੨੪ ਫਗਣ ੨੦੧੭ ਬਿਕ੍ਰਮੀ ਬੂਆ ਸਿੰਘ ਦੇ ਘਰ ਪਿੰਡ ਪੁਰੀਆਂ
ਵਿਸ਼ਨੂੰ ਭਗਵਾਨ ਜੋਤ ਨਿਰੰਕਾਰਾ, ਨਿਰਵੈਰ ਅਨਭਵ ਪਰਕਾਸ਼ ਕਰਾਇੰਦਾ। ਅਜੂਨੀ ਰਹਿਤ ਅਲਖ ਅਗੋਚਰ ਅਗੰਮ ਅਪਾਰਾ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਵਸਣਹਾਰਾ ਧਾਮ ਨਿਆਰਾ, ਸਚਖੰਡ ਨਿਵਾਸੀ ਦਰ ਘਰ ਸਾਚੇ ਸੋਭਾ ਪਾਇੰਦਾ। ਇਕ ਇਕੱਲਾ ਹੋ ਉਜਿਆਰਾ, ਥਿਰ ਘਰ ਸਾਚਾ ਆਪ ਖੁਲ੍ਹਾਇੰਦਾ। ਦੋ ਜਹਾਨਾਂ ਪਾਵੇ ਸਾਰਾ, ਲੋਆਂ ਪੁਰੀਆਂ ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਸਹਾਰਾ, ਚਰਨ ਕਵਲ ਧਿਆਨ ਜਣਾਇੰਦਾ। ਕਰੋੜ ਤੇਤੀਸਾ ਨਾਮ ਜੈਕਾਰਾ, ਏਕਾ ਨਾਉਂ ਸਚ ਸਮਝਾਇੰਦਾ। ਗਣ ਗੰਧਰਬ ਕਰਨ ਪੁਕਾਰਾ, ਕਿਨਰ ਜਛਪ ਨਾਲ ਰਲਾਇੰਦਾ। ਨਿਰਗੁਣ ਸਰਗੁਣ ਖੇਲ ਨਿਆਰਾ, ਨਿਰਧਨ ਸਰਧਨ ਵੇਖ ਵਖਾਇੰਦਾ। ਲੱਖ ਚੁਰਾਸੀ ਬਣ ਵਰਤਾਰਾ, ਆਪਣੀ ਵਸਤ ਆਪ ਵਰਤਾਇੰਦਾ। ਘਰ ਘਰ ਮੰਦਰ ਖੋਲ੍ਹ ਕਿਵਾੜਾ, ਗ੍ਰਹਿ ਗ੍ਰਹਿ ਵੇਖ ਵਖਾਇੰਦਾ। ਜੋਤੀ ਜਾਤਾ ਖੇਲ ਨਿਆਰਾ, ਜਾਗਰਤ ਜੋਤ ਡਗਮਗਾਇੰਦਾ। ਸ਼ਬਦ ਅਨਾਦ ਸੱਚੀ ਧੁੰਨਕਾਰਾ, ਘਟ ਮੰਦਰ ਨਾਦ ਵਜਾਇੰਦਾ। ਅੰਮ੍ਰਿਤ ਆਤਮ ਠੰਡਾ ਠਾਰਾ, ਰਸ ਆਪਣਾ ਆਪ ਚੁਆਇੰਦਾ। ਖ਼ਾਲਕ ਖ਼ਲਕ ਖੇਲ ਨਿਆਰਾ, ਮਖ਼ਲੂਕ ਬਣਤ ਬਣਾਇੰਦਾ। ਸਿਦਕ ਸਾਦਕ ਸਾਚੀ ਧਾਰਾ, ਸਾਬਤ ਆਪਣਾ ਰੂਪ ਦਰਸਾਇੰਦਾ। ਏਕਾ ਨੂਰ ਪਰਵਰਦਿਗਾਰਾ, ਜ਼ਹੂਰ ਆਪਣਾ ਆਪ ਜਣਾਇੰਦਾ। ਵਸਣਹਾਰਾ ਨੇੜੇ ਦੂਰ ਕਰੇ ਖੇਲ ਅਗੰਮ ਅਪਾਰਾ, ਅਲਖ ਅਲਖਣਾ ਲੇਖ ਨਾ ਕੋਇ ਜਣਾਇੰਦਾ। ਜੁਗਾ ਜੁਗੰਤਰ ਕਰੇ ਕਰਾਏ ਸਾਚੀ ਕਾਰਾ, ਕਰਤਾ ਪੁਰਖ ਆਪਣਾ ਨਾਉਂ ਧਰਾਇੰਦਾ। ਭਗਵਨ ਮੇਲਾ ਭਗਤ਼ ਦਵਾਰਾ, ਅਵਰ ਦਰ ਨਾ ਕੋਇ ਵਡਿਆਇੰਦਾ। ਸੰਤਨ ਦਰ ਬਣੇ ਭਿਖਾਰਾ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਗੁਰਮੁਖ ਬਣਾਏ ਮੀਤ ਮੁਰਾਰਾ, ਗੁਰਸਿਖ ਆਪਣੇ ਅੰਗ ਲਗਾਇੰਦਾ। ਦੇਵਣਹਾਰਾ ਧੁਰ ਫ਼ਰਮਾਨਾ, ਨਾਉਂ ਨਿਰੰਕਾਰਾ ਝੋਲੀ ਪਾਇੰਦਾ। ਧਰਨੀ ਧਰ ਗੁਰ ਅਵਤਾਰਾ, ਧਵਲ ਆਪਣਾ ਚਰਨ ਛੁਹਾਇੰਦਾ। ਪਵਣ ਪਵਣੀ ਪਵਣ ਹੁਲਾਰਾ, ਅਵਣ ਗਵਣ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਖੇ ਸਾਚਾ ਘਰ, ਲੋਕਮਾਤ ਫੇਰਾ ਪਾਇੰਦਾ। ਸਾਚਾ ਘਰ ਸਾਚਾ ਮੰਦਰ, ਸਤਿ ਪੁਰਖ ਨਿਰੰਜਣ ਵੇਖ ਵਖਾਈਆ। ਲੱਖ ਚੁਰਾਸੀ ਚੜ੍ਹ ਚੜ੍ਹ ਵੇਖੇ ਅੰਦਰ, ਨਿਰਗੁਣ ਸਰਗੁਣ ਅੰਦਰ ਫੇਰਾ ਪਾਈਆ। ਲੇਖਾ ਜਾਣੇ ਡੂੰਘੀ ਕੰਦਰ, ਅਭੁਲ ਭੁਲ ਕਦੇ ਨਾ ਜਾਈਆ। ਪਾਵੇ ਸਾਰ ਮਨ ਮਨ ਬੰਦਰ, ਦਹਿ ਦਿਸ਼ਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਧਾਰ ਚਲਾਈਆ। ਜੁਗ ਜੁਗ ਧਾਰ ਚਲਾਇੰਦਾ, ਕਰਤਾ ਪੁਰਖ ਕਰਨੇਹਾਰ। ਭਗਤ ਭਗਵੰਤ ਵੇਖ ਵਖਾਇੰਦਾ, ਸਤਿਜੁਗ ਤ੍ਰੇਤਾ ਦਵਾਪਰ ਕਰ ਕਰ ਪਿਆਰ। ਆਪਣੀ ਭਗਤੀ ਇਕ ਦ੍ਰਿੜਾਇੰਦਾ, ਚਰਨ ਕਵਲ ਕਵਲ ਚਰਨ ਇਕ ਆਧਾਰ। ਸਾਚੀ ਸ਼ਕਤੀ ਵਿਚ ਰਖਾਇੰਦਾ, ਸਾਖ਼ਯਾਤ ਦਰਸ ਦਿਖਾਏ ਆਪ ਨਿਰੰਕਾਰ। ਕਲਜੁਗ ਅੰਤਮ ਖੇਲ ਖਿਲਾਇੰਦਾ, ਖੇਲੇ ਖੇਲ ਪਰਵਰਦਿਗਾਰ। ਮੁਖ ਨਕ਼ਾਬ ਆਪ ਟਿਕਾਇੰਦਾ, ਪਰਦਾ ਪਾਏ ਸਰਬ ਸੰਸਾਰ। ਆਬ ਹਯਾਤ ਆਪਣੇ ਵਿਚ ਛੁਪਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਖਿਲਾਇੰਦਾ। ਆਪਣਾ ਖੇਲ ਖਿਲਾਵਣ ਆਇਆ, ਹਰਿ ਸਾਚਾ ਸਚ ਵਡਿਆਈਆ। ਆਪਣਾ ਨੂਰ ਆਪ ਧਰਾਇਆ, ਜਲਵਾ ਨੂਰ ਆਪੇ ਡਗਮਗਾਈਆ। ਹਰਿ ਕਾ ਨੂਰ ਕੋਈ ਤਾਬ ਸਹਿ ਨਾ ਸਕੇ ਰਾਇਆ, ਮੂਸਾ ਉਪਰ ਕੋਹਤੂਰ ਦਏ ਵਖਾਈਆ। ਏਕਾ ਝਲਕ ਪਲਕ ਖ਼ਲਕ ਵਿਚ ਸਮਾਇਆ, ਬੇਪਰਵਾਹ ਖ਼ਲਕ ਖ਼ੁਦਾਈਆ। ਆਸ਼ਕ ਬਣ ਬਣ ਰਿਹਾ ਰਾਹ ਤਕਾਇਆ, ਮਾਸ਼ੂਕ ਬਣ ਕੇ ਆਇਆ ਸੱਚਾ ਮਾਹੀਆ। ਆਪਣਾ ਕ਼ੁਫ਼ਲ ਨਾ ਸਕਾ ਖੁਲ੍ਹਾਇਆ, ਬੰਦ ਤਾਕ ਇਕ ਜਣਾਈਆ। ਉਲਫ਼ਤ ਕਰ ਕਰ ਜਿਸ ਨੂੰ ਗਾਇਆ, ਸ਼ਫ਼ਕ਼ਤ ਆਪਣੀ ਦਏ ਵਡਿਆਈਆ। ਸਿਫ਼ਤ ਸਾਲਾਹੀ ਵਿਚ ਕਦੇ ਨਾ ਆਇਆ, ਪੀਰ ਪੈਗ਼ੰਬਰ ਰਹੇ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੂਰ ਜ਼ਹੂਰ ਇਕ ਪਰਗਟਾਈਆ। ਨੂਰ ਜ਼ਹੂਰ ਪਰਗਟਾਇੰਦਾ, ਬਿਸਮਲ ਰੂਪ ਖ਼ੁਦਾ। ਆਪਣਾ ਜਲਵਾ ਆਪ ਵਖਾਇੰਦਾ, ਆਪਣਾ ਨੂਰ ਕਰ ਰੁਸ਼ਨਾ। ਆਪੇ ਕੋਹਤੂਰ ਸੁਹਾਇੰਦਾ, ਕੋਹਤੂਰ ਆਪਣਾ ਰੂਪ ਵਟਾ। ਕੋਹ ਊਚੋ ਊਚ ਆਪ ਹੋ ਜਾਇੰਦਾ, ਤੂਰ ਨਾਦ ਸ਼ਬਦ ਵਜਾ। ਕਾਇਆ ਮੰਦਰ ਅੰਦਰ ਸਾਚਾ ਪਰਬਤ ਆਪ ਰਖਾਇੰਦਾ, ਜਗਤ ਨੇਤਰ ਦਿਸੇ ਕਿਸੇ ਨਾ। ਜਿਸ ਵੇਲੇ ਮੂਸੇ ਉਪਰ ਦਇਆ ਕਮਾਇੰਦਾ, ਆਪਣਾ ਪਰਦਾ ਵਿਚੋਂ ਉਠਾ। ਆਪਣਾ ਜਲਵਾ ਆਪ ਵਖਾਇੰਦਾ, ਮੂਰਛਾ ਕੀਤਾ ਮੂਰਛਾ ਗਤ ਖ਼ੁਦਾ। ਮੂਸਾ ਹੋਸ਼ ਨਾ ਕੋਇ ਰਖਾਇੰਦਾ, ਮਦਹੋਸ਼ ਹੋਇਆ ਚਰਨਾਂ ਹੇਠਾਂ ਮੰਗੇ ਪਨਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹ। ਜਲਵਾ ਨੂਰ ਤੱਕ ਨਾ ਸਕਿਆ, ਹਰਿ ਸਾਚਾ ਸਚ ਵਖਾਏ। ਅੰਦਰ ਬਹਿ ਬਹਿ ਪੁਰਖ ਅਬਿਨਾਸ਼ ਲੇਖਾ ਚੁਕਾਏ ਹੱਥੋ ਹੱਥਿਆ, ਬਾਕੀ ਲੇਖਾ ਰਹੇ ਨਾ ਰਾਏ। ਏਕਾ ਸਬਕ ਸੁਣਾਏ ਸਾਚੀ ਸੰਥਿਆ, ਕ਼ਲਮ ਕਾਤਬ ਆਪ ਰਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਏ। ਮੂਸਾ ਤੱਕ ਜਲਵਾ ਨੂਰ, ਆਪਣਾ ਆਪ ਭੁਲਾਈਆ। ਤੂੰ ਦਾਤਾ ਜੋਧਾ ਸੂਰਬੀਰ, ਹਉਂ ਬਾਲ ਅਞਾਣਾ ਤੇਰਾ ਭੇਵ ਨਾ ਪਾਈਆ। ਤੂੰ ਬਦਲ ਮੇਰੀ ਤਕ਼ਦੀਰ, ਤਕਬੀਰ ਤੇਰੀ ਵਡੀ ਵਡਿਆਈਆ। ਕਰ ਕਿਰਪਾ ਬਖ਼ਸ਼ ਸਾਚਾ ਸੀਰ, ਚਰਨ ਚਰਨੋਦਕ ਮੁਖ ਚੁਆਈਆ। ਮੇਰੀ ਕਾਇਆ ਬਦਲਿਆ ਚੀਰ, ਮਿਹਰਵਾਨ ਮਿਹਰਵਾਨ ਮਿਹਰਵਾਨ ਕਰ ਕਿਰਪਾ ਦਇਆ ਕਮਾਈਆ। ਮੈਂ ਬਰਦਾ ਤੇਰਾ ਫ਼ਕੀਰ, ਤੂੰ ਸ਼ਾਹ ਮੈਂ ਹਕੀਰ, ਨਿਉਂ ਨਿਉਂ ਬੈਠਾ ਸੀਸ ਝੁਕਾਈਆ। ਤੇਰਾ ਪਰੇਮ ਮੇਰਾ ਜ਼ੰਜੀਰ, ਤੇਰਾ ਨੇਮ ਮੇਰਾ ਅੰਤ ਅਖੀਰ, ਸਿਰ ਰੱਖ ਹੱਥ ਸੱਚੇ ਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਈਆ। ਹਰਿ ਆਪਣਾ ਨੇਮ ਦੱਸਦਾ, ਮੂਸਾ ਅਲੈਸਲਾਮ ਉਠਾ। ਮੈਂ ਹਰ ਘਟ ਅੰਦਰ ਵਸਦਾ, ਖ਼ਾਲਕ ਖ਼ਲਕ ਰੂਪ ਧਰਾ। ਜਿਸ ਆਪਣਾ ਮਾਰਗ ਦੱਸਦਾ, ਤਿਸ ਆਪਣਾ ਮੇਲਾ ਲਵਾਂ ਮਿਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਸਮਝਾ। ਸਾਚਾ ਗੁਣ ਸਮਝਾਇੰਦਾ, ਹਰਿ ਸਾਚਾ ਬੇਪਰਵਾਹ। ਮੇਰਾ ਜਲਵਾ ਵੇਖ ਸੁਧ ਨਾ ਕੋਇ ਰਖਾਇੰਦਾ, ਬੇਸੁਧ ਹੋ ਮੰਗੇ ਚਰਨ ਪਨਾਹ। ਅੱਗੇ ਕਦਮ ਨਾ ਕੋਇ ਉਠਾਇੰਦਾ, ਅਦਮ ਦਿਸੇ ਨਾ ਕੋਇ ਰਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੂਸਾ ਰਿਹਾ ਸਮਝਾ। ਮੂਸਾ ਉਠ ਕਰ ਧਿਆਨ, ਪੁਰਖ ਅਬਿਨਾਸ਼ੀ ਚਰਨ ਠੋਕਰ ਏਕਾ ਲਾਈਆ। ਕਿਉਂ ਸੁਤਾ ਵਿਚ ਬੀਆਬਾਨ, ਜੰਗਲ ਜੂਹ ਉਜਾੜ ਪਹਾੜ ਉਚੇ ਟਿਲੇ ਪਰਬਤ ਦੇਣ ਦੁਹਾਈਆ। ਤੇਰਾ ਮੀਆਂ ਤੇਰੀ ਕਰੇ ਪਛਾਣ, ਤੇਰਾ ਨੂਰ ਜਹੂਰ ਆਪਣਾ ਨੂਰ ਪਰਗਟਾਈਆ। ਏਕਾ ਦੇਵੇ ਧੂੜੀ ਖ਼ਾਕ ਦਾਨ, ਖ਼ਾਕੀ ਖ਼ਾਕ ਦਏ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਰਿਹਾ ਸੁਣਾਈਆ। ਸੁਣ ਹੁਕਮ ਮੰਨਣਾ ਕਹਿਣਾ, ਹਰਿ ਸਾਚੇ ਸਚ ਜਣਾਇਆ। ਤੂੰ ਮੰਗਿਆ ਦਰਸ ਆਪਣੇ ਨੈਣਾਂ, ਮੈਂ ਵਖਾਇਆ ਦਰਸ ਤੂੰ ਵੇਖ ਨਾ ਸਕਿਆ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਇਆ। ਸੁਣ ਮੂਸਾ ਕਰ ਵਿਚਾਰ, ਹਰਿ ਸਾਚਾ ਸਚ ਜਣਾਇੰਦਾ। ਤੇਰਾ ਮੇਲ ਕਰਾਂ ਵਿਚ ਸੰਸਾਰ, ਤੇਰਾ ਸੰਗ ਰਖਾਇੰਦਾ। ਕਲਜੁਗ ਨਾਮ ਕਰਾਂ ਉਜਿਆਰ, ਕਾਲਾ ਸੂਸਾ ਤਨ ਸੁਹਾਇੰਦਾ। ਇਕ ਹਦੀਸਾ ਬੋਲ ਜੈਕਾਰ, ਸ਼ਰਅ ਸ਼ਰੀਅਤ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਇੰਦਾ। ਚਲੇ ਰਾਹ ਲੋਕਮਾਤ, ਹਰਿ ਸਾਚਾ ਸਚ ਸਮਝਾਈਆ। ਅੰਤਮ ਦੇਵੇ ਆਪ ਨਜਾਤ, ਰਹਿਬਰ ਬਣੇ ਸਚਾ ਸ਼ਹਿਨਸ਼ਾਹੀਆ। ਲੋਕਮਾਤ ਬਖ਼ਸ਼ੇ ਇਕ ਖ਼ਤਾਬ, ਮੁਖ਼ਾਤਬ ਹੋ ਕੇ ਰਿਹਾ ਸੁਣਾਈਆ। ਲੇਖਾ ਜਾਣੇ ਹਕ ਜਨਾਬ, ਹੱਕ ਬਹੱਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ। ਮੂਸਾ ਸੁਣ ਹਰਿ ਸੰਦੇਸਾ, ਚਰਨ ਕਵਲ ਨਿਮਸਕਾਰਿਆ। ਕਵਣ ਰੂਪ ਧਰੇਂ ਵੇਸਾ, ਮੇਰੇ ਮੀਤ ਬੇਐਬ ਪਰਵਰਦਿਗਾਰਿਆ। ਕਵਣ ਧਾਮ ਵਸੇਂ ਦੇਸਾ, ਕਵਣ ਬੰਕ ਸੁਹਾ ਰਿਹਾ। ਕਵਣ ਕਰੇਂ ਲੋਕਮਾਤ ਪੇਸ਼ਾ, ਕਵਣ ਘਾੜਤ ਘੜਤ ਬਣਾ ਰਿਹਾ। ਕਵਣ ਬਲ ਧਾਰੇਂ ਬਣ ਨਰ ਨਰੇਸ਼ਾ, ਚਾਰ ਕੁੰਟ ਹੋਏ ਉਜਿਆਰਿਆ। ਕਵਣ ਰੂਪ ਕਰਾਏਂ ਸਯਦਾ ਨਾਲ ਆਦੇਸਾ, ਕਵਣ ਬੋਲੇਂ ਇਕ ਜੈਕਾਰਿਆ। ਕਵਣ ਵੇਲਾ ਕਵਣ ਵਕ਼ਤ ਮੈਂ ਦਰਸ ਤੇਰਾ ਵੇਖਾਂ, ਮੇਰਾ ਔਣਾ ਜਾਏ ਸਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸਚ ਸਹਾਰਿਆ। ਹਰਿ ਸਾਚਾ ਸਚ ਸੁਣਾਇੰਦਾ, ਖ਼ੁਦਾਵੰਦ ਕਰੀਮ। ਦੂਜੀ ਵਾਰ ਆਪਣਾ ਜਲਵਾ ਨਾ ਫੇਰ ਵਖਾਇੰਦਾ, ਆਪਣੀ ਦੇਵੇ ਇਕ ਤਾਜ਼ੀਮ। ਅਜ਼ੀਮ ਆਲੀਸ਼ਾਨ ਮਕਾਨ ਇਕ ਬਣਾਇੰਦਾ, ਸੇਵਾ ਕਰ ਆਪ ਪਰਬੀਨ। ਸਾਚੇ ਹੁਜਰੇ ਸੋਭਾ ਪਾਇੰਦਾ, ਸਚ ਮਹਿਰਾਬ ਇਕ ਵਖਾਏ ਰੱਖਣਾ ਸਚ ਯਕੀਨ। ਸਾਚਾ ਕਾਅਬਾ ਆਪ ਸੁਹਾਇੰਦਾ, ਆਪਣੀ ਬਦਲੇ ਨਾ ਕਦੇ ਦਲੀਲ। ਆਪਣਾ ਰਾਹ ਵੱਖਰਾ ਆਪ ਚਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਖ਼ਲਲ ਖ਼ਲੀਲ, ਅੰਤਮ ਖੇਲ ਕਰਾਵਣਾ, ਪੁਰਖ ਅਬਿਨਾਸ਼ੀ ਰਿਹਾ ਸਮਝਾ। ਆਪਣਾ ਨੂਰ ਫੇਰ ਪਰਗਟਾਵਣਾ, ਆਪਣੀ ਦਯਾ ਆਪ ਕਮਾ। ਗੁਰਸਿਖਾਂ ਅੰਦਰ ਸੀਤਲ ਧਾਰ ਹੋ ਹੋ ਸਮਾਵਣਾ, ਹੌਲੀ ਹੌਲੀ ਲਏ ਉਠਾ। ਮੂਸਾ ਤੇਰਾ ਸਬਕ ਯਾਦ ਕਰਾਵਣਾ, ਮੇਰਾ ਜਲਵਾ ਏਕਾ ਵਾਰ ਕੋਈ ਤੱਕ ਸਕੇ ਨਾ। ਹੌਲੀ ਹੌਲੀ ਪੜਦਾ ਆਪ ਉਠਾਵਣਾ, ਹਰਿਜਨ ਸਾਚੇ ਮੇਲ ਮਿਲਾ। ਆਪਣੀ ਖੇਲ ਆਪ ਖਿਲਾਵਣਾ, ਖੇਲੇ ਖੇਲ ਬੇਐਬ ਖ਼ੁਦਾ। ਮੇਰਾ ਰੂਪ ਪੁਰਖ ਅਬਿਨਾਸ਼ੀ ਗੁਰਸਿਖ ਇਕ ਇਕ ਬਣਾਵਣਾ, ਜਿਸ ਅੰਦਰ ਜਾਏ ਸਮਾ। ਤੂੰ ਇਕ ਇਕੱਲਾ ਤੇਰਾ ਸੰਗ ਨਾ ਕਿਸੇ ਨਿਭਾਵਣਾ, ਚਾਰੋਂ ਕੂੰਟ ਅੰਧੇਰਾ ਜਾਏ ਛਾ। ਗੁਰਮੁਖ ਸਾਚੇ ਆਪ ਉਠਾਵਣਾ, ਪੁਰਖ ਅਬਿਨਾਸ਼ੀ ਪਕੜੇ ਬਾਂਹ। ਆਪਣਾ ਕਿਲਾ ਕੋਟ ਬਣਾਵਣਾ, ਜਿਸ ਮੰਦਰ ਬੈਠੇ ਆ। ਸਾਚਾ ਤਖ਼ਤ ਆਪ ਸੁਹਾਵਣਾ, ਆਪੇ ਹੋਏ ਸਚਾ ਸ਼ਹਿਨਸ਼ਾਹ। ਨੂਰੋ ਨੂਰ ਡਗਮਗਾਵਣਾ, ਨੂਰ ਨੁਰਾਨਾ ਇਕ ਅਖਵਾ। ਗੁਰਸਿਖ ਕਾਇਆ ਕੋਹਤੂਰ ਆਪ ਬਣਾਵਣਾ, ਜਿਸ ਉਪਰ ਹੱਥ ਦਏ ਰਖਾ। ਆਪਣਾ ਚਰਨ ਨਾਲ ਛੁਹਾਵਣਾ, ਮਾਟੀ ਪਾਥਰ ਆਪਣੇ ਲੇਖੇ ਲਏ ਲਾ। ਅਚਰਜ ਖੇਲ ਆਪ ਵਰਤਾਵਣਾ, ਲੇਖਾ ਲਿਖ ਨਾ ਸਕੇ ਕੋਇ ਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਵਡਿਆ। ਗੁਰਮੁਖ ਵਡਿਔਣਾ ਅੰਤ ਕਲ, ਹਰਿ ਸਾਚਾ ਸਚ ਸਮਝਾਇੰਦਾ। ਸਚ ਸਿੰਘਾਸਣ ਬਹੇ ਮਲ, ਨੇਤਰ ਨੈਣ ਨਾ ਕੋਇ ਵੇਖ ਵਖਾਇੰਦਾ। ਤੇਰੀ ਸੁਣੇ ਫੇਰ ਗਲ, ਪਹਿਲੋਂ ਗੁਰਸਿਖਾਂ ਤੇਰੇ ਨਾਲ ਮਿਲਾਇੰਦਾ। ਆਪਣਾ ਕਰੇ ਵਲ ਛਲ, ਅਛਲ ਛਲਧਾਰੀ ਭੇਵ ਨਾ ਆਇੰਦਾ। ਤੇਰਾ ਸਿੰਘਾਸਣ ਜਾਏ ਹਲ, ਮੇਰਾ ਸਿੰਘਾਸਣ ਸੋਭਾ ਪਾਇੰਦਾ। ਸੰਬਲ ਨਗਰ ਬੈਠਾਂ ਡੇਰਾ ਮਲ, ਦੂਸਰ ਅਵਰ ਨਾ ਘਰ ਵਖਾਇੰਦਾ। ਨੰਗੀਂ ਪੈਰੀਂ ਔਣਾ ਚਲ, ਏਕਾ ਹੁਕਮ ਜਣਾਇੰਦਾ। ਮੇਰਿਆਂ ਸਿਖਾਂ ਵਿਚ ਜਾਈਂ ਰਲ, ਫੇਰ ਪਿਛਲੀ ਗਲ ਪੁਛ ਪੁਛਾਇੰਦਾ। ਪਹਿਲੋਂ ਮੰਗੀਂ ਧਰਤ ਜਲ, ਤੇਰੀ ਲੱਗੀ ਅੱਗ ਬੁਝਾਇੰਦਾ। ਫਿਰ ਕਰ ਕੇ ਮਿੰਨਤ ਲੈ ਜਾਈਂ ਵਿਚ ਥਲ, ਮੱਕਾ ਮਦੀਨਾ ਵੇਖ ਵਖਾਇੰਦਾ। ਫੇਰ ਵਖਾਈਂ ਆਪਣਾ ਬੂਟਾ ਵਲ, ਜੋ ਮਾਤਲੋਕ ਲਗਾਇੰਦਾ। ਪੁਰਖ ਅਬਿਨਾਸ਼ੀ ਵੇਖਣ ਆਏ ਫਲ, ਮਿਠਾ ਕੌੜਾ ਰਸ ਆਪਣੇ ਹੱਥ ਰਖਾਇੰਦਾ। ਤੇਰੇ ਸਿਰ ਤੇ ਚੁਕਾਏ ਤੇਰੀ ਖਾਰੀ ਚੌਦਾਂ ਲੋਕ ਚੌਦਾਂ ਤਬਕ ਡਲ, ਤੇਰੀ ਉਮਤ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਮੂਸਾ ਸੁਣ ਹਰਿ ਜਣਾਇਆ, ਪ੍ਰਭ ਅੰਤ ਲਏ ਉਠਾਏ। ਆਪਣਾ ਸਨੇਹੜਾ ਦਏ ਘਲਾਇਆ, ਭੁੱਲ ਕਦੇ ਨਾ ਜਾਏ। ਏਕਾ ਆਠਾ ਵੇਖ ਵਖਾਇਆ, ਦੂਆ ਸਿਫ਼ਰਾ ਅੰਕ ਆਪ ਬਣਾਏ। ਮਕ਼ਤੂਲ ਕ਼ਾਤਲ ਹੋਏ ਖ਼ੁਦਾਇਆਾ, ਮੁਦਈ ਮੁਦਾ ਅਲੈਹ ਭੇਸ ਵਟਾਏ। ਸਕੂਲ ਕਿਸੇ ਨਾ ਪੜ੍ਹਨ ਜਾਇਆ, ਆਲਮ ਉਲਮਾ ਆਪ ਅਖਵਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਸਮਝਾਏ। ਅੰਤ ਸਨੇਹੜਾ ਘੱਲਣਾ, ਖ਼ਾਲਕ ਕਰ ਪਿਆਰ। ਜੋਤੀ ਨੂਰ ਨੂਰ ਮਿਲਣਾ, ਮਿਲ ਨੂਰ ਕਰ ਪਿਆਰ। ਤੇਰਾ ਸਾਹਿਬ ਤੇਰੀ ਬਦਲੇ ਅੰਤ ਦਲੀਲ ਨਾ, ਦਿਲਬਰ ਬਣ ਬਣ ਕਰੇ ਪਿਆਰ। ਤੇਰੇ ਨਾਲ ਰੱਖੇ ਕੋਈ ਵਕੀਲ ਨਾ, ਜੇਹੜਾ ਕਰੇ ਗੁਫ਼ਤ ਗੁਫ਼ਤਾਰ। ਫੇਰ ਹੋਣੀ ਕੋਈ ਅਪੀਲ ਨਾ, ਹੁਕਮ ਸੁਣਾਏ ਪਰਵਰਦਿਗਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਨਿਰੰਕਾਰ। ਇਕ ਦਲੀਲ ਲੈਣੀ ਰੱਖ, ਦਿਲਦਾਨੀ ਦਿਲ ਜਾਨੀ ਆਪ ਸਮਝਾਈਆ। ਮੇਰਾ ਹੁਕਮ ਵਸਤ ਸੰਭਾਲ ਲੈਣੀ ਰੱਖ, ਭੁਲ ਕਦੇ ਨਾ ਜਾਈਆ। ਨਿਰਗੁਣ ਹੋ ਮਾਰਗ ਜਾਏ ਦੱਸ, ਨਿਰਗੁਣ ਵਡੀ ਵਡਿਆਈਆ। ਲੋਕਮਾਤ ਰੱਖਣੀ ਆਸ, ਪਿਆਸ ਇਕ ਵਿਚ ਟਿਕਾਈਆ। ਅੰਤ ਕਰੇ ਬੰਦ ਖ਼ਲਾਸ, ਤੇਰੀ ਇਛਿਆ ਆਪਣੇ ਵਿਚ ਟਿਕਾਈਆ। ਗੁਰਮੁਖ ਨਿਭਾਵਣ ਤੇਰਾ ਸਾਥ, ਮਿਲ ਕੇ ਬਹਿਣਾ ਭਈਆਂ ਭਾਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਹੱਥ ਵਡੀ ਵਡਿਆਈਆ। ਤਸਬੀ ਮਣਕਾ ਮੌਤ ਉਲ ਮਲਕ ਜਣਾਏ ਇਕ ਸੌ ਅੱਠ, ਗੇੜਾ ਏਕਾ ਏਕ ਸਮਝਾਈਆ। ਏਕਾ ਰੂਪ ਅਲਖਨਾ ਅਲਖ, ਸਿਫ਼ਰ ਅੰਕ ਨਾ ਰਿਹਾ ਦੱਸ, ਅੱਠ ਤੱਤ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਲੇਖਾ ਸਭ ਦਾ ਆਪਣੇ ਹੱਥ ਰਖਾਈਆ। ਸਰਗੁਣ ਅੰਦਰ ਬੈਠਾ ਲੁਕ, ਔਦਾ ਜਾਂਦਾ ਦੇਰ ਨਾ ਲਾਈਆ। ਸਭ ਦੀ ਵਿਥਿਆ ਆਪਣੇ ਧਾਮ ਬੈਠਾ ਰਿਹਾ ਬੁਝ, ਵਾਹ ਵਾ ਵੱਡਾ ਰਾਮ ਵੱਡੀ ਵਡਿਆਈਆ। ਕਿਆ ਕੋਈ ਰੱਖੇ ਭੇਵ ਗੁਝ, ਗੁਰ ਪੀਰ ਅਵਤਾਰ ਸਾਧ ਸੰਤ ਮੰਗਦੇ ਰਹੇ ਵਾਰੋ ਵਾਰ, ਅਗੇ ਆਪਣੀ ਝੋਲੀ ਡਾਹੀਆ। ਵੇਲੇ ਅੰਤ ਕਿਸੇ ਰਹਿਣ ਨਾ ਦੇਵੇ ਆਪਣੀ ਸੁਧ, ਜੋ ਘੜਿਆ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਬਣਾਏ ਏਕਾ ਘਰ, ਚਰਨਾ ਹੇਠ ਰਿਹਾ ਦਬਾਈਆ। ਦੂਰ ਨੇੜੇ ਕਿਥੇ ਜਾਣਾ, ਅੱਠੇ ਪਹਿਰ ਪਾਂਧੀ ਪੰਧ ਮੁਕਾਇੰਦਾ। ਕਿਸੇ ਨਾ ਦੱਸੇ ਔਣਾ ਜਾਣਾ, ਕਵਣ ਕੂਟੇ ਹਰਿ ਜੀ ਫੇਰਾ ਪਾਇੰਦਾ। ਰਾਹ ਵਿਚ ਨਾ ਅਟਕਾਏ ਕੋਈ ਰਾਜਾ ਰਾਣਾ, ਸ਼ਾਹ ਪਾਤਸ਼ਾਹ ਅੱਗੇ ਹੱਥ ਨਾ ਕੋਈ ਉਠਾਇੰਦਾ। ਗੁਰਸਿਖਾਂ ਅਗੇ ਬਣੇ ਨਿਮਾਣਾ, ਆਪ ਆਪਣਾ ਭੇਟ ਚੜ੍ਹਾਇੰਦਾ। ਹੋਏ ਦਰਵੇਸ਼ ਮੰਗੇ ਮਾਣਾ, ਹੋ ਨਿਮਾਣਾ ਆਪਣੀ ਇਛਿਆ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨਾਂ ਆਪਣਾ ਖੇਲ ਖਿਲਾਇੰਦਾ। ਨਵ ਨੌ ਚਾਰ ਅਠ ਦਸ ਉਠ ਉਠ ਧਾਏ, ਨਿਰਗੁਣ ਵਡੀ ਵਡਿਆਈਆ। ਸਾਢੇ ਤਿੰਨ ਕਰੋੜ ਵਾਰ ਲੱਖ ਚੁਰਾਸੀ ਅੰਦਰ ਇਕ ਪਲਕ ਅੰਦਰ ਫੇਰਾ ਪਾਈਆ। ਜਿਸ ਜਨ ਕੋਲੋਂ ਆਪਣਾ ਮੁਖ ਲਏ ਭਵਾ, ਮਾਤਲੋਕ ਰਹਿਣ ਨਾ ਪਾਈਆ। ਗੂੜ੍ਹੀ ਨੀਦ ਦਏ ਸਵਾ, ਸੋਇਆ ਫੇਰ ਨਾ ਕੋਏ ਉਠਾਈਆ। ਬ੍ਰਹਮ ਬੈਠਾ ਅੰਦਰ ਅੱਠੇ ਪਹਿਰ ਮੰਗੇ ਦੁਆ, ਏਕਾ ਓਟ ਅਕਾਲ ਰਖਾਈਆ। ਮਿਲਦਾ ਰਹੇ ਸਚਾ ਸ਼ਹਿਨਸ਼ਾਹ, ਮਿਲਣਹਾਰਾ ਆਪਣਾ ਪੰਧ ਮੁਕਾਈਆ। ਉੱਤਰ ਪੂਰਬ ਪੱਛਮ ਦੱਖਣ ਪੈਰੀਂ ਚਲ ਕੇ ਨਾ ਸਕੇ ਪੰਧ ਮੁਕਾ, ਨਦੀਆਂ ਨਾਲੇ ਟਿਲੇ ਪਰਬਤ ਉਜਾੜ ਪਹਾੜ ਰਾਜੇ ਰਾਣੇ ਝੂਠਾ ਬੰਧਨ ਬੈਠੇ ਪਾਈਆ। ਆਪਣੇ ਲੇਖ ਲਿਖ ਲਿਖ ਸਭ ਨੂੰ ਝੂਠਾ ਰਿਹਾ ਕਰਾ, ਠੂਠਾ ਸਭ ਦਾ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਹਾਰ ਵਿਚ ਹੋਇਆ ਜਗਿਆਸੂ, ਭਗਤ ਵਿਹਾਰ ਆਪਣੇ ਹੱਥ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪਣੇ ਅਗੇ ਦੂਜਾ ਕੋਈ ਰਹਿਣ ਨਾ ਦੇਵੇ ਆਗੂ, ਏਕਾ ਆਪਣਾ ਹੁਕਮ ਚਲਾਈਆ। ਸਤਿਜੁਗ ਆਦਿ ਕੋਈ ਰਸਨਾ ਕਹੇ ਨਾ ਮੈਂ ਬਣਿਆ ਸਾਧੂ, ਬਿਨ ਸਤਿਗੁਰ ਦੂਜਾ ਅਵਰ ਨਾ ਕੋਇ ਚਤਰਾਈਆ। ਬਿਨ ਹਰਿਜਨ ਕੋਈ ਰਹਿਣ ਨਾ ਦੇਵੇ ਵਾਧੂ, ਜੋ ਬੈਠੇ ਧਰਤੀ ਉਪਰ ਭਾਰ ਰਖਾਈਆ। ਕਲਜੁਗ ਅੰਤਮ ਚਾਰ ਕੁੰਟ ਜੋ ਬਣ ਬਣ ਬੈਠੇ ਨਾਢੂ, ਕਲਜੁਗ ਨਯਾ ਵਿਚ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਵੇਖਣਹਾਰਾ ਥਾਉਂ ਥਾਈਆ।
