Granth 10 Likhat 064: 23 Faggan 2017 Bikarmi Massa Singh de Greh Pind Bal Puria

੨੩ ਫਗਣ ੨੦੧੭ ਬਿਕ੍ਰਮੀ ਮੱਸਾ ਸਿੰਘ ਦੇ ਗ੍ਰਹਿ ਪਿੰਡ ਬਲ ਪੁਰੀਆ

ਸੋ ਪੁਰਖ ਨਿਰੰਜਣ ਧਾਮ ਸੁਹਾਇੰਦਾ, ਸੋਭਾਵੰਤ ਗੁਣ ਨਿਧਾਨ। ਹਰਿ ਪੁਰਖ ਨਿਰੰਜਣ ਆਸਣ ਲਾਇੰਦਾ, ਇਕ ਇਕੱਲਾ ਵਡ ਮਿਹਰਵਾਨ। ਏਕੰਕਾਰਾ ਨਾਉਂ ਪਰਗਟਾਇੰਦਾ, ਜੋਧਾ ਸੂਰਬੀਰ ਬਲਵਾਨ। ਆਦਿ ਨਿਰੰਜਣ ਰੂਪ ਧਰਾਇੰਦਾ, ਜੋਤੀ ਨੂਰ ਨੂਰ ਮਹਾਨ। ਅਬਿਨਾਸ਼ੀ ਕਰਤਾ ਖੇਲ ਖਿਲਾਇੰਦਾ, ਖੇਲਣਹਾਰਾ ਗੁਣ ਨਿਧਾਨ। ਸ੍ਰੀ ਭਗਵਾਨ ਭੇਵ ਚੁਕਾਇੰਦਾ, ਕਰੇ ਖੇਲ ਬੇਪਹਿਚਾਨ। ਪਾਰਬ੍ਰਹਮ ਆਪਣੀ ਕਲ ਆਪ ਵਰਤਾਇੰਦਾ, ਆਪਣੇ ਉਪਰ ਹੋ ਮਿਹਰਵਾਨ। ਆਪਣਾ ਬੰਕ ਆਪ ਸੁਹਾਇੰਦਾ, ਸਾਚਾ ਮੰਦਰ ਇਕ ਮਕਾਨ। ਉਚ ਅਟਲ ਨਾਉਂ ਰਖਾਇੰਦਾ, ਸਚਖੰਡ ਸੱਚਾ ਅਸਥਾਨ। ਸਚ ਸਿੰਘਾਸਣ ਆਪ ਸੁਹਾਇੰਦਾ, ਸ਼ਾਹੋ ਭੂਪ ਬਣ ਸੁਲਤਾਨ। ਤਖ਼ਤ ਤਾਜ ਆਪ ਹੰਢਾਇੰਦਾ, ਆਦਿ ਜੁਗਾਦੀ ਖੇਲ ਮਹਾਨ। ਸ਼ਬਦ ਅਨਾਦੀ ਨਾਦ ਵਜਾਇੰਦਾ, ਧੁਰਦਰਗਾਹੀ ਧੁਰ ਫ਼ਰਮਾਨ। ਬ੍ਰਹਮ ਬ੍ਰਹਿਮਾਦੀ ਆਪ ਸੁਣਾਇੰਦਾ, ਲੇਖਾ ਜਾਣੇ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕ ਵਡਿਆਇੰਦਾ। ਮੁਕਾਮੇ ਹੱਕ ਹੱਕ ਜਨਾਬ, ਹਕ਼ੀਕ਼ਤ ਆਪਣੇ ਹੱਥ ਰਖਾਈਆ। ਆਪਣੀ ਦੇਵਣਹਾਰਾ ਆਪੇ ਦਾਦ, ਲਾਸ਼ਰੀਕ ਇਕ ਖ਼ੁਦਾਈਆ। ਲੇਖਾ ਜਾਣੇ ਆਪਾ ਆਪ, ਦੂਸਰ ਅਵਰ ਨਾ ਕੋਇ ਵਡਿਆਈਆ। ਨੂਰ ਉਜਿਆਰਾ ਨਾ ਕੋਇ ਆਫ਼ਤਾਬ, ਜਲਵਾ ਹੋਰ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਸੱਚਾ ਪਾਤਸ਼ਾਹ, ਸੋ ਪੁਰਖ ਨਿਰੰਜਣ ਆਪ ਅਖਵਾਇੰਦਾ। ਹਰਿ ਪੁਰਖ ਨਿਰੰਜਣ ਬਣ ਮਲਾਹ, ਸਾਚਾ ਬੇੜਾ ਆਪ ਉਠਾਇੰਦਾ। ਏਕੰਕਾਰਾ ਦਏ ਸਲਾਹ, ਆਦਿ ਨਿਰੰਜਣ ਸੰਗ ਨਿਭਾਇੰਦਾ। ਅਬਿਨਾਸ਼ੀ ਕਰਤਾ ਪਕੜੇ ਬਾਂਹ, ਸ੍ਰੀ ਭਗਵਾਨ ਵੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਕਰੇ ਸਚ ਨਿਆਂ, ਸਾਚਾ ਅਦਲ ਆਪ ਕਮਾਇੰਦਾ। ਸਚਖੰਡ ਸੁਹਾਏ ਸਾਚਾ ਥਾਂ, ਥਾਨ ਥਨੰਤਰ ਆਪ ਬਣਾਇੰਦਾ। ਥਿਰ ਘਰ ਦਵਾਰਾ ਆਪ ਖੁਲ੍ਹਾ, ਆਪ ਆਪਣਾ ਚਰਨ ਟਿਕਾਇੰਦਾ। ਆਪਣੀ ਇਛਿਆ ਲਏ ਪਰਗਟਾ, ਸ਼ਬਦ ਅਨਾਦੀ ਸੁਤ ਜਾਇੰਦਾ। ਸਚ ਸੰਦੇਸ਼ ਦਏ ਸੁਣਾ, ਧੁਰ ਫ਼ਰਮਾਨਾ ਆਪਣੇ ਹੱਥ ਰਖਾਇੰਦਾ। ਬ੍ਰਹਿਮੰਡ ਖੰਡ ਰਚਨ ਰਚਾ, ਸੂਰਜ ਚੰਨ ਆਪ ਚਮਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਧਰਾ, ਤ੍ਰੈ ਤ੍ਰੈ ਲੇਖਾ ਝੋਲੀ ਪਾਇੰਦਾ। ਪੰਚਮ ਮੇਲਾ ਆਪ ਮਿਲਾ, ਪੁਰਖ ਅਬਿਨਾਸ਼ੀ ਵੇਖ ਵਖਾਇੰਦਾ। ਸਾਚਾ ਹੁਕਮ ਦਏ ਸੁਣਾ, ਅਭੁੱਲ ਆਪਣਾ ਭੇਵ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਏਕਾ ਵੇਸ ਵਟਾਇੰਦਾ। ਵੇਸ ਵਟਾਏ ਨੂਰੀ ਅੱਲਾ, ਅੱਲਾ ਹੂ ਆਪਣਾ ਨਾਉਂ ਧਰਾਇੰਦਾ। ਵਸਣਹਾਰਾ ਸਚ ਮਹੱਲਾ, ਉਚ ਮਹਿਰਾਬੇ ਡੇਰਾ ਲਾਇੰਦਾ। ਬੈਠਾ ਰਹੇ ਇਕ ਇਕੱਲਾ, ਅਕਲ ਕਲ ਆਪਣੀ ਖੇਲ ਖਿਲਾਇੰਦਾ। ਆਪੇ ਫੜੇ ਆਪਣਾ ਪੱਲਾ, ਦੂਸਰ ਲੜ ਨਾ ਕੋਇ ਬੰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਸਚਖੰਡ ਦਵਾਰੇ ਸਾਚਾ ਰਾਮ, ਇਕ ਇਕੱਲਾ ਆਸਣ ਲਾਇੰਦਾ। ਆਦਿ ਜੁਗਾਦਿ ਕਰੇ ਸਾਚਾ ਕਾਮ, ਕਰਨੀ ਕਰਤਾ ਪੁਰਖ ਆਪ ਕਰਾਇੰਦਾ। ਆਪਣਾ ਵੇਖੇ ਆਪੇ ਸਚ ਨਜ਼ਾਮ, ਹੁਕਮ ਹਾਸਲ ਆਪ ਚਲਾਇੰਦਾ। ਆਪ ਜਾਣੇ ਆਪਣੀ ਆਣ, ਆਪਣੇ ਭਾਣੇ ਸਦ ਸਮਾਇੰਦਾ। ਦੇਵਣਹਾਰਾ ਧੁਰ ਫਰਮਾਨ, ਸਚ ਸੰਦੇਸਾ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਖਿਲਾਇੰਦਾ। ਸਾਚੇ ਮੰਦਰ ਸਚ ਘਨੱਯਾ, ਸਚਖੰਡ ਨਿਵਾਸੀ ਆਸਣ ਲਾਈਆ। ਮਾਤ ਪਿਤ ਨਾ ਭੈਣਾਂ ਭੱਯਾ, ਦੂਸਰ ਸੰਗ ਨਾ ਕੋਇ ਵਖਾਈਆ। ਸਾਕ ਸੈਣ ਨਾ ਸੱਜਣ ਸੱਯਾ, ਬੰਧਨ ਬੰਧ ਨਾ ਕੋਇ ਭੁਆਈਆ। ਨਾ ਕੋਈ ਨੌਕਾ ਨਾ ਕੋਈ ਨੱਯਾ, ਵੰਝ ਮੁਹਾਣਾ ਨਾ ਕੋਇ ਵਖਾਈਆ। ਆਪਣੇ ਸਾਗਰ ਆਪ ਤਰੱਯਾ, ਪਾਰਬ੍ਰਹਮ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਆਪਣੇ ਹੱਥ ਰਖਾਈਆ। ਸਚਖੰਡ ਵਸੇ ਨਿਰੰਕਾਰ, ਨਿਰਗੁਣ ਰਾਮ ਰੂਪ ਧਰਾਈਆ। ਨੂਰ ਇਲਾਹੀ ਹੋ ਉਜਿਆਰ, ਸਾਚੇ ਧਾਮ ਸੋਭਾ ਪਾਈਆ। ਸਾਚਾ ਕਾਹਨ ਖੇਲ ਕਰੇ ਅਪਾਰ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਤਖ਼ਤ ਨਿਵਾਸੀ ਹੋ ਤਿਆਰ, ਏਕਾ ਤਖ਼ਤ ਲਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਦੂਸਰ ਸੰਗ ਨਾ ਕੋਇ ਰਖਾਈਆ। ਦੂਸਰ ਸੰਗ ਨਾ ਕੋਇ ਰੱਖਦਾ, ਕਰਤਾ ਪੁਰਖ ਹਰਿ ਨਿਰੰਕਾਰ। ਨਿਰਗੁਣ ਹੋ ਹੋ ਘਰ ਰਹੇ ਵਿਚ ਵਸਦਾ, ਸੋਹੇ ਦਰ ਸੱਚਾ ਦਰਬਾਰ। ਨਿਰਵੈਰ ਹੋ ਹੋ ਆਪਣਾ ਮਾਰਗ ਆਪੇ ਦੱਸਦਾ, ਪੁਰਖ ਅਕਾਲਾ ਮੀਤ ਮੁਰਾਰ। ਅਜੂਨੀ ਰਹਿਤ ਹੋ ਹੋ ਨੱਸਦਾ, ਜਨਮ ਮਰਨ ਤੋਂ ਵਸਿਆ ਬਾਹਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਕਾਰ। ਸਾਚੀ ਕਾਰ ਕਰਾਇੰਦਾ, ਕਰਤਾ ਪੁਰਖ ਅਗੰਮ ਅਥਾਹ। ਨਿਰਗੁਣ ਵੇਸ ਅਨੇਕ ਵਟਾਇੰਦਾ, ਕਰੇ ਖੇਲ ਸੱਚਾ ਸ਼ਹਿਨਸ਼ਾਹ। ਰੂਪ ਅਨੂਪ ਆਪ ਦਰਸਾਇੰਦਾ, ਰੇਖ ਭੇਖ ਨਾ ਸਕੇ ਕੋਇ ਜਣਾ। ਆਪਣਾ ਲੇਖ ਆਪ ਲਿਖਾਇੰਦਾ, ਕੋਈ ਨਾ ਲਿਖੇ ਕ਼ਲਮ ਸ਼ਾਹ। ਕਾਤਬ ਕੋਇ ਨਾ ਸੰਗ ਵਖਾਇੰਦਾ, ਇਕ ਇਕੱਲਾ ਕਰੇ ਸਚ ਨਿਆਂ। ਆਪਣਾ ਨਾਉਂ ਆਪ ਪਰਗਟਾਇੰਦਾ, ਨਾਉਂ ਨਿਰੰਕਾਰਾ ਲਏ ਧਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪੇ ਵੇਖੇ ਆ। ਹਰਿ ਸਾਚਾ ਖੇਲ ਖਿਲਾਇਆ, ਖ਼ਾਲਕ ਖ਼ਲਕ ਕਰ ਤਿਆਰ। ਖ਼ਲਕ ਆਪਣਾ ਨੂਰ ਧਰਾਇਆ, ਆਪੇ ਬਣਿਆ ਸਚ ਮਲਾਹ। ਅਰਸ਼ ਆਪਣੀ ਵੰਡ ਵੰਡਾਇਆ, ਕੁਰਸ ਕੁਰਾ ਕਰੇ ਬੇਪਨਾਹ। ਫ਼ਰਸ਼ ਆਪਣਾ ਚਰਨ ਛੁਹਾਇਆ, ਖ਼ਾਕਾ ਖ਼ਾਕ ਰਿਹਾ ਸਮਾ। ਆਪਣਾ ਆਦਰਸ਼ ਇਕ ਰਖਾਇਆ, ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਮਾਰਗ ਰਾਹ। ਸਾਚਾ ਮਾਰਗ ਲਾਇੰਦਾ, ਆਦਿ ਜੁਗਾਦਿ ਕਾਰ। ਆਪਣੀ ਰਚਨਾ ਆਪ ਰਚਾਇੰਦਾ, ਆਪੇ ਹੋਏ ਵੇਖਣਹਾਰ। ਨਿਰਗੁਣ ਸਰਗੁਣ ਰੂਪ ਆਪ ਵਟਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਤਾਰ। ਸਾਚੀ ਵਸਤ ਆਪ ਵਰਤਾਇੰਦਾ, ਤ੍ਰੈ ਤ੍ਰੈ ਸਾਚਾ ਭਰ ਭੰਡਾਰ। ਸਾਚੇ ਘਰ ਸੋਭਾ ਪਾਇੰਦਾ, ਬ੍ਰਹਿਮੰਡ ਖੰਡ ਕਰ ਤਿਆਰ। ਲੋਆਂ ਪੁਰੀਆਂ ਆਸਣ ਲਾਇੰਦਾ, ਆਪ ਆਪਣੀ ਕਿਰਪਾ ਧਾਰ। ਆਪਣੀ ਇਛਿਆ ਲੱਖ ਚੁਰਾਸੀ ਘਾੜਤ ਜਗਤ ਘੜਾਇੰਦਾ, ਘਾੜਨ ਘੜੇ ਅਪਰ ਅਪਾਰ। ਘਟ ਘਟ ਅੰਦਰ ਜੋਤ ਜਗਾਇੰਦਾ, ਦੀਪ ਉਜਾਲਾ ਹੋ ਉਜਿਆਰ। ਘਟ ਘਟ ਆਪਣਾ ਨਾਦ ਵਜਾਇੰਦਾ, ਸ਼ਬਦ ਅਨਾਦ ਸਚੀ ਧੁਨਕਾਰ। ਘਰ ਘਰ ਵਿਚ ਆਪਣਾ ਮੰਗਲ ਆਪੇ ਗਾਇੰਦਾ, ਆਪੇ ਹੋਏ ਗਾਵਣਹਾਰ। ਘਟ ਘਟ ਆਪਣਾ ਮਹੱਲ ਆਪ ਸੁਹਾਇੰਦਾ, ਘਰ ਵਿਚ ਘਰ ਕਰ ਤਿਆਰ। ਆਪਣੀ ਵੰਡ ਆਪ ਵੰਡਾਇੰਦਾ, ਪਾਰਬ੍ਰਹਮ ਬ੍ਰਹਮ ਵੰਡੇ ਏਕਾ ਵਾਰ। ਈਸ਼ ਜੀਵ ਆਪ ਹੋ ਜਾਇੰਦਾ, ਜਗਦੀਸ਼ ਸਚੀ ਸਰਕਾਰ। ਲੋਕਮਾਤ ਰਾਹ ਚਲਾਇੰਦਾ, ਨਿਰਗੁਣ ਸਰਗੁਣ ਕਰ ਪਿਆਰ। ਸਰਗੁਣ ਇਕ ਤੱਤ ਦ੍ਰਿੜਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰ। ਲੱਖ ਚੁਰਾਸੀ ਘਾੜਨ ਘੜਿਆ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਈਆ। ਨਿਰਗੁਣ ਹੋ ਹੋ ਅੰਦਰ ਵੜਿਆ, ਪਾਰਬ੍ਰਹਮ ਵਡੀ ਵਡਿਆਈਆ। ਡੂੰਘੀ ਭਵਰੀ ਸਾਚੇ ਪੌੜੇ ਚੜ੍ਹਿਆ, ਔਦਾਂ ਜਾਂਦਾ ਦਿਸ ਨਾ ਆਈਆ। ਆਪਣਾ ਖੇਲ ਆਪੇ ਕਰਿਆ, ਪੰਜ ਤੱਤ ਦਏ ਵਡਿਆਈਆ। ਨਿਰਗੁਣ ਸਰਗੁਣ ਰੂਪ ਆਪੇ ਧਰਿਆ, ਸ਼ਬਦ ਸ਼ਬਦੀ ਡੰਕ ਵਜਾਈਆ। ਗੁਰ ਗੁਰ ਨਾਉਂ ਆਪੇ ਕਰਿਆ, ਕਰੇ ਖੇਲ ਵੇਖੇ ਆਪ ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੰਡਣ ਆਪ ਸਮਝਾਈਆ। ਸਰਗੁਣ ਹਰਿ ਹਰਿ ਕਰ ਤਿਆਰ, ਸਾਚੀ ਵੰਡ ਵੰਡਾਇੰਦਾ। ਪਹਿਲਾ ਲੇਖਾ ਕਰੇ ਵਿਚਾਰ, ਬ੍ਰਹਮਾ ਸੁਤ ਸਮਝਾਇੰਦਾ। ਸ਼ਬਦ ਜਣਾਈ ਵੇਦ ਚਾਰ, ਭੇਵ ਅਭੇਦ ਖੁਲ੍ਹਾਇੰਦਾ। ਚਾਰੇ ਬਾਣੀ ਦਏ ਸਹਾਰ, ਚਾਰੇ ਖਾਣੀ ਆਪ ਪਰਗਟਾਇੰਦਾ। ਚਾਰੇ ਜੁਗ ਬੰਨ੍ਹ ਧਾਰ, ਸਤਿਜੁਗ ਤਰੇਤਾ ਦਵਾਪਰ ਕਲਜੁਗ ਵੰਡ ਵੰਡਾਇੰਦਾ। ਜੁਗ ਜੁਗ ਆਵੇ ਵਾਰੋ ਵਾਰ, ਏਕਾ ਗੁਣ ਸਮਝਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰ, ਆਪਣਾ ਨਾਉਂ ਪਰਗਟਾਇੰਦਾ। ਰੂਪ ਧਰਾਏ ਗੁਰ ਅਵਤਾਰ, ਪੰਜ ਤੱਤ ਸਾਚਾ ਮੇਲ ਮਿਲਾਇੰਦਾ। ਭਗਤਨ ਦੇਵੇ ਭਗਤੀ ਭੰਡਾਰ, ਭਗਤ ਭਗਵੰਤ ਵੇਖ ਵਖਾਇੰਦਾ। ਸੰਤ ਬਣਾਏ ਸੁਤ ਦੁਲਾਰ, ਸਤਿ ਸਤਿਵਾਦੀ ਗੋਦ ਬਹਾਇੰਦਾ। ਗੁਰਮੁਖ ਸੱਜਣ ਲਏ ਉਭਾਰ, ਸਿਰ ਆਪਣਾ ਹੱਥ ਟਿਕਾਇੰਦਾ। ਗੁਰਸਿਖ ਸਾਚੇ ਇਕ ਵਖਾਏ ਸਚ ਦਵਾਰ, ਚਰਨ ਕਵਲ ਕਵਲ ਚਰਨ ਏਕਾ ਦਰ ਵਖਾਇੰਦਾ। ਸਤਿਜੁਗ ਤਰੇਤਾ ਦਵਾਪਰ ਕਰੇ ਖੇਲ ਅਪਾਰ, ਹਰਿਜਨ ਸਾਚੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ ਨਰ ਨਰੇਸ਼ ਜੁਗ ਜੁਗ ਆਪਣਾ ਆਪ ਸੁਣਾਇੰਦਾ। ਜਗਤ ਸੰਦੇਸ਼ ਸੁਣਾਵਣਹਾਰਾ, ਸ਼ਬਦ ਅਗੰਮ ਜੈਕਾਰ। ਗੁਰ ਅਵਤਾਰ ਭੇਜਣਹਾਰਾ, ਕਰੇ ਖੇਲ ਸਚੀ ਸਰਕਾਰ। ਨਾਮ ਨਿਧਾਨ ਵਰਤਾਵਣਹਾਰਾ, ਵਰਤਾਏ ਸਚ ਭੰਡਾਰ। ਲੱਖ ਚੁਰਾਸੀ ਵੇਖਣਹਾਰਾ, ਘਟ ਘਟ ਕਰੇ ਪਸਾਰ। ਸਮਰਥ ਪੁਰਖ ਘੜਨ ਭੰਨਣਹਾਰਾ, ਆਪੇ ਜਾਣੇ ਆਪਣੀ ਕਾਰ। ਸਚਖੰਡ ਵਸੇ ਸਚ ਦਵਾਰਾ, ਤਖ਼ਤ ਨਿਵਾਸੀ ਹੋ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਜੁਗ ਚਾਰ। ਜੁਗ ਚਾਰ ਏਕਾ ਗੇੜਾ, ਏਕਾ ਚੌਕੜ ਨਾਉਂ ਰਖਾਈਆ। ਨੌਂ ਦਵਾਰਾ ਵੇਖੇ ਵੇਹੜਾ, ਸ੍ਰਿਸ਼ਟ ਸਬਾਈ ਪੜਦਾ ਪਾਈਆ। ਨੌ ਖੰਡ ਵਸਾਏ ਖੇੜਾ, ਧਰਤ ਧਵਲ ਦਏ ਵਡਿਆਈਆ। ਚਾਰ ਜੁਗ ਚਲਾਏ ਬੇੜਾ, ਏਕਾ ਚਪੂ ਨਾਮ ਲਗਾਈਆ। ਅੰਤਮ ਕਰੇ ਹਕ ਨਬੇੜਾ, ਭੁਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਬੇਪਰਵਾਹੀਆ। ਜੁਗ ਜੁਗ ਗੇੜਾ ਆਪ ਦਵਾਇੰਦਾ, ਦੇਵਣਹਾਰ ਆਪ ਨਿਰੰਕਾਰ। ਗੁਰ ਅਵਤਾਰ ਆਪ ਘਲਾਇੰਦਾ, ਕਰੇ ਕਰਾਏ ਸਾਚੀ ਕਾਰ। ਸਾਚੀ ਵਸਤ ਝੋਲੀ ਪਾਇੰਦਾ, ਨਾਮ ਨਿਧਾਨਾ ਦਏ ਭੰਡਾਰ। ਕੋਈ ਬ੍ਰਹਮਾ ਸੁਤ ਅਖਵਾਇੰਦਾ, ਕੋਈ ਬਰਾਹ ਕਰੇ ਵਿਚਾਰ। ਕੋਈ ਹਾਵ ਗਰੀਵ ਰਾਹ ਤਕਾਇੰਦਾ, ਕੋਈ ਯਗੇ ਪੁਰਸ਼ ਅਗੇ ਪਿਛੇ ਵੇਖੇ ਆਪਣੀ ਵਾਰ। ਕੋਈ ਨਰਾਇਣ ਰੂਪ ਵਟਾਇੰਦਾ, ਨਿਰਗੁਣ ਸਰਗੁਣ ਖੇਲ ਅਪਾਰ। ਕੋਈ ਦਤਾ ਤ੍ਰੈ ਕਹਾਇੰਦਾ, ਦਿਵਸ ਰੈਣ ਕਰੇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵਰਤੇ ਸਚ ਵਰਤਾਰ। ਕੋਈ ਕਪਲ ਮੁਨ ਅਖਵਾਇੰਦਾ, ਮਾਤਾ ਸੁਤ ਕਰੇ ਪਿਆਰ। ਕੋਈ ਰਿਖਵ ਦੇਵ ਜਣਾਇੰਦਾ, ਏਕਾ ਰਾਹ ਤੱਕੇ ਸਾਚਾ ਯਾਰ। ਕੋਈ ਪ੍ਰਿਥੂ ਸੇਵਾ ਲਾਇੰਦਾ, ਕੋਈ ਮਤਸ ਦੇਵੇ ਸਚ ਵਿਹਾਰ। ਕੋਈ ਕਛਪ ਗੋਦ ਬਹਾਇੰਦਾ, ਜਲ ਧਾਰਾ ਕਰ ਪਿਆਰ। ਕੋਈ ਧਨੰਤਰ ਸਾਚੀ ਸੇਵਾ ਲਾਇੰਦਾ, ਮੰਤਰ ਫੁਰੇ ਇਕ ਨਿਰਾਕਾਰ। ਕੋਈ ਹੰਸਾ ਰੂਪ ਵਟਾਇੰਦਾ, ਮਾਣਕ ਮੋਤੀ ਚੁਗੇ ਵਿਚ ਸੰਸਾਰ। ਸਰਬੱਗ ਪੁਰਖ ਭੇਵ ਨਾ ਆਇੰਦਾ, ਪੁਰਖ ਅਬਿਨਾਸ਼ੀ ਕਰੇ ਖੇਲ ਨਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਚਖੰਡ ਸਚੇ ਦਰਬਾਰ। ਸਚਖੰਡ ਦਵਾਰਾ ਸੋਭਾਵੰਤ, ਹਰਿ ਸਾਚਾ ਆਪ ਸੁਹਾਇੰਦਾ। ਆਦਿ ਜੁਗਾਦੀ ਏਕਾ ਕੰਤ, ਲੱਖ ਚੁਰਾਸੀ ਆਪ ਪਰਨਾਇੰਦਾ। ਹਰਿਜਨ ਵੇਖੇ ਸਾਚੇ ਸੰਤ, ਲੋਕਮਾਤ ਆਪ ਜਗਾਇੰਦਾ। ਨਾਮ ਜਣਾਈ ਮਣਿਆ ਮੰਤ, ਏਕਾ ਮੰਤਰ ਆਪ ਸਮਝਾਇੰਦਾ। ਲੇਖਾ ਜਾਣੇ ਆਦਿ ਅੰਤ, ਆਦਿ ਅੰਤ ਆਪਣੇ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਚਲਾਇੰਦਾ। ਜੁਗ ਜੁਗ ਖੇਲ ਕਰੇ ਕਰਤਾਰਾ, ਬਾਵਨ ਆਪਣਾ ਹੁਕਮ ਜਣਾਈਆ। ਨਰ ਸਿੰਘ ਧਰੇ ਰੂਪ ਨਿਰੰਕਾਰਾ, ਸਾਚੀ ਸੇਵਾ ਇਕ ਵਖਾਈਆ। ਹਰੀ ਹਰਿ ਆਪਣ ਨਾਲੋਂ ਹੋ ਨਿਆਰਾ, ਆਪਣਾ ਸੀਸ ਆਪੇ ਰਿਹਾ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੁਕਮੇ ਸਦਾ ਰਿਹਾ ਭਵਾਈਆ। ਹੁਕਮੇ ਅੰਦਰ ਪਰਸਰਾਮ, ਬ੍ਰਾਹਮਣ ਬ੍ਰਹਮ ਸੇਵ ਜਣਾਈਆ। ਹੁਕਮੇ ਅੰਦਰ ਆਇਆ ਰਾਮ, ਰਾਵਣ ਦਹਿ ਸਿਰ ਗਿਆ ਘਾਈਆ। ਹੁਕਮੇ ਅੰਦਰ ਕ੍ਰਿਸ਼ਨ ਕਾਹਨ, ਤ੍ਰੈਲੋਕੀ ਨਾਥ ਤ੍ਰੈਲੋਕੀ ਨੰਦਨ, ਸਖ਼ੀਆਂ ਮੰਗਲ ਰਾਸ ਰਚਾਈਆ। ਹੁਕਮੇ ਅੰਦਰ ਈਸਾ ਮੂਸਾ ਲੈ ਕੇ ਆਏ ਪੈਗ਼ਾਮ, ਸਚ ਸੰਦੇਸ਼ ਇਕ ਸੁਣਾਈਆ। ਹੁਕਮੇ ਅੰਦਰ ਮੁਹੰਮਦ ਜਣਾਈ ਇਕ ਕਲਾਮ, ਕਲਮਾ ਅਮਾਮ ਆਪ ਪੜ੍ਹਾਈਆ। ਹੁਕਮੇ ਅੰਦਰ ਕਰੇ ਖੇਲ ਕਾਇਨਾਤ, ਪਰਵਰਦਿਗਾਰ ਸਚਾ ਸ਼ਹਿਨਸ਼ਾਹੀਆ। ਹੁਕਮੇ ਅੰਦਰ ਰੱਖੇ ਸਭ ਦੀ ਨਿਜਾਤ, ਵੇਖਣਹਾਰਾ ਥਾਉਂ ਥਾਈਂਆ। ਹੁਕਮੇ ਅੰਦਰ ਰੱਖੇ ਸਭ ਦੀ ਵਫ਼ਾਤ, ਵਫ਼ਾਦਾਰ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਈਆ। ਹੁਕਮੇ ਅੰਦਰ ਨਿਰਗੁਣ ਧਾਰ, ਨਾਨਕ ਚੋਲਾ ਮਾਤ ਹੰਢਾਈਆ। ਹੁਕਮੇ ਅੰਦਰ ਨਾਮ ਸਤਿ ਉਜਿਆਰ, ਨਾਮ ਸਤਿ ਕਰੇ ਪੜ੍ਹਾਈਆ। ਹੁਕਮੇ ਅੰਦਰ ਸੁਤ ਦੁਲਾਰ, ਪੁਰਖ ਅਕਾਲ ਏਕਾ ਗੋਦ ਸੁਹਾਈਆ। ਹੁਕਮੇ ਅੰਦਰ ਚੰਡ ਪਰਚੰਡ ਤਿਖੀ ਧਾਰ, ਹੁਕਮੇ ਅੰਦਰ ਬ੍ਰਹਿਮੰਡ ਰਿਹਾ ਭਵਾਈਆ। ਹੁਕਮੇ ਅੰਦਰ ਪੁਰੀ ਅਨੰਦ ਲਿਆ ਉਸਾਰ, ਹੁਕਮੇ ਅੰਦਰ ਛੱਡ ਕੇ ਗਿਆ ਸਾਚਾ ਮਾਹੀਆ। ਹੁਕਮੇ ਅੰਦਰ ਮੰਗੇ ਸਾਚਾ ਯਾਰ, ਆਪਣੀਆਂ ਭੁਜਾਂ ਆਪ ਉਠਾਈਆ। ਹੁਕਮੇ ਅੰਦਰ ਆਪਾ ਵਾਰ, ਏਕਾ ਫਤਿਹ ਗਿਆ ਸੁਣਾਈਆ। ਹੁਕਮੇ ਅੰਦਰ ਕੂਕੇ ਕਰੇ ਪੁਕਾਰ, ਸ੍ਰਿਸ਼ਟ ਸਬਾਈ ਇਹ ਸਮਝਾਈਆ। ਚਾਰ ਜੁਗ ਨੌ ਸੌ ਚੁਰਨਾਵੇ ਚੌਕੜੀ ਜੋ ਘਲਦਾ ਰਿਹਾ ਗੁਰ ਅਵਤਾਰ, ਪੁਰਖ ਅਕਾਲ ਸਚਾ ਸ਼ਹਿਨਸ਼ਾਹੀਆ। ਕਰੇ ਖੇਲ ਅਪਰ ਅਪਾਰ, ਭੇਵ ਕੋਇ ਨਾ ਪਾਈਆ। ਸਚਖੰਡ ਵਸਣਹਾਰਾ ਹਰਿ ਨਿਰੰਕਾਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਧਾ ਸੂਰਬੀਰ ਬਲੀ ਬਲਕਾਰ, ਬਲ ਆਪਣਾ ਆਪਣੇ ਵਿਚ ਰਖਾਈਆ। ਕਾਗਦ ਕ਼ਲਮ ਨਾ ਲਿਖਣਹਾਰ, ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕ਼ੁਰਾਨ ਦੇਣ ਗਵਾਹੀਆ। ਸਰਬ ਜੀਆਂ ਦਾ ਸਾਂਝਾ ਯਾਰ, ਦੀਨ ਮਜ਼੍ਹਬ ਨਾ ਕੋਇ ਵਖਾਈਆ। ਆਲਮ ਉਲਮਾ ਪਾਵੇ ਸਾਰ, ਵੇਖਣਹਾਰਾ ਇਕ ਹੋ ਜਾਈਆ। ਅੰਤਮ ਪਰਗਟ ਹੋਵੇ ਨਰ ਨਿਰੰਕਾਰ, ਨਿਰਵੈਰ ਪੁਰਖ ਅਜੂਨੀ ਰਹਿਤ ਆਪਣੇ ਹੱਥ ਰੱਖੇ ਵਡਿਆਈਆ। ਨਿਹਕਲੰਕਾ ਨਾਉਂ ਰੱਖੇ ਵਿਚ ਸੰਸਾਰ, ਸ਼ਬਦ ਡੰਕਾ ਇਕ ਵਜਾਈਆ। ਸੰਬਲ ਵਸੇ ਧਾਮ ਨਿਆਰ, ਗੋਬਿੰਦ ਗੜ੍ਹ ਇਕ ਬਣਾਈਆ। ਉਪਰ ਚੜ੍ਹ ਬਹੇ ਹਰਿ ਨਿਰੰਕਾਰ, ਦਿਸ ਕਿਸੇ ਨਾ ਆਈਆ। ਆਪਣਾ ਸ਼ਬਦ ਬੋਲੇ ਆਪ ਜੈਕਾਰ, ਪਿਛਲੀ ਕੀਤੀ ਪੜ੍ਹਨ ਕਦੇ ਨਾ ਜਾਈਆ। ਆਪਣੀ ਰੀਤੀ ਬਦਲੇ ਵਿਚ ਸੰਸਾਰ, ਰੀਤ ਅਤੀਤ ਇਕ ਸਮਝਾਈਆ। ਹਸਤ ਕੀਟ ਵੇਖਣਹਾਰ, ਊਚ ਨੀਚ ਭੁੱਲ ਨਾ ਜਾਈਆ। ਜਗਤ ਬਾਗੀਚੀ ਵੇਖੇ ਖਿੜੀ ਗੁਲਜ਼ਾਰ, ਲੱਖ ਚੁਰਾਸੀ ਬ੍ਰਹਮ ਬੂਟਾ ਜੋ ਲਿਆ ਮਾਤ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਦਰ ਦਰਵੇਸ਼ ਨਿਉਂ ਨਿਉਂ ਖ਼ਾਲੀ ਵਖੌਣ ਆਪਣਾ ਠੂਠਾ, ਸਾਚੀ ਵਸਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਜੁਗ ਚੌਕੜੀ ਆਪਣੇ ਹੱਥ ਰਖਾਈਆ। ਜੁਗ ਚੌਕੜੀ ਖੇਲ ਖਿਲਾਇੰਦਾ, ਨਿਰਗੁਣ ਦਾਤਾ ਬੇਪਰਵਾਹ। ਕਲਜੁਗ ਅੰਤਮ ਵੇਸ ਵਟਾਇੰਦਾ, ਜੋਤੀ ਜਾਮਾ ਭੇਖ ਵਟਾ। ਗੁਰ ਗੁਰ ਗੋਬਿੰਦ ਮੇਲ ਮਿਲਾਇੰਦਾ, ਪੁਰਖ ਅਕਾਲ ਏਕਾ ਥਾਂ। ਮਾਤ ਪਿਤਾ ਨਾ ਕੋਇ ਬਣਾਇੰਦਾ, ਆਪਣੀ ਗੋਦ ਲਏ ਸੁਹਾ। ਸਾਚੇ ਘੋੜੇ ਆਪ ਚੜ੍ਹਾਇੰਦਾ, ਆਪਣੇ ਅਸਵ ਤੰਗ ਕਸਾ। ਚਾਰੇ ਰਾਸਾਂ ਹੱਥ ਫੜਾਇੰਦਾ, ਚਾਰੇ ਕੁੰਟਾਂ ਰਿਹਾ ਦੌੜਾ। ਈਸਾ ਮੂਸਾ ਉਠ ਉਠ ਰਾਹ ਤਕਾਇੰਦਾ, ਚਾਰੋਂ ਕੁੰਟ ਨੈਣ ਉਠਾ। ਮੁਹੰਮਦ ਉਠ ਉਠ ਵੇਖ ਵਖਾਇੰਦਾ, ਉਚੇ ਟਿਲੇ ਪਰਬਤ ਆਸਣ ਲਾ। ਉਚੀ ਕੂਕ ਕੂਕ ਸੁਣਾਇੰਦਾ, ਕੂਕ ਸੁਣੇ ਆਪ ਖ਼ੁਦਾ। ਖ਼ਾਲਕ ਵੇਖੇ ਵੇਖਣਹਾਰਾ ਵੇਖਣ ਆਇੰਦਾ, ਆਪ ਆਪਣਾ ਫੇਰਾ ਪਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਆਪਣੇ ਹੱਥ ਰਖਾ। ਲੇਖਾ ਆਪਣੇ ਹੱਥ ਰੱਖਦਾ, ਇਕ ਇਕੱਲਾ ਏਕੰਕਾਰ। ਧਰੇ ਰੂਪ ਆਪ ਪਰਤਖ ਦਾ, ਪਰਗਟ ਹੋਏ ਵਿਚ ਸੰਸਾਰ। ਲੱਖ ਚੁਰਾਸੀ ਨਾਮ ਮਧਾਣੇ ਮਥਦਾ, ਸਮੁੰਦ ਸਾਗਰ ਕਰ ਵਿਚਾਰ। ਲੋਆਂ ਪੁਰੀਆਂ ਆਪੇ ਨਥਦਾ, ਸ਼ਬਦ ਡੋਰੀ ਏਕਾ ਡਾਰ। ਲੇਖਾ ਜਾਣੇ ਚੌਦਾਂ ਲੋਕ ਹੱਟ ਦਾ, ਚੌਦਾਂ ਤਬਕਾਂ ਮਾਰੇ ਮਾਰ। ਵਿਸ਼ਨ ਬ੍ਰਹਮਾ ਸ਼ਿਵ ਹਰਿ ਹਰਿ ਨਾਉਂ ਰਟਦਾ, ਨੇਤਰ ਰੋਵੇ ਜ਼ਾਰੋ ਜ਼ਾਰ। ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰ ਅੱਗੇ ਹੋ ਹੋ ਨੱਠਦਾ, ਪੁਰਖ ਅਬਿਨਾਸ਼ੀ ਹੋਇਆ ਖ਼ਬਰਦਾਰ। ਲੱਗਾ ਤੀਰ ਨਿਰਾਲਾ ਘਾਓ ਫੱਟ ਦਾ, ਕਰੇ ਕਰਾਏ ਆਰ ਪਾਰ। ਮੁਲਾ ਸ਼ੇਖ਼ ਕੁਤਬ ਗੌਂਸ ਸਿਰ ਪੈਰਾਂ ਤੇ ਸੁੱਟਦਾ, ਅੰਤਮ ਆਈ ਹਾਰ। ਮਸਜਿਦ ਬਹਿ ਬਹਿ ਜੋ ਰਿਹਾ ਲੁੱਟਦਾ, ਤੇਰਾ ਵੁਜ਼ੂ ਬਾਂਗ ਉਚਾਰ। ਤੇਰਾ ਕ਼ਰਜ਼ਾ ਦਿਤੇ ਬਿਨਾ ਨਾ ਛੁੱਟਦਾ, ਛਡਾ ਨਾ ਸਕਣ ਚਾਰ ਯਾਰ। ਜਿਸ ਉਤੇ ਸਾਹਿਬ ਤੂੰ ਰੁਠਦਾ, ਏਕਾ ਧੱਕਾ ਦੇਵੇਂ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਅਪਰ ਅਪਾਰਾ ਖੇਲ ਖਿਲਾਇੰਦਾ, ਸੂਰਬੀਰ ਵਡ ਬਲਵਾਨ। ਚਾਰ ਕੁੰਟ ਵੇਖ ਵਖਾਇੰਦਾ, ਜੀਵ ਜੰਤ ਬਾਲ ਨਾਦਾਨ। ਗੁਰਮੁਖ ਸਾਚੇ ਆਪ ਜਗਾਇੰਦਾ, ਜਿਸ ਜਨ ਹੋਏ ਆਪ ਮਿਹਰਵਾਨ। ਸਾਚੇ ਮਾਰਗ ਆਪੇ ਪਾਇੰਦਾ, ਏਕਾ ਦੇਵੇ ਜੀਆ ਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸ੍ਰੀ ਭਗਵਾਨ। ਸ੍ਰੀ ਭਗਵਾਨ ਖੇਲ ਖਿਲਾਵਣਾ, ਕਲਜੁਗ ਤੇਰੀ ਅੰਤਮ ਵਾਰ। ਤੇਰਾ ਲੇਖਾ ਪੰਧ ਮੁਕਾਵਣਾ, ਨਾਤਾ ਤੁਟੇ ਚਾਰ ਲੱਖ ਬੱਤੀ ਹਜ਼ਾਰ। ਤੇਰਾ ਕੂੜ ਕੁੜਿਆਰਾ ਤੇਰੀ ਝੋਲੀ ਪਾਵਣਾ, ਚੁੱਕਿਆ ਨਾ ਜਾਏ ਅੰਤਮ ਭਾਰ। ਤੇਰਾ ਜੂਠਾ ਝੂਠਾ ਸਾਕ ਸੱਜਣ ਸੈਣ ਤੇਰੇ ਨਾਲ ਰਲਾਵਣਾ, ਨੌਂ ਖੰਡ ਪ੍ਰਿਥਮੀ ਕਰ ਵਿਚਾਰ। ਤੇਰਾ ਠੂਠਾ ਭੰਨ ਵਖਾਵਣਾ, ਕਾਮ ਕਰੋਧ ਲੋਭ ਮੋਹ ਹੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮਾਰੇ ਸ਼ਬਦੀ ਮਾਰ। ਸ਼ਬਦ ਨਿਰਾਲਾ ਤੀਰ ਲੱਗਣਾ, ਪੁਰਖ ਅਕਾਲ ਆਪ ਲਗਾਏ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਏਕਾ ਵਾਰ ਵੇਖੇ ਸੂਰਾ ਸਰਬੰਗਨਾ, ਛਿਨ ਭੰਗਰ ਆਪਣਾ ਖੇਲ ਖਿਲਾਏ। ਲੇਖਾ ਜਾਣੇ ਕਲ ਕਿ ਅੱਜ ਨਾ, ਰੁਤੜੀ ਰੁਤ ਰਹੀ ਵਿਹਾਏ। ਪਰਗਟ ਹੋਏ ਸੱਚਾ ਸੱਜਣਾ, ਸਾਜਨ ਮੀਤ ਇਕ ਰਘੁਰਾਏ। ਗੁਰਮੁਖ ਵਿਰਲੇ ਕਰਾਏ ਸੱਚਾ ਮਜਨਾ, ਦੁਰਮਤ ਮੈਲ ਧਵਾਏ। ਲੋਕਮਾਤ ਸਭ ਨੇ ਤਜਣਾ, ਤਰਵਰ ਪੰਖੀ ਕੋਇ ਰਹਿਣ ਨਾ ਪਾਏ। ਕਾਲ ਘਰ ਘਰ ਆ ਆ ਨੱਚਣਾ, ਏਕਾ ਡੌਰੂ ਡੰਕ ਵਜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਏ। ਕਲਜੁਗ ਭਾਂਡਾ ਜਾਣਾ ਟੁੱਟ, ਹਰਿ ਸਾਚਾ ਆਪ ਤੁੜਾਈਆ। ਲੱਖ ਚੁਰਾਸੀ ਨਾਤਾ ਜਾਣਾ ਛੁੱਟ, ਜੋ ਬੈਠਾ ਗੰਢ ਪਵਾਈਆ। ਦਿਨ ਦਿਹਾੜੇ ਪਏ ਲੁੱਟ, ਨਾ ਸਕੇ ਕੋਇ ਬਚਾਈਆ। ਜੀਵ ਜਹਾਨਾ ਭਾਗ ਗਏ ਨਿਖੁਟ, ਸ੍ਰੀ ਭਗਵਾਨ ਦਏ ਸਜ਼ਾਈਆ। ਕੂੜ ਕੂੜਿਆਰੀ ਜੜ੍ਹ ਦੇਵੇ ਪੁਟ, ਲੋਕਮਾਤ ਰਹਿਣ ਨਾ ਪਾਈਆ। ਸੂਰਬੀਰ ਸਾਹਿਬ ਸਤਿਗੁਰ ਏਕਾ ਗਿਆ ਉਠ, ਨਿਰਭੌਂ ਆਪਣਾ ਭੈ ਜਣਾਈਆ। ਪੰਜ ਤਤ ਨਾ ਦਿਸੇ ਬੁੱਤ, ਤ੍ਰੈਗੁਣ ਰੂਪ ਨਾ ਕੋਇ ਧਰਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਚਿਤ ਵਿਤ ਠਗੌਰੀ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਮੇਟੇ ਕਾਲੀ ਛਾਹੀਆ। ਕਲਜੁਗ ਕੂੜ ਕੁੜਿਆਰਾ ਮੁਕਣਾ, ਮੁੱਕੇ ਰੈਣ ਅੰਧੇਰੀ ਰਾਤ। ਸਿੰਘ ਸ਼ੇਰ ਏਕਾ ਬੁੱਕਣਾ, ਨਾਤਾ ਤੋੜੇ ਜ਼ਾਤ ਪਾਤ। ਕਲਜੁਗ ਵੇਲਾ ਅੰਤਮ ਢੁਕਣਾ, ਨਾ ਕੋਈ ਦੇਵੇ ਕਿਸੇ ਸਾਥ। ਰਾਜ ਰਾਜਾਨਾਂ ਨਾ ਮਿਲੇ ਲੁਕਣਾ, ਚਾਰੋਂ ਕੁੰਟ ਦਿਸੇ ਘਾਟ। ਹਰਿ ਕਾ ਭਾਣਾ ਕਦੇ ਨਾ ਰੁਕਣਾ, ਆਪ ਵਰਤਾਏ ਪੁਰਖ ਸਮਰਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦ ਜਣਾਏ ਇਕ ਅਕਥ। ਸ਼ਬਦ ਜਣਾਈ ਅਕਥਨਾ ਅਕਥ, ਨਿਸ਼ਅੱਖਰ ਕਰੇ ਪੜ੍ਹਾਈਆ। ਗੁਰਮੁਖ ਵਿਰਲੇ ਦੇਵੇ ਵਥ, ਵਸਤ ਅਮੋਲਕ ਝੋਲੀ ਪਾਈਆ। ਲੇਖਾ ਜਾਣੇ ਤੱਤ ਅੱਠ, ਨੌਂ ਦਰ ਖੋਜੇ ਥਾਉਂ ਥਾਈਆ। ਇਕ ਜਗਾਏ ਨਿਰਮਲ ਜੋਤ, ਅਗਿਆਨ ਅੰਧੇਰ ਮਿਟਾਈਆ। ਜਿਸ ਜਨ ਬਖ਼ਸ਼ੇ ਆਪਣੀ ਓਟ, ਪੁਰਖ ਅਕਾਲ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਸ਼ਾਹ ਪਾਤਸ਼ਾਹੀਆ। ਸ਼ਾਹ ਪਾਤਸ਼ਾਹ ਸ਼ਾਹ ਸ਼ਾਹਾਨਾ, ਸ਼ਹਿਨਸ਼ਾਹ ਆਪ ਅਖਵਾਇੰਦਾ। ਕਰੇ ਖੇਲ ਦੋ ਜਹਾਨਾ, ਨਿਰਗੁਣ ਨਿਰਗੁਣ ਆਪਣਾ ਰੂਪ ਵਟਾਇੰਦਾ। ਕਲਜੁਗ ਅੰਤਮ ਹੋ ਪਰਧਾਨਾ, ਆਪ ਆਪਣਾ ਵੇਸ ਧਰਾਇੰਦਾ। ਤਖ਼ਤੋਂ ਲਾਹੇ ਰਾਜਾ ਰਾਣਾ, ਸ਼ਾਹ ਸੁਲਤਾਨ ਕੋਇ ਰਹਿਣ ਨਾ ਪਾਇੰਦਾ। ਸੀਸ ਜਗਦੀਸ ਤਾਜ ਇਕ ਸੁਹਾਨਾ, ਸਾਚਾ ਛਤਰ ਸੀਸ ਝੁਲਾਇੰਦਾ। ਇਕ ਅੱਠ ਮੇਲ ਮਿਲਾਨਾ, ਬੀਸ ਅਠਾਰਾਂ ਰੰਗ ਰੰਗਾਇੰਦਾ। ਪਹਿਲੀ ਚੇਤਰ ਦਿਵਸ ਸੁਹਾਨਾ, ਥਿਤ ਵਾਰ ਆਪਣੀ ਆਪ ਬਣਾਇੰਦਾ। ਬਣ ਕੇ ਜਾਏ ਸਾਚਾ ਕਾਹਨਾ, ਆਪਣੀ ਬੰਸਰੀ ਨਾਮ ਵਜਾਇੰਦਾ। ਹੱਥੀਂ ਬੰਨ੍ਹੇ ਮੌਲੀ ਤੰਦ ਗਾਨਾ, ਲੱਖ ਚੁਰਾਸੀ ਬੰਧਨ ਪਾਇੰਦਾ। ਚੰਡ ਪਰਚੰਡ ਇਕ ਚਮਕਾਨਾ, ਚੰਡੀ ਚੰਡ ਆਪ ਵਖਾਇੰਦਾ। ਚੁਰਾਸੀ ਕਲੀਆਂ ਪਹਿਰੇ ਬਾਨਾ, ਲੱਖ ਚੁਰਾਸੀ ਮੂਲ ਮੁਕਾਇੰਦਾ। ਦੇ ਕੇ ਆਏ ਧੁਰ ਫ਼ਰਮਾਨਾ, ਆਪਣਾ ਪਰਦਾ ਆਪ ਉਠਾਇੰਦਾ। ਲੇਖਾ ਜਾਣੇ ਹਿੰਦੂ ਮੁਸਲਮਾਨਾ, ਸਿੱਖ ਈਸਾਈ ਬਚਿਆ ਕੋਇ ਰਹਿਣ ਨਾ ਪਾਇੰਦਾ। ਕਲਜੁਗ ਜੀਵ ਉਠ ਅੰਞਾਣਾ, ਹਰਿ ਸਾਚਾ ਆਪ ਜਗਾਇੰਦਾ। ਸਿਰ ਤੇ ਵਰਤਣ ਵਾਲਾ ਭਾਣਾ, ਭਾਵੀ ਕੋਇ ਨਾ ਮੇਟ ਮਿਟਾਇੰਦਾ। ਨਾ ਕੋਈ ਰਾਜਾ ਨਾ ਕੋਈ ਰਾਣਾ, ਰਯਤ ਰੰਕ ਨਾ ਕੋਇ ਬਣਾਇੰਦਾ। ਨਾ ਕੋਈ ਪੀਣਾ ਨਾ ਕੋਈ ਖਾਣਾ, ਤ੍ਰਿਸ਼ਨਾ ਭੁੱਖ ਨਾ ਕੋਇ ਮਿਟਾਇੰਦਾ। ਨਾ ਕੋਈ ਨਾਦ ਨਾ ਕੋਈ ਗਾਨਾ, ਨਾ ਕੋਈ ਸਵਾਂਗ ਵਖਾਇੰਦਾ। ਏਕਾ ਸ਼ਬਦ ਧੁਰ ਫ਼ਰਮਾਨਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਉਤਭੁਜ ਸੇਤਜ ਪਾਰ ਕਰਾਇੰਦਾ। ਆਪਣੇ ਹੱਥ ਰੱਖੇ ਔਣਾ ਜਾਣਾ, ਆਵਣ ਜਾਵਣ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣਾ ਨਾਉਂ ਧਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਭੌ ਜਗਤ ਵਖਾਏ ਜੁਗ ਡਰ, ਜੁਗਤ ਆਪਣੇ ਹੱਥ ਰਖਾਇੰਦਾ। ਗੁਰ ਸਤਿਗੁਰ ਦਇਆ ਕਮਾਇੰਦਾ, ਗੁਰਸਿਖ ਗੁਰ ਗੁਰ ਕਰ ਪਿਆਰ। ਇਕ ਅੱਠ ਵੇਖ ਵਖਾਇੰਦਾ, ਦੋ ਜਹਾਨਾ ਸਾਚਾ ਯਾਰ। ਤ੍ਰੈ ਤ੍ਰੈ ਲੇਖਾ ਆਪ ਮੁਕਾਇੰਦਾ, ਤ੍ਰੈਕਾਲ ਦਰਸੀ ਕਲ ਵਿਚਾਰ। ਅਰਸ਼ ਫ਼ਰਸ਼ ਵੇਖ ਵਖਾਇੰਦਾ, ਵੇਖਣਹਾਰਾ ਏਕੰਕਾਰ। ਸਾਚੀ ਬਰਸੀ ਆਪ ਮਨਾਇੰਦਾ, ਲੇਖਾ ਜਾਣੇ ਬਰਸ ਮਾਸ। ਆਪਣਾ ਤਰਸ ਆਪ ਕਮਾਇੰਦਾ, ਗੁਰਸਿਖ ਪੂਰੀ ਕਰੇ ਆਸ। ਜਗਤ ਤ੍ਰਿਸ਼ਨਾ ਹਰਸ ਮਿਟਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਅੰਤਰ ਕਰ ਕਰ ਵਾਸ। ਦੇਵੇ ਦਰਸ ਦੀਨ ਦਿਆਲਾ, ਦਇਆਨਿਧ ਵਡੀ ਵਡਿਆਈਆ। ਸ਼ਬਦੀ ਸ਼ਬਦ ਬਚਨ ਸੁਖਾਲਾ, ਏਕਾ ਨਾਮ ਕਰੇ ਪੜ੍ਹਾਈਆ। ਲੇਖਾ ਜਾਣੇ ਬਾਲੀ ਬੁਧ ਬਾਲਾ, ਸੁਘੜ ਸਿਆਣਾ ਹੋਏ ਸਹਾਈਆ। ਅੰਮ੍ਰਿਤ ਪਿਆਏ ਨਾਮ ਪਿਆਲਾ, ਅਮਿਉਂ ਰਸ ਝਿਰਨਾ ਆਪ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਦੇਵੇ ਇਕ ਵਡਿਆਈਆ। ਹਰਿ ਸਤਿਗੁਰ ਸੁਹਾਏ ਸਾਚਾ ਵੇਲਾ, ਵੇਲਾ ਵਕ਼ਤ ਨਾ ਕੋਇ ਜਣਾਈਆ। ਅੰਦਰ ਗੁਰੂ ਬਾਹਰ ਚੇਲਾ, ਭੇਵ ਕੋਇ ਨਾ ਪਾਈਆ। ਅਚਰਜ ਖੇਲ ਆਪਣਾ ਖੇਲਾ, ਹਰਿ ਵੱਡਾ ਵਡ ਵਡਿਆਈਆ। ਬਾਹਰੋਂ ਦਿਸੇ ਠਗ ਚੋਰ ਅੰਦਰ ਸੱਜਣ ਸੁਹੇਲਾ, ਸਾਚਾ ਸੰਗ ਨਿਭਾਈਆ। ਬਾਹਰੋਂ ਦਿਸੇ ਇਕ ਇਕੇਲਾ, ਅੰਦਰ ਮਿਲਿਆ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਈਆ। ਬਾਹਰ ਦਿਸੇ ਪੰਜ ਤਤ, ਅੰਦਰ ਬੈਠਾ ਕਮਲਾਪਤ, ਸਾਚੀ ਸੇਜ ਹੰਢਾਈਆ। ਬਾਹਰ ਦਿਸੇ ਹੱਡ ਮਾਸ ਨਾੜੀ ਰਤ, ਅੰਦਰ ਨਿਰਗੁਣ ਜੋਤ ਨੂਰ ਰੁਸ਼ਨਾਈਆ। ਬਾਹਰ ਦਿਸੇ ਨੱਕ ਮੂੰਹ ਕੰਨ ਹੱਥ, ਅੰਦਰ ਰੂਪ ਰੰਗ ਰੇਖ ਨਾ ਕੋਇ ਵਖਾਈਆ। ਬਾਹਰ ਦਿਸੇ ਗਵਾਰ ਜੱਟ, ਅੰਦਰ ਬੈਠਾ ਸ਼ਹਿਨਸ਼ਾਹ ਸੱਚਾ ਪਾਤਸ਼ਾਹੀਆ। ਬਾਹਰ ਦਿਸੇ ਕਾਇਆ ਮਟ, ਅੰਦਰ ਸਚਖੰਡ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਆਪਣਾ ਖੇਲ ਖਿਲਾਈਆ। ਬਾਹਰੋਂ ਦਿਸੇ ਸੱਜਣ ਸਾਕ, ਅੰਦਰ ਪਾਕੀ ਪਾਕ ਸਮਾਇੰਦਾ। ਬਾਹਰੋਂ ਦਿਸੇ ਤਨ ਖ਼ਾਕ, ਅੰਦਰ ਆਤਮ ਧਾਰ ਵਹਾਇੰਦਾ। ਬਾਹਰੋਂ ਦਿਸੇ ਜਗਤ ਨੇਤਰ ਰਿਹਾ ਝਾਕ, ਅੰਦਰ ਆਪਣਾ ਨੇਤਰ ਆਪ ਖੁਲ੍ਹਾਇੰਦਾ। ਬਾਹਰੋਂ ਦਿਸੇ ਕਮਲਾ ਰਮਲਾ ਕਟਦਾ ਫਿਰੇ ਵਾਟ, ਅੰਦਰ ਬੈਠਾ ਗੁਰਸਿਖਾਂ ਪੰਧ ਮੁਕਾਇੰਦਾ। ਬਾਹਰੋਂ ਦਿਸੇ ਬਣ ਕੇ ਬੈਠਾ ਸਿਖੀ ਜ਼ਾਤ, ਅੰਦਰ ਜ਼ਾਤ ਪਾਤ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਆਪ ਮਿਲਾਇੰਦਾ।