Granth 10 Likhat 234: 23 Kattak 2018 Bikarmi Jethuwal Darbar wich

੨੩ ਕਤਕ ੨੦੧੮ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ

ਨਿਰਾਕਾਰ ਨਿਰੰਕਾਰ ਉਠੇ, ਸਚਖੰਡ ਵੱਜੀ ਵਧਾਈਆ। ਆਪਣੇ ਕੋਲੋਂ ਆਪਾ ਪੁਛੇ, ਆਪਣਾ ਭੇਵ ਖੁਲ੍ਹਾਈਆ। ਕਵਣ ਹੀਰੇ ਮੂੰਗੇ ਸੁੱਚੇ, ਮਾਣਕ ਮੋਤੀ ਰੂਪ ਵਟਾਈਆ। ਕਵਣ ਹੋਣ ਸਭ ਤੋਂ ਉਚੇ, ਅਗੰਮ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਈਆ। ਨਿਰੰਕਾਰ ਨਿਰਾਕਾਰ ਦਏ ਸਲਾਹ, ਆਪਾ ਆਪ ਜਣਾਈਆ। ਮੇਰਾ ਖੇਲ ਬੇਪਰਵਾਹ, ਮੇਰੇ ਵਿਚ ਸਮਾਈਆ। ਸਚ ਸਿੰਘਾਸਣ ਲਿਆ ਸੁਹਾ, ਸਾਚਾ ਤਖ਼ਤ ਰੂਪ ਵਟਾਈਆ। ਸ਼ਾਹੋ ਭੂਪ ਬਣ ਸ਼ਹਿਨਸ਼ਾਹ, ਆਪਣਾ ਵੇਸ ਵਖਾਈਆ। ਹੁਕਮੀ ਹੁਕਮ ਆਪ ਜਣਾ, ਧੁਰ ਫ਼ਰਮਾਨਾ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਚੁਕਾਈਆ। ਨਿਰਾਕਾਰ ਨਿਰੰਕਾਰ ਆਪਣਾ ਆਪ ਜਣਾਇੰਦਾ। ਆਪਣਾ ਪਰਦਾ ਆਪੇ ਖੋਲ੍ਹ, ਆਪੇ ਵੇਖ ਵਖਾਇੰਦਾ। ਕਵਣ ਵਸਤ ਮੇਰੇ ਰਹੇ ਕੋਲ, ਕਵਣ ਰੰਗ ਰੰਗਾਇੰਦਾ। ਕਵਣ ਨਾਦ ਵੱਜੇ ਢੋਲ, ਕਵਣ ਰਾਗ ਸੁਣਾਇੰਦਾ। ਕਵਣ ਨੂਰ ਜਾਏ ਮੌਲ, ਰੂਪ ਰੰਗ ਨਾ ਕੋਈ ਰਖਾਇੰਦਾ। ਕਵਣ ਕਰੇ ਸੱਚਾ ਕੌਲ, ਇਕਰਾਰ ਕਵਣ ਤੋੜ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਖਾਇੰਦਾ। ਨਿਰਾਕਾਰ ਨਿਰੰਕਾਰ ਕਹੇ, ਕਹਿ ਕਹਿ ਖ਼ੁਸ਼ੀ ਮਨਾਈਆ। ਤੇਰਾ ਦਵਾਰਾ ਸਦਾ ਰਹੇ, ਸਦ ਵਜਦੀ ਰਹੇ ਵਧਾਈਆ। ਸ਼ਾਹ ਪਾਤਸ਼ਾਹ ਤੂੰ ਉਤੇ ਬਹੇਂ, ਬੇਅੰਤ ਤੇਰੀ ਵਡਿਆਈਆ। ਆਦਿ ਜੁਗਾਦਿ ਤੇਰਾ ਰੂਪ ਨਾ ਹੋਵੇ ਲੈ, ਤੇਰੀ ਰੇਖ ਨਾ ਕੋਈ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵਰ ਆਪੇ ਰਿਹਾ ਵਰਤਾਈਆ। ਨਿਰਾਕਾਰ ਨਿਰੰਕਾਰ ਵਰ, ਵਰ ਝੋਲੀ ਰਖਾਇੰਦਾ। ਤੇਰਾ ਖੁੱਲਾ ਰਹੇ ਸਦਾ ਦਰ, ਦਰਵਾਜ਼ਾ ਬੰਦ ਨਾ ਕੋਈ ਰਖਾਇੰਦਾ। ਨਿਰੰਕਾਰ ਆਪਣਾ ਨਾਉਂ ਧਰ, ਏਕਾ ਡੰਕ ਸੁਣਾਇੰਦਾ। ਏਕਾ ਬੰਕ ਸੋਹੇ ਗੜ੍ਹ, ਏਕਾ ਗ੍ਰਹਿ ਵਡਿਆਇੰਦਾ । ਇਕ ਸੁਹੇਲਾ ਬਹੇ ਚੜ੍ਹ, ਇਕ ਅਕੇਲਾ ਸੋਭਾ ਪਾਇੰਦਾ। ਮੂਰਤ ਅਕਾਲ ਆਪੇ ਕਰ, ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਆਪਣੇ ਹੱਥ ਰਖਾਇੰਦਾ। ਨਿਰਾਕਾਰ ਨਿਰੰਕਾਰ ਦੇਵੇ ਸਲਾਹ, ਸਲਾਹਗੀਰ ਨਾ ਕੋਈ ਰਖਾਈਆ। ਤੇਰਾ ਬੇੜਾ ਤੂੰ ਮਲਾਹ, ਤੇਰਾ ਭੇਵ ਕੋਈ ਨਾ ਪਾਈਆ। ਤੇਰਾ ਘਰ ਤੂੰ ਲੈਣਾ ਵਸਾ, ਤੇਰੇ ਦਰ ਵੱਜੇ ਵਧਾਈਆ। ਤੇਰਾ ਨਾਉਂ ਤੂੰ ਲੈਣਾ ਪਰਗਟਾ, ਨਾਉਂ ਨਿਰੰਕਾਰਾ ਪਰਗਟਾਈਆ। ਤੇਰਾ ਹੁਕਮ ਤੂੰ ਲੈਣਾ ਵਰਤਾ, ਤੇਰਾ ਹੁਕਮ ਸੱਚੀ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਈਆ। ਰੰਗਿਆ ਰੰਗ ਹਰਿ ਨਿਰੰਕਾਰ, ਆਪਣਾ ਰੰਗ ਵਖਾਇਆ। ਨਿਰਾਕਾਰ ਕਰ ਪਿਆਰ, ਨਿਰਵੈਰ ਮੇਲ ਮਿਲਾਇਆ। ਸਚ ਸਿੰਘਾਸਣ ਪਾਵੇ ਸਾਰ, ਸਾਚੀ ਸੇਜਾ ਆਪ ਸੁਹਾਇਆ। ਕਰੇ ਖੇਲ ਪੁਰਖ ਨਾਰ, ਪਰਮ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਇਆ। ਸਾਚਾ ਰਾਹ ਹਰਿ ਕਰਤਾਰ, ਕਰਤਾ ਪੁਰਖ ਆਪ ਚਲਾਈਆ। ਸਚਖੰਡ ਨਿਵਾਸੀ ਹੋ ਉਜਿਆਰ, ਦਰ ਘਰ ਸਾਚੇ ਸੋਭਾ ਪਾਈਆ। ਆਪਣੀ ਘਾੜਤ ਘੜੇ ਬਣ ਠਠਿਆਰ, ਸਮਰਥ ਪੁਰਖ ਵਡੀ ਵਡਿਆਈਆ। ਆਪਣਾ ਮੰਦਰ ਸੁਹਾਏ ਸਚ ਦਵਾਰ, ਮਹੱਲ ਅਟਲ ਉਚ ਰੁਸ਼ਨਾਈਆ। ਸ਼ਾਹੋ ਭੂਪ ਬਣ ਸਿਕਦਾਰ, ਧੁਰ ਫ਼ਰਮਾਨਾ ਆਪ ਜਣਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਸਾਚਾ ਹੁਕਮ ਆਪ ਵਰਤਾਈਆ। ਆਪੇ ਹੋਏ ਮੰਗਣਹਾਰ, ਆਪੇ ਨਿਉਂ ਨਿਉਂ ਸੀਸ ਝੁਕਾਈਆ। ਕਰੇ ਖੇਲ ਅਗੰਮ ਅਪਾਰ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਆਪਣੀ ਕਿਰਪਾ ਆਪੇ ਧਾਰ, ਆਪਣਾ ਸੰਗ ਆਪ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੇ ਹੱਥ ਰੱਖੇ ਵਡਿਆਈਆ। ਆਪਣੇ ਹੱਥ ਰੱਖ ਵਡਿਆਈ, ਹਰਿ ਵੱਡਾ ਵਡ ਅਖਵਾਇੰਦਾ। ਆਪਣੇ ਨਾਲ ਆਪਣੀ ਕਰ ਕੁੜਮਾਈ, ਆਪਣਾ ਬੰਧਨ ਪਾਇੰਦਾ। ਆਪੇ ਧੀ ਆਪ ਜਵਾਈ, ਸੌਹਰੇ ਪੇਈਏ ਆਪੇ ਸੋਭਾ ਪਾਇੰਦਾ। ਆਪੇ ਖੇਲ ਕਰੇ ਰਘਰਾਈ, ਆਪਣਾ ਰੂਪ ਅਨੂਪ ਆਪ ਪਰਗਟਾਇੰਦਾ। ਆਪੇ ਸਚ ਸੁਹੰਜਣੀ ਸੇਜ ਸੁਹਾਈ, ਸੋਭਾਵੰਤ ਸ੍ਰੀ ਭਗਵੰਤ ਆਪਣਾ ਰੰਗ ਆਪ ਰੰਗਾਇੰਦਾ। ਆਪੇ ਖੇਲ ਕਰੇ ਨਰ ਨਰਾਇਣ ਨਾਰੀ ਕੰਤ, ਕੰਤ ਕੰਤੂਹਲ ਆਪਣਾ ਵੇਸ ਵਟਾਇੰਦਾ। ਆਪੇ ਬਣਾਏ ਸਾਚੀ ਬਣਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਬਣਾਏ ਬਣਤ ਹਰਿ ਭਗਵਾਨ, ਆਪਣੀ ਦਇਆ ਕਮਾਈਆ। ਆਪਣਾ ਦਰ ਕਰ ਪਰਵਾਨ, ਸਚ ਦਵਾਰਾ ਇਕ ਸੁਹਾਈਆ। ਸ਼ਾਹ ਭੂਪ ਬਣ ਰਾਜਾਨ, ਸ਼ਾਹ ਸੁਲਤਾਨ ਹੁਕਮ ਪਰਗਟਾਈਆ। ਸਚ ਨਿਸ਼ਾਨਾ ਇਕ ਮਿਹਰਵਾਨ, ਮਹਿਬਾਨ ਆਪ ਝੁਲਾਈਆ। ਆਪਣਾ ਨਾਉਂ ਕਰ ਪਰਧਾਨ, ਬੇ ਜ਼ਬਾਨ ਕਰੇ ਪੜ੍ਹਾਈਆ। ਆਪਣਾ ਖੇਲ ਕਰ ਮਹਾਨ, ਆਪਣੀ ਉਲਫ਼ਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਜਣਾਈਆ। ਆਪਣੀ ਧਾਰ ਆਪੇ ਜਾਣ, ਆਪਣਾ ਖੇਲ ਖਿਲਾਇਆ। ਆਪਣਾ ਰੰਗ ਆਪੇ ਮਾਣ, ਆਪੇ ਵੇਖ ਵਖਾਇਆ। ਆਪਣੇ ਮੰਦਰ ਹਰਿ ਭਗਵਾਨ, ਆਪਣਾ ਹੁਕਮ ਵਰਤਾਇਆ। ਆਪਾ ਕਰੇ ਆਪ ਪਹਿਚਾਨ, ਆਪਣਾ ਪਰਦਾ ਆਪ ਉਠਾਇਆ। ਆਪੇ ਵੇਖੇ ਸਚ ਮਕਾਨ, ਸਚਖੰਡ ਦਵਾਰਾ ਡੇਰਾ ਲਾਇਆ। ਆਪੇ ਵੇਖੇ ਚਰਨ ਸਰਨ ਨਿਗਹਬਾਨ, ਕਵਲ ਆਪਣਾ ਰੂਪ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਬੰਧਨ ਦਏ ਸਮਝਾਇਆ। ਆਪੇ ਚਰਨ ਆਪ ਕਵਲ, ਚਰਨ ਕਵਲ ਆਪ ਸਮਝਾਈਆ। ਆਪੇ ਦਾਤਾ ਦਾਨੀ ਆਪੇ ਪਏ ਸਰਨ, ਆਪੇ ਜਾਣੇ ਸਚ ਸਰਨਾਈਆ। ਆਪੇ ਕਰਤਾ ਪੁਰਖ ਕਰਨੀ ਕਰਨ, ਆਪੇ ਕਿਰਤੀ ਕਿਰਤ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਚਰਨ ਕਵਲ ਦਏ ਸਮਝਾਈਆ। ਹਰਿ ਕਾ ਚਰਨ ਉਚ ਅਪਾਰਾ, ਰੂਪ ਅਵਰ ਨਾ ਕੋਈ ਰਖਾਇੰਦਾ। ਹਰਿ ਕਾ ਨੈਣ ਸਦਾ ਉਜਿਆਰਾ, ਰੂਪ ਰੰਗ ਨਾ ਕੋਈ ਵਟਾਇੰਦਾ। ਹਰਿ ਕਾ ਘਰ ਸੱਚਾ ਦਰਬਾਰਾ, ਆਦਿ ਅੰਤ ਸੋਭਾ ਪਾਇੰਦਾ। ਹਰਿ ਕਾ ਦਰ ਖੁਲ੍ਹਾ ਕਿਵਾੜਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਇੰਦਾ। ਨਿਰਗੁਣ ਚਰਨ ਨਿਰਗੁਣ ਰਾਜਾ, ਨਿਰਗੁਣ ਭੂਪਤ ਭੂਪ ਅਖਵਾਈਆ। ਨਿਰਗੁਣ ਸਰਨ ਨਿਰਗੁਣ ਮਹਾਰਾਜਾ, ਸੇਵਕ ਸੇਵ ਕਮਾਈਆ। ਨਿਰਗੁਣ ਪਰਨ ਨਿਰਗੁਣ ਰੱਖੇ ਲਾਜਾ, ਨਿਰਗੁਣ ਨਿਰਗੁਣ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਆਪੇ ਚਰਨ ਆਪੇ ਸੀਸ, ਹਰਿ ਆਪਣੀ ਖੇਲ ਖਿਲਾਇੰਦਾ। ਆਪੇ ਨੂਰ ਆਪੇ ਜਗਦੀਸ, ਆਪੇ ਜਗਦੀਸਰ ਵੇਸ ਵਟਾਇੰਦਾ। ਆਪੇ ਨਾਮ ਆਪ ਹਦੀਸ, ਆਪੇ ਹੁਕਮੀ ਹੁਕਮ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਸਮਝਾਇੰਦਾ। ਆਪਣਾ ਚਰਨ ਦੇਵੇ ਦੱਸ, ਹਰਿ ਭੇਦ ਅਭੇਦ ਖੁਲ੍ਹਾਈਆ। ਜਿਸ ਦਵਾਰੇ ਜਾਏ ਵਸ, ਸੋ ਦਵਾਰਾ ਚਰਨ ਰੂਪ ਵਟਾਈਆ। ਜਿਸ ਗ੍ਰਹਿ ਜਾਏ ਵਸ, ਸੋ ਘਰ ਹੋਏ ਰੁਸ਼ਨਾਈਆ। ਜਿਸ ਮੰਦਰ ਆਏ ਨੱਸ, ਸੋ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਚਰਨ ਇਕ ਸਮਝਾਈਆ। ਸਚਖੰਡ ਹਰਿ ਸਚ ਸਿੰਘਾਸਣ, ਏਕਾ ਏਕ ਸੋਭਾ ਪਾਇੰਦਾ। ਚਰਨ ਕਵਲ ਹਰਿ ਖੇਲ ਤਮਾਸ਼ਨ, ਆਪਣਾ ਰੰਗ ਵਖਾਇੰਦਾ। ਥਿਰ ਘਰ ਨੂਰ ਕਰ ਪਰਕਾਸ਼ਨ, ਏਕਾ ਮਾਣ ਦਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਖੁਲ੍ਹਾਇੰਦਾ। ਚਰਨ ਕਵਲ ਘਰ ਸਾਚੇ ਰੱਖ, ਆਪਣੀ ਦਇਆ ਕਮਾਈਆ। ਥਿਰ ਘਰ ਦਵਾਰਾ ਕਰ ਪਰਤਖ, ਏਕਾ ਬੰਕ ਵਡਿਆਈਆ। ਆਪਣਾ ਨੂਰ ਅੰਦਰ ਰੱਖ, ਕਰੇ ਖੇਲ ਪਿਤਾ ਮਾਈਆ। ਆਪ ਵਖਾਇਆ ਆਪਣਾ ਰਸ, ਬਿਨ ਭੋਗ ਬਲਾਸ ਕਰੀ ਕੁੜਮਾਈਆ। ਆਪਣੀ ਕਰੀ ਆਪੇ ਪੂਰੀ ਆਸ, ਆਪ ਆਪਾ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਚਰਨ ਕਵਲ ਥਿਰ ਦਰਬਾਰਾ, ਸੋ ਪੁਰਖ ਨਿਰੰਜਣ ਆਪ ਪਰਗਟਾਇਆ। ਕਰਿਆ ਖੇਲ ਅਪਰ ਅਪਾਰਾ, ਅਪੰਰਪਰ ਰੂਪ ਧਰਾਇਆ। ਏਕਾ ਜਾਇਆ ਸੁਤ ਦੁਲਾਰਾ, ਸ਼ਬਦੀ ਨਾਉਂ ਪਰਗਟਾਇਆ। ਸਾਚੇ ਘਰ ਹੋਇਆ ਜੈਕਾਰਾ, ਵਾਹ ਵਾ ਨਾਦ ਅਨਾਦ ਵਜਾਇਆ। ਏਕਾ ਵੇਖੇ ਵੇਖਣਹਾਰਾ, ਦੂਜਾ ਸੰਗ ਨਾ ਕੋਇ ਰਖਾਇਆ। ਪੁਰਖ ਅਬਿਨਾਸ਼ੀ ਕਰੇ ਪਿਆਰਾ, ਆਪਣੀ ਗੋਦ ਬਹਾਇਆ। ਘਰ ਵਿਚ ਘਰ ਤੇਰਾ ਸਹਾਰਾ, ਥਿਰ ਦਰ ਦਏ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕ ਵਸਾਇਆ। ਸੁਤ ਦੁਲਾਰਾ ਹੋ ਤਿਆਰ, ਢਹਿ ਪਿਆ ਸਰਨਾਈਆ। ਧੰਨ ਭਾਗ ਤੂੰ ਕੀਆ ਪਿਆਰ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਏਕਾ ਮਿਲਿਆ ਚਰਨ ਸਹਾਰ, ਕਵਲ ਮਿਲੀ ਸਰਨਾਈਆ। ਦਰ ਬਰਦਾ ਖੜਾ ਸੇਵਾਦਾਰ, ਬੇਪਰਦ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਸ ਰਖਾਈਆ। ਏਕਾ ਆਸ ਲਈ ਰੱਖ, ਸ਼ਬਦੀ ਸ਼ਬਦ ਜਣਾਇੰਦਾ। ਆਪਣੇ ਘਰ ਕੀਆ ਪਰਤੱਖ, ਦਰ ਸਾਚਾ ਮੋਹੇ ਭਾਇੰਦਾ। ਆਪਣੇ ਨਾਲੋਂ ਕਰੀਂ ਨਾ ਵਖ, ਤੇਰਾ ਵਿਛੋੜਾ ਨਾ ਮੋਹੇ ਸੁਖਾਇੰਦਾ। ਮੈਂ ਤੇਰਾ ਉਪਜਿਆ ਤੇਰੀ ਰਤ, ਹੋਰ ਪਿਤਾ ਨਾ ਕੋਇ ਬਣਾਇੰਦਾ। ਤੇਰੇ ਚਰਨ ਕਵਲਾਂ ਵਿਚ ਰਿਹਾ ਵਸ, ਥਿਰ ਘਰ ਆਪਣਾ ਆਸਣ ਲਾਇੰਦਾ। ਕਰ ਕਰ ਦਰਸ਼ਨ ਰਿਹਾ ਹੱਸ, ਤੇਰੇ ਨਾਲ ਖ਼ੁਸ਼ੀ ਮਨਾਇੰਦਾ। ਮੈਂ ਤੇਰੇ ਹੋਇਆ ਵਸ, ਦੂਜਾ ਰਾਹ ਨਾ ਕੋਇ ਤਕਾਇੰਦਾ। ਏਕਾ ਸੇਵਾ ਆਪਣੀ ਦੱਸ, ਹਉਂ ਬਾਲਕ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਇੰਦਾ। ਸਚ ਸੰਦੇਸ਼ਾ ਸੁਣ ਲੈ ਸੁਤ, ਸੋ ਪੁਰਖ ਅਬਿਨਾਸ਼ੀ ਆਪ ਜਣਾਈਆ। ਤੇਰੀ ਨਾ ਕਾਇਆ ਨਾ ਕੋਈ ਬੁੱਤ, ਤੇਰਾ ਰੰਗ ਨਾ ਕੋਇ ਵਖਾਈਆ। ਤੇਰਾ ਨਾਤਾ ਅਬਿਨਾਸ਼ੀ ਅਚੁਤ, ਨਾ ਮਰੇ ਨਾ ਜਾਈਆ। ਤੂੰ ਮੇਰੇ ਵਿਚੋਂ ਪਿਆ ਫੁਟ, ਮੇਰੀ ਗੋਦ ਸੁਹਾਈਆ। ਥਿਰ ਘਰ ਸੋਹੇ ਤੇਰੀ ਰੁਤ, ਸਾਚੀ ਰੁਤੜੀ ਸੋਭਾ ਪਾਈਆ। ਮੇਰਾ ਨੂਰ ਤੇਰੀ ਜੋਤ, ਤੇਰੀ ਜੋਤ ਮੇਰੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਜਣਾਈਆ। ਸੁਣ ਸੁਤ ਮੈਂ ਕਰਾਂ ਪਿਆਰ, ਪਿਆਰ ਪਿਆਰ ਨਾਲ ਮਿਲਾਇਆ। ਆਦਿ ਜੁਗਾਦਿ ਮੇਰਾ ਵਿਹਾਰ, ਇਕ ਇਕੱਲਾ ਕਰਦਾ ਆਇਆ। ਤੈਨੂੰ ਕਰਿਆ ਖ਼ਬਰਦਾਰ, ਏਕਾ ਵਾਰ ਉਠਾਇਆ। ਤੇਰੀ ਸੇਵਾ ਲਾਵਾਂ ਅਪਰ ਅਪਾਰ, ਭੁਲ ਕਦੇ ਨਾ ਜਾਇਆ। ਨਿਰਗੁਣ ਹੋ ਹੋ ਕਰਾਂ ਪਸਾਰ, ਸਰਗੁਣ ਤੇਰਾ ਅੰਗ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਸੁਣਾਇਆ। ਸੁਣਿਆ ਭੇਵ ਧੁਰ ਫ਼ਰਮਾਨਾ, ਪੁਰਖ ਅਬਿਨਾਸ਼ੀ ਰਿਹਾ ਜਣਾਈਆ। ਚਰਨੀ ਡਿਗਾ ਹੋ ਨਿਮਾਣਾ, ਨੇਤਰ ਨੈਣਾਂ ਨੀਰ ਵਹਾਈਆ। ਤੂੰ ਸ਼ਾਹ ਪਾਤਸ਼ਾਹ ਸੱਚਾ ਰਾਣਾ, ਸੱਚੀ ਤੇਰੀ ਸ਼ਹਿਨਸ਼ਾਹੀਆ। ਤੇਰਾ ਹੁਕਮ ਇਕ ਫ਼ਰਮਾਨਾ, ਨਾ ਕੋਈ ਮੇਟੇ ਮੇਟ ਮਿਟਾਈਆ। ਤੇਰਾ ਦਰ ਨਾ ਛੱਡ ਕੇ ਜਾਣਾ, ਦੂਜੇ ਘਰ ਨਾ ਕੋਇ ਵਡਿਆਈਆ। ਚਰਨ ਕਵਲ ਦੇ ਟਿਕਾਣਾ, ਵਿਛੜ ਜਾਏ ਨਾ ਮੇਰਾ ਮਾਹੀਆ। ਮੇਰਾ ਬਣਿਆ ਰਹੇ ਤੇਰਾ ਘਰ ਔਣਾ ਜਾਣਾ, ਦਰਸ ਨੇਤਰ ਨੈਣ ਵਖਾਈਆ। ਸਦਾ ਸਦ ਮੰਨਾਂ ਤੇਰਾ ਭਾਣਾ, ਚਲਾਂ ਤੇਰੇ ਹੁਕਮ ਰਜ਼ਾਈਆ। ਜੇ ਕਰ ਮੇਰਾ ਭਾਣਾ ਮੰਨਾਂ, ਤੇਰੇ ਹੱਥ ਦਿਆਂ ਵਡਿਆਈਆ। ਤੇਰਾ ਨੂਰ ਪਰਗਟਾਵਾਂ ਸੂਰਜ ਚੰਨੇ, ਬ੍ਰਹਿਮੰਡ ਖੰਡ ਵੇਸ ਵਟਾਈਆ। ਤੇਰੇ ਘਰ ਤੇਰਾ ਰੂਪ ਬਣੇ ਜਨਨੀ ਜਣੇ, ਵਿਸ਼ਨ ਬ੍ਰਹਮਾ ਸ਼ਿਵ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਰ ਝੋਲੀ ਪਾਈਆ। ਏਕਾ ਵਰ ਦੇਵੇ ਦਾਤ, ਆਪਣੀ ਦਇਆ ਕਮਾਈਆ। ਤੇਰੇ ਅੰਤਰ ਵੇਖੇ ਮਾਰ ਝਾਤ, ਆਪਣਾ ਪਰਦਾ ਦਏ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣਾਏ ਤੇਰਾ ਸਾਕ, ਨਾਤਾ ਬਿਧਾਤਾ ਜੋੜ ਜੁੜਾਈਆ। ਲੱਖ ਚੁਰਾਸੀ ਫਲ ਲਗਾਏ ਡਾਲ੍ਹੀ ਪਾਤ, ਫੁਲ ਪੰਖੜੀਆਂ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪ ਵਰਤਾਈਆ। ਸ਼ਬਦ ਸੁਤ ਚਰਨ ਗਿਆ ਢੱਠ, ਦੋਏ ਜੋੜ ਕਰੇ ਪੁਕਾਰਾ। ਤੂੰ ਆਪਣਾ ਮਾਰਗ ਦਿਤਾ ਦੱਸ, ਤੇਰਾ ਖੇਲ ਅਪਰ ਅਪਾਰਾ। ਸੀਸ ਮੱਥੇ ਰਖਿਆ ਹੱਸ ਹੱਸ, ਕਰਾਂ ਸਚ ਵਿਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਅੰਤ ਸਹਾਰਾ। ਅੰਤ ਸਹਾਰਾ ਮੰਗੀ ਮੰਗ, ਪ੍ਰਭ ਅਗੇ ਸੀਸ ਝੁਕਾਇਆ। ਤੇਰਾ ਵਜਾਵਾਂ ਇਕ ਮਰਦੰਗ, ਲੱਖ ਚੁਰਾਸੀ ਖੇਲ ਖਿਲਾਇਆ। ਲੇਖਾ ਜਾਣਾਂ ਜੇਰਜ ਅੰਡ, ਉਤਭੁਜ ਸੇਤਜ ਲਏ ਪਰਗਟਾਇਆ। ਆਵਾਂ ਜਾਵਾਂ ਤੇਰਾ ਦਵਾਰਾ ਲੰਘ, ਸਚਖੰਡ ਸਾਚਾ ਸੋਭਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਇਆ। ਸਿਰ ਮੇਰੇ ਹੱਥ ਦੇਣਾ ਰੱਖ, ਏਕਾ ਦਵਾਰ ਵੰਡ ਵੰਡਾਈਆ। ਆਪਣੇ ਨਾਲੋਂ ਨਾ ਕਰੀਂ ਵੱਖ, ਤਾਰ ਸਤਾਰ ਨਾਲ ਬੰਧਾਈਆ। ਜੁਗ ਜੁਗ ਕਰਨਾ ਮੇਰਾ ਪੱਖ, ਸਿਰ ਮੇਰੇ ਹੱਥ ਟਿਕਾਈਆ। ਅੰਤਮ ਪੂਰੀ ਕਰਨੀ ਆਸ, ਨਿਰਾਸ ਕੋਇ ਨਜ਼ਰ ਨਾ ਆਈਆ। ਤੇਰੇ ਘਰ ਕਰਾਂ ਵਾਸ, ਦੂਜੇ ਦਰ ਨਾ ਫੇਰਾ ਪਾਈਆ। ਸਾਹਿਬ ਸਦਾ ਵਸਾਂ ਪਾਸ, ਵਿਛੋੜਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੀ ਵਸਤ ਝੋਲੀ ਪਾਈਆ। ਦੇਵੇ ਵਸਤ ਸ੍ਰੀ ਭਗਵਾਨ, ਏਕਾ ਵਾਰ ਜਣਾਈਆ। ਅੰਤਮ ਮੇਲਾ ਕਰਾਂ ਮਹਾਨ, ਮਿਲ ਮਿਲ ਆਪਣਾ ਰੰਗ ਚੜ੍ਹਾਈਆ। ਜੁਗ ਚੌਕੜੀ ਖੇਲ ਮਹਾਨ, ਲੋਕਮਾਤ ਕਰਾਈਆ। ਨਵ ਨੌਂ ਚਾਰ ਮਿਟੇ ਨਿਸ਼ਾਨ, ਜਗਤ ਨਿਸ਼ਾਨਾ ਦਏ ਗਵਾਈਆ। ਪਰਗਟ ਹੋਏ ਸ੍ਰੀ ਭਗਵਾਨ, ਨਿਰਗੁਣ ਆਪਣਾ ਰੂਪ ਵਟਾਈਆ। ਲੇਖਾ ਜਾਣੇ ਦੋ ਜਹਾਨ, ਲੋਕਮਾਤ ਕਰੇ ਰੁਸ਼ਨਾਈਆ। ਤੇਰਾ ਲਹਿਣਾ ਚੁਕਾਵੇ ਆਣ, ਦੇਣਾ ਕੋਇ ਰਹਿਣ ਨਾ ਪਾਈਆ। ਤੇਰਾ ਮੰਦਰ ਵੇਖੇ ਮਕਾਨ, ਘਰ ਘਰ ਵਿਚ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਨਿਭਾਈਆ। ਜੇ ਕਰ ਮੇਲ ਲੋਕਮਾਤ ਮਿਲੌਣਾ, ਸ਼ਬਦੀ ਸੁਤ ਮੰਗ ਮੰਗਾਇੰਦਾ। ਇਕ ਇਕੱਲਾ ਬਣ ਕੇ ਤੇਰੇ ਦਰ ਨਾ ਔਣਾ, ਤੇਰਾ ਦਰ ਨਾ ਸੋਭਾ ਪਾਇੰਦਾ। ਜਿਨ੍ਹਾਂ ਤੇਰਾ ਨਾਮ ਧਿਔਣਾ, ਤਿਨ੍ਹਾਂ ਆਪਣਾ ਅੰਗ ਫੜਾਇੰਦਾ। ਲੋਕਮਾਤ ਮੈਂ ਕਰਾਂ ਜੋ ਮੇਰੇ ਅੰਦਰ ਭੌਣਾ, ਮੈਂ ਆਪਣੀ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਤੇਰੇ ਪੁਛ ਪੁਛਾਇੰਦਾ। ਪੁਰਖ ਅਬਿਨਾਸ਼ੀ ਦੀਨ ਦਿਆਲ, ਆਦਿ ਦਇਆ ਕਮਾਈਆ। ਜੋ ਉਪਜੇ ਸੋ ਖਾਏ ਕਾਲ, ਥਿਰ ਕੋਇ ਰਹਿਣ ਨਾ ਪਾਈਆ। ਜੁਗ ਚੌਕੜੀ ਹੱਲ ਕਰੇ ਆਪ ਸਵਾਲ, ਆਪਣਾ ਅੰਕੜਾ ਨਾ ਕਿਸੇ ਜਣਾਈਆ। ਤੇਰਾ ਰੂਪ ਬਣਾਏ ਦਲਾਲ, ਸ਼ਬਦੀ ਸ਼ਬਦ ਦਏ ਵਡਿਆਈਆ। ਛੋਟੇ ਬੱਚੇ ਤੈਨੂੰ ਉਂਗਲੀ ਲਾਈ ਰੱਖੇ ਕਰੇ ਖੇਲ ਕਮਾਲ, ਮੇਰਾ ਭੇਵ ਕੋਇ ਨਾ ਪਾਈਆ। ਗੁਰ ਅਵਤਾਰ ਕਰੇ ਖੇਲ ਨਿਰਾਲ, ਤੇਰਾ ਰੰਗ ਚੜ੍ਹਾਈਆ। ਜੁਗ ਚੌਕੜੀ ਅੰਤ ਸਭ ਨੂੰ ਕਰੇ ਬਹਾਲ, ਲੇਖਾ ਸਭ ਦਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਸਮਝਾਈਆ। ਤੇਰੀ ਧਾਰਾ ਲਈ ਜਾਣ, ਤੂੰ ਜਾਣੀ ਜਾਣ ਜਣਾਇਆ। ਜੁਗ ਚੌਕੜੀ ਤੇਰਾ ਨਾਉਂ ਪਰਧਾਨ, ਲੋਕਮਾਤ ਢੋਲਾ ਗਾਇਆ। ਗੁਰ ਅਵਤਾਰ ਕਰਨ ਕਲਿਆਣ, ਲੱਖ ਚੁਰਾਸੀ ਤੰਦ ਬੰਧਾਇਆ। ਬਿਨ ਤੇਰੇ ਤੇਰਾ ਵਖਾਵੇ ਨਾ ਕੋਇ ਮਕਾਨ, ਤੇਰੇ ਦਰ ਨਾ ਕੋਇ ਬਹਾਇਆ। ਜੋ ਆਇਣ ਸੋ ਤੈਨੂੰ ਗਾਣ, ਗਾ ਗਾ ਤੇਰਾ ਸ਼ੁਕਰ ਮਨਾਇਆ। ਮੈਂ ਵੇਖਾਂ ਮਾਰ ਧਿਆਨ, ਵਾਹ ਵਾ ਤੇਰੀ ਕ਼ੁਦਰਤ ਵਾਹ ਵਾ ਤੇਰੀ ਮਾਇਆ। ਤੂੰ ਆਪਣਾ ਅੱਖਰ ਇਕ ਇਕ ਦੇ ਗਿਆਨ, ਲੋਕਮਾਤ ਦਈਂ ਵਡਿਆਇਆ। ਅੰਤਮ ਆਪੇ ਮੇਟੇ ਨਿਸ਼ਾਨ, ਸਭ ਦਾ ਕਰੇ ਸਫ਼ਾਇਆ। ਮੇਰੇ ਨਾਲ ਕਰ ਜ਼ਬਾਨ, ਕੀਤਾ ਕੌਲ ਭੁਲ ਨਾ ਜਾਇਆ। ਮੈਂ ਤੇਰਾ ਬਾਲ ਨਾਦਾਨ, ਤੇਰੇ ਅੱਗੇ ਸੀਸ ਝੁਕਾਇਆ। ਦਰ ਦੇਣਾ ਦਾਨੀ ਦਾਨ, ਦੇਵਣਹਾਰ ਬੇਪਰਵਾਹਿਆ। ਮੇਰਾ ਤੁਟ ਨਾ ਜਾਏ ਮਾਣ, ਢਹਿ ਪਿਆ ਸਰਨਾਇਆ। ਲੋਕਮਾਤ ਨਾ ਆਏ ਹਾਣ, ਮੈਂ ਤੇਰੀ ਓਟ ਤਕਾਇਆ। ਜੁਗ ਚੌਕੜੀ ਰਹਾਂ ਬੇਪਛਾਣ, ਰੂਪ ਰੰਗ ਰੇਖ ਨਾ ਕੋਇ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਇਆ। ਦੀਨ ਦਿਆਲ ਦਇਆ ਕਰ, ਆਦਿ ਦਏ ਵਡਿਆਈਆ। ਅੰਤਮ ਤੇਰਾ ਪੱਲੂ ਲਵਾਂ ਫੜ, ਆਪਣੇ ਨਾਲ ਬੰਧਾਈਆ। ਆਪਣੇ ਬਹਾਵਾਂ ਆਪੇ ਘਰ, ਘਰ ਘਰ ਵਿਚ ਸੋਭਾ ਪਾਈਆ। ਤੇਰਾ ਚੁਕਾਵਾਂ ਸੰਸਾ ਰੋਗ ਡਰ, ਸੋਗ ਨੇੜ ਕੋਇ ਨਾ ਆਈਆ। ਨਿਰਗੁਣ ਹੋ ਹੋ ਲਵਾਂ ਫੜ, ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕੌਲ ਰਿਹਾ ਕਰਾਈਆ। ਸਚ ਸਚ ਮੈਂ ਦਿਤਾ ਦੱਸ, ਨਾ ਪਰਦਾ ਕੋਇ ਰਖਾਇਆ। ਇਕ ਇਕੱਲਾ ਨਾ ਆਵਾਂ ਨੱਸ, ਤੇਰੇ ਦਰ ਨਾ ਫੇਰਾ ਪਾਇਆ। ਕਲਜੁਗ ਅੰਤਮ ਮੇਰਾ ਚਲਣਾ ਨਾ ਕੋਇ ਵਸ, ਮੈਂ ਪਹਿਲੋਂ ਰਿਹਾ ਸੁਣਾਇਆ। ਤੂੰ ਆਪਣਿਆਂ ਭਗਤਾਂ ਅੰਦਰ ਜਾਣਾ ਵਸ, ਤੇਰਾ ਭੇਵ ਕਿਸੇ ਨਾ ਆਇਆ। ਗੁਰ ਅਵਤਾਰ ਗਾ ਗਾ ਆਇਣ ਤੇਰਾ ਜਸ, ਜਸ ਵੇਦ ਪੁਰਾਨ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਭਗਤਾਂ ਰੰਗ ਰੰਗਾਇਆ। ਤੇਰੇ ਭਗਤ ਮੇਰਾ ਸਾਥ, ਮੇਰੀ ਬਣਤ ਬਣਾਈਆ। ਤੂੰ ਸਾਹਿਬ ਪੁਰਖ ਸਮਰਾਥ, ਬੇਅੰਤ ਤੇਰੀ ਵਡਿਆਈਆ। ਤੂੰ ਅਨਾਥਾਂ ਨਾਥ, ਅਨਾਥਾਂ ਹੋਈਂ ਸਹਾਈਆ। ਤੂੰ ਅਣਮੰਗੀ ਦੇਵਾਂ ਦਾਤ, ਸਚ ਵਸਤ ਆਪ ਵਰਤਾਈਆ। ਤੂੰ ਬਿਨ ਅੱਖਰ ਵਖਾਏ ਪੜ੍ਹਾਈਂ ਗਾਥ, ਆਪਣਾ ਨਾਉਂ ਸਾਲਾਹੀਆ। ਅਸੀਂ ਰਲ ਕੇ ਆਈਏ ਇਕ ਜਮਾਤ, ਏਕਾ ਪਟੀ ਲੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਰਖਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਏਕਾ ਹੁਕਮ ਜਣਾਇੰਦਾ। ਕਲਜੁਗ ਅੰਤ ਕਰਾਂ ਪਰਵਾਨ, ਨਵ ਨੌਂ ਚਾਰ ਪੰਧ ਮੁਕਾਇੰਦਾ। ਪਰਗਟ ਹੋਵਾਂ ਵਿਚ ਜਹਾਨ, ਨਿਰਗੁਣ ਰੂਪ ਵਟਾਇੰਦਾ। ਸਾਚੇ ਭਗਤ ਕਰਾਂ ਪਰਵਾਨ, ਆਪਣੇ ਰੰਗ ਰੰਗਾਇੰਦਾ। ਬਿਨ ਮੰਗਿਆਂ ਦੇਵਾਂ ਦਾਨ, ਨਾਮ ਅਮੋਲਕ ਵਸਤ ਆਪ ਵਰਤਾਇੰਦਾ। ਬਿਨ ਪੁਛਿਆਂ ਕਰਾਂ ਪਛਾਣ, ਆਪਣੀ ਪਛਾਣ ਭੁਲ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਆਪਣਾ ਭੇਵ ਚੁਕਾਏ ਭਗਵਾਨ, ਆਪਣੀ ਦਇਆ ਕਮਾਈਆ। ਸਾਚੇ ਸੁਤ ਕਰ ਧਿਆਨ, ਹਰਿ ਸਤਿਗੁਰ ਆਪ ਸਮਝਾਈਆ। ਕਲਜੁਗ ਅੰਤਮ ਵੇਖੇ ਆਣ, ਨਿਰਾਕਾਰ ਬੇਪਰਵਾਹੀਆ। ਭਗਤ ਭਗਵੰਤ ਖੇਲ ਮਹਾਨ, ਲੋਕਮਾਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਈਆ। ਤੇਰੀ ਦਇਆ ਕਵਣ ਰੂਪ, ਲੋਕਮਾਤ ਨਜ਼ਰ ਨਾ ਆਈਆ। ਸਾਰੇ ਕਹਿ ਕਹਿ ਆਏ ਸਤਿ ਸਰੂਪ, ਤੇਰੀ ਰੇਖ ਨਾ ਕੋਇ ਵਖਾਈਆ। ਤੇਰਾ ਡੰਕਾ ਵੱਜੇ ਚਾਰੇ ਕੂਟ, ਦਰੋਹੀ ਤੇਰੇ ਨਾਮ ਖ਼ੁਦਾਈਆ। ਤੈਨੂੰ ਕਹਿੰਦੇ ਵਸਿਆ ਕਾਇਆ ਪੰਜ ਤਤ ਕਲਬੂਤ, ਨਜ਼ਰ ਕਿਸੇ ਨਾ ਆਈਆ। ਤੂੰ ਆਦਿ ਜੁਗਾਦਿ ਨਾ ਆਇਆ ਕਿਸੇ ਦੇ ਸੂਤ, ਸਭ ਦਾ ਡੇਰਾ ਰਿਹਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਲਜੁਗ ਤੇਰੀ ਅੰਤ ਨਿਸ਼ਾਨੀ, ਕਵਣ ਦਏ ਸਮਝਾਈਆ। ਬਿਨ ਨਿਸ਼ਾਨ ਨਾ ਕੋਇ ਧਾਰ, ਪਹਿਚਾਨ ਕੋਇ ਨਜ਼ਰ ਨਾ ਆਈਆ। ਬਿਨ ਡਿਠਿਆਂ ਕਹਿਣ ਸਾਰੇ ਭਗਵਾਨ, ਨੈਣਾਂ ਦਰਸ ਕੋਇ ਨਾ ਪਾਈਆ। ਨਿਉਂ ਨਿਉਂ ਸੀਸ ਸਰਬ ਝੁਕਾਣ, ਜਗਦੀਸ ਸੀਸ ਹੱਥ ਨਾ ਕੋਇ ਟਿਕਾਈਆ। ਬਿਨ ਧੰਨੇ ਨਾ ਖਾਧਾ ਕਿਸੇ ਦਾ ਪਕਵਾਨ, ਕੋਟਨ ਕੋਟ ਬੈਠੇ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਲਜੁਗ ਅੰਤਮ ਤੇਰੀ ਦੇਵੇ ਕਵਣ ਗਵਾਹੀਆ। ਪੁਰਖ ਅਬਿਨਾਸ਼ੀ ਹੋ ਨਿਰਾਸਾ, ਅੱਗੋਂ ਏਹ ਸਮਝਾਇੰਦਾ। ਤੂੰ ਕਿਹਾ ਸਚ ਬਿਨ ਵੇਖਿਆਂ ਮੇਰੇ ਉਤੇ ਕਰਨ ਭਰਵਾਸਾ, ਮੇਰਾ ਭੇਵ ਕੋਇ ਨਾ ਪਾਇੰਦਾ। ਜੇ ਕੋਈ ਕਹੇ ਵਖਾਲੇ ਅੱਗੋਂ ਕਰਦੇ ਹਾਸਾ, ਨੇਤਰ ਨੈਣ ਆਪ ਸ਼ਰਮਾਇੰਦਾ। ਆਦਿ ਜੁਗਾਦਿ ਮੇਰਾ ਖੇਲ ਤਮਾਸ਼ਾ, ਲੁਕਵੀਂ ਖੇਲ ਆਪ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਇੰਦਾ। ਮੇਰਾ ਭੇਵ ਜੇ ਅੰਤਮ ਪੌਣਾ, ਹਰਿ ਜੂ ਰਿਹਾ ਜਣਾਈਆ। ਮੇਰੀ ਓਟ ਇਕ ਰਖੌਣਾ, ਵੇਲੇ ਅੰਤ ਲਏ ਜਗਾਈਆ। ਆਪਣਾ ਪਰਦਾ ਆਪੇ ਲੌਹਣਾ, ਨਿਰਗੁਣ ਨੂਰ ਕਰ ਰੁਸ਼ਨਾਈਆ। ਜਨ ਭਗਤ ਦਵਾਰੇ ਆਪੇ ਭੌਣਾ, ਫਿਰ ਫਿਰ ਸੇਵ ਕਮਾਈਆ। ਬਿਨ ਹਰਿ ਜੀ ਡਿਠਿਆਂ ਚੈਨ ਨਾ ਔਣਾ, ਧੀਰਜ ਧੀਰ ਨਾ ਕੋਇ ਧਰਾਈਆ। ਬਣ ਬਣ ਸੇਵਕ ਸੇਵ ਕਮੌਣਾ, ਸਾਚੀ ਸੇਵਾ ਇਕ ਵਖਾਈਆ । ਸਚਖੰਡ ਦਵਾਰਾ ਮਾਤ ਪਰਗਟੌਣਾ, ਸਾਚੇ ਭਗਤਾਂ ਦਏ ਵਡਿਆਈਆ। ਜੀਂਵਦਿਆਂ ਹੀ ਵਿਚ ਬਹੌਣਾ, ਆਪ ਆਪਣੇ ਨਾਲ ਮਿਲਾਈਆ। ਪਹਿਲੀ ਵਾਰ ਪਹਿਲਾ ਵਿਹਾਰ ਆਪ ਕਰੌਣਾ, ਆਪ ਆਪਣੀ ਦਇਆ ਕਮਾਈਆ। ਆਪਣਾ ਨਿਸ਼ਾਨਾ ਆਪ ਝੁਲੌਣਾ, ਲੋਕਮਾਤ ਕਰੇ ਰੁਸ਼ਨਾਈਆ। ਪਿਛਲਾ ਕੀਤਾ ਅੰਤ ਮਿਟੌਣਾ, ਆਪਣਾ ਲੇਖਾ ਆਪਣੇ ਵਿਚ ਛੁਪਾਈਆ। ਏਕਾ ਨਾਉਂ ਸਭ ਨੇ ਗੌਣਾ, ਏਕਾ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਤਾਰੇ ਆਪ ਕਰਤਾਰਾ, ਕਲਜੁਗ ਆਪਣਾ ਵੇਸ ਵਟਾਇੰਦਾ। ਦਰ ਸੋਹੇ ਸਚ ਦਰਬਾਰਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਲੇਖਾ ਜਾਣੇ ਪੁਰਖ ਨਾਰਾ, ਪੁਰਖ ਪੁਰਖੋਤਮ ਵੇਖ ਵਖਾਇੰਦਾ। ਏਕਾ ਦੇਵੇ ਨਾਮ ਸਹਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਆਪ ਉਪਜਾਏ ਭਗਤ ਦਵਾਰਾ, ਜਨ ਭਗਤਾਂ ਵਿਚ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਲਾ ਅੰਤ ਆਪਣਾ ਆਪ ਆਪ ਪਰਗਟਾਇੰਦਾ। ਆਪਣਾ ਆਪ ਲਏ ਪਰਗਟਾ, ਸ਼ਹਿਨਸ਼ਾਹ ਵਡੀ ਵਡਿਆਈਆ। ਚਾਰ ਜੁਗ ਦੇ ਗੁਰ ਅਵਤਾਰ ਦਰ ਲਏ ਬੁਲਾ, ਏਕਾ ਹੁਕਮ ਸੁਣਾਈਆ। ਭਗਤ ਸੰਦੇਸ਼ਾ ਇਕ ਜਣਾ, ਏਕਾ ਨੈਣ ਖੁਲ੍ਹਾਈਆ। ਆਪਣਾ ਵੇਸਾ ਆਪ ਵਟਾ, ਕਰੇ ਖੇਲ ਬੇਪਰਵਾਹੀਆ। ਸਾਚਾ ਮੰਦਰ ਆਪ ਬਣਾ, ਸਾਚਾ ਘਰ ਆਪ ਵਸਾਈਆ। ਆਪਣੀ ਰਤ ਨੀਹਾਂ ਹੇਠ ਦਬਾ, ਗੋਬਿੰਦ ਰਤ ਲੇਖੇ ਪਾਈਆ। ਬ੍ਰਹਮ ਮਤ ਇਕ ਵਖਾ, ਕਮਲਾਪਤ ਦਏ ਸਰਨਾਈਆ। ਧੀਰਜ ਜਤ ਇਕ ਸਮਝਾ, ਸਤਿ ਸੰਤੋਖ ਦਏ ਵਡਿਆਈਆ। ਦੀਪਕ ਜੋਤ ਇਕ ਜਗਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਕੋਟ ਜਨਮ ਦੇ ਪਾਪ ਗਵਾ, ਹਰਿ ਸੰਗਤ ਲਏ ਤਰਾਈਆ। ਆਪਣਾ ਦਰਸ ਆਪ ਕਰਾ, ਪੂਜਾ ਪਾਠ ਨਾ ਕੋਇ ਕਰਾਈਆ। ਫੜ ਫੜ ਬਾਹੋਂ ਪਾਰ ਦਏ ਕਰਾ, ਅਧਵਿਚਕਾਰ ਨਾ ਕੋਇ ਰੁੜ੍ਹਾਈਆ। ਸਾਚਾ ਮਾਰਗ ਦਏ ਲਗਾ, ਸਾਚਾ ਪੰਥ ਇਕ ਵਖਾਈਆ। ਅਸੰਖ ਅਸੰਖ ਜਿਸ ਨੂੰ ਰਹੇ ਗਾ, ਸੋ ਆਪਣੀ ਖੇਲ ਕਰਾਈਆ। ਜਿਸ ਨੂੰ ਵਿਸ਼ਨੂੰ ਰਿਹਾ ਧਿਆ, ਬ੍ਰਹਮਾ ਸੀਸ ਝੁਕਾਈਆ। ਜਿਸ ਨੂੰ ਸ਼ੰਕਰ ਕੰਠ ਰਿਹਾ ਲਗਾ, ਸੋ ਮਿਲੇ ਸੱਚਾ ਮਾਹੀਆ। ਜਿਸ ਨੂੰ ਗੁਰ ਅਵਤਾਰ ਰਹੇ ਧਿਆ, ਸਚਖੰਡ ਸਾਚੇ ਸੋਭਾ ਪਾਈਆ। ਜਿਸ ਦੀ ਪੀਰ ਪੈਗ਼ੰਬਰ ਮੰਗਦੇ ਰਹੇ ਦੁਆ, ਦੋਏ ਜੋੜ ਸੀਸ ਝੁਕਾਈਆ। ਜਿਸ ਨੂੰ ਐਨਲਹਕ ਕਿਹਾ ਖ਼ੁਦਾ, ਨੂਰ ਜ਼ਹੂਰ ਆਪ ਧਰਾਈਆ। ਜਿਸ ਨੂੰ ਕਹਿੰਦੇ ਮੁਕਾਮੇ ਹਕ ਬੈਠਾ ਹੋ ਜੁਦਾ, ਆਪਣਾ ਆਪ ਛੁਪਾਈਆ। ਸੋ ਕਲਜੁਗ ਅੰਤਮ ਆਪਣੇ ਭਗਤਾਂ ਉਤੋਂ ਹੋ ਫ਼ਿਦਾ, ਆਪਣਾ ਨਾਮ ਨਿਸ਼ਾਨ ਮਿਟਾਈਆ। ਗੁਰਮੁਖਾਂ ਰਾਹ ਵਖਾ ਸਿਧਾ, ਸਾਚੇ ਮਾਰਗ ਦਏ ਲਗਾਈਆ। ਨੀਂਹਾਂ ਹੇਠ ਦਬਾਏ ਅਠਾਰਾਂ ਸਿਧਾਂ, ਨੌਂ ਨਿਧਾਂ ਨਰਦ ਆਪਣੀ ਇਕ ਭਵਾਈਆ। ਬਿਨ ਤੀਰੋਂ ਗੁਰਮੁਖ ਹਿਰਦਾ ਵਿਧਾ, ਅਣਯਾਲਾ ਤੀਰ ਚਲਾਈਆ। ਜੇ ਕੋਈ ਗੁਰਮੁਖਾਂ ਕੋਲੋਂ ਪੁਛੇ ਹਰਿ ਜੂ ਕਿਡਾ, ਕੋਈ ਦੱਸ ਨਾ ਸਕੇ ਰਾਈਆ। ਜੇ ਕੋਈ ਹਰਿ ਜੂ ਕੋਲੋਂ ਪੁਛੇ ਗੁਰਸਿਖ ਕੇਡਾ, ਹਰਿ ਸਤਿਗੁਰ ਦਏ ਸਮਝਾਈਆ। ਮੇਰੇ ਨਾਲੋਂ ਬੜਾ ਵੱਡਾ, ਜਿਸ ਦੀ ਸੇਵਾ ਰਿਹਾ ਕਮਾਈਆ। ਮੈਂ ਆਦਿ ਜੁਗਾਦਿ ਬਾਲਾ ਨੱਢਾ, ਮੇਰੀ ਉਮਰ ਨਾ ਕੋਇ ਵਿਹਾਈਆ। ਮੈਂ ਮਿਲ ਕੇ ਭਗਤਾਂ ਆਪਣੀ ਖ਼ੁਸ਼ੀ ਦਾ ਪਾਇਆ ਗਿੱਧਾ, ਹੱਥ ਨਾਲ ਹੱਥ ਮਿਲਾਈਆ। ਮੈਂ ਨੀਹਾਂ ਹੇਠ ਰਖਾਇਆ ਆਪਣਾ ਪਿੰਡਾ, ਉਪਰ ਆਪਣੇ ਭਾਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਆਪਣਾ ਆਪ ਲਏ ਪਰਗਟਾਈਆ। ਆਪ ਪਰਗਟੇ ਭਗਤਾਂ ਸੰਗ, ਬਿਨ ਭਗਤਾਂ ਕੰਮ ਕਿਸੇ ਨਾ ਆਇਆ। ਹਰਿਜਨ ਚਾੜ੍ਹੇ ਆਪਣਾ ਰੰਗ, ਰੰਗ ਦਏ ਵਖਾਇਆ। ਗੁਰਮੁਖਾਂ ਕੋਲੋਂ ਮੰਗੇ ਮੰਗ, ਪ੍ਰਭ ਆਪਣੀ ਝੋਲੀ ਅੱਗੇ ਡਾਹਿਆ। ਆ ਦਵਾਰ ਨਾ ਜਾਣਾ ਸੰਗ, ਹਰਿ ਜੂ ਮੰਦਰ ਰਿਹਾ ਸੁਹਾਇਆ। ਜਨਮ ਜਨਮ ਦੀ ਕੱਟੋ ਭੁੱਖ ਨੰਗ, ਵੇਲਾ ਅੰਤਮ ਆਇਆ। ਜਿਸ ਮਿਲਿਆਂ ਪਏ ਠੰਡ, ਸੋ ਸਾਹਿਬ ਕਿਉਂ ਮਨੋਂ ਭੁਲਾਇਆ। ਜਿਸ ਵਿਛੜਿਆਂ ਹੋਏ ਰੰਡੇਪਾ ਰੰਡ, ਸੋ ਕੰਤ ਕਿਉਂ ਦਰ ਦੁਰਕਾਇਆ। ਜਿਨ੍ਹ ਤਾਰਨਾ ਜੀਓ ਪਿੰਡ, ਬ੍ਰਹਿਮੰਡ ਹੋਏ ਸਹਾਇਆ। ਸਦਾ ਦਿਆਲ ਸਦਾ ਬਖ਼ਸ਼ੰਦ, ਬਖ਼ਸ਼ਣਹਾਰ ਬੇਪਰਵਾਹਿਆ। ਜਿਸ ਨਾਲ ਰਲਾਇਆ ਗੁਜਰੀ ਚੰਦ, ਪੂਤ ਸਪੂਤਾ ਸੰਗ ਵਖਾਇਆ। ਇਕੋ ਵਾਰ ਮੰਗੋ ਮੰਗ, ਸਾਚੀ ਝੋਲੀ ਦਏ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਆਪ ਸੁਹਾਇਆ। ਸਚ ਦਵਾਰਾ ਬਣੇ ਰਮਨੀਕ, ਹਰਿ ਰਾਮਾ ਆਪ ਬਣਾਈਆ। ਤਿਸ ਦਾ ਬਣੇ ਨਾ ਕੋਇ ਸ਼ਰੀਕ, ਲਾਸ਼ਰੀਕ ਇਕ ਖ਼ੁਦਾਈਆ। ਨਿਸ਼ਾਨ ਲਗਾਇਆ ਲਿਖ ਤਰੀਖ਼, ਉਂਨੀ ਕਤਕ ਮਾਣ ਵਡਿਆਈਆ। ਹਰਿ ਕਾ ਮਾਰਗ ਇਕ ਬਰੀਕ, ਕੋਈ ਚਲ ਨਾ ਸਕੇ ਰਾਈਆ। ਕੋਟਨ ਕੋਟ ਕਹਿੰਦੇ ਅਸੀਂ ਪਹੁੰਚੇ ਨਜ਼ੀਕ, ਪਾਂਧੀ ਪੰਧ ਸਕੇ ਨਾ ਕੋਇ ਮੁਕਾਈਆ। ਬਿਨ ਕਬੀਰ ਕਿਹਾ ਨਾ ਕਿਸੇ ਠੀਕ, ਬਿਨ ਨਾਨਕ ਮਿਲੀ ਨਾ ਕਿਸੇ ਸ਼ਰਨਾਈਆ। ਸਾਰੇ ਮੰਗਦੇ ਗਏ ਭੀਖ, ਅਗੇ ਆਪਣੀ ਝੋਲੀ ਡਾਹੀਆ। ਲੋਕਮਾਤ ਨਿਤ ਨਵਿਤ ਕਰਦੇ ਰਹੇ ਉਡੀਕ, ਕਵਣ ਵੇਲਾ ਦਰਸ਼ਨ ਦੇਵੇ ਸੱਚਾ ਮਾਹੀਆ। ਗੁਰ ਅਵਤਾਰ ਮੰਗਦੇ ਗਏ ਚਰਨ ਪ੍ਰੀਤ, ਅੱਠੇ ਪਹਿਰ ਧਿਆਨ ਲਗਾਈਆ। ਨੌਂ ਸੌ ਚੁਰਾਨਵੇਂ ਚੌਕੜੀ ਗਈ ਬੀਤ, ਗੇੜਾ ਗੇੜੇ ਨਾਲ ਭਵਾਈਆ। ਕਿਸੇ ਨੂੰ ਕਹਿ ਕੇ ਗਿਆ ਵੜਿਆ ਮੰਦਰ ਮਸੀਤ, ਮਠ ਸ਼ਿਵਦਵਾਲੇ ਕਿਸੇ ਨੂੰ ਰਿਹਾ ਫਿਰਾਈਆ। ਕਿਸੇ ਨੂੰ ਕਿਹਾ ਤੀਰਥ ਤਟ ਅੰਦਰ ਹੋਇਆ ਪੁਨੀਤ, ਪਤਿਤ ਆਪਣਾ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਈਆ। ਕੋਈ ਕਹੇ ਮੇਰਾ ਠਾਕਰ, ਸਿਲ ਪੂਜਸ ਵਕ਼ਤ ਲੰਘਾਇਆ। ਕੋਈ ਕਹੇ ਮੇਰਾ ਕ਼ਾਦਰ, ਸਯਦਾ ਸੀਸ ਝੁਕਾਇਆ। ਕੋਈ ਕਹੇ ਮੈਨੂੰ ਦੇਵੇ ਆਦਰ, ਸਿਰ ਮੇਰੇ ਹੱਥ ਟਿਕਾਇਆ। ਕੋਈ ਕਹੇ ਧੰਨ ਧੰਨ ਗੁਰ ਤੇਗ਼ ਬਹਾਦਰ, ਜਿਸ ਆਪਣਾ ਸੀਸ ਭੇਟ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਭੇਵ ਦਏ ਖੁਲ੍ਹਾਇਆ। ਵਾਰ ਸੀਸ ਮੰਗੀ ਮੰਗ, ਆਪਣੇ ਅੱਗੇ ਝੋਲੀ ਡਾਹੀਆ। ਤੇਰਾ ਪਿਆਰ ਤੇਰਾ ਰੰਗ, ਮੇਰੀ ਧਾਰ ਤੇਰੀ ਸਰਨਾਈਆ। ਤੇਰਾ ਗੀਤ ਮੇਰਾ ਛੰਦ, ਮੇਰਾ ਛੰਦ ਤੇਰੀ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਪਾ ਤੇਰੀ ਝੋਲੀ ਪਾਈਆ। ਆਪਾ ਤੇਰੀ ਝੋਲੀ ਪਾਇਆ, ਮਾਪਾ ਜਗਤ ਤਜਾਇਆ। ਥਾਪਨ ਥਾਪਾ ਤੇਰੀ ਆਇਆ, ਸਾਚੀ ਸੇਵਾ ਇਕ ਰਖਾਇਆ। ਜੋਤੀ ਜਾਤਾ ਤੇਰਾ ਭੇਵ ਨਾ ਆਇਆ, ਨੂਰ ਨੁਰਾਨਾ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਰਹੇ ਤੇਰੀ ਛਾਇਆ। ਸਿਰ ਸਾਇਆ ਰਹੇ ਜਗਦੀਸ, ਏਕਾ ਮੰਗ ਮੰਗਾਈਆ। ਪੰਜ ਤਤ ਕਾਇਆ ਪੀਸਣ ਲਿਆ ਪੀਸ, ਆਪਣੀ ਸੇਵ ਕਮਾਈਆ। ਅੰਤਮ ਲੇਖੇ ਲੱਗਾ ਤੇਰੇ ਸੀਸ, ਤੇਰੀ ਝੋਲੀ ਪਾਈਆ। ਮੇਰਾ ਖ਼ਾਲੀ ਵੇਖ ਖੀਸ, ਨਾਲ ਵਸਤ ਨਾ ਕੋਇ ਰਖਾਈਆ। ਗੋਬਿੰਦ ਦੇ ਕੇ ਆਇਆ ਹਦੀਸ, ਏਕਾ ਕਰ ਪੜ੍ਹਾਈਆ। ਤੇਰੇ ਸਿਰ ਸੋਹੇ ਤਾਜ ਸੀਸ, ਜਗਦੀਸ਼ ਹੋਏ ਸਹਾਈਆ। ਤੇਰੀ ਕੋਈ ਨਾ ਕਰੇ ਰੀਸ, ਪ੍ਰਭ ਦੇਵੇ ਮਾਣ ਵਡਿਆਈਆ। ਤੇਰਾ ਲੇਖੇ ਲੱਗੇ ਜੀਤ, ਜੋ ਜਨ ਤੇਰੀ ਰੀਤ ਚਲਾਈਆ। ਤੇਰਾ ਫ਼ਤਹਿ ਡੰਕਾ ਵੱਜੇ ਮੰਦਰ ਮਸੀਤ, ਜੋਰਾਵਰ ਤੇਰਾ ਜ਼ੋਰ ਵਖਾਈਆ। ਤੇਰੀ ਰਤ ਬ੍ਰਹਮ ਮਤ ਕਰੇ ਠੰਡਾ ਸੀਤ, ਕਲਜੁਗ ਨੀਹਾਂ ਹੇਠ ਦਬਾਈਆ। ਸੁਤ ਦੁਲਾਰੇ ਰਹਿਣਾ ਅਤੀਤ, ਮੈਂ ਸੰਦੇਸ਼ਾ ਦੇਵਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਪੂਰੀ ਆਸ ਕਰਾਈਆ। ਤੇਗ਼ ਬਹਾਦਰ ਸਚ ਸੁਣਾਇਆ ਹਰਿ ਸੰਦੇਸ਼ਾ, ਏਕਾ ਵਾਰ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਨਰ ਨਰੇਸ਼ਾ, ਆਪਣੀ ਦਇਆ ਕਮਾਈਆ। ਤੇਰਾ ਖੇਲ ਆਪੇ ਵੇਖਾ, ਆਪਣਾ ਖੇਲ ਕਰਾਈਆ। ਆਪੇ ਵਸਾਂ ਸਾਚੇ ਦੇਸਾ, ਪਰਦੇਸ ਮੇਰੀ ਵਡਿਆਈਆ। ਆਦਿ ਜੁਗਾਦਿ ਮੇਰਾ ਪੇਸ਼ਾ, ਜੋ ਘੜਿਆ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਆਪਣਾ ਭੇਵ ਖੋਲ੍ਹੇ ਕਰਤਾਰ, ਭਾਵੀ ਆਪਣੇ ਰੰਗ ਰੰਗਾਇੰਦਾ। ਕਲਜੁਗ ਆਏ ਅੰਤਮ ਵਾਰ, ਤੇਰਾ ਲਹਿਣਾ ਮੂਲ ਚੁਕਾਇੰਦਾ। ਡੰਕ ਵਜਾਏ ਵਿਚ ਸੰਸਾਰ, ਸਾਚਾ ਡੰਕਾ ਹੱਥ ਉਠਾਇੰਦਾ। ਕਰੇ ਖੇਲ ਅਪਰ ਅਪਾਰ, ਭੇਵ ਕਿਸੇ ਨਾ ਆਇੰਦਾ। ਬਲ ਦੇਵੇ ਆਪ ਬਲਧਾਰ, ਬਲ ਆਪਣਾ ਆਪ ਪਰਗਟਾਇੰਦਾ। ਵਲ ਛਲ ਖੇਲ ਕਰੇ ਨਿਰੰਕਾਰ, ਅਛਲ ਛਲ ਆਪਣੀ ਧਾਰ ਰਖਾਇੰਦਾ। ਜੋਧਾ ਸੂਰਬੀਰ ਬਲਕਾਰ, ਆਪਣਾ ਮਾਰਗ ਆਪ ਚਲਾਇੰਦਾ। ਤੇਰੀ ਰਤ ਕਰੇ ਪਿਆਰ, ਰਤ ਰਤ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਝੋਲੀ ਪਾਇੰਦਾ। ਤੇਰਾ ਲਹਿਣਾ ਅੰਤਮ ਦੇਣਾ, ਦੇਵਣਹਾਰਾ ਨਿਰੰਕਾਰਾ। ਤੂੰ ਹੀ ਮੰਨਿਆ ਮੇਰਾ ਕਹਿਣਾ, ਹੁਕਮੀ ਹੁਕਮ ਸਚ ਵਰਤਾਰਾ। ਅੰਤਮ ਵੇਖੀਂ ਆਪਣੇ ਨੈਣਾਂ, ਵਖਾਏ ਸਚ ਦਵਾਰਾ। ਲੱਖ ਚੁਰਾਸੀ ਤੇਰੇ ਮੰਦਰ ਬਹਿਣਾ, ਤੇਰਾ ਮੰਦਰ ਧਾਮ ਨਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਾਰਾ। ਖੇਲ ਅਪਾਰ ਹਰਿ ਕਰੌਣਾ, ਦੇਵੇ ਵਡ ਵਡਿਆਈਆ। ਸਚਖੰਡ ਦਵਾਰੇ ਤੇਰਾ ਸੰਗ ਨਿਭੌਣਾ, ਮਿਲ ਬਹਿ ਬਹਿ ਖ਼ੁਸ਼ੀ ਮਨਾਈਆ। ਛੋਟੇ ਬਾਲੇ ਨਾਲ ਰਖੌਣਾ, ਪਿਛਲਾ ਭੇਵ ਚੁਕਾਈਆ। ਪੰਜਾਂ ਏਕਾ ਹੁਕਮ ਸੁਣੌਣਾ, ਏਕਾ ਵਾਰ ਸਮਝਾਈਆ। ਮੰਗੋ ਮੰਗ ਜੋ ਘਰ ਭਉਣਾ, ਪੁਰਖ ਅਬਿਨਾਸ਼ੀ ਪੂਰ ਕਰਾਈਆ। ਮਿਲ ਮਿਲ ਸਭ ਨੇ ਸੀਸ ਝੁਕੌਣਾ, ਪ੍ਰਭ ਅਗੇ ਝੋਲੀ ਡਾਹੀਆ। ਆਪਣਿਆਂ ਭਗਤਾਂ ਦਰਸ ਕਰੌਣਾ, ਜਿਸ ਮਿਲਿਆਂ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਪੂਰੀ ਆਸ ਕਰਾਈਆ। ਕਲਜੁਗ ਅੰਤਮ ਪੂਰੀ ਕਰੇ ਆਸ, ਦੀਨ ਦਿਆਲ ਦਇਆ ਕਮਾਈਆ। ਭਗਤ ਦਵਾਰ ਕਰੇ ਪਰਕਾਸ਼, ਲੋਕਮਾਤ ਵੇਖ ਵਖਾਈਆ। ਨਿਰਗੁਣ ਬਣੇ ਦਾਸੀ ਦਾਸ, ਸਰਗੁਣ ਸਾਚੀ ਸੇਵ ਕਮਾਈਆ। ਸਾਚੇ ਗ੍ਰਹਿ ਕਰ ਕਰ ਵਾਸ, ਆਪਣਾ ਭੇਵ ਦਏ ਖੁਲ੍ਹਾਈਆ। ਪੂਰਬ ਲੇਖਾ ਰੱਖੇ ਯਾਦ, ਭੁਲ ਕਦੇ ਨਾ ਜਾਈਆ। ਲੇਖੇ ਲਾਏ ਕੀਤੀ ਫ਼ਰਯਾਦ, ਫ਼ਰਮਾਬਰਦਾਰ ਬਣੇ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਦਏ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਨਾਉਂ ਰਖਾਈਆ। ਕਲਜੁਗ ਕਾਇਆ ਕਰਨੀ ਪਧਰ, ਗੁਰਮੁਖਾਂ ਦਏ ਵਡਿਆਈਆ। ਤੇਰੀ ਪੂਰੀ ਕਰਨੀ ਪਿਛਲੀ ਸਧਰ, ਪੂਰਬ ਜਨਮ ਜੋ ਮੰਗ ਮੰਗਾਈਆ। ਬਿਨ ਡਿਠਿਆਂ ਵੜਿਆ ਅੰਦਰ, ਆਪਣੀ ਖੇਲ ਵਖਾਈਆ। ਸ੍ਰਿਸ਼ਟੀ ਵੇਖੇ ਹੋਈ ਖੰਡਰ, ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਚਲਾਈਆ। ਚਾਰ ਬਲਦ ਚਾਰ ਜੁਗ, ਨਾਮ ਪੰਜਾਲੀ ਉਤੇ ਟਿਕਾਈਆ। ਜਗਤ ਕੁਕਰਮ ਕਰਾਹਾ ਪਿਛੇ ਰਖਿਆ ਚੁੱਕ, ਤੰਦ ਤੰਦ ਨਾਲ ਬੰਧਾਈਆ। ਅੱਗੇ ਪਿਛੇ ਰਖਿਆ ਰੁਖ਼, ਫਿਰੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਲਗਾਈਆ। ਥੱਲੇ ਜੁਤਾ ਹਰਿ ਜੀ ਕਲਜੁਗ, ਗੁਰਸਿਖ ਉਤੋਂ ਆਪ ਦਬਾਇੰਦਾ। ਸੱਜੇ ਪਾਸੇ ਲੱਗਾ ਸਤਿਜੁਗ, ਬਣ ਸੁਆਣੀ ਸੇਵ ਕਮਾਇੰਦਾ। ਸਭ ਦੀ ਔਧ ਵਾਰੋ ਵਾਰੀ ਗਈ ਮੁੱਕ, ਚਾਰੇ ਕਰਕੇ ਕੱਠੇ ਗੁਰਸਿਖਾਂ ਮੰਦਰ ਹੇਠ ਡਾਹਿੰਦਾ। ਗੁਰਸਿਖ ਭਾਰ ਲੈਣ ਚੁੱਕ, ਸਾਚੀ ਸੇਵਾ ਇਕ ਸਮਝਾਇੰਦਾ। ਬਿਨ ਰੂਪ ਜੇ ਰਹੇ ਲੁਕ, ਇਟਾਂ ਗਾਰੇ ਨਾਲ ਪਰਗਟਾਇੰਦਾ। ਕਰ ਕੁਕਰਮ ਜੋ ਗਏ ਸੁਕ, ਹਰੇ ਬੂਟੇ ਫੇਰ ਕਰਾਇੰਦਾ। ਚਾਰ ਜੁਗ ਗੁਰਮੁਖਾਂ ਦਾ ਔਂਦਿਆਂ ਵੇਖਣ ਮੁਖ, ਜੋ ਮੁਖ ਹਰਿ ਜੂ ਦਰਸ਼ਨ ਪਾਇੰਦਾ। ਧੰਨ ਭਾਗ ਸਫ਼ਲ ਹੋਏ ਧਰਤ ਮਾਤ ਦੀ ਕੁੱਖ, ਪੁਰਖ ਅਬਿਨਾਸ਼ੀ ਜਨ ਭਗਤਾਂ ਮਹੱਲ ਆਪ ਬਣਾਇੰਦਾ। ਗੋਬਿੰਦ ਸੁਖਣਾ ਗਿਆ ਸੁਖ, ਅੰਤਮ ਏਕਾ ਮੰਗ ਮੰਗਾਇੰਦਾ। ਕਵਣ ਵੇਲਾ ਆਏ ਮਾਤ ਹਰਿ ਜੂ ਭਗਤਾਂ ਕਰੇ ਪੁਛ, ਆਪ ਆਪਣੇ ਗਲੇ ਲਗਾਇੰਦਾ। ਮੇਰਾ ਬੂਟਾ ਨਾ ਜਾਏ ਸੁੱਕ, ਹਰੀ ਸਿੰਚ ਕਿਆਰੀ ਆਪ ਕਰਾਇੰਦਾ। ਮੈਂ ਵੀ ਨਾਲ ਚਲ ਕੇ ਆਵਾਂ ਛੋਟਾ ਪੁੱਤ, ਸਦਾ ਛੋਟਿਆਂ ਉਂਗਲੀ ਨਾਲ ਲਗਾਇੰਦਾ। ਸਿੰਘ ਆਤਮਾ ਕਲਜੁਗ ਨੂੰ ਰੱਜ ਰੱਜ ਕੁੱਟ, ਤੇਰੇ ਹੱਥ ਨਾਮ ਡੰਡਾ ਇਕ ਫੜਾਇੰਦਾ। ਪੌਣਾ ਭਾਰ ਨਾ ਸਕੇ ਉਠ, ਦੋਹਾਂ ਹੱਥਾਂ ਨਾਲ ਦਬਾਇੰਦਾ। ਖੜੋਤਿਆਂ ਜ਼ੋਰ ਨਾ ਲੱਗੇ ਤੇ ਉਤੇ ਜਾਣਾ ਝੁਕ, ਸਤਿਗੁਰ ਸਾਚਾ ਰਾਹ ਬਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਕਰਾਹ ਬੇਪਰਵਾਹ ਬੇਵਸਾਹ ਆਪ ਫਿਰਾਇੰਦਾ।