Granth 10 Likhat 220: 29 Assu 2018 Bikarmi Puran Singh de Greh Pind Lelian Jila Amritsar

੨੯ ਅਸੂ ੨੦੨੮ ਬਿਕ੍ਰਮੀ ਪੂਰਨ ਸਿੰਘ ਦੇ ਗ੍ਰਹਿ ਪਿੰਡ ਲੇਲੀਆਂ ਜ਼ਿਲਾ ਅੰਮ੍ਰਿਤਸਰ

ਆਪਣੀ ਬਾਜ਼ੀ ਗਿਆ ਹਾਰ, ਜਿਤ ਨਜ਼ਰ ਕੋਇ ਨਾ ਆਈਆ। ਕਲਜੁਗ ਕਰਮ ਕਰੇ ਵਿਚਾਰ, ਧਰਮ ਧੀਰ ਨਾ ਕੋਈ ਵਖਾਈਆ। ਜਨਮ ਲਿਆ ਵਿਚ ਸੰਸਾਰ, ਚੌਥਾ ਜੁਗ ਨਾਉਂ ਧਰਾਈਆ। ਕੂੜ ਕੁੜਿਆਰਾ ਵਡ ਭੰਡਾਰ, ਵਿਚ ਸੰਸਾਰ ਲਿਆ ਵਰਤਾਈਆ। ਜੂਠ ਝੂਠ ਕਰ ਪਸਾਰ, ਏਕਾ ਡੰਕਾ ਲਿਆ ਸੁਣਾਈਆ। ਠਗ ਚੋਰ ਯਾਰ ਕਰ ਕਰ ਖ਼ਬਰਦਾਰ, ਤੇਰਾ ਨਾਉਂ ਭੁਲਾਈਆ। ਨਾਰੀ ਕੰਤ ਵਖਾਏ ਵਿਭਚਾਰ, ਵਿਭਚਾਰੀ ਰੰਗ ਵਖਾਈਆ। ਤੇਰੇ ਨਾਉਂ ਨਾ ਕਰਿਆ ਕੋਈ ਪਿਆਰ, ਗੀਤ ਸੁਹਾਗ ਨਾ ਕੋਈ ਗਾਈਆ। ਨਾਲ ਰਲਾਇਆ ਮੁਹੰਮਦ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਅੰਤ ਹੋਇਆ ਦੁਖਦਾਈਆ। ਵੇਲਾ ਅੰਤ ਲੱਗਾ ਦੁੱਖ, ਦੁਖੀਆਂ ਦੁੱਖ ਨਾ ਕੋਈ ਮਿਟਾਇੰਦਾ। ਮੈਂ ਏਕਾ ਸੁੱਖਣਾ ਰਿਹਾ ਸੁੱਖ, ਤੇਰੀ ਅੰਤਮ ਓਟ ਤਕਾਇੰਦਾ। ਨਾ ਮਾਨਸ ਨਾ ਮੈਂ ਮਨੁੱਖ, ਮੇਰਾ ਰੂਪ ਨਜ਼ਰ ਕਿਸੇ ਨਾ ਆਇੰਦਾ। ਧਰਤ ਮਾਤ ਦੀ ਬੈਠਾ ਕੁੱਖ, ਗੋਦੀ ਅਵਰ ਨਾ ਕੋਈ ਸੁਹਾਇੰਦਾ। ਸਭ ਦੇ ਅੰਦਰ ਬੈਠਾ ਲੁਕ, ਅਨਡਿਠੀ ਖੇਲ ਕਰਾਇੰਦਾ। ਸ਼ੇਰ ਵਾਂਗ ਰਿਹਾ ਬੁਕ, ਏਕਾ ਭਬਕ ਜਣਾਇੰਦਾ। ਅੰਤਮ ਵੇਲਾ ਗਿਆ ਢੁਕ, ਪਹਿਲਾ ਲੇਖ ਨਾ ਕੋਈ ਸਮਝਾਇੰਦਾ। ਮੇਰਾ ਬੂਟਾ ਰਿਹਾ ਸੁੱਕ, ਫਲ ਨਜ਼ਰ ਕੋਈ ਨਾ ਆਇੰਦਾ। ਆਪਣੀ ਗੋਦੀ ਅੰਤਮ ਚੁੱਕ, ਦੋਏ ਜੋੜ ਸੀਸ ਝੁਕਾਇੰਦਾ। ਚਾਰੋਂ ਕੁੰਟ ਪੈਂਦਾਂ ਥੁੱਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਂ ਤੇਰਾ ਰਾਹ ਤਕਾਇੰਦਾ। ਅੰਤਮ ਵੇਲਾ ਗਿਆ ਹਰ, ਹਰਿ ਪੂਰਾ ਨਜ਼ਰ ਕੋਈ ਨਾ ਆਈਆ। ਲੋਕਮਾਤ ਬੈਠਾ ਰਿਹਾ ਡਰ, ਭੈ ਭਿਆਨਕ ਹੋਵੇ ਕੌਣ ਸਹਾਈਆ। ਜਿਸ ਘਾੜਨ ਮੇਰਾ ਲਿਆ ਘੜ, ਸੋ ਅੰਤਮ ਭੰਨ ਵਖਾਈਆ। ਵੇਲੇ ਅੰਤਮ ਫੜਾਂ ਕਿਸ ਦਾ ਲੜ, ਸਾਰੇ ਪੱਲੂ ਰਹੇ ਛੁਡਾਈਆ। ਗੁਰ ਅਵਤਾਰ ਕਹਿਣ ਅਸੀਂ ਭਾਣਾ ਰਹੇ ਜਰ, ਸਦ ਭਾਣੇ ਵਿਚ ਸਮਾਈਆ। ਪੁਰਖ ਅਬਿਨਾਸ਼ੀ ਏਕਾ ਭਗਤਾਂ ਦੇਵੇ ਵਰ, ਵਰ ਦਾਤਾ ਬੇਪਰਵਾਹੀਆ। ਅੰਤਮ ਬੰਨ੍ਹੇ ਆਪਣੇ ਲੜ, ਨਾਮ ਬੰਧਨ ਏਕਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਅਵਤਾਰ ਦੇਣ ਗਵਾਹੀਆ। ਗੁਰ ਅਵਤਾਰ ਦੱਸਣ ਰਾਹ, ਕਲਜੁਗ ਸੁਣ ਨਾਦਾਨ। ਤੇਰਾ ਅੰਤ ਨਾ ਕੋਈ ਮਲਾਹ, ਮਿਟੇ ਝੂਠ ਨਿਸ਼ਾਨ। ਪਾਰਬ੍ਰਹਮ ਪੁਰਖ ਅਬਨਾਸ਼ੀ ਅਗੇ ਵਾਸਤੇ ਪਾ ਪਾ ਪਾ, ਹੋਵੇ ਮਿਹਰਵਾਨ। ਨਿਥਾਵਿਆਂ ਦੇਵਣਹਾਰਾ ਥਾਂ, ਆਦਿ ਜੁਗਾਦਿ ਖੇਲ ਮਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਦੋ ਜਹਾਨ। ਦੋ ਜਹਾਨਾਂ ਹਰਿ ਹਰਿ ਵਾਲੀ, ਨਿਰਭੈ ਆਪਣੀ ਧਾਰ ਚਲਾਈਆ। ਕਲਜੁਗ ਫਿਰੇ ਹੱਥਾਂ ਖ਼ਾਲੀ, ਵਿਚ ਖ਼ਲਕ ਵਾਹੋ ਦਾਹੀਆ। ਕਵਣ ਦਵਾਰ ਬਣਾਂ ਸਵਾਲੀ, ਪ੍ਰਭ ਅਗੇ ਸੀਸ ਝੁਕਾਈਆ। ਅੰਤਮ ਚਲੇ ਅਵੱਲੜੀ ਚਾਲੀ, ਭੇਵ ਅਭੇਦ ਆਪ ਰਖਾਈਆ। ਨੌਂ ਖੰਡ ਪ੍ਰਿਥਮੀ ਰੈਣ ਕਾਲੀ, ਸਾਚਾ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਆਪਣਾ ਵਰ, ਏਕਾ ਆਸ ਰਖਾਈਆ, ਖ਼ਾਲੀ ਹੱਥ ਫਿਰੇ ਭਿਖਾਰੀ, ਦਰ ਦਰ ਅਲਖ ਜਗਾਇੰਦਾ। ਕਵਣ ਕੂਟੇ ਮਿਲੇ ਜੋਤ ਨਿਰੰਕਾਰੀ, ਨਿਰਗੁਣ ਆਪਣੀ ਦਇਆ ਕਮਾਇੰਦਾ। ਮੇਰੀ ਪੈਜ ਦੇਵੇ ਸਵਾਰੀ, ਭੁਲ ਆਪਣੀ ਆਪ ਬਖ਼ਸ਼ਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੂਪ ਆਪ ਵਟਾਇੰਦਾ। ਸਾਚਾ ਰੂਪ ਹਰਿ ਹਰਿ ਧਰ, ਧਰਨੀ ਧਰਤ ਧਵਲ ਦਏ ਵਡਿਆਈਆ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਖੇਲ ਖਿਲਾਈਆ। ਆਪੇ ਜਾਣੇ ਗੁਰ ਅਵਤਾਰ, ਭਗਤ ਭਗਵੰਤ ਵੇਖ ਵਖਾਈਆ। ਗੋਬਿੰਦ ਸੂਰਾ ਅੱਗੇ ਖੜ, ਏਕਾ ਗੁਣ ਰਿਹਾ ਸਮਝਾਈਆ। ਏਕਾ ਫਲ ਜਾਣਾ ਝੜ, ਪੱਤ ਡਾਲ੍ਹੀ ਰਹਿਣ ਨਾ ਪਾਈਆ। ਅੰਤ ਪਾਸਾ ਜਾਣਾ ਹਰ, ਜਿਤ ਹੱਥ ਨਾ ਕੋਈ ਵਖਾਈਆ। ਏਕਾ ਔਣ ਹਰਿ ਕੇ ਦਰ, ਦਰ ਦਰ ਦਿਆਂ ਸਮਝਾਈਆ। ਕ੍ਰਿਪਾ ਤੇਰੇ ਉਪਰ ਦੇਵੇ ਕਰ, ਕਿਰਪਾਨਿਧ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸਾਹ ਸੱਚਾ ਸ਼ਹਿਨਸ਼ਾਹੀਆ। ਗੋਬਿੰਦ ਦੱਸੇ ਏਕਾ ਰਾਹ, ਏਕਾ ਸ਼ਬਦ ਜਣਾਈਆ। ਪੁਰਖ ਅਬਿਨਾਸੀ ਬੇਪਰਵਾਹ, ਸਚ ਸਿੰਘਾਸਣ ਸੋਭਾ ਪਾਈਆ। ਜੁਗ ਜੁਗ ਫੇਰਾ ਪਾਏ ਰੂਪ ਵਟਾ, ਰੰਗ ਰੇਖ ਨਾ ਕੋਈ ਵਖਾਈਆ। ਸਚ ਸਿੰਘਾਸਣ ਸੋਭਾ ਪਾ, ਤਖ਼ਤ ਨਿਵਾਸੀ ਸਾਚੇ ਤਖ਼ਤ ਦਏ ਵਡਿਆਈਆ। ਅੰਤਮ ਤੇਰੇ ਆਵੇ ਨਿਰਗੁਣ ਨਿਹਕਲੰਕ ਨਾਉਂ ਰਖਾ, ਨਾ ਕੋਈ ਪਿਤਾ ਨਾ ਕੋਈ ਮਾਈਆ। ਨਾਮ ਡੰਕਾ ਦਏ ਵਜਾ, ਚਾਰ ਕੁੰਟ ਦਏ ਸੁਣਾਈਆ। ਸਾਚੇ ਸੰਤਾਂ ਲਏ ਉਠਾ, ਭਗਤਨ ਮੇਲਾ ਸਹਿਜ ਸਭਾਈਆ। ਨਿਰਗੁਣ ਆਪਣਾ ਮੰਗਲ ਆਪੇ ਗਾ, ਆਪਣੀ ਬੂਝ ਬੁਝਾਈਆ। ਤ੍ਰੈ ਤ੍ਰੈ ਸੰਗਲ ਦਏ ਕਟਾ, ਪੰਚਮ ਪਰਦਾ ਦਏ ਉਠਾਈਆ। ਨਿਜਾਨੰਦ ਅਨੰਦ ਦਰਸਾ, ਨਿਜ ਆਤਮ ਕਰੇ ਰਸਾਈਆ। ਪਰਮਾਨੰਦ ਖੇਲ ਕਰਾ, ਪਰਮ ਪੁਰਖ ਦਏ ਵਡਿਆਈਆ। ਜੂਠਾ ਝੂਠਾ ਡੇਰਾ ਢਾਹ, ਕੂੜੀ ਕਿਰਿਆ ਮੇਟ ਮਿਟਾਈਆ। ਮਾਇਆ ਮਮਤਾ ਮੋਹ ਚੁਕਾ, ਆਸਾ ਤ੍ਰਿਸ਼ਨਾ ਦਏ ਖਪਾਈਆ। ਏਕਾ ਹੁਕਮ ਸਚ ਵਰਤਾ, ਧੁਰ ਫ਼ਰਮਾਨਾ ਕਰੇ ਜਣਾਈਆ। ਰਾਜਾ ਰਾਣਾ ਤਖ਼ਤੋਂ ਲਾਹ, ਦਰ ਦਰਵੇਸ਼ ਦਏ ਬਣਾਈਆ। ਵਰਨਾਂ ਬਰਨਾਂ ਮੇਟ ਮਿਟਾ, ਏਕਾ ਰੰਗ ਦਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਈਆ। ਸਾਚਾ ਮਾਰਗ ਤੇਰੇ ਅੰਦਰ, ਸੋ ਪੁਰਖ ਨਿਰੰਜਣ ਆਪ ਲਗਾਈਆ। ਕਲਜੁਗ ਤੇਰਾ ਢਹਿਣਾ ਮੰਦਰ, ਵੇਲਾ ਅੰਤ ਦਏ ਸਮਝਾਈਆ। ਗੜ੍ਹ ਹੰਕਾਰੀ ਤੁੱਟੇ ਜੰਦਰ, ਨਾਮ ਖੰਡਾ ਇਕ ਚਮਕਾਈਆ। ਮਨ ਵਾਸਨਾ ਤੇਰੀ ਮੇਟੇ ਬੰਦਰ, ਉਠ ਉਠ ਦਹਿ ਦਿਸ਼ ਨਾ ਧਾਈਆ। ਲੇਖਾ ਜਾਣੇ ਡੂੰਘੀ ਕੰਦਰ, ਘਟ ਘਟ ਖੇਲੇ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਚਲੇ ਆਪਣੀ ਸਚ ਰਜ਼ਾਈਆ। ਆਪਣੀ ਰਜ਼ਾ ਆਪੇ ਚਲਾ, ਚਲਣਹਾਰ ਨਿਰੰਕਾਰਾ। ਸਚ ਸਿੰਘਾਸਣ ਅੰਤਮ ਮੱਲਾ, ਵਸੇ ਧਾਮ ਨਿਆਰਾ। ਭਗਤ ਭਗਵੰਤ ਸਚ ਸੰਦੇਸ਼ ਏਕਾ ਘੱਲਾ, ਜੋਤੀ ਸ਼ਬਦ ਕਰ ਉਜਿਆਰਾ। ਨਿਰਗੁਣ ਸਰਗੁਣ ਫੜੇ ਪੱਲਾ, ਸਰਗੁਣ ਨਿਰਗੁਣ ਖੇਲ ਨਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਾਚੀ ਕਾਰਾ। ਸਾਚੀ ਕਾਰ ਕਰੇ ਕਰਤਾਰ, ਕਲਜੁਗ ਅੰਤਮ ਵੇਖ ਵਖਾਈਆ। ਹਰਿਜਨ ਸਾਚੇ ਕਰ ਪਿਆਰ, ਪ੍ਰੀਤਮ ਆਪਣੇ ਨਾਲ ਮਿਲਾਈਆ। ਰੋਗ ਸੋਗ ਦਏ ਨਿਵਾਰ, ਜਨਮ ਅਜਨਮ ਲੇਖੇ ਪਾਈਆ। ਦੁਰਮਤ ਮੈਲ ਦਏ ਉਤਾਰ, ਨਿਰਮਲ ਨੀਰ ਸੀਰ ਪਿਆਈਆ। ਲੇਖਾ ਜਾਣੇ ਅਗੰਮ ਅਪਾਰ, ਅਗੰਮੜੀ ਕਾਰ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਖੇਲ ਖਿਲੌਣਾ, ਰੂਪ ਅਨੂਪ ਧਰਾਇਆ। ਤੇਰਾ ਬੁਰਜ ਅੰਤਮ ਢੌਹਣਾ, ਉਚਾ ਟਿੱਲਾ ਨਾ ਕੋਈ ਵਖਾਇੰਦਾ। ਸਾਚਾ ਮਾਰਗ ਏਕਾ ਲੌਣਾ, ਚਾਰ ਵਰਨ ਸਮਝਾਇੰਦਾ। ਰਾਓ ਰੰਕ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਧਾਮ ਬਹੌਣਾ, ਏਕਾ ਮੰਦਰ ਸੋਭਾ ਪਾਇੰਦਾ। ਏਕਾ ਰਾਮ ਨਜ਼ਰੀ ਔਣਾ, ਏਕਾ ਕ੍ਰਿਸ਼ਨ ਰੂਪ ਵਟਾਇੰਦਾ। ਏਕਾ ਨਾਨਕ ਗੋਬਿੰਦ ਜੋਤ ਜਗੌਣਾ, ਏਕਾ ਨੂਰ ਨੁਰਾਨਾ ਨੂਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਕਲਜੁਗ ਸੁਣਿਆ ਹਰਿ ਕਾ ਖੇਲ, ਗੋਬਿੰਦ ਕਰੇ ਜਣਾਈਆ। ਕਵਣ ਦਵਾਰੇ ਹੋਵੇ ਮੇਲ, ਮਿਲਿਆ ਮੇਲਾ ਪਾਂਧੀ ਰਾਹੀਆ। ਪ੍ਰਭ ਮਿਲੇ ਸੱਜਣ ਸਹੇਲ, ਮੇਰਾ ਬੰਧਨ ਦਏ ਤੁੜਾਈਆ। ਆਪਣਾ ਦੱਸੇ ਵਕ਼ਤ ਵੇਲ, ਥਿਤ ਵਾਰ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਅਵਰ ਨਾ ਕੋਈ ਵਡਿਆਈਆ। ਗੋਬਿੰਦ ਮਾਰਗ ਸਾਚਾ ਦੱਸ, ਕਲਜੁਗ ਨੈਣਾਂ ਨੀਰ ਵਹਾਇੰਦਾ। ਮੈਂ ਹਰਿ ਚਰਨ ਦਵਾਰੇ ਜਾਵਾਂ ਨੱਸ, ਕਵਣ ਕੂਟੇ ਫੇਰਾ ਪਾਇੰਦਾ। ਮੇਰਾ ਮਿਟੇ ਅੰਧੇਰਾ ਮਸ, ਚਾਂਦ ਚਾਂਦਨਾ ਕਵਣ ਚਮਕਾਇੰਦਾ। ਮੇਰੀ ਪੂਰੀ ਕਰੇ ਆਸ, ਹੋ ਨਿਰਾਸਾ ਜਗਤ ਕੁਰਲਾਇੰਦਾ। ਕਵਣ ਦੇਹ ਵਸੇ ਪਾਸ, ਵਿਛੜ ਕਦੇ ਨਾ ਜਾਇੰਦਾ। ਏਕਾ ਦੇਵੇ ਸਚ ਧਰਵਾਸ, ਮੇਰੀ ਤਦਬੀਰ ਤਕ਼ਦੀਰ ਆਪ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਵਣ ਦਵਾਰੇ ਵਸੇ ਘਰ, ਕਵਣ ਕੂਟ ਸੋਭਾ ਪਾਇੰਦਾ। ਗੋਬਿੰਦ ਵਸੇ ਸਚ ਟਿਕਾਨਾ, ਏਕਾ ਵਾਰ ਜਣਾਈਆ। ਪਾਰਬ੍ਰਹਮ ਸ੍ਰੀ ਭਗਵਾਨਾ, ਨਿਰਗੁਣ ਆਪਣਾ ਨੂਰ ਧਰਾਈਆ। ਸ਼ਬਦ ਅਗੰਮੀ ਇਕ ਬਿਬਾਨਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੱਜੇ ਵਧਾਈਆ। ਗੋਬਿੰਦ ਸੂਰਾ ਕਰੇ ਪਰਵਾਨਾ, ਲੋਕਮਾਤ ਵੇਖ ਵਖਾਈਆ। ਸੰਬਲ ਨਗਰ ਸਚ ਟਿਕਾਨਾ, ਹਰਿ ਬੈਠਾ ਸੱਚਾ ਮਾਹੀਆ। ਲੇਖਾ ਜਾਣੇ ਦੋ ਜਹਾਨਾਂ, ਚੌਦਾਂ ਲੋਕ ਰਿਹਾ ਸੁਣਾਈਆ। ਚੌਦਾਂ ਤਬਕਾਂ ਦਏ ਗਿਆਨਾ, ਏਕਾ ਅੱਖਰ ਕਰੇ ਪੜ੍ਹਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪੇ ਰੱਖੇ ਆਪਣੇ ਭਾਣਾ, ਸਦ ਭਾਣੇ ਆਪ ਸੁਹਾਈਆ। ਜੋ ਦਰ ਆਏ ਬਣ ਨਿਮਾਣਾ, ਤਿਸ ਆਪਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸੇਵ ਆਪ ਕਰਾਈਆ। ਬਣ ਨਿਮਾਣਾ ਜਾਵਾਂ ਦਰ, ਕਲਜੁਗ ਕੂਕ ਕੂਕ ਸੁਣਾਇਆ। ਸਰਨ ਸਰਨਾਈ ਜਾਵਾਂ ਪੜ, ਨੇਤਰ ਨੈਣਾਂ ਨੀਰ ਵਹਾਇਆ। ਅੰਤਮ ਮੇਰਾ ਰੂਪ ਦੇਵੇ ਮੈਨੂੰ ਡਰ, ਭੈ ਭੌ ਇਕ ਰਖਾਇਆ। ਮੈਂ ਆਪਣੀ ਕਰਨੀ ਆਪੇ ਰਿਹਾ ਭਰ, ਦੂਜੀ ਕਿਰਤ ਨਾ ਨਾਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸੱਚਾ ਵਰ, ਮੇਰੀ ਭੁਲ ਲਏ ਬਖ਼ਸ਼ਾਇਆ। ਮੈਂ ਭੁੱਲਾ ਬਣ ਵੈਰਾਗੀ, ਬਿਰਹੋਂ ਅਗਨੀ ਅੱਗ ਜਲਾਈਆ। ਮੈਂ ਹੋਇਆ ਅੰਤ ਤਿਆਗੀ, ਲੱਖ ਚੁਰਾਸੀ ਰਿਹਾ ਤਜਾਈਆ। ਮੈਂ ਹੰਸ ਬਣਿਆ ਕਾਗੀ, ਸੋਹੰ ਹੰਸਾ ਚੋਗ ਨਜ਼ਰ ਕਿਸੇ ਨਾ ਆਈਆ। ਮੈਂ ਦੁਰਮਤ ਮੈਲ ਭਰਿਆ ਦਾਗ਼ੀ, ਮੇਰੀ ਮੈਲ ਨਾ ਕੋਈ ਧੁਆਈਆ। ਸਾਚੀ ਵਸਤ ਨਾ ਮੇਰੀ ਹਾਂਡੀ, ਸਾਚੀ ਕੁੰਨੀ ਰਿਹਾ ਵਖਾਈਆ। ਅੰਤਮ ਬਣਿਆ ਏਕਾ ਗਾਡੀ, ਚਾਰ ਵਰਨ ਰਿਹਾ ਚਲਾਈਆ। ਲਾੜੀ ਮੌਤ ਮੰਗੇ ਵਰ, ਲੱਖ ਚੁਰਾਸੀ ਕਰਨੀ ਸ਼ਾਦੀ, ਬਚਿਆ ਕੋਇ ਰਹਿਣ ਨਾ ਪਾਈਆ। ਮੈਂ ਡਰਦਾ ਉਠ ਕੇ ਬਣਿਆ ਪਾਂਧੀ, ਪ੍ਰਭ ਸੱਚੇ ਦਾ ਸੱਚਾ ਰਾਹ ਤਕਾਈਆ। ਮੇਰੀ ਕਾਇਆ ਥੱਕੀ ਮਾਂਦੀ, ਅਗੇ ਸੰਗ ਨਾ ਕੋਈ ਰਖਾਈਆ। ਜਿਧਰ ਵੇਖਿਆ ਚਲੇ ਆਂਧੀ, ਨੂਰ ਨੁਰਾਨਾ ਬੈਠਾ ਮੁਖ ਛੁਪਾਈਆ। ਮੇਰੀ ਕਰਨੀ ਮੇਰੀ ਬਣੀ ਫਾਂਦੀ, ਨਾ ਕੋਈ ਸਕੇ ਜ਼ੰਜੀਰ ਤੁੜਾਈਆ। ਕਿਸੇ ਕੰਮ ਨਾ ਔਣਾ ਸੋਨਾ ਚਾਂਦੀ, ਖ਼ਾਲੀ ਹੱਥ ਦਏ ਦੁਹਾਈਆ। ਤ੍ਰੈਗੁਣ ਮਾਇਆ ਬਣੀ ਬਾਂਦੀ, ਨਿਉਂ ਨਿਉਂ ਬੈਠੀ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਹੋਏ ਅੰਤ ਸਹਾਈਆ। ਥੱਕਾ ਮਾਂਦਾ ਆਪੇ ਨੱਠ, ਪ੍ਰਭ ਤੱਕਾਂ ਇਕ ਦਵਾਰਾ। ਮੇਰਾ ਖੇੜਾ ਰਿਹਾ ਢੱਠ, ਨਾ ਚਲੇ ਕੋਈ ਚਾਰਾ। ਆਪਣਾ ਜਤ ਹਰ ਗਿਆ ਤੀਰਥ ਤਟ, ਅਠਸਠ ਖ਼ਾਲੀ ਦਿਸੇ ਕਿਨਾਰਾ। ਮੰਦਰ ਮਸਜਿਦ ਸ਼ਿਵਦਵਾਲਾ ਰੋਵੇ ਮਠ, ਨਜ਼ਰ ਆਏ ਨਾ ਹਰਿ ਨਿਰੰਕਾਰਾ। ਸਾਧ ਸੰਤ ਜਗਤ ਮਾਲਾ ਰਹੇ ਰਟ, ਆਤਮ ਅੰਤਰ ਨਾ ਕੋਈ ਪਿਆਰਾ। ਚਾਰ ਵਰਨ ਖੱਟੀ ਕੋਇ ਨਾ ਸਕੇ ਖੱਟ, ਘਰ ਘਰ ਵੜਿਆ ਲੋਭ ਮੋਹ ਹੰਕਾਰਾ। ਕ੍ਰੋਧ ਮਾਰੇ ਆਪਣੀ ਸਟ, ਠੋਕਰ ਮਾਰੇ ਵਿਚ ਸੰਸਾਰਾ। ਮਨਮਤ ਚੁੱਕੀ ਅੱਤ, ਬ੍ਰਹਮ ਮਤ ਨਾ ਕੋਈ ਪਿਆਰਾ। ਮੈਂ ਆਪਣਾ ਸੱਥਰ ਬੈਠਾ ਘਤ, ਦੱਸੇ ਨਾ ਕੋਈ ਕਿਨਾਰਾ। ਨੇਤਰ ਅੱਥਰ ਵਗਾਵਾਂ ਆਪਣੇ ਵਤ, ਮਿਲੇ ਮੇਲ ਪਰਵਰਦਿਗਾਰਾ । ਮੇਰਾ ਤੁਟਾ ਧੀਰਜ ਜਤ। ਸਤਿ ਸੰਤੋਖ ਨਾ ਕੋਈ ਸਹਾਰਾ। ਮੇਰੀ ਉਬਲੇ ਚਾਰੋਂ ਕੁੰਟ ਰਤ, ਨੌਂ ਨੌਂ ਲੱਗਾ ਇਕ ਅਖਾੜਾ। ਪਾਰਬ੍ਰਹਮ ਸਿਰ ਤੇ ਰੱਖ ਹੱਥ, ਮੇਰਾ ਹੋਏ ਪਾਰ ਕਿਨਾਰਾ। ਗੋਬਿੰਦ ਮਾਰਗ ਸਾਚਾ ਦੱਸ, ਮੰਗ ਮੰਗੀ ਬਣ ਭਿਖਾਰਾ। ਮੈਂ ਅੰਤਮ ਵਸਾਂ ਕੁੱਲੀ ਕੱਖ, ਨਾ ਮੰਗਾਂ ਕੋਈ ਚੁਬਾਰਾ। ਸਦ ਗਾਵਾਂ ਸਾਹਿਬ ਦਾ ਜਸ, ਜਿਸ ਕਰਿਆ ਪਾਰ ਉਤਾਰਾ। ਨਿਤ ਦਰਸਨ ਪਾਂਵਾ ਹੱਸ ਹੱਸ, ਨੇਤਰ ਨੈਣ ਨੈਣ ਉਘਾੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਸਹਾਰਾ। ਗੋਬਿੰਦ ਸੁਣਾਏ ਸਾਚੀ ਗਾਥ, ਸੁਣ ਸੱਜਣ ਮੀਤ ਮੁਰਾਰੇ। ਪੁਰਖ ਅਬਿਨਾਸ਼ੀ ਖੇਲ ਤਮਾਸ਼, ਕਰੇ ਵਿਚ ਸੰਸਾਰੇ। ਲੱਖ ਚੁਰਾਸੀ ਭੋਗ ਬਿਲਾਸ, ਲੁਟਿਆ ਦਿਨ ਦਿਹਾੜੇ। ਸਚ ਵਸਤ ਨਾ ਕਿਸੇ ਪਾਸ, ਮਾਨਸ ਮਾਨਸ ਜਨਮ ਹਾਰੇ। ਅੰਤਮ ਵੇਲੇ ਹੋਏ ਨਿਰਾਸ, ਦਿਨ ਥੋੜੇ ਰਹਿ ਗਏ ਚਾਰੇ। ਲੇਖੇ ਲੱਗੇ ਨਾ ਕਿਸੇ ਸਵਾਸ, ਪਵਣ ਪਵਣੀ ਨਾ ਕੋਈ ਪਿਆਰੇ। ਬਿਨ ਭਗਤਾਂ ਹਰਿ ਪੂਰੀ ਕਰੇ ਨਾ ਕਿਸੇ ਆਸ, ਲੱਖ ਚੁਰਾਸੀ ਹੋਏ ਖ਼ਵਾਰੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਭਾਰੇ। ਪੁਰਖ ਅਬਿਨਾਸ਼ੀ ਖੇਲ ਖਿਲੌਣਾ, ਕਲਜੁਗ ਅੰਤਮ ਗੋਬਿੰਦ ਇਕ ਸਮਝਾਇੰਦਾ। ਸਾਚੇ ਭਗਤਾਂ ਮਾਤ ਪ੍ਰਗਟੌਣਾ, ਸਿਰ ਆਪਣਾ ਹੱਥ ਰਖਾਇੰਦਾ। ਅਗਲਾ ਮਾਰਗ ਇਕ ਸਮਝੌਣਾ, ਦੇ ਮਤ ਆਪ ਜਣਾਇੰਦਾ। ਚਾਰ ਜੁਗ ਦਾ ਲਹਿਣਾ ਮੂਲ ਚੁਕੌਣਾ, ਸਤਿਜੁਗ ਸਾਚਾ ਰਾਹ ਵਖਾਇੰਦਾ। ਸਾਚਾ ਮੰਦਰ ਇਕ ਬਣੌਣਾ, ਅੰਦਰੇ ਅੰਦਰ ਵੇਖ ਵਖਾਇੰਦਾ। ਛੱਤੀ ਜੁਗ ਦਾ ਕਰਜਾ ਲੌਹਣਾ, ਪਿਛਲਾ ਲਹਿਣਾ ਝੋਲੀ ਪਾਇੰਦਾ। ਛੱਤੀ ਫ਼ੁਟ ਨਿਸ਼ਾਨ ਝੁਲੌਣਾ, ਚਵ੍ਹੀ ਹੱਥ ਬੰਧਨ ਪਾਇੰਦਾ। ਚਾਰ ਵਰਨਾਂ ਵਿਚ ਬਹੌਣਾ, ਜਾਤ ਪਾਤ ਦੀਨ ਮਜ਼੍ਹਬ ਨਾ ਕੋਈ ਵਡਿਆਇੰਦਾ। ਊਚਾਂ ਨੀਚਾਂ ਗਲੇ ਲਗੌਣਾ, ਏਕਾ ਗੋਦ ਸੁਹਾਇੰਦਾ। ਸਾਢੇ ਤਿੰਨ ਹੱਥ ਸਿੰਘਾਸਣ ਮਾਤ ਸੁਹੌਣਾ, ਸਚ ਸਿੰਘਾਸਣ ਸੋਭਾ ਪਾਇੰਦਾ। ਜੋ ਦਰ ਆਏ ਤਿਸ ਪਾਰ ਕਰੌਣਾ, ਪੋਹ ਛੱਬੀ ਦਿਵਸ ਮਨਾਇੰਦਾ। ਆਪਣਾ ਹਾਲ ਆਪ ਜਣੌਣਾ, ਜਗਤ ਰਾਹ ਇਕ ਵਖਾਇੰਦਾ। ਜਿਸ ਢੌਣਾ ਤਿਸ ਫੇਰ ਬਣੌਣਾ, ਘੜਨ ਭੰਨਣ ਆਪਣੀ ਖੇਲ ਕਰਾਇੰਦਾ। ਜਨ ਭਗਤਾਂ ਪੁਰਖ ਅਬਿਨਾਸ਼ੀ ਮਨੌਣਾ, ਮਿਲ ਮਿਲ ਆਪਣਾ ਹਾਲ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਚੌਕੜ ਚੌਕੜੀ ਸਾਰ ਪਾਸ਼ ਆਪਣੀ ਖੇਲ ਕਰਾਇੰਦਾ।