ਰਾਸ਼ਟਰਪਤੀ ਅਤੇ ਪੰਡਤ ਨਹਿਰੂ ਨੂੰ ਸ਼ਬਦ ਭੇਜਿਆ
ਰਾਸ਼ਟਰਪਤ ਮਾਰ ਧਿਆਨ, ਤ੍ਰੈਗੁਣ ਅਤੀਤਾ ਕਰੇ ਜਣਾਈਆ। ਲੋਕਮਾਤ ਬਣਾਏ ਸਚ ਨਿਸ਼ਾਨ, ਸਚ ਨਿਸ਼ਾਨਾ ਇਕ ਸਮਝਾਈਆ। ਛੱਤੀ ਜੁਗ ਦੀ ਚੁੱਕੇ ਆਣ, ਛੱਤੀ ਛੱਤੀ ਬੰਧਨ ਪਾਈਆ। ਚਾਰ ਵਰਨ ਕਰੇ ਪਰਵਾਨ, ਜ਼ਾਤ ਪਾਤ ਭੇਵ ਮਿਟਾਈਆ। ਨੌਂ ਖੰਡ ਪ੍ਰਿਥਮੀ ਦੇਵੇ ਇਕ ਗਿਆਨ, ਸੋਹੰ ਸ਼ਬਦ ਕਰੇ ਪੜ੍ਹਾਈਆ। ਪਹਿਲੀ ਚੇਤ ਜਿਸ ਤਲਵਾਰ ਨਾ ਰੱਖੀ ਵਿਚ ਮਿਆਨ, ਸਚ ਵਸਤ ਗਿਆ ਹੱਥ ਫੜਾਈਆ। ਸੋ ਸਾਹਿਬ ਪਰਗਟ ਹੋਇਆ ਆਣ, ਵਿਸ਼ਨੂੰ ਭਗਵਾਨ ਨਾਉਂ ਧਰਾਈਆ। ਜਿਸ ਦੀ ਮੰਨਣੀ ਪਏ ਆਣ, ਲੁਕਿਆ ਕੋਇ ਰਹਿਣ ਨਾ ਪਾਈਆ। ਅੰਤਮ ਦੇਵੇ ਇਕ ਫ਼ਰਮਾਨ, ਹੁਕਮੀ ਹੁਕਮ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ ਰਿਹਾ ਪੁਚਾਈਆ। ਸਤਿਜੁਗ ਬਣੇ ਸਚ ਨਿਸ਼ਾਨਾ, ਸ੍ਰੀ ਭਗਵਾਨ ਆਪ ਬਣਾਇੰਦਾ। ਕਲਜੁਗ ਮਿਟੇ ਕੂੜ ਜਹਾਨਾ, ਕੂੜ ਪਰਜਾ ਕੂੜ ਰਾਜਾ ਸਤਿ ਨਜ਼ਰ ਕੋਇ ਨਾ ਆਇੰਦਾ। ਭਗਤ ਭਗਵੰਤ ਬੰਨ੍ਹੇ ਨਾਮ ਗਾਨਾ, ਸਾਚਾ ਤੰਦ ਇਕ ਵਖਾਇੰਦਾ। ਨਿਰਗੁਣ ਨਿਰਗੁਣ ਹੋ ਪਰਧਾਨਾ, ਸਰਗੁਣ ਸਰਗੁਣ ਵੇਖ ਵਖਾਇੰਦਾ । ਛੱਬੀ ਪੋਹ ਦਿਵਸ ਮਹਾਨਾ, ਜੋਤੀ ਜਾਤਾ ਆਪ ਸਮਝਾਇੰਦਾ। ਬਹੱਤਰ ਭਗਤ ਕਰੇ ਪਰਧਾਨਾ, ਚਾਰ ਜੁਗ ਦਾ ਲੇਖਾ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਜਣਾਇੰਦਾ। ਸਾਚਾ ਹੁਕਮ ਸ੍ਰੀ ਭਗਵੰਤ, ਨਿਰਭੈ ਹੋ ਜਣਾਈਆ। ਸਰਬ ਜੀਆਂ ਦਾ ਏਕਾ ਕੰਤ, ਏਕਾ ਹੱਥ ਵਡਿਆਈਆ । ਕਲਜੁਗ ਆਇਆ ਅੰਤਮ ਅੰਤ, ਲੋਕਮਾਤ ਰਹਿਣ ਨਾ ਪਾਈਆ। ਜਗਤ ਖ਼ਵਾਰੀ ਝੂਠੀ ਬਣਤ, ਬਿਨ ਹਰਿ ਨਾਮ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਦਏ ਵਖਾਈਆ। ਏਕਾ ਅੱਖਰ ਜਗਤ ਮਲਾਹ, ਖੇਵਟ ਖੇਟਾ ਆਪ ਸਮਝਾਇੰਦਾ। ਪੰਡਤ ਨਹਿਰੂ ਨਾਲ ਕਰ ਸਲਾਹ, ਕਵਣ ਲਿਖ ਲਿਖ ਲੇਖ ਪੁਚਾਇੰਦਾ। ਕਵਣ ਬਣੇ ਅੰਤ ਮਲਾਹ, ਬੇੜਾ ਪਾਰ ਕਰਾਇੰਦਾ। ਕਵਣ ਨਦੀਆਂ ਥਲ ਵੇਖੇ ਅਸਗਾਹ, ਸਮੁੰਦ ਸਾਗਰ ਫੇਰਾ ਪਾਇੰਦਾ। ਕਵਣ ਚਾਰ ਵਰਨ ਪਕੜੇ ਬਾਂਹ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਕਵਣ ਜਪਾਏ ਸੱਚਾ ਨਾਂ, ਸੋਹੰ ਆਤਮ ਪਰਮਾਤਮ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਧਰਾਇੰਦਾ। ਰੂਪ ਧਰੇ ਹਰਿ ਨਿਰੰਕਾਰ, ਨਿਹਕਲੰਕ ਨਾਉਂ ਰਖਾਈਆ। ਪੰਡਤ ਪਾਂਧੇ ਕਰਨ ਵਿਚਾਰ, ਸ਼ਾਸਤਰ ਸਿਮਰਤ ਭੇਵ ਨਾ ਰਾਈਆ। ਸਤਿਜੁਗ ਨੀਂਹ ਰਿਹਾ ਉਸਾਰ, ਸਾਚੇ ਭਗਤਾਂ ਸੇਵਾ ਲਾਈਆ। ਸੰਬਲ ਬਣੇ ਧਾਮ ਨਿਆਰ, ਚਵ੍ਹੀਂ ਹੱਥ ਨਿਸ਼ਾਨ ਝੁਲਾਈਆ। ਛੱਤੀ ਫੁੱਟ ਬਣੇ ਮਨਾਰ, ਚਾਰ ਕੁੰਟ ਦੀਵਾਰ ਜਣਾਈਆ। ਅੰਦਰ ਬਹੇ ਸੱਚੀ ਸਰਕਾਰ, ਸਾਢੇ ਤਿੰਨ ਹੱਥ ਸੇਵ ਕਮਾਈਆ। ਸੇਵਾ ਕਰ ਲੈ ਅੰਤਮ ਵਾਰ, ਵੇਲਾ ਗਿਆ ਹੱਥ ਨਾ ਆਈਆ। ਭਗਤ ਭਗਵੰਤ ਜੁਗ ਜੁਗ ਕਰੇ ਖ਼ਬਰਦਾਰ, ਨਾਮ ਹਲੂਣਾ ਏਕਾ ਲਾਈਆ। ਦਰ ਆ ਕੇ ਦੇ ਗਿਆ ਤਲਵਾਰ, ਸੀਸ ਆਪਣੇ ਤਾਜ ਟਿਕਾਈਆ। ਚੁਰਾਸੀ ਕਲਿਆਂ ਕਰ ਸ਼ਿੰਗਾਰ, ਲੱਖ ਚੁਰਾਸੀ ਆਪਣੇ ਨਾਲ ਬੰਧਾਈਆ। ਛੱਬੀ ਪੋਹ ਕਲਜੁਗ ਜੜ੍ਹ ਦਏ ਉਖਾੜ, ਸਤਿਜੁਗ ਸਾਚਾ ਬੂਟਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਹੱਤਰ ਸਿੱਖਾਂ ਏਕਾ ਵਾਰ, ਏਕਾ ਸੇਵ ਇਕੋ ਇਕ ਸਮਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਜਗਤ ਮਹਾਨ, ਰਾਸ਼ਟਰਪਤ ਪੰਡਤ ਨਹਿਰੂ ਕਰ ਧਿਆਨ, ਇਕ ਦੂਜੇ ਨਾਲ ਮਿਲ ਮਿਲ ਸਚ ਸਲਾਹੀਆ।
