ਪਹਿਲੀ ਮਾਘ ੨੦੧੭ ਬਿਕਰਮੀ ਪਿੰਡ ਹਰੀ ਪੁਰ ਮਹਿੰਗਾ ਸਿੰਘ ਦੇ ਘਰ
ਆਦਿ ਪੁਰਖ ਹਰਿ ਨਿਰੰਕਾਰਾ, ਨਿਰਵੈਰ ਵਡੀ ਵਡਿਆਈਆ। ਸੋ ਪੁਰਖ ਨਿਰੰਜਣ ਅਗੰਮ ਅਪਾਰਾ, ਅਲਖ ਅਗੋਚਰ ਬੇਪਰਵਾਹੀਆ। ਹਰਿ ਪੁਰਖ ਨਿਰੰਜਣ ਅਕਲ ਕਲ ਧਾਰਾ, ਇਕ ਇਕੱਲਾ ਸੱਚਾ ਸ਼ਹਿਨਸ਼ਾਹੀਆ। ਏਕੰਕਾਰਾ ਰੂਪ ਰੰਗ ਤੇ ਵਸਿਆ ਬਾਹਰਾ, ਰੇਖ ਭੇਖ ਨਾ ਕੋਇ ਜਣਾਈਆ। ਆਦਿ ਨਿਰੰਜਣ ਨੂਰ ਉਜਿਆਰਾ, ਜੋਤੀ ਦੀਪਕ ਡਗਮਗਾਈਆ। ਅਬਨਾਸ਼ੀ ਕਰਤਾ ਸ਼ਾਹ ਸਿਕਦਾਰਾ, ਪੁਰਖ ਅਕਾਲ ਇਕ ਅਖਵਾਈਆ। ਸ੍ਰੀ ਭਗਵਾਨ ਬੇਐਬ ਪਰਵਰਦਿਗਾਰਾ, ਨੂਰ ਜ਼ਹੂਰ ਇਕ ਦਰਸਾਈਆ। ਪਾਰਬ੍ਰਹਮ ਪ੍ਰਭ ਖੇਲ ਨਿਆਰਾ, ਨਿਰਗੁਣ ਆਪਣਾ ਆਪ ਕਰਾਈਆ। ਸਚਖੰਡ ਖੋਲ੍ਹ ਸਚ ਦੁਆਰਾ, ਦਰ ਘਰ ਸਾਚਾ ਇਕ ਸੁਹਾਈਆ। ਸਚ ਸਿੰਘਾਸਣ ਕਰ ਤਿਆਰਾ, ਅਨਭਵ ਆਪਣਾ ਰੂਪ ਪਰਗਟਾਈਆ। ਰਾਜ ਰਾਜਾਨਾ ਬਣ ਸਿਕਦਾਰਾ, ਹੁਕਮੀ ਹੁਕਮ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਦੂਸਰ ਅਵਰ ਨਾ ਕੋਇ ਜਣਾਈਆ। ਆਦਿ ਜੁਗਾਦੀ ਖੇਲ ਅਪਾਰ, ਮਹਿਮਾ ਅਕਥ ਕਥੀ ਨਾ ਜਾਈਆ। ਸਚਖੰਡ ਨਿਵਾਸੀ ਸਚਖੰਡ ਸੁਹਾਏ ਇਕ ਦੁਆਰ, ਸਚ ਸਿੰਘਾਸਣ ਆਸਣ ਲਾਈਆ। ਪਾਰਬ੍ਰਹਮ ਅਗੰਮ ਆਪਣੀ ਕਰੇ ਆਪੇ ਕਾਰ, ਕਰਨੀ ਕਰਤਾ ਆਪ ਅਖਵਾਈਆ। ਥਿਰ ਘਰ ਸਾਚੇ ਪਾਵੇ ਸਾਰ, ਗ੍ਰਹਿ ਮੰਦਰ ਵਡ ਵਡਿਆਈਆ। ਨਾਰੀ ਕੰਤ ਬਣ ਭਤਾਰ, ਨਰ ਨਰਾਇਣ ਸੇਜ ਸੁਹਾਈਆ। ਜਨਨੀ ਜਨ ਬਣ ਅਪਰ ਅਪਾਰ, ਪੂਤ ਸਪੂਤਾ ਏਕਾ ਜਾਈਆ। ਦਾਈ ਦਾਇਆ ਭੇਵ ਨਿਆਰ, ਇਕ ਇਕੱਲਾ ਹਰਿ ਰਘੁਰਾਈਆ। ਅਬਿਨਾਸ਼ੀ ਅਚੁਤ ਮੀਤ ਮੁਰਾਰ, ਸਾਚਾ ਸੁਤ ਲਏ ਵਡਿਆਈਆ। ਸ਼ਬਦੀ ਨਾਉਂ ਰੱਖ ਧੁਰ ਦਰਬਾਰ, ਦਰਗਹਿ ਸਾਚੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਇਕ ਇਕੱਲਾ ਖੇਲ ਖਿਲਾਈਆ। ਇਕ ਇਕੱਲਾ ਖੇਲ ਅਵੱਲਾ, ਏਕੰਕਾਰ ਆਪ ਕਰਾਇੰਦਾ। ਆਪੇ ਵਸੇ ਸਚ ਮਹੱਲਾ, ਸਚਖੰਡ ਦੁਆਰ ਸੁਹਾਇੰਦਾ। ਥਿਰ ਘਰ ਡੇਰਾ ਆਪੇ ਮੱਲਾ, ਦੂਸਰ ਸੰਗ ਨਾ ਕੋਇ ਰਲਾਇੰਦਾ । ਆਪੇ ਹੋਏ ਅਛਲ ਅਛੱਲਾ, ਅਛਲ ਛਲਧਾਰੀ ਆਪ ਆਪਣਾ ਨਾਉਂ ਧਰਾਇੰਦਾ। ਆਪ ਫੜਾਏ ਆਪਣਾ ਪੱਲਾ, ਸਗਲਾ ਸੰਗ ਆਪ ਨਿਭਾਇੰਦਾ। ਆਪਣੀ ਜੋਤੀ ਆਪੇ ਰੱਲਾ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਸਾਚਾ ਹਰਿ, ਸਚਖੰਡ ਦੁਆਰਾ ਆਪ ਵਡਿਆਇੰਦਾ । ਸਚਖੰਡ ਦੁਆਰਾ ਸੋਭਾਵੰਤ, ਹਰਿ ਪੁਰਖ ਨਿਰੰਜਣ ਆਪ ਵਡਿਆਈਆ। ਏਕੰਕਾਰਾ ਆਪੇ ਬਣਿਆ ਨਾਰੀ ਕੰਤ, ਸਾਚੀ ਸੇਜ ਆਪ ਸੁਹਾਈਆ। ਆਪੇ ਚਾੜ੍ਹੇ ਰੰਗ ਬਸੰਤ, ਆਦਿ ਜੁਗਾਦਿ ਉਤਰ ਨਾ ਜਾਈਆ। ਆਪੇ ਜਾਣੇ ਮਹਿਮਾ ਅਗਣਤ, ਅਗਣਤ ਲੇਖਾ ਲੇਖ ਨਾ ਕੋਇ ਜਣਾਈਆ। ਆਪ ਬਣਾਏ ਸਾਚੀ ਬਣਤ, ਘੜਨ ਭੰਨਣਹਾਰ ਸਮਰਥ ਪੁਰਖ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪੇ ਖੋਲ੍ਹ, ਆਦਿ ਪੁਰਖ ਆਪਣਾ ਆਪ ਸੁਹਾਈਆ। ਆਦਿ ਪੁਰਖ ਪੁਰਖ ਅਬਿਨਾਸ਼ਾ, ਏਕਾ ਰੰਗ ਸਮਾਇਆ। ਆਦਿ ਜੁਗਾਦੀ ਖੇਲੇ ਖੇਲ ਤਮਾਸ਼ਾ, ਖੇਲਣਹਾਰਾ ਦਿਸ ਨਾ ਆਇਆ। ਥਿਰ ਘਰ ਸਾਚੇ ਪਾਵੇ ਰਾਸਾ, ਮੰਡਲ ਮੰਡਪ ਆਪ ਸੁਹਾਇਆ। ਆਪੇ ਪੂਰੀ ਕਰੇ ਆਪਣੀ ਆਸਾ, ਇਛਿਆ ਭਿਛਿਆ ਆਪ ਭਰਾਇਆ। ਆਪਣੇ ਅੰਦਰ ਕਰ ਕਰ ਵਾਸਾ, ਆਪ ਆਪਣਾ ਮੇਲ ਮਿਲਾਇਆ। ਆਪੇ ਸ਼ਾਹੋ ਆਪ ਸ਼ਾਬਾਸ਼ਾ, ਸਤਿ ਸੁਲਤਾਨਾ ਆਪਣਾ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਲਖ ਅਗੋਚਰ ਭੇਵ ਨਾ ਰਾਇਆ। ਅਲਖ ਅਗੋਚਰ ਅਗੰਮ ਅਥਾਹ, ਇਕ ਇਕੱਲਾ ਖੇਲ ਖਿਲਾਇੰਦਾ। ਸਚਖੰਡ ਦੁਆਰ ਸੁਹਾਏ ਸਾਚਾ ਥਾਂ, ਥਾਨ ਥਨੰਤਰ ਆਪ ਸੁਹਾਇੰਦਾ। ਏਕੰਕਾਰਾ ਬਣ ਮਲਾਹ, ਖੇਵਟ ਖੇਟਾ ਆਪਣਾ ਬੇੜਾ ਆਪ ਚਲਾਇੰਦਾ। ਆਪ ਆਪਣਾ ਨਾਉਂ ਧਰਾ, ਨਰ ਨਿਰੰਕਾਰਾ ਆਪਣਾ ਨਾਉਂ ਰਖਾਇੰਦਾ। ਅਜੂਨੀ ਰਹਿਤ ਵੇਸ ਵਟਾ, ਅਨਭਵ ਆਪਣੀ ਧਾਰ ਚਲਾਇੰਦਾ। ਸਾਚਾ ਤਖ਼ਤ ਆਪ ਸੁਹਾ, ਤਖ਼ਤ ਨਿਵਾਸੀ ਡੇਰਾ ਲਾਇੰਦਾ। ਹੁਕਮੀ ਹੁਕਮ ਹੁਕਮ ਆਪ ਫ਼ਰਮਾ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਸਾਚਾ ਸੁਤ ਆਪ ਜਗਾ, ਬਾਲ ਨਿਧਾਨਾ ਸੇਵਾ ਲਾਇੰਦਾ। ਲੋਆਂ ਪੁਰੀਆਂ ਖੰਡਾਂ ਬ੍ਰਹਿਮੰਡਾਂ ਰਚਨ ਰਚਾ, ਸੁੰਨ ਅਗੰਮ ਵੇਖ ਵਖਾਇੰਦਾ। ਨਿਰਗੁਣ ਮੇਲਾ ਆਪ ਮਿਲਾ, ਸਰਗੁਣ ਸਾਚਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਦਰ ਘਰ ਸਾਚਾ ਆਪ ਸੁਹਾਇੰਦਾ। ਨਿਰਗੁਣ ਰੂਪ ਪੁਰਖ ਅਗੰਮ, ਸ਼ਬਦ ਅਨਾਦੀ ਨਾਦ ਵਜਾਇੰਦਾ। ਨਿਸ਼ਅੱਖਰ ਬੋਲ ਆਪੇ ਜਾਣੇ ਆਪਣਾ ਕੰਮ, ਆਦਿ ਜੁਗਾਦੀ ਆਪਣੀ ਖੇਲ ਰਚਾਇੰਦਾ। ਨਾ ਕੋਈ ਤ੍ਰਿਸ਼ਨਾ ਨਾ ਕੋਈ ਤਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਇਛਿਆ ਆਪੇ ਪੂਰ ਕਰਾਇੰਦਾ। ਆਪਣੀ ਇਛਿਆ ਹਰਿ ਕਰਤਾਰ, ਆਪੇ ਪੂਰ ਕਰਾਈਆ। ਆਪੇ ਪੁਰਖ ਆਪੇ ਨਾਰ, ਸੁਤ ਦੁਲਾਰਾ ਆਪੇ ਜਾਈਆ। ਆਪੇ ਵਿਸ਼ਵ ਵਿਸ਼ਨੂੰ ਕਰ ਤਿਆਰ, ਵਾਸਤਕ ਆਪਣੀ ਜੋਤ ਧਰਾਈਆ। ਆਪੇ ਖੋਲ੍ਹ ਕਿਵਾੜ ਭਰ ਭੰਡਾਰ, ਨਿਝਰ ਝਿਰਨਾ ਆਪ ਝਿਰਾਈਆ। ਆਪੇ ਅੰਦਰ ਆਪੇ ਬਾਹਰ, ਆਪੇ ਗੁਪਤ ਆਪੇ ਜ਼ਾਹਰ, ਆਪਣੀ ਕਲ ਆਪ ਵਰਤਾਈਆ। ਆਪੇ ਵੰਡਣ ਵੰਡੇ ਨਿਰਾਕਾਰ, ਸਾਕਾਰ ਆਪਣੀ ਖੇਲ ਖਿਲਾਈਆ। ਆਪੇ ਬ੍ਰਹਮ ਕਰ ਪਸਾਰ, ਆਪਣੇ ਹੱਥ ਰੱਖੇ ਵਡਿਆਈਆ। ਆਪੇ ਬ੍ਰਹਮਾ ਵੇਤਾ ਦਏ ਆਧਾਰ, ਆਪ ਆਪਣੀ ਬੂਝ ਬੁਝਾਈਆ। ਆਪੇ ਨਾਦ ਸ਼ਬਦ ਧੁਨਕਾਰ, ਨਾਦ ਅਨਾਦੀ ਆਪ ਸੁਣਾਈਆ। ਆਪੇ ਵਸੇ ਸਭ ਤੋਂ ਬਾਹਰ, ਭੇਵ ਅਭੇਦਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਿਸ਼ਨ ਬ੍ਰਹਮਾ ਲਏ ਉਪਾਈਆ। ਵਿਸ਼ਨ ਬ੍ਰਹਮਾ ਆਪ ਉਪਾਇਆ, ਆਪਣੀ ਅੰਸ ਸੁਹਾਇੰਦਾ। ਆਪਣੀ ਗੋਦੀ ਆਪ ਸੁਹਾਇਆ, ਦਾਈ ਦਾਇਆ ਆਪ ਅਖਵਾਇੰਦਾ। ਨਿਰਗੁਣ ਹੁਕਮ ਨਿਰਗੁਣ ਫ਼ਰਮਾਨ ਨਿਰਗੁਣ ਆਪ ਸੁਣਾਇਆ, ਨਿਰਗੁਣ ਨਿਉਂ ਨਿਉਂ ਸੀਸ ਝੁਕਾਇੰਦਾ । ਨਿਰਗੁਣ ਸੱਚਖੰਡ ਦੁਆਰ ਆਸਣ ਸਿੰਘਾਸਣ ਇਕ ਵਿਛਾਇਆ, ਨਿਰਗੁਣ ਥਿਰ ਘਰ ਸੋਭਾ ਪਾਇੰਦਾ। ਨਿਰਗੁਣ ਵਿਸ਼ਨ ਬ੍ਰਹਮਾ ਆਪੇ ਲਏ ਉਪਾਇਆ, ਨਿਰਗੁਣ ਧੂਆਂਧਾਰ ਆਪਣਾ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਸਾਚਾ ਹਰਿ, ਆਪਣੀ ਖੇਲ ਆਪ ਖਿਲਾਇੰਦਾ। ਖੇਲ ਖਿਲਾਵਣਹਾਰਾ ਹਰਿ ਹਰਿ, ਬੇਐਬ ਪਰਵਰਦਿਗਾਰਿਆ। ਆਪਣੀ ਕਿਰਪਾ ਆਪੇ ਕਰ ਕਰ, ਵੇਖੇ ਵਿਗਸੇ ਕਰੇ ਵਿਚਾਰਿਆ। ਆਪਣੀ ਜੋਤੀ ਆਪੇ ਧਰ ਧਰ, ਧੂਆਂਧਾਰ ਕਰੇ ਉਜਿਆਰਿਆ। ਆਪੇ ਬ੍ਰਹਮਾ ਵਿਸ਼ਨ ਘਾੜਨ ਘੜ ਘੜ, ਆਪੇ ਸ਼ੰਕਰ ਨਾਲ ਰਲਾ ਲਿਆ। ਤਿੰਨਾਂ ਮਾਈ ਏਕਾ ਬਣ ਬਣ, ਏਕਾ ਰੂਪ ਦਰਸਾ ਰਿਹਾ। ਆਪੇ ਜਨਨੀ ਹੋਏ ਜਨ ਜਨ, ਜਨ ਜਣੇਂਦੀ ਮਾਉਂ ਆਪਣਾ ਨਾਉਂ ਧਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਆਪਣੀ ਰਚਨਾ ਆਪ ਰਚਾ ਲਿਆ। ਵਿਸ਼ਨ ਬ੍ਰਹਮਾ ਸ਼ਿਵ ਹਰਿ ਕਰ ਤਿਆਰ, ਏਕਾ ਤੱਤ ਸਮਝਾਇਆ। ਏਕਾ ਅੱਖਰ ਦਏ ਆਧਾਰ, ਨਿਸ਼ਅੱਖਰ ਲਏ ਪੜ੍ਹਾਇਆ। ਏਕਾ ਚਰਨ ਇਕ ਦੁਆਰ, ਏਕਾ ਕਵਲ ਨਾਭ ਭਰਾਇਆ। ਏਕਾ ਮੁਖ ਇਕ ਵਿਚਾਰ, ਏਕਾ ਧੁਨ ਨਾਦ ਅਗੰਮ ਅਪਾਰ, ਏਕਾ ਰਾਗ ਦਏ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਆਦਿ ਆਪਣਾ ਰੰਗ ਆਪ ਰੰਗਾਇਆ। ਆਦਿ ਪੁਰਖ ਹਰਿ ਰੰਗ ਰੰਗਾਇਆ, ਏਕਾ ਗੁਣ ਸਮਝਾਈਆ। ਬ੍ਰਹਮਾ ਵੇਤਾ ਆਪ ਉਠਾਇਆ, ਦੂਸਰ ਦਿਸ ਕਿਸੇ ਨਾ ਆਈਆ। ਸ਼ੰਕਰ ਆਪਣਾ ਹੁਕਮ ਸੁਣਾਇਆ, ਭੁਲ ਕਦੇ ਨਾ ਜਾਈਆ। ਤਿੰਨਾਂ ਵਿਚੋਲਾ ਹਰਿ ਰਘੁਰਾਇਆ, ਸਾਚੇ ਤਖ਼ਤ ਬੈਠਾ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧਾਰ ਬੰਧਾਈਆ। ਵਿਸ਼ਨ ਧਾਰ ਹਰਿ ਚਲਾਇੰਦਾ, ਹੁਕਮੀ ਹੁਕਮ ਧੁਰ ਫ਼ਰਮਾਨ। ਬ੍ਰਹਮਾ ਪਾਰਬ੍ਰਹਮ ਉਠਾਇੰਦਾ, ਆਪੇ ਹੋਇਆ ਜਾਣੀ ਜਾਣ। ਸ਼ੰਕਰ ਸਾਚਾ ਰਾਹ ਵਖਾਇੰਦਾ, ਦੇਵੇ ਨਾਮ ਨਿਧਾਨ। ਤਿੰਨਾਂ ਏਕਾ ਮਾਰਗ ਲਾਇੰਦਾ, ਪੁਰਖ ਅਬਿਨਾਸ਼ੀ ਵਾਲੀ ਦੋ ਜਹਾਨ। ਆਪਣਾ ਭੰਡਾਰਾ ਆਪ ਵਰਤਾਇੰਦਾ, ਦੇਵਣਹਾਰ ਆਪ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਵਿਚੋਲਾ ਏਕਾ ਬਣ, ਏਕਾ ਧਾਮ ਸੁਹਾਇੰਦਾ। ਸਾਚਾ ਧਾਮ ਸੁਹੰਦੜਾ, ਪਾਰਬ੍ਰਹਮ ਬੇਪਰਵਾਹ। ਵਿਸ਼ਨੂੰ ਨਿਉਂ ਨਿਉਂ ਸੀਸ ਝੁਕੰਦੜਾ, ਬ੍ਰਹਮਾ ਨੇਤਰ ਨੀਰ ਰਿਹਾ ਵਹਾ। ਸ਼ੰਕਰ ਗਲ ਵਿਚ ਪੱਲੂ ਪਾਂਦੜਾ, ਨਾ ਦੂਸਰ ਦਿਸੇ ਕੋਇ ਸਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸੀਸ ਜਗਦੀਸ਼ ਰੱਖੇ ਹੱਥ ਟਿੱਕਾ। ਵਿਸ਼ਨ ਵਿਸ਼ਨ ਵਿਸ਼ਨ ਧਾਰ, ਵਿਸ਼ਵ ਹਰਿ ਹਰਿ ਆਪ ਸਮਝਾਇੰਦਾ। ਲੱਖ ਚੁਰਾਸੀ ਦਾਤਾ ਬਣੇ ਵਰਤਾਰ, ਦੇਵਣਹਾਰਾ ਆਪ ਹੋ ਜਾਇੰਦਾ। ਬ੍ਰਹਮੇ ਤੇਰਾ ਬ੍ਰਹਮ ਪਿਆਰ, ਪਾਰਬ੍ਰਹਮ ਹਰਿ ਸਮਝਾਇੰਦਾ। ਮੇਰੀ ਰਚਨਾ ਤੇਰੀ ਧਾਰ, ਤੇਰਾ ਤੇਰੇ ਵਿਚ ਸਮਾਇੰਦਾ। ਸਾਚੀ ਸਿਖਿਆ ਅਪਰ ਅਪਾਰ, ਅਪਰੰਪਰ ਆਪ ਦਰਸਾਇੰਦਾ। ਸ਼ੰਕਰ ਉਠ ਬਾਲ ਨਾਦਾਨ, ਗੁਣ ਨਿਧਾਨਾ ਆਪ ਉਠਾਇੰਦਾ। ਜਗਤ ਮਿਟਣਾ ਅੰਤ ਨਿਸ਼ਾਨ, ਜੋ ਘੜਿਆ ਭੰਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤਿੰਨਾਂ ਏਕਾ ਹੁਕਮ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਉਠ ਕਰ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਕਵਣ ਰੂਪ ਤੇਰਾ ਹਰਿ ਨਿਰੰਕਾਰ, ਨਿਰਗੁਣ ਸਰਗੁਣ ਵੇਖ ਵਖਾਈਆ। ਲੱਖ ਚੁਰਾਸੀ ਕਵਣ ਭੰਡਾਰ, ਕਵਣ ਦਾਤਾ ਬਣੇ ਬੇਪਰਵਾਹੀਆ। ਕਵਣ ਤੱਤ ਲਏ ਵਿਚਾਰ, ਤ੍ਰੈ ਤ੍ਰੈ ਕਵਣ ਵੰਡ ਵੰਡਾਈਆ। ਪੁਰਖ ਅਬਨਾਸ਼ੀ ਹੋ ਮਿਹਰਬਾਨ, ਧੁਰ ਫ਼ਰਮਾਨਾ ਇਕ ਜਣਾਈਆ। ਤ੍ਰੈਗੁਣ ਮਾਇਆ ਕਰ ਤਿਆਰ, ਰਜੋ ਤਮੋ ਸਤੋ ਸਾਚੀ ਝੋਲੀ ਦਏ ਭਰਾਈਆ। ਪੰਜ ਤੱਤ ਦਏ ਆਧਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਏਕਾ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਲੱਖ ਚੁਰਾਸੀ ਘਾੜਨ ਲਏ ਘੜਾਈਆ। ਲੱਖ ਚੁਰਾਸੀ ਘਾੜਣ ਘੜਿਆ, ਨਿਰਗੁਣ ਅੰਦਰ ਨਿਰਗੁਣ ਵੜਿਆ, ਸਰਗੁਣ ਨਿਰਗੁਣ ਏਕਾ ਧਾਰ ਵਖਾਇੰਦਾ। ਆਪਣੇ ਪੌੜੇ ਆਪੇ ਚੜ੍ਹਿਆ, ਆਪਣਾ ਮੰਦਰ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਧੁਰ ਫ਼ਰਮਾਨਾ ਏਕਾ ਹਰਿ, ਹਰਿ ਜੂ ਹਰਿ ਹਰਿ ਆਪ ਸੁਣਾਇੰਦਾ। ਵਿਸ਼ਨ ਸਰਨੀ ਗਿਆ ਪੜ, ਨਿਉਂ ਨਿਉਂ ਸੀਸ ਝੁਕਾਇੰਦਾ। ਬ੍ਰਹਮਾ ਫੜਾਏ ਏਕਾ ਲੜ, ਛੁੱਟ ਕਦੇ ਨਾ ਜਾਇੰਦਾ। ਸ਼ੰਕਰ ਜਟਾ ਜੂਟ ਧਾਰ ਏਕਾ ਵੇਖੇ ਸਾਚਾ ਗੜ੍ਹ, ਦੂਸਰ ਦਰ ਨਾ ਕੋਇ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਹਰਿ, ਆਦਿ ਜੁਗਾਦਿ ਆਪਣਾ ਖੇਲ ਆਪ ਬੁਝਾਇੰਦਾ। ਆਦਿ ਜੁਗਾਦੀ ਖੇਲ ਅਪਾਰਾ, ਹਰਿ ਕਰਤਾ ਆਪ ਕਰਾਈਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਵਿਸ਼ਨ ਬ੍ਰਹਮਾ ਸ਼ਿਵ ਤੇਰਾ ਰਹੇ ਵਰਤਾਰਾ, ਲੋਕਮਾਤ ਵੱਜੇ ਵਧਾਈਆ। ਜੁਗ ਚੌਕੜੀ ਗੁਰ ਅਵਤਾਰ ਲਏ ਅਵਤਾਰਾ, ਭਗਤ ਭਗਵੰਤ ਲਏ ਪਰਗਟਾਈਆ। ਸਾਧ ਸੰਗਤ ਦਏ ਹੁਲਾਰਾ, ਆਪ ਆਪਣੀ ਸੇਵ ਕਮਾਈਆ। ਗੁਰਮੁਖਾਂ ਦੇਵੇ ਚਰਨ ਕਵਲ ਸਹਾਰਾ, ਸਰਗੁਣ ਸਰਗੁਣ ਵੇਖ ਵਖਾਈਆ। ਗੁਰਮੁਖ ਸਾਚੇ ਲਾਏ ਪਾਰਾ, ਜਿਸ ਜਨ ਆਪਣੀ ਬੂਝ ਬੁਝਾਈਆ। ਲੱਖ ਚੁਰਾਸੀ ਕਰੇ ਖ਼ਵਾਰ, ਸੱਚਾ ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਸਮਝਾਈਆ। ਚਾਰ ਜੁਗ ਚੌਕੜ ਧਾਰ, ਚਾਰ ਕੁੰਟ ਵਹਾਇੰਦਾ। ਲੋਆਂ ਪੁਰੀਆਂ ਹੋ ਉਜਿਆਰ, ਬ੍ਰਹਿਮੰਡ ਖੰਡ ਸ਼ਬਦ ਨਾਦ ਵਜਾਇੰਦਾ। ਰਵ ਸਸ ਕਰ ਤਿਆਰ, ਮੰਡਲ ਮੰਡਪ ਆਪ ਸੁਹਾਇੰਦਾ। ਧਰਨੀ ਧਰਤ ਧਵਲ ਦਏ ਸਹਾਰ, ਜਲ ਬਿੰਬ ਆਪ ਟਿਕਾਇੰਦਾ। ਲੱਖ ਚੁਰਾਸੀ ਕਰੇ ਵਿਚਾਰ, ਘਟ ਘਟ ਆਪਣਾ ਆਸਣ ਲਾਇੰਦਾ। ਨਿਰਗੁਣ ਦੀਆ ਨਿਰਗੁਣ ਬਾਤੀ ਨਿਰਗੁਣ ਕਮਲਾਪਾਤੀ ਨਿਰਗੁਣ ਸਾਚਾ ਸਾਕੀ, ਅੰਮ੍ਰਿਤ ਜਾਮ ਆਪ ਪਿਆਇੰਦਾ। ਨਿਰਗੁਣ ਸਰਗੁਣ ਵੇਖੇ ਹਾਟੀ, ਖੇਲੇ ਖੇਲ ਬਾਜ਼ੀਗਰ ਨਾਟੀ, ਨਟੂਆ ਨਾਟ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਏਕਾ ਵਰ, ਏਕਾ ਹੁਕਮ ਆਪ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਸੇਵ ਲਗੌਣੀ, ਹਰਿ ਸਾਚਾ ਆਪ ਸਮਝਾਇੰਦਾ। ਲੋਕਮਾਤ ਲੱਖ ਚੁਰਾਸੀ ਬਣਤ ਬਣੌਣੀ, ਨੌਂ ਖੰਡ ਪ੍ਰਿਥਮੀ ਵੰਡ ਵੰਡਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖੌਣੀ, ਭੁਲ ਕਦੇ ਨਾ ਜਾਇੰਦਾ। ਪਰਾ ਪਸੰਤੀ ਮਧਮ ਬੈਖ਼ਰੀ ਬਾਣੀ ਆਪ ਜਣੌਣੀ, ਆਪ ਆਪਣਾ ਪਰਦਾ ਲਾਹਿੰਦਾ। ਚਾਰੇ ਵੇਦਾਂ ਏਕਾ ਧਾਰ ਬੰਧੌਣੀ, ਬੰਨ੍ਹਣਹਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਵੰਡ ਵੰਡਾਇੰਦਾ। ਸਾਚੀ ਵੰਡਣ ਹਰਿ ਕਰਤਾਰ, ਆਪਣੀ ਆਪ ਵੰਡਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰ ਤਿਆਰ, ਕਲਜੁਗ ਚੌਥਾ ਜੁਗ ਸੰਗ ਰਲਾਈਆ। ਤ੍ਰੈ ਤ੍ਰੈ ਲੇਖਾ ਕਰੇ ਪਾਰ, ਥਿਰ ਕੋਇ ਰਹਿਣ ਨਾ ਪਾਈਆ। ਜੋ ਉਪਜੇ ਸੋ ਬਿਨਸੇ ਵਿਚ ਸੰਸਾਰ, ਗੁਰ ਅਵਤਾਰ ਦੇਣ ਗਵਾਹੀਆ। ਸਤਿਜੁਗ ਸਤਿ ਸਤਿਵਾਦੀ ਪ੍ਰਗਟ ਹੋ ਵਾਰ ਅਠਾਰ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਗਿਆ ਜੋਤ ਪ੍ਰਗਟਾਈਆ। ਤ੍ਰੇਤਾ ਤਿਰੀਆ ਕਰ ਵਿਚਾਰ, ਰਾਮ ਰਾਮਾ ਰੂਪ ਦਰਸਾਈਆ। ਦੁਆਪਰ ਖੇਲ ਕਰੇ ਕਰਤਾਰ, ਖੇਲਣਹਾਰਾ ਦਿਸ ਨਾ ਆਈਆ। ਕਾਹਨਾ ਕ੍ਰਿਸ਼ਨਾ ਮੀਤ ਮੁਰਾਰ, ਨਾਮ ਬੰਸਰੀ ਇਕ ਵਜਾਈਆ। ਸਾਚੀ ਸਖ਼ੀਆਂ ਮੰਗਲਚਾਰ, ਮੁਕੰਦ ਮਨੋਹਰ ਲਖਮੀ ਨਰਾਇਣ ਆਪਣੀ ਰਾਸ ਆਪ ਰਚਾਈਆ। ਗ਼ਰੀਬ ਨਿਮਾਣਿਆਂ ਦਏ ਆਧਾਰ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਕਲਜੁਗ ਅੰਤਮ ਖੇਲ ਨਿਆਰ, ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰ ਅੱਲਾ ਰਾਣੀ ਊਚੀ ਕੂਕੇ ਦਏ ਦੁਹਾਈਆ। ਐਨਲਹੱਕ ਕਰੇ ਪੁਕਾਰ, ਹੱਕ ਹਕ਼ੀਕ਼ਤ ਵੇਖੇ ਸਾਚਾ ਮਾਹੀਆ। ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਤੌਫ਼ੀਕ ਇਕ ਖ਼ੁਦਾਏ, ਰਹਿਮਤ ਰਹਿਮਾਨ ਇਕ ਦਰਸਾਈਆ। ਨਿਰਗੁਣ ਸਰਗੁਣ ਕਰ ਤਿਆਰ, ਪੰਜ ਤੱਤ ਦਏ ਆਧਾਰ, ਨਾਨਕ ਜੋਤੀ ਜੋਤ ਉਜਿਆਰ, ਨਾਮ ਸਤਿ ਕਰੇ ਪੜ੍ਹਾਈਆ। ਨਿਸ਼ਅੱਖਰ ਜਗਤ ਵੱਖਰ ਹਰਿ ਗਿਰਧਾਰ, ਵਰਨ ਬਰਨ ਚਾਰ ਕੁੰਟ ਦਹਿ ਦਿਸ਼ਾ ਆਪ ਸੁਣਾਈਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਕਰੇ ਇਕ ਪਿਆਰ, ਰਾਓ ਰੰਕ ਨਾ ਕੋਇ ਜਣਾਈਆ। ਅੰਤਮ ਉਚੀ ਕੂਕ ਗਿਆ ਪੁਕਾਰ, ਭੁਲ ਨਾ ਜਾਏ ਕੋਇ ਜੀਵ ਗਵਾਰ, ਧੁਰ ਦੀ ਬਾਣੀ ਬਾਣ ਲਗਾਈਆ। ਸ਼ਬਦ ਅਨਾਦ ਸੱਚੀ ਧੁਨਕਾਰ, ਧੁਰਦਰਗਾਹੀ ਆਪ ਸੁਣਾਈਆ। ਨਾਨਕ ਲੇਖਾ ਅਪਰ ਅਪਾਰ, ਨਾ ਕੋਈ ਮੇਟੇ ਮੇਟ ਮਿਟਾਈਆ । ਨੌਂ ਸੌ ਚੁਰਾਨਵਾਂ ਚੌਕੜੀ ਜੁਗ ਜੁਗ ਕਰਤਾ ਲੈ ਲੈ ਆਏ ਅਵਤਾਰ, ਲੋਕਮਾਤ ਕਰੇ ਰੁਸ਼ਨਾਈਆ। ਕਲਜੁਗ ਅੰਤਮ ਖੇਲ ਕਰੇ ਅਪਾਰ, ਮਹਾਬਲੀ ਆਪਣਾ ਨਾਉਂ ਧਰਾਈਆ। ਨਿਹਕਲੰਕ ਆਏ ਆਪ ਆਪਣੀ ਵਾਰ, ਮਾਤਾ ਪਿਤਾ ਗੋਦ ਨਾ ਕੋਇ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਬੈਠਾ ਆਸਣ ਲਾਈਆ। ਸਚਖੰਡ ਦੁਆਰ ਸੁਹਾਇੰਦਾ, ਨਿਰਗੁਣ ਦਾਤਾ ਹਰਿ ਕਰਤਾਰ। ਆਪਣਾ ਆਸਣ ਆਪੇ ਲਾਇੰਦਾ, ਸ਼ਾਹੋ ਭੂਪ ਬਣ ਸਿਕਦਾਰ । ਸਾਚਾ ਤਾਜ ਸੀਸ ਟਿਕਾਇੰਦਾ, ਤਖ਼ਤ ਨਿਵਾਸੀ ਬੇਐਬ ਪਰਵਰਦਿਗਾਰ। ਕਲਜੁਗ ਅੰਤਮ ਵੇਖ ਵਖਾਇੰਦਾ, ਵੇਖਣਹਾਰ ਏਕੰਕਾਰ। ਨਾਨਕ ਨਿਰਗੁਣ ਜੋਤੀ ਡਗਮਗਾਇੰਦਾ, ਨੂਰ ਨੁਰਾਨਾ ਸ਼ਾਹ ਸੁਲਤਾਨ ਸੱਚੀ ਸਰਕਾਰ। ਦਸ ਦਸ ਰੂਪ ਆਪ ਵਟਾਇੰਦਾ, ਰੂਪ ਅਨੂਪ ਭੇਵ ਨਿਆਰ। ਨਾਮ ਖੰਡਾ ਹੱਥ ਚਮਕਾਇੰਦਾ, ਬ੍ਰਹਿਮੰਡਾਂ ਪਾਵੇ ਸਾਰ। ਜੇਰਜ ਅੰਡਾਂ ਵੇਖ ਵਖਾਇੰਦਾ, ਖ਼ਾਲਕ ਖ਼ਲਕ ਦਏ ਆਧਾਰ। ਸਾਲਸ ਆਪਣਾ ਨਾਉਂ ਰਖਾਇੰਦਾ, ਗੋਬਿੰਦ ਜੋਧਾ ਸੂਰਬੀਰ ਬਲਕਾਰ। ਪੁਰਖ ਅਕਾਲ ਇਕ ਮਨਾਇੰਦਾ, ਸੁਤ ਦੁਲਾਰ ਦਏ ਆਧਾਰ। ਸੂਲਾਂ ਸੱਥਰ ਸੇਜ ਆਪ ਹੰਢਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸੁਹੰਜਣਾ, ਸਤਿ ਪੁਰਖ ਨਿਰੰਜਣ ਆਪ ਸੁਹਾਈਆ। ਜੋਤ ਜਗਾਏ ਆਦਿ ਨਿਰੰਜਣਾ, ਅੰਧ ਅੰਧੇਰ ਦਏ ਗਵਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਲਏ ਤਰਾਈਆ। ਚਰਨ ਧੂੜ ਕਰਾਏ ਸਾਚਾ ਮਜਨਾ, ਅਠਸਠ ਨਹਾਵਣ ਕੋਇ ਨਾ ਜਾਈਆ। ਜਨ ਭਗਤਾਂ ਪਰਦਾ ਆਪੇ ਕੱਜਣਾ, ਸਿਰ ਸਮਰਥ ਹੱਥ ਟਿਕਾਈਆ। ਕਲਜੁਗ ਅੰਤਮ ਨਿਹਕਲੰਕ ਸੂਰਾ ਸਰਬੰਗ ਏਕਾ ਗੱਜਣਾ, ਸੰਬਲ ਨਗਰੀ ਆਸਣ ਲਾਈਆ। ਜੋ ਘੜਿਆ ਸੋ ਭੱਜਣਾ, ਭੰਨਣਹਾਰ ਆਪ ਭੰਨਾਈਆ। ਕਾਲ ਨਗਾਰਾ ਸਭ ਦੇ ਸਿਰ ਤੇ ਵੱਜਣਾ, ਨਾ ਸਕੇ ਕੋਇ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਸਾਚੀ ਕਾਰ, ਹਰਿ ਕਰਤਾ ਆਪ ਕਮਾਈਆ। ਹਰਿ ਸਾਚੀ ਕਾਰ ਕਮਾਇੰਦਾ, ਆਦਿ ਜੁਗਾਦੀ ਵਡ ਮਿਹਰਵਾਨ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇੰਦਾ, ਕਲਜੁਗ ਮੇਟੇ ਅੰਤ ਨਿਸ਼ਾਨ। ਨੌਂ ਖੰਡ ਪ੍ਰਿਥਮੀ ਫੋਲ ਫੁਲਾਇੰਦਾ, ਸੱਤਾਂ ਦੀਪਾਂ ਮਾਰ ਧਿਆਨ। ਚਾਰ ਵਰਨ ਖੋਜ ਖੁਜਾਇੰਦਾ, ਦਿਵਸ ਰੈਣ ਨਿਗਹਬਾਨ। ਕੂੜੀ ਕਿਰਿਆ ਮੇਟ ਮਿਟਾਇੰਦਾ, ਨਾਤਾ ਤੋੜੇ ਪੰਜ ਸ਼ੈਤਾਨ। ਕਲਜੁਗ ਖ਼ਾਲੀ ਠੂਠਾ ਹੱਥ ਵਖਾਇੰਦਾ, ਅੰਤਮ ਲੁੱਟੀ ਜਾਏ ਦੁਕਾਨ। ਸਚ ਧਰਮ ਹੱਥ ਕਿਸੇ ਨਾ ਆਇੰਦਾ, ਜੀਵ ਜੰਤ ਸਰਬ ਕੁਰਲਾਣ। ਸਚ ਨਿਸ਼ਾਨ ਨਾ ਕੋਇ ਵਖਾਇੰਦਾ, ਧੂਆਂਧਾਰ ਜ਼ਿਮੀਂ ਅਸਮਾਨ। ਰਾਜ ਰਾਜਾਨ ਸਾਚਾ ਹੁਕਮ ਨਾ ਕੋਇ ਚਲਾਇੰਦਾ, ਨੌਂ ਖੰਡ ਪ੍ਰਿਥਮੀ ਹੋਈ ਬੇਈਮਾਨ। ਗੁਰ ਕਾ ਸ਼ਬਦ ਨਾ ਕੋਇ ਕਮਾਇੰਦਾ, ਰਸਨਾ ਜਿਹਵਾ ਸਰਬ ਹਲਾਣ। ਇਸ਼ਟ ਦੇਵ ਨਾ ਕੋਇ ਮਨਾਇੰਦਾ, ਨੇਤਰ ਲੋਇਣ ਲੋਚਣ ਦਰਸ ਨਾ ਕੋਇ ਪਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਸ੍ਰੀ ਭਗਵਾਨ। ਕਲਜੁਗ ਅੰਤਮ ਖੇਲ ਖਿਲਾਵਣਾ, ਹਰਿ ਸਾਚਾ ਕਾਰ ਕਰਾਇੰਦਾ। ਜੂਠ ਝੂਠ ਮੇਟ ਮਿਟਾਵਣਾ, ਮਾਇਆ ਮਮਤਾ ਮੋਹ ਚੁਕਾਇੰਦਾ। ਨੌਂ ਖੰਡ ਪ੍ਰਿਥਮੀ ਸ਼ਬਦ ਖੰਡਾ ਇਕ ਚਮਕਾਵਣਾ, ਸ੍ਰਿਸ਼ਟ ਸਬਾਈ ਡੇਰਾ ਢਾਹਿੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਤਖ਼ਤੋਂ ਲਾਹਵਣਾ, ਸੀਸ ਤਾਜ ਨਾ ਕੋਇ ਟਿਕਾਇੰਦਾ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਧਾਮ ਬਹਾਵਣਾ, ਊਚ ਨੀਚ ਨਾ ਕੋਇ ਬਣਾਇੰਦਾ। ਏਕਾ ਨਾਮ ਏਕਾ ਜਾਪ ਸਰਬ ਜਪਾਵਣਾ, ਆਤਮ ਪਰਮਾਤਮ ਮੇਲ ਮਿਲਾਇੰਦਾ। ਏਕਾ ਨਗਰ ਗਰਾਮ ਖੇੜਾ ਸਚ ਦਰਸਾਵਣਾ, ਸੱਚਖੰਡ ਦੁਆਰਾ ਕੁੰਡਾ ਲਾਹਿੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਜਨ ਭਗਤਾਂ ਗ੍ਰਹਿ ਅੰਦਰ ਮੰਦਰ ਦਰਸ ਦਖਾਵਣਾ, ਬਜਰ ਕਪਾਟੀ ਤੋੜ ਤੁੜਾਇੰਦਾ। ਚੌਦਾਂ ਤਬਕਾਂ ਮਾਣ ਮੁਕਾਵਣਾ, ਚੌਦਾਂ ਲੋਕ ਚਰਨਾਂ ਹੇਠ ਦਬਾਇੰਦਾ। ਕਰੋੜ ਤਤੀਸਾ ਰਹਿਣ ਨਾ ਪਾਵਣਾ, ਸੁਰਪਤ ਰਾਜਾ ਇੰਦ ਵਕ਼ਤ ਚੁਕਾਇੰਦਾ। ਸ਼ੰਕਰ ਅੰਤਮ ਜੋਤੀ ਮੇਲ ਮਿਲਾਵਣਾ, ਹੱਥ ਤ੍ਰਿਸੂਲ ਨਾ ਕੋਇ ਉਠਾਇੰਦਾ। ਬ੍ਰਹਮੇ ਪਾਰਬ੍ਰਹਮ ਸਮਾਵਣਾ, ਚਾਰੇ ਮੁਖ ਚਾਰੇ ਵੇਦ ਨਾ ਕੋਇ ਅਲਾਇੰਦਾ। ਵਿਸ਼ਨੂੰ ਤੇਰਾ ਰਿਜ਼ਕ ਆਪਣੀ ਝੋਲੀ ਪਾਵਣਾ, ਘਰ ਘਰ ਰਿਜ਼ਕ ਨਾ ਕੋਇ ਪੁਚਾਇੰਦਾ। ਏਕਾ ਡੰਕਾ ਨਾਮ ਵਜਾਵਣਾ, ਪੁਰਖ ਅਕਾਲ ਖੇਲ ਖਿਲਾਇੰਦਾ। ਕਲਜੁਗ ਕੂੜਾ ਰਹਿਣ ਨਾ ਪਾਵਣਾ, ਜਗਤ ਅੰਧੇਰਾ ਆਪ ਗਵਾਇੰਦਾ। ਸਤਿਜੁਗ ਸਾਚਾ ਮਾਰਗ ਲਾਵਣਾ, ਸਾਚੀ ਸਿਖਿਆ ਸਿਖ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਬੰਧਨ ਆਪੇ ਪਾਇੰਦਾ। ਕਲਜੁਗ ਬੰਧਨ ਪਾਵਣਾ, ਪੁਰਖ ਅਬਿਨਾਸ਼ੀ ਬੇਪਰਵਾਹ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਵੇਖ ਵਖਾਵਣਾ, ਘਟ ਘਟ ਵੇਖੇ ਥਾਉਂ ਥਾਂ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੂਪ ਆਪ ਧਰਾਵਣਾ, ਰੂਪ ਰੰਗ ਰੇਖ ਨਾ ਸਕੇ ਕੋਇ ਜਣਾ। ਸ਼ਬਦ ਖੰਡਾ ਹੱਥ ਚਮਕਾਵਣਾ, ਬ੍ਰਹਿਮੰਡਾਂ ਖੰਡਾਂ ਦਏ ਦਰਸਾ। ਮਨਮੁਖਾਂ ਕੰਡਾਂ ਆਪ ਵਢਾਵਣਾ, ਅੰਤਮ ਸੱਥਰ ਦਏ ਵਛਾ। ਗੁਰਮੁਖ ਵਿਰਲਾ ਆਪ ਤਰਾਵਣਾ, ਹਰਿ ਸਾਚੇ ਸੱਚੇ ਸ਼ਹਿਨਸ਼ਾਹ। ਜਿਸ ਜਨ ਆਪਣੀ ਬੂਝ ਬੁਝਾਵਣਾ, ਦੂਈ ਦਵੈਤੀ ਪਰਦਾ ਦਏ ਚੁਕਾ। ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਵਣਾ, ਆਸਾ ਤ੍ਰਿਸ਼ਨਾ ਦਏ ਮਿਟਾ। ਸੁਰਤੀ ਸ਼ਬਦੀ ਮੇਲ ਮਿਲਾਵਣਾ, ਸੁਰਤ ਸ਼ਬਦ ਲਏ ਪਰਨਾ। ਡੂੰਘੀ ਭਵਰੀ ਪਾਰ ਕਰਾਵਣਾ, ਸੁਖਮਨ ਟੇਡੀ ਬੰਕ ਪਕੜੇ ਬਾਂਹ। ਤ੍ਰਬੈਣੀ ਆਪਣੇ ਨੈਣੀ ਪਾਰ ਕਰਾਵਣਾ, ਆਪੇ ਹੋਏ ਸਦ ਸਹਾ। ਅੰਮ੍ਰਿਤ ਜਾਮ ਇਕ ਪਿਆਵਣਾ, ਨਿਝਰ ਝਿਰਨਾ ਦਏ ਝਿਰਾ। ਹੰਸ ਕਾਗ ਆਪ ਬਣਾਵਣਾ, ਦੁਰਮਤ ਮੈਲ ਧਵਾ। ਸੋਹੰ ਹੰਸਾ ਮੋਤੀ ਚੋਗ ਚੁਗਾਵਣਾ, ਆਤਮ ਪਰਮਾਤਮ ਦਏ ਮਿਲਾ। ਆਤਮ ਸੇਜਾ ਇਕ ਸੁਹਾਵਣਾ, ਦਸਮ ਦੁਆਰੀ ਸੇਜ ਵਛਾ। ਨਾਰੀ ਕੰਤ ਇਕ ਹੰਢਾਵਣਾ, ਪਲੰਗ ਰੰਗੀਲਾ ਆਪ ਹੰਢਾ। ਮਿਲ ਸਖ਼ੀਆਂ ਮੰਗਲ ਗਾਵਣਾ, ਗੀਤ ਗੋਬਿੰਦ ਅਲਾ। ਸਤਿ ਸਤਿਵਾਦੀ ਏਕਾ ਨਜ਼ਰੀ ਆਵਣਾ, ਵਾਹਿਗੁਰੂ ਰਾਮ ਇਲਾਹੀ ਨੂਰ ਖ਼ੁਦਾ। ਜਲਵਾ ਆਪਣਾ ਆਪ ਵਖਾਵਣਾ, ਆਪੇ ਹੋਏ ਕ਼ੁਰਬਾਨ ਆਪੇ ਹੋਏ ਫ਼ਿਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਲਏ ਮਿਲਾ। ਨਿਹਕਲੰਕ ਸ੍ਰੀ ਭਗਵਾਨ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਤਿ ਸਤਿਵਾਦੀ ਇਕ ਵਖਾਏ ਇਕ ਨਿਸ਼ਾਨ, ਦੋ ਜਹਾਨਾਂ ਆਪ ਝੁਲਾਈਆ। ਚਾਰ ਵਰਨਾਂ ਦੇਵੇ ਇਕ ਗਿਆਨ, ਅਠਾਰਾਂ ਬਰਨ ਰਿਹਾ ਸਮਝਾਈਆ। ਏਕਾ ਰੂਪ ਸਤਿ ਸਰੂਪ ਵਡ ਭੂਪ ਹਰਿ ਮਿਹਰਬਾਨ, ਦੂਸਰ ਅਵਰ ਨਾ ਕੋਇ ਵਡਿਆਈਆ। ਚਾਰ ਵੇਦ ਸ਼ਾਸਤਰ ਸਿਮਰਤ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਦੇਂਦੀ ਆਈ ਗਿਆਨ, ਗਿਆਨ ਗਿਆਨ ਵਿਚ ਦ੍ਰਿੜਾਈਆ। ਬਿਨ ਸਤਿਗੁਰ ਪੂਰੇ ਏਥੇ ਓਥੇ ਦੇਵੇ ਨਾ ਕੋਇ ਮਾਣ, ਦਰਗਹਿ ਸਾਚੀ ਨਾ ਕੋਇ ਸਹਾਈਆ। ਭਰਮੇ ਭੁੱਲੇ ਜੀਵ ਨਾਦਾਨ, ਜੀਵਣ ਜੁਗਤ ਹੱਥ ਕਿਸੇ ਨਾ ਆਈਆ। ਪੜ੍ਹ ਪੜ੍ਹ ਥੱਕੇ ਹੋਏ ਬੇਈਮਾਨ, ਹਰਿ ਹਰਿ ਹਿਰਦੇ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਲੱਖ ਚੁਰਾਸੀ ਵੇਖਣਹਾਰਾ, ਘਟ ਘਟ ਆਪ ਜਗਾਇੰਦਾ। ਕਲਜੁਗ ਕਰੇ ਪਾਰ ਕਿਨਾਰਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਰੈਣ ਅੰਧੇਰੀ ਮੇਟੇ ਅੰਧ ਅੰਧਿਆਰਾ, ਕੂੜ ਕੁੜਿਆਰਾ ਡੇਰਾ ਢਾਇੰਦਾ। ਸਚ ਸੁਚ ਸਾਚਾ ਚੰਦ ਕਰੇ ਉਜਿਆਰਾ, ਸਾਚੀ ਸਿਖਿਆ ਇਕ ਸਮਝਾਇੰਦਾ। ਵਰਨਾਂ ਬਰਨਾਂ ਵਸੇ ਬਾਹਰਾ, ਦੀਨ ਮਜ਼੍ਹਬ ਈਮਾਨ ਨਾ ਕੋਇ ਰਖਾਇੰਦਾ। ਨਿਰਗੁਣ ਜੋਤ ਨਿਰਾਕਾਰਾ, ਸ਼ਬਦ ਸ਼ਬਦੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਇਸ਼ਟ ਇਸ਼ਟ ਗੁਰਦੇਵ ਏਕਾ ਪਾਰਬ੍ਰਹਮ ਅਲਖ ਅਭੇਵ, ਏਕਾ ਸੇਵਾ ਸਰਬ ਕਮਾਇੰਦਾ। ਏਕਾ ਸੇਵਕ ਸੇਵਾਦਾਰ, ਆਦਿ ਜੁਗਾਦਿ ਸੇਵ ਕਮਾਈਆ। ਏਕਾ ਏਕੰਕਾਰਾ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਈਆ। ਕਲਜੁਗ ਅੰਤਮ ਹੋ ਤਿਆਰ, ਨਿਰਗੁਣ ਜੋਤ ਲੋਕਮਾਤ ਕਰੇ ਰੁਸ਼ਨਾਈਆ। ਭਗਤ ਭਗਵੰਤ ਲਏ ਉਠਾਲ, ਪੂਰਬ ਲਹਿਣਾ ਝੋਲੀ ਪਾਈਆ। ਸੰਤ ਕੰਤ ਮੇਲਾ ਦੋ ਜਹਾਨ, ਵਿਛੜ ਕਦੇ ਨਾ ਜਾਈਆ। ਗੁਰਮੁਖਾਂ ਬਖ਼ਸ਼ੇ ਇਕ ਗਿਆਨ, ਆਤਮ ਅੰਤਰ ਕਰੇ ਪੜ੍ਹਾਈਆ। ਗੁਰਸਿਖਾਂ ਦੇਵੇ ਜੀਆ ਦਾਨ, ਜੀਵਣ ਮੁਕਤ ਕਰਾਈਆ। ਮਨਮੁਖ ਜੀਵ ਹੋਏ ਨਾਦਾਨ, ਹਰਿ ਕਾ ਰੂਪ ਦਿਸ ਨਾ ਆਈਆ। ਨਾਤਾ ਜੁੜਿਆ ਪੰਜ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਕੂੜੀ ਕਿਰਿਆ ਦਏ ਮਿਟਾਈਆ। ਕੂੜੀ ਕਿਰਿਆ ਪੰਧ ਮੁਕਾਵਣਾ, ਚੌਥਾ ਜੁਗ ਆਪ ਚੁਕਾਇੰਦਾ। ਵੇਦ ਅਥਰਬਣ ਰਹਿਣ ਨਾ ਪਾਵਣਾ, ਐੜਾ ਅੱਖ ਇਕ ਖੁਲ੍ਹਾਇੰਦਾ। ਏਕਾ ਇਸ਼ਟ ਦ੍ਰਿਸ਼ਟ ਸਰਬ ਦਰਸਾਵਣਾ, ਏਕਾ ਭੂਪ ਨਜ਼ਰੀ ਆਇੰਦਾ। ਚਾਰ ਕੁੰਟ ਦਹਿ ਦਿਸ਼ਾ ਨਾਮ ਡੰਕ ਇਕ ਵਜਾਵਣਾ, ਰਾਓ ਰੰਕ ਰਾਜ ਰਾਜਾਨ ਸਰਬ ਉਠਾਇੰਦਾ। ਇਕ ਨਿਸ਼ਾਨ ਸੱਤ ਦੀਪ ਆਪ ਝੁਲਾਵਣਾ, ਨੌਂ ਖੰਡ ਏਕਾ ਹੁਕਮ ਵਰਤਾਇੰਦਾ। ਏਕਾ ਤਾਜ ਸੀਸ ਟਿਕਾਵਣਾ, ਪੰਚਮ ਪੰਚਮ ਪੰਚਮ ਜੋਗ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਹਰਿ ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਧੁਰ ਫ਼ਰਮਾਨ, ਕਲਜੁਗ ਅੰਤਮ ਆਪ ਜਣਾਈਆ। ਖੇਲੇ ਖੇਲ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚੌਦਾਂ ਲੋਕ ਤ੍ਰੈਭਵਨ ਅਵਣ ਗਵਣ ਆਪਣਾ ਰੂਪ ਧਰਾਈਆ। ਆਪ ਵਖਾਏ ਸਤਿ ਨਿਸ਼ਾਨ, ਪੁਰਖ ਅਬਿਨਾਸ਼ੀ ਹੋ ਮਿਹਰਬਾਨ, ਜਗਦੀਸ਼ ਸਾਚੀ ਸੇਵਾ ਆਪ ਕਮਾਈਆ। ਜਨ ਭਗਤਾਂ ਦੇਵੇ ਧੁਰ ਫ਼ਰਮਾਨ, ਸ਼ਬਦ ਅਨਾਦੀ ਧੁਰ ਦੀ ਬਾਣੀ ਬ੍ਰਹਮ ਬ੍ਰਹਿਮਾਦੀ ਆਪ ਸੁਣਾਈਆ। ਆਦਿ ਜੁਗਾਦੀ ਖੇਲ ਮਹਾਨ, ਕਲਜੁਗ ਅੰਤਮ ਵੇਖੇ ਆਣ, ਸ੍ਰਿਸ਼ਟ ਸਬਾਈ ਜਗਤ ਲੋਕਾਈਆ। ਗੁਰਮੁਖ ਸੱਜਣ ਲਏ ਪਛਾਣ, ਚਰਨ ਕਵਲ ਦੇਵੇ ਸੱਚਾ ਮਾਣ, ਮਨ ਮਣਕਾ ਆਪ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਨਿਰਗੁਣ ਨਿਰਗੁਣ ਨਿਰਗੁਣ ਧਾਰ ਆਪ ਚਲਾਈਆ। ਨਿਰਗੁਣ ਧਾਰ ਹਰਿ ਨਿਰੰਕਾਰ, ਨਿਰਵੈਰ ਪੁਰਖ ਚਲਾਇੰਦਾ। ਕਲਜੁਗ ਅੰਤ ਖੇਲ ਅਪਾਰ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਸੰਬਲ ਨਗਰੀ ਧਾਮ ਨਿਆਰ, ਗੋਬਿੰਦ ਸੂਰਾ ਆਸਣ ਲਾਇੰਦਾ। ਏਕਾ ਬੋਲ ਸ਼ਬਦ ਜੈਕਾਰ, ਸਾਚਾ ਨਾਅਰਾ ਆਪ ਸੁਣਾਇੰਦਾ। ਸ੍ਰਿਸ਼ਟ ਸਬਾਈ ਮਾਰੇ ਮਾਰ, ਬਚਿਆ ਕੋਇ ਰਹਿਣ ਨਾ ਪਾਇੰਦਾ। ਸੰਮਤ ਸਤਾਰਾਂ ਰਿਹਾ ਵਿਚਾਰ, ਧਰਤ ਧਵਲ ਸਰਬ ਹਿਲਾਇੰਦਾ। ਅੱਠ ਦਸ ਕਰੇ ਖ਼ਵਾਰ, ਨਵ ਨੌਂ ਗੇੜਾ ਆਪ ਦਵਾਇੰਦਾ। ਬੀਸ ਬੀਸਾ ਹੋ ਤਿਆਰ, ਜਗਤ ਜਗਦੀਸ਼ਾ ਵੇਸ ਵਟਾਇੰਦਾ। ਸੋਹੇ ਸੀਸ ਸੱਚੀ ਦਸਤਾਰ, ਇਕ ਇਕੀਸ ਕਲ ਵਰਤਾਇੰਦਾ। ਸ੍ਰਿਸ਼ਟ ਸਬਾਈ ਪੀਸਣ ਜਾਏ ਪੀਸ, ਕਲਜੁਗ ਚੱਕੀ ਆਪ ਚਲਾਇੰਦਾ। ਲੇਖਾ ਚੁੱਕੇ ਅੰਜੀਲ ਕ਼ੁਰਾਨ ਹਦੀਸ, ਤੀਸ ਬਤੀਸ ਨਾ ਕੋਇ ਸਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਅੰਜੀਲ ਕ਼ੁਰਾਨ ਪੰਧ ਮੁਕੌਣਾ, ਲੋਕਮਾਤ ਰਹਿਣ ਨਾ ਪਾਈਆ। ਚਾਰੇ ਵੇਦ ਮੁਖ ਭਵੌਣਾ, ਚੌਥੇ ਜੁਗ ਦੇਵੇ ਪੰਧ ਮੁਕਾਈਆ। ਸ਼ਾਸਤਰ ਸਿਮਰਤ ਆਪਣੇ ਵਿਚ ਟਿਕੌਣਾ, ਗੀਤਾ ਗਿਆਨ ਨਾ ਕੋਇ ਵਡਿਆਈਆ। ਖਾਣੀ ਬਾਣੀ ਵੇਖ ਵਖੌਣਾ, ਏਕਾ ਨਾਮ ਦਏ ਵਡਿਆਈਆ। ਰਾਮ ਕ੍ਰਿਸ਼ਨ ਕ੍ਰਿਸ਼ਨ ਰਾਮ ਕੋਟਨ ਕੋਟ ਰੂਪ ਆਪ ਦਰਸੌਣਾ, ਸੀਤਾ ਸੁਰਤੀ ਆਪ ਪਰਨਾਈਆ। ਕਲਜੁਗ ਰਾਵਣ ਮਾਰ ਮੁਕੌਣਾ, ਕੰਸ ਹੰਕਾਰੀ ਮੇਟ ਮਿਟਾਈਆ। ਕਾਲਾ ਸੂਸਾ ਤਨ ਛੁਹੌਣਾ, ਈਸਾ ਮੂਸਾ ਲਏ ਉਠਾਈਆ। ਸੰਗ ਮੁਹੰਮਦ ਚਾਰ ਯਾਰ ਚੌਦਾਂ ਤਬਕਾਂ ਫੇਰਾ ਪੌਣਾ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਸਚਖੰਡ ਨਿਵਾਸੀ ਆਪਣਾ ਖੇਲ ਆਪ ਖਿਲੌਣਾ, ਨਿਰਗੁਣ ਨਿਰਗੁਣ ਨਿਰਗੁਣ ਲਏ ਮੇਲ ਮਿਲਾਈਆ। ਨਾਨਕ ਬੰਕ ਇਕ ਸੁਹੌਣਾ, ਗੋਬਿੰਦ ਵੱਜੇ ਵਧਾਈਆ। ਨੌਂ ਖੰਡ ਬ੍ਰਹਿਮੰਡ ਜੇਰਜ ਅੰਡ ਏਕਾ ਨਾਮ ਪੱਲੇ ਗੰਢ ਬੰਧੌਣਾ, ਠਗ ਚੋਰ ਯਾਰ ਲੁੱਟ ਕੋਇ ਨਾ ਜਾਈਆ। ਅਠਸਠ ਤੀਰਥ ਪੰਧ ਮੁਕੌਣਾ, ਜਮਨਾ ਸੁਰਸਤੀ ਗੰਗਾ ਗੋਦਾਵਰੀ ਨਹਾਵਣ ਕੋਇ ਨਾ ਜਾਈਆ। ਘਰ ਘਰ ਦੀਪਕ ਆਪ ਜਗੌਣਾ, ਜੋਤ ਨਿਰੰਜਣ ਕਰ ਰੁਸ਼ਨਾਈਆ। ਅਨਹਦ ਸ਼ਬਦ ਸੱਚੀ ਧੁਨਕਾਰ ਆਪ ਉਪਜੌਣਾ, ਅੱਠੇ ਪਹਿਰ ਵੱਜਦੀ ਰਹੇ ਵਧਾਈਆ। ਕਾਇਆ ਮੰਦਰ ਡੂੰਘੀ ਕੰਦਰ ਆਪ ਸੁਹੌਣਾ, ਹਰਿ ਮੰਦਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਫੜ, ਲੱਖ ਚੁਰਾਸੀ ਫੋਲ ਫੁਲਾਈਆ। ਗੁਰਮੁਖ ਸਾਚਾ ਸਤਿਗੁਰ ਫੜਿਆ, ਆਦਿ ਜੁਗਾਦੀ ਸੇਵ ਕਮਾਈਆ। ਆਪਣੇ ਪੌੜੇ ਆਪੇ ਚੜ੍ਹਿਆ, ਕਾਇਆ ਬੰਕ ਦਏ ਵਡਿਆਈਆ। ਚੌਥੇ ਘਰ ਆਪੇ ਵੜਿਆ, ਤੀਜਾ ਲੋਇਣ ਦਏ ਖੁਲ੍ਹਾਈਆ। ਦੋਏ ਦੋਏ ਲੇਖਾ ਆਪੇ ਕਰਿਆ, ਇਕ ਇਕੱਲਾ ਸੱਚਾ ਸ਼ਹਿਨਸ਼ਾਹੀਆ। ਏਕੰਕਾਰਾ ਬੋਲ ਜੈਕਾਰਾ ਨਿਰਭੌ ਭੈ ਚੁਕਾਵੇ ਡਰਿਆ, ਰਾਏ ਧਰਮ ਨੇੜ ਨਾ ਆਈਆ। ਗੁਰਮੁਖ ਗੁਰਸਿਖ ਹਰਿਭਗਤ ਹਰਿਸੰਤ ਪੁਰਖ ਅਬਿਨਾਸ਼ੀ ਏਕਾ ਵਰਿਆ, ਕੰਤ ਕੰਤੂਹਲ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਨਾ ਜੰਮੇ ਨਾ ਕਦੇ ਮਰਿਆ, ਮਾਤ ਗਰਭ ਨਾ ਫੇਰਾ ਪਾਈਆ। ਜਨਮ ਮਰਨ ਵਿਚ ਕਦੇ ਨਾ ਆਇਆ, ਪੁਰਖ ਅਕਾਲ ਵਡੀ ਵਡਿਆਈਆ। ਆਵਣ ਜਾਵਣ ਖੇਲ ਰਚਾਇਆ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਲਏ ਹੰਢਾਈਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਤੇਰਾ ਪੰਧ ਦਏ ਮੁਕਾਇਆ, ਬ੍ਰਹਮਾ ਵਿਸ਼ਨ ਸ਼ਿਵ ਆਪਣੀ ਸਰਨੀ ਪਾਈਆ। ਕੋਟਨ ਕੋਟ ਬ੍ਰਹਮਾ ਬੈਠੇ ਦਰ ਸੀਸ ਝੁਕਾਇਆ, ਕੋਟਨ ਕੋਟ ਵਿਸ਼ਨੂੰ ਬੈਠੇ ਝੋਲੀ ਡਾਹੀਆ। ਕੋਟਨ ਕੋਟ ਸ਼ੰਕਰ ਗਲ ਬਾਸ਼ਕ ਤਸ਼ਕਾ ਰਹੇ ਲਟਕਾਇਆ, ਹੱਥ ਤ੍ਰਿਸੂਲ ਇਕ ਉਠਾਈਆ। ਕਲਜੁਗ ਅੰਤਮ ਪੰਧ ਦਏ ਮੁਕਾਇਆ, ਆਪ ਆਪਣਾ ਪੰਧ ਮੁਕਾਈਆ। ਗੁਰਮੁਖ ਸਾਚੇ ਲਏ ਜਗਾਇਆ, ਸੋਇਆ ਕੋਇ ਰਹਿਣ ਨਾ ਪਾਈਆ। ਪੂਰਬ ਲਹਿਣਾ ਇਕ ਵਖਾਇਆ, ਨੇਤਰ ਨੈਣਾਂ ਦਰਸ ਦਿਖਾਈਆ। ਭਾਣਾ ਸਹਿਣਾ ਹੁਕਮ ਜਣਾਇਆ, ਹਰਿ ਭਾਣੇ ਵਡ ਵਡਿਆਈਆ। ਤਨ ਬਸਤਰ ਗਹਿਣਾ ਇਕ ਸਜਾਇਆ, ਨਾਮ ਭੂਸ਼ਨ ਆਪ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਏਕਾ ਹਰਿ, ਹਰਿ ਮੰਦਰ ਜੋਤ ਜਗਾਈਆ। ਹਰਿ ਮੰਦਰ ਅੰਦਰ ਨਿਰਗੁਣ ਜੋਤ, ਨਿਰਗੁਣ ਨਿਧਾਨ ਆਪ ਜਗਾਇੰਦਾ। ਨਾ ਕੋਈ ਕਿਲਾ ਨਾ ਕੋਈ ਕੋਟ, ਚਾਰ ਦੀਵਾਰ ਨਾ ਕੋਇ ਰਖਾਇੰਦਾ। ਪੁਰਖ ਅਗੰਮੜਾ ਅਗੰਮੜੀ ਕਾਰ ਨਾ ਕੋਈ ਵਰਨ ਨਾ ਕੋਈ ਗੋਤ, ਜ਼ਾਤ ਪਾਤ ਨਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਗੁਰਸਿਖ ਗੁਰਮੁਖ ਗੁਰ ਗੁਰ ਆਪਣੇ ਲੇਖੇ ਪਾਇੰਦਾ। ਗੁਰਸਿਖ ਗੁਰ ਗੁਰ ਜਾਣਿਆ, ਆਦਿ ਜੁਗਾਦੀ ਕਾਰ। ਗੁਰਮੁਖ ਗੁਰ ਗੁਰ ਰੰਗ ਮਾਣਿਆ, ਮਿਲਿਆ ਮੇਲ ਪੀਆ ਪ੍ਰੀਤਮ ਸਾਚੇ ਯਾਰ। ਮਨਮੁਖ ਸੁੱਤੇ ਜੀਵ ਨਾਦਾਨਿਆ, ਕਲਜੁਗ ਰੈਣ ਅੰਧੇਰੀ ਅੰਧ ਅੰਧਿਆਰ। ਦਿਸ ਨਾ ਆਏ ਸ੍ਰੀ ਭਗਵਾਨਿਆ, ਮਸਤਕ ਟਿੱਕਾ ਕਾਲੀ ਛਾਰ। ਜਿਸ ਜਨ ਉਪਰ ਹੋਏ ਆਪ ਮਿਹਰਬਾਨਿਆ, ਦਰਸ਼ਨ ਦੇਵੇ ਦੀਨ ਦਿਆਲ। ਚਰਨ ਕਵਲ ਕਵਲ ਚਰਨ ਸਰਨ ਬਖ਼ਸ਼ੇ ਸ੍ਰੀ ਭਗਵਾਨਿਆ, ਗੁਰਮੁਖ ਬਣਾਏ ਸਾਚੇ ਲਾਲ। ਦਰਗਹਿ ਸਾਚੀ ਕਰੇ ਪਰਵਾਨਿਆ, ਨਾਤਾ ਤੋੜੇ ਸ਼ਾਹ ਕੰਗਾਲ। ਜਿਸ ਜਨ ਗਾਇਆ ਬ੍ਰਹਮ ਪਾਰਬ੍ਰਹਮ ਸਾਚਾ ਗਾਣਿਆ, ਤਿਸ ਮਿਲਿਆ ਹਰਿ ਜੂ ਹਰਿ ਹਰਿ ਆਣ। ਤੀਰ ਨਿਰਾਲਾ ਮਾਰੇ ਬਿਰਹੋ ਬਾਣਿਆ, ਜੋ ਜਨ ਘਾਲਣ ਰਹੇ ਘਾਲ। ਹੋਏ ਮਿਹਰਵਾਨ ਸੁਘੜ ਸਿਆਣਿਆ, ਲੇਖੇ ਲਾਏ ਮੂਰਖ ਮੁਗਧ ਅਞਾਣ। ਕਲਜੁਗ ਜੀਵਾਂ ਵੇਲਾ ਅੰਤ ਪਛਤਾਨਿਆ, ਅੰਤਮ ਸੁੰਞਾ ਦਿਸੇ ਸਰਬ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਸ਼ਬਦ ਏਕਾ ਧਾਰ, ਏਕਾ ਰੰਗ ਰੰਗੇ ਸਰਬ ਸੰਸਾਰ, ਦੂਸਰ ਅਵਰ ਨਾ ਕੋਇ ਦੁਆਰ।
