Granth 10 Likhat 203: 23 Bhadron 2018 Bikarmi Kehar Singh de Greh Rajiwala Jila Ferozepur

੨੩ ਭਾਦਰੋਂ ੨੦੧੮ ਬਿਕ੍ਰਮੀ ਕੇਹਰ ਸਿੰਘ ਦੇ ਗ੍ਰਹਿ ਰਜੀਵਾਲਾ ਜ਼ਿਲਾ ਫ਼ਿਰੋਜ਼ਪੁਰ

ਜੀਵਣ ਦੇਵੇ ਜੀਆ ਦਾਨ, ਜੁਗਤ ਆਪਣੇ ਹੱਥ ਰਖਾਈਆ। ਸਾਢੇ ਤਿੰਨ ਹੱਥ ਮੰਦਰ ਮਕਾਨ, ਸਚ ਸਿੰਘਾਸਣ ਆਸਣ ਲਾਈਆ। ਧਰਮ ਵਖਾਏ ਇਕ ਨਿਸ਼ਾਨ, ਸਚ ਨਿਸ਼ਾਨਾ ਆਪ ਉਠਾਈਆ। ਨਾਮ ਜਣਾਏ ਗੁਣ ਨਿਧਾਨ, ਨਿਸ਼ਅੱਖਰ ਕਰੇ ਪੜ੍ਹਾਈਆ। ਦਰਦੀ ਦਰ ਦਵਾਰੇ ਦੇਵੇ ਮਾਣ, ਦਰਦੀ ਦਰਦੀਆਂ ਦਰਦ ਵੰਡਾਈਆ। ਹਰਿਜਨ ਸੱਜਣ ਲਏ ਪਛਾਣ, ਬੇਪਹਿਚਾਨ ਦਇਆ ਕਮਾਈਆ। ਕਰੇ ਖੇਲ ਸ੍ਰੀ ਭਗਵਾਨ, ਗੋਬਿੰਦ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਜੀਆ ਦਾਨ ਆਤਮ ਦਾਤ, ਤ੍ਰੈਗੁਣ ਅਤੀਤਾ ਆਪ ਵਰਤਾਇੰਦਾ। ਚਰਨ ਕਵਲ ਬੰਧਾਏ ਨਾਤ, ਜਨਮ ਜਨਮ ਦਾ ਜੋੜ ਜੁੜਾਇੰਦਾ। ਅੰਤਰ ਅੰਤਰ ਦੇਵੇ ਸਾਥ, ਦਿਸ ਕਿਸੇ ਨਾ ਆਇੰਦਾ। ਲਹਿਣਾ ਦੇਣਾ ਚੁਕਾਏ ਹੱਥੋ ਹਾਥ, ਪੂਰਬ ਲਹਿਣਾ ਵੇਖ ਵਖਾਇੰਦਾ। ਨਾਮ ਚੜ੍ਹਾਏ ਸਾਚੇ ਰਾਥ, ਰਥ ਰਥਵਾਹੀ ਸੇਵ ਕਮਾਇੰਦਾ। ਹੋਏ ਸਹਾਈ ਅਨਾਥਾਂ ਨਾਥ, ਅਨਾਥ ਅਨਾਥੀ ਖੇਲ ਖਿਲਾਇੰਦਾ। ਸਰਬ ਕਲ ਆਪੇ ਸਮਰਾਥ, ਸਾਚੀ ਵਸਤ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰਾ ਆਪਣੇ ਹੱਥ ਰਖਾਇੰਦਾ। ਜੀਆ ਦਾਨ ਜੁਗਤ ਜਗ, ਹਰਿਜਨ ਇਕ ਦਰਸਾਈਆ। ਤ੍ਰੈ ਤ੍ਰੈ ਬੁਝਾਏ ਲੱਗੀ ਅੱਗ, ਪਵਣ ਠੰਡੀ ਨਾਮ ਚਲਾਈਆ। ਕਰੇ ਪਰਕਾਸ਼ ਸੂਰਾ ਸਰਬੱਗ, ਦੀਨ ਦਿਆਲ ਦਇਆ ਕਮਾਈਆ। ਹਰਿਜਨ ਕਰੇ ਲੱਖ ਚੁਰਾਸੀ ਵਿਚੋਂ ਅੱਡ, ਆਪਣੀ ਵੰਡਣ ਆਪੇ ਪਾਈਆ। ਪਾਰਬ੍ਰਹਮ ਪਾਰ ਕਰਾਏ ਆਪਣੀ ਹੱਦ, ਸਾਚੇ ਬੇੜੇ ਲਏ ਚੜ੍ਹਾਈਆ। ਪਾਵੇ ਸਾਰ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੱਜਣ ਲੇਖਾ ਰਿਹਾ ਜਣਾਈਆ। ਜੀਆ ਦਾਨ ਜੀਵਣ ਜੋਤ, ਜੋਤੀ ਜਾਤਾ ਇਕ ਵਖਾਇੰਦਾ। ਕਾਇਆ ਮੰਦਰ ਸਾਚਾ ਕੋਟ, ਘਰ ਬੰਕ ਇਕ ਸੁਹਾਇੰਦਾ। ਜਿਸ ਜਨ ਕੱਢੇ ਵਾਸ਼ਨਾ ਖੋਟ, ਤਿਸ ਆਪਣੀ ਬੂਝ ਬੁਝਾਇੰਦਾ। ਜਿਸ ਲਗਾਏ ਸ਼ਬਦ ਚੋਟ, ਤਿਸ ਸੁਰਤੀ ਮਾਤ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵਣ ਜੁਗਤ ਆਪ ਜਣਾਇੰਦਾ। ਜੀਵਣ ਜੁਗਤ ਜਗਤ ਗੁਰਦੇਵ, ਗੁਰ ਗੁਰ ਮੀਤਾ ਆਪ ਸੁਣਾਈਆ। ਪਾਰਬ੍ਰਹਮ ਪ੍ਰਭ ਅਲਖ ਅਭੇਵ, ਅਲਖ ਅਗੋਚਰ ਅਗੰਮ ਅਥਾਹ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਜੁਗਾ ਜੁਗੰਤਰ ਸਾਚੀ ਸੇਵ ਕਰ ਜਣਾਏ ਨਿਹਕੇਵ, ਨਿਹਚਲ ਬੈਠਾ ਆਸਣ ਲਾਈਆ। ਜਿਸ ਜਨ ਦੇਵੇ ਅੰਮ੍ਰਿਤ ਨਾਮ ਸਾਚਾ ਮੇਵ, ਆਤਮ ਰਸ ਇਕ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੀ ਲਾਏ ਸੇਵਾ ਜਿਹਵ, ਜਿਹਵਾ ਗੁਣ ਆਪ ਸੁਣਾਈਆ। ਜੀਆ ਦਾਨ ਜੀਵਣ ਧਾਰ, ਗੁਰਮੁਖ ਵਿਰਲਾ ਵੇਖ ਵਖਾਇੰਦਾ। ਜਿਸ ਜਨ ਕਰੇ ਆਪ ਪਿਆਰ, ਤਿਸ ਜਨ ਪਰਦਾ ਮਾਤ ਉਠਾਇੰਦਾ। ਨਿਜ ਨੇਤਰ ਦਰਸ ਵਖਾਲ, ਕਾਇਆ ਖੇਤਰ ਸੋਭਾ ਪਾਇੰਦਾ। ਏਕਾ ਮਾਰਗ ਦੱਸੇ ਸੁਖਾਲ, ਮਾਰਗ ਅਨਡਿਠੜਾ ਆਪ ਲਗਾਇੰਦਾ। ਗੁਰਸਿਖ ਗੁਰਮੁਖ ਆਪੇ ਭਾਲ, ਆਪਣਾ ਮੇਲਾ ਆਪ ਕਰਾਇੰਦਾ। ਗੋਬਿੰਦ ਗੁਰ ਗੁਰ ਬਣ ਦਲਾਲ, ਜਗਤ ਦਲਾਲੀ ਇਕ ਵਖਾਇੰਦਾ। ਕਾਇਆ ਮੰਦਰ ਸੱਚੀ ਧਰਮਸਾਲ, ਗੁਰੂਦਵਾਰੇ ਸੋਭਾ ਪਾਇੰਦਾ। ਗੁਰਮੁਖਾਂ ਚਲੇ ਨਾਲ ਨਾਲ, ਜੁਗ ਪੈਂਡਾ ਆਪ ਮੁਕਾਇੰਦਾ। ਆਪਣੇ ਚਰਨਾਂ ਹੇਠ ਰਖਾਏ ਕਾਲ ਮਹਾਕਾਲ, ਹੁਕਮੀ ਹੁਕਮ ਸਰਬ ਫਿਰਾਇੰਦਾ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਮਰੀਦ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵਣ ਜੁਗਤ ਆਪਣੇ ਹੱਥ ਰਖਾਇੰਦਾ। ਜੀਆ ਦਾਨ ਦੇਵਣਹਾਰਾ, ਇਕ ਇਕੱਲਾ ਪੁਰਖ ਅਕਾਲ। ਆਦਿ ਜੁਗਾਦਿ ਹੋ ਉਜਿਆਰਾ, ਕਰੇ ਖੇਲ ਦੀਨ ਦਿਆਲ। ਵਿਸ਼ਨ ਬ੍ਰਹਮਾ ਸ਼ਿਵ ਮੰਗਣ ਬਣ ਭਿਖਾਰਾ, ਜੁਗ ਜੁਗ ਕਰਨ ਦਰ ਇਕ ਸਵਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਸੁਰਤ ਸੰਭਾਲ। ਜੀਵਣ ਦਾਤ ਵਸਤ ਅਣਮੁਲ, ਸਤਿ ਪੁਰਖ ਨਿਰੰਜਣ ਝੋਲੀ ਪਾਈਆ। ਗੁਰਮੁਖ ਲੋਕਮਾਤ ਨਾ ਜਾਏ ਰੁਲ, ਜਿਸ ਜਨ ਆਪਣਾ ਮੇਲ ਮਿਲਾਈਆ। ਸਾਚੇ ਕੰਡੇ ਜਾਏ ਤੁਲ, ਤੋਲਣਹਾਰਾ ਆਪੇ ਤੋਲ ਤੋਲਾਈਆ। ਭਾਗ ਲਗਾਏ ਸੁਲੱਖਣੀ ਕੁਲ, ਕੁਲਵੰਤਾ ਸੱਚਾ ਮਾਹੀਆ। ਗੁਰਮੁਖ ਫੁੱਲ ਫੁਲਵਾੜੀ ਮਹਿਕਾਏ ਫੁੱਲ, ਪੱਤ ਡਾਲ੍ਹੀ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਜੀਵਣ ਜੁਗਤ ਦਏ ਸਮਝਾਈਆ।