Granth 11 Likhat 052: 12 Magh 2018 Bikarmi Munsha Singh Mela Singh Babu Pura Jila Gurdaspur

੧੨ ਮਾਘ ੨੦੧੮ ਬਿਕਰਮੀ ਮੁਨਸ਼ਾ ਸਿੰਘ ਮੇਲਾ ਸਿੰਘ ਬਾਬੂ ਪੁਰਾ ਜ਼ਿਲਾ ਗੁਰਦਾਸਪੁਰ

ਵਿਛੋੜਾ ਕੱਟਿਆ ਚਾਰ ਜੁਗ, ਕੋਟਨ ਕੋਟ ਕਾਲ ਬਤਾ। ਦਰਸ ਕਰਦਾ ਰਿਹਾ ਲੁਕ ਲੁਕ, ਲੋਕਮਾਤ ਵੇਸ ਵਟਾ। ਅੰਤਮ ਪੈਂਡਾ ਗਿਆ ਮੁੱਕ, ਵੇਲਾ ਅੰਤਮ ਗਿਆ ਆ। ਆਪਣਾ ਪਰਦਾ ਦਿਤਾ ਚੁੱਕ, ਨੂਰੋ ਨੂਰ ਕਰ ਰੁਸ਼ਨਾ। ਸਿੰਘ ਸ਼ੇਰ ਹੋ ਕੇ ਰਿਹਾ ਬੁੱਕ, ਭੈ ਭਉ ਦਏ ਗਵਾ। ਗੁਰਸਿਖ ਗੋਦੀ ਲਏ ਚੁੱਕ, ਆਪ ਆਪਣੀ ਸੇਵ ਕਮਾ। ਜਨਮ ਜਨਮ ਦੀ ਮੇਟੇ ਭੁੱਖ, ਅੰਮ੍ਰਿਤ ਆਤਮ ਜਾਮ ਪਿਆ। ਉਜਲ ਕਰੇ ਮੁਖ, ਲੋਕਮਾਤ ਵਡਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਛੋੜਾ ਦਏ ਕਟਾ। ਵਿਛੋੜਾ ਕੱਟਿਆ ਜੁਗ ਚਾਰ, ਚਾਲ ਨਿਰਾਲੀ ਇਕ ਵਖਾਈਆ। ਬਿਨ ਗੁਰਮੁਖਾਂ ਹੁੰਦਾ ਰਿਹਾ ਖੁਵਾਰ, ਕਿਸੇ ਸਾਰ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਫਿਰ ਫਿਰ ਗਿਆ ਹਾਰ, ਆਪਣਾ ਪੰਧ ਮੁਕਾਈਆ। ਮਿਲੇ ਨਾ ਢੋਈ ਮੈਨੂੰ ਮੰਦਰ ਮਸਜਿਦ ਗੁਰੂਦੁਆਰ, ਮਠ ਬੈਠੇ ਮੁਖ ਭੁਆਈਆ। ਕਲਜੁਗ ਅੰਤ ਕਰੀ ਵਿਚਾਰ, ਆਪਣੀ ਇਛਿਆ ਆਪ ਪ੍ਰਗਟਾਈਆ। ਗੋਬਿੰਦ ਸੂਰਾ ਲਵਾਂ ਉਠਾਲ, ਆਪਣੇ ਨਾਲ ਮਿਲਾਈਆ। ਉਹਦੀ ਨਿਭੇ ਮੇਰੇ ਨਾਲ, ਮੈਂ ਉਸ ਦੇ ਨਾਲ ਨੇਂਹ ਲਗਾਈਆ। ਉਠ ਕੇ ਕਰੇ ਅੱਗੋਂ ਸਵਾਲ, ਏਕਾ ਮੰਗ ਮੰਗਾਈਆ। ਪੁਰਖ ਅਬਿਨਾਸ਼ੀ ਹੋ ਦਿਆਲ, ਤੇਰੀ ਓਟ ਸ਼ਰਨਾਈਆ। ਮੇਰੇ ਮੇਲ ਵਿਛੜੇ ਲਾਲ, ਜੋ ਸਰਸੇ ਗਿਆ ਰੁੜ੍ਹਾਈਆ। ਤੇਰੇ ਪਿਛੇ ਹੋਇਆ ਕੰਗਾਲ, ਪਿਤਾ ਪੂਤ ਭੇਟ ਚੜ੍ਹਾਈਆ। ਅੰਤ ਕਿਹਾ ਸੁਣੀ ਮੁਰੀਦਾਂ ਹਾਲ, ਮੇਰੇ ਮੁਰਸ਼ਦ ਸੱਚੇ ਮਾਹੀਆ। ਮੈਂ ਤੇਰੀ ਘਾਲਣ ਲਈ ਘਾਲ, ਤੂੰ ਕੀਤੀ ਘਾਲ ਲੇਖੇ ਪਾਈਆ। ਮੇਰਾ ਇਕੋ ਇਕ ਸਵਾਲ, ਮੇਰੇ ਗੁਰਸਿਖ ਦੇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਵਿਛੋੜਾ ਦਏ ਕਟਾਈਆ। ਜੁਗ ਜੁਗ ਵਿਛੋੜਾ ਕੱਟਿਆ, ਹੋਇਆ ਰਿਹਾ ਸਦਾ ਬੇਜ਼ਾਰ। ਕਲਜੁਗ ਅੰਤਮ ਆਪਣਾ ਸਵਾਂਗ ਪਲਟਿਆ, ਨਿਰਗੁਣ ਨੂਰ ਜੋਤ ਉਜਿਆਰ। ਕਦੀ ਲੱਭਦਾ ਰਿਹਾ ਵਿਚੋਂ ਵੱਟਿਆ, ਧੰਨੇ ਜੱਟ ਕਰ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਛੋੜਾ ਮੇਟੇ ਅੰਤਮ ਵਾਰ। ਜਗਤ ਵਿਛੋੜਾ ਜਗਤ ਅਵੱਲਾ, ਜੁਗ ਜੁਗ ਆਪ ਰਖਾਇਆ। ਸਤਿਜੁਗ ਤ੍ਰੇਤਾ ਦੁਆਪਰ ਭਗਤ ਤਾਰਿਆ ਇਕ ਇਕੱਲਾ, ਇਕ ਇਕ ਵੇਸ ਵਟਾਇਆ। ਕਲਜੁਗ ਅੰਤ ਵਸਾਏ ਸਚ ਮਹੱਲਾ, ਦਰ ਸਾਚਾ ਆਪ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਛੋੜਾ ਰਿਹਾ ਕਟਾਇਆ। ਜਗਤ ਵਿਛੋੜਾ ਕੱਟਣ ਆਇਆ ਕੱਟ ਕੇ ਆਪਣਾ ਫਾਹ। ਏਕਾ ਮਾਰਗ ਦੱਸਣ ਆਇਆ, ਨਿਰਗੁਣ ਬਣ ਮਲਾਹ। ਸਨਮੁਖ ਬਹਿ ਕੇ ਹੱਸਣ ਆਇਆ, ਨਿਰਗੁਣ ਰੂਪ ਧਰਾ। ਪ੍ਰੇਮ ਪਿਆਰ ਅੰਦਰ ਫਸਣ ਆਇਆ, ਲੋਕਲਾਜ ਗਵਾ। ਮਨਮੁਖਾਂ ਕੋਲੋਂ ਨੱਠਣ ਆਇਆ, ਆਪਣਾ ਮੁਖ ਛੁਪਾ। ਅੰਮ੍ਰਿਤ ਮੇਘ ਵੇਖਣ ਆਇਆ, ਸਾਚੀ ਸੇਵਾ ਆਪ ਲਗਾ। ਗੁਰਮੁਖਾਂ ਕੋਲੋਂ ਲਾਹ ਖੱਟਣ ਆਇਆ, ਆਪਣੀ ਝੋਲੀ ਅੱਗੇ ਡਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਛੋੜਾ ਦਏ ਮੁਕਾ। ਵੇਖੋ ਜਗਤ ਵਿਛੋੜਾ ਮੁੱਕਦਾ, ਹਰਿ ਸੱਚਾ ਆਪ ਮੁਕਾ। ਆਪੇ ਹੋਇਆ ਨਿਮਾਣਾ ਪ੍ਰੇਮ ਭਿਖ ਦਾ, ਆਪਣੀ ਤ੍ਰਿਸ਼ਨਾ ਭੁੱਖ ਵਧਾ। ਆਪੇ ਦੁਖੀਆ ਹੋਇਆ ਵਿਛੋੜਾ ਦੁੱਖ ਦਾ, ਦੁੱਖ ਸਹਿ ਨਾ ਸਕੇ ਰਾ। ਬਲ ਧਾਰ ਆਪੇ ਉਠਦਾ, ਨਿਰਗੁਣ ਨੂਰ ਜੋਤ ਜਗਾ। ਸਚਖੰਡ ਬਹਿ ਕੇ ਆਪਣੇ ਕੋਲੋਂ ਪੁਛਦਾ, ਜਾਵਾਂ ਕਿਹੜੇ ਰਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਰਿਹਾ ਪੰਧ ਮੁਕਾ। ਮੁਕੇ ਵਿਛੋੜਾ ਕਲਜੁਗ ਅੰਤ, ਹਰਿ ਸਤਿਗੁਰ ਆਪ ਮੁਕਾਈਆ। ਗੁਰਮੁਖ ਤੇਰੇ ਮਿਲਣ ਦੀ ਬਣਤ, ਬਣ ਬਨਵਾਰੀ ਆਪ ਬਣਾਈਆ। ਜਿਉਂ ਰਾਮ ਹਿਰਦੇ ਵਸਿਆ ਹਨਵੰਤ, ਤਿਉਂ ਗੁਰਸਿਖਾਂ ਵਿਚ ਸਮਾਈਆ। ਦੇਵੇ ਵਡਿਆਈ ਵਿਚ ਜੀਵ ਜੰਤ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਵਿਛੋੜਾ ਆਪਣੇ ਹੱਥ ਰਖਾਈਆ। ਕਿਸ ਬਿਧ ਕੱਟਾਂ ਵਿਛੋੜਾ, ਹਰਿ ਆਪਣਾ ਮਤਾ ਪਕਾਇੰਦਾ। ਅੱਗੇ ਵਕਤ ਰਹਿ ਗਿਆ ਥੋੜਾ, ਭੇਵ ਕੋਇ ਨਾ ਪਾਇੰਦਾ। ਦੋ ਜਹਾਨਾਂ ਪੈਂਡਾ ਲੰਮਾ ਚੌੜਾ, ਬਣ ਪਾਂਧੀ ਪੰਧ ਨਾ ਕੋਇ ਮੁਕਾਇੰਦਾ। ਆਪੇ ਬਣਿਆ ਨੌਜਵਾਨ ਬਾਂਕਾ ਛੋਹਰਾ, ਆਪਣਾ ਬਲ ਆਪ ਰਖਾਇੰਦਾ। ਆਪਣੀ ਇਛਿਆ ਫੜਿਆ ਘੋੜਾ, ਸ਼ਬਦੀ ਸ਼ਬਦ ਪਲਾਣਾ ਪਾਇੰਦਾ। ਸੋਲਾਂ ਕਲੀਆਂ ਉਤੇ ਦੌੜਾ, ਆਸਣ ਸਿੰਘਾਸਣ ਆਪ ਸੁਹਾਇੰਦਾ। ਚਾਰੇ ਜੁਗ ਚਾਰੇ ਰਾਸਾਂ ਜੋੜ ਜੋੜਾ, ਆਪਣੇ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਬਣਤ ਆਪ ਬਣਾਇੰਦਾ। ਸਾਚੀ ਬਣਤ ਬਣਾਏ ਕਰਤਾਰ, ਆਪਣੀ ਦਇਆ ਕਮਾਈਆ। ਨਿਰਗੁਣ ਘੋੜਾ ਕਰ ਤਿਆਰ, ਸੋਲਾਂ ਕਲੀਆਂ ਆਸਣ ਪਾਈਆ। ਪ੍ਰਗਟ ਹੋ ਸ਼ਾਹ ਅਸਵਾਰ, ਸ਼ਸਤਰ ਬਸਤਰ ਆਪ ਸਜਾਈਆ। ਸੀਸ ਰੱਖ ਸੱਚੀ ਦਸਤਾਰ, ਸ਼ਾਹ ਪਾਤਸ਼ਾਹ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘੋੜੇ ਰਿਹਾ ਉਠਾਈਆ। ਸ਼ਬਦ ਘੋੜਾ ਹੋ ਤਿਆਰ, ਪ੍ਰਭ ਅੱਗੇ ਸੀਸ ਝੁਕਾਇੰਦਾ। ਮੈਂ ਸੇਵਕ ਆਇਆ ਤੇਰੇ ਦੁਆਰ, ਬਣ ਬਰਦਾਰ ਸੇਵ ਕਮਾਇੰਦਾ। ਤੂੰ ਹੋਵੇ ਉਠੇਂ ਅਸਵਾਰ, ਮੈਂ ਲੱਖ ਲੱਖ ਖ਼ੁਸ਼ੀ ਮਨਾਇੰਦਾ। ਮੈਂ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਫਿਰਾਂ ਏਕਾ ਵਾਰ, ਦੇਰ ਪਲਕ ਕੋਇ ਨਾ ਲਾਇੰਦਾ। ਨੌਂ ਖੰਡ ਪ੍ਰਿਥਮੀ ਵੇਖਾਂ ਅਖਾੜ, ਲੱਖ ਚੁਰਾਸੀ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਾਰ ਮੇਰੇ ਉਪਰ ਚੜ੍ਹ, ਮੈਂ ਇਕੋ ਆਸ ਰਖਾਇੰਦਾ। ਮੇਰੇ ਉਤੇ ਕਸ ਪਲਾਣਾ, ਪ੍ਰਭ ਮੇਰੀ ਮਨ ਅਰਜ਼ੋਈਆ। ਸ਼ਾਹ ਪਾਤਸ਼ਾਹ ਬਣ ਸਾਚਾ ਰਾਣਾ, ਸ਼ਹਿਨਸ਼ਾਹ ਤੇਰੀ ਵਡਿਆਈਆ। ਇਕ ਵਾਰ ਦੇ ਧੁਰ ਫ਼ਰਮਾਣਾ, ਦੋ ਜਹਾਨ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਰਖਾਈਆ। ਪੁਰਖ ਅਬਿਨਾਸ਼ੀ ਵਡ ਬਲਵਾਨ, ਏਕਾ ਗੁਣ ਸਮਝਾਇਆ। ਸਾਚੇ ਅਸਵ ਤੇਰਾ ਧਿਆਨ, ਏਕਾ ਵਾਰ ਜਣਾਇਆ। ਪਹਿਲਾਂ ਖੇਲ ਦੱਸਾਂ ਮਹਾਨ, ਆਪਣਾ ਹੁਕਮ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇਆ। ਆਪਣਾ ਭੇਵ ਖੋਲ੍ਹ ਕਰਤਾਰ, ਏਕਾ ਗੁਣ ਜਣਾਈਆ । ਤੇਰੇ ਉਤੇ ਹੋਵਾਂ ਅਸਵਾਰ, ਆਪਣਾ ਆਸਣ ਲਾਈਆ। ਚੌਥਾ ਪੌੜ ਕਰ ਤਿਆਰ, ਸਤ ਸਤ ਨਾਲ ਕੁੜਮਾਈਆ। ਚੌਥੇ ਜੁਗ ਕਰ ਖ਼ੁਆਰ, ਦਿਆਂ ਮਾਣ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸੁਣਾਈਆ। ਸਾਚਾ ਹੁਕਮ ਮੰਨ ਲੈ ਕਹਿਣਾ, ਹਰਿ ਸਾਚੇ ਸਚ ਜਣਾਇਆ। ਤੇਰੇ ਉਤੇ ਹਰਿ ਜੂ ਬਹਿਣਾ, ਆਪਣਾ ਆਸਣ ਲਾਇਆ। ਤੂੰ ਮੰਨਣਾ ਹੁਕਮ ਭਾਣਾ ਸਹਿਣਾ, ਸਿਰ ਸਿਰ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਸੁਣਾਇਆ। ਸ਼ਬਦੀ ਘੋੜਾ ਹੋ ਤਿਆਰ, ਪ੍ਰਭ ਅੱਗੇ ਸੀਸ ਝੁਕਾਇੰਦਾ। ਪਹਿਲੀ ਦਿਸ਼ਾ ਕਰ ਵਿਚਾਰ, ਕਵਣ ਕੂਟੇ ਫੇਰਾ ਪਾਇੰਦਾ। ਕਵਣ ਮੇਲਾ ਮੇਲੇ ਤੇਰਾ ਸੰਸਾਰ, ਕਵਣ ਘਰ ਚਰਨ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਕਿਹਾ ਬੋਲ, ਏਕਾ ਵਾਰ ਸੁਣਾਇਆ। ਮੈਂ ਪਹਿਲੋਂ ਜਾਣਾ ਆਪਣਿਆਂ ਭਗਤਾਂ ਕੋਲ, ਦੂਜਾ ਦਰ ਨਾ ਮੋਹੇ ਭਾਇਆ। ਜਾ ਕੇ ਉਠਾਵਾਂ ਸੁੱਤੇ ਅਨਭੋਲ, ਕਲਜੁਗ ਗੂੜ੍ਹੀ ਨੀਂਦ ਸਵਾਇਆ। ਅੰਮ੍ਰਿਤ ਦੇਵਾਂ ਨਾਭ ਕੌਲ, ਏਕਾ ਵਾਰ ਮੁਖ ਚੁਆਇਆ। ਪਕੜ ਉਠਾਵਾਂ ਉਪਰ ਧੌਲ, ਧਰਨੀ ਧਰਤ ਧਵਲ ਵਡਿਆਇਆ। ਮੈਂ ਗੋਬਿੰਦ ਨਾਲ ਕਰਿਆ ਕੌਲ, ਗੁਰਮੁਖ ਤੇਰੇ ਲਵਾਂ ਮਿਲਾਇਆ। ਤੇਰੀ ਹੱਥੀਂ ਪਿਆਈ ਪੌਹਲ, ਆਪਣਾ ਖੰਡਾ ਵਿਚ ਫਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਸਮਝਾਇਆ। ਸਾਚਾ ਘੋੜਾ ਪਿਆ ਹੱਸ, ਮੁਖ ਮੁਖ ਸਾਲਾਹੀਆ। ਤੂੰ ਸ਼ਾਹ ਪਾਤਸ਼ਾਹ ਹੋ ਕੇ ਕਿਉਂ ਹੋਇਉਂ ਸਿਖਾਂ ਵਸ, ਕੀ ਤੇਰੀ ਵਡੀ ਵਡਿਆਈਆ। ਉਹ ਤੇਰੇ ਕੋਲ ਨਹੀਂ ਆਏ ਨੱਸ, ਆਪਣਾ ਪੰਧ ਮੁਕਾਈਆ। ਪੁਰਖ ਅਬਿਨਾਸ਼ੀ ਅੱਗੋਂ ਕਹੇ ਬਸ ਬਸ, ਦੂਜਾ ਅੱਖਰ ਨਾ ਕੋਇ ਪੜ੍ਹਾਈਆ। ਮੈਂ ਗੁਰਮੁਖਾਂ ਹਿਰਦੇ ਗਿਆ ਵਸ, ਲੂੰ ਲੂੰ ਵਿਚ ਸਮਾਈਆ। ਤੇਰੇ ਉਤੇ ਪਾਖਰ ਟੀ ਰੱਖ, ਜੀਨ ਆਪਣੇ ਹੱਥ ਕਸਾਈਆ। ਉਪਰ ਬੈਠ ਪੁਰਖ ਸਮਰਥ, ਏਕਾ ਅੱਡੀ ਰਿਹਾ ਲਗਾਈਆ। ਸ਼ਬਦੀ ਘੋੜਾ ਨੱਠਾ ਸਰਪਟ, ਆਪਣਾ ਪੰਧ ਮੁਕਾਈਆ। ਲੋਕਮਾਤ ਭਗਤ ਦੁਆਰੇ ਗਿਆ ਡਟ, ਨੇਤਰ ਵੇਖ ਖ਼ੁਸ਼ੀ ਮਨਾਈਆ। ਤੇਰਾ ਸਾਹਿਬ ਸੋਹਣਾ ਹੱਟ, ਜੋ ਲਿਆ ਆਪ ਖੁਲ੍ਹਾਈਆ। ਉਸ ਵਿਚ ਬਹਿ ਜਾ ਹੋ ਪਰਗਟ, ਆਪਣਾ ਨੂਰ ਕਰ ਰੁਸ਼ਨਾਈਆ। ਭਗਤਾਂ ਮੇਟ ਵਿਛੋੜਾ ਫੱਟ, ਉਪਰ ਆਪਣੀ ਪੱਟੀ ਬੰਧਾਈਆ। ਮੈਂ ਸਿਰ ਤੇਰੇ ਚਰਨਾਂ ਉਤੇ ਬੈਠਾ ਸੁੱਟ, ਆਪਣਾ ਮਾਣ ਗਵਾਈਆ। ਏਥੇ ਤੇਰੇ ਭਗਤਾਂ ਦਾ ਦਿਸੇ ਇਕੱਠ, ਦੂਜਾ ਕੋਇ ਨਜ਼ਰ ਨਾ ਆਈਆ। ਜਿਧਰ ਵੇਖਾਂ ਏਧਰ ਉਧਰ ਵਸਿਆ ਘਟ, ਘਟ ਘਟ ਰਿਹਾ ਸਮਾਈਆ। ਅੱਗੇ ਕੋਈ ਮਾਰਗ ਦੱਸ, ਮੈਂ ਬਣ ਸੇਵਕ ਸੇਵ ਕਮਾਈਆ । ਮੈਂ ਕੀ ਜਾਣਾ ਤੇਰਿਆਂ ਭਗਤਾਂ ਕੋਲ ਕਿਹੜਾ ਰਸ, ਰਸ ਅੰਮ੍ਰਿਤ ਤੇਰੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵਿਛੋੜਾ ਆਪ ਕਟਾਈਆ। ਵੇਖੋ ਵਿਛੋੜਾ ਕੱਟਣ ਆਇਆ, ਨਿਰਗੁਣ ਨਿਰਵੈਰ ਪੁਰਖ ਅਕਾਲ। ਕੂੜੀ ਜੜ੍ਹ ਪੁੱਟਣ ਆਇਆ, ਗੁਰਮੁਖ ਸਾਚੇ ਲਾਲ ਉਠਾਲ। ਆਪਣੀ ਗੋਦੀ ਚੁੱਕਣ ਆਇਆ, ਬਣ ਬਣ ਸੱਚਾ ਪ੍ਰਿਤਪਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨਿਰਾਲ। ਜਗਤ ਵਿਛੋੜਾ ਹੋਇਆ ਦੂਰ, ਹਰਿ ਸਤਿਗੁਰ ਆਪ ਕਰਾਈਆ। ਗੁਰਮੁਖ ਮਨਸ਼ਾ ਸਦਾ ਭਰਪੂਰ, ਭਰ ਭਰ ਵੇਖ ਵਖਾਈਆ। ਆਪਣਾ ਮੇਲਾ ਕਰੇ ਜ਼ਰੂਰ, ਜ਼ਰੂਰਤ ਆਪਣੀ ਪੂਰ ਕਰਾਈਆ। ਪਹਿਲੋਂ ਵਸਦਾ ਰਿਹਾ ਦੂਰ, ਨੇੜੇ ਹੋ ਹੋ ਦਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਛੋੜਾ ਦਏ ਚੁਕਾਈਆ। ਜਗਤ ਵਿਛੋੜਾ ਚੁੱਕੇ ਬਿਧ, ਬਿਧ ਆਪਣੀ ਆਪ ਬਣਾਈਆ। ਜਨ ਭਗਤਾਂ ਕਰੇ ਕਾਰਜ ਸਿਧ, ਸਾਚੀ ਸਿਖਿਆ ਆਪ ਸਮਝਾਈਆ। ਨਾਤਾ ਤੋੜ ਨੌਂ ਨਿਧ, ਅਠਾਰਾਂ ਸਿੱਧ ਧੱਕਾ ਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਆਪ ਲਗਾਈਆ। ਸੇਵਾ ਲੱਗੇ ਜੋਤ ਅਕਾਲਣ, ਆਪਣੀ ਸੇਵ ਸਮਝਾਈਆ। ਬਣ ਕੇ ਆਈ ਮਾਤ ਮਾਲਣ, ਵੇਸ ਅਨੇਕ ਵਟਾਈਆ। ਜਨ ਭਗਤ ਦੁਆਰੇ ਘਾਲੇ ਘਾਲਣ, ਭੇਵ ਕੋਇ ਨਾ ਪਾਈਆ। ਦਾਸੀ ਬਣ ਬਣ ਕਰੇ ਸਵਾਲਣ, ਅੱਗੇ ਆਪਣੀ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ। ਜੋਤ ਅਕਾਲਣ ਬਣ ਬਣ ਬਰਦੀ, ਦਰ ਦਰ ਸੇਵ ਕਮਾਈਆ । ਜਨ ਭਗਤਾਂ ਕੋਲੋਂ ਫਿਰੇ ਡਰਦੀ, ਨਿਉਂ ਨਿਉਂ ਸੀਸ ਝੁਕਾਈਆ। ਹੌਲੀ ਹੌਲੀ ਅੰਦਰ ਵੜਦੀ, ਦਿਸ ਕਿਸੇ ਨਾ ਆਈਆ। ਗੁਰਮੁਖ ਨਾਉਂ ਆਪੇ ਪੜ੍ਹਦੀ, ਪੜ੍ਹ ਪੜ੍ਹ ਰਹੀ ਸੁਣਾਈਆ। ਗੁਰਮੁਖ ਅਗਨ ਆਪੇ ਸੜਦੀ, ਸੜ ਸੜ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਆਪ ਲਗਾਈਆ। ਜੋਤ ਅਕਾਲਣ ਚੁੱਕ ਕੇ ਖਾਰੀ, ਦਰ ਦਰ ਅਲਖ ਜਗਾਇੰਦੀ। ਹੋਕਾ ਦੇਵੇ ਦਰ ਦਰ ਹਾਰੀ, ਗਲੀ ਗਲੀ ਫੇਰਾ ਪਾਇੰਦੀ। ਲੋਕਮਾਤ ਮੈਂ ਰਹੀ ਕੁਆਰੀ, ਆਪਣਾ ਹਾਲ ਸੁਣਾਇੰਦੀ। ਮੈਂ ਪਹਿਲੋਂ ਵੇਖਣ ਗਈ ਬੁੱਢਾ ਸ਼ੇਖ਼ ਰੱਤੀ ਦਾੜ੍ਹੀ, ਸੂਹੀ ਮਹਿੰਦੀ ਨਾਲ ਰਖਾਇੰਦੀ। ਮੈਂ ਵੇਖ ਉਹਨੂੰ ਹੋਈ ਸ਼ਰਮਸਾਰੀ, ਆਪਣਾ ਨੈਣ ਸ਼ਰਮਾਇੰਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਨਿਰਗੁਣ ਜੋਤ ਆਪ ਸਮਝਾਇੰਦੀ। ਬੁੱਢਾ ਸ਼ੇਖ਼ ਛੱਡਿਆ ਦਰ, ਆਪਣਾ ਪੱਲੂ ਛੁਡਾਇਆ। ਮੁੜ ਕੇ ਆਈ ਆਪਣੇ ਘਰ, ਘਰ ਵਿਚ ਮਤਾ ਪਕਾਇਆ। ਕਿਹੜੀ ਬਿਧ ਲਵਾਂ ਕਰ, ਆਪਣਾ ਰੰਗ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਧੰਦੇ ਆਪ ਲਗਾਇਆ। ਜੋਤ ਅਕਾਲਣ ਕਰ ਤਿਆਰੀ, ਆਪਣਾ ਬਲ ਰਖਾਈਆ। ਚਾਰੋਂ ਕੁੰਟ ਫਿਰੇ ਵਾਰੋ ਵਾਰੀ, ਬਣ ਬਣ ਪਾਂਧੀ ਪੰਧ ਮੁਕਾਈਆ। ਅੰਤਮ ਆਈ ਸਾਚੇ ਦਰਬਾਰੀ, ਗੁਰਮੁਖ ਬੈਠੇ ਆਸਣ ਲਾਈਆ। ਇਕੋ ਨਾਮ ਇਕ ਜੈਕਾਰੀ, ਸੋਹੰ ਢੋਲਾ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਹਰਿ ਹਰਿ ਨਰ ਆਪ ਕਰਾਇੰਦਾ। ਜੋਤ ਅਕਾਲਣ ਦਏ ਸਹਾਰਾ, ਸਾਚਾ ਰਾਹ ਵਖਾਇੰਦਾ। ਮੇਰਾ ਭਗਤ ਸਦਾ ਕੁਆਰਾ, ਲੋਕਮਾਤ ਨਾ ਕੋਇ ਪ੍ਰਨਾਇੰਦਾ। ਜਾ ਉਠ ਜਾ ਕੇ ਕੱਢ ਹਾੜਾ, ਜੇ ਤੇਰੇ ਉਤੇ ਰਹਿਮਤ ਕਮਾਇੰਦਾ। ਤੂੰ ਬਣ ਸੁਲੱਖਣੀ ਨਾਰਾ, ਘਰ ਸਾਚਾ ਇਕ ਵਖਾਇੰਦਾ। ਉਥੇ ਮਿਲੇ ਸਚ ਪਿਆਰਾ, ਪਿਆਰ ਪਿਆਰ ਨਾਲ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ। ਜੋਤ ਅਕਾਲਣ ਕਰੇ ਵਿਚਾਰ, ਆਪਣਾ ਮ਼ਤਾ ਪਕਾਈਆ। ਕਿਵ ਜਾਵਾਂ ਗੁਰਮੁਖਾਂ ਦੇ ਦਰਬਾਰ, ਆਪਣਾ ਨੈਣ ਉਠਾਈਆ। ਕੁਛ ਭੇਟਾ ਲੈ ਲਾ ਨਾਲ ਆਧਾਰ, ਜਾ ਜਾ ਭੇਟ ਚੜ੍ਹਾਈਆ। ਕਰ ਪ੍ਰੇਮ ਗੁੰਦਾ ਸੋਹਣਾ ਹਾਰ, ਕਲੀ ਕਲੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਰਿਹਾ ਸਮਝਾਈਆ। ਸਾਚੀ ਕਲੀ ਵਿਚ ਸੰਸਾਰ, ਲੋਕਮਾਤ ਨਜ਼ਰ ਨਾ ਆਈਆ। ਵਲ ਛਲ ਆਪ ਨਿਰੰਕਾਰ, ਆਪਣਾ ਭੇਵ ਜਣਾਈਆ। ਗਲੀ ਗਲੀ ਹੋਕਾ ਦੇ ਬਣ ਕੇ ਨਾਰ ਮੁਟਿਆਰ, ਉਚੀ ਕੂਕ ਕੂਕ ਸੁਣਾਈਆ। ਚਾਰੋਂ ਕੁੰਟ ਅੰਧ ਅੰਧਿਆਰ, ਤੇਰੀ ਸਾਰ ਕੋਇ ਨਾ ਪਾਈਆ। ਤੂੰ ਫਿਰ ਫਿਰ ਜਾਈਂ ਹਾਰ, ਆਪਣਾ ਪੰਧ ਮੁਕਾਈਆ। ਫਿਰ ਆਉਣਾ ਚਲ ਦਰਬਾਰ, ਪੁਰਖ ਅਬਿਨਾਸ਼ੀ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਜੋਤ ਅਕਾਲਣ ਮਾਰ ਫੇਰਾ, ਆਪਣਾ ਪੰਧ ਮੁਕਾਇਆ। ਚਾਰੋਂ ਕੁੰਟ ਵੇਖਿਆ ਝੂਠਾ ਡੇਰਾ, ਸਾਚਾ ਰੰਗ ਨਾ ਕੋਇ ਚੜ੍ਹਾਇਆ। ਮਾਇਆ ਮਮਤਾ ਪਾਇਆ ਘੇਰਾ, ਪੱਲੂ ਸਕੇ ਨਾ ਕੋਇ ਛੁਡਾਇਆ। ਕਾਮ ਕਰੋਧ ਪਿਆ ਝੇੜਾ, ਘਰ ਘਰ ਦਏ ਦੁਹਾਇਆ। ਕਵਣ ਬੰਨ੍ਹੇ ਮੇਰਾ ਬੇੜਾ, ਦੇਵੇ ਅੰਤ ਚਲਾਇਆ। ਵਸਦਾ ਦਿਸੇ ਨਾ ਕੋਇ ਖੇੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਮੁੜ ਘਰ ਆਈ ਆਪਣੇ ਘਰ, ਬੇਹਾਲ ਦਏ ਦੁਹਾਈਆ। ਕੋਈ ਨਾ ਲੱਭਿਆ ਸਾਚਾ ਨਰ, ਨਾਰੀ ਰਹੀ ਸ਼ਰਮਾਈਆ। ਪ੍ਰਭ ਅੱਗੇ ਆ ਖਲੋਤੀ ਚਰਨ ਫੜ, ਦੋਏ ਜੋੜ ਜੋੜ ਸ਼ਰਨਾਈਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਮੈਂ ਏਕਾ ਮੰਗ ਮੰਗਾਈਆ। ਏਕਾ ਦੇ ਦੇ ਸਾਚਾ ਵਰ, ਸੀਸ ਮੇਰੇ ਹੱਥ ਟਿਕਾਈਆ। ਜਿਸ ਦੀ ਸੇਜੇ ਜਾਵਾਂ ਚੜ੍ਹ, ਰੰਗ ਰੰਗ ਨਾਲ ਮਿਲਾਈਆ। ਨਾਤਾ ਤੁਟੇ ਪੰਜ ਤੱਤ ਧੜ, ਕਾਇਆ ਕੋਟ ਨਾ ਕੋਇ ਰਖਾਈਆ। ਆਦਿ ਜੁਗਾਦਿ ਨਾ ਜਾਵਾਂ ਮਰ, ਜਨਮ ਜਨਮ ਨਾ ਕੋਇ ਵਟਾਈਆ। ਇਕ ਵਖਾ ਸੱਚਾ ਦਰ, ਜਿਥੇ ਵਿਛੋੜਾ ਰਹੇ ਨਾ ਰਾਈਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਏਕਾ ਗੁਣ ਰਿਹਾ ਸਮਝਾਈਆ। ਮੇਰੇ ਭਗਤਾਂ ਦਾ ਜਾਏ ਪੱਲਾ ਫੜ, ਤੇਰੇ ਉਤੇ ਰਹਿਮਤ ਦੇਣ ਕਮਾਈਆ। ਮੈਂ ਉਹਨਾਂ ਦਾ ਵਿਛੋੜਾ ਦਿਤਾ ਹਰ, ਉਹ ਤੇਰਾ ਵਿਛੋੜਾ ਦੇਣ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਵਖਾਈਆ। ਕਵਣ ਵਾਰ ਕਵਣ ਥਿਤ, ਹਰਿ ਸਾਚੇ ਸਚ ਜਣਾ। ਕਵਣ ਵੇਲਾ ਕਰਨ ਹਿੱਤ, ਦਰ ਆਪਣੇ ਆਪ ਬੁਲਾ। ਕਵਣ ਘਰ ਮਿਲੇ ਮਿੱਤ, ਮਿੱਤਰ ਪਿਆਰਾ ਸਹਿਜ ਸੁਭਾ। ਮੈਂ ਉਡੀਕ ਰੱਖੀ ਨਿੱਤ, ਜੁਗ ਚੌਕੜੀ ਕਾਲ ਗਏ ਬਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਾਰ ਦਏ ਸਮਝਾ। ਏਕਾ ਵਾਰ ਦਵਾਂ ਸਲਾਹ, ਹਰਿ ਸਾਚਾ ਸਚ ਜਣਾਇੰਦਾ। ਏਕਾ ਦਰਸ ਰਿਹਾ ਵਡਿਆ, ਘੜੀ ਪਲ ਨਾ ਵੰਡ ਵੰਡਾਇੰਦਾ। ਪਹਿਲੀ ਚੇਤਰ ਰਿਹਾ ਆ, ਚੇਤਨ ਸਭ ਨੂੰ ਆਪ ਕਰਾਇੰਦਾ। ਗੁਰ ਗੋਬਿੰਦ ਲਵਾਂ ਉਠਾ, ਆਪਣਾ ਹੁਕਮ ਮਨਾਇੰਦਾ। ਉਹਦੇ ਗੁਰਸਿਖ ਉਹਨੂੰ ਦਿਆਂ ਵਖਾ, ਨੇਤਰ ਨੈਣਾਂ ਨਾਲ ਮਿਲਾਇੰਦਾ । ਜਗਤ ਵਿਚੋਂ ਦਿਆਂ ਬਣਾ, ਸਾਚਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਜਣਾਇੰਦਾ। ਗੋਬਿੰਦ ਕਰੇ ਸਚ ਵਿਹਾਰ, ਹਰਿ ਸਾਚਾ ਸਚ ਜਣਾਈਆ। ਤੇਰਾ ਭਗਤਾਂ ਨਾਲ ਬਣਾਏ ਪਿਆਰ, ਏਕਾ ਘਰ ਦਏ ਵਡਿਆਈਆ। ਆਪੇ ਵੇਖ ਵੇਖ ਹੋਏ ਖ਼ੁਸ਼ਹਾਲ, ਆਪ ਆਪਣੀ ਖ਼ੁਸ਼ੀ ਮਨਾਈਆ। ਵਾਹ ਵਾਹ ਮੇਰੇ ਉਠੇ ਸਾਚੇ ਲਾਲ, ਜਿਨ੍ਹਾਂ ਮੇਰੀ ਬਣਤ ਬਣਾਈਆ। ਧੰਨ ਭਾਗ ਪਾਇਆ ਪੁਰਖ ਅਕਾਲ, ਅਕਲ ਕਲ ਵਡਿਆਈਆ। ਜਗਤ ਵਿਛੋੜਾ ਕੱਟ ਜੰਜਾਲ, ਆਪਣੀ ਗੋਦ ਬਹਾਈਆ। ਅੰਤ ਕਾਲ ਨਾ ਖਾਏ ਕਾਲ, ਕਲਜੁਗ ਕਿਰਿਆ ਰਿਹਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਿਛੋੜਾ ਰਹਿਣ ਨਾ ਪਾਈਆ।