Granth 11 Likhat 044: 10 Magh 2018 Bikarmi Jaswant Singh de Greh Nava Pind Jila Gurdaspur

੧੦ ਮਾਘ ੨੦੧੮ ਬਿਕਰਮੀ ਜਸਵੰਤ ਸਿੰਘ ਦੇ ਗ੍ਰਹਿ ਨਵਾਂ ਪਿੰਡ ਜ਼ਿਲਾ ਗੁਰਦਾਸਪੁਰ

ਆਦਿ ਜੁਗਾਦੀ ਇਕ ਭਗਵਾਨ, ਹਰਿ ਏਕਾ ਰੰਗ ਸਮਾਇੰਦਾ। ਆਦਿ ਜੁਗਾਦੀ ਇਕ ਮਕਾਨ, ਸਚਖੰਡ ਦੁਆਰ ਸੁਹਾਇੰਦਾ। ਸੋ ਪੁਰਖ ਨਿਰੰਜਣ ਇਕ ਨਿਸ਼ਾਨ, ਸਤਿ ਸਤਿਵਾਦੀ ਸਤਿ ਝੁਲਾਇੰਦਾ। ਹਰਿ ਪੁਰਖ ਨਿਰੰਜਣ ਇਕ ਪਰਵਾਨ, ਦੀਨਣ ਆਪਣੀ ਦਇਆ ਕਮਾਇੰਦਾ। ਸੋ ਪੁਰਖ ਨਿਰੰਜਣ ਇਕ ਬਲਵਾਨ, ਬਲਧਾਰੀ ਨਾਉਂ ਰਖਾਇੰਦਾ। ਸੋ ਪੁਰਖ ਨਿਰੰਜਣ ਇਕ ਦੁਕਾਨ, ਸਤਿ ਪੁਰਖ ਨਿਰੰਜਣ ਆਪ ਚਲਾਇੰਦਾ। ਹਰਿ ਪੁਰਖ ਨਿਰੰਜਣ ਏਕਾ ਗਾਨ, ਨਾਮ ਨਿਧਾਨਾ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਖੇਲ ਖਲਾਇੰਦਾ। ਆਦਿ ਜੁਗਾਦੀ ਇਕ ਭਗਵੰਤ, ਆਦਿ ਪੁਰਖ ਵਡੀ ਵਡਿਆਈਆ। ਸੋ ਪੁਰਖ ਨਿਰੰਜਣ ਏਕਾ ਕੰਤ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਹਰਿ ਪੁਰਖ ਨਿਰੰਜਣ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਆਦਿ ਅੰਤ ਲੇਖਾ ਜਾਣੇ ਜੀਵ ਜੰਤ, ਲੱਖ ਚੁਰਾਸੀ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਆਦਿ ਪੁਰਖ ਇਕ ਨਿਰੰਜਣ, ਆਦਿ ਨਿਰੰਜਣ ਵਡੀ ਵਡਿਆਈਆ। ਆਦਿ ਜੁਗਾਦਿ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਈਆ। ਸੋ ਪੁਰਖ ਨਿਰੰਜਣ ਏਕਾ ਅੰਜਨ, ਏਕਾ ਨੇਤਰ ਰਿਹਾ ਪਾਈਆ। ਹਰਿ ਪੁਰਖ ਨਿਰੰਜਣ ਏਕਾ ਸੱਜਣ, ਜੁਗ ਜੁਗ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਦਿ ਜੁਗਾਦਿ ਏਕਾ ਦਾਤਾ, ਦਾਤਾ ਦਾਨੀ ਹਰਿ ਅਖਵਾਇੰਦਾ। ਆਦਿ ਜੁਗਾਦਿ ਇਕ ਗਿਆਤਾ, ਬੋਧ ਗਿਆਨ ਦਵਾਇੰਦਾ। ਸੋ ਪੁਰਖ ਨਿਰੰਜਣ ਏਕਾ ਨਾਤਾ, ਬਨ ਸੱਚਾ ਕਰਾਇੰਦਾ। ਸੋ ਪੁਰਖ ਨਿਰੰਜਣ ਪਿਤਾ ਮਾਤਾ, ਪੁਰਖ ਅਬਿਨਾਸ਼ੀ ਨਾਉਂ ਧਰਾਇੰਦਾ। ਹਰਿ ਪੁਰਖ ਨਿਰੰਜਣ ਸਾਚੀ ਗਾਥਾ, ਨਿਸ਼ਅੱਖਰ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਅਮਰ ਨੀਰ ਰੂਪ ਵਟਾਇੰਦਾ। ਆਦਿ ਜੁਗਾਦੀ ਏਕਾ ਹਰਿ, ਵੱਡਾ ਵਡ ਵਡਿਆਈਆ। ਏਕਾ ਨਰ ਨਰ ਨਰਾਇਣ, ਰੰਗ ਰੇਖ ਰੂਪ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਘਾੜਨ ਲਏ ਘੜ, ਘੜਨ ਭੰਨਣਹਾਰ ਢਹਿ ਹਰਾਇੰਦਾ। ਏਕਾ ਸਚ ਸਿੰਘਾਸਣ ਸਚ ਚੜ੍ਹ, ਸ਼ਾਹ ਸ਼ਾਬਾਸ਼, ਸੱਚਾ ਸ਼ਹਿਨਸ਼ਾਹੀਆ। ਸੋ ਪੁਰਖ ਨਿਰੰਜਣ ਏਕਾ ਅੱਖਰ ਜਾਏ ਪੜ੍ਹ, ਜੁਗਾ ਜੁਗੰਤਰ ਕਰੇ ਪੜ੍ਹਾਈਆ। ਹਰਿ ਪੁਰਖ ਨਿਰੰਜਣ ਨਾ ਜਨਮੇ ਨਾ ਜਾਏ ਮਰ, ਜੋਤੀ ਜੋਤ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਦਿ ਜੁਗਾਦਿ ਏਕਾ ਰੰਗ, ਆਦਿ ਪੁਰਖ ਸਮਾਇੰਦਾ। ਆਦਿ ਜੁਗਾਦੀ ਇਕ ਪਲੰਘ, ਸਤਿ ਸਤਿਵਾਦੀ ਸੇਜ ਹੰਢਾਇੰਦਾ। ਸੋ ਪੁਰਖ ਨਿਰੰਜਣ ਇਕ ਅਨੰਦ, ਅਨੰਦ ਅਨੰਦ ਵਿਚ ਕਰਾਇੰਦਾ। ਹਰਿ ਪੁਰਖ ਨਿਰੰਜਣ ਏਕਾ ਛੰਦ, ਆਤਮ ਪਰਮਾਤਮ ਢੋਲਾ ਗਾਇੰਦਾ। ਸੋ ਪੁਰਖ ਨਿਰੰਜਣ ਏਕਾ ਚੰਦ, ਨੂਰ ਨੁਰਾਨਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣੀ ਕਲ ਆਪ ਵਰਤਾਇੰਦਾ। ਆਦਿ ਜੁਗਾਦੀ ਏਕਾ ਬ੍ਰਹਮ, ਪਾਰਬ੍ਰਹਮ ਪ੍ਰਗਟਾਈਆ। ਸੋ ਪੁਰਖ ਨਿਰੰਜਣ ਏਕਾ ਕਰਮ, ਨਿਹਕਰਮੀ ਆਪ ਕਮਾਈਆ। ਹਰਿ ਪੁਰਖ ਨਿਰੰਜਣ ਏਕਾ ਧਰਮ, ਸਤਿ ਸਤਿਵਾਦੀ ਸਚ ਸਚ ਜਣਾਈਆ। ਸੋ ਪੁਰਖ ਨਿਰੰਜਣ ਏਕਾ ਬਰਨ, ਵਰਨ ਗੋਤ ਨਾ ਕੋਇ ਰਖਾਈਆ। ਸੋ ਪੁਰਖ ਨਿਰੰਜਣ ਏਕਾ ਸ਼ਰਨ, ਸ਼ਰਨਗਤ ਹਰਿ ਰਘੁਰਾਈਆ। ਹਰਿ ਪੁਰਖ ਨਿਰੰਜਣ ਏਕਾ ਕਰਤਾ ਕਰਨੀ ਕਰਨ, ਕੁਦਰਤ ਕਾਦਰ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਦਿ ਜੁਗਾਦਿ ਜੁਗ ਜੁਗ ਵੇਸ, ਅਵੱਲੜਾ ਆਪ ਕਰਾਇੰਦਾ। ਆਦਿ ਜੁਗਾਦਿ ਰਹੇ ਹਮੇਸ਼, ਪਾਰਬ੍ਰਹਮ ਬੇਅੰਤ ਭੇਵ ਕੋਇ ਨਾ ਪਾਇੰਦਾ। ਸੋ ਪੁਰਖ ਨਿਰੰਜਣ ਸੇਵਾ ਲਾਏ ਬ੍ਰਹਮਾ ਵਿਸ਼ਨ ਮਹੇਸ਼, ਸ਼ੰਕਰ ਦਾਨੀ ਗੰਢ ਪੁਵਾਇੰਦਾ। ਸੋ ਪੁਰਖ ਨਿਰੰਜਣ ਸਦਾ ਆਦੇਸ, ਨਿਉਂ ਨਿਉਂ ਏਕਾ ਸੀਸ ਝੁਕਾਇੰਦਾ। ਸੋ ਪੁਰਖ ਨਿਰੰਜਣ ਆਪੇ ਸੁੱਤਾ ਬਾਸਕ ਸੇਜ, ਵਿਸ਼ਨੂੰ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਆਦਿ ਜੁਗਾਦੀ ਇਕ ਗਿਆਨ, ਜੁਗ ਜੁਗ ਕਰੇ ਪੜ੍ਹਾਈਆ। ਸੋ ਪੁਰਖ ਨਿਰੰਜਣ ਇਕ ਨਿਸ਼ਾਨ, ਜੁਗ ਜੁਗ ਆਪ ਚਲਾਈਆ। ਹਰਿ ਪੁਰਖ ਨਿਰੰਜਣ ਏਕਾ ਰਾਮ, ਰਮਕ ਰਮਕ ਸਮਾਈਆ। ਸੋ ਪੁਰਖ ਨਿਰੰਜਣ ਏਕਾ ਕਾਹਨ, ਕਵਲ ਨੈਣ ਵਡੀ ਵਡਿਆਈਆ। ਹਰਿ ਪੁਰਖ ਨਿਰੰਜਣ ਇਕ ਕਲਾਮ, ਕਲਮਾ ਕਾਇਨਾਤ ਪੜ੍ਹਾਈਆ। ਸੋ ਪੁਰਖ ਨਿਰੰਜਣ ਇਕ ਪੈਗ਼ਾਮ, ਪੀਰ ਪੈਗ਼ੰਬਰ ਆਪ ਸੁਣਾਈਆ। ਹਰਿ ਪੁਰਖ ਨਿਰੰਜਣ ਇਕ ਮੁਕਾਮ, ਮੁਕਾਮੇ ਹੱਕ ਨੂਰ ਖ਼ੁਦਾਈਆ। ਸੋ ਪੁਰਖ ਨਿਰੰਜਣ ਇਕ ਅਸਲਾਮ, ਅਸਲਾਮਾਲੈਕਮ ਆਪ ਜਣਾਈਆ। ਹਰਿ ਪੁਰਖ ਨਿਰੰਜਣ ਏਕਾ ਨਾਮ, ਸਤਿਨਾਮ ਕਰੇ ਪੜ੍ਹਾਈਆ। ਸੋ ਪੁਰਖ ਨਿਰੰਜਣ ਇਕ ਮਹਾਨ, ਨੂਰ ਨੂਰ ਕਰੇ ਰੁਸ਼ਨਾਈਆ । ਹਰਿ ਪੁਰਖ ਨਿਰੰਜਣ ਏਕਾ ਸੁਰਤ ਪੀਣ ਖਾਣ, ਘਰ ਘਰ ਆਪ ਵਰਤਾਈਆ। ਸੋ ਪੁਰਖ ਨਿਰੰਜਣ ਏਕਾ ਬਾਣ, ਨਾਮ ਅਨਿਯਲਾ ਤੀਰ ਚਲਾਈਆ। ਹਰਿ ਪੁਰਖ ਨਿਰੰਜਣ ਏਕਾ ਹੋਏ ਜਾਣੀ ਜਾਣ, ਅਭੁਲ ਬੇਪਰਵਾਹੀਆ। ਸੋ ਪੁਰਖ ਨਿਰੰਜਣ ਏਕਾ ਮਾਣ, ਏਕਾ ਓਟ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਦਿ ਜੁਗਾਦੀ ਏਕਾ ਗੁਰ, ਇਸ਼ਟ ਦੇਵ ਗੁਰ ਆਪ ਅਖਵਾਇੰਦਾ। ਸੋ ਪੁਰਖ ਨਿਰੰਜਣ ਸੇਵਾ ਨਰ, ਸ਼ਰੀਅਤ ਸਾਚੀ ਸੇਵ ਸਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੰਡ ਵੰਡਾਇੰਦਾ। ਸੋ ਪੁਰਖ ਨਿਰੰਜਣ ਚੜ੍ਹੇ ਘੋੜ, ਸ਼ਾਹ ਸਵਾਰਾ ਫੇਰੀ ਪਾਇੰਦਾ। ਹਰਿ ਪੁਰਖ ਨਿਰੰਜਣ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜਾਏ ਬੌਹੜ, ਜੇਰਜ ਅੰਡਾਂ ਵੇਖ ਵਖਾਇੰਦਾ। ਸੋ ਪੁਰਖ ਨਿਰੰਜਣ ਵੇਖਣਹਾਰਾ ਮਿੱਠਾ ਕੌੜ, ਰਸ ਆਪਣਾ ਆਪ ਚਖਾਇੰਦਾ। ਹਰਿ ਪੁਰਖ ਨਿਰੰਜਣ ਰਿਹਾ ਦੌੜ, ਦੋ ਜਹਾਨਾਂ ਫੇਰਾ ਪਾਇੰਦਾ। ਸੋ ਪੁਰਖ ਨਿਰੰਜਣ ਕਰੇ ਗੌਰ, ਗਹਿਰ ਗਵਰ ਗੰਭੀਰ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਦਿ ਜੁਗਾਦਿ ਏਕਾ ਰੰਗ ਵਖਾਇੰਦਾ। ਆਦਿ ਜੁਗਾਦੀ ਸਾਚੀ ਕਾਰ, ਕਰਤਾ ਪੁਰਖ ਆਪ ਕਰਾਈਆ। ਸੋ ਪੁਰਖ ਨਿਰੰਜਣ ਹਰਿ ਕਰਤਾਰ, ਏਕਾ ਸੇਜ ਹੰਢਾਈਆ। ਹਰਿ ਪੁਰਖ ਨਿਰੰਜਣ ਜੋਤ ਉਜਿਆਰ, ਨੂਰ ਨੁਰਾਨਾ ਡਮਗਾਈਆ। ਸੋ ਪੁਰਖ ਨਿਰੰਜਣ ਸ਼ਬਦੀ ਧਾਰ, ਸ਼ਬਦੀ ਸ਼ਬਦ ਰੂਪ ਧਰਾਈਆ। ਹਰਿ ਪੁਰਖ ਨਿਰੰਜਣ ਕਰ ਪਸਾਰ, ਪਸਰ ਪਸਾਰਾ ਵੇਖੇ ਚਾਈਂ ਚਾਈਂਆ। ਸੋ ਪੁਰਖ ਨਿਰੰਜਣ ਗੁਰ ਅਵਤਾਰ, ਗੁਰ ਗੁਰ ਸੇਵ ਲਗਾਈਆ। ਹਰਿ ਪੁਰਖ ਨਿਰੰਜਣ ਤ੍ਰੈਗੁਣ ਮਾਰ, ਨਾਮ ਖੰਡਾ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਬ੍ਰਹਿਮੰਡ ਖੰਡ ਲੋਆਂ ਪੁਰੀਆਂ ਰੰਗ ਵਟਾਈਆ। ਆਦਿ ਜੁਗਾਦਿ ਜੁਗਾ ਜੁਗੰਤਰ, ਜੁਗ ਕਰਤਾ ਖੇਲ ਕਰਾਇੰਦਾ। ਆਦਿ ਜੁਗਾਦਿ ਸ਼ਬਦ ਗੁਰ ਮੰਤਰ, ਨਮੋ ਨਮੋ ਆਪ ਪੜ੍ਹਾਇੰਦਾ। ਸੋ ਪੁਰਖ ਨਿਰੰਜਣ ਜਾਣੇ ਬਿਧ ਅੰਤਰ, ਘਟ ਘਟ ਵੇਖ ਵਖਾਇੰਦਾ। ਹਰਿ ਪੁਰਖ ਨਿਰੰਜਣ ਲੇਖਾ ਚੁਕਾਏ ਗਗਨ ਗਗਨੰਤਰ, ਵੇਸ ਅਨੇਕ ਰੂਪ ਧਰਾਇੰਦਾ। ਸੋ ਪੁਰਖ ਜੁਗ ਜੁਗ ਬਣਾਏ ਬਣਤਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਹਰਿ ਪੁਰਖ ਨਿਰੰਜਣ ਬੁਝਾਏ ਬਸੰਤਰ, ਅੰਮ੍ਰਿਤ ਮੇਘ ਆਪ ਬਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਧਰਾਇੰਦਾ। ਆਦਿ ਜੁਗਾਦਿ ਹੋ ਪਰਤੱਖ, ਪਰਮ ਪੁਰਖ ਦਏ ਵਡਿਆਈਆ। ਸੋ ਪੁਰਖ ਨਿਰੰਜਣ ਜਨ ਭਗਤਾਂ ਕਰੇ ਪੱਖ, ਨਿਰਗੁਣ ਸਰਗੁਣ ਰੂਪ ਧਰਾਈਆ। ਸੰਤ ਸੁਹੇਲੇ ਲਏ ਰੱਖ, ਸਿਰ ਆਪਣਾ ਹੱਥ ਟਿਕਾਈਆ। ਸੋ ਪੁਰਖ ਨਿਰੰਜਣ ਗੁਰਮੁਖਾਂ ਮਾਰਗ ਏਕਾ ਦੱਸ, ਆਤਮ ਬ੍ਰਹਮ ਕਰੇ ਪੜ੍ਹਾਈਆ। ਹਰਿ ਪੁਰਖ ਨਿਰੰਜਣ ਗੁਰਸਿਖਾਂ ਹਿਰਦੇ ਵਸ, ਆਪ ਆਪਣੀ ਬੂਝ ਬੁਝਾਈਆ। ਸੋ ਪੁਰਖ ਨਿਰੰਜਣ ਕੱਖੋਂ ਕਰੇ ਲੱਖ, ਲੱਖੋਂ ਕੱਖ ਕੱਖ ਚਲਾਈਆ। ਸੋ ਪੁਰਖ ਨਿਰੰਜਣ ਮਨਮੁਖਾਂ ਕੋਲੋਂ ਜਾਏ ਨੱਸ, ਹੱਥ ਕਿਸੇ ਨਾ ਆਈਆ। ਹਰਿ ਪੁਰਖ ਨਿਰੰਜਣ ਨਿਰਮਲ ਨੂਰ ਜੋਤ ਕਰ ਪ੍ਰਕਾਸ਼, ਜਗਤ ਅੰਧੇਰ ਮਿਟਾਈਆ। ਸੋ ਪੁਰਖ ਨਿਰੰਜਣ ਕਰੇ ਖੇਲ ਸ਼ਾਹੋ ਸ਼ਾਬਾਸ਼, ਨੈਣਾਂ ਆਪਣਾ ਰੂਪ ਧਰਾਈਆ। ਹਰਿ ਪੁਰਖ ਨਿਰੰਜਣ ਮੰਡਲ ਮੰਡਪ ਬਹਿ ਬਹਿ ਪਾਵੇ ਰਾਸ, ਗੋਪੀ ਕਾਹਨ ਆਪ ਨਚਾਈਆ। ਸੋ ਪੁਰਖ ਨਿਰੰਜਣ ਲੇਖਾ ਜਾਣੇ ਦਸ ਦਸ ਮਾਸ, ਮਾਤ ਗਰਭ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦ, ਨਾਦੀ ਨਾਦ ਸੁਣਾਈਆ। ਆਦਿ ਜੁਗਾਦਿ ਏਕਾ ਧੁਨ, ਹਰਿ ਸਾਚਾ ਸਚ ਰਖਾਇੰਦਾ। ਸੋ ਪੁਰਖ ਨਿਰੰਜਣ ਏਕਾ ਗੁਣ, ਗੁਣਵੰਤਾ ਆਪ ਪ੍ਰਗਟਾਇੰਦਾ। ਹਰਿ ਪੁਰਖ ਨਿਰੰਜਣ ਏਕਾ ਰਸਨ, ਧਰਤੀ ਧਰਤ ਧਵਲ ਵੰਡਾਇੰਦਾ। ਸੋ ਪੁਰਖ ਨਿਰੰਜਣ ਸੰਤ ਸੁਹੇਲੇ ਚੁਣ, ਆਪਣੇ ਰੰਗ ਰੰਗਾਇੰਦਾ। ਹਰਿ ਪੁਰਖ ਨਿਰੰਜਣ ਲਹਿਣਾ ਦੇਣਾ ਦੇਵੇ ਲਿਖ ਤਨ ਮਨ, ਨੇਤਰ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਜਣਾਇੰਦਾ। ਆਦਿ ਜੁਗਾਦਿ ਰਚਨਾ ਰਚ, ਹਰਿ ਰਚ ਰਚ ਵੇਖ ਵਖਾਈਆ। ਆਦਿ ਜੁਗਾਦਿ ਨਾਮ ਸੱਚ, ਸਤਿ ਭੰਡਾਰਾ ਮਾਤ ਵਰਤਾਈਆ। ਸੋ ਪੁਰਖ ਨਿਰੰਜਣ ਕਾਇਆ ਕੱਚ, ਪੰਜ ਤੱਤ ਮਾਟੀ ਖ਼ਾਕ ਮਿਲਾਈਆ। ਹਰਿ ਪੁਰਖ ਨਿਰੰਜਣ ਮਨ ਮਨੂਆ ਨਟੂਆ ਨੱਚ ਨੱਚ, ਲੱਖ ਚੁਰਾਸੀ ਭਰਮ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪਣਾ ਖੇਲ ਕਰਾਈਆ। ਆਦਿ ਜੁਗਾਦਿ ਖੇਲ ਅਵੱਲਾ, ਏਕੰਕਾਰ ਕਰਾਇੰਦਾ। ਸੋ ਪੁਰਖ ਨਿਰੰਜਣ ਵਸਣਹਾਰਾ ਸਚ ਮਹੱਲਾ, ਸਚਖੰਡ ਦੁਆਰੇ ਸੋਭਾ ਪਾਇੰਦਾ। ਹਰਿ ਪੁਰਖ ਨਿਰੰਜਣ ਆਦਿ ਨਿਰੰਜਣ ਜੋਤੀ ਬਲਾ, ਦੀਪਕ ਦੀਆ ਆਪ ਡਗਮਗਾਇੰਦਾ। ਸੋ ਪੁਰਖ ਨਿਰੰਜਣ ਸ਼ਬਦੀ ਸ਼ਬਦ ਫੜਾਏ ਪੱਲਾ, ਦਿਸ ਕਿਸੇ ਨਾ ਆਇੰਦਾ। ਹਰਿ ਪੁਰਖ ਨਿਰੰਜਣ ਜਨ ਭਗਤਾਂ ਅੰਦਰ ਰਲਾ, ਘਰ ਘਰ ਵਿਚ ਸੋਭਾ ਪਾਇੰਦਾ। ਸੋ ਪੁਰਖ ਨਿਰੰਜਣ ਕਰੇ ਹੱਲਾ, ਜੁਗ ਚੌਕੜੀ ਪੰਧ ਮੁਕਾਇੰਦਾ। ਹਰਿ ਪੁਰਖ ਨਿਰੰਜਣ ਸਚ ਸੰਦੇਸ਼ਾ ਏਕਾ ਘੱਲਾ, ਨਾਉਂ ਨਿਰੰਕਾਰ ਆਪ ਸਾਲਾਹਿੰਦਾ। ਸੋ ਪੁਰਖ ਨਿਰੰਜਣ ਹੋ ਹੋ ਫਿਰੇ ਝੱਲਾ, ਭਗਤ ਦੁਆਰੇ ਫੇਰੀ ਪਾਇੰਦਾ। ਹਰਿ ਪੁਰਖ ਨਿਰੰਜਣ ਅਲਾਹੀ ਨੂਰ ਅੱਲਾ, ਅਲਾਹੀ ਰੂਪ ਨਾ ਕੋਇ ਵਟਾਇੰਦਾ। ਸੋ ਪੁਰਖ ਨਿਰੰਜਣ ਸਾਚਾ ਭੱਲਾ, ਪੁਰਖ ਅਬਿਨਾਸ਼ੀ ਹੱਥ ਰਖਾਇੰਦਾ। ਹਰਿ ਪੁਰਖ ਨਿਰੰਜਣ ਮਨਮੁਖਾਂ ਲਾਹੇ ਖਲਾ, ਰਾਏ ਧਰਮ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਛੁਪਾਇੰਦਾ। ਆਦਿ ਜੁਗਾਦਿ ਰਿਹਾ ਲੁਕ, ਦਿਸ ਕਿਸੇ ਨਾ ਆਈਆ। ਸੋ ਪੁਰਖ ਨਿਰੰਜਣ ਵਸੇ ਅੰਧੇਰੇ ਘੁੱਪ, ਆਪਣਾ ਪਰਦਾ ਪਾਈਆ। ਹਰਿ ਪੁਰਖ ਨਿਰੰਜਣ ਰਿਹਾ ਬੁੱਕ, ਸਚਖੰਡ ਆਸਣ ਲਾਈਆ। ਸੋ ਪੁਰਖ ਨਿਰੰਜਣ ਹਰਿਭਗਤ ਪਹਿਲੇ ਲਏ ਚੁੱਕ, ਆਪਣੀ ਗੋਦ ਬਹਾਈਆ। ਹਰਿ ਪੁਰਖ ਨਿਰੰਜਣ ਕੂੜ ਕੁੜਿਆਰਾ ਕੱਢੇ ਕੁੱਟ, ਸਤਿ ਦੁਆਰ ਰਹਿਣ ਨਾ ਪਾਈਆ। ਸੋ ਪੁਰਖ ਨਿਰੰਜਣ ਆਪਣੀ ਕੁੱਖੋਂ ਪਏ ਫੁੱਟ, ਗੁਰ ਅਵਤਾਰ ਜਨਮ ਦੁਵਾਈਆ। ਹਰਿ ਪੁਰਖ ਨਿਰੰਜਣ ਆਪਣਾ ਅੰਮ੍ਰਿਤ ਦੇਵੇ ਘੁੱਟ, ਚਰਨ ਸਰਨ ਸਰਨ ਸ਼ਰਨਾਈਆ। ਸੋ ਪੁਰਖ ਨਿਰੰਜਣ ਜਾਏ ਤੁਠ, ਏਕਾ ਅੱਖਰ ਕਰੇ ਪੜ੍ਹਾਈਆ। ਹਰਿ ਪੁਰਖ ਨਿਰੰਜਣ ਲੋਕਮਾਤ ਦਾ ਸਾਚਾ ਬੂਟਾ ਪੁੱਟ, ਗੁਰਸਿਖ ਸਚਖੰਡ ਦੁਆਰ ਲਗਾਈਆ। ਸੋ ਪੁਰਖ ਨਿਰੰਜਣ ਨਿਰਗੁਣ ਪਏ ਉਠ, ਆਲਸ ਨਿੰਦਰਾ ਵਿਚ ਨਾ ਆਈਆ। ਹਰਿ ਪੁਰਖ ਨਿਰੰਜਣ ਨਿਰਮਲ ਜੋਤ, ਪੰਜ ਤੱਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਣਜ ਰਿਹਾ ਕਰਾਈਆ। ਆਦਿ ਜੁਗਾਦਿ ਵਸਤ ਅਨਮੋਲ, ਹਰਿ ਸੱਜਣ ਆਪ ਵਰਤਾਇੰਦਾ। ਸੋ ਪੁਰਖ ਨਿਰੰਜਣ ਸਦ ਵਸੇ ਕੋਲ, ਵਿਛੜ ਕਦੇ ਨਾ ਜਾਇੰਦਾ। ਹਰਿ ਪੁਰਖ ਨਿਰੰਜਣ ਤੱਤਵ ਤੱਤ ਕਰਾਏ ਘੋਲ, ਭੇਵ ਕੋਇ ਨਾ ਪਾਇੰਦਾ। ਸੋ ਪੁਰਖ ਨਿਰੰਜਣ ਕਾਮ ਕਰੋਧ ਲੋਭ ਮੋਹ ਹੰਕਾਰ ਵਜਾਏ ਢੋਲ, ਡੌਰੂ ਡੰਕਾ ਇਕ ਰਖਾਇੰਦਾ। ਹਰਿ ਪੁਰਖ ਨਿਰੰਜਣ ਜਨ ਭਗਤਾਂ ਪਰਦਾ ਦੇਵੇ ਖੋਲ੍ਹ, ਆਪਣੀ ਬੂਝ ਬੁਝਾਇੰਦਾ। ਸੋ ਪੁਰਖ ਨਿਰੰਜਣ ਬਣਿਆ ਰਹੇ ਅਨਭੋਲ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਘਰ ਸੋਭਾ ਪਾਇੰਦਾ। ਆਦਿ ਜੁਗਾਦੀ ਇਕ ਅਟਾਰੀ, ਅਟਲ ਨਾਮ ਰਖਾਈਆ। ਸੋ ਪੁਰਖ ਨਿਰੰਜਣ ਏਕੰਕਾਰੀ, ਨਿਰਾਕਾਰ ਆਕਾਰ ਬਣਾਈਆ। ਹਰਿ ਪੁਰਖ ਨਿਰੰਜਣ ਵਣਜ ਵਣਜਾਰੀ, ਏਕਾ ਵਣਜ ਵਖਾਈਆ। ਸੋ ਪੁਰਖ ਨਿਰੰਜਣ ਬਣ ਪਨਿਹਾਰੀ, ਸੇਵਕ ਸਾਚੀ ਸੇਵ ਲਗਾਈਆ। ਹਰਿ ਪੁਰਖ ਨਿਰੰਜਣ ਕਰੇ ਕਾਰੀ, ਕਰਤਾ ਪੁਰਖ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦ, ਏਕਾ ਰਾਗ ਸੁਣਾਈਆ। ਆਦਿ ਜੁਗਾਦੀ ਏਕਾ ਰਾਗ, ਏਕਾ ਹਰਿ ਜਣਾਇੰਦਾ। ਸੋ ਪੁਰਖ ਨਿਰੰਜਣ ਏਕਾ ਨਾਦ, ਧੁਰ ਧਾਮ ਆਪ ਵਜਾਇੰਦਾ। ਹਰਿ ਪੁਰਖ ਨਿਰੰਜਣ ਸ਼ਬਦ ਸਾਧ, ਤੱਤ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਪਰਗਟਾਇੰਦਾ। ਆਦਿ ਜੁਗਾਦੀ ਹਰਿ ਬਲ ਧਾਰ, ਆਪਣੀ ਖੇਲ ਕਰਾਈਆ। ਨਿਰਗੁਣ ਨਿਰਗੁਣ ਦਏ ਆਧਾਰ, ਸ਼ਬਦੀ ਸ਼ਬਦ ਸਾਲਾਹੀਆ। ਸ਼ਬਦ ਸੁਤ ਕਰ ਤਿਆਰ, ਲੋਕਮਾਤ ਵੰਡ ਵੰਡਾਈਆ । ਪੰਜ ਤੱਤ ਦਏ ਆਧਾਰ, ਗੁਰ ਗੁਰ ਰੂਪ ਵਖਾਈਆ। ਗੁਰ ਗੁਰ ਬਣ ਬਣ ਸੇਵਾਦਾਰ, ਚਾਕਰ ਸੇਵ ਕਮਾਈਆ। ਨਾਮ ਸਤਿ ਲੈ ਭੰਡਾਰ, ਜੀਵ ਜੰਤ ਵਰਤਾਈਆ । ਰਾਮ ਰਾਮ ਸਿਰਜਣਹਾਰ, ਏਕਾ ਰੰਗ ਵਖਾਈਆ। ਕਾਹਨ ਕਾਹਨ ਦੋ ਜਹਾਨ, ਮੁਕੰਦ ਮਨੋਹਰ ਵਡੀ ਵਡਿਆਈਆ। ਪੀਰ ਪੈਗ਼ੰਬਰ ਦੇ ਦੇ ਦਾਨ, ਈਸਾ ਮੂਸਾ ਨਿਸ਼ਾਨ ਰਖਾਈਆ। ਇਕ ਮਸਲਾ ਏਕਾ ਆਣ, ਏਕਾ ਅਲਫ਼ ਕਰੇ ਪੜ੍ਹਾਈਆ। ਏਕਾ ਨਾਮ ਗੁਣ ਨਿਧਾਨ, ਨਾਨਕ ਝੋਲੀ ਪਾਈਆ। ਏਕਾ ਡੰਕਾ ਦੋ ਜਹਾਨ, ਗੋਬਿੰਦ ਫ਼ਤਹਿ ਸੁਣਾਈਆ। ਅੰਤਮ ਓਟ ਰੱਖੋ ਭਗਵਾਨ, ਦੋਏ ਜੋੜ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਜੁਗ ਆਪਣਾ ਭੇਵ ਆਪ ਛੁਪਾਈਆ। ਏਕਾ ਓਟ ਅੰਤਮ ਆਸ, ਏਕਾ ਘਰ ਰਖਾਈਆ। ਨਿਰਗੁਣ ਜੋਤ ਨੂਰ ਪ੍ਰਕਾਸ਼, ਪੁਰਖ ਅਕਾਲ ਵਡੀ ਵਡਿਆਈਆ। ਮੂਰਤ ਅਕਾਲ ਨਾ ਹੋਏ ਵਿਨਾਸ਼, ਪਾਰਬ੍ਰਹਮ ਨਾ ਮਰੇ ਨਾ ਜਾਈਆ। ਪਰਗਟ ਹੋਏ ਸਾਖ਼ਿਆਤ, ਸ਼ਰਅ ਮਜ਼੍ਹਬ ਨਾ ਕੋਇ ਰਖਾਈਆ। ਅਮਾਮ ਅਮਾਮਾ ਹੋਏ ਕਾਇਨਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗਾ ਜੁਗੰਤਰ, ਆਪਣਾ ਮੰਤਰ ਆਪ ਸੁਣਾਈਆ। ਏਕਾ ਓਟ ਏਕਾ ਦੁਆਰ, ਏਕਾ ਨੈਣ ਉਠਾਈਆ। ਏਕਾ ਨੂਰ ਇਕ ਉਜਿਆਰ, ਏਕਾ ਏਕ ਕਰੇ ਰੁਸ਼ਨਾਈਆ। ਏਕਾ ਆਵੇ ਜਾਵੇ ਵਾਰੋ ਵਾਰ, ਗੁਰ ਅਵਤਾਰ ਸੇਵ ਕਮਾਈਆ। ਨੌਂ ਨੌਂ ਚਾਰ ਹੋਏ ਖੁਵਾਰ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਝੁਕਾਈਆ। ਤੇਰਾ ਅੰਤ ਨਾ ਪਾਰਾਵਾਰ, ਪ੍ਰਭ ਤੇਰਾ ਭੇਵ ਕੋਇ ਨਾ ਪਾਈਆ। ਤੂੰ ਘੜਨ ਭੰਨਣਹਾਰ ਸਮਰਥ ਕਰਤਾਰ, ਤੇਰੀ ਮਹਿਮਾ ਤੋਹੇ ਬਣ ਆਈਆ। ਅਸੀਂ ਵਾਰੀ ਕਰ ਤੇਰੀ ਜੁਗ ਚਾਰ, ਜੁਗ ਚੌਕੜੀ ਨਾਲ ਰਲਾਈਆ। ਗੁਰ ਅਵਤਾਰ ਗਏ ਹਾਰ, ਤੇਰਾ ਨਾਉਂ ਪੜ੍ਹਾਈਆ। ਭਰਮੇ ਭੁਲਾ ਸਰਬ ਸੰਸਾਰ, ਬ੍ਰਹਮ ਮਤ ਨਾ ਕੋਇ ਜਣਾਈਆ। ਦਰ ਦਰ ਘਰ ਘਰ ਹੋਏ ਜੀਵ ਗਵਾਰ, ਗੁਰ ਗਿਆਨ ਨਾ ਕੋਇ ਦ੍ਰਿੜਾਇੰਦਾ। ਮੰਦਰ ਮਸਜਿਦ ਮੱਠ ਸ਼ਿਵਦਆਲੇ ਧੂਆਂਧਾਰ, ਨਿਰਗੁਣ ਜੋਤ ਨਾ ਕੋਇ ਰੁਸ਼ਨਾਈਆ। ਮੁਲਾਂ ਸ਼ੇਖ਼ ਮੁਸਾਇਕ ਪੀਰ ਹੋਏ ਗੁਨਾਹਗਾਰ, ਔਗਣ ਭਰੀ ਸਰਬ ਲੋਕਾਈਆ। ਤੁਧ ਬਿਨ ਤੇਰਾ ਰਹੇ ਨਾ ਕੋਈ ਯਾਰ, ਨਾਤਾ ਸਾਰੇ ਗਏ ਤੁੜਾਈਆ। ਨੇਤਰ ਰੋਵਣ ਜ਼ਾਰੋ ਜ਼ਾਰ, ਗਿਰਿਆਜ਼ਾਰ ਕਰਾਈਆ। ਏਕਾ ਮਦਦ ਕਰਨੀ ਮਦਦਗਾਰ, ਤੇਰੀ ਓਟ ਤਕਾਈਆ। ਚੌਦਾਂ ਲੋਕ ਕਰਨ ਨਿਮਸਕਾਰ, ਚੌਦਾਂ ਤਬਕ ਦੇਣ ਦੁਹਾਈਆ। ਸਾਗਰ ਕਰੇ ਵਿਚਾਰ, ਹਰਿ ਵਿਚਾਰ ਵਿਚ ਨਾ ਆਈਆ। ਧਰਨੀ ਡਿੱਗੀ ਮੂੰਹ ਦੇ ਭਾਰ, ਨਾ ਸਕੇ ਕੋਇ ਉਠਾਈਆ । ਚਾਰੋਂ ਕੁੰਟ ਸਭ ਦੇ ਨੈਣ ਹੋਏ ਸ਼ਰਮਸਾਰ, ਹਰਿ ਕਾ ਨਾਉਂ ਨਾ ਕੋਇ ਧਿਆਈਆ। ਰਾਏ ਧਰਮ ਹੋਇਆ ਖ਼ਬਰਦਾਰ, ਆਪਣੀ ਲਏ ਅੰਗੜਾਈਆ। ਕਿਰਪਾ ਕਰ ਮੇਰੇ ਨਿਰੰਕਾਰ, ਤੇਰੇ ਅੱਗੇ ਸੀਸ ਝੁਕਾਈਆ। ਤੇਰਾ ਕਰਜ਼ਾ ਦਿਆਂ ਉਤਾਰ, ਲਹਿਣਾ ਕੋਇ ਰਹਿਣ ਨਾ ਪਾਈਆ। ਬ੍ਰਹਮਣ ਸ਼ੱਤਰੀ ਸ਼ੂਦਰ ਵੈਸ਼ ਕਰਾਂ ਵਿਚਾਰ, ਆਤਮ ਪਰਦਾ ਸਭ ਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਦਿ ਜੁਗਾਦਿ ਜੁਗ ਜੁਗ ਤੇਰੇ ਹੁਕਮ ਰਜਾਈਆ। ਤੇਰਾ ਹੁਕਮ ਸਤਿ ਪਰਵਾਨਾ, ਪਰਵਾਨਗੀ ਹੋਰ ਨਾ ਕੋਇ ਜਣਾਇੰਦਾ। ਤੂੰ ਸਾਹਿਬ ਸੱਚਾ ਸੁਲਤਾਨਾ, ਸ਼ਾਹ ਪਾਤਸ਼ਾਹ ਅਖਵਾਇੰਦਾ। ਜੁਗ ਜੁਗ ਮੰਨਿਆ ਤੇਰਾ ਭਾਣਾ, ਤੇਰੀ ਓਟ ਤਕਾਇੰਦਾ। ਕਲਜੁਗ ਅੰਤਮ ਖੇਲ ਮਹਾਨਾ, ਭੇਵ ਕੋਇ ਨਾ ਪਾਇੰਦਾ। ਵੇਦ ਵਿਆਸਾ ਕਰ ਪਰਵਾਨਾ, ਲਿਖ ਲਿਖ ਲੇਖ ਸਮਝਾਇੰਦਾ। ਪੂਤ ਸਪੂਤਾ ਬ੍ਰਹਿਮਣ ਗੌੜਾ ਨੌਜਵਾਨਾ, ਉਚੇ ਟਿੱਲੇ ਪਰਬਤ ਡੇਰਾ ਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਗਿਆਨਾ, ਏਕਾ ਸੰਗ ਸਮਝਾਇੰਦਾ। ਪਰਗਟ ਹੋਏ ਨਿਹਕਲੰਕ ਨੌਜਵਾਨਾ, ਰੂਪ ਰੰਗ ਨਾ ਕੋਇ ਰਖਾਇੰਦਾ। ਮਹੱਲ ਵਸੇ ਧਾਮ ਮਕਾਨਾ, ਅਬਚਲ ਨਾਉਂ ਧਰਾਇੰਦਾ। ਇਕੋ ਤੀਰ ਇਕ ਨਿਸ਼ਾਨਾ, ਦੋ ਜਹਾਨਾਂ ਆਪ ਲਗਾਇੰਦਾ। ਇਕੋ ਇਸ਼ਟ ਦੇਵ ਗੁਰ ਸ੍ਰੀ ਭਗਵਾਨਾ, ਦੂਜਾ ਇਸ਼ਟ ਨਾ ਕੋਇ ਮਨਾਇੰਦਾ। ਏਕਾ ਬ੍ਰਹਮ ਕਰੇ ਪਰਵਾਨਾ, ਈਸ ਜੀਵ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦ, ਨਿਰਗੁਣ ਆਪਣਾ ਨਾਦ ਸੁਣਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਹੱਥ ਨਾ ਆਏ ਰਸਨ ਸਵਾਦ, ਰਸ ਆਤਮ ਇਕ ਰਖਾਇੰਦਾ।