Granth 10 Likhat 204: 23 Bhadron 2018 Bikarmi Sohan Singh de Greh Mundi Jamal Jila Ferozepur

੨੩ ਭਾਦਰੋਂ ੨੦੧੮ ਬਿਕ੍ਰਮੀ ਸੋਹਣ ਸਿੰਘ ਦੇ ਗ੍ਰਹਿ ਮੁੰਡੀ ਜਮਾਲ ਜ਼ਿਲਾ ਫ਼ਿਰੋਜ਼ਪੁਰ

ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨ, ਸ਼ਹਿਨਸ਼ਾਹ ਇਕ ਅਖਵਾਇੰਦਾ। ਹਰਿ ਪੁਰਖ ਨਿਰੰਜਣ ਮਿਹਰਵਾਨ, ਨਿਰਗੁਣ ਨਿਰਵੈਰ ਆਪਣੀ ਕਲ ਵਰਤਾਇੰਦਾ। ਏਕੰਕਾਰਾ ਨੌਜਵਾਨ, ਆਦਿ ਜੁਗਾਦਿ ਏਕਾ ਰੰਗ ਸਮਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਵਡ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਪਾਰਬ੍ਰਹਮ ਪ੍ਰਭ ਹੋ ਪਰਧਾਨ, ਰੂਪ ਅਨੂਪ ਆਪ ਪਰਗਟਾਇੰਦਾ। ਆਪ ਉਪਾਏ ਸਚ ਮਕਾਨ, ਸਚਖੰਡ ਦਵਾਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਚਲਾਇੰਦਾ। ਸਚਖੰਡ ਦਵਾਰਾ ਸਚ ਮਹੱਲਾ, ਸੋ ਪੁਰਖ ਨਿਰੰਜਣ ਆਪ ਉਪਾਈਆ। ਹਰਿ ਪੁਰਖ ਨਿਰਜੰਣ ਇਕ ਇਕੱਲਾ, ਏਕੰਕਾਰਾ ਡੇਰਾ ਲਾਈਆ। ਆਦਿ ਨਿਰੰਜਣ ਆਪਣੇ ਦੀਪਕ ਆਪੇ ਬੱਲਾ, ਅਬਿਨਾਸ਼ੀ ਕਰਤਾ ਖੇਲ ਖਿਲਾਈਆ। ਸ੍ਰੀ ਭਗਵਾਨ ਸਚ ਸਿੰਘਾਸਣ ਆਪੇ ਮੱਲਾ, ਪਾਰਬ੍ਰਹਮ ਆਪੇ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਰਿਹਾ ਸੁਹਾਈਆ। ਸਚਖੰਡ ਦਵਾਰਾ ਨਿਹਚਲ ਧਾਮ, ਨਿਰਵੈਰ ਪੁਰਖ ਆਪ ਸੁਹਾਇੰਦਾ। ਆਪੇ ਜਾਣੇ ਆਪਣਾ ਕਾਮ, ਪੁਰਖ ਅਕਾਲ ਆਪਣੀ ਕਾਰ ਆਪ ਕਰਾਇੰਦਾ। ਆਪੇ ਹੋਏ ਗੁਣ ਨਿਧਾਨ, ਗੁਣਵੰਤਾ ਆਪਣਾ ਭੇਵ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਆਪ ਵਡਿਆਇੰਦਾ। ਸਚਖੰਡ ਦਵਾਰ ਸਚ ਮਕਾਨਾ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਨਿਰਗੁਣ ਨੂਰ ਕਰ ਮਹਾਨਾ, ਆਦਿ ਜੁਗਾਦਿ ਡਗਮਗਾਈਆ। ਸਾਚੇ ਤਖ਼ਤ ਬੈਠ ਸ੍ਰੀ ਭਗਵਾਨਾ, ਸਚ ਸਿੰਘਾਸਣ ਸੋਭਾ ਪਾਈਆ। ਏਕਾ ਹੁਕਮ ਧੁਰ ਫ਼ਰਮਾਨਾ, ਆਪ ਆਪਣਾ ਲਏ ਸੁਣਾਈਆ। ਆਪੇ ਦਰ ਦਰਵੇਸ਼ ਬਣ ਦਰਬਾਨਾ, ਆਪਣੀ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਆਪਣਾ ਰੰਗ ਰੰਗਾਈਆ। ਸਚਖੰਡ ਦਵਾਰ ਸਾਚਾ ਰੰਗ, ਹਰਿ ਸਾਚਾ ਆਪ ਰੰਗਾਇੰਦਾ। ਆਪੇ ਬਹੇ ਏਕਾ ਬੰਕ, ਸਾਚੀ ਸੇਜ ਸੁਹਾਇੰਦਾ। ਆਪ ਵਜਾਏ ਆਪਣਾ ਮਰਦੰਗ, ਅਨਾਦੀ ਨਾਦ ਵਜਾਇੰਦਾ। ਆਪੇ ਖੇਲ ਕਰੇ ਸੂਰਾ ਸਰਬੰਗ, ਆਪਣਾ ਬਲ ਆਪ ਪਰਗਟਾਇੰਦਾ। ਆਪਣੇ ਮੰਦਰ ਆਪ ਲੰਘ, ਆਪਣੀ ਖੇਲ ਆਪ ਵਖਾਇੰਦਾ। ਆਪੇ ਭਿੱਖਕ ਬਣ ਬਣ ਸਾਚੀ ਭਿਛਿਆ ਲਏ ਮੰਗ, ਨਿਰਗੁਣ ਅੱਗੇ ਨਿਰਗੁਣ ਝੋਲੀ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕ ਵਡਿਆਇੰਦਾ। ਆਪੇ ਭਿੱਖਕ ਆਪ ਭਿਖਾਰੀ, ਆਪਣਾ ਖੇਲ ਆਪ ਖਿਲਾਈਆ। ਆਪੇ ਦਾਤਾ ਬਣ ਵਰਤਾਰੀ, ਸਾਚੀ ਵਸਤ ਅਮੋਲਕ ਝੋਲੀ ਪਾਈਆ। ਆਪੇ ਨਿਰਗੁਣ ਜੋਤ ਨੂਰ ਨੂਰ ਕਰ ਉਜਿਆਰੀ, ਨੂਰ ਨੁਰਾਨਾ ਡਗਮਗਾਈਆ। ਆਪੇ ਕਰੇ ਖੇਲ ਅਗੰਮ ਅਪਾਰੀ ਅਲਖ ਅਗੋਚਰ ਬੇਪਰਵਾਹ ਸਾਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਆਪੇ ਵੜ, ਸਚਖੰਡ ਦਵਾਰਾ ਸੋਭਾ ਪਾਈਆ। ਸਚਖੰਡ ਦਵਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਏਕਾ ਵਸੇ ਸ੍ਰੀ ਭਗਵੰਤ, ਦੂਸਰ ਸੰਗ ਨਾ ਕੋਇ ਰਲਾਇੰਦਾ। ਆਦਿ ਜੁਗਾਦੀ ਮਹਿਮਾ ਅਗਣਤ, ਬੋਧ ਅਗਾਧੀ ਆਪੇ ਗਾਇੰਦਾ। ਆਪੇ ਨਾਉਂ ਆਪੇ ਮੰਤ, ਨਾਉਂ ਨਿਰੰਕਾਰਾ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਵੜ, ਆਪਣਾ ਵੇਸ ਆਪ ਵਟਾਇੰਦਾ। ਵੇਸ ਅਵੱਲਾ ਸਚਖੰਡ, ਹਰਿ ਸਾਚਾ ਸਚ ਕਰਾਈਆ। ਆਪੇ ਕਰੇ ਆਪਣੀ ਵੰਡ, ਨਿਰਗੁਣ ਹਿੱਸਾ ਆਪਣਾ ਪਾਈਆ। ਕੋਟਨ ਕੋਟ ਕਰ ਬ੍ਰਹਿਮੰਡ, ਲੋਆਂ ਪੁਰੀਆਂ ਬ੍ਰਹਿਮੰਡਾ ਖੰਡਾਂ ਆਪਣਾ ਬੰਧਨ ਪਾਈਆ। ਆਪ ਉਪਾਏ ਸੂਰਜ ਚੰਨ, ਕਿਰਨ ਕਿਰਨ ਲਏ ਪਰਗਟਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋਏ ਬਖ਼ਸ਼ੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਆਪੇ ਤ੍ਰੈਗੁਣ ਮਾਇਆ ਪਾਏ ਬੰਧ, ਆਪੇ ਪੰਚਮ ਮੇਲਾ ਸਹਿਜ ਸੁਭਾਈਆ। ਆਪੇ ਸੁਣਾਏ ਸੁਹਾਗੀ ਛੰਦ, ਨਿਸ਼ਅੱਖਰ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਖੇਲ ਆਪ ਕਰਾਈਆ। ਕਰੇ ਖੇਲ ਪੁਰਖ ਸਮਰਥ, ਸਚਖੰਡ ਦਵਾਰੇ ਆਸਣ ਲਾਇੰਦਾ। ਥਿਰ ਘਰ ਮਹਿਮਾ ਗਾਏ ਅਕਥ, ਸ਼ਬਦ ਅਨਾਦੀ ਨਾਦ ਵਜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਚਲਾਏ ਰਥ, ਰਥ ਰਥਵਾਹੀ ਵੇਖ ਵਖਾਇੰਦਾ। ਨਾਮ ਅਗੰਮੀ ਪਾਏ ਨੱਥ, ਡੋਰੀ ਆਪਣੇ ਹੱਥ ਰਖਾਇੰਦਾ। ਆਤਮ ਅੰਤਰ ਮੰਤਰ ਏਕਾ ਦੱਸ, ਨਾਉਂ ਨਿਰੰਕਾਰਾ ਆਪ ਪੜ੍ਹਾਇੰਦਾ। ਹਿਰਦੇ ਅੰਦਰ ਆਪੇ ਵਸ, ਰੂਪ ਅਨੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਇੰਦਾ। ਸਾਚੀ ਸੇਵਾ ਹਰਿ ਨਿਰੰਕਾਰ, ਏਕਾ ਵਾਰ ਜਣਾਈਆ। ਵਿਸ਼ਨੂੰ ਰਹਿਣਾ ਖ਼ਬਰਦਾਰ, ਭੁਲ ਕਦੇ ਨਾ ਜਾਈਆ। ਬ੍ਰਹਮੇ ਨੇਤਰ ਨੈਣ ਉਘਾੜ, ਚਾਰ ਕੁੰਟ ਰਿਹਾ ਵਖਾਈਆ। ਸ਼ੰਕਰ ਆਲਸ ਨਿੰਦਰਾ ਦਏ ਉਤਾਰ, ਏਕਾ ਏਕ ਮੰਤ ਕਰੇ ਵਡਿਆਈਆ। ਹੁਕਮੀ ਹੁਕਮ ਵਰਤੇ ਵਰਤਾਰ, ਧੁਰ ਫ਼ਰਮਾਨਾ ਆਪ ਜਣਾਈਆ। ਲੱਖ ਚੁਰਾਸੀ ਜਗਤ ਭੰਡਾਰ, ਤ੍ਰੈ ਤ੍ਰੈ ਮੇਲਾ ਸਹਿਜ ਸੁਭਾਈਆ। ਪੰਚਮ ਤੱਤ ਬਣੇ ਅਖਾੜ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਜੋੜ ਜੁੜਾਈਆ। ਕਰੇ ਖੇਲ ਅਪਰ ਅਪਾਰ, ਅਪਰੰਪਰ ਬੇਪਰਵਾਹੀਆ। ਰੂਪ ਧਰਾਏ ਪੁਰਖ ਨਾਰ, ਨਰ ਨਰਾਇਣ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਏਕਾ ਰਾਹ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਏਕਾ ਰਾਹ, ਸੋ ਪੁਰਖ ਨਿਰੰਜਣ ਆਪ ਚਲਾਇੰਦਾ। ਹਰਿ ਪੁਰਖ ਨਿਰੰਜਣ ਬਣ ਮਲਾਹ, ਸਾਚਾ ਬੇੜਾ ਇਕ ਵਖਾਇੰਦਾ। ਏਕੰਕਾਰਾ ਦਏ ਸਲਾਹ, ਸਾਚੇ ਮਾਰਗ ਆਪੇ ਪਾਇੰਦਾ। ਆਦਿ ਨਿਰੰਜਣ ਜੋਤ ਜਗਾ, ਆਪਣਾ ਨੂਰ ਆਪ ਪਰਗਟਾਇੰਦਾ। ਅਬਿਨਾਸ਼ੀ ਕਰਤਾ ਫੜ ਫੜ ਬਾਂਹ, ਆਪਣੇ ਨਾਲ ਚਲਾਇੰਦਾ। ਸ੍ਰੀ ਭਗਵਾਨ ਵਖਾਏ ਸਚ ਨਿਸ਼ਾਂ, ਸਚਖੰਡ ਦਵਾਰੇ ਆਪ ਝੁਲਾਇੰਦਾ। ਪਾਰਬ੍ਰਹਮ ਬਣੇ ਪਿਤਾ ਮਾਂ, ਬਾਲਕ ਸਾਚੇ ਗੋਦ ਬਹਾਇੰਦਾ। ਇਕ ਜਣਾਏ ਆਪਣਾ ਨਾਂ, ਦੂਜੀ ਵਿਦਿਆ ਨਾ ਕੋਇ ਸਿਖਾਇੰਦਾ। ਚਰਨ ਕਵਲ ਬਹਾਏ ਸਾਚੇ ਥਾਂ, ਥਾਨ ਥਨੰਤਰ ਆਪ ਵਡਿਆਇੰਦਾ। ਲੱਖ ਚੁਰਾਸੀ ਘਾੜਨ ਲਏ ਘੜਾ, ਘੜ ਭਾਂਡੇ ਵੇਖ ਵਖਾਇੰਦਾ। ਨਿਰਗੁਣ ਸਰਗੁਣ ਰੂਪ ਵਟਾ, ਆਪਣਾ ਬੰਧਨ ਪਾਇੰਦਾ। ਕਾਇਆ ਬੰਕ ਦਏ ਵਡਿਆ, ਜੋਤੀ ਜਾਤਾ ਡਗਮਗਾਇੰਦਾ । ਆਤਮ ਬ੍ਰਹਮ ਵੰਡ ਵੰਡਾ, ਪਾਰਬ੍ਰਹਮ ਖੇਲ ਖਿਲਾਇੰਦਾ। ਈਸ਼ ਜੀਵ ਰੂਪ ਧਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਆਪਣਾ ਗੁਣ ਆਪ ਸਮਝਾਇੰਦਾ। ਵਿਸ਼ਨੂੰ ਉਠ ਕਰ ਧਿਆਨ, ਹਰਿ ਸਾਚਾ ਸਚ ਜਣਾਈਆ। ਆਦਿ ਪੁਰਖ ਹੋ ਮਿਹਰਵਾਨ, ਆਪਣੀ ਰਚਨਾ ਦਏ ਵਖਾਈਆ। ਆਪ ਜਣਾਏ ਧੁਰ ਫ਼ਰਮਾਨ, ਸਚ ਸੰਦੇਸਾ ਦਏ ਸੁਣਾਈਆ। ਏਕਾ ਅੰਮ੍ਰਿਤ ਪੀਣ ਖਾਣ, ਨਾਮ ਭੰਡਾਰਾ ਦਏ ਭਰਾਈਆ। ਆਦਿ ਜੁਗਾਦਿ ਵੇਖੇ ਵਿਗਸੇ ਸ੍ਰੀ ਭਗਵਾਨ, ਵੇਖਣਹਾਰਾ ਦਿਸ ਨਾ ਆਈਆ। ਨਵ ਨੌਂ ਖੋਲ੍ਹ ਦੁਕਾਨ, ਸਾਚੇ ਮਾਰਗ ਆਪੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸੁਣਾਈਆ। ਉਠ ਬ੍ਰਹਮੇ ਨੇਤਰ ਖੋਲ੍ਹ, ਹਰਿ ਸਾਚਾ ਸਚ ਜਣਾਇੰਦਾ। ਪਾਰਬ੍ਰਹਮ ਤੇਰੇ ਰੂਪ ਜਾਏ ਮੌਲ, ਮੌਲਾ ਆਪਣਾ ਖੇਲ ਖਿਲਾਇੰਦਾ। ਆਪਣਾ ਅੰਮ੍ਰਿਤ ਭਰੇ ਤੇਰੇ ਕਉਲ, ਤੇਰੀ ਨਾਭੀ ਆਪ ਟਿਕਾਇੰਦਾ। ਭਾਗ ਲਗਾਏ ਉਪਰ ਧੌਲ, ਲੱਖ ਚੁਰਾਸੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਤੱਤ ਜਣਾਇੰਦਾ। ਉਠ ਸ਼ੰਕਰ ਜਾਣਾ ਜਾਗ, ਹਰਿ ਸਾਚਾ ਆਪ ਜਗਾਈਆ। ਆਪ ਲਗਾਏ ਆਪਣਾ ਭਾਗ, ਆਪੇ ਵੇਖ ਵਖਾਈਆ। ਆਪਣੀ ਜੋਤ ਜਗਾਏ ਚਿਰਾਗ਼, ਘਰ ਮੰਦਰ ਕਰ ਰੁਸ਼ਨਾਈਆ। ਇਕ ਵਖਾਏ ਕੰਤ ਸੁਹਾਗ, ਪਾਰਬ੍ਰਹਮ ਵਡ ਵਡਿਆਈਆ। ਇਕ ਉਪਜਾਏ ਸਚ ਵੈਰਾਗ, ਵੈਰਾਗੀ ਰੂਪ ਧਰਾਈਆ। ਤੇਰੇ ਹੱਥ ਫੜਾਏ ਨਾਦ, ਕਾਲ ਨਗਾਰਾ ਇਕ ਵਜਾਈਆ। ਘੜਨਾ ਭੰਨਣਾ ਆਦਿ ਜੁਗਾਦਿ, ਆਪਣੀ ਖੇਲ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਤਿੰਨਾਂ ਏਕਾ ਘਰ ਬਹਾਈਆ। ਤਿੰਨਾਂ ਬਹਾਇਆ ਏਕਾ ਘਰ, ਆਦਿ ਪੁਰਖ ਕਰਤਾਰ। ਆਪਣਾ ਦੇਵੇ ਆਪੇ ਵਰ, ਸ਼ਾਹ ਪਾਤਸ਼ਾਹ ਸੱਚੀ ਸਰਕਾਰ। ਲੱਖ ਚੁਰਾਸੀ ਘਾੜਨ ਘੜ, ਨਿਰਗੁਣ ਸਰਗੁਣ ਪਾਵੇ ਸਾਰ। ਘਟ ਘਟ ਅੰਦਰ ਜਾਏ ਵੜ, ਘਰ ਘਰ ਸੋਹੇ ਬੰਕ ਦਵਾਰ। ਨਿਰਗੁਣ ਜੋਤੀ ਆਪੇ ਧਰ, ਗ੍ਰਹਿ ਗ੍ਰਹਿ ਕਰੇ ਉਜਿਆਰ। ਅੰਮ੍ਰਿਤ ਭਰਾਏ ਸਾਚਾ ਸਰ, ਨਿਝਰ ਝਿਰਨਾ ਝਿਰੇ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਹੁਕਮ ਵਰਤੇ ਵਰਤਾਰ। ਵਿਸ਼ਨ ਬ੍ਰਹਮਾ ਸ਼ਿਵ ਸੁਣ ਫ਼ਰਮਾਨਾ, ਪ੍ਰਭ ਅੱਗੇ ਸੀਸ ਝੁਕਾਈਆ। ਤੂੰ ਸ਼ਾਹ ਪਾਤਸ਼ਾਹ ਸਾਚਾ ਰਾਣਾ, ਹਉਂ ਸੇਵਕ ਸੇਵ ਕਮਾਈਆ। ਏਕਾ ਗੌਣਾ ਤੇਰਾ ਗਾਣਾ, ਤੁਧ ਬਿਨ ਅਵਰ ਨਾ ਕੋਇ ਜਣਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਤੂੰ ਵੇਖੇਂ ਮਾਰ ਧਿਆਨਾ, ਵਿਸਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਮੇਲੇਂ ਸਾਚੇ ਮਾਹੀਆ। ਕਵਣ ਵੇਲਾ ਆਏਂ ਘਰ, ਏਕਾ ਸੰਗ ਨਿਭਾਈਆ। ਵਿਸ਼ਨ ਚਰਨੀ ਗਿਆ ਪੜ, ਸੀਸ ਜਗਦੀਸ ਝੁਕਾਈਆ। ਬ੍ਰਹਮਾ ਅੱਗੇ ਰੋਵੇ ਖੜ੍ਹ, ਨੇਤਰ ਨੈਣਾਂ ਨੀਰ ਵਹਾਈਆ। ਸ਼ੰਕਰ ਮੂੰਹ ਦੇ ਭਾਰ ਡਿਗਾ ਦੜ, ਆਪਣਾ ਬਲ ਨਾ ਕੋਇ ਪਰਗਟਾਈਆ। ਬਿਨ ਤੁਧ ਦਿਸੇ ਨਾ ਕੋਇ ਦਰ, ਦਰਦੀ ਦਰਦ ਨਾ ਕੋਇ ਵੰਡਾਈਆ। ਲੱਖ ਚੁਰਾਸੀ ਤੇਰਾ ਖੇਲ ਸਾਚੇ ਨਰ, ਤੂੰ ਧੰਨ ਜਣੇਂਦੀ ਮਾਈਆ। ਦਾਈ ਦਾਇਆ ਬਣ ਬਣ ਸੇਵ ਕਰ, ਸਾਚੀ ਸੇਵਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਹੋਏਂ ਸਹਾਈਆ। ਕਵਣ ਵੇਲਾ ਹੋਏਂ ਸਹਾਈ, ਹਉਂ ਏਕਾ ਮੰਗ ਮੰਗਾਈਆ। ਬਾਲ ਅਞਾਣਿਆਂ ਪਕੜੇਂ ਬਾਂਹੀਂ, ਨਿਤ ਤੇਰਾ ਰਾਹ ਤਕਾਈਆ। ਸਿਰ ਦੇਵੇਂ ਠੰਡੀਆਂ ਛਾਈਂ, ਸਮਰਥ ਪੁਰਖ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਦਵਾਰੇ ਮਿਲੇਂ ਵੜ, ਰੂਪ ਅਨੂਪ ਆਪ ਵਟਾਈਆ। ਪੁਰਖ ਅਬਿਨਾਸ਼ੀ ਦਇਆ ਕਮਾ, ਆਦਿ ਆਦਿ ਸਮਝਾਇੰਦਾ। ਲੱਖ ਚੁਰਾਸੀ ਡੇਰਾ ਲਾ, ਘਰ ਘਰ ਸੋਭਾ ਪਾਇੰਦਾ। ਆਪਣਾ ਖੇਲ ਦਿਆਂ ਵਖਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਬ੍ਰਹਮ ਨਾਲ ਪਾਰਬ੍ਰਹਮ ਮਿਲਾ, ਗੁਰ ਗੁਰ ਰੂਪ ਵਖਾਇੰਦਾ। ਸ਼ਬਦ ਅਨਾਦੀ ਏਕਾ ਗਾ, ਸਾਚਾ ਢੋਲਾ ਆਪ ਸੁਣਾਇੰਦਾ। ਬ੍ਰਹਮ ਬ੍ਰਹਿਮਾਦੀ ਖੋਜ ਖੁਜਾ, ਆਪਣਾ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਭੇਵ ਜਣਾਏ ਹਰਿ ਕਰਤਾਰ, ਬੋਧ ਅਗਾਧ ਕਰੇ ਪੜ੍ਹਾਈਆ। ਨਿਤ ਨਵਿਤ ਆਵਾਂ ਵਿਚ ਸੰਸਾਰ, ਨਿਰਗੁਣ ਸਰਗੁਣ ਰੂਪ ਵਟਾਈਆ। ਗੁਰ ਗੁਰ ਰੂਪ ਲੈ ਅਵਤਾਰ, ਅਵਤਾਰ ਗੁਰ ਗੁਰ ਰੂਪ ਵਖਾਈਆ। ਭਗਤ ਭਗਵੰਤ ਕਰ ਉਜਿਆਰ, ਸਾਚੇ ਸੰਤ ਲਵਾਂ ਮਿਲਾਈਆ। ਗੁਰਮੁਖਾਂ ਦੇਵਾਂ ਇਕ ਆਧਾਰ, ਏਕਾ ਮੰਤਰ ਨਾਮ ਦ੍ਰਿੜਾਈਆ। ਗੁਰਸਿਖਾਂ ਕਰਾਂ ਸਚ ਪਿਆਰ, ਸਿਰ ਆਪਣਾ ਹੱਥ ਟਿਕਾਈਆ। ਮਨਮੁਖਾਂ ਕਰਾਂ ਖ਼ਵਾਰ, ਜੁਗ ਜੁਗ ਦੇਵਾਂ ਮਾਤ ਸਜ਼ਾਈਆ। ਵਿਸ਼ਨੂੰ ਵੇਖਾਂ ਤੇਰਾ ਭੰਡਾਰ, ਭੁਲ ਕਦੇ ਨਾ ਜਾਈਆ। ਬ੍ਰਹਮਾ ਤੇਰਾ ਕਰ ਪਸਾਰ, ਬ੍ਰਹਮ ਵੇਤਾ ਖੇਲ ਖਿਲਾਈਆ। ਸ਼ੰਕਰ ਤੇਰਾ ਵੇਖਾਂ ਹਥਿਆਰ, ਤੇਰੇ ਹੱਥ ਤ੍ਰਿਸੂਲ ਫੜਾਈਆ। ਕਰਾਂ ਖੇਲ ਆਪਣੀ ਵਾਰ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਆਪਣਾ ਨਾਉਂ ਬੋਲ ਜੈਕਾਰ, ਚਾਰੇ ਵੇਦਾਂ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਜਣਾਈਆ। ਆਪਣਾ ਲੇਖਾ ਹਰਿ ਜਣਾਇੰਦਾ, ਆਦਿ ਪੁਰਖ ਏਕੰਕਾਰ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਦਰ ਵੇਖ ਵਖਾਇੰਦਾ, ਲੱਖ ਚੁਰਾਸੀ ਖੋਲ੍ਹ ਕਿਵਾੜ। ਘਰ ਘਰ ਹਾਟੀ ਫੋਲ ਫੋਲਾਇੰਦਾ, ਕਵਣ ਵਸਤ ਵਿਚ ਸੰਸਾਰ। ਆਪਣੀ ਤਾਕੀ ਪਰਦਾ ਲਾਹਿੰਦਾ, ਆਪੇ ਹੋਏ ਵੇਖਣਹਾਰ। ਬਾਕੀ ਅੰਤ ਸਰਬ ਮੁਕਾਇੰਦਾ, ਲਹਿਣਾ ਦਏ ਆਪ ਨਿਰੰਕਾਰ। ਸਾਚੀ ਖੇਲ ਆਪ ਕਰਾਇੰਦਾ, ਜੁਗ ਜੁਗ ਲਏ ਮਾਤ ਅਵਤਾਰ। ਸਤਿਜੁਗ ਸਾਚੀ ਵੰਡ ਵੰਡਾਇੰਦਾ, ਆਪੇ ਆਏ ਅਠਾਰਾਂ ਵਾਰ। ਤ੍ਰੇਤਾ ਆਪਣਾ ਬੰਧਨ ਪਾਇੰਦਾ, ਦੋਏ ਦੋਏ ਖੇਲ ਕਰੇ ਨਿਰੰਕਾਰ। ਦੁਆਪਰ ਸਾਚਾ ਹੁਕਮ ਜਣਾਇੰਦਾ, ਏਕਾ ਦੂਆ ਕਰ ਉਜਿਆਰ। ਕਲਜੁਗ ਅੰਤਮ ਰੂਪ ਵਟਾਇੰਦਾ, ਦੋਏ ਦੋਏ ਲੇਖਾ ਕਰ ਕਰ ਪਾਰ। ਸਾਚਾ ਮਾਰਗ ਆਪ ਚਲਾਇੰਦਾ, ਨੂਰ ਨੁਰਾਨਾ ਭੇਵ ਨਿਆਰ। ਆਪਣਾ ਕਲਮਾ ਆਪ ਪੜ੍ਹਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਅਪਰ ਅਪਾਰਾ ਖੇਲ ਕਰੌਣਾ, ਆਪਣੀ ਮਹਿਮਾ ਆਪ ਜਣਾਈਆ। ਸਤਿਜੁਗ ਸੰਗ ਵਿਹਾਰ ਕਰੌਣਾ, ਕਲਜੁਗ ਵੇਸ ਵਟਾਈਆ। ਈਸਾ ਮੂਸਾ ਸੰਗ ਮੁਹੰਮਦ ਆਪਣਾ ਪੱਲੂ ਆਪ ਫੜੌਣਾ, ਏਕਾ ਰੰਗ ਵਖਾਈਆ। ਏਕਾ ਜੋਤੀ ਡਗਮਗੌਣਾ, ਦਸ ਦਸ ਮੇਲਾ ਸਹਿਜ ਸੁਭਾਈਆ। ਅਲਖ ਅਭੇਵ ਅਗੰਮ ਅਥਾਹ ਬੇਪਰਵਾਹ ਬੇਅੰਤ ਆਪਣਾ ਨਾਉਂ ਧਰੌਣਾ, ਰਸਨਾ ਜੇਹਵਾ ਸਕੇ ਨਾ ਕੋਇ ਗਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਸਾਚੀ ਸੇਵਾ ਲੌਣਾ, ਏਕਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਵਰ ਦਾਤਾ ਆਪ ਅਖਵਾਈਆ। ਏਕਾ ਵਰ ਦੇਵੇ ਦਾਨ, ਜੀਅ ਦਾਤਾ ਆਪ ਹੋ ਜਾਇੰਦਾ। ਜੁਗ ਜੁਗ ਖੇਲ ਕਰੇ ਭਗਵਾਨ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਲੱਖ ਚੁਰਾਸੀ ਵੇਖੇ ਆਣ, ਘਟ ਘਟ ਅੰਦਰ ਫੋਲ ਫੁਲਾਇੰਦਾ। ਗੁਰਮੁਖ ਵਿਰਲੇ ਚਤੁਰ ਸੁਜਾਨ, ਆਪ ਆਪਣਾ ਮੇਲ ਮਿਲਾਇੰਦਾ। ਅੰਤਰ ਦੇਵੇ ਬ੍ਰਹਮ ਗਿਆਨ, ਦੂਈ ਦਵੈਤੀ ਪਰਦਾ ਲਾਹਿੰਦਾ। ਦਿਵਸ ਰੈਣ ਇਕ ਧੁਨਕਾਨ, ਅਨਹਦ ਨਾਦੀ ਸ਼ਬਦ ਵਜਾਇੰਦਾ। ਨਿਰਗੁਣ ਜੋਤ ਜਗੇ ਮਹਾਨ, ਜੋਤ ਨਿਰੰਜਣ ਡਗਮਗਾਇੰਦਾ। ਆਤਮ ਸੇਜਾ ਕਰ ਪਰਵਾਨ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਜੁਗ ਜੁਗ ਖੇਲ ਅਵਲੱੜਾ, ਲੋਕਮਾਤ ਕਰਾਈਆ। ਆਵੇ ਜਾਵੇ ਇਕ ਇਕੱਲੜਾ, ਨਿਤ ਨਵਿਤ ਫੇਰਾ ਪਾਈਆ। ਸਚ ਸਿੰਘਾਸਣ ਏਕਾ ਮੱਲੜਾ, ਸਚਖੰਡ ਵਸੇ ਸਾਚਾ ਮਾਹੀਆ। ਸ਼ਬਦ ਸੰਦੇਸਾ ਏਕਾ ਘਲੜਾ, ਗੁਰ ਗੁਰ ਦਏ ਸਮਝਾਈਆ। ਜੋਤੀ ਜੋਤ ਆਪੇ ਰਲੜਾ, ਨੂਰ ਨੁਰਾਨਾ ਡਗਮਗਾਈਆ। ਜੀਵ ਜੰਤ ਫੜਾਏ ਪੱਲੜਾ, ਏਕਾ ਪੱਲੂ ਗੰਢ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦਏ ਸਮਝਾਈਆ। ਵਿਸ਼ਨ ਸੁਣਨਾ ਬਾਲ ਨਾਦਾਨ, ਹਰਿ ਸਾਚਾ ਸਚ ਜਣਾਇੰਦਾ। ਬ੍ਰਹਮੇ ਸੁਣਨਾ ਲਾ ਲਾ ਕਾਨ, ਪੁਰਖ ਅਬਿਨਾਸ਼ੀ ਹੁਕਮ ਸੁਣਾਇੰਦਾ। ਸ਼ੰਕਰ ਦੇਵੇ ਇਕ ਗਿਆਨ, ਤੱਤ ਗਿਆਨ ਇਕ ਦ੍ਰਿੜਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਚਲੇ ਦੁਕਾਨ, ਲੱਖ ਚੁਰਾਸੀ ਹੱਟ ਵਿਕਾਇੰਦਾ। ਜੁਗ ਜੁਗ ਸੇਵਾ ਲਾਏ ਸ੍ਰੀ ਭਗਵਾਨ, ਗੁਰ ਅਵਤਾਰ ਮਾਤ ਪਰਗਟਾਇੰਦਾ। ਨਾਮ ਨਿਧਾਨਾ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਇੰਦਾ। ਹਰਿਜਨ ਵਿਰਲਾ ਕਰੇ ਪਛਾਣ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਵਰਤੇ ਹੁਕਮ ਸੰਸਾਰ, ਹੁਕਮੀ ਹੁਕਮ ਸਰਬ ਭੁਆਈਆ। ਰਵ ਸਸ ਰਹੇ ਨੱਚ, ਮੰਡਲ ਮੰਡਪ ਰਿਹਾ ਭੁਆਈਆ। ਲੱਖ ਚੁਰਾਸੀ ਭਾਂਡਾ ਕੱਚ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਖਿਲਾਈਆ। ਨਿਰਗੁਣ ਜੋਤ ਲਟ ਲਟ, ਘਟ ਘਟ ਆਪ ਟਿਕਾਈਆ। ਕਰ ਖੇਲ ਪੁਰਖ ਸਮਰਥ ਆਪਣੀ ਰਾਸ ਆਪ ਰਚਾਈਆ। ਆਪ ਸੁਣਾਏ ਮਹਿਮਾ ਅਕਥ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਰਿਹਾ ਦੱਸ, ਭੇਵ ਅਭੇਦ ਆਪ ਖੁਲ੍ਹਾਈਆ। ਜੁਗ ਚੌਕੜੀ ਰਹੇ ਕਿਸੇ ਨਾ ਵਸ, ਪੁਰਖ ਅਬਿਨਾਸ਼ੀ ਆਪਣੇ ਹੱਥ ਰਖਾਈਆ। ਜੁਗ ਜੁਗ ਮੇਟੇ ਰੈਣ ਅੰਧੇਰੀ ਮਸ, ਸਾਚਾ ਚੰਦ ਨਾਮ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਖੇਲ ਕਰਾਈਆ। ਆਦਿ ਅੰਤ ਖੇਲ ਕਰਤਾਰਾ, ਮਧ ਆਪਣੀ ਧਾਰ ਚਲਾਇੰਦਾ। ਮਧ ਰੂਪ ਗੁਰ ਅਵਤਾਰਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਮਧ ਨਾਉਂ ਨਾਮ ਜੈਕਾਰਾ, ਨਿਤ ਨਵਿਤ ਆਪ ਪਰਗਟਾਇੰਦਾ। ਮਧ ਖੇਲ ਮੰਦਰ ਠਾਕਰ ਗੁਰੂਦਵਾਰਾ, ਮਠ ਸ਼ਿਵਦਵਾਲਾ ਸੋਭਾ ਪਾਇੰਦਾ। ਮਧ ਲੇਖਾ ਤੀਰਥ ਤਟ ਕਿਨਾਰਾ, ਜਗਤ ਸਰੋਵਰ ਆਪ ਸੁਹਾਇੰਦਾ। ਮਧ ਖੇਲ ਭਗਤ ਭਗਵੰਤ ਕਰੇ ਨਿਆਰਾ, ਆਪ ਆਪਣੀ ਦਇਆ ਕਮਾਇੰਦਾ। ਮਧ ਸੰਤ ਬਣੇ ਦੁਲਾਰਾ, ਸਤਿ ਪੁਰਖ ਨਿਰੰਜਣ ਆਪਣੀ ਗੋਦ ਸੁਹਾਇੰਦਾ। ਮਧ ਗੁਰਮੁਖ ਪਾਵੇ ਸਾਰਾ, ਗੁਰ ਗੁਰ ਆਪਣੀ ਬੂਝ ਬੁਝਾਇੰਦਾ। ਮਧ ਗੁਰਸਿਖ ਕਰ ਉਜਿਆਰਾ, ਲੋਕਮਾਤ ਪਰਗਟਾਇੰਦਾ। ਮਧ ਸੇਵਾ ਲਾਏ ਸੂਰਜ ਚੰਨ ਰਵ ਸਸ ਸਤਾਰਾ, ਪ੍ਰਿਥਮੀ ਆਕਾਸ਼ ਮੰਡਲ ਮੰਡਪ ਡਗਮਗਾਇੰਦਾ। ਮਧ ਵਸੇ ਧਾਮ ਨਿਆਰਾ, ਨਿਹਚਲ ਧਾਮ ਆਪ ਸੁਹਾਇੰਦਾ। ਮਧ ਬੋਲ ਨਾਮ ਜੈਕਾਰਾ, ਚਾਰੇ ਵੇਦਾਂ ਆਪ ਸੁਣਾਇੰਦਾ। ਮਧ ਦੇ ਇਕ ਆਧਾਰਾ, ਅਠਾਰਾਂ ਪੁਰਾਨ ਬਣਤ ਬਣਾਇੰਦਾ। ਮਧ ਖੋਲ੍ਹ ਆਪ ਕਿਵਾੜਾ, ਸ਼ਾਸਤਰ ਸਿਮਰਤ ਹੱਟ ਵਿਕਾਇੰਦਾ। ਮਧ ਦੇ ਨਾਮ ਆਧਾਰਾ, ਗੀਤਾ ਗਿਆਨ ਇਕ ਦ੍ਰਿੜਾਇੰਦਾ। ਮਧ ਹੋ ਪਰਵਰਦਿਗਾਰਾ, ਨੂਰ ਨੁਰਾਨਾ ਆਪਣਾ ਨੂਰ ਵਖਾਇੰਦਾ। ਮਧ ਤੀਸ ਬਤੀਸਾ ਬੋਲ ਜੈਕਾਰਾ, ਸਚ ਹਦੀਸਾ ਇਕ ਪੜ੍ਹਾਇੰਦਾ। ਮਧ ਕਲਮਾ ਕਾਇਨਾਤ ਕਰ ਪਿਆਰਾ, ਨਬੀ ਰਸੂਲਾਂ ਆਪ ਜਗਾਇੰਦਾ। ਮਧ ਸਤਿ ਨਾਮ ਸੱਚਾ ਸਹਾਰਾ, ਨਿਰਗੁਣ ਧਾਰਾ ਆਪ ਪਰਗਟਾਇੰਦਾ। ਮਧ ਵਾਹਿਗੁਰੂ ਫ਼ਤਹਿ ਬੋਲ ਜੈਕਾਰਾ, ਏਕਾ ਡੰਕਾ ਅੰਤ ਵਜਾਇੰਦਾ। ਆਦਿ ਅੰਤ ਇਕ ਅਵਤਾਰਾ, ਏਕਾ ਗੁਰ ਸਮਝਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਸਹਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਲੱਖ ਚੁਰਾਸੀ ਪਾਵੇ ਸਾਰਾ, ਅਭੁਲ ਭੁਲ ਕਦੇ ਨਾ ਜਾਇੰਦਾ। ਜੁਗ ਜੁਗ ਆਪਣਾ ਕਰੇ ਆਪ ਵਿਹਾਰਾ, ਆਪਣੀ ਸੇਵਾ ਆਪ ਕਮਾਇੰਦਾ। ਆਪੇ ਪੁਰਖ ਆਪੇ ਨਾਰਾ, ਆਪੇ ਕੰਤ ਸੁਹਾਗ ਹੰਢਾਇੰਦਾ। ਆਪੇ ਲਿਖ ਲਿਖ ਲੇਖਾ ਲੇਖ ਬਣੇ ਸਹਾਰਾ, ਪਰਦਾ ਆਪ ਚੁਕਾਇੰਦਾ। ਆਪੇ ਕਾਗਦ ਕ਼ਲਮ ਵਸੇ ਬਾਹਰਾ, ਭੇਵ ਕੋਇ ਨਾ ਪਾਇੰਦਾ। ਆਪੇ ਧਾਮ ਸੁਹਾਏ ਸਚਖੰਡ ਦਵਾਰਾ, ਆਪੇ ਲੋਕਮਾਤ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ ਜੁਗਾ ਜੁਗੰਤ ਆਪਣਾ ਖੇਲ ਖਿਲਾਇੰਦਾ। ਜੁਗ ਕਰਤਾ ਖੇਲ ਖਿਲਾਇੰਦਾ, ਆਦਿ ਜੁਗਾਦੀ ਸਾਚੀ ਕਾਰ। ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਇੰਦਾ, ਏਕਾ ਗੁਣ ਦਏ ਵਿਚਾਰ। ਸਤਿਜੁਗ ਤ੍ਰੇਤਾ ਦੁਆਪਰ ਲੋਕਮਾਤ ਫੁਲ ਫੁਲਵਾੜੀ ਆਪ ਲਗਾਇੰਦਾ, ਆਪੇ ਹੋਏ ਵੇਖਣਹਾਰ। ਪੱਤ ਡਾਲ੍ਹੀ ਫੋਲ ਫੁਲਾਇੰਦਾ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਪਾਵੇ ਸਾਰ। ਸਮੁੰਦ ਸਾਗਰ ਵਰੋਲ ਵਖਾਇੰਦਾ, ਨਾਮ ਮਧਾਣਾ ਏਕਾ ਡਾਰ। ਚੌਦਾਂ ਤਬਕ ਆਪ ਹਿਲਾਇੰਦਾ, ਪੁਰਖ ਅਬਿਨਾਸ਼ੀ ਪਰਵਰਦਿਗਾਰ। ਚੌਦਾਂ ਹੱਟਾਂ ਕੁੰਡਾ ਲਾਹਿੰਦਾ, ਪੁਰਖ ਅਬਿਨਾਸ਼ਾ ਸਾਚੀ ਕਾਰ। ਤੀਰਥ ਤੱਟਾਂ ਵੇਖ ਵਖਾਇੰਦਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਜ਼ਾਰੋ ਜ਼ਾਰ। ਧੀਰਜ ਧੀਰ ਨਾ ਕੋਇ ਧਰਾਇੰਦਾ, ਕਲਜੁਗ ਅੰਤਮ ਆਈ ਹਾਰ। ਮੁੱਲਾਂ ਸ਼ੇਖ਼ ਮਸਾਇਕ ਪੀਰ ਦਸਤਗੀਰ ਸਰਬ ਕੁਰਲਾਇੰਦਾ, ਕੁਤਬ ਗੌਂਸ ਨਾ ਕਰੇ ਵਿਚਾਰ। ਪੰਡਤ ਪਾਂਧਾ ਥੱਕਾ ਮਾਂਦਾ ਆਪਣਾ ਭਾਰ ਨਾ ਕੋਇ ਉਠਾਇੰਦਾ, ਜਗਤ ਪਾਂਧੀ ਗਿਆ ਹਾਰ। ਗੁਰ ਕਾ ਸ਼ਬਦ ਨਾ ਕੋਇ ਸੀਸ ਟਿਕਾਇੰਦਾ, ਭਰਮੇ ਭੁੱਲਾ ਸਰਬ ਸੰਸਾਰ। ਚਾਰ ਵਰਨ ਏਕਾ ਰੂਪ ਨਾ ਕੋਇ ਵਖਾਇੰਦਾ, ਵਰਨ ਬਰਨ ਕਰਨ ਗਿਰਿਆਜ਼ਾਰ। ਵਿਸ਼ਨ ਤੇਰਾ ਵਿਸ਼ਵ ਰੂਪ ਨਜ਼ਰ ਕਿਤੇ ਨਾ ਆਇੰਦਾ, ਸਾਚਾ ਦਿਸੇ ਨਾ ਕੋਇ ਭੰਡਾਰ। ਬ੍ਰਹਮਾ ਬ੍ਰਹਮ ਰੂਪ ਨਾ ਕੋਇ ਪਰਗਟਾਇੰਦਾ, ਅੰਧ ਅੰਧੇਰ ਸਰਬ ਸੰਸਾਰ। ਸ਼ੰਕਰ ਸਾਂਗੋਂ ਸੇਜ ਤੇਰੇ ਦਰ ਨਾ ਕੋਇ ਵਛਾਇੰਦਾ, ਗਲ ਬਾਸ਼ਕ ਤਸ਼ਕਾ ਨਾ ਦਿਸੇ ਹਾਰ। ਤੇਰੀ ਤ੍ਰਿਸੂਲ ਅੰਤ ਸੁਟਾਇੰਦਾ, ਕਰੇ ਖੇਲ ਆਪ ਕਰਤਾਰ। ਕਲਜੁਗ ਵੇਲਾ ਅੰਤਮ ਆਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਕਰੇ ਕੌਲ ਇਕ਼ਰਾਰ। ਕੌਲ ਇਕ਼ਰਾਰਾ ਵੇਦ ਵਿਆਸ, ਲਿਖ ਲਿਖ ਪੁਰਾਨ ਗਿਆ ਕਰਾਈਆ। ਕਲਜੁਗ ਅੰਤਮ ਪੂਰੀ ਕਰੇ ਆਸ, ਨਵ ਨੌਂ ਚਾਰ ਪੰਧ ਮੁਕਾਈਆ। ਨਿਰਗੁਣ ਜੋਤ ਕਰ ਪਰਕਾਸ਼, ਨਿਰਵੈਰ ਰੂਪ ਧਰਾਈਆ। ਪਾਵੇ ਸਾਰ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਫੋਲ ਫੁਲਾਈਆ। ਕਰੇ ਖੇਲ ਪੁਰਖ ਸਮਰਾਥ, ਆਪਣੇ ਹੱਥ ਰੱਖੇ ਵਡਿਆਈਆ। ਨੌਂ ਖੰਡ ਪ੍ਰਿਥਮੀ ਚਲਾਏ ਸਾਚਾ ਰਥ, ਰਥ ਰਥਵਾਹੀ ਬਣ ਬਣ ਸੇਵ ਕਮਾਈਆ। ਆਪਣੀ ਮਹਿਮਾ ਗਣਾਏ ਅਕਥ, ਸੋਹੰ ਸੋ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਦ ਵਿਆਸਾ ਲਏ ਮਿਲਾਈਆ। ਪੂਰਾ ਕਰੇ ਕੌਲ ਇਕਰਾਰਾ, ਈਸਾ ਏਕਾ ਰਾਹ ਤਕਾਇੰਦਾ। ਮੇਰੇ ਪਿਛੇ ਆਏ ਮੇਰਾ ਪਰਵਰਦਿਗਾਰ, ਸਿਰ ਮੇਰੇ ਹੱਥ ਟਿਕਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰ, ਏਕਾ ਘਰ ਸੋਭਾ ਪਾਇੰਦਾ। ਬੀਸ ਬੀਸ ਕਰੇ ਪਿਆਰ, ਮੇਰੀ ਅਲਫ਼ੀ ਤਨ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀਤਾ ਕੌਲ ਭੁਲ ਨਾ ਜਾਇੰਦਾ। ਨਾਨਕ ਨਿਰਗੁਣ ਸਚ ਵਿਚਾਰ, ਲੋਕਮਾਤ ਗਿਆ ਜਣਾਈਆ। ਮਹਾਂਬਲੀ ਉਤਰੇ ਆਪਣੀ ਵਾਰ, ਨਾ ਕੋਈ ਬਣੇ ਪਿਤਾ ਮਾਈਆ। ਨਿਹਕਲੰਕਾ ਰੱਖੇ ਨਾਉਂ ਵਿਚ ਸੰਸਾਰ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਡੰਕਾ ਵੱਜੇ ਅਗੰਮ ਅਪਾਰ, ਅਲਖ ਅਗੋਚਰ ਆਪ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕੌਲ ਆਪ ਨਿਭਾਈਆ। ਕਰਿਆ ਕੌਲ ਗੁਰ ਗੋਬਿੰਦ, ਏਕਾ ਬੰਧਨ ਪਾਇਆ। ਪਰਗਟ ਹੋਏ ਗੁਣੀ ਗਹਿਰ ਗੰਭੀਰ ਵਿਚ ਹਿੰਦ, ਰੂਪ ਅਨੂਪ ਧਰਾਇਆ। ਚਾਰ ਜੁਗ ਦੀ ਮੇਟੇ ਚਿੰਦ, ਸਗਲਾ ਦੁੱਖ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬਲ ਵਖਾਇਆ। ਪਰਗਟ ਹੋਏ ਕਲ ਕਲਕੀ ਅਵਤਾਰ, ਕਾਲਖ ਟਿੱਕਾ ਦਏ ਮਿਟਾਈਆ। ਆਪੇ ਵਸੇ ਧਾਮ ਨਿਆਰ, ਸੰਬਲ ਨਗਰ ਡੇਰਾ ਲਾਈਆ। ਨਿਰਗੁਣ ਜੋਤ ਕਰ ਉਜਿਆਰ, ਸਾਚਾ ਦੀਪਕ ਡਗਮਗਾਈਆ। ਆਪਣਾ ਨਾਦ ਵਜਾ ਸੱਚੀ ਧੁਨਕਾਰ, ਸ਼ਬਦੀ ਸ਼ਬਦ ਆਪ ਸੁਣਾਈਆ। ਮੇਲਾ ਕਰੇ ਵਿਚ ਦਰਬਾਰ, ਮੇਰਾ ਤੇਰਾ ਭੇਵ ਮਿਟਾਈਆ। ਚੇਲਾ ਗੁਰ ਸੋਹਣ ਇਕ ਦਵਾਰ, ਘਰ ਸਾਚੇ ਵੱਜੇ ਵਧਾਈਆ। ਕੂੜੀ ਕਿਰਿਆ ਦਏ ਨਿਵਾਰ, ਜੂਠ ਝੂਠ ਦਏ ਖਪਾਈਆ। ਵਰਨ ਬਰਨ ਕਰੇ ਖ਼ਵਾਰ, ਸਾਚੀ ਸਰਨ ਇਕ ਜਣਾਈਆ। ਏਕਾ ਨਾਮ ਬੋਲ ਜੈਕਾਰ, ਜੀਵ ਜੰਤ ਕਰੇ ਪੜ੍ਹਾਈਆ। ਸਚ ਸੁੱਚ ਵਰਤੇ ਵਰਤਾਰ, ਸਚ ਸਮਗਰੀ ਇਕ ਵਖਾਈਆ। ਨਾਮ ਖੰਡਾ ਤੇਜ਼ ਕਟਾਰ, ਬ੍ਰਹਿਮੰਡਾਂ ਆਪ ਚਮਕਾਈਆ। ਦੂਤਾਂ ਦੁਸ਼ਟਾਂ ਦੇਵੇ ਮਾਰ, ਜਗਤ ਗੜ੍ਹ ਹੰਕਾਰ ਤੁੜਾਈਆ। ਸ਼ਾਹ ਸੁਲਤਾਨਾਂ ਤਖ਼ਤੋਂ ਦਏ ਉਤਾਰ, ਸੀਸ ਤਾਜ ਨਾ ਕੋਇ ਟਿਕਾਈਆ। ਦਰ ਦਰ ਮੰਗਣ ਭਿਖਿਆ ਬਣ ਭਿਖਾਰ, ਭੀਖਿਆ ਝੋਲੀ ਕੋਇ ਨਾ ਪਾਈਆ। ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰ, ਰੂਪ ਅਨੂਪ ਮਾਤ ਧਰਾਈਆ । ਸਰਬ ਜੀਆਂ ਦਾ ਸਾਂਝਾ ਯਾਰ, ਹਰਿ ਸਾਚਾ ਆਪ ਅਖਵਾਈਆ। ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਸੁਹਾਏ ਇਕ ਦਰਬਾਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਸਤਿਜੁਗ ਸਾਚੀ ਬੰਨ੍ਹੇ ਧਾਰ, ਧਰਤ ਧਵਲ ਦਏ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਤਖ਼ਤੋਂ ਦਏ ਉਤਾਰ, ਅੰਤਮ ਆਪਣੀ ਜੋਤ ਮਿਲਾਈਆ। ਸੁਰਪਤ ਰਾਜਾ ਇੰਦ ਕਰ ਖ਼ਵਾਰ, ਏਕਾ ਬਖ਼ਸ਼ੇ ਸਰਨ ਸਰਨਾਈਆ। ਗੁਰਮੁਖ ਸੱਜਣ ਕਰ ਤਿਆਰ, ਸਚ ਧਾਮ ਦਏ ਬਹਾਈਆ। ਅਗਲਾ ਲੇਖਾ ਹਰਿ ਨਿਰੰਕਾਰ, ਆਪਣੇ ਹੱਥ ਰਖਾਈਆ। ਵੀਹ ਸੌ ਵੀਹ ਬਿਕ੍ਰਮੀ ਪਿਛਲਾ ਕ਼ਰਜ਼ਾ ਦਏ ਉਤਾਰ, ਲਹਿਣਾ ਕਿਸੇ ਨਜ਼ਰ ਨਾ ਆਈਆ। ਭਾਣਾ ਸਹਿਣਾ ਸਰਬ ਸੰਸਾਰ, ਆਪਣਾ ਭਾਣਾ ਆਪ ਵਰਤਾਈਆ । ਰਾਜਾ ਰਾਣਾ ਰੋਵੇ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਈਆ। ਬੇਮੁਹਾਣਾ ਹੋਏ ਸੰਸਾਰ, ਬਿਨ ਸਤਿਗੁਰ ਪੂਰੇ ਪਾਰ ਨਾ ਕੋਇ ਲਗਾਈਆ। ਪੁਰਖ ਅਕਾਲ ਕਰਤਾ ਪੁਰਖ ਕਰੇ ਆਪਣੀ ਕਾਰ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਕਾਗਦ ਕ਼ਲਮ ਨਾ ਲਿਖਣਹਾਰ, ਰਸਨਾ ਜਿਹਵਾ ਨਾ ਸਕੇ ਕੋਇ ਗਾਈਆ। ਬੇਐਬ ਪਰਵਰਦਿਗਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ ਜੁਗ ਜੁਗ ਗੇੜਾ ਆਪ ਚਲਾਈਆ। ਕਲਜੁਗ ਅੰਤਮ ਹਰਿ ਜੂ ਗੇੜਾ, ਲੋਕਮਾਤ ਦਿਵਾਇੰਦਾ। ਮਨਮਤ ਤੇਰਾ ਕਰੇ ਨਬੇੜਾ, ਗੁਰਮਤ ਆਪ ਪਰਗਟਾਇੰਦਾ। ਗੁਰਮੁਖ ਵਿਰਲੇ ਵਸੇ ਖੇੜਾ, ਲੱਖ ਚੁਰਾਸੀ ਖੇੜਾ ਢਾਹਿੰਦਾ। ਹੱਕ ਹਕ਼ੀਕ਼ਤ ਕਰੇ ਨਬੇੜਾ, ਚਾਰੋਂ ਕੁੰਟ ਫੇਰਾ ਪਾਇੰਦਾ। ਜਗਤ ਵਿਕਾਰਾ ਮਿਟੇ ਝੇੜਾ, ਮਮਤਾ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਏਕਾ ਹਰਿ, ਨਿਰਗੁਣ ਨਿਰਗੁਣ ਵੇਸ ਵਟਾਇੰਦਾ। ਨਿਰਗੁਣ ਵੇਸ ਕਲ, ਕਰਤਾ ਪੁਰਖ ਆਪ ਕਰਾਈਆ। ਲੱਖ ਚੁਰਾਸੀ ਕਰ ਕਰ ਵਲ ਛਲ, ਜੀਵ ਜੰਤ ਰਿਹਾ ਭੁਲਾਈਆ। ਗੁਰਮੁਖ ਵਿਰਲੇ ਅੰਤਰ ਆਤਮ ਜਾਏ ਰਲ, ਰਲ ਮਿਲ ਆਪਣਾ ਖੇਲ ਖਿਲਾਈਆ। ਇਕ ਵਖਾਏ ਨਿਹਚਲ ਧਾਮ ਅਟੱਲ, ਸਚ ਮਹੱਲਾ ਸੋਭਾ ਪਾਈਆ। ਸਤਿ ਪੁਰਖ ਨਿਰੰਜਣ ਬੈਠਾ ਆਸਣ ਮਲ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਲਹਿਣਾ ਦਏ ਮੁਕਾਈਆ।