੧੭ ਜੇਠ ੨੦੧੮ ਬਿਕ੍ਰਮੀ ਸਾਹਿਬ ਸਿੰਘ ਰਸਾਲ ਸਿੰਘ ਦੇ ਗ੍ਰਹਿ ਮਨਾਵਰ ਜੰਮੂ
ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਕਲਜੁਗ ਅੰਤਮ ਵੇਖ ਵਖਾਈਆ। ਜੁਗਾ ਜੁਗੰਤਰ ਖੇਲ ਅਪਾਰ, ਨਿਰਗੁਣ ਸਰਗੁਣ ਰੂਪ ਧਰਾਈਆ। ਗੁਰ ਗੁਰ ਲੈ ਮਾਤ ਅਵਤਾਰ, ਲੱਖ ਚੁਰਾਸੀ ਜੀਵਾਂ ਜੰਤਾਂ ਏਕਾ ਮੰਤਰ ਨਾਮ ਦ੍ਰਿੜਾਈਆ। ਕਲਜੁਗ ਅੰਤਮ ਖੇਲ ਅਪਾਰ, ਪੁਰਖ ਅਬਿਨਾਸ਼ੀ ਆਪ ਕਰਾਈਆ। ਪੰਜ ਤੱਤ ਕਾਇਆ ਚੋਲਾ ਕਰ ਪਸਾਰ, ਸਿੰਘ ਸ਼ੇਰ ਨਾਉਂ ਰਖਾਈਆ। ਅੰਤਮ ਨਾਤਾ ਤੋੜ ਸਰਬ ਸੰਸਾਰ, ਜੋਤੀ ਜੋਤ ਜੋਤ ਮਿਲਾਈਆ। ਸਚਖੰਡ ਨਿਵਾਸੀ ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸਚ ਸਿੰਘਾਸਣ ਆਸਣ ਸੋਭਾ ਪਾਈਆ। ਇਕ ਇਕੱਲਾ ਅਗੰਮ ਅਪਾਰ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਬੇਅੰਤ ਠਾਕਰ ਸਵਾਮੀ ਨਿਹਕਰਮੀ ਆਪਣਾ ਕਰਮ ਕਮਾਈਆ। ਜੋਤੀ ਜਾਤਾ ਪੁਰਖ ਬਿਧਾਤਾ ਏਕੰਕਾਰਾ ਹਰਿ ਨਿਰੰਕਾਰਾ, ਆਪਣਾ ਮੰਦਰ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਈਆ। ਕਰੇ ਖੇਲ ਸ੍ਰੀ ਭਗਵਾਨਾ, ਰੂਪ ਅਨੂਪ ਵਟਾਇੰਦਾ। ਸਿੰਘ ਸ਼ੇਰ ਪੰਜ ਤੱਤ ਮਕਾਨਾ, ਕਲਜੁਗ ਅੰਤਮ ਮੇਟ ਮਿਟਾਇੰਦਾ। ਨਿਰਗੁਣ ਘਰ ਨਿਰਗੁਣ ਹੋ ਪਰਧਾਨਾ, ਨਿਰਗੁਣ ਆਪਣੇ ਰੰਗ ਸਮਾਇੰਦਾ। ਪਾਰਬ੍ਰਹਮ ਪੁਰਖ ਸੁਲਤਾਨਾ, ਸ਼ਾਹ ਪਾਤਸ਼ਾਹ ਆਪਣਾ ਖੇਲ ਖਿਲਾਇੰਦਾ। ਲੇਖਾ ਜਾਣੇ ਦੋ ਜਹਾਨਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਗਗਨ ਪਾਤਾਲਾਂ ਜ਼ਿਮੀਂ ਅਸਮਾਨਾਂ ਉਤਭੁਜ ਸੇਤਜ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਇੰਦਾ। ਵੇਸ ਵਟਾਏ ਹਰਿ ਕਰਤਾਰਾ, ਰੂਪ ਅਨੂਪ ਵਟਾਈਆ। ਸ਼ੇਰ ਸਿੰਘ ਹਰਿ ਕਾ ਨਾਉਂ ਵਡ ਬਲਕਾਰਾ, ਸਿੰਘ ਸ਼ੇਰ ਹਰਿ ਆਪ ਅਖਵਾਈਆ। ਰੂਪ ਰੰਗ ਰੇਖ ਨਾ ਦਿਸੇ ਵਿਚ ਸੰਸਾਰਾ, ਤਤਵ ਤਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਧਰਾਈਆ। ਸ਼ਾਹ ਪਾਤਸ਼ਾਹ ਹਰਿ ਸਾਚਾ ਸ਼ੇਰ, ਸਿੰਘ ਆਪਣਾ ਰੂਪ ਧਰਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਲੱਖ ਚੁਰਾਸੀ ਰਿਹਾ ਘੇਰ, ਸਾਚਾ ਘੇਰਾ ਏਕਾ ਪਾਇੰਦਾ। ਗੁਰ ਗੋਬਿੰਦ ਰੂਪ ਹਰਿ ਸ਼ਬਦ ਦਲੇਰ, ਸ਼ਬਦ ਗੋਬਿੰਦ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਚੁਕਾਇੰਦਾ। ਹਰਿ ਕਾ ਸ਼ਬਦ ਗੋਬਿੰਦ ਧਾਰ, ਗੋਬਿੰਦ ਸ਼ਬਦ ਆਪ ਬਣਾਈਆ। ਨਾਨਕ ਨਿਰਗੁਣ ਪਾਏ ਸਾਰ, ਨਿਰਵੈਰ ਪੁਰਖ ਇਕ ਸਾਲਾਹੀਆ। ਅਜੂਨੀ ਰਹਿਤ ਕਰ ਪਿਆਰ, ਅਨਭਵ ਪਰਕਾਸ਼ ਧਰਾਈਆ। ਏਕਾ ਜੋਤੀ ਨੌਂ ਨੌਂ ਦਵਾਰ, ਨੌਂ ਨੌਂ ਲੇਖਾ ਦਏ ਚੁਕਾਈਆ। ਨੌਂ ਖੰਡ ਪ੍ਰਿਥਮੀ ਹੋ ਉਜਿਆਰ, ਏਕਾ ਡੰਕਾ ਸ਼ਬਦ ਵਜਾਈਆ। ਏਕਾ ਸੁਤ ਕਰੇ ਵਿਚਾਰ, ਨਾਮ ਸਤਿ ਵੇਖ ਵਖਾਈਆ। ਦਸ ਦਸ ਰੂਪ ਆਪ ਕਰਤਾਰ, ਆਪਣਾ ਭੇਵ ਦਏ ਖੁਲ੍ਹਾਈਆ। ਪੁਰਖ ਅਕਾਲਾ ਦੀਨ ਦਿਆਲਾ ਭਗਤ ਭਗਵੰਤ ਪਾਏ ਸਾਰ, ਦੁਸ਼ਟ ਦਮਨ ਦਏ ਵਡਿਆਈਆ। ਹੇਮ ਕੁੰਟ ਨਿਰਾਕਾਰ ਸਾਕਾਰ ਲਏ ਉਠਾਲ, ਬਾਲ ਅਞਾਣਾ ਆਪ ਸਮਝਾਈਆ। ਪੂਤ ਸਪੂਤਾ ਬਣ ਦਲਾਲ, ਗੁਜਰੀ ਵਖਾਏ ਏਕਾ ਲਾਲ, ਤੇਗ਼ ਬਹਾਦਰ ਦਏ ਵਡਿਆਈਆ। ਆਤਮ ਅੰਤਰ ਜੋਤ ਮਸਾਲ, ਬੇਮਿਸਾਲ ਆਪ ਜਗਾਈਆ। ਪਿਤਾ ਬਣਿਆ ਆਪ ਕਿਰਪਾਲ, ਤੱਤਵ ਗੁਣ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤੱਤ ਕਾਇਆ ਅੰਦਰ ਵੜ, ਆਪਣਾ ਰੂਪ ਆਪ ਪਰਗਟਾਈਆ। ਪੰਜ ਤੱਤ ਕਾਇਆ ਚੋਲਾ ਗੁਰ ਗੋਬਿੰਦ, ਸੋ ਪੁਰਖ ਨਿਰੰਜਣ ਆਪ ਹੰਢਾਇੰਦਾ। ਹਰਿ ਪੁਰਖ ਨਿਰੰਜਣ ਮੇਟੇ ਸਗਲੀ ਚਿੰਦ, ਏਕੰਕਾਰਾ ਖੇਲ ਖਿਲਾਇੰਦਾ। ਆਦਿ ਨਿਰੰਜਣ ਜੋਤ ਜਗਾਏ ਸਾਚਾ ਚੰਦ, ਗੁਜਰੀ ਚੰਦ ਆਪ ਵਡਿਆਇੰਦਾ। ਅਬਿਨਾਸ਼ੀ ਕਰਤਾ ਆਪ ਬਣਾਏ ਆਪਣੀ ਬਿੰਦ, ਸ੍ਰੀ ਭਗਵਾਨ ਗੋਦ ਉਠਾਇੰਦਾ। ਪਾਰਬ੍ਰਹਮ ਸਦਾ ਬਖ਼ਸ਼ੰਦ, ਆਪਣੀ ਬਖ਼ਸ਼ਸ਼ ਆਪ ਕਰਾਇੰਦਾ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਪੰਜ ਤੱਤ ਕਾਇਆ ਵੇਖ ਸ਼ਰੀਰ, ਅੰਦਰ ਮੰਦਰ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੋਬਿੰਦ ਮੇਲਾ ਮੇਲ ਮਿਲਾਇੰਦਾ। ਗੋਬਿੰਦ ਮੇਲਾ ਹਰਿ ਨਿਰੰਕਾਰਾ, ਏਕਾ ਦੂਜਾ ਭੌ ਚੁਕਾਈਆ। ਪਿਤਾ ਪੂਤ ਇਕ ਆਧਾਰਾ, ਪੂਤ ਸਪੂਤਾ ਗੋਦ ਉਠਾਈਆ। ਏਕਾ ਜਾਮ ਏਕਾ ਨਾਮ ਏਕਾ ਅੰਮ੍ਰਿਤ ਠੰਡਾ ਠਾਰਾ, ਭਰ ਪਿਆਲਾ ਆਪ ਪਿਆਈਆ। ਏਕਾ ਦਰ ਇਕ ਦਰਬਾਰਾ, ਇਕ ਘਰ ਬਾਰਾ ਰਿਹਾ ਵਖਾਈਆ । ਸਾਚੇ ਤਖ਼ਤ ਬਹੇ ਸੱਚੀ ਸਰਕਾਰਾ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਸ਼ਬਦ ਅਗੰਮੀ ਬੋਲ ਜੈਕਾਰਾ, ਏਕਾ ਵਾਰ ਦਏ ਸੁਣਾਈਆ। ਤੇਰਾ ਮੇਰਾ ਸੰਗ ਨਿਆਰਾ, ਲੱਖ ਚੁਰਾਸੀ ਵੇਖ ਨਾ ਸਕੇ ਕੋਇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਚੇਲਾ ਰੂਪ ਧਰਾਈਆ। ਚੇਲਾ ਗੁਰ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਗੋਬਿੰਦ ਮੇਲਾ ਇਕ ਇਕੱਲਾ, ਦਿਸ ਕਿਸੇ ਨਾ ਆਇੰਦਾ। ਸਰਗੁਣ ਅੰਦਰ ਨਿਰਗੁਣ ਫੜਿਆ ਪੱਲਾ, ਨਿਰਗੁਣ ਸਰਗੁਣ ਆਪਣੇ ਰੰਗ ਸਮਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਗੋਬਿੰਦ ਖੇੜਾ ਆਪ ਸੁਹਾਇੰਦਾ। ਸਚ ਸੰਦੇਸ ਏਕਾ ਘੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਰੰਗ ਰੰਗਾਏ ਹਰਿ ਕਰਤਾਰਾ, ਏਕਾ ਰੰਗ ਮਜੀਠ ਚੜ੍ਹਾਈਆ। ਉਤਰ ਨਾ ਜਾਏ ਵਿਚ ਸੰਸਾਰਾ, ਅਨਡੀਠ ਰੀਤ ਚਲਾਈਆ। ਠਾਂਡਾ ਸੀਤ ਸਤਿ ਦਰਬਾਰਾ, ਸਚਖੰਡ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਗੁਰ ਲਿਖਿਆ ਧੁਰ, ਧੁਰ ਲੇਖਾ ਆਪ ਜਣਾਈਆ। ਧੁਰ ਧੁਰ ਲੇਖ ਸ੍ਰੀ ਭਗਵਾਨਾ, ਗੁਰ ਗੋਬਿੰਦ ਆਪ ਜਣਾਇੰਦਾ। ਖੇਲੇ ਖੇਲ ਵਿਚ ਜਹਾਨਾ, ਦੋ ਜਹਾਨੀ ਖੇਲ ਖਿਲਾਇੰਦਾ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਊਚ ਨੀਚ ਰਾਓ ਰੰਕ ਰਾਜ ਰਾਜਾਨ, ਸ਼ਾਹ ਸੁਲਤਾਨ ਕਰ ਪਰਵਾਨਾ, ਏਕਾ ਏਕ ਦਰ ਵਖਾਇੰਦਾ। ਅੰਮ੍ਰਿਤ ਆਤਮ ਪੀਣਾ ਖਾਣਾ, ਸੱਚਾ ਖੰਡਾ ਨਾਮ ਫਰਾਨਾ, ਏਕਾ ਰਸੀਆ ਰਸ ਵਖਾਇੰਦਾ। ਅੰਦਰ ਮੰਦਰ ਅਨਹਦ ਗਾਣਾ, ਧੁਰ ਦਾ ਨਾਦੀ ਨਾਦ ਵਜਾਣਾ, ਬ੍ਰਹਮ ਨਾਦ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਏਕਾ ਗੁਣ ਸਮਝਾਇੰਦਾ। ਏਕਾ ਗੁਣ ਗੁਰ ਗੋਬਿੰਦ, ਸੋ ਪੁਰਖ ਨਿਰੰਜਣ ਆਪ ਜਣਾਈਆ। ਲੇਖਾ ਜਾਣੇ ਸ੍ਰਿਸ਼ਟ ਹਿੰਦ, ਹਿੰਦ ਸ੍ਰਿਸ਼ਟ ਰੂਪ ਧਰਾਈਆ। ਗੁਰਮੁਖ ਬਣਾਏ ਆਪਣੀ ਬਿੰਦ, ਪੰਚਮ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਹਰਿ ਖੇਲ ਖਿਲਾਇਆ, ਗੋਬਿੰਦ ਡੰਕਾ ਇਕ ਵਜਾਇੰਦਾ। ਫਤਿਹ ਜੈਕਾਰਾ ਇਕ ਲਗਾਇਆ, ਵਾਹਵਾ ਗੁਰੂ ਆਪ ਸੁਣਾਇੰਦਾ। ਪੁਰਖ ਅਕਾਲ ਇਕ ਸਮਝਾਇਆ, ਸ੍ਰਿਸ਼ਟ ਸਬਾਈ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਖੇਲ ਆਪ ਖਿਲਾਇੰਦਾ। ਗੁਰ ਗੁਰ ਖੇਲ ਖਿਲਾਇਆ, ਪੁਰੀ ਅਨੰਦ ਵੱਜੀ ਵਧਾਈਆ। ਅੰਤਮ ਲੇਖਾ ਦਏ ਚੁਕਾਇਆ, ਸਰਸਾ ਪਾਰ ਕਰਾਈਆ। ਗੜ੍ਹੀ ਚਮਕੌਰ ਡੇਰਾ ਲਾਇਆ, ਧੁਰ ਫ਼ਰਮਾਨਾ ਆਪ ਜਣਾਈਆ। ਸੂਲਾਂ ਸੱਥਰ ਦਏ ਸਵਾਇਆ, ਸਚ ਸੰਦੇਸਾ ਇਕ ਜਣਾਈਆ। ਯਾਰੜਾ ਸੱਥਰ ਮਾਤ ਹੰਢਾਇਆ, ਤੇਰੇ ਦਰ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਦਇਆ ਕਮਾਇਆ, ਆਦਿ ਜੁਗਾਦਿ ਹੋਏ ਸਹਾਈਆ। ਪੂਤ ਸਪੂਤ ਗੋਦ ਬਹਾਇਆ, ਏਕਾ ਰੰਗ ਰਿਹਾ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਦਏ ਪੜ੍ਹਾਈਆ। ਏਕਾ ਅੱਖਰ ਸ੍ਰੀ ਭਗਵੰਤ, ਗੁਰ ਗੋਬਿੰਦ ਆਪ ਜਣਾਇੰਦਾ। ਤੇਰਾ ਨਾਉਂ ਸਾਚਾ ਮੰਤ, ਲੱਖ ਚੁਰਾਸੀ ਆਪ ਸਮਝਾਇੰਦਾ। ਤੇਰਾ ਰੂਪ ਤੇਰਾ ਕੰਤ, ਤੇਰੀ ਸੇਜ ਹੰਢਾਇੰਦਾ। ਤੇਰਾ ਚੋਲਾ ਇਕ ਬਸੰਤ, ਪਾਰਬ੍ਰਹਮ ਆਪ ਰਖਾਇੰਦਾ। ਕਲਜੁਗ ਤੇਰਾ ਵੇਖੇ ਅੰਤ, ਰੂਪ ਅਨੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ ਇਕ ਸੁਣਾਇੰਦਾ। ਸਚ ਸੰਦੇਸਾ ਹਰਿ ਸੁਣਾਇਆ, ਗੁਰ ਗੋਬਿੰਦ ਦਏ ਵਡਿਆਈਆ। ਤੇਰੀ ਸੂਲਾਂ ਸੱਥਰ ਆਪਣੇ ਲੇਖੇ ਲਾਇਆ, ਲਿਖਿਆ ਲੇਖਾ ਭੁਲ ਕਦੇ ਨਾ ਜਾਈਆ। ਕਲਜੁਗ ਅੰਤਮ ਵੇਖ ਵਖਾਇਆ, ਤੇਰਾ ਨਾਉਂ ਕਰੇ ਰੁਸ਼ਨਾਈਆ। ਤੇਰੇ ਨਗਰ ਡੇਰਾ ਲਾਇਆ, ਸੰਬਲ ਵੱਜੇ ਵਧਾਈਆ। ਤੇਰਾ ਰੂਪ ਸ਼ਬਦੀ ਲਏ ਬਣਾਇਆ, ਦੂਜੀ ਵਾਰ ਜੰਮੇ ਨਾ ਕੋਇ ਮਾਈਆ। ਪੁਰਖ ਅਕਾਲ ਤੇਰੇ ਸਿਰ ਹੱਥ ਟਿਕਾਇਆ, ਸਮਰਥ ਦਏ ਗਵਾਹੀਆ। ਸਤਿਗੁਰ ਪੂਰਾ ਮਾਤ ਗਰਭ ਵਿਚ ਕਦੇ ਨਾ ਆਇਆ, ਜਨਮ ਮਰਨ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਜਣਾਈਆ। ਗੁਰ ਗੋਬਿੰਦ ਸੁਣ ਸੰਦੇਸ, ਹਰਿ ਹਰਿ ਸੀਸ ਝੁਕਾਇਆ। ਤੂੰ ਦਾਤਾ ਦਾਨੀ ਨਰ ਨਰੇਸ਼, ਆਦਿ ਅੰਤ ਤੇਰੀ ਵਡਿਆਇਆ। ਕੋਟਨ ਕੋਟ ਤੇਰੇ ਦਰ ਖੜੇ ਵਿਸ਼ਨ ਬ੍ਰਹਮਾ ਮਹੇਸ਼, ਬੈਠੇ ਸੀਸ ਝੁਕਾਇਆ। ਤੇਰੀ ਮਹਿਮਾ ਗਾਏ ਸਹੰਸਰ ਮੁਖ ਸ਼ੇਸ਼, ਦੋ ਸਹੰਸਰ ਜਿਹਵਾ ਹਿਲਾਇਆ। ਸਤਿ ਪੁਰਖ ਨਿਰੰਜਣ ਤੇਰੇ ਦਰ ਸਦਾ ਆਦੇਸ, ਤੇਰਾ ਅੰਤ ਕਿਸੇ ਨਾ ਪਾਇਆ। ਕਵਣ ਤੇਰਾ ਵੇਲਾ ਕਵਣ ਰੰਗ ਮੈਂ ਲਵਾਂ ਵੇਖ, ਕਵਣ ਥਾਨ ਦਏ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਲਏ ਮਿਲਾਇਆ। ਪੁਰਖ ਅਬਿਨਾਸ਼ ਸੁਣਾਇੰਦਾ, ਗੁਰ ਗੋਬਿੰਦ ਕਰ ਧਿਆਨ। ਸਾਢੇ ਤਿੰਨ ਹੱਥ ਮੰਦਰ ਇਕ ਬਣਾਇੰਦਾ, ਤੇਰਾ ਨਾਮ ਝੁਲਾਏ ਸਚ ਨਿਸ਼ਾਨ। ਸ਼ਬਦੀ ਤੇਰਾ ਡੰਕ ਵਜਾਇੰਦਾ, ਸ਼ਬਦ ਰੂਪ ਨੌਜਵਾਨ। ਆਪਣਾ ਨਾਮ ਤੇਰਾ ਖੰਡਾ ਮਾਤ ਚਮਕਾਇੰਦਾ, ਨਾ ਕੋਈ ਘੜੇ ਲੋਹਾਰ ਤਰਖਾਨ। ਪੁਰਖ ਅਕਾਲ ਤੇਰਾ ਸੰਗ ਨਿਭਾਇੰਦਾ, ਸਿੰਘ ਸ਼ੇਰ ਬੁੱਕੇ ਵਿਚ ਜੰਗਲ ਜੂਹ ਬੀਆਬਾਨ। ਲੱਖ ਚੁਰਾਸੀ ਆਪ ਡਰਾਇੰਦਾ, ਮੇਟ ਮਿਟਾਏ ਰਾਜ ਰਾਜਾਨ। ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ, ਗੋਬਿੰਦ ਸੂਰਾ ਬਣੇ ਇਕ ਹੁਕਮਰਾਨ। ਗੋਬਿੰਦ ਰੂਪ ਨਜ਼ਰ ਕਿਸੇ ਨਾ ਆਇੰਦਾ, ਗੁਰਮੁਖ ਵਿਰਲਾ ਕਰੇ ਪਹਿਚਾਨ। ਰੂਪ ਰੰਗ ਰੇਖ ਨਾ ਕੋਇ ਰਖਾਇੰਦਾ, ਕਲਜੁਗ ਅੰਤਮ ਲੱਖ ਚੁਰਾਸੀ ਹੋਈ ਹੈਰਾਨ। ਲਿਖਣ ਪੜ੍ਹਨ ਵਿਚ ਨਾ ਆਇੰਦਾ, ਚਾਰੇ ਵੇਦ ਪੁਰਾਨ ਅਠਾਰਾਂ ਸ਼ਾਸਤਰ ਸਿਮਰਤ ਅੰਜੀਲ ਕ਼ੁਰਾਨਾ ਦਿਸੇ ਨਾ ਕੋਇ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਸੂਰਾ ਏਕਾ ਸ਼ਬਦ ਉਠਾਏ ਬਲੀ ਬਲਵਾਨ। ਹਰਿ ਸ਼ਬਦ ਸੂਰਬੀਰ ਸੁਲਤਾਨਾ, ਗੋਬਿੰਦ ਰੂਪ ਵਟਾਈਆ। ਗੋਬਿੰਦ ਮਹਾਂਬਲੀ ਨੌਜਵਾਨਾ, ਨਾ ਮਰੇ ਨਾ ਜਾਈਆ। ਏਕਾ ਚਿੱਲਾ ਫੜੇ ਤੀਰ ਕਮਾਨਾ, ਤਿਖੀ ਮੁਖੀ ਧਾਰ ਰਖਾਈਆ। ਮਾਰੇ ਮਾਰ ਦੋ ਜਹਾਨਾ, ਵਿਸ਼ਨ ਬ੍ਰਹਮਾ ਸ਼ਿਵ ਪਏ ਦੁਹਾਈਆ। ਕਰੋੜ ਤੇਤੀਸ ਸਰਬ ਕੁਰਲਾਨਾ, ਸੁਰਪਤ ਰਾਜਾ ਇੰਦ ਨੇਤਰ ਨੈਣਾਂ ਨੀਰ ਵਹਾਈਆ। ਕਲਜੁਗ ਅੰਤ ਕਰੇ ਵੈਰਾਨਾ, ਨਿਰਗੁਣ ਜੋਤ ਹਰਿ ਰੁਸ਼ਨਾਈਆ। ਨਿਹਕਲੰਕ ਰੱਖੇ ਨਾਉਂ ਸ੍ਰੀ ਭਗਵਾਨਾ, ਭਗਵਨ ਆਪਣਾ ਭੇਵ ਚੁਕਾਈਆ। ਗੋਬਿੰਦ ਮਰਦ ਮਰਦ ਮਰਦਾਨਾ, ਸਚ ਮਰਦਾਨਗੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਸੂਰਾ ਮੇਲਾ ਹਰਿ, ਦੂਜਾ ਅਵਰ ਨਾ ਕੋਇ ਵਖਾਈਆ। ਦੂਜਾ ਅਵਰ ਨਾ ਕੋਈ ਦੋਆ, ਇਕ ਇਕੱਲਾ ਖੇਲ ਖਿਲਾਇੰਦਾ। ਗੋਬਿੰਦ ਗੋਬਿੰਦ ਜੇਹਾ ਹੋਇਆ, ਗੋਬਿੰਦ ਗੋਬਿੰਦ ਵਿਚ ਸਮਾਇੰਦਾ। ਨਾ ਜਨਮੇ ਨਾ ਕਦੇ ਮੋਆ, ਜਨਮ ਮਰਨ ਵਿਚ ਨਾ ਆਇੰਦਾ। ਆਲਸ ਨਿੰਦਰਾ ਵਿਚ ਕਦੇ ਨਾ ਸੋਇਆ, ਸੋ ਗੁਰ ਗੋਬਿੰਦ ਨਾਉਂ ਧਰਾਇੰਦਾ। ਕਲਜੁਗ ਅੰਤਮ ਲੈ ਕੇ ਆਇਆ ਢੋਆ, ਲੱਖ ਚੁਰਾਸੀ ਆਪ ਉਠਾਇੰਦਾ। ਨਾਨਕ ਬੀਜ ਏਕਾ ਬੋਇਆ, ਚਾਰ ਵਰਨਾਂ ਮੇਲ ਮਿਲਾਇੰਦਾ। ਦੁਰਮਤ ਮੈਲ ਸਭ ਦੀ ਧੋਇਆ, ਜੋ ਜਨ ਰਸਨਾ ਜਿਹਵਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਗੋਬਿੰਦ ਆਪ ਮਿਲਾਇੰਦਾ। ਗੋਬਿੰਦ ਆਇਆ ਲੋਕਮਾਤ ਜਗ, ਨੇਤਰ ਨਜ਼ਰ ਕਿਸੇ ਨਾ ਆਈਆ। ਪਟਨੇ ਵਾਲਾ ਵਸੇ ਉਪਰ ਸ਼ਾਹ ਰਗ, ਨੌਂ ਦਵਾਰੇ ਪੰਧ ਮੁਕਾਈਆ। ਅੱਠੇ ਪਹਿਰ ਜੋਤ ਰਹੀ ਜਗ, ਅੰਧ ਅੰਧੇਰ ਚੁਕਾਈਆ। ਕਲਜੁਗ ਜੀਵ ਬਣੇ ਕੱਗ, ਹਰਿ ਕਾ ਨਾਮ ਆਤਮ ਰਸ ਨਾ ਕੋਇ ਖਾਈਆ। ਤ੍ਰੈਗੁਣ ਅਗਨੀ ਰਹੇ ਮਘ, ਪੰਜ ਤੱਤ ਕਾਇਆ ਹੋਈ ਹਲਕਾਈਆ। ਗੁਰ ਗੋਬਿੰਦ ਕੋਲੋਂ ਹੋ ਕੇ ਬੈਠੇ ਅੱਡ, ਘਰ ਮਿਲੇ ਨਾ ਸਾਚਾ ਮਾਹੀਆ। ਗੁਰ ਗੋਬਿੰਦ ਗੁਰਸਿਖਾਂ ਸਦਾ ਸਦਾ ਲਡਾਏ ਲਾਡ, ਆਪ ਆਪਣੀ ਗੋਦ ਬਹਾਈਆ। ਪਟਨੇ ਵਾਲਾ ਜਿਸ ਜਨ ਰੱਖਿਆ ਯਾਦ, ਤਿਸ ਮੇਲੇ ਸਹਿਜ ਸੁਭਾਈਆ। ਆਦਿ ਜੁਗਾਦਿ ਗੁਰ ਸ਼ਬਦ ਸੁਣੇ ਫ਼ਰਿਯਾਦ, ਸ਼ਬਦੀ ਗੁਰ ਪੰਜ ਤੱਤ ਕਾਇਆ ਚੋਲਾ ਜਗਤ ਮਾਤ ਹੰਢਾਈਆ। ਗੁਰ ਕਾ ਨਾਉਂ ਅਗੰਮੀ ਨਾਦ, ਗੋਬਿੰਦ ਤਾਰ ਸਤਾਰ ਨਾ ਕੋਇ ਹਿਲਾਈਆ। ਗੋਬਿੰਦ ਵਸੇ ਸਦਾ ਬ੍ਰਹਿਮਾਦਿ, ਘਟ ਘਟ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਟਨੇ ਵਾਲਾ ਦਏ ਸਮਝਾਈਆ। ਪਟਨੇ ਵਾਲਾ ਕਲਗੀ ਧਰ, ਕਲ ਕਲਕੀ ਅਵਤਾਰ ਅਖਵਾਇੰਦਾ। ਪੁਰਖ ਅਬਿਨਾਸ਼ੀ ਲਿਆ ਵਰ, ਘਰ ਸਾਚਾ ਮੇਲ ਮਿਲਾਇੰਦਾ। ਰੂਪ ਨਾ ਕੋਇ ਨਾਰੀ ਨਰ, ਨਰ ਨਰਾਇਣ ਜੋਤ ਧਰਾਇੰਦਾ। ਸਚ ਮਹੱਲੇ ਬੈਠਾ ਚੜ੍ਹ, ਤਖ਼ਤ ਨਿਵਾਸੀ ਸਾਚੇ ਤਖ਼ਤ ਆਸਣ ਲਾਇੰਦਾ। ਸ਼ੇਰ ਰੂਪ ਹੋ ਨਾ ਜਾਏ ਡਰ, ਸਿੰਘ ਆਪਣੀ ਭਬਕ ਵਖਾਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਖੇਲ ਖਿਲਾਇੰਦਾ। ਗੁਰ ਗੋਬਿੰਦ ਵਸੇ ਘਰ ਘਰ, ਕਾਇਆ ਖੇੜਾ ਆਸਣ ਲਾਇੰਦਾ। ਜੋ ਜਨ ਜੀਂਵਦਿਆਂ ਹੀ ਜਾਏ ਮਰ, ਤਿਸ ਗੁਰ ਆਪਣਾ ਬੰਧਨ ਪਾਇੰਦਾ। ਬਜਰ ਕਪਾਟੀ ਖੋਲ੍ਹ ਕਿਵਾੜ, ਆਪਣਾ ਮੰਦਰ ਆਪ ਵਖਾਇੰਦਾ। ਰਾਤੀਂ ਸੁੱਤਿਆਂ ਦਰਸ ਦਿਖਾਏ ਅੱਗੇ ਖੜ੍ਹ, ਆਲਸ ਨਿੰਦਰਾ ਆਪ ਮਿਟਾਇੰਦਾ। ਕਲਗੀ ਤੋੜਾ ਸੀਸ ਜਗਦੀਸ ਸਾਚੇ ਧਰ, ਨੀਲਾ ਨੀਲੀ ਧਾਰੋਂ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਆਪਣਾ ਰੂਪ ਰਖਾਇੰਦਾ। ਗੋਬਿੰਦ ਰੰਗ ਰੰਗ ਗੁਰ ਗੋਬਿੰਦ, ਗੋਬਿੰਦ ਗੋਬਿੰਦ ਮੇਲ ਮਿਲਾਈਆ। ਗੋਬਿੰਦ ਦਾਤਾ ਗੁਣੀ ਗਹਿੰਦ, ਗੋਬਿੰਦ ਗਹਿਰ ਗੰਭੀਰ ਸਮਾਈਆ। ਗੋਬਿੰਦ ਮੇਟੇ ਸਗਲੀ ਚਿੰਦ, ਗੋਬਿੰਦ ਏਕਾ ਰੰਗ ਰੰਗਾਈਆ। ਗੋਬਿੰਦ ਕਰਾਏ ਆਪਣੀ ਨਿੰਦ, ਨਿੰਦਕ ਨਿੰਦਿਆ ਮੁਖ ਸਾਲਾਹੀਆ। ਜਿਸ ਜਨ ਹੋਏ ਆਪ ਬਖ਼ਸ਼ੰਦ, ਅੰਮ੍ਰਿਤ ਧਾਰਾ ਸਾਗਰ ਸਿੰਧ ਆਪ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ। ਪਟਨੇ ਵਾਲਾ ਸ਼ਾਹ ਸੁਲਤਾਨਾ, ਏਕਾ ਗੁਰ ਅਖਵਾਇੰਦਾ। ਲੱਖ ਚੁਰਾਸੀ ਵੇਖੇ ਮਾਰ ਧਿਆਨਾ, ਬਚਿਆ ਕੋਇ ਰਹਿਣ ਨਾ ਪਾਇੰਦਾ । ਸਚਖੰਡ ਝੁਲਾਏ ਧਰਮ ਨਿਸ਼ਾਨਾ, ਅਧਰਮ ਰੂਪ ਨਾ ਕੋਇ ਬਣਾਇੰਦਾ। ਸਚ ਸੰਦੇਸਾ ਧੁਰ ਫ਼ਰਮਾਨਾ, ਆਪਣਾ ਨਾਉਂ ਆਪ ਪਰਗਟਾਇੰਦਾ। ਹਰਿਜਨ ਸਾਚੇ ਸੁਣਾਏ ਸਾਚਾ ਗਾਨਾ, ਨਾਦ ਅਨਾਦੀ ਨਾਦ ਵਜਾਇੰਦਾ। ਅਨਹਦ ਸ਼ਬਦ ਖੇਲ ਮਹਾਨਾ, ਅਨਹਤ ਆਪਣਾ ਭੇਵ ਚੁਕਾਇੰਦਾ। ਆਤਮ ਸੇਜਾ ਕਰ ਪਰਵਾਨਾ, ਸਾਚਾ ਬੰਕ ਸੁਹਾਇੰਦਾ। ਸਰਗੁਣ ਅੰਦਰ ਨਿਰਗੁਣ ਹੋ ਪਰਧਾਨਾ, ਗੋਬਿੰਦ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਟਨੇ ਵਾਲਾ ਸਾਚਾ ਮਾਹੀ, ਘਟ ਘਟ ਅੰਦਰ ਬੈਠਾ ਸੇਜ ਵਿਛਾਈ, ਗੁਰਮੁਖ ਵਿਰਲੇ ਨਜ਼ਰੀ ਆਈ, ਦੂਸਰ ਦਿਸ ਕਿਸੇ ਨਾ ਆਇੰਦਾ। ਨਾ ਦੀਸੇ ਨਾ ਦੇਖਿਆ, ਦੇਖਣਹਾਰਾ ਗੋਪਾਲ। ਗੁਰ ਗੋਬਿੰਦ ਤੇਰੀ ਕੋਈ ਕਿਆ ਕਰੇ ਪਰੀਖਿਆ, ਤੇਰਾ ਖੇਲ ਬੇਮਿਸਾਲ। ਗੁਰਸਿਖਾਂ ਕੋਲੋਂ ਮੰਗੀ ਭਿਖਿਆ, ਪੰਜ ਪਿਆਰੇ ਬਣਾਏ ਦਲਾਲ। ਏਕਾ ਰੰਗ ਰੰਗਾਇਆ ਹਸਤ ਕੀਟਿਆ, ਇਕ ਵਖਾਈ ਸੱਚੀ ਧਰਮਸਾਲ। ਅੰਮ੍ਰਿਤ ਜਾਮ ਪਿਆਏਂ ਅਨਡੀਠਿਆ, ਪ੍ਰੇਮ ਪਤਾਸਾ ਦੇਵਾਂ ਡਾਲ। ਹੋਏ ਸਰੂਰ ਏਕਾ ਵਾਰ ਪੀਤਿਆਂ, ਆਤਮ ਅੰਦਰ ਵਖਾਏਂ ਸਾਚਾ ਲਾਲ। ਕਲਜੁਗ ਅੰਤਮ ਤੇਰੀ ਅਚਰਜ ਰੀਤਿਆ, ਸ਼ਬਦੀ ਰੂਪ ਗੁਰ ਗੋਬਿੰਦ ਮਿਲੇ ਵਡਿਆਈ ਗੁਜਰੀ ਲਾਲ। ਦਰ ਠਾਂਡੇ ਵਸੇਂ ਸੀਤਿਆ, ਸਚਖੰਡ ਸੱਚੀ ਧਰਮਸਾਲ। ਪਤਿਤ ਪਾਪੀ ਕਰੇਂ ਪੁਨੀਤਿਆ, ਜਿਸ ਜਨ ਦੇਵੇਂ ਦਰਸ ਦਿਖਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਵਸੇ ਏਕਾ ਘਰ, ਆਪਣੀ ਘਾਲਨ ਸਾਚੀ ਘਾਲ। ਖਿਮਾਂ ਗ਼ਰੀਬੀ ਠਾਕਰ ਘਰ, ਹਰਿ ਠਾਕਰ ਸਚ ਸਮਝਾਇੰਦਾ। ਨਿਵਣ ਸੋ ਅੱਖਰ ਵੇਸ ਕਰ, ਹਰਿ ਕੰਤ ਮੇਲ ਮਿਲਾਇੰਦਾ। ਆਵਣ ਜਾਵਣ ਚੁੱਕੇ ਡਰ, ਨਿਰਭੌ ਭੈ ਅਵਰ ਨਾ ਕੋਇ ਰਖਾਇੰਦਾ। ਗੁਰਮੁਖ ਨਾਰੀ ਏਕਾ ਵਾਰੀ ਲਏ ਵਰ, ਕੰਤ ਸੁਹਾਗ ਆਪਣਾ ਰੰਗ ਰੰਗਾਇੰਦਾ। ਕਾਇਆ ਚੋਲੀ ਰੰਗ ਜਾਏ ਚੜ੍ਹ, ਸ਼ਬਦ ਲਲਾਰੀ ਆਪ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖਿਮਾਂ ਗ਼ਰੀਬੀ ਆਪਣੇ ਰੂਪ ਸਮਾਇੰਦਾ। ਖਿਮਾਂ ਗ਼ਰੀਬੀ ਹਰਿ ਕਾ ਭਾਓ, ਹਰਿ ਭਗਤਨ ਝੋਲੀ ਪਾਇੰਦਾ। ਏਕਾ ਮਾਰਗ ਦੱਸੇ ਸੱਚਾ ਰਾਹੋ, ਹਰਿ ਮੰਤਰ ਨਾਮ ਦ੍ਰਿੜਾਇੰਦਾ। ਫੜ ਫੜ ਹੰਸ ਬਣਾਏ ਕਾਉਂ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਇੰਦਾ। ਸਦਾ ਸੁਹੇਲਾ ਬਣੇ ਪਿਤਾ ਮਾਉਂ, ਗੁਰਸਿਖ ਬਾਲ ਅਞਾਣੇ ਗੋਦ ਬਹਾਇੰਦਾ। ਇਕ ਇਕੇਲਾ ਸਿਰ ਦੇਵੇ ਠੰਡੀ ਛਾਉਂ, ਗੋਬਿੰਦ ਸੂਰਾ ਸੇਵ ਕਮਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਕਰੇ ਸਚ ਨਿਆਉਂ, ਸਚ ਅਦਾਲਤ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖਿਮਾਂ ਗ਼ਰੀਬੀ ਵੇਖ ਵਖਾਇੰਦਾ। ਖਿਮਾਂ ਗ਼ਰੀਬੀ ਡੂੰਘਾ ਸਾਗਰ, ਹਾਥ ਕਿਸੇ ਨਾ ਆਈਆ। ਜਿਸ ਜਨ ਨਿਰਮਲ ਕਰਮ ਕਰੇ ਉਜਾਗਰ, ਤਿਸ ਜਨ ਖਿਮਾਂ ਗ਼ਰੀਬੀ ਦਏ ਸਮਝਾਈਆ। ਅੰਮ੍ਰਿਤ ਜਾਮ ਪਿਆਏ ਕਾਇਆ ਗਾਗਰ, ਨਿਝਰ ਝਿਰਨਾ ਆਪ ਝਿਰਾਈਆ। ਕਰੇ ਮਿਹਰ ਹਰਿ ਕਰਤਾ ਕ਼ਾਦਰ, ਕਰੀਮ ਰਹੀਮ ਸੱਚੀ ਸਰਨਾਈਆ। ਖਿਮਾਂ ਗ਼ਰੀਬੀ ਹੰਡਾਈ ਗੁਰ ਤੇਗ਼ ਬਹਾਦਰ, ਸੀਸ ਜਗਦੀਸ ਭੇਟ ਚੜ੍ਹਾਈਆ। ਸਿਦਕ ਸਬੂਰੀ ਰੱਖਿਆ ਸਾਬਰ, ਦਰ ਘਰ ਸਾਚੇ ਸੋਭਾ ਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਦੇਵੇ ਆਦਰ, ਜਿਸ ਜਨ ਖਿਮਾਂ ਗ਼ਰੀਬੀ ਇਕ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਯਾਚਕ ਏਕਾ ਦਾਨ ਝੋਲੀ ਪਾਈਆ। ਖਿਮਾਂ ਗ਼ਰੀਬੀ ਗੁਰ ਚਰਨ ਦੇਵ, ਦੇਵ ਇਸ਼ਟ ਆਤਮਾ ਮੇਲ ਮਿਲਾਇੰਦਾ। ਅਲਖ ਅਗੋਚਰ ਅਭੇਦ ਅਭੇਵ, ਆਪਣਾ ਪਰਦਾ ਆਪ ਉਠਾਇੰਦਾ। ਅੰਮ੍ਰਿਤ ਰਸ ਦੇਵੇ ਮੇਵ, ਫਲ ਅੰਮ੍ਰਿਤ ਆਪ ਖਵਾਇੰਦਾ। ਗੁਰਸਿਖ ਖਿਮਾਂ ਗ਼ਰੀਬੀ ਹਰਿ ਸਤਿਗੁਰ ਸੇਵ, ਬਿਨ ਸਤਿਗੁਰ ਪਾਰ ਨਾ ਕੋਇ ਕਰਾਇੰਦਾ। ਬਿਨ ਹਰਿ ਨਾਮੇ ਕਿਸੇ ਨਾ ਕੰਮ ਰਸਨਾ ਜੇਹਵ, ਰਸਨਾ ਰਸ ਕੰਮ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਤਮ ਵਰ, ਖਿਮਾਂ ਗ਼ਰੀਬੀ ਇਕ ਸਿਖਾਇੰਦਾ। ਖਿਮਾਂ ਗ਼ਰੀਬੀ ਸਿਖਿਆ ਸਿਖ, ਗੁਰਮੁਖ ਲਏ ਵਡਿਆਈਆ। ਜਨਮ ਜਨਮ ਦੀ ਮਿਟੇ ਤ੍ਰਿਖ, ਤ੍ਰਿਸਨਾ ਤ੍ਰਿਪਤ ਆਪ ਕਰਾਈਆ। ਕਿਸੇ ਹੱਥ ਨਾ ਆਵੇ ਮੁਨ ਰਿਖ, ਜਪੀ ਤਪੀ ਹਠੀ ਸਤੀ ਰਹੇ ਕੁਰਲਾਈਆ। ਕਿਸੇ ਨੇਤਰ ਜਗਤ ਨਾ ਆਵੇ ਦਿਸ, ਚਾਰੋਂ ਕੁੰਟ ਨੈਣ ਉਠਾਈਆ। ਚਾਰ ਜੁਗ ਗੁਰਮੁਖਾਂ ਵੰਡਾਇਆ ਹਿੱਸ, ਸਾਚਾ ਹਿੱਸਾ ਇਕ ਰਖਾਈਆ। ਸੋ ਸਾਹਿਬ ਸਤਿਗੁਰ ਦੇਵੇ ਤਿਸ, ਜਿਸ ਧੁਰ ਮਸਤਕ ਲੇਖ ਲਿਖਾਈਆ। ਆਪਣਾ ਨਾਮ ਪੜ੍ਹਾਏ ਅੱਖਰ ਨਿਸ਼, ਨਿਸ਼ਅੱਖਰ ਕਰੇ ਪੜ੍ਹਾਈਆ। ਸਤਿ ਸਰੂਪੀ ਆਏ ਦਿਸ, ਸਵੱਛ ਸਰੂਪੀ ਰੂਪ ਧਰਾਈਆ। ਹਰਿਜਨ ਲੇਖਾ ਆਪੇ ਲਿਖ, ਪੂਰਬ ਲੇਖਾ ਲੇਖੇ ਲਾਈਆ। ਸ੍ਰਿਸ਼ਟ ਸਬਾਈ ਜਾਣੋ ਮਿਥ, ਥਿਰ ਕੋਇ ਰਹਿਣ ਨਾ ਪਾਈਆ। ਸਤਿਗੁਰ ਪੂਰਾ ਦੇਵੇ ਕਦੇ ਨਾ ਪਿਠ, ਜੋ ਜਨ ਰਹੇ ਸਰਨਾਈਆ। ਦੋ ਜਹਾਨਾਂ ਬਣੇ ਖੇਵਟ ਖੇਟ, ਭਵ ਸਾਗਰ ਲਏ ਤਰਾਈਆ। ਸ਼ਬਦ ਦੋਸ਼ਾਲੇ ਲਏ ਲਪੇਟ, ਪ੍ਰੇਮ ਪਟੋਲਾ ਉਪਰ ਪਾਈਆ। ਗੁਰਸਿਖ ਤੇਰਾ ਚਿੜੀਆਂ ਚੁਗਣ ਨਾ ਕਾਇਆ ਖੇਤ, ਫੁਲ ਫੁਲਵਾੜੀ ਆਪ ਮਹਿਕਾਈਆ। ਗੁਰ ਸਤਿਗੁਰ ਪੂਰਾ ਗੋਬਿੰਦ ਗੁਰਸਿਖਾਂ ਸੰਗ ਕਰੇ ਹੇਤ, ਨਿਤ ਨਵਿਤ ਭੁਲ ਨਾ ਜਾਈਆ। ਗੁਰਸਿਖ ਹੋਏ ਚੇਤਨ ਚੇਤ, ਚੇਤਨ ਚਿਤ ਖਿਮਾਂ ਗ਼ਰੀਬੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਦਏ ਰੰਗਾਈਆ। ਖਿਮਾਂ ਗ਼ਰੀਬੀ ਗੁਰ ਗੁਰ ਚਰਨ, ਮਸਤਕ ਧੂੜੀ ਟਿੱਕਾ ਲਾਇਆ। ਨੇਤਰ ਖੋਲ੍ਹੇ ਹਰਨ ਫਰਨ, ਧੁਰ ਦਾ ਲੇਖਾ ਦਏ ਚੁਕਾਇਆ। ਨਾਤਾ ਤੁਟੇ ਜਨਮ ਮਰਨ, ਲੱਖ ਚੁਰਾਸੀ ਫੰਦ ਕਟਾਇਆ। ਕਿਰਪਾ ਕਰੇ ਹਰਿ ਕਰਨੀ ਕਰਨ, ਕਰਤਾ ਪੁਰਖ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਇਆ। ਖਿਮਾਂ ਗ਼ਰੀਬੀ ਗੁਰ ਗੁਰ ਮੇਲਾ, ਗੁਰ ਸਤਿਗੁਰ ਦਏ ਵਡਿਆਈਆ। ਚਾਕਰ ਚਾਕਰੀ ਚਾਕਰ ਲੇਖੇ ਲਾਏ ਗੁਰ ਗੁਰ ਚੇਲਾ, ਚੇਲਾ ਗੁਰ ਰੂਪ ਵਟਾਈਆ। ਸਤਿਗੁਰ ਸਾਜਨ ਸੱਜਣ ਸੁਹੇਲਾ, ਮੀਤ ਮੁਰਾਰਾ ਇਕ ਅਖਵਾਈਆ। ਸਦਾ ਸਦਾ ਸਦ ਵਸੇ ਨਵੇਲਾ, ਅਨਡਿਠੜਾ ਧਾਮ ਆਪ ਸੁਹਾਈਆ। ਆਪੇ ਜਾਣੇ ਆਪਣਾ ਵਕ਼ਤ ਵੇਲਾ, ਥਿਤ ਵਾਰ ਨਾ ਕੋਈ ਵਖਾਈਆ। ਕਲਜੁਗ ਅੰਤਮ ਪਾਰਬ੍ਰਹਮ ਪ੍ਰਭ ਆਪੇ ਖੇਲਾ, ਗੋਬਿੰਦ ਸ਼ਬਦ ਰੂਪ ਵਟਾਈਆ। ਜਨ ਭਗਤਾਂ ਲੱਖ ਚੁਰਾਸੀ ਕੱਟੇ ਧਰਮ ਰਾਏ ਦੀ ਜੇਲਾ, ਸਚਖੰਡ ਨਿਵਾਸੀ ਸਚਖੰਡ ਦਵਾਰੇ ਦਏ ਬਹਾਈਆ। ਨਿਵਣ ਸੁ ਅੱਖਰ ਖਿਮਾਂ ਗ਼ਰੀਬੀ ਸਿਖਣ ਏਕਾ ਵੇਲਾ, ਦੂਜੀ ਸਤਰ ਪੜ੍ਹਨ ਕਿਤੇ ਨਾ ਜਾਈਆ। ਪੁਰਖ ਨਿਰੰਜਣ ਸ਼ੇਰ ਸਿੰਘ ਹੋ ਹੋ ਬੁੱਕੇ ਵਿਚ ਕਲਜੁਗ ਜੰਗਲ ਜੂਹ ਉਜਾੜ ਬੇਲਾ, ਗੋਬਿੰਦ ਖੰਡਾ ਤੀਰ ਕਮਾਨ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਆਪੇ ਰਿਹਾ ਵਖਾਈਆ। ਧੰਨ ਕਮਾਈ ਭਗਤ ਜਨ, ਜਿਨ ਹਰਿ ਹਰਿ ਸੱਜਣ ਪਾਇਆ। ਧੰਨ ਕਮਾਈ ਸੰਤ ਜਨ, ਜਿਸ ਸਤਿਗੁਰ ਮੇਲ ਮਿਲਾਇਆ। ਧੰਨ ਕਮਾਈ ਭਗਤ ਜਨ, ਜਿਨ ਮਨ ਕਾ ਭੌ ਚੁਕਾਇਆ। ਧੰਨ ਕਮਾਈ ਭਗਤ ਜਨ, ਜਿਨ ਸਹਿੰਸਾ ਰੋਗ ਮਿਟਾਇਆ। ਦੋ ਜਹਾਨਾਂ ਵਿਚੋਲਾ ਆਪੇ ਬਣ, ਪੁਰਖ ਅਬਿਨਾਸ਼ੀ ਖੇਲ ਖਿਲਾਇਆ। ਗੋਬਿੰਦ ਬੇੜਾ ਦੇਵੇ ਬੰਨ੍ਹ, ਮੰਝਧਾਰ ਪਾਰ ਕਰਾਇਆ। ਸਾਚੇ ਘਰ ਬਹਾਏ ਨਾ ਕੋਈ ਛੱਪਰ ਛੰਨ, ਸੂਰਜ ਚੰਦ ਨਾ ਕੋਈ ਚੜ੍ਹਾਇਆ। ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ ਆਪ ਆਪਣੇ ਗੁਰਮੁਖ ਸਾਚੇ ਲੜ ਲਏ ਬੰਨ੍ਹ, ਪੱਲੂ ਏਕਾ ਨਾਮ ਫੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਕਹੇ ਧੰਨ ਵਡਿਆਈ, ਜਿਸ ਮਿਲਿਆ ਹਰਿ ਰਘੁਰਾਈ, ਜਗਤ ਵਿਸਰੀ ਦਾਤ ਪਰਾਈ, ਪੁਰਖ ਪਰਖੋਤਮ ਏਕਾ ਪਾਇਆ। ਵਾਕ ਭਵਿਖਤ ਸਚ ਸੰਦੇਸਾ, ਲਹਿਣਾ ਦੇਣਾ ਦਏ ਚੁਕਾਈਆ। ਲਹਿਣਾ ਦੇਣਾ ਚੁਕਾਏ ਬ੍ਰਹਮਾ ਵਿਸ਼ਨ ਮਹੇਸ਼ਾ, ਸੁਰਪਤ ਰਾਜਾ ਇੰਦ ਰਹਿਣ ਨਾ ਪਾਈਆ। ਨੌਂ ਖੰਡ ਪ੍ਰਿਥਮੀ ਚੁਕੇ ਲੇਖਾ, ਸੱਤ ਦੀਪ ਦੇਣ ਦੁਹਾਈਆ। ਲੱਖ ਚੁਰਾਸੀ ਚਲੇ ਨਾ ਕੋਈ ਪੇਸ਼ਾ, ਸ਼ਾਹ ਸੁਲਤਾਨ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
