Granth 10 Likhat 084: 26 Visakh 2018 Bikarmi Hajur Sahib nu Shabad Bhejia

੨੬ ਵਿਸਾਖ ੨੦੧੮ ਬਿਕ੍ਰਮੀ ਹਜ਼ੂਰ ਸਾਹਿਬ ਨੂੰ ਸ਼ਬਦ ਭੇਜਿਆ

ਸਚਖੰਡ ਨਿਵਾਸੀ ਲੋਕਮਾਤ ਆਇਆ, ਨਿਹਕਲੰਕ ਜਾਮਾ ਧਾਰ। ਗੋਬਿੰਦ ਸੂਰਾ ਨਾਲ ਮਿਲਾਇਆ, ਜੋਧਾ ਸੂਰ ਬਲੀ ਬਲਕਾਰ। ਨੰਦੇੜ ਨਿਵਾਸੀ ਕਿਸੇ ਨਜ਼ਰ ਨਾ ਆਇਆ, ਕਲਜੁਗ ਸੁੱਤੇ ਪੈਰ ਪਸਾਰ। ਸਚ ਸੰਦੇਸ਼ ਰਿਹਾ ਸੁਣਾਇਆ, ਹੋਣਾ ਖ਼ਬਰਦਾਰ। ਇਕ ਨਰੇਸ਼ ਫੇਰਾ ਪਾਇਆ, ਨੌਂ ਖੰਡ ਪ੍ਰਿਥਮੀ ਮਾਰੇ ਮਾਰ। ਪੰਥ ਖ਼ਾਲਸਾ ਭੁਲ ਰਹੇ ਨਾ ਰਾਇਆ, ਕਰਿਆ ਖੇਲ ਆਪ ਕਰਤਾਰ। ਕਰਤਾ ਪੁਰਖ ਕਰਨੀ ਕਰਨੇ ਆਇਆ, ਨਿਹਕਲੰਕਾ ਜਾਮਾ ਪਾ। ਅੰਮ੍ਰਿਤਸਰ ਸਰ ਰਿਹਾ ਸਮਝਾਇਆ, ਸ਼ਬਦ ਠੋਕਰ ਇਕ ਲਗਾ। ਸਭ ਦਾ ਮਾਣ ਦਏ ਗਵਾਇਆ, ਅਭਿਮਾਣ ਸਕੇ ਨਾ ਕੋਇ ਜਣਾ। ਰਾਜ ਰਾਜਾਨਾ ਦਏ ਵਖਾਇਆ, ਏਕਾ ਖੰਡਾ ਨਾਮ ਚਮਕਾ। ਪਹਿਲੀ ਚੇਤਰ ਰਾਸ਼ਟਰਪਤ ਸਮਝਾ ਕੇ ਆਇਆ, ਅੰਤਮ ਤਖ਼ਤੋਂ ਦੇਵੇ ਲਾਹ। ਵੀਹ ਸੌ ਵੀਹ ਬਿਕ੍ਰਮੀ ਪੰਦਰਾਂ ਕੱਤਕ ਆਪਣਾ ਚਰਨ ਲਏ ਟਿਕਾਇਆ, ਦਿਲੀ ਦੁਆਰੇ ਫੇਰਾ ਪਾ। ਨੌਂ ਖੰਡ ਪ੍ਰਿਥਮੀ ਆਪਣਿਆਂ ਚਰਨਾਂ ਹੇਠਾਂ ਲਏ ਦਬਾਇਆ, ਭਰਮ ਭੁੱਲੇ ਕੋਈ ਨਾ। ਏਕਾ ਵਾਰ ਸੰਦੇਸ਼ਾ ਰਿਹਾ ਸੁਣਾਇਆ, ਸ੍ਰਿਸ਼ਟ ਸਬਾਈ ਦਿਓ ਸੁਣਾ। ਗੋਬਿੰਦ ਸੂਰਾ ਗੋਬਿੰਦ ਰੂਪ ਨਿਰਗੁਣ ਧਾਰ ਹੋ ਲੋਕਮਾਤ ਆਇਆ, ਸੰਬਲ ਨਗਰੀ ਬੈਠਾ ਡੇਰਾ ਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਏ ਵਖਾ। ਸ੍ਰਿਸ਼ਟ ਸਬਾਈ ਦੇਣਾ ਸੰਦੇਸ਼ਾ, ਨਿਹਕਲੰਕ ਜੋਤ ਜਗਾਈਆ। ਮਾਣ ਗਵਾਏ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ਾ, ਕਰੋੜ ਤਤੀਸਾ ਰਹਿਣ ਨਾ ਪਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਵਟਾਇਆ ਵੇਸਾ, ਦੀਨ ਦਿਆਲ ਲੋਕਮਾਤ ਕਰੇ ਸੱਚੀ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਨਿਹਕਲੰਕ ਸੂਰਬੀਰ ਬਲਵਾਨਾ, ਸੋ ਪੁਰਖ ਨਿਰੰਜਣ ਮਾਤ ਆਇਆ। ਹਰਿ ਪੁਰਖ ਨਿਰੰਜਣ ਨੌਜਵਾਨਾ, ਆਦਿ ਜੁਗਾਦਿ ਵੇਸ ਵਟਾਇਆ। ਏਕੰਕਾਰਾ ਖੇਲ ਮਹਾਨਾ, ਜੀਵ ਜੰਤ ਭੇਵ ਨਾ ਰਾਇਆ। ਆਦਿ ਨਿਰੰਜਣ ਨੂਰ ਮਹਾਨਾ, ਜੋਤ ਨੂਰ ਨੂਰ ਰੁਸ਼ਨਾਇਆ। ਸ੍ਰੀ ਭਗਵਾਨ ਦੇਵੇ ਧੁਰ ਫ਼ਰਮਾਨਾ, ਸਚਖੰਡ ਨਿਵਾਸੀ ਭੁਲ ਨਾ ਜਾਇਆ। ਅਬਿਨਾਸ਼ੀ ਕਰਤਾ ਹੋ ਮਿਹਰਬਾਨਾ, ਲੋਕਮਾਤ ਵੇਖ ਵਖਾਇਆ। ਪਾਰਬ੍ਰਹਮ ਬ੍ਰਹਮ ਬੰਨ੍ਹੇ ਗਾਨਾ, ਆਤਮ ਪਰਮਾਤਮ ਲਏ ਪਰਨਾਇਆ। ਜਗਤ ਗਿਆਨੀ ਬਣ ਬੈਠੇ ਨਿਧਾਨਾ, ਹਰਿ ਕਾ ਭੇਵ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਏਕਾ ਡੰਕਾ ਦਏ ਵਜਾਇਆ। ਏਕਾ ਡੰਕਾ ਨਾਮ ਵਜਾਇਆ, ਹਜ਼ੂਰ ਸਾਹਿਬ ਰਹਿਣਾ ਖ਼ਬਰਦਾਰ। ਜਗਤ ਸ਼ੰਕਾ ਦਏ ਕਢਾਇਆ, ਪੁਰਖ ਅਬਿਨਾਸ਼ੀ ਹੋ ਤਿਆਰ । ਆਦਿ ਅੰਤ ਆਪਣੇ ਹੱਥ ਰਖਾਇਆ, ਮਧ ਖੇਲੇ ਖੇਲ ਸਰਬ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਜੀ ਵੇਰ ਆਪਣਾ ਦੱਸੇ ਸਾਰਾ ਹਾਲ। ਦੂਜੀ ਵੇਰ ਪੁਛਣਾ ਹਾਲ, ਹਾਲ ਹਾਲ ਵਿਚ ਸਮਝਾਈਆ। ਤ੍ਰੈਕਾਲ ਦਰਸੀ ਦੱਸੇ ਸਭ ਨੂੰ ਕਾਲ, ਕੌਣ ਵੇਲੇ ਕਾਲ ਖਾਈਆ। ਜਿਸ ਦੀ ਘਾਲਣਾ ਰਹੇ ਘਾਲ, ਸੋ ਗੋਬਿੰਦ ਆਇਆ ਸੱਚਾ ਮਾਹੀਆ। ਜਿਸ ਦੀ ਦੋ ਸੌ ਪੈਂਸਠ ਸਾਲ ਕਰਦੇ ਰਹੇ ਭਾਲ, ਸੋ ਬੈਠਾ ਸੀਸ ਤਾਜ ਟਿਕਾਈਆ। ਜਗਤ ਅਵੱਲੜੀ ਚਲੀ ਚਾਲ, ਆਪਣਾ ਖੰਡਾ ਹੱਥ ਚਮਕਾਈਆ। ਕਿਸੇ ਪੱਤ ਨਾ ਰਹਿਣ ਦੇਵੇ ਡਾਲ੍ਹ, ਸਿੰਮਲ ਰੁੱਖ ਸਰਬ ਵਖਾਈਆ। ਜਿਸ ਦਾ ਨਾਂ ਰੱਖਿਆ ਮਹਾਕਾਲ, ਸੋ ਮਹਾਕਾਲ ਹੋ ਜਾਈਆ। ਜਿਸ ਨੂੰ ਕਹਿੰਦੇ ਰਹੇ ਦੀਨ ਦਿਆਲ, ਦੀਨਾਂ ਉਤੇ ਰਛਿਆ ਰਿਹਾ ਕਮਾਈਆ। ਜਿਸ ਨੂੰ ਕਹਿੰਦੇ ਕਰਦਾ ਸਰਬ ਪ੍ਰਿਤਪਾਲ, ਸ੍ਰਿਸ਼ਟ ਸਬਾਈ ਵੇਖੇ ਆਪ ਲੋਕਾਈਆ। ਜਿਸ ਨੂੰ ਕਹਿੰਦੇ ਸ਼ਾਹੋਂ ਕਰੇ ਕੰਗਾਲ, ਕੰਗਾਲ ਸ਼ਾਹ ਦਏ ਬਣਾਈਆ। ਗੁਰਸਿਖ ਲੱਖ ਚੁਰਾਸੀ ਵਿਚੋਂ ਲਏ ਭਾਲ, ਆਪ ਆਪਣੀ ਦਇਆ ਕਮਾਈਆ। ਆਪਣੇ ਚਰਨ ਬਠਾਏ ਆਪਣੇ ਲਾਲ, ਲਾਲ ਆਪਣੇ ਭੇਟ ਕਰਾਈਆ। ਸਾਧ ਸੰਗਤ ਹੋਣ ਨਾ ਦੇਣਾ ਵਿੰਗਾ ਵਾਲ, ਸੇਵਾ ਕਰੇ ਬਣ ਬਣ ਜਗਤ ਸੱਚਾ ਮਾਹੀਆ। ਪੰਥ ਖ਼ਾਲਸਾ ਮਾਝਾ ਦਲੇ ਤੇਰੀ ਦਾਲ, ਕਲਜੁਗ ਚੱਕੀ ਆਪ ਚਲਾਈਆ। ਸ਼ਾਹ ਪਾਤਸ਼ਾਹ ਹੋਣ ਬੇਹਾਲ, ਧੀਰਜ ਧੀਰ ਨਾ ਕੋਇ ਧਰਾਈਆ। ਚਾਰੋਂ ਕੁੰਟ ਸਿੰਘ ਸ਼ੇਰ ਤੇਰੀ ਹੋਵੇ ਭਾਲ, ਕਲਜੁਗ ਝੱਲ ਵਿਚ ਸਿੰਘ ਸ਼ੇਰ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਖੰਡ ਨੰਦੇੜ ਆਪਣਾ ਸੰਦੇਸ਼ ਰਿਹਾ ਪੁਚਾਈਆ। ਇੰਦਰ ਸਿੰਘ ਆਸਣ ਇਕ ਲੱਧਾ, ਦੂਸਰ ਓਟ ਨਾ ਕੋਈ ਰਖਾਇੰਦਾ। ਅੱਠੇ ਪਹਿਰ ਪ੍ਰੇਮ ਦੇ ਵਿਚ ਬੱਧਾ, ਹਿਰਦੇ ਹਰੀ ਹਰਿ ਧਿਆਇੰਦਾ। ਆਪੇ ਧੁਰਦਰਗਾਹੀ ਨੇ ਦਿਤਾ ਮਾਤ ਸੱਦਾ, ਸ਼ਬਦ ਸੰਦੇਸ਼ ਇਕ ਪੁਚਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਵਿਚੋਂ ਕੱਢਾ, ਪ੍ਰੇਮ ਪਿਆਰ ਦਾ ਬੰਧਨ ਪਾਇੰਦਾ। ਮਾਤ ਪਿਤ ਭੈਣ ਭਾਈ ਸਾਕ ਸੱਜਣ ਸੈਣ ਛੱਡਾ, ਓਟ ਇਕ ਅਕਾਲ ਰਖਾਇੰਦਾ। ਬਿਰਧ ਜਨਮ ਨੂੰ ਬਣਾਇਆ ਫੇਰ ਨੱਢਾ, ਜਨਮ ਜਨਮ ਦੇ ਵਿਚ ਬਦਲਾਇੰਦਾ। ਆਪੇ ਵਿਸ਼ਨ ਬ੍ਰਹਮਾ ਸ਼ਿਵ ਲੰਘ ਕੇ ਗਏ ਪਾਰ ਹੱਦਾ, ਸਚਖੰਡ ਵਿਚ ਚਰਨ ਟਿਕਾਇੰਦਾ। ਧਰਮ ਨਿਸ਼ਾਨਾ ਹੱਥ ਵਿਚ ਇਕ ਗੱਡਾ, ਪੁਰਖ ਅਕਾਲ ਹੱਥ ਫੜਾਇੰਦਾ। ਅੱਠੇ ਪਹਿਰ ਲਡਾਏ ਸੱਚੀ ਗੋਦ ਲੱਡਾ, ਲਾਡ ਲਾਡਲਾ ਇਕ ਸਮਝਾਇੰਦਾ। ਅੰਮ੍ਰਿਤ ਜਾਮ ਪਿਆਇਆ ਇਕ ਮਦਾ, ਦੂਸਰ ਰਸ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਜਨਮ ਦਾ ਭੇਵ ਖੁਲ੍ਹਾਇੰਦਾ। ਆਪੇ ਪੂਰਬ ਜਨਮ ਦਾ ਲੇਖ ਲਿਖਾਉਣਾ, ਲਿਖਿਆ ਲੇਖੇ ਵਿਚ ਨਾ ਆਈਆ। ਆਪਣੀ ਇਛਿਆ ਆਪਣੇ ਸੰਗ ਰਖਾਉਣਾ, ਇਛਿਆ ਰੂਪ ਨਾ ਕੋਇ ਜਣਾਈਆ। ਆਪਣੀ ਭਿਛਿਆ ਆਪਣੀ ਝੋਲੀ ਪਾਉਣਾ, ਆਪੇ ਭਿਛਿਆ ਕਰੇ ਸਬਾਈਆ। ਆਪਣੀ ਦਛਿਆ ਆਪ ਬੰਧਾਵਨਾ, ਦੂਸਰ ਨਾ ਕੋਈ ਰਖਾਈਆ। ਆਪਣੇ ਚਰਨਾਂ ਆਪ ਬੰਧਾਵਨਾ, ਆਪਣੀ ਹੱਥੀਂ ਬੰਧਨ ਪਾਈਆ। ਆਪਣੀ ਸੇਵਾ ਆਪ ਕਮਾਵਨਾ, ਬਾਂਦੀ ਬਣ ਕੇ ਆਇਆ ਸੱਚਾ ਮਾਹੀਆ। ਫੜ ਕੇ ਚੋਟੀ ਅਖ਼ੀਰ ਇਕ ਚੜ੍ਹਾਵਨਾ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਹਕੀਰਾਂ ਸ਼ਾਹ ਦਏ ਬਣਾਇਆ, ਸ਼ਹਿਨਸ਼ਾਹ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇੰਦਰ ਇੰਦਰ ਰੂਪ ਸਮਾਈਆ। ਇੰਦਰ ਸਿੰਘ ਸਿੰਘ ਸਾਚਾ ਪਾਇਆ, ਪਾਰਬ੍ਰਹਮ ਬੇਅੰਤ। ਆਪਣੇ ਅੰਗ ਨਾਲ ਅੰਗ ਮਿਲਾਇਆ, ਚੜ੍ਹੇ ਰੰਗ ਬਸੰਤ। ਸਾਚੀ ਸੇਜਾ ਰਿਹਾ ਸੁਹਾਇਆ, ਮਹਿਮਾ ਜਾਣੇ ਨਾ ਕੋਈ ਅਗਣਤ। ਸਾਚੀ ਨਾਰੀ ਸੇਵ ਕਮਾਇਆ, ਪੁਰਖ ਅਬਿਨਾਸ਼ੀ ਵਰਿਆ ਏਕਾ ਕੰਤ। ਸ੍ਰੀ ਭਗਵਾਨ ਪੱਲੂ ਹੱਥ ਫੜਾਇਆ, ਦਿਸ ਨਾ ਆਏ ਜੀਵ ਜੰਤ। ਉਚੇ ਮੰਦਰ ਲਏ ਬਹਾਇਆ, ਏਕਾ ਜਾਣੇ ਅੰਤਮ ਅੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇੰਦਰ ਸਿੰਘ ਪਾਇਆ ਇਕ ਭਗਵੰਤ। ਜਿਸ ਮਿਲਿਆ ਭਗਵੰਤ, ਤਿਸ ਲੇਖਾ ਕਿਆ ਕੋਈ ਜਣਾਇੰਦਾ। ਜਿਸ ਪਾਇਆ ਹਰਿ ਕੰਤ, ਤਿਸ ਸਗਨ ਕਵਣ ਮਨਾਇੰਦਾ। ਕਾਇਆ ਚੋਲੀ ਚੜ੍ਹਨਾ ਰੰਗ ਬਸੰਤ, ਤਿਸ ਲਲਾਰੀ ਕਵਣ ਰੰਗਾਇੰਦਾ। ਜਿਸ ਨਾਮ ਮਿਲਿਆ ਮਨੀਆ ਮੰਤ, ਤਿਸ ਅਠੋਤਰੀ ਮਾਲਾ ਹੱਥ ਕਵਣ ਫੜਾਇੰਦਾ। ਜਿਸ ਦਾ ਨਾਤਾ ਜੁੜਿਆ ਆਦਿ ਅੰਤ, ਤਿਸ ਪੰਡਤ ਪਾਂਧਾ ਕਵਣ ਪੜ੍ਹਾਇੰਦਾ। ਜਿਸ ਬਣਾਈ ਮਾਨਸ ਜਨਮ ਬਣਤ, ਸੋ ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿੰਘ ਇੰਦਰ ਮੇਲ ਮਿਲਾਇੰਦਾ। ਹਰਿ ਸੰਗਤ ਤੇਰਾ ਸਚ ਅਖਾੜਾ, ਲੋਕਮਾਤ ਵਡਿਆਈਆ। ਨਿਰਗੁਣ ਜੋਤ ਅਕਾਲਣ ਕਰੇ ਖੇਲ ਅਪਾਰਾ, ਰੂਪ ਅਨੂਪ ਧਰਾਈਆ। ਲੱਭਣ ਆਈ ਸਾਚਾ ਲਾੜਾ, ਨੌਂ ਖੰਡ ਪ੍ਰਿਥਮੀ ਵੇਸ ਵਟਾਈਆ। ਸੱਤ ਦੀਪ ਫਿਰ ਫਿਰ ਵੇਖਿਆ ਘਰ ਬਾਰਾ, ਜੂਨ ਅਜੂਨੀ ਫੋਲ ਫੁਲਾਈਆ। ਚਾਰੋਂ ਕੁੰਟ ਦੇ ਦੇ ਲਾਰਾ, ਜੂਠ ਝੂਠ ਰਹੇ ਗੁਣ ਗਾਈਆ। ਮਾਇਆ ਮਮਤਾ ਪਿਆ ਪੁਆੜਾ, ਹਉਂਮੇ ਹੰਗਤਾ ਰਹੀ ਸਤਾਈਆ। ਝਗੜਾ ਲੱਗਾ ਨਾਰੀ ਨਾਰਾ, ਨਾਰੀ ਖੌਂਤ ਨਾ ਕੋਈ ਰਸਾਈਆ। ਗੁਰਮੁਖ ਵੇਖੇ ਸਚ ਵਿਹਾਰਾ, ਅੰਤਰ ਆਤਮ ਤਾੜੀ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਜੋਤ ਅਕਾਲਣ ਬਣ ਕੇ ਦਾਸਨ, ਲੋਕਮਾਤ ਉਠ ਧਾਈਆ। ਕਰਿਆ ਖੇਲ ਪੁਰਖ ਅਬਿਨਾਸ਼ਨ, ਅਬਿਨਾਸ਼ੀ ਵਡੀ ਵਡਿਆਈਆ। ਨਿਰਗੁਣ ਨੂਰ ਹਰਿ ਹਰਿ ਪਰਕਾਸ਼ਨ, ਪਾਰਬ੍ਰਹਮ ਖੇਲ ਖਿਲਾਈਆ। ਸੰਗ ਨਿਭਾਇਆ ਘਨਕ ਪੁਰ ਵਾਸਨ, ਘਰ ਸਾਚੇ ਵੱਜੀ ਵਧਾਈਆ। ਮੇਰੀ ਕਰਨੀ ਪੂਰੀ ਆਸਨ, ਮੈਂ ਕੱਟਾਂ ਸਦਾ ਜੁਦਾਈਆ। ਨਾ ਅਮਾਵਸ ਨਾ ਪੂਰਨਮਾਸਨ, ਵਦੀ ਸੁਦੀ ਨਾ ਕੋਈ ਰਖਾਈਆ। ਨੌਂ ਨੌਂ ਨਾ ਕੋਈ ਉਦਾਸਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜੋਤ ਅਕਾਲਣ ਪਾਇਆ ਫੇਰਾ, ਲੋਕਮਾਤ ਕਲਜੁਗ ਅੰਤਮ ਵੇਸ ਵਟਾਇਆ। ਸਿੰਘ ਸ਼ੇਰ ਮਿਲਿਆ ਇਕ ਦਲੇਰਾ, ਦਿਲਬਰ ਆਪਣੇ ਨਾਲ ਬੰਧਾਇਆ। ਕ਼ੁਦਰਤ ਕ਼ਾਦਰ ਦਿਤਾ ਗੇੜਾ, ਗੇੜਾ ਆਪਣੇ ਹੱਥ ਰਖਾਇਆ। ਆਪਣਾ ਵੇਖੇ ਖੁਲ੍ਹਾ ਵੇਹੜਾ, ਚਾਰੋਂ ਕੁੰਟ ਨੈਣ ਉਠਾਇਆ। ਬਿਨ ਗੁਰਸਿਖ ਮੇਰਾ ਕੋਈ ਨਾ ਬੰਨ੍ਹੇ ਬੇੜਾ, ਜਗਤ ਦੁਹਾਗਣ ਦਏ ਦੁਹਾਇਆ। ਬਿਨ ਗੁਰਸਿਖ ਕਾਇਆ ਮੈਨੂੰ ਦਿਸੇ ਨਾ ਕੋਈ ਖੇੜਾ, ਜਿਸ ਘਰ ਜਾਵਾਂ ਡੇਰਾ ਲਾਇਆ। ਸਿੰਘ ਇੰਦਰ ਮਿਲਿਆ ਏਕਾ ਏਕ ਵੇਰਾ, ਜਿਸ ਆਪਣਾ ਆਪ ਵਾਰ ਵਖਾਇਆ। ਨਾਤਾ ਤੁਟਾ ਮੇਰਾ ਤੇਰਾ, ਤੇਰਾ ਮੇਰਾ ਰਿਹਾ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾਇਆ। ਗੁਰਸਿਖ ਲੱਭਿਆ ਕੰਤ ਸੁਹਾਗ, ਹਰਿ ਸਖ਼ੀਆਂ ਮੰਗਲ ਗਾਇਆ। ਜੋਤ ਅਕਾਲਣ ਤੇਰਾ ਪੂਰਾ ਹੋਇਆ ਵੈਰਾਗ, ਘਰ ਗੁਰਮੁਖ ਸੱਚਾ ਪਾਇਆ। ਜਨਮ ਜਨਮ ਦਾ ਧੋਇਆ ਦਾਗ਼, ਨਿਰਮਲ ਅੰਮ੍ਰਿਤ ਨੀਰ ਵਹਾਇਆ। ਹੰਸ ਬਣਿਆ ਮਾਤ ਕਾਗ, ਕਾਗੋਂ ਹੰਸ ਉਡਾਇਆ। ਘਰ ਦੀਪਕ ਜੋਤੀ ਜਗੇ ਚਰਾਗ਼, ਨਾਰੀ ਕੰਤ ਰਹੀ ਸੇਜ ਸੁਹਾਇਆ। ਪੁਰਖ ਅਬਿਨਾਸ਼ੀ ਪਕੜੀ ਵਾਗ, ਸਾਚਾ ਘੋੜਾ ਲਏ ਮੰਗਾਇਆ। ਆਪਣੀ ਝੋਲੀ ਡਾਹ ਕੇ ਮੰਗੇ ਲਾਗ, ਦਰ ਬਣ ਦਰਵੇਸ਼ ਮੰਗਣ ਆਇਆ। ਇਕੋ ਦੂਲ੍ਹਾ ਲੱਭਿਆ ਸਾਕ, ਜੋਤ ਅਕਾਲਣ ਕਵਾਰੀ ਵੰਨੀ ਲਏ ਗਲ ਲਾਇਆ। ਲੱਗਾ ਹੋਵਣ ਪਾਕੀ ਪਾਕ, ਪਰਵਰਦਿਗਾਰ ਮੇਰੇ ਸਿਰ ਹੱਥ ਟਿਕਾਇਆ। ਤੂੰ ਚੜ੍ਹਨਾ ਮਾਰ ਪਲਾਕ, ਨੀਲੇ ਵਾਲਾ ਤੇਰੀ ਸੇਵ ਕਮਾਇਆ। ਤੇਰੀ ਚਰਨ ਧੂੜ ਚੌਦਾਂ ਲੋਕ ਵੇਖੇ ਖ਼ਾਕ, ਨੇਤਰ ਨੈਣ ਆਪ ਉਠਾਇਆ। ਤੇਰੀ ਦੁਰਮਤ ਮੈਲ ਦਿਤੀ ਕਾਟ, ਆਪ ਆਪਣੇ ਅੰਗ ਲਗਾਇਆ। ਦੋਹਾਂ ਮੁੱਕੀ ਏਕਾ ਘਰ ਵਾਟ, ਸਚਖੰਡ ਆਸਣ ਇਕ ਸੁਹਾਇਆ। ਦੂਸਰ ਵਾਰ ਨਾ ਆਉਣਾ ਵਿਚ ਆਣ ਬਾਟ, ਮਾਤ ਗਰਭ ਨਾ ਫੇਰਾ ਪਾਇਆ। ਕਾਇਆ ਚੋਲਾ ਜਾਣਾ ਪਾਟ, ਅੰਤਮ ਜੋਤੀ ਮੇਲ ਮਿਲਾਇਆ। ਗੁਰਸਿਖ ਕਿਸੇ ਨਾ ਵਿਕੇ ਹਾਟ, ਜਿਸ ਆਪਣੇ ਗਲ ਆਪ ਲਗਾਇਆ। ਮਿਲੇ ਵਡਿਆਈ ਵਿਚ ਮਾਤ, ਕਬੀਰ ਜੁਲਾਹਾ ਦਏ ਸਮਝਾਇਆ। ਮੀਤੜਾ ਲੱਭਿਆ ਕਮਲਾਪਾਤ, ਸਚਖੰਡ ਬੈਠਾ ਆਸਣ ਲਾਇਆ। ਕਲਜੁਗ ਰੈਣ ਅੰਧੇਰੀ ਰਾਤ, ਗੁਰਸਿਖ ਆਪਣੀ ਗੋਦ ਬਹਾਇਆ। ਨਾ ਕੋਈ ਜ਼ਾਤ ਨਾ ਕੋਈ ਪਾਤ, ਜੋਤੀ ਜਾਤਾ ਜਗ ਅਖਵਾਇਆ। ਜਿਸ ਦੀ ਗਾਉਂਦੇ ਆਏ ਗਾਥ, ਆਪਣੀ ਗਾਥਾ ਰਿਹਾ ਸੁਣਾਇਆ। ਵੇਖੋ ਲਹਿਣਾ ਦੇਣਾ ਹੱਥੋ ਹਾਥ, ਅੱਗੋਂ ਲੇਖਾ ਨਾ ਕੋਇ ਰਖਾਇਆ। ਗੁਰਸਿਖ ਤੇਰਾ ਪਿਆਰ ਮਾਰੇ ਠਾਠ, ਅਠਸਠ ਨੀਰ ਰਹੀ ਵਹਾਇਆ। ਤੇਰੇ ਅੰਦਰ ਮੇਰੀ ਨਜਾਤ, ਬਿਨ ਤੇਰੇ ਮੇਰਾ ਨਾਉਂ ਨਾ ਕੋਇ ਸਾਲਾਹਿਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦੂਲ੍ਹਾ ਇਕ ਸਜਾਇਆ। ਗੁਰਮੁਖ ਦੂਲ੍ਹਾ ਗਿਆ ਸਜ, ਸਤਿ ਪੁਰਖ ਨਿਰੰਜਣ ਆਪ ਸਜਾਇਆ। ਮਾਨਸ ਜਨਮ ਪ੍ਰਭੂ ਲਿਆ ਕਜ, ਸਿਰ ਆਪਣਾ ਹੱਥ ਟਿਕਾਇਆ। ਸਖ਼ੀਆਂ ਮੰਗਲ ਗਾਏ ਗੀਤ ਨਾਦ ਅਨਾਦੀ ਗਿਆ ਵੱਜ, ਛੱਤੀ ਰਾਗ ਭੇਵ ਨਾ ਆਇਆ। ਗ੍ਰਹਿ ਮੰਦਰ ਬੈਠਾ ਰਿਹਾ ਗੱਜ, ਉਚੀ ਕੂਕ ਕੂਕ ਸੁਣਾਇਆ। ਜਗਤ ਦੁਆਰਾ ਝੂਠਾ ਤਜ, ਸਚ ਦੁਆਰਾ ਏਕਾ ਪਾਇਆ। ਚਰਨ ਚਰਨੋਦਕ ਪੀਤਾ ਰੱਜ, ਜਗਤ ਤ੍ਰਿਸ਼ਨਾ ਆਪ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੂਲ੍ਹਾ ਲਏ ਸਜਾਇਆ। ਸਾਚਾ ਦੂਲ੍ਹਾ ਚੜ੍ਹੇ ਖ਼ਾਰੇ, ਸਤਿਗੁਰ ਪੂਰਾ ਆਪ ਚੜ੍ਹਾਈਆ। ਜੋਤੀ ਵਰੇ ਨਾਰ ਮੁਟਿਆਰੇ, ਸਾਚਾ ਜੋਬਨ ਇਕ ਹੰਢਾਈਆ। ਮਿਲਿਆ ਮੇਲ ਸਚ ਦੁਆਰੇ, ਦਰ ਦਰਬਾਰ ਵੱਜੀ ਵਧਾਈਆ। ਜੋ ਜਨ ਜਗਤ ਰਹੇ ਕਵਾਰੇ, ਭਗਤ ਭਗਵੰਤ ਲਏ ਪਰਨਾਈਆ। ਵੇਖੋ ਰਚਿਆ ਕਾਜ ਦਿਨ ਦਿਹਾੜੇ, ਸੁੱਤੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਲਾੜਾ ਲਏ ਉਠਾਈਆ। ਗੁਰਮੁਖ ਲਾੜਾ ਉਠਿਆ, ਗੁਰ ਸਤਿਗੁਰ ਆਪ ਉਠਾਇਆ। ਮਿਹਰਬਾਨ ਹੋ ਹੋ ਤੁਠਿਆ, ਦੀਨ ਦਿਆਲ ਦਇਆ ਕਮਾਇਆ। ਆਪਣੀ ਗੋਦੀ ਆਪੇ ਚੁੱਕਿਆ, ਲਾਲ ਅਨਮੁਲੜਾ ਆਪੇ ਜਾਇਆ। ਪੁਰਖ ਅਬਿਨਾਸ਼ੀ ਉਠਾਏ ਸੁਤਿਆ, ਸੁੱਤਾ ਮਾਤ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸਗਨ ਆਪ ਮਨਾਇਆ। ਸਗਨ ਮਨਾਏ ਚਾੜ੍ਹੇ ਘੋੜੀ, ਹਰਿ ਸਾਚਾ ਦਇਆ ਕਮਾਇੰਦਾ। ਹੌਲੀ ਹੌਲੀ ਜਾਏ ਤੋਰੀ, ਆਪਣੀ ਚਾਲ ਚਲਾਇੰਦਾ। ਆਪੇ ਫੜ ਕੇ ਵਾਗ ਬਣਿਆ ਮੋਹਰੀ, ਆਪੇ ਖੇਲ ਖਿਲਾਇੰਦਾ। ਆਪੇ ਕਰੇ ਜਗ ਤੋਂ ਚੋਰੀ, ਦਿਸ ਕਿਸੇ ਨਾ ਆਇੰਦਾ। ਆਪਣੀ ਰੱਖੀ ਪ੍ਰੇਮ ਲਾਲ ਡੋਰੀ, ਸਾਚੀ ਮੌਲੀ ਤੰਦ ਗੁੰਦਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸਗਨ ਮਨਾਇੰਦਾ। ਆਪੇ ਬਣ ਬਣ ਭੈਣ ਗੁੰਦੇ ਵਾਗ, ਆਪੇ ਰੋਵੇ ਕਰੇ ਵੈਰਾਗ ਦਏ ਦੁਹਾਈਆ। ਆਪੇ ਸਖ਼ੀਆਂ ਮਾਰ ਵਾਜ, ਆਓ ਸਖ਼ੀ ਵੇਖੋ ਚਾਈਂ ਚਾਈਂਆ। ਜੋਤ ਅਕਾਲਣ ਫੜਦੀ ਵਾਗ, ਨੌਂ ਖੰਡ ਪ੍ਰਿਥਮੀ ਦਹਿ ਦਿਸ਼ਾ ਰਹੀ ਫਿਰਾਈਆ। ਮੇਰੇ ਦੂਲ੍ਹੇ ਜੇਹਾ ਦੂਜਾ ਦਿਸੇ ਨਾ ਕੋਈ ਵਿਚ ਜਹਾਨ ਸਾਕ, ਮੇਰੀ ਨਜ਼ਰ ਕਿਸੇ ਵਲ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੂਲ੍ਹਾ ਲਏ ਵਡਿਆਈਆ। ਵਾਹ ਵਾਹ ਦੂਲ੍ਹਾ ਆਪ ਬਣਾਇਆ, ਵੇਖਣਹਾਰਾ ਹਰਿ ਕਰਤਾਰ। ਸਾਚਾ ਸਿਹਰਾ ਆਪ ਗੁੰਦਾਇਆ, ਫੂਲਣ ਬਣ ਕੇ ਮਾਲਣ ਹਾਰ। ਆਪਣੀ ਹੱਥੀਂ ਆਪ ਪਹਿਨਾਇਆ, ਇਕ ਦੂਜੇ ਨਾਲ ਕਰਨ ਪਿਆਰ। ਸਾਚੀ ਸੇਜਾ ਦਏ ਸੁਹਾਇਆ, ਮਿਲਿਆ ਕੰਤ ਭਤਾਰ। ਏਕਾ ਰੰਗ ਦਏ ਚੜ੍ਹਾਇਆ, ਰੰਗ ਮਜੀਠੀ ਏਕੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰ। ਸਾਚਾ ਦੂਲ੍ਹਾ ਨੌਜਵਾਨ, ਗੁਰਮੁਖ ਵਡੀ ਵਡਿਆਈਆ। ਧੰਨ ਸੁਭਾਗ ਮੈਂ ਨਿਮਾਣੀ ਕਰੀ ਪਰਵਾਨ, ਚਲ ਕੇ ਦੁਆਰੇ ਆਈਆ। ਮੇਰਾ ਵਖਾਇਆ ਲੋਕਮਾਤ ਨਿਸ਼ਾਨ, ਉਚੀ ਕੂਕ ਕੂਕ ਸੁਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੈਂ ਬੈਠੀ ਰਹੀ ਰਕਾਨ, ਲੱਭਣ ਕਿਸੇ ਘਰ ਨਾ ਜਾਈਆ। ਕਲਜੁਗ ਅੰਤਮ ਨਿਹਕਲੰਕ ਬਲੀ ਬਲਵਾਨ, ਧੁਰ ਫ਼ਰਮਾਨਾ ਇਕ ਸੁਣਾਈਆ। ਸਿੰਘ ਇੰਦਰ ਲੱਭਿਆ ਹਾਣੀ ਹਾਣ, ਬਿਰਧ ਬਾਲ ਜਵਾਨ ਰੂਪ ਨਾ ਕੋਇ ਸਮਝਾਈਆ। ਲੋਕਮਾਤ ਕਰਨੀ ਸਚ ਪਛਾਣ, ਸਚ ਨੁਹਾਰ ਦਏ ਦਰਸਾਈਆ। ਉਹਦੇ ਅੰਦਰ ਬ੍ਰਹਮ ਗਿਆਨ, ਬਾਹਰ ਚਮੜੀ ਤਨ ਲਗਾਈਆ। ਉਹਦੇ ਬਾਹਰ ਜਗਤ ਦੁਕਾਨ, ਅੰਦਰ ਬੈਠਾ ਬੇਪਰਵਾਹੀਆ। ਕੋਈ ਮੰਦਰ ਕੋਈ ਮਸਜਿਦ ਰੱਖਦਾ ਮਾਣ, ਸਿੰਘ ਇੰਦਰ ਉਪਰ ਪੁਰਖ ਅਕਾਲ ਏਕਾ ਓਟ ਤਕਾਈਆ। ਅੰਤ ਕੰਤ ਭਗਵੰਤ ਸੰਤ ਕਰੇ ਪਰਵਾਨ, ਗੁਰਮੁਖ ਤੇਰੀ ਖ਼ੁਸ਼ੀ ਆਪਣੇ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਸੰਗ ਸਦਾ ਨਿਭਾਈਆ।