੨੭ ਕੱਤਕ ੨੦੧੮ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ
ਹਰਿਜਨ ਸਦਾ ਇਕ ਆਸ਼ੀਰ, ਆਸਰਾ ਨਾਮ ਜਣਾਈਆ। ਭਗਤ ਭਗਵੰਤ ਬਦਲ ਤਕ਼ਦੀਰ, ਤਦਬੀਰ ਇਕ ਸਮਝਾਈਆ। ਤ੍ਰੈਗੁਣ ਮਾਇਆ ਕੱਟ ਜ਼ੰਜੀਰ, ਅੰਮ੍ਰਿਤ ਜਾਮ ਪਿਆਈਆ। ਜਗਤ ਵਿਛੋੜਾ ਕੱਟ ਭੀੜ, ਸਾਚੇ ਰਾਹ ਚਲਾਈਆ। ਚੋਟੀ ਚਾੜ੍ਹੇ ਫੜ ਅਖ਼ੀਰ, ਆਖ਼ਰ ਆਪਣਾ ਮੇਲ ਮਿਲਾਈਆ। ਦਰਸ ਦਿਖਾਏ ਬੇਨਜ਼ੀਰ, ਨਜ਼ਰ ਨਜ਼ਰ ਨਾਲ ਮਿਲਾਈਆ। ਜਿਸ ਜਨ ਦੇਵੇ ਆਪ ਆਸ਼ੀਰ, ਵਾਦ ਵਿਵਾਦ ਰਹੇ ਨਾ ਰਾਈਆ। ਮਿਹਰਵਾਨ ਵਡ ਪੀਰਨ ਪੀਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਏਕੰਕਾਰਾ ਕਿਆ ਜਾਣੇ ਜਗਤ ਹਕੀਰ, ਜੁਗ ਜੁਗ ਵੇਸ ਵਟਾਈਆ। ਭਗਤ ਭਗਵੰਤ ਦੇਵੇ ਧੀਰ, ਸਤਿ ਸੰਤੋਖ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਸ਼ੀਰ ਇਕ ਵਖਾਈਆ। ਮਿਲੇ ਆਸ਼ੀਰ ਹਰਿ ਹਰਿ ਰੰਗ, ਰੰਗ ਰੰਗੀਲਾ ਆਪ ਚੜ੍ਹਾਇੰਦਾ। ਹਰਿਜਨ ਮੰਗੇ ਇਕੋ ਮੰਗ, ਆਤਮ ਪਰਮਾਤਮ ਖੇਲ ਖਿਲਾਇੰਦਾ। ਕਾਇਆ ਅੰਦਰ ਸਚ ਪਲੰਘ, ਸਚ ਮਹੱਲ ਆਪ ਸੁਹਾਇੰਦਾ। ਅਨਹਦ ਅਨਾਦੀ ਇਕ ਮਰਦੰਗ, ਬਿਨ ਤਾਰ ਸਤਾਰ ਵਜਾਇੰਦਾ। ਲੇਖਾ ਜਾਣੇ ਜੀਉ ਪਿੰਡ ਬ੍ਰਹਿਮੰਡ, ਇੰਡ ਆਪਣੀ ਖੇਲ ਖਿਲਾਇੰਦਾ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਰਸ ਰਸੀਆ ਇਕ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਸ਼ੀਰ ਇਕ ਵਖਾਇੰਦਾ। ਇਕ ਆਸ਼ੀਰ ਏਕਾ ਘਰ, ਆਦਿ ਜੁਗਾਦਿ ਸਮਾਈਆ। ਇਕੋ ਦੇਵਣਹਾਰਾ ਵਰ, ਵਰ ਦਾਤਾ ਬੇਪਰਵਾਹੀਆ। ਜਨ ਭਗਤਾਂ ਰੱਖੇ ਖੁਲ੍ਹਾ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਜਗਤ ਵਿਕਾਰ ਚੁੱਕੇ ਡਰ, ਲੋਭ ਹੰਕਾਰ ਨਾ ਕੋਇ ਜਣਾਈਆ। ਇਕ ਜਣਾਏ ਸਚ ਪਿਆਰ, ਪ੍ਰੇਮ ਪਿਆਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਸ਼ੀਰ ਇਕ ਰਖਾਈਆ। ਸਚ ਅਸ਼ੀਰ ਅਸ਼ੀਰਵਾਦ, ਵਾਦ ਵਿਵਾਦ ਮੇਟ ਮਿਟਾਇੰਦਾ। ਜਗਤ ਵਾਸਨਾ ਲੇਵੇ ਕਾਢ, ਸਾਚਾ ਸੰਗ ਨਿਭਾਇੰਦਾ। ਸਦਾ ਸੁਹੇਲਾ ਕਰੇ ਲਾਡ, ਗੋਦ ਗੋਦੀ ਆਪ ਬਹਾਇੰਦਾ। ਜਨ ਜਨ ਜਨ ਸੁਣੇ ਫ਼ਰਯਾਦ, ਭੇਵ ਅਭੇਦ ਆਪ ਖੁਲ੍ਹਾਇੰਦਾ। ਦੇਵਣਹਾਰਾ ਇਕੋ ਦਾਦ, ਅਤੁਟ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਅਸ਼ੀਰ ਇਕ ਜਣਾਇੰਦਾ। ਅਸ਼ੀਰਵਾਦ ਮਿਲੇ ਹਰਿ ਨਾਉਂ, ਹਰਿ ਨਾਮਾ ਘਰ ਘਰ ਪਾਇਆ। ਸਾਚਾ ਵਸੇ ਨਗਰ ਖੇੜਾ ਗਰਾਉਂ, ਗ੍ਰਹਿ ਮੰਦਰ ਇਕ ਸੁਹਾਇਆ। ਹਰਿਜਨ ਕਰੇ ਸਚ ਨਿਆਉਂ, ਜੂਠ ਝੂਠ ਮੋਹ ਚੁਕਾਇਆ। ਸਦਾ ਸੁਹੇਲਾ ਸਿਰ ਰਖੇ ਠੰਡੀ ਛਾਉਂ, ਸਮਰਥ ਆਪਣੀ ਦਇਆ ਕਮਾਇਆ। ਆਪ ਉਠਾਏ ਫੜ ਫੜ ਬਾਂਹੋ, ਲੋਕਮਾਤ ਦਏ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇਆ। ਰੰਗ ਰੰਗਾਏ ਹਰਿ ਨਿਰੰਕਾਰ, ਨਿਰਗੁਣ ਆਪਣੀ ਦਇਆ ਕਮਾਈਆ। ਵਸਤ ਅਮੋਲਕ ਝੋਲੀ ਦੇਵੇ ਡਾਰ, ਅਤੋਟ ਅਤੁਟ ਰਖਾਈਆ। ਲੱਖ ਚੁਰਾਸੀ ਵੇਖ ਵਿਚਾਰ, ਗੁਰਮੁਖ ਸੱਜਣ ਲਏ ਮਿਲਾਈਆ। ਬਿਨ ਡਿਠਿਆਂ ਕਰੇ ਪਿਆਰ, ਅਨਡਿਠ ਆਪਣਾ ਰੰਗ ਵਖਾਈਆ। ਆਤਮ ਸੇਜਾ ਸੁਹਾਏ ਬੰਕ ਦਵਾਰ, ਬੰਕ ਦਵਾਰੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਆਸ਼ੀਰ ਏਕਾ ਵਾਰ ਝੋਲੀ ਪਾਈਆ। ਪ੍ਰਿੰਸੀਪਲ ਦਾ ਇਕੋ ਪਰਿਨਸੀਪਲ, ਪੁਰਖ ਅਬਿਨਾਸ਼ੀ ਆਪ ਜਣਾਇੰਦਾ। ਕਾਇਆ ਮੰਦਰ ਅੰਦਰ ਰੱਖਣਾ ਆਤਮ ਬਲ, ਮਨ ਮਨਸਾ ਸਰਬ ਮਿਟਾਇੰਦਾ। ਆਦਿ ਜੁਗਾਦਿ ਅਬਿਨਾਸ਼ੀ ਕਰਤਾ ਅਛਲ ਅਛੱਲ, ਵਲ ਛਲ ਆਪਣੀ ਖੇਲ ਖਿਲਾਇੰਦਾ। ਜੋਤੀ ਜਾਤਾ ਜੋਤੀ ਬਹੇ ਰਲ, ਦਿਸ ਕਿਸੇ ਨਾ ਆਇੰਦਾ। ਬਿਨ ਅਗਨੀ ਦੀਪਕ ਜਾਏ ਬਲ, ਅਗਿਆਨ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਿਨਸੀਪਲ ਇਕ ਵਖਾਇੰਦਾ। ਪ੍ਰਿੰਸੀਪਲ ਹਰਿ ਕਾ ਦਵਾਰਾ, ਏਕਾ ਘਰ ਵਖਾਈਆ। ਰਾਜ ਮਹੱਲ ਉਚ ਮੁਨਾਰਾ, ਰਾਜ ਜੋਗ ਵਡਿਆਈਆ। ਜਗਤ ਵਿਦਿਆ ਖੇਲ ਨਿਆਰਾ, ਭਗਤ ਵਿਦਿਆ ਬਿਨ ਅੱਖਰ ਕਰੇ ਪੜ੍ਹਾਈਆ। ਲਿਖਣ ਪੜ੍ਹਨ ਤੋਂ ਵਸੇ ਬਾਹਰਾ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਜਿਸ ਜਨ ਖੋਲੇ ਬੰਦ ਕਿਵਾੜਾ, ਆਪਣਾ ਰਾਹ ਵਖਾਈਆ। ਵਾ ਨਾ ਲੱਗੇ ਤੱਤੀ ਹਾੜਾ, ਅਗਨੀ ਰੂਪ ਨਾ ਕੋਇ ਵਟਾਈਆ। ਅੰਮ੍ਰਿਤ ਬਰਸੇ ਠੰਡੀ ਠਾਰਾ, ਸੀਤਲ ਧਾਰ ਵਹਾਈਆ। ਪੜ੍ਹ ਪੜ੍ਹ ਜਗਤ ਨਾ ਮਿਲਿਆ ਕੋਇ ਕਿਨਾਰਾ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਜਿਸ ਜਨ ਕਿਰਪਾ ਕਰੇ ਆਪ ਗਿਰਧਾਰਾ, ਗਿਰਵਰ ਆਪਣੀ ਦਇਆ ਕਮਾਈਆ। ਨੇਤਰ ਲੋਚਣ ਨੈਣ ਖੋਲ੍ਹੇ ਆਪਣੀ ਧਾਰਾ, ਅਗਿਆਨ ਅੰਧੇਰ ਮਿਟਾਈਆ। ਹਰਿ ਕਾ ਅੱਖਰ ਜਿਸ ਵਿਚਾਰਾ, ਮਿਲ ਹਰਿ ਹਰਿ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਭੇਵ ਦਏ ਜਣਾਈਆ । ਅੰਤਰ ਭੇਵ ਮਨ ਉਮੰਗ, ਮਨ ਮਮਤਾ ਰਹੀ ਕੁਰਲਾਈਆ। ਜਗਤ ਵਾਸਨਾ ਲੱਗਾ ਜੰਗ, ਅੱਠੇ ਪਹਿਰ ਲੜਾਈਆ। ਬਿਨ ਨੌਬਤ ਵੱਜੇ ਮਰਦੰਗ, ਮਨ ਮਨੂਆ ਰਿਹਾ ਵਜਾਈਆ। ਸੁਰਤੀ ਹੋਈ ਭੰਗ, ਹਰਿ ਕਾ ਰਾਹ ਨਾ ਕੋਇ ਵਖਾਈਆ। ਬਿਨ ਹਰਿ ਦਰਸ ਨਾ ਆਏ ਪਰਮਾਨੰਦ, ਨਿਜਾਨੰਦ ਨਾ ਕੋਇ ਰਸਾਈਆ। ਪੜ੍ਹ ਪੜ੍ਹ ਥੱਕੇ ਬੱਤੀ ਦੰਦ, ਰਸਨਾ ਜਿਹਵਾ ਨਾਲ ਮਿਲਾਈਆ। ਵੇਖ ਵੇਖ ਤੱਕੇ ਸੂਰਜ ਚੰਦ, ਕਾਇਆ ਮੰਦਰ ਅੰਦਰ ਹੋਏ ਨਾ ਕਿਸੇ ਰੁਸ਼ਨਾਈਆ। ਜਿਸ ਜਨ ਸਾਹਿਬ ਸਤਿਗੁਰ ਸੁਣਾਏ ਏਕਾ ਛੰਦ, ਗੀਤ ਸੁਹਾਗੀ ਆਪ ਜਣਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਵਾਸਨਾ ਦਏ ਬੁਝਾਈਆ। ਮਨ ਵਾਸਨਾ ਮਨ ਮਨ ਰੰਗ, ਮਨ ਮਤੀ ਜਗਤ ਰੰਗਾਇਆ। ਬੁਧੀ ਹੋਈ ਅੰਤਮ ਨੰਗ, ਪਰਦਾ ਸੀਸ ਨਾ ਕੋਇ ਟਿਕਾਇਆ। ਬਿਨ ਸਤਿਗੁਰ ਪੂਰੇ ਕੋਇ ਨਾ ਦੇਵੇ ਸੱਚਾ ਅਨੰਦ, ਨਿਝਰ ਝਿਰਨਾ ਨਾ ਕੋਇ ਝਿਰਾਇਆ। ਘਰ ਵਿਚ ਮੰਦਰ ਘਰ ਵਿਚ ਧਾਰ ਘਰ ਵਿਚ ਵਹੇ ਸਾਚੀ ਗੰਗ, ਹਰੀ ਦਵਾਰ ਘਰ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਸਾਚਾ ਦਰ, ਦਰ ਦਰਵਾਜ਼ਾ ਦਏ ਖੁਲ੍ਹਾਇਆ। ਦਰ ਦਰਵਾਜ਼ਾ ਕਾਇਆ ਅੰਦਰ, ਅੰਦਰੇ ਅੰਦਰ ਆਪ ਲਗਾਇਆ। ਹਰਿ ਕਾ ਨਾਉਂ ਪੜ੍ਹ ਵੇਖਣਾ ਮੰਦਰ, ਹਰਿ ਮੰਦਰ ਰਿਹਾ ਸੁਹਾਇਆ। ਆਪੇ ਤੋੜੇ ਲੱਗਾ ਜੰਦਰ, ਨਾਮ ਹਥੌੜਾ ਇਕ ਲਗਾਇਆ। ਮਨ ਮਨੂਆ ਦਹਿ ਦਿਸ਼ ਨਾ ਉਠ ਉਠ ਧਾਏ ਬੰਦਰ, ਜਗਤ ਵਾਸਨਾ ਬੰਦ ਕਰਾਇਆ। ਭਾਗ ਲਗਾਏ ਡੂੰਘੀ ਕੰਦਰ, ਜੋਤੀ ਜੋਤ ਕਰ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਵਾਸਨਾ ਪੂਰ ਕਰਾਇਆ। ਮਨ ਵਾਸਨਾ ਬਹੁ ਬਿਧ ਭਾਂਤ, ਛਿਨ ਛਿਨ ਰੂਪ ਵਟਾਈਆ। ਹਰਿਜਨ ਬਹੇ ਇਕ ਇਕਾਂਤ, ਏਕਾ ਹਰਿ ਲਿਵ ਲਾਈਆ। ਹਰਿ ਜੂ ਵਸੇ ਇਕ ਪਰਾਂਤ, ਏਕਾ ਰਾਸ਼ਟਰ ਰਿਹਾ ਸਮਝਾਈਆ। ਜੋ ਜਨ ਵੇਖੇ ਮਾਰ ਝਾਤ, ਤਿਸ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਹਰਿਜਨ ਦਏ ਚੜ੍ਹਾਈਆ। ਜਗਤ ਅਸ਼ਾਨਤੀ ਹੋਏ ਦੂਰ, ਮਨ ਚਿੰਤਾ ਰਹਿਣ ਨਾ ਪਾਈਆ। ਕਰਿਆ ਦਰਸ ਹਾਜ਼ਰ ਹਜ਼ੂਰ, ਹਰਿ ਦੁਖੜਾ ਦਏ ਮਿਟਾਈਆ। ਆਸਾ ਮਨਸਾ ਪੂਰੀ ਹੋਏ ਜ਼ਰੂਰ, ਜ਼ਰੂਰਤ ਕੋਇ ਰਹਿਣ ਨਾ ਪਾਈਆ। ਘਰ ਭੰਡਾਰ ਕਰੇ ਭਰਪੂਰ, ਏਕਾ ਭਿਛਿਆ ਦਏ ਵਰਤਾਈਆ। ਬਿਨ ਗਵਾਹਾਂ ਮੁਆਫ਼ ਕਰੇ ਕ਼ਸੂਰ, ਜਿਸ ਜਨ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜਗਤ ਅਸ਼ਾਨਤੀ ਜਾਏ ਨੱਸ, ਆਪਣਾ ਪੰਧ ਮੁਕਾਈਆ। ਘਰ ਵਿਚ ਮਿਲੇ ਸਾਚਾ ਰਸ, ਸੁਖ ਸਹਿਜ ਸਹਿਜ ਵਖਾਈਆ। ਨਾਮ ਨਿਧਾਨਾ ਤੀਰ ਮਾਰੇ ਕਸ, ਜਗਤ ਔਖਦ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ੰਕਟ ਗ੍ਰਹਿ ਲੇਖਾ ਦਏ ਚੁਕਾਈਆ। ਆਗਿਆ ਵਿਚ ਆਗਿਆਕਾਰ, ਡੋਰ ਭਗਤਾਂ ਹੱਥ ਫੜਾਈਆ। ਭਗਤਾਂ ਦੀ ਪ੍ਰਭ ਕੱਢਣ ਆਏ ਵਗਾਰ, ਲੋਕਮਾਤ ਵੇਸ ਵਟਾਈਆ। ਆਪਣਾ ਕਾਰਜ ਜਾਏ ਵਿਗਾੜ, ਜਨ ਭਗਤਾਂ ਵਿਗੜੇ ਕਾਰਜ ਠੀਕ ਕਰਾਈਆ। ਆਪੇ ਫਿਰੇ ਪਿਛੇ ਅਗਾੜ, ਨਿਰਗੁਣ ਸਰਗੁਣ ਰੂਪ ਵਟਾਈਆ। ਜਿਉਂ ਹਰਨਾਕਸ਼ ਚਬਾਇਆ ਆਪਣੀ ਦਾੜ੍ਹ, ਪ੍ਰਹਿਲਾਦ ਹੋਇਆ ਸਹਾਈਆ। ਹਰਿਜਨ ਕਦੇ ਨਾ ਆਵੇ ਹਾਰ, ਜਿਸ ਏਕਾ ਓਟ ਰਖਾਈਆ। ਫੜ ਬਾਹੋਂ ਕਰੇ ਪਾਰ, ਵੇਖੇ ਖੇਲ ਯੁਧ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖ਼ੁਸ਼ੀ ਮਨਾਈਆ। ਦੁਖ ਦਰਦ ਜਾਏ ਲਥ, ਇਕੋ ਸੋਹੰ ਨਾਮ ਧਿਆਇਆ। ਕਾਇਆ ਚਲੇ ਸਾਚਾ ਰਥ, ਰਥ ਰਥਵਾਹੀ ਸੇਵ ਕਮਾਇਆ। ਸਗਲ ਵਿਸੂਰੇ ਜਾਇਣ ਲਥ, ਚਿੰਤਾ ਰੋਗ ਦਏ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਾਲੀ ਬਾਲਾ ਲਏ ਤਰਾਇਆ। ਸਾਚੀ ਸਰਧਾ ਭਗਤ ਵਸਤ, ਭਗਵਾਨ ਆਪਣੀ ਝੋਲੀ ਪਾਈਆ। ਜੁਗ ਜੁਗ ਜਨ ਭਗਤਾਂ ਅਗੇ ਫਿਰੇ ਦਸਤ ਬਦਸਤ, ਆਪਣੀ ਸੇਵ ਕਮਾਈਆ। ਲੇਖਾ ਜਾਣੇ ਕੀਟ ਹਸਤ, ਜ਼ਾਤ ਪਾਤ ਊਚ ਨੀਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸ਼ਰਧਾ ਇਕ ਰਖਾਈਆ। ਸਾਚੀ ਸ਼ਰਧਾ ਹਰਿਜਨ ਪਿਆਰਾ, ਪ੍ਰੇਮ ਪ੍ਰੇਮ ਨਾਲ ਬੰਧਾਈਆ। ਪਾਰਬ੍ਰਹਮ ਪ੍ਰਭ ਬਣਿਆ ਰਹੇ ਵਣਜਾਰਾ, ਜਨ ਭਗਤ ਦਵਾਰੇ ਫੇਰਾ ਪਾਈਆ। ਆਵੇ ਜਾਵੇ ਵਿਚ ਸੰਸਾਰਾ, ਜੁਗ ਜੁਗ ਵੇਸ ਵਟਾਈਆ। ਗੁਰਮੁਖ ਵਿਰਲਾ ਮਿਲੇ ਆਪਣੀ ਵਾਰਾ, ਲੱਖ ਚੁਰਾਸੀ ਦਿਸ ਕਿਸੇ ਨਾ ਆਈਆ। ਸਾਚੀ ਸ਼ਰਧਾ ਹਰਿ ਕਾ ਭਰੇ ਭੰਡਾਰਾ, ਹਰਿ ਇਕੋ ਆਸ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪਣੀ ਝੋਲੀ ਪਾਈਆ। ਪਠਾਨਕੋਟ ਵਸਣ ਕਈ ਹਜ਼ਾਰ, ਗਿਣਤੀ ਗਣਤ ਵਿਚ ਨਾ ਆਈਆ। ਅਮੀਰ ਗ਼ਰੀਬ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਈਆ। ਮੰਦਰ ਗੁਰਦਵਾਰੇ ਵੇਖ ਵੇਖ ਕਰਨ ਵਿਚਾਰ, ਹਰਿ ਜੂ ਨਜ਼ਰ ਕਿਸੇ ਨਾ ਆਈਆ। ਪੂਜਾ ਪਾਠ ਕਰ ਕਰ ਕਰਨ ਨਿਮਸਕਾਰ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਤਿਲਕ ਲਲਾਟੀ ਕਰ ਸ਼ੰਗਾਰ, ਮਸਤਕ ਰੇਖਾ ਰਹੇ ਬਦਲਾਈਆ। ਗਲ ਪਾ ਪਾ ਫੂਲਨ ਹਾਰ, ਤਨ ਸੁਗੰਧੀ ਰਹੇ ਚੜ੍ਹਾਈਆ। ਹਰਿ ਭਗਤ ਇਕੋ ਮੰਗੇ ਹਰਿ ਕਾ ਦਰਸ ਦੀਦਾਰ, ਬਿਨ ਡਿਠਿਆਂ ਚੈਨ ਨਾ ਆਈਆ। ਹਰਿ ਜੂ ਆਏ ਚਲ ਦਵਾਰ, ਨਿਰਗੁਣ ਸਰਗੁਣ ਰੂਪ ਵਟਾਈਆ। ਪਠਾਨਕੋਟ ਕੋਟ ਵੇਖੇ ਸੰਸਾਰ, ਹਰਿਜਨ ਕਾਇਆ ਕੋਟ ਨਜ਼ਰ ਕਿਸੇ ਨਾ ਆਈਆ। ਜਿਸ ਜਨ ਅੰਦਰ ਵੜਿਆ ਆਪ ਮੁਰਾਰ, ਮੁਰਲੀ ਆਪਣਾ ਨਾਮ ਵਜਾਈਆ। ਮੁੰਕਦ ਮਨੋਹਰ ਲਖ਼ਮੀ ਨਰਾਇਣ ਕਰ ਸ਼ੰਗਾਰ, ਮੁਕਟ ਸੀਸ ਜਗਦੀਸ ਟਿਕਾਈਆ। ਜਿਉਂ ਬਿਪਰ ਸੁਦਾਮੇ ਕਰਿਆ ਪਿਆਰ, ਆਪ ਆਪਣੇ ਗਲੇ ਲਗਾਈਆ। ਤਿਉਂ ਕਾਇਆ ਕੋਟ ਕਰ ਵਿਚਾਰ, ਵਿਭਚਾਰ ਦਏ ਮਿਟਾਈਆ। ਰਾਤੀਂ ਸੁਤਿਆਂ ਦਏ ਦੀਦਾਰ, ਨੂਰ ਬਾਤਨ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਖੇਲ ਵਖਾਈਆ। ਅੱਠ ਗ੍ਰਹਿ ਅੱਠ ਤਤ ਸੰਗ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਨਾਲ ਰਲਾਈਆ। ਕਰੇ ਖੇਲ ਸੂਰਾ ਸਰਬੰਗ, ਬੇਅੰਤ ਬੇਪਰਵਾਹੀਆ। ਆਪੇ ਜਾਣੇ ਆਪਣਾ ਰੰਗ, ਦੋ ਜਹਾਨ ਵੇਖ ਵਖਾਈਆ। ਜੁਗ ਜੁਗ ਮਨਮੁਖਤਾ ਦੇਂਦਾ ਆਇਆ ਦੰਡ, ਆਪ ਆਪਣੀ ਬਿਧ ਬਣਾਈਆ। ਲੱਖ ਚੁਰਾਸੀ ਕੁਰਲਾਏ ਵਿਚ ਨਵਖੰਡ, ਸੱਤ ਦੀਪ ਰਿਹਾ ਕੁਰਲਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਛੱਬੀ ਪੋਹ ਵੰਡੇ ਸਾਚੀ ਵੰਡ, ਚਾਰ ਜੁਗ ਦੇ ਤੇਈ ਅਵਤਾਰ ਭਗਤ ਅਠਾਰਾਂ ਨਾਲ ਆਧਾਰ, ਦਰ ਮੰਗਾਏ ਗੁਰੂ ਦਸ ਹੁਕਮੀ ਹੁਕਮ ਵਰਤਾਰ, ਈਸਾ ਮੂਸਾ ਸੰਗ ਮੁਹੰਮਦ ਕਰੇ ਖ਼ਬਰਦਾਰ, ਸ਼ਬਦ ਸੰਦੇਸ਼ਾ ਇਕ ਜਣਾਈਆ। ਅਠ ਗ੍ਰਹਿ ਪਾਵੇ ਸਾਰ, ਭਾਣਾ ਸਹੇ ਸਰਬ ਨਿਰੰਕਾਰ, ਬਿਨ ਭਾਣੇ ਬਚਿਆ ਕੋਇ ਰਹਿਣ ਨਾ ਪਾਈਆ। ਸੂਰਜ ਚੰਨ ਕਰਨ ਵਿਚਾਰ, ਮੰਗਲ ਬੁਧ ਰਹੇ ਧਾਹਾਂ ਮਾਰ, ਬ੍ਰਹਿਸਪਤ ਆਪਣੀ ਮੰਨੇ ਹਾਰ, ਸ਼ੁਕਰ ਉਠੇ ਬਲਧਾਰ, ਸ਼ਨੀ ਵੇਖੇ ਸਚ ਅਖਾੜ, ਵਾਹ ਵਾ ਹਰਿ ਜੂ ਖੇਲ ਖਿਲਾਈਆ। ਜਿਉਂ ਭਾਵੇ ਤਿਉਂ ਕਰੇ ਕਰਤਾਰ, ਡੋਰ ਭਗਤਾਂ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਭਗਤ ਦਵਾਰਾ ਰਿਹਾ ਬਣ, ਪੁਰਖ ਅਬਿਨਾਸ਼ੀ ਆਪ ਬਣਾਇੰਦਾ। ਸੇਵਾ ਲਾਏ ਗੰਧਰਬ ਗਣ, ਕਰੋੜ ਤੇਤੀਸਾ ਸੰਗ ਰਲਾਇੰਦਾ। ਸੁਰਪਤ ਰਾਜਾ ਇੰਦ ਰਿਹਾ ਮੰਨ, ਪ੍ਰਭ ਅੱਗੇ ਨਿਉਂ ਨਿਉਂ ਸੀਸ ਝੁਕਾਇੰਦਾ। ਸ਼ਿਵ ਸ਼ੰਕਰ ਸੁਣੇ ਲਾ ਲਾ ਕੰਨ, ਸਚ ਸੰਦੇਸ਼ਾ ਕਵਣ ਅਲਾਇੰਦਾ। ਬ੍ਰਹਮਾ ਵੇਤਾ ਕਹੇ ਧੰਨ ਧੰਨ ਧੰਨ, ਪਾਰਬ੍ਰਹਮ ਕਵਣ ਖੇਲ ਖਿਲਾਇੰਦਾ। ਵਿਸ਼ਨੂੰ ਨਿਰਗੁਣ ਚੜ੍ਹਿਆ ਚੰਨ, ਵਿਸ਼ਵ ਆਪਣਾ ਰੰਗ ਵਖਾਇੰਦਾ। ਭਗਵਨ ਜੋ ਘੜਿਆ ਸੋ ਦੇਵੇ ਭੰਨ, ਘੜਨ ਭੰਨਣਹਾਰ ਆਪ ਹੋ ਜਾਇੰਦਾ। ਜਨ ਭਗਤਾਂ ਕਹਿਣਾ ਲਏ ਮੰਨ, ਜੁਗ ਜੁਗ ਆਪਣੇ ਭਗਤ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਠ ਗ੍ਰਹਿ ਨੌਂ ਖੰਡ ਨੌਂ ਨੌਂ ਕਰੇ ਇਕ ਵੰਡ, ਇਕ ਅਠ ਅਠ ਨਾਲ ਪਰਨਾਇੰਦਾ। ਗੁਰਮੁਖ ਸੱਜਣ ਸਾਚਾ ਰੰਗ, ਗੁਰ ਸਤਿਗੁਰ ਆਪ ਚੜ੍ਹਾਈਆ। ਨਾਮ ਨਿਧਾਨ ਵੱਜੇ ਮਰਦੰਗ, ਨੌਬਤ ਏਕਾ ਹੱਥ ਉਠਾਈਆ। ਲੇਖਾ ਜਾਣੇ ਪੁਰੀ ਅਨੰਦ, ਪੁਰ ਅਨੰਦ ਸੋਭਾ ਪਾਈਆ। ਜਿਸ ਜਨ ਦੇਵੇ ਆਤਮ ਪਰਮਾਨੰਦ, ਆਪਣੀ ਬੂਝ ਬੁਝਾਈਆ। ਦੂਈ ਦਵੈਤੀ ਢਾਹੇ ਕੰਧ, ਭਾਂਡਾ ਭਰਮ ਭੌ ਭੰਨਾਈਆ। ਇਕ ਸੁਣਾਏ ਸੁਹਾਗੀ ਛੰਦ, ਅਨਹਦ ਨਾਦ ਵਜਾਈਆ। ਆਤਮ ਸੇਜਾ ਸਚ ਪਲੰਘ, ਗੁਰ ਗੋਬਿੰਦ ਆਸਣ ਲਾਈਆ। ਜਿਸ ਟੁੱਟੀ ਲਈ ਗੰਢ, ਸੋ ਸਾਹਿਬ ਸਦਾ ਸੁਖਾਈਆ। ਤਿਸ ਸਾਹਿਬ ਕੋਲੋਂ ਮੰਗੀਏ ਮੰਗ, ਦੇਵਣਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਆ। ਹਰਿਜਨ ਸੱਜਣ ਹਰਿ ਹਰਿ ਮੀਤ, ਜੁਗ ਜੁਗ ਖੇਲ ਖਿਲਾਇਆ। ਘਰ ਮੰਦਰ ਗਾਓ ਹਰਿ ਹਰਿ ਗੀਤ, ਗੋਬਿੰਦ ਮੇਲਾ ਸਹਿਜ ਸੁਭਾਇਆ। ਕਰੇ ਕਰਾਏ ਪਤਿਤ ਪੁਨੀਤ, ਪਤਿਤ ਪਾਵਣ ਦਇਆ ਕਮਾਇਆ। ਨਾਤਾ ਤੋੜ ਮੰਦਰ ਮਸੀਤ, ਗੁਰੂਦਵਾਰਾ ਵਿਚ ਘਰ ਵਖਾਇਆ। ਸਾਹਿਬ ਸੁਹੇਲਾ ਵਸੇ ਚੀਤ, ਚਿਤਵਿਤ ਠਗੌਰੀ ਕੋਇ ਨਾ ਪਾਇਆ। ਚਾਰ ਵਰਨ ਚਲਾਈ ਸਾਚੀ ਰੀਤ, ਏਕਾ ਪੰਥ ਸਜਾਇਆ। ਪੁਰਖ ਅਕਾਲ ਨਿਭੌਣੀ ਪ੍ਰੀਤ, ਦੂਜਾ ਇਸ਼ਟ ਨਾ ਕੋਇ ਮਨਾਇਆ। ਗੁਰ ਕਾ ਸ਼ਬਦ ਠਾਂਡਾ ਸੀਤ, ਗੁਰੂ ਗ੍ਰੰਥ ਗੁਰ ਵਡਿਆਇਆ। ਹਰਿਜਨ ਸਦਾ ਰਹੇ ਅਤੀਤ, ਤ੍ਰੈਗੁਣ ਪੋਹ ਨਾ ਸਕੇ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੇ ਅੰਗ ਲਗਾਇਆ। ਗੁਰਮੁਖ ਲਗਾਏ ਆਪਣੇ ਅੰਗ, ਪੁਰਖ ਅਕਾਲ ਵਡੀ ਵਡਿਆਈਆ। ਗੁਰ ਗੋਬਿੰਦ ਸੂਰਾ ਸਰਬੰਗ, ਦੀਨਾਂ ਨਾਥਾਂ ਹੋਏ ਸਹਾਈਆ। ਕਲਜੁਗ ਕੂੜ ਕੁੜਿਆਰਾ ਮੁਕਾਏ ਪੰਧ, ਸਤਿਜੁਗ ਸਾਚਾ ਮਾਰਗ ਲਾਈਆ। ਨੌਂ ਖੰਡ ਪ੍ਰਿਥਮੀ ਕਰੇ ਖੰਡ ਖੰਡ, ਬ੍ਰਹਿਮੰਡ ਦੇਣ ਦੁਹਾਈਆ। ਚੌਦਾਂ ਲੋਕ ਵੇਖਣ ਗੁਜਰੀ ਚੰਦ, ਕਵਣ ਕੂਟ ਕਰੇ ਰੁਸ਼ਨਾਈਆ। ਨਿਰਗੁਣ ਨੂਰ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਿੰਘ ਨਿਹੰਗ ਵਜੌਣ ਨਾਮ ਮਰਦੰਗ, ਨਾਮ ਮਰਦੰਗਾ ਹੱਥ ਫੜਾਈਆ। ਮਨਮੁਖਾਂ ਵੱਢੇ ਕੰਢ, ਮੂੰਹ ਦੇ ਭਾਰ ਸੁਟਾਈਆ। ਏਕਾ ਹੱਥ ਫੜਾਏ ਚੰਡ ਪਰਚੰਡ, ਚਾਰ ਕੁੰਟ ਪਏ ਦੁਹਾਈਆ। ਜਿਸ ਗੋਬਿੰਦ ਗਾਇਆ ਬੱਤੀ ਦੰਦ, ਧੰਨ ਧੰਨ ਜਣੇਂਦੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸਦਾ ਤਰਾਈਆ। ਗੁਰਮੁਖ ਤਾਰੇ ਪੁਰਖ ਅਕਾਲ, ਅਗੰਮ ਬੇਪਰਵਾਹਿਆ। ਸਦਾ ਸਦਾ ਸਦ ਦੀਨ ਦਿਆਲ, ਦੀਨਾਂ ਨਾਥਾਂ ਹੋਏ ਸਹਾਇਆ। ਆਪਣੇ ਹੱਥ ਰਖਾਏ ਕਾਲ ਮਹਾਕਾਲ, ਮਹਾਕਾਲ ਭੇਵ ਚੁਕਾਇਆ। ਗੁਰਸਿਖ ਤੋੜ ਜਗਤ ਜੰਜਾਲ, ਆਪ ਆਪਣੇ ਰੰਗ ਰੰਗਾਇਆ। ਗੋਬਿੰਦ ਲੇਖਾ ਚੁਕਾਏ ਸ਼ਾਹ ਕੰਗਾਲ, ਸਿਰ ਆਪਣਾ ਹੱਥ ਟਿਕਾਇਆ। ਆਪੇ ਬਣਿਆ ਗੁਜਰੀ ਲਾਲ, ਆਪਣੇ ਲਾਲ ਨੀਹਾਂ ਹੇਠ ਦਬਾਇਆ। ਕਲਜੁਗ ਅੰਤਮ ਕਰੇ ਫੇਰ ਸੰਭਾਲ, ਨਿਰਗੁਣ ਨੂਰ ਕਰ ਰੁਸ਼ਨਾਇਆ। ਸੰਤ ਸੁਹੇਲੇ ਲਏ ਭਾਲ, ਅੰਦਰ ਵੜ ਵੜ ਪਰਦਾ ਦਏ ਚੁਕਾਇਆ। ਆਪਣਾ ਫਲ ਲਗਾਏ ਆਪਣੇ ਡਾਲ੍ਹ, ਪੱਤ ਡਾਲ੍ਹੀ ਆਪ ਮਹਿਕਾਇਆ। ਆਪਣਾ ਕਰੇ ਹਲ ਆਪ ਸਵਾਲ, ਦੂਸਰ ਭੇਵ ਕਿਸੇ ਨਾ ਆਇਆ। ਅੰਤਮ ਕਲ ਸੰਬਲ ਲਏ ਸੁਰਤ ਸੰਭਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਦਾ ਸਾਲਾਹਿਆ। ਗੁਰਮੁਖ ਮੰਗੇ ਗੋਬਿੰਦ ਦਰਸ, ਗੁਰ ਗੋਬਿੰਦ ਦਇਆ ਕਮਾਈਆ। ਸਿੰਘ ਮਿਟਾਏ ਸਾਚੀ ਹਰਸ, ਸਿੰਘ ਸੂਰਬੀਰ ਸ਼ਹਿਨਸ਼ਾਹੀਆ। ਲੇਖਾ ਜਾਣੇ ਅਰਸ਼ ਫ਼ਰਸ਼, ਜਗਤ ਕੁਰਾ ਵੇਖ ਵਖਾਈਆ। ਅੰਮ੍ਰਿਤ ਆਤਮ ਮੇਘ ਦੇਵੇ ਬਰਸ, ਨਿਝਰ ਝਿਰਨਾ ਇਕ ਝਿਰਾਈਆ। ਗੁਰਮੁਖਾਂ ਲਾਹੇ ਪਿਛਲਾ ਕ਼ਰਜ਼, ਮਕ਼ਰੂਜ਼ ਆਪਣਾ ਆਪ ਵਖਾਈਆ। ਕਲਜੁਗ ਅੰਤਮ ਪੂਰਾ ਕਰੇ ਫ਼ਰਜ਼, ਕੀਤਾ ਕੌਲ ਨਾ ਕਦੇ ਭੁਲਾਈਆ। ਜਿਸ ਨੂੰ ਆਪਣੀ ਹੱਥੀਂ ਆਪਣੇ ਘਰ ਕੀਤਾ ਦਰਜ, ਤਿਸ ਦਾ ਨਾਮ ਨਾ ਕੋਇ ਮਿਟਾਈਆ। ਸਿੰਘ ਰੂਪ ਹੋ ਪਏ ਗਰਜ, ਏਕਾ ਫ਼ਤਹਿ ਡੰਕ ਵਜਾਈਆ। ਪਹਿਲੀ ਵਾਰ ਪੁਰਖ ਅਕਾਲ ਗਿਆ ਵਰਜ, ਆਪ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਥਾਈਂਆ। ਹਰਿਜਨ ਮੇਲਾ ਸਚ ਦਵਾਰ, ਗੁਰ ਗੋਬਿੰਦ ਦਰ ਸੁਹਾਇੰਦਾ। ਕਲਜੁਗ ਅੰਤਮ ਖੇਲ ਨਿਆਰ, ਨਿਰਾਕਾਰ ਆਪ ਕਰਾਇੰਦਾ। ਜੋਤੀ ਜਾਮਾ ਵੇਸ ਅਪਾਰ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਸੰਬਲ ਨਗਰ ਧਾਮ ਨਿਆਰ, ਸਚ ਸਿੰਘਾਸਣ ਸੋਭਾ ਪਾਇੰਦਾ। ਨਿਰਗੁਣ ਜੋਤ ਜਗੇ ਅਗੰਮ ਅਪਾਰ, ਜੋਤੀ ਜਾਤਾ ਡਗਮਗਾਇੰਦਾ। ਅਨਹਦ ਸ਼ਬਦ ਨਾਦ ਧੁਨਕਾਰ, ਧੁਨੀ ਧੁਨ ਨਾਦ ਵਜਾਇੰਦਾ। ਕਰੇ ਖੇਲ ਆਪ ਕਰਤਾਰ, ਕ਼ੁਦਰਤ ਕ਼ਾਦਰ ਵੇਖ ਵਖਾਇੰਦਾ। ਬੇਐਬ ਖ਼ੁਦਾਈ ਪਰਵਰਦਿਗਾਰ, ਨੂਰ ਨੁਰਾਨਾ ਡਗਮਗਾਇੰਦਾ। ਮੁਕਾਮੇ ਹਕ ਸਾਂਝਾ ਯਾਰ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਏਕਾ ਘਰ, ਗੁਰਮੁਖ ਘਰ ਵਿਚ ਘਰ ਸੁਹਾਇੰਦਾ। ਘਰ ਵਿਚ ਘਰ ਸੋਭਾਵੰਤ, ਹਰਿਜਨ ਮਿਲੇ ਵਡਿਆਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਸੱਚਾ ਕੰਤ, ਹਰਿਜਨ ਸਾਚੇ ਲਏ ਪਰਨਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਰਸਨਾ ਜਿਹਵਾ ਮਣੀਆ ਮੰਤ, ਏਕਾ ਨਾਮ ਕਰੇ ਪੜ੍ਹਾਈਆ। ਗੜ੍ਹ ਤੋੜੇ ਹਉਮੇ ਹੰਗਤ, ਮਾਇਆ ਮਮਤਾ ਦਏ ਮਿਟਾਈਆ। ਗੁਰ ਗੋਬਿੰਦ ਵਡਿਆਈ ਇਕੋ ਸੰਗਤ, ਗੁਰ ਸੰਗਤ ਗੁਰ ਗੁਰ ਰੂਪ ਸਮਾਈਆ। ਕਿਸੇ ਕੋਲ ਨਾ ਹੋਏ ਮੰਗਤ, ਜਿਸ ਮਿਲਿਆ ਗੋਬਿੰਦ ਸੱਚਾ ਮਾਹੀਆ। ਇਕ ਨਾਨਕ ਲਾਇਆ ਅੰਗ ਅੰਗਦ, ਗੋਬਿੰਦ ਗੁਰਸਿਖ ਸਾਰੇ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਚੁਕਾਏ ਜਗਤ ਡਰ, ਭੈ ਅਵਰ ਨਾ ਕੋਇ ਰਖਾਈਆ। ਗੋਬਿੰਦ ਮੇਲਾ ਸਚ ਦਰਗਾਹ, ਗੁਰ ਨਾਨਕ ਨਾਲ ਮਿਲਾਇੰਦਾ। ਪੁਰਖ ਅਕਾਲ ਪਕੜੇ ਬਾਂਹ, ਸਿਰ ਆਪਣਾ ਹੱਥ ਟਿਕਾਇੰਦਾ। ਜਿਸ ਜਨ ਜਪਾਇਆ ਆਪਣਾ ਨਾਂ, ਆਪ ਆਪਣੇ ਸੰਗ ਰਖਾਇੰਦਾ। ਆਪੇ ਬਣੇ ਪਿਤਾ ਮਾਂ, ਭਾਈ ਭੈਣ ਸਾਕ ਸੱਜਣ ਆਪ ਅਖਵਾਇੰਦਾ। ਏਥੇ ਓਥੇ ਦੋ ਜਹਾਨਾਂ ਦੇਵੇ ਠੰਡੀ ਛਾਂ, ਅਗਨੀ ਤਤ ਨਾ ਕੋਇ ਰਖਾਇੰਦਾ। ਫੜ ਫੜ ਹੰਸ ਬਣਾਏ ਕਾਂ, ਜਿਸ ਜਨ ਆਪਣਾ ਨਾਮ ਜਪਾਇੰਦਾ। ਨਿਥਾਵਿਆਂ ਦੇਵੇ ਥਾਂ, ਦਰਗਹਿ ਸਾਚੀ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਦਰਗਹਿ ਸਾਚੀ ਸਚ ਟਿਕਾਣਾ, ਪੁਰਖ ਅਕਾਲ ਆਪਣੇ ਹੱਥ ਰਖਾਈਆ। ਓਥੇ ਕੋਈ ਨਾ ਪੁਜੇ ਰਾਜਾ ਰਾਣਾ, ਕੋਟਨ ਕੋਟ ਬੈਠੇ ਰਾਹ ਤਕਾਈਆ। ਜਿਸ ਜਨ ਬਖ਼ਸ਼ੇ ਚਰਨ ਧਿਆਨ, ਤਿਸ ਆਪਣੇ ਮਾਰਗ ਲਾਈਆ। ਗੋਬਿੰਦ ਗੁਰ ਸ਼ਬਦ ਅਗੰਮੀ ਲੈ ਕੇ ਆਏ ਬਬਾਣਾ, ਗੁਰਮੁਖ ਸਾਚੇ ਲਏ ਚੜ੍ਹਾਈਆ। ਸਚਖੰਡ ਦਵਾਰੇ ਦੇਵੇ ਮਾਣਾ, ਆਪ ਆਪਣੀ ਗੋਦ ਬਹਾਈਆ। ਜਿਸ ਜਨ ਮੰਨਿਆ ਸਤਿਗੁਰ ਭਾਣਾ, ਤਿਸ ਜਨ ਹੋਏ ਅੰਤ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨਾਂ ਦੇਵੇ ਵਡ ਵਡਿਆਈਆ। ਦੋ ਜਹਾਨਾਂ ਸਤਿਗੁਰ ਮਾਲਕ, ਮਲਕੁਲਮੌਤ ਦਰ ਦੁਰਕਾਇੰਦਾ। ਲੇਖਾ ਜਾਣੇ ਖ਼ਲਕ ਖ਼ਾਲਕ, ਮਖ਼ਲੂਕ ਆਪਣੀ ਧਾਰ ਵਖਾਇੰਦਾ। ਗੁਰਮੁਖਾਂ ਬਣੇ ਸਦਾ ਪ੍ਰਿਤਪਾਲਕ, ਬਣ ਸੇਵਕ ਸੇਵ ਕਮਾਇੰਦਾ। ਜਿਸ ਜਨ ਗੋਬਿੰਦ ਚਰਨ ਘਾਲੀ ਘਾਲਕ, ਤਿਸ ਪੂਰੀ ਘਾਲ ਕਰਾਇੰਦਾ। ਦਰਗਹਿ ਸਾਚੀ ਬਣੇ ਸਾਲਸ, ਰਾਏ ਧਰਮ ਨੇੜ ਨਾ ਆਇੰਦਾ। ਕਲਜੁਗ ਅੰਤਮ ਚਾਰ ਵਰਨ ਪੰਥ ਖ਼ਾਲਸਾ ਬਣਾਏ ਖ਼ਾਲਸ, ਖ਼ਾਲਸ ਆਪਣਾ ਰੂਪ ਵਖਾਇੰਦਾ। ਜਗਤ ਮਾਇਆ ਵਿਚ ਕਦੇ ਨਾ ਆਏ ਆਲਸ, ਨਿੰਦਰਾ ਸੰਗ ਨਾ ਕੋਇ ਜਣਾਇੰਦਾ। ਗੁਰਮੁਖ ਉਠਾਏ ਬਾਲਕ, ਅੰਮ੍ਰਿਤ ਸੀਰ ਮੁਖ ਚੁਆਇੰਦਾ। ਆਪੇ ਹੋਏ ਸਭ ਦਾ ਜਾਣਤ, ਅਣਜਾਣਤ ਮੇਲ ਮਿਲਾਇੰਦਾ। ਬਿਨ ਡਿਠਿਆਂ ਕਰੇ ਪਛਾਣਤ, ਜਗਤ ਨੇਤਰ ਨਜ਼ਰ ਨਾ ਆਇੰਦਾ। ਅੰਤਮ ਦੇ ਕੇ ਗਿਆ ਜ਼ਮਾਨਤ, ਗੁਰਮੁਖ ਸਾਚੇ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਹਿ ਸਾਚੀ ਧਾਮ ਸੁਹਾਇੰਦਾ। ਦਰਗਹਿ ਸਾਚੀ ਸਚ ਮਹੱਲਾ, ਸਤਿਗੁਰ ਪੂਰਾ ਆਪ ਸਮਾਈਆ। ਪੁਰਖ ਅਕਾਲ ਇਕ ਇਕੱਲਾ, ਨਿਰਗੁਣ ਬੈਠਾ ਆਸਣ ਲਾਈਆ। ਆਪੇ ਰਵਿਆ ਜਲਾਂ ਥਲਾਂ, ਜਲ ਥਲ ਮਹੀਅਲ ਆਪ ਸਮਾਈਆ। ਆਪੇ ਦੀਪਕ ਜੋਤੀ ਬਲਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਪੇ ਸਚ ਸੰਦੇਸ਼ ਸ਼ਬਦੀ ਘੱਲਾ, ਨਾਮ ਮਰਦੰਗ ਇਕ ਵਜਾਈਆ। ਆਪੇ ਗੋਬਿੰਦ ਗੁਰਸਿਖ ਫੜਾਇਆ ਪੱਲਾ, ਫੜਿਆ ਪੱਲੂ ਛੁਟ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਹਿ ਸਾਚੀ ਹੋਏ ਸਹਾਈਆ। ਦਰਗਹਿ ਸਾਚੀ ਗੁਰਮੁਖ ਘਰ, ਗੁਰ ਸਤਿਗੁਰ ਆਪ ਬਣਾਇਆ। ਲੱਖ ਚੁਰਾਸੀ ਜੰਮੇ ਪਏ ਮਰ, ਮਰਨ ਜੰਮਣ ਖੇਲ ਖਿਲਾਇਆ। ਹਰਿਜਨ ਵਿਰਲਾ ਨਾ ਰੱਖੇ ਕੋਈ ਡਰ, ਨਿਰਭੌ ਏਕਾ ਏਕ ਧਿਆਇਆ। ਏਕਾ ਪੁਰਖ ਅਕਾਲ ਲਏ ਵਰ, ਦੋ ਜਹਾਨਾਂ ਹੋਏ ਸਹਾਇਆ। ਨਿਰਗੁਣ ਸਰਗੁਣ ਲਏ ਫੜ, ਆਤਮ ਪਰਮਾਤਮ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਹਿ ਸਾਚੀ ਦੇਵੇ ਵਡਿਆਇਆ। ਦਰਸ ਅੰਦਰ ਸਰਬ ਦਾਤ, ਲੱਖ ਚੁਰਾਸੀ ਬੰਧਨ ਪਾਈਆ। ਦਰਸ ਅੰਦਰ ਪਿਤਾ ਮਾਤ, ਪੂਤ ਸਪੂਤ ਦਏ ਵਡਿਆਈਆ। ਦਰਸ ਅੰਦਰ ਉਤਮ ਜ਼ਾਤ, ਜ਼ਾਤ ਪਾਤ ਰਹਿਣ ਨਾ ਪਾਈਆ। ਦਰਸ ਅੰਦਰ ਸੱਚਾ ਨਾਤ, ਗੁਰ ਚਰਨ ਸਰਨ ਸਰਨਾਈਆ। ਦਰਸ ਅੰਦਰ ਉਤਰੇ ਘਾਟ, ਪਾਰ ਕਿਨਾਰ ਵਖਾਈਆ। ਦਰਸ ਅੰਦਰ ਮਿਟੇ ਅੰਧੇਰੀ ਰਾਤ, ਸਾਚਾ ਨੂਰ ਕਰੇ ਰੁਸ਼ਨਾਈਆ । ਦਰਸ ਅੰਦਰ ਪੁਛੇ ਵਾਤ, ਗੁਰਸਿਖਾਂ ਮੇਲ ਮਿਲਾਈਆ। ਦਰਸ ਅੰਦਰ ਮਿਟੇ ਨਾਤਾ ਮਨਮਤ ਕਮਜ਼ਾਤ, ਗੁਰ ਸਤਿਗੁਰ ਕਰੇ ਪੜ੍ਹਾਈਆ। ਦਰਸ ਅੰਦਰ ਦੇਵੇ ਨਾਮ ਖਾਤ, ਸਚ ਭੰਡਾਰਾ ਆਪ ਭਰਾਈਆ। ਦਰਸ ਅੰਦਰ ਵੇਖੇ ਮਾਰ ਝਾਤ, ਬੰਦ ਤਾਕੀ ਆਪ ਖੁਲ੍ਹਾਈਆ। ਦਰਸ ਅੰਦਰ ਦੇਵੇ ਅੰਮ੍ਰਿਤ ਬੂੰਦ ਸਵਾਂਤ, ਨਿਝਰ ਝਿਰਨਾ ਇਕ ਝਿਰਾਈਆ। ਦਰਸ ਅੰਦਰ ਗੁਰਸਿਖ ਮੇਲਾ ਇਕ ਇਕਾਂਤ, ਰੂਪ ਅਨੂਪ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦਰਸ ਆਪੇ ਦੀਦ, ਦੇਵਣਹਾਰ ਆਪ ਹੋ ਜਾਈਆ। ਦਰਸ ਅੰਦਰ ਗੋਬਿੰਦ ਮੇਲਾ, ਗੁਰ ਗੋਬਿੰਦ ਆਪ ਮਿਲਾਈਆ। ਦਰਸ ਅੰਦਰ ਗੁਰੂ ਗੁਰ ਚੇਲਾ, ਗੁਰ ਚੇਲਾ ਰੂਪ ਵਟਾਈਆ। ਦਰਸ ਅੰਦਰ ਸੱਜਣ ਸੁਹੇਲਾ, ਸਗਲਾ ਸੰਗ ਨਿਭਾਈਆ। ਦਰਸ ਅੰਦਰ ਮਿਲੇ ਇਕ ਇਕੇਲਾ, ਨਿਰਗੁਣ ਆਪਣਾ ਭੇਵ ਚੁਕਾਈਆ। ਦਰਸ ਅੰਦਰ ਕੱਟ ਦਏ ਰਾਏ ਧਰਮ ਦੀ ਜੇਲਾ, ਲੱਖ ਚੁਰਾਸੀ ਫੰਦ ਕਟਾਈਆ। ਦਰਸ ਅੰਦਰ ਆਪ ਜਣਾਏ ਆਪਣਾ ਵੇਲਾ, ਥਿਤ ਵਾਰ ਨਾ ਕੋਇ ਜਣਾਈਆ। ਦਰਸ ਅੰਦਰ ਗੁਰ ਸਤਿਗੁਰ ਅਚਰਜ ਖੇਲ ਖੇਲਾ, ਗੁਰਮੁਖ ਸਾਚੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਰਸ ਦਏ ਵਡਿਆਈਆ। ਦਰਸ ਅੰਦਰ ਮਿਲੇ ਗੁਰਮੀਤ, ਮਿਤਰ ਪਿਆਰਾ ਦਇਆ ਕਮਾਇੰਦਾ। ਦਰਸ ਅੰਦਰ ਕਾਇਆ ਕਰੇ ਠੰਡੀ ਸੀਤ, ਅਗਨੀ ਤੱਤ ਬੁਝਾਇੰਦਾ। ਦਰਸ ਅੰਦਰ ਸੁਣਾਏ ਸੁਹਾਗੀ ਗੀਤ, ਆਪਣਾ ਢੋਲਾ ਆਪੇ ਗਾਇੰਦਾ। ਦਰਸ ਅੰਦਰ ਕਰੇ ਕਾਇਆ ਪਤਿਤ ਪੁਨੀਤ, ਦੁਰਮਤ ਮੈਲ ਧਵਾਇੰਦਾ। ਸਦੀ ਚੌਧਵੀਂ ਰਹੀ ਬੀਤ, ਚਾਰੋਂ ਕੁੰਟ ਜਗਤ ਸਮਝਾਇੰਦਾ। ਅੰਤਮ ਨਾਤਾ ਤੁਟਣਾ ਮੰਦਰ ਮਸੀਤ, ਥਿਰ ਕੋਇ ਰਹਿਣ ਨਾ ਪਾਇੰਦਾ। ਪੁਰਖ ਅਕਾਲ ਦੀਨ ਦਿਆਲ ਏਕਾ ਰੰਗ ਰੰਗੌਣਾ ਹਸਤ ਕੀਟ, ਊਚ ਨੀਚ ਨਾ ਕੋਇ ਵਖਾਇੰਦਾ। ਪੁਰਖ ਅਕਾਲ ਗੌਣਾ ਸਭ ਨੇ ਗੀਤ, ਸ਼ਰਅ ਸ਼ਰੀਅਤ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਅੰਦਰ ਦੇਵੇ ਦੀਦਾਰ, ਗੁਰਸਿਖਾਂ ਕਰੇ ਸਚ ਪਿਆਰ, ਪਿਆਰ ਪਿਆਰ ਨਾਲ ਪਰਨਾਇੰਦਾ। ਪਿਆਰ ਅੰਦਰ ਗੁਰੂ ਗੋਬਿੰਦ ਵਸੇ, ਅੰਤ ਗਿਆ ਸਮਝਾਈਆ। ਘਟ ਮੰਦਰ ਬਹਿ ਬਹਿ ਆਪੇ ਹੱਸੇ, ਆਪਣੀ ਖ਼ੁਸ਼ੀ ਮਨਾਈਆ। ਕਰੇ ਪਰਕਾਸ਼ ਬਿਨ ਰਵ ਸਸੇ, ਸੂਰਜ ਚੰਨ ਮੁਖ ਸ਼ਰਮਾਈਆ। ਜਿਸ ਗੁਰਸਿਖ ਆਪਣਾ ਮਾਰਗ ਦੱਸੇ, ਆਤਮ ਅੰਤਰ ਬੂਝ ਬੁਝਾਈਆ। ਸੋ ਗੁਰਸਿਖ ਗੋਬਿੰਦ ਤੇਰੇ ਚਰਨ ਢੱਠੇ, ਢਹਿ ਢਹਿ ਪਏ ਸਰਨਾਈਆ। ਨਾਤਾ ਤੋੜੇ ਤੀਰਥ ਅਠਸਠੇ, ਜਮਨਾ ਸੁਰਸਤੀ ਗੰਗਾ ਗੋਦਾਵਰੀ ਨਾ ਨਹਾਵਣ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਰਸ ਦਏ ਸਮਝਾਈਆ। ਏਕਾ ਦਰਸ ਕਾਇਆ ਗੜ੍ਹ, ਗੋਬਿੰਦ ਆਪ ਜਣਾਈਆ। ਆਪਣੇ ਪੌੜੇ ਜਾਏ ਚੜ੍ਹ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਬਿਨ ਵਿਦਿਆ ਅੱਖਰ ਜਾਏ ਪੜ੍ਹ, ਏਕਾ ਅੱਖਰ ਆਪ ਸੁਣਾਈਆ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਵੇਸ ਵਟਾਈਆ। ਸੰਤ ਸੁਹੇਲੇ ਗੁਰਮੁਖ ਗੁਰਸਿਖ ਲਏ ਫੜ, ਸੋਇਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਏਕਾ ਦਰਸ ਦਿਖਾਈਆ। ਏਕਾ ਦਰਸ ਦੇਵੇ ਕਰਤਾਰ, ਹਰਿਜਨ ਸਾਚੇ ਆਪ ਜਗਾਇਆ। ਏਕਾ ਵਸਤ ਦੇਵੇ ਨਾਮ ਭੰਡਾਰ, ਅਨਮੁਲੜੀ ਦਾਤ ਵਰਤਾਇਆ। ਏਕਾ ਖੋਲ੍ਹੇ ਬੰਦ ਕਿਵਾੜ, ਬਜਰ ਕਪਾਟੀ ਤੋੜ ਤੁੜਾਇਆ। ਏਕਾ ਜੋਤ ਕਰੇ ਉਜਿਆਰ, ਜੋਤ ਨਿਰੰਜਣ ਡਗਮਗਾਇਆ। ਏਕਾ ਅੰਮ੍ਰਿਤ ਦੇਵੇ ਠੰਡਾ ਠਾਰ, ਬੂੰਦ ਸਵਾਂਤੀ ਮੁਖ ਚੁਆਇਆ। ਏਕਾ ਸਾਚੀ ਸੇਜਾ ਕਰੇ ਪਿਆਰ, ਆਤਮ ਸੇਜਾ ਸੋਭਾ ਪਾਇਆ। ਜਿਸ ਗੁਰਸਿਖ ਦੇਵੇ ਆਪ ਦੀਦਾਰ, ਤਿਸ ਲੋਚਣ ਆਪ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਤਰਸ ਆਪ ਕਮਾਇਆ। ਵਿਚਾਰ ਅੰਦਰ ਨਾ ਆਏ ਵਿਚਾਰ, ਬੁਧ ਮਤ ਨਾ ਕੋਇ ਵਡਿਆਈਆ। ਗੁਰ ਗੋਬਿੰਦ ਵਸੇ ਸਭ ਤੋਂ ਬਾਹਰ, ਕਹਿਣਾ ਕਥਨ ਨਾ ਜਾਈਆ। ਜਿਸ ਕਿਰਪਾ ਕਰੇ ਅਪਰ ਅਪਾਰ, ਅਪਰੰਪਰ ਬੂਝ ਬੁਝਾਈਆ। ਆਪੇ ਦੇਵੇ ਦਰਸ ਦੀਦਾਰ, ਨੇਤਰ ਨੈਣ ਨੈਣ ਬਿਗਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਚਾਰ ਵਿਚਾਰ ਨਾਲ ਮਿਲਾਈਆ। ਭਿੰਨੜੀ ਰੈਣ ਚੜ੍ਹਿਆ ਚਾ, ਗੁਰਸਿਖਾਂ ਦਰਸਨ ਪਾਇਆ। ਗੁਰਸਿਖ ਮੇਰਾ ਬਣੇ ਮਲਾਹ, ਗੋਬਿੰਦ ਲਏ ਮਿਲਾਇਆ। ਗ਼ਰੀਬ ਨਿਮਾਣਿਆਂ ਜੋ ਪਕੜੇ ਬਾਂਹ, ਨਿਥਾਵਿਆਂ ਲਏ ਉਠਾਇਆ। ਅੰਮ੍ਰਿਤ ਜਾਮ ਦਏ ਪਿਆ, ਏਕਾ ਰੰਗ ਵਖਾਇਆ। ਹੰਸ ਕਾਗ ਦਏ ਬਣਾ, ਕਾਗੋਂ ਹੰਸ ਉਡਾਇਆ। ਮੇਰੀ ਰੈਣ ਅੰਧੇਰੀ ਮਿਟੇ ਨਾ, ਮੇਰਾ ਅੰਧ ਨਾ ਕੋਇ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਇਆ। ਭਿਨੜੀ ਰੈਣ ਕਰੇ ਪੁਕਾਰ, ਗੁਰਸਿਖ ਅਗੇ ਸੀਸ ਝੁਕਾਈਆ। ਮੈਂ ਸੁਣਿਆ ਤੇਰਾ ਗੋਬਿੰਦ ਮੀਤ ਮੁਰਾਰ, ਤੇਰੇ ਸੰਗ ਵਸੇ ਤੇਰਾ ਮਾਹੀਆ। ਮੈਂ ਕਲਜੁਗ ਅੰਤਮ ਆਈ ਵਿਚ ਸੰਸਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਘਰ ਘਰ ਹੋਏ ਅੰਤ ਵਿਭਚਾਰ, ਹਰਿ ਕਾ ਨਾਮ ਨਾ ਕੋਇ ਧਿਆਈਆ। ਨੇਤਰ ਰੋ ਰੋ ਧਾਹਾਂ ਰਹੀ ਮਾਰ, ਖੁਲੜੇ ਕੇਸ ਰਹੀ ਵਖਾਈਆ। ਬਿਨ ਗੋਬਿੰਦ ਕਰੇ ਨਾ ਕੋਇ ਪਿਆਰ, ਭੁੱਲੀ ਸਰਬ ਲੋਕਾਈਆ। ਜਿਸ ਆਪਾ ਦਿਤਾ ਵਾਰ, ਗ਼ਰੀਬ ਨਿਮਾਣੇ ਗਲੇ ਲਗਾਈਆ। ਅੰਤਮ ਦੇ ਕੇ ਗਿਆ ਸਹਾਰ, ਏਕਾ ਨਾਅਰਾ ਲਾਈਆ। ਪਰਗਟ ਹੋਏ ਆਪ ਨਿਰੰਕਾਰ, ਨਿਹਕਲੰਕਾ ਨਾਉਂ ਰਖਾਈਆ। ਗੋਬਿੰਦ ਡੰਕਾ ਵੱਜੇ ਵਿਚ ਸੰਸਾਰ, ਨੌਂ ਖੰਡ ਪ੍ਰਿਥਮੀ ਆਪ ਸੁਣਾਈਆ। ਪਰਗਟ ਹੋਵੇ ਜੋਧਾ ਸੂਰਬੀਰ ਬਲੀ ਬਲਕਾਰ, ਬਲ ਆਪਣਾ ਆਪ ਧਰਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ਵਾਰ, ਸੀਸ ਤਾਜ ਨਾ ਕੋਇ ਟਿਕਾਈਆ। ਸਾਚੇ ਤਖ਼ਤ ਬਹੇ ਆਪ ਕਰਤਾਰ, ਕਰੇ ਕਰਾਏ ਸੱਚੀ ਸ਼ਹਿਨਸ਼ਾਹੀਆ। ਵੀਹ ਸੌ ਵੀਹ ਬਿਕ੍ਰਮੀ ਖੇਲ ਅਪਾਰ, ਲੋਕਮਾਤ ਵੱਜੇ ਵਧਾਈਆ। ਭਿੰਨੜੀ ਰੈਣ ਗੁਰਮੁਖਾਂ ਆਈ ਦਵਾਰ, ਆਪਣੀ ਝੋਲੀ ਅਗੇ ਡਾਹੀਆ। ਧੰਨ ਧੰਨ ਧੰਨ ਗੁਰਸਿਖ, ਜਿਸ ਗੋਬਿੰਦ ਓਟ ਰਖਾਈਆ। ਗੁਰ ਗੋਬਿੰਦ ਓਟ ਜਿਸ ਲਈ ਰੱਖ, ਏਕਾ ਆਸ ਤਕਾਈਆ। ਲੱਖ ਚੁਰਾਸੀ ਵਿਚੋਂ ਹੋਇਆ ਵੱਖ, ਆਪਣਾ ਪੰਧ ਮੁਕਾਈਆ। ਏਕਾ ਚੜ੍ਹਿਆ ਸਾਚੇ ਰਥ, ਸਚ ਦਵਾਰ ਮਿਲੇ ਵਡਿਆਈਆ। ਲਹਿਣਾ ਦੇਣਾ ਚੁੱਕੇ ਸੀਆਂ ਸਾਢੇ ਤਿੰਨ ਤਿੰਨ ਹੱਥ, ਰਵਦਾਸ ਚਮਿਆਰ ਦਏ ਗਵਾਹੀਆ। ਸਤਿਗੁਰ ਗੁਰੂ ਗੁਰ ਜਿਸ ਵਸੇ ਪਾਸ, ਗੁਰ ਗੋਬਿੰਦ ਇਕ ਮਲਾਹੀਆ। ਸੋ ਗੁਰਸਿਖ ਕਿਉਂ ਹੋਏ ਨਿਰਾਸ, ਆਸਾ ਆਸਾ ਪੂਰ ਕਰਾਈਆ। ਨਿਜ ਆਤਮ ਕਰੇ ਵਾਸ, ਪਰਮਾਤਮ ਮੇਲ ਮਿਲਾਈਆ। ਗੁਰਸਿਖ ਸਦਾ ਸ਼ਾਬਾਸ, ਜਿਸ ਤਜੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਆਦਿ ਜੁਗਾਦਿ ਦਏ ਵਡਿਆਈਆ। ਸਿੰਘ ਨਿਹੰਗ ਸੋਹਣਾ ਬਸਤਰ, ਕਾਇਆ ਬਸਤੀ ਆਪ ਵਸਾਈਆ। ਗੁਰ ਗੋਬਿੰਦ ਪਹਿਨਾਇਆ ਆਪਣਾ ਸ਼ਸਤਰ, ਛਤਰੂ ਰਿਹਾ ਘਾਈਆ। ਇਕ ਚੜ੍ਹਾਇਆ ਸਾਚੇ ਅਸਤਰ, ਨਾਮ ਘੋੜਾ ਰਿਹਾ ਦੌੜਾਈਆ। ਅੱਠੇ ਪਹਿਰ ਵਾਹਿਗੁਰੂ ਜਾਪ ਕਰੀ ਕਸਰਤ, ਆਪਣਾ ਬਲ ਵਧਾਈਆ। ਅੰਤ ਗੋਬਿੰਦ ਪੂਰੀ ਕਰੇ ਹਸਰਤ, ਦੇਵੇ ਦਰਸ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਾਣਾ ਆਪ ਸੁਹਾਈਆ। ਕਾਲੇ ਪੀਲੇ ਸੋਹਣੇ ਚੀਰੇ, ਚੀਰੇ ਵਾਲਾ ਵੇਖ ਵਖਾਈਆ। ਗੁਰਮੁਖ ਲਾਲ ਸਾਚੇ ਹੀਰੇ, ਮਾਣਕ ਮੋਤੀ ਆਪ ਉਠਾਈਆ। ਮੇਲ ਮਿਲਾਏ ਵਡ ਪੀਰਨ ਪੀਰੇ, ਉਚ ਪੀਰ ਹੋਏ ਸਹਾਈਆ। ਕਲਜੁਗ ਆਇਆ ਅੰਤ ਅਖ਼ੀਰੇ, ਸਭ ਦੀ ਕਰੇ ਸਫ਼ਾਈਆ। ਆਪਣਾ ਖੇਲ ਜਾਣੇ ਧੀਰੇ ਧੀਰੇ, ਧੀਰਜ ਆਪਣੇ ਵਿਚ ਸਮਾਈਆ। ਜੀਵ ਜੰਤ ਬੰਨ੍ਹੇ ਨਾਮ ਜ਼ੰਜੀਰੇ, ਹਰਿ ਕਾ ਨਾਉਂ ਸੰਗਲ ਇਕ ਉਠਾਈਆ। ਲਹਿਣਾ ਦੇਣਾ ਚੁਕਾਏ ਹਸਤ ਕੀੜੇ, ਕੀਟ ਹਸਤ ਵੇਖੇ ਥਾਉਂ ਥਾਈਂਆ। ਸਮੁੰਦ ਸਾਗਰ ਵਰੋਲੇ ਨੀਰੇ, ਨਾਮ ਮਧਾਣਾ ਏਕਾ ਪਾਈਆ। ਦੀਨ ਮਜ਼੍ਹਬ ਵਰਨ ਬਰਨ ਜੋ ਹੋਏ ਲੀਰੋ ਲੀਰੇ, ਅੰਤਮ ਏਕਾ ਗੰਢ ਬੰਧਾਈਆ। ਜਿਉਂ ਰਵਦਾਸ ਪਾਇਆ ਮੁੱਲ ਕਸੀਰੇ, ਕੰਗਣ ਦਏ ਵਡਿਆਈਆ। ਤਿਉਂ ਗੁਰਮੁਖਾਂ ਅੰਮ੍ਰਿਤ ਪਿਆਏ ਸਾਚਾ ਸੀਰੇ, ਰਸ ਅੰਮ੍ਰਿਤ ਮੁਖ ਚੁਆਈਆ। ਅੰਤਮ ਆਪੇ ਕੱਟੇ ਭੀੜੇ, ਸਿਰ ਆਪਣੇ ਭਾਰ ਉਠਾਈਆ। ਨਿਹੰਗ ਸਿੰਘ ਉਠੌਣਾ ਬੀੜੇ, ਗੁਰ ਗੋਬਿੰਦ ਨਾਲ ਮਿਲਾਈਆ। ਧੰਨ ਭਾਗ ਗੁਰ ਮਿਲਿਆ ਜੀਉੜੇ, ਜੀਵਣ ਮੁਕਤ ਕਰਾਈਆ। ਮਨਮੁਖ ਅੰਤ ਸ਼ਬਦ ਵੇਲਣੇ ਪੀੜੇ, ਨਾ ਸਕੇ ਕੋਇ ਬਚਾਈਆ। ਸੋਹਣ ਬਸਤਰ ਨੀਲੇ ਲੀੜੇ, ਪਗੜੀ ਦਸਤਾਰ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪ੍ਰੇਮ ਰੰਗ ਰੰਗਾਈਆ। ਲੋਹਾ ਪਾਰਸ ਜਾਏ ਬਣ, ਮਣਕਾ ਮਾਲਾ ਮਨ ਨਾਲ ਮਿਲਾਈਆ। ਸਤਿਗੁਰ ਸੁਣੇ ਆਪਣੇ ਕੰਨ, ਸੋ ਗੁਰਮੁਖ ਹਿਰਦੇ ਅੰਦਰ ਧਿਆਈਆ। ਮਿਲੇ ਵਡਿਆਈ ਸਾਚੇ ਤਨ, ਜਿਸ ਰਸਨਾ ਗੋਬਿੰਦ ਨਾਮ ਸਮਾਈਆ। ਗੁਰ ਗੋਬਿੰਦ ਨਜ਼ਰ ਨਾ ਆਏ ਜੀਵ ਅੰਨ੍ਹ, ਗੁਰਮੁਖ ਵੇਖਣ ਚਾਈਂ ਚਾਈਆ। ਆਦਿ ਜੁਗਾਦਿ ਜੁਗ ਜੁਗ ਚੜ੍ਹਿਆ ਰਹੇ ਗੁਜਰੀ ਚੰਨ, ਜਿਸ ਦਾ ਇਕੋ ਪੁਰਖ ਅਕਾਲ ਪਿਤਾ ਮਾਈਆ। ਤਿਸ ਗੋਬਿੰਦ ਕਹੋ ਧੰਨ ਧੰਨ ਧੰਨ, ਜੋ ਗੁਰਮੁਖਾਂ ਅੰਮ੍ਰਿਤ ਗਿਆ ਪਿਆਈਆ। ਜੂਠਾ ਝੂਠਾ ਠੂਠਾ ਭੰਨ, ਏਕਾ ਰੰਗ ਚੜ੍ਹਾਈਆ। ਆਪਣੀ ਹੱਥੀਂ ਲਾ ਕੇ ਗਿਆ ਡੰਨ, ਆਪਣਾ ਹੁਕਮ ਸਮਝਾਈਆ। ਪੁਰਖ ਅਕਾਲ ਸਭ ਨੇ ਲੈਣਾ ਮੰਨ, ਹਿੰਦੂ ਮੁਸਲਿਮ ਸਿੱਖ ਈਸਾਈ ਏਕਾ ਇਸ਼ਟ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਘਰ ਮਿਲਾਈਆ। ਸਾਚਾ ਖੰਡਾ ਸਚ ਕਿਰਪਾਨ, ਕਿਰਪਾਨਿਧ ਆਪ ਪਹਿਨਾਈਆ। ਬਿਨ ਗੁਰ ਘੜੇ ਨਾ ਕੋਇ ਵਿਚ ਜਹਾਨ, ਲੋਹਾਰ ਤਰਖਾਨ ਨਾ ਕੋਇ ਵਡਿਆਈਆ। ਕਾਇਆ ਅੰਦਰ ਰੱਖੇ ਆਪ ਗਿਆਨ, ਮਾਟੀ ਚੰਮ ਪੋਚ ਪੋਚਾਈਆ। ਤਿਸ ਖੰਡੇ ਮੰਨਣੀ ਸਭ ਨੇ ਆਣ, ਜੋ ਖੰਡਾ ਗੋਬਿੰਦ ਗਿਆ ਵਖਾਈਆ। ਪਰਗਟ ਕਰੇ ਆਪ ਭਗਵਾਨ, ਆਪਣੀ ਸੇਵ ਕਮਾਈਆ। ਗੁਰਸਿਖਾਂ ਮਿਲਿਆ ਧੁਰ ਦਾ ਦਾਨ, ਲੋਕਮਾਤ ਖ਼ੁਸ਼ੀ ਮਨਾਈਆ। ਕਲਜੁਗ ਅੰਤ ਰਹੇ ਨਾ ਕੋਇ ਅੰਜਾਣ, ਭੁਲ ਵਿਚ ਨਾ ਕੋਇ ਭੁਲਾਈਆ। ਗੋਬਿੰਦ ਸੂਰਾ ਪਰਗਟ ਹੋਵੇ ਵਿਚ ਜਹਾਨ, ਲੋਕਮਾਤ ਕਰੇ ਰੁਸ਼ਨਾਈਆ। ਸਤਿਜੁਗ ਸਾਚਾ ਲਾਏ ਆਣ, ਕਲਜੁਗ ਕੂੜੀ ਕਿਰਿਆ ਦਏ ਖਪਾਈਆ। ਵੀਹ ਸੌ ਵੀਹ ਬਿਕ੍ਰਮੀ ਹੋਏ ਪਰਧਾਨ, ਨੌਂ ਖੰਡ ਪ੍ਰਿਥਮੀ ਏਕਾ ਹੁਕਮ ਜਣਾਈਆ। ਲਹਿਣਾ ਦੇਣ ਚੁਕਾਏ ਕ੍ਰਿਸ਼ਨਾ ਕਾਹਨ, ਰਾਮ ਨਾਮ ਨਾ ਕੋਇ ਵਡਿਆਈਆ। ਈਸਾ ਮੂਸਾ ਨਾ ਕੋਇ ਸਲਾਮ, ਮੁਹੰਮਦ ਸ਼ਰੀਅਤ ਨਾ ਕੋਇ ਰਖਾਈਆ। ਅੰਜੀਲ ਕ਼ੁਰਾਨ ਨਾ ਕੋਇ ਕਲਾਮ, ਮੱਕਾ ਕਾਅਬਾ ਨਾ ਫੇਰਾ ਪਾਈਆ। ਪੀਰ ਪੈਗ਼ੰਬਰ ਨਾ ਦੇਵੇ ਕੋਈ ਪੈਗ਼ਾਮ, ਹੁਕਮੀ ਹੁਕਮ ਨਾ ਕੋਇ ਜਣਾਈਆ। ਏਕਾ ਹੁਕਮ ਵਰਤੇ ਸ੍ਰੀ ਭਗਵਾਨ, ਬ੍ਰਹਿਮੰਡ ਖੰਡ ਬੰਧਨ ਪਾਈਆ। ਗੋਬਿੰਦ ਝੁੱਲੇ ਇਕ ਨਿਸ਼ਾਨ, ਸ੍ਰਿਸ਼ਟ ਸਬਾਈ ਦਏ ਵਖਾਈਆ। ਕਰੇ ਖੇਲ ਆਪ ਮਿਹਰਵਾਨ, ਆਪਣੀ ਦਇਆ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤਨ ਆਪ ਸਜਾਈਆ। ਸਿਰ ਸੋਹੇ ਚੱਕਰ ਦੁਮਾਲਾ, ਚਕਰਵਰਤੀ ਚੱਕਰ ਚਲਾਇੰਦਾ। ਏਕਾ ਦੱਸਿਆ ਰਾਹ ਸੁਖਾਲਾ, ਗੋਬਿੰਦ ਆਪਣਾ ਪੰਧ ਮੁਕਾਇੰਦਾ। ਮੇਰਾ ਸਿੱਖ ਸਭ ਤੋਂ ਨਿਰਾਲਾ, ਆਪ ਆਪਣੀ ਵੰਡ ਵੰਡਾਇੰਦਾ। ਹੱਥ ਫੜਾਈ ਸਾਚੀ ਮਾਲਾ, ਮਨ ਕਾ ਮਣਕਾ ਆਪ ਭਵਾਇੰਦਾ। ਨਾ ਕੋਈ ਸੰਧਿਆ ਨਾ ਤਰਕਾਲਾ, ਅੰਮ੍ਰਿਤ ਵੇਲਾ ਇਕ ਵਖਾਇੰਦਾ। ਗੁਰਮੁਖਾਂ ਮੁਖ ਪੂੰਝੇ ਆਪ ਨਾਲ ਰੁਮਾਲਾ, ਬਣ ਸੇਵਕ ਸੇਵ ਕਮਾਇੰਦਾ। ਅੰਤ ਹੋਏ ਆਪ ਦਲਾਲਾ, ਸਚ ਦਲਾਲੀ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਦਰ ਸੁਹਾਇੰਦਾ।
