ਪਹਿਲੀ ਮਾਘ ੨੦੧੨ ਬਿਕ੍ਰਮੀ ਮਾਤਾ ਬਿਸ਼ਨ ਕੌਰ ਨਵਿਤ ਹਰਿ ਭਵਤ ਦਵਾਰ ਜੇਠੂਵਾਲ
ਪੁਰਖ ਅਗੰਮ ਅਪਾਰ ਅਪਰ ਅਪਾਰਿਆ। ਆਪੇ ਆਪ ਖਸਮ ਖਸਮ ਨਰ ਨਿਰੰਕਾਰਿਆ। ਜੋਤੀ ਨਾਰੀ ਪਿਰਮ ਪਿਆਰੀ ਪਾਵੇ ਆਪੇ ਸਾਰਿਆ। ਤਨ ਸ਼ਿੰਗਾਰੀ ਫੂਲਨਹਾਰੀ ਖੇਲ ਘਰ ਬਾਹਰੀ, ਭੇਵ ਕੋਈ ਨਾ ਪਾ ਰਿਹਾ। ਦੋਹਾਂ ਮੇਲ ਦਰ ਦਰਬਾਰੀ, ਸਤਿ ਸੰਤੋਖੀ ਸਚ ਵਿਹਾਰੀ, ਦੂਸਰ ਨਾ ਕੋਈ ਸੰਗ ਰਖਾ ਰਿਹਾ। ਸਾਚੀ ਸੇਜਾ ਅਪਰ ਅਪਾਰੀ, ਪੁਰਖ ਅਗੰਮਾ ਸਾਚਾ ਕੰਤ ਜੋਤ ਨਿਰੰਜਣ ਸਾਚੀ ਨਾਰੀ, ਏਕਾ ਧਾਮ ਸੁਹਾ ਰਿਹਾ। ਬ੍ਰਹਮ ਪਾਰ ਹਰਿ ਕਰਤਾਰ ਨਿਰਵਿਕਾਰ ਆਪ ਆਪਣਾ ਆਪ ਉਪਾ ਲਿਆ। ਜੋਤੀ ਕੰਤੀ ਕੰਤ ਬੇਅੰਤੀ, ਏਕਾ ਧਾਮ ਸੁਹੰਤੀ, ਏਕਾ ਰੰਗ ਰੰਗਾ ਰਿਹਾ। ਅੰਕ ਅੰਕ ਅੰਕ ਪੁਰਖ ਪੁਰਖ ਪੁਰਖ ਜੋਤੀ ਜੋਤੀ ਨਾਰੀ ਸੁਹਾਇਆ ਦਵਾਰ ਬੰਕ, ਨਾ ਕੋਈ ਜਾਣੇ ਬ੍ਰਹਮ ਵਿਚਾਰੀ। ਆਪ ਆਪਣੀ ਖੇਲ ਕਰੇ ਅੰਕ, ਹਰਿ ਨਰ ਨਰਾਇਣ ਨਿਰੰਜਣ ਨਿਜ਼ ਘਰ ਪਸਰ ਪਸਾਰੀ। ਜੋਤੀ ਜੋਤ ਸਰੂਪ ਹਰਿ, ਸਤਿ ਪੁਰਖ ਨਿਰੰਜਣ ਭੇਵ ਨਾ ਰਾਇਆ, ਆਪੇ ਜਾਣੇ ਆਪਣੀ ਧਾਰੀ। ਜੋਤੀ ਪੁਰਖਾ ਮੇਲ ਮਿਲਾਇਆ। ਪੁਰਖਾ ਜੋਤੀ ਅੰਕ ਸੁਹਾਇਆ। ਅੰਕਾ ਜੋਤੀ ਤਨ ਕਮਾਇਆ। ਪੁਰਖ ਅਬਿਨਾਸ਼ੀ ਦਇਆ ਕਰ, ਸਾਚਾ ਸੁਤ ਇਕ ਉਪਜਾਇਆ। ਅਗਾਧ ਬੋਧ ਬੋਧ ਅਗਾਧਾ ਨਾਉਂ ਰਖਾਇਆ। ਜੋਤੀ ਮਾਤਾ ਖ਼ੁਸ਼ੀ ਮਨਾਈ। ਸੁਤ ਸੁਤ ਸਾਚਾ ਸ਼ਬਦ ਗੋਦ ਉਠਾਈ। ਸਾਚਾ ਸ਼ਬਦ ਪਰਗਟ ਹੋਇਆ, ਮਿਲੀ ਮਾਤ ਵਧਾਈ। ਆਦਿ ਪੁਰਖ ਨਿਰੰਜਣ ਸਵਾਮੀ ਆਪਣੀ ਰਚਨਾ ਆਪ ਰਚਾਈ। ਸ਼ਬਦ ਪੂਤ ਹੋਇਆ ਬਲਵਾਨ। ਲੋਆਂ ਪੁਰੀਆਂ ਇਕ ਧਿਆਨ। ਕੋਈ ਨਾ ਦੀਸੇ ਕਿਸੇ ਨਿਸ਼ਾਨ। ਕੋਈ ਨਾ ਦੀਸੇ ਖਾਣੀ ਬਾਣੀ, ਕੋਈ ਨਾ ਦੀਸੇ ਜ਼ਿਮੀ ਅਸਮਾਨ। ਕੋਈ ਨਾ ਦੀਸੇ ਰਾਜਾ ਰਾਣਾ, ਕੋਈ ਨਾ ਦੀਸੇ ਸ਼ਾਹ ਸੁਲਤਾਨ। ਕੋਈ ਨਾ ਦੀਸੇ ਜੀਵ ਜਹਾਨੀ, ਕੋਈ ਨਾ ਦੀਸੇ ਪੀਣ ਖਾਣ। ਏਕਾ ਏਕ ਪੁਰਖ ਪੁਰਖੋਤਮ ਚਰਨ ਦਾਸੀ ਜੋਤੀ ਨਾਰ। ਸਾਚਾ ਸ਼ਬਦ ਸਾਚਾ ਸੁਤ ਦਰ ਦਿਵਸ ਰੈਣ ਕਰੇ ਪਿਆਰ। ਆਪ ਆਪਣੀ ਰਚਨ ਰਚਾਈ, ਸ਼ਬਦ ਸੁਤ ਕਰੇ ਨਿਮਸਕਾਰ। ਮਾਤਾ ਜੋਤੀ ਦੇਤ ਅਧਾਰ, ਪਿਤ ਪੁਰਖੋਤਮ ਪ੍ਰਭ ਪਾਵੇ ਸਾਰ। ਏਕਾ ਦੇਵੇ ਬਾਲ ਅਧਾਰ। ਜੋਤੀ ਜੋਤ ਸਰੂਪ ਹਰਿ, ਬ੍ਰਹਿਮੰਡ ਖੰਡ ਤੇਰੀ ਪਾਏ ਵੰਡ, ਆਪੇ ਰੱਖੇ ਤੇਰਾ ਅਧਾਰ। ਸਾਚਾ ਸੁਤ ਸੀਸ ਨਿਵਾਏ। ਪੁਰਖ ਅਬਿਨਾਸ਼ੀ ਪਾਰਬ੍ਰਹਮ ਅਚੁੱਤ, ਆਪ ਆਪਣਾ ਸਿਰ ਹੱਥ ਟਿਕਾਏ। ਮਾਤਾ ਜੋਤੀ ਖ਼ੁਸ਼ੀ ਮਨਾਏ। ਸਾਚੀ ਰੁੱਤ ਮਸਤਕ ਟਿੱਕਾ ਸਾਚਾ ਲਾਏ। ਜੋਤੀ ਪੁਰਖਾ ਏਕਾ ਕਰਮਾ ਏਕਾ ਧਰਮਾ ਏਕਾ ਸੁਤ ਏਕਾ ਬ੍ਰਹਮਾ ਬ੍ਰਹਿਮੰਡ ਵਿਚ ਸਮਾਏ। ਸ਼ਬਦ ਸੁਤ ਕਰੀ ਵਿਚਾਰ। ਏਕਾ ਮੰਗਾਂ ਸਾਚੀ ਮੰਗ, ਪ੍ਰਭ ਅਬਿਨਾਸ਼ੀ ਦੇਵੇ ਤਾਰ। ਨਾ ਕੋਈ ਦੀਸੇ ਦੂਜਾ ਸੰਗਾ, ਦੋ ਜਹਾਨਾਂ ਮੀਤ ਮੁਰਾਰ। ਜੋਤੀ ਪੁਰਖਾ ਅੰਗਾ ਸੰਗਾ, ਏਕਾ ਬਖ਼ਸ਼ੇ ਚਰਨ ਪਿਆਰ। ਪੁਰਖ ਅਗੰਮਾ ਸੁਣ ਪੁਕਾਰ, ਸ਼ਬਦ ਸੱਚੀ ਜਣਾਈ। ਸਾਚੇ ਸੁਤ ਕਰ ਅਕਾਰ, ਪ੍ਰਭ ਸਾਚਾ ਰਿਹਾ ਤਕਾਈ। ਤ੍ਰੈਗੁਣ ਮਾਇਆ ਕਰ ਤਿਆਰ, ਧੁਰ ਫ਼ਰਮਾਣਾ ਇਕ ਸੁਣਾਈ। ਸੁਤ ਸ਼ਬਦ ਕਰੇ ਵਾਪਾਰ, ਨੌਂ ਨਿਧ ਬਣਤ ਬਣਾਈ। ਜੋਤੀ ਜਾਮਾ ਕਰੇ ਨਿਮਸਕਾਰ, ਮਾਤ ਸ਼ਕਤੀ ਵੱਜੇ ਵਧਾਈ। ਤ੍ਰੈਗੁਣ ਮਾਇਆ ਸੱਚਾ ਤੱਤ ਵਿਚਾਰ, ਚਰਨ ਧੂੜ ਦਏ ਮਸਤਕ ਲਾਈ। ਪੁਰਖ ਅਗੰਮੜਾ ਅਗੰਮੜੀ ਕਾਰ, ਆਪਣੀ ਬਣਤ ਰਿਹਾ ਬਣਾਈ। ਸ਼ਬਦ ਸੁਤ ਭਇਆ ਵੈਰਾਗ। ਤ੍ਰੈਗੁਣ ਮਾਇਆ ਕਵਣ ਲਗਾਏ ਜਾਗ। ਦੂਸਰ ਕੋਇ ਦਿਸ ਨਾ ਆਇਆ, ਕਵਣ ਪਕੜੇ ਮੇਰੀ ਵਾਗ। ਜੋਤੀ ਪੁਰਖਾ ਸੁਤ ਨਾ ਜਾਇਆ, ਕੋਈ ਨਾ ਦੂਸਰ ਦੀਸੇ ਰਾਗ। ਜੋਤੀ ਮਾਤਾ ਦੇਵੇ ਮਤ। ਤ੍ਰੈਗੁਣ ਮਾਇਆ ਪ੍ਰਭ ਚਰਨੀ ਨੱਤ। ਪ੍ਰਭ ਚਰਨ ਧੂੜ ਜੋਤੀ ਰਤ। ਜੋਤੀ ਰਤ ਉਪਜੇ ਸਾਚਾ ਸੁਤ। ਸਾਚਾ ਸੁਤ ਮੇਰੇ ਅੰਦਰੇ ਤੱਤ। ਪਿਤਾ ਪੂਤ ਪੁਰਖਾ ਏਕਾ ਏਕ ਯਤ। ਪੁਰਖਾ ਜੋਤੀ ਜੋਤੀ ਪੁਰਖਾ ਏਕਾ ਬੱਧਾ ਸੱਚਾ ਨਤ। ਮਾਤਾ ਸਿਖਿਆ ਸਚ ਦਿਲਾਈ। ਸਾਚੇ ਸੁਤ ਸੇਵ ਕਮਾਈ। ਪੁਰਖ ਅਗੰਮਾ ਚਰਨ ਧੂੜ ਮਸਤਕ ਲਾਈ। ਮਸਤਕ ਧੂੜ ਸਾਚੀ ਸ਼ਾਹੀ ਮਾਤਾ ਜੋਤੀ ਦਏ ਲਗਾਈ। ਮਾਤਾ ਜੋਤੀ ਖ਼ੁਸ਼ੀ ਮਨਾਈ। ਸਾਚਾ ਸੁਤ ਲਏ ਉਪਜਾਈ। ਸਾਚਾ ਸੁਤ ਪਾਰਬ੍ਰਹਮ ਅਚੁਤ ਆਪੇ ਰਿਹਾ ਬਣਾਈ। ਨਾ ਕੋਈ ਜਾਣੇ ਅਧਭੁਤ, ਕਵਲ ਨਾਭੀ ਬਾਹਰ ਕਰਾਈ। ਆਪ ਸੁਹਾਏ ਆਪਣੀ ਰੁੱਤ, ਬ੍ਰਹਮਾ ਪੁੱਤ ਜੋਤੀ ਜਾਈ। ਜੋਤੀ ਪੁਰਖਾ ਆਦਿ ਆਦਿ ਆਦੀ ਆਦਿ ਰਿਹਾ ਬਣਤ ਬਣਾਈ। ਤ੍ਰੈਗੁਣ ਮਾਇਆ ਕਰਮ ਕਮਾਇਆ। ਬ੍ਰਹਮਾ ਸੁਤ ਜੋਤੀ ਜਾਇਆ। ਸ਼ਬਦ ਪੁੱਤ ਖ਼ੁਸ਼ੀ ਮਨਾਇਆ। ਪਾਰਬ੍ਰਹਮ ਅਚੁਤ ਦੇ ਮਤ ਰਿਹਾ ਸਮਝਾਇਆ। ਸਾਚਾ ਮੇਲਾ ਏਕਾ ਘਰ, ਸਾਚੇ ਸ਼ਬਦ ਸੁਣਾਇਆ। ਆਪ ਖੁਲ੍ਹਾਇਆ ਆਪਣੀ ਹੱਥੀਂ ਦਰ ਸਾਚੇ ਮੰਦਰ ਆਪ ਬਹਾਇਆ। ਬ੍ਰਹਮਾ ਭੇਵ ਨਾ ਪਾਵੇ ਸਾਰ, ਕਵਣ ਬਿਧ ਪ੍ਰਭ ਰਿਹਾ ਕਰਾਇਆ। ਸ਼ਬਦ ਸੁਤ ਗਿਆ ਅੰਦਰ ਵੜ, ਭਾਈਆ ਭਾਈਆ ਮੇਲ ਮਿਲਾਇਆ। ਪੁਰਖ ਅਬਿਨਾਸ਼ੀ ਵੇਖੇ ਖੜ, ਸਾਚੀ ਰਚਨਾ ਰਿਹਾ ਰਚਾਇਆ। ਜੋਤੀ ਪੁਰਖਾ ਕੰਤਾ ਨਾਰੀ, ਸੁਤ ਅਸੁਤ ਵੇਖ ਵਿਚਾਰੀ, ਸ਼ਬਦ ਪਰਕਾਸ਼ ਰਿਹਾ ਕਰਾਇਆ। ਸ਼ਬਦ ਸੁਤ ਪ੍ਰਭ ਦਏ ਜਣਾਏ। ਹਰਿ ਸ਼ਬਦ ਲੋਆਂ ਪੁਰੀਆਂ ਦਏ ਮਿਟਾਏ। ਬ੍ਰਹਮਾ ਵੇਖੇ ਖੁਲ੍ਹਾ ਵਿਹੜਾ, ਚਾਰੇ ਮੁਖ ਅੱਠੇ ਨੇਤਰ ਦੂਸਰ ਕੋਈ ਦੀਸੇ ਨਾਹੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰੇ ਹਿਸੇ ਰਿਹਾ ਪਾਏ। ਸ਼ਬਦ ਸੁਤ ਰਸਨਾ ਗਾ ਉਚਾਰੇ। ਚਾਰੇ ਵੇਦ ਬ੍ਰਹਮਾ ਉਪਜਾਏ, ਚਾਰੇ ਜੁਗਾ ਰਖਾਏ। ਸਤਿਜੁਗ ਤ੍ਰੇਤਾ ਦੁਆਪਰ ਜਾਏ। ਕਲਜੁਗ ਅੰਤਮ ਨੇੜੇ ਆਏ। ਪ੍ਰਭ ਅਬਿਨਾਸ਼ੀ ਜਾਮਾ ਪਾਏ। ਜਗਤ ਝੇੜੇ ਰਿਹਾ ਮਿਟਾਏ। ਨਗਰ ਖੇੜੇ ਰਿਹਾ ਢਾਹੇ। ਭਗਤ ਬੇੜੇ ਬੰਨ੍ਹ ਵਖਾਏ। ਸ੍ਰਿਸ਼ਟ ਸਬਾਈ ਉਲਟੇ ਗੇੜੇ ਕਲਜੁਗ ਲਠ ਰਿਹਾ ਗਿੜਾਏ। ਰਾਜ ਰਾਜਾਨਾਂ ਲਏ ਫੜ, ਸ਼ਾਹ ਸੁਲਤਾਨਾਂ ਭੱਠ ਕਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਨੱਠ ਨੱਠ, ਘਟ ਘਟ ਅੰਦਰ ਵੇਖ ਵਖਾਏ। ਵੇਖੇ ਚਾਰ ਦਿਵਾਰੀ, ਚਾਰੇ ਜੁਗ ਆਪਾ ਕਿਲ੍ਹਾ ਬਣਾਇਆ ਏ। ਜੂਠੀ ਝੂਠੀ ਚਾਰ ਯਾਰੀ, ਕਾਲੀ ਰੈਣ ਅੰਧ ਅੰਧਿਆਰੀ, ਸਚ ਸੁੱਚ ਨਜ਼ਰ ਨਾ ਆਇਆ ਏ। ਮਾਇਆ ਰਾਣੀ ਦਏ ਬਹਾਰੀ, ਸ੍ਰਿਸ਼ਟ ਸਬਾਈ ਵਹਿੰਦੀ ਧਾਰੀ, ਕੋਈ ਨਾ ਜਾਣੇ ਨਰ ਅਵਤਾਰੀ, ਪ੍ਰਭ ਸਾਚੇ ਭੇਵ ਨਾ ਪਾਇਆ ਏ। ਵੇਲੇ ਅੰਤਮ ਹੋਏ ਖਵਾਰੀ, ਨਾ ਕੋਈ ਦਿਸੇ ਸ਼ਾਹ ਸਵਾਰੀ, ਹਾਹਾਕਾਰ ਜਗਤ ਕਰਾਇਆ ਏ। ਭਗਤ ਜਨਾਂ ਪ੍ਰਭ ਪਾਏ ਸਾਰੀ, ਦਇਆ ਕਮਾਏ ਵਾਰੋ ਵਾਰੀ, ਜੋਤ ਨਿਰੰਜਣ ਕਰ ਉਜਿਆਰੀ, ਸ਼ਬਦ ਸਰੂਪੀ ਰਿਹਾ ਜਗਾਇਆ ਏ। ਸੰਤ ਸੁਹੇਲਾ ਮੀਤ ਮੁਰਾਰੀ, ਕਲਜੁਗ ਮੇਲਾ ਅੰਤਮ ਵਾਰੀ, ਗੁਰ ਚੇਲਾ ਆਪ ਅਖਵਾਇਆ ਏ। ਉਚੇ ਮੰਦਰ ਢਾਹੇ ਅਟਾਰੀ, ਨਾ ਕੋਈ ਦੀਸੇ ਬੰਕ ਦਵਾਰੀ, ਮਹੱਲ ਅਟਾਰੀ ਨਜ਼ਰ ਨਾ ਆਇਆ ਏ। ਜੀਵ ਜਹਾਨਾ ਹੋਏ ਵਿਭਚਾਰੀ, ਨਾਰ ਦੁਹਾਗਣ ਕੰਤ ਵਿਸਾਰੀ, ਸਾਧ ਸੰਤ ਜੂਏ ਬਾਜੀ ਹਾਰੀ, ਸਾਚੀ ਦਾਦ ਕਿਸੇ ਹੱਥ ਨਾ ਆਇਆ ਏ। ਜਗੇ ਜੋਤ ਅਗੰਮ ਅਪਾਰੀ, ਜਗਤ ਮੁਦਾਰੀ ਕਲਜੁਗ ਤੇਰੀ ਕਾਲੀ ਧਾਰੀ, ਕਾਲਾ ਦਾਗ਼ ਕਿਸੇ ਨਾ ਲਾਹਿਆ ਏ। ਨਰ ਨਰਾਇਣ ਖੇਲ ਅਪਾਰ, ਲਹਿਣਾ ਦੇਣਾ ਵਿਚ ਸੰਸਾਰ, ਭਾਣਾ ਸਹਿਣਾ ਗੁਰ ਚਰਨ ਦਵਾਰ, ਸਾਚਾ ਹੁਕਮ ਸੁਣਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਥੇ ਜੁਗ ਚਾਰ ਦਿਵਾਰੀ ਆਪੇ ਢਾਹਿਆ ਏ। ਚਾਰ ਜੁਗ ਪ੍ਰਭ ਚਾਕਰੀ, ਜੁਗ ਜੁਗ ਕਰਦਾ ਆਇਆ। ਕਲਜੁਗ ਧਾਰੇ ਭੇਖ ਰੇਖ ਵੇਖ ਕਰਮ ਧਰਮ ਬਿਰਦ ਆਪਣਾ ਰੱਖਦਾ ਆਇਆ। ਸ੍ਰਿਸ਼ਟ ਸਬਾਈ ਵੇਖ ਵੇਖ, ਮਾਨਸ ਦੇਹੀ ਭਗਤ ਜਨਾਂ ਦੇ ਮਤ ਸਮਝਾਵਣ ਆਇਆ। ਅਪਣੀ ਕਿਰਪਾ ਆਪੇ ਕਰਦਾ, ਜੀਵ ਜੰਤ ਸਰਬ ਦੋਸ਼ੀ ਧਰਦਾ, ਬੈਠਾ ਰਹੇ ਸਦ ਖ਼ਾਮੋਸ਼ੀ, ਸ੍ਰਿਸ਼ਟ ਸਬਾਈ ਬੁਲਾਵਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਸੁਨੇਹੜਾ ਸਾਚਾ ਗੁਰ ਧੁਰ ਦਰਗਾਹੀ ਲੈ ਕੇ ਆਇਆ। ਧੁਰ ਫ਼ਰਮਾਣਾ ਪ੍ਰਭ ਸਾਚਾ ਮਾਤ ਲਿਆਇਆ ਏ। ਆਪ ਮਿਟਾਏ ਰਾਜਾ ਰਾਣਾ, ਪੜਦਾ ਉਹਲਾ ਰਹਿਣ ਨਾ ਪਾਇਆ ਏ। ਪਕੜ ਉਠਾਏ ਚਤੁਰ ਸੁਜਾਨਾ, ਸਾਧਾਂ ਸੰਤਾਂ ਰਿਹਾ ਸੁਣਾਇਆ ਏ। ਪਰਗਟ ਜੋਤ ਵਾਲੀ ਦੋ ਜਹਾਨਾਂ, ਬ੍ਰਹਮ ਰਿਹਾ ਮਿਲਾਇਆ ਏ। ਮਾਰੇ ਤੀਰ ਇਕ ਨਿਸ਼ਾਨਾ, ਸ਼ਿਵ ਸ਼ੰਕਰ ਸੀਸ ਝੁਕਾਇਆ ਏ। ਜੋਤੀ ਜਗੇ ਹਰਿ ਬਲਵਾਨਾ, ਸੁਰਪਤ ਰਾਜੇ ਇੰਦ ਤਖ਼ਤ ਤਜਾਇਆ ਏ। ਸਰਬ ਜੀਆਂ ਪ੍ਰਭ ਜਾਣੀ ਜਾਣ, ਹਰ ਘਟ ਮੇਂ ਰਿਹਾ ਸਮਾਇਆ ਏ। ਆਪੇ ਜਾਣੇ ਆਪਣਾ ਭਾਣਾ, ਭਾਣੇ ਅੰਦਰ ਲੋਕ ਸਬਾਇਆ ਏ। ਆਪੇ ਜਾਣੇ ਪੀਣਾ ਖਾਣਾ, ਖਾਣਾ ਪੀਣਾ ਆਪ ਬਣਾਇਆ ਏ। ਆਪੇ ਜਾਣੇ ਮਰਨਾ ਜੀਣਾ, ਜੀਣਾ ਮਰਨਾ ਰਚਨ ਰਚਾਇਆ ਏ। ਆਪੇ ਜਾਣੇ ਲੋਕਾਂ ਤੀਨਾਂ, ਤੀਨਾਂ ਲੋਕਾ ਆਪ ਅਪਨਾਇਆ ਏ। ਆਪੇ ਜਾਣੇ ਰਾਮ ਰੁਮੀਕਾ, ਅਵਣਾ ਗਵਣਾ ਭੇਵ ਨਾ ਰਾਇਆ ਏ। ਆਪੇ ਜਾਣੇ ਪਾਤਾਲਾਂ ਭੂਮਿਕਾ, ਭੂਮੀ ਭਰਤਾ ਆਪ ਅਖਵਾਇਆ ਏ। ਆਪ ਜਾਣੇ ਜੋਤੀ ਨੂਰ ਨੂਰਕਾ, ਨੂਰੀ ਨੂਰ ਉਪਾਇਆ ਏ। ਆਪੇ ਜਾਣੇ ਸ਼ਬਦ ਤੂਰ ਤੂਰਕਾ, ਸ਼ਬਦ ਅਧਾਰੀ ਆਪ ਅਖਵਾਇਆ ਏ। ਆਪੇ ਹੋਏ ਆਸਾ ਮਨਸਾ ਪੂਰਨਾ, ਦਇਆਵਾਨ ਸੁਖਦਾਇਆ ਏ। ਆਪੇ ਆਪ ਪ੍ਰਭ ਕਲਾ ਭਰਪੂਰਕਾ, ਭਰਮਾ ਭਰਮ ਮਿਟਾਇਆ ਏ। ਆਪੇ ਆਪ ਨੇੜੇ ਦੂਰਕਾ ਦੂਰੋਂ ਨੇੜੇ ਨੇੜ ਆਇਆ ਏ। ਆਪੇ ਹੋਏ ਜੋਧਾ ਸੂਰਕਾ, ਸੂਰਬੀਰ ਆਪ ਅਖਵਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਸੁਨੇਹੜਾ ਧੁਰ ਦਰਗਾਹੀ ਅੰਤਮ ਮਾਤ ਲੈ ਕੇ ਆਇਆ ਏ। ਸ਼ਬਦ ਸੁਨੇਹੜਾ ਲੈ ਕੇ ਆਇਆ, ਦੇਵੇ ਰਾਜ ਰਾਜਾਨਾ ਨੂੰ। ਧੁਰ ਦਰਗਾਹੀ ਕਹਿ ਕੇ ਆਇਆ, ਮੇਟਾਂ ਜਗਤ ਨਿਸ਼ਾਨਾਂ ਨੂੰ। ਸੋਲਾਂ ਕਲਾਂ ਕਲ ਲੈ ਕੇ ਆਇਆ, ਚਾਰ ਭੁਜਾਂ ਬਲੀ ਬਲਵਾਨਾ ਨੂੰ। ਸਾਚੇ ਤਖ਼ਤ ਸਿੰਘਾਸਣ ਬਹਿ ਕੇ ਆਇਆ, ਆਪੇ ਜਾਣੇ ਆਪਣੇ ਕਾਮਾ ਨੂੰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪੇ ਜਾਣੇ ਆਪਣੀ ਸ਼ਾਨਾਂ ਨੂੰ। ਰਾਜ ਰਾਜਾਨਾਂ ਦਏ ਜਗਾਏ, ਪ੍ਰਭ ਫੇਰਾ ਮਾਤ ਪਾਇਆ ਏ। ਸ਼ਹਾ ਸੁਲਤਾਨਾਂ ਦਏ ਉਠਾਏ, ਸ਼ਬਦ ਡੰਡਾ ਹੱਥ ਉਠਾਇਆ ਏ। ਪਹਿਲੀ ਚੇਤਰ ਖ਼ੁਸ਼ੀ ਮਨਾਏ, ਸੰਗਰੂਰੀਂ ਚਰਨ ਛੁਹਾਉਣਾ ਏ। ਦੂਜੀ ਚੇਤਰ ਧਰਮ ਕਮਾਏ, ਸ਼ਾਹ ਪਟਿਆਲ ਹਿਲਾਉਣਾ ਏ। ਤੀਜੀ ਚੇਤਰ ਜੋਤ ਜਗਾਏ, ਫਰੀਦਕੋਟ ਹਿਲਾਉਣਾ ਏ। ਚੌਥੀ ਚੇਤਰ ਖੇਲ ਰਚਾਏ, ਸਿੰਘ ਈਸ਼ਰ ਫੜ ਜਗਾਉਣਾ ਏ। ਪੰਚਮ ਚੇਤਰ ਭਰਮ ਮਿਟਾਏ, ਸਿੰਘ ਰਣਧੀਰ ਭਰਮ ਮਿਟਾਉਣਾ ਏ। ਛੇਵੇਂ ਚੇਤਰ ਕਰਮ ਕਮਾਏ, ਸਿੰਘ ਮਿਹਰ ਪ੍ਰਭ ਕਾਇਆ ਖੇਤਰ ਫੋਲ ਫੁਲਾਉਣਾ ਏ। ਸੱਤਵੇਂ ਚੇਤਰ ਸਤਿ ਪੁਰਖ ਨਿਰੰਜਣ, ਕਪੂਰਥਲਾ ਵਕਤ ਸੁਹਾਉਣਾ ਏ। ਅੱਠਵੇਂੇਂਂ ਚੇਤਰ ਵੇਖੇ ਨੇਤਰ, ਤਟ ਬਿਆਸਾ ਮੇਟ ਮਿਟਾਉਣਾ ਏ। ਨਾਵੇਂ ਚੇਤਰ ਲਾਏ ਚਿਤ, ਸਿੰਘ ਤੇਜਾ ਲਾਭ ਉਠਾਨਾ ਏ। ਸੈਦ ਪੁਰੇ ਦੀ ਲਾਹੇ ਵਿੱਸ, ਪ੍ਰਭ ਸਾਚੇ ਕਰਮ ਕਮਾਣਾ ਏ। ਦਸਵੇਂ ਚੇਤਰ ਦਹਿ ਦਿਸ਼ ਧਾਰ, ਦਾਸ ਹਰਨਾਮ ਤੇਰੀ ਪਾਵੇ ਸਾਰ, ਸਿੰਘ ਹਰਨਾਮ ਆਪ ਹਿਲਾਣਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨ ਰਚਾਣਾ ਏ। ਪਹਿਲੀ ਅੱਸੂ ਆਸ ਰਖਾਉਣੀ, ਸਿੰਘ ਪਰਤਾਪ ਸੁਰਤ ਜਗਾਉਣੀ। ਦੂਜੀ ਅੱਸੂ ਸ਼ਬਦ ਜਗਾਉਣੀ, ਸਿੰਘ ਕਿਰਪਾਲ ਖ਼ੁਸ਼ੀ ਮਨਾਉਣੀ। ਤੀਜੀ ਅਸੂ ਦਰਸ ਅਪਾਰ, ਚਰਨ ਛੁਹਾਏ ਦਿੱਲੀ ਦਰਬਾਰ। ਆਪ ਆਪਣੀ ਜਾਣੇ ਸਾਰ। ਪੰਚਮ ਸਿੱਖ ਕਰੇ ਪਿਆਰ। ਛੇਵਾਂ ਲੇਖਣੀ ਲਿਖਣਹਾਰ। ਸੱਤਵਾਂ ਰੱਖੇ ਸਾਂਝਾ ਯਾਰ। ਦੂਸਰ ਨਾ ਕੋਈ ਮੀਤ ਮੁਰਾਰ। ਨਾ ਕੋਈ ਸਕਾ ਸੁਹੇਲਾ ਨਾਰੀ ਨਾਰ। ਸਰਬ ਜੀਆਂ ਪ੍ਰਭ ਆਪੇ ਦਾਤਾ, ਦੇਵਣਹਾਰ ਸਰਬ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਧਾਰ। ਦਇਆਵਾਨ ਦਇਆਵਾਨ ਦਇਆਵਾਨ ਸਰਬ ਸੁਖਦਾਈਆ। ਭਗਵਾਨ ਭਗਵਾਨ ਭਗਵਾਨ ਹਰਿ ਅਖਵਾਈਆ। ਜੀਆ ਦਾਨ ਜੀਆ ਦਾਨ ਜੀਆ ਦਾਨ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰੀਤੀ ਆਪਣੇ ਹੱਥ ਰਖਾਈਆ। ਸਰਬ ਕਲਾ ਸਮਰਥ ਹਰਿ ਰਘੁਬੰਸਿਆ। ਆਪ ਬਣਾਏ ਸਾਚਾ ਬੰਸਾ, ਵਿਸ਼ਨੂੰ ਵੰਸ ਜਗਤ ਸਰਬੰਸਾ, ਦੁਸ਼ਟ ਸੰਘਾਰੇ ਜਿਉਂ ਕਾਹਨਾ ਕੰਸਾ, ਭਗਤ ਅਧਾਰੇ ਵਿਚ ਸਹੰਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਗੁਣਵੰਤ ਗੁਣਵੰਤਿਆ। ਅਸੂ ਤਿੰਨ ਧਰਮ ਦਵਾਰ, ਪ੍ਰਭ ਸਾਚਾ ਦਇਆ ਕਮਾਏ। ਸ਼ਬਦ ਸੀਸ ਜਗਦੀਸ ਪ੍ਰਭ ਕਰ ਤਿਆਰ, ਵਾਲੀ ਹਿੰਦ ਫੜਾਏ। ਸੋਹੰ ਤਾਜ ਨੌਂ ਖੰਡ ਪ੍ਰਿਥਮੀ ਰਾਜ ਸਚ ਨਿਸ਼ਾਨ ਰਖਾਏ। ਕਰਮ ਅਵਾਜ਼ ਰੱਖੇ ਲਾਜ, ਸਤਿ ਸਤਵੰਤ ਕਰਾਏ। ਪਰਗਟ ਜੋਤੀ ਦੇਸ ਮਾਝ, ਸ੍ਰਿਸ਼ਟ ਸਬਾਈ ਸਵਾਰੇ ਰਾਜ, ਸ੍ਰਿਸ਼ਟ ਸਬਾਈ ਡੋਰੀ ਆਪਣੇ ਹੱਥ ਰਖਾਏ। ਭਾਰਤ ਖੰਡ ਤੇਰੀ ਰੱਖੇ ਲਾਜ, ਨਿਹਕਲੰਕ ਜੋਤ ਜਗਾਏ। ਜੋਤੀ ਜੋਤ ਸਰੂਪ ਹਰਿ, ਸਤਿਜੁਗ ਹਰਿ ਭਗਤ ਦੇ ਮਤ ਆਪ ਸਮਝਾਏ। ਸੋਹੰ ਤਾਜ ਹਰਿ ਬਣਾਉਣਾ। ਅੱਖਰ ਵੱਖਰ ਚਾਰ, ਸਾਚਾ ਕਾਜ ਆਪ ਕਰਾਉਣਾ। ਜਾਏ ਦਿੱਲੀ ਦਰਬਾਰ, ਜਗਤ ਸਾਂਝ ਇਕ ਵਖਾਉਣਾ। ਚਾਰ ਵਰਨ ਇਕ ਪਿਆਰ, ਜੋਤੀ ਜੋਤ ਸਰੂਪ ਹਰਿ, ਸਾਚਾ ਰਾਜ ਇਕ ਕਰਾਉਣਾ। ਊਚਾਂ ਨੀਚਾਂ ਭੇਵ ਨਿਵਾਰ, ਵਰਨ ਗੋਤ ਜ਼ਾਤੀ ਪਾਤੀ ਭਰਮ ਮਿਟਾਣਾ। ਇਕ ਕਰਾਉਣਾ ਜੈ ਜੈਕਾਰ, ਧੁਰ ਦਰਗਾਹੀ ਧੁਰ ਫ਼ਰਮਾਣਾ। ਕਰੇ ਕਰਾਏ ਖ਼ਬਰਦਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਨਰ ਨਿਰੰਕਾਰ। ਦੂਸਰ ਵਸਤ ਇਕ ਅਮੋਲ, ਪੁਰਖ ਅਬਿਨਾਸ਼ੀ ਰੱਖੇ ਕੋਲ। ਸੋਹੰ ਸ਼ਬਦ ਸਦਾ ਅਡੋਲ। ਦੋ ਜਹਾਨੀ ਰਿਹਾ ਪੜਦੇ ਖੋਲ੍ਹ। ਭਗਤ ਸੁਹੇਲੇ ਦੱਸੇ ਬੋਲ। ਇਕ ਇਕੇਲੇ ਪੜਦੇ ਖੋਲ੍ਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਤੋਲੇ ਪੂਰੇ ਤੋਲ, ਹਰਿ ਨਿਸ਼ਾਨਾ ਹਰਿ ਬਣਾਉਣਾ। ਸੋਹੰ ਉਪਰ ਲੇਖ ਲਿਖਾਉਣਾ। ਕਾਲੀ ਧਾਰ ਨਾਲ ਜੁੜਾਉਣਾ। ਚਿੱਟਾ ਅੱਖਰ ਆਪੇ ਪਾਉਣਾ। ਕਰ ਕਰ ਵੱਖਰ, ਲੋਕਮਾਤੀ ਵਿਚ ਰਖਾਉਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਵਖਾਉਣਾ। ਕਿਰਪਾ ਕਰੇ ਤੀਜੀ ਵਾਰ। ਜੋਤ ਸਰੂਪੀ ਅਪਰ ਅਪਾਰ। ਚਿੱਟਾ ਜੋੜਾ ਹਰਿ ਦਾਤਾਰ। ਨਾ ਮਿੱਠਾ ਨਾ ਦਿਸੇ ਕੌੜਾ, ਸਰਬ ਜੀਆਂ ਦਾ ਸਾਂਝਾ ਯਾਰ। ਧੁਰ ਦਰਗਾਹੀ ਏਕਾ ਪੌੜਾ, ਊਚਾਂ ਨੀਚਾਂ ਦਏ ਨਿਵਾਰ। ਧੁਰ ਦਰਗਾਹੀ ਆਏ ਦੌੜਾ, ਵੇਖੇ ਖੇਲ ਅਪਰ ਅਪਾਰ। ਪਰਗਟ ਹੋਏ ਬ੍ਰਾਹਮਣ ਗੌੜਾ, ਨਿਹਕਲੰਕਾ ਨਰ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੀਸ ਇਕੀਸਾ ਹਰਿ ਜਗਦੀਸਾ ਚਰਨ ਛੁਹਾਏ ਦਇਆ ਕਮਾਏ, ਜੋਤ ਸਰੂਪੀ ਜਾਮਾ ਧਾਰ। ਚੌਥਾ ਰੰਗ ਰੰਗ ਕਰਾਏ। ਸ਼ਬਦ ਮਰਦੰਗ ਇਕ ਵਜਾਏ ਗਊ ਗਰੀਬ ਨਿਮਾਣਿਆ ਭੁੱਖ ਨੰਗ ਕੱਟ ਵਖਾਏ। ਆਪ ਜਣਾਏ ਸ਼ਾਹ ਸੁਲਤਾਨਾਂ, ਰਾਜੇ ਰਾਣਿਆ ਸ੍ਰਿਸ਼ਟ ਸਬਾਈ ਸੰਗ ਰਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਘੋੜੇ ਤੰਗ ਕਸਾਏ। ਸ਼ਬਦ ਘੋੜਾ ਕਰ ਤਿਆਰ। ਸੋਹੰ ਡੰਡਾ ਫੜੇ ਹੱਥ ਸਰਕਾਰ। ਨੌਂ ਖੰਡ ਪ੍ਰਿਥਮੀ ਪਾਏ ਵੰਡਾਂ, ਖਿੱਚੀ ਜਾਏ ਵਾਰੋ ਵਾਰ। ਵੇਖ ਵਖਾਏ ਜੇਰਜ ਅੰਡਾ, ਕੋਈ ਨਾ ਕਰੇ ਮਾਤ ਉਧਾਰ। ਮੇਟ ਮਿਟਾਏ ਭੇਖ ਪਖੰਡਾ, ਵਰਨਾਂ ਬਰਨਾਂ ਵਸੇ ਬਾਹਰ। ਕਲਜੁਗ ਤੇਰਾ ਅੰਤਮ ਕੰਢਾ, ਵਾਲੀ ਹਿੰਦ ਕਰੇ ਖ਼ਬਰਦਾਰ। ਇਕ ਵਖਾਏ ਸਾਚੀ ਵੰਡਾ, ਸ਼ਬਦ ਡੰਡਾ ਦਿੱਲੀ ਦਰਬਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਥੇ ਘਰ ਚਾਰ ਦਿਵਾਰ। ਪੰਚਮ ਪੰਚਾਂ ਲੇਖ ਲਿਖਾਉਣਾ। ਸ਼ਬਦ ਕਮਾਨ ਇਕ ਵਖਾਉਣਾ। ਜੀਵ ਜਹਾਨੀ ਭੇਵ ਨਾ ਪਾਉਣਾ। ਰਾਜ ਰਾਜਾਨਾਂ ਮੁਖ ਛੁਪਾਉਣਾ। ਸ਼ਾਹ ਸੁਲਤਾਨਾਂ ਦੁੱਖ ਉਠਾਉਣਾ। ਆਪ ਆਪਣੀ ਜੋਤ ਧਰ, ਉਜਲ ਮੁਖ ਜਗਤ ਕਰਾਉਣਾ। ਭਗਤ ਜਨਾਂ ਹਰਿ ਦੇਵਣਹਾਰ, ਦੇਵੇ ਮਾਤ ਵਡਿਆਈਆ। ਇਹ ਬਣਾਏ ਸ਼ਬਦ ਸ਼ਿੰਗਾਰ, ਸਾਚਾ ਲੇਖ ਰਿਹਾ ਲਿਖਾਈਆ। ਤ੍ਰੈ ਕੁੰਟ ਵੇਖੇ ਵੇਖ ਵਿਚਾਰ, ਚੌਥੀ ਨਾਭ ਆਪ ਰਖਾਈਆ। ਉਪਰ ਰਖੇ ਸੋਹੰ ਧਾਰ, ਅਚਰਜ ਬਣਤ ਬਣਾਈਆ। ਆਪੇ ਵਸੇ ਅੱਧਵਿਚਕਾਰ, ਵਿਸ਼ਨੂੰ ਰੂਪ ਵਟਾਈਆ। ਭਗਵਨ ਜੋਤੀ ਨਰ ਨਿਰੰਕਾਰ, ਜੋਤ ਸਰੂਪ ਆਪ ਅਖਵਾਈਆ। ਵਰਨ ਗੋਤੀ ਵਸੇ ਬਾਹਰ, ਸਾਚਾ ਲੇਖਾ ਰਿਹਾ ਲਿਖਾਈਆ। ਕੰਚਨ ਅੱਖਰ ਕਰ ਤਿਆਰ, ਪੁਰਖ ਅਬਿਨਾਸ਼ੀ ਪਹਿਲੀ ਵਾਰ ਦਿੱਲੀ ਦਰਬਾਰ ਭੇਟ ਚੜ੍ਹਾਈਆ। ਪਰਗਟ ਹੋਵੇ ਨਰ ਨਿਰੰਕਾਰ, ਬੀਸ ਇਕੀਸਾ ਪਾਵੇ ਸਾਰ ਹਰਿ ਰਘੁਰਾਈਆ। ਛਤਰ ਝੁਲਾਏ ਅਪਰ ਅਪਾਰ, ਮਾਣਕ ਮੋਤੀ ਜੋੜ ਜੁੜਾਈਆ। ਗੁਰਮੁਖ ਸੋਹੇ ਚਰਨ ਦਵਾਰ, ਧੁਰ ਫ਼ਰਮਾਣਾ ਇਕ ਸੁਣਾਈਆ। ਰਾਓ ਰੰਕ ਨਾ ਕੋਈ ਵਿਚਾਰ, ਰਾਜਾ ਰਾਣਾ ਕੋਈ ਦਿਸ ਨਾ ਆਈਆ। ਜੋਤ ਨਿਰੰਜਣ ਇਕ ਅਕਾਰ, ਸਰਬ ਨਿਮਾਣਾ ਜੀਵ ਅਖਵਾਈਆ। ਤਨ ਪਹਿਨਾਏ ਸ਼ਬਦ ਕਟਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਚਰਜ ਰੀਤ ਮਾਤ ਚਲਾਈਆ। ਦੇਵੇ ਵਸਤ ਘਰ ਸਾਚੇ ਦਾਤ, ਰਖਣੀ ਮਾਤ ਸੰਭਾਲ। ਬੀਸ ਇਕੀਸਾ ਪੁੱਛੇ ਵਾਤ, ਸ੍ਰਿਸ਼ਟ ਸਬਾਈ ਖਾਏ ਕਾਲ। ਪਰਗਟ ਹੋਏ ਕਮਲਾਪਾਤ, ਤੋੜ ਤੁੜਾਏ ਜਗਤ ਜੰਜਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਚਾਲ। ਜਗਤ ਕਰਾਏ ਕਾਜ ਦੇਸ ਮਾਝਿਆ। ਜਨ ਭਗਤ ਲਗਾਏ ਅਵਾਜ਼, ਸੋਹੰ ਸਾਜਨ ਸਾਜਿਆ। ਲੋਕਮਾਤ ਰਖਾਏ ਲਾਜ, ਪਰਗਟ ਹੋਏ ਸੀਸ ਸ਼ਬਦ ਰਖਾਏ ਸਾਚਾ ਤਾਜਿਆ। ਵੇਲੇ ਅੰਤਮ ਰੱਖੇ ਲਾਜ, ਸ੍ਰਿਸ਼ਟ ਸਬਾਈ ਪਏ ਭਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਸ਼ਬਦ ਸੱਚਾ ਦਾਜ ਦਾਜਿਆ। ਕਾਜ ਰਚਾਇਆ ਜਗਤ ਪ੍ਰਭ, ਸੋਹੰ ਤੇਲ ਚੜ੍ਹਾਉਂਦਾ ਏ। ਰਾਜ ਰਾਜਾਨਾਂ ਲਾਹੇ ਤਾਜ, ਪ੍ਰਭ ਧਰਮ ਰਾਏ ਜੇਲ ਵਖਾਉਂਦਾ ਏ। ਕੋਈ ਨਾ ਰੱਖੇ ਕਿਸੇ ਲਾਜ, ਕਲਜੁਗ ਕਾਲੀ ਰੇਖ ਵਖਾਉਂਦਾ ਏ। ਆਪ ਭੁਲਾਏ ਕਰ ਵਲ ਛਲ, ਅਛਲ ਅਛਲੀਆ ਆਪ ਅਖਵਾਉਂਦਾ ਏ। ਵੇਖ ਵਖਾਏ ਜਲ ਥਲ, ਜਲਾਂ ਥਲਾਂ ਵਿਚ ਸਮਾਉਂਦਾ ਏ। ਫਲ ਨਾ ਦਿਸੇ ਕਿਸੇ ਡਾਲ੍ਹ, ਕਾਇਆ ਸਿੰਮਲ ਨਜ਼ਰੀ ਆਉਂਦਾ ਏ। ਗੁਰਮੁਖ ਵਿਰਲਾ ਸੋਹੇ ਸਾਚੇ ਧਾਮ, ਪ੍ਰਭ ਅਬਿਨਾਸ਼ੀ ਰਸਨਾ ਗਾਉਂਦਾ ਏ। ਸਾਚਾ ਰਾਗ ਸੁਣੇ ਕਾਨ, ਭਾਂਡਾ ਭਰਮ ਭੰਨਾਉਂਦਾ ਏ। ਅੰਤਮ ਲੇਖਾ ਚੁੱਕੇ ਜਨ, ਸਾਚਾ ਧਨ ਪ੍ਰਭ ਝੋਲੀ ਪਾਉਂਦਾ ਏ। ਆਪਣਾ ਬੇੜਾ ਲਏ ਬੰਨ੍ਹ, ਮਾਨਸ ਦੇਹੀ ਲੇਖੇ ਲਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰਾ ਰਚਿਆ ਕਾਜ, ਜੂਠਾ ਝੂਠਾ ਲੱਖ ਚੁਰਾਸੀ ਅੰਤ ਮਿਟਾਉਂਦਾ ਏ। ਲੱਖ ਚੁਰਾਸੀ ਚੁੱਕਣਾ ਭਾਰ, ਵੇਲਾ ਅੰਤਮ ਆਇਆ ਏ। ਨਾਤਾ ਤੁੱਟੇ ਮੀਤ ਮੁਰਾਰ, ਨਾ ਕੋਈ ਦੀਸੇ ਸਾਂਝਾ ਯਾਰ, ਚਾਰੋਂ ਕੁੰਟ ਦਿਸੇ ਪਾਸਾ ਹਾਰ, ਲਹਿਣਾ ਦੇਣਾ ਨਾ ਕੋਇ ਰਿਹਾ ਚੁਕਾਇਆ ਏ। ਮਾਤ ਪਿਤ ਨਾ ਕੋਇ ਸਹਾਰ, ਸਗਲਾ ਸਾਥ ਪ੍ਰਭ ਤਜਾਇਆ ਏ। ਅੰਤਮ ਰੋਣਾ ਧਾਹਾਂ ਮਾਰ, ਪੁਰਖ ਅਬਿਨਾਸ਼ੀ ਦਿਸ ਨਾ ਆਇਆ ਏ। ਗੁਰਮੁਖਾਂ ਕਰੇ ਹਰਿ ਪਿਆਰ, ਸ਼ਬਦ ਗੋਦੀ ਆਪ ਉਠਾਇਆ ਏ। ਸੋਲਾਂ ਕਰੇ ਤਨ ਸ਼ਿੰਗਾਰ, ਆਪ ਆਪਣਾ ਰੰਗ ਰੰਗਾਇਆ ਏ। ਵੇਖੇ ਪਰਖੇ ਪਰਖਣਹਾਰ, ਮਨਮੁਖ ਗੁਰਮੁਖ ਥਾਉਂ ਥਾਈਂ ਬਹਾਇਆ ਏ। ਆਪੇ ਰੱਖੇ ਰੱਖਣਹਾਰ, ਜਿਸ ਜਨ ਚਰਨ ਕਵਲ ਚਿਤ ਲਾਇਆ ਏ। ਪਾਰਬ੍ਰਹਮ ਬ੍ਰਹਮ ਰੂਪ ਅਪਾਰ, ਉਪਰ ਧਵਲੀ ਜੋਤ ਜਗਾਇਆ ਏ। ਕਲਜੁਗ ਤੇਰਾ ਅੰਤਮ ਕਰਮ ਵਿਚਾਰ, ਕਿਸ਼ਨਾ ਸਵਲਾ ਰੂਪ ਵਟਾਇਆ ਏ। ਸ਼ਬਦ ਫੜੇ ਪ੍ਰਭ ਹੱਥ ਕਟਾਰ, ਨਾਭੀ ਕਵਲੀ ਰਿਹਾ ਭੁਵਾਇਆ ਏ। ਅੰਮ੍ਰਿਤ ਦੇਵੇ ਠੰਡੀ ਧਾਰ, ਗੁਰਮਖਾਂ ਮੁਖ ਚੁਆਇਆ ਏ। ਸਾਚਾ ਕਰੇ ਸ਼ਬਦ ਪਿਆਰ, ਦਸਮ ਦਵਾਰੀ ਰਾਹ ਵਖਾਇਆ ਏ। ਸਚ ਦਵਾਰੀ ਮਹੱਲ ਅਪਾਰ, ਚਾਰੋਂ ਕੁੰਟ ਹੋਏ ਰੁਸ਼ਨਾਇਆ ਏ। ਦੀਪਕ ਜੋਤੀ ਇਕ ਉਜਿਆਰ, ਤੇਲ ਬਾਤੀ ਨਾ ਕੋਈ ਟਿਕਾਇਆ ਏ। ਧੂਪ ਦੀਪ ਨਾ ਕਰ ਵਿਚਾਰ, ਸੁਗੰਧੀ ਸੋਹੰ ਸੋ ਪਾਇਆ ਏ। ਪਵਣ ਧੂੰਆਂ ਸਾਚੀ ਧਾਰ, ਸੀਸ ਛਤਰ ਝੁਲਾਇਆ ਏ। ਸ਼ਬਦ ਸਿੰਘਾਸਣ ਬੈਠ ਦਾਤਾਰ, ਆਪਣਾ ਰੂਪ ਵਟਾਇਆ ਏ। ਅਗੰਮ ਅਗੰਮੀ ਕਰੇ ਕਾਰ, ਹੱਡ ਮਾਸ ਨਾੜੀ ਚੰਮੀ ਡੇਰਾ ਲਾਇਆ ਏ। ਜੋਤ ਨਿਰੰਜਣ ਕਦੇ ਮਰੀ ਨਾ ਕਦੇ ਜੰਮੀ, ਕਪਾਲ ਘਾਟ ਏਕਾ ਆਪਣਾ ਰਾਹ ਵਖਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਮੰਦਰ ਅੰਦਰ ਵੇਖੇ ਚੌਦਾਂ ਹਾਟ, ਸਾਚਾ ਹੱਟ ਇਕ ਰਖਾਇਆ ਏ। ਸਾਚਾ ਹੱਟ ਸ਼ਬਦ ਵਣਜਾਰਾ, ਗੁਰ ਪੂਰਾ ਆਪ ਕਰਾਇੰਦਾ। ਆਪ ਕਰਾਏ ਇਕ ਵਾਪਾਰਾ, ਮੋਲ ਅਮੋਲਾ ਝੋਲੀ ਪਾਇੰਦਾ। ਅੰਦਰ ਬਾਹਰ ਦਏ ਸਹਾਰਾ, ਗੁਪਤ ਜਾਹਰਾ ਅੰਕ ਸਮਾਇੰਦਾ। ਸਚ ਝਕੋਲਾ ਦਏ ਹੁਲਾਰਾ, ਅਵਣ ਗਵਣ ਪਾਰ ਕਰਾਇੰਦਾ। ਸੋਹੰ ਬੋਲਾ ਸਤਿਜੁਗ ਤੇਰਾ ਜੈ ਜੈਕਾਰਾ, ਚਾਰ ਵਰਨਾਂ ਇਕ ਕਰਾਇੰਦਾ। ਆਪੇ ਬੰਨ੍ਹੇ ਆਪਣੀ ਧਾਰਾ, ਦੂਸਰ ਕੋਈ ਨਾ ਸੰਗ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਘੋੜਾ ਸੰਗ ਰਖਾਇੰਦਾ। ਸ਼ਬਦ ਘੋੜਾ ਹਰਿ ਦਾਤਾਰ, ਚਾਰੋਂ ਕੁੰਟ ਦੁੜਾਇੰਦਾ। ਸ਼ਬਦ ਫੜ ਹੱਥ ਤੀਰ ਕਟਾਰ, ਦੋ ਧਾਰਾਂ ਆਪ ਕਰਾਇੰਦਾ। ਗੁਰਮੁਖਾਂ ਮੇਲਾ ਮੀਤ ਮੁਰਾਰ, ਮਨਮੁਖਾਂ ਅੰਤ ਮਿਟਾਇੰਦਾ। ਏਕਾ ਸਾਚਾ ਸੁਖਾ, ਅੰਮ੍ਰਿਤ ਆਤਮ ਧਾਰ, ਹਉਮੇ ਰੋਗ ਗਵਾਇੰਦਾ। ਉਜਲ ਹੋਏ ਮਾਤ ਮੁਖਾ, ਚਿੰਤਾ ਸੋਗ ਮਿਟਾਇੰਦਾ। ਮਾਤ ਗਰਭ ਨਾ ਉਲਟਾ ਰੁਖ਼ਾ, ਲੱਖ ਚੁਰਾਸੀ ਫੰਦ ਕਟਾਇੰਦਾ। ਕਵਲ ਚਰਨ ਚਰਨ ਕਵਲ ਜੋ ਜਨ ਭੁੱਖਾ, ਪ੍ਰਭ ਨੇਤਨ ਨੇਤ ਕਾਇਆ ਖੇਤ ਤੀਜੇ ਲੋਚਨ ਦਰਸ਼ਨ ਪਾਇੰਦਾ। ਸੁਫਲ ਕਰਾਏ ਮਾਤ ਕੁੱਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੇਤਨ ਚੇਤ ਆਪ ਅਖਵਾਇੰਦਾ। ਹਰਿ ਸੱਚਾ ਸ਼ਾਹ ਸੁਲਤਾਨ, ਸ਼ਬਦ ਜਣਾਈਆ। ਪਰਗਟ ਹੋਇਆ ਹਰਿ ਮਿਹਰਵਾਨ, ਦੇ ਮਤ ਰਿਹਾ ਸਮਝਾਈਆ। ਇਕ ਬਣਾਏ ਧਰਮ ਨਿਸ਼ਾਨ, ਸੱਤਾਂ ਦੀਪਾਂ ਨਾਉਂ ਲਿਖਾਈਆ। ਵੇਖੇ ਖੇਲ ਵਾਲੀ ਦੋ ਜਹਾਨ, ਨੌਂ ਖੰਡਾਂ ਵੰਡ ਵੰਡਾਈਆ। ਪਰਗਟ ਹੋਏ ਸਾਚਾ ਕਾਹਨ, ਬ੍ਰਹਿਮੰਡਾਂ ਤਾਜ ਸੁਹਾਈਆ। ਸ਼ਬਦ ਫੜੇ ਤੀਰ ਕਮਾਨ, ਸੋਹੰ ਡੰਡਾ ਹੱਥ ਉਠਾਈਆ। ਚਿੱਟਾ ਜੋੜਾ ਨੌਜਵਾਨ, ਸ਼ਬਦ ਘੋੜਾ ਵਾਗ ਉਠਾਈਆ। ਪੰਚਮ ਬਹੁੜਾ ਗੁਣ ਨਿਧਾਨ, ਪੰਚਮ ਟਿੱਕਾ ਮਸਤਕ ਲਾਈਆ। ਆਪੇ ਵੇਖੇ ਮਿੱਠਾ ਕੌੜਾ, ਰਾਜ ਰਾਜਾਨ ਸ਼ਾਹ ਸੁਲਤਾਨ ਵਡ ਦਾਤਾ ਬੇਪਰਵਾਹੀਆ। ਪੰਚਮ ਨਿਸ਼ਾਨਾ ਹਰਿ ਗੋਬਿੰਦ, ਆਪਣੇ ਰੰਗ ਰਖਾਇਆ ਏ। ਵਿਚ ਜਹਾਨਾਂ ਸਾਚੀ ਬਿੰਦ, ਹਰਿ ਭਗਤ ਰਿਹਾ ਉਪਾਇਆ ਏ। ਸ਼ਬਦ ਵਹਾਏ ਧਾਰ ਸਾਗਰ ਸਿੰਧ, ਨਾ ਕੋਈ ਸਕੇ ਧੀਰ ਧਰਾਇਆ ਏ। ਹਰਿ ਜੋਧਾ ਸੂਰਾ ਹਰਿ ਮਰਗਿੰਦ, ਸਾਚਾ ਤੀਰ ਰਿਹਾ ਚਲਾਇਆ ਏ। ਜੋਤੀ ਜੋਤ ਸਰੂਪ ਹਰਿ, ਮੇਲ ਮਿਲਾਵੇ ਵਾਲੀ ਹਿੰਦ, ਸਾਚਾ ਮੇਲਾ ਆਪ ਮਿਲਾਇਆ ਏ। ਸਾਚਾ ਮੇਲਾ ਆਪ ਕਰਾਇਆ, ਵਾਲੀ ਹਿੰਦ ਸ਼ਬਦ ਜਣਾਏ ਕਰੇ ਖੇਲ ਬਹੁ ਰੰਗੀ, ਆਪ ਆਪਣਾ ਅੰਕ ਦਿਖਾਏ। ਹੁਕਮ ਸੁਣਾਏ ਸ਼ਾਹ ਫਰੰਗੀ, ਦਵਾਰ ਬੰਕ ਇਕ ਸੁਹਾਏ। ਸੋਹੰ ਕਟਾਰ ਕਰੇ ਨੰਗੀ, ਰਾਓ ਰੰਕ ਰਿਹਾ ਜਗਾਏ। ਨਾਮ ਵਸਤ ਸ਼ਬਦ ਦਸਤ ਕਿਸੇ ਹੱਥ ਨਾ ਆਏ ਮੰਗੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਵਡ ਦਾਤਾ ਸੂਰਾ ਸਰਬੰਗੀ। ਵਾਲੀ ਹਿੰਦ ਧੁਰ ਫ਼ਰਮਾਣਾ, ਪ੍ਰਭ ਸਾਚੇ ਆਪ ਸੁਣਾਉਣਾ ਏ। ਨਾ ਕੋਈ ਦੀਸੇ ਰਾਜਾ ਰਾਣਾ, ਤਖ਼ਤ ਨਿਵਾਸੀ ਦਿਸ ਨਾ ਆਉਣਾ ਏ। ਅੰਤਮ ਮੇਟੇ ਸੁਘੜ ਸਿਆਣਾ, ਸ਼ਾਹ ਸ਼ਾਹਾਨਾ ਸੀਸ ਤਾਜ ਨਾ ਕਿਸੇ ਮਾਤ ਰਖਾਉਣਾ ਏ। ਚਾਰ ਵਰਨਾ ਏਕਾ ਆਣਾ, ਸੋਹੰ ਸ਼ਬਦ ਬ੍ਰਹਮ ਗਿਆਨਾ, ਜੋਤ ਨਿਰੰਜਣ ਤੀਰ ਨਿਸ਼ਾਨਾ ਏਕਾ ਏਕ ਲਗਾਉਣਾ ਏ। ਪਰਗਟ ਹੋਇਆ ਹਰਿ ਭਗਵਾਨਾ, ਧਰਮ ਝੁਲਾਏ ਇਕ ਨਿਸ਼ਾਨਾ, ਕਰਮ ਕਮਾਏ ਜੀਵ ਨਿਧਾਨਾ, ਜਨਮ ਅਜਨਮਾ ਭੇਵ ਨਾ ਪਾਉਣਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਨ ਬ੍ਰਹਮ ਬ੍ਰਹਮ ਭੇਵ ਖੁਲ੍ਹਾਉਣਾ ਏ। ਪੰਚ ਵਸਤ ਅਮੋਲ, ਪ੍ਰਭ ਪੰਚਮ ਸੰਗ ਮਿਲਾਇੰਦਾ। ਸ਼ਬਦ ਸਰੂਪੀ ਕੁੰਡਾ ਖੋਲ੍ਹ, ਸਾਚੇ ਮੰਦਰ ਆਪ ਟਿਕਾਇੰਦਾ। ਸ਼ਬਦ ਚੌਹ ਅੱਖਰ ਏਕਾ ਬੋਲ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਸ੍ਰਿਸ਼ਟ ਸਬਾਈ ਕਰ ਕਰ ਵੱਖਰ, ਢੋਲ ਮਰਦੰਗ ਇਕ ਵਜਾਇੰਦਾ। ਕਵਣ ਦਵਾਰੇ ਮਾਟੀ ਪੱਥਰ, ਕਵਣ ਸੱਥਰ ਹੇਠ ਵਿਛਾਇੰਦਾ। ਸ੍ਰਿਸ਼ਟ ਸਬਾਈ ਅੰਤ ਵਰੋਲੇ ਨੇਤਰ ਨੈਣੀ ਅੱਥਰ, ਵਾਲੀ ਹਿੰਦ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਦਲਾਲੀ ਭਗਤ ਰਖਵਾਲੀ ਆਪੇ ਆਪ ਕਰਾਇੰਦਾ। ਜਗਤ ਦਲਾਲਾ ਹਰਿ ਹਰੀ, ਆਪੇ ਆਪ ਅਖਵਾਇਆ। ਗੁਰ ਗੋਪਾਲਾ ਕਿਰਪਾ ਮਾਤ ਕਰੀ, ਦੇ ਮਤ ਸਮਝਾਵਣ ਆਇਆ। ਵਾਲੀ ਹਿੰਦ ਨਾ ਅੰਤ ਡਰੀਂ, ਪ੍ਰਭ ਆਪਣਾ ਲੜ ਫੜਾਇਆ। ਚਾਰੋਂ ਕੁੰਟ ਨਾ ਕੋਈ ਦੀਸੇ ਘਰ ਘਰੀ, ਕਲਜੁਗ ਵੰਡਾਂ ਵੰਡ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਕਰਮ ਰਿਹਾ ਕਮਾਇਆ। ਆਪ ਆਪਣਾ ਕਰਮ ਕਮਾਏ, ਪੱਲਾ ਨਾਮ ਫੜਾਇਆ ਏ। ਧਰਤ ਮਾਤ ਤੇਰਾ ਧਰਮ ਰਖਾਏ, ਸ਼ਬਦ ਹੱਲਾ ਇਕ ਕਰਾਇਆ ਏ। ਗੁਰਮੁਖਾਂ ਮਾਨਸ ਦੇਹੀ ਜਨਮ ਲੇਖੇ ਲਾਏ, ਅੰਮ੍ਰਿਤ ਆਤਮ ਇਕ ਪਿਆਇਆ ਏ। ਪਵਣ ਸਵਾਸੀ ਦਮ ਦਮਾ ਜਾਪ ਜਪਾਏ, ਸੋਹੰ ਮੰਮਾ ਮੁਖ ਰਖਾਇਆ ਏ। ਆਪ ਸਵਾਰੇ ਆਪਣਾ ਕੰਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਵਟਾਇਆ ਏ। ਰੰਗ ਵਟਾਇਆ ਭੇਖ ਧਰ, ਜਗਤ ਪਖੰਡ ਮਿਟਾਇੰਦਾ। ਨੌਂ ਖੰਡ ਪ੍ਰਿਥਮੀ ਵੇਖ ਦਰ, ਸ਼ਬਦ ਖੰਡਾ ਹੱਥ ਉਠਾਇੰਦਾ। ਆਪਣੀ ਕਰਨੀ ਰਿਹਾ ਕਰ, ਬ੍ਰਹਿਮੰਡਾਂ ਵੰਡ ਵੰਡਾਇੰਦਾ। ਲੋਆਂ ਪੁਰੀਆਂ ਕਰੇ ਸਰ, ਜੇਰਜ ਅੰਡਾਂ ਚਰਨੀ ਨਿਵਾਇੰਦਾ। ਹਰਿ ਭਗਤ ਸੁਹੇਲਾ ਦੇਵੇ ਵਰ, ਅੰਤਮ ਕੰਢਾ ਕਲਜੁਗ ਪਾਰ ਕਰਾਇੰਦਾ। ਬੀਸ ਇਕੀਸੇ ਚੁੱਕੇ ਡਰ, ਵਰਭੰਡੀ ਭੰਡ ਮਿਟਾਇੰਦਾ। ਇਕ ਸੁਹਾਏ ਸਾਚਾ ਦਰ, ਨੌਂ ਖੰਡੀ ਰਾਹ ਵਖਾਇੰਦਾ। ਅੰਮ੍ਰਿਤ ਭੰਡਾਰਾ ਦੇਵੇ ਭਰ, ਸਾਚੀ ਡੰਡੀ ਮਾਰਗ ਪਾਇੰਦਾ। ਭਰਮ ਭੁਲੇਖੇ ਕੱਢੇ ਨਾਰੀ ਨਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਿਮੰਡੀ ਬ੍ਰਹਿਮੰਡ ਸਮਾਇੰਦਾ। ਨੌਂ ਸਤ ਚਾਰ ਦਿਵਾਰ, ਸੋਹੰ ਤਾਜ ਬਣਾਉਣਾ ਏ। ਸ਼ਬਦ ਰੱਖੇ ਪਹਿਰੇਦਾਰ, ਸਾਚਾ ਕਰਮ ਕਮਾਉਣਾ ਏ। ਆਪੇ ਬੈਠੇ ਅੱਧਵਿਚਕਾਰ, ਉਪਰ ਮੁਖ ਰਖਾਉਣਾ ਏ। ਚਾਰੇ ਦਿਸ਼ਾ ਕਰਮ ਵਿਚਾਰ, ਸਾਚਾ ਹਿਸਾ ਆਪ ਵੰਡਾਉਣਾ ਏ। ਬੀਸ ਇਕੀਸ ਨਰ ਨਿਰੰਕਾਰ, ਨਰ ਨਰੇਸ਼ਾ ਆਪ ਜਗਾਉਣਾ ਏ। ਕਰੇ ਖੇਲ ਅਪਰ ਅਪਾਰ, ਦਰ ਦਰਵੇਸ਼ਾ ਭੇਵ ਕਿਸੇ ਨਾ ਆਉਣਾ ਏ। ਦੇਵੇ ਵਰ ਦਿੱਲੀ ਦਰਬਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਸ ਕਰ, ਵੇਸਾਧਾਰੀ ਵੇਸ ਵਟਾਉਣਾ ਏ। ਸ਼ਬਦ ਤਾਜ ਅਪਰ ਅਪਾਰ, ਸਾਚੀ ਜੜਤ ਜੜਾਇੰਦਾ। ਨੌਂ ਖੰਡ ਪ੍ਰਿਥਮੀ ਪਾਵੇ ਸਾਰ, ਸੱਤਾਂ ਦੀਪਾਂ ਸੰਗ ਰਲਾਇੰਦਾ। ਜਗਤ ਅਵੱਲੜੀ ਚਲੇ ਚਾਲ, ਕੋਇ ਦੋਏ ਭੇਵ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਲੋਏ ਰਚਨ ਰਚਾਇੰਦਾ। ਸ਼ਬਦ ਤਾਜ ਅਮੋਲ, ਹਰਿ ਬਣਾਈਆ। ਸ੍ਰਿਸ਼ਟ ਸਬਾਈ ਰਹੀ ਡੋਲ, ਇਕ ਅਡੋਲ ਆਪ ਰਹਿ ਜਾਈਆ। ਵਾਲੀ ਹਿੰਦ ਸੁਣਾਏ ਅੱਖਰ ਵੱਖਰ ਬੋਲ, ਸੋਹੰ ਬੋਲੀ ਭਗਤ ਵਧਾਈਆ। ਏਕਾ ਵਜੇ ਮਰਦੰਗਾ ਢੋਲ, ਨੌਂ ਖੰਡ ਸ਼ਬਦ ਲੜਾਈਆ। ਸ਼ਬਦ ਖੰਡਾ ਰੱਖੇ ਕੋਲ, ਦਿਸ ਕਿਸੇ ਨਾ ਆਈਆ। ਪਾਏ ਵੰਡਾਂ ਨਾ ਰਹੇ ਅਨਭੋਲ, ਕਲਜੁਗ ਕੰਢਾ ਅੰਤਮ ਵਖਾਈਆ। ਅੰਤਮ ਪੜਦੇ ਰਿਹਾ ਫੋਲ, ਬ੍ਰਹਿਮੰਡਾਂ ਹਰਿ ਸਮਾਈਆ। ਲੱਖ ਚੁਰਾਸੀ ਦੇਵੇ ਰੋਲ, ਜਮ ਕੀ ਫਾਸੀ ਇਕ ਲਗਾਈਆ। ਮਦਿਰਾ ਮਾਸੀ ਖੇਲੇ ਹੋਲ, ਲਾਲ ਗੁਲਾਲਾ ਰੰਗ ਚੜ੍ਹਾਈਆ। ਗੁਰਮੁਖ ਵਿਰਲਾ ਸੰਤ ਸੁਹੇਲਾ ਪੁਰਖ ਅਬਿਨਾਸ਼ੀ ਵਸੇ ਕੋਲ, ਆਪ ਆਪਣਾ ਸੰਗ ਨਿਭਾਈਆ। ਸ਼ਬਦ ਤਾਜ ਜਗਤ ਅਪਾਰਾ, ਪੰਚਮ ਧਾਰਾ ਨਾਲ ਸਿਵਾਉਂਦਾ ਏ। ਸੂਈ ਚਲੇ ਤਿੱਖੀ ਆਲ੍ਹਾ, ਨਾਮ ਧਾਗਾ ਇਕ ਰਖਾਉਂਦਾ ਏ। ਭਾਰਤ ਖੰਡੀ ਵਸੇ ਇਕ ਮਹੱਲਾ, ਵਾਲੀ ਹਿੰਦ ਆਪ ਜਗਾਉਂਦਾ ਏ। ਸੋਹੰ ਫੜੇ ਪ੍ਰਭ ਤਿੱਖਾ ਭੱਲਾ, ਡੂੰਘੀ ਡੱਲਾ ਵੇਖ ਵਖਾਉਂਦਾ ਏ। ਰਸਨ ਕਮਾਨੀ ਚੜ੍ਹਿਆ ਚਿੱਲਾ, ਕਲਜੁਗ ਸ਼ਿਲਾ ਆਪ ਕਮਾਉਂਦਾ ਏ। ਲੇਖ ਲਿਖਾਏ ਬੂਰਾ ਕੱਕਾ ਬਿਲਾ, ਸੰਗ ਮੁਹੰਮਦ ਨਾਲ ਰਲਾਉਂਦਾ ਏ। ਈਸਾ ਮੂਸਾ ਢਾਹੇ ਟਿਲਾ, ਪਾਤਾਲੀ ਕਿਲਾ ਨਾ ਕੋਈ ਲਗਾਉਂਦਾ ਏ। ਰੂਸਾ ਚੀਨਾ ਆਤਮ ਹਿਲਾ, ਸ਼ਾਹ ਪਰਬੀਨਾ ਆਪ ਹਿਲਾਉਂਦਾ ਏ। ਵਾਲੀ ਹਿੰਦ ਠਾਂਡਾ ਸੀਨਾ, ਪ੍ਰਭ ਸਾਚੀ ਦਇਆ ਕਮਾਉਂਦਾ ਏ। ਨਾਥ ਤ੍ਰੈਲੋਕੀ ਵਾਲੀ ਲੋਕ ਤੀਨਾ, ਇਕ ਅਧੀਨਾ ਭਗਤ ਰਖਾਉਂਦਾ ਏ। ਆਪੇ ਜਲ ਆਪੇ ਮੀਨਾ, ਅੰਮ੍ਰਿਤ ਆਤਮ ਦੇਵੇ ਭੀਨਾ, ਸਾਂਤਕ ਸਤਿ ਵਰਤਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਨਾਮ ਦੇਵੇ ਵਰ, ਸਾਚਾ ਕਰਮ ਆਪ ਕਮਾਉਂਦਾ ਏ। ਸ਼ਬਦ ਤਾਜ ਕਰ ਤਿਆਰ, ਪੰਚਮ ਧਾਰ ਚਲਾਇੰਦਾ। ਪੰਚਮ ਮੇਲਾ ਮੀਤ ਮੁਰਾਰ, ਸਵਾ ਹੱਥ ਹਰਿ ਸਮਰਥ, ਏਕਾ ਕਾਰ ਕਮਾਇੰਦਾ। ਦਸ ਉਂਗਲੀ ਰੱਖੇ ਚੌੜਾ, ਆਤਮ ਗਿਰਹਾ ਸਾਚਾ ਪੌੜਾ, ਨਾ ਕੋਈ ਜਾਣੇ ਲੰਮਾ ਚੌੜਾ, ਸਾਚੀ ਵੰਡ ਵੰਡਾਇੰਦਾ। ਅੱਖਰ ਵੱਖਰ ਸੱਸੇ ਹੋੜਾ, ਹਾਹੇ ਟਿੱਪੀ ਜੋੜ ਜੋੜਾ, ਸਾਚੀ ਬਣਤ ਬਣਾਇੰਦਾ। ਕਾਲੀ ਧਾਰ ਹੇਠ ਦੌੜਾ, ਚਿੱਟਾ ਦੌੜੇ ਸ਼ਬਦ ਘੋੜਾ, ਗੁਰਮੁਖਾਂ ਮਸਤਕ ਲੇਖ ਲਿਖਾਇੰਦਾ। ਬੀਸ ਇਕੀਸਾ ਆਪੇ ਬਹੁੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰ ਫ਼ਰਮਾਣਾ ਹਰਿ ਭਗਵਾਨਾ ਏਕਾ ਏਕ ਜਣਾਇੰਦਾ। ਪੰਚਮ ਧਾਰੀ ਪੰਚ ਪਰਮੁੱਖ। ਕਰਮ ਵਿਚਾਰੀ ਦੇਵੇ ਸੁਖ। ਧਰਮ ਸੰਸਾਰੀ ਸਰਬ ਮਨੁੱਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਉਜਿਆਰੀ ਬੀਸ ਇਕੀਸਾ ਉਜਲ ਮੁੱਖ। ਉਜਲ ਮੁਖ ਜੀਵ ਜਹਾਨ। ਮਿਲੇ ਸੁਖ ਚਰਨ ਭਗਵਾਨ। ਮਿਟੇ ਦੁੱਖ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੀਜਾ ਦੇਵੇ ਭਗਤ ਨਿਸ਼ਾਨ। ਭਗਤ ਨਿਸ਼ਾਨਾ ਅਪਰ ਅਪਾਰ। ਸੋਹੰ ਡੰਡਾ ਵਿਚ ਸੰਸਾਰ। ਆਰ ਪਾਰ ਨਾ ਦੀਸੇ ਕੰਢਾ, ਬੈਠਾ ਰਹੇ ਤਨ ਵਿਚਕਾਰ। ਆਵੇ ਜਾਵੇ ਵਿਚ ਬ੍ਰਹਿਮੰਡਾਂ, ਜੀਓ ਪਿੰਡ ਜਨ ਡੂੰਘੀ ਗਾਰ। ਵੇਖੇ ਖੇਲ ਵਿਚ ਵਰਭੰਡਾ, ਵਰਭੰਡੀ ਕਰਮ ਰਿਹਾ ਵਿਚਾਰ। ਸੋਹੰ ਸ਼ਬਦ ਸਾਚਾ ਡੰਡਾ, ਰਖੇ ਹੱਥ ਸੱਚੀ ਸਰਕਾਰ। ਵਾਲੀ ਹਿੰਦ ਵੰਡਾਈ ਵੰਡਾ, ਪ੍ਰਭ ਆਪੇ ਦੇਵੇ ਕਿਰਪਾ ਧਾਰ। ਅੰਤਮ ਅੰਤ ਨਾ ਹੋਏ ਰੰਡਾ, ਏਕਾ ਬਖ਼ਸ਼ੇ ਚਰਨ ਪਿਆਰ। ਮਾਣ ਤਾਣ ਤੋੜ ਜਗਤ ਘਮੰਡਾ, ਚਰਨ ਕਵਲ ਉਪਰ ਧਵਲ ਇਕ ਅਧਾਰ। ਮੇਟ ਮਿਟਾਏ ਭੇਖ ਪਖੰਡਾ, ਸੋਹੰ ਖੰਡਾ ਸਾਚੀ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਵਿਚ ਸੰਸਾਰ। ਚੌਥਾ ਜੋੜਾ ਜੋੜ ਜੁੜਾਇਆ। ਚਿੱਟਾ ਰੰਗਣ ਰੰਗ ਰੰਗਾਇਆ। ਸਤਿਜੁਗ ਸਾਚਾ ਆਇਆ ਮੰਗਣ, ਪ੍ਰਭ ਅਬਿਨਾਸ਼ੀ ਚਰਨ ਛੁਹਾਇਆ। ਆਪ ਆਪਣੇ ਰੱਖੇ ਅੰਗਣ, ਆਪ ਆਪਣੀ ਗੋਦ ਉਠਾਇਆ। ਸ਼ਬਦ ਘੋੜੇ ਕਸੇ ਤੰਗਨ, ਸ਼ਾਹ ਅਸਵਾਰਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਜੈਕਾਰਾ ਇਕ ਕਰਾਇਆ। ਚਿੱਟਾ ਜੋੜਾ ਚਰਨ ਦਵਾਰ। ਨਾ ਹੋਏ ਵਿਜੋੜਾ ਵਿਚ ਸੰਸਾਰ। ਮਿੱਠਾ ਕੌੜਾ ਜੀਵ ਗਵਾਰ। ਬ੍ਰਾਹਮਣ ਗੌੜਾ ਬੰਨ੍ਹੇ ਧਾਰ। ਸੋਹੰ ਪੌੜਾ ਅਪਰ ਅਪਾਰ। ਧੁਰ ਦਰਗਾਹੀ ਆਇਆ ਦੌੜਾ, ਆਪੇ ਦੇਵੇ ਕਰ ਪਿਆਰ। ਪੰਦਰਾਂ ਸੋਲਾਂ ਲੰਮਾ ਚੌੜਾ, ਚਰਨੀ ਨਾਤਾ ਮੀਤ ਮੁਰਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਸਤ ਸਾਚੇ ਦਸਤ ਦਰ ਦਿੱਲੀ ਦਰਬਾਰ। ਪੰਚ ਨਿਸ਼ਾਨਾ ਪੰਚ ਹਰਿ, ਸਪਤਮ ਰੰਗ ਰੰਗਾਏ। ਸਤਿ ਪੁਰਖ ਨਿਰੰਜਣ ਹੱਥ ਫੜ, ਨਵ ਖੰਡੀ ਲੜ ਬੰਨ੍ਹਾਏ। ਕਿਲ੍ਹੇ ਹੰਕਾਰੀ ਉਪਰ ਚੜ੍ਹ, ਆਪੇ ਲਏ ਛੁਡਾਏ। ਜੀਵ ਸ਼ੈਤਾਨੀ ਮਾਤ ਫੜ, ਆਪੇ ਮੇਟ ਮਿਟਾਏ। ਪੁਰੀਆਂ ਲੋਆਂ ਆਪ ਲੜ, ਦਿਸ ਕਿਸੇ ਨਾ ਆਏ। ਸ਼ਬਦ ਅੱਖਰ ਏਕਾ ਪੜ੍ਹ, ਸ੍ਰਿਸ਼ਟ ਸਬਾਈ ਰਿਹਾ ਪੜ੍ਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਲੇਖ ਲਿਖਤ ਭਵਿਖਤ ਆਪਣਾ ਆਪ ਲਿਖਾਏ। ਪੰਚਮ ਨਿਸ਼ਾਨਾ ਸੱਤ ਰੰਗ ਸੱਤ ਦੀਪ ਜਗਾਈਆ। ਸਤਿਜੁਗ ਮੰਗੀ ਸਾਚੀ ਮੰਗ, ਪ੍ਰਭ ਸਾਚੇ ਦਇਆ ਕਮਾਈਆ। ਕਲਜੁਗ ਧਾਰਾ ਹੋਈ ਭੁੱਖ ਨੰਗ, ਕਾਲੀ ਹੇਠਾਂ ਆਪ ਰਖਾਈਆ। ਸਤਿਜੁਗ ਸਾਚੇ ਅੰਗ ਸੰਗ, ਲਾਲ ਭੂਸ਼ਨ ਤਨ ਪਹਿਨਾਈਆ। ਸ਼ਬਦ ਵਜਾਏ ਨਾਮ ਮਰਦੰਗ, ਕੰਚਨ ਰੰਗ ਚੜ੍ਹਾਈਆ। ਜਗਤ ਦਵਾਰਾ ਜਾਏ ਲੰਘ, ਪੀਲਾ ਰੰਗ ਵਟਾਈਆ। ਆਪ ਨਿਭਾਏ ਆਪਣਾ ਸੰਗ, ਚਿੱਟਾ ਅਸਵ ਚਿੱਟਾ ਰੰਗ, ਚਿੱਟੇ ਘਰ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਿਹਾ ਬਣਤ ਬਣਾਈਆ। ਨੀਲਾ ਕਾਲਾ ਨੀਲਾ ਰੰਗ, ਸੂਹਾ ਆਪ ਚੜ੍ਹਾਇੰਦਾ। ਸ਼ਬਦ ਘੋੜੇ ਕਸੇ ਤੰਗ, ਧਰਮ ਬੂਹਾ ਆਪ ਖੁਲ੍ਹਾਇੰਦਾ। ਸ਼ਬਦ ਦਵਾਰੇ ਜਾਏ ਲੰਘ, ਨਾਮ ਸੂਹਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਿਹਾ ਕਿਰਪਾ ਕਰ, ਭਗਤ ਭਗਵਾਨ ਆਪ ਝੁਲਾਇੰਦਾ। ਪ੍ਰਭ ਸਾਚਾ ਕਰਮ ਕਮਾਵਣਾ। ਕਾਲਾ ਸੂਸਾ ਤਨ ਛੁਹਾਵਣਾ। ਦਰ ਦਰਵੇਸ਼ ਆਪ ਅਖਵਾਵਣਾ। ਕਿਸੇ ਨਾ ਚਲੇ ਕੋਈ ਪੇਸ਼, ਪ੍ਰਭ ਸਾਚੇ ਪਕੜ ਉਠਾਵਣਾ। ਫੜ ਫੜ ਉਠਾਏ ਨਰ ਨਰੇਸ਼, ਪਰਗਟ ਹੋਇਆ ਧੁਰਦਰਗਾਹੀ ਜਾਮਨਾ। ਜੋਤੀ ਜੋਤ ਸਰੂਪ ਹਰਿ, ਭੇਖਾਧਾਰੀ ਬਲ ਦਵਾਰੇ ਬਾਵਨਾ। ਭੇਖਾਧਾਰੀ ਭੇਖ ਵਟਾਇਆ ਏ। ਜੋਤੀ ਜਾਮਾ ਹਰਿ ਜੀ ਪਾਇਆ ਏ। ਸ੍ਰਿਸ਼ਟ ਸਬਾਈ ਰਹੀ ਸੋਤੀ, ਦਿਸ ਕਿਸੇ ਨਾ ਆਇਆ ਏ। ਸ਼ਬਦ ਫੜੀ ਹਰਿ ਸਾਚੀ ਸੋਟੀ, ਇਕ ਸਹਾਰ ਬਣਾਇਆ ਏ। ਸ਼ਬਦੀ ਪਵਣੀ ਰਲਿਆ ਜੋਤੀ, ਪਹਿਲੀ ਚੇਤਰ ਵਕਤ ਸੁਹਾਇਆ ਏ। ਰਾਜ ਰਾਜਾਨਾਂ ਤੇੜ ਲੰਗੋਟੀ, ਏਕਾ ਏਕ ਚੀਰ ਸੁਹਾਇਆ ਏ। ਸਾਧ ਸੰਤ ਵੇਖੇ ਵਿਚੋਂ ਕੋਟਨ ਕੋਟੀ, ਜੂਠਾ ਝੂਠਾ ਝੇੜ ਮਿਟਾਇਆ ਏ। ਲੱਖ ਚੁਰਾਸੀ ਬੋਟੀ ਬੋਟੀ, ਨਾ ਹੋਏ ਕੋਈ ਸਹਾਇਆ ਏ। ਜੀਵਾਂ ਜੰਤਾਂ ਕਿਸਮਤ ਖੋਟੀ, ਕਲਜੁਗ ਮਾਇਆ ਛਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਇਆ ਏ। ਪ੍ਰਭ ਸਾਚਾ ਰੰਗ ਰੰਗਾਇੰਦਾ। ਦਿਸ ਕਿਸੇ ਨਾ ਆਇੰਦਾ। ਸਾਧਾਂ ਸੰਤਾਂ ਭਰਮ ਚੁਕਾਇੰਦਾ। ਲੇਖਾ ਆਪਣੇ ਹੱਥ ਰਖਾਇੰਦਾ। ਜੀਵਾਂ ਜੰਤਾਂ ਕਰਮ ਬਣਾਇੰਦਾ। ਜੋ ਜਨ ਆਏ ਸੀਸ ਝੁਕਾਇੰਦਾ। ਮਹਿੰਮਾ ਅਗਣਤ ਗਣੀ ਨਾ ਜਾਇੰਦਾ। ਮਾਇਆ ਪਾਈ ਜਗਤ ਅਗਣਤ, ਆਪ ਆਪਣਾ ਭੇਵ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਵਖਾਇੰਦਾ। ਰੰਗ ਵਖਾਏ ਲਾਲੜਾ, ਰੰਗ ਰਤਾ ਰੰਗੀਲਾ। ਕਲਜੁਗ ਤੋੜੇ ਜਗਤ ਜੰਜਾਲਾ, ਸ਼ਬਦ ਸਰੂਪੀ ਕਰ ਕਰ ਹੀਲਾ। ਜਨ ਭਗਤਾਂ ਗਲ ਪਾਏ ਸੋਹੰ ਸੱਚੀ ਮਾਲੜਾ, ਨਾਂਓ ਰਖਾਏ ਕੰਠ ਨੀਲਾ। ਪਰਗਟ ਹੋਏ ਧੁਰ ਦਰਗਾਹੀ ਹਰਿ ਸੱਚਾ ਦਲਾਲੜਾ, ਸੰਤ ਜਨਾਂ ਦਾ ਸਤਿ ਵਸੀਲਾ। ਮਨਮੁਖਾਂ ਮੁਖ ਕਰੇ ਕਾਲੜਾ, ਮਾਇਆ ਅਗਨੀ ਲਾਏ ਕਲਜੁਗ ਤੀਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਨੀਲਮ ਨੀਲਾ। ਨੀਲੀ ਧਾਰ ਭੇਵ ਨਾ ਰਾਇਆ। ਪੁਰਖ ਅਬਿਨਾਸ਼ੀ ਸ਼ਾਹ ਸਵਾਰ, ਆਪੇ ਆਪ ਬਾਹਰ ਆਇਆ। ਲੱਖ ਚੁਰਾਸੀ ਕਰਮ ਵਿਚਾਰ, ਜੋਤੀ ਜਾਮਾ ਭੇਖ ਵਟਾਇਆ। ਸ਼ਬਦ ਫੜੇ ਹੱਥ ਕਟਾਰ, ਸ਼ਬਦ ਖੰਡਾ ਨਾਉਂ ਧਰਾਇਆ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਸ਼ਬਦ ਬੇੜਾ ਰਿਹਾ ਬਚਾਇਆ। ਪਰਗਟ ਹੋਇਆ ਨਰ ਨਿਰੰਕਾਰ, ਦੇਵਣ ਆਇਆ ਮਾਤ ਸਜਾਇਆ। ਨਾ ਕੋਈ ਦੀਸੇ ਮੁਹੰਮਦੀ ਯਾਰ, ਈਸਾ ਮੂਸਾ ਰਹਿਣ ਨਾ ਪਾਇਆ। ਖਾਣੀ ਬਾਣੀ ਕਰ ਵਿਚਾਰ, ਜੇਰਜ ਡੇਰਾ ਰਿਹਾ ਢਾਹਿਆ। ਅਗੰਮ ਅਗੰਮੜੀ ਮਾਰੇ ਮਾਰ, ਦੇਵ ਕਿਸੇ ਹੱਥ ਨਾ ਆਇਆ। ਦੀਪਾਂ ਲੋਆਂ ਕਰੇ ਖੁਆਰ, ਖੰਡ ਮੰਡਲ ਪ੍ਰਭ ਰਿਹਾ ਹਿਲਾਇਆ। ਦਰ ਦਰਵੇਸ਼ਾ ਨਰ ਨਰੇਸ਼ਾ ਹਾਹਾਕਾਰ, ਸ਼ਾਹ ਸੁਲਤਾਨਾਂ ਰਿਹਾ ਮਿਟਾਇਆ। ਕਰੇ ਖੇਲ ਅਪਰ ਅਪਾਰ, ਨੌਂ ਦਵਾਰੇ ਸੁਰਤ ਸਜਾਇਆ। ਗੁਰਮੁਖ ਵਿਰਲਾ ਪ੍ਰਭ ਅਬਿਨਾਸ਼ੀ ਪਾਏ ਸਾਰ, ਦਸਮ ਦਵਾਰੀ ਬੂਝ ਬੁਝਾਇਆ। ਜਗਤ ਤ੍ਰਿਸ਼ਨਾ ਦਏ ਨਿਵਾਰ, ਸ਼ਬਦ ਡੰਕ ਪ੍ਰਭ ਰਿਹਾ ਵਜਾਇਆ। ਪਾਰਬ੍ਰਹਮ ਪ੍ਰਭ ਖੇਲ ਅਪਾਰ, ਜੋਤ ਸਰੂਪੀ ਦੀਪ ਜਗਾਇਆ। ਕਲ ਮੰਦਰ ਵੇਖ ਅਪਾਰ, ਅਗਿਆਨ ਅੰਧੇਰਾ ਰਿਹਾ ਮਿਟਾਇਆ। ਜੋਤ ਸਰੂਪੀ ਪਸਰ ਪਸਾਰ, ਗੁਰਮੁਖ ਹਿਰਦੇ ਵਿਚ ਸਮਾਇਆ। ਕਲਜੁਗ ਤੇਰੀ ਅੰਤਮ ਵਾਰ, ਨਿਹਕਲੰਕ ਨਰਾਇਣ ਨਰ, ਜੋਤ ਸਰੂਪੀ ਜਾਮਾ ਧਾਰ, ਆਪ ਆਪਣਾ ਰੰਗ ਵਟਾਇਆ। ਰੰਗ ਰੰਗਾਇਆ ਜਗਤ ਭੇਖ, ਭੇਵ ਕੋਈ ਨਾ ਪਾਇੰਦਾ। ਸ੍ਰਿਸ਼ਟ ਸਬਾਈ ਲਿਖੇ ਲੇਖਾ ਲੇਖ, ਲਿਖਣਹਾਰ ਦਿਸ ਕਿਸੇ ਨਾ ਆਇੰਦਾ। ਹਰਿਜਨ ਸਾਚਾ ਸੰਤ ਸੁਹੇਲਾ ਦਰ ਦਵਾਰੇ ਨੇਤਰ ਨੈਣ ਲੋਚਨ ਲਏ ਪੇਖ, ਦਰ ਦਵਾਰੇ ਦਰਸ ਦਿਖਾਇੰਦਾ। ਲੱਖ ਚੁਰਾਸੀ ਮੇਟਣ ਆਇਆ ਰੇਖ, ਨਾ ਕੋਈ ਦਿਸੇ ਔਲੀਆ ਪੀਰ ਸ਼ੇਖ਼, ਆਪ ਆਪਣੇ ਰੰਗ ਰੰਗਾਇੰਦਾ। ਨਾ ਕੋਈ ਜਾਣੇ ਧਾਰੀ ਕੇਸ, ਚਾਰ ਵਰਨਾਂ ਏਕਾ ਸਰਨਾ, ਸਾਚੀ ਸਰਨ ਹਰਿ ਲਿਖਾਇੰਦਾ। ਕਿਸੇ ਹੱਥ ਨਾ ਆਏ ਸ੍ਰੀ ਦਸਮੇਸ਼, ਦਹਿ ਦਿਸ਼ਾ ਵੇਖ ਵਖਾਇੰਦਾ। ਪੰਡਤ ਪਾਂਧੇ ਰਹੇ ਵੇਖ, ਗੌੜ ਬ੍ਰਾਹਮਣ ਕਵਣ ਚੋਟੀ ਆਸਣ ਲਾਇੰਦਾ। ਸੰਬਲ ਨਗਰੀ ਕਿਹੜੀ ਰੇਖ, ਸਾਚਾ ਰਾਹ ਕਿਸੇ ਦਿਸ ਨਾ ਆਇੰਦਾ। ਜੋਤੀ ਜਾਮਾ ਧਰਿਆ ਭੇਖ, ਸ੍ਰਿਸ਼ਟ ਸਬਾਈ ਰਿਹਾ ਵੇਖ, ਸਾਚਾ ਮਾਹੀ ਦਿਸ ਨਾ ਆਇੰਦਾ। ਸੰਬਲ ਨਗਰੀ ਸਚ ਟਿਕਾਣਾ, ਪ੍ਰਭ ਸਾਚੇ ਜੋਤ ਜਗਾਈਆ। ਸ਼ਬਦ ਸਰੂਪੀ ਇਕ ਬਿਬਾਣਾ, ਚਾਰੋਂ ਕੁੰਟ ਰਿਹਾ ਉਡਾਈਆ। ਸਚ ਤਖ਼ਤ ਪ੍ਰਭ ਆਪ ਸੁਹਾਨਾ, ਸ਼ਬਦ ਸਿੰਘਾਸਣ ਨਾਉਂ ਰਖਾਈਆ। ਨੌਂ ਦਵਾਰੇ ਮੁਖ ਰਖਾਣਾ, ਸਾਚੀ ਬਣਤ ਬਣਾਈਆ। ਦਸਵੇਂ ਅੰਦਰ ਹਰਿ ਸਮਾਨਾ, ਸਾਚਾ ਖੇੜਾ ਰਿਹਾ ਵਸਾਈਆ। ਕਰੇ ਖੇਲ ਸ੍ਰੀ ਭਗਵਾਨਾ, ਜੋਤੀ ਸ਼ਬਦੀ ਮੇਲ ਮੇਲੇ, ਪਵਣ ਸਵਾਸੀ ਰਿਹਾ ਚਲਾਈਆ। ਗੁਣਵੰਤਾ ਹਰਿ ਗੁਣ ਨਿਧਾਨਾ, ਚਤਰਭੁਜ ਗੁਣ ਨਿਧਾਨਾ, ਦੋ ਜਹਾਨੀ ਰਚਨ ਰਚਾਈਆ। ਆਪੇ ਵੇਖੇ ਮਾਰ ਧਿਆਨਾ, ਲੋਆਂ ਪੁਰੀਆਂ ਮਾਰ ਧਿਆਨ, ਸ਼ਬਦ ਸਰੂਪੀ ਮਿਹਰਵਾਨ, ਦਇਆ ਨੰਦ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਬਲ ਨਗਰੀ ਸ਼ਬਦ ਟਿਕਾਣਾ, ਜੋਤੀ ਜੋਤ ਜਗਾਈਆ। ਸੰਬਲ ਨਗਰੀ ਹਰਿ ਸਮਾਇਆ। ਸਾਚੇ ਆਸਣ ਡੇਰਾ ਲਾਇਆ। ਸਾਚੀ ਧਾਰਾ ਰਿਹਾ ਵਹਾਇਆ। ਅੰਮ੍ਰਿਤ ਆਤਮ ਸਾਚਾ ਜਲ ਏਕਾ ਨੀਰ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮੰਦਰ ਆਪ ਸੁਹਾਇਆ। ਸਾਚਾ ਮੰਦਰ ਆਪ ਸੁਹਾਇੰਦਾ। ਜੋਤੀ ਜਗੇ ਅੰਦਰੇ ਅੰਦਰ, ਅਗਿਆਨ ਅੰਧੇਰ ਮਿਟਾਇੰਦਾ। ਲੱਗਾ ਭਾਗ ਡੂੰਘੀ ਕੰਦਰ, ਗੁਰ ਗੋਬਿੰਦਾ ਆਸਣ ਲਾਇੰਦਾ। ਆਪ ਤੁੜਾਇਆ ਵੱਜਾ ਜੰਦਰ, ਸਾਚਾ ਕੁੰਡਾ ਆਪ ਖੁਲ੍ਹਾਇੰਦਾ। ਆਪੇ ਗੁਰ ਆਪੇ ਗੋਬਿੰਦਾ, ਆਪੇ ਜੋਤੀ ਸ਼ਬਦੀ ਆਪੇ ਬਿੰਦਾ, ਆਪੇ ਸੁਤ ਮਾਤ ਪਿਤ ਆਪ ਅਖਵਾਇੰਦਾ। ਪਾਰਬ੍ਰਹਮ ਅਬਿਨਾਸ਼ੀ ਅਬਿਨਾਸ਼ੀ ਅਚੁੱਤ, ਆਪ ਸੁਹਾਈ ਆਪਣੀ ਰੁੱਤ, ਫ਼ਲ ਫੁਲਵਾੜੀ ਮਾਤ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਆਪਣੇ ਹੱਥ ਰਖਾਇੰਦਾ। ਸੰਬਲ ਨਗਰੀ ਚਾਰ ਦਿਵਾਰੀ ਏ। ਪ੍ਰਭ ਸਾਚੇ ਕਰੀ ਤਿਆਰ, ਨੌਂ ਦਵਾਰੀ ਨਾਲ ਸ਼ਿੰਗਾਰੀ ਏ। ਆਪ ਆਪਣਾ ਕੀਆ ਪਿਆਰ, ਜੰਮਿਆ ਸ਼ਬਦ ਸੁਤ ਦੁਲਾਰ, ਜੋਤੀ ਬਣੀ ਮਾਂ ਪਿਆਰੀ ਏ। ਅੱਠੇ ਪਹਿਰ ਦੇਵੇ ਗੋਦ ਹੁਲਾਰ, ਪਾਰਬ੍ਰਹਮ ਪ੍ਰਭ ਸਾਚੀ ਕਾਰ, ਦੋ ਜਹਾਨਾਂ ਵਾਰੋ ਵਾਰੀ ਏ। ਪੂਰਬ ਲਹਿਣਾ ਕਰ ਵਿਚਾਰ, ਦਰਸ਼ਨ ਨੈਣਾ ਖੇਲ ਅਪਾਰ, ਵੇਖੇ ਰੰਗ ਅਪਰ ਅਪਾਰੀ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਬਲ ਨਗਰੀ ਸਚ ਟਿਕਾਣਾ ਬੈਠਾ ਦਸਮ ਦਵਾਰੀ ਏ। ਸੰਬਲ ਨਗਰੀ ਦਸਮ ਦਵਾਰੀ, ਸਾਚਾ ਖੇੜਾ ਆਪ ਬਣਾਇਆ ਏ। ਪਾਰਬ੍ਰਹਮ ਬ੍ਰਹਮ ਜੋਤ ਅਕਾਰੀ, ਲੋਕਮਾਤੀ ਝੇੜਾ ਆਪ ਚੁਕਾਇਆ ਏ। ਸ਼ਬਦ ਰੱਖੀ ਪ੍ਰਭ ਸਚ ਪਟਾਰੀ, ਸ੍ਰਿਸ਼ਟ ਸਬਾਈ ਦੇਵਣਹਾਰ ਆਪ ਅਖਵਾਇਆ ਏ। ਵੇਂਹਦਾ ਜਾਏ ਵਾਰੋ ਵਾਰੀ, ਗੁਰਮੁਖ ਸਾਚੇ ਰਿਹਾ ਜਗਾਇਆ ਏ। ਗੋਬਿੰਦ ਗੋਬਿੰਦ ਤੇਰੀ ਸਾਚੀ ਧਾਰੀ, ਧਰਮ ਸਪੂਤਾ ਆਪ ਬਣਾਇਆ ਏ। ਨਰ ਨਰਾਇਣ ਪ੍ਰਭ ਪਾਏ ਸਾਰੀ, ਸਚ ਵਿਸ਼ਨੂੰ ਨਾਮ ਟਿਕਾਇਆ ਏ। ਆਪੇ ਜਾਣੇ ਆਪਣੀ ਕਾਰੀ, ਭੇਵ ਕਿਸੇ ਨਾ ਆਇਆ ਏ। ਇਕ ਸੁਹਾਇਆ ਬੰਕ ਦਵਾਰੀ, ਘਰ ਸਾਚਾ ਇਕ ਵਸਾਇਆ ਏ। ਜੋਤ ਨਿਰੰਜਣ ਕਰ ਅਕਾਰੀ, ਸਾਚਾ ਖੇਲ ਕਰੇ ਰਘੁਰਾਇਆ ਏ। ਨੌਂ ਦਵਾਰੇ ਮਹੱਲ ਉਸਾਰੀ, ਜਗਤ ਭੁਲੇਖਾ ਪਾਇਆ ਏ। ਦਸਵੇਂ ਘਰ ਸ਼ਬਦ ਉਡਾਰੀ, ਸਚ ਸਿੰਘਾਸਣ ਡੇਰਾ ਲਾਇਆ ਏ। ਸੰਬਲ ਨਗਰੀ ਅਪਰ ਅਪਾਰੀ, ਕੰਚਨ ਗੜ੍ਹ ਨਾ ਕੋਈ ਤੋੜੇ ਨਾ ਸਕੇ ਮਾਤ ਤੁੜਾਇਆ ਏ। ਕੰਚਨ ਗੜ੍ਹ ਹਰਿ ਬਣਾਇੰਦਾ। ਪੁਰਖ ਅਬਿਨਾਸ਼ੀ ਉਪਰ ਚੜ੍ਹ, ਸਾਚਾ ਤਖ਼ਤ ਸੁਹਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਜੋਤੀ ਨੂਰ ਰਖਾਇੰਦਾ। ਨਾ ਕੋਈ ਵਿਦਿਆ ਜਾਏ ਪੜ੍ਹ, ਏਕਾ ਅੱਖਰ ਸਰਬ ਪੜ੍ਹਾਇੰਦਾ। ਸਾਚੇ ਘਾੜਨ ਆਪੇ ਘੜ, ਘਨੜਹਾਰ ਆਪ ਅਖਵਾਇੰਦਾ। ਸ਼ਬਦ ਬਿਬਾਣੇ ਜਾਏ ਚੜ੍ਹ, ਦਿਸ ਕਿਸੇ ਨਾ ਆਇੰਦਾ। ਸੰਤ ਸੁਹੇਲੇ ਮਾਤ ਫੜ, ਸੋਏ ਆਪ ਜਗਾਇੰਦਾ। ਆਪ ਫੜਾਏ ਆਪਣਾ ਲੜ, ਪੂਰਬ ਲਹਿਣਾ ਝੋਲੀ ਪਾਇੰਦਾ। ਜੋਤ ਜਗਾਏ ਬਹੱਤਰ ਨੜ, ਕਿਲ੍ਹਾ ਹੰਕਾਰ ਕੋਟ ਗੜ੍ਹ ਤੁੜਾਇੰਦਾ। ਪੰਚ ਵਿਕਾਰੀ ਜਾਏ ਸੜ, ਜੋਤੀ ਅਗਨੀ ਏਕਾ ਲਾਇੰਦਾ। ਦਰ ਘਰ ਸਾਚੇ ਵੜ, ਗੁਰਮੁਖਾਂ ਸਾਚਾ ਰਾਹ ਵਖਾਇੰਦਾ। ਪੁਰਖ ਅਬਿਨਾਸ਼ੀ ਅੱਗੇ ਖੜ, ਫੜ ਬਾਹੋਂ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪਾਰ ਉਤਾਰਾ ਆਪ ਕਰਾਇੰਦਾ।