੩੦ ਮਾਘ ੨੦੧੭ ਬਿਕ੍ਰਮੀ ਰੇਸ਼ਮ ਸਿੰਘ ਦੇ ਗ੍ਰਹਿ ਮੇਰਠ ਛਾਵਨੀ
ਹਰਿ ਪੁਰਖ ਅਗੰਮ ਖੇਲ ਅਵੱਲਾ, ਨਿਰਗੁਣ ਆਦਿ ਜੁਗਾਦਿ ਕਰਾਇੰਦਾ। ਨਿਰਵੈਰ ਨਿਰਾਕਾਰ ਵਸਣਹਾਰ ਸਚਖੰਡ ਸਚ ਮਹੱਲਾ, ਜੋਤੀ ਨੂਰ ਡਗਮਗਾਇੰਦਾ। ਜੁਗਾ ਜੁਗੰਤਰ ਸਤਿ ਸਤਿਵਾਦੀ ਸ਼ਬਦ ਸੰਦੇਸ਼ ਏਕਾ ਘੱਲਾ, ਬ੍ਰਹਿਮੰਡ ਖੰਡ ਆਪ ਸੁਣਾਇੰਦਾ। ਅਜੂਨੀ ਰਹਿਤ ਜੋਤੀ ਦੀਪਕ ਆਪੇ ਬਲਾ, ਨੂਰੋ ਨੂਰ ਡਗਮਗਾਇੰਦਾ। ਵਸਣਹਾਰਾ ਨੇਹਚਲ ਧਾਮ ਅਟੱਲਾ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਪੁਰਖ ਅਬਿਨਾਸ਼ਾ ਆਪੇ ਜਾਣੇ ਆਪਣੀ ਰਾਸਾ, ਆਪਣੇ ਮੰਦਰ ਸੋਭਾ ਪਾਇੰਦਾ। ਸੋ ਪੁਰਖ ਨਿਰੰਜਣ ਪਾਰਬ੍ਰਹਮ ਬੇਅੰਤ, ਗਹਿਰ ਗੰਭੀਰ ਵਡੀ ਵਡਿਆਈਆ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਖੇਲ ਖਿਲਾਈਆ। ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸੀ ਪੁਰਖ ਅਕਾਲਾ ਦੀਨ ਦਿਆਲਾ ਸੋਭਾਵੰਤ, ਦਰ ਘਰ ਸਾਚੇ ਸੋਭਾ ਪਾਈਆ । ਭੇਖ ਵਟਾਏ ਦਯਾ ਕਮਾਏ ਜੁਗਾ ਜੁਗੰਤ, ਜਗਤ ਜੁਗ ਆਪਣੇ ਹੱਥ ਰੱਖੇ ਵਡਿਆਈਆ। ਨਾਮ ਦ੍ਰਿੜਾਏ ਸ਼ਬਦ ਅਗੰਮਾ ਮਣੀਆ ਮੰਤ, ਘਟ ਘਟ ਆਪਣਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਪੁਰਖ ਅਗੰਮ ਨਾ ਮਰੇ ਨਾ ਪਏ ਜੰਮ, ਅਨੁਭਵ ਆਪਣੀ ਧਾਰ ਚਲਾਈਆ। ਅਨੁਭਵ ਧਾਰ ਪੁਰਖ ਅਕਾਲਾ, ਅਕਲ ਕਲ ਧਾਰੀ ਆਪ ਚਲਾਇੰਦਾ। ਆਦਿ ਜੁਗਾਦੀ ਖੇਲ ਨਿਰਾਲਾ, ਸ਼ਾਹ ਕੰਗਾਲਾ ਰੂਪ ਧਰਾਇੰਦਾ। ਕਰੇ ਖੇਲ ਥਿਰ ਘਰ ਸੱਚੀ ਧਰਮਸਾਲਾ, ਗ੍ਰਹਿ ਮੰਦਰ ਆਪਣਾ ਰੂਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਪੁਰਖ ਅਨਾਦਿ ਲੇਖਾ ਜਾਣੇ ਆਦਿ ਜੁਗਾਦਿ ਬ੍ਰਹਮ ਬ੍ਰਹਮਾਦਿ, ਭੇਵ ਅਭੇਦਾ ਭੇਵ ਛੁਪਾਇੰਦਾ। ਏਕੰਕਾਰਾ ਖੇਲ ਅਪਾਰਾ, ਖ਼ਾਲਕ ਖ਼ਲਕ ਰੂਪ ਸਮਾਈਆ। ਏਕਾ ਨਾਦ ਇਕ ਜੈਕਾਰਾ, ਧੁਰ ਫੁਰਮਾਨਾ ਆਪ ਸੁਣਾਈਆ। ਏਕਾ ਪੁਰਖ ਏਕਾ ਨਾਰਾ, ਏਕਾ ਕੰਤ ਇਕ ਭਤਾਰਾ, ਏਕਾ ਆਸਨ ਸਿੰਘਾਸਣ ਸੋਭਾ ਪਾਈਆ। ਏਕਾ ਸੁਤ ਇਕ ਦੁਲਾਰਾ, ਏਕਾ ਕਰੇ ਸਚ ਪਿਆਰਾ, ਗੋਦ ਸੁਹੰਜਣੀ ਇਕ ਸੁਹਾਈਆ। ਏਕਾ ਹੁਕਮ ਇਕ ਵਰਤਾਰਾ, ਏਕਾ ਸ਼ਾਹ ਇਕ ਸਿਕਦਾਰਾ, ਏਕਾ ਰਯੀਅਤ ਨਾਉਂ ਵਟਾਈਆ। ਏਕਾ ਨੂਰ ਇਕ ਉਜਿਆਰਾ, ਏਕਾ ਵਸੇ ਸਭ ਤੋਂ ਬਾਹਿਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਦਰ ਘਰ ਸਾਚੇ ਸੋਭਾ ਪਾਈਆ। ਏਕਾ ਘਰ ਏਕਾ ਦਰ, ਦਰ ਦਰਵਾਜ਼ਾ ਇਕ ਸੁਹਾਇੰਦਾ। ਏਕਾ ਚੁਕਾਏ ਆਦਿ ਅੰਤ ਡਰ, ਨਿਰਭੌ ਆਪਣੀ ਖੇਲ ਖਿਲਾਇੰਦਾ। ਏਕਾ ਘਾੜਨ ਲਏ ਘੜ, ਭੰਨਣਹਾਰ ਆਪ ਹੋ ਜਾਇੰਦਾ। ਏਕਾ ਕਰਤਾ ਪੁਰਖ ਕਰਨੀ ਰਿਹਾ ਕਰ, ਕ਼ਾਦਰ ਕ਼ੁਦਰਤ ਵੇਖ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪਣੇ ਹੱਥ ਰਖਾਇੰਦਾ। ਸਾਚਾ ਹੁਕਮ ਧੁਰ ਫ਼ਰਮਾਨਾ, ਸੋ ਪੁਰਖ ਨਿਰੰਜਣ ਆਪਣੇ ਹੱਥ ਰਖਾਈਆ। ਸਾਚਾ ਤਖ਼ਤ ਇਕ ਸੁਹਾਨਾ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਨਾਉਂ ਨਿਰੰਕਾਰ ਧੁਰ ਫ਼ਰਮਾਨਾ, ਆਪਣਾ ਆਪ ਪਰਗਟਾਈਆ। ਆਪੇ ਜਾਣੇ ਆਪਣਾ ਭਾਣਾ, ਦੂਸਰ ਭੇਵ ਨਾ ਕਿਸੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਪ੍ਰਭ ਅਪਾਰ, ਲੇਖਾ ਜਾਣੇ ਆਪਣੀ ਧਾਰ, ਧਾਰ ਧਾਰ ਵਿਚ ਸਮਾਈਆ। ਧਾਰ ਧਾਰ ਵਿਚ ਸਮਾਇੰਦਾ, ਇਕ ਇਕੱਲਾ ਏਕੰਕਾਰ। ਆਪਣੀ ਖੇਲ ਆਪ ਖਿਲਾਇੰਦਾ, ਖੇਲਣਹਾਰ ਬੇਐਬ ਪਰਵਰਦਿਗਾਰ। ਆਪਣਾ ਨੂਰ ਪਰਗਟਾਇੰਦਾ, ਨੂਰੀ ਜਲਵਾ ਕਰ ਉਜਿਆਰ। ਆਪਣੀ ਤੂਰ ਆਪ ਸੁਣਾਇੰਦਾ, ਅਨਾਦੀ ਨਾਦ ਸੱਚੀ ਧੁੰਨਕਾਰ। ਆਪਣਾ ਸ਼ਬਦ ਆਪ ਪਰਗਟਾਇੰਦਾ , ਬੋਧ ਅਗਾਧ ਇਕ ਜੈਕਾਰ। ਆਪਣਾ ਘਰ ਆਪ ਵਸਾਇੰਦਾ, ਆਪੇ ਪੁਰਖ ਆਪੇ ਨਾਰ। ਆਪੇ ਸੁਤ ਦੁਲਾਰਾ ਜਾਇੰਦਾ, ਆਪੇ ਹਿਤ ਕਰੇ ਪਿਆਰ। ਆਪੇ ਨਿਤ ਨਵਿਤ ਖੇਲ ਖਿਲਾਇੰਦਾ, ਖੇਲਣਹਾਰਾ ਖੇਲ ਕਰੇ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਦੂਸਰ ਅਵਰ ਨਾ ਕੋਇ ਜਣਾਇੰਦਾ। ਦੂਸਰ ਅਵਰ ਨਾ ਕੋਇ ਜਣਾਇਆ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਗ੍ਰਹਿ ਮੰਦਰ ਅੰਦਰ ਆਪਣਾ ਆਸਣ ਲਾਇਆ, ਨਿਰਗੁਣ ਨਿਰਗੁਣ ਆਪਣਾ ਰੂਪ ਪਰਗਟਾਈਆ। ਦੀਵਾ ਬਾਤੀ ਇਕ ਜਗਾਇਆ, ਜੋਤੀ ਨੂਰ ਨੂਰ ਰੁਸ਼ਨਾਈਆ। ਕਮਲਾਪਾਤੀ ਸੋਭਾ ਪਾਇਆ, ਕਵਲ ਨੈਣ ਵਡੀ ਵਡਿਆਈਆ। ਆਪਣੀ ਆਰਤੀ ਆਪਣਾ ਹਵਨ ਆਪ ਕਰਾਇਆ, ਆਪੇ ਆਪਣਾ ਆਪ ਪੂਜ ਵਖਾਈਆ। ਆਪੇ ਨਿਉਂ ਨਿਉਂ ਮਸਤਕ ਸੀਸ ਝੁਕਾਇਆ, ਆਪੇ ਮੰਗੇ ਚਰਨ ਧੂੜ ਮਸਤਕ ਸੱਚੀ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਘਰ, ਗ੍ਰਹਿ ਮੰਦਰ ਆਪ ਸੁਹਾਈਆ। ਗ੍ਰਹਿ ਮੰਦਰ ਹਰਿ ਸੁਹੰਜਣਾ, ਸੋਭਾਵੰਤ ਸ੍ਰੀ ਭਗਵਾਨ। ਦੀਪ ਜਗਾਏ ਜੋਤ ਨਿਰੰਜਨਾ, ਦੀਪਾਂ ਲੋਆਂ ਕਰ ਪ੍ਰਵਾਨ। ਕਰੇ ਖੇਲ ਸੂਰਾ ਸਰਬੰਗਨਾ, ਜੋਧਾ ਸੂਰਬੀਰ ਵਡ ਬਲਵਾਨ। ਨਾਮ ਮਰਦੰਗ ਏਕਾ ਵੱਜਣਾ, ਹਰਿ ਵਜਾਏ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦਰ ਆਪੇ ਮੰਗਣਾ, ਆਪੇ ਰਾਜ ਆਪ ਰਾਜਾਨ। ਆਪੇ ਰਾਜਾ ਬਣ ਭਿਖਾਰੀ, ਹਰਿ ਸਾਚੀ ਖੇਲ ਖਿਲਾਇੰਦਾ। ਆਪੇ ਬਣੇ ਚੋਬਦਾਰੀ, ਆਪੇ ਸ਼ਾਹ ਪਾਤਸ਼ਾਹ ਰੂਪ ਵਟਾਇੰਦਾ। ਆਪੇ ਦੇਵਣਹਾਰਾ ਸਾਚੀ ਦਾਰੀ, ਆਪੇ ਅੱਗੇ ਝੋਲੀ ਡਾਹਿੰਦਾ। ਆਪੇ ਵਣਜ ਆਪ ਵਣਜਾਰੀ, ਆਪੇ ਸਾਚਾ ਵਣਜ ਕਰਾਇੰਦਾ। ਆਪੇ ਨਿਰਗੁਣ ਜੋਤ ਨੂਰ ਉਜਿਆਰੀ, ਆਪੇ ਧੂਆਂਧਾਰ ਸਮਾਇੰਦਾ। ਆਪੇ ਸ਼ਬਦ ਨਾਦ ਧੁਨਕਾਰੀ, ਆਪੇ ਸੁੰਨ ਅਗੰਮ ਆਪਣੀ ਖੇਲ ਖਿਲਾਇੰਦਾ। ਆਪੇ ਨਿਰਗੁਣ ਸਰਗੁਣ ਪੈਜ ਸਵਾਰੀ, ਰੂਪ ਅਨੂਪ ਆਪ ਧਰਾਇੰਦਾ। ਆਪੇ ਵਿਸ਼ਨੂੰ ਕਰੇ ਸਚ ਪਿਆਰੀ, ਵਿਸ਼ਵ ਆਪਣਾ ਅੰਗ ਵਖਾਇੰਦਾ। ਆਪੇ ਅੰਮ੍ਰਿਤ ਸਚ ਭੰਡਾਰੀ, ਆਪੇ ਕਵਲ ਨਾਭ ਰਖਾਇੰਦਾ। ਆਪੇ ਫੁੱਲ ਆਪੇ ਫੁਲਵਾੜੀ, ਪੱਤ ਡਾਲੀ ਆਪ ਮਹਿਕਾਇੰਦਾ। ਆਪੇ ਪਾਰਬ੍ਰਹਮ ਬ੍ਰਹਮ ਭੇਦ ਅਪਾਰੀ, ਆਪ ਆਪਣਾ ਅੰਗ ਕਟਾਇੰਦਾ। ਆਪੇ ਸ਼ੰਕਰ ਆਪੇ ਸ਼ਾਹ ਅਸਵਾਰੀ, ਸਗਲਾ ਸੰਗ ਰਖਾਇੰਦਾ। ਆਪੇ ਵਿਸ਼ਨ ਬਣ ਭੰਡਾਰੀ, ਸਤਿ ਭੰਡਾਰਾ ਆਪ ਵਰਤਾਇੰਦਾ। ਆਪੇ ਬ੍ਰਹਮ ਬਣ ਲਿਖਾਰੀ, ਸਾਚਾ ਲੇਖਾ ਆਪ ਜਣਾਇੰਦਾ। ਆਪੇ ਸ਼ੰਕਰ ਹੋਏ ਆਧਾਰੀ, ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਹਰਿ ਸੁਹਾਇਆ, ਆਦਿ ਪੁਰਖ ਪੁਰਖ ਅਗੰਮ। ਆਪਣੇ ਮੰਦਰ ਆਪਣਾ ਆਸਣ ਲਾਇਆ, ਨਾ ਕੋਈ ਸੂਰਜ ਨਾ ਕੋਈ ਚੰਨ। ਮੰਡਲ ਮੰਡਪ ਨਾ ਕੋਈ ਰਖਾਇਆ, ਨਾ ਕੋਈ ਬੇੜਾ ਰਿਹਾ ਬੰਨ੍ਹ, ਆਪਣਾ ਬੰਨ੍ਹ ਆਪ ਚਲਾਇਆ। ਆਪੇ ਜਨਨੀ ਆਪੇ ਜਨ, ਆਪੇ ਸਾਚੀ ਗੋਦ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਨਾਦ ਆਪੇ ਧੁਨ, ਆਪੇ ਸੁਣੇ ਆਪਣਾ ਰਾਗ, ਆਪੇ ਕੰਨ ਸੁਣਾਇਆ। ਰਾਗ ਨਿਰਾਲਾ ਆਪ ਸੁਣਾਇੰਦਾ, ਆਦਿ ਪੁਰਖ ਬੇਪਰਵਾਹ। ਆਪਣੀ ਇਛਿਆ ਆਪ ਪ੍ਰਗਟਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਲਏ ਉਪਾ। ਤਿੰਨਾਂ ਏਕਾ ਦਰ ਵਖਾਇੰਦਾ, ਪੁਰਖ ਅਬਿਨਾਸ਼ੀ ਆਪ ਖੁਲਾ। ਸਾਚੇ ਤਖ਼ਤ ਸੋਭਾ ਪਾਇੰਦਾ, ਜੋਤੀ ਜਾਤਾ ਡਗਮਗਾ। ਸੀਸ ਤਾਜ ਇਕ ਟਿਕਾਇੰਦਾ, ਸ਼ਹਿਨਸ਼ਾਹ ਸੱਚਾ ਪਾਤਸ਼ਾਹ। ਸਮਰਥ ਪੁਰਖ ਆਪਣਾ ਨਾਉਂ ਧਰਾਇੰਦਾ, ਮਹਿਮਾ ਅਕਥ ਕਥੀ ਨਾ ਜਾ। ਨਿਰਗੁਣ ਆਪਣਾ ਬੇੜਾ ਆਪ ਚਲਾਇੰਦਾ, ਆਪੇ ਚਪੂ ਦੇਵੇ ਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਭੇਵ ਆਪਣੇ ਵਿਚ ਰਖਾਇੰਦਾ। ਹਰਿ ਆਪਣਾ ਭੇਵ ਛੁਪਾਇੰਦਾ, ਆਦਿ ਜੁਗਾਦੀ ਕਾਰ। ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਇੰਦਾ, ਦੋਏ ਜੋੜ ਕਰਨ ਨਿਮਸਕਾਰ। ਦਰ ਭਿਖਾਰੀ ਮੰਗ ਮੰਗਾਇੰਦਾ, ਦੇਵਣਹਾਰਾ ਵਡ ਦਾਤਾਰ। ਦੇਵਣਹਾਰਾ ਦਿਸ ਨਾ ਆਇੰਦਾ, ਕਿਆ ਕੋਈ ਕਰੇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਕਰੇ ਖੇਲ ਅਪਾਰ। ਸਾਚੀ ਵਸਤ ਅਮੋਲਕ ਹਰਿ ਕਰਤਾਰਾ, ਆਪਣੀ ਆਪ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਿਆਰਾ, ਏਕਾ ਤੱਤ ਸਮਝਾਈਆ। ਏਕਾ ਸੁਤ ਇਕ ਦੁਲਾਰਾ, ਏਕਾ ਨਾਮ ਇਕ ਪਿਆਰਾ, ਏਕਾ ਮੰਦਰ ਕਰ ਉਜਿਆਰਾ, ਏਕਾ ਨੂਰ ਨੂਰ ਦਰਸਾਈਆ। ਏਕਾ ਅੰਮ੍ਰਿਤ ਠੰਡਾ ਠਾਰਾ, ਏਕਾ ਦੇਵੇ ਜਾਮ ਨਿਆਰਾ, ਭਰ ਪਿਆਲਾ ਆਪ ਪਿਆਈਆ। ਏਕਾ ਵਸਤ ਹਰਿ ਥਾਰਾ, ਦੇਵਣਹਾਰਾ ਹਰਿ ਨਿਰੰਕਾਰਾ, ਦੂਸਰ ਅਵਰ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਕਰਨਹਾਰ ਕਰਨੇਯੋਗ ਆਪਣੀ ਕਿਰਤ ਆਪ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਰੂਪ ਉਪਾ, ਆਪਣੀ ਦਯਾ ਕਮਾਇੰਦਾ। ਨਿਸ਼ਅਖੱਰ ਦਏ ਪੜ੍ਹਾ, ਆਪਣਾ ਭੇਵ ਆਪ ਚੁਕਾਇੰਦਾ। ਧੁਰ ਫ਼ਰਮਾਨਾ ਦਏ ਸੁਣਾ, ਭੁਲ ਕੋਈ ਨਾ ਜਾਇੰਦਾ। ਵਿਸ਼ਨ ਤੇਰਾ ਅੰਗ ਲਗਾ, ਅੰਗੀਕਾਰ ਸੋਭਾ ਪਾਇੰਦਾ। ਪਾਰਬ੍ਰਹਮ ਬ੍ਰਹਮ ਤੇਰਾ ਅੰਗ ਕਟਾ, ਰੂਪ ਅਨੂਪ ਆਪ ਧਰਾਇੰਦਾ। ਸ਼ੰਕਰ ਹੱਥ ਤ੍ਰਿਸੂਲ ਫੜਾ, ਤ੍ਰੈ ਤ੍ਰੈ ਧਾਰ ਆਪ ਜਣਾਇੰਦਾ। ਤ੍ਰੈਗੁਣ ਮਾਇਆ ਤੱਤ ਸਮਝਾ, ਸਤੋ ਰਜੋ ਤਮੋ ਆਪਣੀ ਖੇਲ ਖਿਲਾਇੰਦਾ। ਕਰੇ ਖੇਲ ਬੇਪਰਵਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਪੁਰਖ ਏਕਾ ਨਰ, ਨਰਾਇਣ ਨਾਉਂ ਧਰਾਇੰਦਾ। ਨਰ ਨਰਾਇਣ ਹਰਿ ਨਿਰੰਕਾਰਾ, ਬਾਲ ਬਿਰਧ ਜਵਾਨ ਨਾ ਰੂਪ ਕੋਈ ਵਟਾਈਆ। ਏਕਾ ਮੰਦਰ ਇਕ ਘਰ ਬਾਰਾ, ਏਕਾ ਗ੍ਰਹਿ ਦਏ ਵਸਾਈਆ। ਏਕਾ ਨੂਰ ਇਕ ਉਜਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਿਸ਼ਨ ਬ੍ਰਹਮਾ ਸ਼ਿਵ ਏਕਾ ਗੁਣ ਜਣਾਈਆ। ਹਰਿ ਸਾਚਾ ਗੁਣ ਜਣਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਕਰ ਪਿਆਰ। ਧੁਰ ਫ਼ਰਮਾਨਾ ਆਪ ਸੁਣਾਇੰਦਾ, ਸੁਣਾਵਣਹਾਰਾ ਏਕੰਕਾਰ। ਬ੍ਰਹਿਮੰਡ ਖੰਡ ਸਾਚੀ ਰਚਨਾ ਆਪ ਸੁਹਾਇੰਦਾ, ਲੋਆਂ ਪੁਰੀਆਂ ਦਏ ਸਹਾਰ। ਥਾਨ ਥਨੰਤਰ ਵੇਖ ਵਖਾਇੰਦਾ, ਬੇਅੰਤ ਬੇਐਬ ਪਰਵਰਦਿਗਾਰ । ਸਾਚੀ ਬਣਤ ਆਪ ਬਣਾਇੰਦਾ, ਘਾੜਨ ਘੜੇ ਅਪਰ ਅਪਾਰ। ਸਚ ਠਠਿਆਰਾ ਆਪਣਾ ਨਾਉਂ ਧਰਾਇੰਦਾ, ਆਪੇ ਜਾਣੇ ਆਪਣੀ ਸਾਚੀ ਕਾਰ। ਤ੍ਰੈ ਮੇਲਾ ਮੇਲ ਮਿਲਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਆਧਾਰ। ਬ੍ਰਹਮ ਏਕਾ ਮੰਗ ਮੰਗਾਇੰਦਾ, ਨਿਉਂ ਨਿਉਂ ਚਰਨ ਸਰਨ ਕਰੇ ਨਿਮਸਕਾਰ। ਪੁਰਖ ਅਬਿਨਾਸ਼ੀ ਦਇਆ ਕਮਾਇੰਦਾ, ਪੰਜ ਤਤ ਬਣੇ ਵਰਤਾਰ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਏਕਾ ਰੰਗ ਰੰਗਾਇੰਦਾ, ਰੰਗ ਰੰਗੀਲਾ ਮੋਹਣ ਮਾਧਵ ਮੀਤ ਮੁਰਾਰ। ਲੱਖ ਚੁਰਾਸੀ ਆਪੇ ਵੰਡ ਵੰਡਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਨਿਰੰਕਾਰ। ਲੱਖ ਚੁਰਾਸੀ ਘਾੜਨ ਘੜਨਾ, ਹਰਿ ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਇਆ। ਘਟ ਘਟ ਅੰਦਰ ਹਰਿ ਜੂ ਵੜਨਾ, ਨਿਰਗੁਣ ਸਰਗੁਣ ਮੇਲ ਮਿਲਾਇਆ। ਦੀਪਕ ਜੋਤੀ ਏਕ ਧਰਨਾ, ਜੋਤ ਨਿਰੰਜਣ ਡਗਮਗਾਇਆ। ਆਤਮ ਅੰਮ੍ਰਿਤ ਏਕਾ ਭਰਨਾ, ਨਿਝਰ ਝਿਰਨਾ ਆਪ ਝਿਰਾਇਆ। ਘਰ ਵਿਚ ਘਰ ਆਪੇ ਘੜਨਾ, ਘਰ ਘਰ ਵਿਚ ਸੋਭਾ ਪਾਇਆ। ਬ੍ਰਹਮ ਰੂਪ ਪਾਰਬ੍ਰਹਮ ਵਰਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦਿਤਾ ਏਕਾ ਵਰ, ਭੁਲ ਕਦੇ ਨਾ ਜਾਇਆ। ਵਿਸ਼ਨ ਬ੍ਰਹਮਾ ਸ਼ਿਵ ਹਰਿ ਸਮਝਾਇੰਦਾ, ਕਰ ਕਿਰਪਾ ਗੁਣ ਨਿਧਾਨ। ਲੱਖ ਚੁਰਾਸੀ ਬਣਤ ਬਣਾਇੰਦਾ, ਪੰਜ ਤੱਤ ਕਰ ਪਰਵਾਨ। ਤ੍ਰੈਗੁਣ ਆਪਣਾ ਖੇਲ ਖਿਲਾਇੰਦਾ, ਖੇਲਣਹਾਰ ਸ੍ਰੀ ਭਗਵਾਨ। ਜੇਰਜ ਅੰਡਜ ਆਪਣਾ ਰੂਪ ਧਰਾਇੰਦਾ, ਉਤਭੁਜ ਸੇਤਜ ਕਰੇ ਪਰਵਾਨ। ਆਪਣਾ ਹੁਕਮ ਆਪ ਉਪਾਇੰਦਾ, ਚਾਰੇ ਬਾਣੀ ਗੁਣ ਨਿਧਾਨ। ਪਰਾ ਪਸੰਤੀ ਨਾਉਂ ਰਖਾਇੰਦਾ, ਖੇਲੇ ਖੇਲ ਸੁੰਞ ਮਸਾਣ। ਮਧਮ ਆਪਣੇ ਕੰਠ ਵਖਾਇੰਦਾ, ਬੈਖਰੀ ਬੱਤੀ ਦੰਦ ਗਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਦੇਵੇ ਏਕਾ ਵਰ, ਆਦਿ ਪੁਰਖ ਸ੍ਰੀ ਭਗਵਾਨ। ਆਦਿ ਪੁਰਖ ਫ਼ਰਮਾਇਆ, ਏਕਾ ਸ਼ਬਦ ਸਲੋਕ। ਵਿਸ਼ਨ ਬ੍ਰਹਮਾ ਸ਼ਿਵ ਉਠਾਇਆ, ਲੇਖ ਜਣਾਇਆ ਤੀਨਾਂ ਲੋਕ। ਸਿਰ ਆਪਣਾ ਹੱਥ ਰਖਾਇਆ, ਆਤਮ ਅੰਤਰ ਬਖ਼ਸ਼ੀ ਮੋਖ। ਗੁਣ ਅਵਗੁਣ ਨਾ ਕੋਇ ਰਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਜਣਾਏ ਸਾਚੀ ਓਟ। ਏਕਾ ਓਟ ਨਰਾਇਣ ਨਰ, ਸੋ ਪੁਰਖ ਨਿਰੰਜਣ ਆਪ ਸਮਝਾਇੰਦਾ। ਲੱਖ ਚੁਰਾਸੀ ਘਾੜਨ ਘੜ, ਸੇਵਕ ਸੇਵਾ ਵੇਖ ਵਖਾਇੰਦਾ। ਜੁਗ ਚੌਕੜੀ ਦੇਵੇ ਵਰ, ਨਿਰਭੌਂ ਭੈ ਡਰ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਜਣਾਇੰਦਾ। ਨਿਰਭੈ ਭੌ ਜਣਾਇਆ, ਆਪ ਆਪਣੀ ਕਿਰਪਾ ਧਾਰ। ਜੋ ਘੜਿਆ ਭੰਨ ਵਖਾਇਆ, ਥਿਰ ਰਹੇ ਨਾ ਵਿਚ ਸੰਸਾਰ। ਆਵਣ ਜਾਵਣ ਰਚਨ ਰਚਾਇਆ, ਰਚ ਰਚ ਵੇਖੇ ਆਪ ਨਿਰੰਕਾਰ। ਅਡੋਲ ਅਡੁਲ ਵੇਸ ਵਟਾਇਆ, ਵੇਸ ਅਵੱਲਾ ਕਰੇ ਆਪ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦਏ ਇਕ ਆਧਾਰ। ਲੱਖ ਚੁਰਾਸੀ ਗੇੜ ਚਲਾਵਣਾ, ਹਰਿ ਸਾਚਾ ਹੁਕਮ ਚਲਾਇੰਦਾ। ਚਾਰੇ ਖਾਣੀ ਵੰਡ ਵੰਡਾਵਣਾ, ਚਾਰੇ ਜੁਗ ਬੰਧਨ ਪਾਇੰਦਾ। ਚਾਰੇ ਵੇਦ ਰੰਗ ਰੰਗਾਵਣਾ, ਚਾਰੋਂ ਕੁੰਟ ਵੇਖ ਵਖਾਇੰਦਾ। ਚਾਰ ਵਰਨਾਂ ਬੰਧਨ ਪਾਵਣਾ, ਸ਼ਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਬ੍ਰਹਮ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਤੱਤ ਗਿਆਨ ਗੁਣ ਨਿਧਾਨ ਆਪ ਸਮਝਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੁਣ ਹਰਿ ਫ਼ਰਮਾਨ, ਦੋਏ ਜੋੜ ਕਰਨ ਨਿਮਸਕਾਰਾ। ਤੂੰ ਦਾਤਾ ਦਾਨੀ ਵਡ ਮਿਹਰਵਾਨ, ਹਉਂ ਸੇਵਕ ਦਰ ਭਿਖਾਰਾ। ਸੇਵਕ ਬਣ ਸੇਵਾ ਕਰੇ ਵਿਚ ਜਹਾਨ, ਭੁਲ ਨਾ ਜਾਏ ਵਿਚ ਸੰਸਾਰਾ। ਕਵਣ ਵੇਲਾ ਕਵਣ ਵਕ਼ਤ ਮਿਲੇਂ ਹਰਿ ਤੂੰ ਹਰਿ ਹਰਿ ਆਣ, ਬਖ਼ਸ਼ੇ ਚਰਨ ਪਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਢਹਿ ਪਏ ਚਰਨ ਦਵਾਰਾ। ਢਹਿ ਢਹਿ ਸਰਨਾਈ ਮੰਗੀ ਮੰਗ, ਚਰਨ ਕਵਲ ਧਿਆਨ ਲਗਾਇਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਸੂਰਾ ਸਰਬੰਗ, ਦੇਵਣਹਾਰ ਇਕ ਅਖਵਾਇਆ । ਜੁਗ ਚੌਕੜੀ ਖੇਲੇ ਖੇਲ ਸ੍ਰੀ ਭਗਵਾਨ, ਭਗਵਨ ਆਪਣਾ ਰੂਪ ਪਰਗਟਾਇਆ। ਲੇਖਾ ਜਾਣੇ ਸੂਰਜ ਚੰਨ, ਰਵ ਸਸ ਆਪ ਉਪਾਇਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਬੇੜਾ ਦੇਵੇ ਬੰਨ੍ਹ, ਬੰਨ੍ਹਣਹਾਰ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਚੁਕਾਇਆ। ਹਰਿ ਆਪਣਾ ਭੇਵ ਚੁਕਾਇੰਦਾ, ਬੇਐਬ ਬੇਪਰਵਾਹ। ਨੌਂ ਨੌਂ ਚਾਰ ਜੁਗ ਚੌਕੜੀ ਤੇਰੀ ਸੇਵਾ ਲਾਇੰਦਾ, ਵਿਸ਼ਵ ਵਿਸ਼ਨ ਲਿਆ ਸਮਝਾ। ਬ੍ਰਹਮ ਤੇਰੀ ਵੰਡ ਵੰਡਾਇੰਦਾ, ਚਾਰ ਨੌਂ ਨੌਂ ਏਕਾ ਰੰਗ ਰੰਗਾ। ਸ਼ੰਕਰ ਤੇਰਾ ਪੰਧ ਮੁਕਾਇੰਦਾ, ਤ੍ਰੈ ਤ੍ਰੈ ਲੋਕਾਂ ਵੇਖੇ ਥਾਉਂ ਥਾਂ। ਨਿਰਗੁਣ ਹੁਕਮ ਨਿਰਗੁਣ ਫ਼ਰਮਾਨ, ਨਿਰਗੁਣ ਸ਼ਬਦ ਨਿਰਗੁਣ ਪਦ ਨਿਰਬਾਨ, ਨਿਰਗੁਣ ਸਾਚਾ ਧਾਮ ਵਡਿਆਇੰਦਾ। ਨਿਰਗੁਣ ਅੰਤ ਪਰਗਟ ਹੋਏ ਵਿਚ ਜਹਾਨ , ਨਿਰਗੁਣ ਰੂਪ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪਣੇ ਹੱਥ ਰਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਹਰਿ ਉਪਜਾਇਆ, ਲੇਖਾ ਲਿਖਤ ਵਿਚ ਨਾ ਆਈਆ। ਆਪਣਾ ਹੁਕਮ ਆਪਣੇ ਵਿਚ ਟਿਕਾਇਆ, ਕੋਈ ਲਿਖੇ ਕ਼ਲਮ ਨਾ ਸ਼ਾਹੀਆ। ਚਾਰੇ ਵੇਦ ਭੇਵ ਨਾ ਰਾਇਆ, ਬ੍ਰਹਮਾ ਚਾਰੇ ਮੁਖ ਸਾਲਾਹੀਆ। ਚਾਰੇ ਜੁਗ ਮੁਖ ਸ਼ਰਮਾਇਆ, ਜੁਗ ਚੌਕੜੀ ਦੇਣ ਦੁਹਾਈਆ। ਚਾਰੋਂ ਕੁੰਟ ਦਿਸ ਨਾ ਆਇਆ, ਹਰਿ ਸੱਚਾ ਇਕ ਰਘੁਰਾਈਆ। ਕਲਜੁਗ ਅੰਤਮ ਅੰਤ ਪਰਦਾ ਦਏ ਉਠਾਇਆ, ਮੇਟ ਮਿਟਾਏ ਝੂਠੀ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵਕ਼ਤ ਸੁਹੇਲਾ ਆਪੇ ਦਏ ਜਣਾਈਆ। ਵਕ਼ਤ ਸੁਹੇਲਾ ਸਾਚਾ ਆਵਣਾ, ਹਰਿ ਸਾਚਾ ਸਚ ਜਣਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗੇੜ ਰਖਾਵਣਾ, ਲੋਕਮਾਤ ਵੇਖ ਵਖਾਇੰਦਾ। ਅਵਤਾਰ ਗੁਰੂ ਪੀਰ ਸੇਵਾ ਲਾਵਣਾ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਆਪਣਾ ਅੰਤ ਨਾ ਕਿਸੇ ਜਣਾਵਣਾ, ਬੇਅੰਤ ਬੇਅੰਤ ਬੇਅੰਤ ਸਰਬ ਗਾਇੰਦਾ। ਤ੍ਰੈਲੋਕੀ ਨਾਥ ਰੂਪ ਵਟਾਵਣਾ, ਤ੍ਰੈ ਤ੍ਰੈ ਏਕਾ ਗੰਢ ਬੰਧਾਇੰਦਾ। ਜੁਗ ਜੁਗ ਸ਼ਬਦ ਸੰਦੇਸ਼ ਆਪ ਸੁਣਾਵਣਾ, ਆਪਣਾ ਨਾਉਂ ਆਪ ਧਰਾਇੰਦਾ। ਕਲਜੁਗ ਅੰਤਮ ਪੰਧ ਮੁਕਾਵਣਾ, ਜੁਗ ਚੌਕੜੀ ਰਹਿਣ ਨਾ ਪਾਇੰਦਾ। ਲੱਖ ਚੁਰਾਸੀ ਵੇਖ ਵਖਾਵਣਾ, ਗਗਨ ਗਗਨੰਤਰ ਫੋਲ ਫੁਲਾਇੰਦਾ। ਆਪਣਾ ਨਾਦ ਬ੍ਰਹਮ ਬ੍ਰਹਿਮਾਦ ਆਪ ਵਜਾਵਣਾ, ਰਾਗੀ ਰਾਗ ਨਾ ਕੋਇ ਅਲਾਇੰਦਾ। ਆਪਣੀ ਧੁਨ ਆਪਣੇ ਵਿਚੋਂ ਕਾਢ ਆਪ ਸੁਣਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਜਣਾਇੰਦਾ। ਕਲਜੁਗ ਅੰਤ ਸੁਹਾਵਣਾ, ਹਰਿ ਸਾਚਾ ਸਚ ਸਮਝਾਏ। ਨਿਰਗੁਣ ਨਿਰਵੈਰ ਪੁਰਖ ਅਕਾਲ ਆਪਣਾ ਰੂਪ ਧਰਾਵਣਾ, ਲੋਕਮਾਤ ਵਿਚ ਦਸਾਏ। ਵਿਸ਼ਨ ਤੇਰਾ ਸੰਗ ਰਖਾਵਣਾ, ਵਿਛੜ ਕਦੇ ਨਾ ਜਾਏ। ਪਾਰਬ੍ਰਹਮ ਰੂਪ ਧਰਾਵਨਾ, ਸੋ ਪੁਰਖ ਨਿਰੰਜਣ ਵੇਸ ਵਟਾਏ। ਬ੍ਰਹਮ ਰੂਪ ਸਰਬ ਉਠਾਵਣਾ, ਹੰ ਆਪਣੀ ਅੰਸ ਜਣਾਏ। ਸ਼ਾਹ ਪਾਤਸ਼ਾਹ ਆਪ ਅਖਵਾਵਣਾ, ਰਾਜ ਰਾਜਾਨਾ ਮੇਟ ਮਿਟਾਏ। ਨਵ ਖੰਡ ਏਕਾ ਹੁਕਮ ਸੁਣਾਵਣਾ, ਧੁਰ ਫ਼ਰਮਾਨਾ ਆਪ ਅਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਇਕ ਇਕੱਲਾ ਬੇਪਰਵਾਹੇ। ਬੇਪਰਵਾਹ ਹਰਿ ਨਿਰੰਕਾਰਾ, ਕਲਜੁਗ ਅੰਤਮ ਵੇਖ ਵਖਾਈਆ। ਨਿਰਗੁਣ ਰੂਪ ਧਰੇ ਵਿਚ ਸੰਸਾਰਾ, ਜੋਤੀ ਨੂਰ ਨੂਰ ਰੁਸ਼ਨਾਈਆ। ਸ਼ਬਦੀ ਸ਼ਬਦ ਸ਼ਬਦ ਵਰਤਾਰਾ, ਨਾਮ ਭੰਡਾਰਾ ਆਪਣੇ ਹੱਥ ਰਖਾਈਆ। ਸ਼ਾਹ ਸੁਲਤਾਨਾਂ ਕਰੇ ਖ਼ਵਾਰਾ, ਰਾਜ ਰਾਜਾਨਾਂ ਖਾਕ ਮਿਲਾਈਆ। ਨਾਤਾ ਤੋੜੇ ਮਮਤਾ ਮਾਇਆ ਮੋਹ ਵਿਕਾਰਾ, ਜੂਠ ਝੂਠ ਨਾ ਕੋਇ ਵਡਿਆਈਆ। ਗੜ੍ਹ ਤੋੜੇ ਹਉਮੇਂ ਹੰਗਤਾ ਜਗਤ ਹੰਕਾਰਾ, ਹੰਕਾਰੀ ਗੜ੍ਹ ਰਹਿਣ ਨਾ ਪਾਈਆ। ਲੱਖ ਚੁਰਾਸੀ ਬੰਨ੍ਹੇ ਏਕਾ ਧਾਰਾ, ਇਸ਼ਟ ਦੇਵ ਇਕ ਵਖਾਈਆ। ਚਾਰ ਵਰਨ ਕਰੇ ਖ਼ਵਾਰਾ, ਬਰਨ ਅਠਾਰਾਂ ਰਹਿਣ ਨਾ ਪਾਈਆ। ਏਕਾ ਤੀਰਥ ਏਕਾ ਤਟ ਇਕ ਵਖਾਏ ਸਚ ਕਿਨਾਰਾ, ਏਕਾ ਘਾਟ ਆਪ ਪਰਗਟਾਈਆ। ਏਕਾ ਜਪ ਏਕਾ ਤਪ ਵਖਾਏ ਹਰਿ ਨਿਰੰਕਾਰਾ, ਏਕਾ ਰੂਪ ਅਨੂਪ ਆਪ ਦਰਸਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਪਾਏ ਸਾਰਾ, ਸਾਰੰਗ ਧਰ ਭਗਵਾਨ ਬੀਠਲੋ ਆਪਣਾ ਰੂਪ ਅਨੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰਾ ਵਰ, ਆਪੇ ਪੂਰ ਕਰਾਈਆ। ਆਪੇ ਵਰ ਦੀਆ ਕਰਤਾਰ, ਹਰਿ ਆਪੇ ਵੇਸ ਵਟਾਇੰਦਾ। ਆਪੇ ਘਾੜਨ ਘੜ ਸੰਸਾਰ, ਹਰਿ ਜੂ ਆਪੇ ਭੰਨ ਵਖਾਇੰਦਾ। ਆਪੇ ਵਿਸ਼ਨ ਬ੍ਰਹਮਾ ਸ਼ਿਵ ਲਾਏ ਸੇਵਾਦਾਰ, ਹਰਿ ਆਪੇ ਆਪਣੇ ਵਿਚ ਸਮਾਇੰਦਾ। ਹਰਿ ਆਪੇ ਰਵ ਸਸ ਸੂਰਜ ਚੰਨ ਕਰ ਉਜਿਆਰ, ਹਰਿ ਆਪੇ ਮੰਡਲ ਮੰਡਪ ਡੇਰਾ ਲਾਇੰਦਾ। ਹਰਿ ਆਪੇ ਸਤਿਜੁਗ ਤਰੇਤਾ ਦਵਾਪਰ ਲੈ ਲੈ ਅਵਤਾਰ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਆਪੇ ਕਲਜੁਗ ਲੇਖ ਲਿਖੇ ਲਿਖਣੇਹਾਰ, ਲਿਖ ਲਿਖ ਆਪਣਾ ਲੇਖ ਵਖਾਇੰਦਾ । ਆਪੇ ਮਾਰਗ ਦੱਸੇ ਗੁਰ ਅਵਤਾਰ, ਆਪੇ ਗੁਰ ਗੁਰ ਰੂਪ ਵਟਾਇੰਦਾ। ਆਪੇ ਗੁਰ ਗੁਰ ਭਿਛਿਆ ਮੰਗੇ ਅਪਾਰ, ਆਪਣੀ ਝੋਲੀ ਆਪ ਉਠਾਇੰਦਾ। ਆਪੇ ਦੇਵਣਹਾਰ ਸੱਚੀ ਸਰਕਾਰ, ਸਤਿ ਭੰਡਾਰ ਆਪ ਵਰਤਾਇੰਦਾ। ਆਪੇ ਪੰਜ ਤੱਤ ਕਰੇ ਪਿਆਰ, ਆਪੇ ਜੋਤੀ ਨੂਰ ਡਗਮਗਾਇੰਦਾ। ਕਲਜੁਗ ਅੰਤਮ ਖੇਲ ਨਿਆਰ, ਵੇਦ ਕਤੇਬ ਭੇਵ ਨਾ ਆਇੰਦਾ। ਨਿਰਗੁਣ ਜਾਮਾ ਹਰਿ ਹਰਿ ਰਾਮਾ, ਨਿਹਕਾਮਾ ਆਪਣੀ ਖੇਲ ਖਿਲਾਇੰਦਾ। ਘਟ ਘਟ ਹੋਏ ਅੰਤਰਜਾਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੰਧ ਆਪ ਮੁਕਾਇੰਦਾ। ਆਪਣਾ ਪੰਧ ਮੁਕਾਵਣ ਆਇਆ, ਕਲਜੁਗ ਤੇਰੀ ਅੰਤਮ ਵਾਰ। ਸਤਿਜੁਗ ਤਰੇਤਾ ਦਵਾਪਰ ਵੇਖ ਵਖਾਵਣ ਆਇਆ, ਜੁਗਾ ਜੁਗੰਤਰ ਸਾਚੀ ਕਾਰ। ਭਗਤ ਭਗਵੰਤ ਆਪ ਉਠਾਵਣ ਆਇਆ, ਲੱਖ ਚੁਰਾਸੀ ਕਰ ਵਿਚਾਰ। ਸੰਤ ਕੰਤ ਮੇਲ ਮਿਲਾਵਣ ਆਇਆ, ਧੰਨ ਸਭਾਗਣ ਹੋਏ ਨਾਰ । ਗੁਰਮੁਖ ਗੋਦ ਬਹਾਵਣ ਆਇਆ, ਆਪ ਆਪਣੀ ਕਿਰਪਾ ਧਾਰ। ਗੁਰਸਿਖਾਂ ਮਾਰਗ ਇਕ ਸਮਝਾਵਣ ਆਇਆ, ਸਚ ਸੁਚ ਧਰੇ ਪਿਆਰ। ਦਰ ਘਰ ਸਾਚਾ ਇਕ ਵਖਾਵਣ ਆਇਆ, ਚਰਨ ਕਵਲ ਸਚਾ ਦਰਬਾਰ। ਦਰ ਦਰਵਾਜ਼ਾ ਆਪ ਖੁਲਾਵਣ ਆਇਆ, ਕਾਇਆ ਮੰਦਰ ਅੰਦਰ ਬੰਦ ਕਿਵਾੜ। ਹਰਿਜਨ ਤੇਰਾ ਪੰਧ ਮੁਕਾਵਣ ਆਇਆ, ਲੱਖ ਚੁਰਾਸੀ ਗੇੜਾ ਦਏ ਨਵਾਰ। ਘਰ ਘਰ ਵਿਚ ਆਪ ਵਖਾਵਣ ਆਇਆ, ਕਰ ਕਿਰਪਾ ਹਰਿ ਨਿਰੰਕਾਰ। ਡੂੰਘੀ ਭਵਰੀ ਪਾਰ ਕਰਾਵਣ ਆਇਆ, ਕਲਜੁਗ ਸਾਗਰ ਕਰੇ ਪਾਰ। ਅੰਮ੍ਰਿਤ ਆਤਮ ਸਤਿ ਪਿਆਵਣ ਆਇਆ, ਨਿਝਰ ਝਿਰਨਾ ਝਿਰੇ ਅਪਾਰ। ਬਜਰ ਕਪਾਟੀ ਤੋੜ ਤੁੜਾਵਣ ਆਇਆ, ਸ਼ਬਦ ਖੰਡਾ ਦੇਵੇ ਮਾਰ। ਨਿਰਗੁਣ ਜੋਤੀ ਜੋਤ ਜਗਾਵਣ ਆਇਆ, ਜੋਤੀ ਜਾਤਾ ਹੋ ਤਿਆਰ। ਸੁਰਤੀ ਸ਼ਬਦੀ ਮੇਲ ਮਿਲਾਵਣ ਆਇਆ, ਸ਼ਬਦ ਵਚੋਲਾ ਵਿਚ ਸੰਸਾਰ। ਰਾਤੀ ਰੁੱਤੀ ਆਪ ਸੁਹਾਵਣ ਆਇਆ, ਸੁਹੰਜਣੀ ਰੈਣ ਹਰਿ ਨਿਰੰਕਾਰ। ਭਿੰਨੜੀ ਆਪਣੇ ਰੰਗ ਰੰਗਾਵਣ ਆਇਆ, ਸਿਰ ਆਪਣਾ ਹੱਥ ਰੱਖ ਕਰਤਾਰ। ਆਤਮ ਸੇਜਾ ਆਪ ਸੁਹਾਵਣ ਆਇਆ, ਗੁਰਮੁਖ ਵਿਰਲੇ ਕਰ ਪਿਆਰ। ਜੁਗ ਜੁਗ ਵਿਛੜੀ ਕਲਜੁਗ ਪੰਜਾਂ ਤੱਤ ਆਪ ਮਿਲਾਵਣ ਆਇਆ, ਨਿਰਗੁਣ ਰੂਪ ਅਗੰਮ ਅਪਾਰ। ਆਪਣੀ ਗੋਦ ਆਪ ਸੁਹਾਵਣ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚੀ ਸਰਕਾਰ। ਸਚ ਸਰਕਾਰਾ ਹਰਿ ਨਿਰੰਕਾਰਾ, ਆਦਿ ਜੁਗਾਦਿ ਇਕ ਅਖਵਾਇੰਦਾ। ਕਲਜੁਗ ਅੰਤਮ ਹੋ ਉਜਿਆਰਾ, ਵਿਚ ਸੰਸਾਰਾ ਨਿਰਗੁਣ ਧਾਰ ਆਪ ਚਲਾਇੰਦਾ। ਭਗਤ ਭਗਵੰਤ ਕਰੇ ਪਿਆਰਾ, ਸਾਚੇ ਸੰਤਾਂ ਦਏ ਹੁਲਾਰਾ, ਨਾਮ ਹਲੂਣਾ ਏਕਾ ਲਾਇੰਦਾ। ਗੁਰਮੁਖ ਦਰ ਦਵਾਰਾ ਖੋਲ੍ਹਣਹਾਰਾ ਬੰਦ ਕਿਵਾੜਾ, ਡੂੰਘੀ ਭਵਰੀ ਫੋਲ ਫੁਲਾਇੰਦਾ। ਗੁਰਸਿਖਾਂ ਬਖ਼ਸ਼ੇ ਇਕ ਦਵਾਰਾ, ਧਰਨੀ ਧਰਤ ਧਵਲ ਉਪਰ ਸਚ ਸਹਾਰਾ ਚਰਨ ਕਵਲ ਇਕ ਦਰਸਾਇੰਦਾ। ਵਿਸ਼ਨੂੰ ਬ੍ਰਹਮਾ ਸ਼ਿਵ ਮੇਲ ਮਿਲਾਏ ਇਕ ਦਰਬਾਰਾ, ਦਰ ਦਰਵਾਜ਼ਾ ਆਪ ਸੁਹਾਇੰਦਾ। ਅਕਲ ਕਲਾ ਕਲ ਖੇਲ ਨਿਆਰਾ, ਕਲ ਕਾਤੀ ਭੇਵ ਨਾ ਆਇੰਦਾ। ਲਿਖਣ ਪੜ੍ਹਣ ਤੇ ਵਸਿਆ ਬਾਹਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਬੰਧਨ ਆਪ ਤੁੜਾਇੰਦਾ। ਕਲਜੁਗ ਬੰਧਨ ਤੋੜਨਾ, ਕਰ ਕਿਰਪਾ ਗੁਣ ਨਿਧਾਨ। ਗੁਰਮੁਖ ਵਿਰਲਾ ਚਰਨੀ ਜੋੜਨਾ, ਜਿਸ ਦੇਵੇ ਆਤਮ ਅੰਤਰ ਇਕ ਗਿਆਨ। ਮਨਮੁਖ ਜੀਵ ਦਰ ਤੋਂ ਹੋੜਨਾ, ਅੰਦਰ ਧਰੇ ਮਾਣ ਅਭਮਾਨ। ਗੁਰਮੁਖ ਵਿਰਲੇ ਆਪੇ ਬੌਹੜਨਾ, ਅੰਤ ਮਿਟਾਏ ਜਮ ਕੀ ਕਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਲੱਖ ਚੁਰਾਸੀ ਵਿਚੋਂ ਲਏ ਪਛਾਣ। ਹਰਿਜਨ ਆਪ ਉਠਾਲਦਾ, ਜੁਗਾ ਜੁਗੰਤਰ ਸਾਚੀ ਕਾਰ। ਦੀਪਕ ਜੋਤ ਆਪੇ ਬਾਲਦਾ, ਮੇਟ ਮਿਟਾਏ ਅੰਧ ਅੰਧਿਆਰ। ਅੰਮ੍ਰਿਤ ਸੀਰ ਸਚ ਪਿਆਲਾ ਆਪ ਪਿਆਲਦਾ, ਸਤਿ ਸੰਤੋਖੀ ਦੇਵੇ ਧੀਰ। ਘਰ ਘਰ ਵਿਚ ਆਪ ਵਖਾਲਦਾ, ਵਡ ਦਾਤਾ ਪੀਰਨ ਪੀਰ। ਆਤਮ ਸੇਜਾ ਆਪ ਬਹਾਲਦਾ, ਆਪੇ ਚੋਟੀ ਚੜ੍ਹੇ ਅਖ਼ੀਰ। ਗੁਰਸਿਖ ਲੇਖਾ ਜਾਣੇ ਸਾਚੇ ਲਾਲ ਦਾ, ਲਾਲ ਅਨਮੁਲੜਾ ਏਕਾ ਹੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਵੇਖਣਹਾਰ ਤਨ ਬਸਤਰ ਕਾਇਆ ਕਪੜ ਚੀਰ। ਕਾਇਆ ਕਪੜ ਚੀਰ ਤਨ, ਹਰਿ ਸਾਚਾ ਵੇਖ ਵਖਾਇੰਦਾ। ਮਾਇਆ ਮਮਤਾ ਮੋਹ ਹੰਕਾਰ ਵਿਕਾਰ ਰਸ ਮਾਣੇ ਝੂਠਾ ਮਨ, ਮਨ ਮਨੂਆ ਨਾ ਕੋਇ ਭਰਾਇੰਦਾ। ਚਾਰ ਕੁੰਟ ਜਗਤ ਅੰਧੇਰਾ ਘਰ ਮੰਦਰ ਨਾ ਚੜ੍ਹੇ ਸਾਚਾ ਚੰਨ, ਜੋਤੀ ਨੂਰ ਨਾ ਕੋਇ ਵਖਾਇੰਦਾ। ਗੁਰਸਿਖ ਵਿਰਲਾ ਰਸਨਾ ਕਹੇ ਧੰਨ ਧੰਨ ਧੰਨ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਰਾਏ ਧਰਮ ਨਾ ਦੇਵੇ ਡੰਨ, ਚਿਤਰ ਗੁਪਤ ਨਾ ਹਿਸਾਬ ਖੁਲ੍ਹਾਇੰਦਾ। ਲਾੜੀ ਮੌਤ ਭਾਂਡਾ ਨਾ ਦੇਵੇ ਭੰਨ, ਕੁੰਭੀ ਨਰਕ ਨਾ ਕੋਇ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਿਰਲੇ ਮਾਤ ਉਠਾਇੰਦਾ। ਹਰਿਜਨ ਵਿਰਲਾ ਉਠਿਆ, ਜਿਸ ਉਪਰ ਆਪ ਕਿਰਪਾਲ। ਸਤਿਗੁਰ ਸਾਹਿਬ ਹਾਜ਼ਰ ਹਜ਼ੂਰ ਹਰਿ ਹਰਿ ਤੁਠਿਆ, ਦਾਤਾ ਦਾਨੀ ਦੀਨ ਦਿਆਲ। ਦੇਵੇ ਰਾਮ ਨਾਮ ਇਕ ਅਤੁੱਟਿਆ, ਜਗਤ ਪਿਤ ਸਦਾ ਕਿਰਪਾਲ। ਲੋਕਮਾਤ ਜਾਏ ਨਾ ਲੁੱਟਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਬਣੇ ਆਪ ਦਲਾਲ। ਜਗਤ ਦਲਾਲ ਸਾਚਾ ਗੁਰ, ਦੂਸਰ ਅਵਰ ਨਾ ਕੋਇ ਜਣਾਇਆ। ਆਦਿ ਜੁਗਾਦਿ ਜੁਗਾ ਜੁਗੰਤਰ ਲੇਖਾ ਲਿਖਿਆ ਜਾਣੇ ਧੁਰ, ਧੁਰ ਲੇਖਾ ਆਪਣੇ ਹੱਥ ਰਖਾਇਆ। ਵਿਸ਼ਨ ਬ੍ਰਹਮਾ ਸ਼ਿਵ ਪ੍ਰਭ ਦਰਸਨ ਕੋ ਲੋਚਨ ਸੁਰ, ਕਰੋੜ ਤੇਤੀਸ ਧਿਆਨ ਲਗਾਇਆ। ਕਲਜੁਗ ਅੰਤਮ ਅੰਤ ਸ੍ਰੀ ਭਗਵੰਤ ਗੁਰਮੁਖ ਸੱਜਣ ਜਾਏ ਬੌਹੜ, ਕਲਜੁਗ ਜੀਵ ਬੌਹੜੀ ਬੌਹੜੀ ਕਰ ਸਰਬ ਰਵਾਇਆ। ਸਤਿਜੁਗ ਤਰੇਤਾ ਦਵਾਪਰ ਕਲਜੁਗ ਅੰਤ ਬੁਝਾਏ ਲੱਗੀ ਔੜ, ਦੇ ਦਰਸ ਤ੍ਰਿਖਾ ਗਵਾਇਆ। ਲੱਖ ਚੁਰਾਸੀ ਜੀਵ ਜੰਤ ਵੇਖੇ ਰੀਠਾ ਮਿਠਾ ਕੌੜ, ਰਸ ਵਿਖ ਖੇਲ ਖਿਲਾਇਆ। ਏਥੇ ਓਥੇ ਦੋ ਜਹਾਨਾਂ ਅਵਣ ਗਵਨ ਤ੍ਰੈਭਵਨ ਲੋਕ ਪਰਲੋਕ ਖੰਡ ਬ੍ਰਹਿਮੰਡ ਲੋਆਂ ਪੁਰੀਆਂ ਲਾਇਆ ਏਕਾ ਪੌੜ, ਗਗਨ ਪਾਤਾਲਾਂ ਜੀਵ ਜਹਾਨਾਂ ਹਰਿ ਜੂ ਹਰਿ ਹਰਿ ਵੇਖ ਵਖਾਇਆ। ਕਿਸੇ ਹੱਥ ਨਾ ਆਏ ਬ੍ਰਹਿਮਣ ਗੌੜ, ਪੂਤ ਸਪੂਤਾ ਸੰਬਲ ਨਗਰ ਵਸੇ ਲੇਖਾ ਜਾਣੇ ਨਾ ਕੋਇ ਲੰਬਾ ਚੌੜ੍ਹ, ਭੇਵ ਅਭੇਦ ਨਾ ਕਿਸੇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਭਗਵੰਤ ਸੰਤ ਕੰਤ ਹਰਿ ਮੰਦਰ ਘਟ ਅੰਦਰ ਗ੍ਰਹਿ ਖੋਜ ਖੋਜਤ ਖੋਜਤ ਗੁਰਮੁਖ ਗੁਰਸਿਖ ਆਪਣਾ ਮੇਲ ਮਿਲਾਇਆ।
