Granth 09 Likhat 220: 22 Kattak 2017 Bikarmi Giani Gurmukh Singh de Ghar Pind Bhalaipur Dogran Jila Amritsar

੨੨ ਕੱਤਕ ੨੦੧੭ ਬਿਕ੍ਰਮੀ ਗਿਆਨੀ ਗੁਰਮੁਖ ਸਿੰਘ ਦੇ ਘਰ ਪਿੰਡ ਭਲਾਈ ਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ

ਸਦ ਦਰਬਾਰਾ ਹਰਿ ਨਿਰੰਕਾਰਾ, ਆਦਿ ਜੁਗਾਦਿ ਲਗਾਇੰਦਾ। ਵਸਤ ਅਮੋਲਕ ਇਕ ਭੰਡਾਰਾ, ਨਿਰਗੁਣ ਆਪਣੇ ਹੱਥ ਰਖਾਇੰਦਾ। ਸਾਚੇ ਕੰਡੇ ਤੋਲੇ ਅਗੰਮ ਅਪਾਰਾ, ਅਤੋਲ ਅਤੁਲ ਭੇਵ ਨਾ ਆਇੰਦਾ। ਸਚਖੰਡ ਨਿਵਾਸੀ ਖੋਲ੍ਹ ਕਿਵਾੜਾ, ਥਿਰ ਘਰ ਸਾਚੇ ਆਪ ਟਿਕਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸ਼ਾਹੋ ਭੂਪ ਹੁਕਮ ਸੁਣਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰਾ, ਨਰ ਨਰਾਇਣ ਧਾਰ ਚਲਾਇੰਦਾ। ਕਰੇ ਖੇਲ ਅਪਰ ਅਪਾਰਾ, ਆਪ ਅਪਰੰਪਰ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਰਬਾਰਾ ਆਪ ਸੁਹਾਇੰਦਾ। ਸਚ ਦਰਬਾਰ ਸ੍ਰੀ ਭਗਵਾਨ, ਆਪਣਾ ਆਪ ਸੁਹਾਈਆ। ਤਖ਼ਤ ਬੈਠ ਨੌਜਵਾਨ, ਸ਼ਹਿਨਸ਼ਾਹ ਕਰੇ ਸੱਚੀ ਸ਼ਹਿਨਸ਼ਾਹੀਆ। ਸਤਿ ਚੜ੍ਹਾਏ ਇਕ ਨਿਸ਼ਾਨ, ਨਿਰਵੈਰ ਰੂਪ ਦਰਸਾਈਆ। ਆਪਣੀ ਰੱਖੇ ਆਪੇ ਆਣ, ਇਕ ਇਕੱਲਾ ਬੇਪਰਵਾਹੀਆ। ਸਾਚੇ ਮੰਦਰ ਬੈਠ ਮਕਾਨ, ਸਚਖੰਡ ਕਰੇ ਰੁਸ਼ਨਾਈਆ। ਸਾਚਾ ਹੁਕਮ ਧੁਰ ਫ਼ਰਮਾਣ, ਨਰ ਹਰਿ ਆਪਣਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਏਕੰਕਰਾ, ਏਕਾ ਏਕ ਵਖਾਈਆ। ਸਚ ਦਰਬਾਰਾ ਸ਼ਾਹ ਸੁਲਤਾਨ, ਏਕਾ ਏਕ ਸੁਹਾਇੰਦਾ। ਤਖ਼ਤ ਨਿਵਾਸੀ ਵਡ ਮਿਹਰਵਾਨ, ਆਪਣੀ ਰਚਨਾ ਆਪ ਰਚਾਇੰਦਾ। ਨਿਰਗੁਣ ਬਣ ਬਣ ਦਾਨੀ ਦਾਨ, ਦਾਤਾ ਦਾਤਾਰ ਦਇਆ ਕਮਾਇੰਦਾ। ਸਤਿ ਸਤਿ ਸਤਿ ਕਰ ਵਰਤਾਰ, ਸਤਿ ਸਤਿਵਾਦੀ ਖੇਲ ਖਿਲਾਇੰਦਾ। ਏਕਾ ਵਸਤ ਅਪਰ ਅਪਾਰ, ਅਨਾਦੀ ਆਪਣੇ ਹੱਥ ਰਖਾਇੰਦਾ। ਆਪਣੇ ਦਰ ਬਣ ਭਿਖਾਰ, ਆਪਣੀ ਇਛਿਆ ਭਿਛਿਆ ਝੋਲੀ ਪਾਇੰਦਾ। ਆਪਣਾ ਰੰਗ ਰੰਗ ਨਿਰੰਕਾਰ, ਰੰਗ ਰੰਗੀਲਾ ਇਕ ਹੋ ਜਾਇੰਦਾ। ਆਪਣਾ ਕਬੀਲਾ ਕਰ ਤਿਆਰ, ਬੰਸ ਸਰਬੰਸ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਆਪ ਸੁਹਾਇੰਦਾ। ਸਚ ਦਰਬਾਰਾ ਸੋਭਾਵੰਤ, ਸਤਿ ਪੁਰਖ ਨਿਰੰਜਣ ਆਪ ਸੁਹਾਇੰਦਾ। ਉਪਰ ਬੈਠ ਸ੍ਰੀ ਭਗਵੰਤ, ਪੁਰਖ ਅਕਾਲ ਆਸਣ ਲਾਇੰਦਾ। ਆਪਣੀ ਮਹਿਮਾ ਆਪੇ ਜਾਣੇ ਬੇਅੰਤ, ਬੇਪਰਵਾਹ ਭੇਵ ਨਾ ਆਇੰਦਾ। ਲੇਖਾ ਜਾਣੇ ਜੁਗਾ ਜੁਗੰਤ, ਆਦਿ ਮਧ ਅੰਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਰਬਾਰਾ ਥਿਰ ਘਰ ਵਾਸਾ, ਨਿਰਗੁਣ ਜੋਤ ਜੋਤ ਪਰਕਾਸਾ, ਅਨਭਵ ਆਪਣਾ ਰੂਪ ਧਰਾਇੰਦਾ। ਸਚ ਦਰਬਾਰਾ ਅਨਭਵ ਧਾਰ, ਸਤਿ ਸਤਿ ਵਿਚ ਸਮਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਖੇਲੇ ਖੇਲ ਸਹਿਜ ਸੁਖਦਾਈਆ। ਦਰ ਘਰ ਸੁਹਾਏ ਠਾਂਡਾ ਠਾਰ, ਸੀਤਲ ਧਾਰ ਆਪ ਵਹਾਈਆ। ਨਾ ਕੋਈ ਦੀਸੇ ਚਾਰ ਦੀਵਾਰ, ਦਿਸ਼ਾ ਵੰਡ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਹਰਿ ਨਿਰੰਕਾਰਾ, ਏਕਾ ਏਕ ਸੁਹਾਈਆ। ਸਚ ਦਰਬਾਰ ਸੁਹਾਇੰਦਾ, ਇਕ ਇਕੱਲਾ ਏਕੰਕਾਰ। ਆਸਣ ਸਿੰਘਾਸਣ ਆਪ ਵਛਾਇੰਦਾ, ਅਬਿਨਾਸ਼ੀ ਕਰਤਾ ਬੇਐਬ ਪਰਵਰਦਿਗਾਰ। ਸਾਚੀ ਰਾਸੀ ਰਚਨ ਰਚਾਇੰਦਾ, ਕਰੇ ਖੇਲ ਆਪ ਕਰਤਾਰ। ਸ਼ਾਹੋ ਸ਼ਾਬਾਸੀ ਭੇਵ ਨਾ ਆਇੰਦਾ, ਕਹਿਣੀ ਕਥਨੀ ਵਸੇ ਬਾਹਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਰਬਾਰਾ ਇਕ ਸੁਹਾਏ, ਸਚਖੰਡ ਦਵਾਰੇ ਆਪ ਰਖਾਏ, ਪਾਵਾ ਚੂਲ ਨਾ ਕੋਇ ਬਣਾਇੰਦਾ। ਸਚ ਦਰਬਾਰਾ ਸਾਚੇ ਘਰ, ਹਰਿ ਸਾਚਾ ਸਚ ਸੁਹਾਇੰਦਾ। ਸੋ ਪੁਰਖ ਨਿਰੰਜਣ ਘਾੜਨ ਘੜ, ਪੁਰਖ ਸਮਰਥ ਦਇਆ ਕਮਾਇੰਦਾ । ਹਰਿ ਪੁਰਖ ਨਿਰੰਜਣ ਆਪੇ ਫੜ, ਆਪ ਆਪਣਾ ਜੋੜ ਜੁੜਾਇੰਦਾ। ਏਕੰਕਾਰਾ ਅੰਦਰ ਵੜ, ਨਿਜ ਘਰ ਆਪਣੇ ਵੇਖ ਵਖਾਇੰਦਾ। ਆਦਿ ਨਿਰੰਜਣ ਜੋਤੀ ਨੂਰ ਅੱਗੇ ਧਰ, ਪਰਕਾਸ਼ ਪਰਕਾਸ਼ ਡਗਮਗਾਇੰਦਾ। ਸ੍ਰੀ ਭਗਵਾਨ ਦੇਵੇ ਵਰ, ਵਰ ਘਰ ਏਕਾ ਏਕ ਵਡਿਆਇੰਦਾ। ਅਬਿਨਾਸ਼ੀ ਕਰਤਾ ਸਰਨੀ ਪੜ, ਸਰਬ ਸੂਖ ਇਕ ਵਖਾਇੰਦਾ । ਪਾਰਬ੍ਰਹਮ ਆਪ ਬੰਧਾਏ ਆਪਣਾ ਲੜ, ਦੂਸਰ ਸੰਗ ਨਾ ਕੋਇ ਰਖਾਇੰਦਾ। ਸਚ ਦਰਬਾਰ ਹਰਿ ਨਿਰੰਕਾਰ ਸਚ ਸਿੰਘਾਸਣ ਪੁਰਖ ਅਬਿਨਾਸ਼ਨ ਆਪੇ ਬੈਠਾ ਚੜ੍ਹ, ਸਾਚੇ ਤਖ਼ਤ ਆਸਣ ਲਾਇੰਦਾ। ਨਾ ਕੋਈ ਕਿਲਾ ਕੋਟ ਦਿਸੇ ਗੜ੍ਹ, ਬਾਢੀ ਬਣਤ ਨਾ ਕੋਇ ਬਣਾਇੰਦਾ। ਨਾ ਕੋਈ ਦਰਬਾਨ ਸੋਹੇ ਦਰ, ਦਰ ਦਰਵੇਸ਼ ਨਾ ਕੋਇ ਵਖਾਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਹਰਿ ਨਿਰੰਕਾਰਾ, ਆਪਣਾ ਆਪ ਸੁਹਾਇੰਦਾ। ਸਚ ਦਵਾਰ ਸਹਿਜ ਸੁਖ ਮੰਦਰ, ਸੋ ਪੁਰਖ ਨਿਰੰਜਣ ਆਪ ਉਪਾਇਆ। ਆਪੇ ਵੇਖੇ ਆਪਣੇ ਅੰਦਰ, ਵੇਖਣਹਾਰਾ ਦਿਸ ਨਾ ਆਇਆ। ਆਪੇ ਲੇਖਾ ਜਾਣੇ ਆਪਣੀ ਡੂੰਘੀ ਕੰਦਰ, ਮਹੱਲ ਅਟੱਲ ਊਚ ਮੁਨਾਰ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਰਬਾਰਾ ਇਕ ਪਸਾਰਾ, ਦਹਿ ਦਿਸ਼ਾ ਸਹਾਰਾ, ਦਰ ਦਰਵਾਜ਼ਾ ਇਕ ਖੁਲ੍ਹਾਇਆ। ਦਰ ਦਰਵਾਜ਼ਾ ਖੋਲ੍ਹਿਆ, ਕਰ ਕਿਰਪਾ ਗੁਣ ਨਿਧਾਨ। ਪੁਰਖ ਅਬਿਨਾਸ਼ੀ ਆਪਣਾ ਤੋਲ ਆਪੇ ਤੋਲਿਆ, ਨਿਰਗੁਣ ਹੋਇਆ ਮਿਹਰਵਾਨ। ਏਕਾ ਤਖ਼ਤ ਆਦਿ ਜੁਗਾਦਿ ਰਹੇ ਅਡੋਲਿਆ, ਅਡੋਲ ਅਡੁਲ ਸ੍ਰੀ ਭਗਵਾਨ। ਸਾਚੀ ਵਸਤ ਰੱਖੇ ਕੋਲਿਆ, ਦੇਵਣਹਾਰਾ ਆਪੇ ਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰਾ ਧੁਰ ਫ਼ਰਮਾਣ। ਧੁਰ ਫ਼ਰਮਾਣਾ ਹਰਿ ਕਾ ਨਾਉਂ, ਹਰਿ ਹਰਿ ਆਪ ਜਣਾਇੰਦਾ। ਸਚਖੰਡ ਦਵਾਰੇ ਵਸੇ ਸਚ ਗਰਾਉਂ, ਨੇਹਚਲ ਆਪਣਾ ਆਸਣ ਲਾਇੰਦਾ। ਆਪੇ ਕਰੇ ਆਪਣਾ ਸਚ ਨਿਆਉਂ, ਅਦਲ ਆਦਲ ਆਪ ਹੋ ਜਾਇੰਦਾ। ਆਪੇ ਰੱਖੇ ਆਪਣੀ ਠੰਡੀ ਛਾਉਂ, ਸਮਰਥ ਪੁਰਖ ਆਪਣਾ ਹੱਥ ਆਪਣੇ ਸੀਸ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਨਿਰਭੈ ਰੂਪ ਉਪਾਏ ਸੱਚਾ ਕਰਤਾਰਾ, ਭੈ ਅਵਰ ਨਾ ਕੋਇ ਜਣਾਇਆ। ਸਚ ਦਰਬਾਰਾ ਉਚ ਅਪਾਰਾ, ਅਲੱਖ ਅਗੋਚਰ ਅਗੰਮ ਅਪਾਰ ਆਪ ਉਪਾਇੰਦਾ। ਜ਼ਿਮੀ ਅਸਮਾਨ ਨਾ ਦੇਵੇ ਕੋਇ ਸਹਾਰਾ, ਧਵਲਾ ਭਾਰ ਨਾ ਕੋਇ ਚੁਕਾਇੰਦਾ। ਰਵ ਸਸ ਸੂਰਜ ਨਾ ਕੋਇ ਉਜਿਆਰਾ, ਆਫ਼ਤਾਬ ਨਾ ਰੂਪ ਵਟਾਇੰਦਾ। ਨਿਰਗੁਣ ਨਿਰਾਕਾਰ ਕਰੇ ਖੇਲ ਅਪਰ ਅਪਾਰਾ, ਦੀਵਾ ਬਾਤੀ ਕਮਲਾਪਾਤੀ ਨਿਰਗੁਣ ਜੋਤ ਡਗਮਗਾਇੰਦਾ। ਆਪਣੇ ਮੰਦਰ ਆਪੇ ਖੋਲ੍ਹੇ ਤਾਕੀ, ਵੇਖੇ ਮਾਰ ਝਾਤੀ, ਅੰਦਰ ਬਾਹਰ ਗੁਪਤ ਜ਼ਾਹਰ ਆਪਣਾ ਰੂਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਧੁਰ ਦਰਬਾਰਾ ਵਸਿਆ ਪਾਰਬ੍ਰਹਮ ਪ੍ਰਭ ਆਪ ਵਸਾਇੰਦਾ। ਸਚ ਦੁਵਾਰਾ ਸੱਚਾ ਸ਼ਹਿਨਸ਼ਾਹ, ਸਚ ਦੁਵਾਰੇ ਸਚਖੰਡ ਦੁਆਰੇ ਆਪ ਵਸਾਈਆ। ਕਰੇ ਖੇਲ ਸੱਚੀ ਦਰਗਾਹ, ਦਰ ਘਰ ਸਾਚੇ ਵੱਜੇ ਵਧਾਈਆ। ਉਪਰ ਬੈਠ ਕਰੇ ਇਕ ਸਲਾਹ, ਵਡ ਦਾਤਾ ਸਿਫ਼ਤ ਸਲਾਹੀਆ। ਆਪਣਾ ਮਾਰਗ ਆਪੇ ਪਾ, ਆਪੇ ਵੇਖੇ ਥਾਉਂ ਥਾਈਆ। ਆਪਣਾ ਨਾਉਂ ਆਪ ਪਰਗਟਾ, ਨਾਉਂ ਨਿਰੰਕਾਰਾ ਆਪ ਸੁਣਾਈਆ। ਆਪਣੇ ਦਰ ਦਰਬਾਨ ਦਰ ਦਰਵੇਸ਼ ਲਏ ਬਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚੇ ਸੋਭਾ ਪਾਈਆ। ਸਚ ਦਰਬਾਰ ਉਪਾਇਆ, ਕਰ ਕਿਰਪਾ ਗੁਣ ਨਿਧਾਨ। ਸਚਖੰਡ ਦਵਾਰ ਸੁਹਾਇਆ, ਸਤ ਰੰਗ ਝਲਾਏ ਨਿਸ਼ਾਨ। ਤਖ਼ਤ ਨਿਵਾਸੀ ਤਖ਼ਤ ਉਪਾਇਆ, ਸ਼ਾਹੋ ਭੂਪ ਰਾਜ ਰਾਜਾਨ। ਨਿਰਗੁਣ ਬਹਿ ਬਹਿ ਆਸਣ ਲਾਇਆ, ਜੋਧਾ ਸੂਰਬੀਰ ਬਲਵਾਨ। ਸੀਸ ਏਕਾ ਤਾਜ ਟਿਕਾਇਆ, ਕਿਰਪਾ ਕਰ ਸ੍ਰੀ ਭਗਵਾਨ। ਹੁਕਮੀ ਹੁਕਮ ਆਪ ਵਰਤਾਇਆ, ਆਪ ਆਪਣੀ ਕਰ ਪਛਾਣ। ਆਪਣੀ ਰਚਨਾ ਆਪ ਰਚਾਇਆ, ਦੇਵਣਹਾਰਾ ਸਾਚਾ ਦਾਨ। ਵਿਸ਼ਨ ਬ੍ਰਹਮਾ ਸ਼ਿਵ ਜਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਕਰੇ ਪਰਵਾਨ। ਸਾਚੇ ਦਰ ਕਰ ਪਰਵਾਨਾ, ਆਪਣਾ ਖੇਲ ਖਿਲਾਇੰਦਾ। ਤ੍ਰੈ ਤ੍ਰੈ ਦੇਵੇ ਏਕਾ ਦਾਨਾ, ਤ੍ਰੈ ਜੋੜ ਜੁੜਾਇੰਦਾ। ਏਕਾ ਨਾਦ ਏਕਾ ਗਾਨਾ, ਏਕਾ ਧੁਨ ਉਪਜਾਇੰਦਾ। ਏਕਾ ਮੰਦਰ ਇਕ ਮਕਾਨਾ, ਏਕਾ ਘਰ ਵਖਾਇੰਦਾ। ਇਕ ਨੂਰ ਇਕ ਜ਼ਹੂਰ ਏਕਾ ਜੋਤ ਸ੍ਰੀ ਭਗਵਾਨਾ, ਏਕਾ ਹਰਿ ਡਗਮਗਾਇੰਦਾ। ਏਕਾ ਪੀਣਾ ਏਕਾ ਖਾਣਾ, ਏਕਾ ਤ੍ਰਿਪਤ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਆਪ ਸੁਣਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਆਪ ਉਪਾਇਆ, ਆਪਣਾ ਦਰ ਦਏ ਵਖਾਈਆ। ਸਚ ਦਰਬਾਰੇ ਆਸਣ ਲਾਇਆ, ਸ਼ਾਹੋ ਭੂਪ ਵਡ ਵਡਿਆਈਆ। ਤਿੰਨਾਂ ਏਕਾ ਦਰ ਦਰਸਨ ਪਾਇਆ, ਨੇਤਰ ਨੈਣ ਨੈਣ ਬਿਗਸਾਈਆ । ਚਰਨ ਕਵਲ ਸੀਸ ਝੁਕਾਇਆ, ਹਰਿ ਤੇਰੀ ਵਡ ਵਡਿਆਈਆ। ਤੂੰ ਦਾਤਾ ਸਰਬ ਸੁਖਦਾਇਆ, ਹਉ ਸੇਵਕ ਭਿਖਕ ਆਏ ਚਲ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਣਾ ਸਾਚਾ ਵਰ, ਏਕਾ ਵਸਤ ਹੱਥ ਫੜਾਈਆ। ਏਕਾ ਵਸਤ ਹੱਥ ਫੜੌਣੀ, ਵਿਸ਼ਨ ਉਚੀ ਕੂਕ ਪੁਕਾਰਿਆ। ਬ੍ਰਹਮਾ ਮੰਗੇ ਮੰਗ ਏਕਾ ਨੂਰ ਤੇਰਾ ਰੂਪ ਦਰਸੌਣੀ, ਦਰਸ ਤਰਸ ਅਗੰਮ ਅਪਾਰਿਆ। ਸ਼ੰਕਰ ਕਰੇ ਪੂਰ ਭੌਣੀ, ਭਾਵਨ ਭਾਵਨਾ ਵਿਚ ਸਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਰੂਪ ਸ਼ਾਹੋ ਭੂਪ ਆਪ ਜਣਾ ਰਿਹਾ। ਸਤਿ ਸਰੂਪ ਹਰਿ ਜਣਾਇਆ, ਰੂਪ ਰੰਗ ਰੇਖ ਨਾ ਕੋਇ। ਜੋਤੀ ਜੋਤ ਡਗਮਗਾਇਆ, ਸਵਛ ਸਰੂਪੀ ਆਪੇ ਹੋਏ। ਸਾਚੇ ਤਖ਼ਤ ਸੋਭਾ ਪਾਇਆ, ਦੇਵਣਹਾਰਾ ਸਾਚੇ ਢੋਏ। ਏਕਾ ਸ਼ਬਦ ਨਾਮ ਦ੍ਰਿੜਾਇਆ, ਏਕਾ ਬੀਜ ਸਾਚਾ ਬੋਏ। ਏਕਾ ਲੜ ਆਪ ਫੜਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰੇ ਬੈਠਾ ਚੜ੍ਹ, ਆਲਸ ਨਿੰਦਰਾ ਵਿਚ ਕਦੇ ਨਾ ਸੋਏ। ਬ੍ਰਹਮੇ ਵਿਸ਼ਨ ਸ਼ਿਵ ਹਰਿ ਜਣਾਇੰਦਾ, ਸ਼ਬਦ ਅਗੰਮੀ ਏਕਾ ਬੋਲ। ਨਿਰਗੁਣ ਆਸਣ ਇਕ ਵਛਾਇੰਦਾ, ਆਦਿ ਜੁਗਾਦੀ ਹਰਿ ਅਡੋਲ। ਸਚ ਦਰਬਾਰਾ ਆਪ ਵਡਿਆਇੰਦਾ, ਵਜਦਾ ਰਹੇ ਅਗੰਮੀ ਢੋਲ। ਆਪਣੀ ਜੋਤ ਆਪ ਜਗਾਇੰਦਾ, ਆਪਣੇ ਅੰਦਰ ਆਪੇ ਜਾਏ ਮੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਜੁਗਾਦਿ ਨਾ ਜਾਏ ਭੁੱਲ। ਆਦਿ ਜੁਗਾਦਿ ਕਦੇ ਨਾ ਭੁੱਲਿਆ, ਪਾਰਬ੍ਰਹਮ ਕਰਤਾਰ। ਭਾਗ ਲਗਾਏ ਆਪਣੀ ਕੁਲੀਆ, ਵਿਸ਼ਨੂੰ ਵਿਸ਼ਵ ਕਰ ਤਿਆਰ। ਬ੍ਰਹਮਾ  ਵਿਸ਼ਨ ਸ਼ਿਵ ਦੇਵੇ ਭੰਡਾਰ ਅਨਮੁਲਿਆ, ਵਡ ਦਾਤਾ ਹਰਿ ਨਿਰੰਕਾਰ। ਸਚ ਦਵਾਰਾ ਏਕਾ ਖੋਲ੍ਹਿਆ, ਆਦਿ ਪੁਰਖ ਸਾਚੀ ਕਾਰ। ਆਪਣੇ ਕੰਡੇ ਆਪੇ ਤੋਲਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਤਾ ਪੁਰਖ ਬਿਧਾਤਾ, ਆਪੇ ਕਰੇ ਆਪਣੀ ਕਾਰ। ਸਾਚੀ ਕਾਰ ਕਰਾਵਣਹਾਰਾ, ਏਕਾ ਰੰਗ ਸਮਾਇਆ। ਤਿੰਨਾਂ ਦੇਵੇ ਇਕ ਸਹਾਰਾ, ਏਕਾ ਗੁਣ ਜਣਾਇਆ। ਏਕਾ ਤਤ ਸਤਿ ਭੰਡਾਰਾ, ਤ੍ਰੈਗੁਣ ਦਰਸੀ ਆਪ ਵਰਤਾਇਆ। ਤ੍ਰੈ ਤ੍ਰੈ ਕਰੇ ਸਚ ਪਿਆਰਾ, ਪੰਚਮ ਲੇਖਾ ਆਪ ਸਮਝਾਇਆ। ਲੱਖ ਚੁਰਾਸੀ ਬਣ ਭਿਖਾਰਾ, ਘਟ ਘਟ ਭਾਂਡਾ ਆਪ ਸੁਹਾਇਆ। ਨਿਰਗੁਣ ਦੀਪਕ ਜੋਤੀ ਕਰ ਉਜਿਆਰਾ, ਘਰ ਮੰਦਰ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਦੇਵਣਹਾਰਾ ਵਡ ਵਡਿਆਇਆ। ਵਡ ਵਡਿਆਈ ਦੇਵਣ ਯੋਗ, ਏਕਾ ਏਕ ਅਖਵਾਇੰਦਾ। ਆਦਿ ਅੰਤ ਨਾ ਹੋਏ ਵਿਜੋਗ, ਸਾਚਾ ਮੇਲਾ ਮੇਲ ਮਿਲਾਇੰਦਾ। ਲੇਖਾ ਆਪਣੇ ਹੱਥ ਰੱਖਿਆ ਧੁਰ ਸੰਜੋਗ, ਦੂਸਰ ਸੰਗ ਨਾ ਕੋਈ ਰਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੁਣਾਇਆ ਇਕ ਸਲੋਕ, ਸੋ ਪੁਰਖ ਨਿਰੰਜਣ ਆਪੇ ਗਾਇੰਦਾ। ਹੰ ਬਣਾਏ ਚੌਦਾਂ ਲੋਕ, ਲੱਖ ਚੁਰਾਸੀ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਜਣਾਇੰਦਾ। ਆਪਣਾ ਭੇਵ ਆਪ ਜਣਾਇਆ, ਆਪਣੀ ਦਇਆ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਾਇਆ, ਲੱਖ ਚੁਰਾਸੀ ਘਾੜਤ ਰਿਹਾ ਘੜਾਈਆ। ਨੌਂ ਨੌਂ ਚਾਰ ਗੇੜ ਆਪ ਦਵਾਇਆ, ਸਾਚੇ ਤਖ਼ਤ ਬੈਠ ਸੱਚਾ ਸ਼ਾਹੀਆ। ਗੁਰ ਪੀਰ ਅਵਤਾਰ ਸਾਚੀ ਸੇਵ ਲਗਾਇਆ, ਏਕਾ ਵਸਤ ਝੋਲੀ ਪਾਈਆ। ਆਪਣਾ ਨਾਉਂ ਦਏ ਸੁਣਾਇਆ, ਨਿਰਗੁਣ ਨਿਰਵੈਰ ਆਪਣਾ ਨਾਉਂ ਧਰਾਈਆ। ਜੁਗ ਚੌਕੜੀ ਖੇਲ ਖਿਲਾਇਆ, ਕੋਹਲੂ ਚਰਖਾ ਚੱਕੀ ਚੱਕ ਆਪ ਭਵਾਈਆ। ਸਾਧ ਸੰਤ ਗੁਰ ਪੀਰ ਅਵਤਾਰ ਕੋਈ ਰਹਿਣ ਨਾ ਪਾਇਆ, ਜੋ ਭੇਜੇ ਸੋ ਆਪਣੇ ਵਿਚ ਮਿਲਾਈਆ। ਆਪਣੀ ਸੇਜੇ ਆਪੇ ਬਹਿ ਬਹਿ ਆਸਣ ਲਾਇਆ, ਵਾਹ ਵਾਹ ਸਤਿਗੁਰ ਵੱਡੀ ਵਡਿਆਈਆ। ਪੁਰਖ ਅਕਾਲ ਸ਼ਾਹ ਪਾਤਸ਼ਾਹ, ਆਪ ਅਖਵਾਇਆ, ਕੋਟਨ ਕੋਟ ਬ੍ਰਹਿਮੰਡ ਆਪਣੇ ਹੁਕਮ ਵਿਚ ਫਿਰਾਈਆ। ਜੇਰਜ ਅੰਡ ਵਿਚ ਕਦੇ ਨਾ ਆਇਆ, ਮਾਤ ਗਰਭ ਨਾ ਸੇਜ ਸੁਹਾਈਆ। ਪੰਜ ਤਤ ਕਾਇਆ ਚੋਲਾ ਦਏ ਵਡਿਆਇਆ, ਜਿਸ ਵਿਚ ਆਪਣੀ ਧਾਰ ਟਿਕਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਬ੍ਰਹਮਾ ਵਿਸ਼ਨ ਸ਼ਿਵ ਤੇਰਾ ਪੰਧ ਮੁਕਾਇਆ, ਕਰੇ ਖੇਲ ਸਾਚਾ ਰਾਹੀਆ। ਸਾਚੇ ਅਸਵ ਸਚ ਸਿੰਘਾਸਣ ਪੁਰਖ ਅਬਿਨਾਸ਼ੀ ਏਕਾ ਪਾਇਆ, ਸ਼ਾਹ ਅਸਵਾਰ ਏਕਾ ਆਸਣ ਲਾਈਆ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਰਿਹਾ ਦੌੜਾਇਆ, ਆਪ ਆਪਣਾ ਬਲ ਧਰਾਈਆ। ਚਾਰ ਜੁਗ ਜੁਗ ਰਹੇ ਨਾ ਰਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚਾ ਆਪ ਸੁਹਾਈਆ। ਚਾਰ ਜੁਗ ਹਰਿ ਗੇੜ ਚੁਕਾਇਆ, ਨੌਂ ਨੌਂ ਪੰਧ ਮੁਕਾਇੰਦਾ। ਕਲਜੁਗ ਅੰਤਮ ਵੇਖ ਵਖਾਇਆ, ਨਿਰਗੁਣ ਰੂਪ ਪਰਗਟਾਇੰਦਾ। ਸਤਿ ਸਤਿਵਾਦੀ ਫੇਰਾ ਪਾਇਆ, ਬ੍ਰਹਮ ਬ੍ਰਹਿਮਾਦਿ ਖੋਜ ਖੁਜਾਇੰਦਾ। ਅਨਾਦੀ ਨਾਦ ਇਕ ਵਜਾਇਆ, ਤੁਰੀਆ ਰਾਗ ਅਲਾਇੰਦਾ। ਸਵਾਂਗੀ ਸਵਾਂਗ ਇਕ ਵਟਾਇਆ, ਭੇਵ ਕੋਈ ਨਾ ਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਤੇਰੀ ਫਾਂਦੀ ਲਏ ਕਟਾਇਆ, ਤ੍ਰੈਗੁਣ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਸਾਚਾ ਘਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸੱਚਾ ਸੁਹਾਵਣ ਆਇਆ, ਨਿਰਗੁਣ ਜੋਤੀ ਜਾਮਾ ਧਾਰ। ਬ੍ਰਹਮਾ ਵਿਸ਼ਨ ਸ਼ਿਵ ਤੇਰੀ ਆਸ ਪੂਰੀ ਕਰਾਵਨ ਆਇਆ, ਨਿਹਕਲੰਕਾ ਲਏ ਅਵਤਾਰ। ਲੋਕਮਾਤ ਆਪਣਾ ਖੇਲ ਖਿਲਾਵਣ ਆਇਆ, ਖ਼ਾਲਕ ਖ਼ਲਕ ਵੇਖੇ ਪਰਵਰਦਿਗਾਰ। ਖ਼ਲਕ ਨੂਰ ਆਪ ਚਮਕਾਵਣ ਆਇਆ, ਨੂਰ ਨੁਰਾਨਾ ਹੋ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸੱਚੀ ਸਰਕਾਰ। ਸੱਚੀ ਸਰਕਾਰ ਹਰਿ ਨਿਰੰਕਾਰਾ, ਦੂਸਰ ਅਵਰ ਨਾ ਕੋਇ ਜਣਾਈਆ। ਜੋ ਉਪਜੇ ਸੋ ਬਿਨਸੇ ਆਪਣੀ ਵਾਰਾ, ਥਿਰ ਮਾਤ ਰਹਿਣ ਨਾ ਪਾਈਆ। ਜੁਗ ਚੌਕੜੀ ਗਏ ਹਾਰਾ, ਗੁਰ ਪੀਰ ਅਵਤਾਰ ਸੇਵ ਕਮਾਈਆ। ਆਦਿ ਅੰਤ ਨਾ ਜਾਣੇ ਕੋਈ ਕਿਨਾਰਾ, ਅਧਵਿਚਕਾਰ ਤਾਰੀਆਂ ਲਾਈਆ। ਬ੍ਰਹਮਾ ਵਿਸ਼ਨ ਸ਼ਿਵ ਮੰਗਨ ਇਕ ਸਹਾਰਾ, ਘਾਟ ਬੈਠੇ ਸਾਚੇ ਮਾਹੀਆ। ਨੌਂ ਨੌਂ ਚਾਰ ਉਤਰੇ ਪਾਰਾ, ਕਰੇ ਖੇਲ ਬੇਪਰਵਾਹੀਆ। ਚੱਪੂ ਲਾਏ ਅਗੰਮ ਅਪਾਰਾ, ਸੋ ਪੁਰਖ ਨਿਰੰਜਣ ਘਾੜਨ ਆਪ ਘੜਾਈਆ। ਹੰ ਬ੍ਰਹਮ ਦਏ ਸਹਾਰਾ, ਪਾਰਬ੍ਰਹਮ ਸੱਚੀ ਸਰਨਾਈਆ । ਲੋਕਮਾਤ ਹੋਏ ਉਜਿਆਰਾ, ਜੋਤੀ ਜੋਤ ਕਰ ਰੁਸ਼ਨਾਈਆ। ਸਚ ਵਖਾਏ ਇਕ ਦਰਬਾਰਾ, ਜਿਸ ਤਖ਼ਤ ਹਰਿ ਜੂ ਆਸਣ ਲਾਈਆ। ਸਿੰਘ ਸਵਰਨ ਤੇਰੀ ਸੁਣੇ ਪੁਕਾਰਾ, ਪੂਰਬ ਜਨਮ ਭੁੱਲ ਨਾ ਜਾਈਆ। ਮੁਸਲਮ ਸੁੰਨੀ ਦਏ ਸਹਾਰਾ, ਸ਼ਰਅ ਸ਼ਰੀਅਤ ਮੇਟ ਮਿਟਾਈਆ। ਤੇਰੀ ਭੁੱਲੇ ਨਾ ਤਿਖੀ ਧਾਰਾ, ਨਕ਼ਾਬ ਕਾਇਆ ਵਿਚ ਲਗਾਈਆ । ਤੇਰਾ ਸਲਬ ਕੀਆ ਆਪਣਾ ਖੂਨ ਠੰਡੀ ਠਾਰਾ, ਰਤੀ ਰਤ ਜਗਤ ਰੰਗਾਈਆ। ਇਕ ਵਖਾਏ ਸੱਚਾ ਦਰਬਾਰਾ, ਸਤਿਗੁਰ ਪੂਰਾ ਆਪ ਉਪਾਈਆ। ਕਾਗਦ ਕਲਮ ਨਾ ਲਿਖਣਹਾਰਾ, ਚਾਰ ਵੇਦ ਮੁਖ ਸ਼ਰਮਾਈਆ। ਹਰਿ ਕਾ ਤਖ਼ਤ ਸਭ ਤੋਂ ਨਿਆਰਾ, ਰਾਜ ਰਾਜਾਨ ਸ਼ਾਹ ਸੁਲਤਾਨ ਲੋਕਮਾਤ ਹੱਥ ਕਿਸੇ ਨਾ ਆਈਆ। ਜੋ ਜਨ ਬਣੇ ਦਰ ਭਿਖਾਰਾ, ਕਰ ਕਿਰਪਾ ਦਏ ਵਖਾਈਆ। ਆਸਾ ਤ੍ਰਿਸਨਾ ਕਰੇ ਦੂਰ ਕਿਨਾਰਾ, ਸਾਂਤਕ ਸਤਿ ਸਤਿ ਕਰਾਈਆ। ਨਾਟਕ ਚੇਟਕ ਨਟੂਆ ਕਰੇ ਅਗੰਮ ਅਪਾਰਾ, ਕਲਜੁਗ ਬਾਜੀ ਰਿਹਾ ਪਾਈਆ। ਮੁਲਾਂ ਕਾਜ਼ੀ ਸ਼ੇਖ਼ ਮੁਸਾਇਕ ਪੀਰ ਜੂਏ ਜਨਮ ਹਾਰਾ, ਹਾਰ ਜਿਤ ਹੱਥ ਕਿਸੇ ਨਾ ਆਈਆ। ਪੰਡਤ ਪਾਂਧਾ ਰੋਵੇ ਜ਼ਾਰੋ ਜ਼ਾਰਾ, ਜੋਤ ਲਿਲਾਟ ਮਸਤਕ ਟਿੱਕਾ ਨਾ ਕੋਈ ਲਗਾਈਆ। ਗ੍ਰੰਥੀ ਪੰਥੀ ਮਾਰੇ ਨਾਅਰਾ, ਪਤਿਤ ਪੁਨੀਤ ਪਤਿਤ ਪਾਵਨ ਦਿਸ ਕਿਸੇ ਨਾ ਆਈਆ। ਲੱਖ ਚੁਰਾਸੀ ਜੀਵ ਰਿਹਾ ਕਵਾਰਾ, ਹਰਿ ਕੰਤ ਨਾ ਕੋਈ ਪਰਨਾਈਆ। ਗੁਰਮੁਖਾਂ ਵਖਾਏ ਸਚ ਦਰਬਾਰਾ, ਕਰ ਕਿਰਪਾ ਹਰਿ ਰਘਰਾਈਆ। ਜਿਸ ਜਨ ਦਇਆ ਕਮਾਏ ਦਰਸ ਦਿਖਾਏ ਸਿਰਜਣਹਾਰਾ, ਸਗਲੀ ਚਿੰਤ ਦਏ ਗਵਾਈਆ। ਘਰ ਸਖ਼ੀਆਂ ਮੰਗਲਚਾਰਾ, ਵਾਹ ਵਾਹ ਵੱਜਦੀ ਰਹੇ ਵਧਾਈਆ। ਸਤਿਗੁਰ ਪਾਇਆ ਏਕਾ ਵਾਰਾ, ਵਿਛੜ ਕਦੇ ਨਾ ਜਾਈਆ। ਠਾਂਡਾ ਦਿਸੇ ਇਕ ਦਰਬਾਰਾ, ਅਗਨੀ ਤਤ ਦਏ ਬੁਝਾਈਆ। ਕਰਿਆ ਖੇਲ ਅਪਰ ਅਪਾਰਾ, ਕਲਜੁਗ ਜੀਵ ਭੇਵ ਨਾ ਰਾਈਆ। ਪਹਿਲੋਂ ਆਪਣਾ ਆਪ ਪੰਜ ਤਤ ਕਾਇਆ ਚੋਲੀ ਸਾੜਾ, ਜਗਤ ਨਿਸ਼ਾਨ ਦਏ ਮਿਟਾਈਆ। ਫੇਰ ਲਾਇਆ ਸ਼ਬਦ ਅਖਾੜਾ, ਗੁਰਮੁਖ ਸਖ਼ੀਆਂ ਨਾਚ ਨਚਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪ ਵਜਾਏ ਤਾਲ ਤਲਵਾੜਾ, ਘਰ ਤਾਰ ਸਤਾਰ ਹਿਲਾਈਆ। ਦਿਵਸ ਸੁਹਾਇਆ ਸਤਾਰਾਂ ਹਾੜਾ, ਗੁਰਸਿਖ ਤੇਰੀ ਅਗਨੀ ਆਪਣੀ ਝੋਲੀ ਪਾਈਆ। ਇਕ ਬਣਾਇਆ ਸਚ ਦਰਬਾਰਾ, ਸਚਖੰਡ ਰੂਪ ਦਰਸਾਈਆ। ਜਗਤ ਵਖਾਏ ਨੌਂ ਦਵਾਰਾ, ਗੁਰਸਿਖਾਂ ਨੌਂ ਦਵਾਰੇ ਪੰਧ ਮੁਕਾਈਆ। ਆਦਿ ਅੰਤ ਕਰੇ ਪਾਰ ਕਿਨਾਰਾ, ਲੱਖ ਚੁਰਾਸੀ ਦਏ ਛੁਡਾਈਆ। ਗੁਰਮੁਖ ਗੁਰਮੁਖ ਹਰਿਜਨ ਹਰਿਜਨ ਵਖਾਇਆ, ਇਕ ਸੱਚਾ ਦਰਬਾਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਕਵਲ ਕਵਲ ਚਰਨ ਸੱਚੀ ਸਰਨਾਈਆ।