Granth 10 Likhat 058: 22 Faggan 2017 Bikarmi Kishan Singh de Greh Pind Allarh Pindi

੨੨ ਫਗਣ ੨੦੧੭ ਬਿਕ੍ਰਮੀ ਕਿਸ਼ਨ ਸਿੰਘ ਦੇ ਗ੍ਰਹਿ ਪਿੰਡ ਅਲ੍ਹੜ ਪਿੰਡੀ

ਕਰ ਮਿਹਰ ਦਰ ਆਇਆ ਮੰਗਣ, ਦਰਦੀ ਦਰਦੀਆਂ ਦਰਦ ਮਿਟਾਇੰਦਾ। ਕਰ ਠਗੌਰੀ ਜੋ ਚੁਕਿਆ ਕੰਗਣ, ਆਪਣੇ ਅੰਗਣ ਫੇਰ ਲਗਾਇੰਦਾ। ਦਿਆਲ ਸਾਹਿਬ ਸਦਾ ਬਖ਼ਸ਼ੰਦਨ, ਦੀਨਨ ਰੱਛਿਆ ਆਪ ਕਰਾਇੰਦਾ। ਪ੍ਰੇਮ ਡੋਰੀ ਪਾਏ ਬੰਧਨ, ਸਾਰ ਸ਼ਬਦ ਗੰਢ ਰਖਾਇੰਦਾ। ਗੁਰਸਿਖ ਧੂੜੀ ਸਾਚਾ ਚੰਦਨ, ਨੌਂ ਗ੍ਰਹਿ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਨਿਧ ਗਹਿਰ ਗੰਭੀਰ ਗੁਣ ਠਾਕਰ ਮਿਹਰਵਾਨ ਆਪਣੀ ਸੇਵਾ ਆਪ ਕਮਾਇੰਦਾ। ਸੇਵਾ ਕਰਨ ਆਈ ਦਾਸੀ, ਨਿਰਗੁਣ ਆਪਣਾ ਰੂਪ ਧਰਾਈਆ। ਕਿਸੇ ਹੱਥ ਨਾ ਆਵੇ ਪੰਡਤ ਕਾਂਸੀ, ਪਰਾਗ ਅਯੁਧਿਆ ਰਹੀ ਕੁਰਲਾਈਆ। ਕਰਿਆ ਖੇਲ ਘਨਕ ਪੁਰ ਵਾਸੀ, ਘਨਯਾ ਬੰਸਰੀ ਸ਼ਾਮ ਨਾਮ ਵਜਾਈਆ। ਮੰਡਲ ਪਾਵੇ ਆਪਣੀ ਰਾਸੀ, ਸਾਚਾ ਮੰਦਰ ਇਕ ਸੁਹਾਈਆ। ਜੋਤ ਅਕਾਲਣ ਆਦਿ ਜੁਗਾਦਿ ਨਾ ਕਦੇ ਵਿਨਾਸੀ, ਨਾਰੀ ਕੰਤ ਆਪਣਾ ਖੇਲ ਖਿਲਾਈਆ। ਆਪੇ ਹੋਏ ਸ਼ਾਹੋ ਸ਼ਾਬਾਸੀ, ਆਪੇ ਬਰਦੀ ਬਣ ਬਣ ਸੀਸ ਝੁਕਾਈਆ। ਆਪੇ ਕਰੇ ਆਪਣੀ ਪੂਰੀ ਆਸੀ, ਆਪੇ ਹੋਏ ਸੁਵਾਣੀ ਭਿਛਿਆ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਨਿਗਹ ਮਿਹਰ ਇਕ ਉਠਾਈਆ। ਖੇਚਲ ਕਰੇ ਨਾ ਜੋਤੀ ਨਾਰ, ਗੁਰਸਿਖ ਵੇਖ ਸੁਹਾਗੀ ਕੰਤ। ਛੱਡ ਦਵਾਰਾ ਆਈ ਦਵਾਰ, ਹੋਇਆ ਦਵਾਰਾ ਸੋਭਾਵੰਤ। ਸੁਘੜ ਸਿਆਣੀ ਕਰੇ ਪਿਆਰ, ਪੌਣ ਜੋਤ ਇਕ ਭਗਵੰਤ। ਆਪਣੀ ਹੱਥੀਂ ਦੀਪਕ ਕਰ ਉਜਿਆਰ, ਗੁਰਮੁਖ ਲੱਭੇ ਸਾਚੇ ਸੰਤ। ਉਠ ਉਠ ਵਾਜਾਂ ਰਹੀ ਮਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਮਿਹਰ ਆਪ ਨਿਰੰਕਾਰ। ਕਰੇ ਮਿਹਰ ਹਰਿ ਨਿਰੰਕਾਰਾ, ਮਿਹਰਵਾਨ ਆਪਣੀ ਦਇਆ ਕਮਾਈਆ। ਜੋਤੀ ਜਾਤਾ ਵਿਚ ਸੰਸਾਰਾ, ਜੁਗਤ ਆਪਣੇ ਹੱਥ ਰਖਾਈਆ। ਨਿਕਟ ਵਰਤੀ ਬਣੇ ਆਪ ਕਰਤਾਰਾ, ਨਿਕਟੀ ਹੋ ਹੋ ਰੂਪ ਵਖਾਈਆ। ਸ੍ਰਿਸ਼ਟ ਸਬਾਈ ਧੂਆਂਧਾਰਾ, ਚਾਰ ਕੁੰਟ ਅੰਧੇਰਾ ਛਾਈਆ। ਕਲਜੁਗ ਸਾਗਰ ਡੂੰਘੀ ਗਾਰਾ, ਪਾਰ ਕਿਨਾਰਾ ਨਾ ਕੋਇ ਜਣਾਈਆ। ਗੁਰ ਅਵਤਾਰ ਦੇ ਦੇ ਗਏ ਸਹਾਰਾ, ਪੁਰਖ ਅਕਾਲ ਓਟ ਰਖਾਈਆ। ਕਲਜੁਗ ਅੰਤਮ ਪਰਗਟੇ ਨਿਹਕਲੰਕ ਨਰਾਇਣ ਨਰ ਅਵਤਾਰਾ, ਜੋਤੀ ਨੂਰ ਕਰੇ ਰੁਸ਼ਨਾਈਆ। ਭਗਤਨ ਦੇਵੇ ਇਕ ਸਹਾਰਾ, ਭਗਵਨ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਦਾ ਸਹਾਈਆ। ਮਿਹਰਵਾਨ ਹੋਇਆ ਠਾਕਰ, ਜਗਤ ਠੋਕਰ ਆਪ ਲਗਾਇੰਦਾ। ਗੁਰਮੁਖ ਦਵਾਰੇ ਬਣੇ ਸੌਦਾਗਰ, ਸਾਚਾ ਵਣਜ ਇਕ ਵਖਾਇੰਦਾ। ਅੰਮ੍ਰਿਤ ਵੇਖੇ ਕਾਇਆ ਗਾਗਰ, ਕਵਲ ਨਾਭੀ ਮੁਖ ਭਵਾਇੰਦਾ। ਦਰ ਦਰਵੇਸ਼ਾ ਬਣ ਕੇ ਕਰਨ ਆਇਆ ਆਦਰ, ਕਰੀਮ ਕ਼ਾਦਰ ਸੇਵ ਕਮਾਇੰਦਾ। ਗੁਰ ਤੇਗ਼ ਬਹਾਦਰ ਹੱਥ ਫੜੀ ਚਿਟੀ ਚਾਦਰ, ਗੁਰ ਗੋਬਿੰਦ ਗੁਰਸਿਖਾਂ ਉਪਰ ਆਪ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੀ ਦਇਆ ਆਪ ਕਮਾਇੰਦਾ। ਦਇਆ ਕਮਾਵਣ ਆਈ ਘਰ, ਦੀਨਨ ਦੀ ਰਖਵਾਲੀ ਜੋਤ। ਗੁਰਸਿਖਾਂ ਅੰਦਰ ਗਈ ਵੜ, ਨਾ ਕੋਈ ਵਰਨ ਨਾ ਕੋਈ ਗੋਤ। ਆਪਣਾ ਅੱਖਰ ਅੰਦਰੇ ਅੰਦਰ ਰਹੀ ਪੜ੍ਹ, ਨਾ ਕੋਈ ਕਿਲਾ ਨਾ ਕੋਈ ਕੋਟ। ਸਾਚੇ ਪੌੜੇ ਬੈਠੀ ਚੜ੍ਹ, ਏਕਾ ਰੱਖੀ ਗੁਰਮੁਖ ਓਟ। ਆਪ ਫੜਾਏ ਆਪਣਾ ਲੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਹਰਿਜਨ ਕੱਢੇ ਕਾਇਆ ਖੋਟ। ਹਰਿ ਸਾਚਾ ਖੇਲ ਖਿਲਾਇੰਦਾ, ਹਰੀ ਹਰਿ ਆਪਣੇ ਨਾਲ ਮਿਲਾ। ਪਾਰਬ੍ਰਹਮ ਆਪਣਾ ਬੰਕ ਸੁਹਾਇੰਦਾ, ਬ੍ਰਹਮ ਆਪਣੀ ਗੋਦ ਬਹਾ। ਨਿਰਗੁਣ ਸਰਗੁਣ ਰੂਪ ਵਟਾਇੰਦਾ, ਰੂਪ ਜਣਾਏ ਦੋ ਜਹਾਂ। ਸਚਖੰਡ ਦਵਾਰੇ ਸੋਭਾ ਪਾਇੰਦਾ, ਤਖ਼ਤ ਨਿਵਾਸੀ ਆਸਣ ਲਾ। ਥਿਰ ਘਰ ਸਾਚੇ ਚਰਨ ਛੁਹਾਇੰਦਾ, ਸਾਚਾ ਮੰਦਰ ਦਏ ਵਡਿਆ। ਆਪਣੇ ਰੰਗ ਆਪ ਰੰਗਾਇੰਦਾ, ਰੰਗ ਚਾੜ੍ਹੇ ਬੇਪਰਵਾਹ। ਆਪਣਾ ਦੀਪ ਆਪ ਜਗਾਇੰਦਾ, ਜੋਤੀ ਜਲਵਾ ਕਰ ਰੁਸ਼ਨਾ। ਦਰ ਦਰਵਾਜ਼ਾ ਨਾ ਕੋਇ ਰਖਾਇੰਦਾ, ਆਪੇ ਘਾੜਤ ਲਿਆ ਘੜਾ। ਪੌੜਾ ਅਵਰ ਨਾ ਕੋਇ ਲਗਾਇੰਦਾ, ਆਪੇ ਜਾਣੇ ਆਪਣਾ ਥਾਂ। ਲੰਮਾਂ ਚੌੜਾ ਨਾ ਕੋਇ ਬਣਾਇੰਦਾ, ਨਾ ਕੋਈ ਮਿਣਤੀ ਸਕੇ ਮਿਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚਾ ਸ਼ਹਿਨਸ਼ਾਹ। ਸਚ ਮਹੱਲ ਉਚ ਅਟੱਲਾ, ਹਰਿ ਸਾਚਾ ਆਪ ਬਣਾਇੰਦਾ। ਨਿਰਵੈਰ ਪੁਰਖ ਵਸੇ ਇਕ ਇਕੱਲਾ, ਆਸਣ ਸਿੰਘਾਸਣ ਸੋਭਾ ਪਾਇੰਦਾ। ਆਪਣੀ ਧਾਰ ਆਪੇ ਰਲਾ, ਧਾਰ ਧਾਰ ਵਿਚ ਸਮਾਇੰਦਾ। ਸਚਖੰਡ ਨਿਵਾਸਾ ਖੇਲ ਤਮਾਸਾ, ਪੁਰਖ ਅਬਿਨਾਸ਼ਾ ਸ਼ਾਹੋ ਸ਼ਾਬਾਸਾ, ਇਕ ਇਕਾਂਤਾ ਆਪ ਕਰਾਇੰਦਾ। ਨਿਜ ਘਰ ਵਾਸਾ ਮੰਡਲ ਰਾਸਾ, ਦਾਸੀ ਦਾਸਾ ਵੇਖ ਵਖਾਇੰਦਾ। ਆਪਣੇ ਨੂਰ ਆਪ ਪਰਕਾਸਾ, ਦੀਵਾ ਬਾਤੀ ਨਾ ਕੋਇ ਬਣਾਇੰਦਾ। ਆਪੇ ਕਰੇ ਆਪਣੀ ਪੂਰੀ ਆਸਾ, ਤ੍ਰਿਸ਼ਨਾ ਅਵਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨੂਰ ਆਪ ਧਰਾਇੰਦਾ। ਆਪਣਾ ਨੂਰ ਆਪੇ ਧਰ, ਸਤਿ ਪੁਰਖ ਨਿਰੰਜਣ ਖੇਲ ਖਿਲਾਈਆ। ਆਪਣੇ ਮੰਦਰ ਘਾੜਨ ਘੜ, ਸਚਖੰਡ ਦਵਾਰਾ ਵੇਖ ਵਖਾਈਆ। ਆਪਣੇ ਤਖ਼ਤ ਆਪੇ ਚੜ੍ਹ, ਰਾਜ ਰਾਜਾਨ ਸ਼ਾਹ ਭੂਪ, ਸੀਸ ਜਗਦੀਸ ਤਾਜ ਸੁਹਾਈਆ। ਆਪੇ ਵੇਖੇ ਆਪਣਾ ਰੂਪ ਸਤਿ ਸਰੂਪ, ਰੰਗ ਰੇਖ ਨਾ ਕੋਇ ਵਡਿਆਈਆ। ਆਪੇ ਜਾਣੇ ਆਪਣੀ ਮਹਿਮਾ ਅਨੂਪ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਬੇਪਰਵਾਹੀਆ। ਆਦਿ ਪੁਰਖ ਆਪਣਾ ਆਪ ਉਪਾ, ਹਰੀ ਹਰਿ ਸਾਚੀ ਖੇਲ ਖਿਲਾਇੰਦਾ। ਹਰੀ ਆਪਣਾ ਰੂਪ ਵਟਾ, ਦੋਏ ਦੋਏ ਜੋੜ ਜੁੜਾਇੰਦਾ। ਹਰਿ ਹਰੀ ਹਰਿਆਵਲ ਆਪ ਕਰਾ, ਆਪਣਾ ਕਵਲ ਆਪ ਖਿਲਾਇੰਦਾ। ਆਪਣਾ ਬੂਟਾ ਆਪੇ ਲਾ, ਪਾਰਬ੍ਰਹਮ ਵੇਖ ਵਖਾਇੰਦਾ। ਆਪਣਾ ਬ੍ਰਹਮ ਆਪੇ ਜਾ, ਜਨਨੀ ਜਨ ਗੋਦ ਸੁਹਾਇੰਦਾ। ਦਾਈ ਦਾਇਆ ਸੇਵ ਕਮਾ, ਸਾਚਾ ਸਗਨ ਮਨਾਇੰਦਾ। ਕਰੇ ਖੇਲ ਸੱਚਾ ਸ਼ਹਿਨਸ਼ਾਹ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਪਰਗਟਾਇੰਦਾ। ਆਪਣਾ ਰੂਪ ਪੁਰਖ ਸਮਰਥ, ਆਪ ਆਪਾ ਵਿਚ ਛੁਪਾਈਆ। ਆਪੇ ਵਿਚੋਂ ਹੋਇਆ ਆਪੇ ਵੱਖ, ਆਪਣੀ ਬਣਤ ਆਪ ਬਣਾਈਆ। ਅਗੋਚਰ ਅਗੰਮ ਅਲਖਣਾ ਅਲਖ, ਕੋਈ ਲਖ ਨਾ ਸਕੇ ਰਾਈਆ। ਆਪਣੀ ਕੁੱਖੋਂ ਆਪੇ ਜੰਮ, ਆਪੇ ਪਿਤਾ ਆਪੇ ਮਾਈਆ। ਆਪਣਾ ਬੇੜਾ ਆਪੇ ਬੰਨ੍ਹ, ਆਪੇ ਰਿਹਾ ਚਲਾਈਆ। ਆਪੇ ਕਹੇ ਧੰਨ ਧੰਨ, ਆਪੇ ਜਾਣੇ ਵਡੀ ਵਡਿਆਈਆ । ਆਪਣਾ ਕਹਿਣਾ ਆਪੇ ਮੰਨ, ਆਪੇ ਹੁਕਮ ਸੁਣਾਈਆ। ਆਪ ਬਣਾਏ ਆਪਣੀ ਛੱਪਰੀ ਛੰਨ, ਸਚਖੰਡ ਦਵਾਰਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣਾ ਖੇਲ ਖਿਲਾਈਆ। ਆਦਿ ਪੁਰਖ ਆਦੀ ਆਦਿ, ਆਪਣਾ ਖੇਲ ਖਿਲਾਇੰਦਾ। ਆਪਣੇ ਵਿਚ ਹੋਇਆ ਵਿਸਮਾਦ, ਰੂਪ ਰੇਖ ਨਾ ਕੋਇ ਬਣਾਇੰਦਾ। ਆਪ ਆਪਣਾ ਆਪੇ ਸਾਧ, ਸਤਿ ਆਪਣਾ ਨਾਉਂ ਰਖਾਇੰਦਾ। ਆਪਣਾ ਨਾਉਂ ਆਪ ਅਰਾਧ, ਨਾਉਂ ਨਿਰੰਕਾਰਾ ਆਪੇ ਗਾਇੰਦਾ। ਆਪਣਾ ਬਣਿਆ ਆਪੇ ਬਾਢੀ ਬਾਢ, ਸਾਚਾ ਬਾਢੀ ਸੇਵ ਕਮਾਇੰਦਾ। ਆਪੇ ਵੰਡੀ ਆਪਣੀ ਹਾਦ, ਪਾਰ ਕਿਨਾਰਾ ਨਾ ਕੋਇ ਰਖਾਇੰਦਾ। ਆਪੇ ਬਣਿਆ ਸਾਚਾ ਰਾਜ, ਸਾਚੀ ਸੇਵਾ ਆਪ ਕਮਾਇੰਦਾ। ਆਪੇ ਕਰਿਆ ਆਪਣਾ ਕਾਜ, ਕਰਤਾ ਪੁਰਖ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਬੰਧਾਇੰਦਾ । ਆਪਣੇ ਅੰਤਰ ਆਪਣੀ ਧਾਰ, ਆਪਣੇ ਵਿਚ ਸਮਾਈਆ। ਕਰੇ ਖੇਲ ਅਪਰ ਅਪਾਰ, ਲੇਖਾ ਲਿਖਣ ਵਿਚ ਨਾ ਆਈਆ। ਆਪਣੀ ਇਛਿਆ ਹੋ ਉਜਿਆਰ, ਇਛਿਆ ਆਪਣੀ ਨਾ ਕੋਇ ਦਸਾਈਆ। ਸਾਚੀ ਭਿਛਿਆ ਪਾਵੇ ਪਾਵਣਹਾਰ, ਭਿਛਿਆ ਵਸਤ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣਾ ਭੇਵ ਖੁਲ੍ਹਾਈਆ। ਆਦਿ ਪੁਰਖ ਆਦਿ ਅਗੰਮ, ਸਤਿ ਸਤਿਵਾਦੀ ਖੇਲ ਖਿਲਾਇੰਦਾ। ਆਪੇ ਜਾਣੇ ਆਪਣਾ ਕੰਮ, ਸਾਚਾ ਕਾਰਜ ਆਪ ਕਰਾਇੰਦਾ। ਆਪ ਸੁਹਾਏ ਆਪਣਾ ਘਰ ਲੇਖਾ ਜਾਣੇ ਛੱਪਰ ਛੰਨ, ਸਚਖੰਡ ਦਵਾਰੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਮਤਾ ਆਪ ਪਕਾਇੰਦਾ। ਆਪਣਾ ਮਤਾ ਪਕਾਵਣਹਾਰਾ, ਸਚਖੰਡ ਦਵਾਰ ਸੁਹਾਇੰਦਾ। ਆਪਣਾ ਖੇਲ ਖਿਲਾਵਣਹਾਰਾ, ਆਪਣਾ ਪਰਦਾ ਲਾਹਿੰਦਾ। ਆਪਣਾ ਮਾਰਗ ਆਪੇ ਜਾਨਣਹਾਰਾ, ਆਪਣਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਚਖੰਡ ਦਵਾਰੇ ਸੋਭਾ ਪਾਇੰਦਾ। ਸਚਖੰਡ ਦਵਾਰੇ ਵਸਿਆ ਏਕ। ਅਨਕ ਗੁਣ ਵਡਿਆਈਆ। ਆਪਣੀ ਰੱਖ ਆਪੇ ਟੇਕ, ਆਪਣੀ ਓਟ ਆਪ ਤਕਾਈਆ। ਆਪਣਾ ਰੂਪ ਆਪੇ ਪੇਖ, ਆਪੇ ਪੇਖ ਪੇਖ ਬਿਗਸਾਈਆ । ਆਪਣਾ ਜਾਣੇ ਆਪੇ ਲੇਖ, ਅਲਖ ਸਚਾ ਸ਼ਹਿਨਸ਼ਾਹੀਆ। ਆਪੇ ਵਸੇ ਆਪਣੇ ਦੇਸ, ਸਾਚੇ ਦੇਸ ਸੱਚਾ ਮਾਹੀਆ। ਆਪੇ ਕਰੇ ਆਪਣੀ ਆਦੇਸ, ਆਪੇ ਦੇਵੇ ਮਾਣ ਵਡਿਆਈਆ। ਆਪੇ ਜਾਣੇ ਆਪਣਾ ਵੇਸ, ਵੇਸ ਅਵੱਲੜਾ ਇਕ ਰਖਾਈਆ। ਸਚਖੰਡ ਦਵਾਰੇ ਨਰ ਨਰੇਸ਼, ਨਿਰਗੁਣ ਬੈਠਾ ਆਸਣ ਲਾਈਆ। ਨਾ ਕੋਈ ਦਰਬਾਨ ਦਿਸੇ ਦਰਵੇਸ਼, ਦਵਾਰਪਾਲ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਤਾ ਆਪਣੇ ਨਾਲ ਰਲਾਈਆ। ਆਪਣਾ ਮਤਾ ਕਰ ਸਲਾਹ, ਆਪੇ ਹੁਕਮ ਸੁਣਾਇੰਦਾ। ਆਪਣੀ ਇਛਿਆ ਭਿਛਿਆ ਲਏ ਭਰਾ, ਆਪੇ ਝੋਲੀ ਡਾਹਿੰਦਾ। ਆਪੇ ਸਚਖੰਡ ਦਵਾਰਾ ਇਕ ਵਸਾ, ਦਰ ਘਰ ਸਾਚੇ ਸੋਭਾ ਪਾਇੰਦਾ। ਆਪੇ ਆਪਣਾ ਨਾਉਂ ਸਤਿ ਕਰਾ, ਸਤਿ ਸਤਿਵਾਦੀ ਖੇਲ ਖਿਲਾਇੰਦਾ। ਆਪੇ ਕਰਤਾ ਪੁਰਖ ਕਰਨੀ ਕਿਰਤ ਰਿਹਾ ਕਮਾ, ਕਮਾਵਣਹਾਰਾ ਆਪ ਹੋ ਜਾਇੰਦਾ। ਆਪੇ ਨਿਰਭੌ ਭੈ ਨਾ ਕੋਇ ਰਿਹਾ ਜਣਾ, ਭੌ ਆਪਣਾ ਆਪਣੇ ਸਿਰ ਰਖਾਇੰਦਾ। ਆਪੇ ਨਿਰਵੈਰ ਆਪਣੀ ਬਣਤ ਰਿਹਾ ਬਣਾ, ਦੂਜਾ ਸੰਗ ਨਾ ਕੋਇ ਜਣਾਇੰਦਾ। ਆਪੇ ਮੂਰਤ ਆਪਣੀ ਰਿਹਾ ਦਰਸਾ, ਅਕਾਲ ਆਪਣਾ ਨੈਣ ਖੁਲ੍ਹਾਇੰਦਾ। ਆਪੇ ਜੂਨੀ ਰਹਿਤ ਬਣਿਆ ਬੇਪਰਵਾਹ, ਜੂਨੀ ਜੂਨ ਨਾ ਕੋਇ ਬਣਾਇੰਦਾ। ਮਰੇ ਨਾ ਜੰਮੇ ਸੱਚਾ ਸ਼ਹਿਨਸ਼ਾਹ, ਸੈਭੰ ਰੂਪ ਨਾ ਕੋਇ ਵਟਾਇੰਦਾ। ਸਚਖੰਡ ਖੇੜਾ ਰਿਹਾ ਵਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰੇ ਸਚ ਸਲਾਹ। ਸਚ ਸਲਾਹ ਕਰ ਨਿਰੰਕਾਰਾ, ਆਪਣਾ ਖੇਲ ਖਿਲਾਇੰਦਾ। ਮੇਰਾ ਰੂਪ ਇਕ ਨਿਰਾਕਾਰਾ, ਮੇਰੇ ਅੰਦਰ ਸੋਭਾ ਪਾਇੰਦਾ। ਬੇਅੰਤ ਕਲ ਮੇਰਾ ਬਲ ਕੋਇ ਅੰਤ ਨਾ ਪਾਰਾ ਵਾਰਾ, ਅੰਤ ਅਨੰਤ ਆਪਣਾ ਨਾਉਂ ਧਰਾਇੰਦਾ। ਏਕਾ ਮੰਦਰ ਇਕ ਦਵਾਰਾ, ਏਕਾ ਘਰ ਇਕ ਘਰ ਬਾਰਾ, ਏਕਾ ਸੇਜ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸਲਾਹ ਆਪੇ ਆਪ ਸਮਝਾਇੰਦਾ। ਸਚ ਸਲਾਹ ਦੇਵਣਹਾਰਾ, ਆਪ ਆਪਣਾ ਸੰਗ ਰਖਾਈਆ। ਇਕ ਇਕੱਲਾ ਬੈਠਾ ਰਹਾਂ ਇਕ ਚੁਬਾਰਾ, ਏਕਾ ਹਿਸਾ ਵੰਡ ਵੰਡਾਈਆ। ਬਿਨ ਕੰਮੋਂ ਕਾਜੋਂ ਹੋਇਆ ਨਕਾਰਾ, ਕਰ ਵਿਹਾਰ ਨਾ ਕੋਇ ਦਰਸਾਈਆ। ਕਵਣ ਬਿਧ ਕਰਾਂ ਹੋਵਾਂ ਕਰਨੇਹਾਰਾ, ਕਵਣ ਆਪਣੀ ਸੇਵ ਕਮਾਈਆ। ਆਪਣੀ ਇਛਿਆ ਆਪੇ ਕਰੇ ਵਿਚਾਰਾ, ਆਪ ਆਪਾ ਲਏ ਸਮਝਾਈਆ। ਘਰ ਵਿਚ ਘਰ ਕਰ ਤਿਆਰਾ, ਆਪਣੀ ਬਣਤ ਆਪ ਬਣਾਈਆ। ਥਿਰ ਘਰ ਖੋਲ੍ਹ ਇਕ ਕਿਵਾੜਾ, ਚਰਨ ਕਵਲ ਵਿਚ ਟਿਕਾਈਆ। ਆਪਣਾ ਨੂਰ ਕਰ ਪਿਆਰਾ, ਆਪਣੀ ਨਾਰੀ ਲਏ ਪਰਨਾਈਆ। ਸਚਖੰਡ ਦਵਾਰੇ ਬਣਕੇ ਲਾੜਾ, ਥਿਰ ਘਰ ਸਾਚੇ ਜਾਣਾ ਚਾਈਂ ਚਾਈਆ। ਉਥੇ ਬਣਨਾ ਨਾਰ ਭਤਾਰਾ, ਸਾਚੀ ਸੇਜ ਇਕ ਹੰਢਾਈਆ। ਉਥੇ ਕਰਨਾ ਕੰਮ ਅਪਰ ਅਪਾਰਾ, ਸੁਤ ਦੁਆਰਾ ਏਕਾ ਜਾਈਆ। ਦਾਈ ਦਾਇਆ ਬਣਕੇ ਸੇਵਾ ਕਰੀਂ ਆਪ ਸੱਚੀ ਸਰਕਾਰਾ, ਤੇਰੀ ਸੇਵਾ ਤੋਹੇ ਬਣ ਆਈਆ। ਤੇਰਾ ਪੂਤ ਸਪੂਤ ਹੋਏ ਉਜਿਆਰਾ, ਸ਼ਬਦੀ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਦੇਵੇ ਆਪੇ ਵਰ, ਆਪੇ ਵੇਖ ਵਖਾਈਆ। ਆਪਣਾ ਵਰ ਆਪੇ ਦੇ, ਆਪੇ ਖ਼ੁਸ਼ੀ ਮਨਾਇੰਦਾ। ਆਪਣੇ ਨਾਲ ਲਗਾਇਆ ਆਪਣਾ ਨਾਂਹ, ਆਪੇ ਤੋੜ ਨਿਭਾਇੰਦਾ। ਕੋਈ ਨਾ ਜਾਣੇ ਹਰਿ ਕਾ ਥਾਂ ਥੇਹ, ਸਚਖੰਡ ਨਿਵਾਸੀ ਥਿਰ ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਤੂੰ ਹੋਇਆ ਦੋ, ਸ਼ਬਦ ਸੁਤ ਨਾਲ ਰਲਾਇੰਦਾ। ਸ਼ਬਦ ਸੁਤ ਨਾਲ ਰਲਾਇਆ, ਥਿਰ ਘਰ ਸਾਚੇ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਖੇਲ ਖਿਲਾਇਆ, ਵਾਹਵਾ ਆਪਣੀ ਵੇਲ ਵਧਾਈਆ। ਆਪਣੀ ਗੋਦੀਂ ਰਿਹਾ ਸੁਹਾਇਆ, ਸਦ ਚੁੱਕੇ ਚਾਈਂ ਚਾਈਆ। ਪਾਲ ਪੋਸ ਜਵਾਨ ਕਰਾਇਆ, ਏਕਾ ਗੁਣ ਦਏ ਸਮਝਾਈਆ। ਮੇਰਾ ਰੂਪ ਤੇਰੀ ਪਿਤ ਮਾਇਆ, ਤੂੰ ਬਾਲਕ ਬਾਲ ਸਖਾਈਆ। ਮੇਰਾ ਨਾਉਂ ਤੇਰਾ ਜਸ ਗਾਇਆ, ਤੇਰਾ ਜਸ ਵਡੀ ਵਡਿਆਈਆ। ਮੇਰਾ ਹੱਥ ਤੇਰੀ ਸਾਇਆ, ਤੇਰੀ ਸਾਇਆ ਹੋਏ ਸਹਾਈਆ। ਸਾਚੀ ਸੇਵਾ ਇਕ ਸਮਝਾਇਆ, ਭੁਲ ਕਦੇ ਨਾ ਜਾਈਆ। ਮੈਂ ਕੱਲਾ ਬੈਠਾ ਰਿਹਾ ਸ਼ਰਮਾਇਆ, ਆਪਣਾ ਬਲ ਨਾ ਸਕਾਂ ਵਖਾਈਆ। ਤੇਰਾ ਰਾਹ ਇਕ ਲਗਾਇਆ, ਭੁਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਆਸਾ ਆਪੇ ਪੂਰ ਕਰਾਈਆ। ਆਸਾ ਪੂਰ ਕਰਾਇੰਦਾ, ਆਪ ਆਪਣੀ ਕਿਰਪਾ ਧਾਰ। ਆਪਣਾ ਸੁਤ ਆਪ ਜਗਾਇੰਦਾ, ਥਿਰ ਘਰ ਸਾਚੇ ਕਰ ਪਿਆਰ। ਸਾਚਾ ਹੁਕਮ ਇਕ ਸੁਣਾਇੰਦਾ, ਤਖ਼ਤ ਨਿਵਾਸੀ ਸੱਚਾ ਸਿਕਦਾਰ। ਏਕਾ ਦੂਆ ਮੇਲ ਮਿਲਾਇੰਦਾ, ਨਿਰਗੁਣ ਨਿਰਗੁਣ ਹੋ ਉਜਿਆਰ । ਵਿਸ਼ਵ ਆਪਣੀ ਖੇਲ ਖਿਲਾਇੰਦਾ, ਵਿਸ਼ਨੂੰ ਬੰਸ ਕਰ ਤਿਆਰ। ਬ੍ਰਹਮਾ ਆਪਣੀ ਗੋਦ ਬਹਾਇੰਦਾ, ਸ਼ੰਕਰ ਕਰੇ ਪਿਆਰ। ਸਾਚੀ ਵੰਡਣ ਵੰਡ ਵੰਡਾਇੰਦਾ, ਲੋਆਂ ਪੁਰੀਆਂ ਚਰਨ ਧੂੜ ਛਾਰ। ਚਰਨ ਕਵਲਾਂ ਰਾਹ ਤਕਾਇੰਦਾ, ਏਕਾ ਪਦਮ ਕਰੇ ਪਿਆਰ। ਏਕਾ ਪਦਮ ਅਦਮ ਆਪ ਰਖਾਇੰਦਾ, ਅਬਿਨਾਸ਼ੀ ਕਰਤਾ ਬੇਐਬ ਪਰਵਰਦਿਗਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਸਾਚਾ ਬੰਸ ਬਣਾਇੰਦਾ, ਪੂਤ ਸਪੂਤ ਏਕਾ ਜਾ। ਹਰਿ ਸਾਚੀ ਖੇਲ ਖਿਲਾਇੰਦਾ, ਨਿਰਗੁਣ ਰਚਨਾ ਲਏ ਰਚਾ। ਆਪੇ ਸੂਰਜ ਚੰਦ ਪਰਗਟਾਇੰਦਾ, ਕਿਰਨ ਜੋਤ ਕਰ ਰੁਸ਼ਨਾ। ਇਕ ਇਕ ਇਕ ਆਪਣੀ ਵੰਡ ਵੰਡਾਇੰਦਾ, ਆਪੇ ਰਖਾਏ ਥਾਉਂ ਥਾਂ। ਆਪਣੀ ਦਾਤ ਆਪ ਵਖਾਇੰਦਾ, ਤ੍ਰੈਗੁਣ ਮੇਲਾ ਸਹਿਜ ਸੁਭਾ। ਆਪਣੀ ਇਛਿਆ ਆਪ ਧਰਾਇੰਦਾ, ਪੰਜ ਤਤ ਲੇਖਾ ਦਏ ਗਣਾ। ਲੱਖ ਚੁਰਾਸੀ ਘਾੜਤ ਆਪ ਘੜਾਇੰਦਾ, ਧੁਰ ਫ਼ਰਮਾਨਾ ਦਏ ਸੁਣਾ। ਨਿਰਗੁਣ ਸਰਗੁਣ ਵੇਖ ਵਖਾਇੰਦਾ, ਪੇਖ ਪੇਖ ਪੁਰਖ ਅਬਿਨਾਸ਼ੀ ਚੜ੍ਹਿਆ ਚਾ। ਘਟ ਘਟ ਆਪਣੀ ਜੋਤ ਜਗਾਇੰਦਾ, ਨਿਰਗੁਣ ਨੂਰ ਕਰ ਰੁਸ਼ਨਾ। ਘਰ ਘਰ ਆਪਣਾ ਨਾਮ ਸੁਣਾਇੰਦਾ, ਅਨਹਦ ਨਾਦੀ ਨਾਦ ਵਜਾ। ਘਰ ਘਰ ਆਪਣਾ ਧਾਮ ਬਣਾਇੰਦਾ, ਆਤਮ ਬ੍ਰਹਮ ਸਾਚੀ ਸੇਜਾ ਦਏ ਸੁਆ। ਘਰ ਘਰ ਆਪਣਾ ਮੇਲ ਮਿਲਾਇੰਦਾ, ਰੂਪ ਅਨੂਪ ਆਪ ਧਰਾ। ਸਚਖੰਡ ਨਿਵਾਸੀ ਆਪਣਾ ਖੇਲ ਖਿਲਾਇੰਦਾ, ਵਾਹ ਵਾ ਆਪਣਾ ਮਾਰਗ ਲਾ। ਸੁਤ ਦੁਲਾਰਾ ਆਪ ਉਠਾਇੰਦਾ, ਏਕਾ ਅੱਖਰ ਦਏ ਪੜ੍ਹਾ। ਏਕਾ ਅੱਖਰ ਅੱਖ ਖੁਲ੍ਹਾਇੰਦਾ, ਨੇਤਰ ਨੈਣ ਕਰ ਰੁਸ਼ਨਾ। ਬ੍ਰਹਮਾ ਹਰਿ ਚਰਨ ਕਵਲ ਧਿਆਨ ਲਗਾਇੰਦਾ, ਏਕਾ ਪਦਮ ਦਏ ਦਰਸਾ। ਪਦਮ ਅੰਤਰ ਮੇਲ ਮਿਲਾਇੰਦਾ, ਏਕਾ ਗਿਆਨ ਦਏ ਦ੍ਰਿੜਾ। ਏਕਾ ਗਿਆਨ ਆਪ ਸਮਝਾਇੰਦਾ, ਚਾਰੇ ਵੇਦ ਦਏ ਲਿਖਾ। ਅੰਤਮ ਲੇਖਾ ਆਪਣੇ ਹੱਥ ਰਖਾਇੰਦਾ, ਨਾ ਕੋਈ ਸਕੇ ਭੇਵ ਖੁਲ੍ਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰਚਨਾ ਲਏ ਰਚਾ। ਲੱਖ ਚੁਰਾਸੀ ਰਚਨ ਰਚਾਇਆ, ਹਰਿ ਸ਼ਬਦੀ ਸ਼ਬਦ ਸੁਣਾਈਆ। ਲੋਆਂ ਪੁਰੀਆਂ ਬ੍ਰਹਿਮੰਡ ਖੰਡ ਤੇਰਾ ਥਾਨ ਸੁਹਾਇਆ, ਲੋਕਮਾਤ ਵੱਜੇ ਵਧਾਈਆ। ਜੇਰਜ ਅੰਡ ਤੇਰਾ ਮੇਲ ਮਿਲਾਇਆ, ਉਤਭੁਜ ਸੇਤਜ ਕਰੀ ਕੁੜਮਾਈਆ । ਧਰਨੀ ਖ਼ਾਕ ਤੇਰੀ ਸੇਜ ਵਿਛਾਇਆ, ਜਲ ਬਿੰਬ ਜਲ ਜਲ ਧਾਰ ਵਹਾਈਆ। ਸਤ ਸਰੋਵਰ ਜਗਤ ਮੈਲ ਧਵਾਇਆ, ਕਾਇਆ ਗਾਗਰ ਸਾਗਰ ਇਕ ਵਖਾਈਆ। ਉਚੇ ਟਿੱਲੇ ਪਰਬਤ ਤੇਰਾ ਰਾਹ ਤਕਾਇਆ, ਕੈਲਾਸ਼ ਦਏ ਦੁਹਾਈਆ। ਚਰਨ ਕਵਲ ਸਮੇਰੂ ਆਪ ਬਣਾਇਆ, ਸਦ ਮੰਗਦਾ ਰਹੇ ਸਰਨਾਈਆ। ਜੁਗ ਜੁਗ ਮੇਲਾ ਲਏ ਮਿਲਾਇਆ, ਨਿਰਗੁਣ ਸਰਗੁਣ ਬੰਧਨ ਪਾਈਆ। ਗੁਰ ਅਵਤਾਰ ਰੂਪ ਧਰਾਇਆ, ਆਪਣਾ ਨਾਉਂ ਦਏ ਸੁਣਾਈਆ। ਜੁਗ ਜੁਗ ਗੇੜਾ ਦਏ ਭਵਾਇਆ, ਆਪਣੀ ਲਠ ਆਪ ਗਿੜਾਈਆ। ਸਮਰਥ ਪੁਰਖ ਖੇਲ ਰਚਾਇਆ, ਸਚਖੰਡ ਬੈਠਾ ਸੱਚਾ ਸ਼ਹਿਨਸ਼ਾਹੀਆ। ਅੰਤਮ ਵੰਡ ਆਪਣੇ ਹੱਥ ਰਖਾਇਆ, ਨਾ ਕੋਈ ਮੇਟੇ ਮੇਟ ਮਿਟਾਈਆ। ਨੌਂ ਨੌਂ ਪੰਧ ਦਏ ਚੁਕਾਇਆ, ਚਾਰ ਚਾਰ ਰਹਿਣ ਨਾ ਪਾਈਆ। ਨਿਰਗੁਣ ਆਦਿ ਪੁਰਖ ਆਪਣੀ ਧਾਰ ਵਖਾਇਆ, ਅੰਤਮ ਆਪਣੇ ਵਿਚ ਮਿਲਾਈਆ। ਲੇਖਾ ਲਿਖ ਨਾ ਕਿਸੇ ਸਮਝਾਇਆ, ਬੇਅੰਤ ਬੇਅੰਤ ਬੇਅੰਤ ਕਹਿ ਕਹਿ ਰਹੇ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਚਲੇ ਆਪਣੀ ਆਪ ਰਜ਼ਾਈਆ । ਆਪਣੀ ਰਜ਼ਾ ਵੇਖਣਹਾਰਾ, ਰਾਜ਼ਕ ਰਿਜ਼ਕ ਰਹੀਮ ਅਖਵਾਇੰਦਾ। ਆਪਣੀ ਦਿਸ਼ਾ ਪੇਖਣਹਾਰਾ, ਚਾਰ ਕੁੰਟ ਦਹਿ ਦਿਸ਼ਾ ਫੇਰਾ ਪਾਇੰਦਾ। ਆਪਣਾ ਹਿੱਸਾ ਵੰਡਣਹਾਰਾ, ਲੱਖ ਚੁਰਾਸੀ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ, ਆਪਣਾ ਵੇਸ ਆਪ ਵਟਾਇੰਦਾ। ਆਦਿ ਵੇਸ ਵਟਾਇਆ, ਨਿਰਗੁਣ ਪੁਰਖ ਅਕਾਲ। ਸਾਚੀ ਰਚਨਾ ਆਪ ਰਚਾਇਆ, ਤ੍ਰੈਭਵਨ ਖੇਲ ਕਮਾਲ। ਅਵਣ ਗਵਣ ਵਡਿਆਇਆ, ਦੀਨ ਬੰਧਪ ਦੀਨ ਦਿਆਲ। ਲੋਆਂ ਪੁਰੀਆਂ ਸੋਭਾ ਪਾਇਆ, ਬ੍ਰਹਿਮੰਡ ਖੰਡ ਅਵਲੜੀ ਚਾਲ। ਰਵ ਸਸ ਦਏ ਰੁਸ਼ਨਾਇਆ, ਧਰਤ ਧਵਲ ਬਣਾਏ ਸਚੀ ਧਰਮਸਾਲ। ਜੁਗ ਜੁਗ ਆਪਣਾ ਰੂਪ ਵਟਾਇਆ, ਲੇਖਾ ਜਾਣੇ ਦੋ ਜਹਾਨ। ਕਲਜੁਗ ਅੰਤਮ ਭੇਵ ਛੁਪਾਇਆ, ਗੁਣਵੰਤਾ ਗੁਣ ਨਿਧਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਆਣ। ਅੰਤਮ ਅੰਤ ਨਿਰਗੁਣ ਧਾਰ, ਨਿਰਵੈਰ ਪੁਰਖ ਚਲਾਇੰਦਾ। ਕੋਈ ਨਾ ਵੇਖੇ ਵਿਚ ਸੰਸਾਰ, ਦਿਸ ਕਿਸੇ ਨਾ ਆਇੰਦਾ। ਮਹਾਂਬਲੀ ਬਣ ਨਿਰੰਕਾਰ, ਉੱਤਰ ਪੂਰਬ ਪੱਛਮ ਦੱਖਣ ਫੇਰਾ ਪਾਇੰਦਾ। ਵਲ ਛਲ ਸਿਰਜਣਹਾਰ, ਅਛਲ ਛਲ ਆਪਣਾ ਖੇਲ ਖਿਲਾਇੰਦਾ। ਸੀਸ ਜਗਦੀਸ ਨਾ ਕੋਇ ਆਧਾਰ, ਤਤਵ ਤੱਤ ਨਾ ਕੋਇ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਆਪਣੇ ਹੱਥ ਰਖਾਇੰਦਾ। ਅੰਤ ਰੱਖਿਆ ਆਪਣੇ ਹੱਥ, ਭੇਵ ਕਿਸੇ ਨਾ ਪਾਇਆ। ਕਰੇ ਖੇਲ ਪੁਰਖ ਸਮਰਥ, ਨਿਰਗੁਣ ਆਪਣਾ ਰੂਪ ਵਟਾਇਆ। ਜਾਨਣਹਾਰਾ ਘਟ ਘਟ, ਘਟ ਘਟ ਆਪਣਾ ਆਸਣ ਲਾਇਆ। ਲੱਖ ਚੁਰਾਸੀ ਜੀਵ ਜੰਤ ਵੇਖੇ ਨੱਠ ਨੱਠ, ਏਕਾ ਪਾਂਧੀ ਪੰਧ ਮੁਕਾਇਆ। ਪਾਵੇ ਸਾਰ ਤੀਰਥ ਤਟ, ਸਰ ਸਰੋਵਰ ਫੋਲ ਫੋਲਾਇਆ। ਲਹਿਣਾ ਜਾਣੇ ਚੌਦਾਂ ਹੱਟ, ਦੇਣਾ ਕੋਇ ਰਹੇ ਨਾ ਰਾਇਆ। ਚੌਦਾਂ ਤਬਕਾਂ ਮਾਰੇ ਸੱਟ, ਏਕਾ ਖੰਡਾ ਨਾਮ ਚਮਕਾਇਆ। ਨਿਰਗੁਣ ਨਿਰਵੈਰ ਪੁਰਖ ਅਕਾਲ ਆਪਣੀ ਧਾਰਾ ਵਿਚੋਂ ਆਪੇ ਹੋਏ ਪਰਗਟ, ਮਾਤ ਪਿਤ ਨਾ ਕੋਇ ਬਣਾਇਆ। ਆਪਣਿਆਂ ਆਪਣਾ ਮਾਰਗ ਜਾਏ ਦੱਸ, ਸ਼ਬਦ ਸ਼ਬਦੀ ਨਾਲ ਰਲਾਇਆ। ਕਲਜੁਗ ਜੀਵਾਂ ਕੋਲੋਂ ਰਿਹਾ ਨੱਸ, ਨੱਸ ਨੱਸ ਆਪਣਾ ਮੁਖ ਛੁਪਾਇਆ। ਆਦਿ ਅੰਤ ਆਪ ਆਪਣੇ ਹੋਇਆ ਵਸ, ਆਪਣਾ ਭਾਣਾ ਇਕ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਆਪਣਾ ਰੂਪ ਧਰਾਇਆ। ਅੰਤ ਰੂਪ ਧਰ ਨਿਰੰਕਾਰਾ, ਨਿਰਗੁਣ ਆਪਣਾ ਖੇਲ ਖਿਲਾਈਆ। ਆਦਿ ਪੁਰਖ ਸਦ ਬਣਿਆ ਰਹੇ ਕਵਾਰਾ, ਨੌਜਵਾਨ ਵਡੀ ਵਡਿਆਈਆ। ਜੁਗ ਜੁਗ ਘੱਲਦਾ ਰਿਹਾ ਅਵਤਾਰਾ, ਗੁਰ ਗੁਰ ਆਪਣਾ ਹੁਕਮ ਸੁਣਾਈਆ। ਦੇਂਦਾ ਰਿਹਾ ਸ਼ਬਦ ਭੰਡਾਰਾ, ਸਚਖੰਡ ਬੈਠਾ ਸਾਚਾ ਮਾਹੀਆ। ਲੋਕਮਾਤ ਕਰਦਾ ਰਿਹਾ ਜੈ ਜੈਕਾਰਾ, ਜਿਸ ਜਨ ਆਪਣੀ ਬੂਝ ਬੁਝਾਈਆ। ਰੂਪ ਧਰੌਂਦਾ ਰਿਹਾ ਪੀਰ ਦਸਤਗੀਰ ਸਾਚੇ ਯਾਰਾ, ਅੱਲਾ ਮੀਆਂ ਆਪਣਾ ਖੇਲ ਖਿਲਾਈਆ। ਬੀਵੀ ਖਾਵੰਦ ਖੇਲ ਨਿਆਰਾ, ਕੰਤ ਖੌਂਤ ਵਡੀ ਵਡਿਆਈਆ। ਔਂਤ ਨਾ ਜਾਏ ਹਰਿ ਨਿਰੰਕਾਰਾ, ਗੁਰਮੁਖ ਸਾਚੇ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਆਪਣੀ ਖੇਡ ਖਲਾਈਆ। ਔਂਤ ਨਾ ਜਾਏ ਨਾ ਹੋਏ ਔਂਤਰ, ਪੁਰਖ ਅਗੰਮ ਸਚਾ ਸ਼ਹਿਨਸ਼ਾਹੀਆ। ਆਪੇ ਜਾਣੇ ਆਪਣਾ ਕੌਤਕ, ਲੇਖਾ ਲਿਖਤ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਾਕਾਰ ਨਿਰਵੈਰ ਕਲਜੁਗ ਅੰਤਮ ਲੋਕਮਾਤ ਸਚਖੰਡ ਇਕ ਬਣਾਈਆ। ਸਚਖੰਡ ਜਣਾਏ ਹਰਿ ਕਰਤਾਰਾ, ਲੋਕਮਾਤ ਬਣਾਇਆ। ਗੌਂਦੇ ਗਏ ਗੁਰ ਅਵਤਾਰਾ, ਜੁਗ ਜੁਗ ਨਾਦ ਸੁਣਾਇਆ। ਗੋਬਿੰਦ ਗੁਰ ਬਣ ਲਿਖਾਰਾ, ਏਕਾ ਘਰ ਗਿਆ ਸਮਝਾਇਆ। ਨਾਨਕ ਨਿਰਗੁਣ ਕਰ ਪੁਕਾਰਾ, ਏਕਾ ਰਾਹ ਤਕਾਇਆ। ਅੰਤਮ ਕਲ ਉਤਰੇ ਮਹਾਂਬਲੀ ਅਵਤਾਰਾ, ਮਾਤ ਪਿਤ ਨਾ ਕੋਇ ਵਖਾਇਆ। ਨਿਹਕਲੰਕ ਪਰਗਟ ਹੋਏ ਵਿਚ ਸੰਸਾਰਾ, ਗੋਬਿੰਦ ਢੋਲਾ ਸਾਚਾ ਗਾਇਆ। ਆਪ ਵਸਾਏ ਇਕ ਚੁਬਾਰਾ, ਸੰਭਲ ਨਗਰੀ ਨਾਉਂ ਰਖਾਈਆ। ਅੰਦਰ ਵੜੇ ਆਪ ਨਿਰੰਕਾਰਾ, ਸਚ ਸਿੰਘਾਸਣ ਇਕ ਸੁਹਾਇਆ। ਦਿਸ ਨਾ ਆਏ ਵਿਚ ਸੰਸਾਰਾ, ਲੱਖ ਚੁਰਾਸੀ ਦਏ ਭੁਲਾਇਆ। ਸਾਚਾ ਬਾਢੀ ਬਣੇ ਤਰਖਾਣਾਂ, ਸੂਤਰ ਵੇਂਤਰ ਆਪਣੇ ਹੱਥ ਰਖਾਇਆ। ਨਾਲ ਰਲਾਏ ਗੋਬਿੰਦ ਸੁਤ ਸੱਚਾ ਸਰਦਾਰਾ, ਜੱਟ ਫਟ ਦਏ ਮਿਟਾਇਆ। ਅੰਤਮ ਆਪਣੀ ਹੱਥੀਂ ਫੇਰੇ ਆਰਾ, ਬਾਹੂ ਬਲ ਆਪ ਜਣਾਇਆ। ਇਕ ਪਾਸੇ ਤਰਖਾਨ ਦੂਜੇ ਪਾਸੇ ਜੱਟ ਖਿਚੇ ਆਰਾ, ਦੋ ਜਹਾਨਾਂ ਚੀਰ ਪਵਾਇਆ। ਚੀਰ ਚੀਰ ਕਰੇ ਦੋ ਫਾੜਾ, ਨਾ ਕੋਈ ਸਕੇ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਸੇਵ ਕਮਾਇਆ। ਨਿਰਗੁਣ ਜੋਤ ਆਈ ਦਰ, ਮੰਗੇ ਸਚ ਪਨਾਹ। ਅੰਦਰ ਵੜ ਗਈ ਡਰ, ਡਰ ਡਰ ਲੱਭਾ ਆਪਣਾ ਰਾਹ। ਗੋਬਿੰਦ ਸੂਰੇ ਲਈ ਫੜ, ਫੜੀ ਬਾਂਹ ਛੱਡੇ ਨਾ। ਕਰਕੇ ਕੌਲ ਨਾ ਜਾਈਂ ਹਰ, ਤੂੰ ਸੁਵਾਣੀ ਆਈ ਮੇਰੇ ਦਾ। ਏਕਾ ਸਾਤਾ ਛੀਕਾ ਪਾਂਜਾ ਯਾਦ ਕਰ, ਕੀਤਾ ਕੌਲ ਹੁਣ ਨਿਭਾ। ਆਪਾ ਵਾਰ ਚੁਕਾਇਆ ਮੈਂ ਆਪਣਾ ਡਰ, ਤੇਰਾ ਡਰ ਹੁਣ ਰੱਖਾਂ ਨਾ। ਤੈਨੂੰ ਲੱਭਣ ਨਾ ਜਾਵਾਂ ਕਿਸੇ ਥਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਚ ਨਿਆਂ। ਜੋਤ ਨਿਮਾਣੀ ਰਹੀ ਪੁਕਾਰ, ਉਚੀ ਕੂਕ ਸੁਣਾਇਆ। ਮੈਂ ਤੇਰੀ ਤੂੰ ਮੇਰਾ ਸ਼ੰਗਾਰ, ਤੇਰਾ ਮੇਰਾ ਏਕਾ ਘਰ ਸੁਹਾਇਆ। ਤੇਰਾ ਹੁਕਮ ਮੈਂ ਸੇਵਾਦਾਰ, ਸਾਚੀ ਸੇਵਾ ਇਕ ਸਮਝਾਇਆ। ਫੜਾਂ ਝਾੜੂ ਬਣ ਝਾੜੂ ਬਰਦਾਰ, ਲੱਖ ਚੁਰਾਸੀ ਕੂੜਾ ਦਵਾਂ ਹੁੰਝਾਇਆ। ਤੇਰੇ ਸਿਖ ਲਵਾਂ ਉਭਾਰ, ਜੋ ਸਰਸੇ ਗਿਆ ਰੁੜ੍ਹਾਇਆ। ਤੇਰਾ ਲੇਖਾ ਨਾ ਰਹੇ ਵਿਚ ਮੇਰੇ ਦਰਬਾਰ, ਮੇਰਾ ਦਰਬਾਰ ਤੇਰੇ ਰੰਗ ਰੰਗਾਇਆ। ਤੇਰਾ ਤੋੜਾ ਤੇਰੀ ਕਲਗ਼ੀ ਤੇਰੇ ਸੋਹੇ ਸੀਸ ਦਸਤਾਰ, ਤੇਰੀ ਨਾਰ ਵੇਖ ਵੇਖ ਖ਼ੁਸ਼ੀ ਮਨਾਇਆ। ਨਾ ਕੰਤ ਨਾ ਭਤਾਰ, ਇਕੋ ਨਾਰੀ ਇਕੋ ਸ਼ੰਗਾਰ, ਇਕੋ ਹੋਏ ਵੇਖਣਹਾਰ, ਦੂਜਾ ਰੂਪ ਦਿਸ ਕਿਸੇ ਨਾ ਆਇਆ। ਦੋ ਪੰਜ ਦੋ ਤੇਰਾ ਖੰਡਾ ਚਮਕੌਂਦੀ ਰਹੀ ਕਰ ਪਿਆਰ, ਪਹਿਲਾ ਦੂਆ ਨਿਰਗੁਣ ਧਾਰ, ਪਾਂਜਾ ਦੂਆ ਬਾਵਣ ਅੱਖਰੀ ਪਾਵੇ ਸਾਰ ਦੂਸਰ ਹੱਥ ਕਿਸੇ ਨਾ ਆਇਆ। ਉਠ ਸੂਰਬੀਰ ਹੋ ਤਿਆਰ, ਤੇਰਾ ਵੇਲਾ ਵਕ਼ਤ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚਾ ਸ਼ਹਿਨਸ਼ਾਹਿਆ। ਜੋਤ ਅਕਾਲਣ ਪਈ ਜੱਟਾਂ ਵਸ, ਬ੍ਰਾਹਮਣ ਨਾਈ ਨਜ਼ਰ ਕੋਈ ਨਾ ਆਈਆ। ਕਿਸੇ ਪਾਸੇ ਨਾ ਸਕੇ ਨੱਸ, ਦੋ ਜਹਾਨਾ ਦੋ ਸੂਤਾਂ ਵਾਲਾ ਸਾਂਘਾ ਰਿਹਾ ਵਖਾਈਆ। ਆਈ ਲੁੱਟਣ ਗਈ ਫਸ, ਲੁਟਾਇਆ ਧਨ ਜੋ ਆਪਣੇ ਨਾਲ ਲਿਆਈਆ। ਫਸੀ ਫਾਂਦੀ ਰਾਹ ਰਹੀ ਦੱਸ, ਗੋਬਿੰਦ ਮਿਲਿਆ ਸਾਚਾ ਮਾਹੀਆ। ਗੁਰਸਿਖਾਂ ਹਿਰਦੇ ਅੰਦਰ ਗਈ ਵਸ, ਵਸਣਹਾਰੀ ਉਜੜ ਕਦੇ ਨਾ ਜਾਈਆ। ਨਾਲ ਲਿਆਈ ਆਪਣਾ ਮੰਮਾ ਸੋਹੰ ਰਸ, ਹੱਥੀਂ ਸਾਚਾ ਜਾਮ ਪਿਆਈਆ। ਜਿੰਨਾਂ ਚਿਰ ਗੁਰਸਿਖ ਕਹੇ ਨਾ ਬਸ ਬਸ, ਮੁਖ ਮੰਮਾਂ ਨਾ ਲਏ ਛੁਡਾਈਆ। ਤ੍ਰੈਗੁਣ ਮਾਇਆ ਡਸਨੀ ਨਾ ਡੱਸੇ ਡੱਸ, ਜ਼ਹਿਰ ਪਿਆਲਾ ਨਾ ਕੋਈ ਪਿਆਈਆ। ਕਲਜੁਗ ਵਿਕਾਰਾ ਆਪਣੀ ਜੁਤੀ ਥਲੇ ਜਾਏ ਝੱਸ, ਸੁੱਤੀ ਕਲਾ ਫੇਰ ਜਗਾਈਆ। ਆਪਣੇ ਵਿਹਾਰਾ ਕੀਤਾ ਹਰਿ ਸੰਗਤ ਇਕੱਠ, ਨਾਮ ਗੱਠ ਆਪ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਸਮਰਥ, ਹਰਿਜਨ ਰੱਖੇ ਦੇ ਕਰ ਹੱਥ, ਚਰਨ ਕਵਲ ਬਖ਼ਸ਼ ਇਕ ਸਰਨਾਈਆ। ਆਈ ਗੁਰਸਿਖ ਗੁਰ ਗੁਰ ਦਵਾਰ, ਗੁਰ ਗੋਬਿੰਦ ਮੇਲ ਮਿਲਾਇਆ। ਜਲਾਂ ਥਲਾਂ ਕਰ ਕਰ ਪਾਰ, ਦਰ ਏਕਾ ਸਚਾ ਪਾਇਆ। ਕਲਜੁਗ ਤੱਤੀ ਅੱਗ ਮੇਰੇ ਪੈਰ ਸੜ੍ਹ ਗਏ ਵਿਚ ਸੰਸਾਰ, ਮਾਛੂਵਾੜੇ ਪਏ ਛਾਲੇ ਭੁਲ ਕਦੇ ਨਾ ਜਾਇਆ। ਹੱਥ ਲਿਆਈ ਅੰਮ੍ਰਿਤ ਧਾਰ, ਏਕਾ ਵਾਰ ਦਏ ਬਰਸਾਇਆ। ਰੁਤ ਵਖਾਏ ਸਤਾਰਾਂ ਹਾੜ੍ਹ, ਹਰਿ ਕਾ ਪੌੜਾ ਇਕ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੇਖੇ ਥਾਉਂ ਥਾਂਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਇਕ ਮਕਾਨ, ਸਚ ਨਿਸ਼ਾਨ ਰਿਹਾ ਝੁਲਾਇਆ । ਹਰਿ ਸਤਿਗੁਰ ਪੰਧ ਮੁਕਾਇੰਦਾ, ਜੁਗਾ ਜੁਗੰਤਰ ਸਾਚੀ ਕਾਰ। ਸਦ ਬਖ਼ਸ਼ਿੰਦਾ ਦਯਾ ਕਮਾਇੰਦਾ, ਬਖ਼ਸ਼ਣਹਾਰ ਏਕੰਕਾਰ। ਹਰਿਜਨ ਸਾਚੇ ਚੰਦ ਚੜ੍ਹਾਇੰਦਾ, ਲੋਕਮਾਤ ਕਰ ਉਜਿਆਰ। ਬੰਦੀ ਛੋੜ ਆਪ ਅਖਵਾਇੰਦਾ, ਬੰਧਨ ਤੋੜੇ ਅੰਤਮ ਵਾਰ। ਸਾਚੇ ਕੰਢੇ ਪਾਰ ਲਗਾਇੰਦਾ, ਆਪ ਜਣਾਏ ਪਾਰ ਕਿਨਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਕਰੇ ਪਿਆਰ, ਪਿਆਰ ਕਰੇ ਪੂਰਨ ਭਗਵੰਤ, ਪੂਰੇ ਗੁਰ ਵਡੀ ਵਡਿਆਈਆ। ਹਰੀਜਨ ਮੇਲਾ ਹਰਿ ਹਰਿ ਸੰਤ, ਸਾਹਿਬ ਸਤਿਗੁਰ ਹੋਏ ਸਹਾਈਆ। ਜਨ ਬਣਾਏ ਆਪਣੀ ਬਣਤ, ਸਦ ਹੋਏ ਜਣੇਂਦੀ ਮਾਈਆ। ਲੇਖਾ ਜਾਣੇ ਅੰਤਮ ਅੰਤ, ਅੰਤਕਾਲ ਸਦਾ ਸਹਾਈਆ। ਜਿਸ ਜਣਾਏ ਆਪਣਾ ਮੰਤ, ਏਕਾ ਨਾਮ ਸਤਿ ਪੜ੍ਹਾਈਆ। ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਰੂਪ ਦਰਸਾਈਆ। ਮੇਲ ਮਿਲਾਏ ਸਾਚੀ ਸੰਗਤ, ਸਗਲਾ ਸੰਗ ਆਪ ਰਖਾਈਆ। ਜਗਤ ਨਾਤਾ ਭੁੱਖ ਨੰਗਤ, ਭਗਤ ਭਗਵੰਤ ਨਾਤਾ ਚਰਨ ਸਰਨ ਸੱਚੀ ਸਰਨਾਈਆ। ਚਰਨ ਕਵਲ ਦਰਸਾਏ ਸਾਚੀ ਜੰਨਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਮ ਰੂਪ ਬੇਪਰਵਾਹੀਆ। ਰਾਮ ਰੂਪ ਹਰਿ ਰਘੁਨਾਥਾ, ਰਘੁਪਤ ਆਪਣਾ ਖੇਲ ਖਿਲਾਇੰਦਾ। ਸਾਵਲ ਸੁੰਦਰ ਘਨਈਆ ਚਲਾਏ ਰਾਥਾ, ਕਵਲ ਨੈਣ ਸੇਵ ਕਮਾਇੰਦਾ। ਨਿਰਧਨ ਸਰਧਨ ਦੇਵੇ ਸਾਥਾ, ਵਿਛੜ ਕਦੇ ਨਾ ਜਾਇੰਦਾ। ਮਾਨਸ ਜਨਮ ਨਾ ਆਏ ਘਾਟਾ, ਜਿਸ ਜਨ ਆਪਣੀ ਦਯਾ ਕਮਾਇੰਦਾ। ਅੰਤਕਾਲ ਕਲ ਪੁਛੇ ਵਾਤਾ, ਕਾਲ ਗਰਾਸ ਨਾ ਕੋਈ ਕਰਾਇੰਦਾ। ਜਿਸ ਦੀਆਂ ਸੁਣਦੇ ਆਏ ਗੱਲਾਂ ਬਾਤਾਂ, ਸੋ ਪੁਰਖ ਨਿਰੰਜਣ ਦਰਸ ਦਿਖਾਇੰਦਾ। ਜਿਸ ਦੀ ਕਰਦੇ ਰਹੇ ਪੂਜਾ ਪਾਠਾ, ਸੋ ਸ਼ਬਦ ਨਾਦ ਵਜਾਇੰਦਾ। ਜਿਸ ਦਾ ਨਹਾਵਣ ਨਹੌਂਦੇ ਰਹੇ ਤੀਰਥ ਅਠ ਸਾਠਾ, ਸੋ ਚਰਨ ਧੂੜ ਅਸ਼ਨਾਨ ਕਰਾਇੰਦਾ। ਜਿਸ ਦੇ ਮਿਲਣ ਦੀ ਖ਼ਾਤਰ ਨਿਉਂ ਨਿਉਂ ਟੇਕਦੇ ਰਹੇ ਮਾਥਾ, ਸੋ ਮਸਤਕ ਤਿਲਕ ਲਗਾਇੰਦਾ। ਜਿਸ ਦਾ ਰਾਹ ਕਿਸੇ ਨਾ ਆਵੇ ਹਾਥਾ, ਸੋ ਫੜ ਫੜ ਗਲੇ ਲਗਾਇੰਦਾ। ਕਰੇ ਖੇਲ ਪੁਰਖ ਸਮਰਾਥਾ, ਹਰਿਜਨ ਆਪਣੇ ਦਰ ਬਹਾਇੰਦਾ, ਇਕ ਸੁਣਾਏ ਸਾਚੀ ਗਾਥਾ, ਸੋਹੰ ਆਪਣਾ ਨਾਉਂ ਦ੍ਰਿੜਾਇੰਦਾ। ਨਾ ਕੋਈ ਦਿਵਸ ਨਾ ਕੋਈ ਰਾਤਾ, ਅੱਠੇ ਪਹਿਰ ਏਕਾ ਰੰਗ ਸਮਾਇੰਦਾ। ਨਾ ਕੋਈ ਵਰਨ ਨਾ ਕੋਈ ਜ਼ਾਤਾ, ਜ਼ਾਤ ਪਾਤ ਨਾ ਕੋਈ ਰਖਾਇੰਦਾ। ਨਾ ਕੋਈ ਧਨ ਦੌਲਤ ਮੰਗੇ ਦਾਤਾ, ਸਚ ਪ੍ਰੀਤਾ ਇਕ ਮੰਗ ਮੰਗਾਇੰਦਾ। ਨਾ ਕੋਈ ਲੇਫ ਤਲਾਈ ਮੰਗੇ ਖਾਟਾ, ਕੁੱਲੀ ਕੱਖਾਂ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਨਾ ਕੋਈ ਮੰਗੇ ਦੋਹਰ ਨਿਹਾਲੀ, ਚਿਟੀ ਚਾਦਰ ਨਾ ਕੋਇ ਵਡਿਆਈਆ। ਨਿਰਗੁਣ ਰੂਪ ਜੋਤ ਅਕਾਲੀ, ਹੱਥੀਂ ਖ਼ਾਲੀ ਮਿਲ ਮਿਲ ਖ਼ੁਸ਼ੀ ਮਨਾਈਆ। ਪੰਡਤ ਪਾਂਧੇ ਮੁਲਾ ਸ਼ੇਖ ਗ੍ਰੰਥੀ ਵਿਚ ਹੋ ਹੋ ਗੁਰੂ ਘਰ ਦੀ ਮੰਗਣ ਦਲਾਲੀ, ਹੱਕ ਹਲਾਲ ਨਾ ਕੋਇ ਵਖਾਈਆ। ਅੰਤਮ ਸੁੱਕਣਾ ਬੂਟਾ ਡਾਲ੍ਹੀ, ਪਤਝੜ ਦਏ ਕਰਾਈਆ। ਸਤਿਗੁਰ ਬਣਿਆ ਲੋਤਮਾਤ ਦਾ ਸਾਚਾ ਮਾਲੀ, ਗੁਰਮੁਖਾਂ ਅੰਮ੍ਰਿਤ ਫਲ ਦਏ ਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾਈਆ। ਹਰਿਜਨ ਜਗਾਇਆ ਗਿਆ ਜਾਗ, ਜਿਸ ਆਪਣੀ ਦਇਆ ਕਮਾਇੰਦਾ। ਜਗਤ ਵਿਕਾਰੇ ਵਿਚੋਂ ਕਾਢ, ਆਪਣੇ ਰੰਗ ਰੰਗਾਇੰਦਾ। ਨਾ ਕੋਈ ਰੂਪ ਜਣਾਏ ਸੰਤ ਸਾਧ, ਆਪਣਾ ਭੇਖ ਨਾ ਕੋਏ ਰਖਾਇੰਦਾ। ਗ਼ਰੀਬਾਂ ਅੰਦਰ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣਾ ਆਪ ਅਖਵਾਇੰਦਾ। ਪਾਤਸ਼ਾਹਾਂ ਘਰ ਜਾਏ ਸਿਰ ਤੇ ਰੱਖ ਕੇ ਤਾਜ, ਸੱਚੇ ਪਾਤਸ਼ਾਹ ਆਪਣੀ ਖੇਲ ਖਿਲਾਇੰਦਾ। ਆਪੇ ਜਾਣੇ ਨਿਰਧਨ ਸਰਧਨ ਕਾਜ, ਜਗਤ ਵਿਚੋਲਾ ਭੇਵ ਨਾ ਆਇੰਦਾ। ਨਾਤਾ ਤੋੜੇ ਸਰਬ ਸਮਾਜ, ਸਰਬ ਸੰਮਤੀ ਆਪਣੇ ਮਾਰਗ ਲਾਇੰਦਾ। ਇਕ ਸੁਣਾਏ ਸਤਿ ਆਵਾਜ਼, ਅਸਤਿ ਕੋਇ ਰਹਿਣ ਨਾ ਪਾਇੰਦਾ। ਬੁੱਕਿਆ ਸ਼ੇਰ ਮਿਰਗਾਵਲੀ ਜਾਏ ਭਾਜ, ਤੀਰ ਨਿਸ਼ਾਨ ਇਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਚਲਾਏ ਨਾਮ ਜਹਾਜ਼, ਊਚਾਂ ਨੀਚਾਂ ਰਾਉ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ, ਜਿਸ ਬਖ਼ਸ਼ੇ ਚਰਨ ਧਿਆਨਾ, ਤਿਸ ਉਪਰ ਆਪ ਚੜ੍ਹਾਇੰਦਾ। ਹਰਿਜਨ ਆਤਮ ਸੁਖ, ਹਰਿ ਚਰਨ ਕਵਲ ਦਵਾਰਾ। ਹਰਿਜਨ ਆਤਮ ਸੁਖ, ਮਿਲੇ ਮੇਲ ਪੁਰਖ ਨਿਰੰਕਾਰਾ। ਹਰਿਜਨ ਆਤਮ ਸੁਖ, ਜਿਸ ਜਨ ਬਖ਼ਸ਼ੇ ਨਾਮ ਆਧਾਰਾ। ਹਰਿਜਨ ਆਤਮ ਸੁਖ, ਜਿਸ ਜਨ ਕਰ ਕਿਰਪਾ, ਭਵਜਲ ਕਰੇ ਪਾਰ ਕਿਨਾਰਾ। ਹਰਿਜਨ ਆਤਮ ਸੁਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਅਗੰਮ ਅਪਾਰਾ। ਹਰਿਜਨ ਆਤਮ ਸਾਂਤ, ਸਾਂਤਕ ਸਤਿ ਸਤਿ ਕਰਾਈਆ। ਹਰਿਜਨ ਪੁਛੇ ਵਾਤ, ਵਾਹ ਵਾ ਸਤਿਗੁਰ ਸੇਵ ਕਮਾਈਆ। ਹਰਿਜਨ ਮੇਟੇ ਅੰਧੇਰੀ ਰਾਤ, ਰੈਣ ਅਮਾਵਸ ਰਹੇ ਨਾ ਰਾਈਆ। ਹਰਿਜਨ ਨਾਤਾ ਤੁੱਟੇ ਜ਼ਾਤ ਪਾਤ, ਸਾਚੀ ਜ਼ਾਤ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲਾਇੰਦਾ, ਖ਼ਾਲਕ ਖ਼ਲਕ ਰੂਪ ਭਗਵਾਨ। ਹਰਿਜਨ ਹਰਿ ਹਰਿ ਮੇਲ ਮਿਲਾਇੰਦਾ, ਦੇਵਣਹਾਰਾ ਜੀਆ ਦਾਨ। ਜੀਵਣ ਜੁਗਤ ਆਪਣੇ ਹੱਥ ਰਖਾਇੰਦਾ, ਜੋਤੀ ਜਾਤਾ ਨਿਗਹਬਾਨ। ਜਿਸ ਸਿਰ ਆਪਣਾ ਹੱਥ ਟਿਕਾਇੰਦਾ, ਦਰਗਹਿ ਸਾਚੀ ਦੇਵੇ ਮਾਣ। ਮਾਣ ਨਿਮਾਣਿਆਂ ਆਪ ਹੋ ਜਾਇੰਦਾ, ਪਾਰਬ੍ਰਹਮ ਸ੍ਰੀ ਭਗਵਾਨ। ਆਪਣੇ ਭਾਣੇ ਸਦ ਰਹਾਇੰਦਾ, ਰਹਿਬਰ ਬਣ ਵਿਚ ਜਹਾਨ। ਆਵਣ ਜਾਵਣ ਜਾਵਣ ਆਵਣ ਆਪਣਾ ਖੇਲ ਖਿਲਾਇੰਦਾ, ਖੇਲ ਖਿਲੰਤਾ ਨੌਜਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਨੇਤਰ ਪੇਖੇ ਆਣ।