Granth 10 Likhat 233: 22 Kattak 2018 Bikarmi Jethuwal Darbar wich

੨੨ ਕੱਤਕ ੨੦੧੮ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ

ਨਿਰੁਗਣ ਜੋਤ ਜੋਤ ਅਕਾਲੀ, ਅਕਲ ਕਲਾ ਅਖਵਾਈਆ। ਆਦਿ ਜੁਗਾਦਿ ਖੇਲ ਨਿਰਾਲੀ, ਜੁਗ ਜੁਗ ਵੇਸ ਵਟਾਈਆ। ਗਗਨ ਮੰਡਲ ਵੇਖੇ ਦੀਪਕ ਥਾਲੀ, ਤ੍ਰੈਭਵਨ ਬੇਪਰਵਾਹੀਆ। ਬ੍ਰਹਿਮੰਡ ਖੰਡ ਜੋਤ ਉਜਾਲੀ, ਨੂਰ ਨੂਰਾਨਾ ਡਗਮਗਾਈਆ। ਸਚਖੰਡ ਵਸੇ ਸ਼ਾਹ ਸੁਲਤਾਨੀ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਨਾਮ ਨਿਧਾਨਾ ਇਕ ਨਿਸ਼ਾਨੀ, ਨਿਰਵੈਰ ਆਪ ਜਣਾਈਆ। ਆਪੇ ਜਾਣੇ ਆਪਣੀ ਅਕਥ ਕਹਾਨੀ, ਕਥ ਕਥ ਰਸਨਾ ਲੇਖ ਨਾ ਕੋਇ ਮੁਕਾਈਆ। ਆਪੇ ਹੁਕਮ ਆਪੇ ਹੁਕਮਰਾਨੀ, ਹੁਕਮ ਹਾਕਮ ਆਪ ਅਖਵਾਈਆ। ਆਪੇ ਦਾਤਾ ਆਪੇ ਦਾਨੀ, ਦੀਨ ਦਿਆਲ ਦਇਆ ਕਮਾਈਆ। ਆਪੇ ਅੱਖਰ ਆਪੇ ਬਾਣੀ, ਨਿਸ਼ਅੱਖਰ ਆਪਣੀ ਧਾਰ ਸਮਾਈਆ। ਆਪੇ ਜੋਧਾ ਸੂਰਬੀਰ ਬਲੀ ਬਲਵਾਨੀ, ਬਲ ਆਪਣਾ ਆਪ ਪਰਗਟਾਈਆ। ਆਪੇ ਹੋਏ ਗੁਣ ਨਿਧਾਨੀ, ਅਵਗੁਣ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪਣੇ ਹੱਥ ਰਖਾਈਆ। ਸਾਚੀ ਧਾਰਾ ਖੇਲ ਅਪਾਰਾ, ਹਰਿ ਸਤਿਗੁਰ ਆਪ ਕਰਾਇੰਦਾ। ਆਦਿ ਜੁਗਾਦੀ ਹੋ ਉਜਿਆਰਾ, ਨੂਰ ਨੂਰਾਨਾ ਡਗਮਗਾਇੰਦਾ। ਸਤਿ ਸਤਿਵਾਦੀ ਸਚ ਸਹਾਰਾ, ਸਾਚਾ ਆਪ ਜਣਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਭੇਵ ਨਾ ਆਇੰਦਾ। ਜਗਤ ਜੁਗ ਖੇਲ ਨਿਆਰਾ, ਨਿਰਗੁਣ ਆਪਣਾ ਆਪ ਵਖਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ, ਪੜ੍ਹ ਪੜ੍ਹ ਪੰਧ ਨਾ ਕੋਇ ਮੁਕਾਇੰਦਾ। ਵਸਣਹਾਰਾ ਸਾਚੇ ਦਰਬਾਰਾ, ਥਿਰ ਘਰ ਆਪਣਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਇੰਦਾ। ਆਪਣੇ ਰੰਗ ਵਸੇ ਨਿਰੰਕਾਰ, ਤ੍ਰੈਗੁਣ ਅਤੀਤਾ ਦਿਸ ਨਾ ਆਈਆ। ਸਚਖੰਡ ਦਵਾਰਾ ਖੋਲ੍ਹ ਕਿਵਾੜ, ਸਚ ਸਿੰਘਾਸਣ ਸੋਭਾ ਪਾਈਆ। ਜੋਤੀ ਜਾਤਾ ਹੋ ਉਜਿਆਰ, ਪੁਰਖ ਬਿਧਾਤਾ ਡਗਮਗਾਈਆ। ਇਕ ਇਕਾਂਤਾ ਸ਼ਾਹ ਸਿਕਦਾਰ, ਸ਼ਹਿਨਸ਼ਾਹ ਆਪਣਾ ਨਾਉਂ ਧਰਾਈਆ। ਰੂਪ ਰੰਗ ਰੇਖ ਤੇ ਵਸਿਆ ਬਾਹਰ, ਅਨਭਵ ਪਰਕਾਸ਼ ਧਰਾਈਆ। ਆਪੇ ਜਾਣੇ ਆਪਣੀ ਕਾਰ, ਕਰਤਾ ਪੁਰਖ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਆਪਣਾ ਖੇਲ ਆਪ ਕਰਾਈਆ। ਜੁਗਾ ਜੁਗੰਤਰ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਏਕੰਕਾਰਾ ਕਰ ਪਸਾਰਾ, ਆਪ ਆਪਣੀ ਖੇਲ ਖਿਲਾਇੰਦਾ। ਆਦਿ ਨਿਰੰਜਣ ਹੋ ਉਜਿਆਰਾ, ਜੋਤ ਨਿਰੰਜਣ ਦੀਪਕ ਆਪ ਜਗਾਇੰਦਾ। ਅਬਿਨਾਸ਼ੀ ਕਰਤਾ ਪਾਵੇ ਸਾਰਾ, ਲੱਖ ਚੁਰਾਸੀ ਘਟ ਘਟ ਵੇਖ ਵਖਾਇੰਦਾ। ਸ੍ਰੀ ਭਗਵਾਨ ਦਏ ਹੁਲਾਰਾ, ਸ਼ਬਦ ਅਨਾਦੀ ਨਾਦ ਵਜਾਇੰਦਾ। ਪਾਰਬ੍ਰਹਮ ਬ੍ਰਹਮ ਕਰੇ ਪਿਆਰਾ, ਆਪਣਾ ਮੇਲਾ ਆਪ ਮਿਲਾਇੰਦਾ। ਸੋਹੇ ਘਰ ਸੱਚਾ ਦਰਬਾਰਾ, ਜਿਸ ਘਰ ਹਰਿ ਜੂ ਆਸਣ ਲਾਇੰਦਾ। ਬਿਨ ਤੇਲ ਬਾਤੀ ਦੀਪਕ ਹੋਏ ਉਜਿਆਰਾ, ਆਪਣਾ ਨੂਰ ਆਪ ਪਰਗਟਾਇੰਦਾ। ਸਚ ਮਹੱਲ ਖੇਲ ਅਪਾਰਾ, ਅਪਰੰਪਰ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਸੋਭਾ ਪਾਇੰਦਾ। ਸਚਖੰਡ ਬੈਠ ਸ੍ਰੀ ਭਗਵਾਨ, ਆਪਣੀ ਦਇਆ ਕਮਾਈਆ। ਏਕਾ ਦੇਵੇ ਧੁਰ ਫ਼ਰਮਾਨ, ਸਚ ਸੰਦੇਸ਼ ਸੁਣਾਈਆ। ਉਠ ਗਵਾਰ ਬਾਲ ਨਾਦਾਨ, ਧੰਨੇ ਰਾਹ ਵਖਾਈਆ। ਦਰਸ ਕਰ ਸ੍ਰੀ ਭਗਵਾਨ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਲੋਕਮਾਤ ਕਰ ਧਿਆਨ, ਧਿਆਨ ਧਿਆਨ ਵਿਚ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੰਦੇਸ਼ਾ ਆਪ ਸੁਣਾਈਆ। ਸ਼ਬਦ ਸੰਦੇਸ਼ਾ ਸੁਣਿਆ ਧੰਨੇ, ਧੰਨ ਧੰਨ ਕਹੇ ਲੋਕਾਈਆ। ਬਿਨ ਨੇਤਰ ਪੇਖ ਕਦੇ ਨਾ ਮੰਨੇ, ਨੇਤਰ ਨੈਣ ਨਾ ਕਦੇ ਮਿਲਾਈਆ। ਮੈਂ ਜਾਣਿਆਂ ਤੂੰ ਭੋਗ ਲਗਾਏ ਨਾਮੇ ਛੰਨੇ, ਛੱਪਰ ਛੰਨ ਛੁਹਾਈਆ। ਜਬ ਤਕ ਨਾ ਮੇਰਾ ਬੇੜਾ ਬੰਨ੍ਹੇ, ਮੇਰੀ ਆਸ ਨਾ ਪੂਰੀ ਕਰਾਈਆ। ਰੋਟੀ ਖਾਏ ਨਾ ਫੜਕੇ ਖੰਨੇ, ਮੇਰਾ ਸੰਗ ਨਿਭਾਈਆ। ਤੈਨੂੰ ਪੂਜਨ ਝੂਠੇ ਅੰਨ੍ਹੇ, ਨਿਉਂ ਨਿਉਂ ਸੀਸ ਝੁਕਾਈਆ। ´ਜਬ ਤਕ ਮੇਰਾ ਸਾਹਿਬ ਨਾ ਮੰਨੇ, ਮੇਰੇ ਮਨ ਸਾਂਤ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਈਆ। ਦਇਆ ਕਮਾਏ ਹਰਿ ਜੂ ਠਾਕਰ, ਠਗੌਰੀ ਕੋਇ ਨਾ ਰਖਾਈਆ। ਮੇਰੇ ਨਾਮ ਬਣਿਆ ਸੁਦਾਗਰ, ਸਾਚਾ ਵਣਜ ਦਏ ਕਰਾਈਆ। ਲੋਕਮਾਤ ਦੇਵੇ ਆਦਰ, ਚਰਨ ਕਵਲ ਸੱਚੀ ਸਰਨਾਈਆ। ਨਿਰਮਲ ਕਰਮ ਕਰੇ ਉਜਾਗਰ, ਨਿਰਵੈਰ ਮੇਲ ਮਿਲਾਈਆ। ਦਰ ਆ ਕੇ ਦੇਵੇ ਆਦਰ, ਘਰ ਬਹਿ ਬਹਿ ਸੇਵ ਕਮਾਈਆ। ਕਰੇ ਖੇਲ ਕਰੀਮ ਕ਼ਾਦਰ, ਕ਼ੁਦਰਤ ਵੇਖੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਈਆ। ਦਇਆ ਕਮਾ ਸ੍ਰੀ ਭਗਵੰਤ, ਆਪਣਾ ਦਰਸ ਦਿਖਾਇੰਦਾ। ਦੇਵੇ ਵਡਿਆਈ ਵਿਚ ਜੀਵ ਜੰਤ, ਸਿਰ ਆਪਣਾ ਹੱਥ ਟਿਕਾਇੰਦਾ। ਮੇਲ ਮਿਲਾਵਾ ਅੰਤਮ ਅੰਤ, ਏਕਾ ਗੁਣ ਜਣਾਇੰਦਾ। ਧਾਮ ਵਖਾਏ ਸੋਭਾਵੰਤ, ਘਰ ਸਾਚਾ ਆਪ ਸੁਹਾਇੰਦਾ। ਇਕੋ ਵਾਰ ਬਣੇ ਬਣਤ, ਦੂਜੀ ਵਾਰ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਦਰਸ ਆਪ ਮਨਾਇੰਦਾ। ਕਰ ਦਰਸ ਧੰਨਾ ਹੋਇਆ ਨਾ ਖ਼ੁਸ਼, ਅਗੋਂ ਆਪਣਾ ਮੁਖ ਭਵਾਈਆ। ਪੁਰਖ ਅਬਿਨਾਸ਼ੀ ਰਿਹਾ ਪੁਛ, ਕਿਉਂ ਨੈਣ ਨੈਣ ਸ਼ਰਮਾਈਆ। ਧੰਨਾ ਕਹੇ ਕੀ ਤੇਰੇ ਕੋਲ ਹੈ ਕੁਛ, ਜੋ ਮੰਗ ਮੈਂ ਮੰਗਾਈਆ। ਮੈਂ ਰੁੱਸਾ ਤੂੰ ਬੈਠਾ ਰੁੱਸ, ਰੁੱਸਿਆਂ ਕੋਲੋਂ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਈਆ। ਮੈਂ ਨਹੀਂ ਰੁੱਸਾ ਦਰ ਦਵਾਰ, ਆਇਆ ਬਣ ਭਿਖਾਰੀ। ਧੰਨੇ ਕਰ ਇਕ ਪਿਆਰ, ਮੈਂ ਜਾਵਾਂ ਤੈਥੋਂ ਬਲਹਾਰੀ। ਤੇਰੀ ਸੇਵਾ ਕਰਾਂ ਅਪਰ ਅਪਾਰ, ਨਿਰਗੁਣ ਧਾਰ ਜੋਤ ਨਿਰੰਕਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰੀ। ਧੰਨਾ ਜੱਟ ਰਿਹਾ ਦੱਸ, ਗਵਾਰ ਬੁੱਧ ਵਡਿਆਈਆ। ਬਚਨ ਦੇਣਾ ਮੈਨੂੰ ਹੱਸ, ਏਕਾ ਮੰਗ ਮੰਗਾਈਆ। ਇਕ ਇਕੱਲਾ ਜੇ ਮਨਾਵੇਂ ਨੱਸ, ਤੇਰੀ ਵੱਡੀ ਨਾ ਕੋਈ ਵਡਿਆਈਆ। ਜੇ ਤੇਰੇ ਕੋਲ ਕੁਝ ਨਹੀਂ ਕਹਿ ਦੇ ਬਸ, ਧੰਨਾ ਤੇਰੇ ਦਰ ਨਾ ਮੰਗਣ ਜਾਈਆ। ਜੇ ਤੂੰ ਹੋਇਆ ਭਗਤਾਂ ਵਸ, ਘਰ ਮੇਰੇ ਫੇਰਾ ਪਾਈਆ। ਮੇਰੀ ਪੁਰੀ ਕਰਨੀ ਆਸ, ਤੇਰੇ ਅੱਗੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸ਼ਬਦ ਰਿਹਾ ਜਣਾਈਆ। ਪੂਰੀ ਕਰਾਂ ਤੇਰੀ ਆਸਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਧੰਨੇ ਮੇਰਾ ਤੇਰੇ ਉਤੇ ਭਰਵਾਸਾ, ਤੇਰਾ ਭਰਵਾਸਾ ਮੇਰੇ ਉਤੇ ਨਾ ਆਇੰਦਾ। ਮੈਂ ਤੇਰੇ ਦਰ ਚਲ ਕੇ ਆਇਆ ਤੂੰ ਕਰਦਾ ਹਾਸਾ, ਜੱਟ ਗਵਾਰ ਨਾ ਕੋਇ ਸਮਝਾਇੰਦਾ। ਜਿਧਰ ਵੇਖੇਂ ਉਧਰ ਮੇਰਾ ਪਾਸਾ, ਦੂਜਾ ਰਾਹ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਪਣਾ ਬਚਨ ਆਪ ਪਰਨਾਇੰਦਾ। ਹਰਿ ਜੂ ਬਚਨ ਲਿਆ ਮੰਨ, ਧੰਨਾ ਲਏ ਅੰਗੜਾਈਆ। ਪੁਰਖ ਅਬਿਨਾਸ਼ੀ ਸੁਣ ਲੈ ਕੰਨ, ਤੇਰਾ ਤੈਨੂੰ ਰਿਹਾ ਸੁਣਾਈਆ। ਧੰਨਾ ਖ਼ੁਸ਼ ਨਾ ਹੋਵੇ ਬਣ ਕੇ ਤੇਰਾ ਜਨ, ਇਕ ਇਕੱਲਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਸੇਵਕ ਮੰਗ ਮੰਗਾਈਆ। ਧੰਨਾ ਮੰਗੇ ਦਾਨ, ਪ੍ਰਭ ਅਗੇ ਸੀਸ ਝੁਕਾਇੰਦਾ। ਕਰ ਕਿਰਪਾ ਸ੍ਰੀ ਭਗਵਾਨ, ਹਉਂ ਭਿਖਕ ਝੋਲੀ ਡਾਹਿੰਦਾ। ਤੇਰੇ ਚਰਨ ਧੂੜ ਇਕ ਅਸ਼ਨਾਨ, ਦੁਰਮਤ ਮੈਲ ਧਵਾਇੰਦਾ। ਤੂੰ ਆਦਿ ਜੁਗਾਦੀ ਸੱਚਾ ਕਾਹਨ, ਹਉਂ ਬਣ ਬਣ ਗੋਪੀ ਸੇਵ ਕਮਾਇੰਦਾ। ਤੂੰ ਏਥੇ ਉਥੇ ਦੇਵੇਂ ਮਾਣ, ਨਿਮਾਣਿਆਂ ਗਲੇ ਲਗਾਇੰਦਾ। ਮੈਂ ਬਾਲਕ ਭੁੱਲਿਆ ਵਿਚ ਜਹਾਨ, ਤੁਧ ਬਿਨ ਬੁਧ ਨਾ ਕੋਇ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕੀਤਾ ਕੌਲ ਭੁਲ ਨਾ ਜਾਇੰਦਾ। ਸਾਚਾ ਵਰ ਦੇ ਸੱਜਣ ਮੀਤ, ਧੰਨੇ ਆਖ ਸੁਣਾਇਆ। ਆਪਣੀ ਦੱਸਾਂ ਸਾਚੀ ਰੀਤ, ਆਪਣਾ ਪਰਦਾ ਲਾਹਿਆ। ਕੱਲਾ ਜੱਟ ਨਾ ਗਾਏ ਤੇਰਾ ਗੀਤ, ਤੇਰਾ ਗੀਤ ਮੋਹੇ ਨਾ ਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਦੇ ਨਿਭਾਇਆ । ਇਕ ਇਕੱਲਾ ਨਾ ਰਹਿਵਾਂ ਸੰਗ, ਧੰਨਾ ਆਖ ਸੁਣਾਈਆ। ਮੇਰੀ ਚੋਲੀ ਜੇ ਚਾੜ੍ਹਿਆ ਰੰਗ, ਰੰਗ ਰੰਗੀਲਾ ਇਕ ਵਖਾਈਆ। ਮੇਰੇ ਗ੍ਰਹਿ ਜੇ ਵਜਾਇਆ ਮਰਦੰਗ, ਨਾਮ ਧੁਨ ਸ਼ਨਵਾਈਆ। ਇਕ ਇਕੱਲਾ ਜੇ ਲਾਇਆ ਅੰਗ, ਅੰਗੀਕਾਰ ਆਪ ਕਰਾਈਆ। ਮੇਰੀ ਕੱਟੀ ਜੇ ਭੁੱਖ ਨੰਗ, ਮੇਰੀ ਕੁਲ ਪਾਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅਭੁਲ ਭੁਲ ਕਦੇ ਨਾ ਜਾਈਆ। ਆਪਣੀ ਕੁਲ ਮੰਗਾਂ ਦਾਤ, ਪ੍ਰਭ ਵੱਡੇ ਬੇਪਰਵਾਹਿਆ। ਮੇਰੇ ਨਾਲ ਮੇਲ ਮਿਲੇ ਭਰਾਤ, ਭਾਈ ਭਾਈਆਂ ਸੰਗ ਰਖਾਇਆ। ਅਸੀਂ ਅਨਪੜ੍ਹ ਚੜ੍ਹੀਏ ਇਕ ਜਮਾਤ, ਅੱਗਾ ਪਿੱਛਾ ਨਾ ਕੋਇ ਰਖਾਇਆ। ਸਾਡੇ ਕੋਲ ਨਾ ਕੋਈ ਸ਼ਾਹੀ ਕ਼ਲਮ ਦਵਾਤ, ਪਾਂਧਾ ਪੜ੍ਹੌਣ ਕੋਇ ਨਾ ਆਇਆ। ਸਾਡੀ ਗਵਾਰਾਂ ਦੀ ਇਕੋ ਜ਼ਾਤ, ਨਾ ਕੋਈ ਵੰਡ ਵੰਡਾਇਆ। ਜੇ ਤੁਠਾਂ ਬਖ਼ਸ਼ ਆਪਣਾ ਨਾਤ, ਨਾ ਕੋਈ ਤੋੜ ਤੁੜਾਇਆ। ਜਿਉਂ ਮੈਨੂੰ ਵੇਖਿਆ ਮਾਰ ਝਾਤ, ਤਿਉਂ ਬੰਸ ਲੈ ਗਲ ਲਾਇਆ। ਪਿਛੇ ਰਹੇ ਨਾ ਮੇਰਾ ਪਿਤਾ ਮਾਤ, ਜਿਸ ਦੇ ਜਨਮ ਤੇਰਾ ਦਰਸ ਕਰਾਇਆ। ਮੇਰਾ ਤੁੱਟ ਨਾ ਜਾਏ ਨਾਰੀ ਸਾਕ, ਤੇਰਾ ਸੰਗ ਨਿਭਾਇਆ। ਮੇਰਾ ਪੂਰਾ ਕਰ ਦੇ ਸਾਥ, ਤੇਰੇ ਅੱਗੇ ਝੋਲੀ ਡਾਹਿਆ। ਰਲ ਮਿਲ ਗਾਈਏ ਤੇਰੀ ਗਾਥ, ਤੇਰਾ ਢੋਲਾ ਮੋਹੇ ਭਾਇਆ। ਜੇ ਨਾ ਪੁਛੇਂ ਸਾਡੀ ਵਾਤ, ਧੰਨਾ ਨਾਂ ਨਾ ਤੇਰਾ ਧਿਆਇਆ। ਮੈਂ ਤੈਨੂੰ ਕਹਾਂ ਤੂੰ ਨਾਰ ਕਮਜ਼ਾਤ, ਭਗਤ ਕੰਤ ਨਾ ਸੰਗ ਨਿਭਾਇਆ। ਜੇ ਕੋਈ ਪੁਛੇ ਤੇਰੀ ਜ਼ਾਤ, ਮੈਂ ਬੈਠਾਂ ਮੁਖ ਭਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਇਆ। ਪੁਰਖ ਅਬਿਨਾਸ਼ੀ ਰਿਹਾ ਹੱਸ, ਦਰ ਧੰਨੇ ਖ਼ੁਸ਼ੀ ਮਨਾਈਆ। ਘਰ ਆ ਕੇ ਮੈਂ ਗਿਆ ਫਸ, ਨਾ ਕੋਈ ਸਮਝੇ ਨਾ ਸਮਝਾਈਆ। ਨਿਰਗੁਣ ਹੋ ਜੇ ਜਾਵਾਂ ਨਸ, ਭਗਤ ਲਾਜ ਨਾ ਕੋਇ ਰਖਾਈਆ। ਜਿਸ ਨੇ ਕੀਤਾ ਮੈਨੂੰ ਵਸ, ਵਸ ਪ੍ਰੇਮ ਭੁਲ ਨਾ ਜਾਈਆ। ਜਿੰਨਾਂ ਚਿਰ ਧੰਨਾ ਕਹੇ ਨਾ ਬਸ ਬਸ, ਮੁੜ ਕੇ ਫੇਰ ਘਰ ਨਾ ਜਾਈਆ। ਅਗਲਾ ਮਾਰਗ ਜਾਵਾਂ ਦੱਸ, ਇਕੋ ਗੱਲ ਸਮਝਾਈਆ। ਧੰਨੇ ਤੇਰਾ ਕਾਇਆ ਖੇੜਾ ਜਾਣਾ ਢੱਠ, ਥਿਰ ਕੋਇ ਰਹਿਣ ਨਾ ਪਾਈਆ। ਕਰੇ ਖੇਲ ਪੁਰਖ ਸਮਰਥ, ਬੇਪਰਵਾਹ ਵਡੀ ਵਡਿਆਈਆ। ਬਿਨ ਡੋਰੀ ਪਾਏ ਨੱਥ, ਸਵਾਂਗੀ ਆਪਣਾ ਸਾਂਗ ਰਚਾਈਆ। ਬਿਨ ਅੱਖਰ ਗਾਏ ਗਾਥ, ਲਿਖਣ ਪੜ੍ਹਨ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸੰਤੋਖ ਨਾਲ ਸਮਝਾਈਆ। ਸਤਿ ਸੰਤੋਖ ਦੇਵੇ ਦਾਨ, ਆਪਣੀ ਦਇਆ ਕਮਾਈਆ। ਧੰਨੇ ਤੇਰਾ ਤੇਰਾ ਕਰੇ ਪਰਵਾਨ, ਸਚ ਪਰਵਾਨਾ ਹੱਥ ਫੜਾਈਆ। ਕਲਜੁਗ ਅੰਤਮ ਖੇਲ ਮਹਾਨ, ਖੇਲ ਖਿਲਾਰੀ ਆਪ ਕਰਾਈਆ। ਪਰਗਟ ਹੋਏ ਸ੍ਰੀ ਭਗਵਾਨ, ਨਿਰਗੁਣ ਆਪਣਾ ਰੂਪ ਧਰਾਈਆ। ਤੇਰੀ ਕੁਲ ਕਰੇ ਪਰਵਾਨ, ਆਪਣੀ ਗੋਦ ਬਹਾਈਆ। ਆਪੇ ਵੇਖੇ ਮਾਰ ਧਿਆਨ, ਨਿਤ ਨਿਤ ਆਪਣਾ ਨੈਣ ਉਠਾਈਆ। ਬਿਨ ਪੜ੍ਹਿਆਂ ਦੇਵੇ ਗਿਆਨ, ਆਤਮ ਅੰਤਰ ਇਕ ਬੁਝਾਈਆ । ਘਰ ਘਰ ਦਰਸ ਦੇਵੇ ਆਣ, ਦਰ ਦਰ ਆਪਣੀ ਸੇਵ ਕਮਾਈਆ। ਕਰੇ ਖੇਲ ਹੋ ਮਿਹਰਵਾਨ, ਪੁਰਖ ਅਬਿਨਾਸ਼ੀ ਵਡ ਵਡਿਆਈਆ। ਬਿਨ ਮੰਗਿਆਂ ਦੇਵੇ ਦਾਨ, ਦਾਤਾ ਦਾਨ ਝੋਲੀ ਪਾਈਆ। ਬਿਨ ਮਜਨ ਕਰਾਏ ਅਸ਼ਨਾਨ, ਚਰਨ ਧੂੜ ਆਪ ਨੁਹਾਈਆ। ਬਿਨ ਕੰਨ ਸੁਣਾਏ ਧੁਨਕਾਨ, ਧੁਨ ਆਤਮਕ ਆਪ ਸ਼ਨਵਾਈਆ। ਆਪੇ ਹੋਏ ਬੇਪਹਿਚਾਨ, ਨਜ਼ਰ ਕਿਸੇ ਨਾ ਆਈਆ। ਹਰਿਜਨ ਵੇਖੇ ਚਤੁਰ ਸੁਘੜ ਸੁਜਾਨ, ਲੱਖ ਚੁਰਾਸੀ ਫੋਲ ਫੁਲਾਈਆ। ਆਪੇ ਮੇਲੇ ਵਿਚ ਜਹਾਨ, ਜੀਵਣ ਜੁਗਤ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਏਕਾ ਗੁਣ ਸਮਝਾਈਆ। ਸੁਣਿਆ ਹਾਲ ਧੁਰ ਫ਼ਰਮਾਨਾ, ਧੰਨੇ ਨੈਣ ਉਠਾਇਆ। ਮੈਨੂੰ ਲਿਖ ਕੇ ਦੇ ਪਰਵਾਨਾ, ਬਿਨ ਲਿਖੇ ਲੇਖ ਤੇਰਾ ਇਤਬਾਰ ਕਦੇ ਨਾ ਆਇਆ। ਵਲ ਛਲ ਤੇਰਾ ਖੇਲ ਮਹਾਨਾ, ਜੁਗ ਜੁਗ ਅਛਲ ਅਛੱਲ ਕਰਾਈਆ। ਤਖ਼ਤੋਂ ਲਾਹੇ ਰਾਜਾ ਰਾਣਾ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇਆ। ਕੋਟਨ ਕੋਟ ਤੇਰਾ ਮੰਨ ਕੇ ਗਏ ਭਾਣਾ, ਤੇਰੇ ਅਗੇ ਸੀਸ ਝੁਕਾਇਆ। ਮੈਂ ਅਨਪੜ੍ਹ ਬਾਲ ਅਞਾਣਾ, ਤੇਰੇ ਧੋਖੇ ਵਿਚ ਕਦੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਸਾਚੀ ਮੰਗ ਮੰਗਾਇਆ। ਪੁਰਖ ਅਬਿਨਾਸ਼ੀ ਅੰਤਰ ਧਾਰ, ਆਪਣੀ ਆਪ ਜਣਾਈਆ। ਕਰੇ ਖੇਲ ਕੀ ਕਰਤਾਰ, ਰਾਹ ਨਜ਼ਰ ਕੋਇ ਨਾ ਆਈਆ। ਭਗਤ ਭਗਵਨ ਅੱਗੇ ਬੈਠਾ ਪੈਰ ਪਸਾਰ, ਨਾ ਸਕੇ ਕੋਇ ਉਠਾਈਆ। ਅੰਤ ਆਪ ਗਿਆ ਹਾਰ, ਭਗਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖ ਆਪ ਜਣਾਈਆ। ਆਪਣੇ ਮਸਤਕ ਕੱਢੀ ਇਕ ਰਤ, ਸਾਚਾ ਲੇਖ ਲਿਖਾਇਆ। ਧੰਨੇ ਤੇਰੀ ਰੱਖੇ ਪਤ, ਕਲਜੁਗ ਅੰਤ ਹੋਏ ਸਹਾਇਆ। ਤੇਰਾ ਬੀਜ ਬੀਜੇ ਬਿਨ ਵਤ, ਆਪ ਆਪਣਾ ਹਲ ਚਲਾਇਆ। ਕਰੇ ਖੇਲ ਪੁਰਖ ਸਮਰਥ, ਮਹਿਮਾ ਅਕਥ ਆਪੇ ਗਾਇਆ। ਤੇਰੀ ਕੁਲ ਅੰਦਰ ਜਾਏ ਵਸ, ਨਿਰਗੁਣ ਆਪਣਾ ਰੂਪ ਵਟਾਇਆ। ਅੰਦਰ ਬਹਿ ਕੇ ਜਾਏ ਹੱਸ, ਦਿਸ ਕਿਸੇ ਨਾ ਜਾਇਆ। ਜਿੰਨਾਂ ਚਿਰ ਨਾ ਕਹੇ ਬੱਸ ਬੱਸ, ਜੱਟ ਗਵਾਰਾ ਤੇਰੇ ਨਾਲ ਦਿਆਂ ਮਿਲਾਇਆ। ਭਰਾਵਾਂ ਨਾਲ ਮਿਲੌਣਾ ਉਠ ਕੇ ਹੱਥ, ਹੱਥ ਹੱਥ ਨਾਲ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਚੁਕਾਇਆ। ਧੰਨੇ ਸੁਣਿਆ ਹਰਿ ਫ਼ਰਮਾਨਾ, ਨੇਤਰ ਨੈਣਾਂ ਨੀਰ ਵਹਾਈਆ। ਕਲਜੁਗ ਅੰਤ ਮੇਰਾ ਨਾਉਂ ਸਰਬ ਭੁਲ ਜਾਣ, ਮੇਰੀ ਰਹੇ ਨਾ ਕੋਇ ਵਡਿਆਈਆ। ਜਿਸ ਦੇ ਪਿਛੇ ਮੈਂ ਛੱਡਿਆ ਪੀਣ ਖਾਣ, ਏਕਾ ਮੰਗ ਮੰਗਾਈਆ। ਓਹਨੂੰ ਮੰਨੇ ਨਾ ਕੋਇ ਭਗਵਾਨ, ਭੁੱਲੇ ਸਰਬ ਲੋਕਾਈਆ। ਜੱਟ ਜੱਟ ਨਾ ਸਕਣ ਪਛਾਣ, ਲੁਕਵੀਂ ਆਪਣੀ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸੀਸ ਮੇਰੇ ਹੱਥ ਟਿਕਾਈਆ। ਪੁਰਖ ਅਬਿਨਾਸ਼ੀ ਸ਼ਾਹ ਪਾਤਸ਼ਾਹ, ਆਪਣੀ ਦਇਆ ਕਮਾਇੰਦਾ। ਕੀਤਾ ਕੌਲ ਤੋੜ ਦਏ ਨਿਭਾ, ਅਧਵਿਚਕਾਰ ਨਾ ਕੋਇ ਤੁੜਾਇੰਦਾ। ਤੇਰਾ ਮੇਲਾ ਲਏ ਮਿਲਾ, ਆਪਣਾ ਮੇਲ ਆਪ ਕਰਾਇੰਦਾ। ਤੇਰਾ ਲੇਖਾ ਦਏ ਚੁਕਾ, ਲਿਖ ਪਰਵਾਨਾ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਚੁਕਾਇੰਦਾ। ਪੁਰਖ ਅਬਿਨਾਸ਼ੀ ਤੇਰਾ ਇਕਰਾਰ, ਧੰਨਾ ਭੁਲ ਕਦੇ ਨਾ ਜਾਈਆ। ਜਗਤ ਮਾਇਆ ਤੇਰਾ ਵਿਹਾਰ, ਲੱਖ ਚੁਰਾਸੀ ਵਿਚ ਫਸਾਈਆ। ਕੋਟਨ ਕੋਟੀ ਗਏ ਹਾਰ, ਤੇਰੀ ਹਾਥ ਕਿਸੇ ਨਾ ਪਾਈਆ। ਕੋਟਨ ਕੋਟ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਤੂੰ ਕਿਸੇ ਦਾ ਨਾ ਬਣਿਆ ਯਾਰ, ਬੈਠਾ ਆਪਣਾ ਮੁਖ ਛੁਪਾਈਆ। ਤੇਰੇ ਪਿਛੇ ਜੀਵ ਜੰਤ ਹੋਏ ਖ਼ਵਾਰ, ਚਾਰੋਂ ਕੁੰਟ ਫੇਰਾ ਪਾਈਆ। ਤ੍ਰੈਗੁਣ ਤੇਰੀ ਮਾਰੇ ਮਾਰ, ਦੇਵੇ ਮੁਖ ਭਵਾਈਆ। ਤੇਰਾ ਨਾਉਂ ਨਾ ਸਕੇ ਕੋਇ ਉਚਾਰ, ਤੇਰਾ ਰਾਹ ਨਾ ਕੋਇ ਵਖਾਈਆ। ਕਲਜੁਗ ਰੈਣ ਹੋਏ ਅੰਧਿਆਰ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਮਾਇਆ ਮਮਤਾ ਮੋਹ ਹੋਏ ਵਿਭਚਾਰ, ਸਾਚਾ ਰੰਗ ਨਾ ਕੋਇ ਰੰਗਾਈਆ। ਤੇਰੇ ਭਗਤਾਂ ਦਿਸੇ ਨਾ ਤੇਰਾ ਦਵਾਰ। ਤੇਰਾ ਨੈਣ ਨਾ ਕੋਇ ਖੁਲ੍ਹਾਈਆ। ਕਰ ਕਿਰਪਾ ਦਰਸ ਦੇਣਾ ਆਪ ਨਿਰੰਕਾਰ, ਤ੍ਰੈਗੁਣ ਮਾਇਆ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਵਰ ਦਾਤਾ ਆਪ ਹੋ ਜਾਈਆ। ਸੁਣ ਧੰਨੇ ਮੰਨ ਲੈ ਕਹਿਣਾ, ਹਰਿ ਸਾਚਾ ਸਚ ਜਣਾਇੰਦਾ। ਕਲਜੁਗ ਅੰਤ ਚੁਕਾਵਾਂ ਲਹਿਣਾ, ਦੇਣਾ ਹੋਰ ਨਾ ਕੋਇ ਵਖਾਇੰਦਾ। ਤੇਰੀ ਕੁਲ ਵਖਾਵਾਂ ਨੈਣਾਂ, ਜੱਟ ਗਵਾਰਾਂ ਬੰਧਨ ਪਾਇੰਦਾ। ਘਰ ਘਰ ਅੰਦਰ ਆਪੇ ਬਹਿਣਾ, ਘਟ ਘਟ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਜਣਾਇੰਦਾ। ਹੁਕਮ ਜਣਾਏ ਹਰਿ ਕਰਤਾਰ, ਆਪਣੀ ਦਇਆ ਕਮਾਈਆ। ਕਲਜੁਗ ਆਵੇ ਅੰਤਮ ਵਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਅਲਖ ਅਗੋਚਰ ਅਗੰਮ ਅਪਾਰ, ਬੇਪਰਵਾਹ ਵਡੀ ਵਡਿਆਈਆ। ਹਰਿਜਨ ਸਾਚੇ ਲਵਾਂ ਉਭਾਰ, ਆਪ ਆਪਣਾ ਦਰਸ ਦਿਖਾਈਆ। ਲੋਕਮਾਤ ਕਰ ਪਿਆਰ, ਏਕਾ ਘਰ ਬਹਾਈਆ। ਇਕ ਅੱਠ ਅਠਾਰਾਂ ਮੇਟੇ ਧਾੜ, ਧਾੜਵੀ ਬਣੇ ਸੱਚਾ ਸ਼ਹਿਨਸ਼ਾਹੀਆ। ਤ੍ਰੈਗੁਣ ਮਾਇਆ ਮਾਰੇ ਮਾਰ, ਨਾਮ ਖੰਡਾ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਚਲਾਈਆ। ਤ੍ਰੈਗੁਣ ਮੁਕੌਣਾ ਪੰਧ, ਹਰਿ ਸੱਜਣ ਆਪ ਜਣਾਇੰਦਾ। ਧੰਨੇ ਗੌਣਾ ਇਕ ਛੰਦ, ਸੋ ਪੁਰਖ ਨਿਰੰਜਣ ਆਪ ਸੁਣਾਇੰਦਾ। ਕਲਜੁਗ ਅੰਤਮ ਮੁੱਕੇ ਪੰਧ, ਦੂਰ ਦੁਰਾਡਾ ਪੰਧ ਮੁਕਾਇੰਦਾ। ਹਰਿਜਨ ਆਪਣੇ ਨਾਲ ਗੰਢ, ਆਪਣੀ ਗੰਢ ਪਵਾਇੰਦਾ। ਜਗਤ ਮਾਇਆ ਦੇਵੇ ਦੰਡ, ਦੰਡਣਹਾਰਾ ਇਕ ਅਖਵਾਇੰਦਾ। ਹਰਿਜਨ ਉਪਜਾਏ ਸਾਚੇ ਚੰਦ, ਗੁਰਮੁਖ ਮੁਖ ਆਪ ਸਾਲਾਹਿੰਦਾ। ਭਗਤਾਂ ਦੇਵੇ ਨਿਜਾਨੰਦ, ਨਿਜ ਆਤਮ ਰਸ ਚਖਾਇੰਦਾ। ਸੰਤਾਂ ਦੇਵੇ ਪਰਮਾਨੰਦ, ਪਰਮ ਪੁਰਖ ਸੇਵ ਕਮਾਇੰਦਾ। ਕਰੇ ਖੇਲ ਸੂਰਾ ਸਰਬੰਗ, ਸੂਰਬੀਰ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਪੂਰ ਕਰਾਇੰਦਾ। ਮਸਤਕ ਰਤ ਜੋ ਖਿਚੀ ਲਕੀਰ, ਆਪਣਾ ਪਰਵਾਨਾ ਆਪ ਜਣਾਈਆ। ਕਲਜੁਗ ਅੰਤ ਵੇਖ ਅਖ਼ੀਰ, ਪੁਰਖ ਅਬਿਨਾਸ਼ੀ ਵੇਸ ਵਟਾਈਆ। ਸਾਚੇ ਭਗਤਾਂ ਦੇ ਦੇ ਧੀਰ, ਆਪਣਾ ਬੰਧਨ ਪਾਈਆ। ਲੱਖ ਚੁਰਾਸੀ ਕੱਟ ਜ਼ੰਜੀਰ, ਆਵਣ ਜਾਵਣ ਗੇੜ ਮਿਟਾਈਆ। ਅੰਮ੍ਰਿਤ ਆਤਮ ਠੰਡਾ ਸੀਰ, ਨਿਝਰ ਝਿਰਨਾ ਆਪ ਝਿਰਾਈਆ। ਹਉਮੇ ਕੱਢੇ ਮਮਤਾ ਪੀੜ, ਮਾਇਆ ਮੋਹ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਤ ਆਪਣੇ ਲੇਖੇ ਆਪੇ ਪਾਈਆ। ਰਤ ਨਾਲ ਲਿਖਿਆ ਲੇਖ, ਲਿਖ ਧੰਨੇ ਹੱਥ ਫੜਾਇਆ। ਕਲਜੁਗ ਅੰਤਮ ਲੈਣਾ ਵੇਖ, ਲਹਿਣਾ ਝੋਲੀ ਦੇਵੇ ਪਾਇਆ। ਪੁਰਖ ਅਬਿਨਾਸ਼ੀ ਨਰ ਨਰੇਸ਼, ਆਦਿ ਜੁਗਾਦੀ ਖੇਲ ਕਰਾਇਆ। ਅਗੰਮ ਅਗੰਮੜਾ ਵਸੇ ਆਪਣੇ ਦੇਸ, ਦੇਸ ਨਿਰਾਲਾ ਇਕ ਸੁਹਾਇਆ। ਆਪੇ ਸੁਤਾ ਬਾਸ਼ਕ ਸੇਜ, ਸਾਂਗੋ ਪਾਂਗ ਆਪ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇਆ। ਸਾਚਾ ਭੇਵ ਕਰਤਾ ਪੁਰਖ, ਏਕਾ ਵਾਰ ਜਣਾਈਆ। ਨਾ ਕੋਈ ਸੋਗ ਨਾ ਕੋਈ ਹਰਖ, ਖ਼ੁਸ਼ੀ ਗ਼ਮ ਨਾ ਕੋਇ ਵਡਿਆਈਆ। ਜਿਸ ਕਰ ਕਿਰਪਾ ਦੇਵੇ ਦਰਸ, ਦੀਨਨ ਆਪਣੀ ਗੋਦ ਸੁਹਾਈਆ। ਕਲਜੁਗ ਅੰਤਮ ਕਰੇ ਤਰਸ, ਤ੍ਰੈਗੁਣ ਡੇਰਾ ਆਪੇ ਢਾਹੀਆ। ਅੰਮ੍ਰਿਤ ਮੇਘ ਆਪੇ ਬਰਖ, ਹਰਿਜਨ ਸਾਚੇ ਲਏ ਜਗਾਈਆ। ਲੇਖਾ ਜਾਣੇ ਅਰਸ਼ ਫ਼ਰਸ਼, ਕਾਇਆ ਕੁਰਾ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੰਨੇ ਤੇਰਾ ਚੁਕਾਏ ਲਹਿਣਾ, ਤਨ ਬਸਤਰ ਪਾਏ ਏਕਾ ਗਹਿਣਾ, ਸਚ ਸ਼ੰਗਾਰ ਦਏ ਵਖਾਈਆ। ਲਿਖਿਆ ਲੇਖ ਆਪਣੀ ਰਤ, ਪਾਰਬ੍ਰਹਮ ਵਡੀ ਵਡਿਆਈਆ। ਅੰਤਮ ਖਾਤੇ ਲਏ ਘਤ, ਹਿਸਾਬ ਕਤਾਬ ਮੁਕਾਈਆ। ਉਂਨੀ ਕਤਕ ਬੀਸ ਅਠਾਰਾਂ ਬੀਜ ਬੀਜਿਆ ਸਾਚੇ ਵਤ, ਪੱਤ ਡਾਲ੍ਹੀ ਆਪ ਮਹਿਕਾਈਆ। ਆਪੇ ਪਰਗਟ ਕਰੇ ਬਹੱਤਰ ਭਗਤ, ਸੱਤਰਾਂ ਏਕਾ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਆਪ ਚੁਕਾਈਆ। ਆਪਣੀ ਰਤ ਤ੍ਰੈਗੁਣ ਮਾਇਆ, ਇਕੋ ਰੰਗ ਚੜ੍ਹਾਈਆ। ਜਿਸ ਦੀ ਸਭ ਦੇ ਉਪਰ ਛਾਇਆ, ਸੋ ਸਾਹਿਬ ਖੇਲ ਕਰਾਈਆ। ਜਿਸ ਨੂੰ ਧੰਨੇ ਜੱਟ ਧਿਆਇਆ, ਸੋ ਭਗਤਾਂ ਰਿਹਾ ਧਿਆਈਆ। ਜਿਸ ਦਾ ਗੁਣ ਸਭ ਨੇ ਗਾਇਆ, ਸੋ ਗੁਰਮੁਖਾਂ ਗੁਣ ਰਿਹਾ ਸੁਣਾਈਆ। ਜਿਸ ਦਾ ਭੇਵ ਕਿਸੇ ਨਾ ਪਾਇਆ, ਸੋ ਆਪਣਾ ਪਰਦਾ ਰਿਹਾ ਚੁਕਾਈਆ। ਜਿਸ ਨੂੰ ਕਹਿੰਦੇ ਗਏ ਦਾਈ ਦਇਆ, ਸੋ ਦਾਈ ਦਾਇਆ ਬਣ ਬਣ ਸੇਵ ਕਮਾਈਆ। ਜਿਸ ਨੂੰ ਕਹਿੰਦੇ ਆਦਿ ਜੁਗਾਦੀ ਪਿਤ ਮਾਇਆ, ਸੋ ਪਿਤਾ ਪੂਤ ਗੋਦ ਬਹਾਈਆ। ਜਿਸ ਨੂੰ ਕਹਿੰਦੇ ਬੇਅੰਤ ਬੇਪਰਵਾਹਿਆ, ਬੇਐਬ ਨਾਮ ਖ਼ੁਦਾਈਆ। ਸੋ ਮੁਰਸ਼ਦ ਮੁਰੀਦਾਂ ਪਿਛੇ ਫਿਰ ਫਿਰ ਆਪਣਾ ਹਾਲ ਸੁਣਾਇਆ, ਹਾਲ ਮੁਰੀਦਾਂ ਆਪਣੀ ਝੋਲੀ ਪਾਈਆ। ਜਿਸ ਨੂੰ ਨਾਨਕ ਗੋਬਿੰਦ ਗਾਇਆ, ਦੋਏ ਜੋੜ ਕਰੀ ਸਰਨਾਈਆ। ਸੋ ਸਾਹਿਬ ਬਿਨ ਰੰਗ ਰੂਪ ਲੋਕਮਾਤ ਵੇਸ ਵਟਾਇਆ, ਜੱਟਾਂ ਨਾਲ ਕਰੇ ਕੁੜਮਾਈਆ। ਦੂਜਾ ਸਾਕ ਨਾ ਕੋਇ ਬਣਾਇਆ, ਆਪਣਾ ਕੀਤਾ ਭੁਲ ਨਾ ਜਾਈਆ। ਭੁੱਲਾ ਕੁਟੰਬ ਲਏ ਤਰਾਇਆ, ਦੂਰ ਦੁਰਾਡੇ ਮੇਲ ਮਿਲਾਈਆ। ਵਰਨ ਬਰਨ ਨਾ ਕੋਇ ਰਖਾਇਆ, ਜ਼ਾਤ ਪਾਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰਿਆ ਖੇਲ ਸਾਚੇ ਹਰਿ, ਹਰਿ ਆਪਣਾ ਖੇਲ ਵਖਾਇਆ। ਤ੍ਰੈਗੁਣ ਮਾਇਆ ਦਿਤੀ ਦੱਬ, ਆਪਣੀ ਰਤ ਰੰਗਾਈਆ। ਭਗਤ ਦਵਾਰੇ ਕੱਠੀ ਹੋਈ ਸਭ, ਨੇਤਰ ਨੈਣਾਂ ਨੀਰ ਵਹਾਈਆ। ਕਲਜੁਗ ਖ਼ੁਮਾਰੀ ਲੱਥੀ ਮਦਿ, ਮਦਹੋਸ਼ ਫਿਰੇ ਸਾਰ ਕੋਇ ਨਾ ਪਾਈਆ। ਪੀਰ ਪੈਗ਼ੰਬਰਾਂ ਗੁਰ ਅਵਤਾਰਾਂ ਸਾਧਾਂ ਸੰਤਾਂ ਰਹੀ ਸੱਦ, ਕੋਈ ਆਓ ਲਓ ਛੁਡਾਈਆ। ਅੱਗੋਂ ਸਾਰੇ ਕਹਿਣ ਅਸੀਂ ਆਪਣੀ ਆਪਣੀ ਵਾਰ ਭਾਰ ਗਏ ਲਦ, ਪਿਛੇ ਮੁੜ ਫੇਰਾ ਕੋਇ ਨਾ ਪਾਈਆ। ਤੈਨੂੰ ਲੋਕਮਾਤ ਗਏ ਛੱਡ, ਤੇਰਾ ਸੰਗ ਨਾ ਕੋਇ ਰਖਾਈਆ। ਤੂੰ ਭਗਤਾਂ ਮਾਰ ਮਾਰ ਥੋਥੇ ਕੀਤੇ ਹੱਡ, ਤੈਥੋਂ ਬੈਠੇ ਮੁਖ ਸ਼ਰਮਾਈਆ। ਤੂੰ ਆਈ ਸਾਡੇ ਨਾ ਵਸ, ਕੂਕ ਕੂਕ ਗਏ ਸੁਣਾਈਆ। ਤੈਨੂੰ ਫੜਿਆ ਪੁਰਖ ਸਮਰਥ, ਨਾ ਸਕੇ ਕੋਇ ਛੁਡਾਈਆ। ਤੇਰੇ ਨੱਕ ਪਾਈ ਨੱਥ, ਨੱਥ ਸੁਹਾਗ ਦਏ ਤੁੜਾਈਆ। ਤੇਰਾ ਕੋਈ ਨਾ ਰਿਹਾ ਮਿਤ, ਤੇਰੀ ਪ੍ਰੀਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ। ਆਪਣਾ ਖੇਲ ਕਰ ਨਿਰੰਕਾਰ, ਧੰਨਾ ਜੱਟ ਉਠਾਇਆ। ਉਠ ਵੇਖ ਵਿਚ ਸੰਸਾਰ, ਹਰਿ ਜੂ ਆਪਣਾ ਵੇਸ ਵਟਾਇਆ। ਤੇਰੇ ਸੰਗ ਤਾਰੇ ਕਈ ਹਜ਼ਾਰ, ਕੋਟਨ ਕੋਟਾਂ ਵਿਚ ਮਾਣ ਦਿਵਾਇਆ। ਤੂੰ ਮੇਰਾ ਮੰਗਿਆ ਇਕ ਦੀਦਾਰ, ਆਪਣਾ ਹਠ ਨਿਭਾਇਆ। ਮੈਂ ਕਲਜੁਗ ਅੰਤਮ ਬਿਨ ਮੰਗਿਆਂ ਦਿਤਾ ਤਾਰ, ਰਾਤੀਂ ਸੁਤਿਆਂ ਦਰਸ ਦਿਖਾਇਆ। ਬਿਨ ਹੱਥਾਂ ਲਿਆ ਉਠਾਲ, ਆਪ ਆਪਣੀ ਗੋਦ ਬਹਾਇਆ। ਬਿਨ ਲਿਖਿਆਂ ਕੀਤਾ ਹੱਲ ਸਵਾਲ, ਅਲਜਬਰਾ ਮਾਤ ਨਾ ਕੋਇ ਸਿਖਾਇਆ। ਬਿਨ ਦਲਾਲੀਉਂ ਬਣਿਆ ਦਲਾਲ, ਸਚ ਦਲਾਲੀ ਆਪ ਕਮਾਇਆ। ਬਿਨ ਛੁਰੀਉਂ ਹੋਇਆ ਹਲਾਲ, ਗੁਰਸਿਖਾਂ ਨੀਂਹ ਥੱਲੇ ਆਪਣੀ ਰਤ ਰਖਾਇਆ। ਸ਼ਾਹੋਂ ਕਰੇ ਕੰਗਾਲ, ਕੰਗਾਲੋਂ ਸ਼ਾਹ ਆਪ ਬਣਾਇਆ। ਤ੍ਰੈਗੁਣ ਮਾਇਆ ਕਰ ਬੇਹਾਲ, ਭਗਤਾਂ ਚਰਨਾਂ ਹੇਠ ਦਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੰਨੇ ਨੈਣਾਂ ਨਾਲ ਵਖਾਇਆ। ਧੰਨਾ ਵੇਖ ਖ਼ੁਸ਼ੀ ਮਨੌਂਦਾ, ਕਲਜੁਗ ਅੰਤਮ ਵਾਰ। ਪੁਰਖ ਅਬਿਨਾਸ਼ੀ ਢੋਲਾ ਗੌਂਦਾ, ਗੀਤ ਗੋਬਿੰਦ ਏਕੰਕਾਰ। ਸੈਣ ਨਾਈ ਉਠ ਉਠ ਕੰਨ ਲੌਂਦਾ, ਕੌਣ ਕਰੇ ਸੱਚੀ ਗੁਫ਼ਤਾਰ। ਕੌਣ ਵਿਛੜੇ ਮੇਲ ਮਿਲੌਂਦਾ, ਆਪ ਆਪਣਾ ਕਰ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਸੁਣਿਆ ਰਾਗ ਉਠਿਆ ਸੈਣ, ਸਾਈਂ ਧਿਆਨ ਲਗਾਇਆ। ਹਰਿ ਜੂ ਤੇਰਾ ਨਾਉਂ ਕਵਣ ਲੈਣ, ਤੇਰੇ ਰੰਗ ਸਮਾਇਆ। ਕਲਜੁਗ ਮਾਇਆ ਸਭ ਨੂੰ ਖਾਏ ਡੈਣ, ਬਚਿਆ ਕੋਇ ਰਹਿਣ ਨਾ ਪਾਇਆ। ਨਾਤਾ ਤੁਟਾ ਭਾਈ ਭੈਣ, ਪਿਤਾ ਪੂਤ ਨਾ ਕੋਇ ਮਨਾਇਆ। ਰਾਏ ਧਰਮ ਅੰਤ ਸਭ ਦਾ ਚੁਕਾਏ ਲਹਿਣ ਦੇਣ, ਵੇਲੇ ਅੰਤ ਨਾ ਕੋਇ ਛੁਡਾਇਆ। ਲਾੜੀ ਮੌਤ ਖਾਏ ਡੈਣ, ਚਾਰੋਂ ਕੁੰਟ ਫੇਰਾ ਪਾਇਆ। ਧੰਨ ਭਾਗ ਜੋ ਜਨ ਤੇਰਾ ਭਾਣਾ ਸਹਿਣ, ਸੈਣ ਨਿਉਂ ਨਿਉਂ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਧੰਨੇ ਸੁਣੀ ਸੈਣ ਆਵਾਜ, ਆਪਣੀ ਕਰਵਟ ਲਏ ਬਦਲਾਈਆ। ਆ ਯਾਰ ਮੈਂ ਦੱਸਾਂ ਰਾਜ਼, ਭੇਵ ਅਭੇਦ ਖੁਲ੍ਹਾਈਆ। ਜਿਸ ਨੂੰ ਕਹਿੰਦੇ ਰਹੇ ਗ਼ਰੀਬ ਨਿਵਾਜ਼, ਸੋ ਗ਼ਰੀਬ ਨਿਮਾਣਿਆਂ ਸੇਵ ਕਮਾਈਆ। ਜਿਹੜਾ ਤੇਰੇ ਪਿਛੇ ਗਿਆ ਦਵਾਰੇ ਰਾਜ, ਬਣ ਸੇਵਕ ਸੇਵ ਕਮਾਈਆ। ਸੋ ਲੋਕਮਾਤ ਰਚਾਏ ਕਾਜ, ਆਪਣੇ ਭਗਤਾਂ ਨਾਲ ਰਲਾਈਆ। ਬਿਨ ਭਗਤੀ ਦੇਵੇ ਦਾਜ, ਵੇਖ ਪੂਤ ਪਿਤਾ ਖ਼ੁਸ਼ੀ ਮਨਾਈਆ। ਆਪਣੇ ਬੇੜੇ ਚਾੜ੍ਹੇ ਸਚ ਜਹਾਜ਼, ਚੱਪੂ ਆਪਣਾ ਨਾਮ ਲਗਾਈਆ। ਮੈਨੂੰ ਪਹਿਲੋਂ ਮਾਰ ਕੇ ਗਿਆ ਆਵਾਜ਼, ਫਿਰ ਲੋਕਮਾਤ ਆਪਣੇ ਗੁਰਮੁਖ ਲਏ ਉਠਾਈਆ। ਧੰਨ ਭਾਗ ਜੇ ਤੂੰ ਸੁਣਿਆ ਆਜ, ਸਾਚੇ ਘਰ ਵੱਜੀ ਵਧਾਈਆ। ਜਿਸ ਮੇਰੀ ਰੱਖੀ ਲਾਜ, ਸੋ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ। ਸੈਣ ਅੱਗੋਂ ਕਹੇ ਪੁਕਾਰ, ਨਿਮੀ ਨਿਮੀ ਧਾਰ ਜਣਾਇੰਦਾ। ਕਵਣ ਕੂਟੇ ਵੇਖਾਂ ਮੈਂ ਸੱਚਾ ਯਾਰ, ਪਰਵਰਦਿਗਾਰ ਰੂਪ ਵਟਾਇੰਦਾ। ਧੰਨਾ ਕਹੇ ਵੇਖ ਖੋਲ੍ਹ ਕਿਵਾੜ, ਲੋਕਮਾਤ ਰਾਹ ਜਣਾਇੰਦਾ। ਜਿਥੇ ਕਰੇ ਸਚ ਵਿਹਾਰ, ਹਰਿਜਨ ਸਾਚੇ ਰਿਹਾ ਤਾਰ, ਜੋਤੀ ਜੋਤ ਡਗਮਗਾਇੰਦਾ। ਨੌਂ ਦਵਾਰੇ ਖੋਲ੍ਹ ਕਿਵਾੜ, ਬਹੱਤਰ ਭਗਤਾਂ ਅੰਦਰ ਦੇਵੇ ਵਾੜ, ਸੱਤਰਾਂ ਸਾਚੀ ਸੇਵ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਜੋਤ ਡਗਮਗਾਇੰਦਾ। ਧੰਨਾ ਕਹੇ ਹਰਿ ਕਾ ਨੂਰ, ਨਿਰਗੁਣ ਨਿਰਗੁਣ ਨਿਰਗੁਣ ਰੁਸ਼ਨਾਈਆ। ਸੈਣ ਕਹੇ ਸ਼ਬਦ ਸਾਚੀ ਤੂਰ, ਨਾਦ ਨਾਦ ਨਾਦ ਵਜਾਈਆ। ਪੁਰਖ ਅਬਿਨਾਸ਼ੀ ਕਹੇ ਮੈਂ ਸਭ ਤੋਂ ਦੂਰ, ਮੇਰਾ ਭੇਵ ਕੋਇ ਨਾ ਪਾਈਆ। ਬਹੱਤਰ ਭਗਤ ਕਹਿਣ ਹਾਜ਼ਰ ਹਜ਼ੂਰ, ਘਰ ਸਾਡੇ ਡੇਰਾ ਲਾਈਆ। ਸੱਤਰ ਕਹਿਣ ਸਰਧਾ ਪੂਰ, ਸਾਡੀ ਆਸਾ ਪੂਰ ਕਰਾਈਆ। ਹਰਿ ਸੰਗਤ ਕਹੇ ਸਾਨੂੰ ਮਿਲੇ ਜ਼ਰੂਰ, ਰਾਤੀਂ ਸੁਤਿਆਂ ਦਰਸ ਦਿਖਾਈਆ। ਧੰਨੇ ਸੈਣ ਟੁੱਟਾ ਗ਼ਰੂਰ, ਪ੍ਰਭ ਦਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਧੰਨਾ ਕਹੇ ਸੈਣ ਚਲ ਵੇਖੀਏ ਜੋਤ ਅਕਾਲੀ, ਨਿਰਗੁਣ ਆਪਣੀ ਧਾਰ ਜਣਾਇੰਦਾ। ਸੈਣ ਕਹੇ ਧੰਨੇ ਅੱਜ ਦੀਵਾਲੀ, ਹਰਿ ਸਾਚਾ ਖ਼ੁਸ਼ੀ ਮਨਾਇੰਦਾ। ਧੰਨਾ ਕਹੇ ਕਲਜੁਗ ਰੈਣ ਅੰਧੇਰੀ ਕਾਲੀ, ਦੀਪਕ ਕੋਇ ਨਜ਼ਰ ਨਾ ਆਇੰਦਾ। ਸੈਣ ਕਹੇ ਹਰਿ ਭਗਤ ਪ੍ਰਭ ਅੱਗੇ ਸਵਾਲੀ, ਸਭ ਦੀ ਆਸਾ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ। ਸੈਣ ਕਹੇ ਦੀਵਾਲੀ ਰਾਤ, ਰਾਤੀਂ ਸੁਤਿਆਂ ਬੀਤ ਨਾ ਜਾਈਆ। ਧੰਨਾ ਕਹੇ ਨਾਰ ਕਮਜ਼ਾਤ, ਠੱਗਾਂ ਚੋਰਾਂ ਨਾਲ ਰਲਾਈਆ। ਗੁਰਮੁਖ ਕਹਿਣ ਮਿਲਿਆ ਪੁਰਖ ਅਬਿਨਾਸ਼, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ। ਧੰਨਾ ਕਹੇ ਜਗਤ ਵਿਹਾਰਾ, ਘਰ ਘਰ ਲੱਛਮੀ ਰਾਹ ਤਕਾਇਆ। ਸੈਣ ਕਹੇ ਸਭ ਹੋਣ ਖ਼ਵਾਰਾ, ਬਿਨ ਹਰਿ ਜੂ ਦਇਆ ਨਾ ਕੋਇ ਕਮਾਇਆ। ਭਗਤ ਕਹਿਣ ਮਿਲਿਆ ਹਰਿ ਨਾਮ ਭੰਡਾਰਾ, ਨਿਖੁਟ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਪਾਇਆ। ਧੰਨਾ ਕਹੇ ਸੁਣੋ ਰਾਗ, ਦੀਪਕ ਰਾਗ ਜਗਤ ਗੁਣ ਗਾਈਆ। ਸੈਣ ਕਹੇ ਨਾਤਾ ਤੁਟਿਆ ਕੰਤ ਸੁਹਾਗ, ਸੁੰਞੀ ਸੇਜ ਵੇਖ ਵੇਖ ਨੇਤਰ ਨੈਣ ਨੀਰ ਵਹਾਈਆ। ਭਗਤ ਕਹਿਣ ਹੋਏ ਵਡ ਵਡ ਭਾਗ, ਪ੍ਰਭ ਮਿਲਿਆ ਸੱਚਾ ਮਾਹੀਆ। ਬਿਨ ਦੀਪਕ ਜਗਿਆ ਚਿਰਾਗ਼, ਘਰ ਮੰਦਰ ਹੋਈ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ। ਧੰਨਾ ਕਹੇ ਸੁਣ ਸੈਣ ਪਿਆਰੇ, ਕੰਨ ਨਾਲ ਕੰਨ ਮਿਲਾਈਆ। ਲੋਕਮਾਤ ਖੇਲ ਨਿਆਰੇ, ਪੁਰਖ ਅਬਿਨਾਸ਼ੀ ਆਪ ਕਰਾਈਆ। ਭਗਤਾਂ ਬੈਠਾ ਜਾ ਦਵਾਰੇ, ਨਿਰਗੁਣ ਰੂਪ ਵਟਾਈਆ। ਚਲ ਚਲੀਏ ਕਰ ਕੇ ਆਈਏ ਨਿਮਸਕਾਰੇ, ਚਰਨ ਧੂੜ ਮਸਤਕ ਟਿੱਕਾ ਲਾਈਆ। ਕਰ ਕਿਰਪਾ ਜੇ ਘਰ ਆਏ ਹਮਾਰੇ, ਰੱਜ ਰੱਜ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ। ਦੋਵੇਂ ਉਠ ਪਏ ਰਾਹ, ਆਪਣਾ ਪੰਧ ਮੁਕਾਇਆ। ਇਕ ਦੂਜੇ ਨਾਲ ਕਰਨ ਸਲਾਹ, ਪੁਰਖ ਅਬਿਨਾਸ਼ੀ ਖੇਲ ਰਚਾਇਆ। ਜਨ ਭਗਤਾਂ ਬਣਿਆ ਆਪ ਮਲਾਹ, ਬੇੜਾ ਲੋਕਮਾਤ ਚਲਾਇਆ। ਆਪਣਾ ਜਪਾਇਆ ਇਕੋ ਨਾਂ, ਦੂਜਾ ਨਾਉਂ ਨਾ ਕੋਇ ਵਖਾਇਆ। ਆਪੇ ਪਕੜੀ ਅੰਤਮ ਬਾਂਹ, ਆਪ ਆਪਣੇ ਗਲੇ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਖੇਲ ਕਰਾਇਆ। ਦੋਏ ਦਵਾਰੇ ਗਏ ਆ, ਨੇਤਰ ਨੈਣ ਬਿਗਸਾਈਆ। ਚਰਨ ਕਵਲ ਸੀਸ ਟਿਕਾ, ਸਰਨ ਲਈ ਸਰਨਾਈਆ। ਕਿਰਪਾ ਕਰ ਸੱਚੇ ਸ਼ਹਿਨਸ਼ਾਹ, ਏਕਾ ਮੰਗ ਮੰਗਾਈਆ। ਆਪਣਿਆਂ ਭਗਤਾਂ ਦਵਾਰਾ ਦੇ ਵਖਾ, ਜਿਸ ਥੱਲੇ ਆਪਣੀ ਰਤ ਦਬਾਈਆ। ਮੇਰਾ ਲੇਖਾ ਪੂਰ ਦਿਤਾ ਕਰਾ, ਮੇਰਾ ਲਹਿਣਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚਾ ਪਰਦਾ ਆਪ ਉਠਾਈਆ। ਪੁਰਖ ਅਬਿਨਾਸ਼ੀ ਦੀਨ ਦਿਆਲਾ, ਏਕਾ ਹੁਕਮ ਸੁਣਾਇੰਦਾ। ਮੇਰੇ ਭਗਤਾਂ ਰਾਹ ਸੁਖਾਲਾ, ਹੱਥ ਕਿਸੇ ਨਾ ਆਇੰਦਾ। ਕਰ ਕਿਰਪਾ ਤੋੜਿਆ ਜਗਤ ਜੰਜਾਲਾ, ਜਾਗਰਤ ਜੋਤ ਜਗਾਇੰਦਾ। ਮਾਣਸ ਜਨਮ ਨਾ ਮੰਗਿਆ ਹਾਲਾ, ਕਾਇਆ ਖੇਤੀ ਬਣ ਕਿਰਸਾਣ ਸਾਚੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ। ਭਗਤ ਦਵਾਰ ਜੇ ਦਰਸਣ ਪੌਣਾ, ਹਰਿ ਸਾਚਾ ਸਚ ਜਣਾਈਆ। ਕਬੀਰ ਜੁਲਾਹਾ ਨਾਲ ਰਲੌਣਾ, ਏਕਾ ਸੰਗ ਵਖਾਈਆ। ਛੱਬੀ ਪੋਹ ਚਲ ਕੇ ਔਣਾ, ਏਕਾ ਥਿਤ ਵਡਿਆਈਆ। ਅੱਗੇ ਭਗਤਾਂ ਵਿਚ ਹਰਿ ਜੂ ਬਣ ਕੇ ਬਹੇ ਪਰਾਹੁਣਾ, ਘਰ ਘਰ ਵਿਚ ਖ਼ੁਸ਼ੀ ਮਨਾਈਆ। ਰਾਤ ਮਿਲੇ ਨਾ ਕਿਸੇ ਨੂੰ ਸੌਣਾ, ਅੱਖ ਨੀਂਦ ਕਰੇ ਕੁੜਮਾਈਆ। ਸਵਾ ਸਵਾ ਸਵਾ ਪਹਿਰ ਸਭ ਨੇ ਗੌਣਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਵਡਿਆਈਆ। ਪੁਰਖ ਅਬਿਨਾਸ਼ੀ ਆਪਣੇ ਦਰ ਬਹੌਣਾ, ਦਰ ਬਹਿ ਬਹਿ ਰੰਗ ਰੰਗਾਈਆ। ਭਗਤਾਂ ਕੋਲੋਂ ਭਗਤ ਦਵਾਰ ਖੁਲ੍ਹੌਣਾ, ਸਾਚਾ ਸਗਨ ਮਨਾਈਆ। ਫੜ ਕਬੀਰ ਅੱਗੇ ਲੌਣਾ, ਨੌਂ ਦਵਾਰੇ ਪੰਧ ਮੁਕਾਈਆ। ਜਗਤ ਖੇੜਾ ਸਭ ਢੌਣਾ, ਕੂੜੀ ਸਫ਼ਾ ਦਏ ਉਠਾਈਆ। ਡੌਰੂ ਡੰਕਾ ਇਕ ਵਜੌਣਾ, ਨੌਬਤ ਵੱਜੇ ਸਾਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਖੇਲ ਮਹਾਨ, ਆਪਣਾ ਖੇਲ ਆਪਣੇ ਹੱਥ ਰਖਾਈਆ। ਸਾਚਾ ਨਾਮ ਹਰਿ ਕੀ ਮਿਹਰ, ਮਿਹਰਵਾਨ ਦਇਆ ਕਮਾਈਆ। ਜਨਮ ਜਨਮ ਦੇ ਵਿਛੜੇ ਜੋ ਲਏ ਘੇਰ, ਆਪ ਆਪਣੇ ਅੰਗ ਲਗਾਈਆ। ਦੇਵੇ ਦਰਸ ਨਾ ਕਰੇ ਦੇਰ, ਦੀਦ ਈਦ ਚੰਦ ਚੜ੍ਹਾਈਆ। ਸਦ ਵਸੇ ਨੇਰਨ ਨੇਰ, ਦੂਰ ਦੁਰਾਡਾ ਪੰਧ ਮੁਕਾਈਆ। ਪੂਰਬ ਲਹਿਣਾ ਦਏ ਨਬੇੜ, ਅਗਲਾ ਆਪਣੇ ਲੇਖੇ ਪਾਈਆ। ਆਵਣ ਜਾਵਣ ਚੁੱਕੇ ਗੇੜ, ਲੱਖ ਚੁਰਾਸੀ ਫੰਦ ਕਟਾਈਆ। ਤਨ ਖ਼ਾਕੀ ਮਾਟੀ ਨਾ ਹੋਏ ਢੇਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਇਕ ਰਖਾਈਆ। ਹਰਿ ਕਾ ਨਾਮ ਸੱਚਾ ਰੰਗ, ਗੁਰ ਸਤਿਗੁਰ ਆਪ ਚੜ੍ਹਾਇੰਦਾ। ਜਿਸ ਜਨ ਦੇਵੇ ਆਪਣੀ ਮੰਗ, ਦੂਜੇ ਦਰ ਨਾ ਮੰਗਣ ਜਾਇੰਦਾ। ਜਿਸ ਸੁਣਾਏ ਆਪਣਾ ਛੰਦ, ਰਾਗ ਰਾਗਨੀ ਮੁਖ ਸ਼ਰਮਾਇੰਦਾ। ਦੂਈ ਦਵੈਤ ਭਰਮਾਂ ਢਾਵੇ ਕੰਧ, ਭਾਂਡਾ ਭਰਮ ਭੌ ਭਨਾਇੰਦਾ। ਇਕ ਉਪਜਾਏ ਪਰਮਾਨੰਦ, ਆਪਣਾ ਦਰਸ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੰ ਬ੍ਰਹਮ ਏਕਾ ਘਰ ਵਖਾਇੰਦਾ। ਹੰ ਬ੍ਰਹਮ ਸਾਚੀ ਧਾਰ, ਪਾਰਬ੍ਰਹਮ ਪਰਗਟਾਈਆ। ਸੋ ਪੁਰਖ ਨਿਰੰਜਣ ਆਪ ਨਿਰੰਕਾਰ, ਹੰ ਜੀਵ ਰੂਪ ਸਮਾਈਆ। ਸੋਹੰ ਅੱਖਰ ਭਗਤ ਵਿਚਾਰ, ਜਗਤ ਵਿਦਿਆ ਭੇਵ ਨਾ ਰਾਈਆ। ਮਹਾਰਾਜ ਖੇਲ ਕਰੇ ਅਪਾਰ, ਸਿੰਘ ਸ਼ੇਰ ਰੂਪ ਵਟਾਈਆ। ਸ਼ੇਰ ਸਿੰਘ ਇਕ ਭਬਕਾਰ, ਲੋਕ ਪਰਲੋਕ ਰਿਹਾ ਸੁਣਾਈਆ। ਵਿਸ਼ਨੂੰ ਬਣ ਸੇਵਾਦਾਰ, ਜਨ ਭਗਤਾਂ ਸੇਵ ਕਮਾਈਆ। ਭਗਵਨ ਵਸੇ ਸਚਖੰਡ ਦਵਾਰ, ਲੋਕਮਾਤ ਜੈ ਜੈਕਾਰ ਆਪ ਸੁਣਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋ ਜਨ ਗਾਏ ਪੰਜ ਜੈਕਾਰ, ਜਨਮ ਮਰਨ ਵਿਚ ਕਦੇ ਨਾ ਆਈਆ। ਕੋਟਨ ਕੋਟ ਚਲਾਏ ਨਾਂ, ਅਨਕ ਬਿਧੀ ਸਮਝਾਈਆ। ਕੰਨੋਂ ਫੜ ਫੜ ਲਾਏ ਰਾਹ, ਰਹਿਬਰ ਨਾਉਂ ਧਰਾਈਆ। ਲੈ ਨਾ ਸਕਣ ਸਾਹ, ਗੇੜਾ ਗੇੜੇ ਵਿਚ ਰਖਾਈਆ। ਅੱਗੋਂ ਕਰ ਨਾ ਸਕੇ ਕੋਈ ਨਾ, ਪਿਛੇ ਬੈਠਾ ਸੱਚਾ ਮਾਹੀਆ। ਉਚੀ ਕੂਕ ਕੂਕ ਰਹੇ ਸੁਣਾ, ਢੋਲਾ ਏਕਾ ਗਾਈਆ। ਆਓ ਵਿਛੜੇ ਲਈਏ ਮਿਲਾ, ਮਿਲ ਮਿਲ ਮੰਗਲ ਗਾਈਆ। ਜਿਨ ਸਾਨੂੰ ਦਿਤਾ ਘਲਾ, ਸੋ ਆਪਣਾ ਹੁਕਮ ਸੁਣਾਈਆ। ਭੁੱਲੇ ਨਾ ਬੇਪਰਵਾਹ, ਮੰਗੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪੇ ਆਪ ਵਖਾਈਆ। ਕੋਈ ਕਹੇ ਵਿਸ਼ਨੂੰ ਦਾਤਾ, ਕੋਇ ਬ੍ਰਹਮਾ ਸੀਸ ਝੁਕਾਈਆ। ਕੋਈ ਕਹੇ ਸ਼ੰਕਰ ਨਾਥਾ, ਉਚੇ ਟਿਲੇ ਆਸਣ ਲਾਈਆ। ਕੋਈ ਕਹੇ ਚਤੁਰਭੁਜ ਦੇਵੇ ਸਾਥਾ, ਆਪਣਾ ਸੰਗ ਨਿਭਾਈਆ। ਕੋਈ ਕਹੇ ਅਸ਼ਟਭੁਜ ਮਾਤਾ, ਦੁਰਗਾ ਇਸ਼ਟ ਰਹੇ ਮਨਾਈਆ। ਕੋਈ ਕਹੇ ਗਣੇਸ਼ ਮੇਟੇ ਅੰਧੇਰੀ ਰਾਤਾ, ਗਣਪਤ ਸੀਸ ਝੁਕਾਈਆ। ਕੋਈ ਕਹੇ ਆਦਿ ਸ਼ਕਤ ਮੇਟੇ ਅੰਧੇਰੀ ਰਾਤਾ, ਆਪਣੀ ਦਇਆ ਕਮਾਈਆ। ਹਰਿ ਭਗਤ ਇਕੋ ਕਹੇ ਪੁਰਖ ਬਿਧਾਤਾ, ਜੋ ਸਭ ਦਾ ਪਿਤਾ ਮਾਈਆ। ਕੋਈ ਕਹੇ ਵੇਦ ਭਗਵਾਨ, ਪੜ੍ਹ ਪੜ੍ਹ ਵਕ਼ਤ ਲੰਘਾਈਆ। ਕੋਈ ਕਹੇ ਸੂਰਯਾ ਮਹਾਨ, ਨਿਉਂ ਨਿਉਂ ਸੀਸ ਝੁਕਾਈਆ। ਕੋਈ ਕਹੇ ਚੰਦਰ ਦੇਵਤਾ ਬਲਵਾਨ, ਸੀਤਲ ਧਾਰ ਵਹਾਈਆ। ਕੋਈ ਕਹੇ ਕਰੋੜ ਤੇਤੀਸਾ ਦੇਵੇ ਪੀਣ ਖਾਣ, ਸੁਰਪਤ ਇੰਦ ਮਾਣ ਵਡਿਆਈਆ। ਕੋਈ ਕਹੇ ਧਰਤੀ ਮਾਤ ਦੇਵੇ ਪਕਵਾਨ, ਆਪਣਾ ਰਿਜ਼ਕ ਵਖਾਈਆ। ਭਗਤ ਕਹੇ ਬਿਨ ਹਰਿ ਨਾ ਕੋਇ ਨਿਸ਼ਾਨ, ਜੋ ਦੀਸੇ ਸੋ ਰਹਿਣ ਨਾ ਪਾਈਆ। ਕੋਈ ਕਹੇ ਜਲ ਗੁਰਦੇਵ, ਧੰਨ ਧੰਨ ਲੋਕਾਈਆ। ਕੋਈ ਕਹੇ ਅਗਨੀ ਸੇਵ, ਅਗਨ ਹਵਨ ਵਖਾਈਆ। ਕੋਈ ਕਹੇ ਵਾਯੂ ਅਹੰਮੇਵ, ਸਾਚਾ ਫਲ ਲਗਾਈਆ। ਭਗਤ ਕਹੇ ਪਾਰਬ੍ਰਹਮ ਅਲਖ ਅਭੇਵ, ਬੇਅੰਤ ਵਡੀ ਵਡਿਆਈਆ। ਕੋਈ ਕਹੇ ਤਾਰੇ ਅਵਤਾਰ, ਕੋਇ ਗੁਰ ਗੁਰ ਸੀਸ ਝੁਕਾਇੰਦਾ। ਕੋਈ ਕਹੇ ਪੁਰਾਨ ਆਧਾਰ, ਕੋਈ ਸ਼ਾਸਤਰ ਸਿਮਰਤ ਗਾਇੰਦਾ। ਕੋਈ ਕਹੇ ਬਾਰਾਂ ਅਕਸ਼ਰ ਕਰੇ ਨਿਸਤਾਰ, ਨਾਰਦ ਮੁਨ ਸਮਝਾਇੰਦਾ। ਕੋਈ ਕਹੇ ਕ੍ਰਿਸ਼ਨ ਮੁਰਾਰ, ਕੋਈ ਰਾਮਾ ਸੀਸ ਝੁਕਾਇੰਦਾ। ਭਗਤ ਕਹੇ ਇਕ ਕਰਤਾਰ, ਜੋ ਗੁਰ ਅਵਤਾਰ ਉਪਜਾਇੰਦਾ। ਕੋਈ ਕਹੇ ਪੀਰ ਪੈਗ਼ੰਬਰ, ਕੋਈ ਸਯਦਾ ਸੀਸ ਝੁਕਾਇਆ। ਕੋਈ ਕਹੇ ਕਲਮਾ ਕਲਾਮ ਰਚਾਏ ਸਵੰਬਰ, ਸਚ ਅਮਾਮ ਮੇਲ ਮਿਲਾਈਆ। ਕੋਈ ਕਹੇ ਸੀਸ ਰੱਖੇ ਪੀਤੰਬਰ, ਰੂਪ ਅਨੂਪ ਵਟਾਈਆ। ਭਗਤ ਕਹੇ ਸਰਬ ਭਰਤੰਬਰ, ਘਟ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਖਿਲਾਈਆ। ਕੋਈ ਕਹੇ ਭਗਤ ਭਗਵਾਨ, ਭਗਤਾਂ ਸੀਸ ਝੁਕਾਇੰਦਾ। ਕੋਈ ਕਹੇ ਸੰਤ ਦੇਵਣ ਦਾਨ, ਨਾਮ ਦਾਨ ਇਕ ਵਰਤਾਇੰਦਾ। ਕੋਈ ਕਹੇ ਗੁਰਮੁਖ ਦੇਵੇ ਗਿਆਨ, ਗਿਆਨ ਗੋਝ ਸਮਝਾਇੰਦਾ। ਕੋਈ ਕਹੇ ਗੁਰਸਿਖ ਚਤੁਰ ਸੁਜਾਨ, ਸਾਚੀ ਸੋਝੀ ਪਾਇੰਦਾ। ਹਰਿ ਭਗਤ ਕਹੇ ਇਕ ਭਗਵਾਨ, ਭਗਤਾਂ ਉਪਰ ਜੋ ਦਇਆ ਕਮਾਇੰਦਾ। ਕੋਈ ਕਹੇ ਨਾਨਕ ਨਿਰੰਕਾਰ, ਕੋਈ ਅੰਗਦ ਗੁਰੂ ਮਨਾਈਆ। ਕੋਈ ਕਹੇ ਅਮਰਦਾਸ ਆਧਾਰ, ਕੋਈ ਕਹੇ ਰਾਮ ਦਾਸ ਸਰਨਾਈਆ। ਕੋਈ ਕਹੇ ਅਰਜਨ ਪਿਆਰ, ਕੋਈ ਕਹੇ ਹਰਿ ਗੋਬਿੰਦ ਵਡੀ ਵਡਿਆਈਆ। ਕੋਈ ਕਹੇ ਹਰਿਰਾਏ ਪੈਜ ਦਏ ਸੁਆਰ, ਕੋਈ ਕਹੇ ਹਰਿਕ੍ਰਿਸ਼ਨ ਸਦਾ ਧਿਆਈਆ। ਕੋਈ ਕਹੇ ਤੇਗ਼ ਬਹਾਦਰ ਆਪਾ ਵਾਰ, ਲੋਕਮਾਤ ਲਈ ਵਡਿਆਈਆ। ਕੋਈ ਕਹੇ ਗੋਬਿੰਦ ਮੀਤ ਮੁਰਾਰ, ਪੁਰਖ ਅਕਾਲ ਰੂਪ ਵਟਾਈਆ। ਨਾਨਕ ਗੋਬਿੰਦ ਦੋਵੇਂ ਕਰਨ ਨਿਮਸਕਾਰ, ਪਾਰਬ੍ਰਹਮ ਸੱਚੀ ਸਰਨਾਈਆ। ਕੋਈ ਕਹੇ ਵੱਡਾ ਪੰਥ, ਮਾਰਗ ਪੰਥ ਚਲਾਇਆ। ਕੋਈ ਕਹੇ ਵੱਡਾ ਬੰਸ, ਗੁਰਸਿਖ ਰੂਪ ਵਟਾਇਆ। ਕੋਈ ਕਹੇ ਹਰਿ ਕਾ ਖੇਲ ਸਹੰਸ, ਸਹੰਸਰ ਆਪਣਾ ਨਾਉਂ ਧਰਾਇਆ। ਕੋਈ ਕਹੇ ਗੁਰੂ ਗ੍ਰੰਥ, ਗੁਰੂ ਗ੍ਰੰਥ ਓਟ ਰਖਾਇਆ। ਭਗਵਾਨ ਕਹੇ ਮੇਰਾ ਕਿਸੇ ਨਾ ਪਾਇਆ ਅੰਤ, ਸਭ ਮੇਰੀ ਸਿਫ਼ਤ ਸਾਲਾਹਿਆ। ਮੇਰਾ ਗਾ ਗਾ ਥੱਕੇ ਮੰਤ, ਲੋਕਮਾਤ ਸਰਬ ਕੁਰਲਾਇਆ। ਜਿਸ ਬਣਾਈ ਆਪ ਬਣਤ, ਤਿਸ ਲਹਿਣਾ ਮੂਲ ਚੁਕਾਇਆ। ਕਲਜੁਗ ਅੰਤ ਵਡਿਆਈ ਸਾਚੀ ਸੰਗਤ, ਜਿਸ ਹਰਿ ਜੂ ਸੰਗ ਨਿਭਾਇਆ। ਏਥੇ ਓਥੇ ਕਿਸੇ ਦਰ ਨਾ ਹੋਵੇ ਮੰਗਤ, ਖ਼ਾਲੀ ਝੋਲੀ ਨਾ ਕੋਇ ਰਖਾਇਆ। ਮਾਣਸ ਜਨਮ ਨਾ ਹੋਵੇ ਭੰਗਤ, ਆਵਣ ਜਾਵਣ ਲੇਖੇ ਲਾਇਆ। ਕਬੀਰ ਜੁਲਾਹਾ ਰਾਹ ਤੱਕੇ ਕਦੋਂ ਬਹਾਂ ਵਿਚ ਮਿਲ ਕੇ ਪੰਗਤ, ਜੋ ਲੋਕਮਾਤ ਵਿਹਾਰ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਧ ਆਪਣਾ ਖੇਲ ਆਪ ਕਰਾਇਆ। ਦਸਮ ਦਵਾਰੀ ਛੋਟੀ ਗੁੱਠ, ਹਰਿ ਲੋਕਮਾਤ ਬਣਾਈਆ। ਰੁਸ ਕੇ ਏਹਦੇ ਵਿਚ ਬਹੇ ਲੁਕ, ਆਪਣਾ ਆਪ ਛੁਪਾਈਆ। ਅੰਦਰ ਬਹਿ ਬਹਿ ਰਿਹਾ ਕੁੱਟ, ਦਿਸ ਕਿਸੇ ਨਾ ਆਈਆ। ਕਰ ਕਿਰਪਾ ਜਿਸ ਦੇ ਅੰਦਰੋਂ ਪਏ ਫੁੱਟ, ਆਪਣਾ ਪਰਦਾ ਦੇਵੇ ਲਾਹੀਆ। ਮਾਂ ਕੁੱਖ ਅੰਦਰ ਬਣੇ ਪੁਤ, ਬਾਹਰ ਬਾਲਾ ਰੂਪ ਅਖਵਾਈਆ। ਕੋਈ ਨਾ ਜਾਣੇ ਅੰਦਰ ਰਹੇ ਅਬਿਨਾਸ਼ੀ ਅਚੁਤ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਜਿਸ ਸੁਹਾਏ ਆਪਣੀ ਰੁਤ, ਆਪਣੀ ਮਹਿਕ ਦਏ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸਮ ਦਵਾਰੀ ਜਗਤ ਗੁਠ, ਲੁਕਵੀਂ ਖੇਲ ਖਿਲਾਈਆ। ਦਸਮ ਦਵਾਰੀ ਛੋਟੀ ਨੁਕਰ, ਨਿਕਾ ਹੋ ਹੋ ਰੂਪ ਵਖਾਇੰਦਾ। ਜੇ ਕੋਈ ਸਚ ਪੁਛੇ ਤੇ ਜਾਏ ਮੁਕਰ, ਆਪਣਾ ਭੇਵ ਨਾ ਕਿਸੇ ਖੁਲ੍ਹਾਇੰਦਾ। ਜੇ ਕੋਈ ਅੱਗੋਂ ਮੰਗੇ ਉੱਤਰ, ਅਣਭੁੱਲਾ ਹੁਕਮ ਸੁਣਾਇੰਦਾ। ਜੇ ਕੋਈ ਕਹੇ ਮੈਂ ਤੇਰਾ ਪੁਤਰ, ਫੜ ਫੜ ਗੋਦ ਬਹਾਇੰਦਾ। ਗੁਰਮੁਖਾਂ ਵੇਖ ਮਨਾਏ ਸ਼ੁਕਰ, ਆਪਣੀ ਖ਼ੁਸ਼ੀ ਮਨਾਇੰਦਾ। ਸਚ ਪੁਛੋ ਬਣਿਆ ਰਹੇ ਬੁੱਚੜ, ਆਪਣੀ ਹੱਥੀਂ ਆਪਣੇ ਜੀਵ ਕੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸਮ ਦਵਾਰੀ ਗੁੱਠ ਇਕ ਵਖਾਇੰਦਾ। ਦਸਮ ਦਵਾਰੀ ਡੂੰਘਾ ਖੋਲਾ, ਆਪਣੀ ਖੁੱਡ ਪੁਟਾਈਆ। ਆਪੇ ਵਸਿਆ ਰਹੇ ਉਹਲਾ, ਦਿਸ ਕਿਸੇ ਨਾ ਆਈਆ। ਜੇ ਕੋਈ ਕਹੇ ਭਾਲਾ ਭੋਲਾ, ਭੋਲੇ ਰੂਪ ਵੇਸ ਵਟਾਈਆ। ਜੇ ਕੋਈ ਕਹੇ ਕਲਾ ਸੋਲਾਂ, ਸੋਲਾਂ ਕਲਾ ਦਏ ਸਮਝਾਈਆ। ਜੇ ਕੋਈ ਕਹੇ ਰੂਪ ਮੌਲਾ, ਮੌਲਾ ਆਪਣੀ ਧਾਰ ਜਣਾਈਆ। ਜੇ ਕੋਈ ਕਹੇ ਝੂਠਾ ਪੌਂਦਾ ਰੌਲਾ, ਝੂਠਿਆਂ ਨਾਲ ਝੂਠਾ ਰੰਗ ਚੜ੍ਹਾਈਆ। ਜੇ ਕੋਈ ਕਹੇ ਮੇਰਾ ਸਤਿਗੁਰ ਚੁੱਕੇ ਮੇਰਾ ਡੋਲਾ, ਤਿਸ ਆਪਣੇ ਕੰਧ ਉਠਾਈਆ। ਲੋਕਮਾਤ ਭਾਰ ਕਰੇ ਹੌਲਾ, ਅਗਲਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹਰ ਅੰਦਰ ਦਸਮ ਦਵਾਰ, ਦਸਮ ਦਵਾਰ ਨਿਉਂ ਨਿਉਂ ਸੀਸ ਝੁਕਾਈਆ। ਜਿਸ ਅੰਦਰ ਲੱਭਦੇ ਗਏ ਯਾਰ, ਯਾਰ ਹੱਥ ਨਾ ਆਈਆ। ਜਿਸ ਦੇ ਪਿਛੇ ਹੁੰਦੇ ਰਹੇ ਖ਼ਵਾਰ, ਜੰਗਲ ਜੂਹ ਉਜਾੜ ਪਹਾੜ ਫੇਰਾ ਪਾਈਆ। ਜਿਸ ਦੇ ਪਿਛੇ ਤਪਦੇ ਰਹੇ ਅੰਗਿਆਰ, ਜਗਤ ਧੂਣੀਆਂ ਤਾਈਆ। ਜਿਸ ਦੇ ਪਿਛੇ ਕਾਇਆ ਰਹੇ ਠਾਰ, ਜਲ ਧਾਰਾ ਸੀਸ ਕਰਾਈਆ। ਜਿਸ ਦੇ ਪਿਛੇ ਛੱਡਦੇ ਰਹੇ ਘਰ ਬਾਰ, ਨਾਰ ਕੰਤ ਹੋਈ ਜੁਦਾਈਆ। ਜਿਸ ਦੇ ਪਿਛੇ ਲੁਕ ਲੁਕ ਬੈਠੇ ਡੂੰਘੀ ਗਾਰ, ਆਪਣਾ ਮੁਖ ਛੁਪਾਈਆ। ਜਿਸ ਦੇ ਪਿਛੇ ਪੜ੍ਹ ਪੜ੍ਹ ਪੱਤਰੇ ਛੱਡੇ ਪਾੜ, ਪਤਣ ਮਿਲਿਆ ਨਾ ਸੱਚਾ ਮਾਹੀਆ। ਜਿਸ ਦੇ ਪਿਛੇ ਨੱਠ ਨੱਠ ਥੱਕੇ ਤੀਰਥ ਤਟ ਕਿਨਾਰ, ਕਿਨਾਰਾ ਨਜ਼ਰ ਕੋਇ ਨਾ ਆਈਆ। ਜਿਸ ਦੇ ਪਿਛੇ ਫਿਰ ਫਿਰ ਥੱਕੇ ਮੰਦਰ ਮਸਜਿਦ ਗੁਰੂਦਵਾਰ, ਨਿਉਂ ਨਿਉਂ ਸੀਸ ਝੁਕਾਈਆ। ਪੰਡਤ ਕਹਿਣ ਵਸੇ ਹਰੀ ਦਵਾਰ, ਹਰਿਦਵਾਰ ਆਸਣ ਲਾਈਆ। ਛੱਤ੍ਰੀ ਕਹਿਣ ਠਾਕਰ ਸਾਡਾ ਯਾਰ, ਠਾਕਰ ਦਵਾਰੇ ਸੋਭਾ ਪਾਈਆ। ਮੁਲਾ ਕਹਿਣ ਮਸੀਤ ਰਹੇ ਸਦਾ ਬੇਦਾਰ, ਗ਼ਫ਼ਲਤ ਵਿਚ ਕਦੇ ਨਾ ਆਈਆ। ਗ੍ਰੰਥੀ ਕਹਿਣ ਵਸੇ ਗੁਰੂਦਵਾਰ, ਗੁਰੂ ਗ੍ਰੰਥ ਰਿਹਾ ਸਮਝਾਈਆ। ਪੁਰਖ ਅਬਿਨਾਸ਼ੀ ਕਹੇ ਮੈਂ ਵਸਾਂ ਸਭ ਤੋਂ ਬਾਹਰ, ਹਰ ਘਟ ਆਪਣੀ ਖੇਲ ਕਰਾਈਆ। ਬਿਨ ਭਗਤਾਂ ਨਾ ਕਰਾਂ ਕਿਸੇ ਪਿਆਰ, ਕੋਟਨ ਕੋਟ ਜੀਵ ਜੰਤ ਆਏ ਗਏ ਫੇਰਾ ਪਾਈਆ। ਕਲਜੁਗ ਅੰਤ ਜੋ ਦਰ ਕਰੇ ਨਿਮਸਕਾਰ, ਦਰ ਦਰਵਾਜ਼ਾ ਪਾਰ ਲੰਘਾਈਆ। ਡੁਬਦੇ ਪਾਹਨ ਦੇਵੇ ਤਾਰ, ਪਾਥਰ ਆਪਣਾ ਚਰਨ ਛੁਹਾਈਆ। ਹਰਿ ਸੰਗਤ ਵੇਖ ਜਾਏ ਬਲਹਾਰ, ਬਲਹਾਰੀ ਬਲਹਾਰ ਗੁਰਸਿਖ ਰਿਹਾ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਆਪਣੇ ਹੱਥ ਰਖਾਈਆ। ਜਿਸ ਮਿਹਰ ਮਿਲੀ ਵਸਤ, ਵਸਤੂ ਹੋਰ ਨਾ ਕੋਇ ਰਖਾਇੰਦਾ। ਨਾਮ ਸਤਿ ਮਿਲੀ ਹਸਤ, ਘਾਟਾ ਕੋਇ ਨਜ਼ਰ ਨਾ ਆਇੰਦਾ। ਤਿਸ ਨਾਲ ਕਿਆ ਕੋਈ ਕਰੇ ਹਸਦ, ਜਿਸ ਪ੍ਰਭ ਦਇਆ ਕਮਾਇੰਦਾ। ਅੱਠੇ ਪਹਿਰ ਰੱਖੇ ਮਸਤ, ਨਾਮ ਮਸਤੀ ਇਕ ਚੜ੍ਹਾਇੰਦਾ। ਹੱਥ ਮਿਲਾਏ ਨਾਲ ਦਸਤ, ਬਦਸਤ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਮਿਹਰ ਆਪ ਵਰਤਾਇੰਦਾ। ਸਤਿਜੁਗ ਕਰੇ ਪੁਕਾਰ, ਨੇਤਰ ਨੈਣਾਂ ਨੀਰ ਵਹਾਈਆ। ਤ੍ਰੇਤਾ ਰੋਵੇ ਜ਼ਾਰੋ ਜ਼ਾਰ, ਕੂਕ ਕੂਕ ਸੁਣਾਈਆ। ਦਵਾਪਰ ਡਿਗਾ ਮੂੰਹ ਦੇ ਭਾਰ, ਖੁਲੜੇ ਕੇਸ ਰਿਹਾ ਵਖਾਈਆ। ਕਲਜੁਗ ਕਰੀ ਅੰਤ ਪੁਕਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਚਾਰੇ ਕੱਠੇ ਹੋਏ ਯਾਰ, ਯਾਰ ਯਾਰਾਂ ਨਾਲ ਮਿਲਾਈਆ। ਇਕ ਦੂਜੇ ਨਾਲ ਕਰਨ ਵਿਚਾਰ, ਬਹਿ ਬਹਿ ਮਤਾ ਪਕਾਈਆ। ਆਪਣਾ ਆਪ ਗਏ ਹਾਰ, ਸਗਲਾ ਸੰਗ ਨਾ ਕੋਇ ਰਖਾਈਆ। ਕਰਿਆ ਖੇਲ ਹਰਿ ਨਿਰੰਕਾਰ, ਲੋਕਮਾਤ ਜੋਤ ਜਗਾਈਆ। ਚਾਰ ਜੁਗ ਦੀ ਵੇਖੇ ਕਾਰ, ਜਗਤ ਵਿਹਾਰਾ ਫੋਲ ਫੁਲਾਈਆ। ਦਰ ਸੱਦੇ ਗੁਰ ਅਵਤਾਰ, ਭਗਤਾਂ ਨਾਲ ਮਿਲਾਈਆ। ਆਪਣੇ ਗੁਣ ਅਵਗੁਣ ਲਓ ਵਿਚਾਰ, ਜੀਵ ਜੰਤ ਜੋ ਰਹੇ ਕਮਾਈਆ। ਸਾਰੇ ਅੰਤਮ ਗਏ ਹਾਰ, ਜਿਤ ਕਿਸੇ ਹੱਥ ਨਾ ਆਈਆ। ਜਿਉਂ ਭਾਵੇ ਤਿਉਂ ਲੈਣਾ ਤਾਰ, ਪ੍ਰਭ ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਸੁਣਾਈਆ। ਸਾਚਾ ਹੁਕਮ ਹਰਿ ਕਰਤਾਰ, ਆਪਣਾ ਆਪ ਜਣਾਇੰਦਾ। ਸਤਾਰਾਂ ਹਾੜ ਦਿਵਸ ਵਿਚਾਰ, ਏਕਾ ਰਾਹ ਵਖਾਇੰਦਾ। ਕੱਠੇ ਹੋਏ ਗੁਰ ਅਵਤਾਰ, ਪਿਛਲਾ ਲੇਖਾ ਆਪ ਜਣਾਇੰਦਾ। ਚਾਰੇ ਜੁਗ ਵੇਖੋ ਪਾਓ ਸਾਰ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਆਪਣੇ ਆਪਣੇ ਲਓ ਉਠਾਲ, ਸਗਲਾ ਸੰਗ ਨਿਭਾਇੰਦਾ। ਸਾਰੇ ਕਹਿਣ ਹੋਏ ਕੰਗਾਲ, ਜਗਤ ਖ਼ਜ਼ਾਨਾ ਸਰਬ ਲੁਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦਿਤਾ ਸਾਚਾ ਵਰ, ਏਕਾ ਰੰਗ ਵਖਾਇੰਦਾ। ਸਾਚਾ ਵਰ ਦੇ ਨਿਰੰਕਾਰ, ਏਕਾ ਵਾਰ ਸਮਝਾਈਆ। ਆਪਣੀ ਆਪਣੀ ਕਰੋ ਵਿਚਾਰ, ਵੇਲਾ ਗਿਆ ਹੱਥ ਨਾ ਆਈਆ। ਗੁਰ ਅਵਤਾਰ ਕਰਨ ਪੁਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਚਾਰ ਜੁਗ ਦੇ ਦਿਨ ਚਾਰ ਚਾਰ, ਸਾਰਿਆਂ ਮੰਗ ਮੰਗਾਈਆ। ਚਾਰੇ ਜੁਗ ਹੋਏ ਖ਼ਬਰਦਾਰ, ਪ੍ਰਭ ਅੱਗੇ ਝੋਲੀ ਡਾਹੀਆ। ਤੇਰਾ ਹੁਕਮ ਮੰਨਿਆ ਸੱਚੀ ਸਰਕਾਰ, ਜੋ ਸੇਵਾ ਸਾਡੀ ਲਾਈਆ। ਅੰਤ ਤੂੰ ਕੀਤਾ ਪਾਰ ਕਿਨਾਰ, ਨਿਰਗੁਣ ਸਰਗੁਣ ਰੂਪ ਵਟਾਈਆ। ਆਪਣੀ ਹੱਥੀਂ ਸਾਨੂੰ ਮਾਰ, ਕਿਉਂ ਦੇਵੇਂ ਧੱਕਾ ਲਾਈਆ। ਤੂੰ ਸਭ ਦਾ ਸਿਰਜਣਹਾਰ, ਵੱਡਾ ਬੇਪਰਵਾਹੀਆ। ਅਸੀਂ ਡਿਗੇ ਤੇਰੇ ਦਵਾਰ, ਸਾਡੀ ਭੁਲ ਬਖ਼ਸ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਈਆ। ਦਇਆ ਕਮਾਏ ਸ੍ਰੀ ਭਗਵੰਤ, ਏਕਾ ਹੁਕਮ ਜਣਾਇੰਦਾ। ਮੇਰਾ ਖੇਲ ਆਦਿ ਅੰਤ, ਜੁਗ ਜੁਗ ਵੇਸ ਵਟਾਇੰਦਾ। ਜੁਗ ਜੁਗ ਬਣਾਈ ਸਾਚੀ ਬਣਤ, ਲੋਕਮਾਤ ਰਾਹ ਚਲਾਇੰਦਾ। ਬਿਨ ਭਗਤਾਂ ਨਾ ਮਿਲੇ ਕਿਸੇ ਭਗਵੰਤ, ਬਿਨ ਭਗਤ ਭਗਵੰਤ ਨਾ ਕੋਇ ਮਿਲਾਇੰਦਾ। ਕਲਜੁਗ ਆਇਆ ਅੰਤਮ ਅੰਤ, ਸਭ ਦਾ ਲੇਖਾ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਵਰਤਾਇੰਦਾ। ਦੀਨ ਦਿਆਲ ਸਚ ਤੇਰਾ ਕਹਿਣਾ, ਚਾਰ ਜੁਗ ਪਏ ਸਰਨਾਈਆ। ਆਦਿ ਜੁਗਾਦਿ ਤੂੰ ਭਗਤ ਦਵਾਰੇ ਰਹਿਣਾ, ਤੇਰੀ ਵਡ ਵਡਿਆਈਆ। ਅਸਾਂ ਮੰਨਿਆ ਤੇਰਾ ਕਹਿਣਾ, ਤੇਰੀ ਓਟ ਤਕਾਈਆ। ਤੂੰ ਦਰਸ ਕਰਾ ਅਪਣਿਆਂ ਭਗਤਾਂ ਨੈਣਾਂ, ਬੈਠੇ ਰਾਹ ਤਕਾਈਆ। ਅਸਾਂ ਤੇਰਾ ਭਾਣਾ ਸਹਿਣਾ, ਤੇਰੇ ਸੰਤਾਂ ਓਟ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਪੁਰਖ ਅਬਿਨਾਸ਼ੀ ਕਰ ਪਿਆਰ, ਚਾਰ ਜੁਗ ਉਠਾਇੰਦਾ। ਆਓ ਵੇਖੋ ਸਚ ਵਿਹਾਰ, ਹਰਿ ਸਤਿਗੁਰ ਆਪ ਕਰਾਇੰਦਾ। ਭਗਤਾਂ ਬਣੇ ਇਕ ਦਵਾਰ, ਬਣ ਦਵਾਰੀ ਸੇਵ ਕਮਾਇੰਦਾ। ਚਾਰ ਜੁਗ ਦਾ ਚੁੱਕਣਾ ਭਾਰ, ਤੁਹਾਡੇ ਸਿਰ ਉਪਰ ਟਿਕਾਇੰਦਾ। ਤੇਰਾਂ ਡੇੜ੍ਹ ਕਰ ਵਿਹਾਰ, ਅੱਧੀ ਬਖ਼ਸ਼ਿਸ਼ ਨਾਲ ਮਿਲਾਇੰਦਾ। ਕਰੇ ਖੇਲ ਅਪਰ ਅਪਾਰ, ਚਾਰ ਜੁਗ ਦੇ ਗੁਰ ਅਵਤਾਰ ਆਪਣੇ ਦਰ ਮੰਗਾਇੰਦਾ। ਪਹਿਲੀ ਚੇਤਰ ਹੋ ਉਜਿਆਰ, ਸਾਚਾ ਖੇਲ ਖਿਲਾਇੰਦਾ। ਗੋਬਿੰਦ ਕਰੇ ਆ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਇੰਦਾ। ਬਣੇ ਵਿਚੋਲਾ ਪਹਿਲੀ ਵਾਰ, ਚਾਰੇ ਜੁਗ ਚਾਰੋਂ ਕੁੰਟ ਬਹਾਇੰਦਾ। ਸਭ ਦੀ ਸੁਣੇ ਫੇਰ ਫ਼ਰਯਾਦ, ਲੁਕਿਆ ਕੋਇ ਰਹਿਣ ਨਾ ਪਾਇੰਦਾ। ਸਚ ਦਵਾਰਿਉਂ ਚਾਰ ਜੁਗ ਬਿਨ ਹਰਿ ਕੋਈ ਨਾ ਸਕੇ ਕਾਢ, ਜਗਤ ਲੇਖਾ ਨਾ ਕੋਇ ਰਖਾਇੰਦਾ। ਚਾਰ ਜੁਗ ਜਿਨ੍ਹਾਂ ਨਾਲ ਕਰਿਆ ਲਾਡ, ਭਗਤ ਭਗਵੰਤ ਰੂਪ ਵਟਾਇੰਦਾ। ਨਿਰਗੁਣ ਸਰਗੁਣ ਹੋ ਹੋ ਤਾਰੇ ਸੰਤ ਸਾਧ, ਆਪਣੀ ਖੇਲ ਵਖਾਇੰਦਾ। ਸੋ ਕੱਠੇ ਕੀਤੇ ਅੰਤ ਆਦਿ, ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਇੰਦਾ।