Granth 11 Likhat 066: 17 Magh 2018 Bikarmi Sardari Jammu

੧੭ ਮਾਘ ੨੦੧੮ ਬਿਕ੍ਰਮੀ ਸ਼ੇਖਸਰ ਜੰਮੂ

ਬੀਤ ਰਿਹਾ ਹਰਿ ਜੁਗ ਚੌਥਾ, ਚਾਰ ਕੁੰਟ ਦੁਹਾਈਆ। ਜੀਵ ਜੰਤ ਹੋਇਆ ਥੋਥਾ, ਥਿਰ ਨਜ਼ਰ ਕੋਇ ਨਾ ਆਈਆ। ਪੜ੍ਹ ਪੜ੍ਹ ਥੱਕੀ ਰਸਨਾ ਪੋਥਾ, ਬੋਧ ਗਿਆਨ ਨਾ ਕੋਇ ਜਣਾਈਆ। ਮੁੱਲਾਂ ਪੰਡਤ ਗ੍ਰੰਥੀ ਦੇਣ ਧੋਖਾ, ਹਿਰਦੇ ਰਾਮ ਨਾ ਕੋਇ ਵਸਾਈਆ। ਬਾਹਰੋਂ ਸੁਣਾਉਦੇ ਕੂਕ ਲੋਕਾਂ, ਊਚੀ ਨਾਦ ਵਜਾਈਆ। ਅੰਦਰੋਂ ਚੁੱਕੀ ਨਾ ਕਿਸੇ ਚੂਕਾ, ਚੁੱਕ ਪੜਦਾ ਦਰਸ ਕੋਇ ਨਾ ਪਾਈਆ। ਪਾਰਬ੍ਰਹਮ ਬੇਅੰਤ ਸਵਾਮੀ ਅੱਗੇ ਦੱਸਣਾ ਰਾਹ ਸੌਖਾ, ਸਾਚਾ ਮਾਰਗ ਇਕ ਸਮਝਾਈਆ। ਤੇਰੀ ਸਰਨ ਰਹੇ ਓਟਾ, ਦੂਜੀ ਅਵਰ ਨਾ ਕੋਇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਡੀ ਇਛਿਆ ਪੂਰ ਕਰਾਈਆ। ਸਾਚਾ ਮਾਰਗ ਵਿਚ ਸੰਸਾਰ, ਹਰਿ ਸਾਚਾ ਸਚ ਜਣਾਈਆ। ਸੋਹੰ ਸ਼ਬਦ ਸਤਿ ਜੈਕਾਰ, ਚਾਰ ਵਰਨ ਪੜ੍ਹਾਈਆ। ਜਨਮ ਮਰਨ ਦੁੱਖ ਦਏ ਨਿਵਾਰ, ਦੁੱਖ ਸੁਖ ਵਿਚ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਚਲਾਈਆ। ਸਾਚਾ ਰਾਹ ਸਾਚੀ ਧਾਰਾ, ਸੋ ਪੁਰਖ ਨਿਰੰਜਣ ਆਪ ਚਲਾਇੰਦਾ। ਨਾਮ ਸਤਿ ਬ੍ਰਹਮ ਮਤ ਇਕ ਜੈਕਾਰਾ, ਸੋਹੰ ਰਸਨਾ ਜਿਹਵ ਸੁਣਾਇੰਦਾ। ਏਥੇ ਓਥੇ ਦਏ ਸਹਾਰਾ, ਆਤਮ ਪਰਮਾਤਮ ਆਪਣਾ ਬੰਧਨ ਪਾਇੰਦਾ। ਲੇਖਾ ਜਾਣੇ ਹਰਿ ਨਿਰੰਕਾਰਾ, ਲੇਖਾ ਲੇਖੇ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਸੱਚਾ ਰਾਹ, ਸੋਹੰ ਸ਼ਬਦ ਜਗਤ ਮਲਾਹ, ਆਤਮ ਪਰਮਾਤਮ ਬੇੜਾ ਆਪ ਚਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਸਚ ਸਲਾਹ, ਗੁਰ ਸ਼ਬਦੀ ਮਿਲੇ ਇਕ ਮਲਾਹ, ਪੰਜ ਤੱਤ ਕਾਇਆ ਨਾ ਕੋਇ ਵਡਿਆਇੰਦਾ।