Granth 10 Likhat 225: 1 Kattak 2018 Bikarmi Jethuwal Darbar wich Dayea Hoyi

੧ ਕੱਤਕ ੨੦੧੮ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ ਦਇਆ ਹੋਈ

ਆਦਿ ਪੁਰਖ ਹਰਿ ਸ਼ਾਹ ਸੁਲਤਾਨਾ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਭੂਪਤ ਭੂਪ ਵਡ ਰਾਜ ਰਾਜਾਨਾ, ਨੂਰ ਨੁਰਾਨਾ ਨੂਰ ਧਰਾਈਆ। ਸੋ ਪੁਰਖ ਨਿਰੰਜਣ ਹੋ ਪਰਧਾਨਾ, ਆਪਣਾ ਖੇਲ ਆਪ ਕਰਾਈਆ। ਹਰਿ ਪੁਰਖ ਨਿਰੰਜਣ ਮਰਦ ਮਰਦਾਨਾ, ਇਕ ਇਕੱਲਾ ਭੇਵ ਨਾ ਰਾਈਆ। ਏਕੰਕਾਰਾ ਜੋਧਾ ਸੂਰਬੀਰ ਬਲੀ ਬਲਵਾਨਾ, ਬਲ ਆਪਣਾ ਆਪ ਵਖਾਈਆ। ਅਬਿਨਾਸ਼ੀ ਕਰਤਾ ਕਰੇ ਖੇਲ ਦੋ ਜਹਾਨਾ, ਨਿਰਗੁਣ ਨਿਰਵੈਰ ਨਾਉਂ ਧਰਾਈਆ। ਸ੍ਰੀ ਭਗਵਾਨ ਝੁਲਾਏ ਸਚ ਨਿਸ਼ਾਨਾ, ਸਤਿ ਸਤਿਵਾਦੀ ਆਪ ਰਖਾਈਆ। ਪਾਰਬ੍ਰਹਮ ਪ੍ਰਭ ਬਣ ਨਿਮਾਣਾ, ਦਰ ਬੈਠੇ ਸੀਸ ਝੁਕਾਈਆ। ਦਰ ਦਰਵੇਸ਼ ਕਰੇ ਖੇਲ ਮਹਾਨਾ, ਅਗੰਮ ਅਗੰਮੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪੇ ਜਾਣੇ ਆਪਣੀ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਹਰਿ ਭਗਵਾਨਾ, ਆਦਿ ਜੁਗਾਦਿ ਆਪ ਅਖਵਾਇੰਦਾ। ਕਰੇ ਖੇਲ ਵਡ ਬਲਵਾਨਾ, ਭੇਵ ਕੋਇ ਨਾ ਪਾਇੰਦਾ। ਭੂਪਤ ਭੂਪ ਰਾਜ ਰਾਜਾਨਾ, ਆਪਣਾ ਬਲ ਧਰਾਇੰਦਾ। ਹੁਕਮੀ ਹੁਕਮ ਹੁਕਮ ਮਹਾਨਾ, ਪੁਰਖ ਅਕਾਲ ਆਪ ਜਣਾਇੰਦਾ। ਜੋਤੀ ਨੂਰ ਨੂਰ ਡਗਮਗਾਨਾ, ਜੋਤੀ ਜੋਤ ਖੇਲ ਖਿਲਾਇੰਦਾ। ਆਪਣੀ ਇਛਿਆ ਆਪੇ ਕਰ ਪਰਵਾਨਾ, ਆਪਣੀ ਬਣਤ ਆਪ ਬਣਾਇੰਦਾ। ਸਚਖੰਡ ਸੁਹਾਏ ਸਚ ਮਕਾਨਾ, ਛੱਪਰ ਛੰਨ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਾਚੇ ਮੰਦਰ ਸੋਭਾ ਪਾਇੰਦਾ। ਸਾਚਾ ਮੰਦਰ ਸਚ ਮਹੱਲਾ, ਸੋ ਪੁਰਖ ਨਿਰੰਜਣ ਆਪ ਪਰਗਟਾਈਆ। ਹਰਿ ਪੁਰਖ ਨਿਰੰਜਣ ਇਕ ਇਕੱਲਾ, ਏਕੰਕਾਰਾ ਸੋਭਾ ਪਾਈਆ। ਆਦਿ ਨਿਰੰਜਣ ਆਪਣੇ ਦੀਪਕ ਆਪੇ ਬਲਾ, ਨੂਰ ਨੁਰਾਨਾ ਡਗਮਗਾਈਆ। ਅਬਿਨਾਸ਼ੀ ਕਰਤਾ ਪਕੜੇ ਪੱਲਾ, ਸਾਚਾ ਸੰਗ ਆਪ ਅਖਵਾਈਆ। ਸ੍ਰੀ ਭਗਵਾਨ ਵਸਣਹਾਰਾ ਨਿਹਚਲ ਧਾਮ ਅਟੱਲਾ, ਦਰ ਘਰ ਸਾਚਾ ਆਪ ਸੁਹਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਜੋਤ ਆਪੇ ਰਲਾ, ਜੋਤੀ ਜਾਤਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੇ ਹੱਥ ਰੱਖੇ ਵਡਿਆਈਆ। ਰੱਖੇ ਵਡਿਆਈ ਆਪਣੇ ਹੱਥ, ਬੇਐਬ ਪਰਵਰਦਿਗਾਰਾ। ਕਰੇ ਖੇਲ ਪੁਰਖ ਸਮਰਥ, ਵਸਣਹਾਰਾ ਧਾਮ ਨਿਆਰਾ। ਸਚ ਦਵਾਰੇ ਹੋ ਪਰਗਟ, ਸੇਵਕ ਸੇਵਾ ਕਰੇ ਅਗੰਮ ਅਪਾਰਾ, ਆਪਣਾ ਮਾਰਗ ਆਪੇ ਦੱਸ, ਆਪੇ ਦੇਵਣਹਾਰ ਸਹਾਰਾ। ਆਪਣੇ ਅੰਦਰ ਆਪੇ ਵਸ, ਆਪੇ ਖੋਲ੍ਹੇ ਬੰਦ ਕਿਵਾੜਾ। ਆਪਣਾ ਨੂਰ ਕਰ ਪਰਕਾਸ਼, ਆਪੇ ਹੋਏ ਜੋਤ ਉਜਿਆਰਾ। ਏਕਾ ਮੰਡਲ ਪਾਵੇ ਰਾਸ, ਕਰੇ ਖੇਲ ਸੱਚੀ ਸਰਕਾਰਾ। ਆਪਣੇ ਦਰ ਹੋਏ ਦਾਸੀ ਦਾਸ, ਸੇਵਕ ਸੇਵਾ ਕਰੇ ਬਣ ਭਿਖਾਰਾ। ਆਪਣੀ ਪੂਰੀ ਕਰੇ ਆਸ, ਆਪੇ ਬਣੇ ਸਚ ਵਰਤਾਰਾ। ਆਦਿ ਜੁਗਾਦਿ ਆਪੇ ਰੱਖੇ ਆਪਣੇ ਸਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਕਰੇ ਖੇਲ ਆਪ ਨਿਆਰਾ। ਖੇਲ ਨਿਆਰਾ ਹਰਿ ਕਰਤਾਰ, ਆਦਿ ਪੁਰਖ ਆਪ ਕਰਾਈਆ। ਨਿਰਵੈਰ ਨਿਰਾਕਾਰ ਅਜੂਨੀ ਰਹਿਤ ਹੋ ਤਿਆਰ, ਭੇਵ ਅਭੇਦਾ ਆਪ ਖੁਲ੍ਹਾਈਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਭੂਪਤ ਭੂਪ ਦਏ ਵਡਿਆਈਆ। ਸੀਸ ਜਗਦੀਸ ਸੁਹਾਏ ਆਪ ਸੱਚੀ ਦਸਤਾਰ, ਰੂਪ ਰੰਗ ਨਾ ਕੋਇ ਵਖਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਧੁਰ ਫ਼ਰਮਾਨਾ ਆਪ ਜਣਾਈਆ। ਆਪਣੇ ਗ੍ਰਹਿ ਆਪੇ ਹੋਏ ਖ਼ਬਰਦਾਰ, ਏਕਾ ਹੁਕਮ ਆਪ ਜਣਾਈਆ। ਆਪੇ ਨਿਉਂ ਨਿਉਂ ਕਰੇ ਨਿਮਸਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੇ ਰੰਗ ਆਪ ਸਮਾਈਆ। ਆਪਣੇ ਰੰਗ ਆਪੇ ਰਾਤਾ, ਇਕ ਇਕੱਲਾ ਬੇਪਰਵਾਹੀਆ। ਖੇਲੇ ਖੇਲ ਪੁਰਖ ਬਿਧਾਤਾ, ਬੇਅੰਤ ਵਡੀ ਵਡਿਆਈਆ। ਆਪੇ ਪਿਤਾ ਆਪੇ ਮਾਤਾ, ਬਾਲ ਸਖ਼ਾਈ ਆਪਣਾ ਨਾਉਂ ਧਰਾਈਆ। ਆਪੇ ਖੇਲੇ ਖੇਲ ਤਮਾਸ਼ਾ, ਆਪੇ ਆਪਣਾ ਦਰ ਸੁਹਾਈਆ। ਆਪੇ ਰੱਖੇ ਆਪਣੀ ਉਤਮ ਜਾਤਾ, ਨੂਰੋ ਨੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅਲਖ ਅਗੋਚਰ ਅਗੰਮ ਅਪਾਰ, ਕਰੇ ਖੇਲ ਪਰਵਰਦਿਗਾਰ, ਬੇਪਰਵਾਹ ਆਪ ਆਪਣੀ ਧਾਰ ਚਲਾਇੰਦਾ। ਸਾਚੀ ਧਾਰ ਬੇਪਰਵਾਹ, ਆਦਿ ਪੁਰਖ ਆਪ ਚਲਾਈਆ। ਇਕ ਇਕੱਲਾ ਦੇਵੇ ਸਚ ਸਲਾਹ, ਸਲਾਹਗੀਰ ਭੇਵ ਨਾ ਰਾਈਆ। ਆਪ ਸੁਹਾਏ ਆਪਣਾ ਥਾਂ, ਥਾਨ ਥਨੰਤਰ ਦਏ ਵਡਿਆਈਆ। ਆਪ ਪਰਗਟਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਵਖਾਈਆ। ਆਪਣਾ ਰੂਪ ਆਪੇ ਧਰ, ਸਚਖੰਡ ਦਵਾਰ ਸੁਹਾਇੰਦਾ। ਨਿਰਾਕਾਰ ਨਰਾਇਣ ਨਰ, ਆਪਣੀ ਕਲ ਆਪ ਵਰਤਾਇੰਦਾ। ਆਪਣੇ ਮੰਦਰ ਆਪੇ ਵੜ, ਦਰ ਸਾਚਾ ਆਪ ਸੁਹਾਇੰਦਾ। ਸਚ ਸਿੰਘਾਸਣ ਆਪੇ ਚੜ੍ਹ, ਸਤਿ ਸਤਿਵਾਦੀ ਸੋਭਾ ਪਾਇੰਦਾ। ਆਪਣਾ ਪੱਲੂ ਆਪੇ ਫੜ, ਆਪਣਾ ਮੇਲ ਮਿਲਾਇੰਦਾ। ਆਪੇ ਪੁਰਖ ਆਪੇ ਨਰ, ਨਾਰ ਕੰਤ ਆਪ ਹੋ ਜਾਇੰਦਾ। ਆਪੇ ਵਸੇ ਸਚਖੰਡ ਸਾਚੇ ਘਰ, ਦੀਵਾ ਬਾਤੀ ਨਾ ਕੋਈ ਰਖਾਇੰਦਾ। ਆਪਣਾ ਘਾੜਨ ਆਪੇ ਘੜ, ਨਿਰਗੁਣ ਨਿਰਵੈਰ ਵੇਖ ਵਖਾਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਕਿਰਤ ਕਮਾਇੰਦਾ। ਏਕਾ ਦੇਵੇ ਆਪੇ ਡਰ, ਨਿਰਭੌ ਆਪਣਾ ਨਾਉਂ ਜਣਾਇੰਦਾ। ਆਪ ਨੁਹਾਏ ਆਪਣੇ ਸਰ, ਸਰ ਸਰੋਵਰ ਆਪ ਸੁਹਾਇੰਦਾ। ਨਾ ਜਨਮੇ ਨਾ ਜਾਏ ਮਰ, ਪੁਰਖ ਅਕਾਲ ਖੇਲ ਕਰਾਇੰਦਾ। ਸਾਚੇ ਤਖ਼ਤ ਆਪੇ ਚੜ੍ਹ, ਆਪਣਾ ਗੀਤ ਆਪੇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਗਲ ਆਪਣਾ ਆਪ ਸੁਣਾਇੰਦਾ। ਸਾਚੇ ਤਖ਼ਤ ਆਪੇ ਚੜ੍ਹ ਚੜ੍ਹ, ਤਖ਼ਤ ਨਿਵਾਸੀ ਸੋਭਾ ਪਾਈਆ। ਸਚਖੰਡ ਦਵਾਰੇ ਆਪੇ ਵੜ ਵੜ, ਆਪਣੇ ਬੰਕ ਦਏ ਵਡਿਆਈਆ। ਆਪਣੀ ਜੋਤ ਆਪੇ ਧਰ ਧਰ, ਜੋਤੀ ਨੂਰ ਕਰੇ ਰੁਸ਼ਨਾਈਆ। ਆਪਣਾ ਪੱਲੂ ਆਪੇ ਫੜ ਫੜ, ਆਪੇ ਖ਼ੁਸ਼ੀ ਮਨਾਈਆ। ਆਪਣੀ ਨਾਰੀ ਆਪੇ ਵਰ ਵਰ, ਆਪਣੀ ਸੇਜ ਸੁਹਾਈਆ। ਜਨਨੀ ਜਨ ਆਪੇ ਬਣ ਬਣ, ਧੰਨ ਧੰਨ ਜਣੇਂਦੀ ਮਾਈਆ। ਨਿਰਗੁਣ ਅੰਦਰ ਨਿਰਗੁਣ ਵੜ ਵੜ, ਨਿਰਗੁਣ ਆਪਣਾ ਰੂਪ ਵਖਾਈਆ। ਪੂਤ ਸਪੂਤਾ ਘਾੜਨ ਘੜ ਘੜ, ਸ਼ਬਦੀ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦਰਸ ਆਪੇ ਦੇਵੇ ਘਰ ਘਰ, ਸਵੱਛ ਸਰੂਪੀ ਸੱਚਾ ਸ਼ਹਿਨਸ਼ਾਹੀਆ। ਸਵੱਛ ਸਰੂਪ ਏਕੰਕਾਰਾ, ਏਕਾ ਘਰ ਸੁਹਾਇੰਦਾ। ਅਲਖ ਅਗੋਚਰ ਅਗੰਮ ਅਪਾਰਾ, ਬੇਪਰਵਾਹ ਆਪ ਹੋ ਜਾਇੰਦਾ। ਆਪੇ ਜਾਣੇ ਆਪਣੀ ਕਾਰਾ, ਕਰਤਾ ਆਪਣੀ ਖੇਲ ਖਿਲਾਇੰਦਾ। ਵਸਣਹਾਰਾ ਧਾਮ ਨਿਆਰਾ, ਦਰ ਘਰ ਸਾਚੇ ਸੋਭਾ ਪਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਤਖ਼ਤ ਨਿਵਾਸੀ ਤਖ਼ਤ ਸੁਹਾਇੰਦਾ। ਹੁਕਮੀ ਹੁਕਮ ਹੁਕਮ ਵਰਤਾਰਾ, ਧੁਰ ਫਰਮਾਨਾ ਆਪ ਜਣਾਇੰਦਾ। ਸ਼ਬਦੀ ਸ਼ਬਦ ਸੁਤ ਦੁਲਾਰਾ, ਬਾਲ ਨਿਧਾਨਾ ਆਪ ਉਪਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਚਲਾਇੰਦਾ। ਸੁਤ ਦੁਲਾਰਾ ਜਣਿਆ ਸੁਤ, ਪਾਰਬ੍ਰਹਮ ਵਡਿਆਈਆ। ਕਰੇ ਖੇਲ ਅਬਿਨਾਸ਼ੀ ਅਚੁੱਤ, ਕਹਿਣਾ ਅਕਥ ਕਥਿਆ ਨਾ ਜਾਈਆ। ਆਪ ਸੁਹਾਏ ਆਪਣੀ ਰੁੱਤ, ਥਿਤ ਵਾਰ ਨਾ ਕੋਈ ਰਖਾਈਆ। ਆਪ ਸੁਹਾਏ ਆਪਣਾ ਕੋਟ, ਚਾਰ ਦੀਵਾਰ ਨਾ ਕੋਈ ਬਣਾਈਆ। ਆਪ ਪਰਗਟਾਏ ਆਪਣੀ ਜੋਤ, ਜੋਤੀ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਸ਼ਬਦ ਉਪਜਾਈਆ । ਸ਼ਬਦ ਸੁਤ ਦੁਲਾਰਾ, ਸੋ ਪੁਰਖ ਨਿਰੰਜਣ ਆਪ ਉਪਜਾਇੰਦਾ। ਹਰਿ ਪੁਰਖ ਨਿਰੰਜਣ ਕਰੇ ਪਿਆਰਾ, ਏਕੰਕਾਰਾ ਗੋਦ ਸੁਹਾਇੰਦਾ। ਆਦਿ ਨਿਰੰਜਣ ਕਰ ਉਜਿਆਰਾ, ਜੋਤੀ ਨੂਰ ਨੂਰ ਵਖਾਇੰਦਾ। ਅਬਿਨਾਸ਼ੀ ਕਰਤਾ ਦਏ ਸਹਾਰਾ, ਸ੍ਰੀ ਭਗਵਾਨ ਸੰਗ ਨਿਭਾਇੰਦਾ। ਪਾਰਬ੍ਰਹਮ ਪ੍ਰਭ ਬਣ ਵਣਜਾਰਾ, ਸਾਚਾ ਵਣਜ ਕਰਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੋਲ ਕਿਵਾੜਾ, ਏਕਾ ਹੁਕਮ ਸੁਣਾਇੰਦਾ। ਤੇਰਾ ਰੂਪ ਅਗੰਮ ਅਪਾਰਾ, ਦਿਸ ਕਿਸੇ ਨਾ ਆਇੰਦਾ। ਤੇਰਾ ਧਾਮ ਬਣਾਏ ਹਰਿ ਕਰਤਾਰਾ, ਥਿਰ ਘਰ ਸਾਚਾ ਆਪ ਵਡਿਆਇੰਦਾ। ਥਿਰ ਘਰ ਰੱਖੇ ਤੇਰੀ ਧਾਰਾ, ਰੂਪ ਰੰਗ ਨਾ ਕੋਈ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਇੰਦਾ। ਥਿਰ ਘਰ ਵਸਿਆ ਸ਼ਬਦੀ ਧਾਰ, ਨੂਰ ਨੁਰਾਨਾ ਨੂਰ ਨਜ਼ਰੀ ਨਾ ਆਈਆ। ਆਪਣੀ ਕਿਰਪਾ ਆਪੇ ਧਾਰ, ਆਪੇ ਵੇਖੇ ਸੱਚਾ ਸ਼ਹਿਨਸ਼ਾਹੀਆ। ਆਪੇ ਵਣਜ ਆਪ ਵਣਜਾਰ, ਆਪੇ ਵਸਤ ਹੱਟ ਵਿਕਾਈਆ। ਆਪੇ ਦਰ ਦਰਵੇਸ਼ ਬਣੇ ਭਿਖਾਰ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਆਪੇ ਹੋਏ ਦੇਵਣਹਾਰ, ਅਨਮੁਲ ਬੇਪਰਵਾਹੀਆ। ਥਿਰ ਘਰ ਸਾਚੇ ਪਾਵੇ ਸਾਰ, ਹਰਿ ਸ਼ਬਦੀ ਮੇਲ ਮਿਲਾਈਆ। ਸ਼ਬਦੀ ਗੁਣ ਦਏ ਵਿਚਾਰ, ਏਕਾ ਗੁਣ ਸਮਝਾਈਆ। ਹਰਿ ਕਾ ਨੂਰ ਤੇਰਾ ਪਿਆਰ, ਪਿਆਰ ਪਿਆਰ ਵਿਚ ਸਮਾਈਆ। ਹਰਿ ਹਰਿ ਦੇਵੇ ਇਕ ਸਹਾਰ, ਸੀਸ ਜਗਦੀਸ ਹੱਥ ਟਿਕਾਈਆ। ਤੇਰੇ ਅੰਦਰ ਰੱਖੇ ਕ਼ੁਦਰਤ ਧਾਰ, ਕ਼ਾਦਰ ਕਰਤਾ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਸੁਤ ਦਏ ਵਡਿਆਈਆ। ਸ਼ਬਦੀ ਸੁਤ ਕਰ ਧਿਆਨ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਥਿਰ ਘਰ ਬਣਾਇਆ ਤੇਰਾ ਮਕਾਨ, ਦਿਸ ਕਿਸੇ ਨਾ ਆਇੰਦਾ। ਸਤਿ ਸਤਿਵਾਦੀ ਸ੍ਰੀ ਭਗਵਾਨ, ਸਾਚੀ ਧਾਰ ਚਲਾਇੰਦਾ। ਏਕਾ ਜੋਤ ਖੇਲ ਮਹਾਨ, ਖੇਲਣਹਾਰਾ ਭੇਵ ਨਾ ਆਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਤੇਰੀ ਬਣਤ ਬਣਾਇੰਦਾ। ਤੂੰ ਬਾਲੇ ਉਠ ਕਰ ਧਿਆਨ, ਧਿਆਨ ਧਿਆਨ ਵਿਚ ਜਣਾਇੰਦਾ। ਤੇਰਾ ਖੇਲ ਕਰਾਂ ਮਹਾਨ, ਆਪਣੀ ਵਸਤ ਤੇਰੇ ਵਿਚ ਟਿਕਾਇੰਦਾ। ਤੇਰੀ ਇਛਿਆ ਬ੍ਰਹਿਮੰਡ ਖੰਡ ਲੋਆਂ ਪੁਰੀਆਂ ਖੇਲ ਮਹਾਨ, ਘਾੜਨ ਘੜਤ ਤੇਰੇ ਹੱਥ ਰਖਾਇੰਦਾ। ਇਕ ਵਖਾਵਾਂ ਸਚ ਨਿਸ਼ਾਨ, ਆਦਿ ਜੁਗਾਦਿ ਨਾ ਕੋਈ ਮਿਟਾਇੰਦਾ। ਏਥੇ ਉਥੇ ਦੇਵਾਂ ਮਾਣ, ਦਰ ਦਰ ਤੇਰਾ ਰਾਹ ਤਕਾਇੰਦਾ। ਏਕਾ ਹੁਕਮ ਕਰ ਮਿਹਰਵਾਨ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਕਰੇ ਖੇਲ ਇਕ ਮਹਾਨ, ਸ੍ਰੀ ਭਗਵਾਨ ਆਪ ਜਣਾਇੰਦਾ। ਪਹਿਲਾਂ ਦੇਵਾਂ ਵਿਸ਼ਨੂੰ ਦਾਨ, ਤੇਰੀ ਗੋਦ ਸੁਹਾਇੰਦਾ। ਦੂਜਾ ਬ੍ਰਹਮ ਕਰ ਪਰਧਾਨ, ਬ੍ਰਹਮਾ ਵੰਡ ਵੰਡਾਇੰਦਾ। ਤੀਜਾ ਸ਼ੰਕਰ ਮੇਲ ਮਹਾਨ, ਹਰਿ ਸਾਚਾ ਸਚ ਜਣਾਇੰਦਾ। ਤਿੰਨਾਂ ਵਿਚੋਲਾ ਸ੍ਰੀ ਭਗਵਾਨ, ਸ਼ਬਦੀ ਬੰਧਨ ਪਾਇੰਦਾ। ਥਿਰ ਘਰ ਵਸੇ ਹੋ ਮਿਹਰਵਾਨ, ਰੂਪ ਰੰਗ ਨਾ ਕੋਈ ਵਖਾਇੰਦਾ। ਸਚਖੰਡ ਸਾਚੇ ਤਖ਼ਤ ਬਹੇ ਰਾਜ ਰਾਜਾਨ, ਸੀਸ ਜਗਦੀਸ ਤਾਜ ਸੁਹਾਇੰਦਾ। ਸਤ ਰੰਗ ਨਿਸ਼ਾਨਾ ਦੋ ਜਹਾਨ, ਦੋ ਜਹਾਨਾਂ ਵਾਲੀ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਪੁਰਖ ਆਪਣੀ ਰਚਨਾ ਆਪ ਰਚਾਇੰਦਾ। ਆਪਣੀ ਰਚਨਾ ਦੇਵਾਂ ਦੱਸ, ਸੋ ਪੁਰਖ ਨਿਰੰਜਣ ਭੇਵ ਖੁਲ੍ਹਾਇੰਦਾ। ਸੁਤ ਦੁਲਾਰੇ ਅੰਦਰ ਤੇਰੇ ਜਾਵਾਂ ਵਸ, ਰੂਪ ਰੰਗ ਨਾ ਕੋਈ ਵਖਾਇੰਦਾ। ਮੇਰਾ ਪਰਕਾਸ਼ ਮੇਰਾ ਰਸ, ਦੂਸਰ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਆਪਣਾ ਪਰਦਾ ਆਪੇ ਚੁੱਕ, ਨੂਰ ਨੂਰ ਦਰਸ ਕਰਾਈਆ। ਸਚਖੰਡ ਦਵਾਰੇ ਜੋ ਬੈਠਾ ਲੁਕ, ਥਿਰ ਘਰ ਰਿਹਾ ਮੁਖ ਵਖਾਈਆ। ਸ਼ਬਦ ਸਾਚੇ ਸੁਤ ਤੇਰਾ ਬੂਟਾ ਨਾ ਜਾਏ ਸੁੱਕ, ਪੁਰਖ ਅਕਾਲ ਹਰਿਆ ਆਪ ਕਰਾਈਆ। ਬਿਨ ਮੇਰੇ ਤੇਰੀ ਜੜ੍ਹ ਸਕੇ ਨਾ ਕੋਈ ਪੁੱਟ, ਆਦਿ ਜੁਗਾਦਿ ਨਾ ਕੋਈ ਉਖੜਾਈਆ। ਜੁਗਾ ਜੁਗੰਤਰ ਰਖਾਵਾਂ ਤੇਰੀ ਓਟ, ਤੁਧ ਬਿਨ ਜੀਵਨ ਕੋਈ ਨਾ ਪਾਈਆ। ਤੇਰਾ ਬੰਸ ਬਣਾਵਾਂ ਓਤ ਪੋਤ, ਵਿਸ਼ਨ ਬ੍ਰਹਮਾ ਸ਼ਿਵ ਤੇਰੀ ਗੋਦ ਬਹਾਈਆ। ਤੇਰਾ ਨਾ ਕੋਈ ਵਰਨ ਨਾ ਕੋਈ ਗੋਤ, ਨਾ ਕੋਈ ਪਿਤਾ ਨਾ ਕੋਈ ਮਾਈਆ। ਤੇਰਾ ਪਿਤਾ ਨਿਰਮਲ ਜੋਤ, ਪੁਰਖ ਅਕਾਲ ਆਪ ਅਖਵਾਈਆ। ਤੇਰਾ ਦਵਾਰਾ ਕਿਲਾ ਕੋਟ, ਥਿਰ ਘਰ ਸਾਚੇ ਵੱਜੇ ਵਧਾਈਆ। ਤੇਰਾ ਨੂਰ ਤੇਰੇ ਉਤੇ ਹੋਏ ਮੋਹਤ, ਨਾਰੀ ਕੰਤ ਸੇਜ ਹੰਢਾਈਆ। ਤੇਰਾ ਪਿਆਰ ਤੇਰਾ ਸੂਤ, ਦੂਸਰ ਪਲੰਘ ਨਾ ਕੋਈ ਵਖਾਈਆ। ਤੇਰੀ ਆਸ ਤੇਰਾ ਹੋਂਟ, ਤੇਰੀ ਪਿਆਸ ਰਸਨਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਥਿਰ ਘਰ ਸਾਚੇ ਆਪ ਬਹਾਈਆ। ਥਿਰ ਘਰ ਬਹਾਏ ਹਰਿ ਕਰਤਾਰਾ, ਆਪਣੀ ਮਹਿਮਾ ਆਪ ਜਣਾਇੰਦਾ। ਮੇਰਾ ਨੂਰ ਅਗੰਮ ਅਪਾਰਾ, ਤੇਰੇ ਦਰ ਸੁਹਾਇੰਦਾ। ਤੇਰਾ ਦਰ ਉਚ ਮੁਨਾਰਾ, ਪੁਰਖ ਅਬਿਨਾਸ਼ੀ ਆਪ ਬਣਾਇੰਦਾ। ਸੇਵਕ ਬਣੇ ਪਰਵਰਦਿਗਾਰਾ, ਸਾਚੀ ਸੇਵਾ ਆਪਣੇ ਹੱਥ ਰਖਾਇੰਦਾ। ਵਸਤ ਅਮੋਲਕ ਭਰੇ ਭੰਡਾਰਾ, ਆਪੇ ਤੇਰੀ ਝੋਲੀ ਪਾਇੰਦਾ। ਤੇਰਾ ਰੰਗ ਰੰਗੇ ਨਿਰੰਕਾਰਾ, ਰੰਗਣਹਾਰਾ ਖੇਲ ਖਿਲਾਇੰਦਾ। ਅਲਖ ਅਗੋਚਰ ਵੇਖੇ ਤੇਰਾ ਪਸਾਰਾ, ਤੇਰੀ ਧਾਰ ਚਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਸਹਾਰਾ, ਤੇਰੀ ਓਟ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਗੁਣ ਏਕਾ ਵਾਰ ਸਮਝਾਇੰਦਾ। ਗੁਣ ਸਮਝਾਏ ਵਾਰ ਏਕ, ਇਕ ਇਕੱਲਾ ਦਇਆ ਕਮਾਈਆ। ਸ਼ਬਦ ਸੁਤ ਹਰਿ ਲੈਣਾ ਵੇਖ, ਪ੍ਰਭ ਤੇਰਾ ਤੇਰਾ ਹੋਏ ਸਹਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਟੇਕ, ਏਕਾ ਇਸ਼ਟ ਜਣਾਈਆ। ਆਪ ਬਣਾਏ ਆਪਣਾ ਲੇਖ, ਲੇਖਾ ਆਪਣੇ ਹੱਥ ਰਖਾਈਆ। ਕਰੇ ਖੇਲ ਅਲਖ ਅਭੇਵ, ਆਪੇ ਜਾਣੇ ਆਪਣਾ ਭੇਖ, ਭੇਵ ਅਵੱਲਾ ਭੇਤ ਨਾ ਰਾਈਆ। ਵਸਣਹਾਰਾ ਸਚਖੰਡ ਸਾਚੇ ਦੇਸ, ਥਿਰ ਘਰ ਆਪੇ ਬੰਕ ਸੁਹਾਈਆ । ਸ਼ਾਹ ਸੁਲਤਾਨਾ ਨਰ ਨਰੇਸ਼, ਸ਼ਹਿਨਸ਼ਾਹ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਦਏ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਚਾੜ੍ਹੇ ਰੰਗ, ਰੰਗ ਰੰਗੀਲਾ ਇਕ ਚੜ੍ਹਾਇੰਦਾ। ਆਪ ਸੁਹਾਏ ਸਾਚੀ ਸੇਜ ਪਲੰਘ, ਸਚ ਸਿੰਘਾਸਣ ਸੋਭਾ ਪਾਇੰਦਾ। ਇਕ ਜੋਤ ਜਗਾਏ ਅਖੰਡ, ਖੰਡ ਖੰਡ ਨਾ ਕੋਇ ਕਰਾਇੰਦਾ। ਤਿੰਨਾਂ ਪਾਵੇ ਵੰਡਣ ਵੰਡ, ਏਕਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਵਡ ਦਾਤਾ ਹਰਿ ਮਿਹਰਵਾਨਾ, ਅਨਭਵ ਪਰਕਾਸ਼ ਕਰਾਈਆ। ਦਾਨੀ ਦੇਵੇ ਏਕਾ ਦਾਨਾ, ਦਇਆਵਾਨ ਸੱਚਾ ਸ਼ਹਿਨਸ਼ਾਹੀਆ। ਵਿਸ਼ਨ ਵਿਸ਼ਵ ਕਰ ਪਰਵਾਨਾ, ਸਚ ਭੰਡਾਰਾ ਝੋਲੀ ਪਾਈਆ। ਬ੍ਰਹਮੇ ਤੇਰਾ ਬ੍ਰਹਮ ਪਰਧਾਨਾ, ਪਾਰਬ੍ਰਹਮ ਖੇਲ ਖਿਲਾਈਆ। ਸ਼ੰਕਰ ਤੇਰਾ ਅੰਤ ਨਿਸ਼ਾਨਾ, ਸੋ ਪੁਰਖ ਨਿਰੰਜਣ ਦਏ ਜਣਾਈਆ। ਜੋ ਘੜਿਆ ਸੋ ਭੰਨ ਵਖਾਣਾ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਹੁਕਮ ਆਪ ਵਰਤਾਈਆ। ਸਾਚਾ ਸ਼ਬਦ ਧੁਰ ਫ਼ਰਮਾਨਾ, ਵਿਸ਼ਨ ਬ੍ਰਹਮਾ ਸ਼ਿਵ ਲਏ ਅੰਗੜਾਈਆ। ਤੂੰ ਸ਼ਾਹ ਪਾਤਸ਼ਾਹ ਸੱਚਾ ਸੁਲਤਾਨਾ, ਤੇਰੀ ਮਹਿਮਾ ਕਥੀ ਨਾ ਜਾਈਆ। ਹਉਂ ਬਾਲਕ ਬਾਲੀ ਬਾਲ ਨਾਦਾਨਾ, ਤੁਧ ਚਲਾਂ ਸਦ ਰਜ਼ਾਈਆ। ਏਕਾ ਦੇ ਦੇ ਵਸਤ ਮਹਾਨਾ, ਤੇਰੇ ਅਗੇ ਝੋਲੀ ਡਾਹੀਆ। ਕਵਣ ਬਿਧ ਖੇਲ ਕਰਾਂ ਵਿਚ ਜਹਾਨਾ, ਵਿਸ਼ਨੂੰ ਮੰਗ ਮੰਗਾਈਆ। ਕਵਣ ਧਾਰ ਬੰਨ੍ਹਾ ਗਾਨਾ, ਬ੍ਰਹਮ ਆਪਣਾ ਬੂਟਾ ਲਾਈਆ। ਕਵਣ ਖੰਡਾ ਤੇਜ ਚਮਕਾਨਾ, ਬ੍ਰਹਿਮੰਡਾਂ ਖੰਡਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਸੂਰਬੀਰ, ਆਦਿ ਆਦੀ ਦਇਆ ਕਮਾਇੰਦਾ। ਸਤਿ ਸੰਤੋਖੀ ਦੇਵੇ ਧੀਰ, ਸਾਚਾ ਮਾਰਗ ਇਕ ਜਣਾਇੰਦਾ। ਮੇਰੀ ਮਾਇਆ ਸਾਚਾ ਸੀਰ, ਸਾਚਾ ਰੂਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਵਿਸ਼ਨ ਬ੍ਰਹਮਾ ਸ਼ਿਵ ਝੋਲੀ ਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਇਛਿਆ, ਆਪਣੀ ਆਪ ਪਰਗਟਾਈਆ। ਪੁਰਖ ਅਬਿਨਾਸ਼ੀ ਪਾਵੇ ਭਿਛਿਆ, ਸਾਚੀ ਵਸਤ ਆਪਣੇ ਤੋਲ ਤੁਲਾਈਆ। ਆਪਣੀ ਹੱਥੀਂ ਲੇਖਾ ਲਿਖਿਆ, ਨਾ ਕੋਈ ਮੇਟੇ ਮੇਟ ਮਿਟਾਈਆ। ਤ੍ਰੈਗੁਣ ਮਾਇਆ ਤੇਰੀ ਕਰੇ ਪ੍ਰੀਖਿਆ, ਤੇਰਾ ਬੰਧਨ ਪਾਈਆ। ਤਿੰਨਾਂ ਪਾਈ ਏਕਾ ਭਿਖਿਆ, ਰਜੋ ਤਮੋ ਸਤੋ ਰੁੱਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰਾਹ ਦਏ ਵਖਾਈਆ। ਵਸਤ ਅਮੋਲਕ ਝੋਲੀ ਪਾ, ਏਕਾ ਰਾਹ ਵਖਾਇੰਦਾ। ਲੱਖ ਚੁਰਾਸੀ ਘਾੜਨ ਲਿਆ ਘੜਾ, ਘਾੜਤ ਘੜਤ ਆਪ ਜਣਾਇੰਦਾ। ਰੂਪ ਅਨੂਪ ਲੈਣਾ ਵਟਾ, ਆਪਣੀ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਹੁਕਮ ਆਪ ਵਰਤਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੁਣਿਆ ਸੰਦੇਸ਼ਾ, ਹਰਿ ਜੂ ਹਰਿ ਸੁਣਾਇਆ। ਉਠ ਉਠ ਨੇਤਰ ਹਰਿ ਜੂ ਪੇਖਾ, ਏਕਾ ਵਾਰ ਦਰਸਨ ਪਾਇਆ। ਪਾਰਬ੍ਰਹਮ ਤੋਹੇ ਸਦਾ ਅਦੇਸਾ, ਹਉਂ ਅਭੁਲ ਰਹੇ ਸ਼ਰਮਾਇਆ। ਸਾਨੂੰ ਦੱਸ ਦੇ ਸਾਡਾ ਪੇਸ਼ਾ, ਕਵਣ ਸੇਵਾ ਕਮਾਇਆ। ਕਵਣ ਵਸੇ ਤੇਰੇ ਦੇਸਾ, ਤੇਰੇ ਧਾਮ ਮਿਲੇ ਵਡਿਆਇਆ। ਕਵਣ ਹੋਵੇ ਨਰ ਨਰੇਸ਼ਾ, ਸਾਚਾ ਹੁਕਮ ਸੁਣਾਇਆ। ਕਵਣ ਕੂਟੇ ਤੇਰਾ ਭੇਤਾ, ਪਰਦਾ ਦਏ ਚੁਕਾਇਆ। ਕਵਣ ਹੋਏ ਘਰ ਘਰ ਲੇਟਾ, ਲੱਖ ਚੁਰਾਸੀ ਦਏ ਵਡਿਆਇਆ। ਕਵਣ ਹੋਏ ਖੇਵਟ ਖੇਟਾ, ਬੇੜਾ ਲਏ ਤਰਾਇਆ। ਕਵਣ ਹੋਏ ਬੇਟੀ ਬੇਟਾ, ਕਵਣ ਮਾਤ ਪਿਤ ਅਖਵਾਇਆ। ਕਵਣ ਕਰੇ ਸਾਚਾ ਹੇਤਾ, ਨਿਤ ਨਵਿਤ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਬੈਠੇ ਸੀਸ ਝੁਕਾਇਆ। ਦਇਆਵਾਨ ਹਰਿ ਦੀਨ ਦਿਆਲਾ, ਆਪਣੀ ਦਇਆ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਹੋਏ ਸਦਾ ਰਖਵਾਲਾ, ਸ਼ਬਦੀ ਸ਼ਬਦ ਦਏ ਵਡਿਆਈਆ। ਮਾਰਗ ਦੱਸੇ ਇਕ ਸੁਖਾਲਾ, ਲੱਖ ਚੁਰਾਸੀ ਮੇਲ ਮਿਲਾਈਆ। ਤ੍ਰੈਗੁਣ ਮਾਇਆ ਬਣ ਦਲਾਲਾ, ਸਾਚੀ ਵੰਡ ਦਏ ਸਮਝਾਈਆ। ਆਪਣਾ ਰੂਪ ਪਰਗਟਾਏ ਪੰਜ ਤਤ ਸ਼ਬਦੀ ਖੇਲ ਕਰੇ ਕਮਾਲਾ, ਤੇਰੀ ਗੋਦ ਸੁਹਾਈਆ। ਨਿਰਗੁਣ ਚਲੇ ਅਵੱਲੜੀ ਚਾਲਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬੰਧਨ ਪਾਈਆ। ਤੇਰਾ ਹੱਲ ਕਰੇ ਸਵਾਲਾ, ਸਵਾਲੀ ਖ਼ਾਲੀ ਮੁੜ ਨਾ ਕੋਈ ਜਾਈਆ। ਤਖ਼ਤ ਸੋਹੇ ਸ੍ਰੀ ਭਗਵਾਨਾ, ਭਗਵਨ ਆਪਣਾ ਬਲ ਵਖਾਈਆ। ਦੀਨਨ ਦੇਵੇ ਏਕਾ ਦਾਨਾ, ਵਸਤ ਏਕਾ ਵਾਰ ਵਰਤਾਈਆ। ਲੱਖ ਚੁਰਾਸੀ ਬੰਨ੍ਹਣਾ ਗਾਨਾ, ਆਪਣੀ ਵੰਡ ਵੰਡਾਈਆ। ਮਤ ਬੁਧ ਕਰੇ ਪਰਧਾਨਾ, ਘਟ ਘਟ ਆਪ ਸਮਾਈਆ। ਨਿਰਗੁਣ ਜੋਤ ਨੂਰ ਨਿਸ਼ਾਨਾ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਸ਼ਬਦ ਅਨਾਦ ਸੱਚੀ ਧੁਨਕਾਨਾ, ਅਨਹਦ ਨਾਦ ਵਜਾਈਆ। ਪੰਚਮ ਪੰਚ ਕਰੇ ਪਰਵਾਨਾ, ਮੇਲ ਮਿਲਾਵਾ ਸਹਿਜ ਸਭਾਈਆ। ਆਸਾ ਤ੍ਰਿਸ਼ਨਾ ਖੇਲ ਮਹਾਨਾ, ਹਉਮੇ ਹੰਗਤਾ ਦਏ ਵਡਿਆਈਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਹਲਕਾਨਾ, ਇਛਿਆ ਇਛਿਆ ਦਏ ਵਧਾਈਆ। ਮਾਤਲੋਕ ਵੇਖੇ ਖੇਲ ਸ੍ਰੀ ਭਗਵਾਨਾ, ਬ੍ਰਹਮ ਪਾਰਬ੍ਰਹਮ ਵੰਡ ਵੰਡਾਈਆ। ਸ਼ੰਕਰ ਤੇਰਾ ਧਰੇ ਧਿਆਨਾ, ਧੀਰਜ ਧੀਰ ਇਕ ਸਮਝਾਈਆ। ਆਪਣਾ ਖੰਡਾ ਖਿਚ ਮਿਆਨਾ, ਆਪਣੇ ਵਿਚੋਂ ਆਪਾ ਲਏ ਪਰਗਟਾਈਆ। ਵਸਣਹਾਰਾ ਸਚ ਮਕਾਨਾ, ਕਰੇ ਖੇਲ ਬੇਪਰਵਾਹੀਆ। ਆਪਣੇ ਹੱਥ ਰਖਾਏ ਆਵਣ ਜਾਣਾ, ਭੇਵ ਅਭੇਦ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨ ਬ੍ਰਹਮਾ ਸ਼ਿਵ ਸ਼ਬਦ ਸ਼ਬਦੀ ਕਰੇ ਕੁੜਮਾਈਆ। ਬਣ ਵਿਚੋਲਾ, ਪੁਰਖ ਅਕਾਲ ਦਇਆ ਕਮਾਇੰਦਾ। ਸ਼ਬਦੀ ਗਾਏ ਸਾਚਾ ਸੋਹਲਾ, ਵਿਸ਼ਨ ਬ੍ਰਹਮਾ ਸ਼ਿਵ ਆਪ ਪੜ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਆਪੇ ਤੋਲ ਤੋਲਾ, ਸ਼ਬਦੀ ਕੰਡਾ ਹੱਥ ਉਠਾਇੰਦਾ। ਆਪ ਚੁਕਾਏ ਪਰਦਾ ਓਹਲਾ, ਜਲਵਾ ਨੂਰ ਆਪ ਦਰਸਾਇੰਦਾ। ਆਪੇ ਵਸਣਹਾਰਾ ਸਦਾ ਕੋਲਾ, ਸਦ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਸ਼ਅੱਖਰ ਆਪ ਪੜ੍ਹਾਇੰਦਾ। ਨਿਸ਼ਅੱਖਰ ਹਰਿ ਹਰਿ ਬੋਲ ਜੈਕਾਰਾ, ਤਿੰਨਾਂ ਕਰਾਂ ਪੜ੍ਹਾਈਆ। ਮੇਰਾ ਨਾਉਂ ਸਦਾ ਨਿਰੰਕਾਰਾ, ਨਾ ਮਰਾਂ ਨਾ ਜਾਈਆ। ਸਦ ਵਸਾਂ ਧਾਮ ਨਿਆਰਾ, ਸਚਖੰਡ ਸੋਭਾ ਪਾਈਆ। ਏਕਾ ਕਰਾਂ ਹੁਕਮ ਵਰਤਾਰਾ, ਮੇਰਾ ਹੁਕਮ ਨਾ ਕੋਈ ਮੇਟੇ ਮੇਟ ਮਿਟਾਈਆ। ਬਣ ਸ਼ਾਹੋ ਭੂਪ ਵਡ ਸਿਕਦਾਰਾ, ਮੇਰੀ ਸਚ ਸੱਚੀ ਸ਼ਹਿਨਸ਼ਾਹੀਆ। ਰੂਪ ਰੰਗ ਤੋਂ ਵਸਾਂ ਬਾਹਰਾ, ਅਜੂਨੀ ਰਹਿਤ ਵਡੀ ਵਡਿਆਈਆ। ਮੇਰਾ ਨੂਰ ਮੇਰੀ ਧਾਰਾ, ਮੇਰੀ ਧਾਰਾ ਸ਼ਬਦੀ ਸ਼ਬਦ ਲਏ ਪਰਗਟਾਈਆ। ਸ਼ਬਦੀ ਸ਼ਬਦ ਤੇਰਾ ਪਸਾਰਾ, ਵਿਸ਼ਨ ਬ੍ਰਹਮਾ ਸ਼ਿਵ ਹਰਿ ਸਮਝਾਈਆ। ਬਿਨ ਹਰਿ ਸ਼ਬਦ ਨਾ ਕੋਈ ਸਹਾਰਾ, ਗੁਣ ਅਵਰ ਨਾ ਕੋਈ ਵਡਿਆਈਆ। ਆਦਿ ਅੰਤ ਪ੍ਰਭ ਆਪਣੇ ਹੱਥ ਰਖਾਏ ਕਿਨਾਰਾ, ਭੇਤ ਨਾ ਕਿਸੇ ਜਣਾਈਆ। ਸਚਖੰਡ ਥਿਰ ਘਰ ਕਰੇ ਸਚ ਵਿਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਦਿ ਆਦਿ ਆਪਣਾ ਖੇਲ ਆਪ ਪਰਗਟਾਈਆ। ਆਪਣਾ ਖੇਲ ਕਰੇ ਭਗਵਾਨਾ, ਭਗਵਨ ਆਪਣੀ ਦਇਆ ਕਮਾਈਆ। ਸ਼ਬਦੀ ਸ਼ਬਦ ਕਰ ਪਰਵਾਨਾ, ਸਚ ਪਰਵਾਨਾ ਦਏ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਮਾਣਾ, ਤ੍ਰੈਗੁਣ ਮਾਇਆ ਝੋਲੀ ਪਾਈਆ। ਪੰਜ ਤਤ ਹੋਏ ਪਰਧਾਨਾ, ਲੱਖ ਚੁਰਾਸੀ ਵੰਡ ਵੰਡਾਈਆ। ਨਿਰਗੁਣ ਸਰਗੁਣ ਕਰੇ ਖੇਲ ਮਹਾਨਾ, ਰੂਪ ਅਨੂਪ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੀਸ ਆਪਣਾ ਹੱਥ ਟਿਕਾਈਆ। ਸੁਣ ਅਸੀਸ ਚੜ੍ਹਿਆ ਚਾ, ਵਿਸ਼ਨੂੰ ਖ਼ੁਸ਼ੀ ਮਨਾਇੰਦਾ। ਧੰਨ ਭਾਗ ਪ੍ਰਭ ਬਣਿਆ ਮਲਾਹ, ਬੇੜਾ ਆਪ ਚਲਾਇੰਦਾ। ਬ੍ਰਹਮਾ ਨੈਣ ਰਿਹਾ ਉਠਾ, ਨੇਤਰ ਰਾਹ ਤਕਾਇੰਦਾ। ਚਰਨ ਸਰਨ ਸਰਨ ਚਰਨ ਬਲ ਬਖ਼ਸ਼ੇ ਸ਼ਹਿਨਸ਼ਾਹ, ਸਿਰ ਮੇਰੇ ਹੱਥ ਰਖਾਇੰਦਾ। ਮੇਰੀ ਗੰਢ ਆਪਣੇ ਨਾਲ ਬੰਧਾ, ਸਾਚਾ ਪੱਲੂ ਇਕ ਫੜਾਇੰਦਾ। ਮੇਰੀ ਬ੍ਰਹਮ ਵੰਡ ਵੰਡਾ, ਲੱਖ ਚੁਰਾਸੀ ਵਿਚ ਟਿਕਾਇੰਦਾ। ਆਪਣਾ ਰੰਗ ਦਏ ਚੜ੍ਹਾ, ਮਿਹਰਵਾਨ ਦਇਆ ਕਮਾਇੰਦਾ। ਉਪਰ ਪਰਦਾ ਦੇਵੇ ਪਾ, ਬੰਧਨ ਆਪ ਰਖਾਇੰਦਾ। ਆਪਣਾ ਭੇਤ ਲਏ ਛੁਪਾ, ਮੇਰੇ ਭੇਤ ਆਪਣੇ ਹੱਥ ਰਖਾਇੰਦਾ। ਆਪਣਾ ਢੋਲਾ ਦਏ ਸੁਣਾ, ਮੇਰਾ ਢੋਲਾ ਕੰਮ ਨਾ ਕੋਈ ਜਣਾਇੰਦਾ। ਤੋਲਾ ਬਣੇ ਬੇਪਰਵਾਹ, ਆਪਣਾ ਖੰਡਾ ਹੱਥ ਉਠਾਇੰਦਾ। ਲੱਖ ਚੁਰਾਸੀ ਤੋਲੇ ਆਪਣਾ ਨਾਂ, ਵੱਟਾ ਧੜੀ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਆਪ ਵਰਤਾਇੰਦਾ। ਸ਼ੰਕਰ ਦੋਏ ਜੋੜ ਕਰੇ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਤੂੰ ਸਾਹਿਬ ਸੱਚਾ ਦਾਤਾਰ, ਹਉਂ ਸੇਵਕ ਸੇਵ ਕਮਾਈਆ। ਮੈਂ ਸੁਣਿਆ ਤੂੰ ਸਦਾ ਮੀਤ ਮੁਰਾਰ, ਮੀਤ ਮੁਰਾਰਾ ਨਾਉਂ ਰਖਾਈਆ। ਸੇਵਾ ਬਖ਼ਸ਼ੇ ਏਕਾ ਧਾਰ, ਧਾਰ ਧਾਰ ਵਿਚ ਪਰਗਟਾਈਆ। ਖੰਡਾ ਫੜੇ ਏਕਾ ਵਾਰ, ਟੁੱਟ ਕਦੇ ਨਾ ਜਾਈਆ। ਮੈਂ ਮਾਰਾਂ ਵਾਰੋ ਵਾਰ, ਇਕ ਤੇਰੀ ਓਟ ਤਕਾਈਆ। ਤੂੰ ਕਰਤਾ ਸਦਾ ਕਰੇ ਪਿਆਰ, ਪ੍ਰਭ ਭੁਲ ਕਦੀ ਨਾ ਜਾਈਆ। ਆਦਿ ਅੰਤ ਅੰਤ ਆਦਿ ਤੇਰੀ ਕਾਰ, ਤੂੰ ਕਰਤਾ ਕਾਰ ਕਮਾਈਆ। ਹਉਂ ਕੱਟਣ ਆਏ ਵਿਗਾਰ, ਜਿਉਂ ਭਾਵੇਂ ਤਿਉਂ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਦਿ ਆਦਿ ਤੇਰੀ ਵਡਿਆਈਆ। ਆਦਿ ਪੁਰਖ ਤੇਰਾ ਮੰਨਿਆ ਕਹਿਣਾ, ਸ਼ਬਦੀ ਸੁਤ ਜਣਾਇਆ। ਵਿਸ਼ਨੂੰ ਭਾਣੇ ਅੰਦਰ ਰਹਿਣਾ, ਸੋ ਭਾਣਾ ਇਕ ਮਨਾਇਆ। ਬ੍ਰਹਮੇ ਬ੍ਰਹਮ ਪਾਇਆ ਗਹਿਣਾ, ਵੇਖੇ ਥਾਉਂ ਥਾਂਇਆ। ਸ਼ੰਕਰ ਚੁਕਾਏ ਲਹਿਣਾ ਦੇਣਾ, ਦੇਣਾ ਕੋਇ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਹੋਏ ਅੰਤ, ਕਿਰਪਾ ਕਰੇ ਸ੍ਰੀ ਭਗਵੰਤ, ਆਪਣਾ ਮੇਲ ਲਏ ਮਿਲਾਇਆ। ਤੇਰੇ ਮਿਲਣ ਦਾ ਚਾਓ ਘਨੇਰਾ, ਚਾਰੇ ਬੈਠੇ ਸੀਸ ਝੁਕਾਈਆ। ਤੂੰ ਸਾਹਿਬ ਮੇਰਾ ਮੈਂ ਤੇਰਾ, ਵਿਸ਼ਨ ਬ੍ਰਹਮਾ ਸ਼ਿਵ ਸ਼ਬਦੀ ਮੇਲੇ ਮੇਲ ਏਕਾ ਗਾਈਆ। ਤੂੰ ਮੰਦਰ ਮੇਰਾ ਮਕਾਨ ਤੂੰ ਮੇਰਾ ਡੇਰਾ, ਤੇਰੇ ਅੰਦਰ ਆਸਣ ਲਾਈਆ। ਤੂੰ ਹੱਕ ਹੱਕ ਕਰੇਂ ਨਿਬੇੜਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਤੂੰ ਚਲੌਣਾ ਸਾਡਾ ਬੇੜਾ, ਇਕ ਤੇਰੀ ਓਟ ਤਕਾਈਆ। ਤੂੰ ਵਸੌਣਾ ਸਾਚਾ ਖੇੜਾ, ਤੇਰੇ ਦਰ ਵੱਜੇ ਵਧਾਈਆ। ਅੰਤ ਦੱਸਦੇ ਵਕ਼ਤ ਨੇੜਾ, ਤੇਰਾ ਵਿਛੋੜਾ ਝੱਲਿਆ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਹੁਕਮ ਦਏ ਸਮਝਾਈਆ। ਹੁਕਮ ਜਣਾਏ ਸ੍ਰੀ ਭਗਵੰਤ, ਆਦਿ ਪੁਰਖ ਆਪਣਾ ਆਪ ਜਣਾਇਆ। ਸ਼ਬਦੀ ਤੇਰੀ ਬਣੀ ਬਣਤ, ਹਰਿ ਘਾੜਨ ਆਪ ਘੜਾਇਆ। ਵਿਸ਼ਨ ਬ੍ਰਹਮਾ ਸ਼ਿਵ ਦਿਤਾ ਮੰਤ, ਨਿਸ਼ਅੱਖਰ ਆਪ ਪੜ੍ਹਾਇਆ। ਆਪੇ ਬਣ ਬਣ ਹਰਿ ਜੂ ਨਾਰੀ ਕੰਤ, ਆਪਣਾ ਬੰਸ ਆਪ ਸੁਹਾਇਆ। ਆਦਿ ਰਚਨਾ ਲਈ ਰਚ ਵੇਖਣਹਾਰਾ ਅੰਤ, ਅੰਤ ਆਪਣੇ ਹੱਥ ਰਖਾਇਆ। ਆਪਣੀ ਰੁਤ ਸੁਹਾਏ ਬਸੰਤ, ਫੁਲ ਫੁਲਵਾੜੀ ਆਪ ਮਹਿਕਾਇਆ । ਆਪਣੀ ਮਹਿਮਾ ਜਾਣੇ ਅਗਣਤ, ਲੇਖਾ ਲੇਖ ਨਾ ਕਿਸੇ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਏਕਾ ਧਰਵਾਸ ਰਿਹਾ ਧਰਾਇਆ। ਸੱਚਾ ਦੇਵੇ ਧਰਵਾਸ, ਸ੍ਰੀ ਭਗਵਾਨ ਦਏ ਵਡਿਆਈਆ। ਸ਼ਬਦ ਸੁਤ ਵਿਸ਼ਨ ਬ੍ਰਹਮਾ ਸ਼ਿਵ ਤੇਰੀ ਪੂਰੀ ਕਰੇ ਆਸ, ਨਿਰਾਸਾ ਅੰਤ ਨਾ ਕੋਈ ਰਖਾਈਆ। ਲੇਖਾ ਜਾਣੇ ਪ੍ਰਿਥਮੀ ਅਕਾਸ਼, ਖੰਡ ਬ੍ਰਹਿਮੰਡ ਪਾਵੇ ਰਾਸ, ਮੰਡਲ ਮੰਡਪ ਖੇਲ ਰਚਾਈਆ। ਲੱਖ ਚੁਰਾਸੀ ਕਰ ਕਰ ਵਾਸ, ਨਿਰਗੁਣ ਜੋਤ ਕਰੇ ਪਰਕਾਸ਼, ਅਨਹਦ ਸਾਚਾ ਨਾਦ ਵਜਾਈਆ। ਸਾਚੇ ਮੰਡਲ ਪਾਵੇ ਰਾਸ, ਵੇਖੇ ਆਪ ਖੇਲ ਤਮਾਸ਼, ਕਰੇ ਖੇਲ ਬੇਪਰਵਾਹੀਆ। ਸੇਵਕ ਬਣੇ ਦਾਸੀ ਦਾਸ, ਅੰਤਮ ਕਰੇ ਬੰਦ ਖ਼ੁਲਾਸ, ਲਹਿਣਾ ਦੇਣਾ ਦਏ ਚੁਕਾਈਆ। ਸਭ ਨੂੰ ਮੇਲੇ ਆਪਣੇ ਘਾਟ, ਅੰਤਮ ਨੇੇੜੇ ਰੱਖੇ ਵਾਟ, ਪਾਂਧੀ ਆਪਣਾ ਪੰਧ ਮੁਕਾਈਆ। ਆਪ ਵਖਾਏ ਆਪਣਾ ਹਾਟ, ਮੇਲ ਮਿਲਾਏ ਕਮਲਾਪਾਤ, ਬੇਪਰਵਾਹ ਬੇਪਰਵਾਹੀਆ। ਜਿਸ ਨੇ ਰਚਨਾ ਰਚੀ ਆਦਿ, ਖੇਲੇ ਖੇਲ ਵਿਚ ਬ੍ਰਹਿਮਾਦਿ, ਲੇਖਾ ਜਾਣੇ ਜਗਤ ਜੁਗਾਦਿ, ਅੰਤ ਭਗਵੰਤ ਆਪਣੇ ਵਿਚ ਛੁਪਾਈਆ । ਸਾਚਾ ਭੇਵ ਹਰਿ ਨਰਾਇਣ, ਏਕਾ ਗੁਣ ਜਣਾਇੰਦਾ। ਚਾਰੇ ਮਿਲ ਮਿਲ ਅਕੱਠੇ ਕਹਿਣ, ਏਕਾ ਘਰ ਸੋਭਾ ਪਾਇੰਦਾ। ਏਕਾ ਦੇਵੇ ਲਹਿਣ ਦੇਣ, ਵਸਤ ਅਮੋਲਕ ਇਕ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਸਾਚਾ ਭੇਵ ਹਰਿ ਜਣਾਏ, ਜੀਵਣ ਦਾਤਾ ਬੇਪਰਵਾਹੀਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਸੇਵ ਲਗਾਏ, ਸ਼ਬਦੀ ਸ਼ਬਦ ਦਏ ਵਡਿਆਈਆ। ਰਵ ਸਸ ਲਏ ਚਮਕਾਏ, ਨੂਰ ਨੁਰਾਨਾ ਨੂਰ ਧਰਾਈਆ। ਧਰਤ ਧਵਲ ਦਏ ਸੁਹਾਏ, ਆਕਾਸ਼ ਅਕਾਸ਼ ਬੇਪਰਵਾਹੀਆ। ਲੱਖ ਚੁਰਾਸੀ ਰਥ ਚਲਾਏ, ਬਣ ਰਥਵਾਹੀ ਸੇਵ ਕਮਾਈਆ। ਸਾਚੀ ਵੰਡਨ ਵੰਡ ਵੰਡਾਏ, ਆਪਣਾ ਨਾਉਂ ਲਏ ਪਰਗਟਾਈਆ। ਬ੍ਰਹਮਾ ਵੇਤਾ ਏਕਾ ਗੁਣ ਜਣਾਏ, ਚਾਰੇ ਵੇਦ ਕਰੇ ਸ਼ਨਵਾਈਆ। ਚਾਰੋਂ ਕੁੰਟ ਸੋਭਾ ਪਾਏ, ਸੋਭਾਵੰਤ ਆਪ ਸਹਾਈਆ। ਸਾਚਾ ਮਾਰਗ ਆਪ ਲਗਾਏ, ਆਪਣੀ ਹੱਥੀਂ ਆਪਣੀ ਸੇਵ ਕਮਾਈਆ। ਸਾਚਾ ਤੋਲਾ ਬਣ ਰਘੁਰਾਏ, ਤੋਲ ਤੋਲੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਦਏ ਉਠਾਈਆ। ਪਰਦਾ ਚੁਕਾਏ ਹਰਿ ਨਿਰੰਕਾਰਾ, ਸ਼ਬਦੀ ਭੇਵ ਜਣਾਇੰਦਾ। ਵਰਤੇ ਖੇਲ ਵਿਚ ਸੰਸਾਰਾ, ਹਰਿ ਜੀਉ ਆਪਣੀ ਵੰਡ ਵੰਡਾਇੰਦਾ। ਚਾਰੇ ਵੇਦ ਦਏ ਸਹਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਚਾਰੇ ਜੁਗ ਖੇਲ ਨਿਆਰਾ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੇਖ ਵਖਾਇੰਦਾ। ਚਾਰ ਵਰਨ ਲੱਗੇ ਅਖਾੜਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਨਾਚ ਨਚਾਇੰਦਾ। ਚਾਰ ਬਾਣੀ ਬੋਲ ਜੈਕਾਰਾ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਇੰਦਾ। ਚਾਰੋਂ ਕੁੰਟ ਖੇਲ ਨਿਆਰਾ, ਚੌਥੇ ਪਦ ਸੋਭਾ ਪਾਇੰਦਾ। ਚੌਥੇ ਘਰ ਬਣ ਵਣਜਾਰਾ, ਨਾਮ ਹੱਟ ਇਕ ਖੁਲ੍ਹਾਇੰਦਾ। ਆਪੇ ਵੇਖੇ ਵੇਖਣਹਾਰਾ, ਰੂਪ ਰੰਗ ਨਾ ਕੋਈ ਵਖਾਇੰਦਾ। ਨਿਰਗੁਣ ਸਰਗੁਣ ਪਾਵੇ ਸਾਰਾ, ਸਰਗੁਣ ਆਪਣਾ ਰੂਪ ਵਟਾਇੰਦਾ। ਗੁਰ ਅਵਤਾਰ ਖੇਲ ਨਿਆਰਾ, ਜੋਤੀ ਜਾਤਾ ਡਗਮਗਾਇੰਦਾ। ਬ੍ਰਹਮ ਮੇਲਾ ਪਾਰਬ੍ਰਹਮ ਵਿਚ ਸੰਸਾਰਾ, ਆਪਣਾ ਰੰਗ ਆਪ ਰੰਗਾਇੰਦਾ। ਅਗੰਮੀ ਨਾਦਿ ਬੋਲ ਜੈਕਾਰਾ, ਧੁਨ ਆਤਮਕ ਆਪ ਸੁਣਾਇੰਦਾ। ਆਪੇ ਖੋਲ੍ਹ ਬੰਦ ਕਿਵਾੜਾ, ਭੇਵ ਅਭੇਦ ਪਰਦਾ ਲਾਹਿੰਦਾ। ਲੱਖ ਚੁਰਾਸੀ ਵਿਚੋਂ ਪਾਵੇ ਸਾਰਾ, ਹਰਿਜਨ ਆਪਣੇ ਆਪ ਉਠਾਇੰਦਾ। ਅੰਮ੍ਰਿਤ ਦੇਵੇ ਠੰਡਾ ਠਾਰਾ, ਨਿਝਰ ਝਿਰਨਾ ਆਪ ਝਿਰਾਇੰਦਾ। ਮੇਲ ਮਿਲਾਏ ਏਕੰਕਾਰਾ, ਏਕਾ ਘਰ ਬਹਾਇੰਦਾ। ਆਵਣ ਜਾਵਣ ਵਾਰੋ ਵਾਰਾ, ਆਪਣਾ ਪਰਦਾ ਆਪ ਉਠਾਇੰਦਾ। ਕਰਤਾ ਪੁਰਖ ਕਰੇ ਸਾਚੀ ਕਾਰਾ, ਕ਼ੁਦਰਤ ਆਪਣੇ ਰੰਗ ਰੰਗਾਇੰਦਾ। ਰਹੀਮ ਕਰੀਮ ਬੇਐਬ ਪਰਵਰਦਿਗਾਰਾ, ਮੁਕਾਮੇ ਹੱਕ ਸੋਭਾ ਪਾਇੰਦਾ। ਅਜ਼ਮਤੋ ਕਸਮਤੋ ਕਰੇ ਖੇਲ ਨਿਆਰਾ, ਰੂਪ ਰੰਗ ਨਾ ਕੋਇ ਜਣਾਇੰਦਾ। ਮਹਿਬਾਨ ਬੀਦੋ ਸਾਚਾ ਯਾਰਾ, ਜਲਵਾ ਨੂਰ ਡਗਮਗਾਇੰਦਾ। ਕਰੇ ਖੇਲ ਵਿਚ ਸੰਸਾਰਾ, ਜੁਗ ਚੌਕੜੀ ਨਾਚ ਨਚਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਵਣ ਵਾਰੋ ਵਾਰਾ, ਗੇੜਾ ਆਪਣਾ ਆਪ ਭਵਾਇੰਦਾ। ਸੇਵਾ ਲਾਏ ਗੁਰ ਅਵਤਾਰਾ, ਸਾਚਾ ਹੁਕਮ ਸੁਣਾਇੰਦਾ। ਵਰਨ ਬਰਨ ਦੇ ਸਹਾਰਾ, ਏਕਾ ਨਾਮ ਸਮਝਾਇੰਦਾ। ਤਟ ਤੀਰਥ ਵੇਖ ਕਿਨਾਰਾ, ਸਚ ਸਰੋਵਰ ਇਕ ਨੁਹਾਇੰਦਾ। ਉਚੇ ਟਿੱਲੇ ਪਰਬਤ ਲੇਖਾ ਜਾਣੇ ਡੂੰਘੀ ਗਾਰਾ, ਸਮੁੰਦ ਸਾਗਰ ਫੋਲ ਫੁਲਾਇੰਦਾ। ਖੜਗ ਖੰਡਾ ਤੇਜ਼ ਕਟਾਰਾ, ਚੰਡ ਪਰਚੰਡ ਨਾਮ ਚਮਕਾਇੰਦਾ। ਤੀਰ ਤੁਫ਼ੰਗ ਫੜੇ ਨਿਰੰਕਾਰਾ, ਸਚ ਨਿਸ਼ਾਨਾ ਇਕ ਲਗਾਇੰਦਾ। ਜੁਗ ਚੌਕੜੀ ਕਰੇ ਪਾਰ ਕਿਨਾਰਾ, ਜੋ ਘੜਿਆ ਭੰਨ ਵਖਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਨੌਂ ਨੌਂ ਚਾਰ ਉਤਰੇ ਪਾਰਾ, ਅੰਤਮ ਆਪਣੇ ਹੱਟ ਵਿਕਾਇੰਦਾ। ਚੌਦਾਂ ਲੋਕਾਂ ਬੰਨ੍ਹੇ ਧਾਰਾ, ਏਕਾ ਬੰਧਨ ਆਪੇ ਪਾਇੰਦਾ। ਚੌਦਾਂ ਤਬਕਾਂ ਵੇਖ ਅਖਾੜਾ, ਨਿਰਗੁਣ ਨੂਰ ਡਗਮਗਾਇੰਦਾ। ਕੋਟਨ ਕੋਟ ਜੁਗ ਬੀਤਣ ਆਪਣੀ ਵਾਰਾ, ਕੋਟਨ ਕੋਟ ਗੁਰ ਅਵਤਾਰ ਸੇਵ ਕਮਾਇੰਦਾ। ਕੋਟਨ ਕੋਟ ਭਗਤ ਰਹਿਣ ਦਵਾਰਾ, ਦੋਏ ਜੋੜ ਸੀਸ ਝੁਕਾਇੰਦਾ। ਕੋਟਨ ਕੋਟ ਸੰਤ ਕਰਨ ਨਿਮਸਕਾਰਾ, ਪ੍ਰਭ ਚਰਨ ਧਿਆਨ ਲਗਾਇੰਦਾ। ਗੁਰਮੁਖ ਚਰਨ ਧੂੜ ਮੰਗਣ ਛਾਰਾ, ਨੇਤਰ ਨੈਣ ਸਰਬ ਤਕਾਇੰਦਾ। ਮਨਮੁਖ ਰੋਵਣ ਜ਼ਾਰੋ ਜ਼ਾਰਾ, ਬਿਨ ਸਤਿਗੁਰ ਪਾਰ ਨਾ ਕੋਇ ਕਰਾਇੰਦਾ। ਤ੍ਰੈਗੁਣ ਮਾਇਆ ਅਗਨੀ ਤਪੇ ਤੱਤੀ ਹਾੜਾ, ਸਾਂਤਕ ਸਤਿ ਨਾ ਕੋਈ ਵਰਤਾਇੰਦਾ। ਪੰਚ ਤਤ ਲੱਗਾ ਅਖਾੜਾ, ਜੀਵ ਜੰਤ ਨਾਚ ਨਚਾਇੰਦਾ। ਕਿਸੇ ਨਜ਼ਰ ਨਾ ਆਏ ਧੁਰ ਦਰਗਾਹੀ ਸਾਚਾ ਲਾੜਾ, ਨੇਤਰ ਦਰਸ ਕੋਇ ਨਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਔਲੀਏ ਮੁੱਲਾ ਸ਼ੇਖ਼ ਦਸਤਗੀਰ ਅੱਗੇ ਕਢਦੇ ਗਏ ਹਾੜਾ, ਬੇਨਜ਼ੀਰ ਨਜ਼ਰ ਨਾ ਆਪਣੀ ਪਾਇੰਦਾ। ਕਿਸੇ ਮਿਲੇ ਨਾ ਸੱਚਾ ਯਾਰਾ, ਉਚੀ ਕੂਕ ਕੂਕ ਸਰਬ ਸੁਣਾਇੰਦਾ। ਮੁਹੰਮਦ ਰੋਵੇ ਅਧਵਿਚਕਾਰਾ, ਅੱਲਾ ਰਾਣੀ ਆਪਣੀ ਖ਼ਾਹਿਸ਼ ਨਾਲ ਰਲਾਇੰਦਾ। ਰਾਹ ਤੱਕਾਂ ਤੇਰਾ ਪਰਵਰਦਿਗਾਰਾ, ਤੇਰਾ ਹੱਕ ਕਿਨਾਰਾ ਨਜ਼ਰ ਕੋਇ ਨਾ ਆਇੰਦਾ। ਨੌਂ ਨੌਂ ਚਾਰ ਵਾਰੋ ਵਾਰ ਆਏ ਨਾਨਕ ਅਵਤਾਰਾ, ਨਾਮ ਮੰਤਰ ਸਤਿ ਏਕਾ ਗਾਇੰਦਾ। ਕਮਲਾਪਤ ਖੇਲ ਕਰਤਾਰਾ, ਬਣ ਨਾਰੀ ਸੇਵ ਕਮਾਇੰਦਾ। ਦਰ ਦਵਾਰ ਦਰ ਪਾਇਆ ਸੱਚਾ ਦਰਬਾਰਾ, ਸਚਖੰਡ ਸਾਚੇ ਸੋਭਾ ਪਾਇੰਦਾ। ਦੀਪਕ ਜੋਤ ਜਗੇ ਅਪਾਰਾ, ਤੇਲ ਬਾਤੀ ਨਾ ਕੋਈ ਰਖਾਇੰਦਾ। ਹਵਨੀ ਹਵਨ ਵਸੇ ਬਾਹਰਾ, ਸੋ ਨਾਨਕ ਮਿਲਿਆ ਮੀਤ ਮੁਰਾਰਾ, ਵਿਛੜ ਕਦੇ ਨਾ ਜਾਇੰਦਾ। ਦੋਏ ਜੋੜ ਕਰੇ ਨਿਮਸਕਾਰਾ, ਤੇਰਾ ਅੰਤ ਨਾ ਪਾਰਾ ਵਾਰਾ, ਬੇਅੰਤ ਤੇਰੀ ਸਿਫ਼ਤ ਸਲਾਹ ਨਾ ਕੋਈ ਜਣਾਇੰਦਾ। ਚਰਨ ਲਗ ਗੁਣ ਗਾਇਆ ਏਕੰਕਾਰਾ, ਮਿਲਿਆ ਸਤਿਨਾਮ ਭੰਡਾਰਾ, ਕਰਤਾ ਪੁਰਖ ਬਣਿਆ ਵਣਜਾਰਾ, ਆਪੇ ਦਏ ਸਹਾਰਾ, ਅਜੂਨੀ ਰਹਿਤ ਕਰੇ ਪਿਆਰਾ, ਅਕਾਲ ਮੂਰਤ ਰੱਖੇ ਇਕ ਅਧਾਰਾ, ਆਪਣਾ ਗੁਣ ਦਏ ਸਮਝਾਈਆ। ਮੇਰਾ ਨਾਉਂ ਪਰਗਟ ਹੋਵੇ ਵਿਚ ਸੰਸਾਰਾ, ਨਾਨਕ ਕੂਕ ਕੂਕ ਪੁਕਾਰਾ, ਚਾਰੋਂ ਕੁੰਟ ਵੇਖ ਕਰੇ ਵਿਚਾਰਾ, ਧੁਰ ਫ਼ਰਮਾਨਾ ਹਰਿ ਜਣਾਈਆ। ਭਰਿਆ ਇਕ ਸਚ ਭੰਡਾਰਾ, ਦਾਤਾ ਦੇਵੇ ਦੇਵਣਹਾਰਾ, ਅਤੋਟ ਅਤੁਟ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਏਕਾ ਏਕ ਛੁਪਾਈਆ। ਏਕਾ ਗੁਣ ਹਰਿ ਛੁਪਾਇਆ, ਨਾਨਕ ਨਿਰਗੁਣ ਅੰਦਰ ਰੱਖ। ਆਪਣਾ ਨਾਮ ਪਰਗਟਾਇਆ, ਸਰਗੁਣ ਨਿਰਗੁਣ ਅੰਦਰ ਹੋ ਪਰਤੱਖ। ਆਪਣਾ ਮੰਦਰ ਆਪ ਵਖਾਇਆ, ਦਰਸ ਕਰਾਇਆ ਅਲਖਨਾ ਅਲਖ। ਜੋਤੀ ਜੋਤ ਡਗਮਗਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਪੁਰਖ ਸਮਰਥ। ਸਮਰਥ ਪੁਰਖ ਖੇਲ ਅਵੱਲਾ, ਨਾਨਕ ਨਿਰਗੁਣ ਕਰੇ ਜਣਾਈਆ । ਇਕ ਫੜਾਇਆ ਆਪਣਾ ਪੱਲਾ, ਪੱਲੂ ਆਪਣੀ ਗੰਢ ਬੰਧਾਈਆ। ਧਾਮ ਰਖਾਇਆ ਇਕ ਅਟੱਲਾ, ਨਿਹਚਲ ਦਏ ਵਡਿਆਈਆ। ਨਜ਼ਰੀ ਆਇਆ ਰਵਿਆ ਜਲਾਂ ਥਲਾਂ, ਘਟ ਘਟ ਰਿਹਾ ਸਮਾਈਆ। ਜੋਤੀ ਸ਼ਬਦੀ ਆਪੇ ਰਲਾ, ਸ਼ਬਦੀ ਧਾਰ ਮਾਤ ਪਰਗਟਾਈਆ। ਸਚ ਸੰਦੇਸ਼ ਏਕਾ ਘੱਲਾ, ਚਾਰ ਵਰਨ ਕਰੇ ਪੜ੍ਹਾਈਆ। ਕੋਈ ਕਹੇ ਨਾਨਕ ਝੱਲਾ, ਝਲਕ ਝੱਲੇ ਦੀ ਝੱਲੀ ਨਾ ਜਾਈਆ। ਜਿਸ ਨੂੰ ਗੌਂਦੇ ਏਕੋ ਅੱਲਾ, ਸੋ ਅੱਲਾ ਨਾਨਕ ਅੰਦਰ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਵਡਿਆਈਆ। ਨਾਨਕ ਗੁਣ ਹਰਿ ਹਰਿ ਦੀਆ, ਦੇਵਣਹਾਰਾ ਦਾਤਾਰਾ। ਆਪਣੇ ਮਿਲਣ ਦਾ ਆਪੇ ਕੀਆ ਹੀਆ, ਮਿਲਿਆ ਮੇਲ ਸਚਖੰਡ ਸੋਹੇ ਦਵਾਰਾ। ਨਾਰੀ ਪਾਇਆ ਸਾਚਾ ਪੀਆ, ਘਰ ਵਸਿਆ ਮੀਤ ਮੁਰਾਰਾ। ਨਾਮ ਨਿਧਾਨਾ ਏਕਾ ਪੀਆ, ਨਾਮ ਸਤਿ ਸਤਿ ਖ਼ੁਮਾਰਾ। ਗੁਰਮੁਖ ਵਿਰਲਾ ਨਿਰਮਲ ਕਰੇ ਜੀਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਦਏ ਸਚ ਸਹਾਰਾ। ਸਚ ਸਹਾਰਾ ਦੀਆ ਗੋਪਾਲ, ਆਪਣੀ ਦਇਆ ਕਮਾਈਆ। ਪੁਰਖ ਪੁਰਖੋਤਮ ਹੋ ਕਿਰਪਾਲ, ਕਿਰਪਾ ਨਿਧ ਆਪਣੀ ਕਿਰਪਾ ਦਏ ਸਮਝਾਈਆ। ਪ੍ਰਭ ਮਿਲਨ ਦੀ ਸਾਚੀ ਬਿਧ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਨਾਮ ਨਿਧਾਨਾ ਬੋਧ ਅਗਾਧ, ਸ਼ਬਦੀ ਸ਼ਬਦ ਦਏ ਪਰਗਟਾਈਆ। ਭਗਤ ਭਗਵੰਤ ਵੇਖੇ ਸੱਜਣ ਸਾਧ, ਸੰਤ ਸਤਿਗੁਰ ਲਏ ਮਿਲਾਈਆ। ਗੁਰਮੁਖਾਂ ਲਡਾਏ ਆਪਣਾ ਲਾਡ, ਆਤਮ ਪਰਮਾਤਮ ਕਰੇ ਕੁੜਮਾਈਆ। ਗੁਰਸਿਖ ਸਾਚੇ ਲਏ ਰਾਖ, ਸਿਰ ਆਪਣਾ ਹੱਥ ਟਿਕਾਈਆ। ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਪੂਰਬ ਲੇਖਾ ਦਏ ਮੁਕਾਈਆ। ਨਾਨਕ ਗਾਨਾ ਸੋਹੰ ਗਾਥ, ਸ਼ਬਦੀ ਸ਼ਬਦ ਕਰੇ ਪੜ੍ਹਾਈਆ। ਏਕਾ ਮੰਦਰ ਬਹਿ ਬਹਿ ਕਰਿਆ ਪਾਠ, ਦੂਜੀ ਵਾਰ ਨਾ ਰਸਨ ਚਲਾਈਆ। ਇਕ ਸਰੋਵਰ ਮਾਰੀ ਠਾਠ, ਨਿਰਮਲ ਨੀਰ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਗਿਆ ਲੁਕਾਈਆ। ਏਕਾ ਅੱਖਰ ਹਰਿ ਲੁਕਾਇਆ, ਨਾਨਕ ਰਸਨਾ ਕਹੇ ਨਾ ਰਾਈਆ। ਪੁਰਖ ਅਬਿਨਾਸ਼ੀ ਬੇਪਰਵਾਹਿਆ, ਜਿਸ ਮੇਰੀ ਬਣਤ ਬਣਾਈਆ। ਆਦਿ ਅੰਤ ਹੋਏ ਸਹਾਇਆ, ਵਸੇ ਹਰ ਘਟ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਕੜਨਹਾਰਾ ਆਪੇ ਬਾਂਹੀਆ। ਪਕੜੇ ਬਾਂਹ ਆਪਣੇ ਜਨ, ਜਨ ਜਣੇਂਦੀ ਵੇਖ ਵਖਾਇੰਦਾ। ਸਤਿਗੁਰ ਪੂਰਾ ਕਹੇ ਧੰਨ, ਫੜ ਬੇੜਾ ਪਾਰ ਕਰਾਇੰਦਾ। ਜਗਤ ਵਿਕਾਰਾ ਦੇਵੇ ਡੰਨ, ਮਮਤਾ ਮੋਹ ਮਿਟਾਇੰਦਾ। ਏਕਾ ਰਾਗ ਸੁਣਾਏ ਕੰਨ, ਛੱਤੀ ਰਾਗ ਭੇਵ ਨਾ ਪਾਇੰਦਾ। ਕਰੇ ਪਰਕਾਸ਼ ਬਿਨ ਸੂਰਜ ਚੰਨ ਸਤਿਗੁਰ ਪੂਰਾ ਸੋ ਅਖਵਾਇੰਦਾ। ਜੁਗਾ ਜੁਗੰਤਰ ਬੇੜਾ ਦੇਵੇ ਬੰਨ੍ਹ, ਪੁਰਖ ਅਕਾਲ ਰੂਪ ਧਰਾਇੰਦਾ। ਨਾਨਕ ਨਿਰਗੁਣ ਗਿਆ ਮੰਨ, ਸਰਗੁਣ ਜੀਵ ਸਰਬ ਸਮਝਾਇੰਦਾ। ਹੰ ਬ੍ਰਹਮ ਵਸੇ ਤਨ, ਪਾਰਬ੍ਰਹਮ ਆਪਣੇ ਘਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਉਠ ਜਾਗ, ਹਰਿ ਸਾਚਾ ਸਚ ਜਗਾਇੰਦਾ। ਨੌਂ ਨੌਂ ਚਾਰ ਚੌਕੜੀ ਜੁਗ ਲੋਕਮਾਤ ਜਗੇ ਚਰਾਗ਼, ਲੱਖ ਚੁਰਾਸੀ ਦੀਪਕ ਆਪ ਪਰਗਟਾਇੰਦਾ। ਸਭ ਦੀ ਅੰਤਮ ਰੱਖੇ ਹਾਦ, ਆਪਣੀ ਵੰਡ ਹਰਿ ਵੰਡਾਇੰਦਾ। ਅੰਤ ਕੂੜ ਨਗਾਰਾ ਵਜਾਏ ਨਾਦ, ਸਭ ਦੀ ਸਫ਼ਾ ਆਪ ਉਠਾਇੰਦਾ। ਹੁਕਮੇ ਵਿਚੋਂ ਜੁਗ ਚੌਕੜੀ ਆਪੇ ਕਾਡ, ਹੁਕਮੀ ਹੁਕਮ ਰਾਹ ਦਸਾਇੰਦਾ। ਹੁਕਮੀ ਦੇਵੇ ਸਾਚੀ ਦਾਤ, ਹਰਿ ਆਪਣਾ ਨਾਉਂ ਵਰਤਾਇੰਦਾ। ਹੁਕਮੇ ਅੰਦਰ ਰੱਖੇ ਯਾਦ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਪੁਰਖ ਅਬਿਨਾਸ਼ੀ ਖੇਲ ਤਮਾਸ਼, ਜੁਗ ਚੌਕੜੀ ਆਪ ਕਰਾਇੰਦਾ। ਲੇਖਾ ਜਾਣੇ ਭੋਗ ਬਿਲਾਸ, ਭਸਮੜ ਆਪਣਾ ਰੂਪ ਵਟਾਇੰਦਾ। ਆਦਿ ਜੁਗਾਦਿ ਨਾ ਜਾਏ ਵਿਨਾਸ, ਅਬਿਨਾਸ਼ੀ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖ ਵਖਾਇੰਦਾ। ਜੁਗ ਚੌਕੜੀ ਵੇਖੇ ਅੰਤ, ਨੌਂ ਨੌਂ ਚਾਰ ਰਹਿਣ ਨਾ ਪਾਈਆ। ਕਰੇ ਖੇਲ ਸ੍ਰੀ ਭਗਵੰਤ, ਸੁਤ ਦੁਲਾਰਾ ਲਏ ਉਠਾਈਆ। ਆਪ ਬਣਾਏ ਆਪਣੀ ਬਣਤ, ਪੁਰਖ ਅਕਾਲ ਸੱਚਾ ਸ਼ਹਿਨਸ਼ਾਹੀਆ। ਮਾਣ ਦਵਾਏ ਲੱਖ ਚੁਰਾਸੀ ਜੀਵ ਜੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ। ਕਲਜੁਗ ਅੰਤਮ ਖੇਲ ਖਿਲੌਣਾ, ਵਿਸ਼ਨ ਬ੍ਰਹਮਾ ਸ਼ਿਵ ਹਰਿ ਸਮਝਾਈਆ। ਗੋਬਿੰਦ ਸੁਤ ਇਕ ਉਪਜੌਣਾ, ਪੁਰਖ ਅਕਾਲ ਨਾਉਂ ਵਟਾਈਆ। ਸਾਚਾ ਮਾਰਗ ਜਗਤ ਲਗੌਣਾ, ਵਰਨ ਬਰਨ ਨਾ ਕੋਈ ਰਖਾਈਆ। ਜ਼ਾਤ ਪਾਤ ਡੇਰਾ ਢੌਹਣਾ, ਊਚ ਨੀਚ ਭੇਵ ਚੁਕਾਈਆ। ਏਕਾ ਡੰਕਾ ਨਾਮ ਵਜੌਣਾ, ਚਾਰ ਕੁੰਟ ਆਖ ਸੁਣੌਣਾ, ਹੁਕਮੀ ਹੁਕਮ ਆਪ ਜਣਾਈਆ। ਸਾਚੀ ਸੇਵਾ ਇਕ ਲਗੌਣਾ, ਸਰਗੁਣ ਨਾਤਾ ਮੋਹ ਚੁਕੌਣਾ, ਬੰਸ ਸਰਬੰਸ ਅੰਤ ਮੁਕੌਣਾ, ਸਾਕ ਸੱਜਣ ਸੈਣ ਨਾ ਕੋਈ ਅਖਵਾਈਆ। ਗੁਰਮੁਖਾਂ ਸਾਚਾ ਮੇਲ ਮਿਲੌਣਾ, ਆਪਣਾ ਬੰਧਨ ਆਪੇ ਪੌਣਾ, ਗੁਰਮੁਖਾਂ ਦੇ ਹੱਟ ਵਿਕੌਣਾ, ਕਰਤਾ ਕ਼ੀਮਤ ਆਪੇ ਪਾਈਆ। ਚੇਲਾ ਗੁਰੂ ਨਾਉਂ ਧਰੌਣਾ, ਲੋਕਮਾਤ ਨਜ਼ਰ ਕਿਸੇ ਨਾ ਔਣਾ, ਲੋਕ ਪਰਲੋਕ ਖੇਲ ਖਿਲੌਣਾ, ਬ੍ਰਹਿਮੰਡ ਖੰਡ ਨਾਚ ਨਚੌਣਾ, ਜੇਰਜ ਅੰਡ ਆਪ ਉਠੌਣਾ, ਉਤਭੁਜ ਸੇਤਜ ਭੇਵ ਚੁਕਾਈਆ। ਨਾਮ ਖੰਡਾ ਇਕ ਉਠੌਣਾ, ਲੁਹਾਰ ਤਰਖਾਣ ਨਾ ਕਿਸੇ ਘੜੌਣਾ, ਮਿਆਨ ਵਿਚ ਨਾ ਕਿਸੇ ਕਰੌਣਾ, ਆਪਣੇ ਅੰਤਰ ਲਏ ਛੁਪਾਈਆ। ਸੱਥਰ ਯਾਰੜੇ ਦਾ ਇਕ ਹੰਢੌਣਾ, ਨੇਤਰ ਨੈਣਾਂ ਰਾਹ ਤਕੌਣਾ, ਮਿਲੇ ਮੇਲ ਸਾਚੇ ਮਾਹੀਆ। ਪੁਰਖ ਅਬਿਨਾਸ਼ੀ ਚਲ ਕੇ ਔਣਾ, ਸੁਤ ਦੁਲਾਰਾ ਗੋਦ ਬਹੌਣਾ, ਸਿਰ ਆਪਣਾ ਹੱਥ ਟਿਕੌਣਾ, ਦੋ ਜਹਾਨਾਂ ਰਾਹ ਵਖਾਈਆ। ਧੁਰ ਫ਼ਰਮਾਨਾ ਇਕ ਸੁਣੌਣਾ, ਤੇਰੀ ਕੀਤੀ ਘਾਲ ਆਪਣੇ ਲੇਖੇ ਲੌਣਾ, ਕੀਤਾ ਕੌਲ ਭੁਲ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਦੇਵਣਹਾਰਾ ਵਰ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਕਰਤਾ ਬੇਪਰਵਾਹੀਆ। ਕਲਜੁਗ ਬਣੇ ਅੰਤ ਮਲਾਹ, ਨਰ ਨਰ ਦੇਵੇ ਇਕ ਸਲਾਹ, ਸਾਚਾ ਮਾਰਗ ਇਕ ਸਮਝਾਈਆ। ਸਚ ਸਲਾਹ ਦੇਵੇ ਨਿਤ, ਮੇਰੇ ਸਾਹਿਬ ਵਡੀ ਵਡਿਆਈਆ। ਜਿਸ ਸੁਹਾਈ ਮੇਰੀ ਰੁੱਤ, ਅੰਤ ਫੁਲਵਾੜੀ ਦਏ ਮਹਿਕਾਈਆ। ਮੈਂ ਰੱਖੀ ਏਕਾ ਓਟ, ਦੂਜਾ ਇਸ਼ਟ ਨਾ ਕੋਈ ਜਣਾਈਆ। ਮੇਰੇ ਪ੍ਰਭ ਦੀ ਨਿਰਮਲ ਜੋਤ, ਰੂਪ ਰੰਗ ਚੱਕਰ ਚਿਹਨ ਨਜ਼ਰ ਨਾ ਆਈਆ। ਜਿਸ ਦੀ ਆਦਿ ਜੁਗਾਦਿ ਵਾਸਨਾ ਹੋਵੇ ਨਾ ਖੋਟ, ਸੁਗੰਧੀ ਨਾਮ ਰਿਹਾ ਮਹਿਕਾਈਆ। ਮੈਂ ਉਸ ਦਾ ਓਤ ਪੋਤ, ਜਿਸ ਨੂੰ ਨਾਨਕ ਗਿਆ ਧਿਆਈਆ। ਮੇਰੀ ਸ਼ਬਦੀ ਬਣ ਗਈ ਗੋਤ, ਦੂਸਰ ਵੰਡ ਨਾ ਕੋਈ ਵੰਡਾਈਆ। ਮੇਰਾ ਬਣਿਆ ਸਚਖੰਡ ਕਿਲਾ ਕੋਟ, ਅਨੰਦਪੁਰ ਝੂਠੀ ਖ਼ੁਸ਼ੀ ਮਨਾਈਆ। ਜਿਸ ਨੂੰ ਗਾ ਗਾ ਥੱਕੇ ਹੋਂਟ, ਸੋ ਮਿਲਿਆ ਸੱਚਾ ਮਾਹੀਆ। ਅੰਤ ਆਲਣਿਓ ਡਿਗੇ ਚੁੱਕੇ ਬੋਟ, ਆਪਣੀ ਗੋਦ ਬਹਾਈਆ। ਮੈਂ ਅੰਮ੍ਰਿਤ ਪਿਆਇਆ ਗੁਰਸਿਖਾਂ ਖੋਲ੍ਹੇ ਸੋਤ, ਆਪਣਾ ਨੂਰ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਸਾਚੇ ਖੇਲ ਖਿਲੌਣਾ, ਗੁਰ ਗੋਬਿੰਦ ਆਪ ਜਣਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਦਾ ਜਿਸ ਕਰਜਾ ਲੌਹਣਾ, ਪੁਰਖ ਅਭੁਲ ਭੁਲ ਕਦੇ ਨਾ ਜਾਇੰਦਾ। ਵਿਸ਼ਨੂੰ ਜਿਸ ਨੇ ਤੇਰਾ ਪੰਧ ਮੁਕੌਣਾ, ਲਹਿਣਾ ਆਪਣੇ ਹੱਥ ਰਖਾਇੰਦਾ। ਬ੍ਰਹਮੇ ਤੇਰਾ ਬ੍ਰਹਮ ਜਿਸ ਆਪਣੇ ਵਿਚ ਸਮੌਣਾ, ਸੋ ਆਪਣੀ ਨਜ਼ਰ ਨਾ ਕਦੇ ਛੁਪਾਇੰਦਾ। ਸ਼ੰਕਰ ਤੇਰਾ ਤ੍ਰਿਸ਼ੂਲ ਜਿਸ ਹੱਥੋਂ ਸਟੌਣਾ, ਸੋ ਹੁਕਮ ਭੁਲ ਕਦੇ ਨਾ ਜਾਇੰਦਾ। ਜਿਸ ਮੇਰਾ ਬੇੜਾ ਬੰਨ੍ਹ ਚਲੌਣਾ, ਸੋ ਮਲਾਹ ਬਣ ਖੇਵਟ ਖੇਟਾ ਲੋਕਮਾਤ ਨਾ ਕਦੇ ਸ਼ਰਮਾਇੰਦਾ। ਵਰਨਾਂ ਬਰਨਾਂ ਜਿਸ ਡੇਰਾ ਢੌਹਣਾ, ਚਾਰ ਵੇਦ ਦਾ ਪੰਧ ਮੁਕਾਇੰਦਾ। ਅਠਾਰਾਂ ਬਰਨ ਜਿਸ ਝੋਲੀ ਪੌਣਾ, ਸ਼ਾਸਤਰ ਸਿਮਰਤ ਆਪਣੀ ਗੋਦ ਸੁਹਾਇੰਦਾ। ਅੰਜੀਲ ਕ਼ੁਰਾਨਾ ਮੁਖ ਸ਼ਰਮੌਣਾ, ਖਾਣੀ ਬਾਣੀ ਆਪਣੇ ਰੰਗ ਵਖਾਇੰਦਾ। ਸੋ ਸਾਹਿਬ ਸਤਿਗੁਰ ਮੇਰਾ ਔਣਾ, ਜਿਸ ਦੀ ਏਕਾ ਓਟ ਤਕਾਇੰਦਾ। ਏਕਾ ਵਾਰ ਲੋਕਮਾਤ ਸਮਝੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਡਿਆਈ ਸਾਚਾ ਹਰਿ, ਅਬਿਨਾਸ਼ੀ ਅਚੁਤ ਭੇਵ ਖੁਲਾਇੰਦਾ। ਸੁਤ ਦੁਲਾਰਾ ਬੋਲ ਜੈਕਾਰਾ, ਫ਼ਤਿਹ ਡੰਕਾ ਇਕ ਵਜਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਘੱਲਦਾ ਰਿਹਾ ਜੋ ਗੁਰ ਅਵਤਾਰਾ, ਭਗਤਾਂ ਦੇਂਦਾ ਰਿਹਾ ਸਹਾਰਾ, ਨਿਰਗੁਣ ਨਿਰਵੈਰ ਸੱਚਾ ਸ਼ਹਿਨਸ਼ਾਹੀਆ। ਕਲਜੁਗ ਵਰੋਲੇ ਅੰਤਮ ਵਾਰਾ, ਸਾਚੇ ਸੰਤਾਂ ਕਰੇ ਪਿਆਰਾ, ਲੱਖ ਚੁਰਾਸੀ ਵਿਚੋਂ ਮਾਤ ਪਰਗਟਾਈਆ। ਜਿਸ ਨੂੰ ਮੰਨਦੇ ਰਹੇ ਪਰਵਰਦਿਗਾਰਾ, ਮੁਕਾਮੇ ਹੱਕ ਵਸੇ ਸਾਂਝਾ ਯਾਰਾ, ਸੋ ਜਲਵਾ ਨੂਰ ਧਰਾਈਆ। ਜਿਸ ਨੂੰ ਗਾਇਆ ਸਚਖੰਡ ਵਸੇ ਨਿਰੰਕਾਰਾ, ਕਰੇ ਖੇਲ ਅਗੰਮ ਅਪਾਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਦੇਵੇ ਸੰਦੇਸ਼ਾ ਆਪਣੀ ਧਾਰਾ, ਗੋਬਿੰਦ ਲਿਖੇ ਬਣ ਲਿਖਾਰਾ, ਲਿਖ ਲਿਖ ਲੇਖਾ ਗਿਆ ਸਮਝਾਈਆ। ਨਿਹਕਲੰਕ ਲਏ ਅਵਤਾਰਾ, ਲੱਖ ਚੁਰਾਸੀ ਪਾਵੇ ਸਾਰਾ, ਹਰਿ ਸ਼ਬਦੀ ਦਏ ਸਹਾਰਾ, ਵਿਸ਼ਨੂੰ ਬ੍ਰਹਮਾ ਸ਼ਿਵ ਲਏ ਜਗਾਈਆ। ਜੂਠ ਝੂਠ ਮੇਟੇ ਪਸਾਰਾ, ਮਾਇਆ ਮਮਤਾ ਮਾਰੇ ਮਾਰਾ, ਕੂੜੀ ਕਿਰਿਆ ਕਰੇ ਖਵਾਰਾ, ਠਗ ਚੋਰ ਯਾਰ ਰਹਿਣ ਨਾ ਪਾਈਆ। ਤਟ ਤੀਰਥ ਵੇਖੇ ਕਿਨਾਰਾ, ਮੰਦਰ ਮਸਜਿਦ ਮਠ ਸ਼ਿਵਦਵਾਲੇ ਫੋਲੇ ਗੁਰੂਦਵਾਰਾ, ਨਿਰਗੁਣ ਆਪਣਾ ਫੇਰਾ ਪਾਈਆ। ਵੇਦ ਕਤੇਬ ਸ਼ਾਸਤਰ ਸਿਮਰਤ ਕਰੇ ਵਿਚਾਰਾ, ਅੰਜੀਲ ਕ਼ੁਰਾਨਾ ਪਾਰ ਕਿਨਾਰਾ, ਖਾਣੀ ਬਾਣੀ ਆਪਣੀ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਦਿਤਾ ਘਰ, ਹਉਂ ਸੰਦੇਸ਼ਾ ਰਿਹਾ ਜਣਾਈਆ। ਗੋਬਿੰਦ ਸੁਣਾਇਆ ਸਚ ਸੰਦੇਸ਼ਾ, ਹਰਿ ਵਡ ਬਲੀ ਬਲਵਾਨਾ। ਆਦਿ ਜੁਗਾਦੀ ਨਰ ਨਰੇਸ਼ਾ, ਜੁਗਾ ਜੁਗੰਤਰ ਖੇਲ ਮਹਾਨਾ। ਆਪਣਾ ਭਾਣਾ ਆਪੇ ਵੇਖਾ, ਹਰਿ ਭਾਣੇ ਸਦ ਸਮਾਣਾ। ਜੁਗ ਜੁਗ ਮੇਟਦਾ ਆਇਆ ਰੇਖਾ, ਦੇਵਣਹਾਰਾ ਧੁਰ ਫ਼ਰਮਾਨਾ। ਕਲਜੁਗ ਅੰਤ ਵਟਾਏ ਵੇਸਾ, ਨਿਹਕਲੰਕ ਗੁਣ ਨਿਧਾਨਾ। ਮੁਛ ਦਾੜ੍ਹੀ ਨਾ ਕੋਈ ਕੇਸਾ, ਨਾ ਕੋਈ ਮੂੰਡ ਮੁੰਡਾਨਾ। ਸੰਬਲ ਵਸੇ ਆਪਣੇ ਦੇਸਾ, ਗੋਬਿੰਦ ਮੇਲਾ ਵਿਚ ਜਹਾਨਾ। ਗੋਬਿੰਦ ਅੰਦਰ ਕਰੇ ਪਰਵੇਸਾ, ਪਾਰਬ੍ਰਹਮ ਸ੍ਰੀ ਭਗਵਾਨਾ। ਬਿਨ ਕਿਰਪਾ ਨੇਤਰ ਕੋਈ ਨਾ ਪੇਖੇ, ਭੁੱਲੇ ਭਰਮ ਜਹਾਨਾ। ਭਰਮ ਭੁਲਾਏ ਔਲੀਏ ਪੀਰ ਸ਼ੇਖ਼ੇ, ਸਾਰ ਨਾ ਪਾਏ ਇਲਮ ਉਲਮਾਨਾ। ਪੰਡਤ ਪਾਂਧਾ ਕੋਈ ਨਾ ਜਾਣੇ ਰੇਖੇ, ਪੂਤ ਸਪੂਤਾ ਬ੍ਰਹਿਮਣ ਗੌੜਾ ਕਰੇ ਖੇਲ ਮਹਾਨਾ। ਕੋਹਤੂਰ ਨਾ ਦਿਸਦਾ ਨੂਰੀ ਵੇਸੇ, ਨਿਰਗੁਣ ਨੂਰ ਨਿਗਹਬਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਮਰਦ ਮਰਦਾਨਾ। ਮਰਦ ਮਰਦਾਨਾ ਹੋਏ ਭਗਵਾਨ, ਗੋਬਿੰਦ ਗਿਆ ਸਮਝਾਈਆ। ਨਾਨਕ ਵਖਾਇਆ ਇਕ ਨਿਸ਼ਾਨ, ਜੋ ਵੇਖਿਆ ਸੋ ਰਿਹਾ ਸੁਣਾਈਆ। ਸਚਖੰਡ ਵਸੇ ਆਪ ਭਗਵਾਨ, ਸੱਤ ਰੰਗ ਨਿਸ਼ਾਨਾ ਆਪ ਝੁਲਾਈਆ। ਸੀਸ ਤਾਜ ਰੱਖੇ ਨੌਜਵਾਨ, ਪੰਚਮ ਮੁਖ ਮੁਖ ਵਡਿਆਈਆ। ਪਹਿਲਾ ਮੁਖ ਆਪਣਾ ਰੱਖੇ ਨਾਉਂ ਗਿਆਨ, ਚਾਰ ਮੁਖ ਚਾਰ ਵੇਦ ਚਾਰ ਵਰਨ ਚਾਰ ਜੁਗ ਚਾਰ ਕੁੰਟ ਚਾਰ ਯਾਰੀ ਦਏ ਸਮਝਾਈਆ। ਜਿਸ ਦੀ ਮੰਨਣੀ ਪਏ ਆਣ, ਲੇਖਾ ਕੋਈ ਰਹਿਣ ਨਾ ਪਾਈਆ। ਬਣ ਕੇ ਆਏ ਬੇਪਹਿਚਾਨ, ਅਛਲ ਅਛੱਲ ਮਾਤ ਕਰਾਈਆ। ਗਿਆਨੀ ਧਿਆਨੀ ਵਿਦਵਾਨੀ ਭੇਤ ਨਾ ਪਾਣ, ਜਗਤ ਵਿਦਿਆ ਹੋਏ ਹਲਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਤਿਗੁਰ ਪੂਰਾ ਵਿਕੇ ਨਾ ਕਿਸੇ ਦੁਕਾਨ, ਕ਼ੀਮਤ ਸਕੇ ਨਾ ਕੋਈ ਚੁਕਾਈਆ। ਗੁਰੂ ਗੋਬਿੰਦ ਸਿੰਘ ਦਿਤਾ ਇਕ ਫ਼ਰਮਾਨ, ਉਚੀ ਕੂਕ ਕੂਕ ਸੁਣਾਈਆ। ਜੋ ਮੈਨੂੰ ਮਿਲੇ ਆਣ, ਮੈਂ ਅੱਗੇ ਦਿਆਂ ਮਿਲਾਈਆ। ਓਹ ਮੇਰਾ ਪਿਤਾ ਬਲਵਾਨ, ਜਿਸ ਦੀ ਆਦਿ ਜੁਗਾਦਿ ਸੱਚੀ ਸ਼ਹਿਨਸ਼ਾਹੀਆ। ਜਿਸ ਨੂੰ ਈਸਾ ਮੂਸਾ ਪੀਰ ਪੈਗ਼ੰਬਰ ਕਰਦੇ ਰਹੇ ਸਲਾਮ, ਸਲਾਮਾ ਅਲੈਕਮ ਏਕਾ ਵਾਰ ਬੁਲਾਈਆ। ਦੇਂਦਾ ਰਿਹਾ ਆਪਣਾ ਪੈਗ਼ਾਮ, ਪੀਰ ਪੈਗ਼ੰਬਰ ਕਰਦਾ ਰਿਹਾ ਪੜ੍ਹਾਈਆ। ਮੈਂ ਪਕੜਿਆ ਉਸ ਦਾ ਦਾਮ, ਦਾਮਨ ਛੁੱਟ ਕਦੇ ਨਾ ਜਾਈਆ। ਜਿਸ ਨੂੰ ਕਹਿੰਦੇ ਰਮਿਆ ਰਾਮ, ਸੋ ਮੇਰੇ ਅੰਦਰ ਡੇਰਾ ਲਾਈਆ। ਜਿਸ ਨੇ ਕਾਹਨ ਕ੍ਰਿਸ਼ਨ ਦੀ ਕੀਤੀ ਅੰਤ ਕਲਿਆਨ, ਤ੍ਰਿਲੋਕੀ ਬਾਹਰ ਕਢਾਈਆ। ਜਿਸ ਨੂੰ ਤੇਈ ਅਵਤਾਰ ਨਾ ਸਕੇ ਪਛਾਣ, ਸੋ ਮੇਰਾ ਸੱਚਾ ਮਾਹੀਆ। ਮੈਂ ਗੋਦੀ ਬੈਠਾ ਆਣ, ਨਾ ਸਕੇ ਕੋਈ ਬਾਹਰ ਕਢਾਈਆ। ਅੰਤਮ ਚਲ ਕੇ ਵੇਖੇ ਮੇਰਾ ਮਕਾਨ, ਨੌਂ ਸੌ ਚੁਰਾਨਵੇ ਚੌਕੜੀ ਜੁਗ ਮੈਂ ਹੂੰਝ ਹੂੰਝ ਸਾਫ਼ ਕਰਾਈਆ। ਮੇਰੀ ਦੀਦ ਮੇਰੀ ਈਦ ਮੇਰਾ ਚੰਦ ਮੇਰਾ ਭਗਵਾਨ ਚੜ੍ਹੇ ਆਣ, ਦੂਸਰ ਚੰਦ ਨਜ਼ਰ ਕੋਈ ਨਾ ਆਈਆ। ਆਪਣਾ ਵਖਾਏ ਸਚ ਨਿਸ਼ਾਨ, ਸਚਖੰਡ ਦਵਾਰ ਜੋ ਰਿਹਾ ਝੁਲਾਈਆ। ਮੈਂ ਖ਼ੁਸ਼ੀ ਖ਼ੁਸ਼ੀ ਕਰਾਂ ਪਰਵਾਨ, ਸੀਸ ਜਗਦੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਅੰਤਮ ਔਣਾ, ਅੰਤ ਕਿਸੇ ਨਾ ਪਾਇਆ। ਵਿਸ਼ਨ ਬ੍ਰਹਮੇ ਸ਼ਿਵ ਤੇਰਾ ਪੰਧ ਮੁਕੌਣਾ, ਲੇਖਾ ਮੂਲ ਦਏ ਚੁਕਾਇਆ। ਸਾਚਾ ਮਾਰਗ ਫੇਰ ਲਗੌਣਾ, ਬ੍ਰਹਿਮੰਡ ਖੰਡ ਦਏ ਉਲਟਾਇਆ। ਚਾਰ ਜੁਗ ਦੇ ਗੁਰ ਅਵਤਾਰਾਂ ਦਰ ਬਹੌਣਾ, ਪਿਛਲਾ ਹਿਸਾਬ ਲਏ ਬਕਾਇਆ। ਉਠੋ ਵੇਖੋ ਦਰਸ ਨੇਤਰ ਪਾਓ ਹਰਿ ਜੂ ਦਿਸ ਕਿਸੇ ਨਾ ਔਣਾ, ਨੇਤਰ ਨੈਣ ਸਰਬ ਸ਼ਰਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਆਪਣਾ ਖੇਲ ਆਪ ਕਰਾਇਆ। ਅੰਤ ਖੇਲ ਹਰਿ ਜੂ ਕਰਨਾ, ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜਾਤਾ ਜਾਮਾ ਧਰਨਾ, ਧਰਤ ਧਵਲ ਦਏ ਸੁਹਾਈਆ। ਸਰਗੁਣ ਅੰਦਰ ਨਿਰਗੁਣ ਵੜਨਾ, ਨਿਰਗੁਣ ਸਰਗੁਣ ਅੰਦਰੋਂ ਬਾਹਰ ਕਢਾਈਆ। ਨਿਰਗੁਣ ਹੋਏ ਆਪਣੇ ਪੌੜੇ ਚੜ੍ਹਨਾ, ਕਰਿਆ ਖੇਲ ਬੇਪਰਵਾਹੀਆ। ਪੌੜੇ ਚੜ੍ਹਕੇ ਘਾੜਨ ਘੜਨਾ, ਗੋਬਿੰਦ ਬਣਤ ਬਣਾਈਆ। ਗੋਬਿੰਦ ਚੁੱਕੇ ਮਰਨਾ ਡਰਨਾ, ਜਨਮ ਮਰਨ ਵਿਚ ਨਾ ਆਈਆ। ਇਕ ਰਖਾਏ ਆਪਣੀ ਸਰਨਾ, ਸਰਨਗਤ ਦਏ ਸਮਝਾਈਆ। ਸਾਚੇ ਘੋੜੇ ਸੁਤ ਦੁਲਾਰੇ ਚੜ੍ਹਨਾ, ਸਾਚਾ ਘੋੜਾ ਆਪ ਵਖਾਈਆ। ਪੁਰਖ ਅਬਿਨਾਸ਼ੀ ਤੇਰੀਆਂ ਵਾਗਾਂ ਫੜਨਾ, ਸੇਵਕ ਹੋ ਹੋ ਸੇਵ ਕਮਾਈਆ। ਨਿਰਭੌ ਹੋਏ ਕਦੇ ਨਾ ਡਰਨਾ, ਭੈ ਅਵਰ ਨਾ ਕੋਈ ਜਣਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਅੰਦਰ ਵੜਨਾ, ਆਪਣਾ ਕੁੰਡਾ ਆਪੇ ਲਾਹੀਆ। ਮੇਰਾ ਅੱਖਰ ਏਕੋ ਪੜ੍ਹਨਾ, ਦੂਜੀ ਹੋਰ ਨਾ ਕੋਈ ਪੜ੍ਹਾਈਆ। ਤੇਰੀ ਸਰਨਗਤ ਤੇਰਾ ਬ੍ਰਹਮ ਤਰਨਾ, ਪਾਰਬ੍ਰਹਮ ਮੇਲ ਮਿਲਾਈਆ। ਚਾਰ ਕੁੰਟ ਦਹਿ ਦਿਸ਼ਾ ਨੌਂ ਖੰਡ ਪ੍ਰਿਥਮੀ ਸੱਤ ਦੀਪ ਚੌਦਾਂ ਲੋਕ ਤ੍ਰੈਭਵਨ ਤੇਰੇ ਅੱਗੇ ਕੋਈ ਨਾ ਅੜਨਾ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦਿਤਾ ਇਕੋ ਵਰ, ਨਾ ਕੋਈ ਮੇਟੇ ਮੇਟ ਮਿਟਾਈਆ। ਮਿਲਿਆ ਵਰ ਹਰਿ ਗੋਬਿੰਦ, ਏਕਾ ਹੁਕਮ ਸੁਣਾਇਆ। ਅੰਤਮ ਮੇਟੇ ਤੇਰੀ ਚਿੰਦ, ਪੁਰਖ ਅਬਿਨਾਸ਼ੀ ਦਏ ਮਿਟਾਇਆ। ਕਰਿਆ ਖੇਲ ਗਹਿਰ ਗੰਭੀਰ ਗੁਣੀ ਗਹਿੰਦ, ਅੰਮ੍ਰਿਤ ਤੇਰੇ ਮੁਖ ਚੁਆਇਆ। ਤੇਰੀ ਉਪਜਾਏ ਗੁਰਸਿਖ ਬਿੰਦ, ਆਪਣੀ ਗੋਦ ਉਪਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਇਆ। ਸਾਚਾ ਮਾਰਗ ਧੁਰ ਫ਼ਰਮਾਨ, ਨਿਰਗੁਣ ਆਪ ਸੁਣਾਈਆ। ਸ਼ਾਹੋ ਭੂਪ ਹਰਿ ਨਿਰੰਕਾਰ, ਨਿਰਗੁਣ ਆਪਣਾ ਖੇਲ ਵਖਾਈਆ। ਦਰ ਦਰ ਸੱਦ ਗੁਰ ਅਵਤਾਰ, ਪਿਛਲਾ ਲੇਖਾ ਰਿਹਾ ਚੁਕਾਈਆ। ਭਗਤ ਭਗਵੰਤ ਦੱਸੇ ਬੋਲ ਜੈਕਾਰ, ਘਰ ਘਰ ਕਰੇ ਪੜ੍ਹਾਈਆ। ਸੰਤਨ ਵਖਾਏ ਮੀਤ ਮੁਰਾਰ, ਕਵਣ ਸੱਜਣ ਮਾਤ ਸੰਗ ਨਿਭਾਈਆ। ਕਲਜੁਗ ਆਈ ਅੰਤਮ ਵਾਰ, ਰੈਣ ਅੰਧੇਰਾ ਇਕੋ ਛਾਈਆ। ਵਰਨ ਬਰਨ ਹੋਣ ਖ਼ਵਾਰ, ਸਾਚੀ ਸਰਨ ਨਾ ਕੋਈ ਤਕਾਈਆ। ਤੀਰਥ ਤਟ ਹਾਹਾਕਾਰ, ਵਿਭਚਾਰ ਪਈ ਲੜਾਈਆ। ਮੰਦਰ ਮਸਜਿਦ ਗੁਰੂਦਵਾਰ, ਵੇਸਵਾ ਘਰ ਰਹੇ ਬਣਾਈਆ। ਏਕਾ ਬੈਠਾ ਗੁਰ ਅਵਤਾਰ, ਜੋ ਦੇਵਣਹਾਰ ਸਜ਼ਾਈਆ। ਲਹਿਣਾ ਦੇਵੇ ਅੰਤਮ ਵਾਰ, ਪੰਡਤ ਪਾਂਧੇ ਮੁਲਾ ਸ਼ੇਖ਼ ਮੁਸਾਇਕ ਪੀਰ ਗ੍ਰੰਥੀ ਪੰਥੀ ਪਕੜੇ ਥਾਉਂ ਥਾਂਈਆ। ਅੰਤਰ ਨੇਤਰ ਰੋਵਣ ਵਹਾਵਣ ਨੀਰ, ਰਾਏ ਧਰਮ ਦਏ ਸਜ਼ਾਈਆ। ਨਾ ਕੋਈ ਸਹਾਈ ਪੀਰ ਫ਼ਕੀਰ, ਦਸਤਗੀਰ ਨਾ ਕੋਈ ਬਚਾਈਆ। ਲੱਖ ਚੁਰਾਸੀ ਵੱਜਾ ਜੰਜੀਰ, ਨਾ ਕੋਈ ਸਕੇ ਤੋੜ ਤੁੜਾਈਆ। ਗੁਰਸਿਖ ਵਿਰਲਾ ਚੋਟੀ ਚੜ੍ਹੇ ਅਖ਼ੀਰ, ਜਿਸ ਗੋਬਿੰਦ ਲਏ ਮਿਲਾਈਆ। ਤੀਰ ਨਿਰਾਲਾ ਮਾਰੇ ਬਿਰਹੋਂ ਜਾਏ ਚੀਰ, ਅੰਮ੍ਰਿਤ ਸੀਰ ਇਕ ਚੁਆਈਆ। ਕੱਟਣਹਾਰਾ ਭੀੜ, ਦੁੱਖ ਦਰਦ ਲਏ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਖਿਲੌਣਾ, ਕਲਜੁਗ ਅੰਤਮ ਵਾਰ। ਚਾਰ ਵਰਨਾਂ ਪ੍ਰਭ ਆਪ ਪਰਗਟੌਣਾ, ਏਕਾ ਦਰ ਸੋਹੇ ਦਵਾਰ। ਏਕਾ ਅੰਮ੍ਰਿਤ ਨਾਮ ਦ੍ਰਿੜੌਣਾ, ਆਤਮ ਪਰਮਾਤਮ ਕਰ ਪਿਆਰ। ਏਕਾ ਮੰਦਰ ਹਰਿ ਸੁਹੌਣਾ, ਘਰ ਘਰ ਵਿਚ ਕਰ ਉਜਿਆਰ। ਏਕਾ ਰਾਗ ਆਪ ਅਲਾਉਣਾ, ਕੋਈ ਤੰਦ ਨਾ ਕੋਈ ਸਤਾਰ। ਏਕਾ ਦੀਪਕ ਆਪ ਜਗੌਣਾ, ਨੂਰੋ ਨੂਰ ਕਰ ਪਸਾਰ। ਹਸਤ ਕੀਟ ਏਕਾ ਰੰਗ ਰੰਗੌਣਾ, ਰੰਗ ਚਾੜ੍ਹੇ ਅਪਰ ਅਪਾਰ। ਅਨਡਿਠ ਪ੍ਰਭ ਖੇਲ ਖਿਲੌਣਾ, ਵੇਦ ਕਤੇਬ ਨਾ ਪਾਇਣ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਏਕਾ ਜਾਣੇ ਧੁਰ ਦਰਬਾਰ, ਸਾਚਾ ਲੇਖਾ ਧੁਰ ਦਰਬਾਰਾ। ਧੁਰਦਰਗਾਹੀ ਆਪ ਜਣਾਇੰਦਾ। ਗੋਬਿੰਦ ਮੇਲਾ ਮੀਤ ਮੁਰਾਰਾ, ਚੇਲਾ ਗੁਰ ਸੋਭਾ ਪਾਇੰਦਾ। ਅੰਤ ਵਿਚੋਲਾ ਬਣੇ ਵਿਚ ਸੰਸਾਰਾ, ਚਾਰ ਜੁਗ ਦਾ ਓਹਲਾ ਆਪ ਚੁਕਾਇੰਦਾ। ਗੁਰ ਅਵਤਾਰ ਕਰਨ ਵਿਚਾਰਾ, ਵਿਚਾਰ ਵਿਚ ਕਦੇ ਨਾ ਆਇੰਦਾ। ਜਿਸ ਨੇ ਦਿ਼ਤਾ ਮਾਤ ਸਹਾਰਾ, ਸੋ ਅੰਤਮ ਦਰ ਬਹਾਇੰਦਾ। ਸਭ ਨੂੰ ਪੁਛੇ ਵਾਰੋ ਵਾਰਾ, ਆਪਣੀ ਕਿਰਤ ਸਰਬ ਵਖਾਇੰਦਾ। ਕੋਈ ਕਹੇ ਆਇਆ ਰਾਮ ਅਵਤਾਰਾ, ਕਵਣ ਕ੍ਰਿਸ਼ਨ ਨਾਚ ਨਚਾਇੰਦਾ। ਕਵਣ ਕਛ ਮਛ ਖੇਲ ਕਰੇ ਅਪਾਰਾ, ਕੋਈ ਧਰਨੀ ਧਵਲ ਡੇਰਾ ਲਾਇੰਦਾ। ਕਵਣ ਬਣੇ ਵਡ ਭਿਖਾਰਾ, ਕਵਣ ਗਾ ਗਾ ਗੀਤ ਸੁਣਾਇੰਦਾ। ਕਵਣ ਕਹੇ ਮੈਂ ਸਾਚਾ ਦੁਲਾਰਾ, ਕਵਣ ਮੇਰੀ ਜਾਤ ਬਣਾਇੰਦਾ। ਕਵਣ ਕਹੇ ਚੌਦਾਂ ਤਬਕ ਮੇਰਾ ਹੁਲਾਰਾ, ਹੁਕਮੀ ਹੁਕਮ ਆਪ ਜਣਾਇੰਦਾ। ਨਾਨਕ ਕਹੇ ਮੈਂ ਗ਼ਰੀਬ ਬੇਚਾਰਾ, ਏਕਾ ਓਟ ਅਕਾਲ ਰਖਾਇੰਦਾ। ਗੋਬਿੰਦ ਬਣਿਆ ਸੁਤ ਦੁਲਾਰਾ, ਬਹਿ ਗੋਦੀ ਖ਼ੁਸ਼ੀ ਮਨਾਇੰਦਾ। ਪੁਰਖ ਅਬਿਨਾਸ਼ੀ ਕਰ ਪਿਆਰਾ, ਸਚ ਸੰਦੇਸ਼ਾ ਇਕ ਸੁਣਾਇੰਦਾ। ਕਲਜੁਗ ਆਏ ਅੰਤਮ ਵਾਰਾ, ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਸਭ ਦਾ ਲੇਖਾ ਆਪ ਮੁਕਾਇੰਦਾ। ਅੱਗੇ ਜਾਣੇ ਆਪਣੀ ਕਾਰਾ, ਨਾ ਕੋਈ ਜਾਣੇ ਹਰਿ ਵਿਹਾਰਾ, ਬੇਅੰਤ ਬੇਅੰਤ ਕਹਿ ਕਹਿ ਪੱਲੂ ਸਰਬ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪਣਾ ਵੇਸ ਆਪ ਵਟਾਇੰਦਾ। ਗੋਬਿੰਦ ਗੁਰ ਨੈਣ ਉਠਾ, ਪ੍ਰਭ ਅਗੇ ਸੀਸ ਝੁਕਾਈਆ। ਕਵਣ ਰੂਪ ਬਣਿਆ ਮਲਾਹ, ਲੋਕਮਾਤ ਵੇਸ ਵਟਾਈਆ। ਏਕਾ ਦੇਣ ਸਚ ਸਲਾਹ, ਲਿਖਣ ਪੜ੍ਹਨ ਵਿਚ ਨਾ ਆਈਆ। ਤੇਰਾ ਢੋਲਾ ਕੋਈ ਨਾ ਸਕੇ ਗਾ, ਤੇਰਾ ਓਹਲਾ ਸਕੇ ਨਾ ਕੋਈ ਚੁਕਾਈਆ। ਤੂੰ ਮੌਲਾ ਸਭ ਮੇਂ ਰਿਹਾ ਸਮਾ, ਬਿਸਮਿਲ ਤੇਰੀ ਵਡਿਆਈਆ। ਇਲਲਿੱਲਾ ਪਕੜੇ ਤੇਰੀ ਬਾਂਹ, ਅੱਲਾ ਹੂ ਹੂ ਕੂਕ ਕੂਕ ਸੁਣਾਈਆ। ਤੂੰ ਪਾਕੀ ਪਾਕ ਪਰਵਰਦਿਗਾਰ ਪੀਰ ਪੈਗ਼ੰਬਰਾਂ ਬਖ਼ਸ਼ਣਹਾਰ ਰੂਹ, ਅਸਲੀਅਤ ਆਪਣੀ ਆਪ ਕਮਾਈਆ। ਬਿਨ ਰਸਨਾ ਬਿਨ ਜਿਹਵਾ ਗਾਵਾਂ ਤੂੰ ਹੀ ਤੂੰ, ਏਕ ਤੂੰਹੀ ਏਕ ਤੂੰਹੀ ਏਕ ਤੂੰਹੀ ਨਾਮ ਧਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੋਟਨ ਕੋਟ ਸਾਧ ਸੰਤ ਤੇਰੀ ਆਪਣੇ ਅੰਦਰ ਵੜ ਵੜ ਕੱਢਦੇ ਗਏ ਸੂ, ਤੇਰਾ ਅੰਤ ਕੋਈ ਨਾ ਪਾਈਆ। ਜਿਧਰ ਵੇਖਣ ਨਜ਼ਰੀ ਆਵੇਂ ਤੂੰ, ਤੇਰੇ ਅਗੇ ਸੀਸ ਝੁਕਾਈਆ। ਮੈਂ ਨਾ ਜਾਣਾ ਤੇਰਾ ਵੱਡਾ ਖਾਤਾ ਖੂਹ, ਜਿਸ ਵਿਚ ਕੋਟਨ ਕੋਟ ਗੁਰ ਅਵਤਾਰ ਰਿਹਾ ਛੁਪਾਈਆ। ਤੇਰੀ ਨਾਨਕ ਚੜ੍ਹਕੇ ਵੇਖੀ ਜੂਹ, ਜਿਥੇ ਬੈਠਾ ਆਸਣ ਲਾਈਆ। ਮੁੜ ਕੇ ਲੋਕਮਾਤ ਨਾ ਵਖਾਇਆ ਮੂੰਹ, ਤੇਰੀ ਬੈਠਾ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਸਾਚਾ ਵਰ, ਗੋਬਿੰਦ ਅੱਗੇ ਝੋਲੀ ਡਾਹੀਆ। ਗੋਬਿੰਦ ਝੋਲੀ ਦਿਤੀ ਡਾਹ, ਪੁਰਖ ਅਕਾਲ ਦਇਆ ਕਮਾਇੰਦਾ। ਨਿਰਗੁਣ ਹੋ ਕੇ ਬਣਾਂ ਮਲਾਹ, ਤੇਰਾ ਬੇੜਾ ਮਾਤ ਚਲਾਇੰਦਾ। ਜੇ ਪੁੱਛੇ ਦੇਵਾਂ ਸਲਾਹ, ਲੇਖਾ ਲੇਖ ਨਾ ਕੋਈ ਲਿਖਾਇੰਦਾ। ਆਪਣੇ ਚਰਨਾਂ ਦੇਵਾਂ ਤੈਨੂੰ ਪਨਾਹ, ਦੂਜੇ ਦਰ ਨਾ ਕੋਈ ਬਹਾਇੰਦਾ। ਲੋਕਮਾਤ ਲਵਾਂ ਪਰਗਟਾ, ਮਾਤ ਗੁਜਰੀ ਸੀਰ ਨਾ ਕੋਈ ਪਿਆਇੰਦਾ। ਆਪਣੀ ਜੋਤ ਜੋਤ ਨਾਲ ਲਵਾਂ ਮਿਲਾ, ਸ਼ਬਦੀ ਤੇਰਾ ਰੰਗ ਵਟਾਇੰਦਾ। ਤੂੰ ਵਸੀਂ ਹਰ ਘਟ ਥਾਂ, ਤੇਰੇ ਮੰਦਰ ਸੋਭਾ ਪਾਇੰਦਾ। ਮੈਂ ਕਰਾਂ ਸਚ ਨਿਆਂ, ਦੇਣਾ ਕਦੇ ਮੋਹੇ ਨਾ ਭਾਇੰਦਾ। ਅੰਤ ਪਕੜਾਂ ਤੇਰੀ ਬਾਂਹ, ਦੋ ਜਹਾਨਾਂ ਪੰਧ ਮੁਕਾਇੰਦਾ। ਤੇਰੇ ਘਰ ਬਹਿ ਕੇ ਨਾ ਕੁਛ ਪੀਆਂ ਨਾ ਕੁਛ ਖਾਂ, ਨਾ ਕੋਈ ਓਡਨ ਤਨ ਹੰਢਾਇੰਦਾ। ਨਾ ਜਪਾਂ ਕਿਸੇ ਦਾ ਨਾਂ, ਨਾ ਓਟ ਕੋਈ ਰਖਾਇੰਦਾ। ਨਾ ਕਿਸੇ ਨੂੰ ਕਹਿਣਾ ਮਾਂ, ਨਾ ਪਿਤਾ ਕੋਈ ਬਣਾਇੰਦਾ। ਜਿਧਰ ਵੇਖੇਂ ਨਜ਼ਰੀ ਜਾਵਾਂ ਆ, ਤੇਰੀ ਨਜ਼ਰ ਨਜ਼ਰ ਵਿਚ ਮਿਲਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਅੱਖੀਂ ਘੱਟਾਂ ਦੇਵਾਂ ਪਾ, ਮੇਰਾ ਭੇਵ ਕੋਈ ਨਾ ਪਾਇੰਦਾ। ਕਿਸੇ ਦੇ ਮੂੰਹ ਵਿਚ ਦੇਵਾਂ ਸੂਰ ਕਿਸੇ ਦੇ ਮੂੰਹ ਵਿਚ ਦੇਵਾਂ ਗਾਂ, ਮਾਨਸ ਜਨਮ ਸਰਬ ਰੁੜ੍ਹਾਇੰਦਾ। ਇਕੋ ਇਕ ਆਪਣਾ ਸਚ ਜਪਾਵਾਂ ਨਾਂ, ਜਿਸ ਜਪਿਆ ਤਿਸ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਆਪਣਾ ਵੇਲਾ ਅੰਤ ਸਮਝਾਇੰਦਾ। ਵੇਲਾ ਅੰਤਮ ਜਾਣਾ ਆ, ਆਪਣਾ ਪੰਧ ਮੁਕਾਈਆ। ਗੋਬਿੰਦ ਚੜ੍ਹੇ ਇਕੋ ਚਾਅ, ਚਾਅ ਕਰੇ ਸੱਚਾ ਸ਼ਹਿਨਸ਼ਾਹੀਆ। ਲੱਭਣ ਗਿਆਂ ਲੱਭੇ ਨਾ ਕਿਸੇ ਰਾਹ, ਲੱਭ ਲੱਭ ਥੱਕੀ ਸਰਬ ਲੋਕਾਈਆ। ਮੰਦਰ ਮਸਜਿਦ ਕੂਕ ਕੂਕ ਟੱਲ ਰਹੇ ਖੜਕਾ, ਆਤਮ ਨਾਦ ਨਾ ਕੋਈ ਵਜਾਈਆ। ਬੱਤੀ ਦੰਦ ਪੜ੍ਹ ਪੜ੍ਹ ਰਹੇ ਗਾ, ਆਤਮ ਅੰਤਰ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਸਭ ਦਾ ਲਹਿਣਾ ਦਏ ਚੁਕਾਈਆ। ਸਭ ਦਾ ਲਹਿਣਾ ਮੁਕਾਏ ਕਰਤਾ ਪੁਰਖ, ਕਰਨਹਾਰ ਕਰਤਾਰਾ। ਆਦਿ ਅੰਤ ਜੁਗਾ ਜੁਗੰਤ ਨਾ ਕੋਈ ਸੋਗ ਨ ਕੋਈ ਹਰਖ, ਕਰੇ ਖੇਲ ਅਗੰਮ ਅਪਾਰਾ। ਨਿਰਗੁਣ ਸਰਗੁਣ ਕਰੇ ਪਰਖ, ਅਲਖ ਅਗੋਚਰ ਅਗੰਮ ਅਪਾਰਾ। ਗੁਰਮੁਖ ਵਿਰਲੇ ਉਪਰ ਕਰੇ ਤਰਸ, ਬਖਸ਼ੇ ਦਰਸ ਦੀਦਾਰਾ। ਜਗਤ ਤ੍ਰਿਸ਼ਨਾ ਮੇਟੇ ਹਰਸ, ਮਮਤਾ ਮੋਹ ਪਾਰ ਕਿਨਾਰਾ। ਅੰਮ੍ਰਿਤ ਮੇਘ ਦੇਵੇ ਬਰਸ, ਤਨ ਕਰੇ ਠੰਡਾ ਠਾਰਾ। ਜੂਨ ਅਜੂਨੀ ਜਾਏ ਨਾ ਭਟਕ, ਜਿਸ ਮਿਲਿਆ ਗੁਰ ਕਰਤਾਰਾ। ਅਧਵਿਚਕਾਰ ਨਾ ਜਾਏ ਅਟਕ, ਸਤਿਗੁਰ ਕਰੇ ਪਾਰ ਕਿਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਲਿਖਤ ਪੜ੍ਹਤ, ਆਪੇ ਹੁਕਮੀ ਹੁਕਮ ਕਰੇ ਵਰਤਾਰਾ। ਹੁਕਮੀ ਹੁਕਮ ਸਚ ਵਰਤਾਰ, ਅੰਤਮ ਆਪ ਕਰਾਈਆ। ਗੁਰ ਅਵਤਾਰ ਕਰਨ ਨਿਮਸਕਾਰ, ਭਗਤ ਭਗਵਾਨ ਸੀਸ ਝੁਕਾਈਆ। ਸੰਤਨ ਮੰਗਣ ਏਕਾ ਦਾਨ, ਖ਼ਾਲੀ ਝੋਲੀ ਰਹੇ ਵਖਾਈਆ। ਗੁਰਮੁਖ ਚਰਨ ਕਵਲ ਕਰਨ ਧਿਆਨ, ਨੇਤਰ ਨੈਣ ਨੈਣ ਸਰਨਾਈਆ। ਗੁਰਮੁਖ ਚਰਨ ਧੂੜ ਕਰਨ ਪਰਵਾਨ, ਮਸਤਕ ਟਿੱਕਾ ਏਕਾ ਲਾਈਆ। ਗੋਬਿੰਦ ਸੂਰਾ ਮਿਲਿਆ ਆਣ, ਜਿਸ ਹਰਿ ਜੂ ਲਿਆ ਮਿਲਾਈਆ। ਹਰਿ ਜੂ ਵਿਕਿਆ ਇਕ ਦੁਕਾਨ, ਗੋਬਿੰਦ ਹੱਟ ਚਲਾਈਆ। ਗੋਬਿੰਦ ਹੱਟ ਜਗਤ ਮਹਾਨ, ਦਿਸ ਕਿਸੇ ਨਾ ਆਈਆ। ਗੁਰਮੁਖ ਵਿਰਲਾ ਲਾਹਾ ਲਏ ਖੱਟ, ਜਿਸ ਸਿਰ ਆਪਣਾ ਹੱਥ ਟਿਕਾਈਆ। ਡੂੰਘੇ ਖਾਤੇ ਪਾਏ ਹੱਥ, ਨਾਮ ਖ਼ਜ਼ਾਨਾ ਲੁੱਟੇ ਚਾਈਂ ਚਾਈਂਆ। ਅੰਦਰ ਵੜ ਕੇ ਗਾਏ ਪ੍ਰਭ ਆਪਣੇ ਦਾ ਜਸ, ਰਸਨਾ ਜੇਹਵਾ ਨਾ ਕਿਸੇ ਸੁਣਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਪੂਰੀ ਕਰੇ ਆਸ, ਨਿਰਾਸਾ ਨਜ਼ਰ ਕੋਇ ਨਾ ਆਈਆ। ਸਦਾ ਸੁਹੇਲਾ ਇਕ ਅਕੇਲਾ ਵਸੇ ਪਾਸ, ਘਰ ਮੰਦਰ ਸਚ ਸੁਹਾਈਆ। ਨਿਰਗੁਣ ਜੋਤ ਕਰ ਪ੍ਰਕਾਸ਼, ਅੰਧ ਅੰਧੇਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਜਣਾਈਆ। ਏਕਾ ਗੁਣ ਹਰਿ ਜਣਾਇਆ, ਕਲਜੁਗ ਅੰਤ ਅੰਤ ਸਮਝਾਈਆ। ਚਾਰ ਵਰਨ ਕੋਈ ਰਹਿਣ ਨਾ ਪਾਇਆ, ਜਾਤ ਪਾਤ ਨਾ ਕੋਈ ਵਡਿਆਈਆ। ਮੰਦਰ ਮਸਿਜਦ ਮਠ ਸ਼ਿਵਦਵਾਲਾ ਨਾ ਕੋਈ ਪਿਆਰ, ਗੁਰੂਦਵਾਰ ਨਾ ਕੋਈ ਸਹਾਈਆ। ਅੰਤਮ ਲਹਿਣਾ ਦੇਣਾ ਚੁਕਣਾ ਤਟ ਕਿਨਾਰ, ਅਠਸਠ ਤੀਰਥ ਨਹਾਵਨ ਕੋਈ ਨਾ ਜਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵਣ ਜ਼ਾਰੋ ਜ਼ਾਰ, ਭੋਲਾ ਨਾਥ ਨਾ ਕੋਈ ਸਹਾਈਆ। ਜਿਸ ਆਦਿ ਦਿਤੀ ਧਾਰ, ਸੋ ਅੰਤਮ ਲਏ ਮਿਟਾਈਆ। ਸਚਖੰਡ ਖੇਲ ਕਰਤਾਰ, ਆਪਣਾ ਆਪ ਸਮਝਾਈਆ। ਗੁਰ ਪੀਰ ਕਰੋ ਵਿਚਾਰ, ਲੋਕਮਾਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਸਮਝਾਈਆ। ਗੁਰ ਅਵਤਾਰ ਨੈਣ ਸ਼ਰਮਾ, ਪ੍ਰਭ ਚਰਨ ਧਿਆਨ ਲਗਾਇਆ। ਤੇਰਾ ਹੁਕਮ ਆਏ ਸੁਣਾ, ਸਚ ਸੰਦੇਸਾ ਮਾਤ ਅਲਾਇਆ। ਤੇਰਾ ਮਾਰਗ ਆਏ ਵਖਾ, ਮਾਰਗ ਏਕਾ ਏਕ ਜਣਾਇਆ। ਤੂੰ ਸਭ ਨੂੰ ਦਈਂ ਭੁਲਾ, ਤੇਰੇ ਅਗੇ ਨਾ ਕੋਈ ਚਤੁਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਗੁਣ ਨਿਰਗੁਣ ਲਏ ਮਿਲਾਇਆ। ਨਿਰਗੁਣ ਬੋਲ ਬੋਲੇ ਜੈਕਾਰਾ ਨਾਨਕ ਨਾਨਕ ਨਾਨਕ ਏਕਾ ਏਕ ਕਰੇ ਵਡਿਆਈਆ। ਏਕਾ ਨਾਨਕ ਨਾਨਕ ਇਕ ਦਾਦਕ, ਇਕ ਨਾਨਕ ਹਰਿ ਕੀ ਗੋਦ ਰਿਹਾ ਸੁਹਾਈਆ। ਤਿੰਨੇ ਨਾਨਕ ਪ੍ਰਭ ਰੱਖੀ ਰੱਖੀ ਇਕੋ ਆਦਤ, ਆਦਤ ਵਿਗੜ ਕਦੇ ਨਾ ਜਾਈਆ। ਜਿਸ ਸੱਚੀ ਦੱਸੀ ਇਕ ਅਬਾਦਤ, ਹਿੰਦੂ ਮੁਸਲਿਮ ਕਰ ਪੜ੍ਹਾਈਆ। ਸੋ ਨਾਨਕ ਸਦਾ ਸਲਾਮਤ, ਨਿਰੰਕਾਰ ਰਿਹਾ ਸਮਾਈਆ। ਨਾ ਲੱਗੇ ਕੋਈ ਅਲਾਮਤ, ਅਲੈਹਿਦਾ ਰੂਪ ਨਾ ਕੋਈ ਵਟਾਈਆ। ਗੁਰਮੁਖਾਂ ਦੀ ਇਕੋ ਵਾਰ ਦੇ ਕੇ ਗਿਆ ਜ਼ਮਾਨਤ, ਦੂਜੀ ਵਾਰ ਜ਼ਿਮਨੀ ਹੋਰ ਨਾ ਕੋਈ ਲਿਖਾਈਆ। ਜਿਸ ਮਿਲਿਆ ਸਤਿਗੁਰ ਨਾਨਕ, ਸੋ ਨਾਨਕ ਆਪਣੇ ਸਤਿਗੁਰ ਲਏ ਮਿਲਾਈਆ। ਪਾਰਬ੍ਰਹਮ ਬੇਅੰਤ ਸਵਾਮੀ ਕਰੇ ਖੇਲ ਅੰਤ ਅਚਾਨਕ, ਨਿਹਕਲੰਕ ਨਾਉਂ ਰਖਾਈਆ। ਜਿਸ ਦੀ ਕਰੇ ਨਾ ਕੋਈ ਪਛਾਨਤ, ਪੇਸ਼ਵਾ ਕਰੇ ਨਾ ਕੋਈ ਪੜ੍ਹਾਈਆ। ਚਾਰ ਵਰਨ ਕਰਕੇ ਗਿਆ ਮੁਮਾਨਤ, ਜ਼ਾਤ ਪਾਤ ਕਰੇ ਨਾ ਕੋਈ ਪੜ੍ਹਾਈਆ। ਇਕ ਨਾਮ ਸਦਾ ਅਮਾਨਤ, ਘਰ ਘਰ ਗਿਆ ਟਿਕਾਈਆ। ਪੁਰਖ ਅਬਿਨਾਸ਼ੀ ਹੋਏ ਜਾਨਤ, ਜਾਨਣਹਾਰ ਭੁੱਲ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਜੀਵ ਜੰਤ ਗਿਆ ਸਮਝਾਈਆ। ਜੀਵ ਜੰਤ ਸਮਝਾਇਆ ਹਰਿ ਕਾ ਖੇਲ, ਏਕਾ ਗੁਣ ਵਿਚਾਰ। ਪੁਰਖ ਅਬਿਨਾਸ਼ੀ ਵਸੇ ਆਪਣੇ ਦੇਸ, ਨਿਰਗੁਣ ਜਾਮਾ ਧਾਰ। ਨਾ ਮੁੱਛ ਦਾੜੀ ਰੱਖੇ ਕੇਸ, ਮੂੰਡ ਮੁੰਡਾਏ ਨਾ ਸੱਚੀ ਸਰਕਾਰ। ਲੱਖ ਚੁਰਾਸੀ ਲਏ ਵੇਖ, ਭੁੱਲੇ ਕਦੇ ਨਾ ਭੁੱਲਣਹਾਰ। ਤਿਸ ਅਗੇ ਚਲੇ ਨਾ ਕੋਈ ਪੇਸ਼, ਸਭ ਹੋਏ ਗੁਨਾਹਗਾਰ। ਮੇਰਾ ਸਾਹਿਬ ਰਹੇ ਹਮੇਸ਼, ਜਿਸ ਦੀ ਸੱਚੀ ਕਾਰ। ਮੈਂ ਸੇਵਾ ਕਰਾਂ ਹੱਥ ਫੜ ਖੁੰਡੀ ਮੋਡੇ ਧਰ ਧਰ ਖੇਸ, ਆਪ ਆਪਾ ਆਪੇ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਰੇ ਸਚ ਵਿਹਾਰ। ਸਚ ਵਿਹਾਰ ਹਰਿ ਕਰੌਣਾ, ਗੁਰ ਸਤਿਗੁਰ ਆਪ ਜਣਾਇੰਦਾ। ਨਿਹਕਲੰਕ ਜਾਮਾ ਪੌਣਾ, ਡੰਕਾ ਏਕਾ ਸ਼ਬਦ ਵਜਾਇੰਦਾ। ਪਿਛਲਾ ਲਹਿਣਾ ਸਭ ਦਾ ਆਪਣੇ ਖਾਤੇ ਪੌਣਾ, ਆਪਣਾ ਖਾਤਾ ਫੇਰ ਬਣਾਇੰਦਾ। ਗੁਰਮੁਖ ਸਾਚੇ ਆਪ ਪਰਗਟੌਣਾ, ਲੋਕਮਾਤ ਮਾਣ ਦਵਾਇੰਦਾ। ਸਰਗੁਣ ਹੋਏ ਨਿਰਗੁਣ ਆਪਣਾ ਖੇਲ ਖਿਲੌਣਾ, ਨਿਰਗੁਣ ਹੋਏ ਆਪਣਾ ਢੋਲਾ ਆਪ ਜਣਾਇੰਦਾ। ਸਰਗੁਣ ਫੇਰ ਰੰਗ ਰੰਗੌਣਾ, ਨਿਰਗੁਣ ਧਾਰ ਚਲਾਇੰਦਾ। ਸਿੰਘ ਪਾਲ ਪਾਲ ਵਡਿਔਣਾ, ਬ੍ਰਹਮੇ ਬ੍ਰਹਮ ਜੋਤ ਜਗਾਇੰਦਾ। ਗੁਰਮੁਖ ਸਾਚਾ ਸਾਚੇ ਧਾਮ ਰਖੌਣਾ, ਸਾਚਾ ਮਾਰਗ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪਣਾ ਰਾਹ ਆਪ ਜਣਾਇੰਦਾ। ਸ਼ੰਕਰ ਅੰਤਮ ਕਰੇ ਪਾਰ, ਸੋ ਪੁਰਖ ਨਿਰੰਜਣ ਪਾਰ ਕਰਾਈਆ। ਗੁਰਮੁਖ ਸਾਚੇ ਲਏ ਉਭਾਰ, ਲੋਕਮਾਤ ਜਨਮ ਦਵਾਈਆ। ਫੜ ਫੜ ਬਾਹੋਂ ਲਏ ਉਠਾਲ, ਸੇਵਕ ਬਣ ਬਣ ਸੇਵ ਕਮਾਈਆ। ਸਾਚਾ ਮਾਰਗ ਦਏ ਵਖਾਲ, ਅਨਡਿਠੜਾ ਰਾਹ ਚਲਾਈਆ। ਚਲੇ ਚਲਾਏ ਅਵੱਲੜੀ ਚਾਲ, ਚਾਲ ਨਿਰਾਲੀ ਇਕ ਰਖਾਈਆ। ਸਾਚੇ ਸੁਤ ਸਾਚੇ ਤਖ਼ਤ ਦਏ ਬਹਾਲ, ਜਗਦੀਸ ਸੀਸ ਛਤਰ ਝੁਲਾਈਆ। ਮੇਲ ਮਿਲਾਵਾ ਦੀਨ ਦਿਆਲ, ਦਇਆਨਿਧ ਸਦਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਮਾਰਗ ਆਪ ਵਖਾਈਆ। ਅਗਲਾ ਮਾਰਗ ਹਰਿ ਜੂ ਲੌਣਾ, ਲਹਿਣਾ ਸਭ ਦਾ ਆਪ ਮੁਕਾਇੰਦਾ। ਇੰਦ ਇੰਦਾਰਸਨ ਆਪ ਤਜੌਣਾ, ਕ੍ਰੋੜ ਤੇਤੀਸਾ ਪੰਧ ਮੁਕਾਇੰਦਾ। ਛੋਟੇ ਬਾਲੇ ਮਾਣ ਦਵੌਣਾ, ਮਨਜੀਤਾ ਜਿਤਿਆ ਕਦੇ ਨਾ ਜਾਇੰਦਾ। ਪੁਰਖ ਅਬਿਨਾਸ਼ੀ ਏਕਾ ਢੋਲਾ ਗੌਣਾ, ਏਕਾ ਹੁਕਮ ਸੁਣਾਇੰਦਾ। ਦਰ ਦਵਾਰ ਆਪ ਪਰਗਟੌਣਾ, ਭਗਤ ਭਗਵੰਤ ਖੇਲ ਖਿਲਾਇੰਦਾ। ਧਰੂ ਆਪਣੇ ਲੇਖੇ ਲੌਣਾ, ਲੇਖਾ ਪਿਛਲਾ ਝੋਲੀ ਪਾਇੰਦਾ। ਗੁਰਮੁਖ ਸਾਚੇ ਬਣਤ ਬਣੌਣਾ, ਸਿੰਘ ਸਵਰਨ ਮਾਣ ਵਡਿਆਇੰਦਾ। ਸਾਚਾ ਮਾਰਗ ਰਾਹ ਵਖੌਣਾ, ਲੋਕਮਾਤ ਵੰਡ ਵੰਡਾਇੰਦਾ। ਸਚ ਦਵਾਰਾ ਇਕ ਸੁਹੌਣਾ, ਰਾਜ ਜੋਗ ਇਕ ਕਮਾਇੰਦਾ। ਬਲ ਬਾਵਨ ਵੇਖ ਵਖੌਣਾ, ਹੁਕਮੀ ਹੁਕਮ ਆਪ ਫਿਰਾਇੰਦਾ। ਚੌਥੇ ਜੁਗ ਕ਼ਰਜ਼ਾ ਲੌਹਣਾ, ਕੀਤਾ ਕੌਲ ਪੂਰ ਕਰਾਇੰਦਾ। ਸੰਬਲ ਦੇਸ ਡੇਰਾ ਲੌਣਾ, ਸਾਂਤਕ ਸਤਿ ਕਰਾਇੰਦਾ। ਆਪਣਾ ਮੇਲ ਆਪ ਮਿਲੌਣਾ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਤ੍ਰੈਗੁਣ ਮਾਇਆ ਝੋਲੀ ਪੌਣਾ, ਏਕਾ ਇਕੀ ਵੰਡ ਵੰਡਾਇੰਦਾ। ਜੇਠ ਅਗਨੀ ਠੰਡੀ ਠਾਰ ਕਰੌਣਾ, ਵਾਹ ਵਾਹ ਸਾਚੀ ਰੁਤ ਸੁਹਾਇੰਦਾ। ਬਣ ਦਾਨੀ ਸਾਚਾ ਦਾਨ ਕਰੌਣਾ, ਸੰਮਤ ਸੋਲਾਂ ਰਾਹ ਚਲਾਇੰਦਾ। ਸੋ ਪਕਵਾਨ ਇਕ ਪਕੌਣਾ, ਪੁਰਖ ਅਬਿਨਾਸ਼ੀ ਸੇਵ ਕਮਾਇੰਦਾ। ਇਕ ਇਕ ਫੁਲਕਾ ਇਕ ਇਕ ਸਿੱਖ ਆਪ ਵਰਤੌਣਾ, ਵਰਤਾਵਣਹਾਰ ਆਪਣਾ ਭੇਵ ਨਾ ਕਿਸੇ ਜਣਾਇੰਦਾ। ਅੰਤਮ ਲੇਖਾ ਆਪਣੇ ਲੇਖੇ ਪੌਣਾ, ਤਨ ਮੰਦਰ ਆਪ ਸੁਹਾਇੰਦਾ। ਹੱਡੀਆਂ ਬਾਲਣ ਆਪ ਬਣੌਣਾ, ਜੋਤੀ ਅਗਨੀ ਲੰਬੂ ਲਾਇੰਦਾ। ਅੰਤਮ ਮੇਲਾ ਮੇਲ ਮਿਲੌਣਾ, ਮਿਲਿਆ ਮੇਲ ਵਿਛੜ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਰੰਗ ਆਪ ਰੰਗਾਇੰਦਾ। ਰੰਗਣ ਰੰਗ ਚਲੂਲ, ਰੰਗਣਹਾਰਾ ਇਕ ਅਖਵਾਈਆ। ਸਤਿਜੁਗ ਕੌਲ ਨਾ ਗਿਆ ਭੂਲ, ਕਲਜੁਗ ਅੰਤਮ ਪੂਰ ਕਰਾਈਆ। ਲਹਿਣਾ ਚੁੱਕਿਆ ਲੈਣਾ ਮੂਲ, ਦੇਣਾ ਦੇਣਾ ਝੋਲੀ ਭਰਾਈਆ। ਆਪਣਾ ਦਰ ਕਰਿਆ ਕ਼ਬੂਲ, ਮਹਿਬੂਬ ਵਡੀ ਵਡਿਆਈਆ। ਦਰ ਪੰਘੂੜਾ ਰਿਹਾ ਝੂਲ, ਚਰਨ ਸਰਨ ਮਿਲੀ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦਰਸ ਆਪ ਕਰਾਈਆ। ਪਾਇਆ ਦਰਸ ਸ੍ਰੀ ਭਗਵੰਤ, ਵੱਜੀ ਸਚ ਵਧਾਈਆ। ਦੋਏ ਜੋੜ ਕਰੇ ਬੇਨੰਤ, ਵਾਹ ਵਾਹ ਤੇਰੀ ਵਡੀ ਵਡਿਆਈਆ। ਮੈਂ ਮੰਗਾਂ ਮੰਗ ਬਣਕੇ ਮੰਗਤ, ਅੱਗੇ ਝੋਲੀ ਡਾਹੀਆ। ਚੌਥਾ ਜੁਗ ਦਿਸੇ ਭੁੱਖ ਨੰਗਤ, ਨਾਮ ਵਸਤ ਨਾ ਕੋਇ ਰਖਾਈਆ। ਇਕ ਨਾਨਕ ਲਾਇਆ ਅੰਗ ਅੰਗਦ, ਅੰਗੀਕਾਰ ਕਰ ਗਇਆ ਸਮਝਾਈਆ। ਅਮਰ ਦਾਸ ਮੰਗੀ ਸਾਚੀ ਮੰਗਤ, ਰਾਮ ਦਾਸ ਭੁੱਖ ਨੰਗਤ ਦਏ ਮਿਟਾਈਆ। ਗੁਰ ਅਰਜਨ ਤੋੜੇ ਹਉਮੇ ਹੰਗਤ, ਬਾਣੀ ਬਾਣ ਨਿਰਾਲਾ ਤੀਰ ਚਲਾਈਆ। ਹਰਿ ਗੋਬਿੰਦ ਦੇਵੇ ਜਨਤ, ਹਿੰਦੂ ਮੁਸਲਿਮ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਸਮਝਾਈਆ। ਸਾਚਾ ਭੇਵ ਖੋਲ੍ਹੇ ਬੋਲ, ਬੋਲ ਬੋਲ ਸੁਣਾਇਆ। ਹਰਿ ਰਾਏ ਹਰਿ ਗਿਆ ਮੌਲ, ਹਰਿ ਹਰਿ ਰੂਪ ਵਟਾਇਆ। ਕ੍ਰਿਸ਼ਨਾ ਹਰਿ ਹਰਿ ਕਰਿਆ ਖੇਲ ਉਪਰ ਧਵਲ, ਬਾਲੀ ਬਾਲਾ ਰੂਪ ਜਣਾਇਆ। ਤੇਗ਼ ਬਹਾਦਰ ਸਾਚਾ ਹਰਿ ਘਟ ਘਟ ਗਿਆ ਮੌਲ, ਰੂਪ ਰੰਗ ਰੰਗ ਰੂਪ ਨਾ ਕੋਈ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਦਰ ਇਕ ਵਡਿਆਇਆ। ਤੇਰਾ ਦਰ ਵੱਡਾ ਦਰਬਾਰਾ, ਵਡ ਵੱਡੀ ਤੇਰੀ ਵਡਿਆਈਆ। ਤੇਰੇ ਘਰ ਵੱਡਾ ਭੰਡਾਰਾ, ਅਤੋਟ ਅਤੁਟ ਵਰਤਾਈਆ। ਤੇਰਾ ਨਾਮ ਵੱਡਾ ਵਣਜਾਰਾ, ਸਾਚਾ ਵਣਜ ਇਕ ਵਖਾਈਆ। ਤੇਰਾ ਹਦ ਪਾਰ ਕਿਨਾਰਾ, ਬੇਹੱਦ ਤੇਰੀ ਸ਼ਹਿਨਸ਼ਾਹੀਆ। ਤੇਰਾ ਗੋਬਿੰਦ ਸੁਤ ਦੁਲਾਰਾ, ਤੇਰੇ ਘਰ ਵਸੇ ਚਾਈਂ ਚਾਈਂਆ। ਤੇਰੀਆਂ ਸੰਗਤਾਂ ਕਰੇ ਪਿਆਰਾ, ਤੇਰੇ ਗੁਰਸਿਖ ਨਾਲ ਮਿਲਾਈਆ। ਨਾਨਕ ਲਿਖ ਕੇ ਗਿਆ ਲੇਖ ਅਪਾਰਾ, ਤੇਰੀ ਮਹਿਮਾ ਮਾਤ ਜਣਾਈਆ। ਤੂੰ ਭਗਤਾਂ ਦਈਂ ਸਹਾਰਾ, ਨਿਰਧਨ ਸਰਧਨ ਧੀਰ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੈਂ ਬੈਠਾ ਸੀਸ ਝੁਕਾਈਆ। ਕਬ ਰਾਜਾ ਮੈਂ ਕਬ ਭਿਖਾਰੀ, ਕਬ ਤਾਜ ਸੀਸ ਟਿਕਾਇੰਦਾ। ਕਦ ਦਰਵੇਸ਼ ਕਦ ਦਰਬਾਰੀ, ਕਦ ਹੁਕਮੀ ਹੁਕਮ ਸੁਣਾਇੰਦਾ। ਕਦ ਵੇਲਾ ਤੇਰੇ ਚਰਨ ਕਰਾਂ ਨਿਮਸਕਾਰੀ, ਆਪਣਾ ਦੁਖ ਸੁਣਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਅਡੀਕ ਰੱਖੀ ਤੇਰੀ ਔਣ ਦੀ ਵਾਰੀ, ਤੂੰ ਕਲਜੁਗ ਅੰਤਮ ਆਈਆ। ਮੈਂ ਆਪਾ ਤੇਰੇ ਉਤੋਂ ਦਿਤਾ ਵਾਰੀ, ਬੰਸ ਭੇਟ ਚੜ੍ਹਾਈਆ। ਜੇ ਕੋਈ ਹੈ ਦਰਦ ਨਿਭਾ ਲੇ ਯਾਰੀ, ਬੇਦਰਦ ਤੇਰੀ ਬੇਦਰਦੀ ਮੇਰੀ ਸ਼ਹਿਨਸ਼ਾਹੀਆ। ਆਪਣਾ ਨਾਮ ਕਰਦ ਫੇਰ ਮੇਰੇ ਸੀਸ ਇਕ ਵਾਰੀ, ਮੇਰੀ ਰਗ ਰਗ ਖ਼ੁਸ਼ੀ ਮਨਾਈਆ। ਮੇਰਾ ਖ਼ੂਨ ਬਣ ਪਰਚੂਨ ਤੇਰੀ ਖਿਲਤ ਨੀਂਹ ਗਿਆ ਉਸਾਰੀ, ਮਖ਼ਲੂਕ਼ ਤੇਰੀ ਜਣਾਈਆ। ਪੀਰ ਪੈਗ਼ੰਬਰ ਜਿਸ ਦੁਖੜੇ ਨੂੰ ਰੋਵਣ ਜ਼ਾਰੋ ਜ਼ਾਰੀ, ਗੋਬਿੰਦ ਝਲ ਝਲ ਖ਼ੁਸ਼ੀ ਮਨਾਈਆ। ਆ ਵੇਖ ਮੇਰੀ ਫੁਲਵਾੜੀ, ਮੈਂ ਤੇਰੇ ਪਿਛੇ ਬਗੀਚਾ ਰਿਹਾ ਲਗਾਈਆ। ਤੇਰੀ ਸੌਣੀ ਤੇਰੀ ਹਾੜੀ, ਮੈਂ ਕਰਨ ਆਇਆ ਦਿਹਾੜੀ, ਜੇ ਹੁਕਮ ਦੇਵੇਂ ਤੇਰੀ ਢੇਰੀ ਵਢ ਵਢ ਤੇਰੇ ਅਗੇ ਢੇਰੀ ਲਾਈਆ। ਤੂੰ ਫਿਰੇ ਜੰਗਲ ਜੂਹ ਉਜਾੜ ਪਹਾੜੀ, ਤੇਰੀ ਮਹਿਮਾ ਸਮੁੰਦ ਸਾਗਰ ਡੂੰਘੀ ਖਾੜੀ, ਮੈਂ ਅਵਗੁਣ ਭਰੀ ਤੇਰੀ ਪਨਹਾਰੀ, ਆਦਿ ਜੁਗਾਦਿ ਬਿਨ ਤੇਰੇ ਰਹਾਂ ਕੁਆਰੀ, ਦੂਜਾ ਕੰਤ ਨਾ ਕੋਈ ਮਨਾਈਆ। ਆ ਕਰ ਨੈਣ ਮੇਰੇ ਸੰਗਾਰੀ, ਮੈਂ ਘੋਲੀ ਤੈਥੋਂ ਵਾਰੀ, ਤੇਰੇ ਵਾਸਤੇ ਸੇਜ ਸਵਾਰੀ, ਗਲ ਪੱਲੂ ਪਾ ਪਾ ਮਾਹੀਆ। ਤੂੰ ਕੰਤ ਮੈਂ ਤੇਰੀ ਨਾਰੀ, ਤੂੰ ਜਿਤਿਆ ਮੈਂ ਹਾਰੀ, ਮੈਂ ਵੇਖਾਂ ਤੇਰੀ ਇਕ ਅਟਾਰੀ, ਮੇਰੀ ਪੂਰੀ ਆਸ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਏਕਾ ਵਸਤ ਝੋਲੀ ਪਾਈਆ। ਵਾਹ ਵਾਹ ਮੰਗੀ ਮੰਗ ਅਪਾਰ, ਮੰਗਤ ਆਪਣੀ ਝੋਲੀ ਡਾਹਿਆ। ਦੇਵਣਹਾਰ ਏਕ ਦਾਤਾਰ, ਜੁਗ ਜੁਗ ਦੇਂਦਾ ਆਇਆ। ਜਿਸ ਦਾ ਰਾਹ ਤੱਕਦੇ ਰਹੇ ਜੁਗ ਚਾਰ, ਨੇਤਰ ਨੈਣ ਧਿਆਨ ਲਗਾਇਆ। ਜਿਸ ਦੀ ਕਬੀਰ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਇਆ। ਜਿਸ ਨੂੰ ਮੰਨਦੇ ਸੱਚਾ ਯਾਰ, ਸੋ ਪਰਵਰਦਿਗਾਰ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਰ ਦਏ ਵਖਾਇਆ। ਆ ਦਵਾਰਾ ਵੇਖ ਲੈ ਮੀਤ, ਮਿਤਰ ਮਿਤਰਾਂ ਨਾਲ ਮਿਲਾਈਆ। ਆ ਵੇਖ ਵੇਖ ਸਾਚੀ ਰੀਤ, ਜਿਸ ਦਾ ਲੇਖ ਨਾ ਕੋਈ ਜਣਾਈਆ। ਆ ਵੇਖ ਜਿਸ ਦਾ ਗੁਰੂਦਵਾਰਾ ਦੇਹੁਰਾ ਮੰਦਰ ਮਸਜਿਦ ਸ਼ਿਵਦਵਾਲਾ ਮਠ ਨਾ ਕੋਈ ਮਸੀਤ, ਬਿਨ ਚਾਰ ਦਵਾਰੀ ਡੇਰਾ ਲਾਈਆ। ਜਿਹੜਾ ਵਸਿਆ ਹਸਤ ਕੀਟ, ਆਦਿ ਜੁਗਾਦਿ ਜਾਣੇ ਸਾਚੀ ਪ੍ਰੀਤ, ਲੱਗੀ ਪ੍ਰੀਤ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਆਪ ਵਖਾਈਆ। ਸਾਚਾ ਗੁਣ ਸ੍ਰੀ ਭਗਵਾਨਾ, ਆਪਣਾ ਆਪ ਜਣਾਇੰਦਾ। ਆਦਿ ਜੁਗਾਦਿ ਸਦਾ ਮਿਹਰਵਾਨਾ, ਸਿਰ ਆਪਣਾ ਹੱਥ ਰਖਾਇੰਦਾ। ਆ ਬਲ ਬਾਵਨ ਦੇਵੇ ਦਾਨਾ, ਰੂਪ ਅਨੂਪ ਵਟਾਇੰਦਾ। ਗੁਰਦਿਆਲ ਸਿੰਘ ਸਿੰਘ ਬਣ ਸਾਚਾ ਲਾਲਾ, ਲਾਲ ਆਪਣੀ ਗੋਦ ਬਹਾਇੰਦਾ। ਮੇਰਾ ਘਰ ਤੇਰੀ ਧਰਮਸਾਲਾ, ਸਚ ਦਵਾਰੇ ਸੋਭਾ ਪਾਇੰਦਾ। ਤੇਰਾ ਰਾਹ ਤੱਕੇ ਸਿੰਘ ਪਾਲਾ, ਏਕਾ ਨੈਣ ਉਠਾਇੰਦਾ। ਜਗਦੀਸ ਪੁਛੇ ਹਾਲਾ, ਮਨਜੀਤ ਖ਼ੁਸ਼ੀ ਮਨਾਇੰਦਾ। ਸਵਰਨ ਕਰੇ ਸਵਾਲਾ, ਆਪਣਾ ਹਾਲ ਜਣਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਨਿਹਕਲੰਕ ਨਰਾਇਣ ਨਰ ਕਲਜੁਗ ਅੰਤਮ ਕਰੇ ਕੀ ਖ਼ਿਆਲਾ, ਕਵਣ ਆਪਣੀ ਬਿਧ ਬਣਾਇੰਦਾ। ਬਿਨ ਭਗਤਾਂ ਨਾ ਮਿਲੇ ਪੁਰਖ ਅਕਾਲਾ, ਭਗਤ ਭਗਤ ਭਗਤਾਂ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵੇਖਿਆ ਸਾਚਾ ਘਰ, ਮੇਰੀ ਇਛਿਆ ਪੂਰ ਕਰਾਇੰਦਾ। ਸਾਚੀ ਇਛਿਆ ਮੇਰੀ ਪੂਰ, ਅੰਤਮ ਆਸ ਤਕਾਈਆ। ਜਨ ਭਗਤਾਂ ਬੇੜਾ ਭਰ ਪੂਰ, ਲੋਕਮਾਤ ਦਇਆ ਕਮਾਈਆ। ਬਣ ਪੂਤ ਕਪੂਤ ਜੇ ਕੀਤਾ ਕ਼ਸੂਰ, ਸਾਡੇ ਕ਼ਸੂਰ ਮੁਆਫ ਦਏ ਕਰਾਈਆ। ਅਸੀਂ ਆਪਣੀ ਭੁਲ ਮੰਨੀਏ ਜ਼ਰੂਰ, ਦਰ ਤੇਰੇ ਸੀਸ ਝੁਕਾਈਆ। ਤੂੰ ਸਤਿਗੁਰ ਕਰੀਂ ਮਨਜ਼ੂਰ, ਦੂਸਰ ਓਟ ਨਾ ਕੋਈ ਤਕਾਈਆ। ਤੇਰਾ ਸੱਚਾ ਇਕੋ ਨੂਰ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੇ ਸੱਜਣ ਮੇਰੇ ਨਾਲ ਮਿਲਾਈਆ। ਮੇਰੇ ਸੱਜਣ ਦੇ ਮਿਲਾ, ਮੇਰੇ ਸਾਹਿਬ ਸੱਜਣ ਸੁਲਤਾਨਾ। ਗੋਬਿੰਦ ਰਲਿਆ ਨਾਲ ਮਲਾਹ, ਦੇਵੇ ਧੁਰ ਫ਼ਰਮਾਨਾ। ਸਤਿਜੁਗ ਮਾਰਗ ਦਏ ਵਖਾ, ਤੇਰਾ ਝੁੱਲੇ ਸਚ ਨਿਸ਼ਾਨਾ। ਨਾਨਕ ਨਿਰਗੁਣ ਉਠ ਕੇ ਦਏ ਸਲਾਹ, ਮੇਰੇ ਛੱਤੀ ਜੁਗ ਕਰ ਪਰਵਾਨਾ। ਤੂੰ ਸਭ ਦਾ ਪਿਤਾ ਮਾਂ, ਆਦਿ ਜੁਗਾਦੀ ਬੀਨਾ ਦਾਨਾ। ਤੇਰੇ ਲੇਖੇ ਅੰਦਰ ਸਭ ਦਾ ਨਾਂ, ਅਭੁਲ ਭੁਲ ਕਦੇ ਨਾ ਜਾਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਭਗਤਾਂ ਮਿਲੇ ਸਚ ਟਿਕਾਣਾ। ਸਚ ਟਿਕਾਣਾ ਜਗਤ ਬਣੌਣਾ, ਪਾਰਬ੍ਰਹਮ ਦਇਆ ਕਮਾਈਆ। ਭਗਤ ਸੰਗ ਭਗਤ ਮਿਲੌਣਾ, ਭਗਤੀ ਭਗਤ ਕਰੇ ਕੁੜਮਾਈਆ। ਜੋਗ ਅਭਿਆਸ ਨਾ ਕੋਈ ਕਰੌਣਾ, ਪੂਜਾ ਪਾਠ ਨਾ ਕੋਈ ਰਖਾਈਆ। ਤੀਰਥ ਤਟ ਨਾ ਕਿਸੇ ਨਹੌਣਾ, ਕਰ ਕਿਰਪਾ ਦੁਰਮਤ ਮੈਲ ਧਵਾਈਆ। ਰਾਤੀਂ ਸੁਤਿਆਂ ਆਪਣਾ ਦਰਸ ਕਰੌਣਾ, ਕੋਟ ਜਨਮ ਦੀ ਭਗਤੀ ਮੁਖ ਸ਼ਰਮਾਈਆ। ਜਿਸ ਜਨ ਆਪਣੇ ਚਰਨ ਬਹੌਣਾ, ਤਿਸ ਬ੍ਰਹਮਾ ਵਿਸ਼ਨ ਸ਼ਿਵ ਸੀਸ ਝੁਕਾਈਆ। ਜਿਸ ਜਨ ਆਪਣਾ ਨਾਮ ਜਪੌਣਾ, ਤਿਸ ਰਾਹ ਵਿਚਕਾਰ ਨਾ ਕੋਇ ਉਠਾਈਆ। ਜਿਸ ਸਿਰ ਆਪਣਾ ਹੱਥ ਟਿਕੌਣਾ, ਸੋ ਗੁਰਮੁਖ ਮਰੇ ਨਾ ਜਾਈਆ। ਸਤਿਜੁਗ ਸਾਚਾ ਰਾਹ ਚਲੌਣਾ, ਚਾਰ ਕੁੰਟ ਵੱਜੇ ਵਧਾਈਆ। ਚਾਰ ਵਰਨ ਦਾ ਚੰਦ ਚੜ੍ਹੌਣਾ, ਜਗਤ ਅੰਧੇਰਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਚਾਰ ਵਰਨ ਦਾ ਸਚ ਦਵਾਰਾ, ਸੋ ਪੁਰਖ ਨਿਰੰਜਣ ਆਪ ਪਰਗਟਾਈਆ। ਛੱਤੀ ਜੁਗ ਦਾ ਸਤਿ ਵਿਹਾਰਾ, ਸਤਿ ਸਤਿਵਾਦੀ ਆਪ ਕਰਾਈਆ। ਮੰਦਰ ਮਸਜਿਦ ਮਠ ਸ਼ਿਵਦਵਾਲਾ ਕਰੇ ਪਾਰ ਕਿਨਾਰਾ, ਆਪਣਾ ਹੁਕਮ ਵਰਤਾਈਆ। ਏਕਾ ਬ੍ਰਹਮ ਪਾਰਬ੍ਰਹਮ ਕਰੇ ਉਜਿਆਰਾ, ਏਕਾ ਅੱਖਰ ਕਰੇ ਪੜ੍ਹਾਈਆ। ਏਕਾ ਨਾਮ ਸਚ ਜੈਕਾਰਾ, ਨੌਂ ਖੰਡ ਪ੍ਰਿਥਮੀ ਦਏ ਸੁਣਾਈਆ। ਏਕਾ ਹੁਕਮ ਇਕ ਵਰਤਾਰਾ, ਸ਼ਹਿਨਸ਼ਾਹ ਇਕ ਅਖਵਾਈਆ। ਏਕਾ ਚਲੇ ਸਚ ਵਿਹਾਰਾ, ਸਾਚੀ ਸਿਖਿਆ ਦਏ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੱਤੀ ਛੱਤੀ ਧਾਰ ਬੰਧਾਈਆ। ਛੱਤੀ ਛੱਤੀ ਹਰਿ ਜੂ ਧਾਰ, ਰਾਗ ਛਤੀਸ ਮੰਗ ਮੰਗਾਇੰਦਾ। ਮੈਂ ਭਗਤਾਂ ਦੇ ਗੁਣ ਗਾ ਗਾ ਗਿਆ ਹਾਰ, ਮੇਰਾ ਬਲ ਮੇਰਾ ਸਾਥ ਨਾ ਅੰਤ ਨਿਭਾਇੰਦਾ। ਮੈਨੂੰ ਪੜ੍ਹਨ ਵਾਲੇ ਜੀਵ ਵਿਭਚਾਰ, ਆਤਮ ਅੰਤਰ ਭੇਵ ਕੋਈ ਨਾ ਪਾਇੰਦਾ। ਮੇਰਾ ਰਾਗ ਗੌਣ ਮੇਰੀ ਵਾਰ, ਮੇਰਾ ਪੁਰਖ ਅਟਲ ਨਾ ਕੋਈ ਮਨਾਇੰਦਾ। ਗੁਰਦਵਾਰੇ ਮੰਦਰ ਬੈਠੇ ਤੱਕਣ ਨਾਰ ਮੁਟਿਆਰ, ਨੇਤਰ ਮੂੰਧ ਹਰਿ ਕਾ ਦਰਸ ਕੋਈ ਨਾ ਪਾਇੰਦਾ। ਆਪਣਾ ਆਪ ਗਏ ਹਾਰ, ਮੈਂ ਹਉਂ ਸ਼ਰਮਿੰਦਾ ਮੁਖ ਨਾ ਕਿਸੇ ਵਖਾਇੰਦਾ। ਗੁਰ ਨਾਨਕ ਕਰਿਆ ਇਕ ਪਿਆਰ, ਹਉਂ ਦਿਤਾ ਸਚ ਅਧਾਰ, ਜਿਸ ਦੇ ਆਸਰੇ ਮੈਂ ਤੇਰਾ ਰਾਹ ਤਕਾਇੰਦਾ। ਧੰਨ ਭਾਗ ਤੂੰ ਆਇਆ ਵਿਚ ਸੰਸਾਰ, ਮੇਰੇ ਸਿਰ ਤੋਂ ਲੱਥਾ ਭਾਰ, ਤੇਰੇ ਅਗੇ ਕਰਾਂ ਨਿਮਸਕਾਰ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਤੈਨੂੰ ਭਾਵੇ ਤੇਰੀ ਕਾਰ, ਤੇਰਾ ਜੁਗ ਤੇਰਾ ਵਿਹਾਰ, ਤੇਰਾ ਅੰਤ ਕੋਈ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਚੁੱਕਾ ਅੰਤਮ ਡਰ, ਨਿਰਭੌ ਤੇਰੀ ਓਟ ਤਕਾਇੰਦਾ। ਦਰ ਚੁੱਕੇ ਤੇਰਾ ਛਤੀਸਾ, ਛੱਤੀ ਛੱਤੀ ਬੰਧਨ ਪਾਈਆ। ਚਾਰ ਵਰਨ ਇਕ ਹਦੀਸਾ, ਹਿੰਦੂ ਮੁਸਲਿਮ ਸਿੱਖ ਕਰੇ ਪੜ੍ਹਾਈਆ। ਸਭ ਦਾ ਲਹਿਣਾ ਚੱਕੇ ਬੀਸਾ, ਪੀਸਣ ਪੀਸ ਸੇਵ ਨਾ ਕੋਈ ਕਮਾਈਆ। ਕਿਸੇ ਛਤਰ ਨਾ ਰਹੇ ਸੀਸਾ, ਰਾਜ ਰਾਜਨਾ ਖ਼ਾਕ ਮਿਲਾਈਆ। ਤ੍ਰੈਗੁਣ ਮਾਇਆ ਖ਼ਾਲੀ ਖ਼ੀਸਾ, ਚਾਰ ਕੁੰਟ ਫਿਰੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰਾ ਸਚ ਦਵਾਰਾ, ਭਗਤਨ ਵੰਡ ਵੰਡਾਈਆ। ਛੱਤੀ ਜੁਗ ਭਗਤਨ ਵੰਡ, ਹਰਿ ਜੂ ਕਰਦਾ ਆਇਆ। ਆਤਮ ਹੋਏ ਨਾ ਕਦੇ ਰੰਡ, ਜਿਸ ਹਰਿ ਕੰਤ ਕੰਤੂਹਲ ਮਨਾਇਆ। ਨਿਰਗੁਣ ਸੁਣਾਏ ਸੁਹਾਗੀ ਛੰਦ, ਸਰਗੁਣ ਢੋਲਾ ਗਾਇਆ। ਕਲਜੁਗ ਅੰਤਮ ਖੇਲ ਕਰੇ ਭਗਵੰਤ, ਭਗਤ ਸਾਚੇ ਲਏ ਵਡਿਆਇਆ। ਲੋਕਮਾਤ ਬਣਾਏ ਬਣਤ, ਚਾਰੋਂ ਕੁੰਟ ਲਕੀਰ ਖਿਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦਵਾਰਾ ਲਏ ਸੁਹਾਇਆ। ਭਗਤ ਦਵਾਰਾ ਛੱਤੀ ਫ਼ੁਟ, ਛੱਤੀ ਛੱਤੀ ਫ਼ੁਟ ਚਾਰ ਦੀਵਾਰ ਖਿਚਾਈਆ। ਸਾਚਾ ਗਾਨਾ ਬੰਨ੍ਹੇ ਗੁੱਟ, ਆਪਣਾ ਸਗਨ ਮਨਾਈਆ। ਜਿਉਂ ਪੁਰਖ ਅਕਾਲ ਗੋਬਿੰਦ ਬਣਾਇਆ ਸੁਤ, ਗੋਬਿੰਦ ਗੁਰਸਿਖ ਸੁਤ ਲਏ ਬਣਾਈਆ। ਭਗਤ ਸੁਹੌਣੀ ਸਾਚੀ ਰੁਤ, ਪੱਤ ਡਾਲ੍ਹੀ ਮਾਤ ਮਹਿਕਾਈਆ। ਅੰਤਮ ਸੋਮਾ ਪਏ ਫੁਟ, ਅੰਮ੍ਰਿਤ ਧਾਰ ਵਹਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਧਾਰ ਵਿਚੋਂ ਪਏ ਫੁਟ, ਵਿਸ਼ਨ ਬ੍ਰਹਮਾ ਸ਼ਿਵ ਤੇਰਾ ਕ਼ਰਜ਼ਾ ਦੇਵੇ ਲਾਹੀਆ। ਜਗਤ ਜੀਵ ਜਹਾਨ ਭਾਗ ਗਏ ਨਿਖੁਟ, ਭਾਗਾਂ ਮੰਦ ਰਹੇ ਕੁਰਲਾਈਆ। ਬਿਨ ਹਰਿ ਨਾਮੇ ਖ਼ਾਲੀ ਬੁਤ, ਜਗਤ ਸਿਆਸਤ ਕਰੀ ਕੁੜਮਾਈਆ। ਅੰਤਮ ਘਰ ਘਰ ਪਾਵੇ ਫੁੱਟ, ਦਹਿ ਦਿਸ਼ਾ ਦਏ ਦੁਹਾਈਆ। ਸ਼ਾਹ ਸੁਲਤਾਨਾ ਕੱਢੇ ਕੁੱਟ, ਜਗਤ ਰਾਜ ਨਾ ਕੋਈ ਵਡਿਆਈਆ। ਪ੍ਰਭ ਮਾਰਿਆ ਨਾ ਸਕੇ ਕੋਈ ਉਠ, ਮੂੰਹ ਦੇ ਭਾਰ ਸਰਬ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦਵਾਰਾ ਦਏ ਬਣਾਈਆ। ਭਗਤ ਦਵਾਰਾ ਬਣੇ ਮਾਤ, ਚਾਰ ਜੁਗ ਵਡਿਆਇੰਦਾ। ਸਤਿਜੁਗ ਸਾਚੀ ਦਿਤੀ ਦਾਤ, ਵਸਤ ਅਮੋਲਕ ਝੋਲੀ ਪਾਇੰਦਾ। ਆਪੇ ਵੇਖੇ ਮਾਰ ਝਾਤ, ਨੇਤਰ ਨੈਣ ਨੈਣ ਮਟਕਾਇੰਦਾ। ਬੈਠਾ ਰਹੇ ਇਕ ਇਕਾਂਤ, ਅਕਲ ਕਲ ਖੇਲ ਕਰਾਇੰਦਾ। ਜਨ ਭਗਤਾਂ ਬਖ਼ਸ਼ੇ ਆਪੇ ਦਾਤ, ਦੁਖ ਸੁਖ ਨਾਲ ਮਿਲਾਇੰਦਾ। ਨੌਂ ਖੰਡ ਪ੍ਰਿਥਮੀ ਬਣੇ ਇਕ ਪ੍ਰਾਂਤ, ਦੂਜੀ ਹਦ ਨਾ ਕੋਈ ਬਣਾਇੰਦਾ। ਲੱਖ ਚੁਰਾਸੀ ਬੰਨ੍ਹੇ ਨਾਤ, ਨਾਤਾ ਬਿਧਾਤਾ ਇਕ ਜੁੜਾਇੰਦਾ। ਸੋਹੰ ਸ਼ਬਦ ਸੁਣਾਏ ਗਾਥ, ਮੰਤਰ ਅੰਤਰ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਸੋਭਾ ਪਾਇੰਦਾ। ਛੱਤੀ ਛੱਤੀ ਫ਼ੁਟ ਚਾਰ ਦੀਵਾਰ, ਨੌਂ ਨੌਂ ਵੰਡ ਵੰਡਾਈਆ। ਤ੍ਰੈ ਤ੍ਰੈ ਦਿਸ਼ਾ ਬੰਨ੍ਹੇ ਧਾਰ, ਚੌਥੇ ਰਿਹਾ ਸਮਾਈਆ। ਪੰਜ ਚਾਰ ਖੇਲ ਅਪਾਰ, ਸਤ ਚਾਰ ਸੋਭਾਵੰਤ ਸੋਭਾ ਜਣਾਈਆ। ਡੇੜ ਡੇੜ ਵੇਖ ਅਖਾੜ, ਇਕ ਅੱਧਾ ਨਾਮ ਬੱਧਾ, ਜਨ ਭਗਤਾਂ ਦੇਵੇ ਸੱਦਾ, ਹੁਕਮੀ ਹੁਕਮ ਆਪ ਸੁਣਾਈਆ। ਜਗਤ ਦਵਾਰੇ ਆਏ ਭੱਜਾ, ਨਾ ਕੋਈ ਰਖੇ ਲੋਕ ਲਜਾ, ਲਜਿਆ ਵਿਚ ਕਦੇ ਨਾ ਆਈਆ। ਜੁਗਾ ਜੁਗੰਤਰ ਜਿਸ ਨੇ ਪਰਦਾ ਕੱਜਾ, ਅੰਤਮ ਸੰਗਤ ਬਹਿ ਬਹਿ ਸਜਾ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਨਾ ਘੜਿਆ ਨਾ ਭੱਜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੰਡ ਆਪ ਵੰਡਾਈਆ। ਭਗਤਨ ਵੰਡ ਸਚ ਦਵਾਰ, ਹਰਿ ਦੁਆਰੀ ਆਪ ਕਰਾਇੰਦਾ। ਪੰਜ ਸਤ ਏਕਾ ਧਾਰ, ਚਾਰ ਚਾਰ ਨਾਲ ਮਿਲਾਇੰਦਾ। ਛੱਤੀ ਛੱਤੀ ਜਗਤ ਵਿਹਾਰ, ਛੱਤੀ ਪੁਰਖ ਅਕਾਲ ਵੰਡਾਇੰਦਾ। ਸੋਲਾਂ ਸੋਲਾਂ ਮਹੱਲ ਉਸਾਰ, ਮਹੱਲ ਆਪਣਾ ਨਾਉਂ ਵਡਿਆਇੰਦਾ। ਸਾਡੇ ਤਿੰਨ ਤਿੰਨ ਕਰ ਉਜਿਆਰ, ਅਗਲਾ ਮੁਖ ਆਪ ਸੁਹਾਇੰਦਾ। ਦੁੱਖ ਮੇਟੇ ਹਰਿ ਕਰਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਰੰਗਾਇੰਦਾ। ਤਿੰਨ ਹੱਥ ਅੱਧੀ ਵੰਡ, ਸਾਡੇ ਤਿੰਨ ਹੱਥ ਮੇਲ ਮਿਲਾਇਆ। ਛੱਤੀ ਜੁਗ ਦੇ ਕੋਟ ਬ੍ਰਹਿਮੰਡ, ਆਪਣੇ ਚਰਨਾਂ ਹੇਠ ਦਬਾਇਆ। ਚਾਰ ਜੁਗ ਦਾ ਖਿਚਿਆ ਪਰਮਾਨੰਦ, ਫਿਰ ਆਪਣਾ ਅਨੰਦ ਜਣਾਇਆ। ਚਾਰ ਖਾਣੀ ਦਰ ਕੀਤਾ ਬੰਦ, ਆਪਣਾ ਛੰਦ ਫੇਰ ਸਮਝਾਇਆ। ਆਪ ਗਾਇਆ ਬਿਨ ਬੱਤੀ ਦੰਦ, ਬਿਨ ਦੰਦਾਂ ਗੁਰਸਿਖਾਂ ਅੰਦਰ ਦਏ ਸਮਾਇਆ। ਜਿਸ ਨੂੰ ਕਹਿੰਦੇ ਸਾਹਿਬ ਬਖ਼ਸ਼ੰਦ, ਅਨਮੁਲ ਦਾਤ ਦਏ ਝੋਲੀ ਪਾਇਆ। ਗੁਰਮੁਖ ਨੰਗੀ ਨਾ ਹੋਵੇ ਕੰਡ, ਸਿਰ ਆਪਣਾ ਹੱਥ ਟਿਕਾਇਆ। ਨਾਤਾ ਤੋੜ ਜੇਰਜ ਅੰਡ, ਲੱਖ ਚੁਰਾਸੀ ਪਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਬੰਧਾਇਆ। ਧਾਰ ਧਾਰ, ਨੌਂ ਨੌਂ ਚਾਰ ਚਾਰ ਵਡਿਆਈਆ। ਤ੍ਰੈ ਤ੍ਰੈ ਦਏ ਸਹਾਰ, ਖੇਲੇ ਖੇਲ ਬੇਪਰਵਾਹੀਆ। ਸੋਲਾਂ ਸੋਲਾਂ ਕਰ ਪਿਆਰ, ਸਾਚਾ ਸੋਹਲਾ ਆਪ ਜਣਾਈਆ। ਹੌਲਾ ਕਰੇ ਗੁਰਸਿਖਾਂ ਭਾਰ, ਸਿਰ ਆਪਣੇ ਭਾਰ ਉਠਾਈਆ। ਸਿੰਘ ਜਗਦੀਸ਼ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਮਨਜੀਤਾ ਵਾਜਾਂ ਰਿਹਾ ਮਾਰ, ਮਨ ਜਿਤੋ ਮੇਰੇ ਭਾਈਆ। ਸਵਰਨ ਸਿੰਘ ਰਿਹਾ ਸ਼ਿੰਗਾਰ, ਨੇਤਰ ਰਾਹ ਤਕਾਈਆ। ਗੁਰ ਦਿਆਲ ਲਾਲ ਕਰੇ ਪਿਆਰ, ਗੁਰਸਿਖਾਂ ਰਿਹਾ ਸਮਝਾਈਆ। ਪੁਰਖ ਅਬਿਨਾਸ਼ੀ ਕਰੇ ਸਚ ਪਿਆਰ, ਸਾਚਾ ਮਾਰਗ ਲਿਆ ਲਾਈਆ। ਮੈਂ ਢਾਈ ਕਰਮ ਧਰਤੀ ਦਿਤੀ ਆਪਣੀ ਵਾਰ, ਅੰਤਮ ਢਾਈ ਮੁੱਠੀ ਰਾਖ ਮੇਰੀ ਲੇਖੇ ਪਾਈਆ। ਜਗਦੀਸ਼ ਮਨਜੀਤ ਨਾਲ ਰਲ ਕੇ ਕਰੇ ਵਿਹਾਰ, ਨੀਹਾਂ ਥੱਲੇ ਦਏ ਦਬਾਈਆ। ਉਤੇ ਉਸਰੇ ਇਕ ਦਵਾਰ, ਗ਼ਰੀਬ ਨਿਮਾਣਿਆਂ ਗਲੇ ਲਗਾਈਆ। ਜੋ ਇਕ ਵੇਰ ਆ ਕੇ ਕਰੇ ਨਿਮਸਕਾਰ, ਮਾਤ ਗਰਭ ਫੇਰ ਨਾ ਆਈਆ। ਜੋ ਪੰਜ ਵਾਰ ਬੋਲੇ ਜੈਕਾਰ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ, ਤਿਸ ਜਮ ਨਾ ਸਕੇ ਮਾਰ, ਲਾੜੀ ਮੌਤ ਨਾ ਕਰੇ ਕੁੜਮਾਈਆ। ਜਿਸ ਦਰਸ਼ਨ ਦਏ ਦਿਖਾਲ, ਨੈਣਾਂ ਨਾਲ ਮਿਲਾਈਆ। ਸੋ ਸ਼ਾਹ ਬਣੇ ਕੰਗਾਲ, ਆਪਣਾ ਖ਼ਜ਼ਾਨਾ ਆਪਣੀ ਹੱਥੀਂ ਰਿਹਾ ਲੁਟਾਈਆ। ਵੇਖੋ ਲੋਕਾਈ ਹੋਈ ਬੇਹਾਲ, ਚਾਰੋਂ ਕੁੰਟ ਪਏ ਦੁਹਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਮਾਤ ਨਗਾਰਾ ਰਿਹਾ ਵਜਾਈਆ। ਗੋਬਿੰਦ ਸੁਣੇ ਮੁਰੀਦਾਂ ਹਾਲ, ਹਾਲ ਮਰੀਦਾਂ ਆਪ ਸੁਣਾਈਆ। ਆਓ ਸੱਥਰ ਵੇਖੋ ਯਾਰ, ਬੈਠਾ ਆਪਣੀ ਸੇਜ ਵਿਛਾਈਆ। ਜਿਸ ਦੀ ਕਰਦੇ ਰਹੇ ਭਾਲ, ਚਾਰੋਂ ਕੁੰਟ ਫੇਰਾ ਪਾਈਆ। ਜਿਸ ਅੰਮ੍ਰਿਤ ਦਿਤਾ ਪਿਆਲ, ਸੋ ਚਲ ਕੇ ਆਇਆ ਮਾਹੀਆ। ਜਿਸ ਦੀ ਲੱਗੀ ਨਿਭੇ ਨਾਲ, ਤੋੜ ਨਾ ਸਕੇ ਕੋਈ ਰਾਈਆ। ਕਿਸੇ ਦੇ ਅੱਗੇ ਜਾ ਕੇ ਕਿਉਂ ਕਰਦਾ ਕੋਈ ਸਵਾਲ, ਦੇਵਣਹਾਰ ਇਕ ਅਖਵਾਈਆ। ਲੇਖਾ ਜਾਣੇ ਸ਼ਾਹ ਕੰਗਾਲ, ਸਭ ਦੀ ਸਫਾ ਰਿਹਾ ਉਠਾਈਆ। ਦਿਨ ਦਿਹਾੜੇ ਲੁੱਟੀ ਜਾਏ ਮਾਲ, ਪਹਿਰੇਦਾਰ ਨਾ ਕੋਈ ਬਹਾਈਆ। ਫਿਰ ਮੇਰੀ ਕਰਨੀ ਸਭ ਨੇ ਭਾਲ, ਮੈਂ ਬਹਿਣਾ ਮੁਖ ਛੁਪਾਈਆ। ਜਿਉਂ ਗੁਰ ਗੁਰਸਿਖ ਲੈ ਲੈ ਨਾਲ, ਤਿਸ ਗੋਦੀ ਲਵਾਂ ਉਠਾਈਆ। ਏਕਾ ਦੱਸਾਂ ਰਾਹ ਸੁਖਾਲ, ਬਹੱਤਰ ਨਾੜੀ ਮੇਟੇ ਸ਼ਾਹੀਆ। ਸਚ ਮਹੱਲ ਉਤੇ ਬੈਠੇ ਆਪ ਕਰਤਾਰ, ਦੂਰ ਦੁਰਾਡੇ ਗੁਰਸਿਖ ਵੇਖੇ ਚਾਈਂ ਚਾਈਂਆ। ਛੱਤੀ ਜੁਗ ਦੇ ਵਿਛੜਿਆਂ ਨੂੰ ਗਲ ਵਿਚ ਪਾਵੇ ਹਾਰ, ਗੁਰ ਨਾਨਕ ਨਾਲ ਮਿਲਾਈਆ। ਗੋਬਿੰਦ ਅਗੇ ਹੋ ਹੋ ਕਰੇ ਪਿਆਰ, ਗਲਵਕੜੀ ਸਾਚੀ ਪਾਈਆ। ਗੁਰਸਿਖਾਂ ਦੀ ਧੂੜੀ ਆਪਣੇ ਮਸਤਕ ਲਾਏ ਛਾਰ, ਵਿਸ਼ਨ ਬ੍ਰਹਮਾ ਸ਼ਿਵ ਖ਼ਾਕ ਮਿਲਾਈਆ। ਸਤਿਜੁਗ ਕਰੇ ਸਚ ਵਿਹਾਰ, ਬ੍ਰਹਿਮੰਡ ਖੰਡ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਾਹ ਤਕਾਈਆ। ਭਗਤਾਂ ਆਇਆ ਰਾਹ ਤੱਕਣ, ਤਕ਼ਦੀਰ ਭਗਤਾਂ ਹੱਥ ਫੜਾਈਆ। ਭਗਤਾਂ ਆਇਆ ਅੱਗੋਂ ਡੱਕਣ, ਤਦਬੀਰ ਭਗਤਾਂ ਹੱਥ ਜਣਾਈਆ। ਭਗਤਾਂ ਹੱਥੋਂ ਆਇਆ ਆਪਣਾ ਨਾਮ ਚੱਖਣ, ਨਾਮ ਭਗਤਾਂ ਰਿਹਾ ਜਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਲਏ ਤਰਾਈਆ। ਭਗਤ ਤਰਾਏ ਹਰਿ ਭਗਵਾਨ, ਭੈ ਭੌ ਨਾ ਕੋਈ ਜਣਾਇਆ। ਲੇਖਾ ਜਾਣੇ ਦੋ ਜਹਾਨ, ਸਤਿ ਸਤਿਵਾਦੀ ਵੇਸ ਧਰਾਇਆ। ਸਾਤਾ ਦੂਆ ਕਰ ਪਰਵਾਨ, ਅੰਕ ਅੰਕ ਨਾਲ ਮਿਲਾਇਆ। ਦੂਆ ਸਾਤਾ ਰਿਹਾ ਬੇਪਹਿਚਾਨ, ਰੂਪ ਰੰਗ ਨਾ ਕੋਈ ਵਖਾਇਆ। ਸਾਤਾ ਦੂਆ ਖੇਲ ਕਰੇ ਮਹਾਨ, ਸਾਚੀ ਵੰਡਨ ਵੰਡ ਵੰਡਾਇਆ। ਬਹੱਤਰ ਜਨ ਕਰੇ ਪਰਵਾਨ, ਭਗਤੀ ਭਗਤ ਭਗਤ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਭਗਤਾਂ ਅੰਦਰ ਭਗਤੀ ਧਾਰ, ਹਰਿ ਸਾਚਾ ਸਚ ਜਣਾਇੰਦਾ। ਆਤਮਾ ਸਿੰਘ ਸਿੰਘ ਕਰ ਪਿਆਰ, ਸਿੰਘ ਫੌਜਾ ਨਾਲ ਮਿਲਾਇੰਦਾ। ਦਰਸ਼ਨ ਸਿੰਘ ਦੇਵੇ ਦਰਸ ਦੀਦਾਰ, ਨੇਤਰ ਨੈਣ ਖੁਲ੍ਹਾਇੰਦਾ। ਸਿੰਘ ਠਾਕਰ ਮੇਲੇ ਠਾਕਰ ਦਵਾਰ, ਠੋਕਰ ਨਾਮ ਲਗਾਇੰਦਾ। ਅਮਰਜੀਤ ਸਿੰਘ ਅਮਰਾਪਦ ਧਾਰ, ਅਮਰ ਅਮਰ ਕਰਾਇੰਦਾ। ਸਰਜੀਤ ਸਿੰਘ ਹਰਿ ਸਿਰਜਣ ਹਾਰ, ਸਿੰਘ ਆਪਣੀ ਖੇਲ ਖਿਲਾਇੰਦਾ। ਬਖ਼ਸ਼ੀਸ਼ ਹਰਿ ਬਖ਼ਸ਼ਣਹਾਰ, ਬਖ਼ਸ਼ਸ਼ ਆਪਣੀ ਝੋਲੀ ਪਾਇੰਦਾ। ਦਲੀਪ ਸਿੰਘ ਦੇਵੇ ਤਾਰ, ਸਿੰਘ ਪਾਲ ਨਾਲ ਰਲਾਇੰਦਾ। ਫੌਜਾ ਸਿੰਘ ਭਰ ਭੰਡਾਰ, ਸਿੰਘ ਸੋਹਣ ਸਮਝਾਇੰਦਾ। ਸਿੰਘ ਕੁੰਦਨ ਤਾਰੇ ਆਪਣੀ ਵਾਰ, ਸੁਖਦੇਵ ਸੁਖ ਸਮਝਾਇੰਦਾ। ਮੱਸਾ ਸਿੰਘ ਮਸਤ ਮਸਤ ਮੁਨਾਰ, ਏਕਾ ਰੰਗ ਚੜ੍ਹਾਇੰਦਾ। ਸੁਰਜਣ ਸਿੰਘ ਕਰੇ ਸ਼ੰਗਾਰ, ਨਰਾਇਣ ਸਿੰਘ ਨੈਣ ਚਮਕਾਇੰਦਾ। ਅਵਤਾਰ ਸਿੰਘ ਕਰ ਪਿਆਰ, ਸਵਿੰਦਰ ਸਿੰਘ ਸੰਗ ਨਿਭਾਇੰਦਾ। ਕਾਸ਼ੀ ਰਾਮ ਕ੍ਰਿਸ਼ਮਾ ਅੰਮ੍ਰਿਤ ਧਾਰ, ਸਿੰਘ ਬੰਤਾ ਝੋਲੀ ਪਾਇੰਦਾ। ਜਸਬੀਰ ਦੇਵੇ ਧੀਰ, ਚਰਨ ਘਤੇ ਇਕ ਵਹੀਰ, ਸਿੰਘ ਸੰਤਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਕਰਤਾਰ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਸਿੰਘ ਕੇਹਰ ਕਰੇ ਪਿਆਰ, ਮਲ ਸਿੰਘ ਨਾਲ ਮਿਲਾਈਆ। ਗੁਰਦਾਸ ਸਿੰਘ ਦਏ ਅਧਾਰ, ਜਰਨੈਲ ਸਿੰਘ ਸੋਭਾ ਪਾਈਆ। ਸਿੰਘ ਸਰਦਾਰਾ ਦੇਵੇ ਤਾਰ, ਗੁਰਬਚਨ ਸਿੰਘ ਕਰੇ ਕੁੜਮਾਈਆ। ਰਾਮ ਸਿੰਘ ਖੋਲ੍ਹ ਕਿਵਾੜ, ਨੇਤਰ ਨੈਣ ਨੈਣ ਸਮਝਾਈਆ। ਸਿੰਘ ਸੌਦਾਗਰ ਮੰਦਰ ਆਪਣੇ ਵਾੜ, ਕਾਇਆ ਗਾਗਰ ਬੂਝ ਬੁਝਾਈਆ। ਬੂੜ ਸਿੰਘ ਜੋਤ ਨਿਰਾਕਾਰ, ਨੂਰ ਨੁਰਾਨਾ ਆਪ ਦਰਸਾਈਆ। ਅਮਰ ਸਿੰਘ ਅਮਰਾਪਦ ਚਾੜ੍ਹ, ਗੁਰਦਿਆਲ ਗੁਰ ਗੁਰ ਰੂਪ ਸਮਾਈਆ। ਸਿੰਘ ਨਾਜ਼ਰ ਦਏ ਅਧਾਰ, ਨਿਰੰਜਣ ਸਿੰਘ ਏਕਾ ਨੈਣ ਖੁਲ੍ਹਾਈਆ। ਸਿੰਘ ਸਰਦਾਰਾ ਕਰੇ ਵਿਚਾਰ, ਗੱਜਣ ਸਿੰਘ ਸੋਭਾ ਪਾਈਆ। ਹਰਬੰਸ ਸਿੰਘ ਉਤਰਿਆ ਪਾਰ, ਭਾਗ ਸਿੰਘ ਭਾਗ ਵਡਿਆਈਆ। ਸਿੰਘ ਜਾਗੀਰ ਕਰੇ ਸ਼ੰਗਾਰ, ਤਨ ਬਸਤਰ ਇਕ ਛੁਹਾਈਆ। ਹਰਚੰਦ ਸਿੰਘ ਹੋਵੇ ਪਾਰ, ਖ਼ੁਸ਼ੀ ਬੰਦ ਬੰਦ ਆਪਣਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪ੍ਰੀਤਮ ਸਿੰਘ ਪ੍ਰੇਮ ਪਿਆਰ, ਸਿੰਘ ਪਰਗਟ ਨਾਲ ਮਿਲਾਈਆ। ਰਤਨ ਸਿੰਘ ਅਮੋਲਕ ਲਾਲ, ਸਰੂਪ ਅਨੂਪ ਦਰਸਾਈਆ। ਸਿੰਘ ਸਰੂਪ ਕਰੇ ਪ੍ਰਿਤਪਾਲ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਗੁਰਮੁਖ ਸੱਚਾ ਵੇਖੇ ਲਾਲ, ਲਾਲ ਸਿੰਘ ਦਏ ਵਡਿਆਈਆ। ਨਸੀਬ ਸਿੰਘ ਕਰੇ ਬਹਾਲ, ਸਿੰਘ ਰੇਸ਼ਮ ਨਾਲ ਮਿਲਾਈਆ। ਜਸਵੰਤ ਸਿੰਘ ਨਾ ਖਾਏ ਕਾਲ, ਗੁਰਮੀਤ ਸਿੰਘ ਮਿਲੇ ਵਡਿਆਈਆ। ਗੱਜਨ ਸਿੰਘ ਨਾ ਹੋਏ ਕਦੇ ਬੇਹਾਲ, ਗੁਰਮੇਜ ਰੰਗ ਵਟਾਈਆ। ਕੇਸਰ ਸਿੰਘ ਆਪਣਾ ਲਾਲ, ਗੁਰਦੇਵ ਸਿੰਘ ਖ਼ੁਸ਼ੀ ਮਨਾਈਆ। ਤਾਰੂ ਸਿੰਘ ਹੋਏ ਦਿਆਲ, ਸਿੰਘ ਵਤਨ ਵੱਜੇ ਵਧਾਈਆ। ਅਰਜਣ ਸਿੰਘ ਸੁਰਤ ਸੰਭਾਲ, ਸੁਰਤ ਸ਼ਬਦ ਕਰੇ ਕੁੜਮਾਈਆ। ਬਲਵੰਤ ਕੌਰ ਦੇਵੇ ਤਾਰ, ਧਰਮ ਸਪਤਨੀ ਸਿੰਘ ਬਿਸ਼ਨ ਵਡਿਆਈਆ। ਸੁਦਰਸਨ ਦੇਵੇ ਇਕ ਅਧਾਰ, ਨਾਰੀ ਰੂਪ ਵਟਾਈਆ। ਭਾਗਨ ਸੋਹੇ ਸਚ ਦਵਾਰ, ਨੇਤਰ ਜਾਗਣ ਖ਼ੁਸ਼ੀ ਮਨਾਈਆ। ਰਣਜੀਤ ਕੌਰ ਮਿਲਿਆ ਸਚ ਘਰ ਬਾਰ, ਸ਼ਾਹ ਪਾਤਸ਼ਾਹ ਹੋਏ ਸਹਾਈਆ। ਕੁਛ ਸਿੱਖ ਰੱਖ ਲਏ ਤੀਜੇ ਦਿਨ ਫਿਰ ਕਰੇ ਵਿਹਾਰ, ਆਪਣਾ ਪਰਦਾ ਆਪ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਬਹੱਤਰ ਭਗਤ ਅਕੱਠ, ਏਕਾ ਦਰ ਸੁਹਾਇੰਦਾ। ਚੇਲਾ ਸਿੰਘ ਨਾਮ ਲਿਆ ਰਟ, ਤੇਜ ਭਾਨ ਹਰਿ ਗੁਣ ਗਾਇੰਦਾ। ਗੁਰਦਿਤ ਸਿੰਘ ਲੇਖੇ ਲਾਈ ਰਤ, ਸਿੰਘ ਲਛਮਣ ਪਾਰ ਕਰਾਇੰਦਾ। ਦੇਵਾ ਸਿੰਘ ਖੇੜਾ ਨਾ ਹੋਏ ਭੱਠ, ਧਰਮ ਚੰਦ ਜੋੜ ਜੁੜਾਇੰਦਾ। ਦੇਵੀ ਸਿੰਘ ਗੇੜੇ ਲੱਠ, ਆਪਣਾ ਗੇੜਾ ਆਪ ਭਵਾਇੰਦਾ। ਭਗਤ ਸਿੰਘ ਮਾਰਗ ਦੱਸ, ਸਿੰਘ ਜਸਵੰਤ ਰਾਹ ਚਲਾਇੰਦਾ। ਸਰਿੰਦਰ ਸਿੰਘ ਮੇਲਾ ਹੱਸ ਹੱਸ, ਟੋਪਨ ਸਾਚੇ ਘੋੜ ਚੜ੍ਹਾਇੰਦਾ। ਬਹੱਤਰ ਤਾਰ ਨਾ ਕਰੇ ਬਸ, ਜੋ ਆਇਆ ਪਾਰ ਕਰਾਇੰਦਾ। ਚੁਹੱਤਰਾਂ ਪਹਿਲੋਂ ਪੂਰੀ ਕਰੇ ਆਸ, ਸੱਤਰ ਆਪਣੇ ਅਗੇ ਲਾਇੰਦਾ। ਸੱਤਰ ਬਹੱਤਰ ਚੁਹੱਤਰ ਇਕ ਇਕ ਨਾਲ ਇਕੀਆਂ ਕਰੇ ਬੰਦ ਖ਼ਲਾਸ, ਇਕੀਆਂ ਅਗੇ ਇਕੀ ਇਕੀ ਹੋਰ ਤਰਾਇੰਦਾ। ਕੋਈ ਹੋ ਕੇ ਨਾ ਜਾਏ ਨਿਰਾਸ, ਸਭ ਦਾ ਲੇਖਾ ਆਪਣੀ ਝੋਲੀ ਪਾਇੰਦਾ। ਸਦਾ ਸਹੇਲਾ ਵਸੇ ਪਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤਰ ਬਹੱਤਰ ਚੁਹੱਤਰ ਤਿੰਨਾਂ ਅੰਕ ਕਰ ਅਕੱਤਰ, ਤਿੰਨਾਂ ਵਿਚੋਲਾ ਬਣੇ ਬਹੱਤਰ, ਸਿਫ਼ਰਾ ਉਡਾਏ ਸੱਤਰ, ਸਾਤਾ ਰਹਿ ਜਾਏ ਸਭ ਦਾ ਮਿਤਰ, ਚੌਕਾ ਚੌਥਾ ਜੁਗ ਬਣਿਆ ਚਤਰ, ਸਾਤਾ ਸਤਿ ਸਤਿਵਾਦੀ ਮਾਰੇ ਛਿਤਰ, ਸਭ ਨੂੰ ਮੂੰਹ ਦੇ ਭਾਰ ਸੁਟਾਇੰਦਾ। ਬਹੱਤਰ ਭਗਤ ਜੀਵ ਜੰਤ ਦੇਂਦੇ ਰਹਿ ਜਾਣ ਪਤਰ, ਪੂਰਬ ਲਹਿਣਾ ਝੋਲੀ ਪਾਈਆ। ਅੱਗੋਂ ਸਭਨਾ ਪੰਜ ਵਿਕਾਰਾ ਦੇਵੇ ਲਿਤੜ, ਆਪਣਾ ਭਾਰ ਉਠਾਈਆ। ਗਲ ਲਗਾਵੇ ਭਰਿਆਂ ਚਿੱਕੜ, ਦੁਰਮਤ ਮੈਲ ਧੁਆਈਆ। ਛੱਤੀ ਜੁਗ ਗੁਰਸਿਖੋ ਤੁਹਾਡਾ ਕਰਦਾ ਆਇਆ ਫ਼ਿਕਰ, ਫ਼ਿਕਰਾ ਆਪਣਾ ਮਾਤ ਚਲਾਈਆ। ਜਿਸ ਦੇ ਪਿਛੇ ਜਿਕਰੀਏ ਚਿਰਾਇਆ ਜ਼ਿਕਰ, ਸੋ ਤੁਹਾਡਾ ਜ਼ਿਕਰ ਕਰ ਆਪਣੀ ਖ਼ੁਸ਼ੀ ਮਨਾਈਆ। ਜਿਸ ਨੂੰ ਕਹਿੰਦੇ ਗਏ ਆਦਿ ਜੁਗਾਦਿ ਲੇਖਾ ਦੇਂਦਾ ਸੋ ਕਲਜੁਗ ਅੰਤਮ ਆਇਆ ਨਿੱਤਰ, ਨਿਰਵੈਰ ਪੁਰਖ ਬੇਪਰਵਾਹੀਆ। ਜਿਸ ਨੂੰ ਗੋਬਿੰਦ ਬਣਾਇਆ ਮਿਤਰ, ਸੋ ਮਿਤਰ ਬਣ ਬਣ ਸੇਵ ਕਮਾਈਆ। ਜੋ ਬਣ ਹੰਕਾਰੀ ਬੈਠੇ ਵਿਟਰ, ਅੰਤ ਸਭ ਨੂੰ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਬਹੱਤਰ ਸਿਖ ਬਹੱਤਰ ਨਾੜੀ, ਨਾੜ ਨਾੜ ਨਾੜ ਸਮਾਇੰਦਾ। ਨਿਰਗੁਣ ਫਿਰੇ ਪਿਛੇ ਅਗਾੜੀ, ਸਰਗੁਣ ਤੇਰੀ ਸੇਵ ਕਮਾਇੰਦਾ। ਰੱਖੇ ਲਾਜ ਚਰਨ ਛੁਹਾਈ ਦਾੜ੍ਹੀ, ਲਾਜਾਵੰਤ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਸਮਝਾਇੰਦਾ। ਸਾਚੀ ਸੇਵਾ ਬਹੱਤਰ ਜਨ, ਹਰਿ ਸਾਚਾ ਸਚ ਜਣਾਇੰਦਾ। ਰਾਜ ਇੰਦਰ ਪ੍ਰਸਾਦਿ ਜੇ ਜਾਇਣ ਮੰਨ, ਅਗਲਾ ਲੇਖਾ ਪੂਰ ਕਰਾਇੰਦਾ। ਕਾਇਆ ਠੀਕਰ ਦੇਵੇ ਭੰਨ, ਜੋ ਘੜਿਆ ਭੰਨ ਵਖਾਇੰਦਾ। ਪਹਿਲੀ ਚੇਤਰ ਜਿਸ ਰਾਜ ਦਰਬਾਰੀਆਂ ਅੰਦਰ ਲੌਣੀ ਸੰਨ੍ਹ, ਔਦਾਂ ਜਾਂਦਾ ਦਿਸ ਨਾ ਆਇੰਦਾ। ਸੁਣ ਸਨੇਹੜਾ ਲਾ ਕੇ ਕੰਨ, ਗੁਰ ਗੋਬਿੰਦ ਆਪ ਸੁਣਾਇੰਦਾ। ਭਗਤ਼ ਦਵਾਰਾ ਬੇੜਾ ਦੇਣਾ ਬੰਨ੍ਹ, ਬਹੱਤਰ ਬਹੱਤਰ ਸਾਚੀ ਸੇਵ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੁਹੱਤਰ ਦੇਵੇੇ ਇਕੋ ਵਰ, ਸੱਤਰ ਆਪਣਾ ਸੰਗ ਨਿਭਾਇੰਦਾ। ਸਾਚਾ ਸੰਗ ਨਿਭਾਏ ਸਰਬ ਗੁਣਵੰਤ, ਬੇਪਰਵਾਹ ਵਡੀ ਵਡਿਆਈਆ। ਆਦਿ ਜੁਗਾਦਿ ਮਹਿਮਾ ਅਗਣਤ, ਗੁਣ ਕਹੇ ਨਾ ਕੋਈ ਰਾਈਆ। ਮੇਲ ਮਿਲਾਏ ਭਗਤ ਭਗਵੰਤ, ਭਗਵਨ ਦਇਆ ਕਮਾਈਆ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਦਰ ਬਹਾਈਆ। ਸਾਚੇ ਭਗਤ ਆਓ ਦਰ, ਦਰ ਦਵਾਰ ਖੁਲ੍ਹਾਇਆ। ਜਨਮ ਜਨਮ ਦਾ ਚੁੱਕੇ ਡਰ, ਡਰ ਆਪਣਾ ਰਹੇ ਨਾ ਰਾਇਆ। ਮੁੜ ਕੇ ਜਾਣਾ ਆਪਣੇ ਘਰ, ਜੋ ਘਰ ਮਾਤ ਤਜਾਇਆ। ਜਿਸ ਵਿਛੜਿਆਂ ਜਾਈਏ ਮਰ, ਸੋ ਮੇਲਣਹਾਰਾ ਫੇਰਾ ਪਾਇਆ। ਜਿਸ ਦਾ ਨਾਮ ਬਾਣੀ ਰਹੇ ਪੜ੍ਹ, ਸੋ ਦਰ ਦਰ ਆ ਆ ਦਰਸ ਵਖਾਇਆ। ਜਿਸ ਅਗੇ ਅਰਦਾਸੇ ਰਹੇ ਕਰ, ਸੋ ਸ਼ਰਧਾ ਪੂਰ ਸਰਬ ਸੁਖਦਾਇਆ। ਜਿਸ ਦਾ ਭਾਣਾ ਰਹੇ ਜਰ, ਸੋ ਭਾਣਾ ਰਿਹਾ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਦਰ ਘਰ ਸਾਚਾ ਆਪ ਸੁਹਾਇਆ। ਸੁਹਾਏ ਦਰ ਸੋਭਾਵੰਤ, ਸਿੰਘ ਗੁਰਚਰਨ ਮਿਲੇ ਵਡਿਆਈਆ। ਬਿਨ ਇਛਿਆ ਬਣਾਏ ਬਣਤ, ਬਣਤ ਬਣਾਏ ਸੱਚਾ ਸ਼ਹਿਨਸ਼ਾਹੀਆ। ਸੱਤਰਾਂ ਮਿਲੇ ਇਕੋ ਕੰਤ, ਨਾਰੀ ਕੰਤ ਲਏ ਪਰਨਾਈਆ। ਰੰਗ ਚਾੜ੍ਹੇ ਇਕ ਬਸੰਤ, ਉਤਰ ਕਦੇ ਨਾ ਜਾਈਆ। ਲੋਕਮਾਤ ਬਣਾਏ ਬਣਤ, ਦੇਵੇ ਮਾਣ ਵਡਿਆਈਆ। ਉਨੀ ਕਤਕ ਦਿਵਸ ਸੋਭਾਵੰਤ, ਹਰਿ ਜੂ ਹਰਿਜਨ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਤਰ ਦੇਵੇ ਸਤਿ ਕਾ ਦਾਨ, ਬ੍ਰਹਮ ਮਤ ਇਕ ਨਿਸ਼ਾਨ, ਤੱਤਵ ਤਤ ਇਕ ਜਣਾਈਆ। ਬਣਤ ਬਣਾਏ ਪੁਰਖ ਅਗੰਮ, ਅਗੰਮੜੀ ਕਾਰ ਕਮਾਇਆ। ਸਾਢੇ ਤਿੰਨ ਤਿੰਨ ਹੱਥ ਚਾਰ ਕੁੰਟ ਥੰਮ, ਜਗਤ ਸਹਾਰਾ ਦਏ ਜਣਾਇਆ। ਸੋਲਾਂ ਫੁੱਟ ਚੜ੍ਹੇ ਚੰਨ, ਦਸ ਦਸ ਨਾਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਨੌਂ ਦਵਾਰੇ ਜਗਤ ਧਾਰ, ਸੋ ਪੁਰਖ ਨਿਰੰਜਣ ਆਪ ਜਣਾਈਆ। ਨੌਂ ਦਵਾਰੇ ਨੌਂ ਖੰਡ ਵਿਚਾਰ, ਏਕਾ ਅੱਖਰ ਕਰੇ ਪੜ੍ਹਾਈਆ। ਨੌ ਦਵਾਰੇ ਨੌਂ ਨਿਧ ਮਾਰੇ ਮਾਰ, ਗੁਰਮੁਖ ਨੇੜ ਕਦੇ ਨਾ ਆਈਆ। ਨੌਂ ਦਵਾਰੇ ਹਰਿਜਨ ਕਰੇ ਪਾਰ, ਪ੍ਰਭ ਮਿਲੇ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਜਣਾਈਆ। ਨੌਂ ਦਵਾਰੇ ਨੌਂ ਬਾਰੀ, ਬਾਰਨ ਬਾਰ ਬਾਰ ਕਰਾਇੰਦਾ। ਏਕਾ ਰੰਗ ਰੰਗੇ ਪੁਰਖ ਨਾਰੀ, ਨਾਰੀ ਪੁਰਖ ਖੇਲ ਖਿਲਾਇੰਦਾ। ਧਰਮ ਬੰਨ੍ਹ ਇਕ ਮਾਰੀ, ਤੇਰਾ ਤੇਰਾਂ ਤੇਰਾ ਵੰਡ ਵੰਡਾਇੰਦਾ। ਇੰਚ ਸਿੰਚ ਹਰੀ ਕਿਆਰੀ, ਅੱਧੀ ਆਪਣੇ ਵਿਚ ਸਮਾਇੰਦਾ। ਏਕਾ ਅੱਧਾ ਡੇਉੜਾ ਜਾ ਬਲਹਾਰੀ, ਚਾਰ ਕੁੰਟ ਬੰਧਨ ਪਾਇੰਦਾ। ਦਹਿ ਦਿਸ਼ਾ ਖੇਲ ਖਿਲਾਰੀ, ਏਕਾ ਵਾਰ ਵਖਾਇੰਦਾ। ਸਾਢੇ ਤਿੰਨ ਪਿਛੇ ਵਿਹਾਰੀ, ਪਿਛਾ ਅੱਗਾ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਸਾਢੇ ਤਿੰਨ ਹੱਥ ਪਿਛੇ ਸਿੰਘਾਸਣ, ਹਰਿ ਜੂ ਆਪਣੀ ਵੰਡ ਵੰਡਾਇੰਦਾ। ਲੇਖਾ ਰਹੇ ਪੁਰਖ ਅਬਿਨਾਸ਼ਨ, ਦਿਸ ਕਿਸੇ ਨਾ ਆਇੰਦਾ। ਜਿਸ ਜਨ ਦੇਵੇ ਧੁਰ ਭਰਵਾਸਨ, ਦਰ ਸਾਚਾ ਆਪ ਜਣਾਇੰਦਾ। ਲਹਿਣਾ ਤੋੜ ਪ੍ਰਿਥਮੀ ਅਕਾਸ਼ਨ, ਗਗਨ ਮੰਡਲ ਪਾਰ ਕਰਾਇੰਦਾ। ਪੂਰ ਕਰਾਏ ਹਰਿ ਜੂ ਆਸਨ, ਨੌਂ ਦਵਾਰੇ ਪੰਧ ਮੁਕਾਇੰਦਾ। ਲੁਕ ਲੁਕ ਮਾਰੇ ਸਦਾ ਅਵਾਜ਼ਨ, ਲੁਕਵੀਂ ਆਪਣੀ ਖੇਲ ਕਰਾਇੰਦਾ। ਆਪੇ ਹਾਲ ਜਾਣੇ ਬਾਤਨ, ਜ਼ਾਹਿਰਾ ਆਪਣਾ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਨੌ ਚਾਰ ਚਾਰ ਆਪਣੇ ਰੰਗ ਰੰਗਾਇੰਦਾ। ਰੰਗ ਰੰਗੇ ਸਚ ਮਹੱਲਾ, ਸਹਿਜ ਸਹਿਜ ਸੁਖਦਾਇਆ। ਵਸਣਹਾਰਾ ਸਾਢੇ ਤਿੰਨ ਹੱਥ ਜਗਤ ਉਚ ਅਟੱਲਾ, ਅਟਲ ਆਪਣਾ ਨਾਉਂ ਧਰਾਇਆ। ਜੀਵ ਭੁਲਾਏ ਕਰ ਕਰ ਵਲ ਛਲਾ, ਅਛਲ ਅਛੱਲ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਮਾਰਗ ਰਾਹ ਵਖਾਇਆ। ਸਤਿਜੁਗ ਨੀਂਹ ਰੱਖੇ ਕਰਤਾਰ, ਜਗਤ ਜਗਦੀਸ਼ ਗਿਆ ਸਮਝਾਈਆ। ਜਿਸ ਵੇਲੇ ਹੋਇਆ ਸਸਕਾਰ, ਸੋ ਵੇਲਾ ਲਿਆ ਸੁਹਾਈਆ। ਭਗਤਾਂ ਬਣੇ ਇਕ ਦਵਾਰ, ਅਨਮੁਲੀ ਭਗਤੀ ਝੋਲੀ ਪਾਈਆ। ਚਵ੍ਹੀ ਹੱਥ ਹੱਥ ਨਿਸ਼ਾਨ, ਸਮਰਥ ਦਏ ਝੁਲਾਈਆ। ਬਿਨ ਪੜ੍ਹਿਆਂ ਦੇਣਾ ਗਿਆਨ, ਆਪਣਾ ਦਰਸ ਕਰਾਈਆ । ਨਿਥਾਵਿਆਂ ਦੇਣਾ ਥਾਨ, ਨਿਆਸਰਿਆਂ ਆਸ ਪੁਜਾਈਆ। ਏਕਾ ਰਾਗ ਸੁਹੌਣਾ ਕਾਨ, ਏਕਾ ਨਾਦ ਵਜਾਈਆ। ਏਕਾ ਮੰਦਰ ਦਸੌਣਾ ਮਕਾਨ, ਮਸਤ ਰਹੇ ਲੋਕਾਈਆ । ਏਕਾ ਪਰਕਾਸ਼ ਕਰਨਾ ਕੋਟਨ ਭਾਨ, ਜੋਤੀ ਜੋਤ ਰੁਸ਼ਨਾਈਆ। ਦਰ ਆਇਆਂ ਬਿਨ ਮੰਗਿਆਂ ਦੇਣਾ ਦਾਨ, ਜਗਦੀਸ਼ ਏਕਾ ਮੰਗ ਮੰਗਾਈਆ। ਨੌਂ ਸੌ ਚੁਰਾਨਾਵੇਂ ਚੌਕੜੀ ਜੁਗ ਪਿਛੋਂ ਆਇਓ ਮਾਤ ਭਗਵਾਨ, ਆਪਣਾ ਬਲ ਰਖਾਈਆ। ਤੇਰੀ ਰੱਖ ਕੇ ਓਟ ਨਾ ਆਵੇ ਹਾਣ, ਨੇਤਰ ਦਰਗਾਹਿ ਨਾ ਫੇਰ ਸ਼ਰਮਾਈਆ। ਆਦਿ ਜੁਗਾਦੀ ਤੇਰੀ ਬਾਣ, ਗ਼ਰੀਬਾਂ ਗਲ ਲਗਾਈਆ। ਬਿਨ ਤੇਰੇ ਨਾਮ ਸ਼ਾਹ ਪਾਤਸ਼ਾਹ ਖ਼ਾਲੀ ਖ਼ਾਕ ਰਹੇ ਛਾਨ, ਅੰਤ ਸੀਸ ਖੇਹ ਪਵਾਈਆ। ਤੂੰ ਹਾਣੀਆਂ ਮਿਲਿਆ ਹਾਣ, ਤੂੰ ਕਰੀ ਆਪ ਪਛਾਣ, ਹਉਂ ਬਾਲਕ ਜੀਵ ਅਞਾਣ, ਗਤ ਮਿਤ ਤੇਰੇ ਹੱਥ ਤੇਰੀ ਵਡਿਆਈਆ। ਆਪਣਾ ਦਿਵਸ ਦੱਸ ਮਹਾਨ, ਤੇਰੀ ਸੇਵਾ ਕਰੀਏ ਆਣ, ਦਰ ਦਰ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਰਿਹਾ ਸਮਝਾਈਆ। ਸਚ ਸੰਦੇਸ਼ਾ ਹਰਿ ਸੁਣਾਇੰਦਾ, ਪੁਰਖ ਅਗੰਮਾ ਏਕਾ ਬੋਲ। ਕਲਜੁਗ ਵੇਲਾ ਅੰਤਮ ਆਇੰਦਾ, ਗੁਰਮੁਖ ਰਹਿਣਾ ਸਦਾ ਅਡੋਲ। ਸਤਿਗੁਰ ਸਾਚੀ ਸੇਵ ਕਮਾਇੰਦਾ, ਸਦ ਵਸਣਹਾਰਾ ਕੋਲ। ਭਗਤਾਂ ਮਾਰਗ ਏਕਾ ਲਾਇੰਦਾ, ਦੇਵੇ ਵਸਤ ਅਨਮੋਲ। ਸਾਚਾ ਮੰਦਰ ਇਕ ਬਣਾਇੰਦਾ, ਛੱਤੀ ਜੁਗ ਦਾ ਤੋਲਿਆ ਤੋਲ। ਨਿਰਗੁਣ ਆਪਣਾ ਅੰਦਰ ਆਸਣ ਲਾਇੰਦਾ, ਬਾਹਰ ਬੈਠਾ ਰਹੇ ਅਡੋਲ। ਆਪਾ ਭੁੱਲੇ ਆਪ ਜਗਾਇੰਦਾ, ਅੰਦਰ ਵੜ ਵੜ ਪਰਦਾ ਖੋਲ੍ਹ,। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਪੂਰਾ ਕੀਤਾ ਕੌਲ। ਕੀਤਾ ਪੂਰਾ ਕਰੇ ਕੌਲ ਇਕ਼ਰਾਰ, ਅਕਿਰਤਘਨ ਨਾ ਕਦੇ ਅਖਵਾਈਆ। ਸਤਿਜੁਗ ਬਣੇ ਸੱਚਾ ਦਰਬਾਰ, ਨੌਂ ਦਵਾਰੇ ਦਏ ਖੁਲ੍ਹਾਈਆ। ਨੌਂ ਖਿੜਕੀ ਕਰੇ ਪਿਆਰ, ਏਕਾ ਦੂਜਾ ਬੰਧਨ ਪਾਈਆ। ਪੰਜ ਚਾਰ ਸਚ ਵਿਹਾਰ, ਦੋਹਾਂ ਮੇਲਾ ਸਹਿਜ ਸੁਭਾਈਆ। ਕਰੇ ਖੇਲ ਅਗੰਮ ਅਪਾਰ, ਅਗੋਚਰ ਆਪਣਾ ਰੂਪ ਵਟਾਈਆ। ਸਾਚੀ ਨੀਂਹ ਦਏ ਉਸਾਰ, ਜਗਤ ਨੀਂਹ ਦਏ ਉਖੜਾਈਆ। ਵਾਹ ਵਾ ਕ਼ੁਦਰਤ ਤੇਰੀ ਯਾਰ, ਤੂੰ ਕ਼ੁਦਰਤ ਕ਼ਾਦਰ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖ਼ਿਆ ਇਕ ਸਮਝਾਈਆ। ਸਾਚੀ ਸਿਖਿਆ ਸਤਿਗੁਰ ਰੀਤ, ਸਤਿਜੁਗ ਰਾਹ ਚਲਾਇੰਦਾ। ਅੰਤਮ ਨਾਤਾ ਤੁਟਨਾ ਮੰਦਰ ਮਸੀਤ, ਥਿਰ ਕੋਇ ਰਹਿਣ ਨਾ ਪਾਇੰਦਾ। ਪੁਰਖ ਅਕਾਲ ਸਭ ਨੇ ਗੌਣਾ ਗੀਤ, ਦੂਜਾ ਇਸ਼ਟ ਨਾ ਕੋਈ ਮਨਾਇੰਦਾ। ਇਕ ਦਵਾਰੇ ਲੱਗੇ ਸਚ ਪ੍ਰੀਤ, ਦੂਜਾ ਬੰਧਨ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਗਲ ਸਮਗਰੀ ਆਪ ਬਣਾਇੰਦਾ। ਸਗਲ ਸਮਗਰੀ ਕਰ ਤਿਆਰ, ਹਰਿ ਸਾਚਾ ਦਏ ਸਮਝਾਈਆ। ਹਰਿ ਕੀ ਸਮਗਰੀ ਹਰਿ ਸੰਗਤ ਪਿਆਰ, ਦੂਜੀ ਵਸਤ ਨਾ ਕੋਈ ਰਖਾਈਆ। ਆਪੇ ਬਣ ਜਾਏ ਸੇਵਾਦਾਰ, ਸੇਵਕ ਬਣ ਬਣ ਸੇਵ ਕਮਾਈਆ। ਗੁਰਸਿਖ ਮਹੱਲ ਲਏ ਉਸਾਰ, ਲੋਕਮਾਤ ਕਰੇ ਰੁਸ਼ਨਾਈਆ। ਮਾਨਸ ਜਨਮ ਨਾ ਆਵੇ ਹਾਰ, ਕੀਤੀ ਘਾਲ ਲੇਖੇ ਪਾਈਆ। ਜੋ ਕਰਕੇ ਜਾਏ ਦੀਦਾਰ, ਦੀਦ ਈਦ ਚੰਦ ਸ਼ਰਮਾਈਆ। ਲੇਖਾ ਸਭ ਦਾ ਇਕੋ ਜੇਹਾ ਪੁਰਖ ਨਾਰ, ਛੋਟਾ ਵੱਡਾ ਨਾ ਕੋਈ ਵਡਿਆਈਆ। ਬਿਰਧ ਬਾਲ ਨਾ ਕੋਈ ਧਾਰ, ਜਵਾਨ ਬਲ ਨਾ ਕੋਈ ਜਣਾਈਆ। ਅੰਦਰੇ ਅੰਦਰ ਵੇਖੇ ਲੱਗਾ ਸਚ ਪਿਆਰ, ਕਵਣ ਪ੍ਰੀਤੀ ਰਿਹਾ ਨਿਭਾਈਆ। ਗੁਰਸਿਖ ਸੰਸਾਰ ਕੋਲੋਂ ਡਰ ਨਾ ਜਾਣਾ ਹਾਰ, ਜਿਤ ਹਾਰ ਹਰਿ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਨੀਂਹ ਨੀਹਾਂ ਹੇਠ ਦਬਾਈਆ। ਸਾਚੀ ਨੀਂਹ ਰੱਖੇ ਭਗਵਾਨਾ, ਦਰ ਰਾਖੀ ਆਪ ਕਰਾਇੰਦਾ। ਉਨੀ ਕੱਤਕ ਦਿਵਸ ਮਹਾਨਾ, ਸਾਢੇ ਦਸ ਵਕ਼ਤ ਸੁਹਾਇੰਦਾ। ਦਰ ਦਰ ਰੋਵੇ ਰਾਜਾ ਰਾਣਾ, ਹਰਿ ਭਾਣਾ ਕੀ ਵਰਤਾਇੰਦਾ। ਛੱਤੀ ਦਿਵਸ ਵਿਹਾਰ ਕਰਾਨਾ, ਹੁਕਮੀ ਹੁਕਮ ਆਪ ਜਣਾਇੰਦਾ। ਗੁਰਮੁਖ ਮਿਲ ਮਿਲ ਸੇਵ ਕਰਾਨਾ, ਸੇਵਕ ਸੇਵਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨ ਦਿਨ ਵੇਖੇ ਅੰਦਰ ਵੜ, ਗੁਰਮੁਖ ਸੋਇਆ ਕੋਈ ਰਹਿਣ ਨਾ ਪਾਇੰਦਾ। ਸਵਾ ਪਹਿਰ ਇਕ ਲਹਿਰ, ਜਨ ਭਗਤਾਂ ਅੰਦਰ ਆਪਣੇ ਪੌੜੇ ਜਾਏ ਚੜ੍ਹ, ਚੜ੍ਹ ਚੜ੍ਹ ਆਪਣਾ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਆਪ ਬਣਾਇੰਦਾ। ਜਨ ਭਗਤ ਦਵਾਰਾ ਹਰਿ ਬਣਤ ਬਣੌਣਾ, ਹਰਿ ਸਾਚੀ ਸੇਵ ਸਮਝਾਈਆ। ਪਹਿਲੀ ਚੇਤਰ ਗੁਰੂ ਗੋਬਿੰਦ ਸਿੰਘ ਚਲ ਕੇ ਔਣਾ, ਧੁਰ ਫ਼ਰਮਾਨਾ ਦਏ ਸੁਣਾਈਆ। ਮਿਲ ਮਿਲ ਹਰਿ ਹਰਿ ਸਾਚਾ ਮੰਗਲ ਗੌਣਾ, ਵਾਹ ਵਾਹ ਵੱਜੇ ਸਚ ਵਧਾਈਆ। ਕਲਜੁਗ ਲੇਖਾ ਜਿਸ ਮਕੌਣਾ, ਲੇਖਾ ਲਿਖੇ ਬਣ ਕ਼ਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੋਕਮਾਤ ਦਏ ਵਡਿਆਈਆ। ਲੋਕਮਾਤ ਸੋਹੇ ਸਚਖੰਡ, ਹਰਿ ਸਾਚਾ ਸਚ ਸੁਹਾਇੰਦਾ। ਲੇਖਾ ਜਾਣੇ ਪੁਰੀ ਅਨੰਦ, ਅਨੰਦ ਮੰਗਲ ਏਕਾ ਗਾਇੰਦਾ। ਮੁਕਾ ਕੇ ਆਵੇ ਦੂਰ ਦੁਰਾਡਾ ਪੰਧ, ਦਰ ਘਰ ਸਾਚੇ ਸੋਭਾ ਪਾਇੰਦਾ। ਏਕਾ ਕੂਕ ਸੁਣਾਏ ਛੰਦ, ਸ਼ਾਸਤਰ ਸਿਮਰਤ ਭੇਵ ਨਾ ਆਇੰਦਾ। ਕਵਣ ਰੂਪ ਦੇਵੇ ਵੰਡ, ਲੋਕਮਾਤ ਹੁਕਮ ਸੁਣਾਇੰਦਾ। ਕਵਣ ਫੜੇ ਚੰਡ ਪਰਚੰਡ, ਤਿਖੀ ਧਾਰ ਵੇਸ ਵਟਾਇੰਦਾ। ਕਵਣ ਮਾਰੇ ਜੇਰਜ ਅੰਡ, ਉਤਭੁਜ ਸੇਤਜ ਭੰਨ ਵਖਾਇੰਦਾ। ਕਵਣ ਟੁੱਟੀ ਦੇਵੇ ਗੰਢ, ਹਰਿਜਨ ਸਾਚੇ ਦਰ ਬਹਾਇੰਦਾ। ਪਹਿਲੀ ਚੇਤਰ ਸਚ ਸੰਦੇਸ਼ਾ ਪੁਰੀ ਅਨੰਦ ਦੇਵੇ ਘੱਲ, ਲਿਖ ਲਿਖ ਨੌਂ ਨੌ ਸਫੇ ਭਰਾਇੰਦਾ। ਜਿਸ ਦਾ ਚਿਲਾ ਸਭ ਨੂੰ ਕਰਦਾ ਖੰਡ ਖੰਡ, ਤੀਰ ਬੇਨਜ਼ੀਰ ਸ਼ਾਹ ਹਕੀਰ ਪਾਰ ਕਰਾਇੰਦਾ। ਸੋ ਵੰਡਣ ਆਇਆ ਵੰਡ, ਆਪਣਾ ਪਰਦਾ ਨਾ ਕੋਈ ਰਖਾਇੰਦਾ। ਆਓ ਟੁੱਟੀ ਫੇਰ ਦੇਵੇ ਗੰਢ, ਵੇਲਾ ਗਿਆ ਹੱਥ ਨਾ ਆਇੰਦਾ। ਬਿਨ ਮੰਗਿਆਂ ਦੇਵੇ ਮੰਗ, ਆਪਣੇ ਗਲੇ ਲਗਾਇੰਦਾ। ਜਿਸ ਨੂੰ ਗਾਉਦੇਂ ਗੁਜਰੀ ਚੰਦ, ਸੋ ਸ਼ਬਦੀ ਖੇਲ ਕਰਾਇੰਦਾ। ਜਿਸ ਨੂੰ ਕਹਿੰਦੇ ਤੇਗ ਬਹਾਦਰ ਬਿੰਦ, ਸੋ ਬਿਨਾ ਬਿੰਦ ਏਕਾ ਰੂਪ ਵਟਾਇੰਦਾ। ਜਿਸ ਨੂੰ ਕਹਿੰਦੇ ਚਾਦਰ ਹਿੰਦ, ਸੋ ਪਰਦਾ ਏਕਾ ਹੱਥ ਉਠਾਇੰਦਾ। ਜਿਸ ਪੰਧ ਚੁਕੌਣਾ ਜੀਓ ਪਿੰਡ, ਇੰਡ ਬ੍ਰਹਿਮੰਡ ਪਾਰ ਕਰਾਇੰਦਾ। ਜੇ ਨਹੀਂ ਔਣਾ ਰੱਜ ਕੇ ਕਰੋ ਨਿੰਦ, ਨਿੰਦਕ ਨਿੰਦਿਆ ਮੁਖ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਆਪਣਾ ਹੁਕਮ ਆਪ ਵਰਤਾਇੰਦਾ। ਜਗਤ ਗਾਥਾ ਚੌਦਾਂ ਗੁਰ, ਗੁਰ ਗੁਰ ਗੁਰ ਓਟ ਤਕਾਈਆ। ਇਕ ਗੁਰ ਨਾ ਜਾਏ ਥੁੜ, ਮੁੱਕ ਕਦੇ ਨਾ ਜਾਈਆ। ਜਿਸ ਗੁਰ ਦੀ ਪਈ ਲੋੜ, ਸੋ ਸਤਿਗੁਰ ਦਏ ਸਮਝਾਈਆ। ਆਦਿ ਅੰਤ ਜੋ ਜਾਏ ਬੌਹੜ, ਨਾਨਕ ਨਿਰਗੁਣ ਗਿਆ ਸਮਝਾਈਆ। ਜੁਗਾ ਜੁਗੰਤਰ ਬੁਝਾਏ ਔੜ, ਏਕਾ ਮੇਘ ਬਰਸਾਈਆ। ਮਿੱਠਾ ਕਰੇ ਰੀਠਾ ਕੌੜ, ਫਲ ਅੰਮ੍ਰਿਤ ਰੂਪ ਵਟਾਈਆ। ਪ੍ਰਭ ਆਪਣੀ ਬਿਧ ਧਾਰੀ ਅਵਰ ਕੀ ਔਰ, ਭੇਵ ਕੋਈ ਨਾ ਪਾਈਆ। ਪੰਜ ਤਤ ਉਤੇ ਕਰਦੇ ਫਿਰਦੇ ਚੌਰ, ਸਤਿਗੁਰ ਸੱਚਾ ਨਜ਼ਰ ਕਿਸੇ ਨਾ ਆਈਆ। ਜਿਸ ਮਿਲਿਆਂ ਕੰਮ ਜਾਵਣ ਸੌਰ, ਸੌਹਰੇ ਪੇਈਏ ਮਿਲੇ ਵਡਿਆਈਆ। ਜੋ ਦੋ ਜਹਾਨਾਂ ਅਗੇ ਮਿਲੇ ਦੌੜ, ਆਪਣਾ ਪੰਧ ਮੁਕਾਈਆ। ਜਿਸ ਸੱਚਾ ਲਾਇਆ ਪੌੜ, ਗੁਰਮੁਖ ਵਿਰਲਾ ਚੜ੍ਹ ਕੇ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਦਾਂ ਗੁਰੂ ਦਏ ਸਮਝਾਈਆ। ਚੌਦਾਂ ਗੁਰ ਹਰਿ ਸਮਝਾਏ, ਸਮਝ ਸਮਝ ਵਿਚ ਮਿਲਾਈਆ। ਕਲਜੁਗ ਅੰਤਮ ਕੂਕ ਕੁਰਲਾਏ, ਨੇਤਰ ਨੈਣਾਂ ਨੀਰ ਵਹਾਈਆ। ਚੌਦਾਂ ਤਬਕ ਕਰਨ ਹਾਏ ਹਾਏ, ਸਾਚਾ ਸਬਕ ਨਾ ਕੋਈ ਪੜ੍ਹਾਈਆ। ਅੱਲਾ ਰਾਣੀ ਜਗਤ ਬੀਵੀ ਵਾਸਤਾ ਪਾਏ, ਬਿਨ ਖ਼ਾਵੰਦ ਬਿਨ ਨੈਣਾਂ ਨੀਰ ਵਹਾਈਆ। ਮਿਲੇ ਮੀਆਂ ਸੱਚਾ ਮਾਹੀ ਘਰ ਆਏ, ਤੋਬਾ ਤੋਬਾ ਰਹੀ ਸੁਣਾਈਆ। ਮੇਰੀ ਘਾਲ ਲੇਖੇ ਨਾ ਪਾਏ, ਕੋਝੀ ਕਮਲੀ ਹਾਲ ਸੁਣਾਈਆ। ਆਬ ਹਯਾਤ ਨਾ ਕੋਈ ਪਿਆਏ, ਅਹਿਬਾਬ ਰਬਾਬ ਨਾ ਕੋਈ ਵਜਾਏ, ਭੁਲ ਸਵਾਬ ਨਾ ਕੋਈ ਵਡਿਆਈਆ। ਪਿਸਰ ਪਿਦਰ ਨਾ ਕੋਈ ਮਨਾਏ, ਰਾਗ ਵਾਰ ਨਾ ਕੋਈ ਸੁਣਾਏ, ਕਰ ਆਦਰ ਨਾ ਚਰਨ ਬਹਾਏ, ਮਿਲੇ ਦਰ ਨਾ ਸੀਸ ਸ਼ਰਨਾਈਆ। ਤੇਗ਼ ਬਹਾਦਰ ਤੈਨੂੰ ਅਗਨੀ ਅੱਗ ਗਿਆ ਲਗਾਏ, ਬਿਨ ਗੋਬਿੰਦ ਅੰਤ ਨਾ ਕੋਈ ਬਚਾਈਆ। ਮੁਹੰਮਦ ਰੋ ਰੋ ਵਾਸਤਾ ਪਾਏ, ਵੇਲਾ ਅੰਤਮ ਗਿਆ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਰ ਦਏ ਸਮਝਾਈਆ। ਬਹੱਤਰ ਭਗਤ ਦਵਾਰਾ ਹੋਏ ਤਿਆਰ, ਚੌਦਾਂ ਗੁਰ ਆਪ ਪਰਗਟਾਈਆ। ਚੌਥਾ ਸਿਰ ਹੱਥ ਰਖੇ ਨਿਰੰਕਾਰ, ਆਪ ਆਪਣੀ ਦਇਆ ਕਮਾਈਆ। ਏਕਾ ਹੁਕਮ ਦੇਵੇ ਏਕਾ ਵਾਰ, ਏਕਾ ਗੁਣ ਸਮਝਾਈਆ। ਏਕਾ ਗੁਰ ਕਰੇ ਅਸਵਾਰ, ਸ਼ਾਹ ਅਸਵਾਰਾ ਰਾਹ ਤਕਾਈਆ। ਏਕਾ ਨਾਮ ਸਚ ਜੈਕਾਰ, ਏਕਾ ਨਾਅਰਾ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਲੇਖਾ ਪੂਰ ਕਰਾਈਆ। ਨਾਨਕ ਲੇਖਾ ਚੌਦਾਂ ਗੁਰ, ਗੁਰ ਗੁਰ ਨਾਮ ਧਿਆਇਆ। ਸਾਹਿਬ ਸੱਚੇ ਦੀ ਇਕੋ ਲੋੜ, ਇਕੋ ਤਾਲ ਵਜਾਇਆ। ਆਪਣੇ ਆਪ ਨਾਲ ਜਾਏ ਜੋੜ, ਆਪੇ ਜੋਤ ਸ਼ਬਦ ਨਾਦ ਸੁਣਾਇਆ। ਆਪੇ ਕਰੇ ਆਪਣੀ ਪੂਰੀ ਲੋੜ, ਮੰਗਣ ਕਿਸੇ ਦਰ ਨਾ ਜਾਇਆ। ਕਲਜੁਗ ਅੰਤਮ ਜਾਏ ਬੌਹੜ, ਚੌਦਾਂ ਗੁਰੂ ਵੇਸ ਵਟਾਇਆ। ਚੌਦਾਂ ਗੁਰੂ ਚੌਦਾਂ ਲੋਕ, ਏਕਾ ਵਾਰ ਪਰਗਟਾਈਆ। ਏਕਾ ਨਾਮ ਇਕ ਸਲੋਕ, ਏਕਾ ਰਾਗ ਸੁਣਾਈਆ। ਏਕਾ ਪੁਰਖ ਏਕਾ ਓਟ, ਚਰਨ ਧਿਆਨ ਇਕ ਲਗਾਈਆ। ਇਕ ਵਖਾਏ ਨਿਰਮਲ ਜੋਤ, ਜੋਤੀ ਜਾਤਾ ਡਗਮਗਾਈਆ । ਕਲਜੁਗ ਅੰਤਮ ਗੁਰੂ ਹੋਏ ਬਹੁਤ,  ਲੇਖਾ ਲੇਖ ਨਾ ਲਿਖਿਆ ਜਾਈਆ। ਜਿਸ ਦਾ ਅਜੇ ਨਾ ਖੁਲ੍ਹਿਆ ਸੋਤ, ਦੂਸਰਿਆਂ ਸੋਤ ਰਿਹਾ ਖੁਲ੍ਹਾਈਆ। ਆਪ ਡਿਗੇ ਆਲਣਿਓ ਬੋਟ, ਦੂਜੀ ਵਾਰ ਵਿਚ ਨਾ ਕੋਈ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਦਾਂ ਗੁਰੂ ਦਏ ਵਡਿਆਈਆ। ਚੌਦਾਂ ਗੁਰੂ ਗੁਰ ਬੰਨ੍ਹੇ ਧਾਰ, ਕਲਜੁਗ ਖੇਲ ਅਪਾਰਾ। ਘਰ ਘਰ ਬੈਠੇ ਗੁਰੂ ਪੈਰ ਪਸਾਰ, ਤਨ ਝੂਠਾ ਖੇਲ ਨਿਆਰਾ। ਅੰਦਰ ਆਏ ਨਾ ਸ਼ਬਦੀ ਨਿਰਗੁਣ ਧਾਰ, ਸ਼ਬਦੀ ਸ਼ਬਦ ਨਾ ਕੋਈ ਵਿਹਾਰਾ। ਬਾਹਰੋਂ ਦਿਸੇ ਪੰਜ ਤਤ ਅਕਾਰ, ਤਨ ਬਸਤਰ ਨਾਲ ਸ਼ੰਗਾਰਾ। ਝੱਲੇ ਕਹਿੰਦੇ ਗੁਰੂ ਅੰਦਰ ਵੜਿਆ ਕਿਸੇ ਨਾਲ ਨਾ ਕਰੇ ਗੁਫ਼ਤਾਰ, ਆਪਣਾ ਖੋਲ੍ਹੇ ਨਾ ਬੰਦ ਕਿਵਾੜਾ। ਅੰਦਰ ਵੜ ਵੜ ਰੋਵੇ ਜ਼ਾਰੋ ਜ਼ਾਰ, ਅੱਗੇ ਦਿਸੇ ਨਾ ਹਰਿ ਕਰਤਾਰਾ। ਬਾਹਰ ਮੈਂ ਕਿਸੇ ਦਾ ਕੀ ਸਕਾਂ ਸਵਾਰ, ਮੈਂ ਆਪ ਨਾ ਉਤਰਿਆ ਕਿਸੇ ਕਿਨਾਰਾ। ਵਾਹ ਵਾਹ ਪਾਰਬ੍ਰਹਮ ਨੇ ਦਿਤੀ ਦਾਤ, ਲੋਕੀ ਕਰਦੇ ਨਿਮਸਕਾਰਾ। ਅੰਤਮ ਭਾਂਵੇ ਸੁੱਟੇ ਡੂੰਘੇ ਖਾਤ, ਰਾਏ ਧਰਮ ਮਾਰੇ ਮਾਰਾ। ਵਾਹ ਵਾ ਨੀਂਦ ਔਂਦੀ ਸੁਤਿਆਂ ਜਾਗਣ ਵੇਲਾ ਬਾਹਰ ਦੱਸਣ ਪ੍ਰਭਾਤ, ਅੰਦਰ ਨੈਣ ਨਾ ਕੋਈ ਉਘਾੜਾ। ਸੱਚੇ ਸਤਿਗੁਰ ਦੀ ਇਕੋ ਜ਼ਾਤ, ਆਦਿ ਜੁਗਾਦੀ ਇਕ ਵਿਹਾਰਾ। ਜਨ ਭਗਤਾਂ ਦੇਵੇ ਨਾਮ ਦਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰਾ। ਧੁਰ ਦਰਬਾਰੀ ਹਰਿ ਹਰਿ ਲੇਖਾ, ਲਿਖ ਲਿਖ ਅੰਤ ਸਮਝਾਈਆ। ਕਲਜੁਗ ਤੇਰਾ ਜਗਤ ਭੇਖਾ, ਲੋਕਮਾਤ ਪਈ ਦੁਹਾਈਆ। ਚੌਦਾਂ ਲੋਕਾਂ ਕੋਈ ਨਾ ਰੱਖੇ ਸਾਇਆ ਹੇਠਾ, ਸਿਰ ਹੱਥ ਨਾ ਕੋਈ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਦਾਂ ਲੋਕ ਚੌਦਾਂ ਗੁਰ ਆਪ ਜਣਾਈਆ। ਚੌਦਾਂ ਤਬਕ ਚੌਦਾਂ ਗੁਰ ਚੌਦਾਂ ਲੋਕ, ਏਕਾ ਸ਼ਬਦ ਗੁਰ ਅਖਵਾਇੰਦਾ। ਸ਼ਬਦ ਅੰਤਮ ਦੇਵੇ ਸਚ ਸਲੋਕ, ਦਰ ਦਰ ਆਪ ਸੁਣਾਇੰਦਾ। ਉਠੋ ਜਾਗੋ ਹਰਿ ਦਰ ਭਾਗੋ ਹਰਿ ਕਾ ਭਾਣਾ ਸਕੇ ਨਾ ਕੋਈ ਰੋਕ, ਨੇਤਰ ਨੀਰ ਸਰਬ ਵਹਾਇੰਦਾ। ਲੱਖ ਚੁਰਾਸੀ ਅੰਤਮ ਦੇਵੇ ਝੋਕ, ਆਪਣਾ ਹੁਕਮ ਆਪ ਵਰਤਾਇੰਦਾ। ਜਿਸ ਦਾ ਖੇਲ ਲੋਕ ਪਰਲੋਕ, ਸੋ ਸਤਿਗੁਰ ਆਪ ਅਖਵਾਇੰਦਾ। ਚੌਦਾਂ ਲੋਕ ਇਕੋ ਓਟ, ਪੁਰਖ ਅਬਿਨਾਸ਼ੀ ਆਪ ਜਣਾਇੰਦਾ। ਸਚਾ ਸਤਿਗੁਰ ਇਕੋ ਬਹੁਤ, ਕੋਟਨ ਕੋਟ ਪੀਰ ਪੈਗ਼ੰਬਰ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਦਾਂ ਗੁਰ ਸ਼ਬਦ ਧਾਰ ਨਾ ਕੋਈ ਵਰਨ ਨਾ ਕੋਈ ਗੋਤ, ਕਿਲਾ ਕੋਟ ਨਾ ਕੋਈ ਰਖਾਇੰਦਾ।