੨੦ ਕਤਕ ੨੦੧੮ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ
ਵੇਖੋ ਖੇਲ ਹਰੀ ਹਰਿ ਦਾ, ਬਿਨ ਰਸਨਾ ਕਬੀਰ ਰਿਹਾ ਅਲਾਈਆ। ਜਨ ਭਗਤਾਂ ਕੋਲੋਂ ਡਰਦਾ, ਲੋਕਮਾਤ ਸੇਵ ਕਮਾਈਆ। ਅਛਲ ਅਛੱਲ ਜੋ ਰਿਹਾ ਕਰਦਾ, ਆਦਿ ਜੁਗਾਦਿ ਸਭ ਨੂੰ ਆਪ ਭੁਲਾਈਆ। ਆਪਣਾ ਨਾਉਂ ਲੋਕਮਾਤ ਭਗਤਾਂ ਅੱਗੇ ਜੋ ਰਿਹਾ ਧਰਦਾ, ਵਸਤ ਅਨਮੋਲ ਵਰਤਾਈਆ। ਅੱਖਰ ਬਿਨਾ ਜੋ ਰਿਹਾ ਪੜ੍ਹਦਾ, ਪੜ੍ਹ ਪੜ੍ਹ ਖੇਲ ਖਿਲਾਈਆ। ਵਡ ਬਲਵਾਨ ਜੁਗ ਜੁਗ ਜੋ ਰਿਹਾ ਲੜਦਾ, ਨਿਤ ਨਵਿਤ ਵੇਸ ਵਟਾਈਆ। ਥੰਮਾਂ ਨਾਲ ਜੋ ਰਿਹਾ ਸੜਦਾ, ਆਪਣਾ ਰੂਪ ਵਟਾਈਆ। ਆਦਿ ਜੁਗਾਦਿ ਜੁਗ ਜੁਗ ਲੁਕਿਆ ਰਿਹਾ ਵਿਚ ਪਰਦਾ, ਭਗਤਾਂ ਸਨੇਹੜਾ ਰਿਹਾ ਘਲਾਈਆ। ਕਲਜੁਗ ਅੰਤਮ ਧਰੇ ਰੂਪ ਨਰ ਹਰਿ ਦਾ, ਨਰ ਨਰਾਇਣ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਰਾਈਆ। ਉਠੋ ਵੇਖੋ ਮਾਰ ਧਿਆਨ, ਕਬੀਰ ਬਿਨ ਸਰੀਰ ਕਰੇ ਜਣਾਈਆ। ਨਿਰਗੁਣ ਰੂਪ ਸ੍ਰੀ ਭਗਵਾਨ, ਭਗਵਾਨ ਆਪਣਾ ਵੇਸ ਵਟਾਈਆ। ਛੱਤੀ ਜੁਗ ਗੁਰ ਅਵਤਾਰਾਂ ਦੇ ਪਰਵਾਨ, ਪਰਵਾਨਾ ਮਾਤ ਘਲਾਈਆ। ਨਾਮ ਨਿਧਾਨਾ ਅੰਦਰ ਦੇ ਦੇ ਦਾਨ, ਬਿਨ ਰਸਨਾ ਜਿਹਵਾ ਸੁਣਾਈਆ। ਇਕ ਵਖਾ ਸਚ ਨਿਸ਼ਾਨ, ਆਪਣੇ ਰੰਗ ਰੰਗਾਈਆ। ਆਪੇ ਹੋ ਬੇਪਹਿਚਾਨ, ਬੈਠਾ ਰਹੇ ਮੁਖ ਛੁਪਾਈਆ। ਗੁਰ ਅਵਤਾਰ ਲਗਾਏ ਧਿਆਨ, ਆਪਣਾ ਧਿਆਨ ਸਮਝਾਈਆ। ਆਪਣਾ ਪ੍ਰੇਮ ਇਕ ਗਿਆਨ, ਪਿਆਰ ਪਿਆਰ ਨਾਲ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਛੁਪਾਈਆ। ਉਠੋ ਵੇਖੋ ਹਰਿ ਕਾ ਰੰਗ, ਰੰਗ ਰੰਗੀਲਾ ਆਪ ਰੰਗਾਇੰਦਾ। ਬਿਨ ਅਸਵ ਕਸਿਆ ਤੰਗ, ਸ਼ਾਹ ਸਵਾਰ ਫੇਰਾ ਪਾਇੰਦਾ। ਬਿਨ ਮਰਦੰਗੇ ਵਜਾਏ ਮਰਦੰਗ, ਸਾਚਾ ਢੋਲਾ ਆਪੇ ਗਾਇੰਦਾ। ਬਿਨ ਪਰਕਾਸ਼ ਵੇਖੇ ਅੰਧੇਰਾ ਅੰਧ, ਪਾਂਧੀ ਆਪਣਾ ਪੰਧ ਮੁਕਾਇੰਦਾ। ਬਿਨ ਰਾਗ ਗਾਏ ਛੰਦ, ਰਾਗ ਰਾਗਨੀ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਵਖਾਇੰਦਾ। ਸਾਚੀ ਧਾਰਾ ਵੇਖੋ ਸੰਤ, ਸਤਿ ਸਤਿਵਾਦੀ ਆਪ ਚਲਾਈਆ। ਹੁਕਮ ਦੇਂਦਾ ਰਿਹਾ ਜੋ ਜੁਗਾ ਜੁਗੰਤ, ਹੁਕਮੀ ਹੁਕਮ ਭਵਾਈਆ। ਜਿਸ ਨੂੰ ਕਹਿੰਦੇ ਰਹੇ ਬੇਅੰਤ, ਬੇਨਜ਼ੀਰ ਨਜ਼ਰ ਕਦੇ ਨਾ ਆਈਆ। ਜਿਸ ਨੂੰ ਮੰਨਦੇ ਰਹੇ ਕੰਤ, ਬਣ ਬਣ ਨਾਰ ਸੇਵ ਕਮਾਈਆ। ਜਿਸ ਨੂੰ ਕਹਿੰਦੇ ਦਾਤਾ ਜੀਵ ਜੰਤ, ਜੋਤੀ ਨੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਈਆ। ਉਠੋ ਵੇਖੋ ਤੱਕੋ ਰਾਹ, ਹਰਿ ਤਦਬੀਰ ਆਪ ਬਣਾਇੰਦਾ। ਬਿਨ ਬੇੜੇ ਬਣਿਆ ਮਲਾਹ, ਚੱਪੂ ਹੱਥ ਨਾ ਕੋਈ ਵਖਾਇੰਦਾ। ਜਿਸ ਦੀ ਮੰਨ ਕੇ ਆਏ ਰਜ਼ਾ, ਹੁਕਮੀ ਹੁਕਮ ਹੁਕਮ ਭਵਾਇੰਦਾ। ਜਿਹੜਾ ਭੁੱਲਿਆਂ ਦੇਵੇ ਸਜ਼ਾ, ਸੋ ਅਭੁਲ ਖੇਲ ਖਿਲਾਇੰਦਾ। ਜੋ ਰੁਲਿਆਂ ਲਏ ਉਠਾ, ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਇੰਦਾ। ਉਠੋ ਚਲੋ ਹਰਿ ਹਰਿ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਜੁਗ ਜੁਗ ਜਿਸ ਦਾ ਮੰਨਦੇ ਰਹੇ ਡਰ, ਸੋ ਡਰ ਰਿਹਾ ਚੁਕਾਈਆ। ਨੇਤਰ ਮੀਟ ਮੀਟ ਜਿਸ ਦਾ ਲੱਭਦੇ ਰਹੇ ਘਰ, ਬਿਨ ਨੇਤਰ ਘਰ ਵਖਾਈਆ। ਜਿਸ ਦੀ ਬਿਰਹੋਂ ਅੰਦਰ ਆਏ ਸੜ, ਸੋ ਅਗਨੀ ਤਤ ਬੁਝਾਈਆ। ਜਿਸ ਦਾ ਭਾਣਾ ਆਏ ਜਰ, ਸੋ ਭਾਣੇ ਰਿਹਾ ਵਖਾਈਆ। ਜਿਸ ਦਾ ਨਾਉਂ ਕੋਟਨ ਕੋਟ ਅੱਖਰ ਆਏ ਪੜ੍ਹ, ਦਰ ਆ ਵੇਖਿਆ ਅੱਖਰ ਨਜ਼ਰ ਕੋਇ ਨਾ ਆਈਆ। ਜਿਸ ਦੀ ਪੂਜਾ ਕਰਦਾ ਰਿਹਾ ਸੀਸ ਧੜ, ਨਿਉਂ ਨਿਉਂ ਸੀਸ ਝੁਕਾਈਆ। ਤਿਸ ਦੀ ਨਾ ਚੋਟੀ ਨਾ ਕੋਈ ਜੜ੍ਹ, ਰੂਪ ਰੰਗ ਨਾ ਕੋਈ ਪਰਗਟਾਈਆ। ਜਿਸ ਦੇ ਪਿਛੇ ਮਰਨੀ ਗਏ ਮਰ, ਸੋ ਮਰਨ ਜਨਮ ਵਿਚ ਕਦੇ ਨਾ ਆਈਆ। ਜਿਸ ਨੂੰ ਕਹਿੰਦੇ ਰਹੇ ਹਰੀ ਹਰਿ, ਸੋ ਹਰਿ ਜੂ ਰੂਪ ਧਰਾਈਆ। ਆਓ ਚਲ ਕੇ ਵੇਖੀਏ ਨਰਾਇਣ ਨਰ, ਜੋ ਸੱਦਾ ਰਿਹਾ ਘਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਉਠੇ ਭਗਤ ਹੋਏ ਤਿਆਰ, ਥਿਤ ਵਾਰ ਨਾ ਕੋਈ ਰਖਾਇਆ। ਵਾਹ ਵਾਹ ਖੇਲ ਤੇਰਾ ਕਰਤਾਰ, ਭੇਵ ਕਿਸੇ ਨਾ ਪਾਇਆ। ਅਸੀਂ ਰੁਲਦੇ ਰਹੇ ਵਿਚ ਸੰਸਾਰ, ਤੇਰਾ ਨਾਮ ਲੈ ਲੈ ਧੱਕਾ ਖਾਇਆ। ਲੁਕਦੇ ਰਹੇ ਵਿਚ ਡੂੰਘੀ ਗਾਰ, ਆਪਣਾ ਮੁਖ ਛੁਪਾਇਆ। ਤੇਰੇ ਪਿਛੇ ਖਾਂਦੇ ਰਹੇ ਮਾਰ, ਆਪਣੀ ਖੱਲ ਲੁਹਾਇਆ। ਮਾਨਸ ਜਨਮ ਆਏ ਹਾਰ, ਕਾਇਆ ਚੋਲਾ ਨਾ ਸੰਗ ਰਖਾਇਆ। ਛੱਡਕੇ ਆਏ ਜਗਤ ਘਰ ਬਾਰ, ਨਾਰ ਪਿਆਰ ਨਾ ਕੋਇ ਵਖਾਇਆ। ਪੁਤਰ ਧੀ ਨਾ ਕੋਈ ਅਧਾਰ, ਵੇਲੇ ਅੰਤ ਦੇਵਣ ਧੱਕਾ ਲਾਇਆ। ਤੁਧ ਬਿਨ ਦੇਵੇ ਨਾ ਕੋਈ ਸਹਾਰ, ਵੇਖਿਆ ਜਗਤ ਸਬਾਇਆ। ਤੂੰ ਕਿਰਪਾ ਕਰੀਂ ਆਪ ਨਿਰੰਕਾਰ, ਆਪ ਆਪਣਾ ਮੇਲ ਮਿਲਾਇਆ। ਡੂੰਘੀ ਭਗਤੀ ਵਿਚ ਵਾੜ, ਆਪਣਾ ਸਾਗਰ ਨਾ ਫੇਰ ਵਖਾਇਆ। ਕਾਇਆ ਗਾਗਰ ਬਣਾਕੇ ਰੱਖੀ ਗਾਰ, ਦਿਵਸ ਰੈਣ ਭਵਰ ਵਿਚ ਭਵਾਇਆ। ਕਦੀ ਲੱਭਦੇ ਰਹੇ ਸੁਖਮਨ ਟੇਡੀ ਨਾੜ, ਈੜਾ ਪਿੰਗਲ ਵੇਖ ਵਖਾਇਆ। ਕਦੀ ਮੰਗਦੇ ਰਹੇ ਅੰਮ੍ਰਿਤ ਧਾਰ, ਕਵਣ ਵੇਲਾ ਝਿਰਨਾ ਦਏ ਝਿਰਾਇਆ। ਕਦੇ ਮੰਗਦੇ ਰਹੇ ਜੋਤ ਉਜਿਆਰ, ਜੋਤ ਨਿਰੰਜਣ ਦਏ ਟਿਕਾਇਆ। ਕਦੀ ਮੰਗਦੇ ਰਹੇ ਦਰਸ ਦੀਦਾਰ, ਆਤਮ ਸੇਜਾ ਦਏ ਸਹਾਇਆ। ਕਦੇ ਮੰਗਦੇ ਰਹੇ ਤੇਰਾ ਪਿਆਰ, ਦੋਏ ਜੋੜ ਜੋੜ ਸੀਸ ਝੁਕਾਇਆ। ਤੈਨੂੰ ਰਹਿਮ ਨਾ ਆਇਆ ਮੇਰੀ ਸਰਕਾਰ, ਮਿਹਰ ਨਜ਼ਰ ਨਾ ਕਦੇ ਉਠਾਇਆ। ਤੇਰੀ ਕੂਕ ਕਰੀ ਪੁਕਾਰ, ਐਨਲਹਕ ਤੇਰਾ ਨਾਅਰਾ ਲਾਇਆ। ਤੇਰੇ ਨਾਅਰੇ ਉਤੋਂ ਪਈ ਮਾਰ, ਆਪਣੀ ਖੱਲ ਲੁਹਾਇਆ। ਸ਼ੱਕ ਵਿਚ ਪਿਆ ਸੰਸਾਰ, ਸ਼ਕਵਾ ਤੇਰਾ ਨਾ ਕੋਇ ਸਮਝਾਇਆ। ਫ਼ਤਵਾ ਲੱਗਾ ਪਹਿਲੀ ਵਾਰ, ਦੂਜੀ ਵਾਰ ਨਾ ਦਈਂ ਸਜ਼ਾਇਆ। ਮੈਂ ਨਿਉਂ ਨਿਉਂ ਕਰਾਂ ਨਿਮਸਕਾਰ, ਸਲਾਮ ਅਲੈਕਮ ਨਾਲ ਮਿਲਾਇਆ। ਵਾਹ ਤੇਰੀ ਕ਼ੁਦਰਤ ਮੇਰੇ ਯਾਰ, ਤੂੰ ਕ਼ੁਦਰਤ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਜਣਾਇਆ। ਉਠੋ ਵੇਖੋ ਪੀਰ ਪੈਗ਼ੰਬਰ, ਸੱਚਾ ਪਰਾਹ ਆਪ ਬਣਾਈਆ । ਆਦਿ ਜੁਗਾਦਿ ਜੋ ਰਚਦਾ ਰਿਹਾ ਅਡੰਬਰ, ਅੱਡ ਬੈਠਾ ਸੱਚਾ ਮਾਹੀਆ। ਕਲਜੁਗ ਅੰਤਮ ਰਚਿਆ ਸਵੰਬਰ, ਸਾਚੀ ਰੁੱਤ ਸੁਹਾਈਆ। ਆਪਣੇ ਸਿਰ ਓਡਿਆ ਇਕ ਪੀਤ ਪਤੰਬਰ, ਢਾਕਨ ਕੋ ਪਤ ਹਰਿ ਘਟ ਥਾਈਂਆ। ਆਪਣੇ ਘਰ ਬਣਿਆ ਇਕੋ ਮਿੰਮਬਰ, ਦੂਜਾ ਸੰਗ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ। ਉਠੋ ਵੇਖੋ ਕਰਤਾ ਧਾਰ, ਕਰਨਹਾਰ ਕਰਾਇੰਦਾ। ਜਿਸ ਦਾ ਮੰਗਦੇ ਰਹੇ ਦੀਦਾਰ, ਸੋ ਦਿਆਲ ਦਇਆ ਕਮਾਇੰਦਾ। ਜਿਸ ਦੇ ਪਿਛੇ ਕਰਦੇ ਰਹੇ ਸ਼ੰਗਾਰ, ਸੋਲਾਂ ਸ਼ੰਗਾਰ ਵੇਸ ਵਟਾਇੰਦਾ। ਜਿਸ ਦੇ ਪਿਛੇ ਸੇਵਾ ਕਰਦੇ ਰਹੇ ਬਣ ਬਣ ਨਾਰ, ਸੋ ਕੰਤ ਵੇਸ ਵਟਾਇੰਦਾ। ਜਿਸ ਦਾ ਲੱਭਦੇ ਰਹੇ ਮਹੱਲ ਮੁਨਾਰ, ਅਟਲ ਮੁਨਾਰਾ ਨਜ਼ਰ ਕਿਸੇ ਨਾ ਆਇੰਦਾ। ਜਿਸ ਦੀ ਕੱਟ ਕੇ ਆਏ ਵਗਾਰ, ਸੋ ਬਣ ਵਗਾਰੀ ਸੇਵ ਕਮਾਇੰਦਾ। ਜਿਸ ਨੂੰ ਕਹਿੰਦੇ ਰਹੇ ਕਰੀਮ ਕ਼ਾਦਰ ਯਾਰ, ਸੋ ਆਪਣਾ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਉਠੋ ਵੇਖੋ ਹਰਿ ਜੂ ਮੇਲਾ, ਲੋਕਮਾਤ ਆਪ ਮਿਲਾਇਆ। ਇਕੋ ਘਰ ਵਸੇ ਗੁਰੂ ਚੇਲਾ, ਚੇਲਾ ਗੁਰ ਰੂਪ ਵਟਾਇਆ। ਇਕੋ ਸਤਿਗੁਰ ਸੱਜਣ ਸੁਹੇਲਾ, ਇਕੋ ਗੁਰਮੁਖ ਲਏ ਬਣਾਇਆ। ਇਕੋ ਜਾਣੇ ਆਪਣਾ ਵੇਲਾ, ਥਿਤ ਵਾਰ ਨਾ ਕੋਇ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਲਾ ਆਪ ਸੁਹਾਇਆ। ਸਾਚਾ ਵੇਲਾ ਲੋਕਮਾਤ, ਹਰਿ ਜੂ ਆਪ ਸੁਹਾਇੰਦਾ। ਉਠੋ ਵੇਖੋ ਮਾਰ ਝਾਤ, ਕੀ ਸਾਂਗ ਵਰਤਾਇੰਦਾ। ਜਿਸ ਨੂੰ ਲੱਭਦੇ ਰਹੇ ਇਕ ਇਕਾਂਤ, ਜੁਗ ਜੁਗ ਲੁਕ ਲੁਕ ਭਗਤਾਂ ਦਰਸ ਦਿਖਾਇੰਦਾ। ਕਲਜੁਗ ਅੰਤਮ ਹਰਿਜਨ ਬਣਾਏ ਇਕ ਜਮਾਤ, ਇਕੋ ਪੱਟੀ ਨਾਮ ਪੜ੍ਹਾਇੰਦਾ। ਏਕਾ ਵਾਰ ਦੇਵੇ ਦਾਤ, ਏਕਾ ਵਸਤ ਝੋਲੀ ਪਾਇੰਦਾ। ਏਕਾ ਗੌਣੀ ਸਾਚੀ ਗਾਥ, ਏਕਾ ਰਾਹ ਚਲਾਇੰਦਾ। ਇਕੋ ਦੱਸੇ ਸਾਚੀ ਜ਼ਾਤ, ਦੂਜੀ ਜ਼ਾਤ ਨਾ ਕੋਇ ਬਣਾਇੰਦਾ। ਇਕ ਬੰਧਾਏ ਸੱਚਾ ਨਾਤ, ਨਾਤਾ ਬੱਧਾ ਨਾ ਕੋਇ ਤੁੜਾਇੰਦਾ। ਇਕੋ ਪਿਤਾ ਇਕੋ ਮਾਤ, ਏਕਾ ਬਾਲਕ ਰੂਪ ਵਖਾਇੰਦਾ। ਏਕੋ ਪੂਰੀ ਕਰੇ ਆਸ, ਏਕਾ ਸੰਗ ਨਿਭਾਇੰਦਾ। ਇਕੋ ਵਸੇ ਸਦਾ ਪਾਸ, ਵਿਛੜ ਕਦੇ ਨਾ ਜਾਇੰਦਾ। ਚਾਰ ਜੁਗ ਇਕ ਇਕ ਕਰਕੇ ਸਾਡੀ ਕੀਤੀ ਬੰਦ ਖ਼ੁਲਾਸ, ਫੜ ਫੜ ਆਪਣੇ ਚਰਨ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਇੰਦਾ। ਕਲਜੁਗ ਅੰਤ ਕੀ ਕਰੇ ਕਾਰਾ, ਹਰਿ ਪੁਰਖ ਨਿਰੰਜਣ ਵੇਸ ਵਟਾਈਆ। ਜਨ ਭਗਤਾਂ ਦੇਵੇ ਜਗਤ ਸਹਾਰਾ, ਜੁਗਤ ਆਪਣੇ ਹੱਥ ਰਖਾਈਆ। ਜਿਸ ਭਾਂਡਾ ਘੜਿਆ ਬਣ ਠਠਿਆਰਾ, ਆਪਣੀ ਵਸਤ ਵਿਚ ਟਿਕਾਈਆ। ਸੋ ਵੇਖੇ ਵਿਗਸੇ ਵੇਖਣਹਾਰਾ, ਵੇਖ ਵੇਖ ਖ਼ੁਸ਼ੀ ਮਨਾਈਆ। ਬਿਨ ਪੈਸੇ ਧੇਲੇ ਬਣਿਆ ਵਣਜਾਰਾ, ਆਪਣਾ ਵਣਜ ਕਰਾਈਆ। ਛੱਤੀ ਜੁਗ ਜੋ ਕਰਦਾ ਰਿਹਾ ਉਧਾਰਾ, ਅੰਤਮ ਲਹਿਣਾ ਦਏ ਮੁਕਾਈਆ। ਧਰੂ ਕਹੇ ਸੁਣ ਪ੍ਰਹਿਲਾਦ ਯਾਰਾ, ਪ੍ਰਭ ਕੀ ਸਾਂਗ ਵਰਤਾਈਆ। ਸਾਡੇ ਨਾਲ ਕੀ ਕਰਿਆ ਵਿਹਾਰਾ, ਜੰਗਲ ਜੂਹਾਂ ਵਿਚ ਫਿਰਾਈਆ। ਕਲਜੁਗ ਅੰਤਮ ਗ਼ਰੀਬ ਨਿਮਾਣਿਆਂ ਦਏ ਸਹਾਰਾ, ਫੜ ਬਾਹੋਂ ਗਲੇ ਲਗਾਈਆ। ਇਕੋ ਦਸਿਆ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਾਮ ਜੈਕਾਰਾ, ਬਿਨ ਭਗਤੀ ਬੇੜੇ ਦਏ ਚੜ੍ਹਾਈਆ। ਬਿਨ ਜੰਞੋਂ ਆਏ ਇਕੋ ਲਾੜਾ, ਹਰਿਜਨ ਨਾਰੀ ਲਏ ਪਰਨਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਕਰੇ ਪਿਆਰਾ, ਪਿਆਰ ਪਿਆਰ ਵਿਚ ਮਿਲਾਈਆ। ਨੇਤਰ ਨੈਣ ਨੈਣ ਸ਼ੰਗਾਰਾ, ਗੁਰਮੁਖ ਨੈਣ ਨੈਣ ਨੈਣ ਨਾਲ ਮਿਲਾਈਆ। ਆਏ ਚਲ ਗਿਰਵਰ ਗਿਰਧਾਰਾ, ਗ੍ਰਹਿ ਗ੍ਰਹਿ ਆਪਣਾ ਪੰਧ ਮੁਕਾਈਆ। ਜਨ ਭਗਤਾਂ ਕਰ ਦਰਸ ਦੀਦਾਰਾ, ਆਪਣੀ ਖ਼ੁਸ਼ੀ ਮਨਾਈਆ। ਕਰਿਆ ਖੇਲ ਅਪਰ ਅਪਾਰਾ, ਸਾਚੀ ਰੀਤ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪ੍ਰਹਿਲਾਦ ਕਹੇ ਸੁਣ ਧਰੂ ਮੀਤ, ਕੀ ਕੀ ਹਾਲ ਸੁਣਾਵਾਂ। ਵੇਖੋ ਪ੍ਰਭ ਦੀ ਉਲਟੀ ਰੀਤ, ਰਾਤੀਂ ਸੁਤਿਆਂ ਪਕੜੇ ਬਾਂਹਵਾਂ। ਕਲਜੁਗ ਅੰਤ ਠੁਕਰਾਈ ਮੰਦਰ ਮਸੀਤ, ਜਿਸ ਦਾ ਕਰਦੇ ਝੂਠਾ ਦਾਅਵਾ। ਅੰਦਰੇ ਅੰਦਰ ਪਰਖੇ ਨੀਤ, ਕਰੇ ਪਿਆਰ ਜਿਉਂ ਪੁੱਤਰਾਂ ਮਾਵਾਂ। ਜਨ ਭਗਤਾਂ ਹਿਰਦਾ ਕਰੇ ਠੰਡਾ ਸੀਤ, ਉਪਰ ਰੱਖੇ ਠੰਡੀ ਛਾਵਾਂ। ਸਾਹਿਬ ਸਤਿਗੁਰ ਪਤਿਤ ਪੁਨੀਤ, ਹੰਸ ਬਣਾਏ ਫੜ ਫੜ ਕਾਵਾਂ। ਬਿਨ ਚੇਤਿਉਂ ਵਸਿਆ ਚੀਤ, ਬਿਨ ਚੇਤਨ ਨਿਰਗੁਣ ਸਰਗੁਣ ਆਪਣੇ ਘਰ ਲਾਇਆ ਨਾਵਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਉਧਾਰਨ ਆਪਣਾ ਬੱਧਾ ਦਾਅਵਾ। ਧਰੂ ਕਹੇ ਸੁਣ ਪ੍ਰਹਿਲਾਦ, ਪ੍ਰਭ ਕੀ ਕੀ ਸਾਂਗ ਵਰਤਾਇੰਦਾ। ਬਾਲੀ ਬੁਧ ਜਿਸ ਲਾਈ ਜਾਗ, ਸੋ ਸਾਹਿਬ ਵੇਖਣ ਆਵਾਂ। ਬਿਨ ਧੁਨ ਵਜਾਏ ਨਾਦ, ਬਿਨ ਰਸਨਾ ਗੀਤ ਗਾਵਾਂ। ਬਿਨ ਜਿਹਵਾ ਆਏ ਸਵਾਦ, ਨਾਮ ਨਿਧਾਨਾ ਏਕਾ ਖਾਵਾਂ। ਸੋ ਸੱਜਣ ਲੈਣਾ ਲਾਧ, ਆਦਿ ਜੁਗਾਦਿ ਕਰੇ ਖੇਲ ਬਿਨ ਲੱਤਾਂ ਬਾਂਹਵਾਂ। ਜਨ ਭਗਤਾਂ ਰੱਖੇ ਯਾਦ, ਨਿਥਾਵਿਆਂ ਦੇਵੇ ਸੱਚਾ ਥਾਵਾਂ। ਕਲਜੁਗ ਅੰਤ ਸੁਣੇ ਫ਼ਰਯਾਦ, ਸਾਨੂੰ ਵਿਛੜਿਆਂ ਮੇਲੇ ਨਾਲ ਭਰਾਵਾਂ। ਲੱਖ ਚੁਰਾਸੀ ਵਿਚੋਂ ਕਾਢ, ਸਾਡੇ ਨਾਲ ਕਰੇ ਸਾਵਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਭਾਣਾ। ਕੀ ਧਰੂ ਤੂੰ ਕਿਹਾ ਸੱਚ, ਪ੍ਰਹਿਲਾਦ ਅੱਗੋਂ ਸੁਣਾਈਆ। ਹਾਂ ਜੋ ਵੇਖਿਆ ਸੋ ਰਿਹਾ ਦੱਸ, ਪੁਰਖ ਅਬਿਨਾਸ਼ੀ ਵੇਸ ਵਟਾਈਆ। ਲੋਕਮਾਤ ਗਿਆ ਨੱਸ, ਆਪਣਾ ਪੰਧ ਮੁਕਾਈਆ। ਏਥੇ ਅਸੀਂ ਉਹਦੇ ਵਸ, ਓਥੇ ਚਲੇ ਭਗਤ ਰਜ਼ਾਈਆ। ਜਾਂਦਾ ਜਾਂਦਾ ਸ਼ਬਦ ਸਨੇਹੜਾ ਗਿਆ ਦੱਸ, ਉਠੋ ਭਗਤੋ ਲੋਕਮਾਤ ਰਾਹ ਵੇਖੋ ਚਾਈਂ ਚਾਈਂਆ। ਬਿਨ ਭਗਤੀ ਮੈਂ ਹੋਇਆ ਵਸ, ਬਿਨ ਸ਼ਕਤੀ ਮੈਂ ਦੇਵਾਂ ਰਸ, ਬਿਨ ਵਿਅਕਤੀ ਪੂਰੀ ਕਰਾਂ ਆਸ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਬਿਨ ਦੀਵਾ ਬਾਤੀ ਮੇਰਾ ਪਰਕਾਸ਼, ਬਿਨ ਮੰਦਰ ਤਾਕੀ ਮੇਰਾ ਨਿਵਾਸ, ਸਚ ਸਿੰਘਾਸਣ ਸੋਭਾ ਪਾਈਆ। ਮੈਂ ਗੁਰਮੁਖਾਂ ਲੋਕਮਾਤ ਜਾ ਕੇ ਕਹਾਂ ਸ਼ਾਬਾਸ, ਛੱਤੀ ਜੁਗ ਜੋ ਰਾਹ ਤਕਾਈਆ। ਤੁਹਾਡੇ ਮੰਡਲ ਪਾਵਾਂ ਰਾਸ, ਬਿਨ ਗੋਪੀ ਕਾਹਨ ਨਾਚ ਨਚਾਈਆ। ਬਿਨ ਖ਼ਾਹਸ਼ੋਂ ਪੂਰੀ ਕਰੇ ਖ਼ਾਹਸ਼, ਆਪ ਆਪਣੀ ਦਇਆ ਕਮਾਈਆ। ਸੁਫ਼ਨੇ ਵਿਚ ਜੋ ਕਦੀ ਨਾ ਗਿਆ ਭਾਸ, ਸੋ ਆਪਣਾ ਦਰਸ ਦਿਖਾਈਆ। ਜਿਸ ਦੀ ਕਦੀ ਨਾ ਆਈ ਯਾਦ, ਸੋ ਆਪਣੀ ਯਾਦ ਤਾਜ਼ਾ ਦਏ ਕਰਾਈਆ। ਤੁਹਾਡੇ ਕੋਲ ਕਰੇ ਆਪਣੀ ਫ਼ਰਯਾਦ, ਤੁਹਾਡੇ ਬਿਨਾਂ ਮੇਰਾ ਦਵਾਰਾ ਕੰਮ ਕਿਸੇ ਨਾ ਆਈਆ। ਕੋਈ ਕਹੇ ਵਾਹਿਦੋ ਲਾਸ਼ਰੀਕ ਗਾਡ, ਕੋਈ ਕਹੇ ਸਦਾ ਬੇਸਵਾਦ, ਕੋਈ ਕਹੇ ਅਨਾਦੀ ਅਨਾਦ, ਕੋਈ ਕਹੇ ਬੋਧ ਅਗਾਧ, ਕੋਈ ਕਹੇ ਮਾਧਵ ਮਾਧ, ਮੋਹਣੀ ਆਪਣਾ ਰੂਪ ਵਟਾਈਆ। ਕੋਈ ਕਹੇ ਲੱਖ ਚੁਰਾਸੀ ਵਿਚੋਂ ਲਏ ਕਾਢ, ਕੋਈ ਕਹੇ ਵਸਿਆ ਪੰਜ ਤਤ ਮਾਸ ਨਾੜੀ ਹਾਡ, ਕੋਈ ਕਹੇ ਜਲ ਥਲ ਰਿਹਾ ਸਮਾਈਆ। ਗੋਬਿੰਦ ਕਹੇ ਵਾਂਗ ਪੁਤਰਾਂ ਕਰੇ ਲਾਡ, ਪ੍ਰੇਮ ਗੋਦ ਵਿਚ ਬਹਾਈਆ। ਗੁਰਮੁਖ ਵਿਰਲਾ ਜਾਣੇ ਸਾਧ, ਜਿਨ ਆਪਣੀ ਸਾਧਨਾ ਸਾਧ ਸਤਿਗੁਰ ਅੱਗੇ ਰਖਾਈਆ। ਕੋਈ ਕਹੇ ਵਸੇ ਪਾਰ ਹੱਦ, ਹਦੂਦ ਅਰਬਾ ਨਾ ਕੋਇ ਬਣਾਈਆ। ਕੋਈ ਕਹੇ ਆਪੇ ਜਾਣੇ ਆਪਣੀ ਯਦ, ਬੰਸ ਸਰਬੰਸ ਬੇਪਰਵਾਹੀਆ। ਕੋਈ ਕਹੇ ਹੋ ਕੇ ਬੈਠਾ ਅੱਡ, ਨਿਰਗੁਣ ਰੂਪ ਵਟਾਈਆ। ਕਬੀਰ ਕਹੇ ਭਗਤਾਂ ਨਾ ਜਾਏ ਕਦੀ ਛੱਡ, ਜਨ ਭਗਤਾਂ ਸਦਾ ਸੇਵ ਕਮਾਈਆ। ਜਿਸ ਵੇਲੇ ਚਾਹੋ ਲਓ ਸੱਦ, ਬਿਨ ਤਾਰੋਂ ਤਾਰ ਹਿਲਾਈਆ। ਸਦਾ ਬੈਠਾ ਰਹੇ ਵਿਚ ਅਧ, ਗੁਰਮੁਖ ਤੇਰਾ ਪੰਧ ਮੁਕਾਈਆ। ਜੇ ਕੋਈ ਕਹੇ ਪ੍ਰਭ ਦਾ ਕੇਡਾ ਕੱਦ, ਨਜ਼ਰ ਕਿਸੇ ਨਾ ਆਈਆ। ਬਿਨ ਕੱਦੋਂ ਡੂੰਘੀ ਕੰਦਰ ਬਹੇ ਵੜ, ਆਪਣਾ ਮੰਦਰ ਆਪ ਸੁਹਾਈਆ। ਜਿਉਂ ਪੂਰਨ ਅੰਦਰ ਪੂਰਨ ਵਿਦਿਆ ਰਿਹਾ ਪੜ੍ਹ, ਪੂਰੀ ਸਭ ਦੀ ਆਸ ਕਰਾਈਆ। ਕਰਕੇ ਹਿੰਮਤ ਲਓ ਫੜ, ਆਇਆ ਨੱਠ ਕਿਤੇ ਨਾ ਜਾਈਆ। ਲੋਕਾਈ ਵਿਚ ਨਾ ਜਾਣਾ ਅੜ, ਸ੍ਰਿਸ਼ਟ ਸਬਾਈ ਧੂਆਂਧਾਰ ਵਖਾਈਆ। ਕਬੀਰ ਕਹੇ ਚੜ੍ਹ ਕੇ ਵੇਖੋ ਆਪਣਾ ਗੜ੍ਹ, ਜਿਥੇ ਬੈਠਾ ਤਖ਼ਤ ਸੁਹਾਈਆ। ਨਾ ਉਹ ਪੁਰਖ ਨਾ ਉਹ ਨਾਰ, ਨਰ ਨਰਾਇਣ ਬੇਪਰਵਾਹੀਆ। ਜਨ ਭਗਤਾਂ ਪੈਜ ਰਿਹਾ ਸੁਆਰ, ਆਪਣਾ ਸੁਆਰਥ ਨਾ ਕੋਇ ਵਖਾਈਆ। ਦੇਵਣਹਾਰਾ ਚਾਰ ਪਦਾਰਥ, ਨਾਨਕ ਮੰਗ ਮੰਗਾਈਆ। ਜਿਉਂ ਲੋਹਾ ਕੰਚਨ ਕਰੇ ਪਾਰਸ, ਕਬੀਰ ਰਾਮਾਨੰਦ ਵਡਿਆਈਆ। ਦਰ ਮੰਨੇ ਨਾ ਕੋਇ ਸਫ਼ਾਰਸ਼, ਸਿਫ਼ਰਾ ਸਰਬ ਰੂਪ ਵਖਾਈਆ। ਚਰਨ ਕਵਲ ਜੋ ਰੱਖੇ ਢਾਰਸ, ਆਪਣੀ ਢਾਕ ਲਏ ਉਠਾਈਆ। ਲੇਖਾ ਜਾਣੇ ਰੋਮ ਫ਼ਾਰਸ, ਫ਼ਲਕ ਆਪਣਾ ਖੇਲ ਖਿਲਾਈਆ। ਬਿਨ ਭਗਤਾਂ ਬਣੇ ਨਾ ਕਿਸੇ ਦਾ ਵਾਰਸ, ਆਪਣੀ ਵਸੀਅਤ ਭਗਤਾਂ ਹੱਥ ਫੜਾਈਆ। ਕੋਟਨ ਕੋਟ ਪੜ੍ਹ ਪੜ੍ਹ ਥੱਕੇ ਆਰਫ਼, ਉਲਫ਼ਤ ਵਿਚ ਲੱਗੀ ਲੋਕਾਈਆ। ਕੋਟਨ ਕੋਟ ਕਰ ਕਰ ਥੱਕੇ ਤੁਆਰਫ਼, ਅੰਤ ਤਾਮੀਲ ਨਾ ਕਿਸੇ ਕਰਾਈਆ। ਕੋਟਨ ਕੋਟ ਲਿਖ ਲਿਖ ਥੱਕੇ ਇਬਾਰਤ, ਕ਼ਲਮ ਸ਼ਾਹੀ ਨਾਲ ਮਿਲਾਈਆ। ਕੋਟਨ ਕੋਟ ਬਣਾ ਬਣਾ ਥੱਕੇ ਮੰਦਰ ਮਸਜਿਦ ਗੁਰੂਦਵਾਰ ਇਮਾਰਤ, ਅਮਰਾਪਦ ਨਾ ਕੋਇ ਵਖਾਈਆ। ਕੋਟਨ ਕੋਟ ਵੜ ਵੜ ਥੱਕੇ ਗ਼ਾਰਤ, ਡੂੰਘੀ ਭਵਰ ਨਾ ਕੋਇ ਲੰਘਾਈਆ। ਕੋਟਨ ਕੋਟ ਕਰ ਕਰ ਥੱਕੇ ਆੜ੍ਹਤ, ਬਣ ਬਣ ਗੁਰੂ ਹੱਟ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਵਿਚ ਛੁਪਾਈਆ। ਧਰੂ ਸੁਣ ਸੱਜਣ, ਸਹਿਜ ਸਹਿਜ ਸੁਣਾਵਾਂ। ਜਿਸ ਨੂੰ ਕਹਿੰਦੇ ਪਰਦੇ ਕੱਜਣ, ਸੋ ਬਣਿਆ ਫਿਰੇ ਨਿਥਾਵਾਂ। ਸਾਨੂੰ ਲੌਦਾਂ ਰਿਹਾ ਅਜਣ ਪਜਣ, ਬਿਨ ਭਗਤੀਉਂ ਕਲਜੁਗ ਅੰਤਮ ਪਕੜੇ ਬਾਂਹਵਾਂ। ਦਰ ਦਰ ਘਰ ਘਰ ਕਰਾਏ ਸਾਚਾ ਮਜਨ, ਕਹੇ ਬਿਨ ਤੀਰਥ ਗੁਰਮੁਖ ਆਪ ਨੁਹਾਵਾਂ। ਕਰ ਦਰਸ ਹਰਿਜਨ ਰੱਜਣ, ਮੈਂ ਹਰਿਜਨ ਦਰਸਨ ਪਾਵਾਂ। ਇਕ ਦਵਾਰੇ ਬਹਿ ਬਹਿ ਸਜਣ, ਲੱਖ ਲੱਖ ਸ਼ੁਕਰ ਮਨਾਵਾਂ। ਇਕ ਦੂਜੇ ਨੂੰ ਆਪਣਾ ਹਾਲ ਦੱਸਣ, ਗਲ ਵਿਚ ਪਾ ਪਾ ਬਾਂਹਵਾਂ। ਇਕ ਦੂਜੇ ਦੇ ਅੰਦਰ ਵਸਣ, ਇਕੋ ਰੰਗ ਵਖਾਵਾਂ। ਜੋ ਕੁਛ ਵੇਖਣ ਕੀ ਲੋਕਾਂ ਦੱਸਣ, ਕਿਹਨੂੰ ਕਿਹਨੂੰ ਸਮਝਾਵਾਂ। ਭਗਤ ਭਗਵੰਤ ਘਰ ਬਹਿ ਬਹਿ ਹੱਸਣ, ਨਿਤ ਨਿਤ ਵੇਖਣ ਜਾਵਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਥਾਵਾਂ। ਸੁਣ ਪ੍ਰਹਿਲਾਦ ਮੇਰੇ ਭਾਈ, ਮੈਂ ਅੱਜ ਦੀ ਦੱਸਾਂ ਗੱਲ। ਪੁਰਖ ਅਬਿਨਾਸ਼ੀ ਬਣਿਆ ਰਾਹੀ, ਕਰ ਗਿਆ ਵਲ ਛਲ। ਜਿਹਨੂੰ ਨਾਮਾ ਧੰਨਾ ਕਹੇ ਗੁਸਾਈਂ, ਵਸਣਹਾਰ ਮਹੱਲ ਅਟਲ। ਲੋਕਮਾਤ ਨਿਥਾਵਿਆਂ ਪਕੜੇ ਬਾਂਹੀਂ, ਗ਼ਰੀਬਾਂ ਅੰਦਰ ਗਿਆ ਰਲ। ਸ਼ਾਹ ਪਾਤਸ਼ਾਹ ਮਾਰਨ ਧਾਹੀਂ, ਕਲਜੁਗ ਸੰਤਾਂ ਮਿਲਿਆ ਨਾ ਕੋਈ ਫਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਬਚਲ। ਧਰੂ ਛੱਡ ਪ੍ਰਭ ਦਾ ਖਹਿੜਾ, ਅੰਤ ਕਿਸੇ ਨਾ ਪਾਇਆ। ਕੋਈ ਕਹੇ ਚੰਗਾ ਕੋਈ ਕਹੇ ਭੈੜਾ, ਭੈੜਿਆਂ ਅੰਦਰ ਆਪ ਸਮਾਈਆ। ਸਾਧ ਸੰਤ ਕਲਜੁਗ ਅੰਤ ਜੰਗਲ ਜੂਹ ਪਹਾੜਾਂ ਪਰਬਤਾਂ ਉਤੇ ਲੱਭਣ ਪ੍ਰਭ ਦੀਆਂ ਪੈੜਾਂ, ਖੁਰਾ ਖੋਜ ਨਜ਼ਰ ਕਿਸੇ ਨਾ ਆਇਆ। ਮੰਦਰ ਮਠ ਬਹਿ ਬਹਿ ਕਰ ਗਵੇੜ ਗੇੜਿਆ ਗੇੜਾ, ਮਨ ਮਨ ਨਾਲ ਮਤਾ ਪਕਾਇਆ। ਲੋਕਾਂ ਕਹਿਣ ਪ੍ਰਭ ਵਸਿਆ ਮੇਰੇ ਵੇਹੜਾ, ਕਾਇਆ ਮੰਦਰ ਵਿਚ ਬਹਾਇਆ। ਮਨ ਮਤੀਆ ਮਨ ਮਮਤਾ ਨਾਲ ਲੇੜ੍ਹਾ, ਕਾਮ ਕ੍ਰੋਧ ਲੋਭ ਖ਼ਜ਼ਾਨਾ ਅੰਦਰ ਭਰਾਇਆ। ਸਤਿਗੁਰ ਪੂਰਾ ਮਾਰੇ ਇਕ ਲਫੇੜਾ, ਦੇਵੇ ਮੁਖ ਭਵਾਇਆ। ਕਿਉਂ, ਨਾਂ ਜੂ ਰੱਖਿਆ ਸਿੰਘ ਸ਼ੇਰਾ, ਸ਼ੇਰ ਹੋ ਕਿਉਂ ਭੈ ਰਖਾਇਆ। ਲੱਖ ਚੁਰਾਸੀ ਪਾਏ ਘੇਰਾ, ਆਪ ਆਪਣਾ ਹੁਕਮ ਸੁਣਾਇਆ। ਬਿਨ ਭਗਤੀ ਬੰਨ੍ਹੇਂ ਭਗਤਾਂ ਬੇੜਾ, ਆਪ ਆਪਣੇ ਕੰਧ ਉਠਾਇਆ। ਲੋਕਮਾਤ ਕਰਕੇ ਵੱਡਾ ਜੇਰਾ, ਆਪਣਾ ਪਰਦਾ ਆਪ ਚੁਕਾਇਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਕਰਦਾ ਰਿਹਾ ਹੇਰਾ ਫੇਰਾ, ਆਪਣਾ ਰਾਗ ਨਾ ਕਿਸੇ ਸੁਣਾਇਆ। ਗੁਰ ਅਵਤਾਰਾਂ ਕਰ ਕਰ ਮਿਹਰਾਂ, ਆਪਣਾ ਰਾਹ ਚਲਾਇਆ। ਪੀਰ ਪੈਗ਼ੰਬਰ ਕਹਿ ਕਹਿ ਗਏ ਮੈਂ ਤੇਰਾ, ਤੇਰੀ ਕ਼ੁਦਰਤ ਮੇਰੇ ਖ਼ੁਦਾਇਆ । ਕਲਜੁਗ ਅੰਤਮ ਪੁਰਖ ਅਬਿਨਾਸ਼ੀ ਵਸਾਇਆ ਖੇੜਾ, ਖੇੜੇ ਆਪਣਾ ਭਾਗ ਲਗਾਇਆ। ਜਿਸ ਨੂੰ ਗੋਬਿੰਦ ਕਹੇ ਨੇੜਾ, ਸੋ ਗੋਬਿੰਦ ਸੰਗ ਰਖਾਇਆ। ਗੋਬਿੰਦ ਮਨ ਚਾਓ ਘਨੇਰਾ, ਘਰ ਪੁਰਖ ਅਕਾਲ ਸੁਹਾਇਆ। ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਰੰਗ ਨਜ਼ਰ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪਣੇ ਘਰ, ਘਰ ਮੰਦਰ ਸੋਭਾ ਪਾਇਆ। ਪ੍ਰਹਿਲਾਦ ਵੇਖ ਸਚਖੰਡ, ਸਚਖੰਡ ਵਸੇ ਨਿਰੰਕਾਰਾ। ਧਰੂ ਕਹੇ ਮੇਰੇ ਵੰਡੇ ਆਈ ਵੰਡ, ਰਹਿਣਾ ਚਰਨ ਦਵਾਰਾ। ਮੇਰੇ ਨੈਣ ਨਾ ਤੱਕਣ ਕੋਟਨ ਬ੍ਰਹਿਮੰਡ, ਦੋਏ ਜੋੜ ਕਰਾਂ ਨਿਮਸਕਾਰਾ। ਮੈਂ ਨਾਤਾ ਛੱਡਿਆ ਜੇਰਜ ਅੰਡ, ਜਗਤ ਜਹਾਨੋਂ ਕੀਆ ਕਿਨਾਰਾ। ਮੇਰਾ ਮੁਕਿਆ ਰੰਡੇਪਾ ਰੰਡ, ਮਿਲਿਆ ਪੁਰਖ ਭਤਾਰਾ। ਮੇਰੇ ਸੀਨੇ ਪਈ ਠੰਡ, ਠੰਡਾ ਹੋਇਆ ਮੇਰਾ ਅੰਗਿਆਰਾ। ਮੇਰੀ ਨੰਗੀ ਨਾ ਹੋਵੇ ਕੰਡ, ਸਿਰ ਮੇਰੇ ਪਰਵਰਦਿਗਾਰਾ। ਚਰਨ ਕਵਲ ਪਰਮਾਨੰਦ, ਆਦਿ ਜੁਗਾਦਿ ਰਹੇ ਖ਼ੁਮਾਰਾ। ਮੈਂ ਗਾਵਾਂ ਸੋਹੰ ਛੰਦ, ਦੂਜਾ ਹੋਰ ਨਾ ਕੋਈ ਵਿਹਾਰਾ। ਹੇ ਭਗਵਾਨ ਮੇਰੇ ਵਿਚ ਨਾ ਰੱਖੀਂ ਕੰਧ, ਮੈਂ ਕਰਦਾ ਰਹਾਂ ਦੀਦਾਰਾ। ਵੇਖੀਂ ਲੋਕਮਾਤ ਕਿਸੇ ਖ਼ਾਨੇ ਨਾ ਕਰੀਂ ਬੰਦ, ਨਾ ਜਾਵਾਂ ਮਸਜਿਦ ਗੁਰੂਦਵਾਰਾ। ਮੁੜ ਕੇ ਨਾ ਨਾਂ ਜਪਾਂ ਬੱਤੀ ਦੰਦ, ਰਸਨਾ ਜਿਹਵਾ ਨਾ ਕੋਇ ਜੈਕਾਰਾ। ਇਕ ਵਾਰ ਜੇ ਮੁਕਿਆ ਪੰਧ, ਪਾਇਆ ਤੇਰਾ ਦਵਾਰਾ। ਮੇਰੀ ਮੇਰੇ ਲੈਣੀ ਗੰਢ, ਮੈਂ ਤੇਰਾ ਤੂੰ ਮੇਰਾ ਤੂੰ ਹੀ ਢੋਲਾ ਤੂੰ ਹੀ ਵਿਚੋਲਾ ਤੂੰ ਹੀ ਮੇਲਣਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣਾ ਇਕ ਸਹਾਰਾ। ਧਰੂ ਸਹਾਰਾ ਦੇਵਾਂ ਜ਼ਰੂਰ, ਹਰਿ ਜੂ ਆਖ ਸੁਣਾਈਆ। ਲੋਕਮਾਤ ਵੇਖ ਕੀ ਮਚਿਆ ਫ਼ਤੂਰ, ਭਰਮੇ ਭੁੱਲੀ ਸਰਬ ਲੋਕਾਈਆ। ਤ੍ਰੈਗੁਣ ਤਪਿਆ ਇਕ ਤੰਦੂਰ, ਪੰਜ ਤਤ ਰਿਹਾ ਜਲਾਈਆ। ਕਾਇਆ ਗੜ੍ਹ ਬਣਿਆ ਗ਼ਰੂਰ, ਗ਼ੁਰਬਤ ਭਰੀ ਸਰਬ ਲੋਕਾਈਆ। ਪੀਰ ਪੈਗ਼ੰਬਰ ਮੰਗਣ ਹੂਰਾਂ ਹੂਰ, ਆਪਣੀ ਹਿਰਸ ਵਧਾਈਆ। ਮੂਸਾ ਤੱਕ ਕੇ ਮੇਰਾ ਨੂਰ, ਮੁਖ ਆਪਣਾ ਗਿਆ ਭੰਨਾਈਆ। ਮੁੜ ਕੇ ਮੰਗਿਆ ਨਾ ਫੇਰ ਸਰੂਰ, ਸ਼ਰਅ ਵਿਚ ਲਈ ਵਡਿਆਈਆ। ਸੁਫ਼ਨ ਵਿਚ ਕੀਤਾ ਕ਼ਸੂਰ, ਕਵਾਰ ਕੰਨਿਆ ਇਕ ਪਰਨਾਈਆ। ਵੇਖਣਹਾਰਾ ਹਾਜ਼ਰ ਹਜ਼ੂਰ, ਹਜ਼ਰਤ ਇਕੋ ਸ਼ਹਿਨਸ਼ਾਹੀਆ। ਜਿਸ ਦਾ ਪੜ੍ਹਦੇ ਹਜ਼ਾਰਾ ਦਰੂਦ, ਇਸਮੇ ਆਜ਼ਮ ਰਹੇ ਮਨਾਈਆ। ਜਿਸ ਦਾ ਮੰਨਦੇ ਰਹੇ ਦਸਤੂਰ, ਦਸਤਯਾਬ ਇਕ ਖ਼ੁਦਾਈਆ। ਸੋ ਸਾਹਿਬ ਸਰਬ ਗੁਣਾਂ ਭਰਪੂਰ, ਜਲਵਾ ਨੂਰ ਨੂਰ ਡਗਮਗਾਈਆ। ਅੰਤਮ ਲਹਿਣਾ ਦੇਣਾ ਦਏ ਜ਼ਰੂਰ, ਜ਼ਰੂਰਤ ਸਭ ਦੀ ਪੂਰ ਕਰਾਈਆ। ਮੁਰੀਦ ਮੁਰਸ਼ਦਾਂ ਰਹੇ ਘੂਰ, ਵੇਲਾ ਵਕ਼ਤ ਦਏ ਗਵਾਹੀਆ। ਮੁਰਸ਼ਦ ਵਖਾਏ ਨਾ ਕੋਇ ਜ਼ਹੂਰ, ਜ਼ੱਰਾ ਨੂਰ ਨਾ ਕੋਇ ਰੁਸ਼ਨਾਈਆ। ਮੁਰੀਦ ਮੁਰਸ਼ਦ ਦੋਵੇਂ ਪਏ ਹਦੂਦ, ਆਪਣੀ ਹੱਦ ਗਏ ਭੁਲਾਈਆ। ਕੋਈ ਨਾ ਪਹੁੰਚੇ ਮੰਜ਼ਲੇ ਮਕ਼ਸੂਦ, ਆਪਣਾ ਪੰਧ ਮੁਕਾਈਆ। ਨਜ਼ਰ ਨਾ ਆਏ ਸੱਚਾ ਮਹਿਬੂਬ, ਮਿਲ ਮਿਲ ਖ਼ੁਸ਼ੀ ਨਾ ਕੋਈ ਮਨਾਈਆ। ਜਿਸ ਨੂੰ ਕਹਿ ਕਹਿ ਗਏ ਯਕੂਬ, ਜਾਬਰ ਜਬਰ ਬੇਪਰਵਾਹੀਆ। ਕਿਸੇ ਹੱਦ ਅੰਦਰ ਨਾ ਹੋਇਆ ਮਹਿਦੂਦ, ਬੰਦੀਖ਼ਾਨਾ ਨਾ ਕੋਈ ਰਖਾਈਆ। ਆਦਿ ਜੁਗਾਦਿ ਨਾ ਹੋਏ ਨੇਸਤੋ ਨਾਬੂਦ, ਬੇਪਰਵਾਹ ਬੇਪਰਵਾਹੀਆ। ਆਪਣੇ ਘਰ ਸਦਾ ਮੌਜੂਦ, ਮੁਜਰਾ ਅੱਠੇ ਪਹਿਰ ਲਗਾਈਆ। ਕਰੇ ਖੇਲ ਆਪ ਬਹੁ ਰੂਪ, ਕੋਟਨ ਕੋਟ ਰੂਪ ਵਟਾਈਆ। ਆਪੇ ਹੋਏ ਸਤਿ ਸਰੂਪ, ਸਹੀ ਸਲਾਮਤ ਆਪਣਾ ਨਾਉਂ ਰਖਾਈਆ। ਆਪੇ ਹੋਏ ਸ਼ਾਹੋ ਭੂਪ, ਰਾਜ ਰਾਜਾਨ ਵਡੀ ਵਡਿਆਈਆ। ਆਪੇ ਵਸੇ ਆਪਣੇ ਕੋਟ, ਆਪਣਾ ਹੁਜਰਾ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਈਆ। ਉਠੋ ਪੀਰੋ ਵੇਖੋ ਮਲਕ, ਮਾਲਕ ਮਖ਼ਲੂਕ ਅਖਵਾਇੰਦਾ। ਜਿਸ ਨਾਲ ਰੱਖਦੇ ਆਏ ਤੁਅਲਕ, ਸੋ ਤਲਾਕ ਹੱਥ ਫੜਾਇੰਦਾ। ਜਿਸ ਦਾ ਸਹਾਰਾ ਤੱਕਿਆ ਉਪਰ ਫ਼ਲਕ, ਫ਼ਰਸ਼ ਸੀਸ ਨਿਵਾਇੰਦਾ। ਸੋ ਸਾਹਿਬ ਕਲਜੁਗ ਅੰਤਮ ਲੋਕਮਾਤ ਦੇਵੇ ਝਲਕ, ਝਾਕੀ ਆਪਣੀ ਆਪ ਵਖਾਇੰਦਾ। ਜਿਸ ਨੂੰ ਕਹਿੰਦੇ ਧਾਮ ਬੈਤੁਲਮੁਕ਼ੱਦਸ, ਸੋ ਆਪਣਾ ਧਾਮ ਸੁਹਾਇੰਦਾ। ਜਿਸ ਨੂੰ ਕਹਿੰਦੇ ਰਹੇ ਸਈਦੁਲਵਕ਼ਤ, ਸੋ ਸਾਹਿਬ ਆਪਣਾ ਵਕ਼ਤ ਵੇਖ ਵਖਾਇੰਦਾ। ਜਿਸ ਨੂੰ ਕਹਿੰਦੇ ਰਹੇ ਬਿਨ ਬੂੰਦ ਰਕਤ, ਆਲਮੀਨ ਨੂਰ ਰਖਾਇੰਦਾ। ਜਿਸ ਨੂੰ ਕਹਿੰਦੇ ਰਹੇ ਉਹਦੀ ਨਜ਼ਰ ਨਾ ਆਏ ਹਰਕਤ, ਔਦਾਂ ਜਾਂਦਾ ਨਾ ਕੋਈ ਵੇਖ ਵਖਾਇੰਦਾ। ਜਿਸ ਨੂੰ ਕਹਿੰਦੇ ਸਭ ਓਹਦੀ ਬਰਕਤ, ਸੋ ਬੁਰਕਾ ਆਪਣਾ ਲਾਹਿੰਦਾ। ਜਿਸ ਦੀ ਕਿਸੇ ਨਾਲ ਨਾ ਸ਼ਰਕਤ, ਲਾਸ਼ਰੀਕ ਖੇਲ ਖਿਲਾਇੰਦਾ। ਜਿਸ ਦੀ ਕੋਈ ਨਾ ਮੇਟੇ ਫ਼ਿਤਰਤ, ਫ਼ਿਕਰਾ ਪੜ੍ਹ ਨਾ ਕੋਈ ਮਾਤ ਮਿਟਾਇੰਦਾ। ਜਿਸ ਦੀ ਕੋਈ ਨਾ ਮੇਟੇ ਹਸਰਤ, ਸੋ ਸਾਹਿਬ ਖੇਲ ਖਿਲਾਇੰਦਾ। ਜੋ ਪੀਰ ਪੈਗ਼ੰਬਰ ਕਰੌਦਾ ਰਿਹਾ ਕਸਰਤ, ਇਕ ਦੂਜੇ ਨਾਲ ਘੁਲਾਇੰਦਾ। ਸੋ ਸਭ ਦੀ ਵੇਖੇ ਹਸਰਤ, ਆਪਣੇ ਹੁਜਰੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਸਮਾਇੰਦਾ। ਪੀਰ ਪੀਰੋ ਕਰੋ ਕਾਨ, ਅਨਾਦੀ ਧੁਨ ਸੁਣਾਈਆ। ਜਿਸ ਦੀ ਪੜ੍ਹਦੇ ਆਏ ਕਲਾਮ, ਸੋ ਕਲਮਾ ਰਿਹਾ ਸੁਣਾਈਆ। ਜਿਸ ਦਾ ਸੁਣਦੇ ਰਹੇ ਪੈਗ਼ਾਮ, ਸੋ ਪੈਗ਼ਾਮ ਦੇਵੇ ਸੱਚਾ ਮਾਹੀਆ। ਜਿਸ ਦਾ ਮੰਨਦੇ ਰਹੇ ਈਮਾਨ, ਸੋ ਆਪਣਾ ਈਮਾਨ ਆਪ ਧਰਾਈਆ। ਜਿਸ ਦੀ ਸਿਫ਼ਤ ਕਰੇ ਜ਼ਬਾਨ, ਸੋ ਸਿਫ਼ਤੀ ਸਿਫ਼ਤ ਸਲਾਹੀਆ। ਜਿਸ ਨੂੰ ਕੂਕ ਕੂਕ ਸੁਣੌਦੇ ਵਿਚ ਮਸਜਿਦ ਮਕਾਨ, ਸੋ ਮਸਲਾ ਹਲ ਕਰਾਈਆ। ਜਿਸ ਦਾ ਵਿਛਾ ਮਸੱਲਾ ਕਰਦੇ ਰਹੇ ਧਿਆਨ, ਸੋ ਆਪਣਾ ਧਿਆਨ ਲਗਾਈਆ। ਜਿਸ ਨੂੰ ਨਿਉਂ ਨਿਉਂ ਕਰਦੇ ਰਹੇ ਸਲਾਮ, ਸੋ ਸਹੀ ਸਲਾਮਤ ਫੇਰਾ ਪਾਈਆ। ਜਿਸ ਨੂੰ ਕਹਿੰਦੇ ਰਹੇ ਬਾਗ਼ਬਾਨ, ਚੌਦਾਂ ਤਬਕਾਂ ਬੂਟਾ ਲਾਈਆ। ਜਿਸ ਨੂੰ ਕਹਿੰਦੇ ਮਿਹਰਬਾਨ, ਰਹਿਮਤ ਆਪਣੀ ਆਪ ਕਮਾਈਆ। ਆਪਣੀ ਕਿਰਪਾ ਲਾਇਆ ਇਕ ਸਾਇਬਾਨ, ਰੱਸਾ ਵੰਝ ਨਾ ਕੋਈ ਰਖਾਈਆ। ਵੇਖੋ ਬਿਨ ਕਲਮੇ ਦੇਵੇ ਗਿਆਨ, ਸ਼ਰਅ ਸ਼ਰੀਯਤ ਨਾ ਕੋਈ ਬੰਧਾਈਆ। ਭਗਤਾਂ ਦੇਵੇ ਦਾਨ, ਬਣ ਦਾਨੀ ਸੱਚਾ ਮਾਹੀਆ। ਬਿਨ ਨਬੀਉਂ ਕਰੇ ਪਛਾਣ, ਕੋਈ ਰਸੂਲ ਨਾ ਨਾਲ ਰਲਾਈਆ। ਮੁਲਾ ਮੁਸਾਇਕ ਸ਼ੇਖ਼ ਨਾ ਕੋਈ ਕਲਾਮ, ਅਫਲ ਯੇ ਨਾ ਕੋਈ ਪੜ੍ਹਾਈਆ। ਨੁਕਤਾ ਨੂਨ ਨਾ ਕੋਈ ਨਿਸ਼ਾਨ, ਗੂੰਨਾ ਰੂਪ ਨਾ ਕੋਈ ਵਟਾਈਆ। ਹਮਜ਼ਾ ਰੂਪ ਆਪ ਮਿਹਰਵਾਨ, ਅੰਗ ਨਾਲ ਅੰਗ ਨਾ ਕੋਈ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਖਿਲਾਈਆ। ਉਠੋ ਪੀਰੋ ਵੇਖੋ ਦਸਤਗੀਰ, ਦਸਤ ਬਦਸਤ ਖੇਲ ਖਿਲਾਇੰਦਾ। ਨਾ ਕੋਈ ਅਲਫੀ ਨਾ ਕੋਈ ਚੀਰ, ਖ਼ਾਕੀ ਤਨ ਨਾ ਕੋਈ ਰਖਾਇੰਦਾ। ਨਾ ਕੋਈ ਸ਼ਰਅ ਨਾ ਜ਼ੰਜੀਰ, ਨਾ ਕੋਈ ਕਾਤਬ ਕ਼ਲਮ ਚਲਾਇੰਦਾ। ਨਾ ਕੋਈ ਆਇਤ ਕ਼ੁਰਾਨ ਅੰਜੀਲ, ਲੇਖਾ ਲੇਖ ਨਾ ਕੋਇ ਵਖਾਇੰਦਾ। ਬਿਨ ਪੜ੍ਹਿਆਂ ਦੇਵੇ ਦਲੀਲ, ਦਿਲਬਰ ਆਪਣੇ ਰੰਗ ਰੰਗਾਇੰਦਾ। ਨਾ ਕੋਈ ਕਿਲਾ ਕੋਟ ਫ਼ਸੀਲ, ਚਾਰ ਦੀਵਾਰ ਨਾ ਕੋਇ ਵਖਾਇੰਦਾ। ਨਾ ਕੋਈ ਦਰਵਾਜ਼ਾ ਕਰੇ ਸੀਲ, ਉਪਰ ਮੁਹਰ ਨਾ ਕੋਇ ਲਗਾਇੰਦਾ। ਨਾ ਕੋਈ ਬਸਤਰ ਪਹਿਰੇ ਨੀਲ, ਰੰਗ ਬਰੰਗ ਨਾ ਕੋਇ ਕਰਾਇੰਦਾ। ਉਮਤ ਵੇਖੇ ਇਕ ਕੁਚੀਲ, ਚਾਰ ਕੁੰਟ ਫੇਰਾ ਪਾਇੰਦਾ। ਵੇਖਣਹਾਰਾ ਖ਼ਲਕ਼ ਖ਼ਲੀਲ, ਖ਼ਲਲ ਆਪਣਾ ਆਪ ਮਚਾਇੰਦਾ। ਉਫ਼ ਹਾਏ ਮੁਹੰਮਦ ਕਹੇ ਮੇਰੀ ਮੰਨੇ ਨਾ ਕੋਇ ਅਪੀਲ, ਮੇਰੀ ਕੀਤੀ ਸਭ ਉਲਟਾਇੰਦਾ। ਮੇਰੀ ਨੱਯਾ ਡੁੱਬੀ ਮੇਰੀ ਝੀਲ, ਕਿਨਾਰਾ ਪਾਰ ਨਾ ਕੋਇ ਵਖਾਇੰਦਾ। ਜਿਉਂ ਅਰਜਨ ਫੜਿਆ ਭੀਲ, ਬਿਨ ਕ੍ਰਿਸ਼ਨਾ ਨਾ ਕੋਇ ਛੁਡਾਇੰਦਾ। ਮੇਰੀ ਕੋਈ ਨਾ ਚਲੇ ਦਲੀਲ, ਮੇਰਾ ਦਿਲ ਨਾ ਧੀਰ ਧਰਾਇੰਦਾ। ਮੇਰੀ ਇਕੋ ਅਰਜ਼ ਅਖ਼ੀਰ, ਗੁਫ਼ਤ ਸ਼ੁਨੀਦ ਆਪ ਕਰਾਇੰਦਾ। ਮੈਂ ਮੰਗਾਂ ਤੇਰੀ ਦੀਦ, ਦੂਜਾ ਚੰਦ ਨਾ ਮੋਹੇ ਸੁਖਾਇੰਦਾ। ਮੈਂ ਤੇਰੀ ਕਰਾਂ ਬਕਰੀਦ, ਆਪਣਾ ਸੀਸ ਕਟਾਇੰਦਾ। ਇਕ ਲਿਖ ਕੇ ਦੇ ਦੇ ਰਸੀਦ, ਮੈਂ ਤੇਰਾ ਤੂੰ ਮੇਰਾ ਤੇਰਾ ਰਸੀਦਾ ਮੋਹੇ ਭਾਇੰਦਾ। ਤੂੰ ਸਾਹਿਬ ਸੱਚਾ ਬਈਦ, ਮੈਂ ਬੇਈਮਾਨ ਤੇਰੇ ਦਰ ਸ਼ਰਮਾਇੰਦਾ। ਪੁੱਠੇ ਕੰਨ ਪਕੜ ਪਕੜੀ ਨਸੀਹਤ, ਮਸੀਤ ਫੇਰਾ ਕਦੇ ਨਾ ਪਾਇੰਦਾ। ਮੈਂ ਗਾਵਾਂ ਤੇਰੇ ਗੀਤ, ਮੇਰੇ ਖ਼ੁਦਾਵੰਦ ਤੇਰਾ ਦਰ ਮੋਹੇ ਭਾਇੰਦਾ। ਮੈਂ ਤੱਕ ਕੇ ਆਇਆ ਆਪਣੀ ਉਮਤ ਨੀਤ, ਨੀਤੀਵਾਨ ਨਜ਼ਰ ਕੋਇ ਨਾ ਆਇੰਦਾ। ਮੈਂ ਹਾਰਿਆ ਤੂੰ ਗਿਆ ਜੀਤ, ਆਪਣੀ ਭੁਲ ਬਖ਼ਸ਼ਾਇੰਦਾ। ਮੈਂ ਕੀ ਜਾਣਾਂ ਤੂੰ ਸਦਾ ਅਨਡੀਠ, ਬਿਨ ਕਿਰਪਾ ਨਜ਼ਰ ਨਾ ਆਇੰਦਾ। ਕਰਵਟ ਲੈ ਨਾ ਬਦਲੀ ਪੀਠ, ਪਿਛਾ ਤੇਰਾ ਨਾ ਮੋਹੇ ਸੁਖਾਇੰਦਾ। ਮੈਂ ਬਣ ਕੇ ਆਇਆ ਢੀਠ, ਤੇਰੇ ਅੱਗੇ ਝੋਲੀ ਡਾਹਿੰਦਾ। ਮੈਂ ਹੋਇਆ ਕੌੜਾ ਰੀਠ, ਬਿਨ ਤੇਰੇ ਰਸ ਨਾ ਕੋਇ ਭਰਾਇੰਦਾ। ਮੈਂ ਸੁਣਿਆ ਤੂੰ ਠੱਗਾਂ ਬਣੇਂ ਮੀਤ, ਚੋਰਾਂ ਗਲੇ ਲਗਾਇੰਦਾ। ਕੀ ਹੋਇਆ ਤੇਰੇ ਭੁਲਿਆਂ ਭੁੱਲੀ ਮੇਰੀ ਨੀਤ, ਤੂੰ ਅਭੁਲ ਮੇਰੀ ਭੁਲ ਨਹੀਂ ਕਿਉਂ ਬਖ਼ਸ਼ਾਇੰਦਾ। ਤੇਰਾ ਕਰ ਦਰਸ ਜੇ ਨਾ ਹੋਵਾਂ ਠੰਡਾ ਸੀਤ, ਮੇਰੀ ਅਗਨ ਨਾ ਕੋਇ ਬੁਝਾਇੰਦਾ। ਮੇਰਾ ਕਾਅਬਾ ਤੇਰੇ ਬਿਨਾਂ ਪਲੀਤ, ਪਾਕੀ ਪਾਕ ਨਾ ਕੋਇ ਅਖਵਾਇੰਦਾ। ਵੇਖ ਮੇਰਾ ਵੇਲਾ ਰਿਹਾ ਬੀਤ, ਵੇਲਾ ਗਿਆ ਹੱਥ ਨਹੀਂ ਆਇੰਦਾ। ਮੇਰੀ ਤੋੜ ਨਾ ਦਰ ਪ੍ਰੀਤ, ਪ੍ਰੀਤੀਵਾਨ ਤੂੰ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸੱਚਾ ਵਰ, ਝੋਲੀ ਅਗੇ ਡਾਹਿੰਦਾ। ਸੁਣ ਮੁਹੰਮਦ ਮੇਰੇ ਠੱਗ, ਤੇਰੀ ਠੱਗੀ ਮੇਰੀ ਵਡਿਆਈਆ। ਤੂੰ ਫਿਰ ਕੇ ਆਇਆ ਜਗ, ਤੇਰੀ ਜੁਗਤ ਮੇਰੀ ਚਤੁਰਾਈਆ। ਤੂੰ ਲਾ ਕੇ ਆਇਆ ਅੱਗ, ਤੇਰੀ ਅੱਗ ਮੇਰੀ ਰੁਸ਼ਨਾਈਆ। ਤੂੰ ਬਣਾ ਕੇ ਆਇਆ ਜੀਵ ਕਗ, ਮੈਂ ਡਾਰ ਰਿਹਾ ਉਡਾਈਆ। ਤੂੰ ਲਾ ਕੇ ਆਇਆ ਧੱਕ, ਮੈਂ ਧੱਕਾ ਦਿਆਂ ਲਗਾਈਆ। ਤੂੰ ਲਾਹ ਕੇ ਆਇਆ ਸੱਕ, ਮੈਂ ਜੜ੍ਹ ਦਿਆਂ ਕਟਾਈਆ। ਤੂੰ ਨਕੇਲ ਪਾ ਕੇ ਆਇਆ ਨੱਕ, ਮੈਂ ਚਾਰੋਂ ਕੁੰਟ ਦਿਆਂ ਨਚਾਈਆ। ਤੂੰ ਪਾ ਕੇ ਆਇਆ ਸ਼ੱਕ, ਉਮਤ ਵਿਚ ਲੁਕਿਆ ਸੱਚਾ ਮਾਹੀਆ। ਮੈਂ ਸਦਾ ਰਿਹਾ ਤੱਕ, ਆਪਣਾ ਨੈਣ ਨਾ ਬੰਦ ਕਰਾਈਆ। ਕਰਾਂ ਨਬੇੜਾ ਹੱਕੋ ਹੱਕ, ਹਕ਼ੀਕ਼ਤ ਮੇਰੇ ਹੱਥ ਹੱਥ ਵਿਚ ਡੋਰ ਬੰਧਾਈਆ। ਜਿਸ ਭਾਵਾਂ ਤਿਸ ਲਵਾਂ ਰੱਖ, ਰਹਿਮਤ ਆਪਣੀ ਆਪ ਕਮਾਈਆ। ਲੋਕ ਪਰਲੋਕ ਕਰਾਂ ਲਖੋਂ ਕੱਖ, ਕ਼ੀਮਤ ਕੋਇ ਨਾ ਪਾਈਆ। ਕੋਟਨ ਕੋਟ ਮੁਹੰਮਦ ਚਰਨਾਂ ਹੇਠਾਂ ਝੱਸ, ਚਰਨ ਚਰਨ ਨਾਲ ਰਗੜਾਈਆ। ਕੋਟਨ ਕੋਟ ਵਾਰ ਲੱਖ ਚੁਰਾਸੀ ਬਣਾਈ ਰਾਖ, ਮਿਟੀ ਖੇਹ ਨਾਲ ਮਿਲਾਈਆ। ਫਿਰ ਭੀ ਵੇਖਾਂ ਹੱਸ ਹੱਸ, ਗ਼ਮੀ ਖ਼ੁਸ਼ੀ ਨਾ ਕੋਇ ਜਣਾਈਆ। ਇਕ ਮਾਰਗ ਤੈਨੂੰ ਦੇਵਾਂ ਦੱਸ, ਹੋਰ ਸੁਣੇ ਨਾ ਕੋਇ ਲੋਕਾਈਆ। ਛੱਬੀ ਪੋਹ ਲੋਕਮਾਤ ਜਾਣਾ ਨੱਸ, ਰਾਹ ਵਿਚ ਨਾ ਕੋਇ ਅਟਕਾਈਆ। ਅਗੇ ਮਿਲੇ ਪੁਰਖ ਸਮਰਥ, ਆਪਣਾ ਆਸਣ ਲਾਈਆ। ਦੂਰ ਦੁਰਾਡਾ ਜੋੜੀਂ ਦੋਵੇਂ ਹੱਥ, ਨਿਉਂ ਨਿਉਂ ਸੀਸ ਝੁਕਾਈਆ। ਓਥੇ ਮੇਰੇ ਭਗਤਾਂ ਦਾ ਹੋਇਆ ਇਕੱਠ, ਮੇਰੇ ਸੰਗ ਖ਼ੁਸ਼ੀ ਮਨਾਈਆ। ਉਨ੍ਹਾਂ ਦੇ ਚਰਨੀਂ ਜਾਈਂ ਢੱਠ, ਜੋ ਤੇਰੀ ਦੇਣ ਗਵਾਹੀਆ। ਓਥੇ ਛੱਤੀ ਜੁਗ ਦਾ ਝੁੱਲੇ ਨਿਸ਼ਾਨ ਚਵ੍ਹੀ ਹੱਥ, ਭੇਵ ਕੋਇ ਨਾ ਪਾਈਆ। ਭਗਤ ਭਗਵੰਤ ਦੀ ਨੀਂਹ ਦਿਤੀ ਰਖ, ਨਾ ਸਕੇ ਕੋਇ ਉਖੜਾਈਆ। ਓਥੇ ਕਿਸੇ ਨਾ ਚਲੇ ਕੋਈ ਵਸ, ਬੇਵਸ ਸਰਬ ਲੋਕਾਈਆ। ਜੇ ਬਚਣਾ ਭਗਤਾਂ ਵਿਚ ਜਾਈਂ ਫਸ, ਜੇ ਕੋਈ ਕੱਢੇ ਬਾਹਰ ਨਿਕਲ ਕਦੇ ਨਾ ਜਾਈਆ। ਤੇਰੀ ਪੂਰੀ ਕਰਨ ਆਸ, ਸਾਹਿਬ ਤੁਠਾ ਸੱਚਾ ਮਾਹੀਆ। ਜੋ ਮੇਰੇ ਭਗਤਾਂ ਹੋਵੇ ਦਾਸ, ਤਿਸ ਆਪੇ ਲਏ ਬਚਾਈਆ। ਭਗਤ ਦਵਾਰਾ ਨਾ ਕੋਈ ਆਮ ਖ਼ਾਸ, ਖ਼ਾਸ ਏਸੇ ਲਈ ਬਣਾਈਆ। ਤੇਰਾ ਕੰਮ ਜੇ ਆਵੇ ਰਾਸ, ਮੇਰਾ ਵਿਗੜ ਕੁਝ ਨਾ ਜਾਈਆ। ਮੈਂ ਭਗਤਾਂ ਦਾ ਦਾਸ, ਤੂੰ ਭਗਤਾਂ ਸੇਵ ਕਮਾਈਆ। ਭਗਤਾਂ ਮੇਰੀ ਪੂਰੀ ਕਰੀ ਆਸ, ਲੋਕਮਾਤ ਵੱਜੀ ਵਧਾਈਆ। ਜੇ ਦੇ ਦੇਣ ਤੇਰਾ ਸਾਥ, ਤੇਰਾ ਹੌਲਾ ਭਾਰ ਕਰਾਈਆ। ਲੌਣਾ ਟਿੱਕਾ ਮਸਤਕ ਮਾਥ, ਪਿਛਲੀ ਧੋਣੀ ਲੱਗੀ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਸਚ ਸਲਾਹੀਆ। ਐਂ ਖ਼ੁਦਾ ਤੇਰੀ ਓਟ, ਮੇਰੇ ਪਰਵਰਦਿਗਾਰ। ਬਿਨ ਤੇਰੇ ਆਲ੍ਹਣਿਉਂ ਡਿਗਾ ਬੋਟ, ਨਾ ਕੋਈ ਮੇਰਾ ਯਾਰ। ਜਿਧਰ ਜਾਵਾਂ ਲੱਗੇ ਚੋਟ, ਹੋਇਆ ਬਹੁਤ ਖਵਾਰ। ਮੁਲਾ ਸ਼ੇਖ਼ ਮਸਾਇਕ ਕਸ ਖਲੋਤੇ ਲੰਗੋਟ, ਨਾਲ ਰਲਾਇਆ ਵਿਭਚਾਰ। ਵੁਜ਼ੂ ਕਰ ਨਾ ਨਿਕਲਿਆ ਖੋਟ, ਆਬ ਹਯਾਤ ਨਾ ਕੋਇ ਰਖਾਇਆ। ਜਗਤ ਪਿਆਲੇ ਪੀਤੇ ਘੋਟ, ਮਸਤੀ ਨਾਮ ਨਾ ਕੋਇ ਜਣਾਇਆ। ਹੋਟਾਂ ਨਾਲ ਲੱਗਣ ਹੋਂਟ, ਨਾਰੀ ਪੁਰਸ਼ ਰੰਗ ਚੜ੍ਹਾਇਆ। ਤੇਰੀ ਨਜ਼ਰ ਨਾ ਆਏ ਨੂਰੀ ਜੋਤ, ਨੂਰੀ ਬੈਠਾ ਮੁਖ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਬਿਧ ਤੇਰਾ ਦਰਸਨ ਪਾਇਆ। ਦਇਆ ਕਰ ਦਇਆ ਕਮਾ, ਰਹਿਮਤ ਰਹੀਮ ਰਹਿਮਾਨਾ। ਕਵਣ ਵੇਲਾ ਜਾਵਾਂ ਆ, ਕਰਾਂ ਆਣ ਸਲਾਮਾ। ਕਵਣ ਵੇਲਾ ਪਕੜੇਂ ਬਾਂਹ, ਭੁਜਾਂ ਨਾਲ ਮਿਲਾਵਣ ਬਾਂਹਵਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੈਂ ਹੋਇਆ ਅੰਤ ਨਿਥਾਵਾਂ। ਨਿਥਾਵਿਆਂ ਦੇਵਾਂ ਥਾਂ, ਆਦਿ ਜੁਗਾਦਿ ਮੇਰੀ ਵਡਿਆਈਆ। ਤੂੰ ਰੱਖਣਾ ਇਕ ਚਾਅ, ਚਾਓ ਘਨੇਰਾ ਇਕ ਸਮਝਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਲੈਣਾ ਗਾ, ਸਾਚਾ ਸੋਹਲਾ ਇਕ ਸੁਣਾਈਆ। ਹੌਲੀ ਹੌਲੀ ਆਪਣਾ ਪੈਂਡਾ ਲੈਣਾ ਮੁਕਾ, ਚੌਦਾਂ ਤਬਕਾਂ ਪਿਆਰ ਨਾ ਕੋਇ ਵਖਾਈਆ। ਏਕਾ ਓਟ ਲੈਣੀ ਤਕਾ, ਰਹਿਮਤ ਕਰ ਬੇਪਰਵਾਹੀਆ। ਏਕਾ ਸਦਾ ਲੈਣੀ ਲਗਾ, ਨਾਅਰਾ ਹਕ ਜਣਾਈਆ। ਤੇਰੇ ਚਰਨ ਹੋਇਆ ਫ਼ਿਦਾ, ਤੇਰੇ ਭਗਤਾਂ ਸੰਗ ਮਿਲਾਈਆ। ਮੈਂ ਹੋਵਾਂ ਨਾ ਕਦੇ ਜੁਦਾ, ਜਿਧਰ ਵੇਖਾਂ ਤੂੰ ਹੀ ਤੂੰ ਨਜ਼ਰੀ ਆਈਆ। ਗਲ ਵਿਚ ਪੱਲੂ ਲੈਣਾ ਪਾ, ਏਸੇ ਵਾਸਤੇ ਨਿਉਂ ਨਿਉਂ ਸਯਦਾ ਕਰਨਾ ਗਿਆ ਸਮਝਾਈਆ। ਕੰਨਾਂ ਵਿਚ ਉਂਗਲੀਆਂ ਲੈਣੀਆਂ ਟਿਕਾ, ਦੂਜੀ ਗੱਲ ਸੁਣਨ ਕੋਇ ਨਾ ਪਾਈਆ। ਛਾਤੀ ਉਤੇ ਹੱਥ ਲੈਣੇ ਟਿਕਾ, ਠੰਡ ਪਾਵੇ ਸਾਚਾ ਮਾਹੀਆ। ਦੋਵੇਂ ਗੋਡੇ ਲੈਣੇ ਝੁਕਾ, ਧਰਤੀ ਨਾਲ ਰਗੜਾਈਆ। ਸਯਦਾ ਕਰ ਕਰ ਲੈਣਾ ਮਨਾ, ਸਯਦ ਬਣ ਨਾ ਕੋਇ ਵਡਿਆਈਆ। ਬੇਖ਼ਬਰ ਨਾ ਹੋਏ ਖ਼ੁਦਾ, ਖ਼ਬਰ ਲਏ ਥਾਉਂ ਥਾਈਂਆ। ਬੇਸਬਰ ਪਿਆਲਾ ਦਏ ਰੁੜ੍ਹਾ, ਸਬਰ ਜਾਮ ਇਕ ਵਖਾਈਆ। ਇਜ਼ਤ ਆਬਰੂ ਜੋ ਆਇਆ ਗਵਾ, ਫੇਰ ਵੇਖੇ ਬੇਪਰਵਾਹੀਆ। ਬਣੇ ਨਵਾਬ ਸੱਚਾ ਸ਼ਹਿਨਸ਼ਾਹ, ਬਾਦੇ ਸਿਹਰ ਸੈਰ ਕਰਾਈਆ। ਦੋਏ ਜੋੜ ਮੰਗਣੀ ਪਨਾਹ, ਪਰਵਰਦਿਗਾਰ ਤੇਰੀ ਸਰਨਾਈਆ। ਭੁਲ ਕੇ ਦੇਣੀ ਨਾ ਕੋਈ ਸਲਾਹ, ਸਲਾਹ ਵਿਚ ਕਦੇ ਨਾ ਆਈਆ। ਜਿਨ੍ਹਾਂ ਦਾ ਬਣ ਕੇ ਆਇਉਂ ਮਲਾਹ, ਉਂਨ੍ਹਾਂ ਦਾ ਬੇੜਾ ਕੌਣ ਤਰਾਈਆ। ਅੰਤਮ ਕੰਢੀ ਬੈਠੇ ਆ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ। ਮੈਂ ਨਾ ਬਣਿਆ ਅੰਤ ਮਲਾਹ, ਮੁਹੰਮਦ ਬੋਲ ਸੁਣਾਇਆ। ਮੈਂ ਦੇ ਕੇ ਆਇਆ ਇਕ ਸਲਾਹ, ਸੁਣੇ ਲੋਕ ਸਬਾਇਆ। ਮੇਰੇ ਪਿਛੇ ਮੇਰਾ ਅਮਾਮ ਜਾਏ ਆ, ਮਹਿੰਦੀ ਆਪਣਾ ਰੰਗ ਰੰਗਾਇਆ। ਦਿਸ਼ਾ ਲਹਿੰਦੀ ਫੇਰਾ ਲਏ ਪਾ, ਮੁਖ ਨਕ਼ਾਬ ਪਰਦਾ ਆਪ ਚੁਕਾਇਆ। ਮੇਰੀ ਖ਼ਾਹਸ਼ ਅੱਲਾ ਰਾਣੀ ਭੁੱਲੀ ਲਏ ਮਨਾ, ਅਭੁਲ ਬੇਪਰਵਾਹਿਆ। ਆਪਣੀ ਕੁੱਲੀ ਦਏ ਵਖਾ, ਇਲਾਬੁਤ ਡੇਰਾ ਲਾਇਆ। ਸਿਰ ਚੁੰਨੀ ਦਏ ਟਿਕਾ, ਸਾਲੂ ਏਕਾ ਰੰਗ ਚੜ੍ਹਾਇਆ। ਜਗਤ ਰੁੱਲੀ ਲਏ ਉਠਾ, ਆਪ ਆਪਣੀ ਦਇਆ ਕਮਾਇਆ। ਕੋਈ ਰਸੂਲ ਨਾ ਬਣੇ ਗਵਾਹ, ਅਸੂਲ ਸਕੇ ਨਾ ਕੋਇ ਸਮਝਾਇਆ। ਮਕ਼ਤੂਲ ਕ਼ਾਤਲ ਫਸੇ ਆ, ਦੇਵੇ ਕੌਣ ਸਫ਼ਾਇਆ। ਬਾਤਨ ਜਮਾਲ ਇਕ ਖ਼ੁਦਾ, ਜ਼ਾਬਤਾ ਜ਼ਬਤ ਦਏ ਕਰਾਇਆ। ਫ਼ਾਤਹਾ ਪੜ੍ਹੇ ਦੋ ਜਹਾਂ, ਫ਼ਤਵਾ ਇਕੋ ਵਾਰ ਲਗਾਇਆ। ਚੌਦਾਂ ਤਬਕ ਨਾ ਸਕੇ ਸਿਰ ਉਠਾ, ਸਬਕ ਸਾਦਰ ਨਾ ਕੋਇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇਆ। ਮੇਰੀ ਦਲੀਲ ਵੇਖ ਖ਼ਾਹਸ਼, ਅੱਲਾ ਰਾਣੀ ਰਹੀ ਕੁਰਲਾਈਆ। ਅੰਤ ਹੋਈ ਪਾਸ਼ ਪਾਸ਼, ਜੋੜੀ ਜੋੜ ਨਾ ਕੋਇ ਵਖਾਈਆ। ਬਣ ਤਰਖਾਨ ਤੂੰ ਦਿਤੀ ਤਰਾਸ਼, ਸੱਥਾ ਤੇਸਾ ਹੱਥ ਉਠਾਈਆ। ਜਿਸ ਨੂੰ ਕਿਹਾ ਮੈਂ ਬੂਟਾ ਲਾਇਆ ਖ਼ਾਸ, ਤੂੰ ਜੜ੍ਹੋਂ ਕੱਟ ਵਖਾਈਆ। ਮੇਰੀ ਆਸਾ ਹੋਈ ਨਿਰਾਸ, ਨਿਰਦੋਸ਼ ਦਏ ਦੁਹਾਈਆ। ਮੈਂ ਕਿਸ ਦੇ ਵਸਾਂ ਪਾਸ, ਘਰ ਬਾਰ ਨਜ਼ਰ ਕੋਇ ਨਾ ਆਈਆ। ਨਾ ਕੋਈ ਸੌਹਰਾ ਨਾ ਕੋਈ ਸਾਸ, ਨਾ ਕੋਈ ਧੀ ਨਾ ਕੋਈ ਜਵਾਈਆ। ਨਾ ਕੋਈ ਮੀਆਂ ਬੀਵੀ ਰੱਖੇ ਪਾਸ, ਬੈਵਾ ਦਰ ਦਰ ਧੱਕੇ ਖਾਈਆ। ਜੇ ਸਾਹਿਬ ਚਾਹੇ ਸਿੰਘ ਗਰਧਾਰੇ ਨਾਲ ਮਿਲਾਏ ਰਾਸ, ਜੁਗ ਨਾਲ ਜੁਗ ਦਏ ਭਵਾਈਆ। ਜਿਸ ਦਾ ਭਗਤ ਨਾ ਹੋਵੇ ਨਾਸ, ਨਾਸ ਹੋਏ ਸਰਬ ਲੋਕਾਈਆ। ਸੋ ਮੇਰੀ ਪੂਰੀ ਕਰੇ ਖ਼ਾਹਸ਼, ਆਪਣੀ ਖ਼ਾਹਸ਼ ਨਾ ਕੋਇ ਰਖਾਈਆ। ਕਲਜੁਗ ਅੰਤ ਭਗਵੰਤ ਬਣ ਕੰਤ ਭਗਤਾਂ ਵਸਿਆ ਪਾਸ, ਮੇਰੀ ਸਾਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਘਰ ਸੋਭਾ ਪਾਈਆ। ਸਲਾਹ ਸਲਾਹ ਨਾਲ ਕਰੇ ਸਲਾਹ, ਸਲਾਹਗੀਰ ਨਾ ਕੋਇ ਰਖਾਇਆ। ਕੀ ਜਿਹੜਾ ਭਗਤਾਂ ਲਿਆ ਪਰਨਾ, ਮੈਨੂੰ ਦੇਵੇ ਦਰ ਦੁਰਕਾਇਆ। ਮੈਂ ਸੁਣਿਆ ਛੱਬੀ ਪੋਹ ਸੁਧਾਇਆ ਸਾਹ, ਲੋਕਮਾਤ ਖੇਲ ਰਚਾਇਆ। ਮੈਂ ਜਾ ਕੇ ਮੰਗਾਂ ਇਕ ਪਨਾਹ, ਚਰਨਾਂ ਵਿਚ ਸੀਸ ਟਿਕਾਇਆ। ਤੂੰ ਮੇਰਾ ਸੱਚਾ ਸ਼ਹਿਨਸ਼ਾਹ, ਮੈਂ ਤੇਰੀ ਬਰਦੀ ਥਾਉਂ ਕੋਇ ਨਜ਼ਰ ਨਾ ਆਇਆ। ਕਰ ਕਿਰਪਾ ਜੇ ਪਕੜੇ ਬਾਂਹ, ਮੇਰਾ ਪਿਛਲਾ ਦੁੱਖ ਦਏ ਭੁਲਾਇਆ। ਬੌਹੜੀ ਜੇ ਕਰ ਜਾਏ ਨਾ, ਚਾਰੇ ਕੂਟਾਂ ਥਾਂ ਕੋਇ ਨਜ਼ਰ ਨਾ ਆਇਆ। ਬਿਨ ਮਰਨੋਂ ਪਹਿਲਾਂ ਮਰ ਜਾਂ, ਆਪਣਾ ਤਨ ਮਨ ਭੇਟ ਚੜ੍ਹਾਇਆ। ਜੇ ਕੋਈ ਬਾਹਰ ਕਢੇ ਨਿਕਲਾਂ ਨਾ, ਜੋ ਮੇਰੇ ਸਾਹਿਬ ਮੰਦਰ ਬਣਾਇਆ। ਪੰਜਾਂ ਨਾਲ ਕਰੀ ਸਲਾਹ, ਜਿਸ ਦਾ ਨਾਨਕ ਲੇਖ ਲਿਖਾਇਆ। ਜਿਸ ਨੂੰ ਕਹਿੰਦੇ ਵਸੇ ਥਲਾਂ ਵਿਚ ਅਸਗਾਹ, ਸੋ ਸਾਚੇ ਘਰ ਸੋਭਾ ਪਾਇਆ। ਸਾਚਾ ਘਰ ਲਿਆ ਬਣਾ, ਆਪਣਿਆਂ ਭਗਤਾਂ ਨਾਲ ਰਲਾਇਆ। ਉਧਰ ਗੋਬਿੰਦ ਚੜ੍ਹਿਆ ਚਾ, ਪਹਿਲੀ ਚੇਤਰ ਰਾਹ ਤਕਾਇਆ। ਜੇ ਮਨੇ ਤੇ ਲਵਾਂ ਮਨਾ, ਇਕੋ ਮਾਣ ਰਖਾਇਆ। ਜੇ ਕਹੇ ਤੇ ਦੇਵਾਂ ਜੁਗ ਉਲਟਾ ਜੇ ਕਹੇ ਤਾਂ ਆਪਣੇ ਸੰਗ ਰਖਾਇਆ। ਮੈਂ ਭਾਣਾ ਮੰਨਾਂ ਸਦਾ ਰਜ਼ਾ, ਰਾਜ਼ੀ ਆਪਣਾ ਪੀਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਡ ਆਪ ਖਡਾਇਆ। ਕੀ ਖੇਡ ਤੈਨੂੰ ਲਗੇ ਚੰਗੀ, ਵਿਸ਼ਨ ਬ੍ਰਹਮਾ ਸ਼ਿਵ ਰਹੇ ਕੁਰਲਾਈਆ। ਤੂੰ ਵੇਖ ਸਾਡੀ ਇਕੋ ਤੰਗੀ, ਬਿਨ ਤੇਰੇ ਪਈ ਦੁਹਾਈਆ। ਤੇਰੀ ਆਤਮਾ ਪਰਮਾਤਮਾ ਹੋਈ ਭਾਗਾਂ ਮੰਦੀ, ਮੇਰੇ ਬ੍ਰਹਮ ਨਾ ਕੋਇ ਵਡਿਆਈਆ। ਤੇਰੀ ਸੁਆਣੀ ਹੋਈ ਰੰਡੀ, ਲੋਕਮਾਤ ਰਹੀ ਕੁਰਲਾਈਆ। ਕਿਸੇ ਨੱਕ ਨੱਥ ਕੰਨ ਨਾ ਦਿਸੇ ਡੰਡੀ, ਖੁੱਲੀ ਗੁੱਤ ਰਹੀ ਵਖਾਈਆ। ਨੈਣ ਸ਼ਰਮੌਣ ਸੂਰਜ ਚੰਦੀ, ਬੈਠੇ ਮੁਖ ਭੁਆਈਆ। ਰੈਣ ਅੰਧੇਰੀ ਹੋਈ ਅੰਧੀ, ਆਪਣਾ ਰੰਗ ਵਖਾਈਆ। ਤੇਰੇ ਜੀਵਾਂ ਵਾਸਨਾ ਹੋਈ ਗੰਦੀ, ਸੁਗੰਧੀ ਰੂਪ ਨਾ ਕੋਇ ਪਰਗਟਾਈਆ। ਕਾਮ ਕ੍ਰੋਧ ਪਾਈ ਫੰਦੀ, ਸਾਧ ਸੰਤ ਪੱਲੂ ਸਕੇ ਨਾ ਕੋਇ ਛੁਡਾਈਆ। ਸ਼ਾਹ ਸੁਲਤਾਨ ਹੋਏ ਘੁਮੰਡੀ, ਨਿਵਣ ਸੁ ਅੱਖਰ ਨਾ ਕੋਇ ਪੜ੍ਹਾਈਆ। ਸ੍ਰਿਸ਼ਟ ਸਬਾਈ ਬਾਢੀ ਤੇਰੇ ਬਿਨਾਂ ਉਚੀ ਨੀਵੀਂ ਨਾ ਜਾਏ ਰੰਦੀ, ਨਾ ਕਰੇ ਕੋਇ ਸਫ਼ਾਈਆ। ਤੇਰੇ ਹੱਥ ਸੂਤਰ ਤੰਦੀ, ਸਭ ਦਾ ਦੇਣਾ ਸੱਕ ਲਾਹੀਆ। ਤੇਰੇ ਹੱਥ ਤੇਸੀ ਕਾਂਡੀ, ਜਿਸ ਚਾਹੇਂ ਦੇਵੇਂ ਢਾਹ, ਜਿਸ ਚਾਹੇਂ ਲਏ ਬਣਾਈਆ। ਤੇਰੀ ਠੋਕਰ ਤੇਰੀ ਲੋਕਾਈ ਖਾਂਦੀ, ਠੋਕ ਠੋਕ ਵੇਖ ਸੱਚੇ ਮਾਹੀਆ। ਗੁਰਮੁਖ ਆਤਮਾ ਤੇਰੀ ਬਾਂਦੀ, ਦੋਏ ਨੈਣ ਰਹੀ ਸ਼ਰਮਾਈਆ। ਲੋਕਮਾਤ ਵਿਚੋਂ ਥੱਕੀ ਮਾਂਦੀ, ਚਰਨੀਂ ਸੀਸ ਰਹੀ ਟਿਕਾਈਆ। ਪ੍ਰਭ ਮੇਰੇ ਤੁਧ ਬਿਨ ਪਤ ਮੇਰੀ ਜਾਂਦੀ, ਨਾ ਹੋਏ ਕੋਇ ਸਹਾਈਆ। ਦੇਣਾ ਦਰਸ ਬਣ ਕੇ ਪਾਂਧੀ, ਪੰਧ ਆਪਣਾ ਆਪ ਮੁਕਾਈਆ। ਮੈਂ ਗੀਤ ਗੋਬਿੰਦ ਤੇਰੇ ਗਾਂਦੀ, ਇਕੋ ਗੁਣ ਜਣਾਈਆ। ਜੇ ਬਣ ਕੇ ਆਵੇਂ ਢਾਡੀ, ਤੇਰੀ ਵਾਰ ਸੁਣਾਂ ਚਾਈਂ ਚਾਈਆ। ਜੇ ਆਖੇਂ ਤੇ ਦੱਸਾਂ ਆਂਢੀ ਗਵਾਂਢੀ, ਨਹੀਂ ਤੇ ਉਂਗਲਾਂ ਕੰਨਾਂ ਵਿਚ ਪਾਈਆ। ਤੇਰੀ ਤੇਰੇ ਚਰਨਾਂ ਉਤੋਂ ਬਲਹਾਰ ਜਾਂਦੀ, ਬਲਹਾਰੀ ਗੁਰ ਗੁਰ ਸਤਿਗੁਰ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ। ਹਾਏ ਖੇਲ ਵਰਤੇ ਭਾਣਾ, ਲੋਕਮਾਤ ਕਵਣ ਵਰਤਾਈਆ। ਦੁਹਾਈ ਪੀਰ ਦਸਤਗੀਰ ਤਖ਼ਤੋਂ ਲਾਹੇ ਰਾਜਾ ਰਾਣਾ, ਰੁਲੇ ਸਰਬ ਲੋਕਾਈਆ। ਅਲਨੇਕ ਕਮਚਖੇਲ ਖੇਲ ਜਿਸ ਕਰਾਨਾ, ਬੇਐਬ ਨਾਮ ਖ਼ੁਦਾਈਆ। ਮਹਿਬਾਨ ਬੀਦੋ ਬੀ ਖ਼ੈਰ ਯਾ ਅੱਲਾ ਜਿਸ ਰੂਪ ਵਟਾਨਾ, ਸੋ ਵੇਸ ਕਵਣ ਕਰਾਈਆ। ਪੀਰ ਦਸਤਗੀਰ ਜਿਸ ਵੇਖ ਵਖਾਨਾ, ਵੇਖੇ ਸਰਬ ਲੋਕਾਈਆ। ਨਕ਼ਾਬ ਪੋਸ਼ ਪਰਦਾ ਜਿਸ ਉਠਾਨਾ, ਨੂਰ ਜ਼ਹੂਰ ਕਰੇ ਰੁਸ਼ਨਾਈਆ। ਆਬੇ ਹਯਾਤ ਬੇਆਬਾ ਜਿਸ ਪਿਆਨਾ, ਪੁੰਨ ਸਵਾਬ ਨਾ ਕੋਇ ਵਡਿਆਈਆ। ਅਹਿਬਾਬ ਰਬਾਬ ਜਿਸ ਵਜਾਨਾ, ਤਾਰ ਸਤਾਰ ਨਾ ਕੋਇ ਹਿਲਾਈਆ। ਪਿਸਰ ਪਿਦਰ ਜਿਸ ਖੇਲ ਖਿਲਾਨਾ, ਸੋ ਆਪਣਾ ਰੰਗ ਵਖਾਈਆ। ਇਧਰ ਉਧਰ ਜਿਸ ਰੰਗ ਚੜ੍ਹਾਨਾ, ਰੰਗ ਰੰਗੀਲਾ ਸੱਚਾ ਮਾਹੀਆ। ਫ਼ਿਕਰ ਵਿਚ ਜਿਸ ਫ਼ਿਕਰਾ ਗਾਣਾ, ਗੁਰਮੁਖਾਂ ਨਾਉਂ ਸਾਲਾਹੀਆ। ਸੋ ਸਾਹਿਬ ਆਪਣਾ ਵਰਤੇ ਭਾਣਾ, ਹਰਿਜਨ ਸਾਚੇ ਨਾਲ ਮਿਲਾਈਆ। ਚੌਦਾਂ ਤਬਕਾਂ ਦੇਵੇ ਫ਼ਰਮਾਨਾ, ਏਕਾ ਹੁਕਮ ਸੁਣਾਈਆ। ਉਠੋ ਚਲੋ ਜਿਸ ਦਰਸਨ ਪਾਨਾ, ਆਇਆ ਨੂਰ ਖ਼ੁਦਾਈਆ। ਜਿਸ ਨੂੰ ਈਸਾ ਮੂਸਾ ਕਰੇ ਸਲਾਮਾਂ, ਮੁਹੰਮਦ ਸੀਸ ਝੁਕਾਈਆ। ਸੋ ਸਾਹਿਬ ਦੇਵੇ ਪੈਗ਼ਾਮਾ, ਪੈਗ਼ੰਬਰ ਭੁੱਲ ਕੋਇ ਨਾ ਜਾਈਆ। ਜਿਸ ਦਾ ਵੱਜਣਾ ਨਾਮ ਦਮਾਮਾ, ਦਾਮਨਗੀਰ ਇਕ ਅਖਵਾਈਆ। ਜਿਸ ਹੋਣਾ ਅੰਤਰਜਾਮਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਯਾਦ ਨਾ ਜਿਸ ਭੁਲਾਈਆ। ਜੋ ਘਲਦਾ ਰਿਹਾ ਕ੍ਰਿਸ਼ਨਾ ਰਾਮਾ, ਈਸਾ ਮੂਸਾ ਖੇਲ ਖਿਲਾਈਆ। ਜੋ ਨਾਨਕ ਜਪੌਂਦਾ ਰਿਹਾ ਸਤਿ ਨਾਮਾ, ਗੋਬਿੰਦ ਪੂਤ ਸਪੂਤ ਬਣਾਈਆ। ਸੋ ਆਇਆ ਪਹਿਰ ਕੇ ਜਾਮਾ, ਜਿਸ ਦੀ ਪਿਤਾ ਨਾ ਕੋਈ ਮਾਈਆ। ਆਪੇ ਜਾਣੇ ਆਪਣਾ ਆਵਣ ਜਾਣਾ, ਲਿਖ ਲਿਖ ਲੇਖ ਨਾ ਕੋਇ ਸਮਝਾਈਆ। ਤ੍ਰਿਲੋਕੀ ਅੰਦਰ ਫਿਰ ਫਿਰ ਗਿਆ ਕ੍ਰਿਸ਼ਨਾ ਕਾਹਨਾ, ਤਿੰਨਾਂ ਲੋਕਾਂ ਡੰਕ ਵਜਾਈਆ। ਸਚਖੰਡ ਵਸੇ ਆਪ ਭਗਵਾਨਾ, ਸਚ ਸਿੰਘਾਸਣ ਸੋਭਾ ਪਾਈਆ। ਗੋਬਿੰਦ ਕਹੇ ਮਰਦ ਮਰਦਾਨਾ, ਆਪਣੀ ਮਰਦਾਨਗੀ ਨਾ ਕਿਸੇ ਜਣਾਈਆ। ਜਿਉਂ ਭਾਵੇ ਤਿਉਂ ਦਏ ਪਰਵਾਨਾ, ਗੁਰ ਅਵਤਾਰ ਲੋਕਮਾਤ ਸੇਵ ਲਗਾਈਆ। ਜਿਉਂ ਚਾਹੇ ਤਿਉਂ ਵਰਤੇ ਭਾਣਾ, ਨਾ ਕੋਈ ਮੇਟ ਮਿਟਾਈਆ। ਕਲਜੁਗ ਅੰਤਮ ਜੇ ਕੋਈ ਕਹੇ ਮੈਂ ਪਛਾਣਾ, ਨਜ਼ਰ ਕਿਸੇ ਨਾ ਆਈਆ। ਪੂਰਨ ਅੰਦਰ ਇਕ ਟਿਕਾਣਾ, ਪੂਰ ਰਿਹਾ ਸਭ ਠਾਈਆ। ਉਡਦਾ ਫਿਰੇ ਬਿਨ ਬਬਾਣਾ, ਲੋਆਂ ਪੁਰੀਆਂ ਆਪਣਾ ਚਰਨ ਟਿਕਾਈਆ। ਬਿਨ ਕਰਨੀ ਜਿਸ ਕੀਆ ਪਰਵਾਨਾ, ਸਚ ਪਰਵਾਨਗੀ ਦਏ ਵਖਾਈਆ। ਜੁਗ ਜਨਮ ਦੇ ਵਿਛੜੇ ਮੇਲੇ ਵਿਚ ਜਹਾਨਾ, ਆਪ ਆਪਣੀ ਦਇਆ ਕਮਾਈਆ। ਗੁਰਸਿਖਾਂ ਘਰ ਆਏ ਨਾ ਕੁਛ ਪੀਣਾ ਨਾ ਕੁਛ ਖਾਣਾ, ਨਿਰਗੁਣ ਰੂਪ ਵਟਾਈਆ। ਬਣਾ ਕੇ ਜਾਵੇ ਸਚ ਮਕਾਨਾ, ਚਾਰ ਜੁਗ ਵੱਜੇ ਵਧਾਈਆ। ਉਪਰ ਬਹੇ ਸ੍ਰੀ ਭਗਵਾਨਾ, ਅੱਠੇ ਪਹਿਰ ਸਹਾਈਆ। ਆਪੇ ਬੀਨਾ ਆਪੇ ਦਾਨਾ, ਆਪੇ ਰਿਜ਼ਕ ਸਬਾਈਆ। ਹਰਿਜਨ ਲੇਖਾ ਜਿਉਂ ਜਲ ਮੀਨਾ, ਜਲ ਮੀਨ ਰੂਪ ਵਟਾਈਆ। ਗੁਰਸਿਖ ਧੱਕਾ ਮਾਰੇ ਲੋਕ ਤੀਨਾਂ, ਤਿੰਨ ਲੋਕ ਚਰਨਾਂ ਹੇਠ ਦਬਾਈਆ। ਉਪਰ ਮਿਲੇ ਸਾਹਿਬ ਪਰਬੀਨਾ, ਪਰਬਤ ਚੋਟੀ ਨਜ਼ਰ ਕੋਇ ਨਾ ਆਈਆ। ਆਪਣਾ ਭਗਤ ਬਣਾਇਆ ਸਚ ਨਗੀਨਾ, ਆਪਣੇ ਸੀਸ ਤਾਜ ਵਿਚ ਟਿਕਾਈਆ। ਆਪਣਾ ਕੱਢ ਕੱਢ ਪਸੀਨਾ, ਗੁਰਸਿਖਾਂ ਸੇਵ ਕਮਾਈਆ। ਜੇ ਲੱਗੀ ਸੇਵ ਆਏ ਨਾ ਹੀਨਾ, ਛੱਡ ਮੈਦਾਨ ਭੱਜ ਨਾ ਜਾਈਆ। ਨਾ ਕੋਈ ਮਰਨਾ ਨਾ ਕੋਈ ਜੀਣਾ, ਆਪਣੀ ਖੇਡ ਖਡਾਈਆ। ਨਾ ਕੋਈ ਪਾਟਾ ਨਾ ਕੋਈ ਸੀਣਾ, ਨਾ ਕੋਈ ਤੰਦ ਪਵਾਈਆ। ਗੁਰਸਿਖਾਂ ਪਿਆਰ ਸਿਖਿਆ ਇਕੋ ਖੀਣਾ, ਦੂਜੀ ਆਦਤ ਨਾ ਕੋਇ ਰਖਾਈਆ। ਜਿਹਨੂੰ ਕਹਿੰਦੇ ਰਹੇ ਪਾਰਬ੍ਰਹਮ ਬਣਿਆ ਰਹੇ ਬਣ ਕੇ ਮੀਣਾ, ਬ੍ਰਹਮ ਆਪਣੇ ਗੇੜ ਭੁਆਈਆ। ਜਿਸ ਨੂੰ ਕਹਿੰਦੇ ਰਹੇ ਉਸ ਸਾਡਾ ਸਭ ਕੁਛ ਛੀਨਾ, ਖ਼ਾਲੀ ਹੱਥ ਦਿਤਾ ਕਰਾਈਆ। ਸੋ ਸਾਹਿਬ ਸਦਾ ਪਰਬੀਨਾ, ਪਰਮ ਪੁਰਖ ਵਡੀ ਵਡਿਆਈਆ। ਜਨ ਭਗਤਾਂ ਦੇ ਹੋਇਆ ਅਧੀਨਾ, ਅਦਨਾ ਹੋ ਹੋ ਸੇਵ ਕਮਾਈਆ। ਰੁਸ ਰੁਸ ਬੈਠਾ ਮੱਕਾ ਮਦੀਨਾ, ਨਨਕਾਣੇ ਵਾਲਾ ਨਾਨਕ ਬੈਠਾ ਮੁਖ ਭਵਾਈਆ। ਜਿਸ ਨੂੰ ਸਤਿਗੁਰ ਦਿਤਾ ਧੱਕਾ, ਤਿਸ ਸਕੇ ਕਵਣ ਬਚਾਈਆ। ਬਿਨ ਗੋਬਿੰਦ ਲਾਏ ਨਾ ਕੋਈ ਡੱਕਾ, ਰੁੜ੍ਹਦਾ ਬੇੜਾ ਨਾ ਕੋਇ ਤਰਾਈਆ। ਜਿਸ ਨੂੰ ਕਹਿੰਦੇ ਰਹੇ ਹਿੰਦੂ ਮੁਸਲਿਮ ਭਾਈ ਸਕਾ, ਤਿਸ ਨੂੰ ਆਪਣਾ ਰੰਗ ਵਖਾਈਆ। ਵੇਖੋ ਕਿਧਰ ਗਿਆ ਬੂਰਾ ਕੱਕਾ, ਮਨੀ ਸਿੰਘ ਦੀ ਸੁੱਕੀ ਨਾ ਅਜੇ ਸ਼ਾਹੀਆ। ਹਰਿ ਭਗਤ ਦਵਾਰਾ ਇਕੋ ਰੱਖਾ, ਅੰਤ ਸਭ ਦੀ ਕਰੇ ਸਫ਼ਾਈਆ। ਜਿਸ ਦਵਾਰੇ ਹਰਿ ਜੂ ਬਹਿ ਬਹਿ ਹੱਸਾ, ਸੋ ਦਵਾਰਾ ਸੋਭਾ ਪਾਈਆ। ਜਿਸ ਘਰ ਡਰਦਾ ਆਏ ਨੱਠਾ, ਡਰ ਭਗਤਾਂ ਰਿਹਾ ਸਤਾਈਆ। ਬਿਨ ਹੱਥਾਂ ਬਾਂਹਵਾਂ ਢੱਠਾ, ਬਲ ਆਪਣਾ ਆਪ ਮੁਕਾਈਆ। ਪ੍ਰੇਮੀ ਅੰਦਰ ਪ੍ਰੇਮ ਬੱਧਾ, ਬਿਨ ਪ੍ਰੇਮ ਕੋਈ ਨਾ ਫਾਹੀਆ, ਅਠਾਰਾਂ ਸਾਲ ਦੇਂਦਾ ਰਿਹਾ ਸਦਾ, ਬਣ ਮਰਾਸੀ ਨਾਈ ਡੂਮ ਢੋਲਕ ਜਗਤ ਵਜਾਈਆ। ਮੰਦਰ ਮਸਜਿਦ ਗੁਰੂਦਵਾਰ ਵੇਂਹਦਾ ਰਿਹਾ ਹੱਦਾਂ, ਅਠਸਠ ਫੇਰਾ ਪਾਈਆ। ਸਾਧਾਂ ਸੰਤਾਂ ਵੇਂਹਦਾ ਰਿਹਾ ਯੱਦਾਂ, ਕਵਣ ਯਦ ਮਿਲੇ ਵਡਿਆਈਆ। ਸਤਾਰਾਂ ਸਾਲ ਆਪਣਾ ਖੇਲ ਕੀਤਾ ਅੱਧਾ, ਅੱਧੀ ਧਾਰ ਆਪ ਲੁਕਾਈਆ। ਸਾਲ ਅਠਾਰਵੇਂ ਹੋਇਆ ਵੱਡਾ, ਵੱਡੇ ਦੀ ਵਡ ਵਡਿਆਈਆ। ਜੇ ਕੋਈ ਕਹੇ ਮੁੰਡਾ ਨੱਢਾ, ਨੱਢਾ ਮੁੰਡਾ ਛੇੜਾਂ ਛੇੜੇ ਆਪਣੀ ਖੇਡ ਵਖਾਈਆ। ਜੇ ਕੋਈ ਕਹੇ ਘਰੋਂ ਕੱਢਾ, ਬੇਘਰ ਹੋਇਆ ਫਿਰੇ ਬੇਪਰਵਾਹੀਆ। ਜੋ ਕੋਈ ਕਹੇ ਮੰਦਰ ਮਸਜਿਦ ਗੁਰੂਦਵਾਰ ਅੰਦਰ ਬੱਧਾ, ਕਾਗਦ ਕ਼ਲਮ ਸ਼ਾਹੀ ਨਾਲ ਕਰੀ ਕੁੜਮਾਈਆ। ਸੋ ਮੂਰਖ ਡਿਗੇ ਡੂੰਘੀ ਖੱਡਾ, ਮੂੰਹ ਦੇ ਭਾਰ ਸੁਟਾਈਆ। ਆਦਿ ਜੁਗਾਦਿ ਮਧ ਜੁਗ ਜੁਗ ਗੁਰਮੁਖ ਵਿਰਲੇ ਲੱਧਾ, ਜਿਸ ਲੱਧਾ ਸੋ ਕੂਕ ਕੂਕ ਸੁਣਾਈਆ। ਬਿਨ ਨਗਾਰਿਉਂ ਆਪਣੇ ਨਾਦ ਆਪੇ ਵੱਜਾ, ਨਾਦੀ ਨਾਦ ਸੁਣਾਈਆ। ਬਿਨ ਕਪੜ ਜਿਸ ਪਰਦਾ ਕੱਜਾ, ਨਾਮ ਦੋਸ਼ਾਲਾ ਹੱਥ ਉਠਾਈਆ। ਸੋ ਸਾਹਿਬ ਹਰਿ ਸੰਗਤ ਵਿਚ ਸਜਾ, ਸੱਜੀ ਬਾਂਹ ਸੰਗਤ ਨਾਲ ਮਿਲਾਈਆ। ਆਪੇ ਹੋ ਕੇ ਆਇਆ ਨਲੱਜਾ, ਲੋਕਲਾਜ ਨਾ ਕੋਇ ਰਖਾਈਆ। ਜਿਸ ਨੂੰ ਕਰਦੇ ਰਹੇ ਸਯਦਾ, ਸੋ ਸਯਾਹ ਪੋਸ਼ ਰੂਪ ਵਟਾਈਆ। ਜਿਸ ਦਾ ਬਣਦੇ ਰਹੇ ਬਰਦਾ, ਸੋ ਬਰੀਖ਼ਾਨਾ ਇਕ ਖੁਲ੍ਹਾਈਆ। ਜਿਸ ਕੋਲੋਂ ਹਰ ਕੋਈ ਰਿਹਾ ਡਰਦਾ, ਸੋ ਡਰ ਰਿਹਾ ਚੁਕਾਈਆ। ਜਿਸ ਨੂੰ ਕਹਿੰਦੇ ਖੇਲ ਕਰੇ ਨਰ ਹਰਿ ਦਾ, ਸੋ ਨਰ ਆਪਣੀ ਨਾਰੀ ਲਏ ਪਰਨਾਈਆ। ਜਿਸ ਨੂੰ ਕਹਿੰਦੇ ਭਗਤਾਂ ਪਿਛੇ ਪਾਣੀ ਭਰਦਾ, ਪੀਸਣ ਪੀਸ ਸੇਵ ਕਮਾਈਆ। ਜਿਸ ਨੂੰ ਕਹਿੰਦੇ ਨਿਰਭੌ ਕਦੇ ਨਾ ਡਰਦਾ, ਭੈ ਅਵਰ ਨਾ ਕੋਇ ਵਖਾਈਆ। ਜਿਸ ਨੂੰ ਨਾਨਕ ਕਹਿੰਦਾ ਘਰ ਘਰ ਵੜਦਾ, ਸੋ ਘਰ ਘਰ ਫੋਲ ਫੁਲਾਈਆ। ਬਿਨ ਪੌੜੀਉਂ ਆਪੇ ਚੜ੍ਹਦਾ, ਆਪਣਾ ਡੰਡਾ ਹੱਥ ਉਠਾਈਆ। ਬਿਨ ਹੱਥਾਂ ਆਪੇ ਫੜਦਾ, ਆਪਣਾ ਬੰਧਨ ਪਾਈਆ। ਬਿਨ ਹਥਿਆਰੋਂ ਆਪੇ ਲੜਦਾ, ਤੀਰ ਤਲਵਾਰ ਨਾ ਕੋਇ ਉਠਾਈਆ। ਬਿਨ ਘਾੜਤ ਆਪੇ ਘੜਦਾ, ਆਪੇ ਭੰਨ ਵਖਾਈਆ। ਵੇਖੋ ਖੇਲ ਸੱਚੇ ਨਰ ਹਰਿ ਦਾ, ਨਰ ਨਾਰੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਚਲਾਈਆ। ਆਪਣੀ ਧਾਰ ਜੇ ਨਾ ਚਲਾਏ, ਅਚਲ ਨਾ ਕਦੇ ਅਖਵਾਈਆ। ਆਪਣਾ ਵਿਹਾਰ ਜੇ ਨਾ ਕਰਾਏ, ਬਿਵਹਾਰੀ ਨਾ ਰੂਪ ਵਟਾਈਆ। ਆਪਣਾ ਨਾਦ ਜੇ ਨਾ ਸੁਣਾਏ, ਅਨਾਦੀ ਨਾ ਕੋਏ ਗਾਈਆ। ਆਪਣਾ ਬ੍ਰਹਮ ਜੇ ਨਾ ਪਰਨਾਏ, ਪਾਰਬ੍ਰਹਮ ਨਾ ਕੋਇ ਸਾਲਾਹੀਆ। ਆਪਣਾ ਕਰਮ ਜੇ ਨਾ ਕਮਾਏ, ਨਿਹਕਰਮੀ ਨਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਗਾ ਪਿੱਛਾ ਪਿੱਛਾ ਅੱਗਾ ਆਪਣਾ ਸੰਗ ਰਖਾਈਆ। ਅਗੇ ਪਿਛੇ ਸਾਚਾ ਸੰਗ, ਹਰਿ ਹਰਿ ਆਪ ਰਖਾਇੰਦਾ। ਪਿਛੇ ਡਹੇ ਸਾਢੇ ਤਿੰਨ ਹੱਥ ਪਲੰਘ, ਅੰਦਰ ਵੜਦਿਆਂ ਨਜ਼ਰੀ ਆਇੰਦਾ। ਬਾਹਰ ਨਿਕਲ ਨੰਗੀ ਹੋਵੇ ਨਾ ਕੰਡ, ਉਤੇ ਬੈਠਾ ਧਿਆਨ ਲਗਾਇੰਦਾ। ਸਾਢੇ ਤਿੰਨ ਹੱਥ ਵੰਡੀ ਵੰਡ, ਕੋਟਨ ਬ੍ਰਹਿਮੰਡ ਪੰਧ ਚੁਕਾਇੰਦਾ। ਗੁਰਸਿਖ ਮੇਰਾ ਚਮਕੇ ਚੰਦ, ਬਿਨ ਗੁਰਸਿਖ ਮੇਰਾ ਨੂਰ ਕੰਮ ਕਿਸੇ ਨਾ ਆਇੰਦਾ। ਮੈਂ ਭਗਤਾਂ ਗਾਵਾਂ ਛੰਦ, ਗੁਣ ਆਪਣਾ ਆਪ ਸਮਝਾਇੰਦਾ। ਮੈਂ ਫਸਿਆ ਵਿਚ ਫੰਦ, ਰਸਤਾ ਕੋਇ ਨਜ਼ਰ ਨਾ ਆਇੰਦਾ। ਜਿਧਰ ਵੇਖਾਂ ਦਿਸੇ ਗੰਦ, ਸੂਖਮ ਰਾਹ ਨਾ ਕੋਇ ਚਲਾਇੰਦਾ। ਜੇ ਮਾਰਾਂ ਝਾਤ ਪੁਰੀ ਅਨੰਦ, ਅਗੋਂ ਮੇਰਾ ਸਿੱਖ ਮੈਨੂੰ ਡਰਾਇੰਦਾ। ਜੇ ਕਰਕੇ ਗ਼ੁੱਸਾ ਵੰਡਣ ਜਾਵਾਂ ਵੰਡ, ਥਾਏਂ ਕਿਸੇ ਕੋਇ ਨਜ਼ਰ ਨਾ ਆਇੰਦਾ। ਮੇਰਾ ਨਾਉਂ ਸਦਾ ਬਖ਼ਸ਼ੰਦ, ਗੁਣ ਅਵਗੁਣ ਨਾ ਕੋਇ ਜਣਾਇੰਦਾ। ਜੇ ਕੋਈ ਗਾਲਾਂ ਕੱਢੇ ਬੱਤੀ ਦੰਦ, ਧੰਨ ਭਾਗ ਕਹਿ ਸ਼ੁਕਰ ਮਨਾਇੰਦਾ। ਜੇ ਕੋਈ ਕਹੇ ਗੁਜਰੀ ਚੰਦ, ਖ਼ੁਸ਼ੀ ਹੋਰ ਨਾ ਕੋਇ ਬਣਾਇੰਦਾ। ਜੇ ਕੋਈ ਕਹੇ ਟੁੱਟੀ ਗੰਢ, ਆਪਣੀ ਗੰਢ ਪਵਾਇੰਦਾ। ਜਿਨ੍ਹਾਂ ਪਿਛੇ ਕੱਟਿਆ ਪੰਧ, ਸੋ ਆਪਣਾ ਮੇਲ ਮਿਲਾਇੰਦਾ। ਜੁਗ ਚੌਕੜੀ ਗਈ ਹੰਢ, ਪਾਰ ਕਿਨਾਰਾ ਇਕ ਵਖਾਇੰਦਾ। ਪਿਆਰ ਕਹੇ ਮੈਂ ਭਗਤਾਂ ਗੌਦਾਂ ਰਹਾਂ ਛੰਦ, ਦੂਜਾ ਢੋਲਾ ਨਾ ਕੋਇ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਗੇ ਪਿਛੇ ਪਿਛੇ ਅਗੇ ਗੁਰਸਿਖਾਂ ਸੇਵ ਕਮਾਇੰਦਾ। ਅਗੇ ਪਿਛੇ ਦੋਵੇਂ ਆਸਣ, ਆਸਾਵਾਨ ਆਪ ਲਗਾਈਆ। ਆਪੇ ਪੁਰਖ ਆਪ ਅਬਿਨਾਸ਼ਨ, ਅਬਿਨਾਸ਼ੀ ਆਪਣਾ ਨਾਉਂ ਧਰਾਈਆ। ਆਪੇ ਦਾਸੀ ਆਪੇ ਦਾਸਨ, ਬਣ ਸੇਵਕ ਸੇਵ ਕਮਾਈਆ। ਆਪੇ ਖੇਲ ਆਪ ਤਮਾਸ਼ਨ, ਜਨ ਭਗਤਾਂ ਖੇਲ ਵਖਾਈਆ। ਆਪੇ ਮੰਡਲ ਆਪੇ ਰਾਸਨ, ਆਪੇ ਨਟੂਆ ਸਾਂਗ ਵਰਤਾਈਆ। ਆਪੇ ਪ੍ਰਿਥਮੀ ਆਪੇ ਆਕਾਸਨ, ਆਪੇ ਗਗਨ ਮੰਡਲ ਸੋਭਾ ਪਾਈਆ। ਆਪੇ ਫਸਿਆ ਆਪਣੀ ਫਾਸਨ, ਕਰ ਪ੍ਰੇਮ ਪਿਆਰ ਪੱਲੂ ਲਿਆ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪਣੇ ਵਿਚ ਰਖਾਈਆ। ਤੇਰਾ ਸੰਸਾ ਤੇਰਾ ਤਨ, ਸਤਿਗੁਰ ਸੰਸੇ ਵਿਚ ਨਾ ਆਈਆ। ਤੇਰਾ ਸੰਸਾ ਤੇਰਾ ਮਨ, ਸਤਿਗੁਰ ਮਨ ਨਾ ਕੋਇ ਰਖਾਈਆ। ਤੇਰਾ ਸੰਸਾ ਤੇਰਾ ਧਨ, ਸਤਿਗੁਰ ਸੰਸੇ ਅੱਗੇ ਨਾ ਝੋਲੀ ਡਾਹੀਆ। ਤੇਰਾ ਸੰਸਾ ਸੁਣੇ ਤੇਰਾ ਕੰਨ, ਸਤਿਗੁਰ ਸੰਸਾ ਸੁਣਨ ਕਦੇ ਨਾ ਆਈਆ। ਜਿਸ ਦਾ ਇਕ ਵਾਰ ਮਨ ਗਿਆ ਮੰਨ, ਫਿਰ ਹੋਰ ਨਾ ਕੋਇ ਢਾਹੀਆ। ਜਿਸ ਨੂੰ ਇਕ ਵਾਰ ਬਣਾਇਆ ਆਪਣਾ ਚੰਨ, ਆਪਣੀ ਗੋਦ ਬਹਾਈਆ। ਤਿਸ ਕੋਇ ਨਾ ਕਰੇ ਖੰਨ ਖੰਨ, ਵੰਡਣ ਵੰਡ ਨਾ ਕੋਇ ਵੰਡਾਈਆ। ਜਿਸ ਆਪਾ ਭੇਟਿਆ ਮਨ ਤਨ, ਤਿਸ ਪਿਛੇ ਕੀ ਰਹਿ ਜਾਈਆ। ਸਿੰਘ ਮਾਹਣਾ ਗਿਆ ਮੰਨ, ਮੰਨੀ ਇਕ ਰਜ਼ਾਈਆ। ਤੇਜਾ ਸਿੰਘ ਕਿਉਂ ਸਹੇ ਡੰਨ, ਜੋ ਡੰਕਾ ਰਿਹਾ ਵਜਾਈਆ। ਜੇ ਪੁੱਛੇ ਕੀ ਦੱਸਾਂ ਆਪਣਾ ਢੰਗ, ਜਿਸ ਢੰਗ ਨਾਲ ਗੁਰਮੁਖ ਰਿਹਾ ਮਨਾਈਆ। ਬਿਨ ਰੰਗਣ ਚਾੜ੍ਹਾਂ ਰੰਗ, ਏਕਾ ਰੰਗ ਵਖਾਈਆ। ਨੰਗਿਆਂ ਨਾਲ ਕੱਟਾਂ ਨੰਗ, ਗਲੋਂ ਚੀਥੜੇ ਤਨ ਲੁਹਾਈਆ। ਭਿਖਾਰੀਆਂ ਨਾਲ ਮੰਗਾਂ ਮੰਗ, ਅੱਗੇ ਆਪਣੀ ਝੋਲੀ ਡਾਹੀਆ। ਪਹਿਲੋਂ ਵਾਰਿਆ ਆਪਣਾ ਤਨ, ਫੇਰ ਗੁਰਮੁਖਾਂ ਤਨ ਲੇਖੇ ਲਾਈਆ। ਆਪਣਾ ਵਾਸ ਕੀਤਾ ਬਿਨ ਛੱਪਰੀ ਛੰਨ, ਗੁਰਮੁਖਾਂ ਦਵਾਰਾ ਰਿਹਾ ਬਣਾਈਆ। ਜਨ ਭਗਤਾਂ ਕਹੇ ਧੰਨ ਧੰਨ, ਆਪਣੀ ਕਰੇ ਨਾ ਕੋਇ ਵਡਿਆਈਆ। ਜਿਸ ਘੜਿਆ ਤਿਸ ਲਿਆ ਭੰਨ, ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਸਾ ਰੋਗ ਨਾ ਕੋਇ ਰਖਾਈਆ। ਜਗਤ ਸੰਸਾ ਜਗਤ ਦਵੈਖ, ਜਗਤ ਰਿਹਾ ਕੁਰਲਾਇਆ। ਜੋ ਗੁਰਮੁਖ ਵਸਿਆ ਸਤਿਗੁਰ ਦੇਸ, ਤਿਸ ਸੰਸਾ ਨਜ਼ਰ ਨਾ ਆਇਆ। ਜੇ ਕੋਈ ਜਾਣੇ ਮੇਰਾ ਸਾਹਿਬ ਵਸੇ ਪਰਦੇਸ, ਪੈਂਡਾ ਪੰਧ ਨਾ ਕੋਇ ਮੁਕਾਇਆ। ਨਾਨਕ ਕਿਹਾ ਜੈਂਹ ਵੇਖਾਂ ਤੈਂਹ ਪੇਖ, ਘਟ ਘਟ ਨਜ਼ਰੀ ਆਇਆ। ਗੋਬਿੰਦ ਲਿਖ ਕੇ ਗਿਆ ਲੇਖ, ਲਿਖਿਆ ਲੇਖ ਨਾ ਕੋਇ ਮਿਟਾਇਆ। ਜਿਸ ਨੂੰ ਮੰਨਦੇ ਦਸ ਦਸਮੇਸ਼, ਸੋ ਪੂਤ ਸਪੂਤਾ ਨਾਉਂ ਧਰਾਇਆ। ਤਿਸ ਦਰਸ਼ਨ ਲੈਣਾ ਪੇਖ, ਘਰ ਸੱਜਣ ਸੱਚਾ ਆਇਆ। ਕਲ ਕੀਆ ਅਵੱਲੜਾ ਵੇਸ, ਵਾਹ ਵਾ ਆਪਣੀ ਪਾਈ ਮਾਇਆ। ਜਿਸ ਦੇ ਪਿਛੇ ਨਾਨਕ ਖੂੰਡੀ ਭੂਰੀ ਚੁਕਿਆ ਖੇਸ, ਬਨ ਬਨ ਫੇਰਾ ਪਾਇਆ। ਸੋ ਸਾਹਿਬ ਜਨ ਭਗਤਾਂ ਕਰੇ ਆਦੇਸ, ਆਦੇਸ ਆਦੇਸ ਆਪ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਨਾ ਕੋਇ ਰਖਾਇਆ। ਅਵਗੁਣ ਫਿਰੇ ਆਪ ਭਗਵਾਨ, ਗੁਣ ਨਾ ਕੋਇ ਰਖਾਇੰਦਾ। ਪਹਿਲੋਂ ਭਗਤਾਂ ਦੇਵੇ ਦਾਨ, ਫੇਰ ਆਪਣੀ ਸਿਫ਼ਤ ਕਰਾਇੰਦਾ। ਪਹਿਲਾਂ ਗੁਰੂਆਂ ਸੁਣਾਏ ਕਲਾਮ, ਕਲਮਾ ਨਬੀਆਂ ਆਪ ਪੜ੍ਹਾਇੰਦਾ। ਫੇਰ ਸ਼ਰਅ ਬਣਾਏ ਤਮਾਮ, ਸ਼ਰੀਅਤ ਆਪਣੀ ਵੰਡ ਵੰਡਾਇੰਦਾ। ਕਰੇ ਖੇਲ ਹੋ ਮਿਹਰਵਾਨ, ਦਇਆਵਾਨ ਧਾਰ ਚਲਾਇੰਦਾ। ਜਿਸ ਕਰੇ ਆਪ ਪਹਿਚਾਨ, ਆਪਣੀ ਪਹਿਚਾਨ ਆਪ ਵਖਾਇੰਦਾ।
