Granth 10 Likhat 052: Girdhara Singh de Jeevdian hi Nava Janam Ditta

ਗਿਰਧਾਰਾ ਸਿੰਘ ਦੇ ਜੀਵਦਿਆਂ ਹੀ ਨਵਾਂ ਜਨਮ ਦਿਤਾ

ਮੂਰਖ ਮੂੜ੍ਹ ਜਗਤ ਸੁਚੱਜਾ, ਜਿਸ ਸਤਿਗੁਰ ਦਏ ਵਡਿਆਈਆ। ਜਿਸ ਬਾਲ ਅਞਾਣੇ ਹਰਿ ਪਰਦਾ ਕਜਾ, ਸਿਰ ਆਪਣਾ ਹੱਥ ਰਖਾਈਆ। ਗੁਰ ਚਰਨ ਦਵਾਰੇ ਬਹਿ ਬਹਿ ਸਜਾ, ਧੰਨ ਧੰਨ ਜਣੇਂਦੀ ਮਾਈਆ। ਹਰਿ ਮੰਦਰ ਨਾਦ ਏਕਾ ਵਜਾ, ਦੀਨ ਦਿਆਲ ਆਪ ਵਜਾਈਆ। ਆਦਿ ਅੰਤ ਰੱਖੇ ਲਜਾ, ਲਜਿਆਵਾਨ ਆਪ ਹੋ ਜਾਈਆ। ਪੀ ਅੰਮ੍ਰਿਤ ਗੁਰਸਿਖ ਗੁਰ ਦਰ ਏਕਾ ਰੱਜਾ, ਭਰ ਪਿਆਲਾ ਜਿਸ ਪਿਆਈਆ। ਜਗਤ ਵਿਕਾਰ ਜਗਤ ਔਗੁਣ ਤਜਾ, ਗੁਣ ਸਤਿਗੁਰ ਇਕ ਸਾਲਾਹੀਆ। ਘਰ ਮੱਕਾ ਘਰ ਕਾਅਬਾ ਘਰ ਹੱਜਾ ਘਰ ਅਮਾਮ, ਘਰ ਪੀਰਨ ਸਿਰ ਪੀਰ ਮੇਲ ਮਿਲਾਈਆ। ਘਰ ਖੰਡ ਘਰ ਬ੍ਰਹਿਮੰਡ ਘਰ ਵਖਾਏ ਨਿਜਾਨੰਦਾ, ਨਿਜ ਆਤਮ ਰਸ ਚੁਆਈਆ। ਘਰ ਗੀਤ ਘਰ ਗੋਬਿੰਦ ਘਰ ਗਾਏ ਸੁਹਾਗੀ ਛੰਦਾ, ਸਾਚੀ ਕਰੇ ਘਰ ਪੜ੍ਹਾਈਆ। ਜਿਸ ਜਨ ਬਣਾਏ ਆਪਣਾ ਬੰਦਾ, ਬੰਦੀਖਾਨਾ ਨਾ ਕੋਈ ਵਖਾਈਆ। ਹਰਿ ਸੰਗਤ ਪਿਆਰ ਸੱਚਾ ਧੰਦਾ, ਆਪਣੇ ਧੰਦੇ ਵਕ਼ਤ ਵਿਹਾਈਆ। ਸਾਹਿਬ ਸੁਲਤਾਨ ਸਦਾ ਬਖ਼ਸ਼ਿੰਦਾ, ਬਖ਼ਸ਼ਣਹਾਰਾ ਬਖ਼ਸ਼ੇ ਏਕਾ ਮਾਹੀਆ। ਆਪਣੇ ਨਾਲ ਪਵਾਈ ਗੰਢਾ, ਸਗਨੀ ਗਾਨਾ ਆਪ ਬੰਧਾਈਆ। ਸਦਾ ਸੁਹਾਗਣ ਨਾ ਹੋਏ ਰੰਡਾ, ਜਗਤ ਰੰਡੇਪਾ ਆਪ ਕਟਾਈਆ। ਜਗਤ ਆਯੂ ਆਈ ਉਤੇ ਕੰਢਾ, ਬਾਕੀ ਸਤ ਦਿਨ ਰਿਹਾ ਸਮਝਾਈਆ। ਸੰਗਤ ਸੰਗ ਰਲਾ ਤੁੜਾਏ ਫੰਦਾ, ਜੀਵਣ ਜੁਗਤ ਫੇਰ ਬਣਾਈਆ। ਪਹਿਲੋਂ ਆਪਣੇ ਨਾਲ ਹਰਿ ਸੰਗਤ ਵਿਚ ਕਰੇ ਕਾਰਜ ਅਨੰਦਾ, ਮਾਨਸ ਜਨਮ ਫੇਰ ਦਵਾਈਆ। ਪਹਿਲਾ ਲੇਖਾ ਆਪਣੀ ਹੱਥੀਂ ਖੰਡਾ, ਲਕੀਰ ਲਕੀਰ ਓੁਤੇ ਫਿਰਾਈਆ। ਬਣਕੇ ਤ੍ਰਖਾਨ ਫੜਿਆ ਰੰਦਾ, ਸਾਚੀ ਕਰੇ ਆਪ ਸਫ਼ਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁੱਟੀ ਗੰਢ ਵਖਾਈਆ। ਤੁੱਟੀ ਗੰਢ ਗੰਢ ਗੋਪਾਲ, ਸਤ ਦਿਵਸ ਰਹੇ ਬਾਕੀ। ਸੰਗਤ ਵਿਚ ਫੇਰ ਮਿਲਾਏ ਲਾਲ, ਅੰਮ੍ਰਿਤ ਜਾਮ ਪਿਆਏ ਬਣ ਸਾਕੀ। ਤਨ ਤਨ ਨਾ ਹੋਏ ਫੇਰ ਵਿੰਗਾ ਵਾਲ, ਤੇਤੀ ਸਾਲ ਹੰਡਾਏ ਜਿਸਮ ਖ਼ਾਕੀ। ਸਤਿਗੁਰ ਸਤਿ ਹੋਏ ਕ੍ਰਿਪਾਲ, ਸਤਿ ਵਸਤ ਵਿਚ ਸਤਿ ਵਿਸਮਾਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਰੇ ਖੇਲ ਸਾਚੀ ਬਾਡੀ। ਨਾ ਭੰਨਿਆ ਨਾ ਤੁੱਟਾ ਨਾਤਾ, ਨਾ ਅਗਨੀ ਅੱਗ ਜਲਾਇਆ। ਨਾ ਕੋਈ ਭੈਣ ਨਾ ਕੋਈ ਭਰਾਤਾ, ਲਹਿਣ ਦੇਣ ਨਾ ਕੋਈ ਪਾਇਆ। ਨਾ ਕੋਈ ਸਤਾਰਵਾਂ ਨਾ ਕੋਈ ਸਾਤਾ, ਦਸਵੇਂ ਭੋਗ ਨਾ ਕੋਈ ਕਰਾਇਆ। ਨਾ ਕੋਈ ਕਾਹਨੀ ਬਣ ਬਣ ਚੁੱਕੇ ਨਾ ਕੋਈ ਮੁਕਾਏ ਵਾਟਾ, ਪਾਂਧੀ ਆਪਣਾ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵਦਿਆਂ ਹੀ ਜੀਵਣ ਦੇ, ਜਨਮ ਜਨਮ ਵਿਚ ਬਦਲਾਇਆ। ਜਨਮ ਗਿਆ ਜਨਮ ਆਇਆ, ਜਨਮ ਲੇਖਾ ਲੇਖੇ ਪਾਈਆ। ਸਤਿਗੁਰ ਪੂਰਾ ਦਯਾ ਕਮਾਇਆ, ਕਰੇ ਖੇਲ ਬੇਪ੍ਰਵਾਹੀਆ। ਰਾਤੀ ਸੁਤਿਆਂ ਵਕ਼ਤ ਦਏ ਵਖਾਇਆ, ਇਧਰ ਮਰੇ ਇਧਰ ਜਨਮੇ ਉਧਰ ਹਰਿ ਹਰਿ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਢਾਈ ਪਲ ਸੋਹੰ ਮੁੰਮਾਂ ਅੰਮ੍ਰਿਤ ਸਾਚਾ ਸੀਰ ਪਿਆਈਆ। ਸਾਚਾ ਸੀਰ ਆਪ ਪਿਆਏ, ਅੰਮ੍ਰਿਤ ਜਲ ਹੱਥ ਉਠਾਈਆ। ਮਰਨ ਤੋਂ ਪਹਿਲਾਂ ਜਨਮ ਦਵਾਏ, ਮਰਨ ਵਿਚ ਨਾ ਗੁਰਸਿਖ ਆਈਆ। ਸਾਧ ਸੰਗਤ ਤੇਰੇ ਨਾਲ ਰਲਾਏ, ਵਿਛੋੜਾ ਆਪਣੀ ਹੱਥੀ ਕਟਾਈਆ। ਦਿਵਸ ਰੈਣ ਜੋ ਰਿਹਾ ਸੇਵ ਕਮਾਏ, ਸੇਵਾ ਫਲ ਆਪਣੀ ਹੱਥੀ ਝੋਲੀ ਪਾਈਆ। ਉਖੜਿਆ ਬੂਟਾ ਫੇਰ ਲਗਾਏ, ਆਪਣੀ ਹੱਥੀਂ ਸਿੰਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਜਨਮ ਕਰਮ ਕਰਮ ਜਨਮ ਆਪਣੇ ਹੱਥ ਰਖਾਈਆ।