰਗ ਪੰਥ ਇਕ ਵਖਾਨ। ਧਰਤ ਧਵਲ ਆਪ ਸੁਹਾਇੰਦਾ, ਨਿਰਗੁਣ ਸਰਗੁਣ ਹੋ ਪਰਧਾਨ। ਜੰਗਲ ਜੂਹ ਉਜਾੜ ਪਹਾੜ ਵੇਖ ਵਖਾਇੰਦਾ, ਉਚੇ ਟਿਲੇ ਪਰਬਤ ਵੇਖੇ ਮਾਰ ਧਿਆਨ। ਸਮੁੰਦ ਸਾਗਰ ਵਰੋਲ ਵਖਾਇੰਦਾ, ਨਾਮ ਮਧਾਣਾ ਏਕਾ ਡਾਲ੍ਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਕਰੇ ਭਗਵਾਨ। ਭਗਵਨ ਆਪਣੀ ਖੇਲ ਖਿਲਾਇੰਦਾ, ਆਦਿ ਜੁਗਾਦੀ ਸਾਚੀ ਕਾਰ। ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਇੰਦਾ, ਚਾਰੇ ਜੁਗ ਕਰ ਵਿਚਾਰ। ਚਾਰੇ ਵੇਦਾਂ ਆਪੇ ਗਾਇੰਦਾ, ਦੇਵਣਹਾਰਾ ਧੁਰ ਦੀ ਧਾਰ। ਆਪਣੀ ਵੰਡ ਆਪ ਵੰਡਾਇੰਦਾ, ਕਰੇ ਖੇਲ ਅਪਰ ਅਪਾਰ। ਸਤਾਰਾਂ ਲੱਖ ਅਠਾਈ ਹਜ਼ਾਰ ਸਤਿਜੁਗ ਝੋਲੀ ਪਾਇੰਦਾ, ਪੁਰਖ ਅਬਿਨਾਸ਼ੀ ਕਿਰਪਾ ਧਾਰ। ਬਾਰਾਂ ਲੱਖ ਛਿਆਨਵੇਂ ਹਜ਼ਾਰ ਤ੍ਰੇਤਾ ਰੰਗ ਰੰਗਾਇੰਦਾ, ਰੰਗ ਰੰਗੀਲਾ ਕੰਤ ਭਤਾਰ। ਅੱਠ ਲੱਖ ਚੌਸਠ ਹਜ਼ਾਰ ਦਵਾਪਰ ਝੋਲੀ ਪਾਇੰਦਾ, ਗੋਕਲ ਮਥਰਾ ਕਰ ਵਿਚਾਰ। ਕਲਜੁਗ ਸਾਚਾ ਸੰਗ ਨਿਭਾਇੰਦਾ, ਲੇਖਾ ਜਾਣੇ ਚਾਰ ਲੱਖ ਬੱਤੀ ਹਜ਼ਾਰ। ਚਾਰ ਤਿੰਨ ਬੀਸ ਬੀਸ ਆਪਣੀ ਖੇਲ ਖਿਲਾਇੰਦਾ, ਪਾਰਬ੍ਰਹਮ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚਾ ਹਰਿ, ਦੂਸਰ ਅਵਰ ਨਾ ਕੋਇ ਵਿਚਾਰ। ਲੇਖਾ ਲਿਖਿਆ ਧੁਰ ਦਰਗਹਿ, ਪੁਰਖ ਅਬਿਨਾਸ਼ੀ ਆਪ ਲਿਖਾਇੰਦਾ। ਜੁਗਾ ਜੁਗੰਤਰ ਬਣ ਮਲਾਹ, ਨਿਰਗੁਣ ਸਰਗੁਣ ਬੇੜਾ ਆਪ ਚਲਾਇੰਦਾ। ਸ਼ਬਦ ਸਰੂਪੀ ਦੇਵੇ ਸਚ ਸਲਾਹ, ਆਪਣੇ ਮਾਰਗ ਆਪੇ ਲਾਇੰਦਾ। ਗੁਰ ਪੀਰ ਅਵਤਾਰ ਆਪ ਅਖਵਾ, ਰੂਪ ਅਨੂਪ ਆਪ ਪਰਗਟਾਇੰਦਾ। ਸਤਿਜੁਗ ਦਵਾਰੇ ਲਏ ਬਹਾ, ਆਪਣਾ ਹੁਕਮ ਆਪ ਵਰਤਾਇੰਦਾ। ਸਤਿ ਸਤਿ ਸਤਿ ਇਕ ਸਮਝਾ, ਸਾਂਤਕ ਸਤਿ ਰੂਪ ਦਰਸਾਇੰਦਾ। ਮਿਤ ਗਤ ਜਾਣੇ ਬੇਪਰਵਾਹ, ਰਤੀ ਰਤ ਨਾ ਕੋਇ ਤਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਗਤ ਅਵਤਾਰ ਲਾਏ ਕਾਰ, ਗੁਰੂ ਗੁਰ ਉਪਦੇਸ਼ ਦਏ ਸੰਸਾਰ, ਹਰਿ ਸਾਚਾ ਹੁਕਮ ਚਲਾਇੰਦਾ। ਭਾਣੇ ਅੰਦਰ ਗੁਰ ਅਵਤਾਰ, ਭਾਣੇ ਅੰਦਰ ਸ੍ਰਿਸ਼ਟ ਸਬਾਈਆ। ਭਾਣੇ ਅੰਦਰ ਰਵ ਸਸ ਉਜਿਆਰ, ਭਾਣੇ ਅੰਦਰ ਮੰਡਲ ਮੰਡਪ ਆਪ ਸੁਹਾਈਆ। ਭਾਣੇ ਅੰਦਰ ਲੱਖ ਚੁਰਾਸੀ ਕਰ ਪਸਾਰ, ਭਾਣੇ ਅੰਦਰ ਡੇਰਾ ਢਾਹੀਆ। ਭਾਣੇ ਅੰਦਰ ਆਯੂ ਦੇਵੇ ਆਪ ਕਰਤਾਰ, ਭਾਣੇ ਅੰਦਰ ਲਏ ਮਿਲਾਈਆ। ਸਤਿਜੁਗ ਤ੍ਰੇਤਾ ਆਪਣਾ ਆਪ ਗਿਆ ਹਾਰ, ਥਿਰ ਕੋਇ ਰਹਿਣ ਨਾ ਪਾਈਆ। ਦਵਾਪਰ ਰੋਵੋ ਜ਼ਾਰੋ ਜ਼ਾਰ, ਪੂਰਾ ਤੋਲ ਨਾ ਕੋਇ ਤੁਲਾਈਆ। ਕਲਜੁਗ ਨਿਹਕਲੰਕ ਮਾਰਨੀ ਮਾਰ, ਨਾਮ ਖੰਡਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਆਪ ਖਲਾਈਆ। ਚੌਥਾ ਵੇਦ ਅਥਰਬਨ ਧਾਰ, ਐੜਾ ਅੱਖ ਇਕ ਖੁਲ੍ਹਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰ, ਅਗੰਮ ਅਪਾਰਾ ਆਪ ਕਰਾਇੰਦਾ। ਈਸਾ ਮੂਸਾ ਕਰ ਤਿਆਰ, ਕਾਲਾ ਸੂਸਾ ਤਨ ਛੁਹਾਇੰਦਾ। ਸੰਗ ਮੁਹੰਮਦ ਕਰ ਪਿਆਰ, ਚਾਰ ਯਾਰੀ ਚੌਥੇ ਜੁਗ ਵੇਖ ਵਖਾਇੰਦਾ। ਏਕਾ ਕਲਮਾ ਕਰ ਤਿਆਰ, ਚਾਰ ਲੱਖ ਪੰਧ ਮੁਕਾਇੰਦਾ। ਸ਼ਰਅ ਸ਼ਰੀਅਤ ਮਾਰੇ ਮਾਰ, ਹਕ ਹਕੀਕਤ ਆਪ ਜਣਾਇੰਦਾ। ਲਾਸ਼ਰੀਕ ਸਾਂਝਾ ਯਾਰ, ਭੇਵ ਕੋਇ ਨਾ ਪਾਇੰਦਾ। ਕੂੜ ਕੂੜਾ ਕਰ ਪਸਾਰ, ਕੂੜ ਕੂੜੀ ਖੇਲ ਖਿਲਾਇੰਦਾ। ਨਾਨਕ ਜੋਤੀ ਇਕ ਅਵਤਾਰ, ਵਰਨ ਗੋਤੀ ਪਾਰ ਕਰਾਇੰਦਾ। ਸ਼ਬਦੀ ਸੋਟੀ ਫੜ ਨਿਰੰਕਾਰ, ਲੋਕਮਾਤ ਫੇਰਾ ਪਾਇੰਦਾ। ਏਕਾ ਨੂਰ ਦਸ ਦਸ ਧਾਰ, ਗੋਬਿੰਦ ਸੂਰਾ ਆਪ ਰਖਾਇੰਦਾ। ਸ਼ਬਦ ਖੰਡਾ ਤੇਜ਼ ਕਟਾਰ, ਤਨ ਗਾਤਰੇ ਆਪ ਪਹਿਨਾਇੰਦਾ। ਪੰਜ ਪੰਜ ਪੰਜ ਪੰਜ ਪੰਜ ਕਰ ਤਿਆਰ, ਪੰਜ ਪੰਜ ਹਜ਼ਾਰ ਇਕ ਇਕ ਚਰਨਾਂ ਹੇਠ ਦਬਾਇੰਦਾ। ਫ਼ਤਿਹ ਜ਼ੋਰਾਵਰ ਸਿੰਘ ਚੁੱਕਿਆ ਭਾਰ, ਇਕ ਦੋ ਪੰਜ ਸਤ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਚਾਰ ਲੱਖ ਬੱਤੀ ਹਜ਼ਾਰ ਕਲਜੁਗ ਵਣਜਾਰਾ, ਕਾਚੀ ਵੰਗ ਹੱਥ ਉਠਾਈਆ। ਚਾਰੋਂ ਕੁੰਟ ਉਚੀ ਕੂਕ ਕੂਕ ਸੁਣਾਏ ਹਲਕਾਰਾ, ਦਿਵਸ ਰੈਣ ਦਏ ਦੁਹਾਈਆ। ਫਿਰੇ ਦਵਾਰੇ ਗਲੀ ਮਹੱਲਾ, ਘਰ ਘਰ ਵਾਜਾਂ ਮਾਰੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਾ ਭੇਵ ਕੋਇ ਨਾ ਪਾਈਆ। ਕਲਜੁਗ ਵਣਜ ਵਣਜਾਰੜਾ, ਚਾਰ ਕੁੰਟ ਉਠ ਧਾਇਆ। ਪੁਰਖ ਅਬਿਨਾਸ਼ੀ ਖੇਲ ਨਿਆਰੜਾ, ਚੌਥੇ ਜੁਗ ਆਪ ਵਰਤਾਇਆ। ਚਾਰ ਯਾਰੀ ਚਾਰ ਲੱਖ ਕਰੇ ਪਿਆਰੜਾ, ਚਾਰ ਲੱਖ ਮਾਣਸ ਜੂਨ ਵੇਖ ਵਖਾਇਆ। ਨੌਂ ਦਸ ਗਿਆਰਾ ਬੀਸ ਤੀਸ ਦਏ ਆਧਾਰੜਾ, ਚੁਰਾਸੀ ਪੰਧ ਆਪ ਮੁਕਾਇਆ। ਪੰਚਮ ਮਿਲਿਆ ਮੀਤ ਮੁਰਾਰੜਾ, ਪੰਜ ਪਚੀਸ ਨਾਤਾ ਦਏ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਝੋਲੀ ਪਾਇਆ। ਜੀਵ ਜੰਤ ਹਰਿ ਉਪਾਇੰਦਾ, ਜੁਗਾ ਜੁਗੰਤਰ ਸਾਚੀ ਕਾਰ। ਜਨਮ ਕਰਮ ਆਪਣੇ ਹੱਥ ਰਖਾਇੰਦਾ, ਧਰਮ ਨਾਤਾ ਜੋੜ ਸੰਸਾਰ। ਮਾਤ ਕੁੱਖ ਕੋਟਨ ਕੋਟ ਗਿਰਾਇੰਦਾ, ਦਸ ਦਸ ਮਾਸ ਨਾ ਦਏ ਆਧਾਰ। ਕੋਟਨ ਕੋਟ ਬਾਲ ਰੂਪ ਮੇਟ ਮਿਟਾਇੰਦਾ, ਤਨ ਮਾਟੀ ਕਰੇ ਛਾਰ। ਕੋਟਨ ਕੋਟ ਜੋਬਨ ਅਵਸਥਾ ਪੰਧ ਮੁਕਾਇੰਦਾ, ਨਾਤਾ ਤੋੜ ਸਰਬ ਸੰਸਾਰ। ਕੋਟਨ ਕੋਟ ਜਗਤ ਬੁੜ੍ਹੇਪਾ ਵੇਖ ਵਖਾਇੰਦਾ, ਕਾਇਆ ਗੜ੍ਹ ਪੈਜ ਸੁਆਰ। ਉਲਟੀ ਖੇਲ ਆਪ ਖਲਾਇੰਦਾ, ਉਲਟਾ ਕੂਆਂ ਗਗਨ ਧਾਰ। ਉਲਟਾ ਰੁੱਖ ਆਪ ਲਟਕਾਇੰਦਾ, ਮਾਤ ਗਰਭ ਖੇਲ ਅਪਾਰ। ਬੁੜ੍ਹੇਪਾ ਸਤਿਜੁਗ ਰੂਪ ਵਖਾਇੰਦਾ, ਪੁਰਖ ਅਬਿਨਾਸ਼ੀ ਸਾਚੀ ਕਾਰ। ਜੋਬਨ ਤ੍ਰੇਤਾ ਮਾਤ ਹੰਢਾਇੰਦਾ, ਤਿਰੀਆ ਤਰੀਮਤ ਕਰ ਪਿਆਰ। ਦਵਾਪਰ ਬਾਲੀ ਬੁਧ ਸ਼ਰਮਾਇੰਦਾ, ਬਾਲੀ ਬਾਲਾ ਜਾਏ ਹਾਰ। ਕਲਜੁਗ ਕੱਚਾ ਫਲ ਆਪੇ ਤੋੜ ਤੁੜਾਇੰਦਾ, ਨਾਤਾ ਤੋੜ ਚਾਰ ਲੱਖ ਬੱਤੀ ਹਜ਼ਾਰ। ਜੀਵ ਜੰਤ ਕਰਮ ਕੁਕਰਮ ਵੇਖ ਵਖਾਇੰਦਾ, ਮਾਇਆ ਭਰਮ ਸਰਬ ਸੰਸਾਰ। ਹਰਿ ਕਾ ਨਾਮ ਨਾ ਕੋਇ ਧਿਆਇੰਦਾ, ਚਾਰੋਂ ਕੁੰਟ ਕੂੜ ਕੂੜਿਆਰ। ਸਾਚਾ ਕੰਤ ਨਾ ਕੋਇ ਹੰਢਾਇੰਦਾ, ਜੀਵ ਜੰਤ ਨਾਰ ਵਿਭਚਾਰ। ਨਿਰਗੁਣ ਸਰਗੁਣ ਦਰਸ ਕੋਇ ਨਾ ਪਾਇੰਦਾ, ਮਿਲੇ ਮੇਲ ਨਾ ਮੀਤ ਮੁਰਾਰ। ਚਾਰ ਵਰਨ ਏਕਾ ਰੰਗ ਨਾ ਕੋਇ ਸਮਾਇੰਦਾ, ਸ੍ਰਿਸ਼ਟ ਸਬਾਈ ਹੋਈ ਖ਼ੁਵਾਰ। ਜਾਗਰਤ ਜੋਤ ਨਾ ਕੋਇ ਜਗਾਇੰਦਾ, ਨੌਂ ਖੰਡ ਪ੍ਰਿਥਮੀ ਧੂਆਂਧਾਰ। ਸੱਤ ਦੀਪ ਸਾਚਾ ਇਸ਼ਟ ਨਾ ਕੋਇ ਵਖਾਇੰਦਾ, ਸ਼ਾਸਤਰ ਸਿਮਰਤ ਵੇਦ ਪੁਰਾਨ ਗਏ ਹਾਰ। ਕਲਜੁਗ ਆਪਣੀ ਕਾਲਖ ਆਪਣੇ ਮੁਖ ਲਗਾਇੰਦਾ, ਆਪਣੇ ਕਰਮ ਕੁਕਰਮਾਂ ਕਰ ਵਿਚਾਰ। ਪੁਰਖ ਅਬਿਨਾਸ਼ੀ ਅੱਗੇ ਸੀਸ ਝੁਕਾਇੰਦਾ, ਹਉਂ ਮੂਰਖ ਮੁਗਧ ਗਵਾਰ। ਧਰਤ ਧਵਲ ਮੇਰਾ ਭਾਰ ਨਾ ਕੋਇ ਉਠਾਇੰਦਾ, ਧਰਨੀ ਰੋਵੇ ਜ਼ਾਰੋ ਜ਼ਾਰ। ਵਿਸ਼ਨ ਰਿਜ਼ਕ ਨਾ ਕੋਇ ਪੁਚਾਇੰਦਾ, ਘਰ ਘਰ ਗ਼ਰੀਬ ਨਿਮਾਣੇ ਕਰਨ ਗਿਰਿਆਜ਼ਾਰ। ਬ੍ਰਹਮਾ ਬ੍ਰਹਮ ਰੂਪ ਨਾ ਕੋਇ ਦਰਸਾਇੰਦਾ, ਆਤਮ ਜੋਤੀ ਕਰ ਉਜਿਆਰ। ਸ਼ੰਕਰ ਤ੍ਰਿਸ਼ੂਲ ਨਾ ਕੋਇ ਉਠਾਇੰਦਾ, ਬਾਸ਼ਕ ਤਸ਼ਕਾ ਨਾ ਕੋਇ ਸ਼ੰਗਾਰ। ਤਿੰਨਾਂ ਏਕਾ ਰੰਗ ਵਖਾਇੰਦਾ, ਵਖਾਵਣਹਾਰ ਆਪ ਕਰਤਾਰ। ਤ੍ਰੈਗੁਣ ਮਾਇਆ ਬੰਧਨ ਪਾਇੰਦਾ, ਲੱਖ ਚੁਰਾਸੀ ਇਕ ਜੰਜਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਲੇਖਾ ਚੁਕਾਏ ਕਾਲ ਮਹਾਂਕਾਲ। ਕਾਲ ਵੰਡੇ ਵੰਡ, ਚਾਰ ਯਾਰੀ ਸੰਗ ਨਿਭਾਈਆ। ਮਹਾਂਕਾਲ ਫਿਰੇ ਬ੍ਰਹਿਮੰਡ, ਪੰਜ ਪਚੀਸ ਰਹਿਣ ਨਾ ਪਾਈਆ। ਦੋਏ ਧਾਰ ਕਰੇ ਰੰਡ, ਦੋ ਜਹਾਨਾ ਸੱਚਾ ਸ਼ਹਿਨਸ਼ਾਹੀਆ। ਪੰਚਮ ਚੜ੍ਹਾਏ ਸਾਚਾ ਚੰਦ, ਪੰਚਮ ਮੋਖ ਦੇਵੇ ਸੱਚਾ ਪਾਤਸ਼ਾਹੀਆ। ਚੌਦਾਂ ਲੋਕ ਕਰੇ ਖੰਡ ਖੰਡ, ਚੌਦਾਂ ਤਬਕਾਂ ਦਏ ਸਜ਼ਾਈਆ। ਦੂਈ ਦਵੈਤੀ ਮੇਟੇ ਝੂਠੀ ਕੰਧ, ਕਿਲਾ ਕੋਟ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਆਯੂ ਆਪਣੇ ਵਿਚ ਸਮਾਈਆ। ਕਲਜੁਗ ਆਯੂ ਮੁਕੇ ਪੰਧ, ਪੁਰਖ ਅਬਿਨਾਸ਼ੀ ਆਪ ਮੁਕਾਇੰਦਾ। ਲੇਖਾ ਜਾਣੇ ਬੰਦੀ ਬੰਦ, ਬੰਦੀਖ਼ਾਨਾ ਖੋਲ੍ਹ ਖੁਲ੍ਹਾਇੰਦਾ। ਆਦਿ ਜੁਗਾਦੀ ਹੋਏ ਸਦਾ ਬਖ਼ਸ਼ੰਦ, ਬਖ਼ਸ਼ਣਹਾਰਾ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪੇ ਰੱਖ, ਕਲਜੁਗ ਕਿਰਿਆ ਕਰੇ ਵੱਖ, ਪੰਜ ਪੰਜ ਵਿਚ ਟਿਕਾਇੰਦਾ। ਪੰਜ ਪੰਜ ਕਰ ਬਾਹਰਾ, ਪੰਜ ਪਚੀਸ ਦਏ ਮੁਕਾਈਆ। ਚਾਰੇ ਜੁਗ ਪਾਵੇ ਸਾਰਾ, ਚਾਰ ਯਾਰੀ ਦਏ ਵਡਿਆਈਆ। ਜੁਗ ਜੁਗ ਗੇੜਾ ਅਪਰ ਅਪਾਰਾ, ਲੱਖ ਲੱਖ ਗੇੜਾ ਆਪ ਭੁਵਾਈਆ। ਰਸਨਾ ਜਿਹਵਾ ਨਾ ਕਰੇ ਵਿਚਾਰਾ, ਮਨ ਮਤ ਬੁਧ ਭੇਵ ਨਾ ਰਾਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰਾ, ਅਲੱਖ ਨਿਰੰਜਣ ਲਖਿਆ ਨਾ ਜਾਈਆ। ਰਾਗਾਂ ਨਾਦਾਂ ਵਸੇ ਬਾਹਰਾ, ਛੱਤੀ ਰਾਗ ਦੇਣ ਗਵਾਹੀਆ। ਆਪਣਾ ਖੇਲ ਕਰੇ ਆਪ ਕਰਤਾਰਾ, ਜੁਗ ਕਰਤਾ ਸਾਚਾ ਮਾਹੀਆ। ਆਪੇ ਘੜੇ ਆਪੇ ਭੰਨਣਹਾਰਾ, ਸਮਰਥ ਪੁਰਖ ਵਡ ਵਡਿਆਈਆ। ਜਗਤ ਲੇਖਾ ਜਗਤ ਜੀਵਾਂ ਵਿਚਾਰਾ, ਜਗਤ ਜੁਗਤ ਜਗਤ ਹੱਥ ਰਖਾਈਆ। ਆਪਣਾ ਭੇਵ ਸਭ ਤੋਂ ਰੱਖੇ ਬਾਹਰਾ, ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਭੇਵ ਕੋਇ ਨਾ ਪਾਈਆ। ਕਰੇ ਖੇਲ ਗੁਪਤ ਜ਼ਾਹਰਾ, ਜ਼ਾਹਰਾ ਜ਼ਹੂਰ ਸ਼ਹਿਨਸ਼ਾਹੀਆ। ਦੇਵਣਹਾਰਾ ਰਾਜ ਜੋਗ ਸੱਚਾ ਸਿਕਦਾਰਾ, ਜੋਤ ਜੁਗਤ ਆਪਣੇ ਹੱਥ ਰਖਾਈਆ। ਨਵ ਨੌਂ ਚਾਰ ਲੇਖਾ ਜਾਣੇ ਆਰ ਪਾਰ ਕਿਨਾਰਾ, ਮੰਝਧਾਰ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਸਾਚੀ ਕਾਰ, ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਇਕ ਅਖਵਾਈਆ। ਕਰਤਾ ਪੁਰਖ ਹਰਿ ਕਰਨੇ ਜੋਗ, ਆਦਿ ਪੁਰਖ ਅਬਿਨਾਸਿਆ। ਜੁਗ ਜੁਗ ਲੇਖਾ ਜਾਣੇ ਧੁਰ ਸੰਜੋਗ, ਪਾਰਬ੍ਰਹਮ ਪੁਰਖ ਅਬਿਨਾਸਿਆ। ਇਕ ਇਕੱਲਾ ਸੁਣਾਏ ਸਚ ਸਲੋਕ, ਲੱਖ ਚੁਰਾਸੀ ਰਸਨਾ ਜਿਹਵਾ ਆਪ ਪਰਕਾਸਿਆ। ਆਪਣਾ ਭਾਣਾ ਆਦਿ ਅੰਤ ਆਪ ਨਾ ਸਕੇ ਰੋਕ, ਕਰੇ ਖੇਲ ਹਰਿ ਤਮਾਸਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੱਖ ਚੁਰਾਸੀ ਕਰੇ ਬੰਦ ਖ਼ੁਲਾਸਿਆ। ਸਾਚੀ ਵਸਤ ਆਪ ਉਪਾ, ਚਾਰ ਲੱਖ ਬੱਤੀ ਹਜ਼ਾਰ ਨਾਉਂ ਧਰਾਇੰਦਾ। ਆਪਣੀ ਹੱਥੀਂ ਦਏ ਵੰਡ ਵੰਡਾ, ਵੰਡਣਹਾਰਾ ਆਪ ਅਖਵਾਇੰਦਾ। ਕਰੇ ਖੇਲ ਨਿਰਗੁਣ ਨੂਰੀ ਨੂਰ ਖ਼ੁਦਾ, ਜਲਵਾ ਜਲਾਲ ਆਪ ਪਰਗਟਾਇੰਦਾ। ਮੁਕਾਮੇ ਹੱਕ ਡੇਰਾ ਲਾ, ਲਾਸ਼ਰੀਕ ਖੇਲ ਖਿਲਾਇੰਦਾ। ਕਲਮਾ ਅਮਾਮ ਇਕ ਬਣਾ, ਕਾਇਨਾਤ ਵੇਸ ਵਟਾਇੰਦਾ। ਸਤਿ ਸਤਿਵਾਦੀ ਏਕਾ ਅੱਖਰ ਲਿਆ ਪੜ੍ਹਾ, ਸਤਿ ਸਤਿ ਸਤਿ ਆਪ ਸਮਝਾਇੰਦਾ। ਦੋਏ ਜੋੜ ਕਰੇ ਦੁਆ, ਸੀਸ ਜਗਦੀਸ ਇਕ ਝੁਕਾਇੰਦਾ। ਇਕ ਚਾਰ ਲਏ ਮਿਲਾ, ਏਕਾ ਚੌਕਾ ਰੰਗ ਰੰਗਾਇੰਦਾ। ਚੌਦਾਂ ਚੌਦਾਂ ਵੰਡ ਵੰਡਾ, ਚੌਦਸ ਚੌਦਾਂ ਖੇਲ ਖਿਲਾਇੰਦਾ। ਚਾਰ ਯਾਰੀ ਦੇਵੇ ਇਕ ਪਨਾਹ, ਬੇਪਰਵਾਹ ਸੀਸ ਹੱਥ ਰਖਾਇੰਦਾ। ਸਦੀ ਸਦੀਵ ਕਰੇ ਗੁਨਾਹ, ਅਬਲੀਸ ਮੇਲ ਮਿਲਾਇੰਦਾ। ਐਲੀ ਅੱਲਾ ਨਾਉਂ ਰਖਾ, ਦੋ ਜਹਾਨਾਂ ਫੇਰਾ ਪਾਇੰਦਾ। ਬਿਸਮਲ ਰੂਪ ਆਪ ਵਟਾ, ਕਿਲਾ ਕੋਟ ਆਪ ਸੁਹਾਇੰਦਾ। ਚੌਦਾਂ ਸਦ ਛਿਲਾ ਲਏ ਕਮਾ, ਚਾਰ ਯਾਰੀ ਸੰਗ ਨਿਭਾਇੰਦਾ। ਚਾਰ ਲੱਖ ਆਪਣੀ ਝੋਲੀ ਲਏ ਪਾ, ਵੱਖ ਵੱਖ ਵੇਖ ਵਖਾਇੰਦਾ। ਕਾਦਰ ਕਰੀਮ ਬਖ਼ਸ਼ੇ ਸਰਬ ਗੁਨਾਹ, ਸਿਫ਼ਤ ਸਲਾਹ ਦਇਆ ਕਮਾਇੰਦਾ। ਪੀਰ ਪੀਰਾਂ ਆਏ ਪਕੜੇ ਬਾਂਹ, ਦਸਤਗੀਰਾਂ ਵੇਖ ਵਖਾਇੰਦਾ। ਮੁਲਾਂ ਸ਼ੇਖ਼ ਮਸਾਇਕ ਕੋਈ ਨਾ ਅਗੋਂ ਕਰੇ ਨਾਹ, ਮੁਰੀਦ ਮੁਰਸ਼ਦ ਮੁਰਸ਼ਦ ਮੁਰੀਦ ਏਕਾ ਧਾਮ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੱਖ ਚਾਰ ਬੱਤੀ ਹਜ਼ਾਰ ਆਪੇ ਵਰ, ਆਪਣੀ ਝੋਲੀ ਆਪੇ ਪਾਇੰਦਾ। ਆਪੇ ਦੇਵਣਹਾਰਾ ਦਾਤ, ਆਪੇ ਵੰਡ ਵੰਡਾਈਆ। ਆਪੇ ਜਾਣੇ ਆਪਣੀ ਗਾਥ, ਸਮਰਥ ਪੁਰਖ ਬੇਪਰਵਾਹੀਆ। ਆਪੇ ਲੇਖ ਲਿਖਾਏ ਸੀਆਂ ਸਾਢੇ ਤਿੰਨ ਤਿੰਨ ਹਾਥ, ਰਵਦਾਸ ਚੁਮਾਰਾ ਦਏ ਗਵਾਹੀਆ। ਆਪੇ ਲੇਖਾ ਜਾਣੇ ਪੂਜਾ ਪਾਠ, ਅੰਤਰ ਮੰਤਰ ਕਰੇ ਪੜ੍ਹਾਈਆ। ਆਪੇ ਭੇਵ ਖੁਲ੍ਹਾਏ ਤੀਰਥ ਅਠਸਾਠ, ਸਰ ਸਰੋਵਰ ਇਕ ਜਣਾਈਆ। ਆਪੇ ਜੁਗ ਜੁਗ ਜਾਣੇ ਆਰ ਪਾਰ ਆਪਣਾ ਘਾਟ, ਮੰਝਧਾਰ ਬੇੜਾ ਆਪ ਚਲਾਈਆ। ਆਪੇ ਲੱਖ ਚੁਰਾਸੀ ਆਤਮ ਸੇਜਾ ਸੁੱਤਾ ਖਾਟ, ਆਪੇ ਬੈਠਾ ਮੁਖ ਛੁਪਾਈਆ। ਆਪੇ ਚੌਦਾਂ ਲੋਕ ਵਿਕੇ ਹਾਟੋ ਹਾਟ, ਕਰਤਾ ਕੀਮਤ ਕੋਇ ਨਾ ਪਾਈਆ। ਆਪੇ ਖੇਲੇ ਖੇਲ ਬਾਜ਼ੀਗਰ ਨਾਟ, ਸਵਾਂਗੀ ਆਪਣਾ ਸਾਂਗ ਰਚਾਈਆ। ਆਪੇ ਕਲਜੁਗ ਅੰਤਮ ਪੰਧ ਮੁਕਾਏ ਝੂਠੀ ਵਾਟ, ਗੇੜਾ ਗੇੜੇ ਵਿਚ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗਾਂ ਜੁਗੰਤਰ ਆਪ ਬੁਝਾਏ ਲੱਗੀ ਬਸੰਤਰ, ਸਰਬ ਜੀਆਂ ਬਿਧ ਜਾਣੇ ਅੰਤਰ, ਸ਼ਬਦ ਮੰਤਰ ਇਕ ਪਰਗਟਾਈਆ। ਨਾਉਂ ਪਰਗਟਾਏ ਗਹਿਰ ਗੰਭੀਰ, ਗੁਣ ਨਿਧਾਨ ਦਇਆ ਕਮਾਇੰਦਾ। ਲੇਖਾ ਜਾਣੇ ਆਦਿ ਅੰਤ ਅਖ਼ੀਰ, ਦੋ ਜਹਾਨ ਵੇਖ ਵਖਾਇੰਦਾ। ਜਨ ਭਗਤਾਂ ਬਖ਼ਸ਼ੇ ਅੰਮ੍ਰਿਤ ਆਤਮ ਸੀਰ, ਨਾਮ ਪਿਆਲਾ ਇਕ ਪਿਆਇੰਦਾ। ਸੰਤਨ ਦੇਵੇ ਸਾਚੀ ਧੀਰ, ਧੀਰਜ ਜਤ ਸਤਿ ਸੰਤੋਖ ਏਕਾ ਰੰਗ ਰੰਗਾਇੰਦਾ। ਗੁਰਮੁਖਾਂ ਬੰਨ੍ਹੇ ਆਪੇ ਬੀੜ, ਜੁਗ ਜੁਗ ਪੀੜਾ ਆਪ ਚੁਕਾਇੰਦਾ। ਗੁਰਸਿਖਾਂ ਤਨ ਪਹਿਨਾਏ ਬਸਤਰ ਸਾਚਾ ਚੀਰ, ਸ਼ਬਦ ਦੋਸ਼ਾਲਾ ਹੱਥ ਉਠਾਇੰਦਾ। ਕਲਜੁਗ ਅੰਤਮ ਨੇਤਰ ਰੋਵੇ ਵਹਾਏ ਨੀਰ, ਸਗਲਾ ਸੰਗ ਨਾ ਕੋਇ ਵਖਾਇੰਦਾ। ਨਵ ਸਤ ਪੰਜ ਤਤ ਵੱਝਾ ਇਕ ਜ਼ੰਜ਼ੀਰ, ਤ੍ਰੈ ਤ੍ਰੈ ਬੰਧਨ ਨਾ ਕੋਇ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਦਾਤਾ ਪੁਰਖ ਬਿਧਾਤਾ ਆਪਣੀ ਕਲ ਆਪ ਵਰਤਾਇੰਦਾ। ਵਰਤਾਏ ਕਲ ਨਿਹਕਲੰਕ ਨਿਰੰਕਾਰ, ਕਲਜੁਗ ਕੂੜੀ ਮੇਟੇ ਸ਼ਾਹੀਆ। ਸ਼ਬਦ ਡੰਕ ਵੱਜੇ ਸੰਸਾਰ, ਨੌਂ ਖੰਡ ਪ੍ਰਿਥਮੀ ਸੋਇਆ ਕੋਇ ਰਹਿਣ ਨਾ ਪਾਈਆ। ਰਾਓ ਰੰਕਾਂ ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ, ਰਾਜ ਰਾਜਾਨਾਂ ਦਏ ਉਠਾਈਆ। ਸਤ ਰੰਗ ਨਿਸ਼ਾਨਾ ਝੁਲਾਏ ਆਪ ਸੱਚੀ ਸਰਕਾਰ, ਸਤਿ ਸਤਿਵਾਦੀ ਰਾਹ ਵਖਾਈਆ। ਬੋਧ ਅਗਾਧੀ ਸ਼ਬਦ ਧੁਨਕਾਰ, ਅਗੰਮ ਅਗੰਮੜੀ ਕਾਰ ਕਮਾਈਆ। ਧੁਰ ਦੀ ਵਾਦੀ ਧੁਰ ਦੀ ਬਾਣ, ਗ਼ਰੀਬ ਨਿਮਾਣੇ ਗਲੇ ਲਗਾਈਆ। ਚਾਰ ਵਰਨਾਂ ਦੇਵੇ ਇਕ ਗਿਆਨ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰੇ ਇਕ ਪੜ੍ਹਾਈਆ। ਰੂਪ ਪਰਗਟਾਏ ਸੀਤਾ ਰਾਮ, ਕਾਹਨਾ ਬੰਸਰੀ ਆਪ ਵਜਾਈਆ। ਈਸਾ ਮੂਸਾ ਕਰੇ ਸਲਾਮ, ਦੀਨ ਇਸਲਾਮ ਆਪੇ ਹੋਏ ਸਹਾਈਆ। ਚਾਰ ਯਾਰੀ ਸੰਗ ਮੁਹੰਮਦ ਦੇਵੇ ਇਕ ਪੈਗ਼ਾਮ, ਅਜ਼ਮਤੋ ਕਸਮਤੋ ਅfêਵਾ ਅਤਿਲਹੇ ਮਹਿਬਾਨ ਬੀਦੋ ਇਕ ਖ਼ੁਦਾਈਆ। ਨਾਨਕ ਨਿਰਗੁਣ ਸਰਗੁਣ ਕਰੇ ਪਰਵਾਨ, ਨਾਮ ਸਤਿ ਮੰਤਰ ਦ੍ਰਿੜਾਈਆ। ਗੋਬਿੰਦ ਸਿੰਘ ਸੂਰਬੀਰ ਨੌਜਵਾਨ, ਨਾ ਮਰੇ ਨਾ ਜਾਈਆ। ਨਾਮ ਖੰਡਾ ਤੇਜ਼ ਕਿਰਪਾਨ, ਚੰਡ ਪਰਚੰਡ ਆਪ ਚਮਕਾਈਆ। ਸ੍ਰਿਸ਼ਟ ਸਬਾਈ ਵੇਖੇ ਮਾਰ ਧਿਆਨ ਸ਼ਬਦ ਗੁਰੂ ਬੇਪਰਵਾਹੀਆ। ਚਾਰ ਕੁੰਟ ਮੇਟੇ ਕੂੜ ਨਿਸ਼ਾਨ, ਪੰਜ ਸ਼ੈਤਾਨ ਦਏ ਖਪਾਈਆ। ਅੰਤ ਕਲ ਨਾ ਦੀਸੇ ਕੋਈ ਬੇਈਮਾਨ, ਨਾਨਕ ਕੰਡਾ ਤੇਰਾਂ ਤੇਰਾਂ ਤੋਲ ਤੁਲਾਈਆ। ਰਾਹ ਤੱਕੇ ਨਿਹਕਲੰਕ ਬਲੀ ਬਲਵਾਨ, ਸਾਢੇ ਤਿੰਨ ਹੱਥ ਕਾਇਆ ਮੰਦਰ ਸੇਜ ਸੁਹਾਈਆ। ਪਰਗਟ ਹੋਏ ਵਾਲੀ ਦੋ ਜਹਾਨ, ਕਲਜੁਗ ਮੇਟੇ ਝੂਠੀ ਸ਼ਾਹੀਆ। ਸ੍ਰਿਸ਼ਟ ਇਸ਼ਟ ਦ੍ਰਿਸ਼ਟ ਵਖਾਏ ਇਕ ਭਗਵਾਨ, ਪੁਰਖ ਅਕਾਲ ਇਕ ਸਰਨਾਈਆ। ਹੰ ਬ੍ਰਹਮ ਦੇਵੇ ਮਾਣ, ਪਾਰਬ੍ਰਹਮ ਸੱਚੀ ਸਰਨਾਈਆ। ਚਾਰ ਜੁਗ ਏਕਾ ਏਕ ਗਾਨ, ਬੱਤੀ ਦੰਦ ਦੰਦ ਸਲਾਹੀਆ। ਬੱਤੀ ਦੰਦ ਬੱਤੀ ਹਜਾਰ ਮੋਹਣ ਮੁਕਾਣ, ਜਿਸ ਭੁੱਲਿਆ ਬੇਪਰਵਾਹੀਆ। ਚਾਰ ਲੱਖ ਚੌਥੇ ਜੁਗ ਚਾਰ ਕੁੰਟ ਖ਼ਾਲੀ ਕਰਿਆ ਮਕਾਨ, ਸਤਿ ਨਾਮ ਕਿਸੇ ਨਾ ਹੱਟ ਵਿਕਾਈਆ। ਪਰਗਟ ਹੋਵੇ ਪਾਰਬ੍ਰਹਮ ਸਖ਼ੀ ਸੁਲਤਾਨ, ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਹਰਿ ਬ੍ਰਹਿਮਾਦਿ, ਸ਼ਬਦ ਨਾਦ ਇਕ ਵਜਾਈਆ। ਸ਼ਬਦ ਨਾਦ ਜਗ ਵੱਜਿਆ, ਸੋ ਪੁਰਖ ਨਿਰੰਜਣ ਆਪ ਵਜਾਇੰਦਾ। ਕੂੜ ਕੁੜਿਆਰਾ ਜਾਏ ਭੱਜਿਆ, ਧੀਰਜ ਧੀਰ ਨਾ ਕੋਇ ਧਰਾਇੰਦਾ। ਏਕੰਕਾਰਾ ਸਾਚੇ ਮੰਦਰ ਬਹਿ ਬਹਿ ਸਜਿਆ, ਸਚ ਨਿਸ਼ਾਨ ਆਪ ਝੁਲਾਇੰਦਾ। ਆਦਿ ਨਿਰੰਜਣ ਫਿਰੇ ਭੱਜਿਆ, ਦੋ ਜਹਾਨਾਂ ਜੋਤ ਜਗਾਇੰਦਾ। ਅਬਿਨਾਸ਼ੀ ਕਰਤਾ ਚੜ੍ਹੇ ਸਾਚੇ ਤਾਜਿਆ, ਸ਼ਬਦ ਅਸਵ ਆਪ ਦੌੜਾਇੰਦਾ। ਸ੍ਰੀ ਭਗਵਾਨ ਰਾਜਨ ਰਾਜਿਆ, ਲੱਖ ਚੁਰਾਸੀ ਰੱਯਤ ਵੇਖ ਵਖਾਇੰਦਾ। ਪਾਰਬ੍ਰਹਮ ਬ੍ਰਹਮ ਆਪੇ ਸਾਜਣ ਸਾਜਿਆ, ਜੀਵ ਜੰਤ ਆਪ ਉਪਾਇੰਦਾ। ਜੁਗ ਜੁਗ ਰਚਿਆ ਆਪਣਾ ਕਾਜਿਆ, ਸਤਿਜੁਗ ਤ੍ਰੇਤਾ ਦਵਾਪਰ ਪੰਧ ਮੁਕਾਇੰਦਾ। ਕਲਜੁਗ ਅੰਤਮ ਨਿਰਗੁਣ ਨਿਰਵੈਰ ਹੋ ਹੋ ਗਾਜਿਆ, ਪੁਰਖ ਅਕਾਲ ਰੂਪ ਵਟਾਇੰਦਾ। ਭਾਗ ਲਗਾਏ ਸੰਬਲ ਨਗਰ ਦੇਸ ਮਾਝਿਆ, ਹਰਿ ਮੰਦਰ ਛੇ ਛੇ ਜੋਜਨ ਵੇਖ ਵਖਾਇੰਦਾ। ਕਰੇ ਖੇਲ ਕਲ ਕਿ ਆਜਿਆ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਤਖ਼ਤੋਂ ਲਾਹੇ ਸ਼ਾਹ ਨਵਾਬਿਆ, ਸੀਸ ਤਾਜ ਨਾ ਕੋਇ ਟਿਕਾਇੰਦਾ। ਜਨ ਭਗਤਾਂ ਰੱਖੇ ਹਰਿ ਜੂ ਲਾਜਿਆ, ਹਰੀ ਹਰਿ ਸਾਚੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਨਿਰਾਕਾਰ, ਕਲਜੁਗ ਅੰਤਮ ਪਾਵੇ ਸਾਰ, ਮਹਾਂਸਾਰਥੀ ਆਪ ਹੋ ਜਾਇੰਦਾ। ਮਹਾਂਸਾਰਥੀ ਚਲਾਏ ਰਥ, ਰਥ ਰਥਵਾਹੀ ਆਪ ਅਖਵਾਇੰਦਾ। ਨੌਂ ਖੰਡ ਸੱਤ ਦੀਪ ਲੱਖ ਚੁਰਾਸੀ ਪਾਏ ਨੱਥ, ਸ਼ਬਦ ਡੋਰੀ ਹੱਥ ਉਠਾਇੰਦਾ। ਵਰਨ ਬਰਨ ਦੂਈ ਦਵੈਤ ਹਉਮੇ ਹੰਗਤ ਪੰਚ ਵਿਕਾਰਾ ਕਰੇ ਭੱਠ, ਤ੍ਰੈਗੁਣ ਅਗਨੀ ਜੋਤੀ ਲੰਬੂ ਏਕਾ ਲਾਇੰਦਾ। ਜੁਗਾ ਜੁਗੰਤਰ ਆਪੇ ਗੇੜੇ ਆਪਣੀ ਲੱਠ, ਕਲਜੁਗ ਗੇੜਾ ਆਪਣੇ ਹੱਥ ਰਖਾਇੰਦਾ। ਲਹਿਣਾ ਦੇਣਾ ਚੁੱਕੇ ਅਠਸਠ, ਘਰ ਘਰ ਅੰਮ੍ਰਿਤ ਝਿਰਨਾ ਨਿਝਰ ਆਪ ਝਿਰਾਇੰਦਾ। ਗੁਰਮੁਖਾਂ ਮਾਰਗ ਏਕਾ ਦੱਸ, ਸੰਤ ਸਤਿਗੁਰ ਮੇਲ ਮਿਲਾਇੰਦਾ। ਗੁਰੂ ਬਾਣੀ ਗੁਰੂ ਕਾ ਰਸ, ਮੁਖ ਰਸਨਾ ਆਪ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿ ਮੰਦਰ ਸੋਭਾ ਪਾਇੰਦਾ । ਹਰਿ ਮੰਦਰ ਹਰਿ ਸੁਹਾਇੰਦਾ, ਸੋਭਾਵੰਤ ਸ੍ਰੀ ਭਗਵਾਨ। ਏਕਾ ਅੱਖਰ ਆਪੇ ਗਾਇੰਦਾ, ਗਾਵਣਹਾਰਾ ਗੁਣ ਨਿਧਾਨ। ਭਗਤ ਭਗਵੰਤ ਆਪ ਉਠਾਇੰਦਾ, ਆਤਮ ਦੇਵੇ ਬ੍ਰਹਮ ਗਿਆਨ। ਸੰਤ ਸਾਜਣ ਮੇਲ ਮਿਲਾਇੰਦਾ, ਸ਼ਬਦ ਜਣਾਏ ਧੁਰ ਫ਼ੁਰਮਾਣ। ਗੁਰਮੁਖ ਆਪਣੇ ਰੰਗ ਰੰਗਾਇੰਦਾ, ਕਾਇਆ ਚੋਲੀ ਕਰੇ ਪਛਾਣ। ਗੁਰਸਿਖ ਆਪਣੇ ਦਰ ਬਹਾਇੰਦਾ, ਚਰਨ ਕਵਲ ਹਰਿ ਭਗਵਨ ਬਖ਼ਸ਼ੇ ਇਕ ਧਿਆਨ। ਏਕਾ ਮੰਦਰ ਸੋਭਾ ਪਾਇੰਦਾ, ਸਚਖੰਡ ਦਵਾਰਾ ਸਚ ਨਿਸ਼ਾਨ। ਬ੍ਰਹਮਾ ਵਿਸ਼ਨ ਸ਼ਿਵ ਗੁਰਮੁਖ ਸਾਚੇ ਸੀਸ ਝੁਕਾਇੰਦਾ, ਜਿਸ ਮਿਲਿਆ ਹਰਿ ਭਗਵਾਨ। ਕਲਜੁਗ ਕੂੜਾ ਰਹਿਣ ਨਾ ਪਾਇੰਦਾ, ਨਾਤਾ ਤੋਟੇ ਜਗਤ ਨਾਦਾਨ। ਸਤਿਜੁਗ ਸਾਚਾ ਬਲ ਧਰਾਇੰਦਾ, ਲੋਕਮਾਤ ਹੋਏ ਪਰਧਾਨ । ਬੀਸ ਬੀਸਾ ਰਾਹ ਤਕਾਇੰਦਾ, ਜਗਤ ਜਗਦੀਸਾ ਦੇਵੇ ਇਕ ਫ਼ਰਮਾਣ। ਗੋਬਿੰਦ ਸੂਰਾ ਹਾਜ਼ਰ ਹਜ਼ੂਰਾ ਜਾਗਰਤ ਜੋਤ ਇਕ ਜਗਾਇੰਦਾ, ਲੱਖ ਚੁਰਾਸੀ ਪਾਏ ਆਣ। ਨੌਂ ਖੰਡ ਪ੍ਰਿਥਮੀ ਏਕਾ ਹੁਕਮ ਸੁਣਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਹਰਿ ਆਪਣਾ ਖੇਲ ਖਿਲਾਇੰਦਾ।
