Granth 10 Likhat 206: 29 Bhadron 2018 Bikarmi Darshan Singh de Greh Makan No 9789 Shabad Singhasan Delhi

੨੯ ਭਾਦਰੋਂ ੨੦੧੮ ਬਿਕ੍ਰਮੀ ਦਰਸ਼ਨ ਸਿੰਘ ਦੇ ਗ੍ਰਹਿ ਮਕਾਨ ਨੰ੦ ੯੭੮੯ ਸ਼ਬਦ ਸਿੰਘਾਸਣ ਦਿਲੀ

ਸਤਿਗੁਰ ਪੂਰਾ ਏਕੰਕਾਰ, ਆਦਿ ਜੁਗਾਦਿ ਸਮਾਇੰਦਾ। ਆਦਿ ਪੁਰਖ ਵਸੇ ਸਚਖੰਡ ਧਾਮ ਨਿਆਰ, ਨਿਰਗੁਣ ਨੂਰ ਡਗਮਗਾਇੰਦਾ। ਥਿਰ ਘਰ ਖੋਲ੍ਹ ਆਪ ਕਿਵਾੜ, ਰੂਪ ਅਨੂਪ ਆਪ ਪਰਗਟਾਇੰਦਾ। ਸ਼ਾਹੋ ਭੂਪ ਹੋਏ ਸਿਕਦਾਰ, ਤਖ਼ਤ ਨਿਵਾਸੀ ਤਖ਼ਤ ਸੋਭਾ ਪਾਇੰਦਾ। ਹੁਕਮੀ ਹੁਕਮ ਕਰ ਵਰਤਾਰ, ਧੁਰ ਫ਼ਰਮਾਨਾ ਆਪ ਜਣਾਇੰਦਾ। ਆਪਣੀ ਇਛਿਆ ਬਣ ਵਰਤਾਰ, ਸਾਚੀ ਭਿਛਿਆ ਝੋਲੀ ਪਾਇੰਦਾ। ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਇਕ ਅਖਵਾਇੰਦਾ। ਸਤਿਗੁਰ ਪੂਰਾ ਆਦਿ ਨਿਰੰਜਣ, ਆਦਿ ਪੁਰਖ ਵਡੀ ਵਡਿਆਈਆ। ਜੁਗਾ ਜੁਗੰਤਰ ਦਰਦ ਦੁੱਖ ਭੈ ਭੰਜਨ, ਭਵ ਸਾਗਰ ਵੇਖ ਵਖਾਈਆ। ਜਨ ਭਗਤਾਂ ਪਾਏ ਨੇਤਰ ਨਾਮ ਅੰਜਣ, ਅਗਿਆਨ ਅੰਧੇਰ ਮਿਟਾਈਆ। ਏਥੇ ਓਥੇ ਦੋ ਜਹਾਨਾਂ ਬਣੇ ਸਾਚਾ ਸੱਜਣ, ਸਗਲਾ ਸੰਗ ਆਪ ਨਿਭਾਈਆ। ਸਾਚਾ ਚਰਨ ਧੂੜ ਕਰਾਏ ਮਜਨ, ਦੁਰਮਤ ਮੈਲ ਧਵਾਈਆ। ਆਪੇ ਹੋਏ ਪਰਦੇ ਕੱਜਣ, ਨਾਮ ਦੁਸ਼ਾਲਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸੱਚਾ ਬੇਪਰਵਾਹੀਆ। ਸਤਿਗੁਰ ਪੂਰਾ ਹਰਿ ਪੁਰਖ, ਏਕਾ ਰੰਗ ਸਮਾਇੰਦਾ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਰੋਗ ਨਾ ਕੋਈ ਰਖਾਇੰਦਾ। ਆਦਿ ਅੰਤ ਜੁਗਾ ਜੁਗੰਤ ਜਨ ਭਗਤਾਂ ਕਰੇ ਤਰਸ, ਆਪ ਆਪਣਾ ਮੇਲ ਮਿਲਾਇੰਦਾ। ਅੰਮ੍ਰਿਤ ਆਤਮ ਮੇਘ ਦੇਵੇ ਬਰਸ, ਨਿਝਰ ਝਿਰਨਾ ਆਪ ਝਿਰਾਇੰਦਾ। ਆਪ ਮਿਟਾਏ ਕਲਜੁਗ ਹਰਸ, ਲਹਿਣਾ ਦੇਣਾ ਚੁਕਾਏ ਅਰਸ਼ ਫ਼ਰਸ਼, ਕਾਇਆ ਕੁਰਾ ਫੋਲ ਫੁਲਾਇੰਦਾ। ਨਿਰਗੁਣ ਨਿਰਗੁਣ ਵਖਾਏ ਦਰਸ, ਜੋਤੀ ਜਾਮਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਏਕਾ ਰੰਗ ਜਣਾਇੰਦਾ। ਸਤਿਗੁਰ ਪੂਰਾ ਸ੍ਰੀ ਭਗਵਾਨ, ਇਕ ਅਕੱਲਾ ਵਡੀ ਵਡਿਆਈਆ। ਸਾਚੇ ਤਖ਼ਤ ਬੈਠ ਸ਼ਾਹ ਸੁਲਤਾਨ, ਆਪਣੀ ਦਇਆ ਆਪ ਕਮਾਈਆ। ਜੁਗ ਜੁਗ ਖੇਲ ਕਰੇ ਮਹਾਨ, ਜਗ ਕਰਤਾ ਬੇਪਰਵਾਹੀਆ। ਭਗਤ ਭਗਵੰਤ ਮਿਲੇ ਆਣ, ਆਪ ਆਪਣੇ ਪ੍ਰਭ ਦਏ ਉਠਾਈਆ। ਕਾਇਆ ਬੰਕ ਵੇਖੇ ਮਾਰ ਧਿਆਨ, ਡੂੰਘੀ ਕੰਦਰ ਫੋਲ ਫੁਲਾਈਆ। ਏਕਾ ਰਾਗ ਸੁਣਾਏ ਕਾਨ, ਅਨਹਦ ਨਾਦੀ ਨਾਦ ਸੁਣਾਈਆ। ਏਕਾ ਅੰਮ੍ਰਿਤ ਆਤਮ ਦੇਵੇ ਪੀਣ ਖਾਣ, ਸਾਚੀ ਵਸਤ ਅਮੋਲਕ ਆਪ ਵਰਤਾਈਆ। ਧਰਮ ਵਖਾਏ ਇਕ ਨਿਸ਼ਾਨ, ਗ੍ਰਹਿ ਮੰਦਰ ਆਪ ਝੁਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਇਕ ਸਮਝਾਈਆ। ਸਤਿਗੁਰ ਪੂਰਾ ਪੁਰਖ ਅਬਿਨਾਸ਼ੀ, ਏਕਾ ਘਰ ਸੋਭਾ ਪਾਇੰਦਾ। ਸਾਚੇ ਮੰਡਲ ਪਾਵੇ ਰਾਸੀ, ਗੋਪੀ ਕਾਹਨ ਖੇਲ ਖਿਲਾਇੰਦਾ। ਆਪੇ ਕਰੇ ਖੇਲ ਤਮਾਸ਼ੀ, ਆਪ ਆਪਣਾ ਵੇਸ ਵਟਾਇੰਦਾ। ਸੇਵਾ ਕਰੇ ਬਣ ਬਣ ਦਾਸ ਦਾਸੀ, ਰੂਪ ਅਨੂਪ ਸ਼ਾਹੋ ਭੂਪ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਏਕਾ ਘਰ ਵਸਾਇੰਦਾ। ਸਤਿਗੁਰ ਪੂਰਾ ਪਾਰਬ੍ਰਹਮ, ਏਕਾ ਏਕ ਅਖਵਾਏ। ਨਾ ਮਰੇ ਨਾ ਪਏ ਜੰਮ, ਜਨਮ ਮਰਨ ਵਿਚ ਕਦੇ ਨਾ ਆਏ। ਜੁਗ ਜੁਗ ਕਰੇ ਸਾਚਾ ਕੰਮ, ਨਿਹਕਰਮੀ ਕਰਮ ਕਮਾਏ। ਲੱਖ ਚੁਰਾਸੀ ਬੇੜਾ ਦੇਵੇ ਬੰਨ੍ਹ, ਭਾਰ ਆਪਣੇ ਸਿਰ ਉਠਾਏ। ਲੇਖਾ ਜਾਣੇ ਸੂਰਜ ਚੰਨ, ਜੋਤੀ ਜੋਤ ਡਗਮਗਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਏਕਾ ਏਕ ਅਖਵਾਏ। ਸਤਿਗੁਰ ਪੂਰਾ ਦੀਨ ਦਿਆਲਾ, ਦਇਆ ਨਿਧ ਵਡੀ ਵਡਿਆਈਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਥਿਰ ਘਰ ਆਪਣਾ ਚਰਨ ਟਿਕਾਈਆ। ਜੋਤੀ ਨੂਰ ਨੂਰ ਉਜਾਲਾ, ਨਿਰਗੁਣ ਨਿਰਵੈਰ ਡਗਮਗਾਈਆ। ਅਜੂਨੀ ਰਹਿਤ ਖੇਲ ਨਿਰਾਲਾ, ਅਨਭਵ ਪਰਕਾਸ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਆਪਣਾ ਪਰਦਾ ਆਪ ਖੁਲ੍ਹਾਈਆ। ਸਤਿਗੁਰ ਸਾਚਾ ਪਰਦਾ ਖੋਲ੍ਹ, ਭੇਵ ਅਭੇਦ ਖੁਲ੍ਹਾਇੰਦਾ। ਸਰਗੁਣ ਅੰਦਰ ਨਿਰਗੁਣ ਬੋਲ, ਸ਼ਬਦ ਅਨਾਦੀ ਨਾਦ ਵਜਾਇੰਦਾ। ਤ੍ਰੈਗੁਣ ਤੋਲੇ ਆਪਣੇ ਤੋਲ, ਏਕਾ ਕੰਡਾ ਹੱਥ ਉਠਾਇੰਦਾ। ਸਦਾ ਸਦਾ ਸਦ ਰਹੇ ਅਡੋਲ, ਅਡੁੱਲ ਆਪਣੀ ਧਾਰ ਚਲਾਇੰਦਾ। ਹਰ ਘਟ ਅੰਦਰ ਰਿਹਾ ਮੌਲ, ਸਤਿਗੁਰ ਪੂਰਾ ਆਸਣ ਲਾਇੰਦਾ। ਜੁਗਾ ਜੁਗੰਤਰ ਪੂਰਾ ਕਰੇ ਆਪਣਾ ਕੌਲ, ਕੀਤਾ ਕੌਲ ਭੁਲ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਏਕਾ ਹਰਿ, ਰੂਪ ਅਨੂਪ ਆਪ ਵਟਾਇੰਦਾ। ਸਤਿਗੁਰ ਪੂਰਾ ਸਦਾ ਸਮਰਥ, ਆਪਣੇ ਹੱਥ ਰੱਖੇ ਵਡਿਆਈਆ। ਜੁਗ ਜੁਗ ਚਲਾਏ ਆਪਣਾ ਰਥ, ਰਥ ਰਥਵਾਹੀ ਸੇਵ ਕਮਾਈਆ। ਆਪਣੀ ਮਹਿਮਾ ਗਾਏ ਅਕਥ, ਹਰਿ ਭਗਤਨ ਕਰੇ ਸਚ ਪੜ੍ਹਾਈਆ। ਜਗਤ ਵਿਕਾਰਾ ਦੇਵੇ ਮਥ, ਆਤਮ ਬ੍ਰਹਮ ਇਕ ਦਰਸਾਈਆ। ਪੰਚ ਵਿਕਾਰਾ ਪਾਏ ਨੱਥ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਸਾਚਾ ਮਾਰਗ ਦੇਵੇ ਦੱਸ, ਏਕਾ ਅੱਖਰ ਕਰੇ ਪੜ੍ਹਾਈਆ। ਤੀਰ ਨਿਰਾਲਾ ਮਾਰੇ ਕਸ, ਬਜਰ ਕਪਾਟੀ ਤੋੜ ਤੁੜਾਈਆ। ਮਨ ਮਨੂਆ ਹੋਏ ਵਸ, ਉਠ ਉਠ ਦਹਿ ਦਿਸ਼ ਨਾ ਧਾਈਆ। ਆਤਮ ਜਣਾਏ ਸਾਚਾ ਰਸ, ਨਿਝਰ ਝਿਰਨਾ ਆਪ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਬੇਪਰਵਾਹੀਆ। ਸਤਿਗੁਰ ਪੂਰਾ ਸੱਚਾ ਸ਼ਾਹ, ਏਕਾ ਘਰ ਸਮਝਾਇੰਦਾ। ਜੁਗਾ ਜੁਗੰਤਰ ਬਣ ਮਲਾਹ, ਲੋਕਮਾਤ ਖੇਲ ਖਿਲਾਇੰਦਾ। ਨਿਰਗੁਣ ਸਰਗੁਣ ਦੇਵੇ ਇਕ ਸਲਾਹ, ਸ਼ਬਦੀ ਢੋਲਾ ਆਪੇ ਗਾਇੰਦਾ। ਆਪ ਪਰਗਟਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਦ੍ਰਿੜਾਇੰਦਾ। ਵਸਣਹਾਰਾ ਠਾਂਡੇ ਥਾਂ, ਥਾਨ ਥਨੰਤਰ ਸੋਭਾ ਪਾਇੰਦਾ। ਆਪੇ ਕਰੇ ਸਚ ਨਿਆਂ, ਅਭੁਲ ਭੁਲ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਇਕ, ਦੂਜਾ ਅਵਰ ਨਾ ਕੋਈ ਅਖਵਾਇੰਦਾ। ਸਤਿਗੁਰ ਪੂਰਾ ਏਕਾ ਏਕ, ਇਕ ਮਹੱਲਾ ਰਿਹਾ ਵਸਾਈਆ। ਆਦਿ ਜੁਗਾਦੀ ਏਕਾ ਸੰਗ ਰਖਾਏ ਕਰੇ ਬੁਧ ਬਿਬੇਕ, ਗੁਣ ਅਵਗੁਣ ਨਾ ਕੋਈ ਜਣਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਜਿਸ ਸਿਰ ਹੱਥ ਰੱਖੇ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਖ ਭੇਖੀ ਆਪੇ ਲਏ ਵਟਾਈਆ। ਜੁਗ ਜੁਗ ਭੇਖ ਅਵੱਲੜਾ, ਕਰਨਹਾਰ ਕਰਤਾਰ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ , ਨਿਰਗੁਣ ਸਰਗੁਣ ਲਏ ਅਵਤਾਰ। ਜਨ ਭਗਤਾਂ ਫੜਾਏ ਆਪਣਾ ਪੱਲੜਾ, ਲੱਖ ਚੁਰਾਸੀ ਵਿਚੋਂ ਕੱਢੇ ਬਾਹਰ। ਸਾਚਾ ਧਾਮ ਇਕ ਸੁਹੰਦੜਾ, ਕਾਇਆ ਮੰਦਰ ਖੋਲ੍ਹ ਕਿਵਾੜ। ਆਪਣਾ ਆਸਣ ਆਪ ਵਿਛੰਦੜਾ, ਨਿਰਗੁਣ ਸਰਗੁਣ ਖੇਲ ਅਪਾਰ। ਜੋਤੀ ਜੋਤ ਜੋਤ ਜਗੰਦੜਾ, ਮੇਟ ਮਿਟਾਏ ਅੰਧ ਅੰਧਿਆਰ। ਰੂਪ ਅਨੂਪ ਆਪ ਵਖੰਦੜਾ, ਖੇਲੇ ਖੇਲ ਅਪਰ ਅਪਾਰ। ਸਤਿਗੁਰ ਪੂਰਾ ਆਪਣਾ ਰਾਹ ਆਪ ਚਲੰਦੜਾ, ਆਪੇ ਜਾਣੇ ਆਪਣੀ ਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸੱਚੀ ਸਰਕਾਰ। ਸਤਿਗੁਰ ਸੱਚਾ ਸ਼ਾਹ ਸੁਲਤਾਨ, ਜਿਸ ਹੱਥ ਵਡੀ ਵਡਿਆਈਆ। ਆਪੇ ਜਾਣੇ ਆਪਣੀ ਆਣ, ਆਪਣਾ ਹੁਕਮ ਆਪ ਵਰਤਾਈਆ। ਆਪੇ ਕਰੇ ਆਪਣੀ ਸਚ ਪਛਾਣ, ਪਹਿਚਾਨ ਵਿਚ ਕਦੇ ਨਾ ਆਈਆ। ਆਪੇ ਦੇਵੇ ਧੁਰ ਫ਼ਰਮਾਨ, ਸਚ ਸੰਦੇਸ਼ਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਸਾਚਾ ਹਰਿ, ਗੇੜਾ ਗੇੜੇ ਵਿਚ ਭੁਆਈਆ। ਸਤਿਗੁਰ ਪੂਰਾ ਹੁਕਮ ਵਰਤਾਰ, ਹੁਕਮੀ ਹੁਕਮ ਖੇਲ ਖਿਲਾਇੰਦਾ। ਹੁਕਮ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਸੇਵਕ ਸਾਚੀ ਸੇਵ ਲਗਾਇੰਦਾ। ਹੁਕਮੇ ਅੰਦਰ ਤ੍ਰੈਗੁਣ ਮਾਇਆ ਭਰ ਭੰਡਾਰ, ਪੰਜ ਤੱਤ ਜੋੜ ਜੁੜਾਇੰਦਾ। ਮੰਡਲ ਮੰਡਪ ਦਏ ਸਹਾਰ, ਗਗਨ ਮੰਡਲ ਸੋਭਾ ਪਾਇੰਦਾ। ਹੁਕਮੇ ਅੰਦਰ ਲੱਖ ਚੁਰਾਸੀ ਕਰ ਤਿਆਰ, ਘੜ ਭਾਂਡੇ ਵੇਖ ਵਖਾਇੰਦਾ। ਹੁਕਮੇ ਅੰਦਰ ਨਿਰਗੁਣ ਸਰਗੁਣ ਕਰੇ ਖੇਲ ਅਪਾਰ, ਜੋਤੀ ਜਾਤਾ ਡਗਮਗਾਇੰਦਾ। ਹੁਕਮੇ ਅੰਦਰ ਬ੍ਰਹਮ ਪਾਰਬ੍ਰਹਮ ਕਰੇ ਪਿਆਰ, ਰੂਪ ਅਨੂਪ ਆਪ ਧਰਾਇੰਦਾ। ਹੁਕਮੇ ਅੰਦਰ ਸ਼ਬਦ ਧੁੰਨਕਾਰ, ਬੋਧ ਅਗਾਧੀ ਆਪੇ ਗਾਇੰਦਾ। ਹੁਕਮੇ ਅੰਦਰ ਵੇਦ ਚਾਰ, ਨਿਸ਼ਅੱਖਰ ਆਪ ਪੜ੍ਹਾਇੰਦਾ। ਹੁਕਮੇ ਅੰਦਰ ਚਾਰੇ ਖਾਣੀ ਪਾਵੇ ਸਾਰ, ਅੰਡਜ ਜੇਰਜ ਉਤਭੁਜ ਸੇਤਜ ਆਪ ਪਰਗਟਾਇੰਦਾ। ਹੁਕਮੇ ਅੰਦਰ ਚਾਰੇ ਬਾਣੀ ਕਰ ਤਿਆਰ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਇੰਦਾ। ਹੁਕਮੇ ਅੰਦਰ ਚਾਰੇ ਵਰਨ ਕਰ ਸ਼ੰਗਾਰ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਰੰਗ ਰੰਗਾਇੰਦਾ। ਹੁਕਮੇ ਅੰਦਰ ਚਾਰ ਜੁਗ ਵੇਖ ਅਖਾੜ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੰਡ ਵੰਡਾਇੰਦਾ। ਹੁਕਮੇ ਅੰਦਰ ਨਿਰਗੁਣ ਸਰਗੁਣ ਲਏ ਅਵਤਾਰ, ਜੁਗ ਜੁਗ ਵੇਸ ਵਟਾਇੰਦਾ। ਹੁਕਮੇ ਅੰਦਰ ਪਰਗਟ ਹੋ ਵਿਚ ਸੰਸਾਰ, ਆਪਣਾ ਰਾਹ ਚਲਾਇੰਦਾ। ਹੁਕਮੇ ਅੰਦਰ ਭਗਤ ਭਗਵੰਤ ਲਏ ਉਭਾਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਹੁਕਮੇ ਅੰਦਰ ਸੰਤ ਸਤਿ ਕਰ ਤਿਆਰ, ਦਰ ਘਰ ਸਾਚੇ ਆਪ ਬਹਾਇੰਦਾ। ਹੁਕਮੇ ਅੰਦਰ ਗੁਰਮੁਖਾਂ ਖੋਲ੍ਹ ਬੰਦ ਕਿਵਾੜ, ਆਪਣਾ ਪਰਦਾ ਆਪ ਉਠਾਇੰਦਾ। ਹੁਕਮੇ ਅੰਦਰ ਗੁਰਸਿਖ ਬਹਾਏ ਸਚ ਦਵਾਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਹੁਕਮੇ ਅੰਦਰ ਜੁਗ ਚੌਕੜੀ ਕਰੇ ਪਾਰ, ਥਿਰ ਕੋਇ ਰਹਿਣ ਨਾ ਪਾਇੰਦਾ। ਹੁਕਮੇ ਅੰਦਰ ਤ੍ਰੈਗੁਣ ਮਾਇਆ ਭਰ ਭੰਡਾਰ, ਲੱਖ ਚੁਰਾਸੀ ਬੰਧਨ ਪਾਇੰਦਾ। ਹੁਕਮੇ ਅੰਦਰ ਸਾਚੀ ਕਾਰ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਹੁਕਮੇ ਅੰਦਰ ਕਲਜੁਗ ਵੇਖੇ ਅੰਤਮ ਵਾਰ, ਨੇਰਨ ਨੇੜੇ ਨਜ਼ਰ ਆਇੰਦਾ। ਲੇਖਾ ਜਾਣੇ ਸ਼ਾਹ ਫ਼ਕੀਰ, ਹਕ਼ੀਕ਼ਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਇਕ ਹੋ ਆਇੰਦਾ। ਸਤਿਗੁਰ ਪੂਰਾ ਹਰਿ ਕਰਤਾਰ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਜੁਗਾ ਜੁਗੰਤਰ ਲੈ ਅਵਤਾਰ, ਲੋਕਮਾਤ ਕਰੇ ਰੁਸ਼ਨਾਈਆ। ਨਾਨਕ ਗੋਬਿੰਦ ਏਕਾ ਧਾਰ, ਜੋਤੀ ਜੋਤ ਡਗਮਗਾਈਆ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਅਗੰਮ ਅਗੰਮੜਾ ਵੇਖ ਵਖਾਈਆ। ਚਾਰੋਂ ਕੁੰਟ ਹੋਇਆ ਅੰਧ ਅੰਧਿਆਰ, ਰੈਣ ਅੰਧੇਰੀ ਛਾਈਆ। ਸ੍ਰਿਸ਼ਟ ਸਬਾਈ ਹੋਏ ਵਿਭਚਾਰ, ਸਤਿ ਸਤਿ ਨਾ ਕੋਈ ਵਡਿਆਈਆ। ਨਾਤਾ ਤੁਟੇ ਪੁਰਖ ਨਾਰ, ਨਾਰ ਕੰਤ ਨਾ ਕੋਈ ਅਖਵਾਈਆ । ਮਾਤ ਪਿਤ ਨਾ ਕੋਈ ਪਿਆਰ, ਪਿਤਾ ਪੂਤ ਨਾ ਕੋਈ ਵਡਿਆਈਆ। ਜੀਵ ਜੰਤ ਹੋਣ ਖ਼ਵਾਰ, ਧੀਰਜ ਧੀਰ ਨਾ ਕੋਈ ਧਰਾਈਆ। ਸ੍ਰਿਸ਼ਟ ਸਬਾਈ ਹਾਹਾਕਾਰ, ਨੇਤਰ ਨੈਣਾਂ ਨੀਰ ਵਹਾਈਆ। ਕਲਜੁਗ ਵੇਖੇ ਵੇਖਣਹਾਰ, ਆਪਣਾ ਨੇਤਰ ਨੈਣ ਖੁਲ੍ਹਾਈਆ। ਨਾਲ ਰਲਾਇਆ ਮੁਹੰਮਦੀ ਯਾਰ, ਚਾਰ ਯਾਰੀ ਮਤਾ ਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਦਏ ਵਖਾਈਆ। ਸਤਿਗੁਰ ਸਾਚਾ ਇਕ ਅਕੱਲਾ, ਆਦਿ ਜੁਗਾਦਿ ਸਮਾਇਆ। ਵਸਣਹਾਰਾ ਸਚ ਮਹੱਲਾ, ਆਪਣਾ ਨਾਉਂ ਧਰਾਇਆ। ਪਾਵੇ ਸਾਰ ਜਲਾ ਥਲਾ, ਡੂੰਘੀ ਕੰਦਰ ਫੋਲ ਫੁਲਾਇਆ। ਜਨ ਭਗਤਾਂ ਫੜਾਏ ਆਪਣਾ ਪੱਲਾ, ਏਕਾ ਪੱਲੂ ਆਪ ਵਖਾਇਆ। ਇਕ ਵਖਾਏ ਸਾਚਾ ਭੱਲਾ, ਨਾਮ ਨਿਧਾਨਾ ਆਪ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪੇ ਵੇਖ ਵਖਾਇਆ। ਕਲਜੁਗ ਅੰਤਮ ਖੇਲ ਅਪਾਰ, ਪੁਰਖ ਅਬਿਨਾਸ਼ੀ ਵੇਖ ਵਖਾਈਆ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਪਾਵੇ ਸਾਰ, ਬ੍ਰਹਿਮੰਡ ਖੰਡ ਫੋਲ ਫੋਲਾਈਆ। ਸਾਧ ਸੰਤ ਜੀਵ ਜੰਤ ਲਏ ਉਭਾਰ, ਨਿਰਭੌ ਭੈ ਨਾ ਕੋਈ ਜਣਾਈਆ। ਸਾਚਾ ਦਿਸੇ ਨਾ ਕਿਸੇ ਗੁਰੂਦਵਾਰਾ, ਹਰਿ ਕਾ ਮੰਦਰ ਨਜ਼ਰ ਨਾ ਆਈਆ। ਪੜ੍ਹ ਪੜ੍ਹ ਕੂਕ ਕੂਕ ਕਰਨ ਪੁਕਾਰਾ, ਰਸਨਾ ਜਿਹਵਾ ਜਗਤ ਹਿਲਾਈਆ। ਜੂਠ ਝੂਠ ਲਗਾਇਆ ਇਕ ਅਖਾੜਾ, ਮਾਇਆ ਮਮਤਾ ਨਾਚ ਨਚਾਈਆ। ਲੱਗੀ ਅੱਗ ਬਹੱਤਰ ਨਾੜਾ, ਤ੍ਰੈਗੁਣ ਤੱਤ ਰਹੀ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਲਜੁਗ ਅਗਨੀ ਅੱਗ, ਚਾਰ ਕੁੰਟ ਰਹੀ ਜਲਾਇਆ। ਹੰਸ ਹੋਏ ਕੱਗ, ਕਾਗ ਹੰਸ ਰੂਪ ਵਟਾਇਆ। ਅੰਤਮ ਜੋਤ ਨਾ ਗਈ ਜਗ, ਜਗਤ ਜੋਤ  ਨਾ ਕੋਇ ਜਗਾਇਆ। ਦਰਸ ਨਾ ਪਾਇਆ ਉਪਰ ਸ਼ਾਹ ਰਗ, ਰਘੁਪਤ ਨਜ਼ਰ ਕਿਸੇ ਨਾ ਆਇਆ। ਪੀ ਪੀ ਥੱਕੇ ਝੂਠੀ ਮਦਿ, ਆਤਮ ਰਸ ਨਾ ਕਿਸੇ ਪਿਆਇਆ। ਢੋਲਕ ਛੈਣਾ ਵਜਾ ਵਜਾ ਥੱਕੇ ਸਾਜ, ਅਨਹਦ ਨਾਦ ਨਾ ਕਿਸੇ ਸੁਣਾਇਆ। ਬ੍ਰਹਮ ਨਾ ਕੀਤੀ ਪਾਰ ਹੱਦ, ਬ੍ਰਹਮ ਪਾਰਬ੍ਰਹਮ ਨਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਰੂ ਦਏ ਸਮਝਾਇਆ। ਜਗਤ ਗੁਰ ਜਗਤ ਨਾਤਾ, ਆਤਮ ਬ੍ਰਹਮ ਨਾ ਕੋਈ ਜਣਾਈਆ। ਪੜ੍ਹ ਪੜ੍ਹ ਸੁਣਾਵਨ ਜਗਤ ਗਾਥਾ, ਸਾਚਾ ਰੰਗ ਨਾ ਕੋਈ ਚੜ੍ਹਾਈਆ। ਨਾਮ ਨਾ ਦੇਵੇ ਕੋਈ ਦਾਤਾ, ਰਸਨਾ ਜਿਹਵਾ ਹੋਈ ਹਲਕਾਈਆ। ਕਾਇਆ ਮੰਦਰ ਨਾ ਮੇਟੇ ਕੋਈ ਅੰਧੇਰੀ ਰਾਤਾ, ਸਾਚਾ ਚੰਦ ਨਾ ਕੋਈ ਚੜ੍ਹਾਈਆ। ਦਰ ਵਖਾਏ ਨਾ ਕੋਈ ਕਮਲਾਪਾਤਾ, ਕਵਲ ਨੈਣ ਨਜ਼ਰ ਨਾ ਆਈਆ। ਬੰਦ ਨਾ ਖੋਲ੍ਹੇ ਕੋਈ ਤਾਕਾ, ਬੰਦ ਕਿਵਾੜ ਨਾ ਦਏ ਤੁੜਾਈਆ। ਵਸਤ ਸਚ ਨਾ ਵਖਾਏ ਕੋਈ ਹਾਟਾ, ਚੌਦਾਂ ਹੱਟ ਨਾ ਮੋਹ ਚੁਕਾਈਆ। ਕਲਜੁਗ ਖੇਲ ਬਾਜੀਗਰ ਨਾਟਾ, ਸਵਾਂਗੀ ਆਪਣਾ ਸਵਾਂਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਏਕਾ ਏਕ ਅਖਵਾਈਆ। ਚਾਰ ਕੁੰਟ ਗੁਰ ਗੁਰਦੇਵ, ਇਸ਼ਟ ਇਸ਼ਟ ਆਪ ਅਖਵਾਈਆ। ਮਾਨਸ ਦੇਹ ਕਰਾਵਨ ਸੇਵ, ਪਾਰਬ੍ਰਹਮ ਨਾ ਕੋਈ ਵਡਿਆਈਆ। ਰਸਨਾ ਵਾਸਨਾ ਗਾਇਣ ਜਿਹਵ, ਜਪਤ ਜਪਤ ਨਾ ਸੁਖ ਪਾਈਆ। ਅੰਤਰ ਮਿਲੇ ਨਾ ਆਤਮ ਮੇਵ, ਅੰਮ੍ਰਿਤ ਫਲ ਨਾ ਕੋਈ ਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਸੱਚਾ ਹਰਿ, ਸਤਿਗੁਰ ਸੱਚਾ ਰੂਪ ਵਟਾਈਆ। ਏਕਾ ਰੂਪ ਵਟਾਏ ਨਰ, ਨਰ ਨਰਾਇਣ ਵਡੀ ਵਡਿਆਈਆ। ਕਲਜੁਗ ਅੰਤਮ ਵੇਖੇ ਘਰ, ਘਰ ਨਵ ਨੌਂ ਫੇਰਾ ਪਾਈਆ। ਭੇਖੀ ਪਖੰਡੀ ਲਏ ਫੜ, ਬਿਨ ਹਰਿ ਨਾਮੇ ਗੁਰੂ ਕੋਈ ਰਹਿਣ ਨਾ ਪਾਈਆ। ਸੋ ਸਤਿਗੁਰ ਜੋ ਸਚ ਮਹੱਲੇ ਬੈਠਾ ਚੜ੍ਹ, ਤਖ਼ਤ ਨਿਵਾਸੀ ਤਖ਼ਤ ਰਿਹਾ ਸੁਹਾਈਆ। ਨਿਸ਼ਅੱਖਰ ਬਾਣੀ ਰਿਹਾ ਪੜ੍ਹ, ਪਿਛਲੀ ਕਰੇ ਨਾ ਕੋਈ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਦਏ ਮਿਟਾਈਆ। ਝੂਠਾ ਗੁਰੂ ਜਗਤ ਜੁਗ ਨਾਤਾ, ਜੀਵ ਜੀਵਾਂ ਨਾਲ ਬੰਧਾਇੰਦਾ। ਅੰਤਮ ਵੇਖੇ ਨਾਰ ਕਮਜ਼ਾਤਾ, ਦੁਹਾਗਣ ਰੂਪ ਮਾਤ ਵਟਾਈਆ। ਪ੍ਰਭ ਮਿਲੇ ਨਾ ਸੱਜਣ ਸਾਕਾ, ਦੇਵੇ ਦਰਸ ਨਾ ਹਰਿ ਰਘੁਰਾਇਆ। ਜਿਸ ਆਪਣੀ ਪੂਰੀ ਹੋਈ ਨਾ ਆਸਾ, ਦੂਸਰਾ ਬੇੜਾ ਪਾਰ ਕਿਵਾਂ ਕਰਾਇਆ। ਸਤਿਗੁਰ ਪੂਰਾ ਏਕਾ ਦੇਵੇ ਸਾਚਾ ਭਰਵਾਸਾ, ਦਰ ਦਵਾਰਾ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚੇ ਹਰਿ, ਸਤਿਗੁਰੂ ਇਕ ਵਡਿਆਇਆ। ਸਤਿਗੁਰ ਵੱਡਾ ਆਦਿ ਜੁਗਾਦਿ, ਜੁਗ ਜੁਗ ਖੇਲ ਕਰਾਇੰਦਾ। ਵੇਖ ਵਖਾਏ ਬ੍ਰਹਮ ਬ੍ਰਹਿਮਾਦਿ, ਪਾਰਬ੍ਰਹਮ ਰੂਪ ਵਟਾਇੰਦਾ। ਗ੍ਰਹਿ ਗ੍ਰਹਿ ਘਰ ਘਰ ਮੰਦਰ ਅੰਦਰ ਵਜਾਏ ਨਾਦ, ਨਾਦ ਅਨਾਦੀ ਆਪ ਰਖਾਇੰਦਾ। ਮੇਲ ਮਿਲਾਏ ਮੋਹਣ ਮਾਧਵ ਮਾਧ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਰੰਗ ਵਖਾਇੰਦਾ। ਜਨ ਭਗਤਾਂ ਸੁਣੇ ਸਦਾ ਫ਼ਰਯਾਦ, ਦਿਵਸ ਰੈਣ ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਖੇਲ ਖਿਲਾਇੰਦਾ। ਸਤਿਗੁਰ ਏਕਾ ਏਕ ਓਟ, ਏਕਾ ਆਸ ਰਖਾਈਆ। ਗੁਰਸਿਖਾਂ ਕੱਢੇ ਝੂਠਾ ਖੋਟ, ਦੂਈ ਦਵੈਤੀ ਰਹਿਣ ਨਾ ਪਾਈਆ। ਨਾਮ ਭੰਡਾਰਾ ਭਰੇ ਪੋਟ, ਅਤੁਟ ਭੰਡਾਰ ਵਰਤਾਈਆ। ਕਾਇਆ ਗੜ੍ਹ ਵੇਖੇ ਕੋਟ, ਗੜ੍ਹ ਬੰਕ ਫੋਲ ਫੁਲਾਈਆ। ਨਿਰਮਲ ਜਗਾਏ ਆਪਣੀ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਨਾਮ ਜਪਾਏ ਬਿਨ ਰਸਨਾ ਜਿਹਵ, ਅਜਪਾ ਜਾਪ ਇਕ ਸਮਝਾਈਆ। ਅੰਤ ਨੇੜ ਨਾ ਆਏ ਲਾੜੀ ਮੌਤ, ਰਾਏ ਧਰਮ ਨਾ ਦਏ ਸਜ਼ਾਈਆ। ਨਾਰ ਵਰੇ ਹਰਿ ਸਾਚਾ ਖੌਂਂਤ, ਨਰਾਇਣ ਏਕਾ ਘਰ ਸੋਭਾ ਪਾਈਆ। ਝੂਠੇ ਗੁਰੂ ਜਾਣੇ ਔਂਤ, ਓਤ ਪੋਤ ਨਾ ਕੋਈ ਬਣਾਈਆ। ਗੁਰਮੁਖ ਵਿਰਲੇ ਜਾਨਣ ਝੂਠੇ ਮੋਹਿਤ, ਕਵਣ ਵੇਲਾ ਸਤਿਗੁਰ ਪੂਰਾ ਲੈਣ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਆਪਣਾ ਨਾਉਂ ਲਏ ਪਰਗਟਾਈਆ। ਪਰਗਟ ਹੋ ਪੁਰਖ ਅਕਾਲਾ, ਸਤਿਗੁਰ ਆਪਣਾ ਭੇਵ ਖੁਲਾਈਆ। ਜੁਗ ਚਲੇ ਅਵੱਲੜੀ ਚਾਲਾ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਲੇਖਾ ਜਾਣੇ ਕਾਲ ਮਹਾਕਾਲਾ, ਮਹਾਂਬਲੀ ਵਡ ਵਡਿਆਈਆ। ਦੋ ਜਹਾਨ ਵਜਾਏ ਤਾਲਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਸੁਣਾਈਆ। ਚਾਰ ਵਰਨਾਂ ਦੱਸੇ ਰਾਹ ਸੁਖਾਲਾ, ਊਚ ਨੀਚ ਨਾ ਕੋਈ ਜਣਾਈਆ। ਅੰਤਰ ਆਤਮ ਪਾਏ ਸਾਚੀ ਮਾਲਾ, ਮਨਕਾ ਮਣਕਾ ਆਪ ਭਵਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਆਪਣੇ ਰੰਗ ਦਏ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਏਕਾ ਹਰਿ, ਹਰਿਜਨ ਸਾਚੇ ਲਏ ਮਿਲਾਈਆ। ਸਤਿਗੁਰ ਪੂਰਾ ਵਸੇ ਏਕਾ ਘਰ, ਘਰ ਸੁਹੰਜਣਾ ਸੋਭਾ ਪਾਇੰਦਾ। ਆਦਿ ਜੁਗਾਦਿ ਨਿਰਭੌ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਈ ਰਖਾਇੰਦਾ। ਸੰਤ ਸੁਹੇਲੇ ਲਏ ਫੜ, ਗੁਰ ਚੇਲੇ ਮੇਲ ਮਿਲਾਇੰਦਾ। ਲੇਖਾ ਜਾਣੇ ਨਾਰੀ ਨਰ, ਪਰਦਾ ਆਪ ਚੁਕਾਇੰਦਾ। ਦਰਸ ਦਿਖਾਏ ਅਗੇ ਖੜ, ਜਿਸ ਜਨ ਆਪਣੀ ਦੱਯਾ ਕਮਾਇੰਦਾ। ਗੋਬਿੰਦ ਪੱਲੂ ਲਏ ਫੜ, ਨਾਨਕ ਨਾਲ ਮਿਲਾਇੰਦਾ। ਗੁਰਸਿਖ ਵੇਖੇ ਆਪਣੇ ਘਰ, ਘਰ ਘਰ ਵਿਚ ਸੋਭਾ ਪਾਇੰਦਾ। ਝੂਠੇ ਗੁਰੂਆਂ ਚੁੱਕੇ ਡਰ, ਜਿਸ ਸਤਿਗੁਰ ਸੱਚਾ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੂਠ ਝੂਠ ਪਖੰਡ ਕਲਜੁਗ ਅੰਤਮ ਕਰੇ ਰੰਡ, ਆਪਣਾ ਹੁਕਮ ਆਪ ਵਰਤਾਇੰਦਾ। ਜੂਠ ਝੂਠ ਕਰੇ ਦੂਰ, ਕਲਜੁਗ ਅੰਤਮ ਪੰਧ ਮੁਕਾਈਆ। ਨਾਤਾ ਤੋੜੇ ਕੂੜੋ ਕੂੜ, ਕੂੜ ਕਿਰਿਆ ਦਏ ਮਿਟਾਈਆ। ਪਰਗਟ ਹੋਇਆ ਹਾਜ਼ਰ ਹਜ਼ੂਰ, ਹਰਿ ਆਪਣਾ ਰੂਪ ਧਰਾਈਆ। ਨਿਰਗੁਣ ਦੇਵੇ ਸਾਚਾ ਨੂਰ, ਨੂਰ ਨੁਰਾਨਾ ਡਗਮਗਾਈਆ। ਆਤਮ ਧੁਨ ਸਾਚੀ ਤੂਰ, ਤੁਰੀਆ ਨਾਦ ਆਪ ਵਜਾਈਆ। ਸਤਿਗੁਰ ਪੂਰਾ ਆਸਾ ਮਨਸਾ ਪੂਰ, ਮਨ ਮਨਸਾ ਦਏ ਖਪਾਈਆ। ਜਗਤ ਵਿਕਾਰਾ ਕਰੇ ਚੂਰੋ ਚੂਰ, ਨਾਮ ਖੰਡਾ ਇਕ ਚਮਕਾਈਆ। ਜਿਸ ਜਨ ਬਖ਼ਸ਼ੇ ਚਰਨ ਧੂੜ, ਜੋਤ ਲਿਲਾਟੀ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਗੁਰ ਪੂਰਾ ਕਰੇ ਆਪ ਰੁਸ਼ਨਾਈਆ। ਸਤਿਗੁਰ ਪੂਰਾ ਕਰੇ ਚਾਨਨ, ਚੰਦ ਚਾਂਦਨੀ ਮੁਖ ਸ਼ਰਮਾਇੰਦਾ। ਤੀਰ ਨਿਰਾਲਾ ਮਾਰੇ ਬਾਨਣ, ਅਣਿਆਲਾ ਤੀਰ ਚਲਾਇੰਦਾ। ਏਕਾ ਰਾਗ ਸੁਣਾਏ ਕਾਨ, ਰਾਗ ਨਾਦਿ ਭੇਵ ਨਾ ਆਇੰਦਾ। ਗੁਰਮੁਖ ਗੁਰਸਿਖ ਦਰਸ ਦਿਖਾਏ ਆਪਣੇ ਆਮ੍ਹਣੋ ਸਾਮ੍ਹਣ, ਨੇਤਰ ਨੈਣਾਂ ਨਾਲ ਮਿਲਾਇੰਦਾ। ਏਥੇ ਉਥੇ ਹੋਏ ਜ਼ਾਮਨ, ਆਪਣਾ ਪੱਲੂ ਆਪ ਫੜਾਇੰਦਾ। ਆਪੇ ਕ੍ਰਿਸ਼ਨਾ ਆਪੇ ਰਾਮਨ, ਆਪੇ ਨਾਨਕ ਗੋਬਿੰਦ ਖੇਲ ਖਿਲਾਇੰਦਾ। ਆਪੇ ਈਸਾ ਮੂਸਾ ਸੰਗ ਮੁਹੰਮਦ ਦਏ ਪੈਗ਼ਾਮਨ, ਕਲਮਾ ਕਲਾਮ ਆਪ ਜਣਾਇੰਦਾ। ਆਪੇ ਸ਼ਤਰੀ ਸ਼ੂਦਰ ਵੈਸ਼ ਬ੍ਰਹਿਮਣ, ਜਾਤ ਪਾਤ ਨਾ ਕੋਈ ਰਖਾਇੰਦਾ, ਆਪੇ ਕਰੇ ਅੰਤਮ ਧਿਆਨਨ, ਧਿਆਨ ਧਿਆਨ ਵਿਚ ਮਿਲਾਇੰਦਾ। ਆਪੇ ਹੋਏ ਘਟ ਘਟ ਜਾਨਨ, ਅੰਤਰਜਾਮੀ ਨਾਉਂ ਧਰਾਇੰਦਾ। ਆਪੇ ਮੇਟੇ ਕਲਜੁਗ ਰੈਣ ਅੰਧੇਰੀ ਸ਼ਾਮਨ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੀ ਖੇਲ ਖਿਲਾਇੰਦਾ। ਸਤਿਗੁਰ ਖੇਲ ਕਰੇ ਅਪਾਰ, ਆਪਣੀ ਖੇਲ ਖਿਲਾਈਆ। ਨਿਰਗੁਣ ਨਿਰਗੁਣ ਲਏ ਅਵਤਾਰਾ, ਜੋਤੀ ਜੋਤ ਦਏ ਰੁਸ਼ਨਾਈਆ। ਸੰਬਲ ਨਗਰ ਧਾਮ ਨਿਆਰਾ, ਸਤਿਗੁਰ ਸਾਚਾ ਆਸਣ ਲਾਈਆ। ਨਾਮ ਖੰਡਾ ਤੇਜ ਕਟਾਰਾ, ਚੰਡ ਪਰਚੰਡ ਰਿਹਾ ਚਮਕਾਈਆ। ਲੇਖਾ ਜਾਣੇ ਦੋ ਜਹਾਨ, ਦੋ ਜਹਾਨਾਂ ਵਾਲੀ ਵੇਸ ਵਟਾਈਆ। ਕਾਗਦ ਕ਼ਲਮ ਨਾ ਲਿਖਣਹਾਰ, ਸਮੁੰਦ ਸਾਗਰ ਮਸ ਰੋਵੇ ਨੇਤਰ ਨੈਣਾਂ ਨੀਰ ਵਹਾਈਆ। ਬੇਅੰਤ ਬੇਅੰਤ ਬੇਅੰਤ ਕਹਿ ਕਹਿ ਗਏ ਸਰਬ ਪੁਕਾਰ, ਸਤਿਗੁਰ ਭੇਵ ਕੋਈ ਨਾ ਪਾਈਆ। ਆਦਿ ਅੰਤ ਆਪੇ ਜਾਣੇ ਆਪਣੀ ਧਾਰ, ਜੁਗ ਜੁਗ ਧਾਰਾ ਧਾਰ ਵਿਚ ਵਖਾਈਆ। ਨਿਹਕਲੰਕ ਨਰਾਇਣ ਨਰ ਅਵਤਾਰ, ਕਲਜੁਗ ਅੰਤਮ ਵਾਰ, ਸਤਿਗੁਰ ਸੱਚਾ ਇਕ ਹੋ ਜਾਈਆ। ਰਾਜ ਰਾਜਾਨਾ ਸ਼ਾਹ ਸੁਲਤਾਨਾ ਕਰੇ ਪਿਆਰ, ਏਕਾ ਘਰ ਦਏ ਵਖਾਈਆ। ਲੇਖਾ ਜਾਣੇ ਮੰਦਰ ਮਸਜਿਦ ਮਠ ਸ਼ਿਵਦਵਾਲਾ ਗੁਰੂਦਵਾਰ, ਤੀਰਥ ਤਟ ਫੋਲ ਫੁਲਾਈਆ। ਚੌਦਾਂ ਹੱਟਾਂ ਪਾਵੇ ਸਾਰ, ਚੌਦਾਂ ਤਬਕਾਂ ਖੋਲ੍ਹ ਕਿਵਾੜ, ਭੇਵ ਅਭੇਦ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਸਾਚਾ ਘਰ, ਸਤਿਗੁਰ ਬੈਠਾ ਆਸਣ ਲਾਈਆ। ਘਰ ਵਿਚ ਘਰ ਘਰ ਵਿਚ ਆਸਣ, ਸਤਿਗੁਰ ਸੋਭਾ ਪਾਇੰਦਾ। ਕਰੇ ਖੇਲ ਪੁਰਖ ਅਬਿਨਾਸ਼ਨ, ਦਰ ਦਰ ਆਪਣਾ ਰੂਪ ਵਟਾਇੰਦਾ। ਜੋ ਜਨ ਪ੍ਰਭ ਸਾਚੇ ਦੀ ਰੱਖੇ ਆਸਣ, ਤਿਸ ਜਨ ਆਪਣਾ ਮੇਲ ਮਿਲਾਇੰਦਾ। ਨਿਜ ਘਰ ਆਤਮ ਕਰ ਕਰ ਵਾਸਣ, ਆਪਣੀ ਆਸਾ ਵਿਚ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਵਖਾਏ ਸਾਚਾ ਘਰ, ਸਾਚਾ ਮੰਦਰ ਆਪ ਸੁਹਾਇੰਦਾ। ਸਾਚਾ ਮੰਦਰ ਉਚ ਅਟਾਰੀ, ਅਟਲ ਮਹੱਲ ਬਣਾਇਆ। ਏਕਾ ਵਸੇ ਜੋਤ ਨਿਰੰਕਾਰੀ, ਪੁਰਖ ਅਕਾਲ ਖੇਲ ਖਿਲਾਇਆ। ਕਲਜੁਗ ਆਈ ਅੰਤਮ ਵਾਰੀ, ਚਾਰੋਂ ਕੁੰਟ ਅੰਧੇਰਾ ਛਾਇਆ। ਭੇਖ ਪਖੰਡਾ ਹੋਈ ਸਿਕਦਾਰੀ, ਜੂਠਾ ਝੂਠਾ ਡੌਰੂ ਡੰਕਾ ਰਿਹਾ ਵਜਾਇਆ। ਪਰਗਟ ਹੋਏ ਨਰ ਨਿਰੰਕਾਰੀ, ਨਿਹਕਲੰਕ ਨਾਉਂ ਰਖਾਇਆ । ਕਲਜੁਗ ਅੰਤਮ ਹੱਥ ਫੜੇ ਸ਼ਬਦ ਕਟਾਰੀ, ਲੁਹਾਰ ਤਰਖਾਨ ਨਾ ਕੋਈ ਘੜਾਇਆ। ਨੌਂ ਖੰਡ ਪ੍ਰਿਥਮੀ ਮਾਰੇ ਏਕਾ ਵਾਰੀ, ਸਭ ਦਾ ਕਰੇ ਸਫ਼ਾਇਆ। ਸਦਾ ਸਦਾ ਸੱਚੇ ਸਤਿਗੁਰ ਸਦਾ ਬਲਹਾਰੀ, ਜਿਸ ਏਹ ਖੇਲ ਖਿਲਾਇਆ। ਆਦਿ ਜੁਗਾਦਿ ਜੁਗਾ ਜੁਗੰਤਰ ਇਕ ਅਕੱਲਾ ਏਕੰਕਾਰੀ, ਸਤਿਗੁਰ ਗੁਰ ਸਤਿਗੁਰ ਵੇਸ ਵਟਾਇਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਫੜ ਫੜ ਜਾਏ ਤਾਰੀ, ਤਾਰਨਹਾਰ ਦਇਆ ਕਮਾਇਆ। ਆਪਣੇ ਘਰ ਜਾਏ ਵਾੜੀ, ਰਾਹ ਵਿਚ ਨਾ ਕੋਈ ਅਟਕਾਇਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰੀ, ਰਸਨਾ ਜਿਹਵਾ ਰਹੇ ਜਸ ਗਾਇਆ। ਮਨਮੁਖ ਝੂਠੇ ਦਰ ਰਹੇ ਝਖ ਮਾਰੀ, ਗੁਰ ਮਤ ਬਿਨ ਸੱਚੇ ਸਤਿਗੁਰ ਦੂਸਰ ਅਵਰ ਨਾ ਕੋਈ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਖਾਏ ਏਕਾ ਘਰ, ਘਰ ਸੱਚਾ ਆਪ ਵਡਿਆਇਆ। …………………………………….