Granth 09 Likhat 221: 23 Kattak 2017 Bikarmi Udham Singh de Ghar Jalalabad Jila Amritsar

੨੩ ਕੱਤਕ ੨੦੧੭ ਬਿਕ੍ਰਮੀ ਊਧਮ ਸਿੰਘ ਦੇ ਘਰ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ

ਸਤਿਗੁਰ ਪੂਰੇ ਧਨ ਖੱਟਿਆ, ਏਕਾ ਨਾਮ ਵਸਤ ਅਨਮੋਲ। ਤੋਲ ਤੁਲੇ ਨਾ ਕਿਸੇ ਵੱਟਿਆ, ਆਦਿ ਜੁਗਾਦਿ ਰਹੇ ਅਡੋਲ। ਹੱਟੀ ਵਿਚ ਟੰਗੇ ਨਾ ਕੋਈ ਫੜਕੇ ਉਤੇ ਫਟਿਆ, ਬਣਿਆ ਰਹੇ ਸਦਾ ਅਨਭੋਲ। ਜਨ ਭਗਤਾਂ ਆਵਣ ਜਾਵਣ ਹਰਿ ਜੂ ਕੱਟਿਆ, ਨਿਝ ਆਤਮ ਵਸੇ ਕੋਲ। ਕੂੜੀ ਖ਼ਾਕ ਨਾ ਘੱਟਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਭੰਡਾਰਾ ਦੇਵੇ ਖੋਲ੍ਹ। ਸਚ ਭੰਡਾਰਾ ਖੋਲ੍ਹਿਆ, ਹਰਿ ਸੱਜਣ ਮੀਤ ਮੁਰਾਰ। ਬਿਨ ਰਸਨਾ ਜਿਹਵਾ ਰਿਹਾ ਬੋਲਿਆ, ਸ਼ਬਦ ਅਨਾਦੀ ਕੂਕ ਪੁਕਾਰ। ਕਰੇ ਖੇਲ ਹੌਲੀ ਹੌਲਿਆ, ਨਿਰਗੁਣ ਸਰਗੁਣ ਦਏ ਅਧਾਰ। ਆਪਣੀ ਸ਼ਕਤੀ ਆਪੇ ਮੌਲਿਆ, ਰੂਪ ਰੰਗ ਤੇ ਵਸਿਆ ਬਾਹਰ। ਪੂਰਾ ਕਰੇ ਕੀਤਾ ਕੌਲਿਆ, ਭੁੱਲ ਨਾ ਜਾਏ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਾਏ ਵਣਜ ਸੱਚਾ ਵਪਾਰ। ਵਣਜ ਵਾਪਾਰਾ ਸਾਚਾ ਹੱਟ, ਘਰ ਮੰਦਰ ਆਪ ਖੁਲ੍ਹਾਇੰਦਾ। ਆਪਣੀ ਕੀਮਤ ਆਪੇ ਵੱਟ, ਆਪਣੇ ਪੱਲੇ ਗੰਢ ਬੰਨ੍ਹਾਇੰਦਾ। ਜੁਗਾ ਜੁਗੰਤਰ ਖੇਲ ਬਾਜ਼ੀਗਰ ਨਟ, ਨਰ ਨਰਾਇਣ ਵੇਸ ਵਟਾਇੰਦਾ। ਵਸਣਹਾਰਾ ਘਟ ਘਟ, ਲੱਖ ਚੁਰਾਸੀ ਡੇਰਾ ਲਾਇੰਦਾ। ਸੰਤ ਸਾਜਣ ਕਰ ਪਰਗਟ, ਪਾਰਬ੍ਰਹਮ ਬ੍ਰਹਮ ਵੇਖ ਵਖਾਇੰਦਾ। ਸਾਚੀ ਵਸਤ  ਥਾਂਏ ਘਤ, ਸਾਚਾ ਖਾਤਾ ਆਪ ਭਰਾਇੰਦਾ। ਸਿਰ ਰੱਖੇ ਆਪਣਾ ਹੱਥ, ਅਤੋਟ ਅਤੁਟ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਆਪਣਾ ਨਾਉਂ ਆਪ ਵਡਿਆਇੰਦਾ। ਵਡ ਵਡਿਆਈ ਹਰਿ ਹਰਿ ਨਾਉਂ, ਪਾਰਬ੍ਰਹਮ ਆਪ ਵਡਿਆਈਆ। ਲੇਖਾ ਜਾਣੇ ਪਿਤਾ ਮਾਉਂ, ਬਾਲਕ ਸੁਤ ਦਏ ਵਡਿਆਈਆ। ਆਦਿ ਜੁਗਾਦੀ ਕਰੇ ਸਚ ਨਿਆਉਂ, ਜੁਗ ਜੁਗ ਦਾਤਾ ਸੱਚਾ ਸ਼ਹਿਨਸ਼ਾਹੀਆ। ਹੰਸ ਬਣਾਏ ਫੜ ਫੜ ਕਾਉਂ, ਅੰਮ੍ਰਿਤ ਰਸ ਅਮਿਉਂ ਰਸ ਚੋਗ ਚੁਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਭੁੱਲ ਵੱਡੀ ਵਡਿਆਈਆ। ਅਭੁੱਲ ਹਰਿ ਕਰਤਾਰਾ, ਭੇਵ ਕੋਇ ਨਾ ਪਾਇੰਦਾ। ਕੋਟਨ ਕੋਟ ਜੁਗ ਆਪਣੀ ਚਲੇ ਆਪੇ ਕਾਰਾ, ਕਰਤਾ ਪੁਰਖ ਖੇਲ ਖਿਲਾਇੰਦਾ। ਜਨਮ ਅਜਨਮ ਵੇਖੇ ਵਿਚ ਸੰਸਾਰਾ, ਕਰਮ ਕੁਕਰਮਾਂ ਖੇਲ ਖਿਲਾਇੰਦਾ। ਭਗਤ ਭਗਵੰਤ ਖੇਲ ਨਿਆਰਾ, ਸੰਤ ਸਾਜਣ ਦਇਆ ਕਮਾਇੰਦਾ। ਖੇਵਟ ਖੇਟਾ ਬਣ ਸਹਾਰਾ, ਸਾਚਾ ਬੇੜਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਏਕਾ ਲਾਇੰਦਾ। ਹਰਿ ਮਾਰਗ ਅਪਾਰ, ਆਦਿ ਜੁਗਾਦਿ ਲਗਾਇਆ। ਰਾਹ ਜਾਣੇ ਨਿਰਗੁਣ ਧਾਰ, ਮਘ ਪੰਥ ਨਾ ਕੋਇ ਦਸਾਇਆ। ਨਿਰਵੈਰ ਗੁਫ਼ਤ ਕਰੇ ਸ਼ੁਨੀਦ ਦੀਦ ਅਪਰ ਅਪਾਰ, ਵਾਹਦ ਆਪਣਾ ਰਾਗ ਅਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਬੇੜਾ ਰਿਹਾ ਚਲਾਇਆ। ਜੁਗ ਜੁਗ ਬੇੜਾ ਹਰਿ ਬੰਨ੍ਹ, ਆਪਣੀ ਖੇਲ ਖਿਲਾਇੰਦਾ। ਆਪਣੀ ਵੰਡ ਵੰਡਾਏ ਸਾਚੇ ਧਨ, ਨਾਮ ਨਿਧਾਨਾ ਆਪਣੇ ਹੱਥ ਰਖਾਇੰਦਾ। ਆਪਣੀ ਸਿਖ਼ਿਆ ਆਪੇ ਮੰਨ, ਆਪੇ ਹੁਕਮ ਵਰਤਾਇੰਦਾ। ਆਪੇ ਘੜੇ ਆਪੇ ਲਏ ਭੰਨ, ਘੜਨ ਭੰਨਣਹਾਰ ਪੁਰਖ ਸਮਰਥ, ਆਪਣੀ ਚਾਲ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਚਰਜ ਰੂਪ ਆਪ ਪਰਗਟਾਇੰਦਾ। ਅਚਰਜ ਰੂਪ ਹਰਿ ਕਰਤਾਰਾ, ਆਚਾਰੀਆ ਵਰਨ ਕੋਇ ਨਾ ਜਾਈਆ। ਬ੍ਰਹਿਮਣ ਬ੍ਰਹਮ ਨਾ ਕੋਇ ਪਸਾਰਾ, ਪਾਰਬ੍ਰਹਮ ਨਾ ਕੋਇ ਸਰਨਾਈਆ। ਰਵੀ ਰਵ ਨਾ ਕੋਇ ਉਜਿਆਰਾ, ਦਾਸੀ ਦਾਸ ਨਾ ਸੇਵ ਕਮਾਈਆ। ਕੰਗਣ ਤਨ ਨਾ ਕੋਇ ਸ਼ੰਗਾਰਾ, ਜੋਬਨ ਜਗਤ ਨਾ ਕੋਇ ਹੰਢਾਈਆ। ਕਰੇ ਖੇਲ ਅਗੰਮ ਅਪਾਰਾ, ਦੋ ਜਹਾਨਾਂ ਵੇਖ ਵਖਾਈਆ। ਪੂਰਬ ਲਹਿਣਾ ਜਨਮ ਕਰਮ ਵਿਚਾਰਾ, ਭਰਮੀ ਭਰਮ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਿਰਦ ਆਪੇ ਰਿਹਾ ਤਰਾਈਆ। ਆਪਣਾ ਬਿਰਦ ਆਪੇ ਰੱਖ, ਆਦਿ ਜੁਗਾਦਿ ਸਮਾਇੰਦਾ। ਜੁਗਾਂ ਜੁਗੰਤਰ ਹੋ ਪਰਤੱਖ, ਰੂਪ ਅਨੂਪ ਆਪ ਪਰਗਟਾਇੰਦਾ। ਆਪੇ ਜਾਣੇ ਆਪਣਾ ਪੱਖ, ਕਿਸ਼ਨਾ ਸੁਕਲਾ ਮੁਖ ਸ਼ਰਮਾਇੰਦਾ। ਆਪਣਾ ਮਾਰਗ ਆਪੇ ਦੱਸ, ਸਾਚੇ ਮਾਰਗ ਆਪੇ ਪਾਇੰਦਾ। ਆਪੇ ਹਿਰਦੇ ਅੰਦਰ ਜਾਏ ਵਸ, ਹਰਿ ਕੇ ਪੌੜੇ ਆਪ ਚੜ੍ਹਾਇੰਦਾ। ਆਪੇ ਲੇਖਾ ਜਾਣੇ ਨੱਸ ਨੱਸ, ਦੂਰ ਦੁਰਾਡਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਆਪ ਜਣਾਇੰਦਾ। ਭੇਵ ਜਣਾਵੇ ਜੀਵ ਜੰਤ, ਜਗਤ ਜਹਾਨ ਦਇਆ ਕਮਾਈਆ। ਤ੍ਰੈਗੁਣ ਮਾਇਆ ਰੂਪ ਬੇਅੰਤ, ਨਾਨਾਪਰਕਾਰ ਕਰੇ ਰੁਸ਼ਨਾਈਆ। ਇਕ ਵਿਸਰੇ ਹਰਿ ਹਰਿ ਕੰਤ, ਘਰ ਮੰਦਰ ਠੌਰ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲਹਿਣਾ ਵੇਖੇ ਥਾਉਂ ਥਾਈਆ। ਪੂਰਬ ਲਹਿਣਾ ਕਰ ਵਿਚਾਰ, ਨੌਂ ਨੌਂ ਜਨਮ ਦੁਵਾਇੰਦਾ। ਰਵਦਾਸ ਚੁਮਾਰਾ ਮਾਰੇ ਮਾਰ, ਨੇਤਰ ਨੈਣਾ ਤੀਰ ਚਲਾਇੰਦਾ। ਖ਼ਾਕੀ ਖ਼ਾਕ ਮਿਲਾਏ ਦਰ ਦਰਬਾਰ, ਸ਼ਾਹ ਸੁਲਤਾਨ ਸੀਸ ਤਾਜ ਨਾ ਕੋਇ ਟਿਕਾਇੰਦਾ। ਗੰਗਾ ਗੋਦਾਵਰੀ ਨਾ ਕੋਇ ਆਧਾਰ, ਰੂਪ ਅਨੂਪ ਨਾ ਕੋਇ ਤਰਸਾਇੰਦਾ। ਗੰਗਾ ਰਾਮ ਕੀ ਕਰੇ ਪੁਕਾਰ, ਆਪਣੀ ਕੀਤੀ ਆਪੇ ਭੁੱਲ ਜਾਇੰਦਾ। ਸਾਚੇ ਦਰ ਮੰਗੀ ਮੰਗ ਬਣ ਭਿਖਾਰ, ਨਿਉਂ ਨਿਉਂ ਦੋਏ ਜੋੜ ਸੀਸ ਝੁਕਾਇੰਦਾ। ਰਵਦਾਸ ਚੁਮਾਰ ਏਕਾ ਡੋਰ ਬੰਧੀ ਕਰ ਪਿਆਰ, ਤੰਦਨ ਤੰਦ ਹੱਥ ਰਖਾਇੰਦਾ। ਢੋਏ ਢੋਰ ਵਿਚ ਸੰਸਾਰ, ਜਗਤ ਖਲੜੀ ਆਪਣੀ ਸੇਜ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੂਰਬ ਲਹਿਣਾ ਵੇਖ ਵਖਾਇੰਦਾ। ਗੰਗਾ ਰਾਮ ਕਰ ਪੁਕਾਰ, ਰਵਦਾਸ ਚੁਮਾਰ ਅੱਗੇ ਕੁਰਲਾਇਆ। ਤੇਰਾ ਸੰਗ ਭੁਲਿਆ ਮੀਤ ਮੁਰਾਰ, ਤੇਰਾ ਕਸੀਰਾ ਹੱਥ ਕਿਸੇ ਨਾ ਆਇਆ। ਰਾਹ ਭੁੱਲਿਆ ਬੇਨਜ਼ੀਰ, ਖ਼ੁਦੀ ਰੂਪ ਇਕ ਵਟਾਇਆ। ਜਗਤ ਮਾਇਆ ਪਾਇਆ ਇਕ ਜ਼ੰਜ਼ੀਰ, ਨਾ ਸਕੇ ਕੋਇ ਤੁੜਾਇਆ। ਵੇਲਾ ਆਇਆ ਅੰਤ ਅਖ਼ੀਰ, ਦੇਵਣਹਾਰਾ ਸ਼ਾਹ ਸਜ਼ਾਇਆ। ਨਾ ਕੋਈ ਕੱਟੇ ਮੇਰੀ ਭੀੜ, ਸ੍ਰੀ ਭਗਵਾਨ ਦਿਸ ਕਿਸੇ ਥਾਂ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੂਰਬ ਲੇਖਾ ਦਏ ਵਖਾਇਆ। ਜਗਤ ਬ੍ਰਹਿਮਣ ਕਰ ਪਿਆਰ, ਨੇਤਰ ਨੈਣਾਂ ਨੀਰ ਵਹਾਇੰਦਾ। ਲੇਖਾ ਜਾਣੇ ਰਵਦਾਸ ਚੁਮਾਰ, ਰਵੀਦਾਸ ਆਪਣਾ ਖੇਲ ਖਿਲਾਇੰਦਾ। ਏਕਾ ਨੇਤਰ ਏਕਾ ਵਾਰ ਨੈਣ ਉਘਾੜ, ਨੌਂ ਦਵਾਰੇ ਵਾਸਨਾ ਖੋਟੀ ਆਪ ਕਢਾਇੰਦਾ। ਪਤਿਤ ਪਾਪੀ ਕਵਣ ਦਵਾਰੇ ਉਤਰੇ ਪਾਰ, ਪਤਿਤ ਪੁਨੀਤ ਕਵਣ ਕਰਾਇੰਦਾ। ਕਵਣ ਗੀਤ ਢੋਲਾ ਗਾਏ ਵਿਚ ਸੰਸਾਰ, ਸਾਚਾ ਸੋਹਲਾ ਕਵਣ ਸੁਣਾਇੰਦਾ। ਕਵਣ ਤੋਲਾ ਬਣੇ ਤੋਲਣਹਾਰ, ਕਵਣ ਕੰਡਾ ਹੱਥ ਉਠਾਇੰਦਾ। ਕਵਣ ਵਚੋਲਾ ਹੋਏ ਅੰਤਮ ਵਾਰ, ਜਗਤ ਲਹਿਣਾ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪਣਾ ਆਪ ਜਣਾਇੰਦਾ। ਨੌਂ ਦਵਾਰ ਮਾਰ ਝਾਤ, ਰਵੀਦਾਸ ਦਇਆ ਕਮਾਈਆ। ਜਗਤ ਬ੍ਰਹਿਮਣ ਨੌਂ ਜਨਮ ਤੇਰੀ ਲੋਕਮਾਤ ਚੜ੍ਹੇ ਬਰਾਤ, ਮਾਣਸ ਮਾਣਸ ਰੂਪ ਵਟਾਈਆ। ਅੱਠ ਤਤ ਅੱਠ ਜਨਮ ਪਏ ਖਾਤ, ਖਾਤ ਖਾਤਾ ਸਕੇ ਨਾ ਕੋਇ ਫੋਲਾਈਆ। ਕਲਜੁਗ ਅੰਤਮ ਆਏ ਅੰਧੇਰੀ ਰਾਤ, ਤੇਰਾ ਰੂਪ ਅਨੂਪ ਲਏ ਪਰਗਟਾਈਆ। ਤੇਰੀ ਦੁਰਮਤ ਮੈਲ ਦੇਵੇ ਕਾਟ, ਜਿਸ ਤੇਰੀ ਬਣਤ ਬਣਾਈਆ। ਇਕ ਵਖਾਏ ਸਾਚਾ ਹਾਟ, ਦੂਜਾ ਹੱਟ ਨਾ ਕੋਇ ਜਣਾਈਆ। ਤੇਰਾ ਲਹਿਣਾ ਦੇਣਾ ਚੁਕਾਏ ਤੀਰਥ ਤਾਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਆਪਣੇ ਚਰਨਾਂ ਹੇਠ ਦਬਾਈਆ। ਲੇਖਾ ਜਾਣੇ ਜਿਉਂ ਬਾਲਕ ਪਿਤਾ ਮਾਤ, ਪੂਤ ਸਪੂਤਾ ਗਲੇ ਲਗਾਈਆ। ਤੇਰਾ ਲੇਖਾ ਚੁਕਾਏ ਹਾਥੋਂ ਹਾਥ, ਗੰਗਾ ਮਾਈ ਪ੍ਰੇਮ ਕੰਗਣ ਆਪਣੇ ਹੱਥ ਛੁਹਾਈਆ। ਸਦਾ ਸੁਹੇਲਾ ਵਸੇ ਸਾਥ, ਵੇਲਾ ਵਕਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚੇ ਆਪ ਸੁਹਾਈਆ। ਸਾਚਾ ਲੇਖਾ ਲਿਖਣਹਾਰਾ, ਆਦਿ ਜੁਗਾਦਿ ਸਮਾਇਆ। ਗਵਾਹ ਰਖਾਇਆ ਰਵਦਾਸ ਚੁਮਾਰਾ, ਭੁੱਲ ਰਹੇ ਨਾ ਰਾਇਆ। ਦੋਹਾਂ ਵਚੋਲਾ ਬਣ ਨਿਰੰਕਾਰਾ, ਨਿਰਗੁਣ ਏਕਾ ਰੂਪ ਵਟਾਇਆ। ਸਾਚਾ ਤੋਲਾ ਵਿਚ ਸੰਸਾਰਾ, ਸਾਚਾ ਕੰਡਾ ਲੈ ਕੇ ਆਇਆ। ਏਕਾ ਬੋਲੇ ਉਚ ਜੈਕਾਰਾ, ਹੰ ਬ੍ਰਹਮ ਮੇਲ ਮਿਲਾਇਆ। ਬ੍ਰਹਿਮਣ ਬ੍ਰਹਿਮਣੀ ਜਗਤ ਜੁਗਤ ਜੁਗ ਹੋਏ ਖ਼ੁਵਾਰਾ, ਨੌਂ ਨੌਂ ਲੇਖਾ ਸਕੇ ਨਾ ਕੋਇ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਅਪਣੇ ਭਾਣੇ ਸਦ ਸਮਾਇਆ। ਕਿਆ ਬ੍ਰਹਿਮਣ ਕਿਆ ਸ਼ੂਦਰ ਧਾਰ, ਸ਼ੱਤਰੀ ਵੈਸ਼ ਭੇਵ ਨਾ ਰਾਈਆ। ਜਨਮ ਜਨਮ ਦੀ ਦੁਰਮਤ ਮੈਲ ਦਏ ਉਤਾਰ, ਦੀਨ ਦਿਆਲ ਸੱਚਾ ਸ਼ਹਿਨਸ਼ਾਹਿਆ। ਨੌਂ ਨੌਂ ਜਾਮੇ ਜਨਮ ਮਾਣਸ ਮਾਨੁਖ ਦੇ ਵਿਚ ਸੰਸਾਰ, ਲੇਖਾ ਲੇਖਾ ਲੇਖੇ ਪਾਈਆ। ਕਲਜੁਗ ਆਏ ਅੰਤਮ ਵਾਰ, ਪਾਵੇ ਸਾਰ ਬੇਪਰਵਾਹੀਆ। ਨਾ ਕੋਈ ਪੁਰਖ ਨਾ ਕੋਈ ਨਾਰ, ਕੰਤ ਕੰਤੂਲ ਇਕ ਅਖਵਾਈਆ। ਹਰਿਜਨ ਕਰੇ ਸਚ ਸ਼ੰਗਾਰ, ਸੋਲਾਂ ਇਛਿਆ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਰੂਪ ਧਰਾਈਆ। ਜੁਗ ਜੁਗ ਰੂਪ ਧਰਾਇੰਦਾ, ਹਰਿਜਨ ਸਾਚੇ ਲਏ ਜਗਾ। ਲੋਕਮਾਤ ਸੁਤੇ ਆਪ ਉਠਾਇੰਦਾ, ਆਲਸ ਨਿੰਦਰਾ ਪਰਦਾ ਲਾਹ। ਆਪਣਾ ਨਾਉਂ ਆਪ ਦ੍ਰਿੜਾਇੰਦਾ, ਆਪਣੀ ਵਿਦਿਆ ਦਏ ਪੜ੍ਹਾ। ਗੁਰਮੁਖ ਸਾਚੇ ਗਲੇ ਲਗਾਇੰਦਾ, ਪੂਰਬ ਲਹਿਣਾ ਦਏ ਮੁਕਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖ਼ਿਆ ਸਿੱਖ ਸਮਝਾ। ਸਾਚੀ ਸਿਖ਼ਿਆ ਹਰਿ ਸਮਝਾਇੰਦਾ, ਸੁਣ ਬੇਨੰਤੀ ਕਰੇ ਵਿਚਾਰ। ਹਰਿ ਕਾ ਲੇਖ ਸਮਝ ਵਿਚ ਕਿਸੇ ਨਾ ਆਇੰਦਾ, ਮਨ ਮਤ ਬੁਧੀ ਜਾਏ ਹਾਰ। ਹਾੜ ਸਤਾਰਾਂ ਜੋ ਫ਼ਰਮਾਇੰਦਾ, ਕਾਗਦ ਕਲਮ ਨਾ ਲਿਖਣਹਾਰ। ਨੌਂ ਨੌਂ ਚਾਰ ਰਾਹ ਤਕਾਇੰਦਾ, ਗੁਰ ਪੀਰ ਅਵਤਾਰ ਨਾ ਪਾਵਣ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਸਣਹਾਰਾ ਸਚ ਦਵਾਰ। ਸਚ ਦਵਾਰ ਸੁਹਾਇੰਦਾ, ਹਰਿ ਦਾਤਾ ਬੇਪਰਵਾਹ। ਕਲਜੁਗ ਅੰਤਮ ਵੇਸ ਵਟਾਇੰਦਾ, ਜੋਤੀ ਜਾਮਾ ਸੱਚਾ ਸ਼ਹਿਨਸ਼ਾਹ। ਗੁਰਮੁਖਾਂ ਸੰਗ ਸਦਾ ਸਮਾਇੰਦਾ, ਨਿਰਗੁਣ ਆਪਣਾ ਰੂਪ ਧਰਾ। ਜਗਤ ਹੱਟੀ ਵਿਚ ਬਹਿ ਬਹਿ ਤੋਲ ਨਾ ਕੋਇ ਤੁਲਾਇੰਦਾ, ਧੜੀ ਵਟੀ ਹੱਥ ਨਾ ਲਏ ਉਠਾ। ਮਾਲ ਮਵੇਸ਼ੀ ਨਾ ਕੋਇ ਚੁਰਾਇੰਦਾ, ਗੁਰਸਿਖਾਂ ਸੁਰਤੀ ਬਨ੍ਹੇ ਚਰਨ ਲਗਾ। ਠੰਡਾ ਪਾਣੀ ਨਾ ਰਾਹ ਤਕਾਇੰਦਾ, ਖਾਲਾਂ ਉਤੇ ਬਹੇ ਨਾ ਮੰਜਾ ਡਾਹ। ਗੁਰਮੁਖ ਆਸਣ ਸੇਜਾ ਸੋਭਾ ਪਾਇੰਦਾ, ਆਤਮ ਅੰਤਰ ਜੋਤ ਜਗਾ। ਠੰਡੀ ਛਾਂ ਨਾ ਕੋਇ ਜਣਾਇੰਦਾ, ਸਭ ਦੇ ਸਿਰ ਤੇ ਦੇਵਣਹਾਰਾ ਠੰਡੀ ਛਾਂ। ਪੂਰਬ ਲਹਿਣਾ ਆਪ ਮੁਕਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਕਰਾਏ ਸਚ ਨਿਆਂ। ਕਿਆ ਬੇਨੰਤੀ ਕਿਆ ਪੁਕਾਰ, ਆਪਣੀ ਗਤ ਜੀਵਣ ਜੁਗਤ ਕਹਿਣ ਨਾ ਜਾਈਆ। ਮਨ ਮਤ ਬੁਧ ਨਾ ਸਕੇ ਵਿਚਾਰ, ਹਰਿ ਕਾ ਭੇਵ ਭੇਵ ਨਾ ਰਾਈਆ। ਕਾਗਦ ਕਲਮ ਕਰੇ ਪੁਕਾਰ, ਨੇਤਰ ਰੋਵੇ ਜਗਤ ਸ਼ਾਹੀਆ। ਹਰਿ ਜੂ ਹਰਿ ਮੰਦਰ ਵਸਿਆ ਸਭ ਤੋਂ ਬਾਹਰ, ਆਪਣਾ ਘਾੜਨ ਆਪ ਘੜਾਈਆ। ਜੋ ਬੋਲੇ ਸੋ ਸੁਣੇ ਸੁਣਨੇਹਾਰ, ਭੁੱਲ ਕਦੇ ਨਾ ਜਾਈਆ। ਹਰਿ ਕਾ ਬੋਲਿਆ ਜੀਵ ਨਾ ਸਕੇ ਕੋਇ ਵਿਚਾਰ, ਭੁੱਲੀ ਸਰਬ ਲੋਕਾਈਆ। ਗੁਰਮੁਖ ਗੁਰਸਿਖ ਅਪਣੇ ਕੰਡੇ ਆਪੇ ਤੋਲਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਏਕਾ ਏਕ ਸਹਿਜ ਸੁਖਦਾਈਆ। ਆਪਣੀ ਬੇਨੰਤੀ ਜਾਣੇ ਕਵਣ, ਰਸਨਾ ਜਿਹਵਾ ਜਗਤ ਕੁਰਲਾਈਆ। ਦੇਵੇ ਸਨੇਹਾ ਉਣੰਜਾ ਪਵਣ, ਆਦਿ ਜੁਗਾਦਿ ਸੇਵ ਕਮਾਈਆ। ਲੇਖਾ ਜਾਣੇ ਅਵਣ ਗਵਣ, ਪਾਰਬ੍ਰਹਮ ਵੱਡੀ ਵਡਿਆਈਆ। ਕਾਇਆ ਮੰਦਰ ਅੰਦਰ ਤ੍ਰੈਗੁਣ ਆਹੂਤੀ ਪੰਜ ਤਤ ਹਵਨ, ਅਗਨੀ ਜੋਤੀ ਲੰਬੂ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬੇਪਰਵਾਹ ਬੇਪਰਵਾਹ ਇਕ ਅਖਵਾਈਆ। ਜਗਤ ਬੇਨੰਤੀ ਭਗਤ ਜਵਾਬ, ਸਤਿਗੁਰ ਪੂਰਾ ਆਪ ਸੁਣਾਇੰਦਾ। ਕੋਟਨ ਕੋਟ ਜੋ ਜਪਦੇ ਰਹੇ ਜਾਪ, ਸੁਫ਼ਨੇ ਵਿਚ ਨਜ਼ਰ ਕਿਸੇ ਨਾ ਆਇੰਦਾ। ਲੋਕਮਾਤ ਨਾ ਗਾਏ ਜਸ ਪਰਗਟ ਹੋ ਪ੍ਰਭ ਆਪ, ਚਾਰ ਜੁਗ ਮੁਖ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪੇ ਰਿਹਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਕਿਆ ਮਾਂਗੇ ਕਿਆ ਦੀਜੇ ਦਾਨ, ਮੰਗਣ ਮੰਗਣ ਕੋਇ ਨਾ ਜਾਈਆ। ਆਪਣਾ ਆਪ ਨਾ ਸਕੇ ਕੋਇ ਪਛਾਣ, ਕਿਆ ਲੇਖਾ ਲਿਖਤ ਜਗਤ ਬਾਣੀਆ। ਸਤਿਗੁਰ ਪੂਰਾ ਹੋਏ ਜਿਸ ਆਪ ਮਿਹਰਵਾਨ, ਆਪਣੀ ਸੁਣਾਏ ਅਕਥ ਕਹਾਣੀਆ। ਗੁਰਸਿਖ ਬਾਲਾ ਬਣਿਆ ਰਹੇ ਨਾਦਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਮ੍ਰਿਤ ਆਤਮ ਬਖ਼ਸ਼ੇ ਠੰਡਾ ਪਾਣੀਆ। ਕਿਆ ਕਹਿਣਾ ਕਿਆ ਸੁਣਨਾ ਕਿਆ ਬੋਲਣਾ, ਰਸਨਾ ਜਿਹਵਾ ਕਰ ਵਿਚਾਰ। ਸੁਣ ਬੇਨੰਤੀ ਗੁਰ ਸਤਿਗੁਰ ਪੂਰਾ ਤੋਲ ਤੋਲਣਾ, ਝੂਠਾ ਹੋਏ ਨਾ ਅਗੰਮ ਅਪਾਰ। ਆਪਣਾ ਭੰਡਾਰਾ ਆਪੇ ਖੋਲ੍ਹਣਾ, ਵਰਤਾਵਣਹਾਰ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਸ਼ਕਤੀ ਇਕ ਵਿਅਕਤੀ, ਭਗਤ ਭਗਤੀ ਆਪਣੇ ਹੱਥ ਰੱਖੇ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਜਨ ਹਰਿ ਦੇਵੇ ਇਕ ਆਧਾਰ।