Granth 10 Likhat 222: 29 Assu 2018 Bikarmi Avtar Singh de Greh Pind Kaunke Jila Amritsar

੩੦ ਅਸੂ ੨੦੧੮ ਬਿਕ੍ਰਮੀ ਅਵਤਾਰ ਸਿੰਘ ਦੇ ਘਰ ਪਿੰਡ ਕਾਉਕੇ ਜ਼ਿਲਾ ਅੰਮ੍ਰਿਤਸਰ

ਕਲਜੁਗ ਖ਼ੁਸ਼ੀ ਰਿਹਾ ਮਨਾ, ਅੰਤਰ ਅੰਤਰ ਵੱਜੇ ਵਧਾਈਆ। ਗੋਬਿੰਦ ਦੱਸਿਆ ਏਕਾ ਰਾਹ, ਮਾਰਗ ਇਕ ਸਮਝਾਈਆ। ਪੁਰਖ ਅਬਿਨਾਸ਼ੀ ਚਰਨੀ ਡਿਗਾਂ ਆਂ, ਨਿਉਂ ਨਿਉਂ ਸੀਸ ਝੁਕਾਈਆ। ਖ਼ਾਲੀ ਝੋਲੀ ਦਿਆਂ ਵਖਾ, ਵਸਤ ਅਵਰ ਨਾ ਕੋਈ ਵਖਾਈਆ। ਮੈਂ ਨਿਥਾਵਾਂ ਫਿਰਾਂ ਥਾਉਂ ਥਾਂ, ਥਾਨ ਥਨੰਤਰ ਨਾ ਕੋਈ ਸਹਾਈਆ। ਮੇਰੀ ਅੰਤ ਨਾ ਪਕੜੇ ਕੋਈ ਬਾਂਹ, ਚਾਰ ਕੁੰਟ ਬੈਠੀ ਮੁਖ ਭਵਾਈਆ। ਸਿਰ ਰੱਖੇ ਨਾ ਕੋਈ ਠੰਡੀ ਛਾਂ, ਗੁਰ ਪੀਰ ਅਵਤਾਰ ਸਗਲਾ ਸੰਗ ਨਾ ਕੋਈ ਰਖਾਈਆ। ਜਿਸ ਦਰ ਜਾਵਾਂ ਅਗੋਂ ਕਰਨ ਨਾ, ਬੈਠੇ ਮੁਖ ਭਵਾਈਆ। ਮੈਂ ਅੰਤ ਹੰਸ ਬਣਿਆ ਕਾਂ, ਮੇਰੀ ਬੁਧ ਕਾਗ ਵਾਂਗ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਤੁਧ ਬਿਨ ਅਵਰ ਨਾ ਕੋਈ ਸੁਹਾਈਆ। ਤੁਧ ਬਿਨ ਅਵਰ ਨਾ ਖੇੜਾ, ਦਰ ਨਜ਼ਰ ਕੋਈ ਨਾ ਆਇੰਦਾ। ਮੇਰਾ ਬੰਨ੍ਹੇ ਨਾ ਕੋਈ ਬੇੜਾ, ਚਪੂ ਨਾਮ ਨਾ ਕੋਈ ਲਗਾਇੰਦਾ। ਅੰਤਮ ਲੱਗਾ ਇਕ ਉਖੇੜਾ, ਚਾਰ ਵਰਨ ਜੜ੍ਹ ਉਖੜਾਇੰਦਾ। ਮੈਂ ਜਾਣਾ ਤੂੰ ਵਸੇਂ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਨੌਂ ਸਤ ਪਿਆ ਗੇੜਾ, ਮੇਰਾ ਬੰਧਨ ਨਾ ਕੋਈ ਤੁੜਾਇੰਦਾ। ਨਾ ਕੋਈ ਸੰਞ ਨਾ ਕੋਈ ਸਵੇਰਾ, ਸਾਚਾ ਰੰਗ ਨਾ ਕੋਈ ਵਖਾਇੰਦਾ। ਤੁਧ ਬਿਨ ਬੰਨ੍ਹੇ ਨਾ ਕੋਈ ਮੇਰਾ ਬੇੜਾ, ਪੱਲੂ ਹੱਥ ਨਾ ਕੋਈ ਫੜਾਇੰਦਾ। ਅੰਤਮ ਢਹਿਣਾ ਝੂਠਾ ਡੇਰਾ, ਥਿਰ ਕੋਈ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਸਾਚੀ ਮੰਗ ਮੰਗਾਇੰਦਾ। ਮੰਗਾਂ ਮੰਗ ਬਣ ਦਰਵੇਸ਼, ਨੇਤਰ ਨੈਣਾਂ ਨੀਰ ਵਹਾਈਆ। ਰਾਹ ਦੱਸਿਆ ਗੁਰ ਦਸਮੇਸ, ਸਾਚੇ ਮਾਰਗ ਗਿਆ ਪਾਈਆ। ਕਵਣ ਦਵਾਰ ਹਰਿ ਜੂ ਲਵਾਂ ਵੇਖ, ਨੇਤਰ ਨੈਣ ਨੈਣ ਉਠਾਈਆ। ਤੇਰੇ ਅਗੇ ਮੇਰੀ ਚਲੇ ਨਾ ਕੋਈ ਪੇਸ਼, ਤੇਰਾ ਹੁਕਮ ਵਰਤੇ ਹਰ ਘਟ ਥਾਈਂਆ । ਸ਼ਾਹ ਪਾਤਸ਼ਾਹ ਨਰ ਨਰੇਸ਼, ਸ਼ਹਿਨਸ਼ਾਹ ਵਡੀ ਵਡਿਆਈਆ। ਆਦਿ ਜੁਗਾਦਿ ਨਿਰਗੁਣ ਸਰਗੁਣ ਧਰੇ ਭੇਖ, ਰੂਪ ਅਨੂਪ ਆਪ ਵਟਾਈਆ। ਮੇਰਾ ਰੱਖੇ ਨਾ ਸੰਗ ਕੋਈ ਮੁੱਲਾ ਸ਼ੇਖ਼, ਪੀਰ ਪੈਗ਼ੰਬਰ ਔਲੀਏ ਬੈਠੇ ਮੁਖ ਸ਼ਰਮਾਈਆ। ਮੈਂ ਜਾਵਾਂ ਕਿਹੜੇ ਦੇਸ, ਅੰਡਜ ਜੇਰਜ ਉਤਭੁਜ ਸੇਤਜ ਲੋਆਂ ਪੁਰੀਆਂ ਚਾਰੋਂ ਕੁੰਟ ਏਕਾ ਰਾਹ ਜਣਾਈਆ । ਵਿਸ਼ਨੂੰ ਰੋਵੇ ਉਤੇ ਬਾਸ਼ਕ ਸੇਜ, ਨੇਤਰ ਨੈਣਾਂ ਨੀਰ ਵਹਾਈਆ। ਬ੍ਰਹਮਾ ਦਿਸੇ ਖੁਲੜੇ ਕੇਸ, ਧੀਰਜ ਧੀਰ ਨਾ ਕੋਈ ਧਰਾਈਆ। ਸ਼ੰਕਰ ਮਿਟਦੀ ਜਾਏ ਰੇਖ, ਵੇਲਾ ਅੰਤ ਨਾ ਕੋਈ ਸੁਹਾਈਆ। ਲੱਖ ਚੁਰਾਸੀ ਉਜੜਿਆ ਖੇਤ, ਹਰਿਆਵਲ ਨਜ਼ਰ ਕੋਈ ਨਾ ਆਈਆ। ਜੂਠ ਝੂਠ ਬਾਲੂ ਰੇਤ, ਤਨ ਰਹੀ ਤਪਾਈਆ। ਮਾਇਆ ਮਮਤਾ ਹਉਮੇ ਹੰਗਤਾ ਬਣ ਬਣ ਪ੍ਰੇਤ, ਜਿੰਨ ਮੇਰੀ ਜਾਨ ਰਹੇ ਕਢਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੁਧ ਬਿਨ ਕੋਈ ਨਾ ਕਰੇ ਸੱਚਾ ਹੇਤ, ਨਾ ਕੋਈ ਬਖ਼ਸ਼ੇ ਚਰਨ ਸੱਚੀ ਸਰਨਾਈਆ। ਤੂੰ ਸਾਹਿਬ ਸੁਲਤਾਨ ਸਦ ਰੱਖੀਂ ਸਾਇਆ ਹੇਠ, ਇਕ ਤੇਰੀ ਓਟ ਤਕਾਈਆ। ਵਰਨ ਬਰਨ ਜ਼ਾਤ ਪਾਤ ਅਗਨੀ ਮੇਟੇ ਮਹੀਨਾ ਜੇਠ, ਸਾਂਤਕ ਸਤਿ ਨਾ ਕੋਈ ਵਰਤਾਈਆ। ਮੈਂ ਭੁੱਲਾ ਦਸ ਆਪਣਾ ਭੇਤ, ਅਭੇਵ ਤੇਰੇ ਹੱਥ ਵਡਿਆਈਆ। ਮੈਂ ਸੁਣਿਆ ਗੋਬਿੰਦ ਔਣਾ ਤੇਰੇ ਦਵਾਰੇ ਪਹਿਲੀ ਚੇਤ, ਆਪ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਜਾਚਕ ਸੀਸ ਝੁਕਾਈਆ। ਯਾਚਕ ਮੰਗੇ ਦਾਨ, ਕਲਜੁਗ ਹੋ ਨਿਮਾਣਾ, ਕਿਰਪਾ ਕਰ ਸ੍ਰੀ ਭਗਵਾਨ, ਸ਼ਾਹ ਪਾਤਸ਼ਾਹ ਸਚ ਸੁਲਤਾਨਾ। ਮੈਂ ਹੋਇਆ ਅੰਤ ਵੈਰਾਨ, ਨਾ ਦੀਸੇ ਕੋਈ ਟਿਕਾਨਾ। ਸ਼ਾਹ ਸੁਲਤਾਨ ਬੇਈਮਾਨ, ਧਰਮੀ ਧਰਮ ਨਾ ਕੋਈ ਟਿਕਾਨਾ। ਨਾ ਕੋਈ ਦੀਨ ਨਾ ਈਮਾਨ, ਨਾ ਕੋਈ ਪੜ੍ਹੇ ਸਚ ਕਲਾਮਾ। ਘਰ ਘਰ ਵੜਿਆ ਇਕ ਸ਼ੈਤਾਨ, ਭੁੱਲਿਆ ਹਰਿ ਜੂ ਤੇਰਾ ਨਾਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੇਣਾ ਸਾਚਾ ਵਰ, ਅੰਤਰ ਅੰਤਰ ਧੁਰ ਫ਼ਰਮਾਨਾ। ਧੁਰ ਫਰਮਾਨਾ ਦੱਸੇ ਨਿਰੰਕਾਰ, ਹਉਂ ਅਗੇ ਝੋਲੀ ਡਾਹੀਆ। ਛੋਟਾ ਤੇਰਾ ਸੁਤ ਦੁਲਾਰ, ਕਲਜੁਗ ਕੂਕ ਕੂਕ ਸੁਣਾਈਆ। ਮੇਰਾ ਆਇਆ ਪਾਸਾ ਹਾਰ, ਜਿਤ ਨਜ਼ਰ ਕਿਸੇ ਨਾ ਆਈਆ। ਮੈਂ ਦਰ ਦਰ ਮੰਦਰ ਮਸਜਿਦ ਗੁਰਦਵਾਰ ਸ਼ਿਵਦਵਾਲੇ ਮਠ ਫਿਰਿਆ ਵਾਰੋ ਵਾਰ, ਤੇਰਾ ਰੂਪ ਨਜ਼ਰ ਕਿਤੇ ਨਾ ਆਈਆ। ਤੂੰ ਲੁਕਿਆ ਰਹੇਂ ਨਾ ਵਿਚ ਸੰਸਾਰ, ਚਾਰ ਦਿਵਾਰ ਤੇਰਾ ਖੇੜਾ ਤੋਹੇ ਸੋਭਾ ਪਾਈਆ। ਨਿਰਗੁਣ ਜੋਤ ਸਦਾ ਨਿਰਾਕਾਰ, ਬੇਅੰਤ ਤੇਰੀ ਵਡਿਆਈਆ। ਖ਼ਾਲਕ ਖ਼ਲਕ ਕਰੇ ਪਸਾਰ, ਮਖ਼ਲੂਕ ਤੇਰੀ ਸ਼ਹਿਨਸ਼ਾਹੀਆ। ਬੇਐਬ ਪਰਵਰਦਿਗਾਰ, ਮੁਕਾਮੇ ਹੱਕ ਇਕ ਸਲਾਹੀਆ। ਕਰੇ ਖੇਲ ਅਗੰਮ ਅਪਾਰ, ਅਗੰਮੜੀ ਕਾਰ ਕਮਾਈਆ। ਸਚਖੰਡ ਵਸੇ ਧਾਮ ਨਿਆਰ, ਥਿਰ ਘਰ ਆਪਣੀ ਰਚਨ ਰਚਾਈਆ। ਸੋ ਪੁਰਖ ਨਿਰੰਜਣ ਮੀਤ ਮੁਰਾਰ, ਹਰਿ ਪੁਰਖ ਨਿਰੰਜਣ ਸਿਰ ਮੇਰੇ ਹੱਥ ਰਖਾਈਆ। ਏਕੰਕਾਰਾ ਤੇਰਾ ਸੋਹਣਾ ਦਰਬਾਰ, ਆਦਿ ਨਿਰੰਜਣ ਜੋਤ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤਾ ਦਏ ਸਹਾਰ, ਚਰਨ ਸਰਨ ਸੱਚੀ ਸਰਨਾਈਆ। ਸ੍ਰੀ ਭਗਵਾਨ ਤੇਰਾ ਸਤਿ ਹੁਲਾਰਾ ਦੋ ਜਹਾਨਾਂ ਪਾਵੇ ਸਾਰਾ, ਬ੍ਰਹਿਮੰਡਾਂ ਖੰਡਾਂ ਵੇਖੇ ਅਖਾੜਾ, ਲੋਕਮਾਤ ਵੇਖ ਵਖਾਈਆ। ਪਾਰਬ੍ਰਹਮ ਤੇਰਾ ਬ੍ਰਹਮ ਪਸਾਰਾ, ਤ੍ਰੈਗੁਣ ਮਾਇਆ ਨਾਲ ਭੰਡਾਰਾ, ਪੰਚਮ ਤਤ ਹੋਇਆ ਹਲਕਾਰਾ, ਏਕਾ ਲੇਖਾ ਹਰਿ ਨਿਰੰਕਾਰਾ, ਸ਼ਬਦ ਨਾਦ ਨਾ ਕੋਈ ਧੁਨਕਾਰਾ, ਰਸਨਾ ਜਿਹਵਾ ਗਾ ਗਾ ਥੱਕੇ ਜੀਵ ਗਵਾਰਾ, ਅੰਦਰ ਮੰਦਰ ਸਾਚੇ ਪੌੜੇ ਚੜ੍ਹ ਦਰਸ ਕੋਈ ਨਾ ਪਾਈਆ। ਚਾਰੋਂ ਤਰਫ਼ ਨਾਰ ਵਿਭਚਾਰਾ, ਮਿਲੇ ਹਰਿ ਕੰਤ ਭਤਾਰ, ਸੋਹੇ ਮੰਦਰ ਨਾ ਸਚ ਮੁਨਾਰਾ, ਮਹੱਲ ਅਟਲ ਨਾ ਕੋਈ ਰੁਸ਼ਨਾਈਆ। ਵਰਨਾਂ ਬਰਨਾਂ ਲੱਗਾ ਅਖਾੜਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਰਨ ਧਾੜਾ, ਠਗ ਚੋਰ ਯਾਰ ਚਾਰੋਂ ਕੁੰਟ ਦੇਣ ਦੁਹਾਈਆ। ਮੈਂ ਇਕ ਅਕੱਲਾ ਕੀ ਕਰਾਂ ਵਿਚਾਰਾ, ਤੇਰੇ ਹੁਕਮ ਵਰਤੇ ਸਭ ਵਰਤਾਰਾ, ਹੁਕਮੀ ਹੁਕਮ ਖੇਲ ਖਿਲਾਈਆ। ਧਰਨੀ ਰੋਵੇ ਜ਼ਾਰੋ ਜ਼ਾਰਾ, ਦਰ ਦਰ ਕਰੇ ਇਕ ਪੁਕਾਰਾ, ਨੇਤਰ ਨੈਣ ਨੈਣ ਨੀਰ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅਭੁਲ ਭੁਲ ਕਦੇ ਨਾ ਜਾਈਆ। ਦੀਨ ਦਿਆਲ ਸ਼ਾਹ ਪਾਤਸ਼ਾਹ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸ਼ਬਦ ਅਗੰਮੀ ਇਕ ਸਲਾਹ, ਅਨਾਦੀ ਨਾਦ ਵਜਾਇੰਦਾ। ਪਾਰਬ੍ਰਹਮ ਪ੍ਰਭ ਬੇਪਰਵਾਹ, ਭੇਵ ਕੋਈ ਨਾ ਪਾਇੰਦਾ। ਜੁਗ ਜੁਗ ਚਲਾਏ ਆਪਣਾ ਰਾਹ, ਲੋਕਮਾਤ ਖੇਲ ਕਰਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਪਾਰ ਕਰਾ, ਕਲਜੁਗ ਤੇਰਾ ਰੰਗ ਰੰਗਾਇੰਦਾ। ਤੇਰਾ ਰੂਪ ਲਿਆ ਵਟਾ, ਨੌਂ ਖੰਡ ਪ੍ਰਿਥਮੀ ਆਪ ਧਰਾਇੰਦਾ। ਲੱਖ ਚੁਰਾਸੀ ਵਿਚ ਸਮਾ, ਘਰ ਘਰ ਨਾਚ ਨਚਾਇੰਦਾ। ਮਨ ਮਤ ਤੇਰੀ ਝੋਲੀ ਪਾ, ਗੁਰਮਤ ਮੁਖ ਭਵਾਇੰਦਾ। ਅੰਤਮ ਲੇਖਾ ਦਏ ਮੁਕਾ, ਲਹਿਣਾ ਆਪਣੇ ਹੱਥ ਰਖਾਇੰਦਾ। ਚਾਰੇ ਵਰਨਾਂ ਦਏ ਮੁਕਾ, ਚਾਰੇ ਬਾਣੀ ਆਪਣੇ ਵਿਚ ਸਮਾਇੰਦਾ। ਚਾਰੇ ਖਾਣੀ ਦਏ ਸਮਝਾ, ਏਕਾ ਹੁਕਮ ਵਰਤਾਇੰਦਾ। ਚੌਥੇ ਜੁਗ ਡੇਰਾ ਦੇਵੇ ਢਾ, ਕੱਲਰ ਕੰਧ ਆਪ ਰੁੜ੍ਹਾਇੰਦਾ। ਤੇਰੇ ਨੈਣਾਂ ਦਏ ਵਖਾ, ਤੇਰੀ ਕੀਤੀ ਤੇਰੇ ਅੱਗੇ ਟਿਕਾਇੰਦਾ। ਗੁਰ ਅਵਤਾਰ ਲਏ ਬੁਲਾ, ਦਰ ਸਾਚੇ ਸਦ ਬਹਾਇੰਦਾ। ਈਸਾ ਮੂਸਾ ਸੰਗ ਮੁਹੰਮਦ ਲਏ ਰਲਾ, ਏਕਾ ਹੁਕਮ ਵਰਤਾਇੰਦਾ। ਭਗਤ ਭਗਵੰਤ ਦਏ ਜਣਾ, ਆਪਣੀ ਬੂਝ ਬੁਝਾਇੰਦਾ । ਸਾਚੇ ਸੰਤਾਂ ਦਏ ਉਠਾ, ਸਚ ਸੰਦੇਸ਼ ਸੁਣਾਇੰਦਾ। ਗੁਰਮੁਖ ਨਾਲ ਲਏ ਰਲਾ, ਆਪਣਾ ਮੇਲਾ ਆਪ ਕਰਾਇੰਦਾ। ਗੁਰਸਿਖ ਗੋਦ ਲਏ ਬਹਾ, ਕਾਇਆ ਕਵਰੀ ਫੋਲ ਫੁਲਾਇੰਦਾ। ਧੁਰ ਫ਼ਰਮਾਨਾ ਦਏ ਜਣਾ, ਧੁਰ ਦੀ ਬਾਣੀ ਬਾਣ ਲਗਾਇੰਦਾ। ਸ਼ਾਹੋ ਭੂਪ ਰਾਜ ਰਾਜਾਨਾ ਸ਼ਾਹ ਬਣ ਸੱਚਾ ਸ਼ਹਿਨਸ਼ਾਹ, ਆਪਣੀ ਖੇਲ ਆਪ ਕਰਾਇੰਦਾ । ਏਕਾ ਦਰ ਦਏ ਸਮਝਾ, ਦਰ ਸਾਚਾ ਇਕ ਰਖਾਇੰਦਾ। ਜੋ ਜਨ ਦਰ ਦਰਵੇਸ਼ ਨਰ ਨਰੇਸ਼ ਚਰਨੀ ਡਿਗੇ ਆ, ਨਿਰਵੈਰ ਆਪਣੀ ਗੋਦ ਬਹਾਇੰਦਾ। ਕਾਲਖ ਟਿੱਕਾ ਦਏ ਧਵਾ, ਦੁਰਮਤ ਦਾਗ਼ ਮਿਟਾਇੰਦਾ। ਆਪਣੇ ਮਾਰਗ ਆਪੇ ਪਾ, ਏਕਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਕਲਜੁਗ ਹਰੀ ਹਰਿ ਆਪ ਆਪ ਸਮਝਾਇੰਦਾ। ਕਲਜੁਗ ਔਣਾ ਸਾਚੇ ਦਰ, ਹਰਿ ਸਾਚਾ ਸਚ ਜਣਾਈਆ। ਪੁਰਖ ਅਬਿਨਾਸ਼ੀ ਕਿਰਪਾ ਦੇਵੇ ਕਰ, ਦਰ ਦਵਾਰਾ ਵੇਖ ਵਖਾਈਆ। ਆਪਣਾ ਘਾੜਨ ਲਿਆ ਘੜ, ਘੜਨਹਾਰ ਬੇਪਰਵਾਹੀਆ। ਤੇਰੀ ਕਰਨੀ ਰਹੀ ਲੜ, ਤੇਰੀ ਕਿਰਤ ਵੇਖ ਵਖਾਈਆ। ਤੂੰ ਆਪਣੀ ਅਗਨੀ ਜਾਣਾ ਸੜ, ਤੇਰਾ ਹਵਨ ਦਏ ਵਖਾਈਆ। ਤੇਰਾ ਤੁਟੇ ਹੰਕਾਰੀ ਗੜ੍ਹ, ਹਉਮੇ ਰੋਗ ਦਏ ਮਿਟਾਈਆ। ਅੰਤਮ ਅੰਤ ਪਾਰਬ੍ਰਹਮ ਲਏ ਫੜ, ਨਾ ਸਕੇ ਕੋਈ ਛੁਡਾਈਆ। ਜਿਸ ਲਗਾਈ ਤੇਰੀ ਜੜ੍ਹ, ਸੋ ਅੰਤ ਦਏ ਉਖੜਾਈਆ। ਲੱਖ ਚੁਰਾਸੀ ਇਕ ਦੂਜੇ ਦੇ ਨਾਲ ਪਏ ਲੜ, ਘਰ ਘਰ ਪਏ ਦੁਹਾਈਆ। ਜੋ ਜਨਮੇ ਸੋ ਜਾਏ ਮਰ, ਥਿਰ ਕੋਇ ਰਹਿਣ ਨਾ ਪਾਈਆ। ਅਬਿਨਾਸ਼ੀ ਕਰਤਾ ਖੇਲ ਕਰੇ ਖੜ, ਨਗਰ ਖੇੜਾ ਡੇਰਾ ਢਾਹੀਆ। ਨਿਰਭੌ ਹੋ ਚੁਕਾਏ ਡਰ, ਭੈ ਭਿਆਨਕ ਵੇਖ ਵਖਾਈਆ। ਸੰਤ ਸੁਹੇਲੇ ਲਾਏ ਆਪਣੇ ਲੜ, ਗੁਰ ਚੇਲੇ ਲਏ ਤਰਾਈਆ। ਕਿਰਪਾ ਕਰ ਨਰਾਇਣ ਨਰ, ਨਰ ਆਪਣੇ ਲੇਖੇ ਪਾਈਆ। ਆਦਿ ਪੁਰਖ ਦਿਤਾ ਵਰ, ਅੰਤਮ ਪੂਰ ਕਰਾਈਆ। ਭਗਤ ਭਗਵੰਤ ਨੁਹਾਏ ਸਾਚੇ ਸਰ, ਅੰਮ੍ਰਿਤ ਏਕਾ ਵੇਖ ਵਖਾਈਆ। ਦੁਰਮਤ ਮੈਲ ਜਾਵੇ ਹਰ, ਅਗਿਯਾਨ ਅੰਧੇਰ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਸਮਝਾਈਆ। ਏਕਾ ਗੁਣ ਹਰਿ ਗੁਣਵਾਨਾ, ਗੁਣਵੰਤਾ ਆਪ ਜਣਾਇੰਦਾ। ਜੁੁਗ ਜੁਗ ਵੇਸ ਧਰੇ ਸ੍ਰੀ ਭਗਵਾਨਾ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਕਲਜੁਗ ਅੰਤਮ ਹੋ ਮਿਹਰਵਾਨਾ, ਰੂਪ ਅਨੂਪ ਆਪ ਵਟਾਇੰਦਾ। ਨਾਉਂ ਰੱਖ ਨਿਹਕਲੰਕ ਬਲੀ ਬਲਵਾਨਾ, ਬਲ ਆਪਣਾ ਆਪ ਜਣਾਇੰਦਾ। ਚਾਰ ਜੁਗ ਦਾ ਲੇਖਾ ਚੁਕਾਏ ਆਣਾ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪੰਧ ਮੁਕਾਇੰਦਾ। ਛੱਤੀ ਛੱਤੀ ਵੇਖੇ ਮਾਰ ਧਿਆਨਾ, ਤ੍ਰੈ ਤ੍ਰੈ ਵਿਚ ਮਿਲਾਇੰਦਾ। ਲਹਿਣਾ ਦੇਣਾ ਮੁੱਕੇ ਸ਼ਾਸਤਰ ਸਿਮਰਤ ਵੇਦ ਪੁਰਾਨਾ, ਅੰਜੀਲ ਕ਼ੁਰਾਨ ਗੀਤਾ ਗਿਆਨ ਆਪਣੀ ਝੋਲੀ ਪਾਇੰਦਾ। ਅਠਸਠ ਨਾ ਕੋਈ ਅਸ਼ਨਾਨ, ਤੀਰਥ ਤਟ ਹੋਏ ਵੈਰਾਨ, ਨੀਰ ਸੀਰ ਸੀਰ ਨੀਰ ਰੂਪ ਨਾ ਕੋਈ ਧਰਾਇੰਦਾ। ਖਾਣੀ ਬਾਣੀ ਤੁਟਾ ਮਾਣ, ਘਰ ਘਰ ਵੜਿਆ ਪੰਜ ਸ਼ੈਤਾਨ, ਗੁਰ ਕਾ ਸ਼ਬਦ ਨਾ ਕੋਈ ਗਿਆਨ, ਏਕਾ ਭੁੱਲਿਆ ਸ੍ਰੀ ਭਗਵਾਨ, ਅੰਤਮ ਦੇਵੇ ਸਰਬ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਆਪਣਾ ਭੇਵ ਆਪ ਜਣਾਈਆ। ਸਾਚਾ ਭੇਵ ਜਾਣੇ ਕੁਲ, ਹਰਿ ਸਾਚਾ ਸਚ ਜਣਾਇੰਦਾ। ਕਰਤਾ ਕ਼ੀਮਤ ਪਾਏ ਮੁੱਲ, ਲਹਿਣਾ ਸਭ ਦਾ ਆਪ ਮੁਕਾਇੰਦਾ। ਚਰਨ ਪ੍ਰੀਤੀ ਜੋ ਜਨ ਜਾਏ ਘੁਲ, ਆਪਣਾ ਲੇਖਾ ਆਪਣੇ ਲੇਖੇ ਵਿਚ ਰਖਾਇੰਦਾ। ਨਾਮ ਕੰਡੇ ਜੋ ਜਨ ਜਾਏ ਤੁਲ, ਤੋਲਾ ਆਪਣੇ ਰੰਗ ਰੰਗਾਇੰਦਾ। ਗੁਰ ਕਾ ਬਚਨ ਜੋ ਗਏ ਭੁੱਲ, ਦੋ ਜਹਾਨਾਂ ਧੱਕਾ ਲਾਇੰਦਾ। ਕਰੇ ਖੇਲ ਹਰਿ ਅਨਮੁਲ, ਅਨਮੁਲੜੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸਮਝਾਇੰਦਾ। ਸਾਚਾ ਹੁਕਮ ਧੁਰ ਫ਼ਰਮਾਨਾ, ਧੁਰ ਦਰਗਾਹੀ ਆਪ ਜਣਾਈਆ। ਕਲਜੁਗ ਵਰਤੇ ਅੰਤਮ ਭਾਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਤਖ਼ਤੋਂ ਲਾਹੇ ਰਾਣਾ ਰਾਜਾ, ਸੀਸ ਤਾਜ ਨਾ ਕੋਈ ਟਿਕਾਈਆ। ਬਰਨਾਂ ਵਰਨਾਂ ਤੁਟੇ ਮਾਣਾ, ਜ਼ਾਤ ਪਾਤ ਨਾ ਕੋਈ ਰਖਾਈਆ। ਕਰੇ ਖੇਲ ਸ੍ਰੀ ਭਗਵਾਨਾ, ਭਗਵਨ ਆਪਣੀ ਦਇਆ ਕਮਾਈਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਗਾਇਣ ਇਕੋ ਗਾਨਾ, ਏਕਾ ਅੱਖਰ ਕਰੇ ਪੜ੍ਹਾਈਆ। ਏਕਾ ਮੰਦਰ ਇਕ ਮਕਾਨਾ, ਏਕਾ ਬੈਠਾ ਆਸਣ ਲਾਈਆ। ਇਸ਼ਟ ਦੇਵ ਗੁਰ ਇਕ ਮਨਾਨਾ, ਦੂਸਰ ਸੀਸ ਨਾ ਕੋਈ ਝੁਕਾਈਆ। ਏਕਾ ਮਰਦ ਇਕ ਮਰਦਾਨਾ, ਸਚ ਮਰਦਾਨਗੀ ਦਏ ਸਮਝਾਈਆ। ਏਕਾ ਰਾਗ ਇਕ ਤਰਾਨਾ, ਏਕਾ ਅਨਹਦ ਤਾਲ ਵਜਾਈਆ। ਏਕਾ ਅੰਮ੍ਰਿਤ ਪੀਣਾ ਖਾਣਾ, ਨਿਝਰ ਝਿਰਨਾ ਦਏ ਝਿਰਾਈਆ। ਏਕਾ ਦੇਵੇ ਸਾਚਾ ਨਾਮਾ, ਨਾਮ ਅਮੋਲਕ ਝੋਲੀ ਪਾਈਆ। ਏਕਾ ਬੰਨ੍ਹੇ ਸਤਿ ਸੰਤੋਖੀ ਗਾਨਾ, ਤੰਦ ਆਪਣੇ ਹੱਥ ਉਠਾਈਆ। ਕਰੇ ਖੇਲ ਹੋ ਮਿਹਰਵਾਨਾ, ਹਰਿਜਨ ਸਾਚੇ ਆਪ ਜਗਾਈਆ। ਸ਼ਬਦ ਅਗੰਮੀ ਦੇ ਪਰਵਾਨਾ, ਸਚ ਸੰਦੇਸ਼ਾ ਦਏ ਸੁਣਾਈਆ। ਆਦਿ ਪੁਰਖ ਹਰਿ ਖੇਲ ਮਹਾਨਾ, ਭੇਵ ਅਭੇਦ ਨਾ ਕੋਈ ਜਣਾਈਆ। ਸਾਚੇ ਭਗਤ ਕਰੇ ਪਰਵਾਨਾ, ਲੋਕਮਾਤ ਮਾਤ ਵਡਿਆਈਆ। ਨਾਤਾ ਤੋੜੇ ਪੰਜ ਸ਼ੈਤਾਨਾਂ, ਪੰਚਮ ਨਾਦਿ ਧੁਨ ਸ਼ਨਵਾਈਆ। ਚਰਨ ਕਵਲ ਕਵਲ ਚਰਨ ਦੇਵੇ ਸਾਚਾ ਮਾਣਾ, ਸਿਰ ਆਪਣਾ ਹੱਥ ਟਿਕਾਈਆ। ਆਪੇ ਹੋਏ ਜਾਣੀ ਜਾਣਾ, ਜਾਨਣਹਾਰ ਇਕ ਅਖਵਾਈਆ। ਕਲਜੁਗ ਤੇਰਾ ਲਹਿਣਾ ਦੇਣਾ ਚੁੱਕੇ ਵਿਚ ਜਹਾਨਾ, ਬਾਕੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲੌਣਾ, ਏਕਾ ਹੁਕਮ ਜਣਾਇਆ। ਬਹੱਤਰ ਭਗਤ ਹਰਿ ਪਰਗਟੌਣਾ, ਆਪਣਾ ਰੰਗ ਵਖਾਇਆ। ਏਕਾ ਨਾਦ ਮਰਦੰਗ ਵਜੌਣਾ, ਘਟ ਘਟ ਨਾਦ ਅਲਾਇਆ। ਏਕਾ ਜੋਤੀ ਦੀਪ ਜਗੌਣਾ, ਦਿਵਸ ਰੈਣ ਡਗਮਗਾਇਆ। ਏਕਾ ਅੰਮ੍ਰਿਤ ਜਾਮ ਪਿਔਣਾ, ਤ੍ਰਿਸ਼ਨਾ ਭੁੱਖ ਗਵਾਇਆ। ਏਕਾ ਮੰਦਰ ਘਰ ਘਰ ਵਿਚ ਆਪ ਵਖੌਣਾ, ਛੱਪਰ ਛੰਨ ਨਾ ਕੋਈ ਛੁਹਾਇਆ । ਏਕਾ ਸੇਜਾ ਆਪ ਬਹੌਣਾ, ਸਚ ਸਿੰਘਾਸਣ ਸੋਭਾ ਪਾਇਆ। ਕੰਤ ਕੰਤੂਹਲ ਇਕ ਮਨੌਣਾ, ਵਿਛੜ ਕਦੇ ਨਾ ਜਾਇਆ। ਸਮਰਥ ਹੱਥ ਸਿਰ ਆਪ ਟਿਕੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਸਦਾ ਸਹਾਇਆ। ਬਹੱਤਰ ਭਗਤ ਕਰੇ ਪਰਗਟ, ਪਰਗਟ ਹੋਇਆ ਆਪ ਨਿਰੰਕਾਰਾ। ਚੌਦਾਂ ਲੋਕ ਵੇਖੇ ਹੱਟ, ਚੌਦਾਂ ਤਬਕਾਂ ਖੋਲ ਕਿਵਾੜਾ। ਆਪ ਵਰੋਲੇ ਤੀਰਥ ਤਟ, ਅਠਸਠ ਖੇਲੇ ਖੇਲ ਨਿਆਰਾ। ਮੰਦਰ ਮਸਜਿਦ ਸ਼ਿਵਦਵਾਲਾ ਵੇਖੇ ਮਠ, ਵੇਖਣਹਾਰ ਗੁਰ ਅਵਤਾਰਾ। ਵਸਣਹਾਰਾ ਘਟ ਘਟ, ਲੱਖ ਚੁਰਾਸੀ ਖੋਲ੍ਹੇ ਬੰਦ ਕਿਵਾੜਾ। ਗੁਰਮੁਖ ਸੱਜਣ ਵਿਚੋਂ ਲਏ ਰਖ, ਜਿਸ ਲਹਿਣਾ ਦੇਵੇ ਨਾਮ ਅਧਾਰਾ। ਆਦਿ ਜੁਗਾਦਿ ਜੁਗਾ ਜੁਗੰਤਰ ਹਰਿ ਭਗਤਾਂ ਰੱਖਦਾ ਆਇਆ ਪਤ, ਹਰਿ ਬਣ ਬਣ ਸੇਵਾਦਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰਾ। ਅਗੰਮ ਅਪਾਰ ਖੇਲ ਅਵੱਲਾ, ਅਲਾਹੀ ਨੂਰ ਆਪ ਕਰਾਈਆ। ਆਪਣਾ ਆਪ ਕਰ ਬਿਸਮਿਲਾ, ਬਿਸਮਿਲ ਧਾਰ ਦਏ ਚਲਾਈਆ। ਆਪੇ ਪਹਿਨੇ ਬਸਤਰ ਨੀਲਾ, ਨੀਲ ਬਸਤਰ ਤਨ ਛੁਹਾਈਆ। ਆਪੇ ਵੇਖੇ ਲੱਖ ਚੁਰਾਸੀ ਜਗਤ ਕ਼ਬੀਲਾ, ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਈਆ। ਆਪੇ ਵੇਸ ਵਟਾਏ ਲਾਲ ਸੂਹਾ ਪੀਲਾ, ਨੀਲੀ ਧਾਰ ਆਪ ਸਮਾਈਆ। ਆਪੇ ਕਾਲਾ ਸੂਸਾ ਤਨ ਛੁਹਾਏ ਛੈਲ ਛਬੀਲਾ, ਜੋਬਨ ਆਪਣਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਹਰਿ ਹਰਿ ਸਵਾਮੀ, ਆਦਿ ਜੁਗਾਦਿ ਸਦਾ ਨਿਹਕਾਮੀ, ਜੁਗ ਜੁਗ ਆਪਣਾ ਰੂਪ ਧਰਾਈਆ। ਜੁਗ ਜੁਗ ਰੂਪ ਅਵੱਲੜਾ, ਨਿਰਗੁਣ ਸਰਗੁਣ ਖੇਲ ਖਿਲਾਏ। ਕਰੇ ਖੇਲ ਇਕ ਅਕੱਲੜਾ, ਅਗੰਮ ਅਗੋਚਰ ਬੇਪਰਵਾਹੇ। ਸਚ ਸਿੰਘਾਸਣ ਏਕਾ ਮਲੜਾ, ਸਚਖੰਡ ਬੈਠਾ ਆਸਣ ਲਾਏ। ਜਨ ਭਗਤਾਂ ਫੜਾਏ ਨਾਮ ਪੱਲੜਾ, ਸਾਚਾ ਪੱਲੂ ਇਕ ਵਖਾਏ। ਜੋਤੀ ਧਾਰ ਸ਼ਬਦੀ ਰਲੜਾ, ਸ਼ਬਦ ਅਨਾਦੀ ਨਾਦ ਸੁਣਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾਏ। ਹਰਿਜਨ ਮੇਲਾ ਧਾਰ ਏਕਾ ਦਰ, ਦਰ ਦਰਵਾਜ਼ਾ ਆਪ ਸੁਹਾਈਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਭਗਤ ਭਗਵੰਤ ਲਏ ਮਿਲਾਈਆ। ਇਕ ਨੁਹਾਏ ਸਾਚੇ ਸਰ, ਕਾਗ ਹੰਸ ਬਣਾਈਆ। ਸੋਹੰ ਹੰਸਾ ਚੋਗ ਅੱਗੇ ਧਰ, ਮਾਣਕ ਮੋਤੀ ਦਏ ਵਖਾਈਆ। ਦਰਸ ਦਿਖਾਏ ਅਗੇ ਖੜ, ਸਵਛ ਸਰੂਪੀ ਰੂਪ ਵਟਾਈਆ। ਆਪਣਾ ਅੱਖਰ ਆਪ ਪੜ੍ਹ, ਜਨ ਭਗਤਾਂ ਦਏ ਸਮਝਾਈਆ। ਚੌਦਾਂ ਵਿਦਿਆ ਜਾਇਣ ਹਰ, ਹਰਿ ਕਾ ਭੇਵ ਕੋਈ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਕੰਬਨ ਥਰ ਥਰ, ਦਰ ਬੈਠੇ ਸੀਸ ਝੁਕਾਈਆ। ਪਾਰਬ੍ਰਹਮ ਪਤਿ ਪਰਮੇਸ਼ਵਰ ਆਪਣਾ ਘਾੜਨ ਆਪੇ ਘੜ, ਨਿਰਗੁਣ ਨਿਰਗੁਣ ਨਿਰਗੁਣ ਜੋਤ ਜਗਾਈਆ। ਸਰਗੁਣ ਅੰਦਰ ਬੈਠਾ ਵੜ, ਦਿਸ ਕਿਸੇ ਨਾ ਆਈਆ। ਆਪਣੀ ਕਰਨੀ ਰਿਹਾ ਕਰ, ਪਿਛਲੀ ਕੀਤੀ ਆਪ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਦੇਵੇ ਇਕੋ ਵਰ, ਏਕਾ ਏਕ ਸਮਝਾਈਆ। ਏਕਾ ਏਕ ਇਕੋ ਧਾਰ, ਤ੍ਰੈਗੁਣ ਬਾਹਰ ਰਖਾਇੰਦਾ। ਤ੍ਰੈਗੁਣ ਅਤੀਤਾ ਕਰ ਪਸਾਰ, ਜੁਗ ਜੁਗ ਵੇਖ ਵਖਾਇੰਦਾ। ਠਾਂਡਾ ਸੀਤਾ ਏਕੰਕਾਰ, ਏਕਾ ਰਾਹ ਚਲਾਇੰਦਾ। ਸਾਚਾ ਮਾਰਗ ਅਪਰ ਅਪਾਰ, ਬ੍ਰਹਮਾ ਵਿਸ਼ਨ ਸ਼ਿਵ ਜਣਾਇੰਦਾ। ਲੱਖ ਚੁਰਾਸੀ ਕਰ ਤਿਆਰ, ਘੜ ਘੜ ਭਾਂਡੇ ਸੋਭਾ ਪਾਇੰਦਾ। ਮਨ ਮਤ ਬੁਧ ਦਏ ਅਧਾਰ, ਆਪਣੇ ਰੰਗ ਰੰਗਾਇੰਦਾ। ਸ਼ਬਦ ਅਨਾਦਿ ਸੱਚੀ ਧੁਨਕਾਰ, ਅਨਹਦ ਨਾਦੀ ਨਾਦ ਵਜਾਇੰਦਾ। ਸਰ ਸਰੋਵਰ ਠੰਡਾ ਠਾਰ, ਕਵਲ ਅੰਮ੍ਰਿਤ ਆਪ ਭਰਾਇੰਦਾ। ਜੋਤੀ ਜਾਤਾ ਹੋ ਉਜਿਆਰ, ਜੋਤ ਨਿਰੰਜਣ ਡਗਮਗਾਇੰਦਾ। ਆਤਮ ਬ੍ਰਹਮ ਕਰ ਪਸਾਰ, ਈਸ਼ ਜੀਵ ਖੇਲ ਖਿਲਾਇੰਦਾ। ਸਾਚੀ ਸੇਜਾ ਕਰ ਤਿਆਰ, ਸੋਭਾਵੰਤ ਸੋਭਾ ਪਾਇੰਦਾ । ਕੋਟਨ ਕੋਟ ਰਵ ਸਸ ਹੋਏ ਉਜਿਆਰ, ਸੂਰਜ ਚੰਨ ਮੁਖ ਸ਼ਰਮਾਇੰਦਾ। ਕਰੇ ਖੇਲ ਅਪਰ ਅਪਾਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਭਗਵਨ ਭਗਤੀ ਭਗਵਾਨ ਦੇਵੇ ਦਾਨ, ਦਾਤਾ ਦਾਨੀ ਆਪ ਹੋ ਆਇੰਦਾ। ਕਰੇ ਖੇਲ ਬਣ ਬਣ ਕਾਹਨ, ਲੱਖ ਚੁਰਾਸੀ ਨਾਚ ਨਚਾਇੰਦਾ। ਸਾਚੀ ਸਖ਼ੀਆਂ ਕਰ ਪਿਆਰ, ਨਿਰਗੁਣ ਆਪਣੀ ਗੋਦ ਬਹਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣਾ ਰੂਪ ਵਟਾਇੰਦਾ। ਕਲਜੁਗ ਤੇਰਾ ਲਹਿਣਾ ਚੁਕਾਏ ਵਿਚ ਜਹਾਨ, ਦੇਣਾ ਆਪਣੇ ਹੱਥ ਰਖਾਇੰਦਾ। ਏਕਾ ਹੁਕਮ ਕਰੇ ਹੁਕਮਰਾਨ, ਹਾਕਮ ਆਪਣਾ ਹੁਕਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੁਗ ਲੇਖਾ ਜੁਗ ਲਹਿਣਾ ਜਗਤ ਆਪਣਾ ਆਪ ਮੁਕਾਇੰਦਾ। ਸੁਣ ਸੁਣ ਹੋਏ ਨਿਹਾਲ, ਜਿਸ ਅੰਦਰ ਨਾਮ ਵਡਿਆਈਆ। ਜਿਸ ਮਿਲਿਆ ਹੋਏ ਦਿਆਲ, ਤਿਸ ਕਲ ਨੇੜ ਨਾ ਆਈਆ। ਜੋ ਵਸੇ ਕਾਇਆ ਸੱਚੀ ਧਰਮਸਾਲ, ਤਿਨ੍ਹ ਸੁਣੇ ਸੱਚੀ ਸ਼ਨਵਾਈਆ। ਸਤਿਗੁਰ ਪੂਰਾ ਕਰੇ ਸਦਾ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾਈਆ। ਹੋ ਮਿਹਰਵਾਨ ਫਿਰੇ ਨਾਲ ਨਾਲ, ਵਿਛੜ ਕਦੇ ਨਾ ਜਾਈਆ। ਜਗਤ ਜ਼ੰਜੀਰ ਤੁਟੇ ਜੰਜਾਲ, ਜਗਤ ਜੁਗਤ ਸਤਿਗੁਰ ਆਪਣੇ ਹੱਥ ਰਖਾਈਆ। ਗੁਰਸਿਖ ਵਿੰਗਾ ਨਾ ਹੋਏ ਵਾਲ, ਰਾਏ ਧਰਮ ਨਾ ਦਏ ਸਜ਼ਾਈਆ। ਲੱਗੀ ਪ੍ਰੀਤੀ ਨਿਭੇ ਨਾਲ, ਜੋ ਜਨ ਬੈਠੇ ਧਿਆਨ ਲਗਾਈਆ। ਕਾਇਆ ਮਾਟੀ ਝੂਠੀ ਹਾਟੀ ਪੰਜ ਤੱਤ ਕਿਸੇ ਕੰਮ ਨਾ ਔਣੀ ਖਾਲ, ਚਮੜੀ ਕ਼ੀਮਤ ਕੋਇ ਨਾ ਪਾਈਆ। ਗੁਰਸਿਖ ਤੇਰੇ ਅੰਦਰ ਇਕੋ ਲਾਲ, ਹਰਿ ਆਪਣਾ ਨਾਉਂ ਦਿਤਾ ਟਿਕਾਈਆ। ਮਿਲ ਸਤਿਗੁਰ ਲੈਣਾ ਭਾਲ, ਦੂਜੇ ਹੱਥ ਨਾ ਕਿਸੇ ਵਖਾਈਆ। ਬਣ ਜਾਣਾ ਸ਼ਾਹ ਨਾ ਰਹਿਣਾ ਕੰਗਾਲ, ਦਰ ਦਵਾਰਿਉਂ ਦੇਣਾ ਵਖਾਈਆ। ਦਿਵਸ ਰੈਣ ਰੱਖੇ ਖ਼ੁਸ਼ਹਾਲ, ਸਾਚਾ ਵਣਜ ਜਿਸ ਕਰਾਈਆ। ਆਪੇ ਪੁਛੇ ਮੁਰੀਦਾਂ ਹਾਲ, ਮੁਰਸ਼ਦ ਆਵੇ ਚਾਈਂ ਚਾਈਆ। ਸੋ ਗੁਰਮੁਖ ਹੋਇਆ ਨਿਹਾਲ, ਜਿਸ ਸਤਿਗੁਰ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਜੀਵਾਂ ਏਕਾ ਗੁਣ ਜਣਾਈਆ।