Granth 11 Likhat 019: 20 Maghar 2018 Bikarmi Ravel Kaur Swaran Kaur Babupur de Navit Jethuwal

੨੦ ਮੱਘਰ ੨੦੧੮ ਬਿਕਰਮੀ ਰਵੇਲ ਕੌਰ ਸਵਰਨ ਕੌਰ ਬਾਬੂਪੁਰ ਦੇ ਨਵਿਤ ਜੇਠੂਵਾਲ

ਸਚਖੰਡ ਖੇਲ ਅਗੰਮ ਅਪਾਰ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਥਿਰ ਘਰ ਨਾਦ ਸ਼ਬਦ ਧੁਨਕਾਰ, ਅਲਖ ਅਗੰਮੜਾ ਆਪ ਪਰਗਟਾਈਆ। ਸੋ ਪੁਰਖ ਨਿਰੰਜਣ ਬੈਠ ਸਚ ਸੱਚੇ ਦਰਬਾਰ, ਦਰਗਹਿ ਸਾਚੀ ਆਸਣ ਲਾਈਆ। ਹਰਿ ਪੁਰਖ ਨਿਰੰਜਣ ਆਪ ਆਪਣਾ ਬਲ ਧਾਰ, ਬਲਿਹਾਰੀ ਆਪ ਅਖਵਾਈਆ। ਏਕੰਕਾਰ ਨਿਰਾਕਾਰ ਨਿਰਗੁਣ ਦਾਤਾ ਵਡ ਵਡਿਆਈਆ। ਆਦਿ ਨਿਰੰਜਣ ਨੂਰ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਅਬਿਨਾਸ਼ੀ ਕਰਤਾ ਪਾਵੇ ਸਾਰ, ਆਪਣਾ ਭੇਵ ਆਪ ਜਣਾਈਆ। ਸ੍ਰੀ ਭਗਵਾਨ ਹੋ ਤਿਆਰ, ਸਚ ਨਿਸ਼ਾਨਾ ਲਏ ਝੁਲਾਈਆ। ਪਾਰਬ੍ਰਹਮ ਬਣ ਮੀਤ ਮੁਰਾਰ, ਦਰ ਘਰ ਸਾਚਾ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਚਖੰਡ ਹਰਿ ਨਿਰੰਕਾਰ, ਏਕਾ ਆਸਣ ਲਾਇੰਦਾ। ਥਿਰ ਘਰ ਖੇਲ ਅਪਰ ਅਪਾਰ, ਅਨਾਦੀ ਨਾਦ ਨਾਦ ਵਜਾਇੰਦਾ। ਕਰਤਾ ਪੁਰਖ ਕਰਨੇਹਾਰ, ਸਾਚੀ ਕਰਨੀ ਆਪ ਕਮਾਇੰਦਾ। ਨਿਰਗੁਣ ਨਿਰਗੁਣ ਕਰ ਪਿਆਰ, ਨਿਰਗੁਣ ਮੇਲਾ ਮੇਲ ਮਿਲਾਇੰਦਾ। ਨਾਰੀ ਕੰਤ ਖੇਲ ਅਪਾਰ, ਬੇਅੰਤ ਆਪ ਵਖਾਇੰਦਾ। ਆਦਿ ਅੰਤ ਵਸਣਹਾਰਾ ਠਾਂਡੇ ਦਰਬਾਰ, ਜੁਗਾ ਜੁਗੰਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਇਕੋ ਹਰਿ, ਆਪਣੀ ਧਾਰਾ ਆਪ ਚਲਾਇੰਦਾ। ਆਦਿ ਪੁਰਖ ਏਕੰਕਾਰਾ, ਅਕਲ ਕਲਾ ਅਖਵਾਈਆ। ਆਪ ਆਪਣਾ ਕਰ ਪਸਾਰਾ, ਅਨੁਭਵ ਪ੍ਰਕਾਸ਼ ਪਰਗਟਾਈਆ। ਵੇਖੇ ਵਿਗਸੇ ਵੇਖਣਹਾਰਾ, ਮਹੱਲ ਅਟੱਲ ਸੋਭਾ ਪਾਈਆ। ਸ਼ਾਹੋ ਭੂਪ ਬਣ ਸਿਕਦਾਰਾ, ਸ਼ਾਹ ਸੁਲਤਾਨ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਆਦਿ ਪੁਰਖ ਹਰਿ ਭੇਵ ਅਵੱਲਾ, ਏਕਾ ਰੰਗ ਸਮਾਇੰਦਾ। ਵਸਣਹਾਰਾ ਸਚ ਮਹੱਲਾ, ਸਚਖੰਡ ਸਾਚੇ ਸੋਭਾ ਪਾਇੰਦਾ। ਆਦਿ ਜੁਗਾਦਿ ਅਛਲ ਅਛੱਲਾ, ਵਲ ਛਲ ਆਪਣੀ ਖੇਲ ਕਰਾਇੰਦਾ। ਜੋਤੀ ਸ਼ਬਦੀ ਆਪੇ ਰੱਲਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਆਪਣੇ ਦੀਪਕ ਆਪੇ ਬਲਾ, ਤੇਲ ਬਾਤੀ ਨਾ ਕੋਇ ਪਾਇੰਦਾ। ਆਪਣਾ ਸੰਦੇਸ਼ ਆਪੇ ਘੱਲਾ, ਆਪੇ ਸੁਣ ਸੁਣ ਖ਼ੁਸ਼ੀ ਮਨਾਇੰਦਾ। ਆਪਣਾ ਫੜਿਆ ਆਪੇ ਪੱਲਾ, ਮਿਲ ਮਿਲ ਆਪਣਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕੋ ਹਰਿ, ਆਪਣਾ ਰੂਪ ਆਪ ਪਰਗਟਾਇੰਦਾ। ਆਪਣਾ ਰੂਪ ਹਰਿ ਕਰਤਾਰ, ਇਕ ਇਕੱਲਾ ਆਪ ਪਰਗਟਾਈਆ। ਦਰ ਘਰ ਸਾਚੇ ਹੋ ਤਿਆਰ, ਦਰ ਦੁਆਰਾ ਆਪ ਸੁਹਾਈਆ। ਆਪਣਾ ਬਲ ਆਪੇ ਧਾਰ, ਆਪਣਾ ਜੋਬਨ ਆਪ ਹੰਢਾਈਆ। ਆਪਣੇ ਰੰਗ ਰਵੇ ਨਿਰੰਕਾਰ, ਨੂਰ ਨੁਰਾਨਾ ਸੱਚਾ ਸ਼ਹਿਨਸ਼ਾਹੀਆ। ਮਾਤ ਪਿਤ ਨਾ ਕੋਇ ਅਧਾਰ, ਬਾਲਕ ਗੋਦ ਨਾ ਕੋਇ ਸੁਹਾਈਆ। ਜੋਤੀ ਜੋਤ ਜੋਤ ਉਜਿਆਰ, ਅਜੂਨੀ ਰਹਿਤ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਕਰੇ ਖੇਲ ਬੇਪਰਵਾਹੀਆ। ਖੇਲ ਕਰੇ ਬੇਪਰਵਾਹ, ਆਪਣਾ ਰੰਗ ਵਖਾਇੰਦਾ। ਦਰਗਹਿ ਸਾਚੀ ਬਣ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਸਚ ਨਿਸ਼ਾਨਾ ਹੱਥ ਉਠਾ, ਸ੍ਰੀ ਭਗਵਾਨ ਆਪ ਝੁਲਾਇੰਦਾ। ਧੁਰ ਫ਼ਰਮਾਣਾ ਹੁਕਮ ਸੁਣਾ, ਕਰਤਾ ਪੁਰਖ ਕਾਰ ਕਮਾਇੰਦਾ। ਸ਼ਾਹੋ ਭੂਪ ਬਣ ਸ਼ਹਿਨਸ਼ਾਹ, ਸਾਚੇ ਤਖ਼ਤ ਸੋਭਾ ਪਾਇੰਦਾ। ਦਰ ਦਰਵੇਸ਼ ਸੀਸ ਝੁਕਾ, ਆਪ ਆਪਣੀ ਅਲਖ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸਾ ਖੇਲ ਤਮਾਸ਼ਾ ਪੁਰਖ ਅਬਿਨਾਸ਼ਾ, ਆਪਣਾ ਆਪ ਕਰਾਇੰਦਾ। ਸਾਚਾ ਖੇਲ ਪੁਰਖ ਅਗੰਮ, ਅਗੰਮੜੀ ਕਾਰ ਕਰਾਈਆ। ਆਪਣੀ ਕੁੱਖੋਂ ਆਪੇ ਜੰਮ, ਆਪ ਆਪਣੀ ਗੋਦ ਸੁਹਾਈਆ। ਪਵਣ ਸੁਵਾਸ ਨਾ ਕੋਇ ਦਮ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਹਰਖ ਸੋਗ ਨਾ ਕੋਈ ਗਮ, ਚਿੰਤਾ ਰੋਗ ਨਾ ਕੋਇ ਸਤਾਈਆ। ਆਪੇ ਘੜੇ ਆਪੇ ਲਏ ਭੰਨ, ਘੜਨ ਭੰਨਣਹਾਰ ਵਡ ਵਡਿਆਈਆ। ਪੰਜ ਤੱਤ ਨਾ ਕਾਇਆ ਤਨ, ਤ੍ਰੈਗੁਣ ਤੱਤ ਨਾ ਕੋਇ ਵਖਾਈਆ। ਨਾ ਕੋਈ ਸੂਰਜ ਨਾ ਕੋਈ ਚੰਨ, ਮੰਡਲ ਮੰਡਪ ਨਾ ਕੋਇ ਰੁਸ਼ਨਾਈਆ। ਇਸ਼ਟ ਦੇਵ ਨਾ ਕੋਇ ਰਿਹਾ ਮੰਨ, ਨਿਉਂ ਨਿਉਂ ਸੀਸ ਨਾ ਰਿਹਾ ਝੁਕਾਈਆ। ਨਾ ਕੋਈ ਜਨਣੀ ਨਾ ਕੋਇ ਜਨ, ਦਾਈ ਦਾਇਆ ਨਾ ਕੋਇ ਅਖਵਾਈਆ। ਕਰੇ ਖੇਲ ਸ੍ਰੀ ਭਗਵਨ, ਆਪ ਆਪਣਾ ਸ਼ਬਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਘਰ ਸਾਚੇ ਸੋਭਾ ਪਾਈਆ। ਸਾਚੇ ਘਰ ਸੋਭਾਵੰਤ, ਸੋ ਪੁਰਖ ਨਿਰੰਜਣ ਆਸਣ ਲਾਇੰਦਾ। ਆਦਿ ਜੁਗਾਦਿ ਮਹਿਮਾ ਅਗਣਤ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਆਪੇ ਜਾਣੇ ਆਪਣੀ ਬਣਤ, ਘੜਨ ਭੰਨਣਹਾਰ ਆਪ ਅਖਵਾਇੰਦਾ। ਕਰੇ ਖੇਲ ਆਦਿ ਅੰਤ, ਮਧ ਆਪਣੀ ਧਾਰ ਚਲਾਇੰਦਾ। ਆਪੇ ਨਾਮ ਆਪੇ ਮੰਤ, ਆਪੇ ਨਿਸ਼ਅੱਖਰ ਜਾਪ ਜਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਇੰਦਾ। ਆਪਣੀ ਰਚਨਾ ਰਚ ਕਰਤਾਰ, ਘਰ ਸਾਚੇ ਖ਼ੁਸ਼ੀ ਮਨਾਈਆ। ਨਿਰਗੁਣ ਨਿਰਗੁਣ ਕਰੇ ਪਿਆਰ, ਬੇਅੰਤ ਵਡੀ ਵਡਿਆਈਆ। ਨਾਰੀ ਕੰਤ ਬਣ ਭਤਾਰ, ਕੰਤ ਕੰਤੂਹਲ ਸੇਜ ਸੁਹਾਈਆ। ਰੰਗ ਰਲੀਆਂ ਮਾਣੇ ਅਗੰਮ ਅਪਾਰ, ਦਿਸ ਕਿਸੇ ਨਾ ਆਈਆ। ਕਰਤਾ ਪੁਰਖ ਕਰੇ ਸਾਚੀ ਕਾਰ, ਕਰਨੀ ਕਿਰਤ ਆਪ ਕਮਾਈਆ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਰ ਰੂਪ ਸਮਾਈਆ। ਜਨਣੀ ਜਨ ਬਣ ਨਿਰੰਕਾਰ, ਸੁਤ ਦੁਲਾਰਾ ਇਕ ਵਖਾਈਆ। ਸ਼ਬਦੀ ਨਾਉਂ ਧਰ ਅਪਾਰ, ਸਚਖੰਡ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਚਖੰਡ ਦੁਆਰੇ ਜਣਿਆ ਸੁਤ, ਹਰਿ ਸ਼ਬਦੀ ਨਾਉਂ ਰਖਾਇੰਦਾ। ਕਰੇ ਖੇਲ ਅਬਿਨਾਸ਼ੀ ਅਚੁਤ, ਭੇਵ ਕੋਇ ਨਾ ਪਾਇੰਦਾ। ਆਪਣੀ ਗੋਦ ਲਿਆ ਚੁੱਕ, ਤਖ਼ਤ ਨਿਵਾਸੀ ਗੋਦ ਸੁਹਾਇੰਦਾ। ਆਦਿ ਜੁਗਾਦਿ ਰੱਖੇ ਇਕੋ ਓਟ, ਦੂਜੀ ਆਸ ਨਾ ਕੋਇ ਜਣਾਇੰਦਾ। ਕਰ ਕਿਰਪਾ ਭਰੀ ਪੋਟ, ਤ੍ਰਿਸ਼ਨਾ ਭੁੱਖ ਨਾ ਕੋਇ ਵਧਾਇੰਦਾ। ਰੂਪ ਵਖਾਏ ਨਿਰਮਲ ਜੋਤ, ਨੂਰ ਨੁਰਾਨਾ ਡਗਮਗਾਇੰਦਾ। ਧੁਨ ਅਨਾਦੀ ਏਕਾ ਚੋਟ, ਅਨਹਦ ਤਾਰ ਹਿਲਾਇੰਦਾ। ਥਿਰ ਘਰ ਸਾਚਾ ਕਿਲਾ ਕੋਟ, ਸਾਚੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਚਖੰਡ ਦੁਆਰੇ ਵੰਡੀ ਵੰਡ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਕਰੇ ਖੇਲ ਵਿਚ ਬ੍ਰਹਿਮੰਡ, ਬ੍ਰਹਿਮਾਂਡ ਕਰੇ ਕੁੜਮਾਈਆ। ਥਿਰ ਘਰ ਵਾਸੀ ਸ਼ਬਦੀ ਅਨੰਦ, ਅਨੰਦ ਮੰਗਲ ਏਕਾ ਪਾਈਆ। ਰਸਨ ਵਖਾਏ ਪਰਮਾਨੰਦ, ਪਰਮ ਪੁਰਖ ਬੇਪਰਵਾਹੀਆ। ਗੀਤ ਸੁਹਾਗੀ ਢੋਲਾ ਗਾਏ ਛੰਦ, ਨਾਉਂ ਨਿਰੰਕਾਰਾ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚਾ ਆਪ ਸੁਹਾਈਆ। ਥਿਰ ਘਰ ਸਾਚਾ ਲੱਗਾ ਭਾਗ, ਸੋ ਪੁਰਖ ਨਿਰੰਜਣ ਆਪ ਲਗਾਇਆ। ਨਿਰਮਲ ਜੋਤ ਜਗੇ ਚਿਰਾਗ, ਤੇਲ ਬਾਤੀ ਨਾ ਕੋਇ ਰਖਾਇਆ। ਸੁਤ ਦੁਲਾਰਾ ਗਿਆ ਜਾਗ, ਪਾਰਬ੍ਰਹਮ ਉਠਾਇਆ। ਇਕ ਉਪਜਾਇਆ ਆਪਣਾ ਵੈਰਾਗ, ਵੈਰਾਗੀ ਰੂਪ ਆਪ ਵਟਾਇਆ। ਏਕਾ ਬੱਧਾ ਸਾਚਾ ਤਾਗ, ਨਾ ਕੋਈ ਤੋੜੇ ਤੋੜ ਤੁੜਾਇਆ। ਇਕ ਵਖਾਇਆ ਸਚ ਜਹਾਜ਼, ਸ੍ਰੀ ਭਗਵਾਨ ਆਪ ਚਲਾਇਆ। ਇਕ ਜਣਾਇਆ ਸਾਚਾ ਰਾਜ, ਥਿਰ ਘਰ ਸਾਚੇ ਸੋਭਾ ਪਾਇਆ। ਇਕ ਇਕੱਲਾ ਪੂਰਾ ਕਰੇ ਕਾਜ, ਸਿਰ ਆਪਣਾ ਹੱਥ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਵੇਖ ਵਖਾਇਆ। ਸ਼ਬਦ ਸੁਤ ਉਠਿਆ ਸੂਰਾ, ਹਰਿ ਸਾਚੇ ਆਪ ਉਠਾਇਆ। ਆਪ ਬਣਾਇਆ ਸਰਬ ਕਲ ਭਰਪੂਰਾ, ਸਿਰ ਆਪਣਾ ਹੱਥ ਟਿਕਾਇਆ। ਏਕਾ ਬਖ਼ਸ਼ੇ ਸਾਚੀ ਤੂਰਾ, ਤੁਰੀਆ ਰਾਗ ਅਲਾਇਆ। ਏਕਾ ਜੋਤ ਸਾਚਾ ਨੂਰਾ, ਨੂਰੋ ਨੂਰ ਡਗਮਗਾਇਆ। ਏਕਾ ਬਚਨ ਕਰੇ ਪੂਰਾ, ਕੀਤਾ ਕੌਲ ਪੂਰ ਕਰਾਇਆ। ਏਕਾ ਵਸੇ ਹਾਜ਼ਰ ਹਜ਼ੂਰਾ, ਹਰਿ ਹਰਿ ਆਪਣਾ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਰਿਹਾ ਸਮਝਾਇਆ। ਆਦਿ ਪੁਰਖ ਰਿਹਾ ਸਮਝਾ, ਸੁਣ ਸ਼ਬਦ ਸੁਤ ਬਾਲ ਨਾਦਾਨ। ਸਚਖੰਡ ਬੈਠਾ ਬੇਪਰਵਾਹ, ਕਰੇ ਖੇਲ ਮਹਾਨ। ਥਿਰ ਘਰ ਤੇਰਾ ਦਏ ਵਸਾ, ਕਿਰਪਾ ਕਰ ਆਪ ਮਿਹਰਵਾਨ। ਏਕਾ ਹੁਕਮ ਦਏ ਜਣਾ, ਸੁਣਾਏ ਧੁਰ ਫ਼ਰਮਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਸ੍ਰੀ ਭਗਵਾਨ ਜਣਾਇਆ ਏਕਾ ਨਾਮ ਅਡੋਲ, ਸੁਤ ਦੁਲਾਰਾ ਮਾਰਗ ਪਾਇਆ। ਆਪਣਾ ਪਰਦਾ ਖੋਲ੍ਹ, ਸਾਚਾ ਰਾਹ ਜਣਾਇਆ। ਆਦਿ ਜੁਗਾਦੀ ਇਕ ਅਤੋਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਨਮੋਲ। ਅਨਮੋਲ ਖੇਲ ਹਰਿ ਅਵੱਲਾ, ਅਵਲ ਆਪ ਕਰਾਈਆ। ਇਕ ਫੜਾਇਆ ਆਪਣਾ ਪੱਲਾ, ਸਾਚਾ ਸੰਗ ਨਿਭਾਈਆ। ਸਚ ਸੰਦੇਸ਼ ਇਕੋ ਘੱਲਾ, ਏਕਾ ਵਾਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਆਪਣਾ ਭੇਵ ਖੋਲ੍ਹ ਨਿਰੰਕਾਰ, ਸ਼ਬਦੀ ਸੁਤ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤੇਰੀ ਸਾਚੀ ਸੇਵ ਲਗਾਇੰਦਾ। ਬ੍ਰਹਿਮੰਡ ਖੰਡ ਕਰ ਪਸਾਰ, ਤੇਰਾ ਘਰ ਵਸਾਇੰਦਾ। ਰਵ ਸਸ ਕਰ ਉਜਿਆਰ, ਮੰਡਲ ਮੰਡਪ ਨਾਲ ਰਲਾਇੰਦਾ। ਗਗਨ ਗਗਨੰਤਰ ਖੇਲ ਅਪਾਰ, ਤੇਰੀ ਚਰਨਾਂ ਧੂੜ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਧੁਰ ਫ਼ਰਮਾਣਾ ਰਿਹਾ ਦੱਸ, ਹਰਿ ਜੂ ਆਪਣੀ ਦਇਆ ਕਮਾਈਆ। ਥਿਰ ਘਰ ਤੇਰੇ ਜਾਵਾਂ ਵਸ, ਤੇਰੇ ਨਾਉਂ ਦਿਆਂ ਵਡਿਆਈਆ। ਨਿਰਗੁਣ ਜੋਤ ਕਰ ਪਰਕਾਸ਼, ਏਕਾ ਨੂਰ ਕਰੇ ਰੁਸ਼ਨਾਈਆ। ਵੇਖਾਂ ਤੇਰਾ ਖੇਲ ਤਮਾਸ਼, ਸਾਚੀ ਖੇਲ ਆਪ ਕਰਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖਾਂ ਤੇਰੀ ਰਾਸ, ਸਵਾਂਗੀ ਸਾਚਾ ਸਾਂਗ ਵਰਤਾਈਆ। ਲੇਖਾ ਜਾਣਾ ਪ੍ਰਿਥਮੀ ਅਕਾਸ਼, ਤੇਰਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਰਿਹਾ ਸਮਝਾਈਆ। ਏਕਾ ਗੁਣ ਸ੍ਰੀ ਭਗਵਾਨ, ਆਪਣਾ ਆਪ ਜਣਾਇੰਦਾ। ਆਦਿ ਪੁਰਖ ਵਡ ਮਿਹਰਵਾਨ, ਆਪਣੀ ਦਇਆ ਆਪ ਕਮਾਇੰਦਾ। ਸੁਤ ਸ਼ਬਦ ਉਠ ਬਲਵਾਨ, ਪ੍ਰਭ ਸਾਚੀ ਸੇਵਾ ਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਵਾਨ, ਤੇਰੀ ਝੋਲੀ ਪਾਇੰਦਾ। ਤ੍ਰੈਗੁਣ ਮਾਇਆ ਦੇਵਾਂ ਦਾਨ, ਏਕਾ ਵਾਰ ਵਰਤਾਇੰਦਾ। ਪੰਜ ਤੱਤ ਵਖਾ ਨਿਸ਼ਾਨ, ਸਚ ਨਿਸ਼ਾਨਾ ਇਕ ਜਣਾਇੰਦਾ। ਲੱਖ ਚੁਰਾਸੀ ਕਰ ਪ੍ਰਧਾਨ, ਤੇਰਾ ਹੁਕਮ ਵਰਤਾਇੰਦਾ । ਖੇਲਾਂ ਖੇਲ ਜ਼ਿਮੀ ਅਸਮਾਨ, ਗਗਨ ਮੰਡਲ ਫੇਰਾ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਵੇਖਾਂ ਮਾਰ ਧਿਆਨ, ਤੇਰੀ ਗੋਦ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਆਪ ਸਮਝਾਇੰਦਾ। ਸਚ ਸੰਦੇਸ਼ਾ ਪੁਰਖ ਅਬਿਨਾਸ਼, ਏਕਾ ਵਾਰ ਜਣਾਈਆ। ਲੱਖ ਚੁਰਾਸੀ ਖੇਲ ਤਮਾਸ਼, ਸਾਚੀ ਵੰਡ ਵੰਡਾਈਆ। ਅੰਡਜ ਜੇਰਜ ਉਤਭੁਜ ਸੇਤਜ ਵਸੇ ਤੇਰੇ ਪਾਸ, ਤੇਰਾ ਰੰਗ ਰੰਗਾਈਆ। ਪਵਣ ਪਵਣੀ ਦੇ ਸਵਾਸ, ਆਪੇ ਸਾਚੀ ਸਾਰ ਪਾਈਆ। ਨਿਰਗੁਣ ਨੂਰ ਕਰ ਪ੍ਰਕਾਸ਼, ਸਰਗੁਣ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਰਿਹਾ ਵਖਾਈਆ। ਸ਼ਬਦ ਦੁਲਾਰਾ ਦੋਏ ਜੋੜ, ਹਰਿ ਚਰਨੀ ਸੀਸ ਝੁਕਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਤੇਰੀ ਲੋੜ, ਹੋਰ ਆਸ ਨਾ ਕੋਇ ਰਖਾਇੰਦਾ। ਚਰਨ ਪ੍ਰੀਤੀ ਨਾ ਦੇਵੀਂ ਤੋੜ, ਨੇਤਰ ਨੈਣਾਂ ਨੀਰ ਵਹਾਇੰਦਾ। ਆਦਿ ਜੁਗਾਦਿ ਮੈਨੂੰ ਤੇਰੀ ਲੋੜ, ਤੁਧ ਬਿਨ ਅਵਰ ਨਾ ਓਟ ਰਖਾਇੰਦਾ। ਧੰਨ ਭਾਗ ਤੂੰ ਗਿਆ ਬੌਹੜ, ਥਿਰ ਘਰ ਮੇਰਾ ਸੋਭਾ ਪਾਇੰਦਾ। ਮੈਂ ਤੇਰਾ ਸੁਤ ਦੁਲਾਰ ਜੰਮਿਆ ਕੌਰ, ਸ਼ਾਹ ਪਾਤਸ਼ਾਹ ਤੂੰ ਅਖਵਾਇੰਦਾ। ਮੇਰੀ ਤੇਰੇ ਹੱਥ ਡੋਰ, ਜਿਉਂ ਭਾਵੇ ਤਿਉਂ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਵਿਛੋੜਾ ਨਾ ਮੋਹੇ ਭਾਇੰਦਾ। ਸ਼ਬਦ ਸੁਤ ਕਰੇ ਪੁਕਾਰ, ਨੇਤਰ ਨੈਣਾਂ ਨੀਰ ਵਹਾਈਆ। ਵਿਸ਼ਨ ਬ੍ਰਹਮਾ ਸ਼ਿਵ ਨਾ ਕੋਇ ਅਧਾਰ, ਤੁਧ ਬਿਨ ਸਾਂਤਕ ਸਤਿ ਨਾ ਕੋਇ ਵਰਤਾਈਆ। ਤ੍ਰੈਗੁਣ ਮਾਇਆ ਨਾ ਕੋਇ ਭੰਡਾਰ, ਪੰਜ ਤੱਤ ਨਾ ਕੋਇ ਜਣਾਈਆ। ਲੱਖ ਚੁਰਾਸੀ ਨਾ ਕੋਇ ਸ਼ਿੰਗਾਰ, ਅੰਡਜ ਜੇਰਜ ਉਤਭੁਜ ਸੇਤਜ ਨਾ ਰੰਗ ਵਖਾਈਆ। ਸੂਰਜ ਚੰਨ ਨਾ ਕੋਇ ਉਜਿਆਰ, ਮੰਡਲ ਮੰਡਪ ਨਾ ਵੇਖ ਵਖਾਈਆ। ਇਕੋ ਮੰਗਾਂ ਤੇਰਾ ਦਰਸ ਦੀਦਾਰ, ਚਰਨ ਕਵਲ ਸੱਚੀ ਸ਼ਰਨਾਈਆ। ਨਿਰਗੁਣ ਨਿਰਗੁਣ ਕਰਾਂ ਸਚ ਗੁਫ਼ਤਾਰ, ਗੁਫ਼ਤ ਸ਼ਨੀਦ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਦੇਣਾ ਵਰ, ਏਕਾ ਰਹਾਂ ਤੇਰੀ ਸ਼ਰਨਾਈਆ। ਸੋ ਪੁਰਖ ਨਿਰੰਜਣ ਹੋ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਹਰਿ ਪੁਰਖ ਨਿਰੰਜਣ ਦੇਵੇ ਦਾਨ, ਦਾਤਾ ਦਾਨੀ ਆਪ ਹੋ ਜਾਇੰਦਾ। ਏਕੰਕਾਰਾ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਇੰਦਾ। ਆਦਿ ਨਿਰੰਜਣ ਵੇਖੇ ਮਾਰ ਧਿਆਨ, ਜੋਤੀ ਜਾਤਾ ਵੇਖ ਵਖਾਇੰਦਾ। ਸ੍ਰੀ ਭਗਵਾਨ ਵਖਾਏ ਨਿਸ਼ਾਨ, ਸਚ ਨਿਸ਼ਾਨਾ ਆਪ ਝੁਲਾਇੰਦਾ। ਅਬਿਨਾਸ਼ੀ ਕਰਤਾ ਜਾਣੀ ਜਾਣ, ਜਾਨਣਹਾਰ ਭੇਵ ਖੁਲ੍ਹਾਇੰਦਾ। ਪਾਰਬ੍ਰਹਮ ਬ੍ਰਹਮ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਸ਼ਬਦ ਸੁਤ ਸੁਣ ਬਾਲ ਨਿਧਾਨ, ਏਕਾ ਵਾਰ ਜਣਾਇੰਦਾ। ਹੁਕਮ ਮੰਨਣਾ ਧੁਰ ਫ਼ਰਮਾਣ, ਸਚ ਸੰਦੇਸ਼ਾ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਕਰਤਾ ਪੁਰਖ, ਪੁਰਖ ਪੁਰਖੋਤਮ ਆਪ ਕਰਾਈਆ। ਨਾ ਕੋਈ ਸੋਗ ਨਾ ਕੋਈ ਹਰਖ, ਹਰਖ ਸੋਗ ਨਾ ਵੇਸ ਵਟਾਈਆ। ਬਾਲ ਅੰਞਾਣੇ ਉਤੇ ਖਾਧਾ ਤਰਸ, ਆਪਣੀ ਦਇਆ ਕਮਾਈਆ। ਤੇਰਾ ਖੇਲ ਅਰਸ਼ ਫ਼ਰਸ਼, ਬ੍ਰਹਿਮੰਡ ਖੰਡ ਤੇਰੀ ਰੁਸ਼ਨਾਈਆ। ਚੌਦਾਂ ਲੋਕ ਤੇਰਾ ਅਦਰਸ਼, ਚੌਦਾਂ ਤਬਕ ਵੇਖ ਵਖਾਈਆ। ਜੁਗ ਚੌਕੜੀ ਦੇਵਾਂ ਤੇਰਾ ਕਰਜ਼, ਮਕਰੂਜ ਆਪਣਾ ਨਾਉਂ ਧਰਾਈਆ। ਆਦਿ ਜੁਗਾਦਿ ਨਿਭਾਵਾਂ ਫ਼ਰਜ਼, ਜੁਗ ਜੁਗ ਸੇਵ ਕਮਾਈਆ। ਮੇਰਾ ਨਾਉਂ ਤੇਰਾ ਰਾਗ ਸਾਚੀ ਤਰਜ਼, ਦੋ ਜਹਾਨਾਂ ਏਕਾ ਗਾਈਆ। ਤੇਰਾ ਹੋਣ ਨਾ ਦੇਵਾਂ ਹਰਜ਼, ਸਦਾ ਸਦਾ ਸਦ ਸਹਾਈਆ। ਸਚਖੰਡ ਬੈਠਾ ਸੁਣਾਂ ਅਰਜ਼, ਆਰਜ਼ੂ ਇਕੋ ਇਕ ਵਖਾਈਆ। ਮੇਰੇ ਮਿਲਣ ਦੀ ਰੱਖੀਂ ਗਰਜ਼, ਗੁਰਬਤ ਹੋਰ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਝੋਲੀ ਪਾਈਆ। ਸ਼ਬਦ ਸੁਤ ਸੁਣਿਆ ਕੰਨ, ਹਰਿ ਜੂ ਆਪ ਸੁਣਾਇਆ। ਬਣ ਨਿਮਾਣਾ ਗਿਆ ਮੰਨ, ਨਿਉਂ ਨਿਉਂ ਸੀਸ ਝੁਕਾਇਆ। ਇਕੋ ਕਹੇ ਧੰਨ ਧੰਨ, ਧੰਨ ਤੇਰੀ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਸਮਝਾਇਆ। ਏਕਾ ਗੁਣ ਦੱਸ ਭਗਵਾਨ, ਸ਼ਬਦੀ ਮੰਗ ਮੰਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਨਿਸ਼ਾਨ, ਨਿਰਗੁਣ ਸਰਗੁਣ ਆਪ ਪਰਗਟਾਇੰਦਾ। ਤ੍ਰੈਗੁਣ ਮਾਇਆ ਖੇਲ ਮਹਾਨ, ਪੰਜ ਤੱਤ ਨਾਚ ਨਚਾਇੰਦਾ। ਲੱਖ ਚੁਰਾਸੀ ਕਰ ਪਰਧਾਨ, ਈਸ਼ ਜੀਵ ਵੇਖ ਵਖਾਇੰਦਾ। ਆਤਮ ਪਰਮਾਤਮ ਖੇਲ ਮਹਾਨ, ਬ੍ਰਹਮ ਪਾਰਬ੍ਰਹਮ ਪਰਗਟਾਇੰਦਾ। ਨਾਦ ਧੁੰਨ ਸੱਚੀ ਧੁਨਕਾਨ, ਅਨਾਦੀ ਨਾਦ ਸ਼ਬਦ ਸੁਣਾਇੰਦਾ। ਅੰਮ੍ਰਿਤ ਅੰਤਰ ਪੀਣ ਖਾਣ, ਸਰ ਸਰੋਵਰ ਆਪ ਬਣਾਇੰਦਾ। ਨਿਰਗੁਣ ਨੂਰ ਜੋਤ ਮਹਾਨ, ਜੋਤ ਨਿਰੰਜਣ ਡਗਮਗਾਇੰਦਾ। ਨੌਂ ਦੁਆਰੇ ਖੋਲ੍ਹ ਦੁਕਾਨ, ਨਾੜ ਬਹੱਤਰ ਬੰਧਨ ਪਾਇੰਦਾ। ਕਾਇਆ ਮਾਟੀ ਕਰ ਪਰਵਾਨ, ਜਗਤ ਹਾਟੀ ਵੇਖ ਵਖਾਇੰਦਾ। ਪੰਚਮ ਨਾਦ ਨਾਦ ਧੁਨਕਾਨ, ਬ੍ਰਹਿਮਾਦ ਨਾਦ ਸੁਣਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਪੰਜ ਸ਼ੈਤਾਨ, ਪੰਜਾਂ ਸ਼ਰਅ ਇਕ ਜਣਾਇੰਦਾ। ਆਸ਼ਾ ਤ੍ਰਿਸ਼ਨਾ ਕਰ ਬਲਵਾਨ, ਘਰ ਘਰ ਡੇਰਾ ਲਾਇੰਦਾ। ਮਨ ਮਨੂਆ ਰਾਜ ਰਾਜਾਨ, ਘਰ ਮੰਦਰ ਸੋਭਾ ਪਾਇੰਦਾ। ਸਤਿ ਸਤਿਵਾਦੀ ਹੋ ਮਿਹਰਵਾਨ, ਹਰਿ ਸਾਚੀ ਸੇਵ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਬਾਲ ਅੰਞਾਣਾ ਸੰਗ ਨਿਭਾਇੰਦਾ। ਲੱਖ ਚੁਰਾਸੀ ਕਰਾਂ ਤਿਆਰ, ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਈਆ। ਵਿਸ਼ਨੂੰ ਦੇਵੇ ਇਕ ਆਧਾਰ, ਵਿਸ਼ਵ ਰੂਪ ਵਟਾਈਆ। ਦਰ ਦਰ ਘਰ ਘਰ ਪਾਵੇ ਸਾਰ, ਨਵ ਨੌਂ ਫੇਰਾ ਪਾਈਆ। ਬ੍ਰਹਮਾ ਕਰੇ ਬ੍ਰਹਮ ਅਕਾਰ, ਈਸ਼ ਜੀਵ ਖੇਲ ਖਲਾਈਆ। ਸ਼ੰਕਰ ਅੰਤਮ ਦਏ ਸੰਘਾਰ, ਆਪਣਾ ਬਲ ਧਰਾਈਆ। ਤਿੰਨਾਂ ਵਿਚੋਲਾ ਸਿਰਜਣਹਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਕਰ ਕਿਰਪਾ ਮੇਰੇ ਨਿਰੰਕਾਰ, ਏਕਾ ਭੇਵ ਦੇਣਾ ਖੁਲ੍ਹਾਈਆ। ਕਿਸ ਬਿਧ ਤੇਰਾ ਮੇਲਾ ਹੋਵੇ ਸੰਸਾਰ, ਤੇਰਾ ਦਰਸ਼ਨ ਕਵਣ ਦੁਆਰੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਰਿਹਾ ਉਠਾਈਆ। ਆਪਣਾ ਪਰਦਾ ਹਰਿ ਜੂ ਲਾਹ, ਨਿਰਗੁਣ ਆਪ ਜਣਾਇੰਦਾ। ਜੁਗ ਜੁਗ ਆਵਾਂ ਵੇਸ ਵਟਾ, ਨਿਰਗੁਣ ਸਰਗੁਣ ਰੂਪ ਧਰਾਇੰਦਾ। ਬ੍ਰਹਮ ਨਾਲ ਪਾਰਬ੍ਰਹਮ ਮਿਲਾ, ਬ੍ਰਹਮ ਆਪਣੇ ਅੰਗ ਲਗਾਇੰਦਾ। ਆਪਣਾ ਨਾਦ ਸ਼ਬਦ ਧੁਨ ਸੁਣਾ, ਢੋਲਾ ਤੇਰਾ ਆਪ ਜਣਾਇੰਦਾ। ਪਰਦਾ ਉਹਲਾ ਆਪ ਉਠਾ, ਬਣ ਵਿਚੋਲਾ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਇੰਦਾ। ਆਪਣਾ ਭੇਵ ਰਿਹਾ ਦੱਸ, ਦੀਨਨ ਦਇਆ ਕਮਾਈਆ । ਨਿਰਗੁਣ ਸਰਗੁਣ ਪੂਰੀ ਕਰੇ ਆਸ, ਰੂਪ ਅਨੂਪ ਵਟਾਈਆ। ਪੰਜ ਤੱਤ ਕਾਇਆ ਜੋਤ ਕਰ ਪਰਕਾਸ਼, ਗੁਰ ਅਵਤਾਰ ਨਾਉਂ ਧਰਾਈਆ। ਲੱਖ ਚੁਰਾਸੀ ਖੇਲ ਤਮਾਸ਼, ਨਿਜ ਘਰ ਬੈਠਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ। ਤੇਰਾ ਭੇਵ ਨਿਰਗੁਣ ਰੂਪ, ਨਜ਼ਰ ਕਿਸੇ ਨਾ ਆਇੰਦਾ। ਤੂੰ ਸਾਹਿਬ ਸੱਚਾ ਸਤਿ ਸਰੂਪ, ਰੰਗ ਰੇਖ ਨਾ ਕੋਇ ਰਖਾਇੰਦਾ। ਆਦਿ ਜੁਗਾਦਿ ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੇਰਾ ਪਾਇੰਦਾ। ਲੱਖ ਚੁਰਾਸੀ ਵਸੇਂ ਕਲਬੂਤ, ਕਲ ਆਪਣੀ ਆਪ ਰਖਾਇੰਦਾ। ਮੈਨੂੰ ਆਪਣਾ ਦੱਸ ਸਚ ਸਬੂਤ, ਜਿਸ ਘਰ ਤੇਰਾ ਮੇਲਾ ਬਿਨ ਤੁਧ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਮੇਰਾ ਸਬੂਤ ਇਕੋ ਇਕ, ਆਦਿ ਪੁਰਖ ਸਮਝਾਇਆ। ਸਾਚੀ ਸਿਖਿਆ ਲੈਣੀ ਸਿਖ, ਬਿਨ ਅੱਖਰ ਰਿਹਾ ਪੜ੍ਹਾਇਆ। ਬਿਨ ਵਸਤੂ ਦੇਵਾਂ ਭਿੱਖ, ਏਕਾ ਵਸਤ ਆਪਣਾ ਨਾਉਂ ਝੋਲੀ ਪਾਇਆ। ਬਿਨ ਕਲਮ ਸਿਆਹੀ ਦਿਆਂ ਲਿਖ, ਮੇਰਾ ਲਿਖਿਆ ਲੇਖ ਨਾ ਕਿਸੇ ਮਿਟਾਇਆ। ਆਦਿ ਜੁਗਾਦਿ ਨਾ ਜਾਵਾਂ ਦਿਸ, ਨੇਤਰ ਨੈਣ ਨਜ਼ਰ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਰਿਹਾ ਵਖਾਇਆ। ਪੁਰਖ ਅਬਿਨਾਸ਼ੀ ਇਕੋ ਰਾਹ, ਆਪਣਾ ਆਪ ਜਣਾਈਆ। ਲੋਕਮਾਤ ਕਰਾਂ ਖੇਲ ਬਣ ਬੇਪਰਵਾਹ, ਬੇੜਾ ਆਪ ਚਲਾਈਆ। ਲੱਖ ਚੁਰਾਸੀ ਵੇਖਾਂ ਥਾਉਂ ਥਾਂ, ਦਰ ਦਰ ਘਰ ਘਰ ਫੇਰਾ ਪਾਈਆ। ਜਨ ਭਗਤਾਂ ਲਵਾਂ ਆਪ ਉਠਾ, ਸਿਰ ਆਪਣਾ ਹੱਥ ਟਿਕਾਈਆ। ਨਿਰਗੁਣ ਜੋਤ ਇਕ ਜਗਾ, ਅਗਿਆਨ ਅੰਧੇਰ ਚੁਕਾਈਆ। ਨਾਦ ਧੁਨ ਸ਼ਬਦ ਵਜਾ, ਅਨਰਾਗੀ ਰਾਗ ਸੁਣਾਈਆ। ਅੰਮ੍ਰਿਤ ਆਤਮ ਜਾਮ ਪਿਆ, ਨਿਝਰ ਝਿਰਨਾ ਦਿਆਂ ਝਿਰਾਈਆ। ਸਵਛ ਸਰੂਪੀ ਦਰਸ ਕਰਾ, ਭਾਂਡਾ ਭਰਮ ਭੰਨਾਈਆ। ਜਨਮ ਜਨਮ ਦੀ ਹਿਰਸ ਮਿਟਾ, ਪੂਰਨ ਆਸ ਕਰਾਈਆ। ਮੈਨੂੰ ਮਿਲਣ ਦਾ ਜਿਸ ਜਨ ਚਾਅ, ਭਗਤ ਦੁਆਰੇ ਆਏ ਫੇਰਾ ਪਾਈਆ। ਮੇਰਾ ਭਗਤ ਦਏ ਸਮਝਾ, ਪ੍ਰਭ ਵਸੇ ਕਿਹੜੇ ਥਾਈਂਆ। ਬਣ ਵਿਚੋਲਾ ਦਏ ਮਿਲਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਘਰ ਬਹਾਈਆ । ਕਾਇਆ ਮੰਦਰ ਏਕਾ ਢੋਲਾ ਦੇਵੇ ਗਾ, ਆਤਮ ਪਰਮਾਤਮ ਲਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਰ ਰਿਹਾ ਵਖਾਈਆ । ਮੇਰਾ ਘਰ ਭਗਤ ਅੰਦਰ, ਹੋਰ ਦਿਸ਼ਾ ਨਾ ਵੰਡ ਵੰਡਾਇਆ। ਮੇਰਾ ਨਾਉਂ ਏਕਾ ਮੰਤਰ, ਹਰਿ ਭਗਤ ਰਿਹਾ ਜਸ ਗਾਇਆ। ਮੇਰਾ ਨਾਉਂ ਬਣਾਏ ਮੰਤਰ, ਲੋਕਮਾਤ ਦਏ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਰ ਰਿਹਾ ਵਖਾਇਆ। ਮੇਰਾ ਘਰ ਭਗਤ ਘੜ, ਪੰਜ ਤੱਤ ਦਏ ਵਡਿਆਈਆ । ਜੁਗ ਜੁਗ ਅੰਦਰ ਜਾਵਾਂ ਵੜ, ਆਪਣਾ ਕੁੰਡਾ ਲਾਹੀਆ। ਬਲਧਾਰੀ ਕੋਈ ਨਾ ਸਕੇ ਫੜ, ਰਾਜ ਰਾਜਾਨਾਂ ਨੈਣ ਸ਼ਰਮਾਈਆ। ਜਨ ਭਗਤਾਂ ਦਰਸ ਦਖਾਵਾਂ ਅੱਗੇ ਖੜ, ਆਪ ਆਪਣਾ ਰੂਪ ਵਟਾਈਆ। ਨਾ ਕੋਈ ਸੀਸ ਨਾ ਕੋਈ ਧੜ, ਰੂਪ ਰੰਗ ਨਾ ਕੋਈ ਵਡਿਆਈਆ। ਨਾ ਜਨਮਾ ਨਾ ਜਾਵਾਂ ਮਰ, ਜਨਮ ਮਰਨ ਨਾ ਕੋਈ ਰਖਾਈਆ। ਆਦਿ ਜੁਗਾਦੀ ਇਕੋ ਹਰਿ, ਜੁਗ ਜੁਗ ਵੇਸ ਵਟਾਈਆ। ਭਗਤਾਂ ਅੰਦਰ ਜੋਤ ਧਰ, ਸਾਚੇ ਦੀਪਕ ਕਰਾਂ ਰੁਸ਼ਨਾਈਆ। ਨਾਮ ਨਿਧਾਨਾ ਅੱਖਰ ਪੜ੍ਹ, ਗੀਤ ਗੋਬਿੰਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਸਾਚੀ ਖੇਲ ਪੁਰਖ ਅਬਿਨਾਸ਼ਾ, ਆਪਣੀ ਆਪ ਜਣਾਇੰਦਾ। ਜੁਗ ਚੌਕੜੀ ਖੇਲ ਤਮਾਸ਼ਾ, ਨੌਂ ਨੌਂ ਚਾਰ ਵੰਡ ਵੰਡਾਇੰਦਾ। ਭਗਤਾਂ ਕਰਾਂ ਪੂਰੀ ਆਸਾ, ਭਗਵਾਨ ਰੂਪ ਵਟਾਇੰਦਾ। ਦੋ ਜਹਾਨਾਂ ਦੇਵਾਂ ਸਾਥਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਰਾਇੰਦਾ। ਲਹਿਣਾ ਦੇਣਾ ਚੁਕਾਵਾਂ ਮਸਤਕ ਮਾਥਾ, ਪੂਰਬ ਕਰਮਾਂ ਵੇਖ ਵਖਾਇੰਦਾ। ਇਕ ਚੜ੍ਹਾਵਾਂ ਸਾਚੇ ਰਾਥਾ, ਬਣ ਰਥਵਾਹੀ ਸੇਵ ਕਮਾਇੰਦਾ। ਕਰੇ ਖੇਲ ਪੁਰਖ ਸਮਰਾਥਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਚਲਾਇੰਦਾ। ਸਾਚਾ ਰਾਹ ਚਲਣਾ ਜਗ, ਹਰਿ ਜੂ ਆਪ ਜਣਾਈਆ। ਜੁਗ ਚੌਕੜੀ ਵੇਖਣ ਭੱਜ ਭੱਜ, ਨਿਰਗੁਣ ਸਰਗੁਣ ਵੇਸ ਵਟਾਈਆ। ਜਨ ਭਗਤਾਂ ਪਰਦਾ ਲਏ ਕੱਜ, ਸਮਰਥ ਹੱਥ ਵਡੀ ਵਡਿਆਈਆ । ਸਚਖੰਡ ਨਿਵਾਸੀ ਹਰਿਜਨ ਦੁਆਰੇ ਬਹਿ ਸਜ, ਰੂਪ ਅਨੂਪ ਵਟਾਈਆ। ਪ੍ਰੇਮ ਪਿਆਰ ਅੰਦਰ ਜਾਏ ਬੱਝ, ਸਾਚੀ ਰੀਤੀ ਇਕ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਸ੍ਰੀ ਭਗਵਾਨਾ, ਭਗਵਨ ਆਪਣੀ ਖੇਲ ਕਰਾਇੰਦਾ। ਸ਼ਬਦੀ ਸੁਤ ਦੇ ਪਰਵਾਨਾ, ਨਾਮ ਨਿਧਾਨਾ ਇਕ ਜਣਾਇੰਦਾ। ਜੁਗ ਚੌਕੜੀ ਖੇਲ ਮਹਾਨਾ, ਵਿਸ਼ਨ ਬ੍ਰਹਮਾ ਸ਼ਿਵ ਲਗਾਇੰਦਾ। ਤ੍ਰੈਗੁਣ ਦਿਤਾ ਇਕੋ ਦਾਨਾ, ਪੰਚਮ ਬੰਧਨ ਪਾਇੰਦਾ। ਲੱਖ ਚੁਰਾਸੀ ਕਰ ਨਿਸ਼ਾਨਾ, ਜੀਵ ਜੰਤ ਵੇਖ ਵਖਾਇੰਦਾ। ਭਗਤਾਂ ਬੰਨ੍ਹੇ ਸਾਚਾ ਗਾਨਾ, ਭਗਤੀ ਤੰਦ ਇਕ ਬੰਧਾਇੰਦਾ। ਅੰਤਰ ਆਤਮ ਬ੍ਰਹਮ ਗਿਆਨਾ, ਪਾਰਬ੍ਰਹਮ ਸਮਝਾਇੰਦਾ। ਦਰਸ ਦਖਾਏ ਸ੍ਰੀ ਭਗਵਾਨਾ, ਆਪਣਾ ਪਰਦਾ ਲਾਹਿੰਦਾ। ਖੰਡ ਬ੍ਰਹਿਮੰਡ ਵੇਖੇ ਮਾਰ ਧਿਆਨਾ, ਜੇਰਜ ਅੰਡਜ ਵੇਸ ਵਟਾਇੰਦਾ। ਸਾਹਿਬ ਸੁਲਤਾਨ ਸੂਰਾ ਸਰਬੰਗ, ਆਪਣਾ ਬਲ ਵਧਾਇੰਦਾ। ਵਸਣਹਾਰਾ ਸਚਖੰਡ, ਥਿਰ ਘਰ ਸਾਚਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਵਰਤਾਇੰਦਾ। ਆਪਣੀ ਕਲ ਅਕਲ ਕਲਧਾਰ, ਪੁਰਖ ਅਕਾਲ ਵਰਤਾਈਆ। ਕਰੇ ਖੇਲ ਦੀਨ ਦਿਆਲ, ਦੀਨਨ ਰਛਿਆ ਆਪ ਕਮਾਈਆ। ਆਪਣੇ ਹੱਥ ਰਖਾਏ ਕਾਲ ਮਹਾਂਕਾਲ, ਤ੍ਰੈਭਵਨ ਧਨੀ ਵਡੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਪੂਰਾ ਕਰੇ ਸਵਾਲ, ਦਰ ਬੈਠੇ ਸੀਸ ਝੁਕਾਈਆ। ਜੁਗ ਜੁਗ ਬਣੇ ਰਹਿਣ ਕੰਗਾਲ, ਸ਼ਾਹ ਪਾਤਸ਼ਾਹ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਈਆ। ਆਪਣੇ ਰੰਗ ਰੱਤਾ ਨਿਰੰਕਾਰ, ਰੱਤੀ ਰੱਤ ਨਾ ਕੋਈ ਰਖਾਇੰਦਾ। ਗਤਮਿਤ ਜਾਣੇ ਸਰਬ ਸੰਸਾਰ, ਦੂਸਰ ਓਟ ਨਾ ਕੋਈ ਰਖਾਇੰਦਾ। ਜੁਗ ਚੌਕੜੀ ਵੰਡਣਹਾਰ, ਵੰਡਣਹਾਰ ਆਪ ਅਖਵਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰੇ ਕਾਰ, ਕਲਜੁਗ ਵੇਖ ਵਖਾਇੰਦਾ। ਸੇਵਾ ਲਾ ਗੁਰ ਅਵਤਾਰ, ਇਕੋ ਨਾਦ ਸ਼ਬਦ ਸੁਣਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਮਾਰਗ ਲਾ, ਅੰਤ ਆਪੇ ਮੇਟ ਮਿਟਾਈਆ। ਗੁਰ ਅਵਤਾਰ ਲਏ ਪਰਗਟਾ, ਪੰਜ ਤੱਤ ਕਰੇ ਕੁੜਮਾਈਆ। ਨਿਰਗੁਣ ਸਰਗੁਣ ਦਏ ਸਲਾਹ, ਸਾਚਾ ਹੁਕਮ ਸੁਣਾਈਆ। ਭਗਤਾਂ ਬਣੇ ਆਪ ਮਲਾਹ, ਸਾਚਾ ਬੇੜਾ ਕੰਧ ਉਠਾਈਆ । ਡੂੰਘੀ ਭਵਰੀ ਪਾਰ ਕਰਾ, ਜਗਤ ਸਾਗਰ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਭਗਤਾਂ ਹੋਏ ਸਹਾਈਆ। ਸਤਿਜੁਗ ਤ੍ਰੇਤਾ ਦੁਆਪਰ ਭਗਤਨ ਤਾਰ, ਆਪਣਾ ਰੰਗ ਚੜ੍ਹਾਇਆ। ਨਿਉਂ ਨਿਉਂ ਦੋਏ ਜੋੜ ਕਰਨ ਨਿਮਸਕਾਰ, ਤੇਈ ਅਵਤਾਰ ਬੈਠੇ ਨੈਣ ਸ਼ਰਮਾਇਆ। ਈਸਾ ਮੂਸਾ ਨੇਤਰ ਨੈਣ ਰੋਵਣ ਜ਼ਾਰੋ ਜ਼ਾਰ, ਗਿਰਿਆਜ਼ਾਰ ਸੁਣਾਇਆ। ਮੁਹੰਮਦ ਧਾਹਾਂ ਰਿਹਾ ਮਾਰ, ਚੌਦਾਂ ਤਬਕ ਰਿਹਾ ਕੁਰਲਾਇਆ। ਨਾਨਕ ਗਾਏ ਇਕ ਨਿਰੰਕਾਰ, ਤਾਰ ਸਤਾਰ ਰਬਾਬ ਵਜਾਇਆ। ਗੋਬਿੰਦ ਬਣਿਆ ਸੁਤ ਦੁਲਾਰ, ਪੁਰਖ ਅਕਾਲ ਗੋਦ ਸੁਹਾਇਆ। ਕਰੇ ਖੇਲ ਆਪ ਨਿਰੰਕਾਰ, ਜੁਗ ਜੁਗ ਵੇਸ ਵਟਾਇਆ। ਸੇਵਾ ਲਾਏ ਅਪਰ ਅਪਾਰ, ਸਾਚੀ ਸੇਵਾ ਆਪ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਵਖਾਇਆ। ਗੁਰ ਅਵਤਾਰ ਮਾਰਗ ਲਾ, ਜੀਵਣ ਮਰਨ ਗਏ ਸਮਝਾਈਆ। ਅੰਤਮ ਕਹਿ ਕੇ ਗਏ ਮਿਲੇ ਬੇਪਰਵਾਹ, ਬੇਅੰਤ ਵਡੀ ਵਡਿਆਈਆ। ਸ਼ਾਹ ਪਾਤਸ਼ਾਹ, ਸੱਚਾ ਸ਼ਹਿਨਸ਼ਾਹ ਇਕ ਅਖਵਾਈਆ । ਸਭ ਮੰਗਦੇ ਗਏ ਪਨਾਹ, ਲੋਕਮਾਤ ਓਟ ਤਕਾਈਆ। ਅੰਤਮ ਪੀਰ ਪੈਗ਼ੰਬਰ ਔਲੀਏ ਸ਼ੇਖ਼ ਹੋਣੇੇ ਫ਼ਨਾਹ, ਬਿਸਮਿਲ ਰੂਪ ਸਮਾਈਆ। ਪੰਜ ਤੱਤ ਚੋਲੀ ਕਾਇਆ ਦਿਸੇ ਕਿਸੇ ਨਾ, ਗੁਰ ਅਵਤਾਰ ਗਏ ਤਨ ਹੰਢਾਈਆ। ਪੁਰਖ ਅਬਿਨਾਸ਼ੀ ਵਸੇ ਸਭਨੀ ਥਾਂ, ਘਟ ਘਟ ਆਪਣੀ ਜੋਤ ਜਗਾਈਆ। ਸਤਿਜੁਗ ਤ੍ਰੇਤਾ ਦੁਆਪਰ ਪਕੜੇ ਬਾਂਹ, ਜਨ ਭਗਤਾਂ ਹੋਏ ਸਹਾਈਆ। ਨਿਤ ਨਵਿਤ ਰੂਪ ਵਟਾ, ਅਬਿਨਾਸ਼ੀ ਅਚੁਤ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਮਾਣ ਵਡਿਆਈਆ। ਦੇਵੇ ਮਾਣ ਹਰਿ ਕਰਤਾਰਾ, ਕੁਦਰਤ ਕਾਦਰ ਖੇਲ ਖਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਭਗਤਾਂ ਕਰਦਾ ਆਇਆ ਪਿਆਰਾ, ਜੁਗ ਜੁਗ ਆਪਣੇ ਨਾਲ ਰਲਾਇੰਦਾ। ਏਕਾ ਦੂਆ ਪਾਰ ਕਿਨਾਰਾ, ਬਣ ਮਾਹੀ ਪੱਤਨ ਪਾਰ ਕਰਾਇੰਦਾ। ਧਰੂ ਪ੍ਰਹਿਲਾਦ ਕਰੇ ਨਿਮਸਕਾਰਾ, ਬਲ ਨਿਉਂ ਨਿਉਂ ਸੀਸ ਝੁਕਾਇੰਦਾ। ਅਮਰੀਕ ਰੋਵੇ ਜ਼ਾਰੋ ਜ਼ਾਰਾ, ਜਨਕ ਇਕੋ ਓਟ ਰਖਾਇੰਦਾ। ਹਰੀ ਚੰਦ ਦੇ ਸਹਾਰਾ, ਨਾਰ ਤਾਰਾਂ ਪਾਰ ਕਰਾਇੰਦਾ। ਬਿਦਰ ਵਖਾਇਆ ਇਕ ਅਖਾੜਾ, ਸਿਰ ਆਪਣਾ ਹੱਥ ਟਿਕਾਇੰਦਾ। ਸੁਦਾਮੇ ਦੇਵੇ ਚਰਨ ਪਿਆਰਾ, ਦਰੋਪਦ ਲੱਜਿਆ ਆਪ ਰਖਾਇੰਦਾ। ਜੈ ਦੇਓ ਦੇਵੇ ਇਕ ਸਹਾਰਾ, ਪਾਤੀ ਡਾਲ ਆਪ ਮਹਿਕਾਇੰਦਾ । ਲੇਖਾ ਜਾਣੇ ਰਵਦਾਸ ਚੁਮਿਆਰਾ, ਸੈਣ ਨਾਈ ਰੂਪ ਵਟਾਇੰਦਾ। ਅਜਾਮਲ ਗਨਕਾ ਪਾਰ ਕਿਨਾਰਾ, ਪੂਤਨਾ ਪਰਦਾ ਆਪੇ ਪਾਇੰਦਾ। ਬੱਧਕ ਅਵਗੁਣ ਨਾ ਵਿਚਾਰਾ, ਗੁਣ ਆਪਣਾ ਆਪ ਵਖਾਇੰਦਾ। ਕਬੀਰ ਜੁਲਾਹਾ ਕਰੇ ਪੁਕਾਰਾ, ਉਚੀ ਕੂਕ ਕੂਕ ਸੁਣਾਇੰਦਾ। ਬੇਣੀ ਦੇਵੇ ਇਕ ਪਿਆਰਾ, ਤ੍ਰਲੋਚਣ ਆਪਣੇ ਰੰਗ ਰੰਗਾਇੰਦਾ। ਬਿਨ ਹਰਿ ਕੋਈ ਨਾ ਉਤਰੇ ਪਾਰਾ, ਲੱਖ ਚੁਰਾਸੀ ਨਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਭਗਤਾਂ ਦਰ ਸੁਹਾਇੰਦਾ । ਭਗਤਾਂ ਦਰ ਆਏ ਭਗਵਾਨ, ਜੁਗ ਜੁਗ ਵਡੀ ਵਡਿਆਈਆ। ਗਾ ਗਾ ਥੱਕੇ ਵੇਦ ਸ਼ਾਸਤਰ ਸਿਮਰਤ ਪੁਰਾਨ, ਹਰਿ ਕਾ ਗੁਣ ਕਹਿਣ ਨਾ ਜਾਈਆ। ਜਿਸ ਜਨ ਕਿਰਪਾ ਕਰੇ ਮਹਾਨ, ਆਪਣੀ ਬੂਝ ਬੁਝਾਈਆ। ਦਰ ਘਰ ਦਰਸ਼ਨ ਦੇਵੇ ਆਣ, ਤ੍ਰਿਸ਼ਨਾ ਭੁੱਖ ਰਹੇ ਨਾ ਰਾਈਆ। ਸਾਚੀ ਸੱਖੀ ਮਿਲੇ ਕਾਹਨ, ਕਾਇਆ ਮੰਡਲ ਰਾਸ ਰਚਾਈਆ। ਨਾਮ ਬਿਠਾਏ ਇਕ ਬਿਬਾਣ, ਸਚ ਬਿਬਾਣੇ ਲਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਸ਼ਬਦ ਕਹੇ ਸੁਣ ਮੇਰੇ ਹਰਿ, ਤੇਰਾ ਭੇਵ ਕੋਈ ਨਾ ਆਇਆ। ਆਦਿ ਜੁਗਾਦਿ ਮੈਂ ਰਿਹਾ ਡਰ, ਨਿਉਂ ਨਿਉਂ ਸੀਸ ਝੁਕਾਇਆ। ਤੂੰਹੀ ਦੇਵਣਹਾਰਾ ਵਰ, ਮੇਰੀ ਆਸ਼ਾ ਪੂਰ ਕਰਾਇਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਪਾਰ ਕਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕੋਟਨ ਕੋਟ ਵਾਰ ਹੰਢਾਇਆ। ਕੋਟਨ ਕੋਟ ਗੁਰ ਅਵਤਾਰ ਬੈਠੇ ਤੇਰੇ ਦਰ, ਦਰ ਬੈਠੇ ਅਲਖ ਜਗਾਇਆ। ਪੁਰਖ ਅਬਿਨਾਸ਼ੀ ਖ਼ਾਲੀ ਝੋਲੀ ਭਰ, ਅਤੋਟ ਅਤੁਟ ਕਰਾਇਆ। ਤੂੰ ਸਭ ਨੂੰ ਦੇਵਣਹਾਰਾ ਵਰ, ਬੇਅੰਤ ਤੇਰੀ ਵਡਿਆਈਆ । ਨਾਨਕ ਪਾਇਆ ਇਕੋ ਘਰ, ਚਰਨ ਦੁਆਰਾ ਤੇਰਾ ਸੁਹਾਇਆ। ਪੱਲੂ ਤੇਰਾ ਲਿਆ ਫੜ, ਨਾ ਕੋਈ ਤੋੜੇ ਤੋੜ ਤੁੜਾਇਆ। ਤੇਰੇ ਪੌੜੇ ਗਿਆ ਚੜ੍ਹ, ਸਚਖੰਡ ਡੇਰਾ ਲਾਇਆ। ਤੇਰਾ ਨਾਉਂ ਲਿਆ ਪੜ੍ਹ, ਨਿਰੰਕਾਰ ਨਿਰੰਕਾਰ ਰਿਹਾ ਜਸ ਗਾਇਆ। ਲੋਕਮਾਤ ਵਿਚ ਗਿਆ ਵੜ, ਜੀਵਾਂ ਜੰਤਾਂ ਆਪ ਸਮਝਾਇਆ। ਪੁਰਖ ਅਬਿਨਾਸ਼ੀ ਸ਼ਰਨੀ ਜਾਓ ਪੜ੍ਹ, ਲਿਖ ਲਿਖ ਲੇਖ ਬੋਧ ਅਗਾਧ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇਆ। ਨਾਨਕ ਨਿਰਗੁਣ ਬੋਲ ਜੈਕਾਰ, ਸਰਗੁਣ ਨਾਨਕ ਦਏ ਸਮਝਾਈਆ। ਪੰਜ ਤੱਤ ਨਾਨਕ ਕਰੇ ਵਿਚਾਰ, ਨਿਰਗੁਣ ਨਾਨਕ ਆਪਣਾ ਹੁਕਮ ਵਰਤਾਈਆ। ਲੇਖਾ ਜਾਣੇ ਅਗੰਮ ਅਪਾਰ, ਅਗੰਮੜੀ ਖੇਲ ਕਰਾਈਆ। ਹੱਡ ਮਾਸ ਨਾੜੀ ਚੰਮੜੇ ਵਸਿਆ ਬਾਹਰ, ਸਚਖੰਡ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਦਏ ਸਮਝਾਈਆ। ਕਲਜੁਗ ਵੇਲਾ ਅੰਤਮ ਔਣਾ, ਨਾਨਕ ਨਿਰਗੁਣ ਸਰਬ ਜਣਾਇੰਦਾ। ਪੁਰਖ ਅਬਿਨਾਸ਼ੀ ਜਾਮਾ ਪੌਣਾ, ਲੋਕਮਾਤ ਵੇਸ ਵਟਾਇੰਦਾ। ਨਿਹਕਲੰਕ ਨਾਉਂ ਰਖੌਣਾ, ਦਿਸ ਕਿਸੇ ਨਾ ਆਇੰਦਾ। ਅਗੰਮੀ ਢੋਲਾ ਆਪੇ ਗੌਣਾ, ਆਪਣਾ ਮਾਰਗ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਇੰਦਾ। ਕਲਜੁਗ ਅੰਤਮ ਜਾਏ ਆ, ਥਿਰ ਕੋਇ ਰਹਿਣ ਨਾ ਪਾਈਆ। ਪ੍ਰਗਟ ਹੋਵੇ ਬੇਪਰਵਾਹ, ਜੋਤੀ ਜੋਤ ਕਰੇ ਰੁਸ਼ਨਾਈਆ। ਨਿਹਕਲੰਕਾ ਨਾਉਂ ਰਖਾ, ਰਾਉ ਰੰਕਾਂ ਲਏ ਜਗਾਈਆ। ਸਾਚਾ ਡੰਕਾ ਇਕ ਵਜਾ, ਚਾਰ ਵਰਨ ਕਰੇ ਪੜ੍ਹਾਈਆ। ਅਠਾਰਾਂ ਬਰਨ ਲਏ ਸਮਝਾ, ਚੌਦਾਂ ਵਿਦਿਆ ਮੂਲ ਚੁਕਾਈਆ। ਚੌਦਾਂ ਤਬਕਾਂ ਫੇਰਾ ਪਾ, ਚੌਦਾਂ ਲੋਕ ਦਏ ਹਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾ, ਏਕਾ ਤੱਤ ਦਏ ਸਮਝਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾ, ਜੁਗ ਗੇੜਾ ਆਪਣੇ ਹੱਥ ਰਖਾਈਆ। ਸਤਿਜੁਗ ਮਾਰਗ ਦੇਵੇ ਲਾ, ਕੂੜੀ ਕਿਰਿਆ ਦਏ ਖਪਾਈਆ। ਦੋ ਜਹਾਨਾ ਨੌਬਤ ਨਾਮ ਵਜਾ, ਸੁਹਬਤ ਆਪਣੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਭੇਵ ਕੋਇ ਨਾ ਪਾਈਆ। ਹਰਿ ਜੂ ਖੇਲ ਆਪ ਕਰੌਣਾ, ਕਰਤਾ ਪੁਰਖ ਵਡੀ ਵਡਿਆਈਆ। ਕਲਜੁਗ ਅੰਤਮ ਭਾਗ ਲਗੌਣਾ, ਸੰਬਲ ਨਗਰ ਦਏ ਸੁਹਾਈਆ। ਸਾਢੇ ਤਿੰਨ ਹੱਥ ਬੰਕ ਆਪ ਬਨੌਣਾ, ਮਹੱਲ ਅਟੱਲ ਕਰੇ ਰੁਸ਼ਨਾਈਆ। ਜੁਗ ਜੁਗ ਦੇ ਵਿਛੜੇ ਮੇਲ ਮਿਲੌਣਾ, ਹਰਿਜਨ ਲਏ ਮਿਲਾਈਆ। ਸਾਚੇ ਭਗਤਾਂ ਦਰ ਬਹੌਣਾ, ਦਰ ਆਇਆਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਵੇਖ ਵਖਾਈਆ। ਭਗਤ ਭਗਵੰਤ ਵੇਖੇ ਦਰ, ਦਰ ਦਰਵਾਜ਼ਾ ਆਪ ਖੁਲ੍ਹਾਇਆ। ਨਿਰਭੌ ਚੁਕਾਏ ਭੈ ਡਰ, ਆਪ ਆਪਣੀ ਦਇਆ ਕਮਾਇਆ। ਲੱਖ ਚੁਰਾਸੀ ਵਿਚੋਂ ਲਏ ਫੜ, ਹਰਿਜਨ ਆਪਣੇ ਨਾਲ ਮਿਲਾਇਆ। ਕਿਲਾ ਤੋੜ ਹੰਕਾਰੀ ਗੜ੍ਹ, ਮਾਇਆ ਮਮਤਾ ਮੋਹ ਚੁਕਾਇਆ। ਲੇਖਾ ਜਾਣੇ ਚੋਟੀ ਜੜ੍ਹ, ਪੱਤ ਡਾਲੀ ਆਪ ਮਹਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਹਰਿਜਨ ਤਾਰੇ ਭਗਤਨ ਮੀਤਾ, ਭਗਵਨ ਦਇਆ ਕਮਾਈਆ। ਸੰਤ ਸੁਹੇਲਾ ਠਾਂਡਾ ਸੀਤਾ, ਅਗਨੀ ਤੱਤ ਨੇੜ ਨਾ ਆਈਆ। ਗੁਰਮੁਖ ਕਰੇ ਪਤਤ ਪੁਨੀਤਾ, ਪਤਤ ਪਾਪੀ ਲਏ ਤਰਾਈਆ। ਗੁਰਸਿਖ ਧਾਮ ਵਖਾਏ ਅਨਡੀਠਾ, ਅਨਡਿਠੜੀ ਕਾਰ ਚਲਾਈਆ। ਸਤਿਜੁਗ ਵਖਾਏ ਸਾਚੀ ਰੀਤਾ, ਮੰਦਰ ਮਸੀਤਾਂ ਨਾ ਕੋਇ ਵਡਿਆਈਆ। ਏਕਾ ਰੰਗ ਰੰਗਾਏ ਹਸਤ ਕੀਟਾ, ਊਚ ਨੀਚ ਨਾ ਕੋਇ ਰਖਾਈਆ। ਭਗਤ ਭਗਵੰਤ ਦਰਸਾਏ ਇਕ ਅਤੀਤਾ, ਤ੍ਰੈਗੁਣ ਬੰਧਨ ਦਏ ਤੁੜਾਈਆ। ਏਕਾ ਨਾਉਂ ਮਾਣ ਗਵਾਏ ਅਠਾਰਾਂ ਧਿਆਏ ਗੀਤਾ, ਸ਼ਾਸਤਰ ਸਿਮਰਤ ਮੁਖ ਭੁਵਾਈਆ। ਨਾਮ ਨਿਧਾਨ ਜਿਸ ਜਨ ਪੀਤਾ, ਜਮ ਦੰਡ ਨਾ ਦੇਵੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਹੋਏ ਸਹਾਈਆ। ਕਲਜੁਗ ਅੰਤਮ ਹਰਿ ਜੂ ਭਗਤ, ਹਰੀ ਹਰਿ ਆਪ ਬਣਾਇੰਦਾ । ਆਪ ਪਰਗਟਾਏ ਆਪਣੇ ਵਕਤ, ਥਿਤ ਵਾਰ ਨਾ ਕੋਇ ਰਖਾਇੰਦਾ। ਆਪੇ ਜਾਣੇ ਆਪਣੀ ਸ਼ਕਤ, ਸ਼ਖ਼ਸੀਅਤ ਭੇਤ ਕਿਸੇ ਨਾ ਆਇੰਦਾ। ਵਸੇ ਬਾਹਰ ਬੂੰਦ ਰਕਤ, ਬੂੰਦ ਰਕਤ ਆਪਣੇ ਰੰਗ ਰੰਗਾਇੰਦਾ। ਲੱਖ ਚੁਰਾਸੀ ਖੇਲ ਜਗਤ, ਜੁਗ ਕਰਤਾ ਆਪ ਕਰਾਇੰਦਾ। ਭਗਤਾਂ ਦੇਵੇ ਨਿਰਗੁਣ ਦਰਸ, ਸਰਗੁਣ ਵੇਖ ਵਖਾਇੰਦਾ। ਕਲਜੁਗ ਅੰਤਮ ਮੇਟੇ ਹਰਸ, ਤ੍ਰਿਸ਼ਨਾ ਜਗਤ ਬੁਝਾਇੰਦਾ। ਅੰਮ੍ਰਿਤ ਮੇਘ ਦੇਵੇ ਬਰਸ, ਸਾਂਤਕ ਸਤਿ ਕਰਾਇੰਦਾ। ਕਿਰਪਾਨਿਧ ਕਰੇ ਤਰਸ, ਅਬਿਨਾਸ਼ੀ ਠਾਕਰ ਫੇਰਾ ਪਾਇੰਦਾ। ਲੱਖ ਚੁਰਾਸੀ ਵਿਚੋਂ ਪਰਖ, ਹਰਿਜਨ ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸ਼ਬਦ ਇਕ ਸਮਝਾਇੰਦਾ। ਸੁਤ ਦੁਲਾਰੇ ਸੁਣ ਧਿਆਨ, ਧਿਆਨ ਧਿਆਨ ਨਾਲ ਮਿਲਾਈਆ। ਕਲਜੁਗ ਅੰਤਮ ਖੇਲ ਕਰੇ ਭਗਵਾਨ, ਭਗਵਨ ਰੂਪ ਵਟਾਈਆ। ਸਾਚੇ ਭਗਤ ਲਏ ਪਹਿਚਾਨ, ਆਪ ਆਪਣੀ ਬੂਝ ਬੁਝਾਈਆ। ਬਿਨ ਪੜ੍ਹਿਆਂ ਦੇਵੇ ਗਿਆਨ, ਜਗਤ ਵਿਦਿਆ ਨਾ ਕੋਇ ਪੜ੍ਹਾਈਆ। ਲੋਕਮਾਤ ਕਰੇ ਪਰਧਾਨ, ਸਿਰ ਆਪਣਾ ਹੱਥ ਟਿਕਾਈਆ। ਇਕ ਵਖਾਏ ਸਚ ਨਿਸ਼ਾਨ, ਦੋ ਜਹਾਨਾਂ ਰਿਹਾ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡੀ ਵਡਿਆਈਆ । ਦੇਵੇ ਮਾਣ ਵਡਿਆਈ ਵਡ, ਹਰਿ ਵੱਡਾ ਦਇਆ ਕਮਾਈਆ। ਲੱਖ ਚੁਰਾਸੀ ਵਿਚੋਂ ਕੱਢ, ਆਪਣਾ ਬੰਧਨ ਪਾਈਆ। ਸ਼ਬਦ ਸੁਣਾਏ ਬੋਧ ਅਗਾਧ, ਅਗਾਧ ਬੋਧ ਕਰੇ ਪੜ੍ਹਾਈਆ। ਲੇਖਾ ਜਾਣੇ ਸੰਤ ਸਾਧ, ਸਿਦਕ ਸਬੂਰੀ ਆਪ ਨਿਭਾਈਆ। ਭਗਤਾਂ ਤਾਰੇ ਆਦਿ ਜੁਗਾਦਿ, ਜੁਗ ਜੁਗ ਸੇਵ ਕਮਾਈਆ। ਵੇਖਣਹਾਰਾ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਫੇਰਾ ਪਾਈਆ। ਕਲਜੁਗ ਅੰਤਮ ਦੇਵੇ ਦਾਦ, ਸਾਚੀ ਵਸਤ ਆਪ ਵਰਤਾਈਆ। ਜਨ ਭਗਤਾਂ ਕਰੇ ਲਾਡ, ਜਿਉਂ ਬਾਲਕ ਮਾਤਾ ਗੋਦ ਸਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਤਰਾਈਆ। ਕਲਜੁਗ ਅੰਤਮ ਆਇਆ ਅੰਤ, ਅੰਤ ਰਹਿਣ ਨਾ ਪਾਈਆ। ਕਰੇ ਖੇਲ ਸ੍ਰੀ ਭਗਵੰਤ, ਸਾਚੇ ਭਗਤਾਂ ਲਏ ਜਗਾਈਆ। ਦਰਸ ਦਖਾਏ ਵਾਰ ਅਨੰਤ, ਅਕਲ ਕਲਾ ਵਡਿਆਈਆ। ਨਾਤਾ ਤੋੜ ਜੀਵ ਜੰਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਮਾਣਸ ਜਨਮ ਬਣਾਈ ਬਣਤ, ਦੇਵਤ ਸੁਰ ਰਹੇ ਸ਼ਰਮਾਈਆ। ਮੇਲ ਮਿਲਾਵਾ ਸਾਚੀ ਸੰਗਤ, ਹਰਿ ਸਰਨ ਮਿਲੀ ਸਰਨਾਈਆ। ਕਾਇਆ ਚੋਲੀ ਚਾੜ੍ਹੇ ਰੰਗਤ, ਰੰਗਿਆ ਰੰਗ ਉਤਰ ਨਾ ਜਾਈਆ। ਜੋ ਜਨ ਦੁਆਰੇ ਆਏ ਮੰਗਤ, ਸਾਚੀ ਭਿਛਿਆ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਹੋਏ ਸਦਾ ਸਹਾਈਆ। ਜੁਗ ਜੁਗ ਭਗਤਾਂ ਬਣਿਆ ਰਾਖਾ, ਸੇਵਕ ਸੇਵ ਕਮਾਈਆ। ਕਲਜੁਗ ਅੰਤਮ ਦੇਵੇ ਸਾਥਾ, ਸਗਲਾ ਸੰਗ ਨਿਭਾਈਆ। ਤ੍ਰਲੋਕੀ ਨੰਦਨ ਵੇਖ ਤਮਾਸ਼ਾ, ਤ੍ਰੈ ਤ੍ਰੈ ਮੂਲ ਚੁਕਾਈਆ। ਲੇਖਾ ਜਾਣ ਪ੍ਰਿਥਮੀ ਅਕਾਸ਼ਾ, ਮੰਡਲ ਮੰਡਪ ਡੇਰਾ ਢਾਹੀਆ। ਵਿਸ਼ਨ ਸ਼ਿਵ ਬ੍ਰਹਮਾ ਵਿਨਾਸ਼ਾ, ਅਬਿਨਾਸ਼ੀ ਇਕੋ ਇਕ ਅਖਵਾਈਆ। ਜਨ ਭਗਤਾਂ ਹੋਏ ਦਾਸੀ ਦਾਸਾ, ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਰਿਹਾ ਸੁਹਾਈਆ। ਭਗਤ ਸੁਹਾਇਆ ਭਗਤੀ ਰੰਗ, ਹਰਿ ਸੱਜਣ ਵੇਖ ਵਖਾਇੰਦਾ। ਆਤਮ ਅੰਤਰ ਇਕ ਅਨੰਦ, ਅਨੰਦ ਅਨੰਦ ਵਿਚ ਸਮਾਇੰਦਾ। ਕਰੇ ਪ੍ਰਕਾਸ਼ ਬਿਨ ਸੂਰਜ ਚੰਦ, ਨਿਰਗੁਣ ਜੋਤ ਡਗਮਗਾਇੰਦਾ। ਭਗਤਾਂ ਕਰੇ ਖ਼ੁਸ਼ੀ ਬੰਦ ਬੰਦ, ਬੰਦੀਖ਼ਾਨਾ ਤੋੜ ਤੁੜਾਇੰਦਾ। ਨਾਮ ਦਾਤ ਇਕੋ ਵੰਡ, ਘਰ ਬਹਿ ਬਹਿ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਭਗਵੰਤ ਵਿਚ ਸਮਾਇੰਦਾ। ਹਰਿ ਜੂ ਧਾਰ ਸ਼ਬਦੀ ਨਾਉਂ, ਹਰਿ ਹਰਿ ਆਪ ਪਰਗਟਾਈਆ। ਆਦਿ ਜੁਗਾਦਿ ਵਸੇ ਸਚ ਥਾਉਂ, ਹਰਿ ਸਾਚਾ ਆਪ ਬਹਾਈਆ। ਦੋ ਜਹਾਨ ਕਰੇ ਨਿਆਉਂ, ਜੁਗ ਜੁਗ ਵੇਸ ਵਟਾਈਆ। ਖੇਲੇ ਖੇਲ ਜਿਉਂ ਪੁੱਤਰ ਮਾਉਂ, ਬਾਲਕ ਰੂਪ ਵਖਾਈਆ। ਪੁਰਖ ਅਕਾਲ ਪਕੜੇ ਬਾਹੋਂ, ਸਦਾ ਸਦਾ ਭੁਵਾਈਆ। ਹੁਕਮੇ ਅੰਦਰ ਹੁਕਮੀ ਨਿਆਉਂ, ਹੁਕਮ ਹਾਕਮ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸ਼ਬਦ ਰੂਪ ਵਟਾਈਆ। ਆਪੇ ਸ਼ਬਦ ਆਪੇ ਜੋਤ, ਜੋਤੀ ਜਾਤਾ ਆਪ ਅਖਵਾਇੰਦਾ। ਆਪੇ ਕਿਲਾ ਆਪੇ ਕੋਟ, ਆਪੇ ਸਚਖੰਡ ਆਸਣ ਲਾਇੰਦਾ। ਆਪੇ ਨਾਦ ਆਪੇ ਚੋਟ, ਧੁਨ ਨਗਾਰਾ ਆਪ ਵਜਾਇੰਦਾ। ਆਪੇ ਸਰਨ ਆਪੇ ਓਟ, ਸ਼ਰਨਗਤ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਸ਼ਬਦ ਪ੍ਰਗਟਾਇੰਦਾ। ਨਿਰਗੁਣ ਜੋਤ ਨਿਰਾਕਾਰ, ਨਿਰਵੈਰ ਖੇਲ ਖਲਾਈਆ। ਅਜੂਨੀ ਰਹਿਤ ਅਗੰਮ ਅਪਾਰ, ਰੂਪ ਰੰਗ ਰੇਖ ਨਾ ਕੋਇ ਵਡਿਆਈਆ। ਸਚਖੰਡ ਖੇਲ ਅਪਾਰ, ਪੁਰਖ ਅਕਾਲ ਰਿਹਾ ਖਲਾਈਆ। ਦਾਤਾ ਦਾਨੀ ਬਣ ਦਾਤਾਰ, ਸਾਚੀ ਵਸਤ ਆਪ ਵਰਤਾਈਆ। ਆਪੇ ਬਣ ਬਣ ਮੰਗੇ ਭਿਖਾਰ, ਪਾਰਬ੍ਰਹਮ ਪ੍ਰਭ ਆਪਣੀ ਝੋਲੀ ਡਾਹੀਆ। ਆਪੇ ਬਣੇ ਵਿਚੋਲਾ ਅਗੰਮ ਅਪਾਰ, ਆਪਣੀ ਸੇਵਾ ਆਪ ਕਮਾਈਆ। ਆਪੇ ਕਰੇ ਸਚ ਪਿਆਰ, ਆਪਣੀ ਸੇਜ ਆਪ ਹੰਢਾਈਆ। ਆਪੇ ਪੁਰਖ ਆਪੇ ਨਾਰ, ਦਾਈ ਦਾਇਆ ਰੂਪ ਵਟਾਈਆ। ਆਪੇ ਜਣੇ ਸੁਤ ਦੁਲਾਰ, ਆਪਣੀ ਗੋਦ ਬਹਾਈਆ। ਸ਼ਬਦੀ ਨਾਉਂ ਰੱਖ ਨਿਰੰਕਾਰ, ਆਪਣਾ ਰੰਗ ਚੜ੍ਹਾਈਆ। ਥਿਰ ਘਰ ਵਸਦਾ ਰਹੇ ਅਪਾਰ, ਜਿਸ ਘਰ ਸ਼ਬਦ ਰਿਹਾ ਸਮਾਈਆ। ਸਚਖੰਡ ਵਸੇ ਆਪ ਕਰਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਸ਼ਬਦ ਰੂਪ ਵਖਾਈਆ। ਪਤ ਪਤਨੀ ਦੋਏ ਉਦਾਸ, ਧੀਰਜ ਧੀਰ ਨਾ ਕੋਇ ਧਰਾਈਆ। ਜਗਤ ਵਸਤ ਨਾ ਸਾਡੇ ਪਾਸ, ਪੁੱਤਰ ਧੀ ਨਾ ਵੱਜੀ ਵਧਾਈਆ। ਅੱਗੇ ਦਿਸੇ ਨਾ ਕੋਇ ਸਾਥ, ਜਗਤ ਨਿਸ਼ਾਨ ਨਾ ਕੋਇ ਚਲਾਈਆ। ਭਾਗ ਨਿਖੁੱਟੇ ਮਸਤਕ ਮਾਥ, ਤਕਦੀਰ ਰਹੀ ਸ਼ਰਮਾਈਆ। ਨਾਤਾ ਜੁੜਿਆ ਤੱਤ ਆਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼, ਮਨ ਮਤ ਬੁਧ ਰਹੀ ਕੁਰਲਾਈਆ। ਦਰ ਦਰ ਕਰ ਕਰ ਥੱਕੇ ਤਲਾਸ਼, ਸਾਚਾ ਰਾਹ ਨਾ ਕੋਇ ਲਗਾਈਆ। ਪੂਰੀ ਹੋਈ ਨਾ ਅਜੇ ਆਸ, ਨਿਰਾਸ ਵੇਖੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਸਤ ਅਮੋਲਕ ਝੋਲੀ ਪਾਈਆ। ਪੁੱਤਰ ਧੀ ਜਗਤ ਨਾਤਾ, ਬੰਧਨ ਬੰਧ ਬੰਧਾਇਆ। ਪੁੱਤਰ ਬਿਨ ਨਾ ਸੋਹੇ ਮਾਤਾ, ਪਿਤਾ ਮਾਣ ਨਾ ਕੋਇ ਰਖਾਇਆ। ਚਾਰੋਂ ਕੁੰਟ ਦਿਸੇ ਅੰਧੇਰੀ ਰਾਤਾ, ਸਾਚਾ ਚੰਦ ਨਾ ਕੋਇ ਚੜ੍ਹਾਇਆ। ਸਾਹਿਬ ਤੁਠੇ ਪ੍ਰਭ ਦੇਵੇ ਦਾਤਾ, ਵਸਤ ਅਮੋਲਕ ਝੋਲੀ ਪਾਇਆ। ਕਰ ਕਿਰਪਾ ਪੂਰਾ ਕਰੇ ਘਾਟਾ, ਘਾਟਾ ਕੋਇ ਨਜ਼ਰ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਇਆ। ਮਿਹਰਵਾਨ ਦੇਵੇ ਸੁਖ, ਸੁਖ ਸਾਂਤਕ ਇਕ ਵਰਤਾਈਆ। ਕਿਸਨਾ ਸੁਕਲਾ ਵੇਖੇ ਪਖ, ਡੂੰਘੀ ਭਵਰੀ ਫੋਲ ਫੁਲਾਈਆ। ਉਜਲ ਕਰੇ ਮਾਤ ਮਨੁੱਖ, ਏਕਾ ਵਸਤ ਵਰਤਾਈਆ। ਵਾਸ ਕਰਾਏ ਉਲਟਾ ਰੁਖ, ਗਰਭ ਦੇਵੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਲੇਖੇ ਵਿਚ ਲਗਾਈਆ। ਦੇਵੇ ਦਾਤ ਦਾਤ ਅਨਮੁਲ, ਮੁਲ ਕੋਇ ਨਾ ਲਾਇੰਦਾ। ਭਾਗ ਲਗਾਏ ਸਾਚੀ ਕੁਲ, ਕੁਲਵੰਤਾ ਖੇਲ ਖਲਾਇੰਦਾ। ਜਗਤ ਦੀਵਾ ਨਾ ਹੋਏ ਗੁੱਲ, ਬੁਝਿਆ ਦੀਪਕ ਆਪ ਜਗਾਇੰਦਾ। ਪ੍ਰਭ ਡਾਲੀ ਲੱਗੇ ਫੁੱਲ, ਜਗਤ ਬੂਟਾ ਆਪ ਮਹਿਕਾਇੰਦਾ। ਜੋ ਜਨ ਦੁਆਰੇ ਆਏ ਭੁੱਲ, ਤਿਸ ਸਿਰ ਆਪਣਾ ਹੱਥ ਟਿਕਾਇੰਦਾ। ਮਾਤਲੋਕ ਨਾ ਜਾਏ ਰੁਲ, ਕਰਤਾ ਕੀਮਤ ਆਪੇ ਪਾਇੰਦਾ। ਭਗਤ ਦੁਆਰਾ ਗਿਆ ਖੁਲ੍ਹ, ਵਸਤ ਵਣਜਾਰਾ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਤ ਪਤਨੀ ਜਗਤ ਤਰਾਇੰਦਾ।