Granth 11 Likhat 015: 17 Maghar 2018 Bikarmi Kartar Kaur Balwant Kaur Babu pura Jethuwal Darbar wich

੧੭ ਮੱਘਰ ੨੦੧੮ ਬਿਕਰਮੀ ਕਰਤਾਰ ਕੌਰ ਬਲਵੰਤ ਕੌਰ ਬਾਬੂ ਪੁਰਾ ਜੇਠੂਵਾਲ ਦਰਬਾਰ ਵਿਚ

ਹਰਿ ਆਪੇ ਭਗਤ ਆਪ ਭਗਵੰਤ, ਭਗਤੀ ਰੂਪ ਆਪ ਅਖਵਾਈਆ। ਆਪੇ ਸਾਧ ਆਪ ਹਰਿ ਸੰਤ, ਸਾਂਤਕ ਸਤਿ ਆਪ ਹੋ ਜਾਈਆ। ਆਪੇ ਨਾਰ ਆਪੇ ਕੰਤ, ਨਰ ਨਰਾਇਣ ਆਪ ਅਖਵਾਈਆ। ਆਪੇ ਆਦਿ ਆਪੇ ਅੰਤ, ਮਧ ਆਪਣੀ ਖੇਲ ਕਰਾਈਆ। ਆਪੇ ਨਾਦ ਧੁੰਨ ਆਪੇ ਮੰਤ, ਆਪੇ ਰਾਗੀ ਰਾਗ ਅਲਾਈਆ । ਆਪ ਬਣਾਏ ਆਪਣੀ ਬਣਤ, ਘੜਨ ਭੰਨਣ ਆਪ ਹੋ ਜਾਈਆ। ਆਪੇ ਰਵਿਆ ਲੱਖ ਚੁਰਾਸੀ ਜੀਵ ਜੰਤ, ਘਟ ਘਟ ਆਪਣਾ ਆਸਣ ਲਾਈਆ। ਆਪੇ ਰੁੱਤੜੀ ਰੁੱਤ ਬਸੰਤ, ਪਤ ਡਾਲੀ ਆਪ ਮਹਿਕਾਈਆ। ਆਪੇ ਮਹਿਮਾ ਹੋਏ ਅਗਣਤ, ਆਪੇ ਲਿਖ ਲਿਖ ਲੇਖ ਸਮਝਾਈਆ। ਆਪੇ ਭੁੱਖ ਆਪੇ ਨੰਗਤ, ਆਪੇ ਤ੍ਰਿਸ਼ਨਾ ਰਿਹਾ ਵਧਾਈਆ। ਆਪੇ ਦਰਵੇਸ਼ ਦਰ ਬਣੇ ਮੰਗਤ, ਆਪ ਘਰ ਘਰ ਅਲਖ ਜਗਾਈਆ। ਆਪੇ ਜੇਰਜ ਆਪੇ ਅੰਡਜ, ਉਤਭੁਜ ਸੇਤਜ ਆਪਣਾ ਖੇਲ ਖਿਲਾਈਆ। ਆਪੇ ਬੋਧ ਗਿਆਤਾ ਪੰਡਤ, ਆਪੇ ਹਰਫ਼ ਹਰਫ਼ ਰਿਹਾ ਸਲਾਹੀਆ। ਆਪੇ ਕਰੇ ਸਰਬ ਖੰਡਤ, ਖੰਡਾ ਖੜਗ ਆਪ ਹੋ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਧਰਾਈਆ। ਆਪੇ ਭਗਤ ਆਪ ਭਗਵਾਨ, ਆਪੇ ਸਾਚੀ ਖੇਲ ਖਲਾਇੰਦਾ। ਆਪੇ ਜੀਵ ਜੰਤ ਜਹਾਨ, ਆਪੇ ਜੁਗ ਜੁਗ ਵੇਸ ਵਟਾਇੰਦਾ। ਆਪੇ ਦਾਤਾ ਆਪੇ ਦਾਨ, ਦੇਵਣਹਾਰਾ ਆਪ ਅਖਵਾਇੰਦਾ। ਆਪੇ ਗੋਪੀ ਆਪੇ ਕਾਹਨ, ਮੰਡਲ ਰਾਸ ਆਪ ਰਚਾਇੰਦਾ। ਆਪੇ ਜੰਗਲ ਜੂਹ ਉਜਾੜ ਪਹਾੜ ਬੀਆਬਾਨ, ਸਮੁੰਦ ਸਾਗਰ ਆਪੇ ਵੇਖ ਵਖਾਇੰਦਾ। ਆਪੇ ਸ਼ਬਦ ਨਾਦ ਧੁੰਨ ਕਾਨ, ਆਪੇ ਰਾਗ ਰਾਗਨੀ ਖੇਲ ਖਲਾਇੰਦਾ। ਆਪੇ ਸ਼ਾਹ ਪਾਤਸ਼ਾਹ ਸੱਚਾ ਸੁਲਤਾਨ, ਸੁਲਾਹਕੁਲ ਆਪ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲਾਇੰਦਾ। ਆਪੇ ਭਗਤ ਆਪੇ ਭਾਓ, ਨਿਰਭਓ ਆਪਣਾ ਖੇਲ ਖਲਾਈਆ। ਆਪੇ ਪ੍ਰੇਮ ਆਪੇ ਚਾਓ, ਆਪੇ ਮਿਲ ਮਿਲ ਖ਼ੁਸ਼ੀ ਮਨਾਈਆ। ਆਪੇ ਵਸੇ ਹਰ ਘਟ ਥਾਉਂ, ਆਪੇ ਲੁਕ ਲੁਕ ਮੁਖ ਛੁਪਾਈਆ । ਆਪੇ ਨਗਰ ਖੇੜਾ ਵਸਾਏ ਗਰਾਉਂ, ਗ੍ਰਹਿ ਗ੍ਰਹਿ ਆਪਣਾ ਆਪ ਧਰਾਈਆ। ਆਪੇ ਪਕੜਣਹਾਰਾ ਬਾਹੋਂ, ਆਪੇ ਧੱਕਾ ਰਿਹਾ ਲਗਾਈਆ। ਆਪੇ ਪਿਤਾ ਆਪੇ ਮਾਉਂ, ਆਪੇ ਬਾਲਕ ਰੂਪ ਵਟਾਈਆ। ਆਪੇ ਕਰੇ ਸਚ ਨਿਆਉਂ, ਆਪੇ ਹੁਕਮੀ ਹੁਕਮ ਸੁਣਾਈਆ। ਆਪੇ ਵਸੇ ਥਲ ਅਸਗਾਹੋਂ, ਜਲ ਥਲ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਆਪੇ ਭਗਤ ਆਪੇ ਨਾਮ, ਆਪਣੀ ਕਰਨੀ ਆਪ ਕਰਾਇੰਦਾ। ਆਪੇ ਅੰਮ੍ਰਿਤ ਆਪੇ ਜਾਮ, ਭਰ ਪਿਆਲਾ ਆਪ ਪਿਆਇੰਦਾ। ਆਪ ਰਹੀਮ ਆਪ ਰਾਮ, ਆਪੇ ਰਮ ਰਮ ਖੇਲ ਖਿਲਾਇੰਦਾ। ਆਪੇ ਕਰਤਾ ਆਪੇ ਕਾਮ, ਆਪੇ ਭੁਗਤ ਵੇਸ ਵਟਾਇੰਦਾ। ਆਪੇ ਜੁਗਤਾ ਬਣ ਬਣ ਦਏ ਕਲਾਮ, ਆਪੇ ਨਿਉਂ ਨਿਉਂ ਸਲਾਮ ਬੁਲਾਇੰਦਾ। ਆਪੇ ਰਵ ਸਸ ਤੇਜ ਭਾਨ, ਆਪੇ ਨੂਰ ਨੁਰਾਨਾ ਡਗਮਗਾਇੰਦਾ। ਆਪੇ ਜ਼ਿਮੀ ਆਪ ਅਸਮਾਨ, ਖ਼ਾਕੀ ਖ਼ਾਕ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਧਰਾਇੰਦਾ। ਆਪੇ ਭਗਤ ਆਪੇ ਰੰਗ, ਰੰਗ ਰੰਗੀਲਾ ਆਪ ਅਖਵਾਈਆ। ਆਪੇ ਸੇਜ ਆਪ ਪਲੰਘ, ਆਪੇ ਜੁਗ ਜੁਗ ਰਿਹਾ ਹੰਢਾਈਆ। ਆਪੇ ਡੋਰ ਆਪ ਪਤੰਗ, ਆਪੇ ਗੁਡੀਆਂ ਰਿਹਾ ਚੜ੍ਹਾਈਆ। ਆਪੇ ਨਾਦ ਆਪ ਮਰਦੰਗ, ਸਚ ਮਰਦੰਗਾ ਆਪ ਸੁਣਾਈਆ। ਆਪਣੇ ਮੰਦਰ ਆਪੇ ਲੰਘ, ਹਰਿ ਆਪੇ ਵੇਖ ਵਖਾਈਆ। ਆਪੇ ਗੀਤ ਆਪੇ ਛੰਦ, ਆਪੇ ਗਾ ਗਾ ਖ਼ੁਸ਼ੀ ਮਨਾਈਆ। ਆਪੇ ਰਸ ਆਪ ਅਨੰਦ, ਮਹਾਂ ਅਨੰਦ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਦ੍ਰਿੜਾਈਆ । ਆਪੇ ਭਗਤ ਆਪ ਸਪੂਤ, ਆਪੇ ਆਪਣੀ ਖੇਲ ਕਰਾਇੰਦਾ। ਆਪੇ ਤਾਣਾ ਪੇਟਾ ਸੂਤ, ਆਪੇ ਆਪਣੀ ਬਣਤ ਬਣਾਇੰਦਾ। ਆਪੇ ਸੁਤ ਦੁਲਾਰਾ ਪੂਤ, ਆਪੇ ਦਾਈ ਦਾਇਆ ਸੇਵ ਕਮਾਇੰਦਾ। ਆਪੇ ਆਦਿ ਜੁਗਾਦਿ ਰਹੇ ਊਤ, ਬਿਨ ਭਗਤਾਂ ਕੰਮ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ। ਆਪੇ ਭਗਤ ਆਪੇ ਮਿੱਤ, ਮਿੱਤਰ ਪਿਆਰਾ ਆਪ ਅਖਵਾਈਆ। ਆਪੇ ਪ੍ਰੇਮ ਆਪੇ ਹਿੱਤ, ਨਿਤ ਨਵਿਤ ਆਪ ਵਖਾਈਆ। ਆਪੇ ਕਾਇਆ ਆਪੇ ਖੇਤ, ਆਪੇ ਅੰਮ੍ਰਿਤ ਮੇਘ ਬਰਸਾਈਆ। ਆਪੇ ਰੁੱਤ ਬਸੰਤੀ ਚੇਤ, ਆਪੇ ਖ਼ਿਜਾਂ ਰੂਪ ਵਟਾਈਆ। ਆਪੇ ਵਸੇ ਨੇਤਨ ਨੇਤ, ਦੂਰ ਦੁਰਾਡਾ ਆਪ ਹੋ ਜਾਈਆ। ਆਪੇ ਜਾਣੇ ਆਪਣਾ ਭੇਤ, ਭੇਵ ਹੋਰ ਨਾ ਕਿਸੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਪੇ ਭਗਤ ਆਪੇ ਕਾਰ, ਹਰਿ ਕਰਨੀ ਆਪ ਕਮਾਇੰਦਾ। ਜਗਤ ਜੁਗ ਸਚ ਵਿਹਾਰ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਹਰਖ਼ ਸੋਗ ਤੋਂ ਵਸੇ ਬਾਹਰ, ਚਿੰਤਾ ਦੁੱਖ ਨਾ ਕੋਇ ਵਖਾਇੰਦਾ। ਇਕੋ ਜੋਗ ਅਗੰਮ ਅਪਾਰ, ਅਲਖ ਨਿਰੰਜਣ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮਾਰਗ ਲਾਇੰਦਾ। ਭਗਤਾਂ ਦੇਵੇ ਇਕੋ ਜੋਗ, ਜੋਗੀ ਜੁਗਤ ਆਪ ਜਣਾਈਆ। ਜਨਮ ਜਨਮ ਦਾ ਕੱਟੇ ਰੋਗ, ਰੋਗੀਆਂ ਰੋਗ ਗਵਾਈਆ। ਮੇਲ ਮਿਲਾਏ ਧੁਰ ਸੰਜੋਗ, ਬਣ ਸੰਜੋਗੀ ਵੇਖ ਵਖਾਈਆ। ਨਾਮ ਨਿਧਾਨ ਚੁਗਾਏ ਚੋਗ, ਸੋਹੰ ਹੰਸਾ ਮੋਤੀ ਮੁਖ ਰਖਾਈਆ। ਨਾਮ ਨਿਧਾਨਾ ਅਗਾਧ ਬੋਧ, ਬੋਧ ਅਗਾਧ ਕਰੇ ਪੜ੍ਹਾਈਆ। ਕਰਮ ਕਾਂਡ ਪ੍ਰਭ ਆਪੇ ਸੋਧ, ਜਨ ਭਗਤਾਂ ਲਏ ਤਰਾਈਆ। ਕਲਜੁਗ ਅੰਤਮ ਪਹਿਲੀ ਕਰੇ ਮੋਹਤ, ਮੋਹ ਮਮਤਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਹਿਜ ਸੁਭਾਈਆ। ਆਪੇ ਭਗਤ ਆਪੇ ਦਾਸ, ਦਾਸੀ ਬਣ ਬਣ ਸੇਵ ਕਮਾਇੰਦਾ। ਆਪੇ ਵਸੇ ਸਦਾ ਪਾਸ, ਘਰ ਸਾਚੇ ਸੋਭਾ ਪਾਇੰਦਾ। ਆਪੇ ਪੁਰਖ ਆਪ ਅਬਿਨਾਸ਼, ਅਬਿਨਾਸ਼ੀ ਪਦ ਆਪ ਹੋ ਜਾਇੰਦਾ। ਆਪੇ ਮੰਡਲ ਆਪੇ ਰਾਸ, ਆਪੇ ਸੂਰਜ ਚੰਦ ਨਚਾਇੰਦਾ। ਆਪੇ ਗੁਣ ਆਪੇ ਤਾਸ, ਸਰਬ ਗੁਣਵੰਤਾ ਆਪਣਾ ਖੇਲ ਖਲਾਇੰਦਾ। ਆਦਿ ਜੁਗਾਦਿ ਨਾ ਹੋਏ ਨਿਰਾਸ, ਨਿਰਾਸਤਾ ਰੂਪ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਮਾਰਗ ਇਕ ਵਖਾਇੰਦਾ। ਆਪੇ ਜਗਤ ਆਪੇ ਰਾਹ, ਰਹਿਬਰ ਬਣ ਬਣ ਸੇਵ ਕਮਾਈਆ। ਜੁਗ ਚੌਕੜੀ ਮਿਲਣ ਦਾ ਰੱਖੇ ਚਾਅ, ਚਾਓ ਘਨੇਰਾ ਸੱਚੇ ਮਾਹੀਆ। ਨਿਰਗੁਣ ਸਰਗੁਣ ਬਣ ਮਲਾਹ, ਫੜ ਫੜ ਬੇੜਾ ਆਪ ਤਰਾਈਆ। ਕੋਟ ਜਨਮ ਦੇ ਬਖ਼ਸ਼ੇ ਗੁਨਾਹ, ਜਿਸ ਸਿਰ ਆਪਣਾ ਹੱਥ ਟਿਕਾਈਆ। ਦਰਗਹਿ ਸਾਚੀ ਦੇਵੇ ਪਨਾਹ, ਚਰਨ ਕਵਲ ਸ਼ਰਨਾਈਆ। ਕਰੇ ਕਰਾਏ ਸਚ ਨਿਆਂ, ਸਾਚੇ ਤਖਤ ਬੈਠ ਸੱਚਾ ਸ਼ਹਿਨਸ਼ਾਹੀਆ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਉਡਾਈਆ। ਨਿਥਾਵਿਆਂ ਦੇਵੇ ਥਾਂ, ਨਿਉਟਿਆਂ ਇਕੋ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਸਾਲਾਹੀਆ। ਆਪੇ ਭਗਤ ਆਪੇ ਗੁਣ, ਗੁਣਵੰਤਾ ਆਪ ਅਖਵਾਈਆ। ਜੁਗ ਜੁਗ ਪੁਕਾਰ ਰਿਹਾ ਸੁਣ, ਜੁਗ ਕਰਤਾ ਸੱਚਾ ਮਾਹੀਆ। ਲੱਖ ਚੁਰਾਸੀ ਛਾਣ ਪੁਣ, ਨੌਂ ਸਤ ਨੌਂ ਸਤ ਵੇਖੇ ਥਾਉਂ ਥਾਈਂਆ। ਜਨ ਭਗਤਾਂ ਦੇਵੇ ਨਾਦ ਧੁਨ, ਧੁਨ ਆਤਮਕ ਇਕ ਸੁਣਾਈਆ। ਲੇਖਾ ਜਾਣੇ ਕੁਲੋ ਕੁਲ, ਬੇਅੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਮਾਣ ਵਡਿਆਈਆ। ਆਪੇ ਭਗਤ ਆਪੇ ਦੁਆਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਆਪੇ ਜੋਤ ਨੂਰ ਨਿਰਾਕਾਰ, ਆਪੇ ਪੰਜ ਤੱਤ ਡੇਰਾ ਲਾਈਆ। ਆਪੇ ਨਾਮ ਸ਼ਬਦ ਖ਼ੁਮਾਰ, ਆਪੇ ਅੰਮ੍ਰਿਤ ਧਾਰ ਵਹਾਈਆ। ਆਪੇ ਸਾਂਤਕ ਸਤਿ ਠੰਡਾ ਠਾਰ, ਆਪੇ ਅਗਨ ਰੂਪ ਵਟਾਈਆ। ਆਪੇ ਜੁਗ ਜੁਗ ਲੈ ਅਵਤਾਰ, ਨਿਰਗੁਣ ਆਪਣਾ ਵੇਸ ਵਟਾਈਆ। ਆਪੇ ਲੱਖ ਚੁਰਸੀ ਕਰੇ ਖ਼ਬਰਦਾਰ, ਬਣ ਬਣ ਸੇਵਕ ਸੇਵ ਕਮਾਈਆ। ਆਪੇ ਭਗਤਾਂ ਕਰੇ ਸਚ ਪਿਆਰ, ਭਗਵਨ ਆਪਣੀ ਦਇਆ ਕਮਾਈਆ। ਹਰਿਜਨ ਮੇਲਾ ਏਕਾ ਵਾਰ, ਮਿਲਿਆ ਮੇਲ ਵਿਛੜ ਨਾ ਜਾਈਆ। ਗੁਰ ਚੇਲੇ ਸੋਹਣ ਬੰਕ ਦੁਆਰ, ਦਰ ਦਰ ਖ਼ੁਸ਼ੀ ਮਨਾਈਆ। ਕਰੇ ਪਰਕਾਸ਼ ਜੋਤ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਵੇਖੇ ਥਾਉਂ ਥਾਈਂਆ। ਆਪੇ ਭਗਤ ਆਪੇ ਰੂਪ, ਆਪੇ ਰਾਗ ਰੰਗ ਅਲਾਈਆ। ਆਪੇ ਨਿਰਗੁਣ ਸਤਿ ਸਰੂਪ, ਆਪੇ ਸਰਗੁਣ ਰੂਪ ਵਟਾਈਆ। ਆਪੇ ਹਵਣ ਆਪੇ ਧੂਪ, ਆਪੇ ਸੁਗੰਧੀ ਰਿਹਾ ਸਮਾਈਆ। ਆਪੇ ਵਸੇ ਚਾਰੇ ਕੂਟ, ਦਹਿ ਦਿਸ਼ਾ ਆਪੇ ਫੇਰਾ ਪਾਈਆ। ਆਪੇ ਜੂਠ ਆਪੇ ਝੂਠ, ਆਪੇ ਸਚ ਸੁੱਚ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਪੇ ਭਗਤ ਆਪੇ ਸੁਖ, ਸੁਖ ਸਾਗਰ ਆਪ ਅਖਵਾਇੰਦਾ। ਆਪੇ ਮਾਨਸ ਆਪ ਮਨੁੱਖ, ਮਾਨਵ ਆਪਣੀ ਖੇਲ ਕਰਾਇੰਦਾ। ਆਪੇ ਦਸ ਦਸ ਮਾਸ ਬਹਿ ਲੁੱਕ, ਆਪਣਾ ਪਰਦਾ ਆਪੇ ਪਾਇੰਦਾ। ਆਪੇ ਨਿਰਗੁਣ ਸਰਗੁਣ ਹੋ ਕੇ ਪਏ ਉਠ, ਆਪਣਾ ਬਲ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਮਾਇੰਦਾ। ਆਪੇ ਭਗਤ ਆਪੇ ਧਰਮ, ਧਰਨੀ ਧਵਲ ਧਰਤ ਵਡਿਆਈਆ। ਆਪੇ ਕਰਮ ਆਪੇ ਕੁਕਰਮ, ਨਿਹਕਰਮੀ ਆਪ ਹੋ ਜਾਈਆ। ਆਪੇ ਲੱਜਿਆ ਆਪੇ ਸ਼ਰਮ, ਹਯਾ ਆਪਣੇ ਅੰਗ ਵਖਾਈਆ। ਆਪੇ ਭੈ ਆਪੇ ਭੇਵ ਆਪੇ ਭਰਮ, ਆਪੇ ਭਿਆਨਕ ਰੂਪ ਵਟਾਈਆ। ਆਪੇ ਜੀਵਨ ਆਪੇ ਮਰਨ, ਆਪੇ ਮਰ ਮਰ ਜੀਵ ਪ੍ਰਗਟਾਈਆ। ਆਪੇ ਕਰਨੀ ਆਪੇ ਕਰਨ, ਕਰਤਾ ਪੁਰਖ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਈਆ। ਆਪੇ ਭਗਤ ਆਪੇ ਨੇਮ, ਆਪੇ ਸਾਚੀ ਕਾਰ ਕਮਾਇੰਦਾ। ਆਪੇ ਅਗਨੀ ਆਪੇ ਹੇਮ, ਆਪੇ ਖੰਡ ਬਹਿ ਬਹਿ ਧਿਆਨ ਲਗਾਇੰਦਾ। ਆਪੇ ਬਾਨਰ ਆਪੇ ਬੇਨ, ਆਪੇ ਬਹਿ ਬਹਿ ਖ਼ੁਸ਼ੀ ਮਨਾਇੰਦਾ। ਆਪੇ ਸਾਗਰ ਆਪੇ ਸੈਨ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਆਪੇ ਭਗਤ ਆਪੇ ਦਾਤ, ਦਰ ਸਾਚੇ ਆਪ ਵਰਤਾਈਆ। ਆਪੇ ਮਜ਼੍ਹਬ ਆਪੇ ਜ਼ਾਤ, ਆਪੇ ਸ਼ਰਅ ਵੰਡ ਵੰਡਾਈਆ। ਆਪੇ ਖੰਡਾਂ ਬ੍ਰਹਿਮੰਡਾਂ ਵਸੇ ਕਾਇਨਾਤ, ਆਪੇ ਲੋਕ ਪ੍ਰਲੋਕ ਰਿਹਾ ਸਮਾਈਆ। ਆਪੇ ਘਟ ਘਟ ਵੇਖੇ ਮਾਰ ਝਾਤ, ਆਪੇ ਰੂਪ ਰੰਗ ਨਾ ਕੋਈ ਵਖਾਈਆ। ਆਪੇ ਖੇਲ ਕਰੇ ਬਹੁ ਬਿਧ ਭਾਂਤ, ਆਪੇ ਜੁਗ ਜੁਗ ਵੇਸ ਵਟਾਈਆ। ਆਪੇ ਬੈਠਾ ਰਹੇ ਇਕ ਇਕਾਂਤ, ਸਚ ਮਹੱਲੇ ਸੋਭਾ ਪਾਈਆ। ਆਪੇ ਭਗਤਾਂ ਪੁੱਛੇ ਵਾਤ, ਨਿਰਗੁਣ ਸਰਗੁਣ ਹੋਏ ਸਹਾਈਆ। ਆਪੇ ਜਾਣੇ ਪੂਜਾ ਪਾਠ, ਆਪੇ ਪੜ੍ਹ ਪੜ੍ਹ ਕਰੇ ਪੜ੍ਹਾਈਆ। ਆਪੇ ਤੀਰਥ ਆਪੇ ਤਾਟ, ਸਰ ਸਰੋਵਰ ਆਪ ਅਖਵਾਈਆ। ਆਪੇ ਪਾਰ ਕਿਨਾਰਾ ਘਾਟ, ਆਪੇ ਪੱਤਣ ਸੱਚਾ ਮਾਹੀਆ। ਜਨ ਭਗਤਾਂ ਮੁੱਕੇ ਵਾਟ, ਆਪਣਾ ਪੰਧ ਮੁਕਾਈਆ। ਸ਼ਬਦ ਵਿਛੌਣਾ ਸਾਚੀ ਖਾਟ, ਪੁਰਖ ਅਬਿਨਾਸ਼ੀ ਸੇਜ ਵਛਾਈਆ। ਦੀਪਕ ਜਗੇ ਇਕ ਲਲਾਟ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਪੇ ਭਗਤ ਆਪੇ ਰਸ, ਅਨਰਸ ਆਪਣੀ ਖੇਲ ਕਰਾਇੰਦਾ। ਆਪੇ ਪੂਰੀ ਕਰੇ ਆਸ, ਆਸਾ ਨਿਰਾਸਾ ਹੋ ਹੋ ਮੁਖ ਛੁਪਾਇੰਦਾ। ਆਪੇ ਪਵਣ ਆਪ ਸਵਾਸ, ਆਪੇ ਅੰਤਰ ਆਤਮ ਬੂਝ ਬੁਝਾਇੰਦਾ। ਆਪੇ ਸ਼ਾਹੋ ਆਪ ਸ਼ਾਬਾਸ਼, ਆਪੇ ਸਹਿ ਸਹਿ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਧਰਾਇੰਦਾ। ਆਪਣਾ ਬਲ ਹਰਿ ਜੂ ਧਰ, ਲੋਕਮਾਤ ਵਡਿਆਈਆ । ਜੁਗ ਚੌਕੜੀ ਜਾਏ ਹਰ, ਲੋਕਮਾਤ ਰਹਿਣ ਨਾ ਪਾਈਆ। ਗੁਰ ਅਵਤਾਰ ਸੇਵਾ ਕਰ, ਅੰਤਮ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਲਾਇਆ, ਆਦਿ ਅਨਾਦੀ ਧਾਰ। ਜੁਗ ਚੌਕੜੀ ਵੇਖ ਵਖਾਇਆ, ਕੋਟਨ ਕੋਟ ਜੁਗ ਬੀਤੇ ਵਿਚ ਸੰਸਾਰ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਾਇਆ, ਸ਼ਿਵ ਸ਼ੰਕਰ ਕਰੇ ਪਿਆਰ। ਲੱਖ ਚੁਰਾਸੀ ਬੰਧਨ ਪਾਇਆ, ਆਤਮ ਪਰਮਾਤਮ ਖੇਲ ਅਪਾਰ। ਗੁਰ ਅਵਤਾਰ ਕਾਇਆ ਚੋਲਾ ਸਰਬ ਹੰਢਾਇਆ, ਆਵਣ ਜਾਵਣ ਵਾਰੋ ਵਾਰ। ਧੁਰ ਫ਼ਰਮਾਣਾ ਢੋਲਾ ਇਕੋ ਗਾਇਆ, ਨਾਦ ਧੁਨ ਜੈਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਕਰੇ ਖੇਲ ਅਪਾਰ। ਜੁਗ ਜੁਗ ਕਰੇ ਖੇਲ ਅਪਰ ਅਪਾਰਾ, ਅਪਰੰਪਰ ਆਪ ਕਰਾਈਆ। ਨਿਰਗੁਣ ਸਰਗੁਣ ਲੈ ਅਵਤਾਰਾ, ਜੋਤੀ ਜੋਤ ਕਰੇ ਰੁਸ਼ਨਾਈਆ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਿਨਾਰਾ, ਅੰਤ ਨਜ਼ਰ ਕੋਈ ਨਾ ਆਈਆ। ਕਲਜੁਗ ਵਰਤੇ ਵਿਚ ਸੰਸਾਰਾ, ਚਾਰ ਕੁੰਟ ਲਏ ਅੰਗੜਾਈਆ। ਧੂਆਂਧਾਰ ਹੋਏ ਅੰਧਿਆਰਾ, ਅੰਧ ਅੰਧੇਰ ਨਾ ਕੋਈ ਮਿਟਾਈਆ। ਜੀਵ ਜੰਤ ਰੋਵੇ ਜ਼ਾਰੋ ਜ਼ਾਰਾ, ਗਿਰਿਆਜ਼ਾਰ ਸੁਣਾਈਆ। ਚਾਰੋਂ ਤਰਫ ਆਏ ਹਾਰਾ, ਜਿਤ ਰੂਪ ਨਾ ਕੋਈ ਵਟਾਈਆ । ਹਰਿ ਕਾ ਮਿਲੇ ਨਾ ਨਾਮ ਅਧਾਰਾ, ਹਰਿ ਕੀ ਪੌੜੀ ਨਾ ਕੋਈ ਚੜ੍ਹਾਈਆ। ਫੜ ਫੜ ਧੱਕੇ ਜੀਵ ਗਵਾਰਾ, ਪੜ੍ਹ ਪੜ੍ਹ ਲਿਖਤ ਨਾ ਕੋਈ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ। ਸਾਚਾ ਖੇਲ ਸ੍ਰੀ ਭਗਵਾਨ, ਆਪਣਾ ਆਪ ਕਰਾਇੰਦਾ। ਲੱਖ ਚੁਰਾਸੀ ਮਾਰ ਧਿਆਨ, ਜੀਵ ਜੰਤ ਵੇਖ ਵਖਾਇੰਦਾ। ਗੁਰਮੁਖ ਵਿਰਲਾ ਚਤੁਰ ਸੁਜਾਨ, ਪੂਰਬ ਜਨਮ ਸੰਗ ਨਿਭਾਇੰਦਾ। ਅੱਠੇ ਪਹਿਰ ਕਰੇ ਧਿਆਨ, ਪ੍ਰਭ ਦਰਸ਼ਨ ਰਾਹ ਤਕਾਇੰਦਾ। ਕਵਣ ਮੇਲ ਮਿਲਾਏ ਆਣ, ਜਗਤ ਵਿਛੋੜਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਇੰਦਾ।