੧੭ ਫਗਣ ੨੦੧੭ ਬਿਕ੍ਰਮੀ ਮਨਸ਼ਾ ਸਿੰਘ ਦੇ ਘਰ, ਪਿੰਡ ਨੋਸ਼ੈਹਿਰਾ ਜ਼ਿਲਾ ਗੁਰਦਾਸ ਪੁਰ
ਨੌ ਨਵ ਚਾਰ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਹੋ ਤਿਆਰਾ, ਨਵ ਨੌ ਚਾਰ ਵੇਖ ਵਖਾਇੰਦਾ। ਲੇਖਾ ਜਾਣੇ ਏਕੰਕਾਰਾ, ਅਲਖ ਅਗੋਚਰ ਅਗੰਮ ਅਥਾਹ, ਭੇਵ ਕੋਇ ਨਾ ਪਾਇੰਦਾ। ਆਦਿ ਨਿਰੰਜਣ ਕਰੇ ਖੇਲ ਅਪਰ ਅਪਾਰਾ, ਨਵ ਨੌਂ ਚਾਰ ਜੋਤੀ ਨੂਰ ਡਗਮਗਾਇੰਦਾ। ਨਵ ਨੌਂ ਚਾਰ ਲੇਖਾ ਜਾਣੇ ਸ੍ਰੀ ਭਗਵਾਨ ਧੁਰ ਦਰਬਾਰਾ, ਦਰ ਘਰ ਸਾਚੇ ਸੋਭਾ ਪਾਇੰਦਾ। ਅਬਿਨਾਸ਼ੀ ਕਰਤਾ ਮੀਤ ਮੁਰਾਰਾ, ਨਵ ਨੌ ਚਾਰ ਵਸੇ ਬਾਹਰਾ, ਦਿਸ ਕਿਸੇ ਨਾ ਆਇੰਦਾ । ਨਵ ਨੌ ਚਾਰ ਹਰਿ ਭੰਡਾਰਾ, ਦੇਵਣਹਾਰਾ ਇਕ ਕਰਤਾਰਾ, ਪਾਰਬ੍ਰਹਮ ਪ੍ਰਭ ਆਪ ਵਰਤਾਇੰਦਾ। ਆਦਿ ਜੁਗਾਦੀ ਸਾਚੀ ਕਾਰਾ, ਜੁਗਾ ਜੁਗੰਤਰ ਖੇਲ ਖਿਲਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਵਸਣਹਾਰਾ ਧਾਮ ਨਿਆਰਾ, ਸੱਚਖੰਡ ਨਿਵਾਸੀ ਦਰ ਘਰ ਸਾਚੇ ਸੋਭਾ ਪਾਇੰਦਾ। ਸ਼ਾਹੋ ਭੂਪ ਰਾਜ ਰਾਜਾਨ ਬਣ ਸਿਕਦਾਰਾ, ਤਖ਼ਤ ਨਿਵਾਸੀ ਏਕਾ ਤਖ਼ਤ ਸੁਹਾਇੰਦਾ। ਇਕ ਅਕੱਲਾ ਬੰਨ੍ਹੇ ਧਾਰਾ, ਦੂਜਾ ਰੂਪ ਅਪਰ ਅਪਾਰਾ। ਤੀਜੇ ਆਪਣੇ ਰੰਗ ਰਵੇ ਨਿਰੰਕਾਰਾ, ਚੌਥੇ ਖੋਲ੍ਹੇ ਸਚ ਕਿਵਾੜਾ, ਪੰਚਮ ਏਕਾ ਬੰਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਵ ਨੌ ਚਾਰ ਭੇਵ ਕੋਈ ਨਾ ਪਾਇੰਦਾ। ਨਵ ਨੌ ਚਾਰ ਹਰਿ ਕਰਤਾਰ, ਮਹਿਮਾ ਅਕਥ ਕਥੀ ਨਾ ਜਾਈਆ। ਨਵ ਨੌ ਚਾਰ ਅਲਖ ਅਗੋਚਰ ਅਗੰਮ ਅਪਾਰ, ਅਲਖ ਅਲਖਣਾ ਸੱਚਾ ਸ਼ਹਿਨਸ਼ਾਹੀਆ। ਨਵ ਨੌ ਚਾਰ ਸਭ ਤੋਂ ਵਸੇ ਬਾਹਰ, ਰੂਪ ਰੰਗ ਰੇਖ ਨਾ ਕੋਈ ਵਖਾਈਆ। ਨਵ ਨੌ ਚਾਰ ਹੁਕਮ ਵਰਤਾਰ, ਹੁਕਮੀ ਹੁਕਮ ਖੇਲ ਖਿਲਾਈਆ। ਨਵ ਨੌ ਚਾਰ ਕਰੇ ਕਰਾਏ ਆਪਣੀ ਕਾਰ, ਕਰਤਾ ਪੁਰਖ ਆਪਣੀ ਕਰਨੀ ਕਿਰਤ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਏਕਾ ਹਰਿ, ਦੂਸਰ ਭੇਵ ਨਾ ਕੋਈ ਰਖਾਈਆ। ਸਾਚਾ ਲੇਖਾ ਹਰਿ ਕਰਤਾਰਾ, ਆਪਣੇ ਹੱਥ ਰਖਾਇੰਦਾ। ਆਦਿ ਪੁਰਖ ਹੋ ਉਜਿਆਰਾ, ਆਪਣੀ ਧਾਰਾ ਆਪ ਚਲਾਇੰਦਾ। ਆਪ ਪ੍ਰਗਟਾਏ ਸੁਤ ਦੁਲਾਰਾ, ਮਾਤ ਪਿਤ ਪਿਤਾ ਪੂਤ ਆਪਣੀ ਗੋਦ ਸੁਹਾਇੰਦਾ। ਆਪ ਕਰਾਏ ਵਣਜ ਵਾਪਾਰਾ, ਵਸਤ ਅਮੋਲਕ ਆਪ ਵਰਤਾਇੰਦਾ। ਆਪੇ ਵੇਖੇ ਵਿਗਸੇ ਕਰੇ ਵਿਚਾਰਾ, ਵੇਖਣਹਾਰਾ ਮੁਖ ਛੁਪਾਇੰਦਾ। ਆਪੇ ਆਪਣਾ ਨਾਉਂ ਰੱਖ ਨਿਰੰਕਾਰਾ, ਸਾਚਾ ਨਾਅਰਾ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਪੁਰਖ ਅਬਿਨਾਸ਼ਾ, ਆਪੇ ਜਾਣੇ ਆਪਣਾ ਸਚ ਤਮਾਸ਼ਾ, ਸਚਖੰਡ ਦਵਾਰੇ ਆਪ ਕਰਾਇੰਦਾ। ਸਚਖੰਡ ਦਵਾਰ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਲੇਖਾ ਜਾਣੇ ਆਦਿ ਅੰਤ, ਗੁਣਵੰਤ ਸਹਿਜ ਸੁਖਦਾਈਆ। ਨਰ ਨਿਰੰਕਾਰ ਰੂਪ ਵਟਾਏ ਨਾਰੀ ਕੰਤ, ਸਚ ਸੁਹੰਜਣੀ ਸੇਜ ਹੰਢਾਈਆ। ਆਪਣੀ ਇਛਿਆ ਮਣੀਆ ਮੰਤ, ਨਾਮ ਨਿਧਾਨਾ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਨਵ ਨੌ ਚਾਰ ਲੇਖਾ ਜਾਣੇ ਥਾਉਂ ਥਾਈਆ। ਨਵ ਨੌ ਚਾਰ ਖੇਲ ਅਪਾਰਾ, ਸ੍ਰੀ ਭਗਵਾਨ ਆਪ ਖਿਲਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸ਼ਾਹੋ ਭੂਪ ਆਪਣਾ ਹੁਕਮ ਸੁਣਾਇੰਦਾ। ਸਚਖੰਡ ਅੰਦਰ ਖੋਲ੍ਹ ਕਿਵਾੜਾ, ਥਿਰ ਘਰ ਆਪਣਾ ਬੰਕ ਵਡਿਆਇੰਦਾ। ਦੇਵਣਹਾਰਾ ਧੁਰ ਫ਼ਰਮਾਨਾ, ਸ਼ਬਦੀ ਸ਼ਬਦ ਆਪ ਜਣਾਇੰਦਾ। ਸ਼ਬਦੀ ਸ਼ਬਦ ਇਕ ਹੁਲਾਰਾ, ਸਤਿ ਸਤਿ ਸਤਿਵਾਦੀ ਆਦਿ ਅਨਾਦੀ ਆਪ ਸੁਣਾਇੰਦਾ। ਬੋਧ ਅਗਾਧੀ ਏਕਾ ਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਨਰ ਨਰਾਇਣ ਖੇਲ ਖਿਲਾਇੰਦਾ। ਨਰ ਹਰਿ ਨਰਾਇਣ ਬਨਵਾਰੀ, ਅਨਭਵ ਪ੍ਰਕਾਸ਼ ਕਰਾਇੰਦਾ। ਨਿਰਗੁਣ ਜੋਤ ਕਰ ਉਜਿਆਰੀ, ਪੁਰਖ ਅਕਾਲ ਖੇਲ ਖਿਲਾਇੰਦਾ। ਅਜੂਨੀ ਰਹਿਤ ਸਹਿਜ ਸੁਖਧਾਰੀ, ਦਰ ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚਾ ਆਪ ਵਡਿਆਇੰਦਾ। ਦਰ ਘਰ ਸਾਚਾ ਹਰਿ ਵਡਿਆਇਆ, ਵਡ ਵੱਡਾ ਆਪ ਅਖਵਾਇੰਦਾ। ਨਿਰਗੁਣ ਨੂਰ ਨੂਰ ਧਰਾਇਆ, ਮਾਤ ਪਿਤ ਨਾ ਕੋਈ ਬਣਾਇੰਦਾ। ਛੱਪਰ ਛੰਨ ਨਾ ਕੋਈ ਛੁਹਾਇਆ, ਜਾਗਰਤ ਜੋਤ ਆਪ ਉਪਾਇੰਦਾ। ਆਪਣਾ ਲੇਖਾ ਆਪਣੇ ਹੱਥ ਰਖਾਇਆ, ਕਾਗਦ ਕ਼ਲਮ ਭੇਵ ਕੋਇ ਨਾ ਪਾਇੰਦਾ। ਆਦਿ ਪੁਰਖ ਪੁਰਖੋਤਮ ਆਪਣਾ ਰੂਪ ਧਰਾਇਆ, ਪਰਮ ਪੁਰਖ ਪਰਮਾਤਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਵੰਡਨ ਆਪ ਵੰਡਾਇੰਦਾ। ਸਚਖੰਡ ਦਵਾਰਾ ਹਰਿ ਸੁਹਾ, ਆਪਣਾ ਖੇਲ ਖਿਲਾਇੰਦਾ। ਆਪਣਾ ਹੁਕਮ ਸ਼ਬਦ ਜਣਾ, ਆਪੇ ਸੀਸ ਝੁਕਾਇੰਦਾ। ਆਪਣਾ ਦਰ ਦਰਬਾਨ ਸੇਵਾ ਰਿਹਾ ਕਮਾ, ਸੇਵਾਦਾਰ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਦਿ ਜੁਗਾਦਿ ਆਪਣੀ ਬਣਤ ਆਪ ਬਣਾਇੰਦਾ। ਬਣਤ ਬਣਾਏ ਹਰਿ ਨਿਰੰਕਾਰਾ, ਮਹਿਮਾ ਅਕਥ ਕਥੀ ਨਾ ਜਾਈਆ। ਕਰੇ ਖੇਲ ਅਪਰ ਅਪਾਰਾ, ਲੋਆਂ ਪੁਰੀਆਂ ਬ੍ਰਹਿਮੰਡਾ ਖੰਡਾ ਆਪਣੀ ਰਚਨ ਰਚਾਈਆ। ਕਰੇ ਪ੍ਰਕਾਸ਼ ਰਵ ਸਸ ਸੂਰਜ ਚੰਨ ਸਤਾਰਾ, ਕਿਰਨੀ ਕਿਰਨ ਡਗਮਗਾਈਆ। ਏਕਾ ਸ਼ਬਦ ਇਕ ਆਧਾਰਾ, ਏਕਾ ਪਵਣੀ ਪਵਣ ਵਿਚ ਸਮਾਈਆ। ਨੌ ਚਾਰ ਵਸੇ ਸਭ ਤੋ ਬਾਹਰਾ, ਨਵ ਨੌ ਚਾਰ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਨੌ ਚਾਰ ਰੰਗ ਕਰਤਾਰਾ, ਕਰਤਾ ਪੁਰਖ ਆਪ ਕਰਾਇੰਦਾ। ਸਤਿ ਸਤਿਵਾਦੀ ਹੋ ਨਿਆਰਾ, ਸਤਿ ਸਤਿਵਾਦੀ ਆਪਣਾ ਨਾਉਂ ਧਰਾਇੰਦਾ। ਸੋ ਪੁਰਖ ਨਿਰੰਜਣ ਹਰਿ ਨਿਰੰਜਣ ਮੇਲ ਮਿਲਾਵਾ ਏਕੰਕਾਰਾ, ਆਦਿ ਨਿਰੰਜਣ ਵਿਛੜ ਕਦੇ ਨਾ ਜਾਇੰਦਾ। ਅਬਿਨਾਸ਼ੀ ਕਰਤਾ ਮੀਤ ਮੁਰਾਰਾ, ਸ੍ਰੀ ਭਗਵਾਨ ਰੂਪ ਨਾਰੀ ਕੰਤ ਭਤਾਰਾ, ਪਾਰਬ੍ਰਹਮ ਸਾਚੀ ਸੇਜ ਹੰਢਾਇੰਦਾ। ਸੁਤ ਦੁਲਾਰਾ ਕਰ ਪਿਆਰਾ, ਅੱਠਵਾਂ ਆਪਣਾ ਬੰਧਨ ਪਾਇੰਦਾ। ਨੌਵਾਂ ਰੰਗ ਕਰੇ ਨਿਰਗੁਣ ਧਾਰਾ, ਸਰਗੁਣ ਆਪਣੀ ਖੇਲ ਖਿਲਾਇੰਦਾ। ਸਰਗੁਣ ਰੂਪ ਅਪਰ ਅਪਾਰਾ, ਪੁਰਖ ਅਬਿਨਾਸ਼ੀ ਆਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਵ ਨੌਂ ਚਾਰ ਆਪਣਾ ਮਾਰਗ ਆਪਣੇ ਹੱਥ ਰਖਾਇੰਦਾ। ਨੌਂ ਚਾਰ ਹਰਿ ਭੇਵ ਖੁਲ੍ਹਾਏ, ਏਕਾ ਪਰਦਾ ਆਪ ਉਠਾਈਆ। ਆਦਿ ਪੁਰਖ ਆਪਣਾ ਨਾਉਂ ਧਰਾਏ, ਪਹਿਲਾ ਘਰ ਵੰਡ ਵੰਡਾਈਆ। ਦੂਜਾ ਦਰ ਸਚਖੰਡ ਸੁਹਾਏ, ਤੀਜੇ ਥਿਰ ਘਰ ਦਏ ਵਡਿਆਈਆ। ਚੌਥੇ ਘਰ ਸ਼ਬਦ ਉਪਜਾਏ, ਸ਼ਬਦੀ ਸ਼ਬਦ ਮੇਲ ਮਿਲਾਈਆ। ਨੌਂ ਚਾਰ ਨਿਰਗੁਣ ਆਪਣੇ ਰੰਗ ਰੰਗਾਏ, ਆਦਿ ਪੁਰਖ ਵਡੀ ਵਡਿਆਈਆ। ਨਵ ਨਈਆ ਆਪ ਉਠਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਵਟ ਖੇਟਾ ਬਣੇ ਸਾਚਾ ਮਾਹੀਆ। ਨਵ ਨਈਆ ਕਰ ਤਿਆਰ, ਹਰਿ ਸਾਚਾ ਖੇਲ ਖਿਲਾਇੰਦਾ। ਨੌ ਨੌਂ ਕਰੇ ਇਕ ਪਿਆਰ, ਚਾਰ ਚਾਰ ਬੰਧਨ ਪਾਇੰਦਾ। ਏਕਾ ਵਸਤ ਦੱਸੇ ਥਾਰ, ਥਿਰ ਘਰ ਸਾਚੇ ਆਪੇ ਰਖਾਇੰਦਾ। ਨਿਰਵੈਰ ਪੁਰਖ ਬਣ ਵਰਤਾਰ, ਅਜੂਨੀ ਰਹਿਤ ਆਪ ਵਰਤਾਇੰਦਾ। ਆਪਣੀ ਇਛਿਆ ਆਪੇ ਲਏ ਅਧਾਰ, ਰੂਪ ਅਨੂਪ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਵ ਨੌਂ ਚਾਰ ਆਪ ਸਮਝਾਇੰਦਾ। ਨਵ ਨੌਂ ਚਾਰ ਨਿਰਗੁਣ ਦਾਤਾ, ਨਰ ਹਰਿ ਨਰਾਇਣ ਅਖਵਾਇੰਦਾ। ਸ਼ਬਦ ਅਗੰਮੀ ਗਾਏ ਗਾਥਾ, ਆਦਿ ਜੁਗਾਦੀ ਆਪਣੀ ਗਾਇੰਦਾ। ਸਤਿ ਸਤਿਵਾਦ ਚਲਾਏ ਰਾਥਾ, ਰਥ ਰਥਵਾਹੀ ਸੇਵਾ ਆਪ ਕਮਾਇੰਦਾ। ਆਪ ਨਿਭਾਏ ਸਗਲਾ ਸਾਥਾ, ਸਾਚਾ ਸਤਿ ਨਾ ਕੋਈ ਤੁੜਾਇੰਦਾ। ਏਕਾ ਅੱਖਰ ਪੂਜਾ ਪਾਠਾ, ਏਕਾ ਮੰਤਰ ਨਾਮ ਉਪਾਇੰਦਾ। ਏਕਾ ਮੰਦਰ ਏਕਾ ਹਾਟਾ, ਏਕਾ ਗ੍ਰਹਿ ਵਖਾਇੰਦਾ। ਏਕਾ ਨੂਰ ਏਕਾ ਜੋਤ ਇਕ ਲਿਲਾਟਾ, ਏਕਾ ਘਾਟ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਵ ਨੌਂ ਚਾਰ ਆਪਣੇ ਵਿਚ ਛੁਪਾਇੰਦਾ। ਨਵ ਨੌਂ ਚਾਰ ਨਿਰਗੁਣ ਛੁਪਾਇਆ, ਲੇਖਾ ਲਿਖਣ ਵਿਚ ਨਾ ਆਈਆ। ਪੁਰਖ ਅਬਿਨਾਸ਼ੀ ਰੂਪ ਧਰਾਇਆ, ਸਰਗੁਣ ਖੇਲ ਸੱਚਾ ਸ਼ਹਿਨਸ਼ਾਹੀਆ। ਵਿਸ਼ਨ ਬ੍ਰਹਮਾ ਸ਼ਿਵ ਉਪਜਾਇਆ, ਸਿਰ ਆਪਣਾ ਹੱਥ ਟਿਕਾਈਆ। ਤ੍ਰੈਗੁਣ ਮੇਲਾ ਮੇਲ ਮਿਲਾਇਆ, ਪੰਚ ਵਿਚੋਲਾ ਸੱਚਾ ਸ਼ਹਿਨਸ਼ਾਹੀਆ। ਪਰਦਾ ਓਹਲਾ ਸਾਰਾ ਲਾਹਿਆ, ਭੇਵ ਕੋਇ ਨਾ ਪਾਈਆ। ਸਾਚਾ ਘਾੜਨ ਲਏ ਘੜਾਇਆ, ਤਤਵ ਤਤ ਲਏ ਮਿਲਾਈਆ। ਅੰਤਮ ਢੋਲਾ ਆਪ ਜਣਾਇਆ, ਅਨਹਦ ਨਾਦ ਵਜਾਈਆ। ਜੋਤੀ ਨੂਰ ਕਰ ਰੁਸ਼ਨਾਇਆ, ਜੋਤ ਨਿਰੰਜਣ ਆਪ ਪਰਗਟਾਈਆ। ਸਾਚੀ ਸੇਵਾ ਸਹਿਜ ਸੁਭਾਇਆ, ਲੋਕਮਾਤ ਵੇਖ ਵਖਾਈਆ । ਚੌਦਾਂ ਲੋਕ ਚਰਨ ਛੁਹਾਇਆ, ਰੂਪ ਅਨੂਪ ਆਪ ਧਰਾਈਆ। ਰਵ ਸਸ ਸੀਸ ਝੁਕਾਇਆ, ਮੰਡਲ ਮੰਡਪ ਚਰਨਾਂ ਹੇਠ ਦਬਾਈਆ। ਘੜਨ ਭੰਨਣਹਾਰ ਪੁਰਖ ਸਮਰਥ ਖੇਲ ਰਚਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਵ ਨੌਂ ਚਾਰ ਦਏ ਸਮਝਾਈਆ। ਨਵ ਨੌਂ ਚਾਰ ਖੇਲ ਅਪਾਰਾ, ਹਰਿ ਸਾਚਾ ਸਚ ਕਰਾਇੰਦਾ। ਨਿਰਗੁਣ ਸਰਗੁਣ ਹੋ ਉਜਿਆਰਾ, ਲੱਖ ਚੁਰਾਸੀ ਵੇਖ ਵਖਾਇੰਦਾ। ਨਵ ਨੌ ਖੋਲ੍ਹੇ ਜਗਤ ਦਵਾਰਾ, ਜਗਤ ਵਾਸਨਾ ਵਿਚ ਰਖਾਇੰਦਾ। ਨਵ ਨੌਂ ਕਰੇ ਖੇਲ ਨਿਆਰਾ, ਨਵ ਨੌ ਆਪਣਾ ਰੂਪ ਧਰਾਇੰਦਾ। ਨਵ ਨੌ ਦੇਵੇ ਇਕ ਸਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰਾ ਆਪ ਬੰਧਾਇੰਦਾ। ਨਵ ਨਵ ਧਾਰ ਹਰਿ ਸੰਸਾਰ, ਸਤਿ ਪੁਰਖ ਨਿਰੰਜਣ ਆਪ ਚਲਾਇੰਦਾ। ਨਵ ਨਵ ਕਰੇ ਪਾਰ ਕਿਨਾਰ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਨਿਰਗੁਣ ਸਰਗੁਣ ਹੋ ਉਜਿਆਰ, ਸਰਗੁਣ ਨਿਰਗੁਣ ਵੇਖ ਵਖਾਇੰਦਾ। ਦੋਹਾਂ ਵਿਚੋਲਾ ਏਕੰਕਾਰ, ਅਕਲ ਕਲ ਆਪਣਾ ਰੂਪ ਧਰਾਇੰਦਾ। ਜੁਗ ਚੌਕੜੀ ਵੰਡੇ ਵੰਡ ਗਿਰਧਾਰ, ਕੋਟਨ ਕੋਟ ਕਾਲ ਆਪਣੇ ਹੱਥ ਰਖਾਇੰਦਾ। ਲੇਖਾ ਜਾਣੇ ਗੁਰ ਅਵਤਾਰ, ਭਗਤ ਭਗਵੰਤ ਸੰਤ ਏਕਾ ਗੁਣ ਵਖਾਇੰਦਾ। ਗੁਰਮੁਖ ਮੇਲਾ ਜਗਤ ਦਵਾਰ, ਗੁਰਸਿਖ ਆਪਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨਵ ਆਪਣਾ ਖੇਲ ਖਿਲਾਇੰਦਾ। ਨਵ ਨਵ ਖੇਲ ਖਿਲਾਇਆ, ਖ਼ਾਲਕ ਖ਼ਲਕ ਰੂਪ ਨਿਰੰਕਾਰ। ਜੁਗ ਜੁਗ ਆਪਣਾ ਵੇਸ ਵਟਾਇਆ, ਲੋਕਮਾਤ ਲਏ ਅਵਤਾਰ। ਸਤਿਜੁਗ ਤ੍ਰੇਤਾ ਦਵਾਪਰ ਆਪ ਹੰਢਾਇਆ, ਕਲਜੁਗ ਪਾਵਣਹਾਰਾ ਸਾਰ। ਨਵ ਨੌ ਚਾਰ ਪੰਧ ਮੁਕਾਇਆ, ਜੁਗ ਚੌਕੜੀ ਗਏ ਹਾਰ। ਚੌਥਾ ਜੁਗ ਰੂਪ ਧਰਾਇਆ, ਚਾਰ ਕੁੰਟ ਹੋ ਉਜਿਆਰ। ਚਾਰੇ ਵੇਦ ਵੇਖ ਵਖਾਇਆ, ਚਾਰੇ ਬਾਣੀ ਕਰੇ ਪੁਕਾਰ। ਚਾਰੇ ਵਰਨਾਂ ਨੈਣ ਸ਼ਰਮਾਇਆ, ਚਾਰੇ ਯਾਰੀ ਰੋਵੇ ਜ਼ਾਰੋ ਜ਼ਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਚਾਰ ਦਏ ਆਧਾਰ। ਨਵ ਨੌਂ ਚਾਰ ਸਰਬ ਕੁਰਲਾਇਆ, ਲੱਖ ਚੁਰਾਸੀ ਦਏ ਦੁਹਾਈਆ। ਨਿਰਗੁਣ ਰੂਪ ਨਜ਼ਰ ਕਿਸੇ ਨਾ ਆਇਆ, ਸਰਗੁਣ ਮਸਤਕ ਲੱਗੀ ਕੂੜੀ ਛਾਹੀਆ। ਚਾਰੋਂ ਕੁੰਟ ਅੰਧੇਰਾ ਛਾਇਆ, ਦਹਿ ਦਿਸ਼ਾ ਨਾ ਕੋਇ ਰੁਸ਼ਨਾਈਆ। ਬ੍ਰਹਿਮੰਡ ਵਰਭੰਡ ਰਿਹਾ ਕੁਰਲਾਇਆ, ਜੇਰਜ ਅੰਡ ਧੀਰ ਨਾ ਕੋਇ ਧਰਾਈਆ। ਵਿਸ਼ਨ ਬ੍ਰਹਮਾ ਸ਼ਿਵ ਨੇਤਰ ਨੈਣ ਰਿਹਾ ਉਠਾਇਆ, ਰਾਹ ਤੱਕਣ ਸਾਚੇ ਮਾਹੀਆ। ਕਰੋੜ ਤੇਤੀਸਾ ਨੇਤਰ ਨੈਣਾਂ ਨੀਰ ਵਹਾਇਆ, ਸੁਰਪਤ ਰਾਜਾ ਇੰਦ ਦਏ ਦੁਹਾਈਆ। ਗੁਰ ਪੀਰ ਅਵਤਾਰ ਬੈਠੇ ਸੇਜ ਵਿਛਾਇਆ, ਘਰ ਮਿਲੇ ਕੰਤ ਸੁਹੇਲਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਨਵ ਨੌਂ ਚਾਰ ਆਪਣਾ ਰੰਗ ਆਪੇ ਵੇਖ ਵਖਾਈਆ। ਨਵ ਨੌਂ ਚਾਰ ਰੰਗ ਅਪਾਰਾ, ਹਰਿ ਸਾਚਾ ਵੇਖ ਵਖਾਇੰਦਾ। ਕਲਜੁਗ ਅੰਤਮ ਖੇਲ ਨਿਆਰਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਆਦਿ ਸ਼ਕਤ ਆਦਿ ਭਵਾਨੀ ਏਕਾ ਹੁਕਮ ਧੁਰ ਫ਼ਰਮਾਨਾ ਆਪ ਸੁਣਾਇੰਦਾ। ਏਕਾ ਜਲਵਾ ਨੂਰ ਨੂਰਾਨੀ, ਮਹਿਬਾਨ ਬੀਦੋ ਬੀ ਖੈਰ ਯਾ ਅੱਲਾ ਇਲਾਹੀ ਨੂਰ ਆਪ ਧਰਾਇੰਦਾ। ਆਪੇ ਜਾਣੇ ਆਦਿ ਜੁਗਾਦਿ ਜੁਗਾ ਜੁਗੰਤਰ ਸ਼ਬਦ ਅਨਾਦ ਅਨਾਦੀ ਬਾਣੀ, ਲੋਕਮਾਤ ਆਪ ਸੁਣਾਇੰਦਾ। ਕਲਜੁਗ ਅੰਤਮ ਅੰਤ ਹਰਿ ਇਕ ਵਖਾਏ ਸਚ ਨਿਸ਼ਾਨੀ, ਆਤਮ ਬ੍ਰਹਮ ਸਰਬ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਵ ਨੌਂ ਚਾਰ ਪੰਧ ਮੁਕਾਇੰਦਾ। ਨਵ ਨੌਂ ਚਾਰ ਆਤਮ ਬ੍ਰਹਮ, ਪਾਰਬ੍ਰਹਮ ਉਪਜਾਇਆ। ਲੇਖਾ ਜਾਣੇ ਭਗਤ ਕਰਮ, ਨਿਹਕਰਮੀ ਕਰਮ ਕਮਾਇਆ। ਨਿਰਗੁਣ ਨਿਰਵੈਰ ਏਕਾ ਧਰਮ, ਅਧਰਮੀ ਧਰਮ ਵੇਖ ਵਖਾਇਆ। ਨਿਰਾਕਾਰ ਵਖਾਏ ਏਕਾ ਵਰਨ, ਬਰਨ ਕੋਇ ਰਹਿਣ ਨਾ ਪਾਇਆ। ਅਬਿਨਾਸ਼ੀ ਕਰਤਾ ਸਾਚੀ ਸਰਨ, ਦੂਸਰ ਓਟ ਨਾ ਕੋਇ ਤਕਾਇਆ। ਜਨ ਭਗਤਾਂ ਖੋਲ੍ਹੇ ਹਰਨ ਫਰਨ, ਨੇਤਰ ਆਪਣਾ ਆਪ ਵਖਾਇਆ। ਸੰਤਨ ਚੁਕਾਏ ਮਰਨ ਡਰਨ, ਕਾਲ ਫਾਸ ਨੇੜ ਨਾ ਆਇਆ। ਗੁਰਮੁਖ ਸਾਚੀ ਤਰਨੀ ਤਰਨ, ਰਾਏ ਧਰਮ ਨਾ ਦਏ ਸਜ਼ਾਇਆ। ਗੁਰਸਿਖ ਦਰ ਘਰ ਸਾਚੇ ਵੜਨ, ਚਿਤਰ ਗੁਪਤ ਨਾ ਲੇਖ ਵਖਾਇਆ। ਮਨਮੁਖ ਜੀਵ ਆਪਣੀ ਕਰਨੀ ਭਰਨ, ਲੱਖ ਚਰਾਸੀ ਗੇੜ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨੌਂ ਨੌਂ ਚਾਰ ਲਏ ਪਰਨਾਇਆ। ਨਵ ਨੌਂ ਚਾਰ ਪਰਨਾਵਣਾ, ਹਰਿ ਸਾਚਾ ਕੰਤ ਕੰਤੂਹਲ। ਆਪਣਾ ਕੀਤਾ ਕੌਲ ਭੁਲ ਨਾ ਜਾਵਣਾ, ਕਰੇ ਖੇਲ ਸਦਾ ਅਨਭੂਲ। ਨਿਰਗੁਣ ਸਰਗੁਣ ਵੇਖ ਵਖਾਵਣਾ, ਤੋਲਣਹਾਰਾ ਪੂਰਾ ਤੋਲ। ਸ਼ਬਦ ਅਗੰਮੀ ਖੰਡਾ ਹੱਥ ਰਖਾਵਣਾ, ਆਪੇ ਵੇਖਣਹਾਰਾ ਘਟ ਘਟ ਅੰਦਰ ਮੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧਰਨੀ ਧਰਤ ਧੌਲ। ਧੌਲ ਧਰਮ ਤੇਰਾ ਵੇਖਣਹਾਰਾ, ਦਇਆ ਧਰਮ ਪੂਤ ਕਵਣ ਅਖਵਾਈਆ। ਪੁਰਖ ਅਬਿਨਾਸ਼ੀ ਹੋ ਉਜਿਆਰਾ, ਲੋਕਮਾਤ ਜੋਤ ਜਗਾਈਆ। ਨੌਂ ਖੰਡ ਪ੍ਰਿਥਮੀ ਪਾਵੇ ਸਾਰਾ, ਨੌਂ ਦਰ ਖੋਲ੍ਹੇ ਥਾਉਂ ਥਾਈਆ। ਚਾਰ ਕੁੰਟ ਫਿਰੇ ਹਲਕਾਰਾ, ਸ਼ਬਦ ਦੂਤ ਇਕ ਦੌੜਾਈਆ। ਦਿਸ ਨਾ ਆਏ ਵਿਚ ਸੰਸਾਰਾ, ਪਾਰਬ੍ਰਹਮ ਅਬਿਨਾਸ਼ੀ ਅਚੁਤ ਆਪਣੀ ਖੇਲ ਖਿਲਾਈਆ। ਚਾਰੇ ਵੇਦ ਕਰਨ ਪੁਕਾਰਾ, ਪੁਰਾਨ ਅਠਾਰਾਂ ਦੇਣ ਗਵਾਹੀਆ। ਵੇਦ ਵਿਆਸਾ ਬਣ ਲਿਖਾਰਾ, ਨਾਨਕ ਗੋਬਿੰਦ ਆਪ ਸਾਲਾਹੀਆ। ਕਲਜੁਗ ਅੰਤਮ ਪਰਗਟੇ ਨਿਹਕਲੰਕ ਨਰਾਇਣ ਅਵਤਾਰਾ, ਆਪਣਾ ਬਲ ਆਪਣਾ ਰੂਪ ਪਰਗਟਾਈਆ। ਕੂੜੀ ਕਿਰਿਆ ਮੇਟੇ ਵਿਚ ਸੰਸਾਰਾ, ਜੂਠ ਝੂਠ ਰਹਿਣ ਨਾ ਪਾਈਆ। ਸਤਿ ਸਤਿ ਵਰਤਾਏ ਹਰਿ ਨਿਰੰਕਾਰਾ, ਸਤਿਜੁਗ ਸਾਚਾ ਰਾਹ ਚਲਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ਵਾਰਾ, ਤਖ਼ਤ ਤਾਜ ਨਾ ਕੋਇ ਹੰਢਾਈਆ। ਗ਼ਰੀਬ ਨਿਮਾਣਿਆਂ ਪਾਵੇ ਸਾਰਾ, ਨਿਰਧਨ ਅਪਣਾ ਰੰਗ ਰੰਗਾਈਆ। ਏਕਾ ਬਖ਼ਸ਼ੇ ਚਰਨ ਪਿਆਰਾ, ਚਰਨ ਚਰਨੋਦਕ ਆਤਮ ਅੰਤਰ ਬੂੰਦ ਸਵਾਂਤੀ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਵ ਨੌਂ ਚਾਰ ਲੇਖਾ ਦਏ ਮੁਕਾਈਆ। ਨਵ ਨੌਂ ਚਾਰ ਲੇਖਾ ਮੁਕਣਾ, ਹਰਿ ਸਾਚਾ ਆਪ ਮੁਕਾਇੰਦਾ। ਹਰਿ ਕਾ ਭਾਣਾ ਕਦੇ ਨਾ ਰੁਕਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਸ਼ਬਦ ਗੁਰ ਸ਼ਬਦ ਰੂਪ ਹੋ ਹੋ ਬੁੱਕਣਾ, ਕਲਜੁਗ ਝੱਲ ਵੇਖ ਵਖਾਇੰਦਾ। ਅਠਸਠ ਤੀਰਥ ਪਾਣੀ ਸੁੱਕਣਾ, ਅੰਮ੍ਰਿਤ ਸੀਰ ਨਾ ਕੋਇ ਨਹਾਇੰਦਾ। ਬਿਨ ਹਰਿ ਪੁਰਖ ਅਕਾਲ, ਦੂਜੇ ਦਰ ਸੀਸ ਨਾ ਝੁਕਣਾ, ਅੰਤਮ ਖੇੜਾ ਆਪੇ ਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਵ ਨੌਂ ਚਾਰ ਅਗਲਾ ਪੰਧ ਮੁਕਾਇੰਦਾ। ਨਵ ਨੌਂ ਚਾਰ ਮੁਕੇ ਪੰਧ, ਹਰਿ ਸਾਚਾ ਆਪ ਮੁਕਾਈਆ। ਨੌਂ ਖੰਡ ਪ੍ਰਿਥਮੀ ਨੌਂ ਦਰ ਚਾਰ ਵਰਨ ਗਾਏ ਏਕਾ ਛੰਦ, ਸੋਹੰ ਸ਼ਬਦ ਵਡੀ ਵਡਿਆਈਆ। ਮਾਣਸ ਮਨੁਖ ਰਸਨਾ ਲਾਏ ਨਾ ਕੋਇ ਮਦਿਰਾ ਮਾਸ ਗੰਦ, ਜਿਸ ਜਨ ਆਤਮ ਬ੍ਰਹਮ ਕਰੇ ਜਣਾਈਆ। ਘਰ ਜੋਤ ਨਿਰੰਜਣ ਚੜ੍ਹੇ ਚੰਦ, ਘਰ ਘਰ ਵਿਚ ਕਰੇ ਰੁਸ਼ਨਾਈਆ। ਘਰ ਗੀਤ ਘਰ ਗੋਬਿੰਦ ਘਰ ਗਾਏ ਸੁਹਾਗੀ ਛੰਦ, ਘਰ ਮਿਲੇ ਸਤਿਗੁਰ ਸੱਚਾ ਮਾਹੀਆ। ਘਰ ਪਰਮਾਨੰਦ ਘਰ ਮਿਲੇ ਹਰਿ ਬਖ਼ਸ਼ੰਦ, ਗੁਰਮੁਖ ਵਿਰਲਾ ਬੱਤੀ ਦੰਦ ਏਕਾ ਗੁਣ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਚਾਰ ਤੇਰਾ ਡੇਰਾ ਦੇਵੇ ਢਾਹੀਆ। ਨਵ ਨੌਂ ਚਾਰ ਡੇਰਾ ਢਾਵਣਾ, ਨਾਤਾ ਤੋੜ ਕਾਮ ਕਰੋਧ ਲੋਭ ਮੋਹ ਹੰਕਾਰ। ਕਾਇਆ ਖੇੜਾ ਇਕ ਵਸਾਵਣਾ, ਪੰਚ ਸ਼ਬਦ ਧੁਨ ਨਾਦ ਕਰ ਜੈਕਾਰ। ਮਨ ਮਤ ਬੁਧ ਆਪ ਸਮਝਾਵਣਾ, ਗੁਰ ਸਤਿਗੁਰ ਕਰ ਪਿਆਰ। ਦੂਈ ਦਵੈਤੀ ਪਰਦਾ ਲਾਹਵਣਾ, ਆਸਾ ਤ੍ਰਿਸ਼ਨਾ ਕਰ ਖ਼ਵਾਰ। ਧੁਨ ਆਤਮਕ ਨਾਦ ਵਜਾਵਣਾ, ਅਨਹਦ ਸ਼ਬਦ ਸੱਚੀ ਧੁੰਨਕਾਰ। ਏਕਾ ਰੂਪ ਸਰਬ ਦਰਸਾਵਣਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਦਏ ਆਧਾਰ। ਰਾਓ ਰੰਕਾਂ ਰਾਜ ਰਾਜਾਨਾਂ ਏਕਾ ਘਰ ਵਖਾਵਣਾ, ਹਰਿ ਪੁਰਖ ਨਿਰੰਜਣ ਚਰਨ ਦਵਾਰ। ਸ਼ਾਹੋ ਭੂਪ ਸਾਚਾ ਤਾਜ ਸੀਸ ਟਿਕਾਵਣਾ, ਪੰਚਮ ਮੇਲਾ ਵਿਚ ਸੰਸਾਰ। ਏਕਾ ਮੰਤਰ ਨਾਮ ਦ੍ਰਿੜਾਵਣਾ, ਨੌਂ ਨੌਂ ਚਾਰ ਹੋਏ ਜੈਕਾਰ। ਸਤਿ ਸਤਿਵਾਦੀ ਸਤਿ ਵਰਤਾਵਣਾ, ਸਚ ਸੁਚ ਕਰੇ ਪਿਆਰ। ਕਾਇਆ ਕੱਚ ਕੰਚਨ ਰੂਪ ਬਣਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰ।
