੨੦ ਭਾਦਰੋਂ ੨੦੧੮ ਬਿਕ੍ਰਮੀ ਬਾਬੂ ਸਿੰਘ ਦੇ ਗ੍ਰਹਿ ਦੱਦਾ ਹੂਰ
ਸੋ ਪੁਰਖ ਨਿਰੰਜਣ ਸਾਚਾ ਰਾਣਾ, ਤਖ਼ਤ ਨਿਵਾਸੀ ਹੁਕਮ ਜਣਾਇੰਦਾ। ਜੁਗ ਜੁਗ ਮੰਨੇ ਹਰਿ ਹਰਿ ਭਾਣਾ, ਹਰਿ ਭਾਣੇ ਸਰਬ ਸਮਾਇੰਦਾ। ਕਲਜੁਗ ਅੰਤਮ ਖੇਲ ਮਹਾਨਾ, ਨਿਰਗੁਣ ਨਿਰਵੈਰ ਆਪ ਕਰਾਇੰਦਾ। ਬ੍ਰਹਿਮੰਡਾਂ ਖੰਡਾਂ ਲੋਆਂ ਪੁਰੀਆਂ ਵੇਖੇ ਮਾਰ ਧਿਆਨਾ, ਲੱਖ ਚੁਰਾਸੀ ਫੋਲ ਫੋਲਾਇੰਦਾ। ਚਾਰੋਂ ਕੁੰਟ ਜੂਠ ਝੂਠ ਪਰਧਾਨਾ, ਕੂੜੀ ਕਿਰਿਆ ਬੰਧਨ ਪਾਇੰਦਾ। ਮਾਇਆ ਮਮਤਾ ਦਰ ਦਰ ਖੇਲ ਖਿਲਾਨਾ, ਹਉਮੇ ਵੇਸ ਵਟਾਇੰਦਾ। ਨਜ਼ਰ ਨਾ ਆਏ ਕਿਸੇ ਸ੍ਰੀ ਭਗਵਾਨਾ, ਲੱਖ ਚੁਰਾਸੀ ਨੇਤਰ ਨੈਣ ਬੰਦ ਵਖਾਇੰਦਾ। ਭਰਮੇ ਭੁੱਲਾ ਰਾਜਾ ਰਾਣਾ, ਰਾਮ ਰਾਜ ਨਾ ਕੋਇ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਸ੍ਰੀ ਭਗਵੰਤ, ਆਦਿ ਜੁਗਾਦਿ ਵਰਤਾਈਆ। ਲੇਖਾ ਜਾਣੇ ਜੁਗਾ ਜੁਗੰਤ, ਜੁਗ ਕਰਤਾ ਵੇਸ ਵਟਾਈਆ। ਸੇਵਾ ਲਾਏ ਗੁਰ ਅਵਤਾਰ ਸਾਧ ਸੰਤ, ਹੁਕਮੀ ਹੁਕਮ ਇਕ ਸੁਣਾਈਆ। ਆਪਣੀ ਮਹਿਮਾ ਜਣਾਏ ਅਗਣਤ, ਅਕਥਨਾ ਅਕਥ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪਣੇ ਹੱਥ ਰਖਾਈਆ। ਜੁਗ ਜੁਗ ਖੇਲ ਅਵੱਲੜਾ, ਕਰਨਹਾਰ ਕਰਤਾਰ। ਸਚ ਸਿੰਘਾਸਣ ਏਕਾ ਮਲੜਾ, ਸਚਖੰਡ ਸੱਚਾ ਦਰਬਾਰ। ਧੁਰ ਸੰਦੇਸ ਏਕਾ ਘੱਲੜਾ, ਹੁਕਮੀ ਹੁਕਮ ਕਰੇ ਵਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣ ਆਪਣੀ ਕਾਰ। ਸਾਚੀ ਕਾਰ ਹਰਿ ਕਮਾਇੰਦਾ, ਜੁਗਾ ਜੁਗੰਤਰ ਲੈ ਅਵਤਾਰ। ਨਿਰਗੁਣ ਸਰਗੁਣ ਮੇਲ ਮਿਲਾਇੰਦਾ, ਮੇਲ ਮਿਲਾਵਾ ਅਗੰਮ ਅਪਾਰ। ਨਾਮ ਨਾਦ ਇਕ ਵਜਾਇੰਦਾ, ਰਾਗਾਂ ਨਾਦਾਂ ਵਸੇ ਬਾਹਰ। ਬ੍ਰਹਮ ਬ੍ਰਹਿਮਾਦ ਖੋਜ ਖੁਜਾਇੰਦਾ, ਆਪ ਆਪਣਾ ਖੋਲ੍ਹ ਕਿਵਾੜ। ਬੋਧ ਅਗਾਧ ਸ਼ਬਦ ਸੁਣਾਇੰਦਾ, ਅੱਖਰ ਵੱਖਰ ਕਰ ਤਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਬੰਨ੍ਹੇ ਸਾਚੀ ਧਾਰ। ਸਾਚੀ ਧਾਰ ਸ੍ਰੀ ਭਗਵਾਨ, ਆਦਿ ਜੁਗਾਦਿ ਬੰਧਾਈਆ। ਸਤਿਜੁਗ ਤ੍ਰੇਤਾ ਦੁਆਪਰ ਵੇਖ ਨਿਸ਼ਾਨ, ਅੰਤਮ ਦਏ ਮਿਟਾਈਆ। ਵਿਸ਼ਨ ਬ੍ਰਹਮਾ ਸ਼ਿਵ ਗਾਏ ਗਾਨ, ਗੀਤ ਗੋਬਿੰਦ ਅਲਾਈਆ। ਗੁਰ ਅਵਤਾਰ ਸੇਵ ਕਰਨ ਮਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੂਪ ਧਰਾਈਆ। ਸਚ ਸੰਦੇਸਾ ਇਕ ਫ਼ਰਮਾਨ, ਜੀਵਾਂ ਜੰਤਾਂ ਆਪ ਸਮਝਾਈਆ। ਪੁਰਖ ਅਕਾਲ ਸਾਚਾ ਹੁਕਮਰਾਨ, ਸਾਚੇ ਤਖ਼ਤ ਬੈਠਾ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਖੇਲ ਖਿਲਾਈਆ। ਜੁਗ ਕਰਤਾ ਹਰਿ ਮਲਾਹ, ਲੱਖ ਚੁਰਾਸੀ ਬੇੜਾ ਆਪ ਚਲਾਇੰਦਾ। ਜੁਗ ਜੁਗ ਲਹਿਣਾ ਦੇਣਾ ਦਏ ਮੁਕਾ, ਲੇਖਾ ਲੇਖ ਨਾ ਕੋਇ ਰਖਾਇੰਦਾ। ਧਰਨੀ ਧਰਤ ਧਵਲ ਗੋਦ ਦਏ ਸੁਹਾ, ਪੂਤ ਸਪੂਤਾ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਹਰਿ ਕਾ ਖੇਲ ਆਦਿ ਜੁਗਾਦਿ, ਭੇਵ ਕੋਇ ਨਾ ਪਾਇੰਦਾ। ਬੇਅੰਤ ਬੇਅੰਤ ਕਹਿ ਕਹਿ ਗਏ ਸੰਤ ਸਾਧ, ਗੁਰ ਅਵਤਾਰ ਸਰਬ ਸਾਲਾਹਿੰਦਾ। ਜੁਗ ਜੁਗ ਲੱਖ ਚੁਰਾਸੀ ਸੁਣੇ ਫ਼ਰਯਾਦ, ਹਰ ਘਟ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਆਪਣੇ ਹੱਥ ਰਖਾਇੰਦਾ। ਕਲਜੁਗ ਤੇਰਾ ਅੰਤਮ ਅੰਤ, ਹਰਿ ਆਪਣੇ ਹੱਥ ਰਖਾਈਆ। ਪਰਗਟ ਹੋ ਸ੍ਰੀ ਭਗਵੰਤ, ਨਿਰਗੁਣ ਨਿਰਵੈਰ ਜੋਤੀ ਜਾਮਾ ਪਾਈਆ। ਕਰੇ ਖੇਲ ਸ੍ਰੀ ਭਗਵੰਤ, ਪਾਰਬ੍ਰਹਮ ਵਡੀ ਵਡਿਆਈਆ। ਲੱਖ ਚੁਰਾਸੀ ਮਾਇਆ ਪਾਏ ਬੇਅੰਤ, ਪਰਦਾ ਸਕੇ ਨਾ ਕੋਇ ਉਠਾਈਆ। ਨਵ ਨੌਂ ਗੜ੍ਹ ਬਣਿਆ ਹਉਮੇਂ ਹੰਗਤ, ਮਾਇਆ ਮਮਤਾ ਵਿਚ ਵਸਾਈਆ। ਬਿਨ ਹਰਿ ਨਾਮੇ ਸ੍ਰਿਸ਼ਟ ਸਬਾਈ ਹੋਈ ਨੰਗਤ, ਤਨ ਪਰਦਾ ਨਾ ਕੋਇ ਰਖਾਈਆ। ਮਾਣਸ ਜਨਮ ਦਿਸੇ ਭੰਗਤ, ਸਗਲਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਸ ਵਟਾਈਆ। ਕਲਜੁਗ ਅੰਤਮ ਅੰਤ ਕਲ, ਕਲ ਕਾਤੀ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਆਏ ਚਲ, ਗੋਬਿੰਦ ਮੇਲਾ ਮੇਲ ਮਿਲਾਇੰਦਾ। ਵਸਣਹਾਰਾ ਜਲ ਥਲ, ਮਹੀਅਲ ਆਪਣੀ ਖੇਲ ਖਿਲਾਇੰਦਾ। ਜੀਵ ਜੰਤ ਭੁਲਾਏ ਕਰ ਕਰ ਵਲ ਛਲ, ਅਛਲ ਛਲਧਾਰੀ ਆਪ ਹੋ ਜਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲ, ਲੋਕਮਾਤ ਵੇਸ ਵਟਾਇੰਦਾ। ਸਚ ਸਿੰਘਾਸਣ ਸੰਬਲ ਨਗਰ ਬੈਠਾ ਮੱਲ, ਪੁਰਖ ਅਬਿਨਾਸ਼ੀ ਆਸਣ ਲਾਇੰਦਾ। ਇਕ ਸੁਨੇਹੜਾ ਰਿਹਾ ਘਲ, ਚਾਰ ਵਰਨਾਂ ਆਪ ਜਗਾਇੰਦਾ। ਨੌਂ ਖੰਡ ਪ੍ਰਿਥਮੀ ਜਾਏ ਹਲ, ਧੀਰਜ ਧੀਰ ਨਾ ਕੋਇ ਧਰਾਇੰਦਾ। ਕਰੇ ਖੇਲ ਸੂਰਾ ਪਰਬਲ, ਪਾਰਬ੍ਰਹਮ ਆਪਣਾ ਹੁਕਮ ਵਰਤਾਇੰਦਾ। ਲੱਖ ਚੁਰਾਸੀ ਕਾਇਆ ਡਾਲ੍ਹ ਅੰਮ੍ਰਿਤ ਦਿਸੇ ਨਾ ਕੋਇ ਫਲ, ਜੂਠਾ ਝੂਠਾ ਸਿਮਲ ਰੁੱਖ ਲੋਕਮਾਤ ਲਹਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਕਲਜੁਗ ਅੰਤਮ ਵੇਸ ਧਰ, ਨਿਹਕਲੰਕਾ ਨਾਉਂ ਰਖਾਈਆ। ਵੇਦ ਵਿਆਸਾ ਆਪੇ ਫੜ, ਆਪਣਾ ਭਵਿਖਤ ਦਏ ਸਮਝਾਈਆ। ਉਚੇ ਟਿੱਲੇ ਆਪੇ ਚੜ੍ਹ, ਸਾਚੇ ਪਰਬਤ ਸੋਭਾ ਪਾਈਆ। ਕਿਲਾ ਕੋਟ ਤੋੜ ਹੰਕਾਰੀ ਗੜ੍ਹ, ਗ੍ਰਹਿ ਮੰਦਰ ਵੱਜੇ ਵਧਾਈਆ। ਆਤਮ ਮੇਲਾ ਪਾਰਬ੍ਰਹਮ ਕਰ, ਬ੍ਰਹਮ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲੌਣਾ, ਕਲਜੁਗ ਅੰਤਮ ਵਾਰ। ਕੂੜੀ ਕਿਰਿਆ ਮੇਟ ਮਿਟੌਣਾ, ਜੂਠ ਝੂਠ ਕਰੇ ਖ਼ਵਾਰ। ਮਾਇਆ ਮਮਤਾ ਮੋਹ ਚੁਕੌਣਾ, ਹਉਮੇ ਹੰਗਤਾ ਗੜ੍ਹ ਨਿਵਾਰ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਰੰਗੌਣਾ, ਦੂਈ ਦਵੈਤੀ ਪਰਦਾ ਦੇਵੇ ਪਾੜ। ਆਤਮ ਬ੍ਰਹਮ ਸਰਬ ਦਰਸੌਣਾ, ਈਸ਼ ਜੀਵ ਕਰ ਪਿਆਰ। ਕਾਇਆ ਮੰਦਰ ਇਕ ਵਖੌਣਾ, ਘਰ ਬੈਠਾ ਮੀਤ ਮੁਰਾਰ। ਅੱਠੇ ਪਹਿਰ ਅਨਹਦ ਸ਼ਬਦ ਨਾਦ ਸੁਣੌਣਾ, ਆਪ ਵਜਾਏ ਤਾਰ ਸਤਾਰ। ਸਾਚੀ ਸਖ਼ੀਆਂ ਮੇਲ ਮਿਲੌਣਾ, ਵਿਛੜ ਨਾ ਜਾਏ ਦੂਜੀ ਵਾਰ। ਕਲਜੁਗ ਕੂੜਾ ਕਾਲਖ ਟਿੱਕਾ ਮਸਤਕ ਲੌਹਣਾ, ਗੁਰਮੁਖ ਸਾਚੇ ਕਰ ਉਜਿਆਰ। ਨਿਰਗੁਣ ਬਾਤੀ ਜੋਤ ਜਗੌਣਾ, ਜੋਤ ਨਿਰੰਜਣ ਕਰ ਉਜਿਆਰ। ਕਮਲਾਪਾਤੀ ਮੇਲ ਮਿਲੌਣਾ, ਪੁਰਖ ਅਬਿਨਾਸ਼ੀ ਏਕੰਕਾਰ। ਸਾਚਾ ਸਾਕੀ ਆਪ ਅਖਵੌਣਾ, ਅੰਮ੍ਰਿਤ ਜਾਮ ਦਏ ਪਿਆਲ। ਬੰਦ ਕਿਵਾੜਾ ਤਾਕੀ ਆਪ ਖੁਲ੍ਹੌਣਾ, ਘਰ ਘਰ ਵਿਚ ਵਖਾਏ ਸੱਚੀ ਧਰਮਸਾਲ। ਮੰਦਰ ਮਸਜਿਦ ਮਠ ਸ਼ਿਵਦਵਾਲਾ ਕਲਜੁਗ ਅੰਤਮ ਕੋਈ ਰਹਿਣ ਨਾ ਪੌਣਾ, ਤੀਰਥ ਤਟ ਅਠਸਠ ਗਏ ਹਾਰ। ਪਾਰਬ੍ਰਹਮ ਪੁਰਖ ਪੁਰਖੋਤਮ ਆਪਣਾ ਖੇਲ ਆਪ ਖਿਲੌਣਾ, ਆਪ ਆਪਣਾ ਬਲ ਧਾਰ। ਚਾਰ ਵਰਨ ਅਠਾਰਾਂ ਬਰਨ ਏਕਾ ਬੰਧਨ ਪੌਣਾ, ਹੁਕਮੀ ਹੁਕਮ ਵਰਤੇ ਵਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਲੋਕਮਾਤ ਹੋ ਉਜਿਆਰ। ਨਿਹਕਲੰਕ ਸ੍ਰੀ ਭਗਵਾਨ, ਦੂਸਰ ਅਵਰ ਨਾ ਕੋਇ ਜਣਾਇੰਦਾ। ਪਰਗਟ ਹੋਵੇ ਵਾਲੀ ਦੋ ਜਹਾਨ, ਜੋਤੀ ਜਾਤਾ ਡਗਮਗਾਇੰਦਾ। ਸ਼ਬਦ ਸੁਣਾਏ ਧੁਰ ਫ਼ਰਮਾਨ, ਸੋਹੰ ਅੱਖਰ ਆਪ ਪੜ੍ਹਾਇੰਦਾ। ਆਤਮ ਪਰਮਾਤਮ ਦੇਵੇ ਗਿਆਨ, ਦੂਜੀ ਵਿਦਿਆ ਨਾ ਕੋਇ ਰਖਾਇੰਦਾ। ਜ਼ਾਤ ਪਾਤ ਊਚ ਨੀਚ ਏਕਾ ਰੰਗ ਵਖਾਏ ਹੋ ਮਿਹਰਵਾਨ, ਆਪ ਆਪਣੇ ਰੰਗ ਰੰਗਾਇੰਦਾ। ਸਤਿਜੁਗ ਦੇਵੇ ਸਾਚਾ ਦਾਨ, ਵਸਤ ਅਮੋਲਕ ਝੋਲੀ ਪਾਇੰਦਾ। ਏਕਾ ਰਾਜ ਇਕ ਰਾਜਾਨ, ਸ਼ਾਹ ਪਾਤਸ਼ਾਹ ਇਕ ਅਖਵਾਇੰਦਾ। ਏਕਾ ਵਿਸ਼ਨੂੰ ਦੇਵੇ ਦਾਨ, ਏਕਾ ਬ੍ਰਹਮਾ ਬ੍ਰਹਮ ਪਰਗਟਾਇੰਦਾ। ਏਕਾ ਸ਼ੰਕਰ ਕਰੇ ਕਲਿਆਣ, ਏਕਾ ਖੇਲ ਖਿਲਾਇੰਦਾ। ਏਕਾ ਰੂਪ ਘਟ ਘਟ ਪਛਾਣ, ਘਟ ਘਟ ਆਪਣੀ ਜੋਤ ਜਗਾਇੰਦਾ। ਏਕਾ ਮੰਦਰ ਇਕ ਮਕਾਨ, ਏਕਾ ਆਸਣ ਲਾਇੰਦਾ। ਏਕਾ ਸ਼ਬਦ ਇਕ ਗਿਆਨ, ਏਕਾ ਮੰਤਰ ਪੜ੍ਹਾਇੰਦਾ। ਏਕਾ ਸੂਰਜ ਏਕਾ ਭਾਨ, ਏਕਾ ਰਵ ਏਕਾ ਸਸ, ਇਕ ਪਰਕਾਸ਼ ਕਰਾਇੰਦਾ। ਏਕਾ ਮੇਲ ਮਿਲਾਏ ਹੱਸ ਹੱਸ, ਜੁਗ ਜੁਗ ਵੇਸ ਵਟਾਇੰਦਾ। ਏਕਾ ਮਾਰਗ ਦੇਵੇ ਦੱਸ, ਗੁਰ ਅਵਤਾਰਾਂ ਮਾਰਗ ਲਾਇੰਦਾ। ਕਲਜੁਗ ਅੰਤਮ ਕਰ ਪਰਕਾਸ਼, ਜੋਤੀ ਜੋਤ ਡਗਮਗਾਇੰਦਾ। ਗ਼ਰੀਬ ਨਿਮਾਣਿਆਂ ਹੋਏ ਦਾਸ, ਜੁਗ ਵਿਛੜੇ ਮੇਲ ਮਿਲਾਇੰਦਾ। ਸਤਿਜੁਗ ਦੇਵੇ ਸਾਚਾ ਸਾਥ, ਸਗਲਾ ਸੰਗ ਨਿਭਾਇੰਦਾ। ਕਰੇ ਖੇਲ ਪੁਰਖ ਸਮਰਾਥ, ਹਰਿ ਕਾ ਭੇਵ ਕੋਇ ਨਾ ਪਾਇੰਦਾ । ਲਹਿਣਾ ਦੇਣਾ ਚੁਕਾਏ ਤ੍ਰਿਲੋਕੀ ਨਾਥ, ਨਾਥ ਅਨਾਥਾਂ ਸਿਰ ਆਪਣਾ ਹੱਥ ਟਿਕਾਇੰਦਾ। ਨਿਰਵੈਰ ਚਲਾਏ ਆਪਣੀ ਗਾਥ, ਦੀਨ ਮਜ਼੍ਹਬ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣਾ ਨਾਉਂ ਪਰਗਟਾਇੰਦਾ। ਏਕਾ ਨਾਉਂ ਹਰਿ ਨਿਰੰਕਾਰ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਚਾਰ ਵਰਨਾਂ ਦੇਵੇ ਕਰ ਪਿਆਰ, ਏਕਾ ਮੰਤਰ ਰਿਹਾ ਸਮਝਾਈਆ। ਸੋ ਪੁਰਖ ਨਿਰੰਜਣ ਵਸਣਹਾਰਾ ਠਾਂਡੇ ਦਰਬਾਰ, ਸਚਖੰਡ ਬੈਠਾ ਆਸਣ ਲਾਈਆ। ਹਰਿ ਪੁਰਖ ਨਿਰੰਜਣ ਹੋ ਤਿਆਰ, ਰੂਪ ਅਨੂਪ ਧਰਾਈਆ। ਏਕੰਕਾਰਾ ਕਰ ਪਸਾਰ, ਆਪ ਆਪਣਾ ਲਏ ਪਰਗਟਾਈਆ। ਆਦਿ ਨਿਰੰਜਣ ਹੋ ਉਜਿਆਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਸੁਹਾਏ ਬੰਕ ਦਵਾਰ, ਸਚ ਸਿੰਘਾਸਣ ਸੋਭਾ ਪਾਈਆ। ਸ੍ਰੀ ਭਗਵਾਨ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਪਾਰਬ੍ਰਹਮ ਨਿਉਂ ਨਿਉਂ ਕਰੇ ਨਿਮਸਕਾਰ, ਦਰ ਆਪਣੇ ਸੀਸ ਝੁਕਾਈਆ। ਬ੍ਰਹਮ ਕਰੇ ਖ਼ਬਰਦਾਰ, ਸ਼ਬਦ ਸਨੇਹੁੜਾ ਇਕ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋਏ ਬੇਦਾਰ, ਨੇਤਰ ਨੈਣਾਂ ਨੀਂਦ ਖੁਲ੍ਹਾਈਆ। ਕਲਜੁਗ ਅੰਤਮ ਕਲ ਕਲਕੀ ਲੈ ਅਵਤਾਰ, ਨਿਹਕਲੰਕਾ ਨਾਉਂ ਰਖਾਈਆ। ਸ਼ਬਦ ਡੰਕਾ ਵੱਜੇ ਅਗੰਮ ਅਪਾਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦਏ ਜਗਾਈਆ। ਰਾਓ ਰੰਕਾਂ ਕਰੇ ਇਕ ਪਿਆਰ, ਏਕਾ ਗਿਆਨ ਤੱਤ ਜਣਾਈਆ। ਕੂੜੀ ਕਿਰਿਆ ਮਾਰੇ ਮਾਰ, ਕਲਜੁਗ ਅੰਤਮ ਡੇਰਾ ਢਾਹੀਆ। ਲੇਖਾ ਜਾਣੇ ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰ, ਨੂਰੀ ਅੱਲਾ ਬੇਪਰਵਾਹੀਆ। ਮੁਕਾਮੇ ਹੱਕ ਹੋ ਤਿਆਰ, ਪਾਵੇ ਸਾਰ ਪਰਵਰਦਿਗਾਰ, ਬੇਪਰਵਾਹ ਵਡੀ ਵਡਿਆਈਆ। ਹੱਕ ਹਕ਼ੀਕ਼ਤ ਬੋਲ ਜੈਕਾਰ, ਬਿਸਮਿਲ ਰੂਪ ਵਿਚ ਸੰਸਾਰ, ਇਸਮ ਆਜ਼ਮ ਦਏ ਜਣਾਈਆ। ਨੂਰੀ ਜਲਵਾ ਖੇਲ ਅਪਾਰ, ਕ਼ੁਦਰਤ ਕ਼ਾਦਰ ਕਰੇ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਲਹਿਣਾ ਆਪ ਚੁਕਾਈਆ। ਜੁਗ ਜੁਗ ਲਹਿਣਾ ਚੁਕੇ ਪੰਧ, ਕਲਜੁਗ ਅੰਤਮ ਵਾਰ। ਚਾਰ ਜੁਗ ਗੁਰ ਅਵਤਾਰ ਗਾ ਗਾ ਗਏ ਛੰਦ, ਉਚੀ ਕੂਕ ਕੂਕ ਪੁਕਾਰ। ਆਪਣਾ ਲਿਖ ਲਿਖ ਗਏ ਲੇਖਾ ਬੱਤੀ ਦੰਦ, ਰਸਨਾ ਜਿਹਵਾ ਲਏ ਆਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਖੇਲ ਕਰੇ ਕਰਤਾਰ। ਕਲਜੁਗ ਅੰਤਮ ਖੇਲ ਖਿਲੌਣਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾਈਆ। ਤੇਈ ਅਵਤਾਰ ਦਸ ਗੁਰ ਭਗਤ ਅਠਾਰਾਂ ਲਹਿਣਾ ਦੇਣਾ ਆਪ ਚੁਕੌਣਾ, ਬਾਕੀ ਕੋਇ ਨਜ਼ਰ ਨਾ ਆਈਆ। ਚਾਰ ਵਰਨ ਡੇਰਾ ਢੌਣਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਅਖਵਾਈਆ। ਸਾਚਾ ਮਾਰਗ ਇਕ ਲਗੌਣਾ, ਚਾਰੋਂ ਕੁੰਟ ਦਏ ਵਖਾਈਆ। ਏਕਾ ਇਸ਼ਟ ਸਰਬ ਮਨੌਣਾ, ਜਗਤ ਦ੍ਰਿਸ਼ਟ ਦਏ ਖੁਲ੍ਹਾਈਆ। ਘਰ ਘਰ ਰਾਮ ਨਜ਼ਰੀ ਔਣਾ, ਰਾਮ ਰਾਮਾ ਰੂਪ ਵਟਾਈਆ। ਚਤੁਰਭੁਜ ਭੇਵ ਚੁਕੌਣਾ, ਆਦਿ ਸ਼ਕਤ ਸਗਨ ਮਨਾਈਆ। ਹੋ ਭਵਾਨੀ ਦਰਸ ਦਿਖੌਣਾ, ਇਸ਼ਟ ਆਪਣਾ ਲਏ ਪਰਗਟਾਈਆ। ਭਗਤ ਭਗਵੰਤ ਰੰਗ ਰੰਗੌਣਾ, ਆਪਣਾ ਰੰਗ ਚੜ੍ਹਾਈਆ। ਸੋਹੰ ਸ਼ਬਦ ਸਾਚਾ ਮਰਦੰਗ ਵਜੌਣਾ, ਆਤਮ ਪਰਮਾਤਮ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਕੂੜਾ ਪਾਰ ਕਰ, ਸਤਿਜੁਗ ਸਾਚਾ ਮਾਤ ਧਰਾਈਆ।
