੩ ਕਤਕ ੨੦੧੮ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ
ਆਦਿ ਪੁਰਖ ਅਗੰਮ ਅਥਾਹ, ਆਦਿ ਆਦਿ ਖੇਲ ਕਰਾਇੰਦਾ। ਅਲਖ ਅਗੋਚਰ ਬੇਪਰਵਾਹ, ਬੇਐਬ ਨਾਉਂ ਧਰਾਇੰਦਾ। ਵਸਣਹਾਰਾ ਸਚ ਮਕਾਂ, ਮੁਕਾਮੇ ਹੱਕ ਸੋਭਾ ਪਾਇੰਦਾ। ਆਪ ਆਪਣਾ ਨਾਉਂ ਧਰਾ, ਨਰ ਨਿਰੰਕਾਰਾ ਆਪ ਅਖਵਾਇੰਦਾ। ਸਚ ਸਿੰਘਾਸਣ ਸੋਭਾ ਪਾ, ਤਖ਼ਤ ਨਿਵਾਸੀ ਤਖ਼ਤ ਸੁਹਾਇੰਦਾ। ਧੁਰ ਫ਼ਰਮਾਨਾ ਹੁਕਮ ਜਣਾ, ਸ਼ਬਦ ਅਨਾਦੀ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਹਰਿ ਪੁਰਖ ਨਿਰੰਜਣ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਏਕੰਕਾਰਾ ਆਪ ਬਣਾਏ ਆਪਣੀ ਬਣਤ, ਘੜਣ ਭੰਨਣਹਾਰ ਆਪ ਅਖਵਾਈਆ। ਆਦਿ ਨਿਰੰਜਣ ਆਦਿ ਅੰਤ, ਨਿਰਗੁਣ ਨਿਰਵੈਰ ਵੇਸ ਧਰਾਈਆ। ਅਬਿਨਾਸ਼ੀ ਕਰਤਾ ਜੁਗਾ ਜੁਗੰਤ, ਜੁਗ ਕਰਤਾ ਖੇਲ ਖਿਲਾਈਆ। ਸ੍ਰੀ ਭਗਵਾਨ ਸਾਚਾ ਧਾਮ ਇਕ ਸੁਹੰਤ, ਸਚਖੰਡ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨੂਰ ਆਪ ਧਰਾਈਆ। ਸਾਚਾ ਨੂਰ ਨੂਰ ਨੁਰਾਨਾ, ਨਿਰਗੁਣ ਨਿਰਵੈਰ ਆਪ ਉਪਜਾਇੰਦਾ। ਸ਼ਾਹੋ ਭੂਪ ਬਣ ਸੁਲਤਾਨਾ, ਸਾਚੇ ਤਖ਼ਤ ਸੋਭਾ ਪਾਇੰਦਾ। ਹੁਕਮੀ ਹੁਕਮ ਧੁਰ ਫ਼ਰਮਾਨਾ, ਧੁਰ ਦਰਬਾਰੀ ਆਪ ਸੁਣਾਇੰਦਾ। ਦਰ ਦਰਵੇਸ਼ ਬਣ ਦਰ ਦਰਬਾਨਾ, ਦਰ ਆਪਣੇ ਸੇਵ ਕਮਾਇੰਦਾ। ਸੋ ਪੁਰਖ ਨਿਰੰਜਨ ਹੋ ਪ੍ਰਧਾਨਾ, ਹਰਿ ਪੁਰਖ ਨਿਰੰਜਨ ਧੀਰ ਧਰਾਇੰਦਾ। ਏਕਾ ਏਕ ਜੋਧਾ ਸੂਰਬੀਰ ਵਡ ਬਲਵਾਨਾ, ਬਲ ਆਪਣੇ ਵਿਚ ਸਮਾਇੰਦਾ। ਆਦਿ ਨਿਰੰਜਣ ਡਗਮਗਾਨਾ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਅਬਿਨਾਸ਼ੀ ਕਰਤਾ ਵਾਲੀ ਦੋ ਜਹਾਨਾ, ਅਨਭਵ ਪਰਕਾਸ਼ ਕਰਾਇੰਦਾ। ਸ੍ਰੀ ਭਗਵਾਨ ਝੁਲਾਏ ਸਚ ਨਿਸ਼ਾਨਾ, ਦਰਗਹਿ ਸਾਚੀ ਹੱਥ ਉਠਾਇੰਦਾ। ਪਾਰਬ੍ਰਹਮ ਆਪ ਆਪਣਾ ਮੰਗੇ ਦਾਨਾ, ਨਿਰਗੁਣ ਨਿਰਗੁਣ ਅੱਗੇ ਝੋਲੀ ਡਾਹਿੰਦਾ। ਪੁਰਖ ਅਕਾਲ ਬਣ ਬਣ ਮਰਦ ਮਰਦਾਨਾ, ਵਸਤ ਅਮੋਲਕ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਆਪੇ ਵੜ, ਆਪਣਾ ਘਰ ਆਪ ਸੁਹਾਇੰਦਾ। ਸਾਚਾ ਘਰ ਸੋਭਾਵੰਤ, ਆਦਿ ਪੁਰਖ ਆਪ ਸੁਹਾਈਆ। ਇਕ ਅਕੱਲਾ ਸ੍ਰੀ ਭਗਵੰਤ, ਸ਼ਾਹ ਪਾਤਸ਼ਾਹ ਆਸਣ ਲਾਈਆ। ਆਪੇ ਜਾਣੇ ਆਪਣੀ ਬਣਤ, ਆਪੇ ਜਾਣੇ ਸਚ ਪੜ੍ਹਾਈਆ। ਕਰੇ ਖੇਲ ਨਾਰੀ ਕੰਤ, ਨਰ ਨਰਾਇਣ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚੇ ਵੱਜੇ ਵਧਾਈਆ। ਦਰ ਘਰ ਸਚ ਸੁਹੰਜਨਾ, ਸੋਭਾਵੰਤ ਕਰਤਾਰ। ਜੋਤ ਜਗਾਏ ਆਦਿ ਨਿਰੰਜਣਾ, ਇਕ ਅਕੱਲਾ ਏਕੰਕਾਰ। ਦੀਨ ਦਿਆਲ ਠਾਕਰ ਦਰਦ ਦੁਖ ਭੈ ਭੰਜਨਾ, ਕਰੇ ਖੇਲ ਅਗੰਮ ਅਪਾਰ। ਆਪਣੇ ਦਵਾਰ ਅਗੇ ਆਪੇ ਸਜਨਾ, ਨਾ ਕੋਈ ਮੀਤ ਨਾ ਮੁਰਾਰ। ਨਾ ਘੜਿਆ ਨਾ ਭੱਜਣਾ, ਆਦਿ ਜੁਗਾਦੀ ਏਕਾ ਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰ। ਧੁਰ ਦਰਬਾਰ ਸਚਖੰਡ, ਹਰਿ ਸਾਚੀ ਜੋਤ ਜਗਾਈਆ। ਆਦਿ ਜੁਗਾਦਿ ਰਹੇ ਅਖੰਡ, ਨਾ ਕੋਈ ਵੰਡਨ ਵੰਡ ਵੰਡਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲਾ ਦੀਨ ਦਿਆਲਾ ਹੋਏ ਕਦੇ ਨਾ ਰੰਡ, ਨਾਰੀ ਕੰਤ ਰੂਪ ਸਮਾਈਆ। ਇਕ ਗਾਏ ਆਪਣਾ ਛੰਦ, ਆਪੇ ਬਹਿ ਬਹਿ ਮੰਗਲ ਗਾਈਆ। ਆਪੇ ਵਸਿਆ ਆਪਣੇ ਅਨੰਦ, ਅਨੰਦ ਅਨੰਦ ਵਿਚ ਸਮਾਈਆ। ਆਪੇ ਬਣਿਆ ਆਪਣਾ ਬਖ਼ਸ਼ੰਦ, ਬਖ਼ਸ਼ਿਸ਼ ਸਾਚੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਜਣਾਈਆ। ਸਚ ਦਵਾਰਾ ਸ੍ਰੀ ਭਗਵਾਨਾ, ਦਰਗਹਿ ਸਾਚੀ ਆਪ ਸੁਹਾਇੰਦਾ। ਪਰਮ ਪੁਰਖ ਪੁਰਖ ਸੁਲਤਾਨਾ, ਸ਼ਾਹੋ ਭੂਪ ਆਸਣ ਲਾਇੰਦਾ। ਰਾਜ ਰਾਜਾਨਾ ਸ੍ਰੀ ਭਗਵਾਨਾ, ਗੁਣ ਅਵਗੁਣ ਨਾ ਕੋਈ ਰਖਾਇੰਦਾ। ਹੁਕਮੀ ਹੁਕਮ ਧੁਰ ਫ਼ਰਮਾਨਾ, ਧੁਰ ਦੀ ਬਾਣੀ ਬਾਣ ਲਗਾਇੰਦਾ। ਨਿਰਗੁਣ ਦਾਤਾ ਨਿਰਗੁਣ ਦਾਨਾ, ਨਿਰਗੁਣ ਭੇਖੀ ਨਿਰਗੁਣ ਭਿਛਿਆ ਮੰਗ ਮੰਗ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰੇ ਆਸਣ ਲਾਇੰਦਾ। ਸਚਖੰਡ ਦਵਾਰਾ ਹਰਿ ਜੂ ਆਸਣ, ਇਕ ਅਕੱਲਾ ਆਪ ਲਗਾਈਆ। ਕਰੇ ਖੇਲ ਪ੍ਰਿਥਮੀ ਅਕਾਸ਼ਨ, ਬੇਪਰਵਾਹ ਵਡੀ ਵਡਿਆਈਆ। ਆਪੇ ਵੇਖੇ ਆਪਣਾ ਖੇਲ ਤਮਾਸ਼ਨ, ਆਪੇ ਮੰਡਲ ਰਾਸ ਰਚਾਈਆ। ਆਪੇ ਕਰੇ ਆਪਣੀ ਪੂਰੀ ਆਸਣ, ਆਸਾ ਤ੍ਰਿਸ਼ਨਾ ਦਏ ਮਿਟਾਈਆ। ਆਪੇ ਭੋਗ ਆਪ ਬਲਾਸਨ, ਆਪੇ ਸੇਜ ਹੰਢਾਈਆ। ਆਪੇ ਦਾਸ ਆਪੇ ਦਾਸੀ ਦਾਸਨ, ਆਪੇ ਦਰ ਬਹਿ ਆਪਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਦਏ ਵਡਿਆਈਆ। ਸਚਖੰਡ ਦਵਾਰਾ ਵੱਡਾ ਵਡ, ਸੋ ਪੁਰਖ ਨਿਰੰਜਣ ਆਪ ਉਪਾਇੰਦਾ। ਆਪਣੇ ਵਿਚੋਂ ਆਪਾ ਕੱਢ, ਆਪੇ ਵੇਖ ਵਖਾਇੰਦਾ। ਆਪੇ ਜਾਣੇ ਆਪਣੀ ਹੱਦ, ਪਾਰ ਕਿਨਾਰਾ ਨਾ ਕੋਈ ਵਖਾਇੰਦਾ। ਆਪਣਾ ਆਪ ਆਪੇ ਸਦ, ਆਪ ਆਪਣਾ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਵੜ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਦਰ ਦਰਵਾਜ਼ਾ ਆਪੇ ਖੋਲ੍ਹ, ਨਿਰਗੁਣ ਨਿਰਗੁਣ ਆਪਣੇ ਹੱਥ ਰੱਖੇ ਵਡਿਆਈਆ। ਨਿਸ਼ਅੱਖਰ ਅੱਖਰ ਆਪੇ ਬੋਲ, ਬਿਨ ਅੱਖਰ ਕਰੇ ਪੜ੍ਹਾਈਆ। ਆਪੇ ਤੋਲੇ ਸਾਚਾ ਤੋਲ, ਤੋਲਣਹਾਰਾ ਇਕ ਅਖਵਾਈਆ। ਆਦਿ ਜੁਗਾਦਿ ਰਹੇ ਅਡੋਲ, ਅਡੁਲ ਕਦੇ ਨਾ ਜਾਈਆ। ਆਪਣੇ ਅੰਦਰ ਆਪੇ ਮੌਲ, ਮੌਲਾ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਿੰਘਾਸਣ ਆਪੇ ਚੜ੍ਹ, ਸਚਖੰਡ ਦਵਾਰੇ ਕਰੇ ਖੇਲ ਅਗੰਮ ਅਪਾਰਾ, ਭੇਵ ਅਭੇਦਾ ਆਪ ਜਣਾਈਆ। ਸਚਖੰਡ ਦਵਾਰੇ ਭੇਵ ਅਵੱਲਾ, ਹਰਿ ਆਪਣਾ ਆਪ ਜਣਾਇੰਦਾ। ਅਜੂਨੀ ਰਹਿਤ ਦਿਸੇ ਇਕ ਅਕੱਲਾ, ਦੂਸਰ ਸੰਗ ਨਾ ਕੋਈ ਰਖਾਇੰਦਾ। ਇਕ ਸਹਾਏ ਨਿਹਚਲ ਧਾਮ ਅਟੱਲਾ, ਅਟਲ ਮਹੱਲ ਆਪ ਵਡਿਆਇੰਦਾ। ਆਪਣੀ ਜੋਤ ਆਪੇ ਰਲਾ, ਜੋਤੀ ਜਾਤਾ ਨਾਉਂ ਧਰਾਇੰਦਾ। ਆਪੇ ਫੜੇ ਆਪਣਾ ਪੱਲਾ, ਨਾਰੀ ਕੰਤ ਖੇਲ ਖਿਲਾਇੰਦਾ। ਆਪਣਾ ਦਰ ਆਪੇ ਮੱਲਾ, ਦਰ ਘਰ ਸਾਚਾ ਆਪ ਸੁਹਾਇੰਦਾ। ਆਪਣਾ ਸੰਦੇਸ਼ ਆਪੇ ਘਲਾ, ਆਪੇ ਮਿਲ ਮਿਲ ਮੰਗਲ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਸੱਚਾ ਘੜ, ਘੜਣਹਾਰ ਹੱਥ ਵਡਿਆਈਆ। ਨਾ ਕੋਈ ਦੀਸੇ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਛੁਹਾਈਆ। ਨਾ ਕੋਈ ਦੀਸੇ ਰਵ ਸਸ ਸੂਰਜ ਚੰਨ ਉਜਿਆਰ, ਨੂਰ ਜ਼ਹੂਰ ਨਾ ਕੋਈ ਕਰਾਈਆ। ਨਾ ਕੋਈ ਸੱਜਣ ਮੀਤ ਮੁਰਾਰ, ਸਗਲਾ ਸੰਗ ਨਾ ਕੋਈ ਵਖਾਈਆ। ਨਾ ਕੋਈ ਦਿਸੇ ਸੁਤ ਦੁਲਾਰ, ਮਾਤ ਪਿਤਾ ਸਾਕ ਸੱਜਣ ਨਾ ਕੋਈ ਭੈਣ ਭਾਈਆ। ਨਾ ਕੋਈ ਜੰਗਲ ਜੂਹ ਦਿਸੇ ਉਜਾੜ ਪਹਾੜ, ਡੂੰਘੀ ਕੰਦਰ ਭੇਵ ਨਾ ਰਾਈਆ। ਨਾ ਕੋਈ ਦਿਸੇ ਲੱਖ ਚੁਰਾਸੀ ਧਾਰ, ਪੰਜ ਤਤ ਨਾ ਕੋਈ ਵਡਿਆਈਆ। ਤ੍ਰੈਗੁਣ ਦਿਸੇ ਨਾ ਕੋਈ ਅਖਾੜ, ਵਿਸ਼ਨ ਬ੍ਰਹਮਾ ਸ਼ਿਵ ਨਾ ਕੋਇ ਸਮਝਾਈਆ। ਨਾ ਕੋਈ ਸ਼ਬਦ ਨਾਦ ਧੁੰਨਕਾਰ, ਨਾਦੀ ਨਾਦ ਨਾ ਕੋਈ ਸੁਣਾਈਆ। ਨਾ ਕੋਈ ਗੁਰ ਪੀਰ ਅਵਤਾਰ, ਮੁਲਾ ਸ਼ੇਖ਼ ਮਸਾਇਕ ਨਜ਼ਰ ਕੋਈ ਨਾ ਆਈਆ। ਸਰਬ ਜੀਆਂ ਦਾ ਇਕੋ ਨਾਇਕ, ਇਕੋ ਦਾਤਾ ਪੁਰਖ ਬਿਧਾਤਾ, ਨਰ ਨਿਰੰਕਾਰ ਖੇਲ ਖਿਲਾਈਆ। ਆਪੇ ਪਿਤਾ ਆਪੇ ਮਾਤਾ, ਆਪੇ ਬਾਲਕ ਰੂਪ ਵਟਾਈਆ। ਆਪੇ ਬੰਨ੍ਹੇ ਆਪਣਾ ਨਾਤਾ, ਤੁਟ ਕਦੇ ਨਾ ਜਾਈਆ। ਆਪੇ ਹੋਏ ਜੋਤੀ ਜਾਤਾ, ਜੋਤੀ ਜੋਤ ਕਰੇ ਰੁਸ਼ਨਾਈਆ। ਆਪੇ ਦਿਵਸ ਆਪੇ ਰਾਤਾ, ਘੜੀ ਪਲ ਆਪਣੀ ਵੰਡ ਵੰਡਾਈਆ। ਆਪੇ ਬ੍ਰਹਿਮੰਡ ਖੰਡ ਦੇਵੇ ਧਰਵਾਸਾ, ਅੰਡਜ ਜੇਰਜ ਉਤਭੁਜ ਸੇਤਜ ਆਪਣੇ ਰੰਗ ਟਿਕਾਈਆ। ਆਪੇ ਲੁਕਿਆ ਰਹੇ ਕਮਲਾਪਾਤਾ, ਦਿਸ ਕਿਸੇ ਨਾ ਆਈਆ। ਸਚਖੰਡ ਵਸੇ ਇਕ ਅਕਾਂਤਾ, ਅਕਲ ਕਲ ਖੇਲ ਖਿਲਾਈਆ। ਕਰੇ ਖੇਲ ਬਹੁ ਬਿਧ ਭਾਂਤਾ, ਬੇਅੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਘਾੜਨ ਲਏ ਘੜਾਈਆ। ਸਚਖੰਡ ਹਰਿ ਜੂ ਘਾੜਨ ਘੜਿਆ, ਘੜਨਹਾਰ ਨਿਰੰਕਾਰਾ। ਨਿਰਗੁਣ ਆਪੇ ਬਾਡੀ ਬਣਿਆ, ਨਾ ਕੋਈ ਦੀਸੇ ਜ਼ਾਤ ਤ੍ਰਖਾਨਾ। ਆਪਣੀ ਸੇਵਾ ਆਪੇ ਕਰਿਆ, ਆਪੇ ਸ਼ਾਹ ਆਪ ਨਿਮਾਣਾ। ਆਪਣਾ ਭਾਣਾ ਆਪੇ ਜਰਿਆ, ਆਪਣੇ ਹੁਕਮ ਆਪ ਸਮਾਨਾ। ਆਪਣੇ ਮੰਦਰ ਆਪੇ ਖੜ੍ਹਿਆ, ਆਪੇ ਵੇਖੇ ਮਾਰ ਧਿਆਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨਾ। ਸ੍ਰੀ ਭਗਵਾਨ ਖੇਲ ਅਪਾਰਾ, ਨਿਰਗੁਣ ਨਿਰਾਕਾਰ ਆਪ ਕਰਾਈਆ। ਸਚਖੰਡ ਸਾਚਾ ਖੋਲ੍ਹ ਦਵਾਰਾ, ਇਕ ਅਕੱਲਾ ਸੋਭਾ ਪਾਈਆ। ਦਰ ਦਰਵੇਸ਼ ਬਣੇ ਭਿਖਾਰਾ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਭੂਪਤ ਭੂਪ ਬਣ ਵਣਜਾਰਾ, ਸਾਚਾ ਵਣਜ ਇਕ ਵਖਾਈਆ। ਏਕਾ ਵਸਤ ਅਮੋਲਕ ਰੱਖੇ ਥਾਰਾ, ਥਿਰ ਆਪਣੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪਣੇ ਨਾਲ ਮਿਲਾਈਆ। ਆਪਣੀ ਇਛਿਆ ਆਪਣੇ ਅੱਗੇ ਰੱਖ, ਪੁਰਖ ਅਕਾਲ ਖੇਲ ਖਿਲਾਇੰਦਾ। ਆਦਿ ਪੁਰਖ ਪ੍ਰਭ ਹੋ ਪਰਤਖ, ਸਚਖੰਡ ਦਵਾਰੇ ਸੋਭਾ ਪਾਇੰਦਾ। ਨਾਉਂ ਧਰਾਏ ਇਕ ਸਮਰਥ, ਸਮਰਥ ਆਪਣੀ ਧਾਰ ਜਣਾਇੰਦਾ। ਆਪਣੇ ਗ੍ਰਹਿ ਹੋ ਉਤਪਤ, ਆਪਣਾ ਮਾਰਗ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਆਦਿ ਆਪਣੀ ਧਾਰ ਆਪ ਚਲਾਇੰਦਾ। ਆਦਿ ਪੁਰਖ ਸਾਚੀ ਧਾਰ, ਸਚਖੰਡ ਦਵਾਰ ਚਲਾਈਆ। ਨਿਰਗੁਣ ਰੂਪ ਨਿਰਾਕਾਰ, ਨਿਰਵੈਰ ਵੇਸ ਵਟਾਈਆ। ਅਜੂਨੀ ਰਹਿਤ ਹੋਇਆ ਖ਼ਬਰਦਾਰ, ਰੂਪ ਰੰਗ ਨਾ ਕੋਈ ਵਡਿਆਈਆ। ਵਸਣਹਾਰਾ ਧਾਮ ਨਿਆਰ, ਦਰ ਸਾਚੇ ਸੋਭਾ ਪਾਈਆ। ਆਪਾ ਕਰ ਆਪ ਵਿਚਾਰ, ਆਪੇ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਦਏ ਵਡਿਆਈਆ। ਆਦਿ ਆਪਣੀ ਰਚਨਾ ਰਚ, ਹਰਿ ਹਰਿ ਖੇਲ ਖਿਲਾਇਆ। ਆਪਣਾ ਨਾਉਂ ਨਾਉਂ ਧਰ ਧਰ, ਸਚ ਸਾਚਾ ਮਾਰਗ ਲਾਇਆ। ਆਪਣੇ ਅੰਤਰ ਆਪੇ ਰਚ, ਆਪਣਾ ਰੰਗ ਰੰਗਾਇਆ। ਆਪਣੇ ਦਵਾਰ ਆਪੇ ਨੱਚ, ਆਪਣਾ ਸਵਾਂਗ ਵਖਾਇਆ। ਆਪਣੇ ਗ੍ਰਹਿ ਆਪੇ ਹਸ, ਆਪੇ ਮੰਗਲ ਗਾਇਆ। ਆਪਣੇ ਮੰਦਰ ਆਪੇ ਹੋਇਆ ਵਸ, ਆਪ ਆਪਣਾ ਬੰਧਨ ਪਾਈਆ। ਕਰੇ ਖੇਲ ਅਲਖਨਾ ਅਲਖ, ਅਲਖ ਅਲਖ ਬੇਪਰਵਾਹਿਆ। ਆਪੇ ਜਾਣੇ ਆਪਣਾ ਰਸ, ਰਸ ਰਸੀਆ ਸੱਚਾ ਸ਼ਹਿਨਸ਼ਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਸਮਝਾਇਆ। ਸਾਚਾ ਮਾਰਗ ਪੁਰਖ ਅਗੰਮ, ਅਗੰਮੜਾ ਆਪ ਜਣਾਇੰਦਾ। ਸਾਚਾ ਰੂਪ ਪੁਰਖ ਅਗੰਮ, ਅਗੰਮੜਾ ਆਪ ਜਣਾਇੰਦਾ। ਨਾ ਮਰੇ ਨਾ ਪਏ ਜੰਮ, ਰੂਪ ਅਨੂਪ ਨਾ ਕੋਇ ਰਖਾਇੰਦਾ। ਨਾ ਕੋਈ ਤਤਵ ਨਾ ਕੋਈ ਤਨ, ਨਾ ਕੋਈ ਤਾਰ ਸਤਾਰ ਹਿਲਾਇੰਦਾ। ਨਾ ਕੋਈ ਜਨਨੀ ਨਾ ਕੋਈ ਜਨ, ਮਾਤ ਪਿਤ ਨਾ ਕੋਈ ਵਡਿਆਇੰਦਾ। ਨਾ ਕੋਈ ਰਾਗ ਨਾ ਕੋਈ ਕੰਨ, ਨਾ ਕੋਈ ਵਾਜ ਸੁਣਾਇੰਦਾ। ਨਾ ਕੋਈ ਛੱਪਰ ਨਾ ਕੋਈ ਛੰਨ, ਨਾ ਕੋਈ ਡੇਰਾ ਬਣਾਇੰਦਾ। ਆਦਿ ਪੁਰਖ ਇਕ ਭਗਵਾਨ, ਆਪਣੀ ਜੋਤ ਆਪ ਪਰਗਟਾਇੰਦਾ। ਸਚ ਦਵਾਰਾ ਚੜ੍ਹਿਆ ਚੰਨ, ਸਚਖੰਡ ਦਵਾਰਾ ਆਪ ਰੁਸ਼ਨਾਇੰਦਾ। ਆਪਣਾ ਹੁਕਮ ਆਪੇ ਮੰਨ, ਸਦ ਭਾਣੇ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਬਹਿ, ਆਪਣਾ ਹੁਕਮ ਮਨਾਇੰਦਾ। ਸਾਚਾ ਹੁਕਮ ਸ੍ਰੀ ਭਗਵਾਨ, ਆਪਣਾ ਆਪ ਜਣਾਈਆ। ਸੋ ਪੁਰਖ ਨਿਰੰਜਣ ਹੋ ਮਿਹਰਵਾਨ, ਪਾਰਬ੍ਰਹਮ ਦਰ ਬੁਲਾਈਆ। ਹਰਿ ਪੁਰਖ ਨਿਰੰਜਣ ਦੇਵੇ ਦਾਨ, ਸ੍ਰੀ ਭਗਵਾਨ ਝੋਲੀ ਡਾਹੀਆ। ਏਕੰਕਾਰਾ ਵਖਾਏ ਸਚ ਮਕਾਨ, ਅਬਿਨਾਸ਼ੀ ਕਰਤਾ ਵੇਖ ਵਖਾਈਆ। ਆਦਿ ਨਿਰੰਜਣ ਨੂਰ ਮਹਾਨ, ਇਕ ਅਕੱਲਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਆਪ ਸੁਹਾਈਆ। ਸਚਖੰਡ ਦਵਾਰ ਸੁਹਾਇਆ, ਹਰਿ ਵੱਡਾ ਵਡ ਵਡਿਆਈਆ। ਆਪਣਾ ਖੇਲ ਆਪੇ ਦਰ ਦਰ, ਸਾਚਾ ਆਪ ਸੁਹਾਈਆ। ਪੁਰਖ ਅਕਾਲ ਆਪੇ ਬਣ ਬਣ, ਆਪਣਾ ਰੰਗ ਰੰਗਾਈਆ। ਸਾਚੇ ਪੌੜੇ ਆਪੇ ਚੜ੍ਹ ਚੜ੍ਹ, ਸਚ ਸਿੰਘਾਸਣ ਸੋਭਾ ਪਾਈਆ। ਆਪਣਾ ਪੱਲੂ ਆਪੇ ਫੜ ਫੜ, ਆਪਾ ਲਏ ਪਰਨਾਈਆ। ਨਾਰੀ ਕੰਤ ਆਪੇ ਬਣ ਬਣ, ਹਰਿ ਸਾਚੀ ਸੇਜ ਸੁਹਾਈਆ। ਨਿਰਗੁਣ ਅੰਦਰ ਨਿਰਗੁਣ ਧਰ ਧਰ, ਸਾਚੀ ਧਾਰ ਚਲਾਈਆ। ਆਪਣੀ ਕਿਰਪਾ ਆਪੇ ਕਰ ਕਰ, ਕਰਤਾ ਪੁਰਖ ਖੇਲ ਵਖਾਈਆ। ਨਿਰਭੌ ਚੁਕਾ ਆਪਣਾ ਡਰ ਡਰ, ਭੈ ਅਵਰ ਨਾ ਕੋਈ ਵਖਾਈਆ। ਸਚਖੰਡ ਦਵਾਰਾ ਦੇ ਵਰ ਵਰ, ਦਾਤਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਪੁਰਖ ਅਬਿਨਾਸ਼ੀ ਭੇਵ ਖੁਲ੍ਹੌਣਾ, ਆਪਣਾ ਪਰਦਾ ਹਰਿ ਜੂ ਚੁੱਕ। ਸਚਖੰਡ ਦਵਾਰਾ ਇਕ ਸੁਹੌਣਾ, ਜਿਸ ਅੰਦਰ ਬੈਠਾ ਲੁਕ। ਸਚ ਨਿਸ਼ਾਨਾ ਇਕ ਝੁਲੌਣਾ, ਸਚ ਦਵਾਰੇ ਕਿਲੇ ਕੋਟ। ਸਚ ਨਗਾਰਾ ਇਕ ਵਜੌਣਾ, ਹਰਿ ਨਾਮੇ ਲੱਗੇ ਚੋਟ। ਬੰਕ ਦਵਾਰਾ ਇਕ ਸੁਹੌਣਾ, ਪੁਰਖ ਅਕਾਲਾ ਇਕੋ ਓਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨਿਰਗੁਣ ਜੋਤ। ਨਿਰਗੁਣ ਜੋਤ ਜੋਤੀ ਧਾਰਾ, ਸੋ ਪੁਰਖ ਨਿਰੰਜਣ ਆਪ ਪਰਗਟਾਈਆ। ਹਰਿ ਪੁਰਖ ਨਿਰੰਜਣ ਕਰੇ ਪਿਆਰਾ, ਏਕੰਕਾਰ ਨਾਲ ਮਿਲਾਈਆ। ਆਦਿ ਨਿਰੰਜਣ ਕਰ ਉਜਿਆਰਾ, ਅਬਿਨਾਸ਼ੀ ਕਰਤਾ ਵੇਖੇ ਚਾਈਂ ਚਾਈਆ। ਸ੍ਰੀ ਭਗਵਾਨ ਦਏ ਹੁਲਾਰਾ, ਸਚ ਨਿਸ਼ਾਨਾ ਇਕ ਉਠਾਈਆ। ਪਾਰਬ੍ਰਹਮ ਦਰ ਬਣ ਭਿਖਾਰਾ, ਦਰਵੇਸ਼ ਆਪਣੀ ਝੋਲੀ ਅਗੇ ਡਾਹੀਆ। ਦੇਵਣਹਾਰ ਆਪ ਵਰਤਾਰਾ, ਇਕੋ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪਸਾਰਾ ਕਰਿਆ ਇਕ, ਹਰਿ ਹਰਿ ਆਪਣਾ ਆਪ ਲੇਖ ਲਿਖ, ਲੇਖਾ ਲਿਖਤ ਵਿਚ ਨਾ ਆਈਆ। ਸਾਚਾ ਲੇਖਾ ਧੁਰਦਰਗਾਹ, ਧੁਰਦਰਗਾਹੀ ਆਪ ਜਣਾਇੰਦਾ। ਸਚਖੰਡ ਦਵਾਰੇ ਸਚ ਮਲਾਹ, ਸਾਚਾ ਮਤਾ ਪਕਾਇੰਦਾ। ਸਾਚੇ ਤਖ਼ਤ ਬੈਠ ਸੱਚਾ ਸ਼ਹਿਨਸ਼ਾਹ, ਸਾਚਾ ਹੁਕਮ ਜਣਾਇੰਦਾ। ਥਿਰ ਘਰ ਸੱਚਾ ਲਵਾਂ ਵਸਾ, ਸਚ ਆਪਣੀ ਬਣਤ ਬਣਾਇੰਦਾ। ਸੁਤ ਦੁਲਾਰਾ ਦਿਆਂ ਟਿਕਾ, ਸ਼ਬਦੀ ਨਾਉਂ ਧਰਾਇੰਦਾ। ਸ਼ਬਦੀ ਹੁਕਮ ਆਪ ਸਮਝਾ, ਆਪਣਾ ਭੇਵ ਚੁਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਝੋਲੀ ਪਾ, ਤੇਰਾ ਰਾਹ ਵਖਾਇੰਦਾ। ਤ੍ਰੈ ਤ੍ਰੈ ਲੇਖਾ ਏਕਾ ਥਾਂ, ਪੰਚਮ ਜੋੜ ਜੁੜਾਇੰਦਾ। ਚਾਰ ਚਾਰ ਹਰਿ ਪਕੜੇ ਬਾਂਹ, ਪੰਚਮ ਆਪਣਾ ਰੂਪ ਪਰਗਟਾਇੰਦਾ। ਛੇ ਛੇ ਘਰ ਡੇਰਾ ਲਾ, ਸਤਵੇਂ ਸਤਿ ਸਤਿਵਾਦੀ ਡੰਕ ਵਜਾਇੰਦਾ। ਅੱਠਾਂ ਤਤਾਂ ਰੰਗ ਰੰਗਾ, ਨੌਂ ਦਵਾਰ ਖੋਜ ਖੁਜਾਇੰਦਾ। ਦਸਵੇਂ ਭੇਵ ਆਪ ਮੁਕਾ, ਲੁਕ ਲੁਕ ਵੇਖ ਵਖਾਇੰਦਾ। ਸ਼ਬਦੀ ਮਾਰਗ ਏਕਾ ਲਾ, ਸਚ ਮਹੱਲ ਅਟਲ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਸ਼ਬਦ ਸਮਝਾਇੰਦਾ। ਸੁਤ ਸ਼ਬਦ ਮਾਰ ਧਿਆਨ, ਪ੍ਰਭ ਅੱਗੇ ਸੀਸ ਝੁਕਾਈਆ। ਥਿਰ ਘਰ ਮਿਲਿਆ ਤੇਰਾ ਦਾਨ, ਤੇਰੀ ਵਡ ਵਡੀ ਵਡਿਆਈਆ। ਆਦਿ ਜੁਗਾਦਿ ਸਦਾ ਮਿਹਰਵਾਨ, ਦੇਵਣਹਾਰ ਇਕ ਅਖਵਾਈਆ। ਰਵ ਸਸ ਕਰ ਪਰਧਾਨ, ਕਿਰਨ ਕਿਰਨ ਕਰੀ ਰੁਸ਼ਨਾਈਆ। ਲੋਆਂ ਪੁਰੀਆਂ ਖੇਲ ਮਹਾਨ, ਮੰਡਲ ਆਪਣੀ ਰਾਸ ਰਚਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਵਾਨ, ਪਰਾ ਪਸੰਤੀ ਮਧਮ ਬੈਖਰੀ ਤੇਰੀ ਧਾਰ ਸੁਣਾਈਆ। ਪਾਰਬ੍ਰਹਮ ਬ੍ਰਹਮ ਇਕ ਗਿਆਨ, ਬ੍ਰਹਮ ਵੇਤਾ ਕਰੇ ਪੜ੍ਹਾਈਆ। ਜੁਗ ਜੁਗ ਖੇਲ ਖੇਲ ਮਹਾਨ, ਲੋਕਮਾਤ ਦਿਆਂ ਕਰਾਈਆ। ਨਿਰਗੁਣ ਸਰਗੁਣ ਇਕ ਨਿਸ਼ਾਨ, ਗੁਰ ਗੁਰ ਵੇਸ ਅਨੇਕ ਵਟਾਈਆ। ਭਗਤ ਭਗਵੰਤ ਦੇਦੇ ਮਾਣ, ਤੇਰੀ ਮਹਿਮਾ ਅਕਥ ਸੁਣਾਈਆ। ਸੰਤ ਸਾਜਨ ਇਕ ਮਕਾਨ, ਸਚ ਦਵਾਰਾ ਦਿਆਂ ਵਖਾਈਆ। ਗੁਰਮੁਖਾਂ ਰਾਗ ਸੁਣਾਵਾਂ ਕਾਨ, ਧੁਨ ਆਤਮਕ ਆਪ ਜਣਾਈਆ। ਗੁਰਸਿਖਾਂ ਚਰਨ ਧਿਆਨ, ਸਾਚਾ ਮਾਰਗ ਇਕ ਸਮਝਾਈਆ। ਕਰਾਂ ਖੇਲ ਵਿਚ ਜਹਾਨ, ਲੱਖ ਚੁਰਾਸੀ ਨਾਚ ਨਚਾਈਆ। ਪੀਰ ਪੈਗ਼ੰਬਰ ਪਾਵਾਂ ਆਣ, ਹੁਕਮੀ ਹੁਕਮ ਭਵਾਈਆ। ਜੁਗ ਚੌਕੜੀ ਕਰ ਕਲਿਆਣ, ਅੰਤਮ ਆਪਣੇ ਵਿਚ ਛੁਪਾਈਆ। ਏਕਾ ਸਦਾ ਰੱਖਾਂ ਆਪਣਾ ਨਾਮ, ਨਾਮ ਨਾਮ ਵਿਚ ਸਾਲਾਹੀਆ। ਤੇਰਾ ਅੰਮ੍ਰਿਤ ਸੱਚਾ ਜਾਮ, ਸਚ ਦਵਾਰੇ ਦਿਆਂ ਵਖਾਈਆ। ਤੇਰਾ ਸਚ ਸੰਦੇਸ਼ਾ ਧੁਰ ਪੈਗ਼ਾਮ, ਪੀਰ ਪੀਰਾਂ ਕਰਾਂ ਪੜ੍ਹਾਈਆ। ਤੇਰਾ ਪਕੜੌਣਾ ਏਕਾ ਦਾਮ, ਦਾਮਨਗੀਰ ਸਰਬ ਲੋਕਾਈਆ। ਤੂੰ ਹਰਿ ਘਟ ਰਮਿਆ ਰਾਮ, ਤੂੰ ਮੇਰਾ ਪਿਤਾ ਮਾਈਆ। ਸੁਤ ਦੁਲਾਰਾ ਸ਼ਬਦ ਨਿਉਂ ਨਿਉਂ ਕਰੇ ਸਲਾਮ, ਅਲੈਕਮ ਤੇਰੀ ਸ਼ਹਿਨਸ਼ਾਹੀਆ। ਮੁਕਾਮੇ ਹੱਕ ਤੇਰੀ ਕਲਾਮ, ਬੇਐਬ ਮੇਰੇ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ਼ਬਦ ਸੁਤ ਅੱਗੇ ਅਬਿਨਾਸ਼ੀ ਅਚੁਤ ਬੈਠਾ ਸੀਸ ਝੁਕਾਈਆ। ਸੁਤ ਦੁਲਾਰਾ ਗਿਆ ਝੁਕ, ਪ੍ਰਭ ਅਗੇ ਸੀਸ ਝੁਕਾਇੰਦਾ। ਤੂੰ ਨਿਰਗੁਣ ਬੈਠਾ ਲੁਕ, ਦਿਸ ਕਿਸੇ ਨਾ ਆਇੰਦਾ। ਮੈਂ ਬਣਿਆ ਤੇਰਾ ਸੁਤ, ਤੇਰੇ ਅਗੇ ਝੋਲੀ ਡਾਹਿੰਦਾ। ਤੂੰ ਸੁਹੌਣੀ ਮੇਰੀ ਰੁੱਤ, ਮੈਂ ਤੇਰੀ ਫੁਲਵਾੜੀ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਭਿਖਕ ਝੋਲੀ ਡਾਹਿੰਦਾ। ਭਿਖਕ ਮੰਗੇ ਯਾਚਕ ਦਾਨ, ਪ੍ਰਭ ਅਗੇ ਸੀਸ ਝੁਕਾਈਆ। ਤੂੰ ਸਾਹਿਬ ਸੱਚਾ ਸੁਲਤਾਨ, ਬੇਅੰਤ ਤੇਰੀ ਵਡਿਆਈਆ। ਮੈਂ ਬਾਲਾ ਸੁਤ ਅੰਞਾਣ, ਤੇਰੇ ਅਗੇ ਨਾ ਕੋਈ ਚਤੁਰਾਈਆ। ਤੂੰ ਰੱਖਣਾ ਆਦਿ ਜੁਗਾਦਿ ਧਿਆਨ, ਤੇਰੀ ਨਿਗਹ ਬਦਲ ਨਾ ਜਾਈਆ। ਤੂੰ ਮਹਿਬਾਨ ਬੀਦੋ ਮਿਹਰਵਾਨ ਬੀ ਖੈਰ ਯਾ ਅੱਲਾ, ਸਿਫ਼ਤ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅਤੋਟ ਅਤੁਟ ਰਖਾਈਆ। ਸਾਚਾ ਸੁਤ ਸ਼ਬਦ ਦੁਲਾਰਾ, ਏਕਾ ਮੰਗ ਮੰਗਾਇੰਦਾ। ਥਿਰ ਘਰ ਤੇਰਾ ਰਹੇ ਹੁਲਾਰਾ, ਦੂਜਾ ਦਰ ਨਾ ਕੋਈ ਪਾਇੰਦਾ। ਸਚਖੰਡ ਤੇਰਾ ਹੁੰਦਾ ਹੈ ਦੀਦਾਰਾ, ਮੇਰਾ ਰੰਗ ਰੰਗਾਇੰਦਾ। ਤੇਰੀ ਕਿਰਪਾ ਤੇਰੀ ਦ੍ਰਿਸ਼ਟ ਮੇਰੀ ਇਸ਼ਟ ਕਰੇ ਗੁਜਾਰਾ, ਬਿਨ ਤੁਧ ਇਸ਼ਟ ਨਾ ਕੋਈ ਮਨਾਇੰਦਾ। ਤੂੰ ਸਾਹਿਬ ਬੇਐਬ ਪਰਵਰਦਿਗਾਰਾ, ਤੇਰਾ ਜਲਵਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਸਹਾਰਾ, ਤੇਰੀ ਓਟ ਤਕਾਇੰਦਾ। ਤੇਰੀ ਓਟ ਲਈ ਤੱਕ, ਬੇਐਬ ਮੇਰੇ ਖ਼ੁਦਾਇਆ। ਆਦਿ ਜੁਗਾਦਿ ਨਾ ਜਾਵਾਂ ਥੱਕ, ਸਦ ਰੱਖੀਂ ਸੀਸ ਮੇਰੇ ਤੇ ਛਾਇਆ। ਤੇਰਾ ਹੁਕਮ ਉਪਜੌਣਾ ਹੱਕ, ਭੁਲ ਕਦੇ ਨਾ ਜਾਇਆ। ਤੂੰ ਥਿਰ ਘਰ ਲੈਣਾ ਰੱਖ, ਬਣ ਬਣ ਜਣੇਂਦੀ ਮਾਇਆ। ਮੈਂ ਤੇਰੇ ਕੋਲੋਂ ਹੋਵਾਂ ਨਾ ਵੱਖ, ਸੁਤ ਸ਼ਬਦ ਰਿਹਾ ਕੁਰਲਾਇਆ। ਤੂੰ ਆਦਿ ਜੁਗਾਦਿ ਕਰਨਾ ਮੇਰਾ ਪੱਖ, ਤੇਰੇ ਚਰਨਾਂ ਸੀਸ ਨਿਵਾਇਆ। ਵਿਸ਼ਨ ਬ੍ਰਹਮਾ ਸ਼ਿਵ ਕਰਾਂ ਪਰਤੱਖ, ਤੇਰਾ ਮਾਰਗ ਦਿਆਂ ਵਖਾਇਆ। ਤ੍ਰੈਗੁਣ ਮਾਇਆ ਪੰਜ ਤਤ ਕਰਾਂ ਖੇਲ ਅਲਖ ਅਲਖ, ਘਟ ਘਟ ਆਪਣੀ ਅਲਖ ਜਗਾਇਆ। ਪਾਰਬ੍ਰਹਮ ਪ੍ਰਭ ਗੁਣ ਨਿਧਾਨ, ਦਇਆਵਾਨ ਦਇਆ ਕਮਾਈਆ। ਸੁਤ ਬਾਲ ਨਿਧਾਨ, ਤੇਰੀ ਬਾਲੀ ਬੁਧ ਦਿਆਂ ਵਡਿਆਈਆ। ਆਦਿ ਜੁਗਾਦਿ ਰੱਖਾਂ ਤੇਰੀ ਪਹਿਚਾਨ, ਭੁਲ ਕਦੇ ਨਾ ਜਾਈਆ। ਥਿਰ ਘਰ ਤੇਰਾ ਵਸਦਾ ਰਹੇ ਮਕਾਨ, ਢੇਰੀ ਢਾਹ ਨਾ ਕੋਈ ਬਣਾਈਆ। ਲੱਖ ਚੁਰਾਸੀ ਇਕੋ ਦਾਨ, ਏਕਾ ਵਾਰ ਝੋਲੀ ਪਾਈਆ। ਨਿਰਗੁਣ ਸਰਗੁਣ ਲੈ ਲੈ ਜਾਏ ਪੈਗ਼ਾਮ, ਸਚ ਸੰਦੇਸ਼ਾ ਮਾਤ ਸੁਣਾਈਆ। ਖੇਲਾਂ ਖੇਲ ਦੋ ਜਹਾਨ, ਬ੍ਰਹਿਮੰਡ ਖੰਡ ਵਡੀ ਵਡਿਆਈਆ। ਲੋਕ ਪਰਲੋਕ ਜਸ ਤੇਰਾ ਗਾਣ, ਤੇਰੇ ਨਾਉਂ ਸੱਚੀ ਸ਼ਨਵਾਈਆ। ਤੇਰੀ ਵੰਡਾਂ ਵੰਡ ਮਹਾਨ, ਵੰਡ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਸ਼ਬਦ ਆਪ ਸਮਝਾਈਆ। ਸੁਤ ਸ਼ਬਦ ਉਠ ਕਰ ਧਿਆਨ, ਪਿਤਾ ਪੂਤ ਸਮਝਾਇਆ। ਮੇਰਾ ਨਾਉਂ ਤੇਰਾ ਗਿਆਨ, ਭੇਵ ਕਿਸੇ ਨਾ ਆਇਆ। ਮੇਰਾ ਚਰਨ ਤੇਰਾ ਧਿਆਨ, ਧਿਆਨ ਕਿਸੇ ਨਾ ਪਾਇਆ। ਮੇਰਾ ਮੰਦਰ ਤੇਰਾ ਮਕਾਨ, ਮਕਾਨ ਹੱਥ ਕਿਸੇ ਨਾ ਆਇਆ। ਮੇਰਾ ਨਾਦ ਤੇਰਾ ਧੁਨਕਾਨ, ਤੇਰਾ ਨਾਦ ਨਾ ਕੋਈ ਸੁਣਾਇਆ। ਮੇਰਾ ਰਸ ਤੇਰਾ ਪੀਣ ਖਾਣ, ਤੇਰਾ ਰਸ ਤੇਰੇ ਵਿਚ ਲੁਕਾਇਆ। ਮੇਰਾ ਨਾਉਂ ਸ੍ਰੀ ਭਗਵਾਨ, ਤੇਰਾ ਸ਼ਬਦੀ ਨਾਉਂ ਧਰਾਇਆ। ਤੂੰ ਪੁੱਤ ਮੇਰਾ ਬਲਵਾਨ, ਨਾ ਮਰੇ ਨਾ ਜਾਇਆ। ਜੁਗ ਜੁਗ ਤੇਰੇ ਹੱਥ ਵਖਾਵਾਂ ਸਚ ਨਿਸ਼ਾਨ, ਲੋਕਮਾਤ ਦਏਂ ਝੁਲਾਇਆ। ਲੱਖ ਚੁਰਾਸੀ ਦਈਂ ਗਿਆਨ, ਏਕਾ ਅੱਖਰ ਆਪ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਆਪ ਵਰਤਾਇਆ। ਸਾਚੀ ਵਸਤ ਵਸਤ ਅਪਾਰ, ਹਰਿ ਆਪਣੀ ਇਛਿਆ ਝੋਲੀ ਪਾਈਆ। ਜੁਗ ਜੁਗ ਖੇਲ ਕਰੇ ਕਰਤਾਰ, ਕ਼ੁਦਰਤ ਤੇਰੀ ਧਾਰ ਬੰਧਾਈਆ। ਗੁਰ ਅਵਤਾਰ ਹੋ ਤਿਆਰ, ਪੰਜ ਤੱਤ ਦਏ ਵਡਿਆਈਆ। ਜੁਗ ਚੌਕੜੀ ਵਿਚ ਸੰਸਾਰ, ਨੌਂ ਨੌਂ ਚਾਰ ਪੰਧ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਵਰਤਾਈਆ। ਮਿਲਿਆ ਵਰ ਦੀਆ ਭਗਵੰਤ, ਦੇਵਣਹਾਰਾ ਦਾਤਾਰਾ। ਤੇਰੀ ਵਡਿਆਈ ਤੂਹੇ ਜਾਣੇ ਬੇਅੰਤ, ਬੇਅੰਤ ਤੇਰਾ ਘਰ ਬਾਰਾ। ਤੇਰਾ ਨਾਉਂ ਤੇਰਾ ਅਤੀਤ, ਤੇਰੇ ਦਰ ਜੈਕਾਰਾ। ਤੂੰਹੀਂ ਆਦਿ ਤੂੰਹੀਂ ਅੰਤ, ਤੁਧ ਤੇਰਾ ਪਸਾਰਾ। ਦੋਏ ਜੋੜ ਕਰਾਂ ਬੇਨੰਤ, ਕਰ ਸੱਚਾ ਕੌਲ ਇਕ਼ਰਾਰਾ। ਕਵਣ ਵੇਲਾ ਮੇਲਾ ਅੰਤ, ਬਣ ਸੱਜਣ ਮੀਤ ਮੁਰਾਰਾ। ਜੁਗ ਚੌਕੜੀ ਤੇਰੀ ਮਹਿਮਾ ਗਾਇਨ ਭਗਤ ਸੰਤ, ਗੁਰਮੁਖ ਕੋਟਨ ਵਾਰੋ ਵਾਰਾ। ਗੁਰਸਿਖ ਕਰਨ ਤੇਰੀ ਮਿੰਨਤ, ਨਿਉਂ ਨਿਉਂ ਚਰਨ ਸਰਨ ਨਿਮਸਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਸਾਚਾ ਵਰ, ਮੇਰਾ ਅੰਤ ਅੰਤ ਸਹਾਰਾ। ਅੰਤ ਸਹਾਰਾ ਦੇ ਦੇ ਠਾਕਰ, ਸ਼ਬਦੀ ਮੰਗ ਮੰਗਾਇਆ। ਜੁਗ ਚੌਕੜੀ ਤੇਰੇ ਦਰ ਬਣਿਆ ਰਹਾਂ ਸੁਦਾਗਰ, ਏਕਾ ਵਣਜ ਕਰਾਇਆ। ਤੂੰ ਸਾਹਿਬ ਦੇਣਾ ਆਦਰ, ਸੀਸ ਮੇਰੇ ਹੱਥ ਟਿਕਾਇਆ। ਤੂੰ ਕਰੀਮ ਕਰਤਾ ਕ਼ਾਦਰ, ਕ਼ੁਦਰਤ ਤੇਰੀ ਵੇਖ ਵਖਾਇਆ। ਤੂੰ ਮੇਰਾ ਬਣਨਾ ਸਾਦਰ, ਏਕਾ ਸਬਕ ਪੜ੍ਹਾਇਆ। ਤੂੰ ਪਿਸਰ ਪਿਦਰ ਮਾਦਰ, ਹਉਂ ਬਾਲੀ ਬੁੱਧ ਅਖਵਾਇਆ। ਤੂੰ ਸੂਰਬੀਰ ਬਹਾਦਰ, ਬਲਵਾਨ ਤੇਰੀ ਵੱਡੀ ਸ਼ਾਹਿਆ। ਤੂੰ ਮੇਰਾ ਰੂਪ ਕਰਨਾ ਉਜਾਗਰ, ਤੁਧ ਬਿਨ ਨਜ਼ਰ ਕੋਇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੰਦੇਸ਼ਾ ਆਪ ਸੁਣਾਇਆ। ਸਚ ਸੰਦੇਸ਼ਾ ਸ੍ਰੀ ਭਗਵਾਨਾ, ਆਦਿ ਆਦਿ ਸੁਣਾਈਆ। ਸੁਤ ਦੁਲਾਰੇ ਕਰ ਧਿਆਨਾ, ਹਰਿ ਸਾਚਾ ਆਪ ਸਮਝਾਈਆ। ਕਰੇ ਖੇਲ ਸ੍ਰੀ ਭਗਵਾਨਾ, ਜੁਗ ਜੁਗ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਬੰਨ੍ਹੇ ਗਾਨਾ, ਲੱਖ ਚੁਰਾਸੀ ਤੰਦ ਵਖਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖੇ ਮਾਰ ਧਿਆਨਾ, ਦੋ ਜਹਾਨਾਂ ਹੁਕਮ ਮਨਾਈਆ। ਨੌਂ ਨੌਂ ਚਾਰ ਪੰਧ ਮੁਕਾਨਾ, ਚੌਕੜੀ ਜੁਗ ਗੇੜ ਦਵਾਈਆ। ਕਰੇ ਖੇਲ ਵਡ ਮਰਦਾਨਾ, ਗੁਰ ਅਵਤਾਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਲਿਖਾਈਆ। ਆਪਣਾ ਲੇਖਾ ਲਿਆ ਲਿਖ, ਲਿਖਣਹਾਰ ਕਰਤਾਰਾ। ਆਪੇ ਜਾਣੇ ਆਪਣਾ ਭੇਖ, ਭੇਖ ਅਵੱਲੜਾ ਅਗੰਮ ਅਪਾਰਾ। ਆਪੇ ਜਾਣੇ ਆਪਣੀ ਰੇਖ, ਰੇਖ ਰੰਗ ਰੂਪ ਤੇ ਵਸੇ ਬਾਹਰਾ। ਆਪਣਾ ਨੈਣ ਆਪੇ ਪੇਖ, ਆਪੇ ਨੇਤਰ ਕਰੇ ਉਜਿਆਰਾ। ਆਪੇ ਜਾਣੇ ਆਪਣਾ ਭੇਤ, ਆਪੇ ਖੋਲਣਹਾਰਾ ਕਿਵਾੜਾ। ਆਪੇ ਜਾਣੇ ਆਪਣੀ ਵੇਂਤ, ਜਿਸ ਬਿਧ ਬਣਾਇਆ ਸਚਖੰਡ ਸੱਚਾ ਦਰਬਾਰਾ। ਲੱਭ ਲੱਭ ਥੱਕੇ ਕੇਤੀ ਕੇਤ, ਕਿਸੇ ਅੰਤ ਨਾ ਪਾਰਾਵਾਰਾ। ਜਿਸ ਆਪਣੇ ਚਰਨਾ ਕਰਾਇਆ ਹੇਤ, ਤਿਸ ਦਿਤਾ ਦਰਸ ਦੀਦਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਕਰੇ ਪਾਰ ਕਿਨਾਰਾ। ਕਵਣ ਵੇਲਾ ਮੁੱਕੇ ਹੱਦ, ਹਦੂਦ ਦਏ ਸਮਝਾਈਆ। ਆਪਣੇ ਦਵਾਰੇ ਆਪੇ ਲਏ ਸਦ, ਲੋਕਮਾਤ ਪੰਧ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣਾਈ ਤੇਰੀ ਯਦ, ਲੱਖ ਚੁਰਾਸੀ ਤੇਰਾ ਬੰਸ ਸੁਹਾਈਆ। ਤੂੰ ਨਿਰਗੁਣ ਸਰਗੁਣ ਕਰਿਆ ਅੱਡ, ਸਰਗੁਣ ਨਿਰਗੁਣ ਤੇਰਾ ਭੇਵ ਨਾ ਜਾਣੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਮੇਲਾ ਲਏ ਮਿਲਾਈਆ। ਅੰਤਮ ਮੇਲਾ ਲੈਣ ਕਰ, ਕਰ ਕਿਰਪਾ ਗੁਣ ਨਿਧਾਨ। ਮੈਂ ਵਸਾਂ ਤੇਰੇ ਦਰ, ਪਾਰਬ੍ਰਹਮ ਸ੍ਰੀ ਭਗਵਾਨ। ਮੈਂ ਲੱਖ ਚੁਰਾਸੀ ਫਿਰਾਂ ਦਰ ਦਰ, ਅੱਠੇ ਪਹਿਰ ਹੋ ਨਿਗਹਬਾਨ। ਗੁਰ ਅਵਤਾਰ ਸੇਵਾ ਲਾਵਾਂ ਫੜ ਫੜ, ਲੋਕਮਾਤ ਕਰ ਪਰਧਾਨ। ਤੇਰਾ ਨਾਉਂ ਅੱਖਰ ਪੜ੍ਹ ਪੜ੍ਹ, ਲੱਖ ਚੁਰਾਸੀ ਕਰਨ ਗਿਆਨ। ਅੰਤਮ ਜਾਇਣ ਹਰ ਹਰ, ਪੁਰਖ ਅਬਿਨਾਸ਼ੀ ਕਰਨ ਧਿਆਨ। ਕਾਇਆ ਉਪਜੇ ਕਾਇਆ ਜਾਏ ਮਰ, ਨਿਰਗੁਣ ਵਸਤ ਨਿਰਗੁਣ ਕਰੇ ਪਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਦਰ ਨਾ ਸਕੇ ਕੋਈ ਪਛਾਨ। ਸਾਚਾ ਵਰ ਹਰਿ ਜੂ ਦੇਣਾ, ਦਇਆਨਿਧ ਦਇਆ ਕਮਾਈਆ। ਸੁਤ ਸ਼ਬਦ ਤੇਰਾ ਠਾਂਡਾ ਸੀਨਾ, ਆਦਿ ਜੁਗਾਦਿ ਰੱਖਾਂ ਅੰਮ੍ਰਿਤ ਰਸ ਇਕੋ ਭੀਨਾਂ, ਸਾਂਤਕ ਸਤਿ ਸਤਿ ਵਰਤਾਈਆ। ਤ੍ਰੈ ਤ੍ਰੈ ਖੇਲ ਆਪੇ ਕੀਨਾ, ਪੰਚਮ ਪੰਚ ਵਜੇ ਵਧਾਈਆ। ਆਪੇ ਜਾਣੇ ਮਰਨਾ ਜੀਨਾ, ਲੱਖ ਚੁਰਾਸੀ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਅੰਤ ਦਏ ਸਮਝਾਈਆ। ਸੁਤ ਸ਼ਬਦ ਤੇਰਾ ਅੰਤ ਮਿਲਾਵਾ, ਪ੍ਰਭ ਆਪਣੇ ਹੱਥ ਰਖਾਇੰਦਾ। ਪ੍ਰਭ ਮਿਲਣ ਦਾ ਕਰੇ ਦਾਅਵਾ, ਕੀਤਾ ਕੌਲ ਭੁਲ ਨਾ ਜਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਲੱਖ ਚੁਰਾਸੀ ਆਵਾ, ਸੂਰਬੀਰ ਆਪ ਬਣਾਇੰਦਾ। ਅੰਤਮ ਸਭ ਦਾ ਮੇਟੇ ਨਾਵਾਂ, ਨਾਵਾਂ ਨਜ਼ਰ ਕੋਈ ਨਾ ਆਇੰਦਾ। ਗੁਰ ਅਵਤਾਰ ਜਿਸ ਦਾ ਤੱਕਦਾ ਰਹੇ ਪ੍ਰਛਾਂਵਾ, ਸੋ ਆਪਣਾ ਰੂਪ ਵਟਾਇੰਦਾ। ਬਲ ਧਾਰੇ ਬਿਨਾ ਭੁਜਾਂ ਬਾਹਵਾਂ, ਚਤੁਰਭੁਜ ਨਾ ਖੇਲ ਖਿਲਾਇੰਦਾ। ਬਿਨ ਜੰਮੇ ਪੁਤ ਮਾਵਾਂ, ਪਿਤਾ ਆਪਣਾ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸੋ ਤੇਰਾ ਮੇਲ ਮਿਲਾਇੰਦਾ। ਸ਼ਬਦ ਸੁਤ ਜਿਸ ਤੇਰਾ ਮੇਲ ਮਿਲੌਣਾ, ਸਰਗੁਣ ਨਿਰਗੁਣ ਨਾਉਂ ਰਖਾਇੰਦਾ। ਜਿਸ ਨੇ ਪੱਲੂ ਅੰਤ ਫੜੌਣਾ, ਨਿਰਵੈਰ ਨਾਉਂ ਧਰਾਇੰਦਾ। ਜਿਸ ਨੇ ਮੰਦਰ ਭਾਗ ਲਗੌਣਾ, ਅਜੂਨੀ ਰਹਿਤ ਵੇਖ ਵਖਾਇੰਦਾ। ਜਿਸ ਨੇ ਸੋਹਲਾ ਸਾਚਾ ਗੌਣਾ, ਨਾਉਂ ਨਿਰੰਕਾਰਾ ਆਪ ਸੁਣਾਇੰਦਾ। ਜਿਸ ਨੇ ਪਰਦਾ ਓਹਲਾ ਚੁਕੌਣਾ, ਜੋਤੀ ਜੋਤ ਡਗਮਗਾਇੰਦਾ। ਲੱਖ ਚੁਰਾਸੀ ਨਾਤਾ ਜਿਸ ਤੁੜੌਣਾ, ਸੋ ਦਿਸ ਕਿਸੇ ਨਾ ਆਇੰਦਾ। ਲੋਕਮਾਤ ਜਿਸ ਫੇਰਾ ਪੌਣਾ, ਗੁਰ ਅਵਤਾਰ ਰਾਹ ਸਮਝਾਇੰਦਾ। ਭਗਤ ਭਗਵਨ ਘਰ ਇਕ ਵਖੌਣਾ, ਸਾਚੇ ਮੰਦਰ ਕੁੰਡਾ ਲਾਹਿੰਦਾ। ਸਾਚੇ ਸੰਤਾਂ ਜਿਸ ਪਰਦਾ ਲਹੌਣਾ, ਆਪਣਾ ਪੱਲੂ ਨਾਮ ਵਧਾਇੰਦਾ। ਗੁਰਮੁਖਾਂ ਜਿਸ ਰੰਗ ਰੰਗੌਣਾ, ਰੰਗ ਆਪਣਾ ਆਪ ਰੰਗਾਇੰਦਾ। ਗੁਰਮੁਖਾਂ ਜਿਸ ਸੁਖ ਉਪਜੌਣਾ, ਸੁਖ ਆਪਣੀ ਵਸਤ ਵਰਤਾਇੰਦਾ। ਵਸਦਾ ਖੇੜਾ ਜਿਸ ਅੰਤਮ ਢੌਹਣਾ, ਉਸ ਦਾ ਭੇਵ ਕੋਈ ਨਾ ਪਾਇੰਦਾ। ਸ਼ਬਦ ਸੁਤ ਤੇਰੀ ਲਾਜ ਰਖੌਣਾ, ਸੋ ਤੈਨੂੰ ਆਦਿ ਸਮਝਾਇੰਦਾ। ਅੰਤ ਤੇਰਾ ਜਿਸ ਮੇਲ ਮਿਲੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਸਮਝਾਇੰਦਾ। ਮੇਰਾ ਰੂਪ ਅੰਤਮ ਵਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਨਾ ਕੋਈ ਸੱਜਣ ਮੀਤ ਮੁਰਾਰ, ਸਾਕ ਸੈਣ ਨਾ ਕੋਈ ਵਡਿਆਈਆ। ਤੇਰਾ ਖੇਲ ਅਗੰਮ ਅਪਾਰ, ਨਿਰਗੁਣ ਨਿਰਗੁਣ ਰੂਪ ਵਖਾਈਆ। ਜੋਤੀ ਜਾਮਾ ਲੈ ਅਵਤਾਰ, ਨਿਹਕਲੰਕ ਨਾਉਂ ਰਖਾਈਆ। ਡੰਕਾ ਵੱਜੇ ਸਰਬ ਸੰਸਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਆਪਣੀ ਜੋਤ ਕਰ ਉਜਿਆਰ, ਨਿਰਾਕਾਰ ਰੂਪ ਆਪਣਾ ਆਪ ਆਪਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਗੁਣ ਰਿਹਾ ਸਮਝਾਈਆ। ਕਲਜੁਗ ਆਵਾਂ ਅੰਤਮ ਵਾਰ, ਨਿਰਗੁਣ ਜੋਤ ਜਗਾ। ਸਚਖੰਡ ਬਣਾਵਾਂ ਪਹਿਲੋਂ ਦਵਾਰ, ਦਸਮ ਦਵਾਰੀ ਪੰਧ ਮੁਕਾ। ਸਾਚਾ ਕਰਾਂ ਫੇਰ ਵਿਹਾਰ, ਗੁਰਮੁਖ ਸੱਜਣ ਮਾਤ ਜਗਾ। ਦੇਵਾਂ ਵਰ ਕਰ ਪਿਆਰ, ਸਿਰ ਆਪਣਾ ਹੱਥ ਟਿਕਾ। ਬ੍ਰਹਮਾ ਸ਼ਿਵ ਤਖ਼ਤੋਂ ਦਿਆਂ ਉਤਾਰ, ਸੁਰਪਤ ਰਾਜਾ ਇੰਦ ਮਾਰੇ ਧਾਹ। ਬ੍ਰਹਿਮੰਡ ਖੰਡ ਦਿਆਂ ਉਲਟਾ, ਲੋਆਂ ਪੁਰੀਆਂ ਕੋਈ ਨਾ ਲੱਭੇ ਰਾਹ। ਧਰਤ ਧਵਲ ਦਿਆਂ ਖਪਾ, ਸਮੁੰਦ ਸਾਗਰ ਦਿਆਂ ਸੁਕਾ, ਜੋਤੀ ਲੰਬੂ ਅਗਨੀ ਏਕਾ ਲਾ। ਬਿਨ ਚੱਪੂ ਬਣਾਂ ਮਲਾਹ, ਆਪਣੇ ਭਗਤਾਂ ਨਾਲ ਰਲਾ। ਏਕਾ ਦੇਵਾਂ ਨਾਮ ਸਲਾਹ, ਸਾਚਾ ਅੱਖਰ ਇਕ ਪੜ੍ਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਸਚਖੰਡ ਦਵਾਰਾ ਆਪ ਬਣਾ। ਸਚਖੰਡ ਦਵਾਰਾ ਏਕਾ ਦੂਆ ਧਾਰ, ਦੂਆ ਸਿਫ਼ਰਾ ਨਾਲ ਮਿਲਾਈਆ। ਵੀਹ ਸੌ ਬਾਰਾਂ ਕਰ ਪਿਆਰ, ਬਿਕ੍ਰਮੀ ਲੇਖਾ ਰਿਹਾ ਮੁਕਾਈਆ। ਛੇ ਘਰ ਕਰ ਉਜਿਆਰ, ਛੇ ਸਾਲ ਸੇਵ ਕਮਾਈਆ। ਤੇਰਾਂ ਤੇਰਾ ਜਗਤ ਵਿਹਾਰ, ਸ਼ਾਹ ਸੁਲਤਾਨਾਂ ਆਪਣੇ ਕੰਡੇ ਤੋਲ ਤੁਲਾਈਆ। ਚੌਦਾਂ ਚੌਦਾਂ ਬਣ ਵਣਜਾਰ, ਚੌਦਾਂ ਲੋਕ ਚੌਦਾਂ ਤਬਕਾਂ ਮਾਰੀ ਮਾਰ, ਗੁਰਮੁਖ ਸਾਚੇ ਲਏ ਜਗਾਈਆ। ਏਕਾ ਇਕੀ ਸਚ ਵਿਹਾਰ, ਸਾਚੀ ਸਿਖਿਆ ਸਿੱਖ ਸਮਝਾਈਆ। ਪੰਦਰਾਂ ਪੰਦਰਾਂ ਖੇਲ ਪਾਰ ਤੀਰਥ ਤਟ ਵੇਖ ਮੁਨਾਰ, ਮੰਦਰ ਮਸਜਿਦ ਮਠ ਸ਼ਿਵਦਿਆਲ ਗੁਰਦਵਾਰਾ ਘਰ ਘਰ ਆਪਣਾ ਫੇਰਾ ਪਾਈਆ। ਆਪਣੀ ਵਸਤ ਲੈ ਕੇ ਆਇਆ ਆਪਣੇ ਨਾਲ, ਖ਼ਾਲੀ ਭੰਡਾਰੇ ਸਰਬ ਕਰਾਈਆ। ਬੇ ਸਮਝ ਹੋਏ ਬੇਹਾਲ, ਰਮਜ਼ ਰਮਜ਼ ਵਿਚ ਨਾ ਕੋਈ ਰਲਾਈਆ। ਕਮਚ ਖੇਲ ਕਰੇ ਕਰਤਾਰ, ਅਲਨੇਕ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੋਲਾਂ ਸੋਲਾਂ ਸਚ ਵਿਹਾਰਾ, ਹਰਿ ਸਾਚਾ ਸਚ ਕਰਾਇੰਦਾ। ਭਗਵਨ ਭਗਤਨ ਇਕ ਭੰਡਾਰਾ, ਏਕਾ ਵਾਰ ਵਰਤਾਇੰਦਾ। ਚਾਰ ਵਰਨ ਵਰਨ ਪਾਰ ਕਿਨਾਰਾ, ਬਰਨ ਅਠਾਰਾਂ ਡੇਰਾ ਢਾਹਿੰਦਾ। ਸਾਚਾ ਦਿਵਸ ਇਕ ਵਿਚਾਰਾ, ਪੰਦਰਾਂ ਕੱਤਕ ਮੇਲ ਮਿਲਾਇੰਦਾ। ਸੰਮਤ ਸੱਤਰ੍ਹਾਂ ਸਚ ਦਿਹਾੜਾ, ਖ਼ੁਸ਼ੀਆਂ ਨਾਲ ਮਿਲਾਇੰਦਾ। ਪਰਗਟ ਹੋ ਅਗੰਮੀ ਲਾੜਾ, ਰੂਪ ਅਨੂਪ ਆਪ ਸਮਝਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਲੋਕਮਾਤ ਹੁਕਮ ਜਣਾਇੰਦਾ। ਚਲ ਕੇ ਆਇਆ ਇਕ ਇਕੱਲਾ ਪਰਵਰਦਿਗਾਰਾ, ਰੂਪ ਰੰਗ ਨਾ ਕੋਈ ਰਖਾਇੰਦਾ। ਜਿਸ ਰਾਮ ਪਸਰਿਆ ਪਸਾਰਾ, ਸੋ ਰਾਮ ਵੇਖ ਵਖਾਇੰਦਾ। ਜਿਸ ਬੱਧੀ ਸਾਚੀ ਧਾਰਾ, ਸੋ ਧਾਰ ਪਾਰ ਕਰਾਇੰਦਾ। ਜਾਨਣਹਾਰਾ ਪਾਰ ਕਿਨਾਰਾ, ਆਪਣੇ ਤਟ ਡੇਰਾ ਲਾਇੰਦਾ। ਸੀਸ ਜਗਦੀਸ ਸੋਹੇ ਤਾਜ ਅਪਾਰਾ, ਪੰਚਮ ਆਪਣਾ ਗੰਢ ਪਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਵਿਚ ਸੰਸਾਰਾ, ਨਿਰਗੁਣ ਆਪਣਾ ਆਪ ਪਰਗਟਾਇੰਦਾ। ਸੰਮਤ ਸਤਾਰਾਂ ਗਿਆ ਲੰਘ, ਥਿਰ ਕੋਈ ਰਹਿਣ ਨਾ ਪਾਇਆ। ਪਾਰਬ੍ਰਹਮ ਪਤਿਪਰਮੇਸ਼ਵਰ ਇਕ ਫੜਿਆ ਨਾਮ ਮਰਦੰਗ, ਸ਼ਾਹ ਸੁਲਤਾਨਾ ਰਿਹਾ ਸੁਣਾਇਆ। ਜਿਸ ਦੀ ਪੂਜਾ ਕਰ ਕਰ ਭਿਖਿਆ ਰਹੇ ਮੰਗ, ਸੋ ਦੇਵਣਹਾਰ ਵੇਸ ਵਟਾਇਆ। ਜਿਸ ਸ਼ਾਹ ਸੁਲਤਾਨਾ ਨੰਗੀ ਕਰਨੀ ਕੰਡ, ਆਪਣਾ ਖੰਡਾ ਰਿਹਾ ਚਮਕਾਇਆ। ਜਿਸ ਲੱਖ ਚੁਰਾਸੀ ਕਰਨੀ ਰੰਡ, ਸਰਗੁਣ ਰੂਪ ਨਾ ਕੋਈ ਦਰਸਾਇਆ। ਜਿਸ ਭਗਤਾਂ ਕਰਨੀ ਅੰਤਮ ਵੰਡ, ਸੋ ਭਗਵਨ ਫੇਰੀ ਪਾਇਆ। ਨਾ ਕੋਈ ਚਿਲਾ ਨਾ ਕਮੰਦ, ਤੀਰ ਨਿਸ਼ਾਨ ਨਾ ਕੋਈ ਵਖਾਇਆ। ਏਕਾ ਹੁਕਮ ਦੇਵੇ ਆਪਣੇ ਛੋਟੇ ਬਾਲੇ ਫ਼ਰਜ਼ੰਦ, ਸਭ ਦਾ ਕਰੇ ਅੰਤ ਸਫਾਇਆ। ਜਨ ਭਗਤਾਂ ਖ਼ੁਸ਼ੀ ਕਰੇ ਬੰਦ ਬੰਦ, ਲੱਖ ਚੁਰਾਸੀ ਬੰਧਨ ਦਏ ਤੁੜਾਇਆ। ਮੇਲ ਮਿਲਾਏ ਸਹਿਜ ਅਨੰਦ, ਅਨੰਦ ਪੁਰ ਵਾਸੀ ਏਕਾ ਘਰ ਨਜ਼ਰੀ ਆਇਆ। ਕਰੇ ਪਰਕਾਸ਼ ਬਿਨ ਸੂਰਜ ਚੰਦ, ਬਿਨ ਤੇਲ ਬਾਤੀ ਦੀਪਕ ਦਏ ਜਗਾਇਆ। ਸਾਹਿਬ ਦਿਆਲ ਸਦਾ ਬਖ਼ਸ਼ੰਦ, ਹਰਿ ਭਗਤ ਲਏ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਠ ਦਸ ਵੱਜੇ ਵਧਾਇਆ। ਅਠ ਦਸ ਵੱਜੇ ਵਧਾਈ, ਹਰਿ ਸਤਿਗੁਰ ਆਪ ਵਜਾਇੰਦਾ। ਭਗਤ ਭਗਵੰਤ ਹੋਏ ਕੁੜਮਾਈ, ਸਾਚਾ ਸਗਨ ਮਨਾਇੰਦਾ। ਆਪੇ ਧੀ ਆਪ ਜਵਾਈ, ਸੌਹਰਾ ਪਿਤਾ ਆਪ ਅਖਵਾਇੰਦਾ। ਆਪੇ ਨੈਣ ਆਪੇ ਨਾਈ, ਆਪੇ ਬਣ ਬਣ ਸੇਵ ਕਮਾਇੰਦਾ। ਆਪੇ ਡੋਲੇ ਚੜ੍ਹ ਚੜ੍ਹ ਮਾਰੇ ਉਚੀਆਂ ਧਾਈਂ, ਆਪੇ ਹੱਸ ਹੱਸ ਖ਼ੁਸ਼ੀ ਮਨਾਇੰਦਾ। ਆਪੇ ਭਗਤਾਂ ਪਕੜੇ ਬਾਂਹੀ, ਆਪਣੇ ਗਲੇ ਲਗਾਇੰਦਾ। ਆਪੇ ਚੁਕੇ ਚਾਈਂ ਚਾਈਂ, ਸਾਚੀ ਗੋਦ ਸੁਹਾਇੰਦਾ। ਆਪੇ ਦੇਵੇ ਸਚ ਸਲਾਹੀ, ਸਲਾਹਕਾਰ ਆਪ ਹੋ ਆਇੰਦਾ। ਉਠੋ ਮਿਲੋ ਭਾਈਆਂ ਭਾਈ, ਵੇਲਾ ਗਇਆ ਹੱਥ ਨਾ ਆਇੰਦਾ। ਨਾਨਕ ਨਾਮ ਇਕ ਧਿਆਈ, ਧਿਆਨ ਧਿਆਨ ਵਿਚ ਵਖਾਇੰਦਾ। ਗੋਬਿੰਦ ਬੂਟਾ ਪੁਟਿਆ ਕਾਹੀ, ਲੱਖ ਚੁਰਾਸੀ ਜੜ੍ਹ ਉਖੜਾਇੰਦਾ। ਬਿਨ ਹਰਿ ਭਗਤ ਨਾ ਕੋਈ ਵਡਿਆਈ, ਲੱਖ ਚੁਰਾਸੀ ਕੰਮ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਅਠਾਰਾਂ ਸਚ ਵਿਹਾਰਾ, ਕਰੇ ਕਰਾਏ ਕਰਨੇਹਾਰਾ, ਆਪਣੀ ਕਲ ਆਪ ਧਰਾਇੰਦਾ। ਆਪਣੀ ਕਲ ਧਰੇ ਕਰਤਾਰ, ਜਨ ਭਗਤਾਂ ਆਪ ਜਣਾਈਆ। ਆਦਿ ਜੁਗਾਦੀ ਸਚ ਪਿਆਰ, ਨਾ ਕੋਈ ਤੋੜੇ ਤੋੜ ਤੁੜਾਈਆ। ਜੁਗ ਜੁਗ ਜਨ ਭਗਤ ਦਵਾਰੇ ਗਿਆ ਸਜ, ਨਿਰਗੁਣ ਸਰਗੁਣ ਰੂਪ ਵਟਾਈਆ। ਦਰ ਆਇਆ ਪੂਰੀ ਕਰਕੇ ਗਿਆ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਨਿਰਗੁਣ ਜੋਤ ਕਰ ਪਰਕਾਸ਼, ਸਰਗੁਣ ਸਾਚੀ ਦਏ ਵਡਿਆਈਆ। ਪੁਰਖ ਅਕਾਲਾ ਦੀਨ ਦਿਆਲਾ ਵਸੇ ਸਦਾ ਪਾਸ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਰਖਾਈਆ। ਸਗਲਾ ਸੰਗ ਛੇਵੇਂ ਘਰ, ਘਰ ਵਿਚ ਘਰ ਆਪ ਮਿਲਾਇਆ। ਭਗਤ ਭਗਵੰਤ ਕੋਲੋਂ ਨਾ ਜਾਇਣ ਡਰ, ਭਗਵਨ ਝੂਠਾ ਭੈ ਚੁਕਾਇਆ। ਆਪਣੀ ਕਿਰਪਾ ਆਪੇ ਕਰ, ਛੇ ਘਰ ਲੋਕਮਾਤ ਸਮਝਾਇਆ। ਧਰਨੀ ਉਪਰ ਵੰਡੇ ਵੰਡ, ਉਪਰ ਏਕਾ ਵੰਡ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਜਣਾਇਆ। ਛੇ ਘਰ ਦਾ ਜਗਤ ਪੰਧ, ਪ੍ਰਭ ਨੇਰਨ ਨੇਰ ਮੁਕਾਈਆ। ਛੇ ਫ਼ੁਟ ਵੰਡੇ ਵੰਡ, ਵੰਡਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਮੇਲਾ ਸਹਿਜ ਸੁਭਾਈਆ। ਭਗਤਨ ਮੇਲਾ ਰਿਹਾ ਦੱਸ, ਹਰਿ ਸੱਜਣ ਮੀਤ ਮੁਰਾਰਾ। ਖੱਬੇ ਪਾਸੇ ਜਾਣਾ ਵਸ, ਸੱਜੇ ਰਹੇ ਆਪ ਨਿਰੰਕਾਰਾ। ਅਗੇ ਸਾਚੀ ਸੰਗਤ ਰੱਖ, ਹਰਿ ਜੂ ਹਰਿ ਭਗਤਾਂ ਕਰੇ ਨਿਮਸਕਾਰਾ। ਆਦਿ ਜੁਗਾਦਿ ਸਦਾ ਹੋਇਆ ਵਸ, ਨੱਸ ਨਾ ਜਾਏ ਸਿਰਜਣਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਪਰਗਟਾਏ ਜਗਤ ਦਵਾਰਾ। ਖੱਬਾ ਪਾਸਾ, ਛੇ ਫ਼ੁਟ ਫ਼ੁਟ ਦੂਰ ਕਰਾਈਆ। ਨਿਤ ਨਵਿਤ ਕਰਦੇ ਰਹਿਣ ਹਾਸਾ, ਭਗਤ ਭਗਵੰਤ ਵਡੀ ਵਡਿਆਈਆ। ਇਕ ਦੂਜੇ ਦੀ ਪੂਰੀ ਕਰਦੇ ਰਹਿਣ ਆਸਾ, ਆਸਾ ਆਸਾ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭਰਵਾਸਾ ਦਏ ਸਮਝਾਈਆ। ਸਚ ਭਰਵਾਸਾ ਹਰਿ ਕਰਤਾਰਾ, ਹਰਿ ਹਰਿ ਆਪ ਜਣਾਇੰਦਾ। ਸਾਚਾ ਮੰਦਰ ਸਚ ਦਵਾਰਾ, ਭਗਤ ਉਜਿਆਰਾ ਆਪ ਕਰਾਇੰਦਾ। ਸਤਿ ਸਤਿਵਾਦੀ ਸਾਚੀ ਧਾਰਾ, ਵਿਚ ਸੰਸਾਰਾ ਸਤਿਜੁਗ ਸਾਚਾ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਖੇਲ ਆਪ ਖਿਲਾਇੰਦਾ। ਕਲਜੁਗ ਅੰਤਮ ਜਾਣਾ ਬੀਤ, ਥਿਰ ਕੋਇ ਰਹਿਣ ਨਾ ਪਾਈਆ। ਸਤਿਜੁਗ ਸਾਚੀ ਚਲਣੀ ਰੀਤ, ਹਰਿ ਸਤਿਗੁਰ ਆਪ ਚਲਾਈਆ। ਵੇਖਣਹਾਰਾ ਇਕ ਅਤੀਤ, ਬੇਅੰਤ ਵਡੀ ਵਡਿਆਈਆ। ਇਕ ਸੁਣਾਏ ਸੁਹਾਗੀ ਗੀਤ, ਆਤਮ ਪਰਮਾਤਮ ਵੱਜੇ ਵਧਾਈਆ। ਪ੍ਰਭ ਦਵਾਰਾ ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਨਾ ਵੰਡ ਵੰਡਾਈਆ। ਮਾਨਸ ਜਨਮ ਜਨ ਲਏ ਜੀਤ, ਜੋ ਦਰ ਦਵਾਰ ਦਰਸ਼ਨ ਪਾਈਆ। ਕਾਇਆ ਹੋਏ ਪਤਿਤ ਪੁਨੀਤ, ਪਤਿਤ ਪਾਪੀ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤ ਦਵਾਰਾ ਦਏ ਸਮਝਾਈਆ। ਭਗਤ ਦਵਾਰਾ ਹਰਿ ਕਰਤਾਰਾ, ਏਕਾ ਏਕਾ ਏਕ ਮਿਲਾਇੰਦਾ। ਪਿਛਲੀ ਭੁਲ ਬਖ਼ਸ਼ੇ ਅੰਤਮ ਵਾਰਾ, ਅਭੁਲ ਆਪਣੀ ਦਇਆ ਕਮਾਇੰਦਾ। ਵਿਸ਼ਕਰਮਾ ਬਣੇ ਫਿਰ ਭਿਖਾਰਾ, ਆਪਣਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨ ਕੱਤਕ ਸਚ ਸੰਦੇਸ਼ਾ ਜਣਾਇੰਦਾ। ਸੁਣ ਸੰਦੇਸ਼ ਗਿਆ ਜਾਗ, ਆਪਣੀ ਲਏ ਅੰਗੜਾਈਆ। ਵਡ ਵਡ ਹੋਏ ਧੰਨ ਭਾਗ, ਪ੍ਰਭ ਸਾਚੇ ਲਿਆ ਮੰਗਾਈਆ। ਕਲਜੁਗ ਮਿਟੀ ਅੰਧੇਰੀ ਰਾਤ, ਸਤਿਜੁਗ ਸਾਚੀ ਹੋਏ ਰੁਸ਼ਨਾਈਆ। ਕਵਣ ਖੇਲ ਕਰੇ ਹਰਿ ਜੂ ਵਿਚ ਮਾਤ, ਭੇਵ ਅਭੇਦ ਇਕ ਜਣਾਈਆ। ਕਵਣ ਦਵਾਰੇ ਦੇਵੇ ਦਾਤ, ਦਾਤ ਆਪਣੀ ਝੋਲੀ ਪਾਈਆ । ਮੈਂ ਭੁੱਲਾ ਅਗੇ ਕਰਾਂ ਨਾ ਹਾਥ, ਮੇਰੇ ਨੈਣ ਰਹੇ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਬੈਠਾ ਸੀਸ ਝੁਕਾਈਆ । ਵਿਸ਼ਕਰਮਾ ਸੀਸ ਬੈਠਾ ਸੁੱਟ, ਨੇਤਰ ਨੈਣ ਨਾ ਸਕੇ ਉਠਾਈਆ। ਤੇਰੀ ਵਸਤ ਮੇਰੇ ਕੋਲੋਂ ਲਈ ਲੁੱਟ, ਖ਼ਾਲੀ ਹੱਥ ਰਿਹਾ ਵਖਾਈਆ। ਕਲਜੁਗ ਅੰਤਮ ਜੇ ਗਿਆ ਤੁਠ, ਆਪਣੀ ਵਸਤ ਆਪੇ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਕਰਮਾ ਰਿਹਾ ਸਮਝਾਈਆ। ਵਿਸ਼ਕਰਮਾ ਤੂੰ ਗਿਆ ਭੁੱਲ, ਮੇਰਾ ਨਾਉਂ ਭੁਲਾਇਆ। ਮੇਰਾ ਸਿਖ ਸਦਾ ਅਡੋਲ, ਨਾ ਡੋਲੇ ਡੋਲ ਡੁਲਾਇਆ। ਮੇਰਾ ਭਗਤ ਸਦਾ ਅਤੁਲ, ਨਾ ਕੋਈ ਤੋਲੇ ਤੋਲ ਤੁਲਾਇਆ। ਮੇਰਾ ਗੁਰਮੁਖ ਨਾ ਜਾਏ ਰੁਲ, ਨਾ ਕੋਈ ਰੋਲੇ ਰੋਲ ਰੁਲਾਇਆ। ਆਦਿ ਜੁਗਾਦਿ ਜੁਗਾ ਜੁਗੰਤਰ ਮੈਂ ਗ਼ਰੀਬਾਂ ਪੌਂਦਾ ਮੁੱਲ, ਕ਼ੀਮਤ ਕਰਤਾ ਆਪਣੇ ਹੱਥ ਰਖਾਇਆ। ਆਪਣੇ ਭਗਤ ਦੋ ਜਹਾਨ ਦੀ ਸੁਗੰਧੀ ਬਣਾਵਾ ਫੁੱਲ, ਬ੍ਰਹਿਮੰਡ ਖੰਡ ਆਪ ਮਹਿਕਾਇਆ। ਮੇਰਾ ਭਗਤ ਸਦਾ ਸੁਲਹਕੁਲ, ਕੁੱਲ ਆਲਮ ਦਏ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਵਿਸ਼ਕਰਮਾ ਰਿਹਾ ਜਣਾਇਆ। ਵਿਸ਼ਕਰਮਾ ਵੇਖੇ ਭੈ ਨਿਰੰਕਾਰਾ, ਨੇਤਰ ਨੈਣਾ ਨੀਰ ਵਹਾਇੰਦਾ। ਤੇਰਾ ਅੰਤ ਨਾ ਪਾਰਾਵਾਰਾ, ਤੂੰ ਬੇਅੰਤ ਸਦਾ ਅਖਵਾਇੰਦਾ। ਮੈਂ ਭੁਲਿਆ ਬਣ ਗਵਾਰਾ, ਮੇਰਾ ਬੰਸ ਨਾ ਕੋਈ ਸੁਹਾਇੰਦਾ। ਮੈਂ ਬਾਢੀ ਤੇਰਾ ਯਾਰਾ, ਤੂੰ ਯਾਰੀ ਕਿਉਂ ਤੁੜਾਇੰਦਾ। ਤੂੰ ਆਇਆ ਘਰ ਤਰਖਾਨਾ, ਤੇਸਾ ਰੰਦਾ ਹੱਥ ਰਖਾਇੰਦਾ। ਤੇਰੀ ਆਰੀ ਤਿਖੀ ਧਾਰਾ, ਦੋ ਜਹਾਨ ਚੀਰ ਪਵਾਇੰਦਾ। ਤੇਰਾ ਹਥੌੜਾ ਮਾਰੇ ਮਾਰਾ, ਅੱਗੇ ਸਿਰ ਨਾ ਕੋਈ ਉਠਾਇੰਦਾ। ਤੇਰਾ ਵਰਮਾ ਰਿਹਾ ਪਾੜਾ, ਆਰ ਪਾਰ ਖੇਲ ਖਿਲਾਇੰਦਾ। ਤੇਰਾ ਰੰਦਾ ਰੰਦੇ ਸਰਬ ਸੰਸਾਰਾ, ਏਕਾ ਆਪਣਾ ਹੱਥ ਵਖਾਇੰਦਾ। ਤੂੰ ਗੰਦਾ ਬੰਦਾ ਦਈਂ ਸਵਾਰਾ, ਮੈਂ ਤੇਰੇ ਅਗੇ ਝੋਲੀ ਡਾਹਿੰਦਾ। ਕੀ ਹੋਇਆ ਜੇ ਭੁਲ ਗਿਆ ਗਵਾਰਾ, ਤੂੰ ਭੁਲ ਕਿਉਂ ਨਹੀਂ ਬਖ਼ਸ਼ਾਇੰਦਾ। ਮੇਰਾ ਵਧੇ ਫੁਲੇ ਪਰਵਾਰਾ, ਮੈਂ ਸੁਣਿਆ ਤੂੰ ਇਕ ਤੋਂ ਪੰਜ ਬਣਾਇੰਦਾ। ਤੂੰ ਪੰਜਾਂ ਮੀ਼ਤ ਮੁਰਾਰਾ, ਸਗਲਾ ਸੰਗ ਨਿਭਾਇੰਦਾ। ਤੇਰੀ ਬਿਧ ਤੇਰਾ ਨਾਮ ਤੇਰੇ ਕਾਰਜ ਕਰੇ ਵਿਚਾਰਾ, ਮੈਂ ਮੂਰਖ ਭੇਤ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਦੇ ਸਾਚਾ ਵਰ, ਤੇਰੇ ਅਗੇ ਝੋਲੀ ਡਾਹਿੰਦਾ। ਮੰਗੀ ਮੰਗ ਇਕੋ ਵਾਰ, ਏਕਾ ਆਸ ਰਖਾਈਆ। ਕਰ ਕਿਰਪਾ ਸੱਚੀ ਸਰਕਾਰ, ਤੇਰੇ ਘਰ ਤੋਟ ਨਾ ਰਾਈਆ। ਅਤੁਟ ਤੇਰਾ ਭੰਡਾਰ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਬਣ ਬਾਢੀ ਮੰਗ ਮੰਗਾਈਆ। ਤੂੰ ਬਾਢੀ ਲੱਖ ਚੁਰਾਸੀ ਘੜਦਾ, ਸੇਵਾ ਸੇਵ ਕਮਾਇੰਦਾ। ਮੈਂ ਬਾਢੀ ਤੇਸਾ ਕੁਹਾੜਾ ਹੱਥ ਵਿਚ ਫੜਦਾ, ਸਭ ਦੀ ਆਸ ਪੁਚਾਇੰਦਾ। ਤੂੰ ਬਾਢੀ ਕਰੇਂ ਖੇਲ ਨਰ ਹਰਿ ਦਾ, ਆਤਮ ਸੇਜਾ ਇਕ ਬਣਾਇੰਦਾ। ਮੈਂ ਬਾਢੀ ਘਰ ਘਰ ਦਾ, ਪਾਵਾ ਚੂਲ ਠੋਕ ਸੇਜ ਬਣਾਇੰਦਾ। ਤੂੰ ਬਾਢੀ ਕਿਸੇ ਕੋਲੋਂ ਨਾ ਡਰਦਾ, ਮੈਂ ਬਾਢੀ ਲੋਕਮਾਤ ਡਰ ਡਰ ਵਕ਼ਤ ਲੰਘਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਕੁਲ ਤੇਰੇ ਅੱਗੇ ਇਕ ਰਖਾਇੰਦਾ। ਤੂੰ ਬਾਢੀ ਸੱਚਾ ਤਰਖਾਨ, ਲੱਖ ਚੁਰਾਸੀ ਵੇਖ ਵਖਾਈਆ। ਮੈਂ ਕਾਮਾਂ ਬਣਿਆ ਰਿਹਾ ਜੱਟ ਕਿਸਾਨ, ਬਿਨ ਮੇਰੇ ਤੇਰੀ ਲੱਖ ਚੁਰਾਸੀ ਖੇਤੀ ਫੁਲ ਨਾ ਸਕੇ ਰਾਈਆ। ਏਕਾ ਦੇ ਦੇ ਹਰਿ ਜੂ ਦਾਨ, ਤੇਰੇ ਅਗੇ ਮੰਗ ਮੰਗਾਈਆ। ਆਪਣੀ ਜ਼ਾਤ ਲੈ ਪਛਾਣ, ਤੇਰੀ ਜ਼ਾਤ ਮੇਰੀ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਮਿਹਰਵਾਨ ਹੋਇਆ ਮਿਹਰਵਾਨਾ, ਆਪਣੀ ਦਇਆ ਕਮਾਇੰਦਾ। ਦੀਨਨ ਦੇਵੇ ਸਾਚਾ ਦਾਨਾ, ਦਇਆ ਭਿਛਿਆ ਪਾਇੰਦਾ। ਪੰਚਮ ਪੰਚ ਕਰੇ ਪਰਧਾਨਾ, ਪੰਚਮ ਮੇਲ ਮਿਲਾਇੰਦਾ। ਬਾਢੀਆਂ ਘਰ ਬਾਢੀ ਵੇਖੇ ਮਾਰ ਧਿਆਨਾ, ਤਰਖਾਨ ਤਰਖਾਨਾਂ ਨਾਲ ਨਾਤਾ ਜੋੜ ਜੁੜਾਇੰਦਾ। ਪੰਜਾਂ ਦੇਵੇ ਇਕ ਨਿਸ਼ਾਨਾ, ਏਕਾ ਰਾਹ ਚਲਾਇੰਦਾ। ਉਨੀ ਕਤਕ ਬੰਨ੍ਹੇ ਗਾਨਾ, ਮੌਲੀ ਤੰਦ ਹੱਥ ਉਠਾਇੰਦਾ। ਸਾਚਾ ਸਗਨ ਇਕ ਮਨਾਨਾ, ਭਗਤ ਦਵਾਰਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੰਚਮ ਮੁਖ ਸਾਲਾਹਿੰਦਾ। ਪੰਚਮ ਦੇਵੇ ਮਾਣ, ਪੰਚ ਵਡਿਆਈਆ। ਪੰਚਮ ਪੰਚ ਕਰੇ ਪਹਿਚਾਨ, ਪੰਚਮ ਸੱਚਾ ਸ਼ਹਿਨਸ਼ਾਹੀਆ। ਪੰਚਮ ਦੇਵੇ ਇਕ ਗਿਆਨ, ਏਕਾ ਕਰੇ ਪੜ੍ਹਾਈਆ। ਪੰਚਾਂ ਸਤਿਜੁਗ ਬਣੇ ਵਿਧਾਨ, ਧਾਰਾ ਅਵਰ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪੰਚਮ ਨਾਮ ਜਗਤ ਅਪਾਰਾ, ਅਪਰੰਪਰ ਆਪ ਜਣਾਇੰਦਾ। ਸਿੰਘ ਬਿਸ਼ਨ ਕਰ ਪਿਆਰਾ, ਸਿੰਘ ਲਛਮਣ ਨਾਲ ਮਿਲਾਇੰਦਾ। ਸਿੰਘ ਮੱਲ ਦਏ ਹੁਲਾਰਾ, ਸਿੰਘ ਸੋਹਣ ਰੰਗ ਚੜ੍ਹਾਇੰਦਾ। ਸਿੰਘ ਸੰਤਾ ਸਤਿ ਵਣਜਾਰਾ, ਸਤਿ ਸਤਿਵਾਦੀ ਵੇਖ ਵਖਾਇੰਦਾ। ਪੰਚਮ ਦੱਸਾਂ ਪੰਚ ਵਿਹਾਰਾ, ਪੰਚਮ ਰਾਹ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸਲਾਹਕਾਰ ਨਾਲ ਰਲਾਇੰਦਾ। ਹਰਿ ਕਾ ਮੰਦਰ ਨਾ ਕੋਈ ਤਾਕੀ ਨਾ ਕੋਈ ਦਰ, ਦਰਵਾਜ਼ਾ ਨਜ਼ਰ ਕੋਈ ਨਾ ਆਈਆ। ਨਾ ਕੋਈ ਕੁੰਡਾ ਨਾ ਕੋਈ ਤਾਲਾ ਨਾ ਕੋਈ ਤਖ਼ਤਾ ਜਾਏ ਅੜ, ਅੰਦਰ ਬਾਹਰ ਨਾ ਕੋਈ ਵਖਾਈਆ। ਚੋਰ ਯਾਰ ਨਾ ਕੋਈ ਡਰ, ਠਗ ਲੁੱਟ ਨਾ ਜਾਈਆ। ਪੌੜੇ ਚੜ੍ਹ ਸਕੇ ਨਾ ਕੋਈ ਫੜ, ਡੰਡਾ ਹੱਥ ਨਾ ਕੋਈ ਰਖਾਈਆ। ਬਿਨ ਇਟਾਂ ਗਾਰਾਂ ਘਾੜਨ ਲਿਆ ਘੜ, ਕਾਂਡੀ ਤੇਸੀ ਨਾ ਕੋਈ ਖੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਦਰ ਦਏ ਸਮਝਾਈਆ। ਨਾ ਕੋਈ ਸੂਤਰ ਬੰਨ੍ਹੇ ਧਾਰ, ਗੁਣਾਂ ਵੰਡ ਨਾ ਕੋਈ ਵੰਡਾਇੰਦਾ। ਨਾ ਕੋਈ ਗਜ਼ ਨਾ ਕੋਈ ਸਾਹਲ ਕਰੇ ਵਿਚਾਰ, ਦੂਰ ਨੇੜ ਨਾ ਕੋਈ ਵਖਾਇੰਦਾ। ਨਾ ਕੋਈ ਠੋਕਰ ਸਕੇ ਮਾਰ, ਠੋਕ ਠੋਕ ਇਟ ਨਾ ਕੋਈ ਲਗਾਇੰਦਾ। ਜਿਸ ਦਾ ਮਹੱਲ ਤਿਸ ਲਿਆ ਉਸਾਰ, ਅਟਲ ਆਪਣਾ ਨਾਉਂ ਰਖਾਇੰਦਾ। ਨੌਂ ਸੱਤ ਚਾਰ ਚਾਰ ਚੌਦਸ ਧਾਰ, ਤੇਰਾਂ ਅੱਧਾ ਡੇਉਡਾ, ਗੁਰ ਨਾਨਕ ਵੰਡ ਵੰਡਾਇੰਦਾ। ਨਾਨਕ ਪਾਇਆ ਹਰਿ ਕਾ ਦਵਾਰ, ਰਸਨਾ ਗਾਇਆ ਏਕੰਕਾਰ, ਕ਼ੁਦਰਤ ਕ਼ਾਦਰ ਖੇਲ ਖਿਲਾਇੰਦਾ। ਭਗਤਾਂ ਅੰਦਰ ਭਗਤ ਉਜਿਆਰ, ਭਗਤੀ ਰੂਪ ਆਪ ਕਰਤਾਰ, ਭਗਵਾਨ ਆਪਣੀ ਦਇਆ ਕਮਾਈਆ। ਨੌਂ ਦਵਾਰੇ ਜਗਤ ਵਿਹਾਰ, ਏਕੋ ਵਾਰ ਸਮਝਾਈਆ। ਨੌਂ ਖਿੜਕੀ ਖੋਲ੍ਹ ਕਿਵਾੜ, ਕੂੜੀ ਕਿਰਿਆ ਦਏ ਮਿਟਾਈਆ। ਪੰਜੇ ਬਣੋ ਸਲਾਹਕਾਰ, ਮਿਲ ਮਿਲ ਕਰੋ ਸਲਾਹੀਆ। ਭਗਤਾਂ ਭਗਤ ਕਰਨ ਵਿਹਾਰ, ਭਗਵਨ ਵੇਖੇ ਚਾਈਂ ਚਾਈਆ। ਤਿੰਨ ਕਤਕ ਵਿਸ਼ਕਰਮਾ ਲਿਆ ਅਧਾਰ, ਅਭੁਲ ਭੁਲ ਆਪ ਸਮਝਾਈਆ। ਸਤਿਜੁਗ ਸਾਚੀ ਬੱਝੇ ਧਾਰ, ਪੰਜਾਂ ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਤਾਂ ਨਾਲ ਮਿਲਾਈਆ। ਪਹਿਲਾ ਘਰ ਗੁਰ ਕਾ ਚਰਨ, ਏਕਾ ਏਕ ਸਮਝਾਈਆ। ਦੂਜਾ ਘਰ ਨਾਮ ਵਰਨ, ਹਰਿ ਨਾਮੇ ਬੂਝ ਬੁਝਾਈਆ। ਤੀਜਾ ਘਰ ਖੁਲੇ ਹਰਨ ਫਰਨ, ਨੇਤਰ ਨੈਣ ਨੈਣ ਰੁਸ਼ਨਾਈਆ। ਚੌਥੇ ਘਰ ਗੁਰਸਿਖ ਵੜਨ, ਚੌਥੇ ਪਦ ਸੋਭਾ ਪਾਈਆ। ਪੰਚਮ ਦਰਸ ਨਿਰਗੁਣ ਕਰਨ, ਸਰਗੁਣ ਖ਼ੁਸ਼ੀ ਮਨਾਈਆ। ਛੇਵੇਂ ਘਰ ਅੰਤਮ ਵੜਨ, ਆਵਣ ਜਾਵਣ ਪੰਧ ਮੁਕਾਈਆ। ਬਿਨ ਉਪਦੇਸ਼ੋਂ ਤਰਨ, ਜਿਸ ਮਿਲਿਆ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਰੰਗਾਈਆ। ਪਹਿਲਾ ਗੁਰ ਜਗਤ ਗਿਆਨ, ਜਗਤ ਨਾਲ ਮਿਲਾਇੰਦਾ। ਦੂਜਾ ਗੁਰ ਵਿਦਿਆ ਵਿਦਾਨ, ਵਿਦਤ ਰੂਪ ਵਖਾਇੰਦਾ। ਤੀਜਾ ਗੁਰ ਮਾਰੇ ਪੰਜ ਸ਼ੈਤਾਨ, ਆਪਣੀ ਸ਼ਰਅ ਚਲਾਇੰਦਾ। ਚੌਥਾ ਗੁਰ ਹੋ ਮਿਹਰਵਾਨ, ਸੰਤ ਸੱਜਣ ਰੂਪ ਵਟਾਇੰਦਾ। ਪੰਚਮ ਗੁਰ ਮਾਰੇ ਬਾਨ, ਤੀਰ ਨਿਰਾਲਾ ਨਾਮ ਲਗਾਇੰਦਾ। ਛੇਵਾਂ ਗੁਰ ਗੁਰਮੁਖ ਸੱਜਣ ਆਪ ਪਛਾਣ, ਆਪਣੇ ਗਲੇ ਲਗਾਇੰਦਾ। ਛੇ ਗੁਰ ਜਗਤ ਬਲਵਾਨ, ਜਗਤ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਅੰਤ ਕਰੇ ਪਰਵਾਨ, ਤਿਸ ਗੁਰ ਲੇਖੇ ਲਾਇੰਦਾ। ਪਹਿਲਾ ਉਪਦੇਸ਼ ਮਾਤ ਗਰਭ, ਬਿਨ ਮਾਤ ਪਿਤਾ ਪੜ੍ਹਾਈਆ। ਦੂਜਾ ਉਪਦੇਸ਼ ਜਣਾਏ ਅਰਬ ਖਰਬ, ਗਣਤ ਗਿਣ ਨਾ ਸਕੇ ਕੋਈ ਰਾਈਆ। ਤੀਜਾ ਉਪਦੇਸ਼ ਬਾਲੀ ਬੁਧ ਮਾਰੇ ਰਮਜ਼, ਆਪਣੀ ਰਮਜ਼ ਨਾਲ ਮਿਲਾਈਆ। ਚੌਥਾ ਉਪਦੇਸ਼ ਆਵੇ ਸਮਝ, ਵਿਚ ਸੰਸਾਰ ਲਏ ਸਮਝਾਈਆ। ਪੰਜਵੇਂ ਉਪਦੇਸ਼ ਮਿਲ ਸਤਿਗੁਰ ਲੱਭੇ ਆਪਣੇ ਮਰਜ਼, ਸਚ ਦਵਾਰ ਵੇਖ ਵਖਾਈਆ। ਸਾਚਾ ਉਪਦੇਸ਼ ਗੁਰ ਦਾ ਕਹਿਣਾ ਮੰਨੇ ਫ਼ਰਜ਼, ਆਵਣ ਜਾਵਣ ਵਿਚ ਨਾ ਆਈਆ। ਛੇਵੇਂ ਕੁਛ ਨਾ ਹੋਵੇ ਹਰਜ, ਅਨਮੁਲੜੀ ਦਾਤ ਝੋਲੀ ਪਾਈਆ। ਜਿਸ ਮਾਰਗ ਸਤਿਗੁਰ ਦੇਵੇ ਵਰਜ, ਗੁਰਸਿਖ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਪਦੇਸ਼ ਉਪਦੇਸ਼ ਨਾਲ ਮਿਲਾਈਆ। ਤੇਰਾਂ ਡੇਓਡ ਪੌਣੀ ਛੱਤ, ਇੰਚ ਫੁੱਟ ਰੂਪ ਬਦਲਾਈਆ। ਅੰਦਰੇ ਅੰਦਰ ਕਰਨਾ ਪੱਖ, ਵਾਧ ਘਾਟ ਨਾ ਕੋਈ ਜਣਾਈਆ। ਜਿਸ ਦਰ ਹਰਿਜਨ ਚਰਨ ਦਏ ਰੱਖ, ਸੋ ਸਤਹ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਪ ਗੁਰਮੁਖਾਂ ਹੱਥ ਫੜਾਈਆ। ਪ੍ਰੇਮ ਅੰਤਰ ਪ੍ਰੇਮ ਪਿਆਰ, ਹਰਿ ਪ੍ਰੀਤਮ ਆਪ ਰਖਾਇੰਦਾ। ਸੁਰਤੀ ਖਿਚੇ ਸ਼ਬਦੀ ਧਾਰ, ਸ਼ਬਦੀ ਧਾਰ ਬੰਧਨ ਪਾਇੰਦਾ। ਦਿਸ ਨਾ ਆਏ ਵਿਚ ਸੰਸਾਰ, ਰੂਪ ਰੰਗ ਨਾ ਕੋਈ ਵਖਾਇੰਦਾ। ਡੂੰਘੀ ਕੰਦਰ ਪਾਵੇ ਸਾਰ, ਕਾਇਆ ਬੰਕ ਵੇਖ ਵਖਾਇੰਦਾ। ਪੂਰਬ ਜਨਮ ਲਹਿਣਾ ਕ਼ਰਜ਼ ਦਏ ਉਤਾਰ, ਮਾਨਸ ਜਨਮ ਲੇਖੇ ਲਾਇੰਦਾ। ਬਿਨ ਬੋਲਿਆਂ ਕਰੇ ਗ਼ੁਫ਼ਤਾਰ, ਰਸਨਾ ਜਿਹਵਾ ਨਾ ਕੋਈ ਹਿਲਾਇੰਦਾ। ਰਾਤੀ ਸੁਤਿਆਂ ਵਾਜਾਂ ਮਾਰ, ਆਲਸ ਨਿੰਦਰਾ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਦਇਆ ਕਮਾਇੰਦਾ। ਅੰਦਰੇ ਅੰਦਰ ਨਾਮ ਸਤਾਰ, ਬਿਨ ਤੰਦੀ ਤੰਦ ਵਜਾਈਆ। ਜਿਸ ਨੂੰ ਲੱਭਦੇ ਫਿਰਦੇ ਬਾਹਰ, ਸੋ ਅੰਦਰ ਡੇਰਾ ਲਾਈਆ। ਆਦਿ ਜੁਗਾਦਿ ਜਨ ਭਗਤਾਂ ਕਰਦਾ ਸਦਾ ਪਿਆਰ, ਥਾਉਂ ਥਾਈਂ ਲਏ ਉਠਾਈਆ। ਲੁਕਿਆ ਰਹੇ ਨਾ ਕੋਈ ਹਰਿਦਵਾਰ, ਰਿਖੀ ਕੇਸ਼ ਨਾ ਮੁਖ ਛੁਪਾਈਆ। ਜਿਸ ਵੜਿਆ ਅੰਦਰ ਆਪ ਨਿਰੰਕਾਰ, ਤਿਸ ਸੱਜਨ ਲਏ ਮਿਲਾਈਆ। ਆਪੇ ਜਾਣੇ ਆਪਣਾ ਸਚ ਪਿਆਰ, ਪਿਆਰ ਪਿਆਰ ਵਿਚ ਰਖਾਈਆ। ਸਿਫ਼ਤ ਸਾਲਾਹੀ ਵਸਿਆ ਬਾਹਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰਾ ਇਕ ਵਖਾਈਆ। ਸਚ ਵਿਹਾਰਾ ਏਕਾ ਹੱਦ, ਹਰਿਜਨ ਭਗਤਾਂ ਆਪ ਜਣਾਈਆ। ਇਕ ਦਵਾਰਾ ਇਕ ਪਦ, ਏਕਾ ਘਰ ਵਸਾਈਆ। ਏਕਾ ਨਾਮ ਏਕਾ ਨਦ, ਏਕਾ ਰਿਹਾ ਵਜਾਈਆ। ਏਕਾ ਲੱਖ ਚੁਰਾਸੀ ਵਿਚੋਂ ਕੱਢ, ਆਪਣੇ ਨਾਲ ਮਿਲਾਈਆ। ਇਕ ਸੁਣਾਏ ਸੁਹਾਗੀ ਛੰਦ, ਏਕਾ ਕਰੇ ਪੜ੍ਹਾਈਆ। ਇਕ ਜਣਾਏ ਪਰਮਾਨੰਦ, ਨਿਜਾਨੰਦ ਰਸਾਈਆ। ਏਕਾ ਜਾਣੇ ਲੇਖਾ ਬੱਤੀ ਦੰਦ, ਰਸਨਾ ਜਿਹਵਾ ਨਾਲ ਮਿਲਾਈਆ। ਏਕਾ ਤੋੜੇ ਫੰਦੀ ਫੰਦ, ਫਾਂਦਕ ਕੋਈ ਰਹਿਣ ਨਾ ਪਾਈਆ। ਏਕਾ ਮੇਟੇ ਅੰਧੇਰਾ ਅੰਧ, ਅੰਧ ਅੰਧੇਰ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਆਰ ਪਿਆਰ ਨਾਲ ਮਿਲਾਈਆ। ਪਿਆਰ ਅੰਦਰ ਛੱਡਿਆ ਘਰ, ਮਿਲਿਆ ਬਾਹਰ ਟਿਕਾਨਾ। ਜਿਸ ਨੂੰ ਯਾਦ ਰਹੇ ਕਰ, ਸੋ ਮਿਲੇ ਸ੍ਰੀ ਭਗਵਾਨਾ। ਜਿਸ ਦੇ ਕੋਲੋਂ ਰਹੇ ਡਰ, ਸੋ ਦੇਵਣਹਾਰਾ ਦਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਸਚ ਨਿਸ਼ਾਨਾ। ਸਚ ਨਿਸ਼ਾਨਾ ਕਾਇਆ ਅੰਦਰ, ਹਰਿ ਜੂ ਹਰਿਜਨ ਆਪ ਜਣਾਇੰਦਾ। ਪਹਿਲਾਂ ਬਣੇ ਸਰਗੁਣ ਮੰਦਰ, ਘਰ ਘਰ ਵਿਚ ਵੇਖ ਵਖਾਇੰਦਾ। ਬਜਰ ਕਪਾਟੀ ਤੋੜੇ ਜੰਦਰ, ਦੂਈ ਦਵੈਤੀ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਆਰ ਪਿਆਰ ਇਕ ਵਖਾਇੰਦਾ। ਪਿਆਰ ਅੰਦਰ ਪ੍ਰੇਮ ਪਿਆਰਾ, ਹਰਿ ਪ੍ਰੀਤਮ ਨਾਉਂ ਰਖਾਈਆ। ਪਿਆਰ ਅੰਦਰ ਪੁਰਖ ਨਾਰਾ, ਜੁਗ ਜੁਗ ਸੰਗ ਨਿਭਾਈਆ। ਪਿਆਰ ਅੰਦਰ ਸੁਤ ਦੁਲਾਰਾ, ਪਿਆਰ ਅੰਦਰ ਪਿਤਾ ਮਾਈਆ। ਪਿਆਰ ਅੰਦਰ ਭਗਤ ਵਣਜਾਰਾ, ਜਗ ਹੱਟੀ ਇਕ ਵਖਾਈਆ। ਪਿਆਰ ਅੰਦਰ ਰਵ ਸਸ ਸਤਾਰਾ, ਮੰਡਲ ਮੰਡਪ ਬੈਠੇ ਆਸਣ ਲਾਈਆ। ਪਿਆਰ ਅੰਦਰ ਭਗਤ ਭਗਵੰਤ ਬਣੇ ਭਿਖਾਰਾ, ਜੁਗ ਜੁਗ ਆਵੇ ਜਾਵੇ ਵਾਹੋ ਦਾਹੀਆ। ਪਿਆਰ ਅੰਦਰ ਵੇਖਿਆ ਹਰੀ ਦਵਾਰਾ, ਬਨ ਖੰਡ ਫੇਰਾ ਪਾਈਆ। ਬਿਨ ਪਿਆਰ ਕਾਇਆ ਵਸੇ ਜੰਗਲ ਜੂਹ ਪਹਾੜ ਡੂੰਘੀ ਗਾਰਾ, ਨਿਰਭੈ ਭਿਆਨਕ ਰੂਪ ਵਟਾਈਆ। ਕਰ ਕਿਰਪਾ ਜਿਸ ਜਨ ਦੇਵੇ ਸਹਾਰਾ, ਆਪਣਾ ਪਿਆਰ ਇਕ ਸਮਝਾਈਆ। ਦੇ ਦਰਸ ਕਰੇ ਕਾਇਆ ਠੰਡੀ ਠਾਰਾ, ਸਾਂਤਕ ਸਤਿ ਸਤਿ ਵਰਤਾਈਆ। ਜਿਸ ਦਾ ਮਰਨ ਦੇ ਪਿਛੋਂ ਲੱਭਣਾ ਦਵਾਰਾ, ਸੋ ਬਿਨ ਮਰਿਆਂ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਪਿਆਰ ਗੰਢ ਦਵਾਈਆ। ਪਿਆਰ ਅੰਦਰ ਪਿਆਰ ਗੰਢ, ਪੀਆ ਪ੍ਰੀਤਮ ਆਪ ਰਖਾਇੰਦਾ। ਏਕਾ ਪਾਏ ਸਾਚੀ ਠੰਡ, ਸਤਿ ਸਤਿ ਵਰਤਾਇੰਦਾ। ਗੁਰਮੁਖ ਸੁਰਤ ਨਾ ਹੋਏ ਰੰਡ, ਗੁਰ ਸ਼ਬਦੀ ਆਪ ਪਰਨਾਇੰਦਾ। ਪੰਚ ਵਿਕਾਰਾ ਕਰੇ ਖੰਡ ਖੰਡ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਜੋ ਜਨ ਗਾਏ ਸੁਹਾਗੀ ਛੰਦ, ਸੋਹੰ ਸੋ ਆਪ ਦ੍ਰਿੜਾਇੰਦਾ। ਏਕਾ ਦੇਵੇ ਪਰਮਾਨੰਦ, ਨਿਜਾਨੰਦ ਰਸ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਆਰ ਬੰਧਨ ਪਿਆਰ ਨਾਤਾ ਪੁਰਖ ਬਿਧਾਤਾ ਆਪ ਚੜ੍ਹਾਇੰਦਾ। ਪੰਜ ਬਣਨ ਸਲਾਹਕਾਰ, ਪੰਜਾਂ ਨਾਲ ਮਿਲਾਈਆ। ਪਸੌਰਾ ਸਿੰਘ ਦਏ ਅਧਾਰ, ਸਿੰਘ ਦਿਦਾਰ ਨਾਲ ਮਿਲਾਈਆ। ਮਹਿੰਦਰ ਸਿੰਘ ਪ੍ਰੇਮ ਵਿਚਾਰ, ਸਿੰਘ ਗੁਰਨਾਮ ਦੱਸੇ ਚਾਈਂ ਚਾਈਆ। ਗੁਰਨਾਮ ਸਿੰਘ ਮਿਲ ਸੇਵਾ ਕਰੇ ਅਪਾਰ, ਸਾਚੀ ਖ਼ੁਸ਼ੀ ਮਨਾਈਆ। ਪੰਚਾਂ ਨਾਲ ਪੰਚ ਪਿਆਰ, ਪੰਚਮ ਗੰਢ ਪੁਆਈਆ। ਪੰਜ ਪੰਝੀ ਸੇਵਾਦਾਰ, ਸੇਵਕ ਸੇਵ ਵਖਾਈਆ। ਦਰ ਆਏ ਦਰਵੇਸ਼ ਨਿਰੰਕਾਰ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਣ ਗੁਣ ਵਿਚ ਦਏ ਵਖਾਈਆ।
