Granth 05 Likhat 113: 17 Harh 2013 Bikarmi Sant Kirpal Singh Delhi wale nu Shabad Bhejia Jethuwal to

੧੭ ਹਾੜ ੨੦੧੩ ਬਿਕ੍ਰਮੀ ਸੰਤ ਕਿਰਪਾਲ ਸਿੰਘ ਦਿੱਲੀ ਵਾਲੇ ਨੂੰ ਸ਼ਬਦ ਭੇਜਿਆ ਜੇਠੂਵਾਲ ਤੋਂ

ਸ਼ਬਦ ਵਿਚੋਲੇ ਸੰਤ ਕਿਰਪਾਲ, ਏਕਾ ਸ਼ਬਦ ਜਣਾਈਆ। ਅਸੂ ਦੋ ਆਏ ਦੀਨ ਦਿਆਲ, ਵੱਜੇ ਸ਼ਬਦ ਵਧਾਈਆ। ਆਪੇ ਚਲੇ ਨਾਲ ਨਾਲ, ਪੱਲਾ ਆਪਣਾ ਆਪ ਫੜਾਈਆ। ਆਪੇ ਜਾਣੇ ਕਵਣ ਦਲਾਲ, ਕਵਣ ਰਾਹ ਵਖਾਈਆ। ਕਵਣ ਤੋੜੇ ਜਗਤ ਜੰਜ਼ਾਲ, ਸ਼ਾਹ ਸੁਲਤਾਨਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰੇ ਰਿਹਾ ਜਣਾਈਆ। ਦਰ ਦਵਾਰ ਸੰਤ ਕਿਰਪਾਲ, ਪੁਰਖ ਅਬਿਨਾਸ਼ੀ ਆਏ। ਖੇਲੇ ਖੇਲ ਕਾਲ ਅਕਾਲ, ਘਟ ਘਟ ਵਾਸ ਰਖਾਏ। ਜਗਤ ਚਲੇ ਅਵੱਲੜੀ ਚਾਲ, ਪ੍ਰਿਥਮੀ ਆਕਾਸ਼ ਸਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਵਿਚੋਲਾ ਰਿਹਾ ਜਗਾਏ। ਸ਼ਬਦ ਵਿਚੋਲਾ ਸਚ ਹੈ, ਨਾ ਭੁੱਲੇ ਭੁੱਲਣਹਾਰ। ਜੀਵ ਜੰਤ ਕੌਲ ਇਕਰਾਰ ਕੱਚ ਹੈ, ਵਰਤੇ ਵਿਚ ਸੰਸਾਰ। ਨੌਂ ਦਵਾਰੇ ਜੋ ਜਨ ਰਹੇ ਨੱਚ ਹੈ, ਅੰਤ ਨਾ ਉਤਰੇ ਪਾਰ। ਆਤਮ ਹਿਰਦੇ ਗਿਆਨ ਗੁਰ ਜਿਸ ਜਨ ਲਿਆ ਵਾਚ ਹੈ, ਧੁਰ ਸ਼ਬਦ ਕਰੇ ਪਰਵਾਨ। ਨਾਮ ਵਿਚੋਲਾ ਸੱਚੋ ਸਚ ਹੈ, ਮੇਲ ਮਿਲਾਏ ਆਣ। ਸ਼ਾਹ ਸੁਲਤਾਨਾ ਕੋਇ ਨਾ ਸਕੇ ਬਚ ਹੈ, ਗੁਰ ਪੂਰੇ ਰੱਖੀ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਨੇਹੜਾ ਦੇਵੇ ਵਰ, ਲੇਖਾ ਧੁਰ ਫ਼ਰਮਾਣ। ਪੰਝੀ ਭਾਦਰੋਂ ਮਿਲਣਾ ਸ਼ਾਹ, ਸਾਚਾ ਭੇਵ ਖੁਲ੍ਹਾਵਣਾ। ਪਰਗਟ ਹੋਇਆ ਭਗਤ ਮਲਾਹ, ਜਿਸ ਜਨ ਬੰਨ੍ਹੇ ਲਾਵਣਾ। ਅੱਸੂ ਤਿੰਨ ਪਕੜੇ ਬਾਂਹ, ਹਾਲ ਮੁਰੀਦਾਂ ਇਕ ਸੁਣਾਵਣਾ। ਸਦਾ ਸੁਹੇਲਾ ਦੇਵੇ ਠੰਢੀ ਛਾਂ, ਨਾਮ ਸ਼ਹੀਦਾਂ ਵਿਚ ਰਖਾਵਣਾ। ਗੁਰ ਚਰਨ ਵਿਟਹੋਂ ਬਲ ਬਲ ਜਾਂ, ਦੀਦਾ ਸਿਧਾ ਇਕ ਰਖਾਵਣਾ। ਇਕ ਸੁਣਾਉਣਾ ਸਾਚਾ ਨਾਂ, ਸੋਹੰ ਜਾਪ ਜਪਾਵਣਾ। ਸ੍ਰਿਸ਼ਟ ਸਬਾਈ ਪਿਤਾ ਮਾਂ, ਏਕਾ ਏਕ ਆਪ ਅਖਵਾਵਣਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਏਕਾ ਮੇਲ ਮਿਲਾਵਣਾ।