Granth 11 Likhat 008: 10 Maghar 2018 Bikarmi Jethuwal Darbar wich

੧੦ ਮੱਘਰ ੨੦੧੮ ਬਿਕਰਮੀ ਜੇਠੂਵਾਲ ਦਰਬਾਰ ਵਿਚ

ਇੰਦ ਇੰਦਰਾਸਣ ਰਿਹਾ ਡੋਲ, ਪੁਰਖ ਅਬਿਨਾਸ਼ੀ ਖੇਲ ਖਲਾਈਆ। ਕਰੋੜ ਤੇਤੀਸਾ ਗਠੜੀ ਰਿਹਾ ਫੋਲ, ਆਪਣੇ ਅੰਤਰ ਧਿਆਨ ਲਗਾਈਆ। ਸਚ ਵਸਤ ਨਾ ਕਿਸੇ ਕੋਲ, ਖ਼ਾਲੀ ਹੱਥ ਸਰਬ ਵਖਾਈਆ। ਇਕ ਦੂਜੇ ਨੂੰ ਰਹੇ ਬੋਲ, ਤਾਅਨਾ ਮੇਹਣਾ ਰਹੇ ਸੁਣਾਈਆ। ਚਾਰ ਜੁਗ ਕਰਦੇ ਰਹੇ ਘੋਲ, ਆਪਣਾ ਬਲ ਰਖਾਈਆ। ਪਾਰਬ੍ਰਹਮ ਸੰਗ ਨਾ ਹੋਇਆ ਕੋਈ ਕੌਲ, ਸਗਲਾ ਸੰਗ ਨਾ ਕੋਇ ਵਖਾਈਆ। ਹਰਿ ਕਲਜੁਗ ਅੰਤਮ ਪਰਗਟ ਹੋਇਆ ਉਪਰ ਧੌਲ, ਧਵਲਾ ਹੌਲਾ ਭਾਰ ਕਰਾਈਆ। ਨਿਰਗੁਣ ਬਦਲੇ ਆਪਣਾ ਚੋਲ, ਚੋਲਾ ਸੰਗ ਨਾ ਕੋਇ ਰਖਾਈਆ। ਆਦਿ ਜੁਗਾਦਿ ਰਹੇ ਅਡੋਲ, ਡੁਲ ਕਦੇ ਨਾ ਜਾਈਆ। ਅੰਤਮ ਤੋਲੇ ਸਾਚਾ ਤੋਲ, ਏਕਾ ਕੰਡਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਰੋੜ ਤੇਤੀਸਾ ਰਿਹਾ ਕੁਰਲਾ, ਨੇਤਰ ਨੈਣਾਂ ਨੀਰ ਵਹਾਈਆ। ਸੁਰਪਤ ਰਾਜਾ ਇੰਦ ਰਿਹਾ ਸੁਣਾ, ਵਾਹਵਾ ਤੇਰੀ ਵਡੀ ਸ਼ਹਿਨਸ਼ਾਹੀਆ। ਅੰਤਮ ਹੋਣਾ ਆ ਸਹਾ, ਤੇਰੀ ਓਟ ਤਕਾਈਆ। ਚਾਰ ਕੁੰਟ ਨਾ ਦਿਸੇ ਰਾਹ, ਸਾਚਾ ਪੰਧ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਈਆ। ਕਰੋੜ ਤੇਤੀਸਾ ਰਿਹਾ ਰੋ, ਨੇਤਰ ਨੈਣਾਂ ਨੀਰ ਵਹਾਈਆ। ਸਾਚਾ ਦੇਵੇ ਨਾ ਕੋਇ ਢੋਆ ਢੋ, ਮੇਲਾ ਮੇਲ ਨਾ ਕੋਇ ਮਿਲਾਈਆ। ਹਰਿ ਕਾ ਨਾਉਂ ਬੀਜ ਨਾ ਲਿਆ ਬੋ, ਸਾਚਾ ਫਲ ਨਾ ਕੋਇ ਵਖਾਈਆ। ਆਪਣਾ ਆਪ ਬੈਠੇ ਖੋ, ਵੇਲਾ ਅੰਤ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਸੁਰਪਤ ਇੰਦ ਕਰ ਧਿਆਨ, ਨੇਤਰ ਨੈਣ ਉਠਾਇੰਦਾ। ਚਾਰੋਂ ਕੁੰਟ ਸੁੰਞ ਮਸਾਣ, ਦਹਿ ਦਿਸ਼ਾ ਅੰਧੇਰਾ ਛਾਇੰਦਾ। ਨਾ ਕੋਈ ਮੰਦਰ ਸਚ ਮਕਾਨ, ਸਚ ਸਿੰਘਾਸਣ ਨਾ ਸੋਭਾ ਪਾਇੰਦਾ। ਆਪਣੇ ਗ੍ਰਹਿ ਹੋਇਆ ਹੈਰਾਨ, ਧੀਰਜ ਧੀਰ ਨਾ ਕੋਇ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸੁਰਪਤ ਇੰਦ ਹੋ ਨਿਰਾਸ, ਨਿਰਧਨ ਰੂਪ ਵਟਾਇਆ। ਕੋਇ ਨਾ ਕਰੇ ਪੂਰੀ ਆਸ, ਕਰੋੜ ਤਤੀਸਾ ਮੁਖ ਛੁਪਾਇਆ। ਸਚ ਵਸਤ ਨਾ ਰਹੀ ਮੇਰੇ ਪਾਸ, ਸਾਚੇ ਘਰ ਨਾ ਕੋਇ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਸਾਚਾ ਖੇਲ ਕਰੇ ਕਰਤਾਰ, ਕਰਤਾ ਪੁਰਖ ਵਡੀ ਵਡਿਆਈਆ। ਸ਼ਬਦ ਸੰਦੇਸ਼ਾ ਦੇਵੇ ਏਕਾ ਵਾਰ, ਏਕਾ ਗੁਣ ਸਮਝਾਈਆ। ਸੁਰਪਤ ਇੰਦ ਕਰ ਖ਼ਬਰਦਾਰ, ਦੇਵ ਲੋਕ ਦਏ ਜਣਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਅੰਤਮ ਕਲਜੁਗ ਖੇਲ ਅਪਾਰ, ਨਿਰਗੁਣ ਨਿਰਵੈਰ ਆਪ ਕਰਾਈਆ। ਛੋਟਾ ਬਾਲਾ ਕਰ ਤਿਆਰ, ਸਚ ਸੰਦੇਸ਼ਾ ਇਕ ਸੁਣਾਈਆ। ਭਾਣਾ ਮੰਨਣਾ ਪਏ ਧੁਰ ਦਰਬਾਰ, ਸਦ ਭਾਣਾ ਇਕ ਵਖਾਈਆ। ਪੁਰਖ ਅਕਾਲ ਦੀਨ ਦਿਆਲ ਗੁਣ ਅਵਗੁਣ ਲਏ ਵਿਚਾਰ, ਅਵਗੁਣ ਵੇਖੇ ਥਾਉਂ ਥਾਈਂਆ। ਜੁਗ ਚੌਕੜੀ ਗਈ ਹਾਰ, ਮਨਵੰਤਰ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਰਿਹਾ ਸੁਣਾਈਆ। ਸਚ ਸੰਦੇਸ਼ਾ ਇਕੋ ਹਰਿ, ਏਕਾ ਵਾਰ ਸੁਣਾਇੰਦਾ। ਲੇਖਾ ਜਾਣੇ ਦਰ ਬਦਰ, ਦਰ ਦਰ ਆਪਣੀ ਖੇਲ ਖਲਾਇੰਦਾ। ਕਲਜੁਗ ਅੰਤਮ ਵੇਸ ਧਰ, ਰੂਪ ਅਨੂਪ ਵਟਾਇੰਦਾ। ਆਪਣਾ ਘਾੜਨ ਆਪੇ ਘੜ, ਭੰਨਣਹਾਰ ਆਪ ਹੋ ਜਾਇੰਦਾ। ਕਰੋੜ ਤਤੀਸਾ ਸੁਰਪਤ ਆਪੇ ਫੜ, ਆਪਣਾ ਬੰਧਨ ਪਾਇੰਦਾ। ਇਕ ਵਖਾਏ ਸਾਚਾ ਘਰ, ਦਰ ਦਰਵਾਜਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਵਰਤਾਇੰਦਾ। ਸਾਚਾ ਹੁਕਮ ਸ੍ਰੀ ਭਗਵਾਨ, ਏਕਾ ਏਕ ਜਣਾਈਆ। ਸੋਲਾਂ ਮੱਘਰ ਖੇਲ ਮਹਾਨ, ਬੇਪਰਵਾਹ ਆਪ ਵਖਾਈਆ। ਦਸ ਅੱਠ ਇਕ ਗਿਆਨ, ਅੱਠ ਦਸ ਮੇਲ ਮਿਲਾਈਆ। ਨੱਠ ਨੱਠ ਵੇਖੇ ਦੋ ਜਹਾਨ, ਦੋ ਜਹਾਨਾਂ ਫੇਰਾ ਪਾਈਆ। ਛੋਟਾ ਬਾਲਾ ਕਰ ਪਰਵਾਨ, ਸਚ ਪਰਵਾਨਾ ਦਏ ਫੜਾਈਆ। ਏਕਾ ਰਾਗ ਸੁਣਾਏ ਮਿਹਰਵਾਨ, ਮਿਹਰਵਾਨ ਆਪਣੀ ਦਇਆ ਕਮਾਈਆ। ਪੁਰੀ ਇੰਦ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਸਭ ਦਾ ਛੁੱਟੇ ਪੀਣ ਖਾਣ, ਰਾਤੀਂ ਸੁਤਿਆਂ ਨੀਂਦ ਨਾ ਆਈਆ। ਕਰੇ ਖੇਲ ਕੀ ਭਗਵਾਨ, ਕਲਜੁਗ ਅੰਤਮ ਵੇਸ ਵਟਾਈਆ। ਲੋਕਮਾਤ ਅਸੀਂ ਦੇਂਦੇ ਰਹੇ ਦਾਨ, ਜੀਵ ਜੰਤ ਸੇਵ ਕਮਾਈਆ। ਆਪਣੀ ਕਰ ਨਾ ਸਕੇ ਕਲਿਆਣ, ਲੋਕਮਾਤ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਡਾ ਲਹਿਣਾ ਰਿਹਾ ਚੁਕਾਈਆ। ਸਾਨੂੰ ਮੰਨਦੇ ਰਹੇ ਦੇਵ, ਨਿਉਂ ਨਿਉਂ ਸੀਸ ਝੁਕਾ। ਕਰੋੜ ਤੇਤੀਸ ਹੁੰਦੀ ਰਹੀ ਸੇਵ, ਘਰ ਘਰ ਇਸ਼ਟ ਮਨਾ। ਹਰਿ ਕਾ ਕੋਈ ਨਾ ਜਾਣੇ ਭੇਵ, ਅੰਤਮ ਲੇਖਾ ਦਏ ਮੁਕਾ। ਆਦਿ ਜੁਗਾਦਿ ਸਦਾ ਨਿਹਕੇਵ, ਏਕੰਕਾਰਾ ਇਕ ਬੇਪਰਵਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਦੇਵੇ ਆਪ ਸਜਾ। ਕਰੋੜ ਤਤੀਸਾ ਸ਼ਬਦ ਗਿਆਨ, ਏਕਾ ਵਾਰ ਜਣਾਈਆ। ਉਠੋ ਵੇਖੋ ਮਾਰ ਧਿਆਨ, ਹਰਿ ਕਰਤਾ ਖੇਲ ਵਖਾਈਆ। ਭੂਮਿਕਾ ਛੱਡੋ ਆਪ ਅਸਥਾਨ, ਅਸਥਲ ਕੋਇ ਰਹਿਣ ਨਾ ਪਾਈਆ। ਚਾਰ ਜੁਗ ਲੈਂਦੇ ਰਹੇ ਦਾਨ, ਅੰਤਮ ਸੰਗ ਨਾ ਕੋਇ ਰਖਾਈਆ। ਲਹਿਣਾ ਮੰਗੇ ਸ੍ਰੀ ਭਗਵਾਨ, ਹੁਕਮੀ ਹੁਕਮ ਇਕ ਵਰਤਾਈਆ। ਖ਼ਾਲੀ ਹੱਥ ਸਰਬ ਕੁਰਲਾਣ, ਝੋਲੀ ਨਾਮ ਨਾ ਕੋਇ ਭਰਾਈਆ। ਚਾਰੋਂ ਕੁੰਟ ਦਿਸੇ ਵੈਰਾਨ, ਸਾਚਾ ਦਰ ਨਾ ਕੋਇ ਸੁਹਾਈਆ। ਕਲਜੁਗ ਅੰਤਮ ਆਈ ਹਾਣ, ਨਿਉਂ ਨਿਉਂ ਸੀਸ ਨਾ ਕੋਇ ਝੁਕਾਈਆ। ਪਿਤਰ ਬਣ ਬਣ ਬਹਿੰਦੇ ਰਹੇ ਮਹਿਮਾਨ, ਘਰ ਘਰ ਮਹਿਮਾਨੀ ਖਾਈਆ। ਅੰਤਮ ਲੇਖਾ ਲਏ ਹਰਿ ਜੂ ਆਣ, ਲਹਿਣਾ ਕੋਇ ਰਹਿਣ ਨਾ ਪਾਈਆ। ਬਾਲਕ ਫੜੇ ਗਏ ਨਾਦਾਨ, ਨਾ ਚਲੇ ਕੋਇ ਚਤੁਰਾਈਆ। ਪੰਡਤ ਪਾਂਧੇ ਮੁਖ ਛੁਪਾਣ, ਇਸ਼ਟ ਦੇਵ ਨਾ ਕੋਇ ਸਹਾਈਆ। ਸਿਲ ਪੂਜਸ ਹੋਏ ਹੈਰਾਨ, ਪੂਜਾ ਪਾਠ ਮੁਖ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਦਏ ਚੁਕਾਈਆ। ਸੁਰਪਤ ਇੰਦ ਹੋ ਨਿਰਾਸਾ, ਏਕਾ ਧਾਹ ਲਗਾਇੰਦਾ। ਕੋਇ ਨਾ ਦਿਸੇ ਜਿੱਤ ਪਾਸਾ, ਸਗਲਾ ਸੰਗ ਨਾ ਕੋਇ ਰਖਾਇੰਦਾ। ਪੁਰੀ ਇੰਦਰ ਖ਼ਾਲੀ ਕਾਸਾ, ਵਸਤ ਸਚ ਨਾ ਕੋਇ ਵਰਤਾਇੰਦਾ। ਭੋਗ ਬਿਲਾਸ ਕਰਦੇ ਰਹੇ ਹਾਸਾ, ਪੁਰਖ ਅਬਿਨਾਸ਼ੀ ਵੇਖ ਵਖਾਇੰਦਾ । ਅੰਤਮ ਕਰੇ ਆਪ ਸ਼ਨਾਖ਼ਾ, ਸ਼ਖ਼ਸੀਅਤ ਆਪਣੀ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਇੰਦਰ ਨੇਤਰ ਨੀਰ ਵਿਰੋਲ, ਨਿਰਾਕਾਰ ਰਿਹਾ ਧਿਆਈਆ। ਚਾਰ ਜੁਗ ਮੇਰਾ ਵੱਜਾ ਢੋਲ, ਲੋਕਮਾਤ ਮਿਲੀ ਵਡਿਆਈਆ। ਆਪਣਾ ਹੱਟ ਬੈਠਾ ਖੋਲ੍ਹ, ਵਸਤ ਜਗਤ ਵਰਤਾਈਆ। ਤੇਰਾ ਨਾਉਂ ਨਾ ਮੇਰੇ ਕੋਲ, ਅੰਤ ਰਿਹਾ ਪਛਤਾਈਆ। ਮੈਂ ਜਾਤਾ ਤੂੰ ਬਦਲਿਆ ਚੋਲ, ਨਿਰਗੁਣ ਆਪਣਾ ਰੂਪ ਵਟਾਈਆ। ਸਚ ਦੁਆਰਾ ਲਿਆ ਖੋਲ੍ਹ, ਹਰਿਜਨ ਸਾਚੇ ਸੰਗ ਰਖਾਈਆ। ਇਕੋ ਅੱਖਰ ਦਿਤਾ ਬੋਲ, ਆਤਮ ਪਰਮਾਤਮ ਢੋਲਾ ਗਾਈਆ। ਦੋ ਜਹਾਨਾਂ ਬਣ ਵਿਚੋਲ, ਲੋਆਂ ਪੁਰੀਆਂ ਰਿਹਾ ਬਦਲਾਈਆ। ਅਸੀਂ ਤੇਰੇ ਪਿਛੇ ਮਾਰਦੇ ਰਹੇ ਰੋਲ, ਜੀਵ ਜੰਤ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਉਂ ਏਕਾ ਮੰਗ ਮੰਗਾਈਆ। ਏਕਾ ਮੰਗੇ ਮੰਗ ਬਣ ਭਿਖਾਰਾ, ਖ਼ਾਲੀ ਝੋਲੀ ਅੱਗੇ ਡਾਹਿੰਦਾ। ਤੂੰ ਨਿਰਧਨ ਦੇਵੇਂ ਸਦ ਸਹਾਰਾ, ਸਿਰ ਆਪਣਾ ਹੱਥ ਰਖਾਇੰਦਾ। ਮੇਰਾ ਬੇੜਾ ਵਿਚ ਮੰਝਧਾਰਾ, ਪਾਰ ਨਾ ਕੋਇ ਕਰਾਇੰਦਾ। ਕਰੋੜ ਤੇਤੀਸਾ ਨਾਤਾ ਛੁਟਿਆ ਝੂਠੇ ਯਾਰਾ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਚਾਰੋਂ ਕੁੰਟ ਹਾਹਾਕਾਰਾ, ਧੀਰਜ ਧੀਰ ਨਾ ਕੋਇ ਰਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਧ ਬਿਨ ਅਵਰ ਨਾ ਕੋਇ ਬਚਾਇੰਦਾ। ਤੁਧ ਬਿਨ ਅਵਰ ਨਾ ਕੋਇ ਸਹਾਰਾ, ਸਹਾਇਕ ਨਜ਼ਰ ਕੋਇ ਨਾ ਆਇੰਦਾ। ਮੇਰੀ ਨੱਯਾ ਤੇਰਾ ਕਿਨਾਰਾ, ਤੁਧ ਬਿਨ ਪਾਰ ਨਾ ਕੋਇ ਵਖਾਇੰਦਾ। ਮੈਂ ਭੁੱਲਾ ਸਦਾ ਅਵਗੁਣਹਾਰਾ, ਤੂੰ ਬਖ਼ਸ਼ੰਦ ਸਦਾ ਅਖਵਾਇੰਦਾ। ਭੁੱਲ ਆਏ ਤੇਰੇ ਦੁਆਰਾ, ਆਪਣੀ ਭੁੱਲ ਬਖ਼ਸ਼ਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਜਣਾਇੰਦਾ। ਸੁਣ ਧਾਰ ਹਰਿ ਨਿਰੰਕਾਰ, ਏਕਾ ਵਾਰ ਜਣਾਈਆ। ਇੰਦਰ ਤੇਰੀ ਸੁਣ ਪੁਕਾਰ, ਪ੍ਰਭ ਆਪਣਾ ਰਾਹ ਵਖਾਈਆ। ਨਿਰਗੁਣ ਜੋਤ ਕਰੇ ਉਜਿਆਰ, ਲੋਕਮਾਤ ਵਡੀ ਵਡਿਆਈਆ। ਸੇਵਕ ਬਣ ਅਗੰਮ ਅਪਾਰ, ਜਨ ਭਗਤਾਂ ਸੇਵ ਕਮਾਈਆ। ਜੁਗ ਚੌਕੜੀ ਵੇਖ ਵਿਚਾਰ, ਕਲਜੁਗ ਅੰਤਮ ਖ਼ੁਸ਼ੀ ਮਨਾਈਆ। ਸਾਚਾ ਬੰਕ ਕਰ ਤਿਆਰ, ਰਾਉ ਰੰਕ ਦਏ ਵਡਿਆਈਆ। ਏਕਾ ਡੰਕ ਵੱਜੇ ਸੰਸਾਰ, ਚਾਰ ਵਰਨ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਦਏ ਸੁਣਾਈਆ। ਸਚ ਸੰਦੇਸ਼ਾ ਹਰਿ ਨਿਰੰਕਾਰ, ਸ਼ਬਦੀ ਸ਼ਬਦ ਸੁਣਾਇਆ। ਅੰਤਮ ਤੇਰਾ ਲਹਿਣਾ ਦਏ ਨਿਵਾਰ, ਦੇਣਾ ਕੋਇ ਨਜ਼ਰ ਨਾ ਆਇਆ। ਤੇਰਾ ਵੇਖੇ ਸਚ ਦੁਆਰ, ਦਰ ਦਰਵਾਜ਼ਾ ਆਪ ਖੁਲ੍ਹਾਇਆ। ਬਾਹੋਂ ਪਕੜ ਦਏ ਉਤਾਰ, ਤੇਰਾ ਪੰਧ ਮੁਕਾਇਆ। ਕਰੇ ਖੇਲ ਆਪ ਕਰਤਾਰ, ਕਰਤਾ ਪੁਰਖ ਵੇਖ ਵਖਾਇਆ। ਛੋਟੇ ਬਾਲੇ ਕਰ ਪਿਆਰ, ਸਾਚਾ ਮਾਰਗ ਦਏ ਜਣਾਇਆ। ਤਖ਼ਤ ਬਹਾਏ ਆਪ ਨਿਰੰਕਾਰ, ਸਿਰ ਆਪਣਾ ਹੱਥ ਟਿਕਾਇਆ। ਕਰੋੜ ਛਿਆਨਵੇਂ ਸੇਵਾਦਾਰ, ਅੰਮ੍ਰਿਤ ਧਾਰ ਚੁਆਇਆ। ਕਰੋੜ ਤੇਤੀਸਾ ਜਾਏ ਹਾਰ, ਲੱਖ ਚੁਰਾਸੀ ਵਿਚ ਭੁਵਾਇਆ। ਜਨਮ ਲਏ ਵਿਚ ਸੰਸਾਰ, ਮਾਤ ਗਰਭ ਆਪ ਫਿਰਾਇਆ। ਨਾ ਕੋਈ ਮੇਟੇ ਮੇਟਣਹਾਰ, ਲਿਖਿਆ ਲੇਖ ਨਾ ਕੋਇ ਗਵਾਇਆ। ਜੁਗ ਜੁਗ ਕਰਦਾ ਆਇਆ ਕਾਰ, ਕਰਤਾ ਪੁਰਖ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਬੇਪਰਵਾਹ ਸ਼ਬਦ ਜਣਾਇਆ, ਏਕਾ ਧਾਰ ਸਮਝਾਈਆ। ਕਰੋੜ ਤਤੀਸਾ ਰਹਿਣ ਨਾ ਪਾਇਆ, ਸੁਰਪਤ ਇੰਦ ਨਾਲ ਮਿਲਾਈਆ। ਲੋਕਮਾਤ ਜਨਮ ਦਵਾਇਆ, ਮਾਤ ਗਰਭ ਫਿਰਾਈਆ। ਅੰਤਮ ਲੇਖਾ ਆਪਣੇ ਹੱਥ ਰਖਾਇਆ, ਦੂਸਰ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਈਆ। ਏਕਾ ਸੁਣਿਆ ਹਰਿ ਫ਼ਰਮਾਨਾ, ਚਿੰਤਾਵਾਨ ਇੰਦ। ਹੁਕਮ ਦੇਵੇ ਸ਼ਾਹ ਸੁਲਤਾਨਾ, ਗਹਿਰ ਗੰਭੀਰ ਗੁਣੀ ਗਹਿੰਦ। ਕਰੋੜ ਤਤੀਸਾ ਟੁੱਟਾ ਮਾਣਾ, ਮਾਣ ਟੁੱਟਾ ਸੁਰਪਤ ਇੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਹਿਬ ਬਖ਼ਸ਼ਿੰਦ। ਬਖ਼ਸ਼ਣਹਾਰਾ ਹਰਿ ਗੋਪਾਲਾ, ਆਦਿ ਜੁਗਾਦਿ ਸਮਾਇਆ। ਜੁਗਾ ਜੁਗੰਤਰ ਖੇਲ ਨਿਰਾਲਾ, ਨਿਰਗੁਣ ਸਰਗੁਣ ਵੇਖ ਵਖਾਇਆ। ਲੱਖ ਚੁਰਾਸੀ ਕਰੇ ਪ੍ਰਿਤਪਾਲਾ, ਅਵਣ ਗਵਣ ਫੇਰਾ ਪਾਇਆ। ਵਿਸ਼ਨ ਬ੍ਰਹਮਾ ਸ਼ਿਵ ਦੱਸੇ ਰਾਹ ਸੁਖਾਲਾ, ਆਪ ਆਪਣਾ ਨਾਉਂ ਜਪਾਇਆ। ਸੁਰਪਤ ਹੋਇਆ ਅੰਤ ਬੇਹਾਲਾ, ਨੇਤਰ ਨੈਣ ਨਾ ਸਕੇ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਮਾਇਆ। ਸੁਰਪਤ ਇੰਦ ਕਰ ਵਿਚਾਰ, ਇਕ ਧਿਆਨ ਲਗਾਈਆ। ਕਿਰਪਾ ਕਰ ਮੇਰੀ ਸਰਕਾਰ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਮੈਂ ਭਿੱਖਕ ਖੜਾ ਦੁਆਰ, ਏਕਾ ਭਿਛਿਆ ਮੰਗ ਮੰਗਾਈਆ। ਰੰਗ ਮਾਣਿਆ ਅਪਰ ਅਪਾਰ, ਰੰਗ ਰਾਗ ਵਿਚ ਸਮਾਈਆ। ਏਕਾ ਵਿਸਰਿਆ ਮੀਤ ਮੁਰਾਰ, ਜਿਤ ਵਿਸਰਿਆ ਥਾਉਂ ਕੋਇ ਨਜ਼ਰ ਨਾ ਆਈਆ। ਪੁਰੀ ਇੰਦਰ ਹੋਈ ਖੁਵਾਰ, ਤੇਰੀ ਖ਼ਬਰ ਨਾ ਕੋਇ ਸੁਣਾਈਆ। ਮੈਂ ਆਪਣਾ ਆਪ ਗਿਆ ਹਾਰ, ਤੇਰੀ ਸਾਰ ਕਦੇ ਨਾ ਪਾਈਆ। ਤੂੰ ਸਾਹਿਬ ਡੁੱਬਦੇ ਪਾਥਰ ਲਵੇਂ ਤਾਰ, ਹੱਥ ਤੇਰੇ ਵਡਿਆਈਆ। ਮੈਂ ਅਪਰਾਧੀ ਗੁਨਾਹਗਾਰ, ਮੂਰਖ ਮੁਗਧ ਨਾ ਕੋਇ ਚਤੁਰਾਈਆ । ਇਕ ਬਲਾਸ ਕਰ ਪਿਆਰ, ਹਾਸ ਰਾਸ ਸਮਾਈਆ। ਤੁਧ ਬਿਨ ਸਾਰੇ ਹੋਏ ਛਾਰ, ਅੰਤ ਸੰਗ ਨਾ ਕੋਇ ਨਿਭਾਈਆ। ਪਤ ਨਾ ਦਿਸੇ ਕਿਸੇ ਡਾਲ, ਕਲੀ ਕਲੀ ਰਹੀ ਕੁਮਲਾਈਆ। ਪੁਰੀ ਇੰਦ ਨਾ ਕੋਇ ਬਹਾਰ, ਪਤਝੜ ਆਪਣਾ ਰੰਗ ਵਟਾਈਆ। ਤੁਧ ਬਿਨ ਕੋਇ ਨਾ ਵਖਾਏ ਸੱਚੀ ਗੁਲਜ਼ਾਰ, ਗੁਲਸ਼ਨ ਰੂਪ ਨਾ ਕੋਇ ਵਟਾਈਆ। ਬੁਲਬੁਲ ਰੋਵੇ ਜ਼ਾਰੋ ਜ਼ਾਰ, ਕਹਿਕਹਾ ਨਾ ਕੋਇ ਲਗਾਈਆ। ਅੰਤਮ ਦਿਸਿਆ ਕੰਡਾ ਖਾਰ, ਸਾਚੀ ਮਹਿਕ ਨਾ ਕੋਇ ਮਹਿਕਾਈਆ। ਤੂੰ ਸੁਤਿਆਂ ਮਾਰੀ ਮਾਰ, ਨੇਤਰ ਨੈਣ ਨਾ ਸਕਿਆ ਕੋਈ ਉਠਾਈਆ। ਨਿਰਗੁਣ ਮਾਤ ਲੈ ਅਵਤਾਰ, ਮੇਰੀ ਮੰਨਤ ਗਵਾਈਆ। ਛੋਟਾ ਬਾਲਾ ਕਰ ਤਿਆਰ, ਸਾਚੇ ਘੋੜੇ ਦਿਤਾ ਚੜ੍ਹਾਈਆ। ਪੁਰੀ ਇੰਦ ਵੜਿਆ ਸ਼ਾਹ ਸਵਾਰ, ਆਪਣਾ ਫੇਰਾ ਪਾਈਆ। ਏਕਾ ਬੋਲ ਸੋਹੰ ਜੈਕਾਰ, ਮੇਰੀ ਸ਼ਕਤੀ ਖਿਚ ਵਖਾਈਆ। ਮੇਰੀ ਭਗਤੀ ਕਿਸੇ ਨਾ ਆਈ ਕਾਰ, ਤੁਧ ਬਿਨ ਨਾ ਕੋਇ ਵਡਿਆਈਆ। ਮੈਂ ਨੇਤਰ ਨੈਣ ਨਾ ਸਕਾਂ ਉਠਾਲ, ਮੇਰੇ ਨੈਣ ਰਹੇ ਸ਼ਰਮਾਈਆ। ਤੂੰ ਛੋਟੇ ਬਾਲੇ ਦਿਤੇ ਸਖਾਲ, ਮੈਂ ਬਿਰਧ ਤੇਰੀ ਸਾਰ ਨਾ ਪਾਈਆ। ਤੁਧ ਬਿਨ ਸ਼ਾਹ ਹੋਇਆ ਕੰਗਾਲ, ਚਾਰੋਂ ਕੁੰਟ ਦਿਆਂ ਦੁਹਾਈਆ। ਅੰਤਮ ਮੇਰਾ ਮੰਨ ਇਕ ਸਵਾਲ, ਤੇਰੀ ਹੋਏ ਨਾ ਕਦੇ ਜੁਦਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਹੱਥ ਵਡੀ ਵਡਿਆਈਆ। ਸਾਚਾ ਮਾਰਗ ਹਰਿ ਜੂ ਦੱਸੇ, ਆਪਣੀ ਖ਼ੁਸ਼ੀ ਮਨਾਇੰਦਾ। ਸਚਖੰਡ ਨਿਵਾਸੀ ਸਚ ਘਰ ਬਹਿ ਬਹਿ ਹੱਸੇ, ਆਪਣਾ ਰੰਗ ਵਖਾਇੰਦਾ। ਸੁਰਪਤ ਇੰਦ ਕਰੋੜ ਤਤੀਸਾ ਚਾਰੋਂ ਕੁੰਟ ਨੱਸੇ, ਨੱਸ ਨੱਸ ਪੰਧ ਨਾ ਕੋਇ ਮੁਕਾਇੰਦਾ। ਆਪਣੀ ਕਰਨੀ ਆਪੇ ਫਸੇ, ਨਾ ਕੋਈ ਫੰਦ ਤੋੜ ਤੁੜਾਇੰਦਾ। ਨਿਰਬਲ ਹੋ ਹੋ ਆਪੇ ਢੱਠੇ, ਸਾਚਾ ਬਲ ਨਾ ਕੋਇ ਜਣਾਇੰਦਾ। ਇਕੋ ਵਾਰ ਹੋਏ ਇਕੱਠੇ, ਏਕਾ ਤੰਦ ਬੰਧਾਇੰਦਾ। ਬਿਨ ਮਾਰਿਆਂ ਆਪਣੇ ਸੱਥਰ ਲੱਥੇ, ਸੱਥਰ ਹੇਠ ਨਾ ਕੋਇ ਵਛਾਇੰਦਾ। ਅੰਤ ਪੱਤ ਨਾ ਕੋਈ ਰੱਖੇ, ਸਿਰ ਹੱਥ ਨਾ ਕੋਇ ਟਿਕਾਇੰਦਾ। ਫੜ ਫੜ ਪੱਥਰ ਦੀਵਾਰਾਂ ਉਪਰ ਰੱਖੇ, ਕਰੋੜ ਤਤੀਸ ਸਰਬ ਮਨਾਇੰਦਾ। ਅੰਤਮ ਮੁਲ ਨਾ ਪਿਆ ਕੌਡੀ ਘੱਟੇ, ਕੀਮਤ ਕਰਤਾ ਨਾ ਕੋਇ ਵਖਾਇੰਦਾ । ਦਮੜੀ ਦਮ ਨਾ ਕੋਇ ਵੱਟੇ, ਸਾਚੇ ਹੱਟ ਨਾ ਕੋਇ ਵਿਕਾਇੰਦਾ। ਇਕ ਸਿੱਖ ਦੇ ਸਾਰੇ ਬਣਾਏ ਪੱਠੇ, ਕਰੋੜ ਤਤੀਸਾ ਅੱਗੇ ਲਾਇੰਦਾ। ਰਿੜਦੇ ਆਵਣ ਅੱਗੇ ਪਿੱਛੇ ਵੱਟੇ, ਠਾਕਰ ਵੱਟਿਆਂ ਨਾਲ ਖੇਲ ਕਰਾਇੰਦਾ। ਅੰਤਮ ਪਾਏ ਆਪਣੇ ਭੱਠੇ, ਅਗਨੀ ਏਕਾ ਜੋਤ ਲਗਾਇੰਦਾ। ਮਾਤ ਗਰਭ ਵਿਚ ਆਪੇ ਸੱਟੇ, ਦਸ ਦਸ ਮਾਸ ਅਗਨ ਤਪਾਇੰਦਾ। ਨਾਤਾ ਜੋੜ ਬੂੰਦ ਰੱਤੇ, ਰਕਤ ਆਪਣਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਮਾਇੰਦਾ। ਇੰਦਰ ਸੁਣਿਆ ਹਰਿ ਫ਼ਰਮਾਣਾ, ਹਰਿ ਜੂ ਹਰਿ ਜਣਾਇਆ। ਚਰਨ ਧਿਆਨ ਲਗਾਏ ਬਣ ਨਿਮਾਣਾ, ਨਿਉਂ ਨਿਉਂ ਸੀਸ ਝੁਕਾਇਆ। ਤੂੰ ਸ਼ਾਹ ਪਾਤਸ਼ਾਹ ਸੱਚਾ ਰਾਣਾ, ਹਉਂ ਸੇਵਕ ਸੇਵ ਕਮਾਇਆ। ਆਦਿ ਜੁਗਾਦੀ ਤੇਰੀ ਆਣਾ, ਭੁੱਲ ਕਦੇ ਨਾ ਜਾਇਆ। ਅੰਤਮ ਦੱਸ ਸਚ ਟਿਕਾਣਾ, ਏਕਾ ਰਾਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਸਮਝਾਇਆ। ਹਰਿ ਸਮਝਾਏ ਆਪਣਾ ਗੁਣ, ਏਕਾ ਏਕ ਜਣਾਈਆ। ਹਰਿ ਕਾ ਭੇਵ ਜਾਣੇ ਕਵਣ, ਜੁਗ ਜੁਗ ਵਡੀ ਵਡਿਆਈਆ। ਲੱਖ ਚੁਰਾਸੀ ਵਿਚੋਂ ਚੁਣ, ਹਰਿਜਨ ਸਾਚੇ ਅੰਤ ਪਰਗਟਾਈਆ। ਛੱਤੀ ਜੁਗ ਦੀ ਪੁਕਾਰ ਸੁਣ, ਭਗਤ ਭਗਵੰਤ ਲਏ ਉਠਾਈਆ। ਜੀਵ ਜੰਤ ਛਾਣ ਪੁਣ, ਹਰਿਜਨ ਸਾਚੇ ਬਾਹਰ ਕਢਾਈਆ। ਇਕ ਸੁਣਾਏ ਨਾਦ ਧੁਨ, ਧੁਨ ਆਤਮਕ ਆਪ ਵਜਾਈਆ। ਜਿਉਂ ਕਬੀਰ ਜੁਲਾਹਾ ਤਾਣਾ ਪੇਟਾ ਰਿਹਾ ਬੁਣ, ਤਿਉਂ ਗੁਰਮੁਖ ਗੁਰ ਗੁਰ ਸੇਵ ਕਮਾਈਆ। ਦਰਸ ਦਖਾਏ ਫੁਨ ਫੁਨ, ਆਪ ਆਪਣੀ ਦਇਆ ਕਮਾਈਆ। ਆਪੇ ਸਰਗੁਣ ਆਪੇ ਨਿਰਗੁਣ, ਨਿਰਾਕਾਰ ਆਪ ਹੋ ਜਾਈਆ। ਸਭ ਦੀ ਚੋਟੀ ਦੇਵੇ ਮੁੰਨ, ਮੀਂਢੀ ਸੀਸ ਨਾ ਕੋਇ ਗੁੰਦਾਈਆ। ਭੇਡਾਂ ਵਾਂਗ ਲਾਹੇ ਉਨ, ਦੇਵੇ ਅੰਤ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਈਆ। ਆਪਣਾ ਭੇਵ ਹਰਿ ਜੂ ਖੋਲ੍ਹ, ਏਕਾ ਵਾਰ ਸੁਣਾਇੰਦਾ। ਭਗਤਾਂ ਵਸੇ ਭਗਵੰਤ ਕੋਲ, ਵਿਛੜ ਕਦੇ ਨਾ ਜਾਇੰਦਾ। ਕਲਜੁਗ ਅੰਤਮ ਗਿਆ ਮੌਲ, ਨਿਰਗੁਣ ਸਰਗੁਣ ਵਿਚ ਸਮਾਇੰਦਾ। ਸੁਰਪਤ ਤੇਰੇ ਕੋਲੋਂ ਰੱਖੇ ਉਹਲ, ਨੇਤਰ ਨੈਣ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਸਮਝਾਇੰਦਾ। ਸਾਚਾ ਰਾਹ ਦੱਸੇ ਹਰਿ, ਹਰਿ ਆਪਣਾ ਭੇਵ ਛੁਪਾਇਆ। ਹਰਿਭਗਤਾਂ ਦੇ ਜਾਣਾ ਦਰ, ਦਰ ਦੁਆਰਾ ਦਏ ਵਖਾਇਆ। ਤੇਰੀ ਬਾਂਹ ਲੈਣ ਫੜ, ਸਿਰ ਤੇਰੇ ਹੱਥ ਟਿਕਾਇਆ। ਮੈਂ ਭਗਤਾਂ ਕੋਲੋਂ ਰਿਹਾ ਡਰ, ਬੈਠਾ ਮੁਖ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਦਏ ਵਖਾਇਆ। ਇੰਦਰ ਬੈਠੇ ਸੀਸ ਝੁਕਾ, ਏਕਾ ਮੰਗ ਮੰਗਾਈਆ। ਭਗਤਾਂ ਰਾਹ ਦੇ ਸਮਝਾ, ਕਵਣ ਦੁਆਰੇ ਫੇਰਾ ਪਾਈਆ। ਪੁਰਖ ਅਬਿਨਾਸ਼ੀ ਰਿਹਾ ਜਣਾ, ਏਕਾ ਗੁਣ ਵਖਾਈਆ। ਜਿਨ੍ਹਾਂ ਮਿਲਿਆ ਬੇਪਰਵਾਹ, ਸੋ ਭਗਤ ਮਾਤ ਹੋ ਜਾਈਆ। ਜਿਸ ਦੁਆਰੇ ਸੇਵਾ ਰਿਹਾ ਕਮਾ, ਸੋ ਦੁਵਾਰਾ ਸੋਭਾ ਪਾਈਆ। ਭਗਤਾਂ ਅੰਦਰ ਰਿਹਾ ਸਮਾ, ਆਪ ਆਪਣਾ ਆਸਣ ਲਾਈਆ। ਮੈਨੂੰ ਮਿਲਣ ਦਾ ਜੇ ਮਨ ਚਾਅ, ਪਹਿਲਾਂ ਭਗਤਾਂ ਕੋਲ ਫੇਰਾ ਪਾਈਆ। ਜੇ ਤੈਨੂੰ ਨਾਲ ਲੈਣ ਰਲਾ, ਸਮਝਣ ਆਪਣਾ ਭਾਈਆ। ਫੇਰ ਸਿਖਿਆ ਦੇਣ ਸਮਝਾ, ਏਕਾ ਢੋਲਾ ਗਾਈਆ। ਸੋਹੰ ਅੱਖਰ ਦੇਣ ਪੜ੍ਹਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਆਪ ਵਡਿਆਈਆ। ਕਵਣ ਕੂਟ ਜਾਵਾਂ ਨੱਸ, ਲੋਕਮਾਤ ਰਾਹ ਤਕਾਇਆ। ਤੇਰੀ ਮਾਇਆ ਵਿਚ ਨਾ ਜਾਵਾਂ ਫਸ, ਬੇਅੰਤ ਤੇਰੀ ਵਡਿਆਇਆ। ਮੇਰੀ ਪੂਰੀ ਕਰਨੀ ਆਸ, ਮੈਂ ਇਕੋ ਆਸ ਰਖਾਇਆ। ਤੇਰੇ ਭਗਤਾਂ ਹੋਵਾਂ ਦਾਸ, ਦਰ ਆਪਣਾ ਸੀਸ ਝੁਕਾਇਆ। ਮੇਰੀ ਕਰਨ ਬੰਦ ਖ਼ੁਲਾਸ, ਤੇਰੇ ਨਾਲ ਲੈਣ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਧਾਮ ਦਏ ਸਮਝਾਇਆ। ਸਾਚਾ ਧਾਮ ਲੋਕਮਾਤ, ਨਿਰਗੁਣ ਆਪ ਜਣਾਈਆ। ਜਿਥੇ ਲੇਖਾ ਲਿਖੇ ਬਿਨ ਕਲਮ ਦਵਾਤ, ਸੰਗ ਰੱਖੇ ਨਾ ਕੋਇ ਸ਼ਾਹੀਆ। ਸੋ ਸਾਹਿਬ ਕਮਲਾਪਾਤ, ਜਨ ਭਗਤਾਂ ਦਏ ਵਡਿਆਈਆ। ਨੇਤਰ ਲੋਚਣ ਨੈਣ ਖੋਲ੍ਹ ਲੈਣਾ ਝਾਕ, ਝਾਕੀ ਏਕਾ ਵਾਰ ਝਲਕ ਵਖਾਈਆ। ਬਾਹਰੋਂ ਦਿਸੇ ਤਨ ਖ਼ਾਕ, ਅੰਦਰ ਵਸੇ ਬੇਪਰਵਾਹੀਆ । ਜਿਸ ਨੂੰ ਗੋਬਿੰਦ ਮੰਨਿਆ ਸੱਚਾ ਸੱਜਣ ਸਾਕ, ਪੁਰਖ ਅਕਾਲ ਵੇਸ ਵਟਾਈਆ। ਜਿਸ ਖੁਲ੍ਹਾਇਆ ਤੇਰਾ ਹਾਟ, ਵੇਲੇ ਅੰਤ ਬੰਦ ਕਰਾਈਆ। ਅੰਤ ਵਖਾਏ ਆਪਣਾ ਘਾਟ, ਪੱਤਣ ਬੈਠਾ ਸੱਚਾ ਮਾਹੀਆ। ਜਨ ਭਗਤਾਂ ਦੇਵੇ ਦਾਤ, ਅਨਮੁਲੜੀ ਆਪ ਵਰਤਾਈਆ। ਤੂੰ ਵੀ ਮਿਲਣਾ ਓਸ ਜਮਾਤ, ਪ੍ਰਭ ਮਿਲਣ ਦੀ ਆਸ ਜੇ ਤਕਾਈਆ। ਬਿਨ ਭਗਤਾਂ ਪੁੱਛੇ ਨਾ ਕਿਸੇ ਦੀ ਵਾਤ, ਕੋਟਨ ਕੋਟ ਬੈਠੇ ਰਾਹ ਤਕਾਈਆ। ਕਲਜੁਗ ਰੈਣ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਸਮਝਾਈਆ। ਸਾਚੇ ਰਾਹ ਸਾਚਾ ਪੰਧ, ਹਰਿ ਪਾਂਧੀ ਆਪ ਜਣਾਇੰਦਾ। ਇਕੋ ਗੀਤ ਗੌਣਾ ਛੰਦ, ਗੀਤ ਸੁਹਾਗੀ ਆਪ ਸੁਣਾਇੰਦਾ। ਭਗਤਾਂ ਅੰਤਮ ਇਕ ਅਨੰਦ, ਅਨੰਦ ਅਨੰਦ ਵਖਾਇੰਦਾ। ਟੁੱਟੀ ਦੇਵੇ ਗੰਢ, ਗੰਢਣਹਾਰਾ ਆਪ ਹੋ ਜਾਇੰਦਾ। ਲੱਖ ਚੁਰਾਸੀ ਸੁੱਤਾ ਦੇ ਕਰ ਕੰਡ, ਗੁਰਮੁਖ ਵਿਰਲੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਆਪ ਸਮਝਾਇੰਦਾ। ਸਾਚਾ ਘਰ ਵੇਖਣਾ ਜਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਅੱਠੇ ਪਹਿਰ ਗੁਰਮੁਖਾਂ ਮਿਲਣ ਦਾ ਰੱਖੇ ਚਾਅ, ਚਾਲ ਨਿਰਾਲੀ ਇਕ ਰਖਾਈਆ। ਨਿਰਗੁਣ ਬਣ ਬਣ ਸੇਵ ਰਿਹਾ ਕਮਾ, ਸਾਚੀ ਸੇਵਾ ਸੀਸ ਉਠਾਈਆ। ਭਗਤ ਦੁਆਰਾ ਰਿਹਾ ਬਣਾ, ਸਤਿਜੁਗ ਸਾਚਾ ਰਾਹ ਚਲਾਈਆ। ਡੁੱਬਦੇ ਪਾਥਰ ਰਿਹਾ ਤਰਾ, ਜੋ ਚਰਨ ਆਏ ਸਰਨਾਈਆ। ਏਕਾ ਦੇਵੇ ਨਾਮ ਸਲਾਹ, ਸਲਾਹਗੀਰ ਨਾਲ ਮਿਲਾਈਆ। ਰਹਿਮਤ ਕਰੇ ਆਪ ਖ਼ੁਦਾ, ਖ਼ੁਦੀ ਤਕੱਬਰ ਸਰਬ ਮਿਟਾਈਆ। ਸਾਬਰ ਸਬਰ ਦਏ ਮੁਕਾ, ਸਬੂਰੀ ਆਪਣੀ ਇਕ ਬੰਧਾਈਆ। ਜ਼ੇਰ ਜ਼ਬਰ ਦਏ ਮਿਟਾ, ਨੁਕਤਾ ਕੋਈ ਰਹਿਣ ਨਾ ਪਾਈਆ। ਬੇਖ਼ਬਰ ਖ਼ਬਰ ਲਏ ਆ, ਆਪ ਆਪਣਾ ਫੇਰਾ ਪਾਈਆ। ਭਗਤ ਦੁਆਰਾ ਰਿਹਾ ਸੁਹਾ, ਤਿੰਨਾਂ ਲੋਕਾਂ ਮਾਣ ਚੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਦਏ ਉਠਾ, ਸੁਰਪਤ ਰਾਜਾ ਇੰਦ ਨਾਲ ਮਿਲਾਈਆ। ਆਪਣੀ ਹੱਥੀਂ ਕਰੇ ਸਫਾ, ਸਫ਼ਾ ਸਭ ਦੀ ਸੀਸ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਬਣ ਬੇਵਫਾ, ਵਫਾਤ ਸਭ ਦੀ ਦਏ ਕਰਾਈਆ। ਕਰੇ ਵਫਾਤ ਪੜ੍ਹੇ ਫਾਤਾ, ਫਤਹਿ ਆਪਣਾ ਡੰਕ ਵਜਾਈਆ। ਛੱਤੀ ਜੁਗ ਕਰਦਾ ਰਿਹਾ ਖੇਲ ਤਮਾਸ਼ਾ, ਭੇਵ ਕੋਈ ਨਾ ਆਈਆ। ਕਲਜੁਗ ਅੰਤਮ ਜਨ ਭਗਤਾਂ ਦਿਤਾ ਸੱਚਾ ਸਾਥਾ, ਸਗਲਾ ਸੰਗ ਆਪ ਹੋ ਆਈਆ। ਛੱਤੀ ਜੁਗ ਦਾ ਵੰਡਿਆ ਇਕ ਅਹਾਤਾ, ਚਾਰ ਕੁੰਟ ਲਕੀਰ ਲਗਾਈਆ। ਅੰਦਰ ਬਹਿ ਬਹਿ ਦੇਵੇ ਦਾਤਾ, ਦੇਂਦਿਆਂ ਤੋਟ ਨਾ ਰਾਈਆ। ਸਚ ਸਮੱਗਰੀ ਭਰੇ ਖ਼ਾਤਾ, ਜਗਤ ਸ਼ਾਹ ਰਹੇ ਕੁਰਲਾਈਆ। ਬਹੱਤਰ ਭਗਤ ਪੰਜ ਤੱਤ ਕਾਇਆ ਬਹੱਤਰ ਨਾੜੀ ਫੁਟੀਆਂ ਸ਼ਾਖ਼ਾਂ, ਨਿਰਗੁਣ ਸਰਗੁਣ ਗੁਰ ਗੁਰ ਰੂਪ ਵਟਾਈਆ। ਨਿਰਗੁਣ ਸਰਗੁਣ ਨਾਤਾ ਤੋੜ ਜਾਤਾਂ ਪਾਤਾਂ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਸਾਲਾਹੀਆ। ਹਰਿਜਨ ਵਸੇ ਸਦਾ ਸੰਗ, ਸਗਲਾ ਸੰਗ ਨਿਭਾਇਆ। ਆਤਮ ਸੇਜਾ ਇਕ ਪਲੰਘ, ਨੂਰੀ ਸੇਜ ਹੰਢਾਇਆ। ਸ਼ਬਦ ਅਨਾਦੀ ਨਾਦ ਮਰਦੰਗ, ਬਿਨ ਮਰਦੰਗਾ ਆਪ ਵਜਾਇਆ। ਸਾਚੇ ਗ੍ਰਹਿ ਆਪੇ ਲੰਘ, ਬਹਿ ਬਹਿ ਆਪਣਾ ਹਾਲ ਸੁਣਾਇਆ। ਕਰ ਦਰਸ ਆਪਣਾ ਜਾਣੇ ਪਰਮਾਨੰਦ, ਅਨੰਦ ਅਨੰਦ ਵਿਚ ਰਖਾਇਆ। ਭਗਤਾਂ ਗਾਏ ਸਾਚੇ ਛੰਦ, ਆਪਣਾ ਸੋਹਲਾ ਨਾਲ ਗਾਇਆ। ਬਿਨ ਭਗਤਾਂ ਹੋਏ ਰੰਡ, ਹਰਿ ਜੂ ਕੰਮ ਕਿਸੇ ਨਾ ਆਇਆ। ਉਠ ਵੇਖ ਸੁਰਪਤ ਇੰਦ, ਹਰਿ ਜੂ ਅਚਰਜ ਖੇਲ ਵਰਤਾਇਆ। ਗੁਰਮੁਖ ਬਣਾਏ ਆਪਣੀ ਬਿੰਦ, ਆਪ ਆਪਣੀ ਗੋਦ ਉਠਾਇਆ। ਏਥੇ ਓਥੇ ਹਰਖ ਸੋਗ ਨਾ ਕੋਈ ਚਿੰਦ, ਚਿੰਤਾ ਚਿਖਾ ਨਾ ਕੋਇ ਜਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਹਿਜ ਸੁਭਾਇਆ। ਭਗਤਨ ਮੇਲਾ ਸਾਚੇ ਘਰ, ਹਰਿ ਸਾਚਾ ਆਪ ਕਰਾਈਆ। ਸੁਰਪਤ ਰਾਜਾ ਇੰਦ ਰਿਹਾ ਡਰ, ਮੇਰੀ ਹੋਣੀ ਅੰਤ ਜੁਦਾਈਆ। ਸ਼ੰਕਰ ਸੀਸ ਚਰਨਾਂ ਰਿਹਾ ਧਰ, ਗਲ ਪੱਲੂ ਏਕਾ ਪਾਈਆ। ਬ੍ਰਹਮਾ ਮੰਗੇ ਇਕੋ ਵਰ, ਚਰਨ ਸ਼ਰਨ ਮਿਲੇ ਸ਼ਰਨਾਈਆ। ਸ਼ੰਕਰ ਅੱਗੇ ਰਿਹਾ ਖੜ, ਸੰਸਾ ਰੋਗ ਨਾਲ ਰਲਾਈਆ। ਮੈਂ ਤੇਰੀ ਸੇਵਾ ਰਿਹਾ ਕਰ, ਤੂੰ ਸਾਚੀ ਸੇਵ ਲਗਾਈਆ। ਪੁਰਖ ਅਬਿਨਾਸ਼ੀ ਨਿਰਭੌ ਵਖਾਏ ਡਰ, ਭੈ ਆਪਣਾ ਇਕ ਜਣਾਈਆ। ਜੋ ਉਪਜੇ ਸੋ ਜਾਏ ਹਰ, ਹਰਿ ਸਭ ਨੂੰ ਜਾਏ ਖਾਈਆ। ਜੁਗ ਚੌਕੜੀ ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੀਰ ਪੈਗ਼ੰਬਰ ਖਾ, ਹਰਿ ਜੂ ਅਜੇ ਸਾਂਤ ਨਾ ਆਈਆ। ਜਿਉਂ ਭਾਵੇ ਤਿਉਂ ਲਏ ਚਲਾ, ਫੜ ਫੜ ਆਪ ਪਰਗਟਾਈਆ। ਨਿਰਗੁਣ ਬਣ ਬਣ ਦਏ ਸਲਾਹ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਵੇ ਰਾਹ, ਬ੍ਰਹਮ ਆਪਣਾ ਨਾਉਂ ਧਰਾਈਆ। ਕੋਟਨ ਕੋਟ ਰਵ ਸਸ ਚਮਕਾ, ਅੰਤ ਚਾਂਦਨਾ ਦਏ ਖਪਾਈਆ। ਕੋਟਨ ਕੋਟ ਬ੍ਰਹਿਮੰਡ ਖੰਡ ਪ੍ਰਗਟਾ, ਅੰਤ ਕਰੇ ਸਫਾਈਆ। ਕੋਟਨ ਕੋਟ ਗਗਨ ਮੰਡਲ ਸੁਹਾ, ਅੰਤਮ ਸਭ ਦਾ ਲੇਖ ਚੁਕਾਈਆ। ਇਕੋ ਭਗਤ ਮਿਲਣ ਦਾ ਰੱਖੇ ਚਾ, ਦੂਜੀ ਪ੍ਰੀਤ ਨਾ ਕਿਸੇ ਲਗਾਈਆ। ਬੇਪ੍ਰੀਤ ਬਣਿਆ ਰਹੇ ਬੇਪਰਵਾਹ, ਜੋ ਘੜਿਆ ਭੰਨ ਵਖਾਈਆ। ਜਨ ਭਗਤਾਂ ਗੀਤ ਰਿਹਾ ਗਾ, ਆਪਣਾ ਢੋਲਾ ਆਪ ਸੁਣਾਈਆ। ਸਤਿਜੁਗ ਸਾਚੀ ਰੀਤ ਰਿਹਾ ਚਲਾ, ਚਿਲ੍ਹਾ ਫੜਿਆ ਹੱਥ ਸੱਚੇ ਸ਼ਹਿਨਸ਼ਾਹੀਆ। ਇਕੋ ਕਮਾਨ ਰਿਹਾ ਖਿਚਾ, ਖਿਚ ਦੋ ਜਹਾਨ ਲਗਾਈਆ। ਆਪਣਾ ਆਪ ਨਾ ਸਕੇ ਕੋਈ ਬਚਾ, ਵਿਸ਼ਨ ਬ੍ਰਹਮਾ ਸ਼ਿਵ ਰਹੇ ਕੁਰਲਾਈਆ। ਜਨ ਭਗਤਾਂ ਚੜ੍ਹਿਆ ਚਾ, ਘਰ ਮਿਲਿਆ ਸੱਚਾ ਮਾਹੀਆ। ਫੜ ਕੇ ਸੇਵਾ ਰਿਹਾ ਲਗਾ, ਨੱਸ ਕਿਤੇ ਨਾ ਜਾਈਆ। ਜਨਮ ਜਨਮ ਦਾ ਵਿਛੋੜਾ ਲਿਆ ਕਟਾ, ਜੁਗ ਜੁਗ ਦੀ ਕੱਟੀ ਫਾਹੀਆ। ਪਹਿਲਾ ਦੂਜਾ ਤੀਜਾ ਪੌੜਾ ਲਿਆ ਲਗਾ, ਚੌਥੇ ਘਰ ਬਹਾਈਆ। ਸੱਸੇ ਉਪਰ ਹੋੜਾ ਆਪ ਲਗਾ, ਨਿਰਗੁਣ ਸਰਗੁਣ ਮੇਲ ਮਿਲਾਈਆ। ਹਾਹਾ ਹਰਿ ਕਾ ਰੂਪ ਰਿਹਾ ਸਮਾ, ਹਰੀ ਹਰਿ ਖੇਲ ਕਰਾਈਆ। ਉਪਰ ਟਿੱਪੀ ਆਪਣੇ ਅੰਗ ਲਗਾ, ਸਿਫਰਾ ਸਿਫਰ ਨਾਲ ਉਡਾਈਆ। ਹੰ ਬ੍ਰਹਮ ਪਾਰਬ੍ਰਹਮ ਆਪ ਅਖਵਾ, ਅੱਖਰ ਅੱਖਰ ਕਰੇ ਸਫਾਈਆ। ਪੱਥਰ ਬਣ ਸੱਚਾ ਸ਼ਹਿਨਸ਼ਾਹ, ਲੱਖ ਚੁਰਾਸੀ ਕਰੇ ਰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਹਿ ਨਾ ਸਕੇ ਜੁਦਾਈਆ। ਭਗਤਾਂ ਨਾ ਕਰੇ ਜੁਦਾ, ਜੁਦਾਈ ਜਗਤ ਆਪ ਕਰਾਈਆ। ਆਪਣਾ ਆਪ ਕੀਤਾ ਫਿਦਾ, ਫਿਤਰਤ ਸਭ ਆਪਣੀ ਆਪ ਮੁਕਾਈਆ। ਨਿਰਗੁਣ ਰਾਹ ਸਿਧਾ ਦਿਤਾ ਚਲਾ, ਆਦਿ ਜੁਗਾਦਿ ਇਕੋ ਗੁਰ ਅਖਵਾਈਆ। ਬਣ ਸਤਿਗੁਰ ਸੇਵ ਕਮਾ, ਸਾਚੀ ਸੇਵਾ ਆਪ ਵਖਾਈਆ। ਜਨ ਭਗਤਾਂ ਦੇਵੇ ਨਾਮ ਦ੍ਰਿੜਾ, ਦ੍ਰਿੜ ਵਿਸ਼ਵਾਸ ਆਪਣਾ ਆਪ ਜਣਾਈਆ। ਕੈਲਾਸ਼ ਪਰਬਤ ਰਿਹਾ ਸ਼ਰਮਾ, ਨੈਣ ਧਰਤ ਉਪਰ ਟਿਕਾਈਆ। ਮੇਰਾ ਮਾਣ ਦਿਤਾ ਗਵਾ, ਕਰਿਆ ਵੇਸ ਬੇਪਰਵਾਹੀਆ। ਗੁਰਸਿਖਾਂ ਦਿਤਾ ਉਠਾ, ਹੱਥ ਗੁਰਜ ਇਕ ਫੜਾਈਆ। ਛੋਟੇ ਬਾਲੇ ਦਿਤਾ ਢਾਹ, ਬ੍ਰਹਮਾ ਹੋਸ਼ ਭੁਲਾਈਆ। ਫਿਰ ਸਕੇ ਨਾ ਕੋਈ ਉਠਾ, ਮੇਰਾ ਬਲ ਨਾ ਕੋਈ ਵਧਾਈਆ। ਕੀ ਕਰਾਂ ਕਿਧਰੇ ਜਾਵਾਂ, ਕਵਣ ਦੁਆਰੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਸੰਗ ਆਪਣਾ ਰੰਗ ਵਖਾਈਆ। ਨਾਨਕ ਸਤਿਗੁਰ ਗੰਭੀਰ ਗਹਿਰ, ਇਕੋ ਗੁਣ ਵਡਿਆਈਆ। ਜੀਂਵਦਿਆਂ ਕਰਾਮਾਤ ਦੱਸਣੀ ਕਹਿਰ, ਅੰਤ ਕਿਸੇ ਨਾ ਦਏ ਵਖਾਈਆ। ਪੰਜ ਤੱਤ ਕਾਇਆ ਚੋਲਾ ਝੂਠਾ ਸ਼ਹਿਰ, ਸੰਗ ਨਾ ਕੋਈ ਰਖਾਈਆ। ਆਸਾ ਤ੍ਰਿਸ਼ਨਾ ਕਾਮ ਕਰੋਧ ਲੋਭ ਮੋਹ ਹੰਕਾਰ ਸੰਗ ਰੱਖੇ ਲਹਿਰ, ਲਹਿਰ ਲਹਿਰ ਨਾਲ ਮਿਲਾਈਆ। ਗੁਰ ਕਾ ਭੇਵ ਨਾ ਜਾਣੇ ਕੋਈ ਐਰ ਗ਼ੈਰ, ਸ਼ਰੀਅਤ ਕਰੇ ਲੜਾਈਆ। ਜਿਸ ਜਨ ਕਰੇ ਆਪਣੀ ਮਿਹਰ, ਸੋ ਜਨ ਸਾਚੀ ਬੂਝ ਬੁਝਾਈਆ। ਮਨ ਮੁਖਤਾ ਝੂਠਾ ਝੇੜਾ ਛੇੜਾ ਛੇੜ, ਹਿੰਦੂ ਮੁਸਲਿਮ ਵੰਡ ਵੰਡਾਈਆ। ਆਪਣੀ ਹੱਥੀਂ ਲਹਿਣਾ ਗਿਆ ਨਿਬੇੜ, ਲਹਿਣਾ ਲਹਿਣੇ ਝੋਲੀ ਪਾਈਆ। ਪੰਜ ਤੱਤ ਕਾਇਆ ਚੋਲਾ ਮਾਟੀ ਢੇਰ, ਧਰਨੀ ਖ਼ਾਕ ਉਤੇ ਗਿਆ ਟਿਕਾਈਆ। ਹੋਏ ਸੁਆਹ ਮੁੜ ਕੇ ਆਏ ਨਾ ਫੇਰ, ਨਾਨਕ ਪ੍ਰੀਤ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤੱਤ ਚੋਲਾ ਕਰਾਮਾਤ ਨਾ ਕੋਈ ਵਖਾਈਆ। ਪੰਜ ਤੱਤ ਚੋਲਾ ਗਿਆ ਛੱਡ, ਆਪਣਾ ਖੇਲ ਖਲਾਇਆ। ਰਕਤ ਬੂੰਦ ਬਣਿਆ ਨਾੜੀ ਮਾਸ ਹੱਡ, ਕਾਇਆ ਗੜ੍ਹ ਖੇਲ ਖਲਾਇਆ। ਨਿਰਗੁਣ ਸਰਗੁਣ ਨਾਲੋਂ ਹੋਇਆ ਅੱਡ, ਆਪਣਾ ਆਪ ਰਾਹ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਮਿਲਿਆ ਇਕ ਘਰ, ਪੰਜ ਤੱਤ ਸੰਗ ਨਾ ਕੋਈ ਰਖਾਇਆ। ਪੰਜ ਤੱਤ ਨਾ ਕੋਈ ਪਿਆਰ, ਅੱਗੇ ਸੰਗ ਨਾ ਕੋਈ ਜਾਈਆ। ਨਾਨਕ ਸਭ ਤੋਂ ਵਸੇ ਬਾਹਰ, ਭੇਵ ਕੋਈ ਨਾ ਪਾਈਆ। ਕੋਈ ਕਹੇ ਕਾਲੂ ਪੁੱਤ ਕੋਈ ਕਹੇ ਤ੍ਰਿਪਤਾ ਦਏ ਅਧਾਰ, ਕੋਈ ਕਹੇ ਨਾਰ ਖ਼ੁਸ਼ੀ ਮਨਾਈਆ। ਕੋਈ ਕਹੇ ਪਿਤਾ ਪੂਤ ਕਰੇ ਉਜਿਆਰ, ਲੋਕਮਾਤ ਵਡੀ ਵਡਿਆਈਆ। ਨਾਨਕ ਸਭ ਨੂੰ ਕਰ ਕੇ ਗਿਆ ਖਵਾਰ, ਏਕਾ ਪੁਰਖ ਅਕਾਲ ਵਡਿਆਈਆ। ਜਿਸ ਪੁੱਤਰ ਧੀ ਨਾ ਕਰਿਆ ਪਿਆਰ, ਸੋ ਆਪਣਾ ਪੰਜ ਤੱਤ ਚੋਲਾ ਸੰਗ ਲੈ ਨਾ ਜਾਈਆ। ਨਿਰਗੁਣ ਜੋਤ ਮਿਲੀ ਜੋਤ ਧਾਰ, ਜੋਤ ਜੋਤ ਵਿਚ ਸਮਾਈਆ। ਨਾਨਕ ਵਰ ਪਾਇਆ ਹਰਿ ਕੰਤ ਭਤਾਰ, ਘਰ ਸਾਚੇ ਸੋਭਾ ਪਾਈਆ। ਸਚਖੰਡ ਸੋਹਿਆ ਬੰਕ ਦੁਆਰ, ਮਹੱਲ ਅਟੱਲ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤੱਤ ਚੋਲਾ ਸੰਗ ਨਾ ਕੋਈ ਰਖਾਈਆ।