Granth 10 Likhat 195: 20 Bhadron 2018 Bikarmi Gurmel Singh de Greh Pind Burj Hari Singh Wala

੨੦ ਭਾਦਰੋਂ ੨੦੧੮ ਬਿਕ੍ਰਮੀ ਗੁਰਮੇਲ ਸਿੰਘ ਦੇ ਗ੍ਰਹਿ ਪਿੰਡ ਬੁਰਜ ਹਰੀ ਸਿੰਘ ਵਾਲਾ

ਸੋ ਪੁਰਖ ਨਿਰੰਜਣ ਸਾਚੀ ਧਾਰ, ਸਤਿ ਸਤਿਵਾਦੀ ਮਾਤ ਚਲਾਇੰਦਾ। ਨਿਰਗੁਣ ਸਰਗੁਣ ਕਰੇ ਪਿਆਰ, ਆਤਮ ਪਾਰਬ੍ਰਹਮ ਮਿਲਾਇੰਦਾ। ਏਕਾ ਮੰਦਰ ਖੋਲ੍ਹ ਕਿਵਾੜ, ਸਾਚਾ ਦਰ ਆਪ ਸੁਹਾਇੰਦਾ। ਏਕਾ ਇਸ਼ਟ ਗੁਰ ਅਵਤਾਰ, ਰੂਪ ਅਨੂਪ ਧਰਾਇੰਦਾ। ਏਕਾ ਨਾਦ ਧੁਨ ਜੈਕਾਰ, ਏਕਾ ਸ਼ਬਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰਾ ਆਪ ਚਲਾਇੰਦਾ। ਸਾਚੀ ਧਾਰ ਹਰਿ ਨਿਰੰਕਾਰ, ਸਤਿਜੁਗ ਸਤਿ ਸਤਿ ਵਰਤਾਈਆ। ਵਰਨ ਬਰਨ ਨਾ ਕੋਇ ਵਿਚਾਰ, ਊਚ ਨੀਚ ਨਾ ਕੋਇ ਰਖਾਈਆ। ਰਾਓ ਰੰਕ ਨਾ ਕੋਇ ਰਾਜਾਨ, ਸ਼ਾਹ ਪਾਤਸ਼ਾਹ ਨਾ ਕੋਇ ਅਖਵਾਈਆ। ਦੀਨ ਮਜ਼੍ਹਬ ਨਾ ਕੋਇ ਇਸਲਾਮ, ਆਤਮ ਬ੍ਰਹਮ ਸਰਬ ਦਰਸਾਈਆ। ਕਿਸੇ ਨਾ ਪਕੜੇ ਕੋਇ ਦਾਮ, ਏਕਾ ਓਟ ਅਕਾਲ ਜਣਾਈਆ। ਰੂਪ ਧਰਾਏ ਰਮੱਯਾ ਰਾਮ, ਸਾਵਲ ਸੁੰਦਰ ਖੇਲ ਖਿਲਾਈਆ। ਈਸਾ ਮੂਸਾ ਦੇ ਪੈਗ਼ਾਮ, ਪੈਗ਼ੰਬਰ ਵੇਖ ਵਖਾਈਆ। ਆਪ ਜਣਾਏ ਸਚ ਕਲਾਮ, ਕਲਮਾ ਨਬੀ ਆਪ ਪੜ੍ਹਾਈਆ। ਸਾਚਾ ਢੋਲਾ ਇਕ ਕਲਾਮ, ਕ਼ਾਦਰ ਕ਼ੁਦਰਤ ਆਪ ਸੁਣਾਈਆ। ਸੋ ਪੁਰਖ ਨਿਰੰਜਣ ਹੋ ਪਰਧਾਨ, ਹੰ ਬ੍ਰਹਮ ਕਰੇ ਪੜ੍ਹਾਈਆ। ਸੋਹੰ ਸ਼ਬਦ ਵਿਚ ਜਹਾਨ, ਏਕਾ ਵਾਰ ਪਰਗਟਾਈਆ। ਵਿਸ਼ਨ ਬ੍ਰਹਮਾ ਸ਼ਿਵ ਸਾਰੇ ਗਾਨ, ਅੰਤਰ ਆਤਮ ਲਿਵ ਲਾਈਆ। ਲੱਖ ਚੁਰਾਸੀ ਵਖਾਏ ਨਿਸ਼ਾਨ, ਸਤਿ ਸਤਿਵੰਤਾ ਆਪ ਝੁਲਾਈਆ। ਜੀਵ ਜੰਤ ਪਾਏ ਆਣ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਰੰਗ ਸਮਾਈਆ। ਸਤਿ ਸਤਿਵਾਦੀ ਸਾਚਾ ਰੰਗ, ਸਾਚੀ ਧਾਰ ਚਲਾਇੰਦਾ। ਸ਼ਬਦ ਨਾਦ ਇਕ ਮਰਦੰਗ, ਜੀਵ ਜੰਤ ਸੁਣਾਇੰਦਾ। ਅੰਮ੍ਰਿਤ ਆਤਮ ਸਾਚੀ ਗੰਗ, ਨਿਝਰ ਝਿਰਨਾ ਇਕ ਵਖਾਇੰਦਾ। ਅੱਠੇ ਪਹਿਰ ਪਰਮਾਨੰਦ, ਕਾਇਆ ਮੰਦਰ ਸੋਭਾ ਪਾਇੰਦਾ। ਲੇਖਾ ਜਾਣੇ ਬੱਤੀ ਦੰਦ, ਰਸਨਾ ਜਿਹਵਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਚਲਾਇੰਦਾ। ਸਤਿਜੁਗ ਸਾਚਾ ਮਾਰਗ ਲੌਣਾ, ਪਾਰਬ੍ਰਹਮ ਵਡੀ ਵਡਿਆਈਆ । ਕਲਜੁਗ ਕੂੜਾ ਪੰਧ ਮੁਕੌਣਾ, ਲੋਕਮਾਤ ਰਹਿਣ ਨਾ ਪਾਈਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਧਾਮ ਬਹੌਣਾ, ਏਕਾ ਰਾਮ ਨਜ਼ਰੀ ਆਈਆ। ਏਕਾ ਅੱਖਰ ਆਪ ਪੜ੍ਹੌਣਾ, ਏਕਾ ਘਰ ਵੱਜੇ ਵਧਾਈਆ। ਕਲਜੁਗ ਸਾਢੇ ਤਿੰਨ ਹੱਥ ਸੀਆਂ ਵਕ਼ਤ ਚੁਕੌਣਾ, ਰਵਦਾਸ ਚਮਾਰਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਆਪ ਵਸਾਈਆ। ਸਾਚਾ ਘਰ ਹਰਿ ਵਸੌਣਾ, ਬੇਅੰਤ ਵੱਡ ਵਡਿਆਈਆ। ਦੀਪਕ ਜੋਤ ਇਕ ਜਗੌਣਾ, ਹਵਨ ਬਾਤੀ ਨਾ ਕੋਇ ਕਰਾਈਆ। ਪਵਣੀ ਪਵਣ ਸੇਵਾ ਲੌਣਾ, ਪਵਣ ਪਵਣਾਂ ਵਿਚ ਸਮਾਈਆ। ਧੁਰ ਫ਼ਰਮਾਨਾ ਇਕ ਜਣੌਣਾ, ਲਿਖਣ ਪੜ੍ਹਨ ਵਿਚ ਨਾ ਆਈਆ। ਸਤ ਸਤ ਆਪਣਾ ਫੇਰਾ ਪੌਣਾ, ਬ੍ਰਹਮ ਮਤ ਇਕ ਦਰਸਾਈਆ। ਏਕਾ ਬੀਜ ਏਕਾ ਵੱਤ ਏਕਾ ਫਲ ਲਗੌਣਾ, ਅੰਮ੍ਰਿਤ ਫਲ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਮਾਰਗ ਲਾਈਆ। ਸਤਿਜੁਗ ਮਾਰਗ ਸੱਚਾ ਰਾਹ, ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਨਿਰਵੈਰ ਨਿਰਾਕਾਰ ਬਣ ਮਲਾਹ, ਦੋ ਜਹਾਨਾਂ ਬੇੜਾ ਆਪ ਚਲਾਇੰਦਾ। ਜਨ ਭਗਤਾਂ ਦੇਵੇ ਸਚ ਸਲਾਹ, ਏਕਾ ਨਾਮ ਜਪਾਇੰਦਾ। ਵੇਲੇ ਅੰਤ ਪਕੜੇ ਬਾਂਹ, ਸਗਲਾ ਸੰਗ ਨਿਭਾਇੰਦਾ। ਸਖਾ ਸਖਾਈ ਪਿਤਾ ਮਾਂ, ਸੀਸ ਜਗਦੀਸ ਹੱਥ ਟਿਕਾਇੰਦਾ। ਹੰਸ ਬਣਾਏ ਫੜ ਫੜ ਕਾਂ, ਕਾਂਗੋਂ ਹੰਸ ਉਡਾਇੰਦਾ। ਜ਼ਾਤ ਪਾਤ ਰਿਹਾ ਮਿਟਾ, ਊਚ ਨੀਚ ਨਾ ਕੋਇ ਵਖਾਇੰਦਾ। ਸਾਚਾ ਮਾਰਗ ਦਏ ਜਣਾ, ਭੇਵ ਅਭੇਦ ਖੁਲ੍ਹਾਇੰਦਾ। ਕੋਈ ਨਾ ਖਾਏ ਸੂਰ ਗਾਂ, ਏਕਾ ਆਤਮ ਅਨੰਦ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਸੰਗ ਨਿਭਾਇੰਦਾ। ਸਤਿਜੁਗ ਸਾਚੇ ਚਲੇ ਸੰਗ, ਸਗਲਾ ਸੰਗ ਆਪ ਨਿਭਾਈਆ। ਘਰ ਘਰ ਵਜਾਏ ਨਾਮ ਮਰਦੰਗ, ਸੁਰਤ ਸੁਆਣੀ ਲਏ ਉਠਾਈਆ। ਕਾਇਆ ਚੋਲੀ ਚਾੜ੍ਹੇ ਰੰਗ, ਗੁਰ ਸ਼ਬਦੀ ਸੇਵ ਕਮਾਈਆ। ਪਾਵੇ ਸਾਰ ਜੇਰਜ ਅੰਡ, ਉਤਭੁਜ ਸੇਤਜ ਫੋਲ ਫੋਲਾਈਆ। ਲੇਖਾ ਜਾਣੇ ਹਰਿ ਬ੍ਰਹਿਮੰਡ, ਬ੍ਰਹਿਮਾਂਡ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਬੰਧਨ ਪਾਈਆ। ਸਤਿਜੁਗ ਸਾਚਾ ਹਰਿ ਹਰਿ ਬੰਧਨ, ਗੁਰਮੁਖ ਵਿਰਲੇ ਪਾਇੰਦਾ। ਜਿਸ ਜਨ ਦੇਵੇ ਆਤਮ ਅਨੰਦਨ, ਨਿਜ ਆਤਮ ਰਸ ਚਖਾਇੰਦਾ। ਇਕ ਸੁਣਾਏ ਸੁਹਾਗੀ ਛੰਦਨ, ਘਰ ਘਰ ਵਿਚ ਰਾਗ ਅਲਾਇੰਦਾ। ਕਲਜੁਗ ਜੀਵ ਭਾਗਾਂ ਮੰਦਨ, ਹਰਿ ਕਾ ਰੂਪ ਨਜ਼ਰ ਨਾ ਆਇੰਦਾ। ਕਿਸੇ ਨਾ ਲੇਖੇ ਖਾਧਾ ਪੀਤਾ ਬੱਤੀ ਦੰਦਨ, ਬਿਨ ਹਰਿ ਨਾਮੇ ਖ਼ਾਲੀ ਸਰਬ ਵਖਾਇੰਦਾ। ਗੁਰਮੁਖ ਵਿਰਲਾ ਮਸਤਕ ਧੂੜੀ ਲਾਵੇ ਚੰਦਨ, ਚੰਦ ਚਾਂਦਨਾ ਆਪ ਚਮਕਾਇੰਦਾ। ਜੁਗ ਜੁਗ ਹੋਏ ਆਪੇ ਟੁੱਟੀ ਗੰਢਣ, ਏਕਾ ਪੱਲੂ ਗੰਢ ਪਵਾਇੰਦਾ। ਤ੍ਰੈਗੁਣ ਅਤੀਤਾ ਤ੍ਰੈਗੁਣ ਕਰੇ ਖੰਡਨ, ਏਕਾ ਖੰਡਾ ਨਾਮ ਚਮਕਾਇੰਦਾ। ਚਾਰੋਂ ਕੁੰਟ ਚੰਡ ਪਰਚੰਡਨ, ਬ੍ਰਹਿਮੰਡ ਖੇਲ ਖਿਲਾਇੰਦਾ। ਕਰੇ ਖੇਲ ਆਦਿ ਨਿਰੰਜਣ, ਭੇਵ ਕੋਇ ਨਾ ਪਾਇੰਦਾ। ਗ਼ਰੀਬ ਨਿਮਾਣਿਆਂ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਇੰਦਾ। ਨੇਤਰ ਪਾਏ ਨਾਮ ਅੰਜਨ, ਆਪਣਾ ਦਰਸ ਕਰਾਇੰਦਾ। ਏਥੇ ਓਥੇ ਬਣੇ ਸੱਜਣ, ਸਾਕ ਸੈਣ ਆਪ ਹੋ ਜਾਇੰਦਾ। ਚਰਨ ਧੂੜੀ ਸਾਚਾ ਮਜਨ, ਦੁਰਮਤ ਮੈਲ ਧਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਰੂਪ ਵਖਾਇੰਦਾ। ਕਲਜੁਗ ਤੇਰਾ ਰੂਪ ਅਨੂਪ, ਸਤਿਗੁਰ ਪੂਰਾ ਆਪ ਪਰਗਟਾਈਆ। ਸਚ ਸੁੱਚ ਵਰਤੇ ਚਾਰੇ ਕੂਟ, ਜੂਠ ਝੂਠ ਡੇਰਾ ਢਾਹੀਆ। ਨੌਂ ਖੰਡ ਪ੍ਰਿਥਮੀ ਸੁਹਾਏ ਏਕਾ ਰੁੱਤ, ਰੁੱਤ ਬਸੰਤੀ ਆਪ ਮਹਿਕਾਈਆ। ਗੁਰਮੁਖ ਬਣਾਏ ਸਾਚੇ ਸੁੱਤ, ਪਿਤਾ ਪੂਤ ਗੋਦ ਬਹਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਚੇਤਨ ਆਪਣੀ ਧਾਰ ਚਲਾਈਆ। ਆਪਣੀ ਵਾਰ ਆਪੇ ਉਠ, ਆਪਣਾ ਬਲ ਵਖਾਈਆ। ਗਹਿਰ ਗੰਭੀਰ ਗਿਆ ਤੁਠ, ਬੇਅੰਤ ਸੱਚਾ ਸ਼ਹਿਨਸ਼ਾਹੀਆ। ਚਾਰ ਵਰਨ ਕਰੇ ਏਕਾ ਮੁੱਠ, ਆਪਣਾ ਬੰਧਨ ਪਾਈਆ। ਮਨਮੁਖਤਾ ਅੰਤਮ ਪਏ ਲੁੱਟ, ਮਨਮਤ ਦਏ ਦੁਹਾਈਆ। ਸਚ ਦਵਾਰਿਉਂ ਜੋ ਗਏ ਰੁੱਠ, ਅੰਤਮ ਲਏ ਮਨਾਈਆ। ਮੂਰਖ ਮੁਗਧਾਂ ਧਰਮ ਰਾਏ ਦਰ ਟੰਗੇ ਪੁੱਠ, ਦੇਵੇ ਸਖ਼ਤ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਮਾਤ ਧਰਾਈਆ। ਸਤਿਜੁਗ ਸਾਚਾ ਮਾਤ ਧਰ, ਧਰਨੀ ਧਰਤ ਧਵਲ ਸੁਹਾਇੰਦਾ। ਏਕਾ ਦੇਵੇ ਆਪਣਾ ਵਰ, ਸਾਚੀ ਵਸਤ ਝੋਲੀ ਪਾਇੰਦਾ। ਦੀਨ ਮਜ਼੍ਹਬ ਨਾ ਕੋਇ ਡਰ, ਸ਼ਰਅ ਸ਼ਰੀਅਤ ਨਾ ਕੋਇ ਵਖਾਇੰਦਾ। ਹਰ ਘਟ ਅੰਦਰ ਹਰਿ ਜੂ ਰਿਹਾ ਵੜ, ਰੂਪ ਅਨੂਪ ਵਖਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਪੰਜ ਤੱਤ ਭਾਗ ਲਗਾਇੰਦਾ। ਗੁਰਮੁਖ ਵਿਰਲਾ ਵੇਖੇ ਅੱਗੇ ਖੜ, ਜਿਸ ਜਨ ਆਪਣੀ ਦਇਆ ਕਮਾਇੰਦਾ। ਕਿਰਪਾ ਕਰੇ ਨਰਾਇਣ ਨਰ, ਨਰ ਨਾਰੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਸ਼ਬਦ ਜਣਾਇੰਦਾ। ਸਾਚਾ ਸ਼ਬਦ ਸੋਹੰ ਸੋ, ਸੋ ਪੁਰਖ ਨਿਰੰਜਣ ਧਾਰ ਚਲਾਇੰਦਾ। ਲੱਖ ਚੁਰਾਸੀ ਦੇਵੇ ਢੋ, ਢੋਆ ਢੋਲਾ ਲੈ ਕੇ ਆਇੰਦਾ। ਏਕਾ ਬੀਜ ਦੇੇਵੇ ਬੋ, ਏਕਾ ਰੁੱਤ ਸੁਹਾਇੰਦਾ। ਏਕਾ ਅੰਮ੍ਰਿਤ ਦੇਵੇ ਚੋ, ਹਰਿਆ ਬੂਟਾ ਆਪ ਕਰਾਇੰਦਾ। ਏਕਾ ਤੋੜੇ ਨਾਤਾ ਮੋਹ, ਮਾਇਆ ਮਮਤਾ ਪਰੇ ਹਟਾਇੰਦਾ। ਏਕਾ ਬ੍ਰਹਮ ਪਾਰਬ੍ਰਹਮ ਜਾਏ ਛੋਹ, ਦੂਈ ਪਰਦਾ ਆਪ ਚੁਕਾਇੰਦਾ। ਗੁਰਮੁਖ ਜਗਤ ਜੀਵਣ ਵਲੋਂ ਹੋਏ ਨਿਰਮੋਹ, ਨਿਰਵੈਰ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਹਰਿ ਕਰਤਾਰ, ਨਵ ਨਵ ਚਾਰ ਕਰਾਈਆ। ਕਾਇਆ ਕੱਪੜ ਦਏ ਉਤਾਰ, ਜੋਤੀ ਜੋਤ ਜੋਤ ਮਿਲਾਈਆ। ਮੰਦਰ ਸੁਹਾਏ ਬੰਕ ਦਵਾਰ, ਗ੍ਰਹਿ ਸਾਚੇ ਵੱਜੇ ਵਧਾਈਆ। ਵਾਹ ਵਾ ਸਖ਼ੀਆਂ ਮੰਗਲਾਚਾਰ, ਗੀਤ ਗੋਬਿੰਦ ਅਲਾਈਆ। ਗੁਰਮੁਖ ਸੋਹੇ ਗੁਰ ਚਰਨ ਦਵਾਰ, ਗੁਰ ਮੇਲਾ ਸਹਿਜ ਸੁਭਾਈਆ। ਏਕਾ ਨੂਰ ਹੋਏ ਉਜਿਆਰ, ਜੋਤੀ ਜੋਤ ਡਗਮਗਾਈਆ। ਸ਼ਬਦੀ ਸ਼ਬਦ ਕਰੇ ਪਿਆਰ, ਏਕਾ ਨਾਮ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵਿਰਲੇ ਲਏ ਉਧਾਰ, ਪੂਰਬ ਜਨਮਾਂ ਵੇਖ ਵਖਾਈਆ। ਪੂਰਬ ਜਨਮ ਸਾਚਾ ਲਹਿਣਾ, ਜਨਮ ਕਰਮ ਲੇਖੇ ਪਾਇੰਦਾ। ਜਿਸ ਜਨ ਵਖਾਏ ਦਰਸਨ ਨੈਣਾਂ, ਜਨਮ ਮਰਨ ਕਟਾਇੰਦਾ। ਜਿਸ ਤਨ ਪਾਏ ਨਾਮ ਗਹਿਣਾ, ਸਵੱਛ ਸੁਹਾਗਣ ਰੂਪ ਵਖਾਇੰਦਾ। ਜਿਸ ਜਨ ਜਣਾਏ ਭਾਣਾ ਸਹਿਣਾ, ਤਿਸ ਆਪਣਾ ਮੇਲ ਮਿਲਾਇੰਦਾ। ਗੁਰ ਗੁਰ ਗੁਰਮੁਖ ਧਾਮ ਇਕੱਠੇ ਬਹਿਣਾ, ਸਚਖੰਡ ਦਵਾਰਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਚਾਰ ਵਰਨ ਬਹਾਏ ਏਕਾ ਦਰ, ਨਿਰਭੌ ਚੁਕਾਏ ਦੂਜਾ ਡਰ, ਨੇਤਰ ਤੀਜਾ ਖੋਲ੍ਹ ਵਖਾਏ ਘਰ, ਚੌਥੇ ਘਰ ਵੱਜੇ ਵਧਾਈਆ। ਪੰਚਮ ਮੇਲਾ ਆਪੇ ਕਰ, ਛੇਵਾਂ ਬਿਨ ਛੱਪਰ ਛੰਨ ਜਾਏ ਵੜ, ਸੱਤਵਾਂ ਸਤਿ ਸਤਿਵਾਦੀ ਨਾ ਕੋਈ ਸੀਸ ਨਾ ਕੋਈ ਧੜ, ਪੁਰਖ ਅਕਾਲ ਵਡੀ ਵਡਿਆਈਆ। ਅੱਠਾਂ ਤੱਤਾਂ ਲਏ ਫੜ, ਨੌਂ ਦਵਾਰ ਖੋਲ੍ਹ ਗੜ੍ਹ, ਸਾਚੀ ਚੋਟੀ ਆਪੇ ਚੜ੍ਹ, ਦਸਮ ਦਵਾਰੀ ਕੁੰਡਾ ਲਾਹੀਆ। ਨਿਰਗੁਣ ਜੋਤੀ ਨੂਰ ਕਰ, ਅਨਹਦ ਤੂਰ ਵੱਜੇ ਦਰ, ਪੰਚ ਵਿਕਾਰਾ ਜਾਏ ਸੜ, ਦੂਈ ਦਵੈਤੀ ਰਹਿਣ ਨਾ ਪਾਈਆ। ਗੁਰਮੁਖ ਮਿਲੇ ਆਪਣੇ ਘਰ, ਪੁਰਖ ਅਬਿਨਾਸ਼ੀ ਪੱਲੂ ਫੜ, ਸਾਚੇ ਪੌੜੇ ਜਾਏ ਚੜ੍ਹ, ਆਪਣਾ ਪੰਧ ਆਪ ਮੁਕਾਈਆ। ਨਜ਼ਰੀ ਆਏ ਏਕਾ ਹਰਿ , ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ, ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਆਪਣਾ ਮੇਲ ਮਿਲਾਈਆ।