Granth 10 Likhat 194: 19 Bhadron 2018 Bikarmi Nachhatar Singh de Greh Pind Burj Hari Singh Wala

੧੯ ਭਾਦਰੋਂ ੨੦੧੮ ਬਿਕ੍ਰਮੀ ਨਛੱਤਰ ਸਿੰਘ ਦੇ ਗ੍ਰਹਿ ਪਿੰਡ ਬੁਰਜ ਹਰੀ ਸਿੰਘ ਵਾਲਾ

ਹਰਿ ਭਾਣਾ ਬਲਵਾਨ, ਆਦਿ ਜੁਗਾਦਿ ਵਰਤਾਇੰਦਾ। ਜੁਗ ਜੁਗ ਖੇਲੇ ਖੇਲ ਮਹਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਨਿਹਚਲ ਵਸੇ ਸਚ ਮਕਾਨ, ਸਚਖੰਡ ਸਾਚੇ ਸੋਭਾ ਪਾਇੰਦਾ। ਸ਼ਬਦ ਅਗੰਮੀ ਧੁਰ ਫ਼ਰਮਾਨ, ਜੁਗਾ ਜੁਗੰਤਰ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਧਾਨ, ਸਾਚੇ ਮਾਰਗ ਲਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਉਪਾਏ ਸਚ ਨਿਸ਼ਾਨ, ਸਚ ਨਿਸ਼ਾਨਾ ਆਪ ਝੁਲਾਇੰਦਾ। ਰਵ ਸਸ ਕਿਰਨੀ ਕਿਰਨ ਕਰ ਪਰਵਾਨ, ਨੂਰ ਨੁਰਾਨਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਆਪਣਾ ਭੇਵ ਹਰਿ ਨਿਰੰਕਾਰ, ਆਪਣੇ ਹੱਥ ਰਖਾਈਆ। ਨਿਰਗੁਣ ਨਿਰਵੈਰ ਹੋ ਉਜਿਆਰ, ਦੋ ਜਹਾਨਾਂ ਖੇਲ ਕਰਾਈਆ। ਨਿਰਗੁਣ ਸਰਗੁਣ ਸਾਚੀ ਧਾਰ, ਸੋ ਪੁਰਖ ਨਿਰੰਜਣ ਆਪ ਚਲਾਈਆ। ਹਰਿ ਪੁਰਖ ਨਿਰੰਜਣ ਖੇਲ ਅਪਾਰ, ਬੇਅੰਤ ਵਡ ਵਡਿਆਈਆ। ਏਕੰਕਾਰ ਪਾਵੇ ਸਾਰ, ਆਪਣਾ ਪਰਦਾ ਆਪ ਉਠਾਈਆ। ਆਦਿ ਨਿਰੰਜਣ ਹੋ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਪੁਰਖ ਅਬਿਨਾਸ਼ੀ ਜੁਗਾ ਜੁਗੰਤਰ ਸਾਚੀ ਕਾਰ, ਸ੍ਰੀ ਭਗਵਾਨ ਹੱਥ ਵਖਾਈਆ। ਪਾਰਬ੍ਰਹਮ ਕਰੇ ਖੇਲ ਅਪਰ ਅਪਾਰ, ਅਪਰੰਪਰ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਭੇਵ ਆਪ ਜਣਾਈਆ। ਆਦਿ ਪੁਰਖ ਭੇਵ ਅਵੱਲਾ, ਆਪਣੇ ਹੱਥ ਰਖਾਇੰਦਾ। ਵਸਣਹਾਰਾ ਸਚਖੰਡ ਸਚ ਮਹੱਲਾ, ਸਾਚੇ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਆਪੇ ਰੱਲਾ, ਜੋਤੀ ਜਾਤਾ ਡਗਮਗਾਇੰਦਾ। ਸਚ ਸੰਦੇਸ ਏਕਾ ਘੱਲਾ, ਸ਼ਬਦੀ ਨਾਦ ਵਜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਫੜਾਇਆ ਪੱਲਾ, ਨਾਮ ਨਾਮਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਹੱਥ ਕਰਤਾਰ, ਆਪਣੇ ਹੱਥ ਰਖਾਈਆ। ਤ੍ਰੈ ਤ੍ਰੈ ਮੀਤਾ ਹੋ ਉਜਿਆਰ, ਤ੍ਰੈ ਤ੍ਰੈ ਲੇਖਾ ਦਏ ਸਮਝਾਈਆ। ਸਤਿ ਸਤਿਵਾਦੀ ਠਾਂਡਾ ਦਰਬਾਰ, ਧੁਰ ਦਰਬਾਰਾ ਆਪ ਵਖਾਈਆ। ਆਪਣੀ ਇਛਿਆ ਕਰ ਤਿਆਰ, ਆਪੇ ਲਏ ਪਰਗਟਾਈਆ। ਵੰਡੇ ਵੰਡ ਅਗੰਮ ਅਪਾਰ, ਵੰਡਣਹਾਰਾ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਆਪਣੀ ਖੇਲ ਕਰਾਈਆ। ਸਾਚੀ ਵੰਡ ਪੁਰਖ ਸਮਰਥ, ਆਪਣੀ ਆਪ ਵੰਡਾਇੰਦਾ। ਸੋ ਪੁਰਖ ਨਿਰੰਜਣ ਮਹਿਮਾ ਅਕਥ, ਆਪਣਾ ਰੂਪ ਆਪ ਧਰਾਇੰਦਾ। ਆਪ ਚਲਾਏ ਸਾਚਾ ਰਥ, ਰਥ ਰਥਵਾਹੀ ਸੇਵ ਕਮਾਇੰਦਾ। ਆਪਣੇ ਮੰਦਰ ਹੋ ਪਰਗਟ, ਆਪਣੀ ਧਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਕਰੇ ਹਰਿ, ਗ੍ਰਹਿ ਆਪਣਾ ਆਪ ਸੁਹਾਇੰਦਾ। ਸਾਚੇ ਗ੍ਰਹਿ ਗ੍ਰਹਿ ਗ੍ਰਹਿ ਕਾਰ, ਗ੍ਰਹਿਵੰਤਾ ਆਪ ਕਰਾਈਆ। ਸੱਤ ਦਿਵਸ ਸੱਤ ਗ੍ਰਹਿ ਕਰ ਤਿਆਰ, ਸਤਿ ਸਤਿਵਾਦੀ ਮੇਲ ਮਿਲਾਈਆ। ਰਾਹੂ ਕੇਤੂ ਪੁਰਖ ਨਾਰ, ਏਕਾ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਘਾੜਨ ਆਪ ਘੜਾਈਆ। ਨੌਂ ਗ੍ਰਹਿ ਕਰ ਤਿਆਰ, ਆਪਣਾ ਖੇਲ ਖਿਲਾਇੰਦਾ। ਵਿਸ਼ਨ ਬ੍ਰਹਮਾ ਕਰਿਆ ਖ਼ਬਰਦਾਰ, ਏਕਾ ਹੁਕਮ ਸੁਣਾਇੰਦਾ। ਤ੍ਰੈਗੁਣ ਮਾਇਆ ਭਰ ਭੰਡਾਰ, ਪੰਚਮ ਜੋੜ ਜੁੜਾਇੰਦਾ। ਰਜੋ ਤਮੋ ਸਤੋ ਦੇ ਆਧਾਰ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਰੰਗ ਰੰਗਾਇੰਦਾ। ਨਿਰਗੁਣ ਸਰਗੁਣ ਕਰ ਤਿਆਰ, ਪੰਜ ਤੱਤ ਖੇੜਾ ਆਪ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਇੰਦਾ। ਪੰਜ ਤੱਤ ਖੇੜਾ ਲੱਖ ਚੁਰਾਸੀ, ਪੁਰਖ ਅਬਿਨਾਸ਼ੀ ਆਪ ਉਪਾਈਆ। ਆਪੇ ਖੇਲੇ ਖੇਲ ਤਮਾਸ਼ੀ, ਖੇਲਣਹਾਰ ਆਪ ਹੋ ਜਾਈਆ। ਘਟ ਘਟ ਅੰਦਰ ਪਾਵੇ ਰਾਸੀ, ਨਿਰਗੁਣ ਸਰਗੁਣ ਵੇਖ ਵਖਾਈਆ। ਸਰਬ ਗੁਣ ਭਰਪੂਰ ਸਰਬ ਗੁਣ ਤਾਸੀ, ਏਕੰਕਾਰ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਠਾਂ ਤੱਤਾਂ ਮੇਲ ਮਿਲਾਈਆ। ਅੱਠ ਤੱਤ ਮੇਲ ਮਿਲਨਾ, ਏਕਾ ਰੰਗ ਰੰਗਾਇੰਦਾ। ਲੱਖ ਚੁਰਾਸੀ ਘਾੜਤ ਘੜਨਾ, ਘੜ ਘੜ ਆਪੇ ਵੇਖ ਵਖਾਇੰਦਾ। ਜੋਤ ਨਿਰੰਜਣ ਚਾੜ੍ਹੇ ਚੰਨਾ, ਨੂਰ ਨੁਰਾਨਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਠ ਤੱਤ ਆਪਣਾ ਖੇਲ ਖਿਲਾਇੰਦਾ। ਅੱਠ ਤੱਤ ਖੇਲ ਨਿਆਰਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਘਰ ਵਿਚ ਘਰ ਕਰ ਤਿਆਰਾ, ਘਰ ਬੈਠਾ ਆਸਣ ਲਾਈਆ। ਘਰ ਸੂਰਜ ਚੰਨ ਮੰਡਲ ਮੰਡਪ ਬਣਾਏ ਸਤਾਰਾ, ਅਨਭਵ ਪਰਕਾਸ਼ ਕਰਾਈਆ। ਘਰ ਸ਼ਬਦ ਨਾਦ ਧੁੰਨਕਾਰਾ, ਬੋਧ ਅਗਾਧੀ ਰਿਹਾ ਸੁਣਾਈਆ। ਘਰ ਅੰਮ੍ਰਿਤ ਠੰਡਾ ਠਾਰਾ, ਨਿਝਰ ਝਿਰਨਾ ਰਿਹਾ ਝਿਰਾਈਆ। ਘਰ ਵੇਖੇ ਡੂੰਘੀ ਗਾਰਾ, ਕਾਇਆ ਕਵਰੀ ਫੋਲ ਫੋਲਾਈਆ। ਘਰ ਪੰਚਮ ਲੱਗਾ ਅਖਾੜਾ, ਤ੍ਰੈ ਤ੍ਰੈ ਆਪੇ ਨਾਚ ਨਚਾਈਆ। ਕਰੇ ਖੇਲ ਅਪਰ ਅਪਾਰਾ, ਆਦਿ ਜੁਗਾਦਿ ਬੇਪਰਵਾਹੀਆ। ਲੱਖ ਚੁਰਾਸੀ ਭਰ ਭੰਡਾਰਾ, ਏਕਾ ਗੁਣ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੱਠ ਤੱਤ ਮੇਲ ਮਿਲਾਈਆ। ਅੱਠ ਤੱਤ ਤਤਵ ਤਤ, ਹਰਿ ਸਾਚਾ ਮੇਲ ਮਿਲਾਇੰਦਾ। ਹੱਡ ਮਾਸ ਨਾੜੀ ਰਤ, ਕਾਇਆ ਪਿੰਜਰ ਜੋੜ ਜੁੜਾਇੰਦਾ। ਅੰਦਰ ਰੱਖੇ ਬ੍ਰਹਮ ਕਮਲਾਪਤ, ਪਾਰਬ੍ਰਹਮ ਵੰਡ ਵੰਡਾਇੰਦਾ। ਧੀਰਜ ਸੰਤੋਖ ਸਾਚਾ ਜਤ, ਸਤਿ ਸਤਿਵਾਦੀ ਆਪ ਰਖਾਇੰਦਾ। ਆਪੇ ਜਾਣੇ ਆਪਣਾ ਨੱਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਗਾਥਾ ਆਪ ਸੁਣਾਇੰਦਾ । ਸਾਚੀ ਗਾਥਾ ਨਾਦ ਧੁਨ, ਧੁਨ ਆਤਮਕ ਆਪ ਵਜਾਈਆ। ਆਪੇ ਖੋਲ੍ਹਣਹਾਰਾ ਸੁੰਨ, ਸੁੰਨ ਸਮਾਧ ਭੇਵ ਚੁਕਾਈਆ। ਜੁਗਾ ਜੁਗੰਤਰ ਭਗਤ ਭਗਵੰਤ ਆਪੇ ਚੁਣ, ਆਪਣੀ ਬੂਝ ਬੁਝਾਈਆ। ਲੱਖ ਚੁਰਾਸੀ ਪੁਕਾਰ ਰਿਹਾ ਸੁਣ, ਅਭੁਲ ਭੁਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਖੇਲ ਕਰਾਈਆ। ਜੁਗ ਜੁਗ ਖੇਲ ਅਵੱਲੜਾ, ਕਰੇ ਕਰਾਏ ਹਰਿ ਕਰਤਾਰ। ਦੋ ਜਹਾਨ ਫੜਾਏ ਪਲੜਾ, ਆਪ ਆਪਣੀ ਕਿਰਪਾ ਧਾਰ। ਆਪੇ ਜਾਣੇ ਆਪਣਾ ਰਾਹ ਸੁਖਲੜਾ, ਆਪੇ ਮਾਰਗ ਕਰੇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਵਿਚ ਸੰਸਾਰ। ਸਾਚਾ ਖੇਲ ਹਰਿ ਨਿਰੰਕਾਰਾ, ਲੋਕਮਾਤ ਕਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ ਕਿਨਾਰਾ, ਥਿਰ ਕੋਇ ਰਹਿਣ ਨਾ ਪਾਈਆ। ਸੇਵਾ ਲਾਏ ਗੁਰ ਅਵਤਾਰਾ, ਜੁਗ ਜੁਗ ਸੇਵ ਕਮਾਈਆ। ਭਗਤਨ ਦੇਵੇ ਨਾਮ ਆਧਾਰਾ, ਏਕਾ ਗੁਣ ਜਣਾਈਆ। ਸੰਤਨ ਖੋਲ੍ਹੇ ਬੰਦ ਕਿਵਾੜਾ, ਆਤਮ ਬ੍ਰਹਮ ਪਰਗਟਾਈਆ। ਗੁਰਮੁਖਾਂ ਦੇਵੇ ਇਕ ਹੁਲਾਰਾ, ਏਕਾ ਰੰਗ ਰੰਗਾਈਆ। ਗੁਰਸਿਖ ਬਖ਼ਸ਼ੇ ਚਰਨ ਛਾਰਾ, ਧੂੜੀ ਮਸਤਕ ਟਿੱਕਾ ਲਾਈਆ। ਜੁਗਾ ਜੁਗੰਤਰ ਮਨਮੁਖ ਕਰੇ ਜੀਵ ਖ਼ਵਾਰਾ, ਦੇਵੇ ਆਪ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਵੇਸ ਵਟਾਈਆ। ਨਿਰਗੁਣ ਸਰਗੁਣ ਹਰਿ ਹਰਿ ਧਾਰ, ਆਪਣੀ ਆਪ ਰਖਾਇੰਦਾ। ਜੁਗਾ ਜੁਗੰਤਰ ਲੈ ਅਵਤਾਰ, ਲੋਕਮਾਤ ਵੇਸ ਵਟਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਲੱਖ ਚੁਰਾਸੀ ਕਰੇ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਦੁਆਪਰ ਵੰਡ ਵੰਡਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਆਪਣੇ ਘਾਟ, ਲੋਕਮਾਤ ਰਹਿਣ ਨਾ ਪਾਈਆ। ਗੁਰ ਅਵਤਾਰ ਗਾ ਗਾ ਗਏ ਆਪਣੀ ਗਾਥ, ਵੇਦ ਸ਼ਾਸਤਰ ਸਿਮਰਤ ਨਾਲ ਰਲਾਈਆ। ਚਾਰੋਂ ਕੁੰਟ ਅੰਤ ਹੋਏ ਅੰਧੇਰੀ ਰਾਤ, ਜਗਤ ਅੰਧੇਰਾ ਛਾਈਆ। ਕਰੇ ਖੇਲ ਪੁਰਖ ਸਮਰਾਥ, ਆਪਣਾ ਨੂਰ ਆਪ ਧਰਾਈਆ। ਗ਼ਰੀਬ ਨਿਮਾਣਿਆਂ ਪੁਛੇ ਵਾਤ, ਸਖ਼ਾ ਸੁਹੇਲਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਦੁਆਪਰ ਆਪਣੇ ਵਿਚ ਸਮਾਈਆ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਕਲਜੁਗ ਆਪਣਾ ਹੁਕਮ ਸੁਣਾਇਆ। ਨੌਂ ਖੰਡ ਪ੍ਰਿਥਮੀ ਹੋਣਾ ਪਰਧਾਨ, ਸੱਤਾਂ ਦੀਪਾਂ ਤੇਰਾ ਰੰਗ ਚੜ੍ਹਾਇਆ। ਚਾਰ ਕੁੰਟ ਝੁਲੌਣਾ ਨਿਸ਼ਾਨ, ਦਹਿ ਦਿਸ਼ਾ ਵੇਖ ਵਖਾਇਆ। ਤੇਰਾ ਬਲ ਜ਼ਿਮੀਂ ਅਸਮਾਨ, ਬਲਧਾਰੀ ਆਪ ਅਖਵਾਇਆ। ਜੂਠ ਝੂਠ ਹੋਏ ਪਰਧਾਨ, ਮਾਇਆ ਮਮਤਾ ਨਾਲ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਠਾਂ ਤੱਤਾਂ ਵੇਖ ਵਖਾਇਆ। ਕਲਜੁਗ ਮੰਨ ਹਰਿ ਫ਼ਰਮਾਨਾ, ਨਿਉਂ ਨਿਉਂ ਸੀਸ ਝੁਕਾਇੰਦਾ। ਤੂੰ ਸ਼ਾਹ ਪਾਤਸ਼ਾਹ ਸੱਚਾ ਰਾਣਾ, ਹਉਂ ਬਾਲਕ ਸੇਵ ਕਮਾਇੰਦਾ। ਨੌਂ ਖੰਡ ਪ੍ਰਿਥਮੀ ਵੇਖਾਂ ਮਾਰ ਧਿਆਨਾ, ਲੁਕਿਆ ਕੋਇ ਰਹਿਣ ਨਾ ਪਾਇੰਦਾ। ਲੱਖ ਚੁਰਾਸੀ ਬੰਨਾਂ ਗਾਨਾ, ਜੂਠਾ ਝੂਠਾ ਤੰਦ ਵਖਾਇੰਦਾ। ਘਰ ਘਰ ਚੜ੍ਹਾਵਾਂ ਇਕ ਨਿਸ਼ਾਨਾ, ਸਚ ਨਿਸ਼ਾਨਾ ਨਾ ਕੋਇ ਉਠਾਇੰਦਾ। ਆਪਣੇ ਮਾਰਗ ਆਪੇ ਪਾਵਾਂ, ਤੇਰੀ ਓਟ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਸਾਚੀ ਮੰਗ ਮੰਗਾਇੰਦਾ। ਮੰਗੇ ਮੰਗ ਬਣ ਭਿਖਾਰ, ਪ੍ਰਭ ਅੱਗੇ ਸੀਸ ਝੁਕਾਈਆ। ਕਲਜੁਗ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਲੱਖ ਚੁਰਾਸੀ ਤੇਰਾ ਸੰਸਾਰ, ਤੇਰੀ ਕ਼ੁਦਰਤ ਵੇਖ ਵਖਾਈਆ। ਹਰ ਘਟ ਰਵਿਆ ਤੂੰ ਕਰਤਾਰ, ਘਟ ਘਟ ਬੈਠਾ ਆਸਣ ਲਾਈਆ। ਗ੍ਰਹਿ ਗ੍ਰਹਿ ਵੱਜੇ ਤੇਰਾ ਨਾਦ ਧੁੰਨਕਾਰ, ਸ਼ਬਦ ਅਨਾਦੀ ਨਾਦ ਸੁਣਾਈਆ। ਘਰ ਘਰ ਝਿਰਨਾ ਝਿਰੇ ਅਪਾਰ, ਅੰਮ੍ਰਿਤ ਮੇਘ ਰਿਹਾ ਬਰਸਾਈਆ। ਮੈਂ ਜਾਵਾਂ ਕਿਸ ਦਵਾਰ, ਮੋਹੇ ਸਾਚਾ ਦਰ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਪੁਰਖ ਅਬਿਨਾਸ਼ੀ ਹੋ ਦਿਆਲ, ਆਪਣੀ ਦਇਆ ਕਮਾਇੰਦਾ। ਕਲਜੁਗ ਤੇਰੀ ਕਰਾਂ ਪ੍ਰਿਤਪਾਲ, ਸਿਰ ਤੇਰੇ ਹੱਥ ਟਿਕਾਇੰਦਾ। ਤੇਰੇ ਨਾਲ ਰਖਾਵਾਂ ਕਾਲ, ਤੇਰਾ ਸੰਗ ਨਿਭਾਇੰਦਾ। ਆਪਣਾ ਮੁਖ ਆਪਣੇ ਵਿਚ ਲਵਾਂ ਸੰਭਾਲ, ਦਿਸ ਕਿਸੇ ਨਾ ਆਇੰਦਾ। ਤ੍ਰੈਗੁਣ ਮਾਇਆ ਪਾਵਾਂ ਜਾਲ, ਪੰਚਮ ਖੇਡ ਖਡਾਇੰਦਾ। ਲੱਖ ਚੁਰਾਸੀ ਹੋਏ ਬੇਹਾਲ, ਮੇਰਾ ਰੂਪ ਕਿਸੇ ਨਜ਼ਰ ਨਾ ਆਇੰਦਾ। ਜੂਠਾ ਝੂਠਾ ਵੱਜੇ ਤਾਲ, ਡੌਰੂ ਡੰਕਾ ਤੇਰੇ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਠਾਂ ਤੱਤਾਂ ਆਪਣਾ ਹੁਕਮ ਚਲਾਇੰਦਾ। ਅੱਠ ਤੱਤ ਹੁਕਮੀ ਕਾਰ, ਕਰਤਾ ਪੁਰਖ ਆਪ ਕਰਾਈਆ। ਕਲਜੁਗ ਤੇਰਾ ਮੀਤ ਮੁਰਾਰ, ਤੇਰਾ ਸੰਗ ਨਿਭਾਈਆ। ਤੇਰਾ ਲਹਿਣਾ ਦੇਣਾ ਕ਼ਰਜ਼ਾ ਦਏ ਉਤਾਰ, ਲਹਿਣਾ ਦੇਣਾ ਝੋਲੀ ਪਾਈਆ। ਤੇਰੀ ਆਯੂ ਲੱਖ ਚਾਰ ਬੱਤੀ ਹਜ਼ਾਰ, ਵੇਦ ਵਿਆਸਾ ਗਿਆ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਗੁਣ ਰਿਹਾ ਸਮਝਾਈਆ। ਕਲਜੁਗ ਰੋ ਰੋ ਪੁਕਾਰਿਆ, ਪ੍ਰਭ ਅੱਗੇ ਮਾਰੇ ਧਾਹ। ਲੱਖ ਚਾਰ ਬੱਤੀ ਹਜ਼ਾਰ ਨਾ ਜਾਏ ਮੈਥੋਂ ਗੁਜ਼ਾਰਿਆ, ਮੈਂ ਕਰ ਕਰ ਬੈਠਾ ਨਾਂਹ। ਚਾਰੋਂ ਕੁੰਟ ਜੀਵ ਤੇਰਾ ਪਸਾਰਿਆ, ਮੈਂ ਫਿਰ ਫਿਰ ਵੇਖਿਆ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਚਰਨੀ ਡਿਗਾ ਆ। ਚਰਨੀ ਡਿਗਾ ਹੋ ਨਿਮਾਣਾ, ਨਿਉਂ ਨਿਉਂ ਸੀਸ ਝੁਕਾਇੰਦਾ। ਏਕਾ ਦੇਣਾ ਸਾਚਾ ਦਾਨਾ, ਖ਼ਾਲੀ ਝੋਲੀ ਅੱਗੇ ਡਾਹਿੰਦਾ। ਤੂੰ ਸ਼ਾਹ ਪਾਤਸ਼ਾਹ ਸਾਚਾ ਰਾਣਾ, ਤੇਰਾ ਹੁਕਮ ਮੋਹੇ ਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਵਰ ਮੇਰਾ ਘਰ ਸੁਹਾਇੰਦਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨਾ, ਆਪਣੀ ਦਇਆ ਕਮਾਈਆ। ਕਲਜੁਗ ਤੇਰਾ ਸੰਗ ਰਖਾਨਾ, ਰੂਪ ਅਨੂਪ ਧਰਾਈਆ। ਈਸਾ ਮੂਸਾ ਪਹਿਰ ਬਾਣਾ, ਨੂਰ ਨੂਰ ਦਰਸਾਈਆ। ਆਪ ਜਣਾਏ ਆਪਣਾ ਕਲਾਮਾ, ਕਾਇਨਾਤ ਰੁਸ਼ਨਾਈਆ। ਆਪ ਜਣਾਏ ਆਪਣਾ ਇਸਲਾਮਾ, ਇਸਮ ਆਜ਼ਮ ਆਪ ਹੋ ਜਾਈਆ। ਆਪੇ ਪਹਿਰੇ ਆਪਣਾ ਬਾਣਾ, ਰੂਪ ਅਨੂਪ ਧਰਾਈਆ। ਆਪੇ ਮੁਹੰਮਦ ਕਰੇ ਦਰ ਪਰਵਾਨਾ, ਕਾਲੀ ਕਫ਼ਨੀ ਤਨ ਵਖਾਈਆ। ਆਪੇ ਚਾਰ ਯਾਰੀ ਕਰੇ ਨਿਸ਼ਾਨਾ, ਚਾਰੋਂ ਕੁੰਟ ਵੰਡ ਵੰਡਾਈਆ। ਆਪੇ ਅੱਠਾਂ ਤੱਤਾਂ ਬੰਨ੍ਹੇ ਗਾਨਾ, ਮੌਲੀ ਤੰਦ ਨਾਲ ਰਲਾਈਆ। ਆਪ ਰਾਗ ਸੁਣਾਏ ਕਾਨਾ, ਕਲਮਾ ਇਲਾਹੀ ਆਪ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਸਗਲਾ ਸੰਗ ਵਖਾਈਆ। ਤੇਰਾ ਸਗਲਾ ਸੰਗ ਲੋਕਮਾਤ, ਤ੍ਰੈਗੁਣ ਆਪਣਾ ਆਪ ਨਿਭਾਇੰਦਾ। ਆਪੇ ਵੇਖੇ ਮਾਰ ਝਾਤ, ਆਪਣਾ ਪਰਦਾ ਆਪ ਉਠਾਇੰਦਾ। ਪੂਰਾ ਕਰੇ ਭਵਿਖਤ ਵਾਕ, ਕੀਤਾ ਕੌਲ ਭੁਲ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਸੁਣਾਇੰਦਾ। ਏਕਾ ਹੁਕਮ ਧੁਰ ਫ਼ਰਮਾਨਾ, ਹਰਿ ਜੂ ਹਰਿ ਹਰਿ ਆਪ ਸੁਣਾਈਆ। ਅੱਠ ਤੱਤ ਵੇਖ ਨਿਸ਼ਾਨਾ, ਜਗਤ ਨਿਸ਼ਾਨਾ ਰੂਪ ਵਟਾਈਆ। ਏਕਾ ਹੁਕਮ ਇਕ ਫ਼ਰਮਾਨਾ, ਏਕਾ ਰਿਹਾ ਸੁਣਾਈਆ। ਏਕਾ ਮੰਦਰ ਇਕ ਮਕਾਨਾ, ਏਕਾ ਰਿਹਾ ਸੁਹਾਈਆ। ਏਕਾ ਰਾਜ ਇਕ ਰਾਜਾਨਾ, ਏਕਾ ਵੇਖੇ ਸਾਚੀ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਆਪ ਸੁਣਾਈਆ। ਧੁਰ ਫ਼ਰਮਾਨਾ ਸੁਣਿਆ ਕੰਨ, ਚੁਕਿਆ ਭਰਮ ਅੰਦੇਸਾ। ਕਲਜੁਗ ਦਰ ਗਿਆ ਮੰਨ, ਕਰੇ ਆਪ ਆਦੇਸਾ। ਤੂੰ ਦਾਤਾ ਦੇਵਣਹਾਰਾ ਡੰਨ, ਮੇਰੀ ਕੋਈ ਨਾ ਜਾਏ ਪੇਸ਼ਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੈਂ ਤੇਰਾ ਦਰਸ ਅੰਤ ਨੇਤਰ ਨੈਣ ਪੇਖਾਂ। ਅੰਤ ਤੇਰਾ ਦਰਸਨ ਪੌਣਾ, ਏਕਾ ਆਸ ਰਖਾਈਆ। ਮੁਹੰਮਦ ਅੰਤ ਪੰਧ ਮੁਕੌਣਾ, ਥਿਰ ਕੋਇ ਰਹਿਣ ਨਾ ਪਾਈਆ। ਕਵਣ ਘਰ ਡੇਰਾ ਲੌਣਾ, ਏਕਾ ਵਾਰ ਦੇ ਸਮਝਾਈਆ। ਕਵਣ ਰੂਪ ਮਾਤ ਵਟੌਣਾ, ਨਿਰਗੁਣ ਜੋਤ ਕਰ ਰੁਸ਼ਨਾਈਆ। ਕਵਣ ਨਾਦ ਬ੍ਰਹਿਮਾਦ ਸੁਣੌਣਾ, ਵੇਦ ਕਤੇਬ ਭੇਵ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਇਛਿਆ ਪੂਰ ਕਰਾਈਆ। ਇਛਿਆ ਪੂਰ ਸ੍ਰੀ ਭਗਵੰਤ, ਏਕਾ ਹੁਕਮ ਸੁਣਾਇੰਦਾ। ਨਾਨਕ ਨਿਰਗੁਣ ਆਏ ਸਾਚਾ ਕੰਤ, ਹਰਿਜਨ ਨਾਰੀ ਆਪ ਪਰਨਾਇੰਦਾ। ਲੱਖ ਚੁਰਾਸੀ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਜੋ ਜਨ ਸਰਨਾਈ ਆਇੰਦਾ। ਰਸਨਾ ਜਿਹਵਾ ਜਣਾਏ ਮਣੀਆ ਮੰਤ, ਨਾਮ ਪਟੀਆ ਇਕ ਪੜ੍ਹਾਇੰਦਾ। ਗੜ੍ਹ ਤੋੜੇ ਹਉਮੇ ਹੰਗਤ, ਅੱਠਾਂ ਤੱਤਾਂ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਆਪ ਸੁਣਾਇੰਦਾ। ਏਕਾ ਹੁਕਮ ਆਦਿ ਅੰਤ, ਹਰਿ ਸਾਚਾ ਆਪ ਜਣਾਈਆ। ਗੁਰਮੁਖ ਵਿਰਲਾ ਜਾਣੇ ਸੰਤ, ਜਿਸ ਜਨ ਬੂਝ ਬੁਝਾਈਆ। ਲੱਖ ਚੁਰਾਸੀ ਮਾਇਆ ਪਾਏ ਬੇਅੰਤ, ਪਰਦਾ ਸਕੇ ਨਾ ਕੋਇ ਉਠਾਈਆ। ਭਰਮੇ ਭੁੱਲੇ ਜੀਵ ਜੰਤ, ਭਾਂਡਾ ਭਰਮ ਨਾ ਕੋਇ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਨਿਰੰਕਾਰਾ, ਆਦਿ ਜੁਗਾਦਿ ਸਮਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸਾਚਾ ਹੁਕਮ ਚਲਾਇੰਦਾ। ਨਾਨਕ ਨਿਰਗੁਣ ਅੱਠਾਂ ਤੱਤਾਂ ਕਰੇ ਪਾਰ ਕਿਨਾਰਾ, ਵਰਨ ਗੋਤ ਨਾ ਕੋਇ ਰਖਾਇੰਦਾ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਦਏ ਸਹਾਰਾ, ਏਕਾ ਰੰਗ ਚੜ੍ਹਾਇੰਦਾ। ਆਪੇ ਖੋਲ੍ਹੇ ਬੰਦ ਕਿਵਾੜਾ, ਦੂਈ ਦਵੈਤੀ ਮੇਟ ਮਿਟਾਇੰਦਾ। ਮੇਟ ਮਿਟਾਏ ਪੰਚਮ ਧਾੜਾ, ਸ਼ਬਦ ਨਾਦ ਸੁਣਾਇੰਦਾ। ਜੋ ਜਨ ਆਏ ਚਲ ਦਵਾਰਾ, ਕਾਲ ਗਰਾਸ ਨਾ ਅੰਤ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਵੰਡ ਆਪ ਵੰਡਾਇੰਦਾ। ਆਪਣੀ ਵੰਡ ਵੰਡੇ ਬ੍ਰਹਿਮੰਡ, ਖੋਜਤ ਖੋਜ ਆਪ ਹੋ ਜਾਈਆ। ਲੇਖਾ ਜਾਣੇ ਜੇਰਜ ਅੰਡ, ਉਤਭੁਜ ਸੇਤਜ ਫੋਲ ਫੋਲਾਈਆ। ਕਲਜੁਗ ਅੰਤਮ ਨਾਰ ਦੁਹਾਗਣ ਸ੍ਰਿਸ਼ਟ ਸਬਾਈ ਹੋਏ ਰੰਡ, ਹਰਿ ਕੰਤ ਨਜ਼ਰ ਨਾ ਆਈਆ। ਨੌਂ ਖੰਡ ਪ੍ਰਿਥਮੀ ਹੋਏ ਭੇਖ ਪਖੰਡ, ਕਲਜੁਗ ਤੇਰੀ ਕਿਰਿਆ ਨਾਚ ਨਚਾਈਆ। ਰਸਨਾ ਜਿਹਵਾ ਲੱਗੇ ਗੰਦ, ਹਰਿ ਕਾ ਨਾਮ ਨਾ ਕੋਇ ਧਿਆਈਆ। ਆਤਮ ਮਿਲੇ ਨਾ ਪਰਮਾਨੰਦ, ਮਨ ਮਤ ਜਗਤ ਕਸਾਈਆ। ਕੋਇ ਨਾ ਗਾਏ ਸੁਹਾਗੀ ਛੰਦ, ਜਿਹਵਾ ਕਾਗ ਵਾਂਗ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਸੁਣਾਈਆ। ਸਚ ਸੰਦੇਸ ਸ੍ਰੀ ਭਗਵਾਨ, ਆਪਣਾ ਆਪ ਸੁਣਾਇਆ। ਨਾਨਕ ਨਿਰਗੁਣ ਕਰ ਪਰਵਾਨ, ਜੋਤੀ ਜੋਤ ਡਗਮਗਾਇਆ। ਗੋਬਿੰਦ ਸੂਰਾ ਸੂਰਬੀਰ ਬਲੀ ਬਲਵਾਨ, ਸੁਤ ਦੁਲਾਰਾ ਆਪੇ ਜਾਇਆ। ਆਪ ਉਠਾਇਆ ਸਚ ਨਿਸ਼ਾਨ, ਸਚਖੰਡ ਦਵਾਰ ਝੁਲਾਇਆ। ਏਕਾ ਹੁਕਮ ਦੇਵੇ ਹੁਕਮਰਾਨ, ਪੁਰਖ ਅਕਾਲ ਹੁਕਮ ਜਣਾਇਆ। ਕਲਜੁਗ ਅੰਤਮ ਵੇਖਣਾ ਮਾਰ ਧਿਆਨ, ਚਾਰ ਕੁੰਟ ਅੰਧੇਰਾ ਛਾਇਆ। ਕਿਸੇ ਮੰਦਰ ਨਾ ਦਿਸੇ ਗਿਆਨ, ਹਰਿ ਕਾ ਰੂਪ ਨਜ਼ਰ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਇਆ। ਗੋਬਿੰਦ ਸੂਰਾ ਵਡ ਬਲਕਾਰਾ, ਲੋਕਮਾਤ ਵੇਸ ਵਟਾਈਆ। ਪੁਰਖ ਅਕਾਲ ਕਰਿਆ ਪਿਆਰਾ, ਏਕਾ ਗੋਦ ਸੁਹਾਈਆ। ਏਕਾ ਬਖ਼ਸ਼ੇ ਸਚ ਕਟਾਰਾ, ਨਾਮ ਗਾਤਰੇ ਤਨ ਛੁਹਾਈਆ। ਏਕਾ ਅੰਮ੍ਰਿਤ ਠੰਡਾ ਠਾਰਾ, ਭਰ ਪਿਆਲਾ ਜਾਮ ਪਿਆਈਆ। ਏਕਾ ਰੂਪ ਅਪਰ ਅਪਾਰਾ, ਪਾਰਬ੍ਰਹਮ ਦਏ ਵਖਾਈਆ। ਚਾਰ ਵਰਨਾਂ ਕਰ ਪਿਆਰਾ, ਏਕਾ ਘਰ ਬਹਾਈਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਰਹੇ ਕੋਇ ਨਿਆਰਾ, ਦੂਈ ਦਵੈਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਆਪ ਜਣਾਈਆ। ਸਾਚਾ ਹੁਕਮ ਗੋਬਿੰਦ ਗੁਰ, ਆਪਣਾ ਆਪ ਸੁਣਾਇੰਦਾ। ਪੰਚਮ ਮੀਤਾ ਪੰਚਮ ਬੈਠਾ ਜੁੜ, ਸਾਚਾ ਸੰਗ ਨਿਭਾਇੰਦਾ। ਆਪੇ ਚੜ੍ਹਿਆ ਆਪਣੇ ਘੁੜ, ਸਾਚਾ ਅਸਵ ਆਪ ਦੌੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖੇ ਪਰਖੇ ਰੀਠਾ ਮਿੱਠਾ ਕੌੜ, ਕੌੜਾ ਰਸ ਆਪ ਚਖਾਇੰਦਾ। ਕੌੜਾ ਰੀਠਾ ਹੋਏ ਮਿੱਠਾ, ਗੋਬਿੰਦ ਆਪਣੀ ਦਇਆ ਕਮਾਈਆ। ਜਾਮ ਪਿਆਏ ਇਕ ਅਨਡੀਠਾ, ਨਾਮ ਪਿਆਲਾ ਹੱਥ ਉਠਾਈਆ। ਚਾਰ ਵਰਨ ਕਰੇ ਠੰਡਾ ਸੀਤਾ, ਅਗਨੀ ਤੱਤ ਨਾ ਕੋਇ ਰਖਾਈਆ। ਆਪੇ ਹੋਏ ਪਤਿਤ ਪੁਨੀਤਾ, ਪਤਿਤ ਪਾਪੀ ਲਏ ਤਰਾਈਆ। ਸਰਬ ਜੀਆਂ ਦਾ ਬਣ ਬਣ ਮੀਤਾ, ਗ਼ਰੀਬ ਨਿਮਾਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ ਆਪਣਾ ਭਾਣਾ ਆਪਣੇ ਹੱਥ ਰਖਾਈਆ। ਸਾਚਾ ਭਾਣਾ ਹਰਿ ਭਗਵਾਨ, ਆਪਣੇ ਹੱਥ ਰਖਾਇੰਦਾ। ਗੋਬਿੰਦ ਸੂਰਾ ਨੌਜਵਾਨ, ਲੋਕਮਾਤ ਹੁਕਮ ਚਲਾਇੰਦਾ। ਏਕਾ ਮੰਦਰ ਇਕ ਮਕਾਨ, ਪੁਰਖ ਅਕਾਲ ਇਕ ਵਖਾਇੰਦਾ। ਏਕਾ ਮਜ਼੍ਹਬ ਏਕਾ ਦੀਨ ਇਕ ਈਮਾਨ, ਸਚ ਇਸਲਾਮ ਇਕ ਜਣਾਇੰਦਾ। ਏਕਾ ਨਾਦ ਏਕਾ ਸ਼ਬਦ ਏਕਾ ਧੁਨਕਾਨ, ਏਕਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਹਰਿ ਭਗਵੰਤ, ਆਪਣਾ ਆਪ ਜਣਾਈਆ। ਕਲਜੁਗ ਵੇਲਾ ਆਏ ਅੰਤ, ਗੁਰੂ ਗੋਬਿੰਦ ਇਕ ਸਮਝਾਈਆ। ਲੱਖ ਚੁਰਾਸੀ ਭੁੱਲੇ ਜੀਵ ਜੰਤ, ਵਰਨ ਬਰਨ ਪਏ ਲੜਾਈਆ। ਨਾਤਾ ਤੁਟੇ ਨਾਰੀ ਕੰਤ, ਵਿਭਚਾਰ ਸਰਬ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ। ਹਰਿ ਭੇਵ ਸਮਝਾਏ ਦਇਆ ਕਰ, ਏਕਾ ਹੁਕਮ ਸੁਣਾਇਆ। ਪੁਰਖ ਅਬਿਨਾਸ਼ੀ ਆਏ ਵੇਸ ਧਰ, ਨਿਰਗੁਣ ਰੂਪ ਧਰਾਇਆ। ਜੁਗ ਚੌਕੜੀ ਜਾਏ ਹਰ, ਪਾਂਧੀ ਪੰਧ ਮੁਕਾਇਆ। ਪੰਜ ਤੱਤ ਵੇਖੇ ਆਪੇ ਖੜ, ਤ੍ਰੈਗੁਣ ਪਰਦਾ ਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇਆ। ਸਾਚਾ ਹੁਕਮ ਪੁਰਖ ਅਬਿਨਾਸ਼ਾ, ਆਪਣਾ ਆਪ ਵਰਤਾਈਆ। ਨੌਂ ਸੌ ਚੁਰਾਨਵਾਂ ਜੁਗ ਖੇਲ ਤਮਾਸ਼ਾ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਕਲਜੁਗ ਅੰਤ ਆਏ ਹਾਰ ਪਾਸਾ, ਜਿਤ ਨਜ਼ਰ ਨਾ ਕੋਇ ਟਿਕਾਈਆ। ਸਾਧ ਸੰਤ ਜੀਵ ਜੰਤ ਕਰਨ ਭੋਗ ਬਿਲਾਸਾ, ਭਰਮੀ ਭਰਮ ਭਰਮ ਭੁਲਾਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ਾ, ਪੰਜ ਤੱਤ ਨਿਰਗੁਣ ਸਰਗੁਣ ਅੰਦਰ ਕਰੇ ਵਾਸਾ, ਆਪਣੀ ਬਣਤ ਬਣਾਈਆ। ਰਜੋ ਤਮੋ ਸਤੋ ਹੋਏ ਦਾਸੀ ਦਾਸਾ, ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਆਪਣਾ ਖੇਲ ਖਿਲਾਈਆ। ਕਲਜੁਗ ਵੇਲਾ ਅੰਤਮ ਆਉਣਾ, ਹਰਿ ਜੂ ਹਰਿ ਸੁਣਾਇੰਦਾ। ਨਿਹਕਲੰਕਾ ਜਾਮਾ ਪਾਉਣਾ, ਨਿਰਗੁਣ ਜੋਤੀ ਡਗਮਗਾਇੰਦਾ। ਸ਼ਬਦ ਨਾਦ ਇਕ ਵਜਾਉਣਾ, ਬ੍ਰਹਿਮੰਡਾਂ ਖੰਡਾਂ ਆਪ ਸੁਣਾਇੰਦਾ। ਅੱਠਾਂ ਤੱਤਾਂ ਲਹਿਣਾ ਦੇਣਾ ਮੂਲ ਚੁਕਾਉਣਾ, ਮਾਤਲੋਕ ਅੱਠ ਤੱਤ ਵੇਖ ਵਖਾਇੰਦਾ। ਅੱਠ ਗ੍ਰਹਿ ਆਪ ਪਰਗਟਾਉਣਾ, ਹੁਕਮੀ ਹੁਕਮ ਆਪ ਵਰਤਾਇੰਦਾ। ਅੱਠਾਂ ਤੱਤਾਂ ਡੇਰਾ ਢਾਹੁਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਠਾਂ ਪਰਦਾ ਆਪੇ ਲਾਹਿੰਦਾ। ਅੱਠਾਂ ਪਰਦਾ ਜਾਏ ਉਠ, ਸੋ ਪੁਰਖ ਨਿਰੰਜਣ ਆਪ ਉਠਾਈਆ। ਪਰਗਟ ਹੋ ਅਬਿਨਾਸ਼ੀ ਅਚੁਤ, ਵੀਹ ਸੌ ਬਿਕ੍ਰਮੀ ਭਾਗ ਲਗਾਈਆ। ਏਕਾ ਦੂਆ ਤੀਆ ਚੌਕਾ ਪਾਂਜਾ ਛੀਕਾ ਸਾਤਾ ਆਠਾ ਨੌਂ ਦਸ ਆਪੇ ਵੇਖਣ ਝੁਕ ਝੁਕ, ਦਸ ਦਵਾਰੇ ਜਗਤ ਦਏ ਵਡਿਆਈਆ। ਨੌਂ ਦਵਾਰੇ ਆਪੇ ਲੁੱਟ, ਅੱਠਾਂ ਕਰੇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬੀਸ ਦਸ ਵੱਜੇ ਵਧਾਈਆ। ਵੀਹ ਦਸ ਖੇਲ ਨਿਆਰਾ, ਨਿਰਗੁਣ ਆਪ ਕਰਾਇੰਦਾ। ਵੀਹ ਸੌ ਗਿਆਰਾਂ ਬਿਕ੍ਰਮੀ ਹੋ ਉਜਿਆਰਾ, ਸਾਢੇ ਤਿੰਨ ਹੱਥ ਬਣਤ ਬਣਾਇੰਦਾ। ਵੀਹ ਸੌ ਬਾਰਾਂ ਕਰੇ ਖੇਲ ਅਪਰ ਅਪਾਰਾ, ਨੌਂ ਦਵਾਰੇ ਫੋਲ ਫੋਲਾਇੰਦਾ। ਵੀਹ ਸੌ ਤੇਰਾਂ ਸਾਧਾਂ ਸੰਤਾਂ ਦਏ ਹੁਲਾਰਾ, ਸ਼ਾਹ ਸੁਲਤਾਨਾ ਆਪ ਜਗਾਇੰਦਾ। ਵੀਹ ਸੌ ਚੌਦਾਂ ਗੁਰਮੁਖਾਂ ਲਾਏ ਇਕ ਅਖਾੜਾ, ਏਕਾ ਬੰਧਨ ਪਾਇੰਦਾ। ਵੀਹ ਸੌ ਪੰਦਰਾਂ ਤੀਰਥ ਤੱਟਾਂ ਫੋਲੇ ਜੰਗਲ ਜੂਹ ਉਜਾੜਾ, ਡੂੰਘੇ ਕੰਦਰਾਂ ਸਮੁੰਦ ਸਾਗਰ ਵੇਖ ਵਖਾਇੰਦਾ। ਵੀਹ ਸੌ ਸੋਲਾਂ ਬਦਲਿਆ ਚੋਲਾ, ਦੀਨ ਦਿਆਲ ਪੁਰਖ ਅਕਾਲ ਜੋਤੀ ਜਾਮਾ ਵੇਸ ਵਟਾਇੰਦਾ। ਸੰਮਤ ਸਤਾਰਾਂ ਖੇਲ ਨਿਆਰਾ, ਸ਼ਾਹ ਪਾਤਸ਼ਾਹ ਬਣੇ ਨਿਰੰਕਾਰਾ, ਸੀਸ ਆਪਣੇ ਤਾਜ ਟਿਕਾਇੰਦਾ। ਵੀਹ ਸੌ ਅਠਾਰਾਂ ਹੋਇਆ ਖ਼ਬਰਦਾਰਾ, ਰਾਸ਼ਟਰਪਤ ਦਏ ਹੁਲਾਰਾ, ਏਕਾ ਹੁਕਮ ਜਣਾਇੰਦਾ। ਦੂਆ ਰੂਪ ਨਿਰਗੁਣ ਸਰਗੁਣ ਧਾਰਾ, ਸਿਫ਼ਰਾ ਦਿਸੇ ਨਾ ਕੋਇ ਪਸਾਰਾ, ਏਕਾ ਇਕ ਇਕੱਲਾ ਏਕੰਕਾਰਾ, ਆਠਾ ਅੱਠਾਂ ਤੱਤਾਂ ਮਾਰੇ ਮਾਰਾ, ਅਠ ਗ੍ਰਹਿ ਆਪ ਪਰਗਟਾਇੰਦਾ। ਵੀਹ ਸੌ ਅਠਾਰਾਂ ਬਿਕ੍ਰਮੀ ਹੋਏ ਪਾਰ ਕਿਨਾਰਾ, ਪੁਰਖ ਅਬਿਨਾਸ਼ੀ ਖੇਲ ਖਿਲਾਇੰਦਾ। ਸਚ ਲਗਾਏ ਇਕ ਦਰਬਾਰਾ, ਸਚ ਸਿੰਘਾਸਣ ਸੋਭਾ ਪਾਇੰਦਾ। ਦਰ ਸੱਦੇ ਤੇਈ ਅਵਤਾਰਾ, ਭਗਤ ਅਠਾਰਾਂ ਨਾਲ ਮਿਲਾਇੰਦਾ। ਹੁਕਮ ਸੁਣਾਏ ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰਾ, ਹੁਕਮੀ ਹੁਕਮ ਆਪ ਜਣਾਇੰਦਾ। ਦਸ ਗੁਰ ਸੁਹਾਏ ਬੰਕ ਦਵਾਰਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੇ ਨਿਮਸਕਾਰਾ, ਨਿਉਂ ਨਿਉਂ ਸੀਸ ਝੁਕਾਇੰਦਾ। ਤ੍ਰੈਗੁਣ ਰੋਵੇ ਜ਼ਾਰੋ ਜ਼ਾਰਾ, ਵੇਲਾ ਗਿਆ ਹੱਥ ਨਾ ਆਇੰਦਾ। ਪੰਚਮ ਲੁਟਿਆ ਜਾਏ ਦਿਨ ਦਿਹਾੜਾ, ਸਿਰ ਹੱਥ ਨਾ ਕੋਇ ਟਿਕਾਇੰਦਾ। ਪਾਰਬ੍ਰਹਮ ਪਤਪਰਮੇਸ਼ਵਰ ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਬ੍ਰਹਿਮੰਡਾਂ ਖੰਡਾਂ ਲਾਏ ਇਕ ਅਖਾੜਾ, ਦੋ ਜਹਾਨਾਂ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਗਤ ਗ੍ਰਹਿ ਆਪ ਵਖਾਇੰਦਾ। ਜਗਤ ਗ੍ਰਹਿ ਆਏ ਗ੍ਰਹਿ, ਗ੍ਰਹਿ ਨਜ਼ਰ ਕਿਸੇ ਨਾ ਆਇਆ। ਲੱਖ ਚੁਰਾਸੀ ਗੁਰਮੁਖ ਵਿਰਲਾ ਰਹੇ, ਪੁਰਖ ਅਬਿਨਾਸ਼ੀ ਦਏ ਖਪਾਇਆ। ਜੋ ਜਨ ਹਰਿ ਕਾ ਭਾਣਾ ਸਹੇ, ਤਿਸ ਆਪਣੀ ਗੋਦ ਬਹਾਇਆ। ਹਰਿ ਕਾ ਭੇਵ ਪੰਡਤ ਪਾਂਧਾ ਕੋਈ ਨਾ ਕਹੇ, ਸਭ ਬੈਠੇ ਧਿਆਨ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪਣਾ ਗ੍ਰਹਿ ਆਪ ਚਲਾਇਆ। ਸਾਚਾ ਗ੍ਰਹਿ ਪਾਏ ਘੇਰਾ, ਹੁਕਮੀ ਹੁਕਮ ਆਪ ਸੁਣਾਈਆ। ਪੁਰਖ ਅਬਿਨਾਸ਼ੀ ਸ਼ਹਿਨਸ਼ਾਹ ਵਡ ਦਲੇਰਾ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਵੇਦ ਵਿਆਸਾ ਨਾਨਕ ਗੋਬਿੰਦ ਜਿਸ ਦਾ ਗੌਂਦਾ ਰਹੇ ਦੋਹਰਾ ਸੋ ਵੇਲਾ ਰਿਹਾ ਸਮਝਾਈਆ। ਸੱਸੇ ਉਪਰ ਲੱਗਾ ਹੋੜਾ, ਨਿਰਗੁਣ ਸਰਗੁਣ ਆਪੇ ਜੋੜਾ, ਹੰ ਬ੍ਰਹਮ ਭੇਵ ਨਾ ਰਾਈਆ। ਅੱਗੇ ਵੇਲਾ ਰਹਿ ਗਿਆ ਥੋੜਾ, ਵੀਹ ਸੌ ਉਨੀ ਰਿਹਾ ਰਾਹ ਤਕਾਈਆ। ਜੁੜਿਆ ਰਹੇ ਨਾ ਜੋੜੀ ਜੋੜਾ, ਜੋੜੀ ਜੋੜ ਨਾ ਕੋਇ ਜੁੜਾਈਆ। ਜਿਸ ਜਨ ਸਤਿਗੁਰ ਪੂਰਾ ਮਾਤ ਬੌਹੜਾ, ਤਿਸ ਤੱਤੀ ਵਾ ਨਾ ਲਾਗੇ ਰਾਈਆ। ਕਲਜੁਗ ਸ਼ਤਰੰਜ ਦਾ ਉਲਟਾ ਹੋਣ ਵਾਲਾ ਮੋਹਰਾ, ਸ਼ੈਹ ਕਿਸ਼ਤ ਨਾ ਕੋਇ ਲਗਾਈਆ। ਮੰਦਰ ਮਸਜਿਦ ਮਠ ਸ਼ਿਵਦਵਾਲ ਗੁਰਦਵਾਰਾ ਢਹਿਣ ਵਾਲਾ ਦੇਹੁਰਾ, ਪੁਰਖ ਅਕਾਲ ਆਪਣੀ ਖੇਲ ਖਿਲਾਈਆ। ਨੌਂ ਖੰਡ ਪ੍ਰਿਥਮੀ ਪਏ ਸ਼ੋਰਾ, ਚਾਰੋਂ ਕੁੰਟ ਹੋਏ ਅੰਧ ਘੋਰਾ, ਸਚ ਪਰਕਾਸ਼ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗ੍ਰਹਿ ਆਪ ਚਲਾਈਆ। ਆਪਣਾ ਗ੍ਰਹਿ ਗਹਿਰ ਗੰਭੀਰ, ਅੱਠ ਤੱਤ ਚਲਾਇੰਦਾ। ਲੱਖ ਚੁਰਾਸੀ ਵੇਖੇ ਤਨ ਸਰੀਰ, ਤਿਨਕਾ ਤਿਨਕਾ ਫੋਲ ਫੋਲਾਇੰਦਾ। ਲੁਕਿਆ ਰਹੇ ਨਾ ਕੋਇ ਪੀਰ ਫ਼ਕੀਰ, ਮੁੱਲਾਂ ਸ਼ੇਖ਼ ਮੁਸਾਇਕ ਔਲਿਏ ਆਪੇ ਪਰਦਾ ਲਾਹਿੰਦਾ। ਪਾਵੇ ਸਾਰ ਅਠਸਠ ਨੀਰ, ਸਮੁੰਦ ਸਾਗਰ ਡੂੰਘੀ ਗਾਰ ਪਰਦਾ ਉਠਾਇੰਦਾ। ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਚੀਰ, ਆਪ ਆਪਣਾ ਰਾਹ ਚਲਾਇੰਦਾ। ਕਲਜੁਗ ਆਇਆ ਅੰਤ ਅਖ਼ੀਰ, ਗਲ ਵਿਚ ਫਾਂਸੀ ਪਏ ਜ਼ੰਜੀਰ, ਨਾ ਕੋਇ ਸਹਾਈ ਪੀਰ ਫ਼ਕੀਰ, ਅੱਗੇ ਹੋ ਨਾ ਕੋਇ ਬਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚਾ ਹੁਕਮ ਆਪ ਵਰਤਾਇੰਦਾ। ਅੱਠ ਗ੍ਰਹਿ ਉਠ ਉਠ ਧਾਵਨ, ਆਪਣੀ ਲੈ ਅੰਗੜਾਈਆ। ਕਲਜੁਗ ਹੰਕਾਰੀ ਮਾਰੇ ਰਾਵਣ, ਗੁਰਸਿਖਾਂ ਪਕੜਨਾ ਆਪੇ ਦਾਮਨ, ਜੋ ਹਰਿ ਹਰਿ ਰਹੇ ਧਿਆਈਆ। ਸਾਹਿਬ ਸਤਿਗੁਰ ਹੋਏ ਜ਼ਾਮਨ, ਗੁਰਮੁਖ ਜਮ ਨੇੜ ਕੋਇ ਨਾ ਆਈਆ। ਕਾਇਆ ਖੇੜਾ ਵਸਦਾ ਰਹੇ ਗਰਾਮਨ, ਗ੍ਰਹਿ ਵੱਜਦੀ ਰਹੇ ਵਧਾਈਆ। ਹਿਸਾਬ ਕਿਤਾਬ ਲਗਾਵਣ ਬ੍ਰਹਿਮਣ, ਬ੍ਰਹਮ ਵਿਦਿਆ ਜਗਤ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਉਨੀਸਾ ਖੇਲ ਖਿਲਾਈਆ। ਉਨੀ ਉਨੀਸਾ ਚੜ੍ਹੇ ਚਾ, ਏਕਾ ਨਾਇਆ ਰੰਗ ਰੰਗਾਇੰਦਾ। ਨੌਂ ਦਰ ਡੇਰਾ ਦੇਵੇ ਢਾਹ, ਏਕਾ ਦਰ ਵਖਾਇੰਦਾ। ਇਕ ਇਕੱਲਾ ਬਣ ਮਲਾਹ, ਨੌਂ ਖੰਡ ਬੇੜਾ ਆਪ ਚਲਾਇੰਦਾ। ਨੌਂ ਖੰਡ ਦੇਵੇ ਸਚ ਸਲਾਹ, ਏਕਾ ਹੁਕਮ ਵਰਤਾਇੰਦਾ। ਏਕਾ ਨਾਮ ਮਾਤ ਪਰਗਟਾ, ਨੌਂ ਨੌਂ ਆਪਣਾ ਪਰਦਾ ਲਾਹਿੰਦਾ। ਕਰੇ ਖੇਲ ਬੇਪਰਵਾਹ, ਬੇਅੰਤ ਭੇਵ ਕੋਇ ਨਾ ਪਾਇੰਦਾ। ਕਲਜੁਗ ਨੱਯਾ ਦਏ ਡੁਬਾ, ਪਾਰ ਕਿਨਾਰਾ ਨਾ ਕੋਇ ਰਖਾਇੰਦਾ। ਆਪਣੇ ਗ੍ਰਹਿ ਆਪੇ ਵੇਖੇ ਵੇਖਣਹਾਰਾ ਸਾਚੇ ਥਾਂ, ਜਿਸ ਦਵਾਰੇ ਆਪ ਟਿਕਾਇੰਦਾ। ਕਲਜੁਗ ਜੀਵ ਭੁੱਲੋ ਨਾ, ਵੇਲਾ ਗਿਆ ਹੱਥ ਨਾ ਆਇੰਦਾ। ਗੁਰ ਗੋਬਿੰਦ ਗੁਰਮੁਖ ਸੱਜਣ ਵੇਖੇ ਆ, ਰੂਪ ਅਨੂਪ ਧਰਾਇੰਦਾ। ਜਿਨ੍ਹਾਂ ਭੁਲਿਆ ਸੱਚਾ ਸ਼ਹਿਨਸ਼ਾਹ, ਤਿਸ ਅੰਤ ਨਾ ਕੋਇ ਬਚਾਇੰਦਾ। ਮਾਣਸ ਬੁੱਧੀ ਹੋਈ ਕਾਂ, ਜੀਵ ਕਾਗ ਵਾਂਗ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਡੇਰਾ ਆਪੇ ਢਾਹਿੰਦਾ। ਕਲਜੁਗ ਡੇਰਾ ਜਾਣਾ ਢੱਠ, ਉਲਟੀ ਗੇੜਨਹਾਰਾ ਗੇੜੇ ਲੱਠ, ਗੇੜਾ ਆਪਣੇ ਹੱਥ ਰਖਾਈਆ। ਲੱਖ ਚੁਰਾਸੀ ਹੋਏ ਭੱਠ, ਜੋਤੀ ਅਗਨੀ ਲੰਬੂ ਲਾਈਆ। ਨਾਤਾ ਤੁੱਟੇ ਪੰਜ ਤੱਤ, ਤ੍ਰੈ ਤ੍ਰੈ ਮੇਲ ਨਾ ਕੋਇ ਮਿਲਾਈਆ। ਧਰਤ ਮਾਤ ਬੈਠੀ ਘਤ ਸੱਥ, ਗੁਤ ਖੁਲੜੇ ਕੇਸ ਰਹੀ ਵਖਾਈਆ। ਜਿਨ੍ਹਾਂ ਗਵਾਈ ਮੇਰੀ ਪਤ, ਮੇਰੀ ਗੋਦ ਬਹਿਣ ਨਾ ਪਾਈਆ। ਮੈਂ ਘਲਿਆ ਸੁਨੇਹੜਾ ਕਮਲਾਪਤ, ਮੇਰਾ ਮਾਹੀ ਚਲ ਕੇ ਆਵੇ ਵਾਹੋ ਦਾਹੀਆ । ਏਕਾ ਵਾਰ ਨਚੌੜੇ ਸਭ ਦੀ ਰਤ, ਰਤੀ ਰਤ ਦਏ ਸੁਕਾਈਆ। ਧਰਮ ਰਾਏ ਦੇ ਖਾਤੇ ਦੇਵੇ ਘਤ, ਨਾ ਸਕੇ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਧਰਾਈਆ। ਧਰਤ ਮਾਤ ਅੰਤ ਕੁਰਲਾ, ਨੈਣਾਂ ਨੀਰ ਵਹਾਇਆ। ਪੁਰਖ ਅਬਿਨਾਸ਼ੀ ਹੋ ਸਹਾ, ਤੇਰੀ ਓਟ ਰਹੀ ਤਕਾਇਆ। ਬਿਨ ਤੇਰੇ ਪਕੜੇ ਨਾ ਕੋਈ ਮੇਰੀ ਬਾਂਹ, ਗੁਰ ਅਵਤਾਰ ਬੈਠੇ ਮੁਖ ਛੁਪਾਇਆ। ਜਿਸ ਦਵਾਰੇ ਜਾਵਾਂ ਅੱਗੋਂ ਕਰਨ ਨਾਹ, ਮੇਰਾ ਭਾਰ ਨਾ ਕੋਇ ਉਠਾਇਆ। ਜਿਸ ਨੂੰ ਕਹਿੰਦੇ ਧਰਤ ਮਾਂ, ਅੱਜ ਨੱਕ ਗੁੱਤ ਬੈਠੀ ਵਢਾਇਆ। ਮੇਰਾ ਕਰੇ ਨਾ ਕੋਈ ਸਚ ਨਿਆਂ, ਠਗ ਚੋਰ ਯਾਰ ਮੇਰੇ ਉਤੇ ਬੈਠੇ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੌਲਾ ਭਾਰ ਦੇਣਾ ਕਰ, ਮੈਂ ਬੈਠੀ ਸੀਸ ਝੁਕਾਇਆ। ਝੁਕਿਆ ਸੀਸ ਅੱਗੇ ਜਗਦੀਸ, ਦੋਏ ਜੋੜ ਕਰੇ ਨਿਮਸਕਾਰ। ਚਾਰ ਜੁਗ ਚੌਕੜੀ ਮੈਂ ਪੀਸਣ ਲਿਆ ਪੀਸ, ਬਣ ਬਣ ਸੇਵਾਦਾਰ। ਜਿਨ੍ਹਾਂ ਦੇ ਛਤਰ ਝੁਲਾਇਆ ਸੀਸ, ਸੋ ਮੇਰੀ ਪਤ ਕਰਨ ਖ਼ਵਾਰ। ਮੈਂ ਸੁਣਿਆ ਤੂੰ ਸਦਾ ਕਰੇਂ ਬਖ਼ਸ਼ੀਸ਼, ਆਦਿ ਜੁਗਾਦਿ ਬਖ਼ਸ਼ਣਹਾਰ। ਤੇਰੀ ਧੂੜੀ ਲਾਵਾਂ ਆਪਣੇ ਸੀਸ, ਮਸਤਕ ਛੋਹਾਂ ਸਾਚੀ ਛਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਦੁਖੜਾ ਮਾਤ ਨਿਵਾਰ। ਪੁਰਖ ਅਬਿਨਾਸ਼ੀ ਸ਼ਬਦ ਜਣਾਏ, ਏਕਾ ਵਾਰ ਸੁਣਾਈਆ। ਧਰਤ ਧਰਨ ਧੌਲ ਤੇਰਾ ਹੌਲਾ ਭਾਰ ਕਰਾਏ, ਆਪਣੀ ਸੇਵ ਲਗਾਈਆ। ਨਿਰਗੁਣ ਹੋ ਕੇ ਫੇਰਾ ਪਾਏ, ਰੂਪ ਰੇਖ ਨਾ ਕੋਇ ਵਖਾਈਆ। ਚਾਰ ਜੁਗ ਦਾ ਲਹਿਣਾ ਦੇਣਾ ਦਏ ਚੁਕਾਏ, ਬਾਕੀ ਨਜ਼ਰ ਕੋਇ ਨਾ ਆਈਆ। ਮਨਮੁਖ ਖ਼ਾਕੀ ਜੀਵ ਦਏ ਮਿਟਾਏ, ਪੰਚਮ ਡੇਰਾ ਆਪੇ ਢਾਹੀਆ। ਗੁਰਮੁਖ ਸਾਜਣ ਲਏ ਤਰਾਏ, ਜਿਸ ਜਨ ਆਪਣਾ ਦਰਸ ਦਿਖਾਈਆ। ਲੱਖ ਚੁਰਾਸੀ ਵਿਚੋਂ ਬਾਹਰ ਕਢਾਏ, ਏਕਾ ਡੋਰੀ ਬੰਧਨ ਪਾਈਆ। ਕਾਗੋਂ ਹੰਸ ਰੂਪ ਵਟਾਏ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਸਤਿਜੁਗ ਸਾਚਾ ਪੰਚਮ ਮੀਤਾ ਆਪ ਲਗਾਏ, ਸਤਿ ਸਤਿਵਾਦੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਅੰਤਮ ਹੋਏ ਸਹਾਈਆ। ਅੰਤ ਸਹਾਈ ਤੇਰਾ ਹੋਣਾ, ਗਤ ਮਿਤ ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਨੇਤਰ ਨੈਣ ਰੋਣਾ, ਜੀਵ ਜੰਤ ਸਰਬ ਕੁਰਲਾਇੰਦਾ। ਬਣ ਮਾਂ ਪਿਆਰੀ ਮੁਖੜਾ ਕਿਸੇ ਨਾ ਧੋਣਾ, ਫੜ ਗੋਦ ਨਾ ਕੋਇ ਬਹਾਇੰਦਾ। ਆਪਣਾ ਕੀਤਾ ਸਭ ਨੇ ਪੌਣਾ, ਹਰਿ ਕਾ ਨਾਮ ਸਰਬ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਠ ਗ੍ਰਹਿ ਸੇਵਾ ਲੌਣਾ, ਅੱਠਾਂ ਤੱਤਾਂ ਭੰਨ ਵਖੌਣਾ, ਘੜਨ ਭੰਨਣਹਾਰ ਸਮਰਥ, ਆਪਣੀ ਮਹਿਮਾ ਜਾਣੇ ਅਕਥ, ਭੇਵ ਕਿਸੇ ਨਾ ਆਇੰਦਾ। ਭੇਵ ਅਭੇਦਾ ਕੋਇ ਨਾ ਜਾਣੇ, ਮਹਿਮਾ ਅਕਥ ਕਥੀ ਨਾ ਜਾਈਆ। ਫਿਰ ਫਿਰ ਭੁੱਲੇ ਰਾਜੇ ਰਾਣੇ, ਸ਼ਾਹ ਸੁਲਤਾਨਾਂ ਨੇਤਰ ਨੈਣ ਨਾ ਕੋਇ ਖੁਲ੍ਹਾਈਆ। ਸਭ ਦੇ ਸਿਰ ਤੇ ਕੂਕੇ ਭਾਣਾ, ਗੁਰਮੁਖ ਵਿਰਲਾ ਚਤੁਰ ਸੁਘੜ ਸਿਆਣਾ, ਜਿਸ ਜਨ ਆਪਣੀ ਬੂਝ ਬੁਝਾਈਆ। ਆਤਮ ਅੰਤਰ ਦੇਵੇ ਬ੍ਰਹਮ ਗਿਆਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹੋਏ ਆਪ ਸਹਾਈਆ। ਹਰਿਜਨ ਤੇਰਾ ਸਦਾ ਸਹਾਈ, ਪੁਰਖ ਅਕਾਲ ਅਖਵਾਇੰਦਾ। ਜੁਗ ਜੁਗ ਦੇਵੇ ਠੰਡੀਆਂ ਛਾਈਂ, ਸਿਰ ਆਪਣਾ ਹੱਥ ਟਿਕਾਇੰਦਾ। ਚਤੁਰਭੁਜ ਮੇਲੇ ਫੜ ਫੜ ਬਾਹੀਂ, ਆਪਣੀਆਂ ਭੁਜਾਂ ਆਪ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਅੱਠ ਗ੍ਰਹਿ ਅੱਠ ਤੱਤ ਆਪੇ ਬੰਨ੍ਹੇ ਆਪਣਾ ਨੱਤ, ਨਾਤਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜੁਗਤ ਜਾਣੇ ਹਰਿ, ਜਗਤ ਵਿਦਿਆ ਮਾਣ ਗਵਾਇੰਦਾ। ਅੱਠ ਗ੍ਰਹਿ ਗੁਰਸਿੱਖ ਨਛੱਤਰ, ਪੰਡਤ ਪਾਂਧਾ ਭੇਵ ਨਾ ਪਾਈਆ। ਲੇਖਾ ਜਾਣੇ ਨਾੜ ਬਹੱਤਰ, ਬ੍ਰਹਿਮੰਡ ਵੱਜੇ ਵਧਾਈਆ। ਪਰਦਾ ਚੁੱਕੇ ਗਗਨ ਗਗਨੰਤਰ, ਗ੍ਰਹਿ ਮੰਦਰ ਹੋਏ ਰੁਸ਼ਨਾਈਆ। ਨਾਮ ਜਣਾਏ ਏਕਾ ਮੰਤਰ, ਨਿਸ਼ਅੱਖਰ ਕਰ ਪੜ੍ਹਾਈਆ। ਮਾਣਸ ਜਨਮ ਬਣਾਏ ਬਣਤਰ, ਸਿਰ ਆਪਣਾ ਹੱਥ ਟਿਕਾਈਆ। ਔਖਦ ਦੇਵੇ ਵਾਂਗ ਧਨੰਤਰ, ਸ਼ਬਦ ਅਗੰਮੀ ਝੋਲੀ ਪਾਈਆ। ਖੰਡਾ ਦੇਵੇ ਏਕਾ ਸ਼ਸਤਰ, ਤਿੱਖੀ ਧਾਰ ਜਣਾਈਆ। ਪੰਜ ਤੱਤ ਕਾਇਆ ਚੋਲਾ ਰੱਖਿਆ ਬਸਤਰ, ਸਦਾ ਅੰਦਰ ਬੈਠਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਨਛੱਤਰ ਆਪਣੇ ਸੰਗ ਨਿਭਾਈਆ। ਗ੍ਰਹਿ ਨਛੱਤਰ ਹੁਕਮੀ ਕਾਰ, ਹੁਕਮੀ ਆਪ ਚਲਾਇੰਦਾ। ਗੁਰਸਿਖ ਨਛੱਤਰ ਨਾ ਸਕੇ ਕੋਇ ਵਿਚਾਰ, ਚਾਰ ਵੇਦ ਮੁਖ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਉਠਾਇੰਦਾ। ਉਠ ਗੁਰਸਿਖ ਨੇਤਰ ਖੋਲ੍ਹ, ਕਲਜੁਗ ਵੇਲਾ ਅੰਤਮ ਆਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਵਸੇ ਤੇਰੇ ਕੋਲ, ਨਿਤ ਤੇਰਾ ਰਾਹ ਤਕਾਈਆ। ਅੱਠੇ ਪਹਿਰ ਵੱਜੇ ਮਰਦੰਗ ਢੋਲ, ਅਨਹਦ ਸੇਵਾ ਲਾਈਆ। ਆਪਣੀ ਤਾਕੀ ਆਪੇ ਖੋਲ, ਕਿਉਂ ਬੈਠਾ ਮੁਖ ਛੁਪਾਈਆ। ਆਪਣਾ ਤੱਤ ਆਪ ਵਰੋਲ, ਨਾਮ ਮਧਾਣਾ ਪਾਈਆ। ਤੇਰਾ ਤੇਰੇ ਅੰਦਰ ਰਿਹਾ ਮੌਲ, ਮੌਲਾ ਰੂਪ ਵਖਾਈਆ। ਤੇਰੇ ਅੰਦਰ ਅੰਮ੍ਰਿਤ ਕਉਲ, ਕਵਲਾ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵਿਰਲੇ ਆਪ ਮਿਲਾਈਆ। ਗੁਰਮੁਖ ਮਿਲਿਆ ਮੇਲ, ਗੁਰ ਸੱਜਣ ਆਪ ਮਿਲਾਇੰਦਾ। ਕਾਇਆ ਅੰਦਰ ਸੁਰਤ ਸੁਆਣੀ ਚੜ੍ਹਿਆ ਤੇਲ, ਸਾਚਾ ਸਗਨ ਮਨਾਇੰਦਾ। ਪੰਚਮ ਸਖ਼ੀਆਂ ਵੇਖੇ ਸਹੇਲ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਆਪ ਮਿਲਾਇੰਦਾ। ਹਰਿਜਨ ਮਿਲਿਆ ਸਾਚੇ ਘਰ, ਘਰ ਮੰਦਰ ਵੱਜੀ ਵਧਾਈਆ। ਨਿਰਭੈ ਚੁਕਾਇਆ ਭੈ ਡਰ, ਭਿਆਨਕ ਰੂਪ ਨਾ ਕੋਇ ਦਰਸਾਈਆ। ਸੁਰਤ ਸੁਆਣੀ ਲਏ ਫੜ, ਸ਼ਬਦੀ ਡੋਰ ਬੰਧਾਈਆ। ਆਤਮ ਸੇਜਾ ਆਪੇ ਚੜ੍ਹ, ਆਪਣਾ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਹੋਏ ਸਹਾਈਆ। ਸੱਜਣ ਸੁਹੇਲਾ ਇਕ ਇਕਾਂਤ, ਨਿਰਗੁਣ ਆਪਣਾ ਰੂਪ ਪਰਗਟਾਈਆ। ਕਲਜੁਗ ਮੇਟੇ ਅੰਧੇਰੀ ਰਾਤ, ਸਾਚਾ ਚੰਦ ਚੜ੍ਹਾਇਆ। ਨਾ ਕੋਈ ਜ਼ਾਤ ਨਾ ਕੋਈ ਪਾਤ, ਇਕੋ ਬ੍ਰਹਮ ਵਖਾਇਆ। ਏਕਾ ਮਿਲੇ ਪੁਰਖ ਸਮਰਾਥ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਹੋਏ ਸਹਾਇਆ। ਗੁਰਮੁਖ ਸੱਜਣ ਸਦਾ ਸਹਾਇਕ, ਪਾਰਬ੍ਰਹਮ ਹਰਿ ਕਰਤਾਰਾ। ਸਰਬ ਜੀਆਂ ਦਾ ਏਕਾ ਨਾਇਕ, ਆਦਿ ਜੁਗਾਦਿ ਅਵਤਾਰਾ। ਜੁਗਾ ਜੁਗੰਤਰ ਸਰਬ ਸੁਖਦਾਇਕ, ਆਤਮ ਬ੍ਰਹਮ ਕਰੇ ਵਿਚਾਰਾ। ਪਤਿਤ ਪੁਨੀਤ ਪਾਕੀ ਪਾਕ, ਬੇਐਬ ਪਰਵਰਦਿਗਾਰਾ। ਆਦਿ ਜੁਗਾਦਿ ਲਾਸ਼ਰੀਕ, ਮੁਕਾਮੇ ਹੱਕ ਵਸੇ ਸਾਂਝਾ ਯਾਰਾ। ਕਲਜੁਗ ਅੰਤਮ ਦੇਵੇ ਇਕ ਤਰੀਕ, ਵੀਹ ਸੌ ਵੀਹ ਬਿਕ੍ਰਮੀ ਪੰਦਰਾਂ ਕੱਤਕ ਵਿਚ ਸੰਸਾਰਾ। ਏਕਾ ਕਾਰਜ ਕਰ ਕੇ ਜਾਏ ਠੀਕ, ਸਤਿਜੁਗ ਵਰਤੇ ਸਤਿ ਵਰਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੀਸ ਸੁਹਾਏ ਪੀਤੰਬਰ ਪੀਤ, ਪਿਤਾ ਪੂਤ ਖੇਲ ਨਿਆਰਾ।